ਅੱਗ ਦੀਆਂ ਪੂਣੀਆਂ ਕੱਤਣ ਲਈ ਤਨ ਤੰਦੂਰ ਨੂੰ ਬਾਲਣਾ ਪੈਂਦਾ ਏ ਅਤੇ ਇਸਦੇ ਸੇਕ ਨਾਲ ਪੋਟੇ
ਵਲੂੰਧਰੇ ਜਾਂਦੇ ਨੇ।
ਅੱਗ ਦੀਆਂ ਪੂਣੀਆਂ ਕੱਤਣ ਵਾਲੇ ਮਾਰੂਥਲਾਂ ਵਿਚ ਵੀ ਭੁੱਜਦੇ ਨੇ, ਤੱਤੀ ਤਵੀ ‘ਤੇ ਸਹਿਜ ਵਿਚ
ਰਹਿੰਦੇ ਨੇ ਅਤੇ ਰੂੰਅ ਵਿਚ ਜਲਦੇ ਹੋਏ ਵੀ ਸਕੂਨ-ਮਈ ਸਾਹਾਂ ‘ਚ ਸੰਗੀਤਕ ਧੁੰਨਾਂ ਪੈਦਾ ਕਰਦੇ
ਨੇ।
ਅੱਗ ਦੀਆਂ ਪੂਣੀਆਂ, ਜੀਵਨ ਦਿਸਹੱਦਿਆਂ ਦੀ ਨਿਸ਼ਾਨਦੇਹੀ। ਅਸੰਭਵਤਾ ਨੂੰ ਜੀਵਨ ਦਾ ਲਕਸ਼
ਬਣਾਉਣਾ ਅਤੇ ਇਸਦੀ ਪ੍ਰਾਪਤੀ ਲਈ ਆਪਣਾ ਸਮੁੱਚਾ ਦਾਅ ‘ਤੇ ਲਾਉਣਾ।
ਅੱਗ ਦੀਆਂ ਪੂਣੀਆਂ ਕੱਤਣਾ ਹਰ ਇਕ ਦੇ ਵੱਸ ਨਹੀਂ। ਇਸ ਲਈ ਸਿਰੜ-ਸਾਧਨਾ ਅਤੇ ਸਮਰਪਿੱਤਾ
ਚਾਹੀਦੀ ਏ। ਅੱਗ ਵਿਚ ਕੁੱਦਣ ਦਾ ਚਾਅ ਹੋਣਾ ਚਾਹੀਦਾ ਏ।
ਅੱਗ ਨੂੰ ਤਲੀਆਂ ‘ਤੇ ਧਰਨ ਵਾਲੇ ਲੋਕ ਹੀ ਅੱਗ ਦੀਆਂ ਪੂਣੀਆਂ ਬਣਾ ਸਕਦੇ ਨੇ ਅਤੇ ਇਸਦੇ ਲੰਮੇਂ
ਤੰਦ ਜੀਵਨ-ਲਾਟ ‘ਤੇ ਪਾ, ਸੁਰਖ ਰੰਗਾਂ ਦੀ ਦਿਲਕਸ਼ੀ ਨੂੰ ਆਪਣਾ ਹਾਸਲ ਬਣਾ ਸਕਦੇ ਨੇ
ਅੱਗ ਨਾਲ ਖੇਡਣ ਵਾਲੇ ਹੀ ਅੱਗ ਨੂੰ ਆਪਣੇ ਅੰਤਰੀਵ ਵਿਚ ਬਾਲ ਕੇ ਇਸਦੀਆਂ ਪੂਣੀਆਂ ਨਾਲ ਰੂਹ
ਦਾ ਸੂਤ ਕੱਤਦੇ ਨੇ ਜਿਸਨੇ ਸਮਾਜਿਕ ਸਰੋਕਾਰਾਂ ਲਈ ਸਮਤੋਲਤਾ, ਸਹਿਜਤਾ ਅਤੇ ਸਦ-ਵਿਵਹਾਰ ਦਾ
ਸੁੱਖਦ ਹਾਸਲ ਬਣਨਾ ਹੁੰਦਾ ਏ।
