Welcome to Seerat.ca
Welcome to Seerat.ca

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਆਜ਼ਾਦੀ ਸੰਗਰਾਮ ਦੌਰਾਨ ਸਾਵਰਕਰ ਦੀ ਭੂਮਿਕਾ
ਤੱਥਾਂ ਦੀ ਜ਼ੁਬਾਨੀ

 

- ਪਰੇਮ ਸਿੰਘ (ਡਾ.)

ਜੈਕਲੀਨ

 

- ਹਰਜੀਤ ਅਟਵਾਲ

ਤਾ‘ਵੀਜ਼

 

- ਅਮਰਜੀਤ ਚੰਦਨ

ਨਾਨਕ

 

- ਜਸਵੰਤ ਜ਼ਫ਼ਰ

ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

 

- ਡਾ. ਸੁਖਵਿੰਦਰ ਸਿੰਘ ਸੰਘਾ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਸਰਵਣ ਸਿੰਘ ਨਾਲ ਗੱਲਾਂ-ਬਾਤਾਂ

 

- ਵਰਿਆਮ ਸਿੰਘ ਸੰਧੂ

‘ਭੇਤ ਵਾਲੀ ਗੱਲ’

 

- ਸੰਤੋਖ ਸਿੰਘ ਧੀਰ

ਅੱਗ ਦੀਆਂ ਪੂਣੀਆਂ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਬਦਲਦੇ ਰੌਂਅ

 

- ਹਰਪ੍ਰੀਤ ਸੇਖਾ

ਵਿਅੰਗ ਕੈਨੇਡਾ
ਕੈਨੇਡਾ ਦਾ ਮੌਸਮ

 

- ਗੁਰਦੇਵ ਚੌਹਾਨ

ਦਿਲ ਦਾ ਮਝੈਲ - ਸਰਦਾਰ ਮਨੋਹਰ ਸਿੰਘ ਗਿੱਲ

 

- ਹਰਜੀਤ ਸਿੰਘ ਗਿੱਲ

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

 

- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ

ਜਰਨੈਲ ਸਿੰਘ ਦੀ ਕਹਾਣੀ ‘ਪਾਣੀ’

ਇਸ਼ਤਿਆਕ, ਪੰਜਾਬ ਦੀ ਵੰਡ ਤੇ ਮੈ

 

- ਗੁਲਸ਼ਨ ਦਿਆਲ

ਮਹਿਰਮ ਦਿਲ ਦਾ ਮਾਹੀ...

 

- ਰਵੀ ਸਚਦੇਵਾ

ਸ਼ੌਹਰਤ ਕਮਾਉਣ ਲਈ ਕੁੜੀਆˆ ਦੀ ਇੱਜਤ ਨੂੰ ਕਿੱਥੋˆ ਤੱਕ ਰੋਲਣਗੇ ਗਾਇਕ ਤੇ ਗੀਤਕਾਰ ?

 

- ਬੇਅੰਤ ਗਿੱਲ

ਸ਼ੇਖ – ਬ੍ਰਹਮ

 

- ਡਾ: ਮਨਜੀਤ ਸਿੰਘ ਬੱਲ

Ghadar Movement: Role of Media and Literature

 

- Gurmel S. Sidhu

ਹੁੰਗਾਰੇ

 


ਸਰਵਣ ਸਿੰਘ ਨਾਲ ਗੱਲਾਂ-ਬਾਤਾਂ
- ਵਰਿਆਮ ਸਿੰਘ ਸੰਧੂ
 

 

(ਸਰਵਣ ਸਿੰਘ ਪੰਜਾਬੀ ਦਾ ਪ੍ਰਤੀਨਿਧ ਵਾਰਤਕਾਰ ਲੇਖਕ ਹੈ। ਉਸਨੂੰ ਲਿਖਦਿਆਂ ਅੱਧੀ ਸਦੀ ਹੋ ਗਈ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਤ ਪੁਸਤਕ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ’ ਦੀ ਸੰਪਾਦਨਾ ਸਮੇਂ ਵਰਿਆਮ ਸਿੰਘ ਸੰਧੂ ਨੇ ਸਰਵਣ ਸਿੰਘ ਤੋਂ ਕੁਝ ਸਵਾਲ ਪੁੱਛੇ ਸਨ ਜਿਨ੍ਹਾਂ ਦੇ ਜਵਾਬ ਪਾਠਕਾਂ ਦੀ ਦਿਲਚਸਪੀ ਲਈ ਹਾਜ਼ਰ ਹਨ।-ਸੰਪਾਦਕ)

ਵ. ਤੁਹਾਨੂੰ ਲਿਖਦਿਆਂ ਅੱਧੀ ਸਦੀ ਹੋ ਗਈ ਹੈ। ਲਿਖ ਕੇ ਕੀ ਖੱਟਿਆ-ਕਮਾਇਆ? ਕੀਤਾ ਹੈ ਕੋਈ ਲੇਖਾ ਜੋਖਾ?
ਸ. ਅਜੇ ਤਕ ਤਾਂ ਨਹੀਂ ਕੀਤਾ। ਪਰ ਜੇ ਲੇਖਾ ਜੋਖਾ ਕਰਨਾ ਈ ਪਵੇ ਤਾਂ ਲਿਖਣ ਦੇ ਸਿਰੋਂ ਮੈਂ ਕਾਫੀ ਕੁਝ ਖੱਟਿਆ-ਕਮਾਇਆ। ਲਿਖਦਿਆਂ ਮੇਰੀ ਵਿਹਲ ਸਕਾਰਥੇ ਲੱਗਦੀ ਰਹੀ ਤੇ ਮੇਰੀ ਰਚਨਾਤਮਿਕਤਾ ਦਾ ਸਹਿਜ ਨਿਕਾਸ ਹੁੰਦਾ ਰਿਹਾ। ਮੇਰੇ ਅੰਦਰ ਪੈਦਾ ਹੁੰਦੀ ਊਰਜਾ ਲਿਖਣ ‘ਚ ਖਪਤ ਹੁੰਦੀ ਰਹੀ। ਜੇ ਮੈਂ ਲਿਖਦਾ ਨਾ ਹੁੰਦਾ ਤਾਂ ਸੰਭਵ ਸੀ ਕੋਈ ਪੁੱਠਾ ਪੰਗਾ ਲੈ ਬਹਿੰਦਾ ਤੇ ਨੇਕਨਾਮੀ ਦੀ ਥਾਂ ਬਦਨਾਮੀ ਖੱਟਦਾ। ਲਿਖਣ ਨੇ ਮੈਨੂੰ ਪਛਾਣ ਦਿੱਤੀ ਜਿਸ ਨਾਲ ਮੈਂ ਤਿੰਨਾਂ ਤੇਰ੍ਹਾਂ ‘ਚ ਗਿਣਿਆ ਜਾਂਦਾ ਹਾਂ। ਮੇਰਾ ਮਾੜਾ ਮੋਟਾ ਨਾਂ ਬਣ ਗਿਆ ਜੋ ਅਣਮੁੱਲੀ ਕਮਾਈ ਹੈ। ਪੈਸੇ ਕਮਾਉਣੇ ਸੌਖੇ ਨੇ ਪਰ ਨਾਂ ਕਮਾਉਣਾ ਔਖੈ। ਲਿਖਣ ਨੇ ਨਾਂ ਕਮਾਉਣ ਦੇ ਨਾਲ ਮੈਨੂੰ ਪੈਸੇ ਧੇਲੇ ਵੱਲੋਂ ਵੀ ਸੁਖਾਲਾ ਰੱਖਿਐ। ਲਿਖਣ ਨਾਲ ਮੈਂ ਲੱਖਾਂ ਰੁਪਏ ਕਮਾ ਗਿਆ ਹੋਊਂ। ਮੈਨੂੰ ਆਪਣੇ ਆਰਟੀਕਲਾਂ ਦੇ ਸੌ ਰੁਪਏ ਤੋਂ ਲੈ ਕੇ ਹਜ਼ਾਰ ਰੁਪਏ ਤੋਂ ਵੀ ਵੱਧ ਮਿਲਦੇ ਰਹੇ ਹਨ ਤੇ ਮੇਰੇ ਆਰਟੀਕਲਾਂ ਦੀ ਛਪਣ ਗਿਣਤੀ ਹਜ਼ਾਰ ਤੋਂ ਵੱਧ ਹੋਵੇਗੀ। ਜਿਹੜੇ ਕਹਿੰਦੇ ਹਨ ਕਿ ਲਿਖਣ ਵਿਚ ਕੁਝ ਨਹੀਂ ਪਿਆ, ਮੈਂ ਉਨ੍ਹਾਂ ‘ਚੋਂ ਨਹੀਂ। ਮੈਂ ਲਿਖਣ-ਬੋਲਣ ਦੇ ਸਿਰ ‘ਤੇ ਲੱਖਾਂ ਮੀਲਾਂ ਦਾ ਹਵਾਈ ਸਫ਼ਰ ਕਰ ਚੁੱਕਾਂ। ਜੇ ਚਾਹਾਂ ਤਾਂ ਹੋਰ ਕਰ ਸਕਦਾਂ। ਪਰ ਹੁਣ ਰੱਜ ਆ ਗਿਐ, ਸੰਤੁਸ਼ਟ ਆਂ। ਲਿਖਦਿਆਂ ਅੱਧੀ ਸਦੀ ਲੰਘਣ ਦਾ ਪਤਾ ਈ ਨਹੀਂ ਲੱਗਾ।

ਵ. ਤੁਹਾਡੇ ਵਿਚ ਵਧੀਆ ਗਲਪਕਾਰ ਬਣਨ ਦੀ ਸਮਰੱਥਾ ਸੀ। ਤਿੱਖੀ ਵਿਅੰਗਆਤਮਕ ਵਾਰਤਕ ਲਿਖਣ ਦਾ ਹੁਨਰ ਵੀ ਕਮਾਲ ਦਾ ਸੀ। ਤੁਸੀਂ ਇਸ ਯੋਗਤਾ ਦੇ ਕੁਝ ਕੁਝ ਝਲਕਾਰੇ ਵੀ ਦਿੱਤੇ, ਜਿਹੜੇ ਪਾਠਕਾਂ ਦੇ ਮਨ ਵਿਚ ਅੱਜ ਵੀ ਲਿਸ਼ਕਦੇ ਹਨ। ਪਰ ਤੁਸੀਂ ਇਹਨਾਂ ਸਾਰੀਆਂ ਸੰਭਾਵਨਾਵਾਂ ਦੇ ਹੁੰਦਿਆਂ ਕੇਵਲ ‘ਖੇਡ ਲੇਖਕ’ ਬਣਨ ਨੂੰ ਹੀ ਤਰਜੀਹ ਕਿਉਂ ਦਿੱਤੀ?
ਸ. ਪਹਿਲੀ ਗੱਲ ਤਾਂ ਇਹ ਐ ਕਿ ਮੈਂ ਕੇਵਲ ‘ਖੇਡ ਲੇਖਕ’ ਹੀ ਨਹੀਂ। ਮੈਂ ‘ਅੱਖੀਂ ਵੇਖ ਨਾ ਰੱਜੀਆਂ’ ਤੇ ‘ਫੇਰੀ ਵਤਨਾਂ ਦੀ’ ਸਫ਼ਰਨਾਮੇ, ‘ਪਿੰਡ ਦੀ ਸੱਥ ‘ਚੋਂ’ ਤੇ ‘ਬਾਤਾਂ ਵਤਨ ਦੀਆਂ’ ਹਾਸ ਵਿਅੰਗ ਪੁਸਤਕਾਂ, ‘ਹਸੰਦਿਆਂ ਖੇਲੰਦਿਆਂ’ ਸਵੈ-ਜੀਵਨੀ ਤੇ ਅਮਰਦੀਪ ਕਾਲਜ ਦੇ ਦਾਨਵੀਰਾਂ ਨਾਲ ਸੰਬੰਧਿਤ ਪੁਸਤਕ ਵੀ ਲਿਖੀ ਐ। ਕੁਝ ਕਹਾਣੀਆਂ ਲਿਖੀਆਂ ਨੇ ਤੇ ਦੋ ਪੁਸਤਕਾਂ ਦੇ ਅਨੁਵਾਦ ਕੀਤੇ ਨੇ। ਪੰਜਾਬ ਦੇ ਮੇਲੇ ਮੁਸਾਹਬੇ ਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਦਰਜਨਾਂ ਲੇਖ ਲਿਖੇ ਨੇ। ਇਹ ਠੀਕ ਐ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਵਧੇਰੇ ਪੁਸਤਕਾਂ ਲਿਖੀਆਂ ਗਈਆਂ ਨੇ ਜਿਸ ਕਰਕੇ ਬਹੁਤੇ ਬੰਦੇ ਮੈਨੂੰ ‘ਖੇਡ ਲੇਖਕ’ ਹੀ ਸਮਝਦੇ ਨੇ। ‘ਖੇਡ ਲੇਖਕ’ ਮੇਰੀ ਅੱਲ ਪੈ ਗਈ ਐ। ਐਨ ਓਵੇਂ ਜਿਵੇਂ ਮਾਲਵੇ ਦੇ ਓਸ ਬੰਦੇ ਦੀ ਪਈ ਸੀ ਜਿਹੜਾ ਤਰਨਤਾਰਨ ਮੱਸਿਆ ਨ੍ਹਾਉਣ ਗਿਆ ਮਾਝੇ ਦੇ ਕਿਸੇ ਪਿੰਡੋਂ ਪੱਠੇ ਢੋਣ ਲਈ ਗਧੀ ਲੈ ਆਇਆ ਸੀ। ਗਧੀ ਕਾਹਦੀ ਲਿਆਂਦੀ ਉਹਨਾਂ ਦੇ ਲਾਣੇ ਦੀ ਅੱਲ ਈ ‘ਗਧੀ ਵਾਲੇ’ ਪੈ ਗਈ। ਉਹਨਾਂ ਦੀ ਅਗਲੀ ਪੀੜ੍ਹੀ ਕੋਲ ਕਾਰਾਂ ਤੇ ਕੰਬਾਈਨਾਂ ਨੇ ਪਰ ਵੱਜਦੇ ਉਹ ਹਾਲੇ ਵੀ ‘ਗਧੀ ਵਾਲੇ’ ਈ ਨੇ! ਮੈਨੂੰ ਵੀ ਲੱਗਦੈ ਮੈਂ ਭਾਵੇਂ ਕਹਾਣੀਆਂ ਛੱਡ ਕੇ ਨਾਵਲ ਵੀ ਲਿਖ ਦਿਆਂ ਪਰ ਵੱਜਾਂਗਾ ਕੇਵਲ ‘ਖੇਡ ਲੇਖਕ’ ਹੀ!
ਰਹੀ ਗੱਲ ਗਲਪਕਾਰੀ ਤੇ ਤਿੱਖੀ ਵਿਅੰਗਆਤਮਕ ਵਾਰਤਕ ਲਿਖੀ ਜਾਣ ਦੀ ਥਾਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਨੂੰ ਤਰਜੀਹ ਦੇਣ ਦੀ। ਸ਼ੁਰੂ ਵਿਚ ਮੈਂ ਕਹਾਣੀ ਤੇ ਵਾਰਤਕ ਹੀ ਲਿਖਣ ਲੱਗਾ ਸਾਂ। ਮੇਰੀ ਪਹਿਲੀ ਕਹਾਣੀ ‘ਨਚਾਰ’ ਤੇ ਪਹਿਲੀ ਵਾਰਤਕ ਰਚਨਾ ‘ਮੇਲਾ ਮੁਕਸਰ ਦਾ’ 1965 ਵਿਚ ‘ਆਰਸੀ’ ਮੈਗਜ਼ੀਨ ‘ਚ ਛਪੇ ਸਨ। ਕਿਸੇ ਨਵ-ਲੇਖਕ ਦੀਆਂ ਪਹਿਲੀਆਂ ਰਚਨਾਵਾਂ ਚੋਟੀ ਦੇ ਸਾਹਿਤਕ ਰਸਾਲੇ ਵਿਚ ਛਪ ਜਾਣੀਆਂ ਵੱਡੀ ਛਾਲ ਸੀ। ਜੇਕਰ ਮੈਂ ਖ਼ੁਦ ਖਿਡਾਰੀ ਨਾ ਹੁੰਦਾ ਤੇ ਬਲਵੰਤ ਗਾਰਗੀ ਦੀ ਪੁਸਤਕ ‘ਨਿੰਮ ਦੇ ਪੱਤੇ’ ਨਾ ਪੜ੍ਹਦਾ ਤਾਂ ਸੰਭਵ ਸੀ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦਾ ਮੋੜ ਨਾ ਕੱਟਦਾ। ਮੈਂ ਖਿਡਾਰੀਆਂ ਦੇ ਰੇਖਾ ਚਿਤਰ ਲਿਖੇ ਤਾਂ ਉਹ ਵੀ ‘ਆਰਸੀ’ ਵਿਚ ਛਪਣ ਲੱਗੇ ਜਿਸ ਨਾਲ ਮੇਰਾ ਖਿਡਾਰੀਆਂ ਬਾਰੇ ਲਿਖਣ ਦਾ ਉਤਸ਼ਾਹ ਵਧਦਾ ਗਿਆ। ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਲਿਖਣ ਦਾ ਮੈਦਾਨ ਅਸਲੋਂ ਖਾਲੀ ਪਿਆ ਸੀ। ਮੈਂ ਸੋਚਿਆ, ਮਨਾਂ, ਪੰਜਾਬੀ ਵਿਚ ਕਹਾਣੀਆਂ ਤੇ ਕਵਿਤਾਵਾਂ ਲਿਖਣ ਵਾਲੇ ਤਾਂ ਬੇਅੰਤ ਹਨ। ਇੱਟ ਪੱਟਿਆਂ ਕਹਾਣੀਕਾਰ ਤੇ ਕਵੀ ਨਿਕਲ ਰਹੇ ਹਨ, ਬਲਕਿ ਬੈਠੇ ਈ ਇੱਟਾਂ ‘ਤੇ ਹਨ। ਮੈਂ ਇਕ ਹੋਰ ਇੱਟ ‘ਤੇ ਬਹਿ ਜਾਵਾਂਗਾ! ਕਹਾਣੀਆਂ ਲਿਖੀ ਗਿਆ ਤਾਂ ਨਾ ਮੈਂ ਤਿੰਨਾਂ ‘ਚ ਹੋਵਾਂਗਾ ਤੇ ਨਾ ਤੇਰ੍ਹਾਂ ‘ਚ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ‘ਚ ਮੈਂ ਕਿਸੇ ਨੂੰ ਡਾਹੀ ਨਹੀਂ ਦਿੰਦਾ ਭਾਵੇਂ ਘੋੜੀਆਂ ਮਗਰ ਲਾ ਲੈਣ! ਕਹਾਣੀ ਲਿਖਣ ‘ਚ ਤੁਹਾਡੇ ਵਰਗਿਆਂ ਨੇ ਕਦੋਂ ਰਲਣ ਦੇਣਾ ਸੀ? ਕਹਾਣੀ ਲਿਖਦਾ ਰਹਿੰਦਾ ਤਾਂ ਪਤਾ ਨਹੀਂ ਕਿੰਨਵਾਂ ਨੰਬਰ ਹੁੰਦਾ? ਹੁਣ ਮੈਂ ਪਹਿਲੇ ਨੰਬਰ ‘ਤੇ ਆਂ। ਬੱਸ ਇਹੋ ਕਾਰਨ ਸਮਝ ਲਓ ਕਿ ਕਹਾਣੀਕਾਰ ਬਣਨ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਮੇਰਾ ਵਧੇਰੇ ਸਮਾਂ ਖੇਡ ਸਾਹਿਤ ਦੇ ਲੇਖੇ ਲੱਗ ਗਿਆ। ਪਰ ਮੈਨੂੰ ਕੋਈ ਝੋਰਾ ਨਹੀਂ ਕਿ ਕਹਾਣੀਕਾਰਾਂ ਵਾਂਗ ਮੈਨੂੰ ਸਾਹਿਤਕਾਰ ਨਹੀਂ ਸਮਝਿਆ ਜਾਂਦਾ। ਮੈਂ ਸਿਹਤਕਾਰ ਸਮਝੇ ਜਾਣ ਨਾਲ ਹੀ ਸੰਤੁਸ਼ਟ ਆਂ। ਗਲਪ ਸਾਹਿਤ ਦੀ ਆਪਣੀ ਥਾਂ ਹੁੰਦੀ ਐ, ਗਿਆਨ ਸਾਹਿਤ ਦੀ ਆਪਣੀ। ਪੰਜਾਬੀ ਵਿਚ ਗਲਪ ਸਾਹਿਤ ਰਚਣ ਵਾਲੇ ਬਹੁਤੇ ਨੇ ਤੇ ਗਿਆਨ ਸਾਹਿਤ ਵਾਲੇ ਥੋੜ੍ਹੇ ਨੇ ਜਿਸ ਕਰ ਕੇ ਗਲਪਕਾਰਾਂ ਦੀ ਵਧੇਰੇ ਬੱਲੇ ਬੱਲੇ ਐ!

ਵ. ਤੁਹਾਡੇ ਜੀਵਨ ‘ਤੇ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ ਤੁਹਾਡੀ ਜਿ਼ੰਦਗੀ ਵਿਚ ਕਈ ਮੋੜ ਸਹਿਵਨ ਮੌਕਾ-ਮੇਲ ਵਾਪਰਨ ਕਰਕੇ ਆਏ। ਤੁਹਾਡੀ ਜਿ਼ੰਦਗੀ ਵਿਚ ਵੱਡੇ ਮੋੜ ਬਣ ਕੇ ਸਾਬਤ ਹੋਈਆਂ ਅਚਨਚੇਤ ਮੌਕਾ-ਮੇਲ ਵਾਲੀਆਂ ਘਟਨਾਵਾਂ ਕੀ ਇਹ ਸਾਬਤ ਨਹੀਂ ਕਰਦੀਆਂ ਕਿ ‘ਖ਼ੁਦੀ ਨੂੰ ਬੁਲੰਦ ਕਰਕੇ ਆਪਣੀ ਤਕਦੀਰ ਆਪ ਹੀ ਲਿਖਣ ਦਾ ਦਾਅਵਾ’ ਬਹੁਤਾ ਅਰਥਵਾਨ ਨਹੀਂ ਰਹਿ ਜਾਂਦਾ। ਤੁਸੀਂ ਆਪਣੇ ਜੀਵਨ ਵਿਚ ਸਬੱਬੀਂ ਵਾਪਰ ਜਾਣ ਦੇ ਹਵਾਲੇ ਨਾਲ ਕੁਝ ਸਾਂਝਾ ਕਰਨਾ ਚਾਹੋਗੇ?
ਸ. ਇਹ ਸਹੀ ਹੈ ਕਿ ਮੇਰਾ ਸੱਤਰ ਬਹੱਤਰ ਸਾਲ ਦਾ ਜੀਵਨ ਹਵਾ ਦੇ ਬੁੱਲਿਆਂ ਵਾਂਗ ਰਿਹਾ। ਜਿਵੇਂ ਬੁੱਲਾ ਅਚਾਨਕ ਰੁਖ਼ ਬਦਲਦੈ, ਹੌਲੀ ਜਾਂ ਕਾਹਲਾ ਹੁੰਦੈ, ਮੇਰੇ ਨਾਲ ਵੀ ਐਸਾ ਹੀ ਵਾਪਰਦਾ ਰਿਹੈ। ਮੈਂ ਬਿਨਾਂ ਕਿਸੇ ਖ਼ਾਸ ਕਾਰਨ ਤਿੰਨ ਹਾਈ ਸਕੂਲ ਬਦਲੇ। ਕਾਲਜ ਦੀ ਹਾਕੀ ਟੀਮ ਦੀ ਕਪਤਾਨੀ ਕਰਨ ਤੇ ਕਾਲਜ ਦੇ ਮੈਗਜ਼ੀਨ ਦਾ ਐਡੀਟਰ ਬਣਨ ਲਈ ਕਾਲਜ ਵਿਚ ਇਕ ਸਾਲ ਵਾਧੂ ਲਾਇਆ। ਮਹਿੰਦਰਾ ਕਾਲਜ ਪਟਿਆਲੇ ਤੋਂ ਐੱਮ. ਏ. ਕਰਨ ਚੱਲਿਆ ਮੁਕਤਸਰ ਬੀ. ਐੱਡ. ਕਰਨ ਲੱਗ ਪਿਆ। ਚੱਲਿਆ ਖਾਲਸਾ ਕਾਲਜ ਅੰਮ੍ਰਿਤਸਰ ਦਾਖਲ ਹੋਣ ਤੇ ਜਾ ਪਹੁੰਚਾ ਦਿੱਲੀ ਦੇ ਖਾਲਸਾ ਕਾਲਜ। ਉਸੇ ਕਾਲਜ ਵਿਚ ਪ੍ਰੋਫੈਸਰੀ ਮਿਲੀ ਤਾਂ ਛੱਡ ਕੇ ਢੁੱਡੀਕੇ ਆ ਗਿਆ। 1983 ਵਿਚ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਚੁਣੇ ਜਾਣ ‘ਤੇ ਪ੍ਰਿੰਸੀਪਲੀ ਕੀਤੀ ਨਹੀਂ ਪਰ 1996 ਵਿਚ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਜਾ ਕੀਤੀ। ਮੈਂ ਕਹਿੰਦਾ ਰਿਹਾ ਕਿ ਦੋਹਾਂ ਪੁੱਤਰਾਂ ‘ਚੋਂ ਕਿਸੇ ਨੂੰ ਵੀ ਬਦੇਸ਼ ਨਹੀਂ ਭੇਜਣਾ ਪਰ ਛੋਟਾ ਬੈਂਕ ਦੀ ਨੌਕਰੀ ਕਰਦਾ ਹੋਣ ਦੇ ਬਾਵਜੂਦ ਕੈਨੇਡਾ ਵਿਆਹ ਲਿਆ ਤੇ ਮਗਰੇ ਆਪ ਚਲਾ ਗਿਆ। ਲਿਖਣ ਲੱਗਾ ਸੀ ਕਹਾਣੀਆਂ ਤੇ ਲਿਖੀ ਜਾ ਰਿਹਾਂ ਖੇਡਾਂ ਖਿਡਾਰੀਆਂ ਬਾਰੇ।
ਅਸਲ ਵਿਚ ਮੇਰੇ ਜੀਵਨ ਦਾ ਕਦੇ ਵੀ ਕੋਈ ਨਿਸ਼ਾਨਾ ਨਹੀਂ ਰਿਹਾ। ਜੇ ਮੈਂ ਦਸਵੀਂ ‘ਚੋਂ ਫੇਲ੍ਹ ਹੋ ਜਾਂਦਾ ਤਾਂ ਹੋ ਸਕਦੈ ਦੂਜੇ ਭਰਾਵਾਂ ਵਾਂਗ ਖੇਤੀਬਾੜੀ ਕਰਦਾ ਜਾਂ ਫੌਜ ਵਿਚ ਭਰਤੀ ਹੋ ਜਾਂਦਾ। ਖਾਲਸਾ ਕਾਲਜ ਅੰਮ੍ਰਿਤਸਰ ਪਹੁੰਚ ਜਾਂਦਾ ਤਾਂ ਸੰਭਵ ਸੀ ਹੋਰਨਾਂ ਖਿਡਾਰੀਆਂ ਵਾਂਗ ਪੜ੍ਹਾਈ ਤੋਂ ਮੂੰਹ ਮੋੜ ਲੈਂਦਾ ਤੇ ਲੈਕਚਰਾਰ ਲੱਗਣ ਦੀ ਥਾਂ ਠਾਣੇਦਾਰ ਲੱਗਦਾ! ਅਜੇ ਵੀ ਕੋਈ ਪਤਾ ਨਹੀਂ ਕਿ ਬੁੱਢੇਵਾਰੇ ਕੀ ਕਰ ਬਵ੍ਹਾਂ ਜਾਂ ਮੇਰੇ ਨਾਲ ਕੀ ਹੋ ਜਾਵੇ? ਮੈਂ ਕਿਸੇ ਸੇਧ ਦੀ ਥਾਂ ਬੇਸੇਧਾ ਹੀ ਚਲਦਾ ਰਿਹਾਂ। ਇਹ ਤਾਂ ਕੁਦਰਤ ਦਾ ਗੇੜ ਐ ਕਿ ਦਾਅ ਸਹੀ ਪੈਂਦੇ ਰਹੇ। ਉਂਜ ਨਾ ਮੈਨੂੰ ਕਿਸੇ ਗ਼ੈਬੀ ਸ਼ਕਤੀ ਦਾ ਵਿਸ਼ਵਾਸ ਹੈ ਤੇ ਨਾ ਕਿਸੇ ਹੋਰ ਕਰਮਕਾਂਡ ਦਾ ਭਰਮ ਭੈਅ ਹੈ। ਮੈਂ ਵਿਖਾਵੇ ਦਾ ਹੀ ਆਸਤਕ ਹਾਂ ਉਂਜ ਹਾਂ ਨਾਸਤਕ। ਵੇਖਣ ਨੂੰ ‘ਗਿਆਨੀ ਜਿਹਾ’ ਲੱਗਦਾਂ ਪਰ ਹੈਗਾਂ ਖਾਣ ਪੀਣ ਵਾਲਾ। ਮੇਰੀ ਖੁੱਲ੍ਹੀ ਦਾੜ੍ਹੀ ਮੇਰਾ ਬਹੁਤ ਕੁਝ ਢਕੀ ਬੈਠੀ ਐ! ਮੈਂ ਹਾਲਾਤ ਦੇ ਮੁਤਾਬਿਕ ਢਲਦਾ ਰਿਹਾਂ ਤੇ ਆਪਣੇ ਮੁਤਾਬਿਕ ਹਾਲਾਤ ਨੂੰ ਢਾਲਦਾ ਰਿਹਾਂ।

