ਜ਼ੋਨ ਸੈਵਨ ਵਿਚ ਟੈਕਸੀ ਬੁੱਕ ਕਰਵਾਈ ਨੂੰ ਘੰਟਾ ਹੋ ਗਿਆ ਸੀ। ਵਾਰੀ ਆਉਣ
ਵਿਚ ਹੀ ਨਹੀਂ ਸੀ ਆ ਰਹੀ। ਤੇ ਜਦੋਂ ਅੱਖਾਂ ਪਕਾ ਕੇ ਵਾਰੀ ਆਈ ਮੈਂ ਰੇਡੀਓ
ਡਿਸਪੈਚ ਵਾਲੇ ਮਾਈਕ ਨੂੰ ਝਪੱਟਾ ਮਾਰ ਕੇ ਚੁੱਕਿਆ ਤੇ ਆਪਣੀ ਕਾਰ ਦਾ ਨੰਬਰ
ਬੋਲਣ ਲੱਗੇ ਸਕਿੰਟ ਹੀ ਲਾਇਆ। ਜਦੋਂ ਡਿਸਪੈਚਰ ਟੈਕਸੀ ਦਾ ਨੰਬਰ ਬੋਲਦਾ ਹੈ
ਤਾਂ ਸਕੂਲ ਵਿਚ ਹਾਜ਼ਰੀ ਲਵਾਉਣ ਵਾਂਗ ਟੈਕਸੀ ਦਾ ਨੰਬਰ ਬੋਲ ਕੇ ਦੱਸਣਾ
ਪੈਂਦਾ ਹੈ ਕਿ ਹਾਜ਼ਰ ਹਾਂ। ਮੇਰੀ ਹਾਜ਼ਰੀ ਸੁਣਕੇ ਡਿਸਪੈਚਰ ਨੇ ਸਵਾਰੀ ਦਾ
ਪਤਾ ਬੋਲਿਆ। ਐਡਰੈੱਸ ਸੁਣ ਕੇ ਮੇਰਾ ਜੀਅ ਕੀਤਾ ਕਿ ਕਾਰ ਦੀ ਵਿੰਡਸ਼ੀਲਡ
‘ਚ ਘਸੁੰਨ ਮਾਰਾਂ। ਮੈਨੂੰ ਪਤਾ ਸੀ ਕਿ ਇਸ ਪਤੇ ਤੋਂ ਮਿਸਿਜ਼ ਸਮਾਲ ਨੇ ਦੋ
ਬਲਾਕ ਦੀ ਵਿੱਥ ‘ਤੇ ਆਪਣੇ ਵਾਲ ਕਟਵਾਉਣ ਜਾਂ ਸੰਵਾਰਨ ਜਾਣਾ ਸੀ। ਦੋ ਡਾਲਰ
ਅੱਸੀ ਸੈਂਟ ਮੀਟਰ ‘ਤੇ ਚੱਲਣੇ ਸਨ ਤੇ ਉਸਨੇ ਤਿੰਨ ਡਾਲਰ ਦੇਣੇ ਸਨ। ਮੈਂ
ਤਾਂ ਇਹ ਉਮੀਦ ਲਾਈ ਬੈਠਾ ਸੀ ਕਿ ਯੂ ਬੀ ਸੀ ਨੂੰ ਜਾਣ ਵਾਲਾ ਲੰਮਾ ਟ੍ਰਿੱਪ
ਮਿਲੇਗਾ। ਉਹ ਰੈਗੂਲਰ ਟ੍ਰਿੱਪ ਏਸ ਵੇਲੇ ਹੀ ਨਿਕਲਦਾ ਸੀ। ਮੇਰਾ ਜੀਅ ਕੀਤਾ
ਕਿ ਮਿਸਿਜ਼ ਸਮਾਲ ਨੂੰ ਉਸਦੇ ਟਿਕਾਣੇ ‘ਤੇ ਛੱਡ ਕੇ ‘ਨੋ-ਟ੍ਰਿੱਪ’ ਕਰ ਦੇਵਾਂ।
ਇਸ ਤਰ੍ਹਾਂ ਕਰਨ ਨਾਲ ਜੋਨ ਵਿਚ ਪਹਿਲਾ ਨੰਬਰ ਹੀ ਰਹਿ ਜਾਣਾ ਸੀ ਤੇ ਅਗਲਾ