ਅੱਗ ਦੀ ਰੁੱਤੇ, ਜੀਵਨ ਰਾਹਾਂ ‘ਤੇ ਅੱਗ ਬੀਜਣ ਵਾਲੇ ਲੋਕ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ
ਪ੍ਹੀੜੀਆਂ ਲਈ ਇਕ ਦੱਗਦੇ ਸੂਰਜ ਦਾ ਸਿਰਨਾਵਾਂ ਹੁੰਦੇ ਨੇ ਜਿਹੜਾ ਕਾਲਖੀ ਜੂਹਾਂ ਵਿਚ ਚਾਨਣ
ਵੰਡਦਾ ਏ ਅਤੇ ਕੋਸੇ ਪਲ੍ਹਾਂ ਵਿਚ ਨਿੱਘ ਤਰੌਂਕਦਾ ਏ।
ਅੱਗ ਦੇ ਘਰ ਰਹਿਣਾ, ਹਰ ਇਕ ਦਾ ਨਸੀਬ ਨਹੀਂ ਹੁੰਦਾ। ਵਿਰਲੇ ਹੀ ਇਹਨਾਂ ਲਈ ਕਰਮਲੇਖ ਬਣਦੇ
ਨੇ। ਉਹਨਾਂ ਵਿਚੋਂ ਵਿਰਲੇ ਹੀ ਅੱਗ ਦੀ ਪੈੜ ਨੱਪਦੇ, ਇਸਦੇ ਰਾਹਾਂ ਦੀ ਨਿਸ਼ਾਨਦੇਹੀ ਕਰਦੇ
ਨੇ।
ਅੱਗ ਦੀਆਂ ਪੂਣੀਆਂ ਦੇ ਕਈ ਰੂਪ। ਇਹ ਪੂਣੀਆਂ ਗਿਆਨ ਦੀਆਂ ਹੋ ਸਕਦੀਆਂ ਨੇ ਜੋ ਤੁਹਾਡੇ ਮਸਤਕ
ਵਿਚ ਚਾਨਣ ਬੀਜਦੀਆਂ ਨੇ। ਇਹ ਪੂਣੀਆਂ ਆਪੇ ਦੀ ਖੋਜ ਦੀਆਂ ਹੁੰਦੀਆਂ ਨੇ ਜਿਹਨਾਂ ਰਾਹਾਂ ਵਿਚ
ਖੁਦ ਦੀ ਜਾਮ ਤਲਾਸ਼ੀ ਹੁੰਦੀ ਏ ਅਤੇ ਤੁਸੀਂ ਆਪਣੇ ਦੇ ਰੂਬਰੂ ਹੁੰਦੇ ਆਪ ਹੀ ਪ੍ਰ੍ਰਸ਼ਨ ਅਤੇ
ਖੁਦ ਹੀ ਜਵਾਬ ਬਣਦੇ ਹੋ। ਇਹ ਪੂਣੀਆਂ ਅਦਿੱਖ ਮੰਜ਼ਲ਼ਾਂ ਦਾ ਸਿਰਨਾਵਾਂ ਵੀ ਹੋ ਸਕਦਾ ਏ ਜੋ
ਤੁਹਾਡੇ ਅਵਚੇਤਨ ਵਿਚ ਸੁਲਘਦਾ ਰਹਿੰਦਾ ਏ। ਇਹ ਪੁਣੀਆਂ ਜੀਵਨ ਵਿਚ ਸ਼ੁੱਭ ਕਰਮਨ ਦਾ ਮੱਥੇ
ਟਿਕਾਇਆ ਚਿਰਾਗ ਵੀ ਹੋ ਸਕਦਾ ਏ ਜਿਸਦੀ ਰੌਸ਼ਨੀ ਵਿਹੜੇ ਨੂੰ ਟੱਪ ਕੇ ਘਰ ਦੀਆਂ ਬਰੂੰਹਾਂ ਵੀ
ਟੱਪ ਜਾਂਦੀ ਏ। ਇਹ ਪੂਣੀਆਂ ਨੈਣਾਂ ਵਿਚ ਉਗੇ ਸੁਪਨਿਆਂ ਦਾ ਦਗ ਦਗ ਕਰਕੇ ਮੱਚਣਾ ਵੀ ਹੋ ਸਕਦਾ