ਵ. ਤੁਸੀਂ ਪੱਤਰਕਾਰ ਸਰਵਣ ਸਿੰਘ ਨੂੰ ਵੱਧ ਪਿਆਰ ਕਰਦੇ ਹੋ ਜਾਂ ਲੇਖਕ ਸਰਵਣ ਸਿੰਘ ਨੂੰ? ਕੀ ਤੁਹਾਨੂੰ ਨਹੀਂ ਲੱਗਦਾ ਕਿ ਪਿਛਲੇ ਸਾਲਾਂ ਵਿਚ ਤੁਹਾਡੀ ‘ਸਾਹਿਤਕਾਰੀ’ ਨੂੰ ਤੁਹਾਡੀ ‘ਪੱਤਰਕਾਰੀ’ ਨੇ ਦੱਬ ਲਿਆ ਹੈ?
ਸ. ਮੈਂ ਪੱਤਰਕਾਰੀ ਤੇ ਸਾਹਿਤਕਾਰੀ ਨੂੰ ਬਹੁਤਾ ਨਿਖੇੜ ਕੇ ਨਹੀਂ ਵੇਖਦਾ। ਮੇਰੇ ਲਈ ਇਹ ਰਲਗੱਡ ਕਲਾਵਾਂ ਨੇ। ਉਂਜ ਵੀ ਮੇਰੀਆਂ ਲਿਖਤਾਂ ਖੁਸ਼ਕ ਪੱਤਰਕਾਰੀ ਦੀ ਥਾਂ ਸਾਹਿਤਕ ਪੱਤਰਕਾਰੀ ਵਾਲੀਆਂ ਹਨ। ਮੈਂ ਭਾਵੇਂ ਕਿਸੇ ਖੇਡ ਮੇਲੇ ਦੀ ਰਿਪੋਰਟ ਹੀ ਲਿਖ ਰਿਹਾ ਹੋਵਾਂ ਉਸ ਨੂੰ ਸਾਹਿਤਕ ਛੋਹਾਂ ਦੇਣੋਂ ਨਹੀਂ ਰਹਿ ਸਕਦਾ। ਲਿਖਾਂਗਾ, “ਏਸ਼ੀਆ ਦੇ ਜੋਬਨ, ਜ਼ੋਰ ਤੇ ਜੁਗਤ ਨੇ ਜੋ ਖੇਡ-ਲੀਲ੍ਹਾ ਰਚੀ ਉਹਦਾ ਪੂਰਾ ਜਲੌਅ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਭਲਾ ਕੌਣ ਭੁੱਲੇਗਾ ਭਾਰਤ ਦੇ ਲੋਕ ਨਾਚਾਂ ਦੀਆਂ ਝਲਕਾਂ ਜੋ ਨਹਿਰੂ ਸਟੇਡੀਅਮ ਦੇ ਵਿਹੜੇ ‘ਚ ਅੱਖਾਂ ਨੇ ਵੇਖੀਆਂ। ਭੰਬੀਰੀ ਬਣੀਆਂ ਨੱਢੀਆਂ ਤੇ ਮਸਤੀ ‘ਚ ਝੂੰਮਦੇ ਚੋਬਰ। ਲਿਸ਼ਕਦੀਆਂ ਰੰਗ ਬਰੰਗੀਆਂ ਪੁਸ਼ਾਕਾਂ, ਸਾਜ਼ਾਂ ਦੀਆਂ ਮਧੁਰ ਧੁਨਾਂ, ਨਾਚੀਆਂ ਦੀਆਂ ਕੂਲੀਆਂ ਅਦਾਵਾਂ ਤੇ ਧੂਫਾਂ ਦੀਆਂ ਸੁਗੰਧੀਆਂ। ਅਜਿਹਾ ਰੰਗੀਨ ਸੁਫ਼ਨਾ ਜਿਸ ਵਿਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ...।” ਤੇ ਤੈਰਾਕਾਂ ਬਾਰੇ ਲਿਖ ਰਿਹਾ ਹੋਵਾਂ ਤਾਂ ਲਿਖਾਂਗਾ, “ਕਦ ਭੁੱਲਣਗੀਆਂ ਉਹ ਪਾਣੀ ਦੀਆਂ ਪਰੀਆਂ ਜਿਨ੍ਹਾਂ ਨੇ ਤਾਲਕਟੋਰਾ ਤੈਰਨ ਤਲਾਅ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀ। ਉਨ੍ਹਾਂ ਦੇ ਸੋਨ-ਰੰਗੇ ਬਦਨ ਜਿਨ੍ਹਾਂ ਤੋਂ ਨਿਗਾਹਾਂ ਤਿਲ੍ਹਕ-ਤਿਲ੍ਹਕ ਜਾਂਦੀਆਂ...।”
ਜੇ ਕੋਈ ਸਾਹਿਤਕ ਛੋਹਾਂ ਵਾਲੀ ਰਚਨਾ ਅਖ਼ਬਾਰਾਂ ਵਿਚ ਛਪੇ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਪੱਤਰਕਾਰੀ ਬਣ ਗਈ। ਮੇਰੀਆਂ ਲਿਖਤਾਂ ਪਹਿਲਾਂ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੀਆਂ ਨੇ ਤੇ ਉਨ੍ਹਾਂ ਦਾ ਸੋਧਿਆ ਰੂਪ ਕਿਤਾਬਾਂ ਵਿਚ ਛਪਦੈ। ਇਹ ਅਖ਼ਬਾਰ ਤੇ ਰਸਾਲੇ ਈ ਨੇ ਜਿਹੜੇ ਮੈਥੋਂ ਲਗਾਤਾਰ ਕਾਲਮ ਲਿਖਵਾਈ ਜਾ ਰਹੇ ਨੇ। ਉਹ ਨਾ ਲਿਖਵਾਉਂਦੇ ਤਾਂ ਮੈਂ ਏਨਾ ਲੰਮਾ ਸਮਾਂ ਲਗਾਤਾਰ ਲਿਖਦਾ ਨਾ ਰਹਿ ਸਕਦਾ। ਮੈਂ ਪੱਤਰਕਾਰੀ ਤੋਂ ਹਟ ਕੇ ਨਿਰੋਲ ਸਾਹਿਤਕ ਰਚਨਾ ਕਰਦਾ ਤਾਂ ਮੇਰੀ ਖੱਟੀ ਕਮਾਈ ਬਹੁਤ ਘੱਟ ਹੁੰਦੀ। ਮੈਂ ਮਾੜਾ ਚੰਗਾ ਸਾਹਿਤਕਾਰ ਤਾਂ ਵੱਜੀ ਜਾਂਦਾ ਪਰ ਮੇਰੀ ਪਛਾਣ ਦਾ ਘੇਰਾ ਸੀਮਤ ਰਹਿ ਜਾਂਦਾ। ਪੰਜਾਬੀ ਵਿਚ ਕਿਤਾਬਾਂ ਓਨੀਆਂ ਨਹੀਂ ਪੜ੍ਹੀਆਂ ਜਾਂਦੀਆਂ ਜਿੰਨੇ ਅਖ਼ਬਾਰ ਪੜ੍ਹੇ ਜਾਂਦੇ ਨੇ। ਅਖ਼ਬਾਰਾਂ ਵਿਚ ਛਪਣ ਨਾਲ ਮੇਰਾ ਦਾਇਰਾ ਵਿਸ਼ਾਲ ਹੋਇਆ ਤੇ ਮੈਂ ਵਧੇਰੇ ਪਾਠਕਾਂ ‘ਚ ਪੜ੍ਹਿਆਂ ਗਿਆਂ ਜੋ ‘ਕੱਲੀਆਂ ਸਾਹਿਤਕ ਕਿਤਾਬਾਂ ਨਾਲ ਨਹੀਂ ਸੀ ਪੜ੍ਹਿਆ ਜਾਣਾ। ਮੈਂ ਆਪਣੇ ਅੰਦਰਲੇ ਪੱਤਰਕਾਰ ਤੇ ਸਾਹਿਤਕਾਰ ਨੂੰ ਇਕੋ ਜਿੰਨਾ ਹੀ ਪਿਆਰ ਕਰਦਾਂ। ਇਹ ਸਹੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਖੇਡ ਮੇਲਿਆਂ ਵਿਚ ਵਧੇਰੇ ਜਾਂਦਾ ਰਿਹਾ ਹੋਣ ਕਰਕੇ ਉਨ੍ਹਾਂ ਬਾਰੇ ਕੁਝ ਵਧੇਰੇ ਲਿਖਿਆ ਗਿਆ ਜਿਸ ਨਾਲ ਲਿਖਤ ਵਿਚ ਦੁਹਰਾਈ ਹੋ ਜਾਣੀ ਕੁਦਰਤੀ ਐ। ਮੈਂ ਹੁਣ ਖੇਡ ਮੇਲੇ ਵੇਖਣੇ ਘਟਾ ਲਏ ਨੇ ਤੇ ਤੁਸੀਂ ਵੇਖੋਗੇ ਕਿ ਆਉਂਦੇ ਸਮੇਂ ‘ਚ ਮੇਰੀ ਸਾਹਿਤਕਾਰੀ ਨੂੰ ਪੱਤਰਕਾਰੀ ਦੱਬੇਗੀ ਨਹੀਂ ਸਗੋਂ ਸਾਹਿਤਕਾਰੀ ਪੱਤਰਕਾਰੀ ਨੂੰ ਦੱਬੇਗੀ।

ਵ. ਅੱਜ ਕੱਲ੍ਹ ਤੁਸੀਂ ਸਿਰਜਣਾਤਮਕ ਲੇਖਕ ਨਾਲੋਂ ਸਿਰਜਣਾਤਮਕ ਪੱਤਰਕਾਰ ਵਾਂਗ ਵੱਧ ਵਿਚਰ ਰਹੇ ਹੋ। ਤੁਹਾਨੂੰ ਨਹੀਂ ਲੱਗਦਾ ਇੰਜ ਤੁਹਾਡੀ ਲੇਖਕੀ ਸਿਰਜਣ ਸਮਰੱਥਾ ਖ਼ਾਲ ਚੋਂ ਪਾਣੀ ਦੇ ਸੀਰ ਪੈਣ ਵਾਂਗ ਗਵਾਚਦੀ ਜਾਂਦੀ ਹੈ?
ਸ. ਇਹਦਾ ਅੱਧਾ ਪਚੱਧਾ ਜਵਾਬ ਤਾਂ ਮੈਂ ਦੇ ਈ ਦਿੱਤੈ। ਸਾਡੇ ਆਲੋਚਕ ਸਿਰਜਣਾਤਮਕ ਲੇਖਕ ਨੂੰ ਸਿਰਜਣਾਤਮਕ ਪੱਤਰਕਾਰ ਨਾਲੋਂ ਬਿਹਤਰ ਦਰਜਾ ਦਿੰਦੇ ਹਨ। ਮੈਂ ਖ਼ੁਦ ਮਹਿਸੂਸ ਕਰਦਾਂ ਕਿ ਜਿੰਨੀ ਘਾਲਣਾ ਮੈਂ ਸਿਰਜਣਾਤਮਕ ਪੱਤਰਕਾਰੀ ਲਈ ਘਾਲ ਰਿਹਾਂ ਉਹਦੀ ਸਾਡੇ ਆਲੋਚਕਾਂ ਨੇ ਓਨੀ ਕਦਰ ਨਹੀਂ ਪਾਈ ਜਿੰਨੀ ਪਾਠਕਾਂ ਨੇ ਪਾਈ ਹੈ। ਸਾਨੂੰ ਸੋਚਣਾ ਚਾਹੀਦੈ, ਕੀ ਸ਼ੁਧ ਸਾਹਿਤਕਾਰੀ ਹੀ ਵਧੇਰੇ ਕਲਿਆਣਕਾਰੀ ਹੋ ਸਕਦੀ ਹੈ? ਕੀ ਸਾਹਿਤਕ ਪੱਤਰਕਾਰੀ ਓਨੀ ਕਲਿਆਣਕਾਰੀ ਨਹੀਂ ਹੁੰਦੀ? ਕੀ ਗੁਰਬਖ਼ਸ਼ ਸਿੰਘ ਦੀ ਪ੍ਰੀਤ ਲੜੀ ਵਾਲੀ ਪੱਤਰਕਾਰੀ ਘੱਟ ਕਲਿਆਣਕਾਰੀ ਰਹੀ? ਮੈਨੂੰ ਇਲਮ ਹੈ ਕਿ ਮੇਰੇ ਸ਼ੁਭਚਿੰਤਕ ਮੈਥੋਂ ਗਲਪਕਾਰੀ ਦੀ ਆਸ ਰੱਖਦੇ ਹਨ। ਮੈਨੂੰ ਉਹ ਵਾਰਤਕ ਲੇਖਕ ਦੇ ਤੌਰ ‘ਤੇ ਵੇਖਣਾ ਚਾਹੁੰਦੇ ਹਨ ਜਿਸ ਦੀ ਕਲਾ ਮੈਂ ਖੇਡ ਲੇਖਕ ਦੇ ਤੌਰ ‘ਤੇ ਵੀ ਵਿਖਾਈ ਜਾ ਰਿਹਾਂ। ਮੇਰੇ ਸੱਜਣ ਮਿੱਤਰ ਮੈਨੂੰ ਖੇਡਾਂ ਖਿਡਾਰੀਆਂ ਬਾਰੇ ਲਿਖਣ ਵੱਲੋਂ ਵਿਹਲਾ ਕਰ ਕੇ ਨਿਰੋਲ ਸਾਹਿਤਕ ਰਚਨਾਵਾਂ ਰਚਨ ਦੀਆਂ ਸਲਾਹਾਂ ਦੇ ਰਹੇ ਨੇ ਤਾਂ ਜੋ ਉਹ ਦੇਰ ਤਕ ਜਿੰ਼ਦਾ ਰਹਿ ਸਕਣ। ਤੁਹਾਡੇ ਸੁਆਲ ਵਿਚੋਂ ਵੀ ਏਹੋ ਮਨੋਰਥ ਝਲਕਦੈ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੇਰੀ ਸਿਰਜਣ ਸਮਰੱਥਾ ਦੇ ਖਾਲ ‘ਚੋਂ ਪੈਂਦੀਆਂ ਸੀਰਾਂ ਵੱਲ ਮੇਰਾ ਧਿਆਨ ਦੁਆਇਆ। ਮੈਂ ਕੋਸਿ਼ਸ਼ ਕਰਾਂਗਾ ਕਿ ਇਨ੍ਹਾਂ ਸੀਰਾਂ ਨੂੰ ਬੰਦ ਕਰਾਂ। ਉਂਜ ਹਾਲੇ ਬਹੁਤਾ ਪਾਣੀ ਅਜਾਈਂ ਨੀ ਗਿਆ। ਖਾਲ ਫਿਰ ਵੀ ਭਰਿਆ ਹੋਇਐ। ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਕਿਸੇ ਕਿਤਾਬ ਲਈ ਮੈਨੂੰ ਕਹਾਣੀ ਲਿਖਣ ਨੂੰ ਕਿਹਾ ਸੀ ਜੋ ਤੁਸਾਂ ਸੰਪਾਦਤ ਕਰਨੀ ਸੀ। ਕਹਾਣੀ ਛੇਤੀ ਕੀਤਿਆਂ ਲਿਖੀ ਨਹੀਂ ਜਾਂਦੀ। ਪਰ ਇਹ ਮੇਰੀ ਸਾਹਿਤਕ ਪੱਤਰਕਾਰੀ ਵਾਲੀ ਫੁਰਤੀ ਸੀ ਕਿ ਮੈ ਅਗਲੇ ਦਿਨ ਹੀ ਨਵੀਂ ਕਹਾਣੀ ‘ਆਖ਼ਰੀ ਕਬੱਡੀ’ ਲਿਖ ਭੇਜੀ ਸੀ। ਜੇ ਚਾਹੁਨੇ ਈ ਓਂ ਤਾਂ ਆਪਾਂ ਖੇਡ ਲੇਖਣੀ ਵਾਲਾ ਨੱਕਾ ਬੰਦ ਕਰ ਕੇ ਨੱਕਾ ਨਾਵਲ ਕਹਾਣੀ ਵੱਲ ਮੋੜ ਲਵਾਂਗੇ। ਫਿਰ ਨਾ ਕਹਿਣਾ ਕਿ ਇਹ ਏਧਰੋਂ ਵੀ ਹਿੱਸਾ ਭਾਲਦੈ!

ਵ. ਜਸਵੰਤ ਸਿੰਘ ਕੰਵਲ ਨਾਲ ਤੁਹਾਡੀ ਪੁਰਾਣੀ ਸਾਂਝ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਸਾਂਝ ਵਿਚੋਂ ਤੁਸੀਂ ਉਸ ਤੋਂ ਕੀ ਪ੍ਰਭਾਵ ਕਬੂਲੇ? ਆਪਣੇ ਅਨੁਭਵ ਵਿਚ ਆਏ ਕੰਵਲ ਬਾਰੇ ਸਾਨੂੰ ਕੁਝ ਦੱਸੋ। ਆਪਣੀ ਜਿ਼ੰਦਗੀ ਵਿਚ ਜਸਵੰਤ ਸਿੰਘ ਕੰਵਲ ਦੀ ਸਰਪ੍ਰਸਤੀ, ਸਹਿਯੋਗ ਤੇ ਅਗਵਾਈ ਦਾ ਕੀ ਯੋਗਦਾਨ ਸਮਝਦੇ ਹੋ?
ਸ. ਸੁਆਲ ਲੰਮਾ ਹੈ ਤੇ ਇਹਦਾ ਜੁਆਬ ਮੈਂ ਇਕ ਲੇਖ ‘ਨੇੜਿਓਂ ਵੇਖਿਆ ਜਸਵੰਤ ਸਿੰਘ ਕੰਵਲ’ ਵਿਚ ਦੇ ਚੁੱਕਾਂ। ਉਹ ਲੇਖ ਮੇਰੀ ਰੇਖਾ ਚਿੱਤਰਾਂ ਦੀ ਪੁਸਤਕ ਵਿਚ ਛਪੇਗਾ। ਉਸ ਵਿਚ ਵੀਹ ਪੱਚੀ ‘ਜਿਊਂਦੇ ਜਾਗਦੇ’ ਪੰਜਾਬੀਆਂ ਦੇ ਦਰਸ਼ਨ ਹੋਣਗੇ। ਮੇਰੀ ਕੰਵਲ ਨਾਲ ਅੱਧੀ ਸਦੀ ਦੀ ਸਿਆਣ ਹੈ। 1960 ਵਿਚ ਉਹਦਾ ਨਾਵਲ ‘ਪੂਰਨਮਾਸ਼ੀ’ ਪੜ੍ਹਦਿਆਂ ਮੈਂ ਉਹਦੇ ‘ਤੇ ਫਿ਼ਦਾ ਹੋ ਗਿਆ ਸਾਂ। ਓਦੋਂ ਮੈਂ ਉਹਦੀਆਂ ਲਿਖਤਾਂ ਕਈ ਕਈ ਵਾਰ ਪੜ੍ਹੀਆਂ। ਅਨੇਕਾਂ ਸਤਰਾਂ ਮੂੰਹ ਜ਼ਬਾਨੀ ਯਾਦ ਹੋ ਗਈਆਂ। ਉਹਦੀਆਂ ਟੂਕਾਂ ਨਾਲ ਦੋ ਤਿੰਨ ਡਾਇਰੀਆਂ ਵੀ ਭਰ ਲਈਆਂ। ਉਹਦਾ ਮੇਰੀ ਲਿਖਤ ਉਤੇ ਥੋੜ੍ਹਾ ਬਹੁਤਾ ਪ੍ਰਭਾਵ ਜ਼ਰੂਰ ਪਿਆ ਹੋਵੇਗਾ। ਮੈਂ ਪਹਿਲਾਂ ਪਹਿਲ ਆਪਣੀਆਂ ਰਚਨਾਵਾਂ ਉਸ ਨੂੰ ਸੁਣਾ ਕੇ ਸਲਾਹ ਵੀ ਲੈਂਦਾ ਰਿਹਾਂ। ਪੰਜਾਂ ਰੁਪਿਆਂ ਦੇ ਭਾਰ ਵਾਲੀ ਕਹਾਣੀ ਦਾ ਸਿਰਲੇਖ ‘ਭਾਰ’ ਉਸੇ ਨੇ ਸੁਝਾਇਆ ਸੀ। ਉਸ ਨੇ ਬਲਰਾਜ ਸਾਹਨੀ ਨੂੰ ਫਿਲਮਾਂ ਬਾਰੇ ਤੇ ਮੈਨੂੰ ਖੇਡਾਂ ਬਾਰੇ ਲਿਖਣ ਲਈ ਉਤਸ਼ਾਹਤ ਕੀਤਾ। ਉਹੀ ਮੈਨੂੰ ਦਿੱਲੀਓਂ ਪੱਟ ਕੇ ਢੁੱਡੀਕੇ ਲਿਆਇਆ ਤੇ ਉਹੀ ਮੈਨੂੰ ਮੁਕੰਦਪੁਰ ਕਾਲਜ ਦਾ ਪ੍ਰਿੰਸੀਪਲ ਲਗਵਾਉਣ ‘ਚ ਵਿਚੋਲਾ ਬਣਿਆ। ਉਸ ਨੇ ਕਈ ਸਾਲ ਡਾ. ਜਸਵੰਤ ਗਿੱਲ ਨਾਲ ਆਪਣੇ ਪਤੀ ਪਤਨੀ ਦੇ ਰਿਸ਼ਤੇ ਤੋਂ ਉਹਲਾ ਰੱਖਿਆ ਤੇ ਫਿਰ ਮੈਨੂੰ ਕਿਹਾ ਕਿ ਲਿਖ ਦੇ ਉਹ ਮੇਰੀ ਪਤਨੀ ਹੈ।
ਸੰਤ ਸਿੰਘ ਸੇਖੋਂ ਨੂੰ ਸਾਰੇ ਬਾਬਾ ਬੋਹੜ ਕਹਿੰਦੇ ਹਨ। ਜਸਵੰਤ ਸਿੰਘ ਕੰਵਲ ਨੂੰ ਮੈਂ ਸਰੂ ਦਾ ਰੁੱਖ ਕਹਿਨਾਂ ਜਿਹੜਾ ਵਗਦੀਆਂ ਹਵਾਵਾਂ ਨਾਲ ਸੱਜੇ ਖੱਬੇ ਝੂਲਦੈ ਪਰ ਧਰਤੀ ਦੀ ਜਕੜ ਨਹੀਂ ਛੱਡਦਾ। ਹਨ੍ਹੇਰੀਆਂ ਵਿਚ ਉਹ ਚਾਰ ਚੁਫੇਰੇ ਝੂਲਦੈ ਤੇ ਫਿਰ ਪੈਰਾਂ ਸਿਰ ਖੜ੍ਹ ਜਾਂਦੈ। ਉਹਦੀ ਸਿਰਜਣਾਤਮਕ ਸ਼ਕਤੀ ਦਾ ਕੋਈ ਅੰਤ ਨਹੀਂ। ਉਹ ਤਰੰਨਵੇਂ ਸਾਲਾਂ ਦਾ ਹੋ ਗਿਐ ਪਰ ਲਿਖੀ ਜੁਆਨਾਂ ਵਾਂਗ ਜਾ ਰਿਹੈ। ਉਹਦੇ ਪਾਠਕ ਅਜੇ ਵੀ ਬਹੁਤ ਨੇ ਪਰ ਮੈਂ ਉਹਦੀਆਂ ਅਜੋਕੀਆਂ ਲਿਖਤਾਂ ਦਾ ਪਹਿਲੀਆਂ ਲਿਖਤਾਂ ਵਰਗਾ ਆਸ਼ਕ ਨਹੀਂ ਰਿਹਾ। ਕੰਵਲ ਬੁਨਿਆਦੀ ਤੌਰ ‘ਤੇ ਜਜ਼ਬਾਤੀ ਲੇਖਕ ਹੈ। ਹੱਦ ਦਰਜੇ ਦਾ ਉਪਭਾਵਕ। ਉਹਦੀਆਂ ਲਿਖਤਾਂ ਮਿਹਣੇ ਮਾਰਦੀਆਂ ਨੇ ਤੇ ਸਿੱਧੀਆਂ ਦਿਲਾਂ ‘ਚ ਵੱਜਦੀਆਂ ਨੇ। ਉਹ ਪੰਜਾਬੀਆਂ ਦੀ ਅਜੋਕੀ ਹਾਲਤ ਉਤੇ ਵੈਣ ਪਾ ਰਿਹੈ। ਉਹਦੀ ਸੋਚ ਉਲਾਰ ਹੋ ਸਕਦੀ ਐ ਪਰ ਉਹਦੀ ਸੁਹਿਰਦਤਾ ਤੇ ਦਿਆਨਤਦਾਰੀ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਉਸ ਨੇ ਕਾਮਰੇਡੀ ਤੋਂ ਲੈ ਕੇ ਸਿੱਖੀ ਤਕ ਜੋ ਲਿਖਿਆ ਬੜੇ ਵੇਗ ਨਾਲ ਲਿਖਿਆ। ਦਿਲੀ ਦਰਦ ਨਾਲ ਲਿਖਿਆ। ਬੇਸ਼ਕ ਮੈਂ ਉਸ ਦੀ ਅਜੋਕੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਉਹ ਸਾਡਾ ਵਡੇਰਾ ਹੈ ਜਿਸ ਦੀ ਇਜ਼ਤ ਕਰਨੀ ਸਾਡਾ ਫਰਜ਼ ਹੈ। ਮੈਨੂੰ ਉਸ ਨੇ ਬਥੇਰਾ ਸਹਿਯੋਗ ਦਿੱਤਾ ਜਿਸ ਦਾ ਮੈਂ ਰਿਣੀ ਹਾਂ। ਪਤਾ ਨਹੀਂ ਇਹ ਕਰਜ਼ਾ ਕਦ ਲੱਥੇ? ਕਾਸ਼ ਉਹ ‘ਪੂਰਨਮਾਸ਼ੀ’ ਵਰਗਾ ਨਾਵਲ ਫਿਰ ਲਿਖੇ! ਐਸਾ ਲਿਖੇ ਜਿਸ ਨੂੰ ਮੈਂ ਪਹਿਲੇ ਚਾਅ ਨਾਲ ਪੜ੍ਹ ਸਕਾਂ।