ਟ੍ਰਿੱਪ ਫਿਰ ਮੈਨੂੰ ਹੀ ਮਿਲ ਜਾਣਾ ਸੀ। ਫਿਰ ਸੋਚਿਆ ਕਿ ਸਾਰੇ ਟੈਕਸੀ
ਡਰਾਈਵਰਾਂ ਨੂੰ ਪਤਾ ਹੈ ਕਿ ਇਹ ਟ੍ਰਿੱਪ ‘ਜਰਕ’ ਹੈ ਤੇ ਦੂਜਿਆਂ ਨੇ ਸੋਚਣਾ
ਹੈ ਕਿ ਮੈਂ ਜਾਣ-ਬੁੱਝ ਕੇ ‘ਨੋ-ਟ੍ਰਿੱਪ’ ਕੀਤਾ ਹੈ। ਅੱਜ ਦਾ ਦਿਨ ਚੰਗਾ
ਨਾ ਲੱਗਣ ‘ਤੇ ਝੂਰਦਾ ਮੈਂ ਮਿਸਿਜ਼ ਸਮਾਲ ਦੇ ਪਤੇ ਵੱਲ ਜਾ ਰਿਹਾ ਸੀ ਕਿ
ਮੇਰੇ ਤੋਂ ਪਿਛਲੀ ਟੈਕਸੀ ਨੂੰ ਉਹ ਟ੍ਰਿੱਪ ਮਿਲ ਗਿਆ, ਜਿਸ ਦੀ ਮੈਂ ਉਮੀਦ
ਲਾਈ ਬੈਠਾ ਸਾਂ। ਮੈਂ ਸੰਘ ਘਰੋੜ ਕੇ ‘ਫੱਅਅਕ’ ਕਿਹਾ ਤੇ ਠਾਹ ਕਰਕੇ ਹਥੇਲੀ
ਸਟੇਰਿੰਗ ‘ਤੇ ਮਾਰੀ। ਖਿੱਝਦਾ-ਕ੍ਰਿਝਦਾ ਮੈਂ ਟਿਕਾਣੇ ‘ਤੇ ਜਾ ਪੁੱਜਾ।
ਮਿਸਿਜ਼ ਸਮਾਲ ਵਾਕਰ ਦੇ ਸਹਾਰੇ ਤੁਰਦੀ ਹੈ। ਉਸਦਾ ਵਾਕਰ ਫੜਕੇ ਟਰੰਕ ਵਿਚ
ਰੱਖਣਾ ਪੈਣਾ ਸੀ, ਫਿਰ ਉਸ ਨੂੰ ਸਹਾਰਾ ਦੇ ਕੇ ਕਾਰ ਵਿਚ ਬਠਾਉਣਾ ਪੈਣਾ
ਸੀ। ਉਸ ਵਕਤ ਇਹ ਸਾਰਾ ਕੁਝ ਕਰਨ ਦੀ ਵੱਢੀ ਰੂਹ ਨਹੀਂ ਸੀ ਕਰਦੀ। ਮੈਂ
‘ਹੈਲੋ’ ਵੀ ਉਸ ਵੱਲ ਚਲਾਵੀਂ ਮਾਰੀ ਤੇ ਫਿਰ ਉਸ ਦੇ ਟਿਕਾਣੇ ‘ਤੇ ਲਿਜਾਕੇ
ਉਸਦਾ ਵਾਕਰ ਟਰੰਕ ਵਿੱਚੋਂ ਕੱਢਿਆ ਅਤੇ ਉਸਦੇ ਮੂਹਰੇ ਪਟਕਾ ਮਾਰਿਆ। ਉਹ
ਮੇਰੇ ਵੱਲ ਝਾਕੀ ਸੀ। ਬੋਲੀ ਕੁਝ ਨਹੀਂ। ਮੈਨੂੰ ਲੱਗਾ ਕਿ ਉਹ ਕੁਝ ਆਖਣਾ
ਚਾਹੁੰਦੀ ਸੀ। ਪਰ ਮੈਂ ਉਸ ਵੱਲੋਂ ਨਜ਼ਰਾਂ ਹਟਾਸ ਕੇ ਠਾਹ ਦੇਣੇ ਦਰਵਾਜਾ