ਏ ਜੋ ਤੁਹਾਡੇ ਬਜੁਰਗਾਂ ਨੇ ਤੁਹਾਡੇ ਦੀਦਿਆਂ ਵਿਚ ਧਰੇ ਹੁੰਦੇ ਨੇ। ਇਹ ਪੂਣੀਆਂ ਤੁਹਾਡੀ
ਆਪਣੇ ਮੁਰਸ਼ਦ ਲਈ ਅਕੀਦਤ ਵੀ ਹੋ ਸਕਦੇ ਨੇ ਜਿਸਦੀ ਆਸਥਾ ‘ਚੋਂ ਜੀਵਨ ਦਾ ਸੁੱਚਮ ਝਰਦਾ ਏ।
ਇਹ ਪੂਣੀਆਂ ਤੁਹਾਡੇ ਹਮਜੋਲੀ ਦਾ ਨਿੱਘਾ ਸਾਥ, ਤੁਹਾਡੇ ਬੱਚਿਆਂ ਦਾ ਤੋਤਲਾਪਣ ਜਾਂ ਤੁਹਾਡੇ
ਮਾਪਿਆਂ ਦੀ ਡੰਗੋਰੀ ਦਾ ਰੁੱਦਨ ਵੀ ਹੋ ਸਕਦਾ ਏ ਜਿਸਨੂੰ ਸੁਣਨ ਲਈ ਤੁਸੀਂ ਆਪਣੇ ਆਪੇ ਤੋਂ
ਦੂਰ ਰਹਿੰਦੇ ਹੋ । ਅੱਗ ਦੀਆਂ ਇਹ ਪੂਣੀਆਂ ਹਰ ਰੁੱਤ, ਹਰ ਰੰਗ ਅਤੇ ਹਰ ਰਾਹ ਨੂੰ ਮੁਖਾਤਬ
ਹੁੰਦੀਆਂ ਨੇ ਜਿਹਨਾਂ ਨੇ ਮਾਨਵੀ ਰੂਪ ਵਿਚ ਮੰਜ਼ਲਾਂ ਦਾ ਸਿਰਨਾਵਾਂ ਬਣਨਾ ਹੂੰਦਾ ਏ।
ਅੱਗ ਦੀਆਂ ਪੂਣੀਆਂ, ਜੀਵਨ ਦੀ ਰੱਤ ਨਿਚੋੜਨਾ, ਆਪਣੇ ਮੂਲ ਨੂੰ ਪਛਾਨਣਾ, ਆਪਣੇ ਖੁਦ ਨਾਲ
ਜੁੜਨਾ ਅਤੇ ਇਸ ‘ਚੋਂ ਆਪਣੀ ਅਕੀਦਤ ਕਰਦਿਆਂ ਆਪਣੀ ਰੂਹ ਦਾ ਹਾਣ ਭਾਲਣਾ।
ਅੱਗ ਦੀਆਂ ਪੂਣੀਆਂ, ਮਨ ਦੀ ਵੇਦਨਾ ਵਿਚ ਉਤਰਨਾ, ਇਸਦੇ ਨੈਣਾਂ ਵਿਚ ਝਾਕਣਾ ਅਤੇ ਇਸ ਚੋਂ
ਆਪਣੇ ਦੀਦਾਰੇ ਕਰਕੇ ਆਪਣੇ ਆਪ ਨੂੰ ਪ੍ਰਾਪਤ ਕਰਨਾ। ਅੱਗ ਦੀਆਂ ਪੂਣੀਆਂ ਕੱਤਦਿਆਂ ਕਈ ਵਾਰ
ਉਮਰਾਂ ਬੀਤ ਜਾਦੀਆਂ ਅਤੇ ਫਿਰ ਕਿਤੇ ਜਾ ਕੇ ਰੂਹ ਦੇ ਗਲੋਟੇ ਜੀਵਨ ਦੇ ਤੱਕਲੇ ‘ਤੇ ਲਾਹੀਦੇ
ਨੇ। ਯਾਦ ਰੱਖਣਾ! ਕਾਹਲ ਕਰਨ ਵਾਲਿਆਂ ਦੀ ਤੰਦ ਬੜੀ ਜਲਦੀ ਟੁੱਟਦੀ ਏ ।