ਵ. ਕੰਵਲ ਦੀ ਅਜੋਕੀ ਸੋਚ ‘ਭਈਆਂ ਨੂੰ ਪੰਜਾਬ ‘ਚੋਂ ਕੱਢਣ ਤੇ ਬਾਹਰ ਗਏ ਪੰਜਾਬੀਆਂ ਨੂੰ ਪੰਜਾਬ ਵਿਚ ਲਿਆ ਵਸਾਉਣ’ ਵਿਚ ਹੀ ਪੰਜਾਬ ਦਾ ਭਲਾ ਹੈ’ ਬਾਰੇ ਤੁਹਾਡੀ ਕੀ ਰਾਇ ਹੈ?
ਸ. ਪੰਜਾਬੀਆਂ ਦਾ ਪੰਜਾਬ ਤੋਂ ਬਾਹਰ ਜਾਣਾ ਤੇ ਭਈਆਂ ਦਾ ਬਾਹਰੋਂ ਪੰਜਾਬ ‘ਚ ਆਉਣਾ ਆਰਥਿਕਤਾ ਨਾਲ ਜੁੜਿਆ ਹੋਇਐ। ਕਿਸੇ ਦੇ ਵੀ ਪਰਵਾਸ ਦਾ ਮੁੱਖ ਕਾਰਨ ਖੱਟੀਆਂ ਕਮਾਈਆਂ ਹੀ ਹੁੰਦੈ। ਕੁਝ ਭੇਡ ਚਾਲ ਵੀ ਹੁੰਦੀ ਐ। ਬਿਹਤਰ ਜੀਵਨ ਦੀ ਤਲਾਸ਼ ਬੰਦੇ ਨੂੰ ਪੱਟੀ ਫਿਰਦੀ ਐ। ਜਦੋਂ ਤਕ ਪੰਜਾਬੀ ਪਰਵਾਸੀ, ਪਰਵਾਸ ਦੇ ਜੀਵਨ ਨੂੰ ਪੰਜਾਬ ਨਾਲੋਂ ਬਿਹਤਰ ਸਮਝਦੇ ਰਹਿਣਗੇ ਉਹ ਮੁੜ ਪੰਜਾਬ ਵਿਚ ਨਹੀਂ ਵਸਣਗੇ। ਉਨ੍ਹਾਂ ਨੂੰ ਸਿੱਖੀ ਦੇ ਨਾਂ ‘ਤੇ ਜਾਂ ਪੰਜਾਬੀ ਹੋਣ ਦੇ ਨਾਂ ‘ਤੇ ਜਿੰਨੀਆਂ ਮਰਜ਼ੀ ‘ਵਾਜਾਂ ਮਾਰ ਲਓ ਉਹ ਨਹੀਂ ਪਰਤਣਗੇ। ਖਾਲਿਸਤਾਨ ਦੇ ਨਾਹਰੇ ਮਾਰਨ ਵਾਲੇ ਬਹੁਤੇ ਬੰਦੇ ਪਰਵਾਸੀ ਹਨ ਪਰ ਉਹ ਵੀ ਪੰਜਾਬ ਵਿਚ ਉਦੋਂ ਤਕ ਵੱਸਣ ਲਈ ਤਿਆਰ ਨਹੀਂ ਹੋਣਗੇ ਜਦੋਂ ਤਕ ਉਨ੍ਹਾਂ ਨੂੰ ਪਰਵਾਸ ਨਾਲੋਂ ਪੰਜਾਬ ਵਿਚ ਬਿਹਤਰ ਜੀਵਨ ਦੀ ਗਰੰਟੀ ਨਹੀਂ ਹੋਵੇਗੀ। ਹਾਲੇ ਤਾਂ ਪੰਜਾਬ ਤੋਂ ਬਾਹਰ ਨੂੰ ਹੀ ਨਿਕਾਸ ਜਾਰੀ ਐ। ਜੇਕਰ ਪੰਜਾਬ ਦੇ ਹਾਲਾਤ ਸੰਵਰ ਗਏ ਤੇ ਪੰਜਾਬ ਖੁਸ਼ਹਾਲੀ ਦੇ ਰਾਹ ਪੈ ਗਿਆ ਤਾਂ ਸੰਭਵ ਹੈ ਨਿਕਾਸ ਰੁਕ ਜਾਵੇ ਤੇ ਪਰਵਾਸੀਆਂ ਵੱਲੋਂ ਵੀ ਮੋੜਾ ਪੈ ਜਾਵੇ ਜਿਵੇਂ ਭਈਆਂ ਵਿਚ ਪਿਆ ਹੈ।
ਨਰੇਗਾ ਸਕੀਮ ਸ਼ੁਰੂ ਹੋਣ ਨਾਲ ਭਈਏ ਆਪੋ ਆਪਣੇ ਸੂਬਿਆਂ ਨੂੰ ਪਰਤਣੇ ਸ਼ੁਰੂ ਹੋ ਗਏ ਨੇ। ਉਨ੍ਹਾਂ ਨੂੰ ਆਪਣੇ ਸੂਬਿਆਂ ਵਿਚ ਹੀ ਥੋੜ੍ਹਾ ਬਹੁਤਾ ਰੁਜ਼ਗਾਰ ਮਿਲਣ ਨਾਲ ਉਹ ਪੰਜਾਬ ‘ਚ ਆਉਣੋ ਘਟ ਗਏ ਨੇ। ਹੁਣ ਪੰਜਾਬ ‘ਚ ਦਿਹਾੜੀਏ ਮਿਲਣੇ ਔਖੇ ਹੋ ਗਏ ਨੇ ਤੇ ਦਿਹਾੜੀ ਵੀ ਮਹਿੰਗੀ ਹੋ ਗਈ ਐ। ਮੈਂ ਕਿਹਾ ਐ ਨਾ ਕਿ ਪਰਵਾਸ ਦਾ ਵਰਤਾਰਾ ਆਰਥਿਕਤਾ ਨਾਲ ਬੱਝਾ ਹੋਇਐ। ਭਈਆਂ ਨੇ ਪੰਜਾਬ ‘ਚ ਪੱਕੇ ਕਿੱਲੇ ਨਹੀਂ ਗੱਡੇ ਹੋਏ ਜਿਵੇਂ ਪੰਜਾਬੀਆਂ ਨੇ ਬਾਹਰਲੇ ਸੂਬਿਆਂ ਜਾਂ ਬਾਹਰਲੇ ਦੇਸ਼ਾਂ ਵਿਚ ਗੱਡ ਲਏ ਨੇ। ਪੰਜਾਬੀ ਤਾਂ ਬਾਹਰ ਜਾ ਕੇ ਟਰਾਂਸਪੋਰਟਾਂ, ਫਾਰਮਾਂ ਤੇ ਸਟੋਰਾਂ ਦੇ ਮਾਲਕ ਬਣੇ ਬੈਠੇ ਨੇ ਜਦ ਕਿ ਭਈਏ ਪੰਜਾਬ ਵਿਚ ਦਿਹਾੜੀਆਂ ਕਰਨ ਤੇ ਨਿੱਕੀਆਂ ਮੋਟੀਆਂ ਦੁਕਾਨਾਂ ਚਲਾਉਣ ਵਾਲੇ ਈ ਨੇ। ਪੰਜਾਬੀ ਬਾਹਰ ਜਾ ਕੇ ਕੌਂਸਲਾਂ, ਵਿਧਾਨ ਸਭਾਵਾਂ ਤੇ ਪਾਰਲੀਮੈਂਟਾਂ ਦੇ ਮੈਂਬਰ ਬਣ ਗਏ ਨੇ, ਅਫਸਰ ਲੱਗੇ ਹੋਏ ਨੇ ਤੇ ਘਰ ਬਾਰ ਬਣਾਈ ਜ਼ਮੀਨਾਂ ਲਈ ਬੈਠੇ ਨੇ। ਉਨ੍ਹਾਂ ਦਾ ਪੰਜਾਬ ਪਰਤਣਾ ਔਖੈ। ਭਈਆਂ ਦੀ ਪੰਜਾਬ ਵਿਚ ਗਿਣਤੀ ਬੇਸ਼ਕ ਲੱਖਾਂ ਵਿਚ ਹੈ ਪਰ ਪੰਜਾਬ ਵਿਚ ਉਹ ਉਸ ਤਰ੍ਹਾਂ ਨਹੀਂ ਵਸੇ ਜਿਵੇਂ ਪੰਜਾਬੀ ਬਾਹਰ ਵਸੇ ਹੋਏ ਨੇ। ਏਥੇ ਤਾਂ ਉਨ੍ਹਾਂ ਦਾ ਇਕ ਵੀ ਐੱਮ. ਐੱਲ. ਏ. ਨਹੀਂ। ਕੈਨੇਡਾ ਵਿਚ ਪੰਜਾਬੀ ਪਿਛੋਕੜ ਦਾ ਉੱਜਲ ਦੁਸਾਂਝ ਬੀ. ਸੀ. ਸੂਬੇ ਦਾ ਮੁੱਖ ਮੰਤਰੀ ਬਣ ਚੁੱਕੈ! ਦੇਰ ਅਵੇਰ ਭਈਆਂ ਦੇ ਤਾਂ ਪੰਜਾਬ ਤੋਂ ਪਰਤ ਜਾਣ ਦੀ ਵਧੇਰੇ ਸੰਭਾਵਨਾ ਹੈ ਜਦ ਕਿ ਪੰਜਾਬੀਆਂ ਦੇ ਬਾਹਰੋਂ ਪਰਤ ਆਉਣ ਦੀ ਘੱਟ ਐ। ਕੰਵਲ ਸਾਹਿਬ ਦਾ ਤੌਖਲਾ ਲੋੜੋਂ ਵੱਧ ਹੈ ਕਿ ਭਈਏ ਪੰਜਾਬ ਸੰਭਾਲ ਲੈਣਗੇ। ਫਰਜ਼ ਕਰੋ ਉਹ ਸੰਭਾਲ ਵੀ ਲੈਣ ਤਾਂ ਉਹ ਅਜੋਕੇ ਪੰਜਾਬੀਆਂ ਨਾਲੋਂ ਘੱਟ ‘ਪੰਜਾਬੀ’ ਨਹੀਂ ਹੋਣਗੇ। ਹੁਣ ਵੀ ਸਰਕਾਰੀ ਸਕੂਲਾਂ ਵਿਚ ਭਈਆਂ ਦੇ ਬੱਚੇ ਪੰਜਾਬੀ ਪੜ੍ਹਦੇ ਹਨ ਜਦ ਕਿ ਖਾਂਦੇ ਪੀਂਦੇ ਪੰਜਾਬੀਆਂ ਦੇ ਬੱਚੇ ਅੰਗਰੇਜ਼ੀ ਤੇ ਹਿੰਦੀ ਪੜ੍ਹਦੇ ਹਨ। ਆਪ ਈ ਸੋਚ ਲਓ ਕਿ ਅਸਲੀ ਪੰਜਾਬੀ ਕਿਹੜੇ ਹੋਏ?
ਨਾਲੇ ਪੰਜਾਬ ਦੀ ਤਾਰੀਖ ਦਸਦੀ ਹੈ ਕਿ ਪੰਜਾਬ ਸਦੀਆਂ ਤੋਂ ਉਜੜਦਾ ਰਿਹੈ। ਨਵੇਂ ਲੋਕ ਆਉਂਦੇ ਰਹੇ ਨੇ ਤੇ ਪੁਰਾਣੇ ਬਾਹਰ ਜਾਂਦੇ ਰਹੇ ਨੇ। ਤਾਮਲਨਾਡੂ ਤੇ ਸ੍ਰੀਲੰਕਾ ਦੇ ਦਰਾਵੜ ਕਦੇ ਪੰਜਾਬ ਦੇ ਆਦਵਾਸੀ ਸਨ। ਪੰਜਾਬ ਦੇ ਅੱਧੇ ਜੱਟ ਸਿੱਖਾਂ ਦੇ ਵਡੇਰੇ ਰਾਜਸਥਾਨ ‘ਚੋਂ ਪੰਜਾਬ ਵਿਚ ਭਈਏ ਬਣ ਕੇ ਆਏ ਸਨ। ਜਿਹੜੇ ਸਿੱਧੂ ਬਰਾੜ ਪੰਜਾਬ ਦੀਆਂ ਰਿਆਸਤਾਂ ਦੇ ਰਾਜੇ ਬਣੇ ਉਨ੍ਹਾਂ ਦਾ ਪਿਛੋਕੜ ਜੈਸਲਮੇਰ ਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਡਵਡੇਰੇ ਪੰਜਾਬ ‘ਚ ਆ ਕੇ ਪੰਜਾਬੀ ਬਣ ਸਕਦੇ ਹਨ ਤਾਂ ਅਜੋਕੇ ਭਈਏ ਪੰਜਾਬ ‘ਚ ਵਸ ਕੇ ਪੰਜਾਬੀ ਕਿਓਂ ਨਹੀਂ ਬਣ ਬਣ ਸਕਦੇ?
ਪੰਜਾਬ ਦੇ ਭਲੇ ਲਈ ਮੈਂ ਇਹ ਜ਼ਰੂਰ ਚਾਹੁੰਨਾਂ ਕਿ ਪੰਜਾਬੀ ਨੌਜੁਆਨ ਪੰਜਾਬ ਵਿਚ ਹੀ ਬਾਹਰ ਜਿੰਨਾ ਕੰਮ ਕਰ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਤੇ ਐਵੇਂ ਰੀਸੋ-ਰੀਸ ਬਾਹਰ ਨਾ ਭੱਜਣ। ਅਸਲ ਮਸਲਾ ਇਹ ਐ ਕਿ ਸਾਡੇ ਬਹੁਤੇ ਨੌਜੁਆਨ ਪੰਜਾਬ ਵਿਚ ਕੰਮ ਕਰ ਕੇ ਰਾਜ਼ੀ ਨਹੀਂ, ਬਾਹਰ ਭਾਵੇਂ ਕਿੰਨਾ ਵੀ ਕਰੜਾ ਕੰਮ ਕਰਵਾਈ ਜਾਵੋ। ਓਥੇ ਰੈਸਟੋਰੈਂਟਾਂ ਵਿਚ ਭਾਂਡੇ ਧੋਣ, ਸਾਫ-ਸਫਾਈਆਂ ਕਰਨ ਤੇ ਘਰਾਂ ਦੇ ਰੰਗ-ਰੋਗਨ ਵੀ ਹੱਸ ਕੇ ਕਰਦੇ ਹਨ। ਨੌਜੁਆਨ ਦਿਨ ਰਾਤ ਟਰੱਕ ਚਲਾਉਂਦੇ ਤੇ ਬੁੱਢੇ ਰਾਤਾਂ ਨੂੰ ਚੌਕੀਦਾਰਾ ਕਰਦੇ ਹਨ। ਕਿਹੜਾ ਕੰਮ ਐ ਜਿਹੜਾ ਪਰਵਾਸੀ ਨਹੀਂ ਕਰਦੇ? ਪੁੱਛੋ ਤਾਂ ਕਹਿੰਦੇ ਏਹੋ ਨੇ ਕਿ ਪੰਜਾਬ ‘ਚ ਕੰਮ ਨਹੀਂ ਮਿਲਦਾ, ਬਾਹਰ ਕੰਮ ਵੀ ਮਿਲਦੈ ਤੇ ਪੌਂਡ/ਡਾਲਰ ਵੀ ਮਿਲਦੇ ਐ ਜਿਨ੍ਹਾਂ ਦੇ ਰੁਪਈਏ ਵੱਧ ਬਣਦੇ ਐ! ਪਰ ਇਹ ਪੂਰਾ ਸੱਚ ਨਹੀਂ। ਜੇ ਪੰਜਾਬ ਵਿਚ ਕੰਮ ਨਹੀਂ ਤਾਂ ਲੱਖਾਂ ਭਈਆਂ ਨੂੰ ਪੰਜਾਬ ਵਿਚ ਕੰਮ ਕਿਥੋਂ ਮਿਲਦੈ? ਕੰਵਲ ਸਾਹਿਬ ਨੂੰ ਅਸਲੀ ਫਿਕਰ ਪੰਜਾਬ ਵਿਚ ਸਿੱਖਾਂ ਦੇ ਘੱਟ ਗਿਣਤੀ ‘ਚ ਹੋ ਜਾਣ ਦਾ ਹੈ। ਭਈਆਂ ਦੇ ਬੱਚੇ ਪੰਜਾਬੀ ਤਾਂ ਪੜ੍ਹ ਈ ਰਹੇ ਨੇ, ਜੇ ਉਹ ਸਿੱਖ ਸਜਣ ਲੱਗ ਪਏ ਤਾਂ ਉਸ ਦਾ ਇਹ ਫਿਕਰ ਵੀ ਮੁੱਕ ਸਕਦੈ। ਪਰ ਕੀ ਸਿੱਖਾਂ ਦੇ ਕੱਟੜਪੰਥੀ ‘ਕਿਰਤੀ’ ਭਈਆਂ ਨੂੰ ਆਪਣੇ ‘ਵਿਹਲੜਾਂ’ ਵਰਗਾ ਦਰਜਾ ਦੇਣਗੇ?

ਵ. ਕੋਈ ਲੇਖਕ ਆਪਣੇ ਆਪ ਨੂੰ ਮਾਰਕਸਵਾਦੀ ਅਖਵਾ ਕੇ ਖ਼ੁਸ਼ ਹੁੰਦਾ ਹੈ, ਕੋਈ ਕੰਵਲ ਹੁਰਾਂ ਵਾਂਗ ਸਿੱਖ ਫਿ਼ਕਰਾਂ ਨੂੰ ਪ੍ਰਣਾਇਆ ਹੋਇਆ ਹੈ। ਕੋਈ ਵਿਰਕ ਵਾਂਗ ਕਿਸੇ ਸਿਆਸਤ ਤੋਂ ਲਾਂਭੇ ਹੋ ਕੇ ਮਾਨਵਵਾਦੀ ਅਖਵਾਉਣਾ ਹੀ ਪਸੰਦ ਕਰਦਾ ਹੈ। ਤੁਸੀਂ ਵਿਚਾਰਧਾਰਕ ਤੌਰ ‘ਤੇ ਆਪਣੇ ਆਪ ਨੂੰ ਕਿਥੇ ਖਲੋਤਾ ਮਹਿਸੂਸ ਕਰਦੇ ਹੋ?
ਸ. ਮੈਂ ਵਿਚਾਰਧਾਰਕ ਤੌਰ ‘ਤੇ ਖੱਬੇ ਪੱਖੀ ਹਾਂ ਪਰ ਕੱਟੜ ਖੱਬੇ ਪੱਖੀ ਨਹੀਂ। ਮਾਰਕਸਵਾਦ ਨੇ ਮੈਨੂੰ ਕਾਫੀ ਪ੍ਰਭਾਵਤ ਕੀਤਾ ਪਰ ਮੈਨੂੰ ਮਾਰਕਸਵਾਦੀ ਕਹਾਉਣ ‘ਚ ਖ਼ਾਸ ਖ਼ੁਸ਼ੀ ਨਹੀਂ। ਇਹਦੇ ਨਾਲ ਮੈਂ ਕੋਈ ‘ਪ੍ਰਗਤੀਵਾਦੀ’ ਨੀ ਬਣ ਜਾਣਾ ਤੇ ਨਾ ਮੇਰੇ ਨੰਬਰ ਵਧਣੇ ਨੇ। ਮੇਰੇ ਲਿਖਣ ਦਾ ਮਕਸਦ ਜਿੰ਼ਦਗੀ ਨੂੰ ਹੋਰ ਜਿਊਣਯੋਗ ਬਣਾਉਣ ਦਾ ਹੈ। ਇਨਸਾਨ ਹੋਰ ਬਿਹਤਰ ਇਨਸਾਨ ਬਣੇ। ਸਮਾਜ ਹੋਰ ਚੰਗਾ ਹੋਵੇ। ਬਦੀ ਘਟੇ ਤੇ ਨੇਕੀ ਵਧੇ। ਬੰਦਾ ਬਿਹਤਰ ਜਿਊਣ ਲਈ ਉਪਰਾਲੇ ਕਰਦਾ ਰਹੇ। ਕੋਈ ਕਿਸੇ ਦਾ ਹੱਕ ਨਾ ਮਾਰੇ ਤੇ ਕਿਧਰੇ ਵੀ ਬੇਇਨਸਾਫ਼ੀ ਨਾ ਹੋਵੇ। ਮੈਂ ਆਪਣੀ ਵਿਚਾਰਧਾਰਾ ਦਾ ਸਾਰ ਆਪਣੀ ਸਵੈ-ਜੀਵਨੀ ਦੇ ਸਰਵਰਕ ਉਤੇ ਛਪਵਾਇਐ, “ਮਨੁੱਖ ਦੀ ਦੇਹ ਜ਼ਰੂਰ ਨਾਸ਼ਵਾਨ ਹੈ ਪਰ ਮਨੁੱਖ ਦਾ ਜੀਵਨ ਨਾਸ਼ਵਾਨ ਨਹੀਂ। ਮਨੁੱਖ ਦਾ ਜੀਵਨ ਵਿਚ ਵਿਸ਼ਵਾਸ ਬੱਝਿਆ ਰਹਿਣਾ ਚਾਹੀਦੈ। ਅਸਲ ਜੀਵਨ ਉਹੀ ਹੈ ਜਿਸ ਵਿਚ ਆਸ ਤੇ ਉਮੀਦ, ਉਤਸ਼ਾਹ ਤੇ ਉਮਾਹ ਕਾਇਮ ਰਹਿਣ ਅਤੇ ਚਾਵਾਂ ਤੇ ਖੇੜਿਆਂ ਨੂੰ ਸੋਕਾ ਨਾ ਆਵੇ। ਬੰਦਾ ਸੰਘਰਸ਼ ਕਰਦਾ ਆਹਰੇ ਲੱਗਾ ਰਵ੍ਹੇ। ਉਹਦੇ ਰੁਝੇਵੇਂ ਕਦੇ ਨਾ ਮੁੱਕਣ। ਜੀਵਨ ਵਿਚ ਭਰੋਸੇ ਨੂੰ ਪੱਕਿਆਂ ਕਰਨਾ, ਜੀਵਨ ਨੂੰ ਹੋਰ ਜਿਊਣਯੋਗ ਬਣਾਉਣਾ ਤੇ ਹਰ ਮੁਸ਼ਕਲ ਵਿਚ ਜਿਊਣ ਦਾ ਵੱਲ ਸਿਖਾਉਣਾ ਲੇਖਕ ਦੀ ਲਿਖਤ ਦਾ ਮੁੱਖ ਮਨੋਰਥ ਹੋਣਾ ਚਾਹੀਦੈ। ਦੁੱਖ-ਦਰਦ, ਬਿਰਹਾ-ਵਿਛੋੜੇ, ਮੁਸ਼ਕਲਾਂ-ਦੁਸ਼ਵਾਰੀਆਂ ਤੇ ਗ਼ਮੀਆਂ-ਉਦਾਸੀਆਂ ਭਲਾ ਕੀਹਦੇ ਜੀਵਨ ਵਿਚ ਨਹੀਂ ਆਉਂਦੀਆਂ? ਕਈ ਇਨ੍ਹਾਂ ਅੱਗੇ ਢੇਰੀ ਢਾਹ ਬਹਿੰਦੇ ਨੇ ਤੇ ਕਈ ਦਿਲ ਗੁਰਦੇ ਨਾਲ ਸਾਹਮਣਾ ਕਰਦੇ ਇਨ੍ਹਾਂ ਤੋਂ ਪਾਰ ਹੋ ਜਾਂਦੇ ਨੇ। ਨਾ ਦੁੱਖ ਸਦੀਵੀ ਰਹਿੰਦੇ ਨੇ ਤੇ ਨਾ ਸੁੱਖ ਸਦੀਵੀ ਹੁੰਦੇ ਨੇ। ਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ ਹੀ ਵਧੇਰੇ ਸੌਖੇ ਰਹਿੰਦੇ ਨੇ। ਹਮੇਸ਼ਾਂ ਰੋਣੇ ਧੋਣੇ ਰੋਈ ਜਾਂਦਿਆਂ ਦੀਆਂ ਉਮਰਾਂ ਸੌਖੀਆਂ ਨਹੀਂ ਲੰਘਦੀਆਂ। ਜਿਹੜੇ ਮੁਸ਼ਕਲਾਂ ਵਿਚ ਵੀ ਹੱਸ-ਖੇਡ ਸਕਦੇ ਨੇ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਮਰਾਂ ਕਦੋਂ ਬੀਤ ਜਾਂਦੀਆਂ ਨੇ। ਜੀਵਨ ਦੀ ਮੁਕਤੀ ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ ਗੁਰੂ ਦੀ ਦੱਸੀ ਜੀਵਨ-ਜਾਚ ਵਿਚ ਹੀ ਹੈ।” ਇਸੇ ਲਈ ਮੈਂ ਸਵੈ-ਜੀਵਨੀ ਦਾ ਨਾਂ ‘ਹਸੰਦਿਆਂ ਖੇਲੰਦਿਆਂ’ ਰੱਖਿਆ।

ਵ. ਮੈਂ ਅਕਸਰ ਲੇਖਕਾਂ ਨੂੰ ਵੇਖਦਾ ਹਾਂ; ਜਦੋਂ ਵੀ ਮਿਲਦੇ ਨੇ ਹੋਰਨਾਂ ਬਾਰੇ ਨਿੰਦਾ ਦਰਬਾਰ ਸ਼ੁਰੂ ਕਰ ਦਿੰਦੇ ਨੇ। ਮੈਂ ਜਦ ਵੀ ਮਿੱਤਰਾਂ ਦੀ ਕਿਸੇ ਮਹਿਫ਼ਲ ਵਿਚ ਜਾਂ ਨਿੱਜੀ ਤੌਰ ‘ਤੇ ਵੀ ਤੁਹਾਨੂੰ ਮਿਲਿਆਂ ਤੁਸੀਂ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਵੇਖੇ-ਸੁਣੇ। ਕੀ ਤੁਸੀਂ ਸਚਮੁੱਚ ਹੀ ਏਨੇ ਸੰਤੁਲਤ ਤੇ ਖੁੱਲ੍ਹ-ਖਿ਼ਆਲੇ ਹੋ ਜਾਂ ਕਦੀ ਕਦੀ ਤੁਹਾਡੇ ਮਨ ਵਿਚ ਵੀ ਕਿਸੇ ਸਮਕਾਲੀ ਬਾਰੇ ਈਰਖ਼ਾ ਭਾਵ ਉਪਜਦੇ ਨੇ?
ਸ. ਕਿਸੇ ਦੀ ਨਿੰਦਿਆ ਚੁਗਲੀ ਕਰਨ ਦਾ ਮਤਲਬ ਹੈ ਆਪਣਾ ਹੀ ਸਮਾਂ ਗੁਆਉਣਾ। ਮੈਂ ਆਪਣਾ ਸਮਾਂ ਕਿਉਂ ਗੁਆਵਾਂ? ਜਿੰਨਾ ਸਮਾਂ ਤੇ ਸ਼ਕਤੀ ਨਿੰਦਿਆ ਚੁਗਲੀ ‘ਤੇ ਲਾਉਣੀ ਐਂ ਉਹ ਉਸਾਰੂ ਪਾਸੇ ਕਿਉਂ ਨਾ ਲਾਵਾਂ? ਮੇਰੇ ਵਿਚ ਸੰਤੁਲਤ ਜਾਂ ਖੁੱਲ੍ਹ-ਖਿ਼ਆਲੇ ਹੋਣ ਵਾਲੀ ਕੋਈ ਖ਼ਾਸ ਸਿਫ਼ਤ ਨਹੀਂ। ਇਹ ਤਾਂ ਆਮ ਸਮਝ ਦੀ ਗੱਲ ਹੈ। ਕਿਸੇ ਦੀ ਨਿੰਦਿਆ ਕਰ ਕੇ ਜਾਂ ਕਿਸੇ ਨਾਲ ਈਰਖਾ ਕਰ ਕੇ ਆਪਾਂ ਕੀ ਲੈਣਾ? ਜਿਹੜਾ ਅਜਿਹਾ ਕਰਦੈ ਉਹ ਆਪਣੇ ਆਪ ਨੂੰ ਈ ਸਜ਼ਾ ਦੇ ਰਿਹਾ ਹੁੰਦੈ। ਸੜ ਰਿਹੈ ਹੁੰਦੈ, ਰਿਝ ਰਿਹਾ ਹੁੰਦੈ। ਆਪਾਂ ਸੌਖੇ ਆਂ ਕਿ ਇਸ ਬਿਮਾਰੀ ਤੋਂ ਬਚੇ ਹੋਏ ਆਂ। ਕਈ ਲੇਖਕ ਹੀ ਇਕ ਦੂਜੇ ਨਾਲ ਨਹੀਂ ਬੋਲਦੇ ਪਰ ਮੈਨੂੰ ਤਾਂ ਦੁਨੀਆ ਵਿਚ ਇਕ ਵੀ ਬੰਦਾ ਨੀ ਦੀਂਹਦਾ ਜੀਹਦੇ ਨਾਲ ਮੇਰੀ ਬੋਲਬਾਣੀ ਬੰਦ ਹੋਵੇ। ਕਈ ਸਕੇ ਸੋਧਰੇ ਈ ਇਕ ਦੂਜੇ ਨਾਲ ਨੀ ਵਰਤਦੇ, ਆਪਾਂ ਤਾਂ ਭਾਈ ਬਿਗਾਨਿਆਂ ਨਾਲ ਵੀ ਵਰਤਣੋ ਗੁਰੇਜ਼ ਨੀ ਕਰਦੇ। ਕੋਈ ਵੱਧ ਘੱਟ ਕਹਿ ਲਵੇ ਤਾਂ ਆਖੀਦੈ ਉਹ ਜਾਣੇ। ਹੋ ਸਕਦੈ ਅਗਲੇ ਤੋਂ ਮਜਬੂਰੀ ‘ਚ ਕਿਹਾ ਗਿਆ ਹੋਵੇ। ਮੈਂ ਤਾਂ ਹੋਰਨਾਂ ਨੂੰ ਵੀ ਸਲਾਹ ਦੇਵਾਂਗਾ ਕਿ ਐਵੇਂ ਮਾੜੀਆਂ ਮੋਟੀਆਂ ਗੱਲਾਂ ਦਿਲ ‘ਤੇ ਨੀ ਲਾਈਦੀਆਂ। ਜੇ ਕਿਸੇ ਨੂੰ ਕਹਿਣ ਦਾ ਹੱਕ ਐ ਤਾਂ ਸਹਿਣ ਦਾ ਵੀ ਫਰਜ਼ ਐ। ਉਂਜ ਨਿੰਦਿਆ ਚੁਗਲੀ ਕਰਨੀ ਮਨੋਵਿਗਿਆਨਕ ਰੋਗ ਹੈ ਤੇ ਆਪਣੇ ਹੀਣੇਪਣ ਨੂੰ ਹੀ ਅਗਲੇ ਦੇ ਬਰਾਬਰ ਕਰਨ ਦੀ ਬਿਮਾਰੀ ਹੈ। ਮੇਰੀ ਸਮਝ ਅਨੁਸਾਰ ਨਿੰਦਕ, ਈਰਖਾਲੂ ਤੇ ਸਿ਼ਕਾਇਤੀ ਬੰਦੇ ਅਧੂਰੇ ਵਿਅਕਤੀ ਹੁੰਦੇ ਨੇ ਜੋ ਖ਼ੁਦ ਤਾਂ ਔਖੇ ਰਹਿੰਦੇ ਈ ਨੇ ਹੋਰਨਾਂ ਨੂੰ ਵੀ ਔਖੇ ਕਰਦੇ ਨੇ। ਨਿੰਦਣ ਭੰਡਣ ਦੀ ਥਾਂ ਇਕ ਦੂਜੇ ਨੂੰ ਸਲਾਹ ਕੇ ਵਧੇਰੇ ਸੌਖਾ ਜੀਵਿਆ ਜਾ ਸਕਦੈ। ਇਹ ਜੀਵਨ ਚੰਦ ਰੋਜ਼ ਦਾ ਮੇਲਾ ਐ, ਇਹਨੂੰ ਐਵੇਂ ਬਦਖੋਹੀਆਂ ਕਰੀ ਜਾਣ ਵਿਚ ਨਹੀਂ ਗੁਆਉਣਾ ਚਾਹੀਦੈ। ਮੈਨੂੰ ਅਜਿਹੇ ਗੀਤ ਬੜੇ ਚੰਗੇ ਲੱਗਦੇ ਨੇ-ਆ ਸੋਹਣਿਆਂ ਵੇ ਜੱਗ ਜਿਊਂਦਿਆਂ ਦੇ ਮੇਲੇ... ਆਪਾਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ...?