ਬੰਦ ਕੀਤਾ ਤੇ ਟੈਕਸੀ ਵਿਚ ਬੈਠਕੇ ਵੱਡੀ ਸਾਰੀ ਗਾਲ੍ਹ ਕੱਢੀ, “ਡੂਢ ਸਾਲੀ
ਦੇ ਵਾਲ ਐ, ਏਹਨਾਂ ਨੂੰ ਮੁਨਾਉਣ ਤੁਰ ਪੂ ਜਿਵੇਂ ਕਿਸੇ ਯਾਰ ਨੂੰ ਮਿਲਣ
ਜਾਣਾ ਹੁੰਦੈ।”
ਤੇ ਪਿਛਲੇ ਸ਼ਨਿਚਰਵਾਰ ਵੀ ਮੈਨੂੰ ਮਿਸਿਜ਼ ਸਮਾਲ ਵਾਲਾ ਟ੍ਰਿੱਪ ਮਿਲਿਆ
ਸੀ। ਉਸ ਦਿਨ ਮੇਰਾ ਪੂਰਾ ‘ਸੂਤ’ ਲੱਗਿਆ ਹੋਇਆ ਸੀ। ਇੱਕ ਟ੍ਰਿੱਪ ਤੋਂ
ਵੇਹਲਾ ਹੁੰਦਾ ਤੇ ਝੱਟ ਦੂਜਾ ਮਿਲ ਜਾਂਦਾ। ਉਸ ਦਿਨ ਉਹ ਮੈਨੂੰ ਆਪਣੀ ਨਾਨੀ
ਵਰਗੀ ਲੱਗੀ ਸੀ। ਪਟੋਲਾ ਜਿਹਾ। ਮੇਰਾ ਜੀਅ ਕੀਤਾ ਸੀ ਕਿ ਉਸ ਨੂੰ ਬਾਹਾਂ
ਵਿਚ ਚੁੱਕ ਕੇ ਹੇਅਰ ਡ੍ਰੈੱਸਰ ਦੀ ਕੁਰਸੀ ‘ਚ ਬਿਠਾ ਆਵਾਂ। ਸਗੋਂ ਮੈਂ ਉਸ
ਨੂੰ ਪਿਆਰ ਨਾਲ ਮਸ਼ਕਰੀ ਵੀ ਕੀਤੀ ਸੀ। ਮੈਂ ਉਸ ਨੂੰ ਕਿਹਾ ਸੀ, “ਬਿਊਟੀ
ਕੁਈਨ, ਤੂੰ ਤਾਂ ਵਾਲਾਂ ਨੂੰ ਸੰਵਾਰੇ ਤੋਂ ਬਿਨ੍ਹਾਂ ਹੀ ਬਥੇਰੀ ਸੋਹਣੀ
ਐਂ। ਫਿਰ ਤੈਨੂੰ ਹਰ ਹਫ਼ਤੇ ਹੇਅਰ ਡ੍ਰੈੱਸਰ ਦੇ ਜਾਣ ਦੀ ਕੀ ਲੋੜ ਹੈ!” ਉਹ
ਮੂਹਰੋਂ ਬੋਲੀ ਸੀ, “ ਜਦੋਂ ਘਰੇ ਇਕੱਲਤਾ ਤੋਂ ਤੰਗ ਪੈ ਜਾਨੀ ਆਂ ਤਾਂ ਵਾਲ
ਸੰਵਾਰਨ ਦੇ ਬਹਾਨੇ ਮੈਂ ਲੋਕਾਂ ਨੂੰ ਮਿਲ ਆਉਣੀ ਆਂ। ਕੁਝ ਗੱਲਾਂ ਬਾਤਾਂ
ਕਰ ਆਉਣੀ ਆਂ।”
ਹੁਣ ਜਦੋਂ ਮੈਨੂੰ ਮਿਸਿਜ਼ ਸਮਾਲ ਦੀਆਂ ਕੁਝ ਆਖਣ ਲਈ ਲੋਚਦੀਆਂ ਅੱਖਾਂ ਯਾਦ
ਆਉਂਦੀਆਂ ਹਨ ਤਾਂ ਆਪਣੇ ਬੇਰੁਖੀ ਵਾਲੇ ਵਤੀਰੇ ‘ਤੇ ਸ਼ਰਮਿੰਦਗੀ ਮਹਿਸੂਸ
ਹੁੰਦੀ ਹੈ।
-0- |