ਅੱਗ ਦੀਆਂ ਪੁਣੀਆਂ ਕੱਤਣਾ, ਇਕ ਹੁੱਨਰ, ਇਕ ਅਦਬ, ਇਕ ਸਲੀਕਾ ਅਤੇ ਇਕ ਸਹਿਜਮਈ ਵਰਤਾਰਾ,
ਜਿਸਦਾ ਜੀਵਨ ਵਿਚ ਜਦ ਪੈਂਦਾ ਏ ਝਲਕਾਰਾ ਤਾਂ ਹੋ ਜਾਂਦਾ ਏ ਪਾਰ-ਉਤਾਰਾ।
ਅੱਗ ਦੀਆਂ ਪੂਣੀਆਂ ਜਦ ਚੇਤਨਾ ਵਿਚ ਉਗ ਪੈਣ ਤਾਂ ਸਮਝੋ ਅੱਗ ਦਾ ਬਿਰਖ ਤੁਹਾਡੇ ਮਨ-ਵਿਹੜੇ
ਵਿਚ ਉਗ ਆਇਆ ਅਤੇ ਇਸਦੇ ਸੇਕ ‘ਚ ਆਪਣੇ ਜੀਵਨ ਦੇ ਪਲ੍ਹਾਂ ਨੂੰ ਸੁੱਖਦਾਈ ਬਣਾਓ ਜਾ ਭਸਮ ਕਰ
ਦਿਓ, ਇਹ ਬਿਰਖ ਪ੍ਰਤੀ ਤੁਹਾਡੇ ਹੁੰਗਾਰੇ ‘ਤੇ ਨਿਰਭਰ ਕਰਦਾ ਏ। ਇਸ ਬਿਰਖ ਦੀ ਰੋਸ਼ਨੀ
ਤੁਹਾਡੀਆਂ ਪੈੜਾਂ ਦੇ ਮੱਥੇ ‘ਤੇ ਸੂਰਜ ਬੀਜ ਸਕਦੀ ਏ।
ਸਾਡੇ ਸਮਿਆਂ ਦੀ ਕੇਹੀ ਤਰਾਸਦੀ ਏ ਅੱਜ ਕੱਲ ਅੱਗ ਦੀਆਂ ਪੂਣੀਆਂ ਜਿੰਦ-ਰੂਪੀ ਤੱਕਲੇ ਅਤੇ
ਪੋਟਿਆਂ ਨੂੰ ਹੀ ਝੁੱਲਸਣ ਲੱਗ ਪਈਆਂ ਨੇ। ਝੁੱਲਸੇ ਪੋਟਿਆਂ ਨਾਲ ਕਿੰਝ ਪਾਓਗੇ ਤੰਦ? ਗਲੋਟੇ
ਦੀ ਤਾਂ ਆਸ ਹੀ ਮਰ ਜਾਂਦੀ ਏ।
ਗੁਰੂਆਂ, ਪੀਰਾਂ, ਪੈਗੰਬਰਾਂ ਨੇ ਕੱਤੀਆਂ ਨੇ ਅੱਗ ਦੀਆਂ ਪੂਣੀਆਂ, ਤਾਹੀਉਂ ਤਾਂ ਅਸੀਂ ਇਸਦੇ
ਨਿੱਘ ਅਤੇ ਚਾਨਣ ਦਾ ਅਨੰਦ ਮਾਣ ਰਹੇ ਹਾਂ। ਸਾਡੇ ਬਜੁਰਗਾਂ ਨੂੰ ਜਾਚ ਸੀ ਅੱਗ ਨਾਲ ਖੇਡਣ
ਦੀ, ਇਸਦੀਆਂ ਤਹਿਆਂ ਫਰੋਲਣ ਦੀ ਅਤੇ ਉਹਨਾਂ ਨੇ ਇਸਦੀ ਸੁਚੱਜੀ ਵਰਤੋਂ ਨਾਲ ਜੀਵਨ ਦੇ ਸੁੱਖਨ
ਅਤੇ ਸੰਤੋਖ ਦੀ ਨਿਸ਼ਾਨਦੇਹੀ ਕੀਤੀ।