ਵ. ਦੂਜੇ ਦੀ ਪ੍ਰਸ਼ੰਸਾ ਕਰਨੀ ਵੱਡੇ ਦਿਲ ਦੀ ਖੂਬੀ ਹੈ ਪਰ ਕਈ ਵਾਰ ਲੋੜੀਂਦੀ ਪ੍ਰਸ਼ੰਸਾ ਦੀ ਹੱਦ ਟੱਪ ਕੇ ‘ਚਾਪਲੂਸੀ’ ਦੇ ਖੇਤਰ ਵਿਚ ਸ਼ਾਮਿਲ ਹੋਣ ਦਾ ਡਰ ਰਹਿੰਦਾ ਹੈ। ਕੀ ਤੁਹਾਨੂੰ ਕਦੀ ਅਜਿਹੀ ਹੱਦ ਟੱਪ ਜਾਣ ਦੀ ਅੰਦਰੇ ਅੰਦਰ ਨਮੋਸ਼ੀ ਹੋਈ ਹੈ?
ਸ. ਅਜੇ ਤਕ ਤਾਂ ਨਹੀਂ ਹੋਈ। ਪ੍ਰਸੰ਼ਸਾ ਕਰਨੀ ਹੋਰ ਗੱਲ ਐ ਤੇ ਚਾਪਲੂਸੀ ਹੋਰ। ਜਿਵੇਂ ਨਿਰਖ ਕਰਨੀ ਹੋਰ ਗੱਲ ਐ ਤੇ ਨਿੰਦਿਆ ਕਰਨੀ ਹੋਰ। ਮੇਰੀਆਂ ਲਿਖਤਾਂ ਤੇ ਮੇਰੀ ਕੁਮੈਂਟਰੀ ਦੀ ਟੋਨ ਜ਼ਰੂਰ ਪ੍ਰਸ਼ੰਸਾਮਈ ਰਹੀ ਐ ਪਰ ਮੈਂ ਸੁਚੇਤ ਤੌਰ ‘ਤੇ ਚਾਪਲੂਸੀ ਤੋਂ ਬਚਣ ਦੀ ਹੀ ਕੋਸਿ਼ਸ਼ ਕੀਤੀ ਹੈ। ਅਸਲ ਵਿਚ ਚਾਪਲੂਸੀ ਕਰਨ ਦੀ ਮੈਨੂੰ ਲੋੜ ਈ ਨਹੀਂ ਪਈ ਕਿਉਂਕਿ ਮੇਰੇ ਕਾਰਜ ਸੁਧੇ ਈ ਰਾਸ ਆਉਂਦੇ ਰਹੇ ਨੇ। ਫਿਰ ਵੀ ਹੋ ਸਕਦੈ ਕਦੇ ਕਦਾਈਂ ਮਾੜੀ ਮੋਟੀ ਕਰ ਈ ਕਰ ਗਿਆ ਹੋਵਾਂ ਪਰ ਇਹ ਨਿੰਦਿਆ ਕਰਨ ਨਾਲੋਂ ਫੇਰ ਵੀ ਬਿਹਤਰ ਐ। ਖੇਡਾਂ ਤੇ ਖਿਡਾਰੀਆਂ ਸੰਗ ਵਿਚਰਦਿਆਂ ਮੈਂ ਅਨੇਕਾਂ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਲਿਖਿਆ ਹੈ। ਮੈਂ ਉਨ੍ਹਾਂ ਦੇ ਗੁਣ ਵਧ ਚਿਤਾਰੇ ਨੇ ਤੇ ਔਗੁਣ ਘੱਟ। ਇਹ ਕੋਈ ਔਗੁਣ ਨਹੀਂ ਕਿ ਮੈਂ ਉਨ੍ਹਾਂ ਦੇ ਔਗੁਣ ਘੱਟ ਕਿਉਂ ਚਿਤਾਰੇ? ਬਲਵੰਤ ਗਾਰਗੀ ਦੇ ਰੇਖਾ ਚਿਤਰਾਂ ਦੀ ਟੋਨ ਸਿਫ਼ਤਾਂ ਦੇ ਬਾਵਜੂਦ ਭੰਡੀ ਵਾਲੀ ਹੈ ਜਦ ਕਿ ਮੇਰੇ ਰੇਖਾ ਚਿੱਤਰਾਂ ਦੀ ਟੋਨ ਸੁਧੀ ਸਿਫ਼ਤੀ ਐ। ਜਿਹੜੇ ਖੇਡ ਪ੍ਰਮੋਟਰ ਖੇਡ ਮੇਲੇ ਕਰਵਾਉਂਦੇ ਹੋਏ ਸਮਾਂ, ਸ਼ਕਤੀ ਤੇ ਧਨ ਲਾਉਂਦੇ ਨੇ, ਜੇ ਮੈਂ ਉਨ੍ਹਾਂ ਦਾ ਜਿ਼ਕਰ ਆਪਣੀਆਂ ਲਿਖਤਾਂ ‘ਚ ਪ੍ਰਸ਼ੰਸਾਮਈ ਢੰਗ ਨਾਲ ਕਰਦਾ ਹਾਂ ਤਾਂ ਇਹ ਕੋਈ ਚਾਪਲੂਸੀ ਨਹੀਂ। ਜਿਹੜੇ ਮੈਨੂੰ ਆਪਣੇ ਖੇਡ ਮੇਲਿਆਂ ‘ਤੇ ਮਾਣ ਨਾਲ ਸੱਦਦੇ ਨੇ ਜੇ ਮੈਂ ਉਨ੍ਹਾਂ ਦੀ ਹੀ ਭੰਡੀ ਕਰਨ ਲੱਗ ਪਵਾਂ ਤਾਂ ਇਹ ਕਿਧਰਲੀ ਸਿਆਣਪ ਹੋਈ?
ਵੈਸੇ ਮੈਂ ਖੇਡਾਂ ਤੇ ਖ਼ਾਸ ਕਰ ਕੇ ਕਬੱਡੀ ਦੀ ਖੇਡ ਦਾ ਗੁਣ ਗਾਣ ਕਰਨ ਦੇ ਨਾਲ ‘ਕਬੱਡੀ ਨੂੰ ਡਰੱਗ ਦਾ ਜੱਫਾ’ ਲੇਖ ਲਿਖ ਕੇ ਡੋਪਿੰਗ ਦੇ ਖਿਲਾਫ਼ ਮੋਰਚਾ ਖੋਲ੍ਹਿਆ ਤਾਂ ਕਬੱਡੀ ਦੇ ਅਨੇਕਾਂ ਖਲੀਫਿ਼ਆਂ ਦੀ ਵਿਰੋਧਤਾ ਸਹੀ। ਨਸ਼ੇੜੀ ਖਿਡਾਰੀ ਵੀ ਕਹਿੰਦੇ ਨੇ ਕਿ ਇਹਨੇ ਹੀ ਸਾਡੀਆਂ ਬੇੜੀਆਂ ‘ਚ ਵੱਟੇ ਪਾਏ। ਪੰਜਾਬ ਸਰਕਾਰ ਵੱਲੋਂ ਕਰਾਏ ਕਬੱਡੀ ਵਰਲਡ ਕੱਪ ਦਾ ਮੈਂ ਅੰਗ ਸਾਂ ਪਰ ਇਹ ਲਿਖਣੋਂ ਨੀ ਰਹਿ ਸਕਿਆ ਕਿ ਰਾਜ ਕਰਦੀ ਪਾਰਟੀ ਦੀ ਅੱਖ ਕਬੱਡੀ ਕੱਪ ਵਿਚ ਦੀ ਵੋਟ ਬੈਂਕ ਉਤੇ ਹੈ। ਉਸ ਨੇ ਕਬੱਡੀ ਦੇ ਨਾਂ ‘ਤੇ ਸੋਲਾਂ ਰੈਲੀਆਂ ਕੀਤੀਆਂ। ਮੈਂ ਇਹ ਵੀ ਲਿਖਿਆ ਕਿ ਕਬੱਡੀ ਕੱਪਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ‘ਤੇ ਬਾਲੀਵੁੱਡ ਦੇ ਕਲਾਕਾਰ ਬੁਲਾ ਕੇ ਲਚਰ ਨਾਚ ਕਰਾਉਣੇ ਘਟੀਆ ਪ੍ਰਦਰਸ਼ਨ ਸੀ। ਮੈਂ ਕਬੱਡੀ ਕੱਪਾਂ ਵਿਚ ਖੁਸ਼ਾਮਦੀ ਕੁਮੈਂਟਰੀ ਨੀ ਕੀਤੀ। ਦੂਜੇ ਕਬੱਡੀ ਵਰਲਡ ਕੱਪ ‘ਚ ਤਾਂ ਇਸ ਕਰਕੇ ਨਹੀਂ ਕੀਤੀ ਕਿ ਖੁਸ਼ਾਮਦੀ ਕੁਮੈਂਟਰੀ ਹੀ ਕਰਨੀ ਪੈਣੀ ਸੀ। ਖੇਡਾਂ ਬਾਰੇ ਲਿਖਦਿਆਂ ਮੇਰੀਆਂ ਲਿਖਤਾਂ ਨਿਰੀਆਂ ਸਿਫ਼ਤਾਂ ਤਕ ਹੀ ਸੀਮਤ ਨਹੀਂ ਸਗੋਂ ਉਸਾਰੂ ਆਲੋਚਨਾ ਨਾਲ ਵੀ ਭਰੀਆਂ ਪਈਆਂ ਨੇ। ਕੋਈ ਪੜ੍ਹ ਕੇ ਤਾਂ ਵੇਖੇ। ਮੈਂ ਹਾਲੇ ਤਕ ਤਾਂ ਐਸੀ ਨਮੋਸ਼ੀ ਤੋਂ ਬਚਿਆ ਹੋਇਆਂ ਕਿ ਮੈਥੋਂ ਜਾਣ ਬੁੱਝ ਕੇ ਖ਼ੁਸ਼ਾਮਦ ਜਾਂ ਚਾਪਲੂਸੀ ਹੋ ਰਹੀ ਐ। ਫਿਰ ਵੀ ਅੱਗੇ ਤੋਂ ਚੁਕੰਨੇ ਕਰਨ ਲਈ ਤੁਹਾਡਾ ਧੰਨਵਾਦ। ਚਾਪਲੂਸੀ ਕਰ ਕੇ ਮੈਂ ਕਿਸੇ ਤੋਂ ਕੀ ਲੈਣਾ ਭਲਾ?

ਵ. ਜਸਵੰਤ ਸਿੰਘ ਫੁੱਲ ਨੇ ਤੁਹਾਨੂੰ ‘ਸਿੱਖ ਸਟੂਡੈਂਟਸ ਫੈਡਰੇਸ਼ਨ’ ਨਾਲ ਜੋੜਨ ਲਈ, ਤੁਹਾਡੇ ‘ਕਾਮਰੇਡੀ’ ਵਿਰਾਸਤੀ ਪਿਛੋਕੜ ਨੂੰ ਪ੍ਰਭਾਵਿਤ ਕਰਨ ਲਈ ‘ਸਿੱਖੀ’ ਨੂੰ ‘ਮਾਰਕਸਵਾਦ’ ਦਾ ਹੀ ਦੂਜਾ ਰੂਪ ਕਿਹਾ ਸੀ। ਤੁਹਾਡੇ ‘ਸਿੱਖੀ’ ਤੇ ‘ਕਾਮਰੇਡੀ’ ਬਾਰੇ ‘ਨੇੜਲੀ’ ਜਾਂ ‘ਵਿੱਥ ਵਾਲੀ’ ਸਾਂਝ-ਅਸਾਂਝ ਬਾਰੇ ਕੀ ਵਿਚਾਰ ਹਨ?
ਸ. ਸਿੱਖੀ ਤੇ ਕਾਮਰੇਡੀ ਬਾਰੇ ਮੇਰੇ ਵਿਚਾਰ ਜਥੇਦਾਰ ਗੁਰਚਰਨ ਸਿੰਘ ਟੌਹੜੇ ਵਰਗੇ ਹਨ। ਕੁਝ ਸਾਲ ਪਹਿਲਾਂ ਪੰਜਾਬੀ ਭਵਨ ਵਿਚ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦਿੱਤੇ ਜਾ ਰਹੇ ਸਨ। ਕਾਮਰੇਡ ਜਗਜੀਤ ਸਿੰਘ ਅਨੰਦ ਤੇ ਮੇਰੇ ਸਮੇਤ ਛੇ ਸੱਤ ਲੇਖਕਾਂ ਨੂੰ ਪੁਰਸਕਾਰ ਮਿਲਣੇ ਸਨ। ਪੁਰਸਕਾਰ ਲੈ ਕੇ ਹਰ ਲੇਖਕ ਕੁਝ ਨਾ ਕੁਝ ਬੋਲਦਾ ਜਾਂਦਾ ਸੀ। ਜਗਜੀਤ ਸਿੰਘ ਅਨੰਦ ਕਾਮਰੇਡੀ ਲਹਿਜੇ ਵਿਚ ਬੋਲਿਆ। ਪ੍ਰਧਾਨਗੀ ਕਰ ਰਿਹਾ ਜਥੇਦਾਰ ਟੌਹੜਾ ਬੋਲਣ ਲੱਗਾ ਤਾਂ ਉਹਨੇ ਕਿਹਾ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਫਿਰ ਜਗਜੀਤ ਸਿੰਘ ਅਨੰਦ ਵੱਲ ਮੂੰਹ ਭੰਵਾ ਕੇ ਕਹਿਣ ਲੱਗਾ, “ਬੱਸ ਤੁਹਾਡੇ ਤੇ ਸਾਡੇ ‘ਚ ਐਨਾ ਈ ਫਰਕ ਐ, ਹੋਰ ਕੋਈ ਫਰਕ ਨੀ!”
ਅਸਲੀ ਸਿੱਖੀ ਤੇ ਅਸਲੀ ਮਾਰਕਸਵਾਦ ਵਿਚ ਵੀ ਬੱਸ ਐਨਾ ਈ ਫਰਕ ਐ! ਬੜੀ ਨੇੜਲੀ ਸਾਂਝ ਐ ਇਨ੍ਹਾਂ ਵਿਚ ਪਰ ਕੱਟੜਵਾਦ ਨੇ ਬੜੀ ਵਿੱਥ ਪਾ ਰੱਖੀ ਐ। ਜਿਹੜੇ ਮਾਰਕਸਵਾਦ ਨੂੰ ਵੀ ਧਰਮ ਵਾਂਗ ਅਪਨਾਉਂਦੇ ਨੇ ਓਹੀ ਸਿੱਖੀ ਤੋਂ ਦੂਰ ਭੱਜਦੇ ਨੇ। ਮੇਰੀ ਪ੍ਰੋ. ਕਿਸ਼ਨ ਸਿੰਘ ਨਾਲ ਬੜੀ ਸੰਗਤ ਰਹੀ ਐ। ਦਿੱਲੀ ਰਹਿੰਦਿਆਂ ਉਨ੍ਹਾਂ ਨੂੰ ਅਕਸਰ ਮਿਲਦਾ ਰਹਿੰਦਾ ਸਾਂ। ਮੈਂ ਉਨ੍ਹਾਂ ਨੂੰ ਗੁਰੂ ਧਾਰਿਆ ਹੋਇਆ ਸੀ। ਮੈਂ ਢੁੱਡੀਕੇ ਆਇਆ ਤਾਂ ਉਨ੍ਹਾਂ ਦੀ ਬਰੀਕ ਲਿਖਾਈ ਦੇ ਪੋਸਟ ਕਾਰਡ ਆਉਂਦੇ। ਮੈਂ ਤੀਹ ਪੈਂਤੀ ਕਾਰਡ ਸੰਭਾਲੀ ਰੱਖੇ ਫਿਰ ਉਹ ਗੁਆ ਬੈਠਾ। ਗੁਆਈਆਂ ਮੈਂ ਆਪਣੀਆਂ ਕਹਾਣੀਆਂ ਵੀ ਹਨ। ਮੈਨੂੰ ਅਫਸੋਸ ਐ ਕਿ ਮੈਂ ਪ੍ਰੋ. ਕਿਸ਼ਨ ਸਿੰਘ ਦੀਆਂ ਹੱਥ ਲਿਖਤਾਂ ਨਹੀਂ ਸੰਭਾਲ ਸਕਿਆ। ਪ੍ਰੋ. ਸਾਹਿਬ ਦੀ ਪਹਿਲੀ ਪੁਸਤਕ ਮੈਂ ਹੀ ਲਾਹੌਰ ਬੁੱਕ ਸ਼ਾਪ ਤੋ ਪ੍ਰਕਾਸ਼ਤ ਕਰਵਾਈ ਸੀ। ਫਿਰ ਤਾਂ ਚੱਲ ਸੋ ਚੱਲ ਹੋ ਗਈ। ਜੋ ਕੁਝ ਸਿੱਖੀ ਬਾਰੇ ਤੇ ਗੁਰਬਾਣੀ ਬਾਰੇ ਕਿਸ਼ਨ ਸਿੰਘ ਕਹਿੰਦੇ ਰਹੇ ਮੈਂ ਉਸੇ ਦਾ ਮੁਦਾਹ ਹਾਂ। ਪੰਜਾਬ ਵਿਚ ਕਮਿਊਨਿਜ਼ਮ ਸਿੱਖੀ ਦੀ ਭੋਇੰ ਉਤੇ ਈ ਫਲ ਫੁੱਲ ਸਕਦੈ ਬਾਹਰੋਂ ਖੁੱਗ ਕੇ ਲਿਆਂਦੀ ਭੋਇੰ ਉਤੇ ਨਹੀਂ। ਡੂੰਘਾਈ ਵਿਚ ਜਾਈਏ ਤਾਂ ਬੜੀ ਗੂੜ੍ਹੀ ਸਾਂਝ ਐ ਮਾਰਕਸਵਾਦ ਤੇ ਸਿੱਖੀ ਵਿਚਕਾਰ।

ਵ. ‘ਅਜੋਕੀ ਸਿੱਖੀ’ ਤੇ ‘ਗੁਰ-ਸਿੱਖੀ’ ਵਿਚ ਕੀ ਸਾਂਝ ਤੇ ਕੀ ਵਖਰੇਵਾਂ ਮਹਿਸੂਸ ਕਰਦੇ ਹੋ?
ਸ. ਅਜੋਕੀ ਸਿੱਖੀ ‘ਗੁਰ-ਸਿੱਖੀ’ ਦਾ ਕਰਮ ਕਾਂਡ ਬਣੀ ਪਈ ਐ ਜਿਸ ਨੂੰ ਗੁਰਬਾਣੀ ਵਿਚ ਛੋਡੀਲੇ ਪਾਖੰਡਾ ਕਿਹਾ ਗਿਆ ਸੀ। ਅਜੋਕੀ ਸਿੱਖੀ ਵਿਚ ਸਾਰਾ ਜ਼ੋਰ ਵਿਖਾਵੇ ਉਤੇ ਹੈ ਅਮਲਾਂ ਉਤੇ ਨਹੀਂ। ਲੱਖਾਂ ਅਖੰਡ ਪਾਠ ਹੋਈ ਜਾਂਦੇ ਨੇ ਤੇ ਗੁਰਬਾਣੀ ਗਾਇਣ ਦਾ ਕੋਈ ਅੰਤ ਨਹੀਂ। ਪਰ ਗੁਰਬਾਣੀ ਦੇ ਤੱਤ ਬਾਰੇ ਨਾ ਨਿਖੇੜ ਕੇ ਕੁਝ ਦੱਸਿਆ ਜਾ ਰਿਹੈ ਤੇ ਨਾ ਅਮਲ ਹੋ ਰਿਹੈ। ਇਹੋ ਕਰਨ ਐ ਕਿ ਅਜੋਕੀ ਸਿੱਖੀ ‘ਅਸਲੀ ਸਿੱਖੀ’ ਦੇ ਨੇੜ ਤੇੜ ਵੀ ਨਹੀਂ ਰਹੀ। ਚੰਗਾ ਹੋਵੇ ਜੇ ਮਾਰਕਸਵਾਦੀ ਵਿਦਵਾਨ ਸਿੱਖੀ ਤੋ ਕਿਨਾਰਾ ਕਰਨ ਦੀ ਥਾਂ ਸਿੱਖੀ ਦੀ ਸਹੀ ਸ਼ਨਾਖਤ ਕਰਨ ਵਿਚ ਯੋਗਦਾਨ ਪਾਉਣ। ਰਤਾ ਸੋਚੋ ਬੰਦਾ ਬਹਾਦਰ ਤੋਂ ਵੱਡਾ ਕਿਹੜਾ ਕਾਮਰੇਡ ਸੀ ਜੀਹਨੇ ਕੰਮੀਆਂ ਨੂੰ ਜ਼ਮੀਨਾਂ ਬਖਸ਼ੀਆਂ। ਉਹ ਉਸ ਸਮੇਂ ਦਾ ਇਨਕਲਾਬ ਹੀ ਤਾਂ ਸੀ। ਸਿੱਖੀ ਤੇ ਮਾਰਕਸਵਾਦ ਵਿਚ ਜਿੰਨੀ ਵਿੱਥ ਕੱਟੜਪੰਥੀਆਂ ਨੇ ਪਾਈ ਐ ਕੱਟੜ ਕਾਮਰੇਡਾਂ ਨੇ ਵੀ ਘੱਟ ਨਹੀਂ ਕੀਤੀ। ਤਰਨਤਾਰਨ ਦੇ ਤਲਾਅ ਵਿਚ ਝੋਨਾ ਲਾਉਣ ਦੀਆਂ ਗੱਲਾਂ ਕਰਨੀਆਂ ਭਲਾ ਕਿਧਰਲੀ ਕਾਮਰੇਡੀ ਸੀ?

ਵ. ਪਹਿਲਾਂ ਤੁਹਾਡੀਆਂ ਲਿਖਤਾਂ ‘ਤੇ ਤੁਹਾਡਾ ਨਾਂ ‘ਸਰਵਣ ਸਿੰਘ’ ਛਪਦਾ ਸੀ ਪਰ ਪਿੰ੍ਰਸੀਪਲ ਬਣਨ ਤੋਂ ਪਿੱਛੋਂ ਤੁਸੀਂ ਆਪਣਾ ਕਲਮੀ ਨਾਂ ‘ਸਰਵਣ ਸਿੰਘ’ ਤੋਂ ਬਦਲ ਕੇ ‘ਪਿੰ੍ਰ. ਸਰਵਣ ਸਿੰਘ’ ਕਰ ਦਿੱਤਾ। ਤੁਹਾਡੇ ਖਿਆਲ ਵਿਚ ‘ਪਿੰ੍ਰਸੀਪਲ’ ‘ਸਰਵਣ ਸਿੰਘ’ ਨਾਲੋਂ ਵੱਡਾ ਹੈ?
ਸ. ਗੱਲ ਵੱਡੇ ਛੋਟੇ ਦੀ ਨਹੀਂ, ਮੈਂ ਅਸਲੀ ਗੱਲ ਦੱਸਦਾਂ। ਮੇਰੇ ਸਰਟੀਫਿਕੇਟਾਂ ‘ਤੇ ਮੇਰਾ ਨਾਂ ਸਰਵਣ ਸਿੰਘ ਸੰਧੂ ਹੈ। ਮੇਰੀਆਂ ਪਹਿਲੀਆਂ ਕੁਝ ਰਚਨਾਵਾਂ ‘ਤੇ ਇਹੋ ਨਾਂ ਛਪਿਆ। ਦਿੱਲੀ ਪਟੇਲ ਨਗਰ ਵਾਲੇ ਘਰ ਗੁਲਜ਼ਾਰ ਸਿੰਘ ਸੰਧੂ ਕਹਿਣ ਲੱਗਾ, “ਤੂੰ ਨਾਂ ਨਾਲ ਸੰਧੂ ਨਾ ਲਾਇਆ ਕਰ, ਇਓਂ ਆਪਣਾ ਭੁਲੇਖਾ ਪੈ ਜਿਆ ਕਰੂ।” ਨਾਲ ਈ ਉਹਨੇ ਕਿਹਾ, “ਜੇ ਮੇਰਾ ਨਾਂ ਗੁਲਜ਼ਾਰਾ ਹੁੰਦਾ ਤਾਂ ਮੈਂ ਈ ਆਪਣੇ ਨਾਂ ਨਾਲੋਂ ਸੰਧੂ ਹਟਾ ਲੈਂਦਾ। ਤੇਰਾ ਨਾਂ ਪੁਰਾਣਾ ਤੇ ਮੇਰਾ ਨਵਾਂ ਜੋ ਹੋਰ ਲੋਕ ਵੀ ਰੱਖਣਗੇ।” ਮੈਂ ਖੁਸ਼ੀ ਨਾਲ ਸੰਧੂ ਸਰਦਾਰੀ ਗੁਲਜ਼ਾਰ ਸਿੰਘ ਨੂੰ ਛੱਡ ਦਿੱਤੀ। ਮੈਨੂੰ ਨਹੀਂ ਲੱਗਦਾ ਤੁਸੀਂ ਜਾਂ ਸ਼ਮਸ਼ੇਰ ਇਹ ਸਰਦਾਰੀ ਛਡਦੇ। ਨਾਂ ਨਾਲ ਗੋਤ ਲਾਉਣਾ ਛੱਡਣ ਪਿੱਛੇ ਇਕ ਹੋਰ ਕਾਰਨ ਮੇਰਾ ਦਿੱਲੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣ ਜਾਣਾ ਵੀ ਸੀ। ਸਿੱਖੀ ਨਾਵਾਂ ਨਾਲ ਜਾਤ ਗੋਤ ਲਾਉਣ ਦੇ ਵਿਰੁੱਧ ਹੈ।
ਫਿਰ ਮੈਂ ਆਪਣੀਆਂ ਰਚਨਾਵਾਂ ਸਰਵਣ ਸਿੰਘ ਦੇ ਨਾਂ ‘ਤੇ ਛਪਾਉਣ ਲੱਗਾ। ਨਵੇਂ ਜ਼ਮਾਨੇ ਵਿਚ ਕੋਈ ਮੇਰਾ ਸਿਰਨਾਵੀਆਂ ਪੱਤਰਕਾਰ ਸੀ। ਉਹ ਮੇਰੀਆਂ ਰਚਨਾਵਾਂ ਨੂੰ ਆਪਣੀਆਂ ਬਣਾ ਕੇ ਪੇਸ਼ ਕਰਨ ਲੱਗਾ। ‘ਆਰਸੀ’ ਵਿਚ ਛਪਦੀਆਂ ਮੇਰੀਆਂ ਰਚਨਾਵਾਂ ‘ਨਵੇਂ ਜ਼ਮਾਨੇ’ ਵਿਚ ਵੀ ਛਪਣ ਲੱਗੀਆਂ। ਇਕ ਵਾਰ ਖੇਡਾਂ ਬਾਰੇ ਐਡੀਟੋਰੀਅਲ ਹੀ ਸਰਵਣ ਸਿੰਘ ਦੇ ਨਾਂ ਹੇਠ ਛਪ ਗਿਆ ਜੋ ਮੇਰਾ ਨਹੀਂ ਸੀ। ਜਗਜੀਤ ਸਿੰਘ ਅਨੰਦ ਢੁੱਡੀਕੇ ਆਇਆ ਤਾਂ ਮੈਂ ਉਲਾਂਭਾ ਦਿੱਤਾ ਕਿ ਮੇਰੇ ਨਾਂ ‘ਤੇ ਉਹ ਲਿਖਤ ਕਿਓਂ ਛਾਪੀ? ਉਹਨੇ ਭੇਤ ਖੋਲ੍ਹਿਆ ਕਿ ਉਹ ਤਾਂ ਉੁਹਦੇ ਸਟਾਫ ਮੈਂਬਰ ਸਰਵਣ ਸਿੰਘ ਦੀ ਲਿਖਤ ਸੀ। ਉਹਨੇ ਮੈਨੂੰ ਆਖਿਆ ਕਿ ਗੁਰਬਚਨ ਸਿੰਘ, ਪਰਵੀਨ ਕੁਮਾਰ ਤੇ ਮਹਿੰਦਰ ਸਿੰਘ ਵਰਗੇ ਅਥਲੀਟਾਂ ਬਾਰੇ ਲਿਖੇ ਉਹਦੇ ਰੇਖਾ ਚਿੱਤਰ ਜ਼ਰੂਰ ਪੜ੍ਹੀਂ, ਉਹ ਕਮਾਲ ਦੇ ਨੇ!
ਮੈਨੂੰ ਵਿਚਲੀ ਗੱਲ ਦਾ ਪਤਾ ਲੱਗ ਗਿਆ। ਮੈਂ ਸੋਚਣ ਲੱਗਾ ਹੁਣ ਕੀ ਕਰਾਂ? ਨਾਂ ਨਾਲ ਮੁੜ ਕੇ ਸੰਧੂ ਲਾਵਾਂ ਜਾਂ ਕੁਛ ਹੋਰ ਲਾਵਾਂ? ਫਿਰ ਸੋਚਿਆ ਚਲੋ ਹੁਣ ‘ਕੱਲਾ ਸਰਵਣ ਸਿੰਘ ਈ ਚਲਾ ਕੇ ਵਿਖਾਵਾਂਗੇ। ਮੈਂ 1966 ਤੋਂ 96 ਤਕ ਸਰਵਣ ਸਿੰਘ ਨਾਂ ਈ ਚਲਾਇਆ ਤੇ ਇਹ ਚੱਲ ਵੀ ਗਿਆ। 1982 ਵਿਚ ਭਾਰਤ ਸਰਕਾਰ ਨੇ ਮੇਰੀ ਕਿਤਾਬ ‘ਖੇਡ ਜਗਤ ਵਿਚ ਭਾਰਤ’ ਛਾਪੀ ਤਾਂ ਪਬਲੀਕੇਸ਼ਨਜ਼ ਡਿਵੀਜ਼ਨ ਦੇ ਪੰਜਾਬੀ ਐਡੀਟਰ ਨੇ ਆਪਣੇ ਕੋਲੋਂ ਈ ਮੇਰੇ ਨਾਂ ਨਾਲ ਪ੍ਰੋਫ਼ੈਸਰ ਲਾ ਦਿੱਤਾ ਜੋ ਮੈਨੂੰ ਚੰਗਾ ਨਾ ਲੱਗਾ ਕਿਉਂਕਿ ਮੈਂ ਪ੍ਰੋਫ਼ੈਸਰ ਨਹੀਂ ਕੇਵਲ ਲੈਕਚਰਾਰ ਸਾਂ। ਮੈਂ ਆਪ ਆਪਣੇ ਨਾਂ ਨਾਲ ਕਦੇ ਪ੍ਰੋ. ਨਹੀਂ ਛਪਵਾਇਆ। ਜਦੋਂ ਪ੍ਰਿੰਸੀਪਲ ਬਣਿਆ ਤਾਂ ਅਖਬਾਰਾਂ ਰਸਾਲਿਆਂ ਵਾਲੇ ਆਪੇ ਈ ਮੇਰੇ ਨਾਂ ਨਾਲ ਪ੍ਰਿੰ. ਲਾਉਣ ਲੱਗ ਪਏ। ਪ੍ਰਿੰਸੀਪਲ ਤਾਂ ਮੈਂ ਸੀਗਾ ਹੀ ਜਿਸ ਕਰਕੇ ਮੈਂ ਖ਼ੁਦ ਵੀ ਪ੍ਰਿੰ. ਤੇਜਾ ਸਿੰਘ, ਪ੍ਰਿੰ. ਸੇਖੋਂ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਪ੍ਰੀਤਮ ਸਿੰਘ ਤੇ ਹੋਰਨਾਂ ਪ੍ਰਿੰ. ਲੇਖਕਾਂ ਵਾਂਗ ਆਪਣੇ ਨਾਂ ਨਾਲ ਪ੍ਰਿੰ. ਲਾਉਣ ਲੱਗ ਪਿਆ। ਇਹਦਾ ਇਕ ਕਾਰਨ ਇਹ ਵੀ ਹੈ ਕਿ ਸਰਵਣ ਸਿੰਘ ਨਾਂ ਦੇ ਦੋ ਤਿੰਨ ਲੇਖਕ ਹਨ ਤੇ ਮੇਰੀ ਲਿਖਤ ਕਿਸੇ ਨਾਲ ਰਲਗੱਡ ਨਹੀਂ ਹੋ ਸਕਦੀ। ਪ੍ਰਿੰ. ਮੈਂ ਕੋਈ ਵਡਿਆਈ ਲਈ ਨੀ ਲਾਉਂਦਾ ਵੱਖਰੀ ਪਛਾਣ ਲਈ ਲਾਉਨਾਂ। ਪਹਿਲਾਂ ਸੰਧੂ ਛੱਡਿਆ ਸੀ ਫਿਰ ਸਰਵਣ ਸਿੰਘ ਵੀ ਆਪਣੇ ਸਿਰਨਾਵੀਆਂ ਲਈ ਛੱਡ ਦਿੱਤਾ। ਚੰਗਾ ਰਹਿੰਦਾ ਜੇ ਆਤਮਜੀਤ ਜਾਂ ਗੁਰਬਚਨ ਵਾਂਗ ‘ਕੱਲਾ ‘ਸਰਵਣ’ ਨਾਂ ਈ ਵਰਤਦਾ।

ਵ. ਤੁਹਾਡੇ ਕਥਨਾਂ ਤੇ ਲਿਖਤਾਂ ਤੋਂ ਕਈ ਵਾਰ ਝੌਲਾ ਪੈਂਦਾ ਹੈ ਜਿਵੇਂ ਵੱਡਾ ‘ਖੇਡ-ਲੇਖਕ’ ਹੋਣ ਦੇ ਬਾਵਜੂਦ ਤੁਹਾਡੇ ਅੰਦਰ ‘ਸਾਹਿਤਕਾਰ’ ਵਜੋਂ ਮੁਕੰਮਲ ਸ੍ਵੀਕ੍ਰਿਤੀ ਨਾ ਮਿਲਣ ਦਾ ਤੁਹਾਨੂੰ ਝੋਰਾ ਹੈ! ਕੀ ਇਹ ਠੀਕ ਹੈ?
ਸ. ਝੋਰਾ ਤਾਂ ਨਹੀਂ ਪਰ ਸੱਚ ਇਹੋ ਹੈ ਕਿ ਆਲੋਚਕਾਂ ਵੱਲੋਂ ਮੈਨੂੰ ਸਾਹਿਤਕਾਰ ਨਹੀਂ ਸਮਝਿਆ ਜਾ ਰਿਹਾ। ਮੈਂ ਵੀ ਮਸਤ ਆਂ ਇਸ ਲਈ ਝੋਰਾ ਕਾਹਦਾ? ਸਾਹਿਤਕਾਰ ਅਖਵਾ ਕੇ ਮੈਂ ਕੋਈ ਵੱਡਾ ਲੇਖਕ ਨੀ ਬਣ ਜਾਣਾ। ਸੋਹਣ ਸਿੰਘ ਸੀਤਲ ਨੂੰ ਲੋਕ ਢਾਡੀ ਸਮਝਦੇ ਰਹੇ ਪਰ ਉਹਦੀ ਸਾਹਿਤਕਾਰੀ ਗੁੱਝੀ ਨਹੀਂ ਰਹੀ। ਮੈਨੂੰ ਯਕੀਨ ਐਂ ਕਿ ਦੇਰ ਅਵੇਰ ਮੇਰੀ ਵਾਰਤਕ ਨੇ ਮੈਨੂੰ ਸਾਹਿਤਕਾਰ ਸਿੱਧ ਕਰ ਈ ਦੇਣਾ। ਮੇਰੀ ਵਾਰਤਕ ਸ਼ੈਲੀ ਗੁੱਝੀ ਨੀ ਰਹਿਣੀ। ਇਹ ਗੁਰਬਖ਼ਸ਼ ਸਿੰਘ ਤੇ ਗਾਰਗੀ ਵਾਂਗ ਮਿਸਾਲ ਬਣ ਜਾਣੀ ਐਂ। ਮੈਂ ਹੋਰ ਦਸ ਪੰਦਰਾਂ ਸਾਲ ਕਾਇਮ ਰਿਹਾ ਤਾਂ ਕਥਿਤ ‘ਸਾਹਿਤਕਾਰੀ’ ਤੇ ਸਵੀਕ੍ਰਿਤੀ ਵਾਲੇ ਉਲਾਂਭੇ ਵੀ ਲਾਹ ਦਊਂ।

ਵ. ਤੁਹਾਡੀਆਂ ਕੁਝ ਲਿਖਤਾਂ ਵਿਚ ਨਵੇਂ-ਪੁਰਾਣੇ ਖਿਡਾਰੀਆਂ ਜਾਂ ਮੇਲੇ ਕਰਾਉਣ ਵਾਲੇ ਪ੍ਰਬੰਧਕਾਂ ਆਦਿ ਦਾ ਜਿ਼ਕਰ ਕਰਦੇ ਸਮੇਂ ਦਰਜਨਾਂ ਨਾਵਾਂ ਦੀ ਸੂਚੀ ਹੁੰਦੀ ਹੈ। ਅਜਿਹਾ ਕਿਸੇ ਖ਼ਾਸ ਮਸਲਹਤ ਤਹਿਤ ਕਰਦੇ ਹੋ?
ਸ. ਹਾਂ, ਇਹਦਾ ਖ਼ਾਸ ਕਾਰਨ ਹੈ। ਕਿਸੇ ਦਾ ਨਾਂ ਬੋਲਣ ਜਾਂ ਲਿਖਣ ਨਾਲ ਅਗਲੇ ਨੂੰ ਪਛਾਣ ਮਿਲਦੀ ਐ। ਅਗਲਾ ਖੁਸ਼ ਹੁੰਦੈ। ਫਿਰ ਕਿਓਂ ਨਾ ਅਗਲੇ ਨੂੰ ਖ਼ੁਸ਼ ਕਰੀਏ? ਜਿਹੜੇ ਕਹਿੰਦੇ ਨੇ ਕਿ ਨਾਂ ਵਿਚ ਕੁਝ ਨਹੀਂ ਪਿਆ ਉਹ ਉਤੋਂ ਉਤੋਂ ਈ ਕਹਿੰਦੇ ਨੇ ਜਦ ਕਿ ਅੰਦਰੋਂ ਚਾਹੁੰਦੇ ਨੇ ਪਈ ਉਨ੍ਹਾਂ ਦਾ ਵੀ ਨਾਂ ਹੋਵੇ। ਭਾਈ ਵੀਰ ਸਿੰਘ ਦੀ ਕਵਿਤਾ ਹੈ-ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ, ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਇਹਦੇ ‘ਚ ਤਰਲੇ ਛਿਪਣ ਦੇ ਨਹੀਂ ਸਗੋਂ ਉਜਾਗਰ ਹੋਣ ਦੇ ਹਨ। ਇਹ ਕਵਿਤਾ ਲਿਖਣ ਵਾਲਾ ਛਿਪੇ ਛਿਪਾਏ ਨਹੀਂ ਜਾਣਾ ਚਾਹੁੰਦਾ। ਛਿਪਣ ਲਈ ਕਵਿਤਾ ਲਿਖਣ ਦੀ ਲੋੜ ਨਹੀਂ ਸੀ। ਚੁੱਪ ਕੀਤਾ ਚਲਾ ਜਾਂਦਾ। ਮੈਂ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਦਾ ਨਾਂ ਖ਼ਾਸ ਮਸਲਹਤ ਤਹਿਤ ਈ ਲਿਖਦਾਂ। ਜੇ ਮੇਰੀਆਂ ਕਿਤਾਬਾਂ ਵਿਚ ਖਿਡਾਰੀਆਂ ਤੇ ਹੋਰਨਾਂ ਦੇ ਨਾਂ ਛਪਦੇ ਹਨ ਤਾਂ ਉਹ ਆਪਣਾ ਨਾਂ ਛਪਿਆ ਵੇਖਣ ਲਈ ਵੀ ਕਿਤਾਬਾਂ ਪੜ੍ਹਦੇ ਹਨ।

ਵ. ਤੁਹਾਨੂੰ ਮੁੱਢ ਤੋਂ ਹੀ ਆਪਣੀਆਂ ਲਿਖਤਾਂ ਛਪਵਾਉਣ ਲਈ ਕੋਈ ਦਿੱਕਤ ਨਹੀਂ ਆਈ। ਕੀ ਸਮਝਦੇ ਹੋ ਕਿ ਪ੍ਰਕਾਸ਼ਕਾਂ ਨੇ ਤੁਹਾਡੀ ਲਿਖਤ ਦਾ ‘ਬਣਦਾ ਮੁੱਲ’ ਪਾ ਕੇ ਤੁਹਾਨੂੰ ਹਮੇਸ਼ਾ ‘ਬਣਦੀ ਰਾਇਲਟੀ’ ਦਿੱਤੀ ਹੈ?
ਸ. ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ 1978 ਵਿਚ ਨਵਯੁਗ ਪਬਲਿਸ਼ਰਜ਼ ਨੇ ਛਾਪੀ ਸੀ ਜਿਸ ਦੀ ਰਾਇਲਟੀ ਉਸ ਸਮੇਂ ਇਕ ਹਜ਼ਾਰ ਰੁਪਏ ਮਿਲੀ ਸੀ। ਭਾਰਤ ਸਰਕਾਰ ਵੱਲੋਂ ਪ੍ਰਕਾਸ਼ਤ ‘ਖੇਡ ਜਗਤ ਵਿਚ ਭਾਰਤ’ ਬਾਰੇ ਮੈਨੂੰ ਪੁੱਛਿਆ ਗਿਆ ਸੀ ਕਿ ਉੱਕਾ ਪੁੱਕਾ ਲੈਣੇ ਨੇ ਜਾਂ ਕਿਤਾਬਾਂ ਦੀ ਵਿਕਰੀ ‘ਤੇ ਪੰਦਰਾਂ ਫੀਸਦੀ ਰਾਇਲਟੀ ਲੈਣੀ ਐਂ? ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਇਹ ਕਿਤਾਬ ਸਕੂਲਾਂ ‘ਚ ਪਾਠ ਪੁਸਤਕ ਲੱਗ ਸਕਦੀ ਐ ਜੋ ਵੱਧ ਵਿਕੇਗੀ। ਰਾਇਲਟੀ ਲੈਣ ‘ਚ ਫਾ਼ਇਦਾ। ਮੈਂ ਰਾਇਲਟੀ ਨੂੰ ਉੱਛਲ ਦੇ ਦਿੱਤੀ ਜੋ ਮਸਾਂ ਕੁਝ ਸੌ ਰੁਪਏ ਹੀ ਮਿਲੀ ਜਿਸ ਨਾਲ ਮੈਂ ਘਾਟੇ ‘ਚ ਰਿਹਾ। ਕਿਤਾਬ ਵੇਚਣ ਦਾ ਕਿਸੇ ਨੇ ਤਰੱਦਦ ਨਹੀਂ ਕੀਤਾ। ਪਈ ਪਈ ਸਿਓਂਕ ਨੇ ਖਾ ਲਈ! ਪੰਜਾਬੀ ਯੂਨੀਵਰਸਿਟੀ ਨੇ ਮੇਰੀਆਂ ਕਿਤਾਬਾਂ ਦੇ ਪ੍ਰਤੀ ਹਜ਼ਾਰ ਸ਼ਬਦਾਂ ਮੁਤਾਬਿਕ ਪੈਸੇ ਦਿਤੇ। ਲਾਹੌਰ ਬੁੱਕ ਸ਼ਾਪ ਨੇ ਮੇਰੀਆਂ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਿਨ੍ਹਾਂ ਦੇ ਪੈਸੇ ਵੀ ਦਿਤੇ ਤੇ ਕਿਤਾਬਾਂ ਵੀ ਦਿੱਤੀਆਂ। ਚੇਤਨਾ ਪ੍ਰਕਾਸ਼ਨ ਨੇ ਚਾਰ ਕਿਤਾਬਾਂ ਛਾਪੀਆਂ ਜਿਨ੍ਹਾਂ ਦੀ ਰਾਇਲਟੀ ਬਦਲੇ ਹਜ਼ਾਰ ਦੇ ਕਰੀਬ ਕਿਤਾਬਾਂ ਲਈਆਂ ਤੇ ਖੇਡ ਮੇਲਿਆਂ ਵਿਚ ਵਿਕਵਾ ਦਿੱਤੀਆਂ। ਚੇਤਨਾ ਪ੍ਰਕਾਸ਼ਨ ਤੋਂ ਰਾਇਲਟੀ ਦੇ ਪੈਸੇ ਲੈਣ ਦੀ ਥਾਂ ਕਿਤਾਬਾਂ ਈ ਲੈਂਦਾ ਰਿਹਾ। ਵਾਧੂ ਕਿਤਾਬਾਂ ਦੇ ਪੈਸੇ ਦਿੰਦਾ ਵੀ ਰਿਹਾ। ਲੋਕ ਗੀਤ ਪ੍ਰਕਾਸ਼ਨ ਨੇ ਰੰਗੀਨ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਛਾਪੀ ਜੋ ਉਨ੍ਹਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਨੂੰ ਦੋ ਲੱਖ ‘ਚ ਪਈ। ਮੈਂ ਪੈਂਠ ਹਜ਼ਾਰ ਦੇ ਕੇ ਢਾਈ ਸੌ ਕਿਤਾਬਾਂ ਚੁੱਕ ਲਈਆਂ ਜੋ ਦੋਸਤਾਂ ਮਿੱਤਰਾਂ ਨੂੰ ਵੰਡਣ ਤੇ ਖੇਡ ਮੇਲਿਆਂ ਵਿਚ ਵੇਚਣ ਦੇ ਕੰਮ ਆਈਆਂ। ਨੈਸ਼ਨਲ ਬੁੱਕ ਟ੍ਰੱਸਟ ਮੇਰੀ ਕਿਤਾਬ ‘ਪੰਜਾਬ ਦੇ ਚੋਣਵੇਂ ਖਿਡਾਰੀ’ ਦੀ ਵਿਕਰੀ ਦੇ ਚੈੱਕ ਭੇਜਦਾ ਰਹਿੰਦੈ ਤੇ ਚੇਤੇ ਕਰਾਉਂਦਾ ਰਹਿੰਦੈ ਕਿ ਇਹਦਾ ਇਨਕਮ ਟੈਕਸ ਦੇਣਾ ਨਾ ਭੁੱਲਾਂ ਜੋ ਕਦੇ ਵੀ ਦੇਣ ਜੋਗਾ ਨੀ ਹੋਇਆ! ਗੰਜੀ ਕੀ ਨ੍ਹਾਊ ਤੇ ਕੀ ਨਚੋੜੂ? ਹੁਣ ਸੰਗਮ ਪਬਲੀਕੇਸ਼ਨਜ਼ ਸਮਾਣਾ ਵਾਲੇ ਦਸਖ਼ਤ ਕਰਾ ਕੇ ਲੈ ਗਏ ਨੇ ਤੇ ਕਹਿੰਦੇ ਨੇ ਕਿ ਕਿਤਾਬਾਂ ਛਾਪਣ ਬਦਲੇ ਰਾਇਲਟੀ ਦੇਵਾਂਗੇ। ਜਦੋਂ ਦੇਣਗੇ ਦੱਸ ਦਿਆਂਗਾ ਕਿ ਕਿੰਨੀ ਦਿੱਤੀ? ਇਹ ਤਾਂ ਪ੍ਰਕਾਸ਼ਕ ਈ ਜਾਣਨ ਕਿ ਉਹ ਘਾਟੇ ‘ਚ ਹਨ ਜਾਂ ਮੈਂ ਘਾਟੇ ‘ਚ ਆਂ? ਮੈਂ ਏਸੇ ਗੱਲੋਂ ਸੰਤੁਸ਼ਟ ਆਂ ਕਿ ਪ੍ਰਕਾਸ਼ਕ ਕਿਤਾਬਾਂ ਛਾਪੀ ਜਾਂਦੇ ਨੇ ਤੇ ਮੈਂ ਜਿੰਨੀਆਂ ਚਾਹਾਂ ਚੁੱਕੀ ਜਾਨਾਂ। ਨਾ ਉਹਨਾਂ ਨੂੰ ਪੈਸੇ ਦੇਣ ਦੀ ਲੋੜ ਨਾ ਮੈਨੂੰ!

ਵ. ਪਿਛਲੇ ਸਾਲਾਂ ਤੋਂ ਤੁਸੀਂ ਹਰੇਕ ਸਾਲ ਇਕ ਪੁਸਤਕ ਲਿਖਣ ਤੇ ਛਾਪਣ ਦਾ ਸਿਲਸਿਲਾ ਚਲਾ ਰਹੇ ਓ ਕੀ ਕਦੀ ਮਹਿਸੂਸ ਨਹੀਂ ਹੁੰਦਾ ਕਿ ‘ਗਿਣਤੀ’ ਦਾ ਲਾਲਚ ਲਿਖਤ ਦੀ ‘ਗੁਣਵੱਤਾ’ ‘ਤੇ ਅਸਰ-ਅੰਦਾਜ਼ ਹੁੰਦਾ ਹੈ?
ਸ. ਮੈਨੂੰ ਗਿਣਤੀ ਦਾ ਲਾਲਚ ਤਾਂ ਕੋਈ ਨਹੀਂ। ਪ੍ਰਿੰਸੀਪਲੀ ਦੇ ਚਾਰ ਪੰਜ ਵਰ੍ਹਿਆਂ ਦੌਰਾਨ ਮੈਂ ਇਕ ਵੀ ਕਿਤਾਬ ਨਹੀਂ ਸੀ ਲਿਖ ਸਕਿਆ। ਰਿਟਾਇਰ ਹੋਣ ਪਿੱਛੋਂ ਮੈਂ ਬਿਲਕੁਲ ਵਿਹਲਾ ਹਾਂ। ਮੈਂ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦਾ ਹੋਣ ਕਾਰਨ ਮੇਰੇ ਕੋਲ ਮੈਟਰ ਈ ਏਨਾ ਹੋ ਜਾਂਦੈ ਕਿ ਕਿਤਾਬ ਬਿਨਾਂ ਕਿਸੇ ਤਰੱਦਦ ਦੇ ਸਹਿਵਨ ਛਪ ਜਾਂਦੀ ਐ। ਲਗਾਤਾਰ ਲਿਖਣ ਵਾਲੇ ਦੀ ਗੁਣਵੱਤਾ ਪਾਠਕ ਲਗਾਤਾਰ ਪਰਖਦੇ ਰਹਿੰਦੇ ਨੇ ਜਿਸ ਕਰ ਕੇ ਉਨ੍ਹਾਂ ਨੂੰ ਦੁਹਰਾਈ ਰੜਕਣ ਲੱਗ ਪੈਂਦੀ ਐ। ਉਂਜ ਮਾੜੀ ਮੋਟੀ ਦੁਹਰਾਈ ਤਾਂ ਹਰ ਲੇਖਕ ਈ ਕਰ ਰਿਹਾ ਹੁੰਦੈ। ਵਧੇਰੇ ਵਕਫ਼ੇ ਨਾਲ ਕਿਤਾਬ ਛਪਾਉਣ ਵਾਲੇ ਦੀ ਰਚਨਾ ‘ਨਵੀਂ’ ਲੱਗਦੀ ਐ ਜਦ ਕਿ ਹਰ ਵਰ੍ਹੇ ਛਪਾਉਣ ਵਾਲਿਆਂ ਦੀ ‘ਉਹੀ’ ਲੱਗਦੀ ਹੈ। ਐਨ ਉਵੇਂ ਜਿਵੇਂ ਕਦੇ ਕਦਾਈਂ ਮਿਲਣ ਵਾਲੀ ਦਾਰੂ ਵੱਧ ਚੜ੍ਹਦੀ ਐ ਜਦ ਕਿ ਨਿੱਤ ਮਿਲਣ ਵਾਲੀ ਓਹੀ ਦਾਰੂ ਚਾਹ ਲੱਗਣ ਲੱਗ ਪੈਂਦੀ ਐ! ਮੇਰੀ ਸਮਝ ਅਨੁਸਾਰ ਗੁਣਵੱਤਾ ਵਧੇਰੇ ਜਾਂ ਘੱਟ ਲਿਖਣ ਨਾਲ ਅਸਰ-ਅੰਦਾਜ਼ ਨਹੀਂ ਹੁੰਦੀ। ‘ਐਵੇਂ ਈਂ’ ਲਿਖੀ ਜਾਣ ਨਾਲ ਅਸਰ-ਅੰਦਾਜ਼ ਹੁੰਦੀ ਐ। ਬਥੇਰੇ ਲੇਖਕ ਹਨ ਜਿਨ੍ਹਾਂ ਨੇ ਬਥੇਰਾ ਲਿਖਿਆ ਤੇ ਚੰਗਾ ਲਿਖਿਆ। ਲਗਾਤਾਰ ਲਿਖਣ ਤੇ ਛਪਣ ਨੇ ਮੈਨੂੰ ਆਹਰੇ ਲਾਇਆ ਹੋਇਐ। ਜਿਹੜਾ ਆਹਰੇ ਲੱਗਾ ਰਹੇ ਉਹ ਵਧੇਰੇ ਜਿਊਂਦੈ। ‘ਗੁਣਵੱਤਾ’ ਦੀ ਉਡੀਕ ‘ਚ ਮੈਂ ਵਿਹਲਾ ਬਹਿ ਰਹਿਣਾ ਤੇ ਛੇਤੀ ਮਰ ਜਾਣਾ ਨੀ ਚਾਹੁੰਦਾ।

ਵ. ਵਾਰਸ ਦਾ ਕਥਨ ਹੈ, “ਭਾਈ ਢਾਹੁੰਦੇ, ਭਾਈ ਉਸਾਰਦੇ ਨੇ।” ਤੁਸੀਂ ਪੰਜ ਭਰਾ ਹੋ। ਤੁਹਾਡੀਆਂ ਲਿਖਤਾਂ ਵਿਚ ਭਾਈਆਂ ਦੇ ਇਕ ਦੂਜੇ ਨੂੰ ‘ਉਸਾਰਨ’ ਦਾ ਜਿ਼ਕਰ ਤਾਂ ਅਕਸਰ ਮਿਲਦਾ ਹੈ, ਕੀ ਕਦੀ ‘ਢਾਹੁਣ’ ਦੀ ਹਕੀਕਤ ਨਾਲ ਵੀ ਰੂਬਰੂ ਹੋਣਾ ਪਿਆ ਹੈ?
ਸ. ਅਸੀਂ ਪੰਜੇ ਭਰਾ ਹੱਥ ਦੀਆਂ ਪੰਜੇ ਉਂਗਲਾਂ ਵਾਂਗ ਹਾਂ। ਅਸੀਂ ‘ਕੱਠੇ ਰਹੇ ਤੇ ਪਿਉ ਦੇ ਦਸ ਬਾਰਾਂ ਕਿੱਲਿਆਂ ਤੋਂ ਵਧਾ ਕੇ ਸੌ ਕਿੱਲੇ ਬਣਾਏ। ਕੰਗਾਲੀ ਤੋਂ ਖੁਸ਼ਹਾਲੀ ਵੱਲ ਵਧਣ ‘ਚ ਹਰ ਇਕ ਦਾ ਯੋਗਦਾਨ ਐ। ਕਿਸੇ ਦਾ ਉੱਨੀ ਕਿਸੇ ਦਾ ਇੱਕੀ। ਵੱਡਾ ਭਾਈ ਕਦੇ ਕਦੇ ਚਿਤਾਰ ਦਿੰਦੈ ਕਿ ਮੈਂ ਸਭ ਤੋਂ ਵੱਧ ਕੰਮ ਕੀਤੈ। ਫਿਰ ਆਪ ਈ ਚੁੱਪ ਕਰ ਜਾਂਦੈ ਕਿਉਂਕਿ ਉਹ ਕਿਸੇ ਨਾਲੋਂ ਘੱਟ ਨਹੀਂ। ਅਜੇ ਤਕ ਕਿਸੇ ਭਰਾ ਨੇ ਕਿਸੇ ਭਰਾ ਨੂੰ ਢਾਹ ਨਹੀਂ ਲਾਈ ਤੇ ਲੱਗਦੈ ਲਾਉਣਗੇ ਵੀ ਨਹੀਂ। ਸਾਡੀ ਜ਼ਮੀਨ ਅਜੇ ਵੀ ‘ਕੱਠੀ ਐ ਜਦ ਕਿ ਘਰ ਵੰਡ ਲਏ ਨੇ। ਪਿੰਡ ਰਹਿੰਦੇ ਭਰਾ ਨੂੰ ਕਾਰ-ਮੁਖਤਿਆਰੀ ਸੰਭਾਲੀ ਹੋਈ ਐ। ਦੋ ਭਰਾ ਅਮਰੀਕਾ ਦੇ ਵਸਨੀਕ ਨੇ। ਇਮੀਗਰਾਂਟ ਤਾਂ ਚਾਰੇ ਹੀ ਬਣ ਗਏ ਸਨ ਪਰ ਦੋ ਵਾਪਸ ਆ ਗਏ ਨੇ। ਛੋਟਾ ਭਰਾ ਵਾਹੀ ਛੱਡ ਕੇ ਆੜ੍ਹਤ ਕਰਨ ਲੱਗ ਪਿਐ ਤੇ ਵੱਡਾ ਦਿਆਲਪੁਰੇ ਦੀ ਜ਼ਮੀਨ ‘ਤੇ ਵਾਹੀ ਕਰਦੈ।

ਜਿਵੇਂ ਆਮ ਭਰਾਵਾਂ ਵਿਚ ਜ਼ਮੀਨ ਤੇ ਘਰਾਂ ਦੀ ਵੰਡ ਵੰਡਾਈ ਦੇ ਰੌਲੇ ਪੈਂਦੇ ਨੇ ਅਸੀਂ ਬਚੇ ਹੋਏ ਆਂ। ਇਹਦੇ ਵਿਚ ਸਾਡੇ ਘਰਾਂ ਵਾਲੀਆਂ ਦਾ ਵੀ ਸਹਿਯੋਗ ਐ। ਅਸੀਂ ਤਾਂ ਇਕ ਪੇਟੋਂ ਜੰਮੇ ਆਂ ਪਰ ਉਹ ਵੱਖੋ ਵੱਖਰੇ ਘਰਾਂ ‘ਚੋਂ ਆ ਕੇ ਵੀ ਟੱਬਰ ਦੇ ਏਕੇ ‘ਚ ਰਚ ਮਿਚ ਗਈਆਂ। ਪਿੰਡ ਦੇ ਬੰਦੇ ਅਕਸਰ ਸਾਡੇ ‘ਥਪਾਕ’ ਦੀ ਮਿਸਾਲ ਦਿੰਦੇ ਨੇ। ਸ਼ੁਕਰ ਐ ਕਿ ਕਲਯੁਗ ਦੇ ਜ਼ਮਾਨੇ ਵਿਚ ਸਾਡੇ ‘ਚੋਂ ਕਿਸੇ ਦੇ ਮਨ ‘ਚ ਦੂਜੇ ਦਾ ਹੱਕ ਮਾਰਨ ਦਾ ਲਾਲਚ ਨੀ ਆਇਆ। ਜਦੋਂ ਕਿਤੇ ‘ਕੱਠੇ ਹੁੰਨੇ ਆਂ ਤਾਂ ‘ਕੱਠੇ ਪੀ ਖਾ ਲੈਨੇ ਆਂ। ਪੀਂਦੇ ਖਾਂਦੇ ਬਹਿਸ ਪਈਏ ਤਾਂ ਸਵੇਰੇ ਫਿਰ ‘ਕੱਠੇ ਹੁੰਨੇ ਆਂ। ਸਾਡੀ ਤਕਰਾਰ ਹਾਲੇ ਵੀ ਬੱਚਿਆਂ ਵਰਗੀ ਐ।