ਅੱਗ ਦੀਆਂ ਪੂਣੀਆਂ ਕੱਤਣ ਵਾਲੀ, ਸਕੂਲ ‘ਚ ਪੜਦੀ 14 ਸਾਲ ਦੀ ਯੂਸਫਜਾਈ ਮਲਾਲਾ ਆਪਣੀਆਂ
ਹਾਨਣਾਂ ਲਈ ਮਾਰਗ ਦਰਸ਼ਨ ਕਰਦੀ, ਮੌਤ ਨਾਲ ਲੜਾਈ ਲੜ ਰਹੀ ਏ। ਅਜੇਹੇ ਲੋਕ ਹੀ ਮੌਤ ਨੂੰ
ਮਖੌਲ ਕਰਕੇ ਜੀਵਨ ਦੀ ਬਾਜੀ ਜਿੱਤ ਜਾਂਦੇ ਨੇ। 23 ਸਾਲ ਦੇ ਭਗਤ ਸਿੰਘ ਨੇ ਵੀ ਤਾਂ ਅੱਗ ਦੀਆਂ
ਪੂਣੀਆਂ ਦੀ ਸਲੀਬ ‘ਤੇ ਲਟਕ ਕੇ ਦਰਸਾ ਦਿਤਾ ਸੀ ਕਿ ਸਿਦਕ ਕਦੇ ਵੀ ਜੀਵਨ-ਸਾਹ ਦੀ ਭੀਖ਼ ਨਹੀਂ
ਮੰਗਦਾ।
ਅੱਗ ਦੀਆਂ ਪੂਣੀਆਂ ਕੋਈ ਕਲਮ ਨਾਲ ਕੱਤਦਾ ਏ, ਕੋਈ ਤਲਵਾਰ ਨਾਲ, ਕੋਈ ਤਰਕ ਨਾਲ, ਕੋਈ ਤਦਬੀਰ
ਨਾਲ, ਕੋਈ ਤਹਿਜੀਬ ਨਾਲ ਅਤੇ ਕੋਈ ਤਕਨੀਕ ਨਾਲ। ਇਹ ਤਾਂ ਆਪੋ ਆਪਣੀ ਸੋਚ ਅਤੇ ਆਪਣੀ ਕਰਮ
ਸ਼ੈਲੀ ਦਾ ਸੁਭਾ ਹੀ ਤਾਂ ਹੁੰਦਾ ਏ।
ਅੱਗ ਦੀਆਂ ਪੂਣੀਆਂ ਜੇ ਹਾਣ ਦੀਆਂ ਹੋਣ ਤਾਂ ਇਸਦੀ ਤੰਦ ‘ਚ ਅੱਗ ਸਿੰਮਦੀ ਏ, ਇਸਦੇ ਚੰਗਿਆੜੇ,
ਨੇਰਿਆਂ ਦੀ ਹਿੱਕ ਵਿਚ ਛੇਕ ਪਾਉਂਦੇ ਨੇ ਅਤੇ ਜੁਗਨੂੰਆਂ ਵਾਂਗ ਪਲ੍ਹ ਕੁ ਦਾ ਮੁਲਵਾਨ ਜੀਵਨ
ਜਿਆਉਂਦੇ ਨੇ।
ਅੱਗ ਦੀਆਂ ਪੂਣੀਆਂ ਕੱਤਣ ਦਾ ਵੱਲ ਆਵੇ ਤਾਂ ਤੰਦ, ਤੱਕਲਾ ਅਤੇ ਤਦਬੀਰ, ਤਕਦੀਰ ਦੇ ਸਿਰਨਾਵਾਂ
ਬਣਦੇ ਨੇ। ਕਦੇ ਅੱਗ ਦੀਆਂ ਪੂਣੀਆਂ ਕੱਤਕੇ ਦੇਖਣਾ! ਅੱਗ ਵਰਗਾ ਸੁੱਚਮ, ਤੰਦ ਜੇਹੀ ਤਰਬੀਅਤ
ਅਤੇ ਤੱਕਲੇ ਵਰਗਾ ਸਿੱਦਕ, ਤੁਹਾਡਾ ਸਦੀਵੀ ਸਾਥ ਲੋਚੇਗਾ।
-0-
|