ਵ. ਢੁੱਡੀਕੇ ਕਾਲਜ ਦੇ ‘ਸਰਕਾਰੀ’ ਹੋ ਜਾਣ ਪਿੱਛੋਂ ਆਮ ਸਰਕਾਰੀ ਕਾਲਜਾਂ ਵਾਂਗ ਉਸ ਕਾਲਜ ਵਿਚ ਵੀ ਅਧਿਆਪਕ ਵਜੋਂ ਅਧਿਆਪਕੀ ਪ੍ਰਤੀਬੱਧਤਾ ਨਿਭਾਉਣ ਦੀ ਕੋਈ ਵਿਸ਼ੇਸ਼ ਕੋਸਿ਼ਸ਼ ਕੀਤੀ ਜਾਂ ਤੁਸੀਂ ਵੀ ਆਮ ਅਧਿਆਪਕਾਂ ਵਾਂਗ ਹੀ ‘ਡੰਗ-ਟਪਾਊ’ ਪ੍ਰੋਫ਼ੈਸਰ ਬਣਨਾ ਪ੍ਰਵਾਨ ਕਰ ਲਿਆ?
ਸ. ਮੈਂ ਦਿੱਲੀ ਦਾ ਕਾਲਜ ਛੱਡ ਕੇ ਢੁੱਡੀਕੇ ਦੇ ਕਾਲਜ ਵਿਚ ਅਧਿਆਪਕੀ ਪ੍ਰਤੀਬੱਧਤਾ ਨਾਲ ਈ ਆਇਆ ਸਾਂ। ਕਾਲਜ ਦੇ ਸਰਕਾਰੀ ਹੋ ਜਾਣ ਨਾਲ ਬਹੁਤੇ ਅਧਿਆਪਕ ਪੇਂਡੂ ਕਾਲਜ ਤੋਂ ਬਦਲੀ ਕਰਵਾ ਕੇ ਸ਼ਹਿਰੀ ਕਾਲਜਾਂ ਵਿਚ ਚਲੇ ਗਏ। ਜਾ ਤਾਂ ਮੈਂ ਵੀ ਸਕਦਾ ਸੀ ਪਰ ਇਹ ਮੇਰੀ ਅਧਿਆਪਕੀ ਪ੍ਰਤੀਬੱਧਤਾ ਹੀ ਸੀ ਜਿਸ ਨੇ ਮੈਨੂੰ ਢੁੱਡੀਕੇ ਨਹੀਂ ਛੱਡਣ ਦਿੱਤਾ। ਕਾਲਜ ਦੇ ਸਰਕਾਰੀ ਹੋਣ ਨਾਲ ਸਟਾਫ ਘਟਦਾ ਗਿਆ ਤੇ ਕਾਲਜ ਦੀ ਹਾਲਤ ਪੰਜਾਬ ਰੋਡਵੇਜ਼ ਵਰਗੀ ਬਣਦੀ ਗਈ। ਪੱਕੇ ਲੈਕਚਰਾਰ ਉਂਗਲਾਂ ‘ਤੇ ਗਿਣਨ ਜੋਗੇ ਰਹਿ ਗਏ। ਪਿੰ੍ਰਸੀਪਲ ਵੀ ਡੰਗ ਟਪਾਊ ਆਉਂਦੇ ਗਏ। ਅਸੀਂ ਦੋ ਤਿੰਨ ਜਣਿਆਂ ਨੇ ਅਧਿਆਪਕੀ ਪ੍ਰਤੀਬੱਧਤਾ ਨਿਭਾਉਣ ਦੀ ਕੋਸਿ਼ਸ਼ ਤਾਂ ਕੀਤੀ ਪਰ ਕਾਲਜ ਦਾ ਸਰਕਾਰੀ ਮਹੌਲ ਹੀ ਅਜਿਹਾ ਰਿਹਾ ਕਿ ਅਸੀਂ ਖ਼ਾਸ ਸੁਧਾਰ ਨਹੀਂ ਕਰ ਸਕੇ। ਅੱਧੇ ਪੀਰੀਅਡ ਖਾਲੀ ਰਹਿਣ ਨਾਲ ਅੱਧੇ ਵਿਦਿਆਰਥੀ ਆਉਂਦੇ ਤੇ ਅੱਧੇ ਪੀਰੀਅਡ ਲਾ ਕੇ ਮੁੜ ਜਾਂਦੇ। ਮੈਨੂੰ ਇਹ ਦੱਸਣ ਵਿਚ ਕੋਈ ਝਿਜਕ ਨਹੀਂ ਕਿ ਉਸ ਮਹੌਲ ਵਿਚ ਮੈਂ ਵੀ ਡੰਗ ਟਪਾਊ ਹੀ ਬਣ ਕੇ ਰਹਿ ਗਿਆ। ਝੋਰਾ ਮੈਨੂੰ ਸਾਹਿਤਕਾਰ ਨਾ ਸਮਝੇ ਜਾਣ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ਮੈਂ ਢੁੱਡੀਕੇ ਦੇ ਕਾਲਜ ਵਿਚ ਉਹ ਕੁਝ ਨਹੀਂ ਕਰ ਸਕਿਆ ਜੋ ਕੁਝ ਕਰਨ ਦੀ ਮੇਰੀ ਯੋਗਤਾ ਸੀ। ਮੇਰੀ ਯੋਗਤਾ ਦਾ ਵੱਧ ਫ਼ਾਇਦਾ ਅਮਰਦੀਪ ਕਾਲਜ ਨੇ ਉਠਾਇਆ ਜਿਥੇ ਮੇਰੀ ਪ੍ਰਿੰਸੀਪਲੀ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਤਿੰਨ ਸੌ ਤੋਂ ਗਿਆਰਾਂ ਸੌ ਹੋ ਗਈ।

ਵ. ਆਪਣੀਆਂ ਲਿਖਤਾਂ ਨਾਲ ਸੰਬੰਧਤ ‘ਆਲੋਚਕਾਂ’ ਤੋਂ ਕਿੰਨੇ ਕੁ ਸੰਤੁਸ਼ਟ ਜਾਂ ਅੰਸਤੁਸ਼ਟ ਹੋ?
ਸ. ਸੱਚ ਪੁੱਛੋ ਤਾਂ ‘ਆਲੋਚਕਾਂ’ ਨੇ ਮੇਰੀਆਂ ਲਿਖਤਾਂ ਦਾ ਕੋਈ ਖ਼ਾਸ ਨੋਟਿਸ ਨੀ ਲਿਆ ਹਾਲਾਂਕਿ ਡਾ. ਹਰਿਭਜਨ ਸਿੰਘ ਨੇ ਮੇਰੀ ਪੁਸਤਕ ‘ਖੇਡ ਸੰਸਾਰ’ ਬਾਰੇ ਬੜਾ ਸਿਫਤੀ ਲੇਖ ‘ਆਰਸੀ’ ਵਿਚ ਛਪਵਾਇਆ ਸੀ। ਉਸ ਨੇ ਲਿਖਿਆ ਸੀ ਕਿ ਜੇ ਤੁਸੀਂ ਕਹਾਣੀ ਨਾਵਲ ਤੋਂ ਅੱਕ ਗਏ ਓਂ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਉਹ ਲੇਖ ਇਸ ਪੁਸਤਕ ਵਿਚ ਵੀ ਹੈ। ਮੈਂ ਹਰ ਹਾਲਤ ਵਿਚ ਸੰਤੁਸ਼ਟ ਰਹਿਣ ਵਾਲਾ ਬੰਦਾ ਹਾਂ ਇਸ ਲਈ ‘ਆਲੋਚਕਾਂ’ ਤੋਂ ਅਸੰਤੁਸ਼ਟ ਕਿਓਂ ਹੋਵਾਂ?

ਵ. ਅੱਜਕੱਲ੍ਹ ਤੁਸੀਂ ਆਪਣੀ ਲਿਖਤ ਸਿੱਧੀ ਕੰਪਿਊਟਰ ‘ਤੇ ਟਾਈਪ ਕਰਦੇ ਹੋ। ਹੱਥ ਨਾਲ ਲਿਖਣ ਦੇ ਲੰਮੇ ਅਭਿਆਸ ਤੋਂ ਬਾਅਦ ਕੰਪਿਊਟਰ ‘ਤੇ ਲਿਖਣ ਨਾਲ ਵਿਚਾਰਾਂ ਦੀ ਰਵਾਨੀ ਵਿਚ ਫਰਕ ਨਹੀਂ ਪੈਂਦਾ? ਕੀ ਕੰਪਿਊਟਰ ‘ਤੇ ਲਿਖਣ ਨਾਲ ਵੀ ਰਚਨਾ ਦੀ ਆਤਮਾ ਦਾ ਉਤਾਰਾ ਓਨਾ ਹੀ ਸਹਿਜ ਹੁੰਦਾ ਹੈ, ਜਿੰਨਾ ਹੱਥ ਨਾਲ ਲਿਖਣ ਸਮੇਂ?
ਸ. ਪਹਿਲਾਂ ਪਹਿਲ ਮੈਨੂੰ ਵੀ ਲੱਗਦਾ ਸੀ ਕਿ ਕੰਪਿਊਟਰ ‘ਤੇ ਸਿੱਧਾ ਹੀ ਕਿਵੇਂ ਲਿਖਿਆ ਜਾ ਸਕਦੈ? ਪਰ ਅਭਿਆਸ ਨਾਲ ਸਭ ਠੀਕ ਹੋ ਗਿਆ। ਕੰਪਿਊਟਰ ‘ਤੇ ਲਿਖਣ ਨਾਲ ਨਾ ਰਵਾਨੀ ‘ਚ ਫਰਕ ਪੈਂਦੈ ਤੇ ਨਾ ਰਚਨਾ ਦੀ ਆਤਮਾ ਦਾ ਸਹਿਜ ਉਤਾਰਾ ਆਉਣ ‘ਚ ਕੋਈ ਰੁਕਾਵਟ ਐ। ਏਨਾ ਫਰਕ ਜ਼ਰੂਰ ਐ ਕਿ ਕਾਗਜ਼ ਉਤੇ ਕਲਮ ਨਾਲ ਮੈਂ ਛੇਤੀ ਲਿਖ ਲੈਨਾਂ ਜਦ ਕਿ ਕੰਪਿਊਟਰ ਉਤੇ ਟਾਈਪ ਬਹੁਤ ਹੌਲੀ ਹੁੰਦੈ। ਕੰਪਿਊਟਰ ਦੀ ਇਹ ਮੌਜ ਐ ਕਿ ਇਸ ਉਤੇ ਹੋਈ ਕੱਟ-ਵੱਢ ਨਹੀਂ ਦਿਸਦੀ। ਕਾਗਜ਼ ਉਤੇ ਹੋਈ ਕੱਟ-ਵੱਢ ਬੁਰੀ ਲੱਗਦੀ ਐ। ਕਾਗਜ਼ ਉਤੇ ਘੰਟੇ ‘ਚ ਮੈਂ ਸੱਤ ਅੱਠ ਸੌ ਲਫ਼ਜ਼ ਲਿਖ ਲੈਂਦਾ ਸੀ ਪਰ ਕੰਪਿਊਟਰ ਉਤੇ ਚਾਰ ਪੰਜ ਸੌ ਈ ਟਾਈਪ ਕੀਤਾ ਜਾਂਦੈ। ਮੇਰੇ ਅੰਦਰਲਾ ਆਲੋਚਕ ਮੈਨੂੰ ਤੇਜ਼ ਲਿਖਣ ਈ ਨਹੀਂ ਦਿੰਦਾ!

ਵ. ਪਿਛਲੇ ਕਈ ਸਾਲਾਂ ਤੋਂ ‘ਵਿਸ਼ਵ ਪੰਜਾਬੀ ਕਾਨਫਰੰਸਾਂ’ ਹੋ ਰਹੀਆਂ ਹਨ। ਤੁਸੀਂ ਵੀ ਕਈਆਂ ਵਿਚ ਸ਼ਾਮਲ ਹੋਏ ਹੋ। ਵੱਖ-ਵੱਖ ਸਮੇਂ ਤੇ ਵੱਖ-ਵੱਖ ਦੇਸ਼ਾਂ ਵਿਚ ਕਾਨਫਰੰਸਾਂ ਕਰਵਾਉਣ ਵਾਲੇ ਪ੍ਰਬੰਧਕ ਬਣਦੇ ਰਹਿੰਦੇ ਹਨ ਪਰ ਇਨ੍ਹਾਂ ਕਾਨਫਰੰਸਾਂ ਨੂੰ ‘ਕਾਮਯਾਬ’ ਕਰਵਾਉਣ ਵਾਲੀ ਭਾਰਤ ਤੋਂ ਜਾਣ ਵਾਲੇ ਪ੍ਰਬੰਧਕਾਂ ਤੇ ਆਲੋਚਕਾਂ ਦੀ ਕੌਡੀ ਦੀ ਟੀਮ ਵਾਂਗ ਪੱਕੀ ਠੱਕੀ ਟੀਮ ਹੈ। ਅਕਸਰ ਇਕੋ ‘ਪਰਚਾ’ ਹੁੰਦਾ ਹੈ, ਜੋ ਅੱਗਾ-ਪਿੱਛਾ ਬਦਲ ਕੇ ਹਰੇਕ ਕਾਨਫਰੰਸ ਵਿਚ ‘ਨਵੀਂ ਖੋਜ’ ਦੇ ਨਾਂ ‘ਤੇ ਪੜ੍ਹਿਆ ਜਾਂਦਾ ਹੈ। ਕੀ ਇਹ ਕਾਨਫਰੰਸਾਂ ਜਿਵੇਂ ਪਰਚਾਰਿਆ ਜਾਂਦਾ ਹੈ, ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ’ ਦੀ ਸੇਵਾ ਕਰਨ ਦੇ ਮਕਸਦ ਨਾਲ ਹੀ ਕਰਵਾਈਆਂ ਜਾਂਦੀਆਂ ਹਨ? ਆਪਣੇ ਤਜ਼ਰਬੇ ਦੇ ਆਧਾਰ ‘ਤੇ ਰਾਇ ਦਿਓ।
ਸ. ਇਹਦਾ ਜੁਆਬ ਤਾਂ ਤੁਸੀਂ ਆਪਣੇ ਸੁਆਲ ਵਿਚ ਈ ਦੇ ਦਿੱਤੈ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਵਧੇਰੇ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਮਕਸਦ ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ’ ਦੀ ਸੇਵਾ ਨਹੀਂ ਬਲਕਿ ਇਸ ਸੇਵਾ ਦੇ ਨਾਂ ‘ਤੇ ਦੇਸ਼ ਬਦੇਸ਼ ਦੀ ਸੈਰ ਤੇ ਮੇਲ ਗੇਲ ਹੈ। ਕਿਤੇ ਕਿਤੇ ਕਬੱਡੀ ਵਾਂਗ ਮਾੜੀ ਮੋਟੀ ਕਬੂਤਰਬਾਜ਼ੀ ਵੀ ਹੋ ਸਕਦੀ ਹੈ। ਕਈਆਂ ਮੁਲਕਾਂ ਵਿਚ ਅਜਿਹੇ ਜੁਗਾੜਾਂ ਲਈ ਗਰਾਂਟਾਂ ਵੀ ਮਿਲ ਜਾਂਦੀਆਂ ਨੇ। ਨਾਲੇ ਪੁੰਨ ਨਾਲੇ ਫਲੀਆਂ! ਮੈਂ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਵਿਚ ਤਾਂ ਗਿਆਂ ਪਰ ਖੇਡ ਮੇਲਿਆਂ ਦੇ ਰੁਝੇਵੇਂ ਨੇ ਬਹੁਤੀਆਂ ਵਿਸ਼ਵ ਕਾਨਫਰੰਸਾਂ ਵਿਚ ਨਹੀਂ ਜਾਣ ਦਿੱਤਾ। ਨਾਲੇ ਮੈਂ ਪਰਚਾ ਲੇਖਕ ਘੱਟ ਆਂ ਤੇ ਖੇਡ ਲੇਖਕ ਵੱਧ ਆਂ। ਵਿਸ਼ਵ ਪੰਜਾਬੀ ਕਾਨਫਰੰਸ ਤੇ ਪੰਜਾਬੀ ਖੇਡ ਮੇਲਾ ਇਕੋ ਦਿਨ ਹੋਣ ਤਾਂ ਮੈਂ ਖੇਡ ਮੇਲਾ ਵੇਖਣ ਨੂੰ ਤਰਜੀਹ ਦਿੰਨਾਂ।

ਵ. ਫਿਲਮਾਂ ਵੇਖਦੇ ਓ? ਪਸੰਦੀਦਾ ਫਿਲਮਾਂ ਤੇ ਫਿਲਮੀ ਕਲਾਕਾਰਾਂ ਦਾ ਜਿ਼ਕਰ ਕਰਨਾ ਚਾਹੋਗੇ?
ਸ. ਬਹੁਤ ਘੱਟ। ਪਿਛਲੇ ਚਾਲੀ ਸਾਲਾਂ ‘ਚ ਚਾਲੀ ਫਿਲਮਾਂ ਵੀ ਨਹੀਂ ਵੇਖੀਆਂ। ਜਦੋਂ ਕਾਲਜ ਵਿਚ ਪੜ੍ਹਦਾ ਸੀ ਤਾਂ ਕੋਈ ਛਡਦਾ ਈ ਨਹੀਂ ਸੀ। ਪਾਕਿਸਤਾਨ ਦੀ ਜਿਹੜੀ ਵੀ ਪੰਜਾਬੀ ਫਿਲਮ ਫਾਜਿ਼ਲਕਾ ਦੇ ਰਾਜਾ ਥੇਟਰ ਵਿਚ ਲੱਗਦੀ ਮੈਂ ਲਾਜ਼ਮੀ ਵੇਖਦਾ ਭਾਵੇਂ ਚੋਰੀਓਂ ਵੇਖਣੀ ਪੈਂਦੀ। ਮੈਂ ਜਲਸੇ ਤੇ ਜਿ਼ੰਦਾ ਡਾਨਸ ਵੀ ਵੇਖੇ। ਮਦਰ ਇੰਡੀਆ, ਤੀਸਰੀ ਕਸਮ ਤੇ ਗਾਈਡ ਆਦ ਫਿਲਮਾਂ ਮੈਨੂੰ ਬੜੀਆਂ ਪਸੰਦ ਆਈਆਂ ਜਿਸ ਕਰਕੇ ਇਕ ਤੋਂ ਵੱਧ ਵਾਰ ਵੇਖੀਆਂ। ਨਰਗਸ, ਮਧੂਬਾਲਾ, ਵਹੀਦਾ ਰਹਿਮਾਨ, ਰਾਜ ਕਪੂਰ, ਦਲੀਪ ਕੁਮਾਰ ਤੇ ਧਰਮਿੰਦਰ ਵਰਗੇ ਫਿਲਮੀ ਸਿਤਾਰੇ ਮੇਰੇ ਮਨਪਸੰਦ ਕਲਾਕਾਰ ਰਹੇ। ਅਜੋਕੀਆਂ ਫਿਲਮਾਂ ਵਿਚ ਮੇਰੀ ਕੋਈ ਦਿਲਚਸਪੀ ਨਹੀਂ। ਨਾਟਕਾਂ ਵਿਚ ਵੀ ਘੱਟ ਈ ਐ। ਮੈਨੂੰ ਲੱਗਦੈ ਮੇਰੇ ਸਾਰੇ ਸ਼ੌਕ ਖੇਡਾਂ ਖਾਈ ਜਾ ਰਹੀਐਂ।

ਵ. ਸੰਗੀਤ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ? ਚਾਹ ਕੇ ਕਦੀ ਕਿਸੇ ਗਾਇਕ ਜਾਂ ਸੰਗੀਤਕਾਰ ਨੂੰ ਸੁਣਦੇ ਮਾਣਦੇ ਹੋਵੋ?
ਸ. ਸੰਗੀਤ ਵਿਚ ਦਿਲਚਸਪੀ ਤਾਂ ਹੈ ਪਰ ਬੰਦਾ ਕਿਧਰ ਕਿਧਰ ਹੋਵੇ? ਬਚਪਨ ਤੇ ਜੁਆਨੀ ‘ਚ ਮੈਂ ਤਵੇ ਬਹੁਤ ਸੁਣੇ। ਬਚਪਨ ‘ਚ ਸੁਣੇ ਕਈ ਤਵੇ ਅੱਜ ਵੀ ਯਾਦ ਨੇ। ਬਾਹਰੇ ਭਿੱਜਗੇ ਚਰਖੇ ਭਿੱਜ ਗਈਆਂ ਨਣਾਨੇ ਪੂਣੀਆਂ। ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ। ਭਰਿਆ ਤ੍ਰਿੰਜਣ ਛੱਡ ਜਾਣਾ ਚਿੱਠੀ ਆਗੀ ਜੋਰਾਵਰ ਦੀ। ਮੈਨੂੰ ਨਵੇਂ ਗੀਤਾਂ ਦੀ ਥਾਂ ਪੁਰਾਣੇ ਗੀਤ ਸੁਣਨੇ ਪਸੰਦ ਨੇ। ਸੁਰਿੰਦਰ ਕੌਰ ਮੇਰੀ ਮਨਪਸੰਦ ਗਾਇਕਾ ਹੈ ਤੇ ਯਮਲਾ ਜੱਟ ਮਨਪਸੰਦ ਗਾਇਕ। ਅਜੋਕੇ ਕਈ ਗਾਇਕ ਆਪਣੇ ਮਿੱਤਰ ਪਿਆਰੇ ਨੇ ਪਰ ਮੈਂ ਉਨ੍ਹਾਂ ਦੇ ਸ਼ੋਆਂ ਵਿਚ ਉਚੇਚਾ ਨਹੀਂ ਜਾਂਦਾ। ਗੁਰਦਾਸ ਮਾਨ ਤੇ ਸਤਿੰਦਰ ਸਰਤਾਜ ਨੂੰ ਕਾਰ ਵਿਚ ਸਫ਼ਰ ਕਰਦਿਆਂ ਸੁਣ ਲਈਦੈ। ਕਬੱਡੀ ਦੇ ਗੀਤ ਤਾਂ ਸੁਣਨੇ ਈ ਹੋਏ। ਸੱਚ ਪੁੱਛੋ ਤਾਂ ਮੈਨੂੰ ਗੀਤ ਸੰਗੀਤ ਦੀ ਕੋਈ ਪਰਖ ਨਹੀਂ ਹਾਲਾਂ ਕਿ ਮਹਿਫਲਾਂ ‘ਚ ਮਾਹੀਆ ਸੁਣਾਏ ਬਿਨਾਂ ਮੈਥੋਂ ਹੁਣ ਵੀ ਰਿਹਾ ਨਹੀਂ ਜਾਂਦਾ! ਮੈਂ ਕਵੀਸ਼ਰੀ ਵੀ ਕਰਦਾ ਰਿਹਾਂ ਤੇ ਮਾੜਾ ਮੋਟਾ ਗਾਉਂਦਾ ਵੀ ਰਿਹਾਂ। ਗਿਆਰਵੀਂ ‘ਚ ਕੁੜੀਆਂ ਵਾਲੇ ਕਪੜੇ ਪਾ ਕੇ ਤੇ ਦੋ ਗੁੱਤਾਂ ਕਰ ਕੇ ਕਾਲਜ ਦੀ ਸਟੇਜ ‘ਤੇ ਜਿ਼ੰਦਾ ਡਾਨਸ ਵੀ ਕੀਤਾ ਸੀ।

ਵ. ਤੁਸੀਂ ਚਾਹ ਕੇ ਵੀ ਵੱਡੇ ਖਿਡਾਰੀ ਨਹੀਂ ਬਣ ਸਕੇ। ਇਸ ਅਤ੍ਰਿਪਤੀ ਨੂੰ ਸ਼ਾਂਤ ਕਰਨ ਲਈ ਤੁਸੀਂ ਵੱਡੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਤੇ ਵੱਡੇ ਖੇਡ ਲੇਖਕ ਬਣ ਗਏ। ਹੈ ਤਾਂ ਖਿ਼ਆਲੀ ਸਵਾਲ ਪਰ ਜੇ ਤੁਹਾਨੂੰ ਚੋਣ ਕਰਨ ਲਈ ਕਿਹਾ ਜਾਵੇ ਕਿ ਕਿਸੇ ਮਨਚਾਹੇ ਈਵੈਂਟ ਵਿਚ ‘ਏਸ਼ੀਅਨ ਚੈਂਪੀਅਨ’ ਬਣਨ ਜਾਂ ਮੌਜੂਦਾ ਖੇਡ ਲੇਖਕ ਸਰਵਣ ਸਿੰਘ ਬਣਨ ਵਿਚੋਂ ਕਿਸ ਦੀ ਚੋਣ ਕਰੋਗੇ ਤਾਂ ਤੁਹਾਡਾ ਵੇਰਵਾ ਦਿੰਦਾ ਜਵਾਬ ਦਿਲਚਸਪ ਹੋਵੇਗਾ?
ਸ. ਇਹ ਤਾਂ ਉਸ ਲੇਖ ਵਰਗਾ ਸੁਆਲ ਐ, ‘ਜੇ ਮੈਂ ਪ੍ਰਧਾਨ ਮੰਤਰੀ ਹੋਵਾਂ।’ ਮਨਚਾਹੇ ਈਵੈਂਟ ਦਾ ਚੈਂਪੀਅਨ ਬਣ ਤਾਂ ਨਹੀਂ ਸੀ ਹੋਣਾ ਪਰ ਜੇ ਮੈਂ ਗੋਲਾ ਸੁਟਣ ਦਾ ਏਸ਼ੀਅਨ ਚੈਂਪੀਅਨ ਬਣ ਜਾਂਦਾ ਤਾਂ ਓਦੋਂ ਮੇਰੀ ਓਨੀ ਬੱਲੇ ਬੱਲੇ ਨਹੀਂ ਸੀ ਹੋਣੀ ਜਿੰਨੀ ਜੋਗਿੰਦਰ ਜੋਗੀ, ਅਜਮੇਰ, ਮਹਿੰਦਰ, ਗੁਰਬਚਨ ਤੇ ਪਰਵੀਨ ਹੋਰਾਂ ਦੀ ਹੋਈ। ਬੱਲੇ ਬੱਲੇ ਕਰਾਉਣ ਲਈ ਕੋਈ ਸਰਵਣ ਸਿੰਘ ਵਰਗਾ ਖੇਡ ਲੇਖਕ ਚਾਹੀਦਾ ਸੀ ਜੋ ਓਦੋਂ ਲੱਭਣਾ ਨਹੀਂ ਸੀ ਕਿਉਂਕਿ ਉਹ ਤਾਂ ਖੁਦ ਏਸ਼ੀਅਨ ਚੈਂਪੀਅਨ ਬਣਿਆ ਹੋਣਾ ਸੀ। ਮਗਰੋਂ ਤੁਹਾਡੇ ਵਰਗਿਆਂ ਨੇ ਕਹਿਣਾ ਸੀ, ਖਿਡਾਰੀਆਂ ਬਾਰੇ ਲਿਖ ਕੇ ਵਕਤ ਜ਼ਾਇਆ ਕਰਨ ਦੀ ਥਾਂ ਕੋਈ ਰਚਨਾਤਮਕ ਕਾਰਜ ਕਿਓਂ ਨਾ ਕੀਤਾ ਜਾਵੇ? ਕਿਉਂ ਨਾ ਓਨੇ ਵਕਤ ਵਿਚ ਕੋਈ ਕਹਾਣੀ ਲਿਖੀ ਜਾਵੇ? ਨਾਲੇ ਮੈਂ ਕਿਹੜਾ ਸੁਰ ਸਿੰਘ ਦਾ ਕਰਤਾਰ ਭਲਵਾਨ ਹੋਣਾ ਸੀ ਪਈ ਆਪਣਾ ਗਰਾਈਂ ਜਾਣ ਕੇ ਜੀਵਨੀ ਲਿਖ ਦਿੱਤੀ ਜਾਂਦੀ! ਮੈਨੂੰ ਪੱਕਾ ਯਕੀਨ ਐਂ ਕਿ ਉਹਨੀਂ ਦਿਨੀਂ ਅਖ਼ਬਾਰੀ ਖ਼ਬਰਾਂ ਤੋਂ ਬਿਨਾਂ ਮੇਰੇ ਬਾਰੇ ਕੁਝ ਨਹੀਂ ਸੀ ਲਿਖਿਆ ਜਾਣਾ। ਹਾਰ ਕੇ ਮੈਨੂੰ ਆਪਣੀ ਜੀਵਨੀ ਦਾਰਾ ਸਿੰਘ ਤੇ ਜੋਗਿੰਦਰ ਜੋਗੀ ਵਾਂਗ ਆਪ ਈ ਲਿਖਣੀ ਪੈਣੀ ਸੀ। ਜਾਂ ਮਿਲਖਾ ਸਿੰਘ ਵਾਂਗ ਪਾਸ਼ ਤੋਂ ਜਾਂ ਬਲਬੀਰ ਸਿੰਘ ਵਾਂਗ ਸੈਮੁਅਲ ਬੈਨਰਜੀ ਵਰਗਿਆਂ ਤੋਂ ਪੈਸੇ ਦੇ ਕੇ ਲਿਖਵਾਉਣੀ ਪੈਣੀ ਸੀ!
ਮੈਂ ਚੰਗਾ ਈ ਰਿਹਾ ਜਿਹੜਾ ਓਦੋਂ ਏਸ਼ੀਅਨ ਚੈਂਪੀਅਨ ਨਹੀਂ ਬਣਿਆਂ। ਬਣ ਜਾਂਦਾ ਤਾਂ ਓਦੋਂ ਦੇ ਏਸ਼ੀਅਨ ਚੈਂਪੀਅਨਾਂ ਵਾਂਗ ਰੁਲਦਾ ਖੁਲਦਾ ਈ ਰਹਿੰਦਾ। ਬਲਕਾਰ ਸਿੰਘ ਵਰਗੇ ਇਹ ਕਹਿੰਦੇ ਪਰਲੋਕ ਸਿਧਾਰ ਗਏ ਕਿ ਜੇ ਸਰਕਾਰ ਸਾਨੂੰ ਚੱਜ ਦਾ ਰੁਜ਼ਗਾਰ ਨਹੀਂ ਦੇ ਸਕਦੀ ਤਾਂ ਗੋਲੀ ਈ ਮਰਵਾ ਦੇਵੇ! ਏਸ਼ੀਅਨ ਚੈਂਪੀਅਨ ਮੱਖਣ ਸਿੰਘ ਆਪਣੇ ਪੁੱਤਰਾਂ ਨੂੰ ਚਪੜਾਸੀ ਵੀ ਨਾ ਲੱਗਵਾ ਸਕਿਆ। ਸੋਹਣ ਸਿੰਘ ਸਿਨਮੇ ਦਾ ਗੇਟ ਕੀਪਰ ਲੱਗਣ ਲਈ ਮਜਬੂਰ ਹੋਇਆ। ਮੈਂ ਖੇਡਾਂ ਵਿਚ ਈ ਪਿਆ ਰਹਿੰਦਾ ਤਾਂ ਨਾ ਪ੍ਰੋਫੈ਼ਸਰ ਬਣ ਸਕਦਾ ਨਾ ਪ੍ਰਿੰਸੀਪਲ ਤੇ ਨਾ ਮੇਰੇ ਬੱਚਿਆਂ ਦਾ ਕੈਰੀਅਰ ਏਨਾ ਚੰਗਾ ਹੁੰਦਾ। ਪ੍ਰਦੁੱਮਣ ਸਿੰਘ ਏਸ਼ੀਆ ਦਾ ਚੈਂਪੀਅਨ ਬਣ ਕੇ ਪਿੰਡ ਪਰਤਿਆ ਤਾਂ ਉਹਦੇ ਪਿੰਡ ਦੇ ਲੋਕਾਂ ਨੂੰ ਵੀ ਨਹੀਂ ਸੀ ਪਤਾ ਕਿ ਉਹ ਏਸ਼ੀਆ ਦਾ ਚੈਂਪੀਅਨ ਐ। ਹਾਰ ਕੇ ਉਹਨੂੰ ਆਪ ਈ ਦੱਸਣਾ ਪਿਆ ਕਿ ਏਸ਼ੀਆ ਦੇ ਇੰਡੀਆ ਵਰਗੇ ਪੰਦਰਾਂ ਵੀਹ ਮੁਲਕ ਨੇ ਤੇ ਉਹ ਗੋਲਾ ਸੁੱਟਣ ਵਿਚ ਏਸ਼ੀਆ ਦਾ ਚੈਂਪੀਅਨ ਐ! ਮੇਰੇ ਪੇਂਡੂਆਂ ਨੇ ਕਹਿਣਾ ਸੀ ਬਈ ਜੇ ਤੂੰ ਏਸ਼ੀਆ ਦਾ ਚੈਂਪੀਅਨ ਐ ਤਾਂ ਦੱਸ ਗੁਰਦਵਾਰੇ, ਧਰਮਸ਼ਾਲਾ ਤੇ ਸਕੂ਼ਲ ਨੂੰ ਕਿੰਨੇ ਕਿੰਨੇ ਪੈਸੇ ਦੇਵੇਂਗਾ? ਨੰਬਰਦਾਰ ਨੇ ਐਨੇ ਪੈਸੇ ਦਿੱਤੇ ਐ, ਜੇ ਤੂੰ ਓਨੇ ਵੀ ਨੀ ਦਿੰਦਾ ਤਾਂ ਕਾਹਦਾ ਚੈਂਪੀਅਨ ਐਂ!
ਹਾਂ, ਜੇ ਕਿਤੇ ਮੈਨੂੰ ਹੁਣ ਖੇਡ ਲੇਖਕ ਤੇ ਏਸ਼ੀਅਨ ਚੈਂਪੀਅਨ ਬਣਨ ‘ਚੋਂ ਇਕ ਦੀ ਚੋਣ ਕਰਨੀ ਪਵੇ ਤਾਂ ਮੈਂ ਏਸ਼ੀਅਨ ਚੈਂਪੀਅਨ ਬਣਨ ਨੂੰ ਤਰਜੀਹ ਦੇਵਾਂਗਾ। ਹੁਣ ਦੇ ਏਸ਼ੀਅਨ ਚੈਂਪੀਅਨਾਂ ਦੀ ਮਸ਼ਹੂਰੀ ਵੀ ਵੱਧ ਹੁੰਦੀ ਐ, ਇਨਾਮ ਵੀ ਲੱਖਾਂ ਕਰੋੜਾਂ ਦੇ ਮਿਲਦੇ ਨੇ ਤੇ ਨੌਕਰੀਆਂ ਵੀ ਵਧੀਆ ਮਿਲਦੀਆਂ। ਅਸਲ ਵਿਚ ਵਰਿਆਮ ਸਿਆਂ ਆਪਾਂ ਜੰਮੇ ਈ ਗ਼ਲਤ ਸਮੇਂ ਆਂ। ਚਾਲੀ ਪੰਜਾਹ ਸਾਲ ਠਹਿਰ ਕੇ ਜੰਮਦੇ ਤਾਂ ਕਿਤੇ ਚੰਗੇ ਰਹਿੰਦੇ। ਫਿਰ ਆਉਂਦਾ ਸੁਆਦ ਏਸ਼ੀਅਨ ਚੈਂਪੀਅਨ ਬਣਨ ਦਾ। ਆਪਣੇ ਨਾਲ ਤਾਂ ਉਹ ਹੋਈ ਜਿਹੜੀ ਗੁਰਨਾਮ ਸਿੰਘ ਤੀਰ ਕਹਿੰਦਾ ਹੁੰਦਾ ਸੀ-ਤੂੜੀ ਵਾਲੇ ਅੰਦਰ ਜੰਮ ਪਏ ਸੁਣੀ ਨਾ ਕਿਸੇ ਦੁਹਾਈ! ਮੇਰਾ ਖਿ਼ਆਲ ਐ ਜਿਹੋ ਜਿਆ ਜੁਆਬ ਤੁਸੀਂ ਭਾਲਦੇ ਸੀ ਮਿਲ ਗਿਆ ਹੋਊ। ਕਹਾਣੀ ਤਾਂ ਮੈਂ ਲੰਮੀ ਵੀ ਪਾ ਸਕਦਾਂ ਪਰ ਲੰਮੀ ਕਹਾਣੀ ਤੁਹਾਡੇ ਲਈ ਛੱਡਦਾਂ।

ਵ. ਤੁਹਾਡੀਆਂ ਲਿਖਤਾਂ ਵਿਚ ਬਾਬਾ ਪਾਲਾ ਸਿੰਘ ਦਾ ਉਚੇਚਾ ਜਿ਼ਕਰ ਹੈ। ਕਿਤੇ ਕਿਤੇ ਪਿਤਾ ਦਾ ਵੀ ਪਰ ਮਾਂ ਨੂੰ ਬਹੁਤ ਘੱਟ ‘ਸਪੇਸ’ ਮਿਲੀ ਹੈ। ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
ਸ. ਮੇਰੀ ਮਾਂ ਜੀਹਨੂੰ ਅਸੀਂ ਬੇਬੇ ਕਹਿੰਦੇ ਸੀ ਘਰੇਲੂ ਸਵਾਣੀ ਸੀ। ਅਧਖੜ ਉਮਰ ਤੋਂ ਉਹ ਗਠੀਏ ਦੀ ਰੋਗਣ ਹੋ ਗਈ ਸੀ। ਮੈਂ ਜਦੋਂ ਵੀ ਉਹਨੂੰ ਮਿਲਦਾ, ਮੱਥਾ ਟੇਕਦਾ, ਉਹ ਸਿਰ ਪਲੋਸਦੀ ਤੇ ਕਦੇ ਕਦੇ ਹਿੱਕ ਨਾਲ ਵੀ ਲਾਉਂਦੀ। ਦੋ ਚਾਰ ਗੱਲਾਂ ਪਿਛੋਂ ਈ ਉਹ ਆਪਣੀ ਬਿਮਾਰੀ ਦੇ ਦੁੱਖ ਦੱਸਣ ਲੱਗ ਪੈਂਦੀ ਤੇ ਮੈਨੂੰ ਕਿਸੇ ਡਾਕਟਰ ਨੂੰ ਵਿਖਾਉਣ ਜਾਂ ਦੁਆਈ ਲਿਆਉਣ ਲਈ ਆਖਦੀ। ਮੈਂ ਗਿਣੇ ਤਾਂ ਨਹੀਂ ਪਰ ਦਰਜਨਾਂ ਡਾਕਟਰਾਂ, ਵੈਦਾਂ ਤੇ ਸਿਆਣਿਆਂ ਨੂੰ ਵਿਖਾਇਆ ਹੋਊ। ਅਸਲ ਵਿਚ ਉਹ ਬਿਮਾਰੀਆਂ ਦੀ ਵਹਿਮਣ ਸੀ ਤੇ ਦਵਾਈਆਂ ਬਦਲ ਬਦਲ ਕੇ ਲੈਂਦੀ ਰਹਿੰਦੀ ਸੀ। ਮੈਂ ਢੁੱਡੀਕੇ ਤੋਂ ਜਦੋਂ ਵੀ ਪਿੰਡ ਜਾਂਦਾ ਤਾਂ ਬੇਬੇ ਲਈ ਕੋਈ ਨਾ ਕੋਈ ਦਵਾਈ ਜ਼ਰੂਰ ਲੈ ਕੇ ਜਾਂਦਾ। ਬੇਬੇ ਦੀ ਮੇਰੀ ਏਹੋ ਸੇਵਾ ਸੀ। ਅੰਮਾ ਦੀ ਸੇਵਾ ਵੀ ਮੈਂ ਦਵਾਈ ਤੇ ਖਸਖਸ ਪੁਚਾ ਕੇ ਹੀ ਕਰ ਸਕਿਆ। ਬਾਬੇ ਦੀ ਸੇਵਾ ਕਰਨ ਦਾ ਮੈਨੂੰ ਕੁਝ ਵੱਧ ਮੌਕਾ ਮਿਲਿਆ। ਬਾਪੂ ਦੀ ਮੈਂ ਕੋਈ ਸੇਵਾ ਨਹੀਂ ਕਰ ਸਕਿਆ ਸਿਵਾਏ ਗੋਡੀਂ ਹੱਥ ਲਾਉਣ ਦੇ। ਬਾਪੂ ਦੀ ਮ੍ਰਿਤੂ ਸਾਡੇ ਛੋਟੇ ਭਰਾ ਭਜਨ ਕੋਲ ਕੈਲੇਫੋਰਨੀਆ ਦੇ ਸ਼ਹਿਰ ਅਰਵਿਨ ਵਿਚ 1996 ‘ਚ ਹੋਈ। ਉਨ੍ਹਾਂ ਦਾ ਸਸਕਾਰ ਬੇਕਰਜ਼ਫੀਲਡ ਵਿਚ ਕੀਤਾ ਗਿਆ ਤੇ ਪਿੰਡ ਭੋਗ ਪਾਇਆ ਗਿਆ। ਉਦੋਂ ਅਸੀਂ ਬਜ਼ੁਰਗਾਂ ਨਮਿੱਤ ਧਾਰਮਿਕ ਸਥਾਨਾਂ ਨੂੰ ਦਾਨ ਦੇਣ ਦੀ ਥਾਂ ਸਕੂਲਾਂ ਨੂੰ ਦਾਨ ਦੇਣ ਦੀ ਪਿਰਤ ਪਾਈ ਜੋ ਬਾਅਦ ਵਿਚ ਪਿੰਡ ‘ਚ ਬੜੀ ਵਧੀ ਫੁੱਲੀ। ਪਿੰਡ ਦੇ ਪਰਵਾਸੀਆਂ ਨੇ ਪਿੰਡ ਦੇ ਤਿੰਨ ਸਰਕਾਰੀ ਸਕੂਲਾਂ ਤੇ ਸਟੇਡੀਅਮ ਨੂੰ ਲੱਖਾਂ ਰੁਪਏ ਤੇ ਸੀਵਰੇਜ ਨੂੰ ਕਰੋੜਾਂ ਰੁਪਏ ਦਾ ਦਾਨ ਦਿੱਤਾ।
ਬੇਬੇ ਕਦੇ ਕਦੇ ਢੁੱਡੀਕੇ ਇਲਾਜ ਕਰਾਉਣ ਲਈ ਸਾਡੇ ਕੋਲ ਵੀ ਰਹਿ ਪੈਂਦੀ ਸੀ। ਫਿਰ ਪਿੰਡ ਜਾਣ ਲਈ ਕਾਹਲੀ ਪੈ ਜਾਂਦੀ। ਖੁੱਲ੍ਹੀ ਰਸੋਈ ਜਾਂ ਬਾਹਰ ਚੌਂਕੇ ਵਿਚ ਪੀੜ੍ਹੀ ਉਤੇ ਬੈਠੀ ਟੱਬਰ ਦੀਆਂ ਰੋਟੀਆਂ ਲਾਹੁੰਦੀ ਉਹ ਮੈਨੂੰ ਅੱਜ ਵੀ ਦਿਸਦੀ ਐ। ਉਹ ਟੋਕਰਾ ਰੋਟੀਆਂ ਦਾ ਲਾਹ ਦਿੰਦੀ ਤੇ ਘੰਟਿਆਂ ਬੱਧੀ ਚੁਰ ‘ਤੇ ਬੈਠੀ ਰਹਿੰਦੀ। ਕੌਲੀਆਂ ‘ਚ ਦਾਲ ਪਾ ਕੇ ਉਹ ਹਰ ਇਕ ਨੂੰ ਥੋੜ੍ਹੀ ਥੋੜ੍ਹੀ ਮੱਖਣੀ ਪਾਉਂਦੀ ਜੀਹਨੂੰ ਚੋਪੜ ਕਹਿੰਦੀ। ਚੋਪੜ ਦੁਬਾਰਾ ਤਿਬਾਰਾ ਪੁਆਉਣ ਲਈ ਅਸੀਂ ਵਾਰ ਵਾਰ ਦਾਲ ਪੁਆਉਂਦੇ। ਉਹ ਡੁੱਡ ਮਾਰ ਕੇ ਤੁਰਦੀ। ਮੇਰੇ ਵਿਆਹ ਵੇਲੇ ਗੁਰਦਵਾਰੇ ਮੱਥਾ ਟੇਕਣ ਜਾਂਦਿਆਂ ਮਾਂ ਨੂੰ ਮੈਂ ਰੁਕ ਰੁਕ ਕੇ ਆਪਣੇ ਨਾਲ ਰਲਾਉਂਦਾ ਰਿਹਾ। ਉਹ ਕਹਿੰਦੀ ਰਹੀ, ਵੇ ਹੌਲੀ ਤੁਰ! ਉਹ ਆਪ ਭਾਵੇਂ ਬਿਮਾਰ ਰਹੀ ਪਰ ਕੜੀਆਂ ਵਰਗੇ ਪੰਜ ਪੁੱਤ ਜੰਮੇ ਤੇ ਤਿੰਨ ਧੀਆਂ। ਅਸੀਂ ਅੱਠੇ ਜਣੇ ਅਜੇ ਤਕ ਹਰੀ ਕੈਮ ਆਂ। ਸਾਡੀ ਮਾਂ ਅੱਸੀ ਸਾਲ ਦੀ ਹੋ ਕੇ ਪੂਰੀ ਹੋਈ। ਜਿੱਦਣ ਪੂਰੀ ਹੋਈ ਮੈਂ ਚਕਰ ਹੀ ਸਾਂ। ਉਦਣ ਸਵੇਰੇ ਮੈਂ ਮਾਂ ਨੂੰ ਮਿਲ ਕੇ ਲਾਗੇ ਹੀ ਲੋਪੋਂ ਦੇ ਕਾਲਜ ਵਿਚ ਇਮਤਿਹਾਨੀ ਡਿਊਟੀ ਦੇਣ ਗਿਆਂ ਸਾਂ। ਮਈ 1993 ਦਾ ਮਹੀਨਾ ਸੀ। ਮੈਨੂੰ ਸੁਨੇਹਾ ਮਿਲਿਆ ਕਿ ਮਾਂ ਪੂਰੀ ਹੋ ਗਈ। ਮਾਂ ਦੇ ਮਰਨ ਦਾ ਧੱਕਾ ਤਾਂ ਲੱਗਦਾ ਈ ਐ ਜੋ ਮੈਨੂੰ ਵੀ ਲੱਗਾ ਪਰ ਮੈਂ ਰੋਇਆ ਨਹੀਂ। ਮੈਨੂੰ ਨਹੀਂ ਪਤਾ ਕਿ ਮੇਰਾ ਰੋਣ ਕਿਓਂ ਘੱਟ ਨਿਕਲਦੈ? ਬੱਸ ਅੱਖਾਂ ਈ ਮਾੜੀਆਂ ਜਿਹੀਆਂ ਸਿੰਮਦੀਐਂ ਜੋ ਛੇਤੀ ਹੀ ਸੁੱਕ ਜਾਂਦੀਐਂ। ਹੰਝੂ ਵਗਾ ਕੇ ਤਾਂ ਮੈਂ ਬਹੁਤ ਘੱਟ ਰੋਇਆਂ। ਮਰਗਾਂ ਉਤੇ ਮੈਥੋਂ ਹੋਰਨਾਂ ਵਾਂਗ ਨਹੀਂ ਰੋਇਆ ਜਾਂਦਾ। ਜੇ ਕਿਤੇ ਨਸ਼ੇ ‘ਚ ਰੋਣ ਨਿਕਲ ਜਾਵੇ ਤਾਂ ਰੁਕਦਾ ਈ ਨਹੀਂ!
ਮੈਂ ਪੰਜਵੀਂ ‘ਚ ਪੜ੍ਹਦਾ ਸਾਂ। ਸਕੂਲ ਦੀ ਵਰਦੀ ਬਣਵਾਉਣੀ ਸੀ। ਬਾਪੂ ਜੀ ਕਲਕੱਤੇ ਟਰੱਕ ਚਲਾਉਂਦੇ ਸਨ। ਬੇਬੇ ਨੇ ਘਰਦਿਆਂ ਤੋਂ ਚੋਰੀ ਮੈਥੋਂ ਬਾਪੂ ਜੀ ਨੂੰ ਚਿੱਠੀ ਲਿਖਵਾਈ ਕਿ ਵਰਦੀ ਲਈ ਰੁਪਏ ਭੇਜੋ। ਵੀਹ ਰੁਪਏ ਡਾਕਖਾਨੇ ਆਏ ਜੋ ਬਾਬੇ ਨੇ ਲਿਆਂਦੇ ਤੇ ਆਉਂਦਿਆਂ ਈ ਬੇਬੇ ਨੂੰ ਬੋਲ ਕਬੋਲ ਬੋਲਣ ਲੱਗੇ ਕਿ ਤੂੰ ਮੁੰਡੇ ਤੋਂ ਚਿੱਠੀ ਕਿਓਂ ਲਿਖਵਾਈ? ਮੈਂ ਮਰ ਗਿਆ ਸੀ? ਘਰ ‘ਚ ਪੈਸੇ ਨਹੀਂ ਸੀ? ਉੱਦਣ ਮੈਂ ਬੇਬੇ ਨੂੰ ਅੰਦਰ ਵੜ ਕੇ ਚੁੰਨੀ ‘ਚ ਮੂੰਹ ਲੈ ਕੇ ਰੋਂਦੀ ਵੇਖਿਆ ਜਿਸ ਦੀ ਓਦੋਂ ਮੈਨੂੰ ਸਮਝ ਨਹੀਂ ਸੀ ਪਰ ਹੁਣ ਸਮਝ ਐ। ਚਿੱਠੀ ਲਿਖਵਾਉਣਾ ਤਾਂ ਬਹਾਨਾ ਸੀ ਦੂਰ ਗਏ ਸਿਰ ਦੇ ਸਾਈਂ ਨਾਲ ਸਨੇਹ ਦਾ। ਮੇਰ ਦਾ। ਵੀਹ ਰੁਪਈਆਂ ਦੀ ਟੋਟ ਨਹੀਂ ਸੀ, ਟੋਟ ਤਾਂ ਕੋਈ ਹੋਰ ਸੀ। ਫਿਰ ਵੀ ਦੁਖਿਆਰੀ ਮਾਂ ਨੂੰ ਬੋਲ ਕਬੋਲ ਸੁਣਨੇ ਪਏ। ਕਾਸ਼ ਮੈਂ ਓਦੋਂ ਦਿਲਾਸਾ ਦੇਣ ਜੋਗਾ ਹੁੰਦਾ!
ਇਕੇਰਾਂ ਮੈਂ ਆਪਣੀ ਮਾਂ ਵਰਗੀ ਭੂਆ ਨੂੰ ਫੁੱਫੜ ਤੋਂ ਐਵੇਂ ਈ ਕੁੱਟ ਪੁਆ ਦਿੱਤੀ ਸੀ ਜਿਸ ਦਾ ਮੈਨੂੰ ਅੱਜ ਤਕ ਪਛਤਾਵਾ ਹੈ। ਸੱਥ ‘ਚ ਫੁੱਫੜ ਨੂੰ ਬੰਦੇ ਮਿਲਣ ਆਏ ਸਨ। ਮੈਂ ਓਦੋਂ ਸੱਤਵੀਂ ‘ਚ ਪੜ੍ਹਦਾ ਸਾਂ ਤੇ ਨੇੜੇ ਈ ਖੇਡ ਰਿਹਾ ਸਾਂ। ਫੁੱਫੜ ਨੇ ਕਿਹਾ, ਜਾਹ ਆਪਣੀ ਭੂਆ ਨੂੰ ਕਹਿ, ਦਸਾਂ ਪੰਦਰਾਂ ਬੰਦਿਆਂ ਲਈ ਚਾਹ ਬਣਾਵੇ। ਭੂਆ ਢਿੱਲੀ ਮੱਠੀ ਸੀ ਤੇ ਮੰਜੇ ‘ਤੇ ਪਈ ਸੀ। ਮੈਂ ਭੂਆ ਨੂੰ ਫੁੱਫੜ ਦਾ ਸੁਨੇਹਾ ਦਿੱਤਾ ਤਾਂ ਉਹਦੇ ਮੂੰਹੋਂ ਨਿਕਲ ਗਿਆ, ਮੈਥੋਂ ਨੀ ਬਣਦੀ ਚਾਹ-ਚੂਹ। ਮੈਂ ਓਵੇਂ ਈ ਜਾ ਫੁੱਫੜ ਨੂੰ ਦੱਸਿਆ। ਪਰ੍ਹੇ ‘ਚ ਫੁੱਫੜ ਦੀ ਕੀ ਰਹੀ ਹੋਵੇਗੀ? ਉਹਦਾ ਮੈਨੂੰ ਉਦੋਂ ਅਹਿਸਾਸ ਨਹੀਂ ਸੀ। ਚਾਹ ਤਾਂ ਖ਼ੈਰ ਬਣ ਗਈ ਪਰ ਘਰ ਜਾਂਦੇ ਨੂੰ ਭੂਆ ਨੇ ਮੈਨੂੰ ਕੁੱਟ ਧਰਿਆ। ਉਸ ਨੂੰ ਪਰ੍ਹੇ ‘ਚੋਂ ਈ ਸੀਰੀ ਸਾਂਝੀ ਨੇ ਘਰ ਜਾ ਕੇ ਮੇਰੀ ਕਰਤੂਤ ਜਾ ਦੱਸੀ ਸੀ। ਕਸੂਰ ਮੇਰਾ ਕੋਈ ਨੀ ਸੀ। ਸੱਚ ਬੋਲਣ ਪਿੱਛੇ ਕੁੱਟ ਪਈ ਸੀ। ਮੈਂ ਇਕੋ ਥੱਪੜ ਖਾ ਕੇ ਵਿਹੜੇ ‘ਚ ਲਿਟਣ ਲੱਗਾ। ਫੁੱਫੜ ਘਰੇ ਆਇਆ ਤਾਂ ਉਹਨੇ ਭੂਆ ਕੁੱਟ ਧਰੀ। ਵਿਚਾਰੀ ਭੂਆ! ਕੀ ਸੋਚਦੀ ਹੋਊ ਆਪਣੇ ਭਤੀਜੇ ਬਾਰੇ ਜੀਹਨੂੰ ਉਹ ਪੜ੍ਹਾਉਣ ਲਈ ਆਪਣੇ ਕੋਲ ਲਿਆਈ ਸੀ?

ਵ. ਤੁਹਾਡੀ ਵਾਰਤਕ ਦਾ ਇਕ ਵਿਸ਼ੇਸ਼ ਗੁਣ ਪੰਜਾਂ ਗਿਆਨ ਇੰਦਰੀਆਂ (ਸੁੰਘਣ, ਸੁਣਨ, ਵੇਖਣ, ਸਪਰਸ਼ ਤੇ ਸਵਾਦ) ਨੂੰ ਹੁਲਾਰਨਾ ਜਾਂ ਤ੍ਰਿਪਤ ਕਰਨ ਦਾ ਆਨੰਦ ਪ੍ਰਾਪਤ ਕਰਾਉਣਾ ਵੀ ਹੈ। ਕੀ ਇਹ ਸਹਿਵਨ ਹੈ ਜਾਂ ਤੁਹਾਡੀ ਰਚਨਾ ਦਾ ਸੁਚੇਤ ਅਮਲ?
ਸ. ਪਹਿਲਾਂ ਇਹ ਸਹਿਵਨ ਹੁੰਦਾ ਸੀ ਪਰ ਪਿੱਛੋਂ ਮੈਂ ਸੁਚੇਤ ਰੂਪ ਵਿਚ ਕਰ ਰਿਹਾਂ। ਮੈਂ ਪੂਰਾ ਸੁਚੇਤ ਹੋ ਕੇ ਆਪਣੀ ਵਾਰਤਕ ਸ਼ੈਲੀ ‘ਚ ਦ੍ਰਿਸ਼ ਬਿਆਨਦਾਂ, ਆਕਾਰ ਖੜ੍ਹੇ ਕਰਦਾਂ, ਪ੍ਰਕਿਰਤੀ ਦਾ ਹੁਸਨ ਚਿਤਰਦਾਂ, ਖੇਡ ਮੈਦਾਨ ਦੇ ਨਕਸ਼ੇ ਲਾਹੁਨਾਂ, ਲਕੀਰਾਂ ਵਾਹੁਨਾਂ, ਖਿਡਾਰੀਆਂ ਦੇ ਜੁੱਸੇ ਵਿਖਾਉਨਾਂ ਤੇ ਪੰਡਾਲ ਦੇ ਰੰਗ ਨਿਹਾਰਦਾਂ ਤਾਂ ਜੋ ਪਾਠਕਾਂ ਦੀ ਵੇਖਣ ਇੰਦਰੀ ਤ੍ਰਿਪਤ ਹੋਵੇ। ਮੇਰੀਆਂ ਲਿਖਤਾਂ ਵਿਚ ਵੇਖਣਯੋਗ ਬਹੁਤ ਕੁਝ ਹੁੰਦੈ। ਅਨੇਕਾਂ ਰੰਗ ਹੁੰਦੇ ਨੇ, ਰੁੱਖ ਝੂੰਮਦੇ ਨੇ ਤੇ ਸੂਰਜ ਦੀ ਲਾਲੀ ਦਿਸਦੀ ਐ। ਕਈ ਕਹਿੰਦੇ ਵੀ ਨੇ ਕਿ ਉਹ ਮੇਰੀ ਲਿਖਤ ‘ਚੋਂ ਵੀਡੀਓ ਵੇਖ ਲੈਂਦੇ ਨੇ। ਮੈਂ ਐੱਮ. ਏ. ਕਰਦਿਆਂ ‘ਸਾਹਿਤ ਵਿਚ ਇੰਦਰਿਆਵੀ ਰਸ’ ਨਾਂ ਦਾ ਨਿਬੰਧ ਲਿਖਿਆ ਸੀ। ਸਾਹਿਤ ਦੇ ਨੌਂ ਰਸ ਪੜ੍ਹੇ ਸਨ। ਰੂਸੀ ਨਾਵਲ ਪੜ੍ਹਦਿਆਂ ਇੰਦਰਿਆਵੀ ਰਸਾਂ ਦਾ ਭਰਪੂਰ ਅਹਿਸਾਸ ਹੋਇਆ ਸੀ। ਪੁਸਤਕ ‘ਸੁਨਹਿਰਾ ਗੁਲਾਬ’ ਨੇ ਸਾਹਿਤ ਰਚਨਾ ਬਾਰੇ ਬੜੀ ਭਰਵੀਂ ਜਾਣਕਾਰੀ ਦਿੱਤੀ। ਗਾਰਗੀ ਦੀ ਵਾਰਤਕ ਵਿਚ ਬੜੇ ਰਸ ਤੇ ਰੰਗ ਨੇ। ਉਹਦੇ ‘ਚ ਨਖਰਾ ਵੀ ਬਹੁਤ ਐ! ਉਹਦਾ ਪ੍ਰਭਾਵ ਵੀ ਪਿਆ। ਹੋਰਨਾਂ ਲੇਖਕਾਂ ਦੀਆਂ ਲਿਖਤਾਂ ਦਾ ਰਸ-ਰੰਗ ਵੀ ਵੇਖਿਆ। ਹਰ ਲੇਖਕ ਈ ਇਕ ਦੂਜੇ ਤੋਂ ਪ੍ਰਭਾਵਤ ਹੁੰਦੈ!
ਮੈਂ ਜਾਣ ਬੁੱਝ ਕੇ ਆਪਣੀਆਂ ਲਿਖਤਾਂ ਵਿਚ ਕਿਤੇ ਝਾਂਜਰਾਂ ਛਣਕਾਉਂਦਾ ਹਾਂ, ਕਿਤੇ ਢੋਲ ਵਜਾਉਂਦਾ ਤੇ ਕਿਤੇ ਵੰਝਲੀ ਵਜਵਾਉਂਦਾ ਹਾਂ ਤਾਂ ਕਿ ਪੜ੍ਹਨ ਵਾਲੇ ਦੀ ਸੁਣਨ ਇੰਦਰੀ ਨੂੰ ਰੱਜ ਆਵੇ। ਹਾਸਾ ਤਾਂ ਮੈਂ ਥਾਂ-ਥਾਂ ਛਣਕਾਉਂਦਾ ਜਾਨਾਂ। ਮੇਰੀਆਂ ਲਿਖਤਾਂ ਵਿਚ ਖਟ-ਮਿਠੇ ਸਵਾਦ, ਮੁੜ੍ਹਕੇ ਦੀ ਤੇਲੀਆ ਮਹਿਕ, ਗਰਮੀ ਦੀ ਹੁੰਮਸ, ਸਰਦੀ ਦੀ ਕੰਬਣੀ, ਪਕੌੜਿਆਂ ਦੀ ਕਰਾਰੀ ਤੇ ਜਲੇਬੀਆਂ ਦੀ ਮਿੱਠੀ ਵਾਸ਼ਨਾ, ਸੰਧੂਰੀ ਅੰਬੀਆਂ ਤੇ ਤੱਤੇ ਠੰਢੇ ਦਾ ਜਿ਼ਕਰ ਮੈਂ ਇੰਦਰਿਆਵੀ ਰਸ ਦੇਣ ਲਈ ਹੀ ਕਰਦਾਂ। ਕਬੱਡੀ ਦੇ ਜਾਫੀ ਵਾਂਗ ਇਹ ਮੇਰਾ ਪਾਠਕਾਂ ਨੂੰ ਜੱਫਾ ਹੈ। ਗੁਟ ਫੜਨਾ, ਧੌਣ ‘ਤੇ ਹੱਥ ਰੱਖਣਾ, ਕੈਂਚੀ ਮਾਰਨੀ, ਲੱਕ ਨੂੰ ਲਪੇਟਾ ਪਾਉਣਾ ਤੇ ਚਾਕੂ ਵਾਂਗ ‘ਕੱਠਾ ਕਰ ਦੇਣਾ, ਮੈਂ ਸਾਰੇ ਦਾਅ ਵਰਤਦਾਂ। ਇਕ ਵਾਰ ਹਰਿੰਦਰ ਮਹਿਬੂਬ ਦੀ ਚਿੱਠੀ ਆਈ ਜਿਸ ਵਿਚ ਲਿਖਿਆ ਸੀ ਕਿ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਉਹ ਰਾਤ ਨੂੰ ਪੜ੍ਹਨ ਲੱਗਾ ਤੇ ਪੂਰਾ ਪੜ੍ਹ ਕੇ ਹੀ ਸੌਂ ਸਕਿਆ। ਕਿਸੇ ਨੂੰ ਲਿਖਤ ਪੜ੍ਹੀ ਜਾਣ ਲਈ ਸਾਰੀ ਰਾਤ ਜਗਾਈ ਰੱਖਣਾ ਸੌਖਾ ਨਹੀਂ ਹੁੰਦਾ। ਮੈਂ ਪਾਠਕਾਂ ਨੂੰ ਪਕੜਨ ਲਈ ਕਈ ਜੁਗਤਾਂ ਵਰਤਦਾਂ। ਮੇਰੇ ਸਫ਼ਰਨਾਮੇ ਦੀ ਪਹਿਲੀ ਸਤਰ ‘ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ’ ਵਿਚ ਖ਼ਾਸ ਖਿੱਚ ਹੈ ਜੋ ਮੈਂ ਵਾਰ-ਵਾਰ ਫਿਕਰਾ ਤਰਾਸ਼ ਕੇ ਘੜੀ। ਕੁੜੀ, ਬੜੀ ਤੇ ਖਿੜਕੀ ਵਿਚਲੇ ੜਾੜੇ ਦਾ ਪ੍ਰਯੋਗ ਵੇਖੋ। ਕੁੜੀ ਸੋਹਣੀ ਵੀ ਬੜੀ ਹੋਵੇ ਤਾਂ ਖਿੜਕੀ ‘ਚੋਂ ਵੇਖਣ ਲਈ ਕੌਣ ਨਾ ਖਿੱਚਿਆ ਜਾਊ? ਖਿੜਕੀ ‘ਚੋਂ ਵੇਖਣ ਲਈ ਤਾਂ ਕਈਆਂ ਨੇ ਕੁੱਟ ਵੀ ਖਾਧੀ ਹੋਊ! ਮੈਂ ਆਪਣੀਆਂ ਲਿਖਤਾਂ ਨੂੰ ਪੜ੍ਹਨਯੋਗ ਬਣਾਉਣ ਲਈ ਨਿਰਾ ਇੰਦਰਿਆਵੀ ਰਸਾਂ ਦਾ ਹੀ ਸਹਾਰਾ ਨਹੀਂ ਲੈਂਦਾ ਅਲੰਕਾਰਾਂ ਦੀ ਵਰਤੋਂ ਵੀ ਰੱਜ ਕੇ ਕਰਦਾਂ। ਅਲੰਕਾਰ ਵੀ ਹਰ ਤਰ੍ਹਾਂ ਦੇ। ਮੁਹਾਵਰੇ ਵਰਤਦਾਂ, ਅਖਾਣ ਵਰਤਦਾਂ ਤੇ ਲਤੀਫ਼ੇਬਾਜ਼ੀ ਵੀ ਕਰਦਾਂ। ਕੋਸਿ਼ਸ਼ ਕਰਦਾਂ ਕਿ ਪਾਠਕ ਇਕ ਵਾਰ ਕਾਬੂ ਆ ਜਾਵੇ ਤਾਂ ਨਿਕਲ ਨਾ ਸਕੇ। ਇਹ ਤਾਂ ਖ਼ੈਰ ਟ੍ਰੇਲਰ ਹੈ, ਪੂਰੀ ਫਿਲਮ ਕਦੇ ਫੇਰ ਸਹੀ।

ਵ. ‘ਪੰਜ ਰੁਪਿਆਂ ਦਾ ਭਾਰ’ ਤੁਹਾਡੀ ਜੀਵਨ-ਗਾਥਾ ਦਾ ਮਨੁੱਖੀ ਭਾਵਾਂ ਦੀ ਤਰਲਤਾ ਨੂੰ ਬਿਆਨ ਕਰਦਾ ਖੂਬਸੂਰਤ ਬਿਰਤਾਂਤ ਹੈ। ਕੀ ਕਿਸੇ ਹੋਰ ‘ਭਾਰ’ ਦਾ ਜਿ਼ਕਰ ਕਰਨਾ ਚਾਹੋਗੇ ਜਿਹੜਾ ਲਿਖਤਾਂ ਵਿਚ ਅਣਦੱਸਿਆ ਰਹਿ ਗਿਆ ਹੋਵੇ?
ਸ. ਮੇਰੇ ਸਿਰ ਕਈ ਭਾਰ ਹਨ। ਮੈਂ ਘਰ ਦਿਆਂ ਦਾ ਓਡਾ ‘ਕਮਾਊ’ ਪੁੱਤ ਸਾਬਤ ਨਹੀਂ ਹੋਇਆ ਜਿਡੇ ਦੀ ਉਨ੍ਹਾਂ ਨੂੰ ਆਸ ਸੀ। ਉਹ ਸਮਝਦੇ ਹਨ ਕਿ ਠਾਣੇਦਾਰਾਂ, ਤਸੀਲਦਾਰਾਂ ਤੇ ਸਿਆਸਤਦਾਨਾਂ ਵਾਂਗ ਮੈਂ ਵੀ ਘਰ ਭਰ ਦਿੰਦਾ। ਮੇਰੇ ਖੇਡ ਲੇਖਕ ਹੋਣ ਤੇ ਹਵਾਈ ਜਹਾਜ਼ਾਂ ਵਿਚ ਚੜ੍ਹੇ ਫਿਰਨ ਦਾ ਉਨ੍ਹਾਂ ਨੂੰ ਕੀ ਭਾਅ ਜਦੋਂ ਕਿ ਮੈਂ ਕਿਸੇ ਦਾ ਧੀ-ਪੁੱਤ ਬਦੇਸ਼ ਨਹੀਂ ਪੁਚਾ ਸਕਿਆ। ਉਨ੍ਹਾਂ ਭਾਣੇ ਮੈਂ ਕਬੱਡੀ ਦੇ ਖਿਡਾਰੀ ਬਣਾ ਕੇ ਭਾਵੇਂ ਸਾਰੇ ਰਿਸ਼ਤੇਦਾਰ ਲੰਘਾ ਦਿੰਦਾ। ਕਿਸੇ ਦਾ ਧੀ-ਪੁੱਤ ਆਪ ਦਾ ਲਿਖਾ ਕੇ ਬਾਹਰ ਲੈ ਜਾਂਦਾ! ਜੇ ਮੈਂ ਕਹਿੰਨਾਂ ਕਿ ਇਹ ਗ਼ਲਤ ਕੰਮ ਐ ਤਾਂ ਭੈਣ-ਭਰਾ ਈ ਕਹਿ ਦਿੰਦੇ ਨੇ, “ਗ਼ਲਤ ਕਾਹਦਾ, ਜਦੋਂ ਸਾਰੇ ਈ ਕਰੀ ਜਾਂਦੇ ਨੇ!” ਹਾਲਾਂਕਿ ਮੇਰੇ ਛੋਟੇ ਭਰਾ ਭਜਨ ਦਾ ਰਿਸ਼ਤਾ ਮੇਰੀ ਪਤਨੀ ਨੇ ਆਪਣੇ ਚਾਚੇ ਦੀ ਧੀ ਨਾਲ ਅਮਰੀਕਾ ਵਿਚ ਕਰਵਾਇਆ ਜਿਸ ਨਾਲ ਸਾਰੇ ਭੈਣ ਭਰਾ ਅਮਰੀਕਾ ਦੇ ਇਮੀਗਰਾਂਟ ਬਣ ਗਏ। ਜਿਨ੍ਹਾਂ ਦੇ ਬੱਚੇ ਵਿਆਹੇ ਜਾਣ ਕਰਕੇ ਅਮਰੀਕਾ ਨਹੀਂ ਜਾ ਸਕੇ ਉਹ ਕਹਿੰਦੇ ਨੇ ਕਿ ਉਨ੍ਹਾਂ ਨੂੰ ਇੰਮੀਗਰਾਂਟ ਬਣਾਉਣ ਦਾ ਕੀ ਆਸਰਾ? ਸਰਦੇ ਬਰਦੇ ਹੋ ਕੇ ਵੀ ਕਹੀ ਜਾਂਦੇ ਨੇ, ਹੁਣ ਉਨ੍ਹਾਂ ਦੇ ਪੁੱਤ-ਪੋਤੇ ਬਾਹਰ ਲਿਜਾਓ! ਬੰਦਾ ਭਾਰ ਨਾ ਮੰਨੇ ਤਾਂ ਹੋਰ ਕੀ ਮੰਨੇ?
ਇਕ ਹੋਰ ਭਾਰ ਮੈਂ ਉਨ੍ਹਾਂ ਸੱਜਣਾਂ ਮਿੱਤਰਾਂ ਦਾ ਸਮਝਦਾਂ ਜਿਹੜੇ ਵਰ੍ਹਿਆਂ ਤੋਂ ਮੇਰੀ ਮਹਿਮਾਨ ਨਿਵਾਜ਼ੀ ਕਰਦੇ ਆ ਰਹੇ ਨੇ। ਮੈਨੂੰ ਅਨੇਕਾਂ ਖੇਡ ਮੇਲਿਆਂ ‘ਤੇ ਜਾਣ ਦੇ ਮੌਕੇ ਮਿਲੇ ਨੇ। ਲੰਡਨ, ਬਰਮਿੰਘਮ ਤੇ ਵਰਿੰਗਟਨ ਤੋਂ ਲੈ ਕੇ ਕੈਨੇਡਾ-ਅਮਰੀਕਾ ਦੇ ਦਰਜਨਾਂ ਸ਼ਹਿਰਾਂ ਵਿਚ ਮੇਰੀ ਮਹਿਮਾਨ ਨਿਵਾਜ਼ੀ ਹੋਈ ਐ, ਦਾਅਵਤਾਂ ਮਿਲੀਆਂ ਨੇ, ਤੋਹਫ਼ੇ ਮਿਲੇ ਨੇ ਤੇ ਹਵਾਈ ਟਿਕਟਾਂ ਮਿਲਦੀਆਂ ਰਹੀਆਂ ਨੇ। ਕਦੇ ਕਦੇ ਮੈਨੂੰ ਲੱਗਦਾ ਰਿਹੈ ਕਿ ਮੇਰੇ ਤੇ ਸ਼ਰਾਧ ਖਾਣੇ ਬਾਹਮਣਾਂ ‘ਚ ਕੀ ਫਰਕ ਰਹਿ ਗਿਆ? ਹਾਲਾਂਕਿ ਬਣਦੀ ਸਰਦੀ ਮਹਿਮਾਨ ਨਿਵਾਜ਼ੀ ਮੇਰਾ ਪਰਿਵਾਰ ਵੀ ਕਰਦਾ ਹੈ ਪਰ ਉਹ ਉਸ ਦੇ ਬਰਾਬਰ ਨਹੀਂ ਜੋ ਮੈਂ ਮਾਣੀ ਹੈ। ਪਤਾ ਨਹੀਂ ਇਹ ਭਾਰ ਕਦ ਲੱਥੇ ਜਾਂ ਮੇਰੇ ਨਾਲ ਹੀ ਜਾਵੇ?

ਵ. ਆਪਣੇ ਸੁਭਾਅ ਦੀ ਅਜਿਹੀ ਕੋਈ ਕਮਜ਼ੋਰੀ ਦੱਸਣੀ ਚਾਹੋਗੇ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਚ ਨਾ ਹੁੰਦੀ?
ਸ. ਮੇਰੇ ਸੁਭਾਅ ‘ਚ ਦੋ ਕਮਜ਼ੋਰੀਆਂ ਖ਼ਾਸ ਤੌਰ ‘ਤੇ ਰਹੀਆਂ। ਪਹਿਲਾਂ ਪਹਿਲ ਮੈਂ ਹੀਣ ਭਾਵ ਦਾ ਕੁਝ ਵਧੇਰੇ ਹੀ ਸਿ਼ਕਾਰ ਰਿਹਾ। ਮੇਰੇ ‘ਚ ਸਵੈ-ਵਿਸ਼ਵਾਸ ਦੀ ਕਮੀ ਰਹੀ। ਇਹੋ ਕਾਰਨ ਸੀ ਕਿ ਸਕੂਲ ਵਿਚ ਮੈਂ ਹੁਸਿ਼ਆਰ ਵਿਦਿਆਰਥੀ ਨਹੀਂ ਰਿਹਾ। ਫਿਰ ਜਿਵੇਂ ਜਿਵੇਂ ਮੇਰੇ ਅੰਦਰ ਸਵੈ-ਵਿਸ਼ਵਾਸ ਵਧਦਾ ਗਿਆ ਮੈਂ ਹੁਸਿ਼ਆਰ ਵੀ ਹੁੰਦਾ ਗਿਆ ਤੇ ਹਰਫਨ ਮੌਲਾ ਵੀ ਬਣਦਾ ਗਿਆ। ਦਸਵੀਂ ‘ਚੋਂ ਮੈਂ ਮਸਾਂ ਪਾਸ ਹੋਇਆ ਸਾਂ ਪਰ ਐੱਮ. ਏ. ‘ਚ ਇਕ ਨੰਬਰ ਦੇ ਫਰਕ ਨਾਲ ਯੂਨੀਵਰਸਿਟੀ ‘ਚੋ ਫਸਟ ਆਉਣੋਂ ਰਹਿ ਗਿਆ। ਬਚਪਨ ‘ਚ ਮੈਂ ਮਿੱਟੀ ਬਹੁਤ ਖਾਧੀ ਜਿਸ ਕਰਕੇ ਪੀਲਾ ਜਿਹਾ ਪਿਆ ਰਿਹਾ ਤੇ ਮਧਰਾ ਵੀ ਰਿਹਾ। ਪਰ ਪਿੱਛੋਂ ਸਭ ਕੁਝ ਠੀਕ ਹੋ ਗਿਆ। ਗ਼ਲਤ ਹੋਇਆ ਤਾਂ ਏਹੋ ਕਿ ਭੂਆ ਦੇ ਪਿੰਡ ਫੁੱਫੜ ਜੀ ਹੋਰਾਂ ਨੂੰ ਰੋਟੀ ਖੁਆਉਂਦਾ-ਵਰਤਾਉਂਦਾ ਉਨ੍ਹਾਂ ਨਾਲ ਰਾਇ ਸਿੱਖਾਂ ਦੀ ਘਰ ਦੀ ਕੱਢੀ ਸ਼ਰਾਬ ਪੀਣ ਲੱਗ ਪਿਆ। ਬਹੁਤੀ ਤਾਂ ਨਹੀਂ ਪੀਤੀ ਪਰ ਤੀਹ ਪੈਂਤੀ ਸਾਲ ਦੀ ਉਮਰ ਪਿੱਛੋਂ ਲਗਭਗ ਰੋਜ਼ ਦਾ ਹੀ ਪਿਆਕ ਬਣ ਗਿਆ। ਬੇਬੇ ਕਦੇ ਕਦੇ ਮੇਰੀ ਪਤਨੀ ਨੂੰ ਕਹਿ ਦਿੰਦੀ ਸੀ ਕਿ ਇਹਨੂੰ ਹਟਾ। ਉਹ ਕਹਿੰਦੀ ਵੀ ਰਹੀ ਪਰ ਮੈਂ ਹਟਿਆ ਨੀ। ਹਟਦਾ ਤਾਂ ਬੰਦਾ ਆਪਣੇ ਆਪ ਈ ਐ!
ਪੀਂਦਾ ਤਾਂ ਦੋ ਕੁ ਪੈੱਗ ਹੀ ਹਾਂ ਪਰ ਪੀਂਦਾ ਨਿੱਤ ਆਂ। ਇਹ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ। ਕਦੇ ਕਦੇ ਹਫ਼ਤਾ ਦੋ ਹਫ਼ਤੇ ਛੱਡ ਕੇ ਵੀ ਵੇਖੀ ਐ। ਨਾ ਨੀਂਦ ‘ਚ ਫਰਕ ਪੈਂਦੈ ਨਾ ਭੁੱਖ ‘ਚ। ਨਾ ਸਿਹਤ ਪਹਿਲਾਂ ਨਾਲੋਂ ਚੰਗੀ ਮਹਿਸੂਸ ਹੁੰਦੀ ਐ ਨਾ ਮਾੜੀ। ਜਦੋਂ ਸ਼ਰਾਬ ਦਾ ਚੰਗਾ ਜਾਂ ਮਾੜਾ ਅਸਰ ਮਹਿਸੂਸ ਈ ਨਹੀਂ ਹੁੰਦਾ ਤਾਂ ਆਖੀਦੈ ਬਈ ਰੋਜ਼ ਪੀਣੀ ਕੀ ਮਾੜੀ ਐ? ਪੀਣ ਜੋਗੇ ਪੈਸੇ ਮੈਂ ਕਮਾਈ ਈ ਜਾਨਾਂ। ਜਦੋਂ ਤਨਖਾਹ ਘੱਟ ਹੁੰਦੀ ਸੀ ਤਾਂ ਪੀਣ ਜੋਗੀ ਕੱਢਵਾ ਵੀ ਲੈਂਦਾ ਸਾਂ। ਪ੍ਰੋਫੈ਼ਸਰ ‘ਤੇ ਕਿਹੜਾ ਕਿਸੇ ਨੇ ਸ਼ੱਕ ਕਰਨਾ ਸੀ! ਅਸੀਂ ਪੰਜੇ ਭਰਾ ਪੀ ਲੈਨੇਂ ਆਂ ਪਰ ਸਾਡੇ ਮੁੰਡੇ ਨਹੀਂ ਪੀਂਦੇ। ਸਿਰਫ਼ ਕਨੇਡਾ ਵਾਲਾ ਈ ਪੀਂਦੈ ਤੇ ਆਏ ਗਏ ਦੀ ਸੇਵਾ ਵੀ ਕਰਦੈ। ਸੇਵਾ ਕਰਨ ‘ਚ ਵੱਡਾ ਵੀ ਘੱਟ ਨਹੀਂ ਪਰ ਅਜੇ ਸ਼ਰਾਬ ਤੋਂ ਬਚਿਆ ਹੋਇਐ। ਹੁਣ ਮੇਰਾ ਇਹ ਹਾਲ ਕਿ ਮਿਲ ਗਈ ਤਾਂ ਪੀ ਲਈ ਨਹੀਂ ਬਿਨ ਪੀਤੇ ਵੀ ਸਾਰ ਲੈਨਾਂ। ਸਿ਼ਵ ਕੁਮਾਰ ਵਾਂਗ ਸ਼ਰਾਬ ਬਿਨਾਂ ਮੇਰੀ ਜਾਨ ਨੀ ਨਿਕਲਦੀ। ਨਿੱਕੀਆਂ ਮੋਟੀਆਂ ਕਮਜੋ਼ਰੀਆਂ ਤਾਂ ਮੇਰੇ ‘ਚ ਹੋਰ ਵੀ ਨੇ ਪਰ ਹੁੰਦੀਆਂ ਕੀਹਦੇ ‘ਚ ਨਹੀਂ। ਏਨਾ ਸ਼ੁਕਰ ਐ ਕਿ ਕੋਈ ਕਮਜ਼ੋਰੀ ਲਕੋਣ ਦੀ ਅਜੇ ਤਕ ਲੋੜ ਨਹੀਂ ਪਈ।

ਵ. ਮੈਨੂੰ ਪਿਛਲੇ ਕੁਝ ਸਮੇਂ ਤੋਂ ਲੱਗਦੈ ਕਿ ਜਿਵੇਂ ਪੰਜਾਬੀ ਸਾਹਿਤ ਜਗਤ ਵਿਚ ਗਲਪਕਾਰ, ਕਵੀ, ਨਾਟਟਕਾਰ ਆਦਿ ਦੀ ਕਦਰ ਹੈ, ਵਾਰਤਕ-ਲੇਖਕ ਦੀ ਅਜਿਹੀ ਕਦਰ ਦਿਖਾਈ ਨਹੀਂ ਦਿੰਦੀ। ਤੁਸੀਂ ਸਾਹਿਤਕ ਪਰਚਿਆਂ ਵਿਚ ਛਪੀਆਂ ਲਿਖਤਾਂ ‘ਚ ਇਸਦਾ ਪਰਛਾਵਾਂ ਵੇਖ ਸਕਦੇ ਹੋ। ਪਹਿਲਾਂ ਕਵਿਤਾ, ਫਿਰ ਕਹਾਣੀ ਤੇ ਫਿਰ ਵਾਰਤਕ ਛਪਦੀ ਹੈ। ਦਰਜੇ-ਬੰਦੀ ਵਿਚ ਵਾਰਤਕ ਦੇ ਪਛੜ ਜਾਣ ਦਾ ਤੁਹਾਨੂੰ ਕੀ ਕਾਰਨ ਨਜ਼ਰ ਆਉਂਦਾ ਹੈ ਹਾਲਾਂਕਿ ਸਾਡੇ ਮੁੱਢਲੇ ਵਾਰਤਕਕਾਰਾਂ ਨੇ ਹੀ ਕਦੀ ਪੰਜਾਬੀ ਸਾਹਿਤ ‘ਚ ਭਾਸ਼ਾ ਦੀ ਪੈਂਠ ਬਣਾਈ ਸੀ?
ਸ. ਮੈਨੂੰ ਖ਼ੁਦ ਨੂੰ ਸਮਝ ਨਹੀਂ ਆ ਰਹੀ ਕਿ ਵਾਰਤਕ ਲੇਖਕ ਕਿਓਂ ਪਿੱਛੇ ਰੱਖੇ ਜਾਂਦੇ ਹਨ? ਸਾਹਿਤ ਰਚਨਾ ਕਰਨ ਵਿਚ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ ਤੇ ਨਿਬੰਧਕਾਰ ਸਾਰੇ ਹੀ ਮਿਹਨਤ ਨਾਲ ਚੰਗੀ ਰਚਨਾ ਰਚਦੇ ਨੇ। ਹਰ ਇਕ ਨੂੰ ਬਰਾਬਰ ਦੀ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀ ਵਿਚ ਜੇਕਰ ਕਵਿਤਾ-ਕਹਾਣੀ ਆਦ ਉਚ ਪਾਏ ਦੀ ਕਹੀ ਜਾਂਦੀ ਹੈ ਤਾਂ ਸਾਹਿਤ ਦੇ ਦੂਜੇ ਰੂਪ ਵੀ ਕੋਈ ਘੱਟ ਪਾਏਦਾਰ ਨਹੀਂ। ਗੁਰਬਖ਼ਸ਼ ਸਿੰਘ ਦੀ ਵਾਰਤਕ ਤੋਂ ਲੈ ਕੇ ਬਲਵੰਤ ਗਾਰਗੀ ਦੀ ਵਾਰਤਕ ਤਕ ਤੇ ਪੂਰਨ ਸਿੰਘ ਦੀ ਵਾਰਤਕ ਤੋਂ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਤਕ ਦਰਜਨ ਤੋਂ ਵੱਧ ਅਜਿਹੇ ਵਾਰਤਕਕਾਰ ਹਨ ਜਿਨ੍ਹਾਂ ਦੀ ਵਾਰਤਕ ਸ਼ੈਲੀ ਲਾਸਾਨੀ ਹੈ। ਜੇਕਰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮਾਂ ‘ਤੇ ਝਾਤ ਮਾਰੀ ਜਾਵੇ ਤਾਂ ਪੰਜਾਬੀ ਵਿਚ ਵਧੇਰੇ ਇਨਾਮ ਕਵੀਆਂ ਤੇ ਕਹਾਣੀਕਾਰਾਂ ਨੂੰ ਹੀ ਮਿਲੇ ਹਨ। ਵਾਰਤਕ ਲੇਖਕ ਅਣਗੌਲੇ ਹੀ ਰਹੇ ਹਨ।
ਅਸਲ ਵਿਚ ਵਾਰਤਕ ਦਾ ਦਾਇਰਾ ਹੀ ਬੜਾ ਵਿਸ਼ਾਲ ਹੈ। ਹਰ ਤਰ੍ਹਾਂ ਦੇ ਗਿਆਨ ਤੇ ਜਾਣਕਾਰੀ ਦਾ ਮਾਧਿਅਮ ਵਾਰਤਕ ਹੈ। ਇਹ ਖ਼ਾਸ ਦੀ ਥਾਂ ਆਮ ਹੋਣ ਕਾਰਨ ਹੀ ਅਣਗੌਲੀ ਰਹਿ ਜਾਂਦੀ ਹੈ। ਪੰਜਾਬੀ ਵਿਚ ਰਸਦਾਰ, ਤਿੱਖੀ ਵਿਅੰਗਆਤਮਕ, ਸੁਹਜਭਰੀ ਤੇ ਕਾਵਿਮਈ ਵਾਰਤਕ ਕਾਫੀ ਮਾਤਰਾ ਵਿਚ ਮੌਜੂਦ ਹੈ ਪਰ ਸਾਡੇ ਆਲੋਚਕਾਂ ਦੀ ਉਸ ਵੱਲ ਨਜ਼ਰ ਸਵੱਲੀ ਨਹੀਂ। ਨਰਿੰਦਰ ਸਿੰਘ ਕਪੂਰ ਤੇ ਕੁਝ ਹੋਰ ਪੰਜਾਬੀ ਲੇਖਕਾਂ ਦੀ ਵਾਰਤਕ ਨੂੰ ਹੋਰਨਾਂ ਭਾਸ਼ਾਵਾਂ ਦੀ ਬਿਹਤਰੀਨ ਵਾਰਤਕ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਪਰ ਰੱਖੇ ਕੌਣ? ਪੰਜਾਬੀ ਵਾਰਤਕ ਮੇਰੀ ਜਾਚੇ ਓਨੀ ਪਛੜੀ ਹੋਈ ਨਹੀਂ, ਜਿੰਨਾ ਆਲੋਚਕਾਂ ਦਾ ਵਾਰਤਕਕਾਰਾਂ ਪ੍ਰਤੀ ਪਛੜਿਆ ਹੋਇਆ ਰਵੱਈਆ ਹੈ। ਸਾਹਿਤਕ ਰਸਾਲਿਆਂ ਦੇ ਸੰਪਾਦਕ ਤਾਂ ਰਵਾਇਤੀ ਤੌਰ ‘ਤੇ ਹੀ ਕਵਿਤਾ ਨੂੰ ਪ੍ਰਥਮ, ਕਹਾਣੀ ਨੂੰ ਦੋਮ ਤੇ ਵਾਰਤਕ ਰਚਨਾਵਾਂ ਨੂੰ ਪਿੱਛੇ ਰੱਖਦੇ ਆ ਰਹੇ ਹਨ। ਕਿਹਾ ਜਾਂਦਾ ਹੈ ਕਿ ਨਾਵਲ ਤੇ ਕਹਾਣੀ ਵਧੇਰੇ ਪੜ੍ਹੇ ਜਾਂਦੇ ਹਨ। ਪਰ ਪੰਜਾਬੀ ਵਿਚ ਵਧੇਰੇ ਵਿਕਣ ਵਾਲੀਆਂ ਕਿਤਾਬਾਂ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਦੀਆਂ ਹਨ। ਹੋਰ ਵੀ ਕੁਝ ਵਾਰਤਕ ਲੇਖਕ ਪਾਠਕਾਂ ਵਿਚ ਮਕਬੂਲ ਹਨ ਪਰ ਪਾਰਖੂਆਂ ਨੂੰ ਉਹ ਨਜ਼ਰ ਨਹੀਂ ਆ ਰਹੇ!

ਵ. ਪੰਜਾਬ ਦੇ ਪਿਛਲੇ ਇਕ ਹਜ਼ਾਰ ਸਾਲ ਦੇ ਇਤਿਹਾਸ ਵਿਚੋਂ, ਕਿਸੇ ਇਕ ਸ਼ਖ਼ਸੀਅਤ ਦਾ ਜਿ਼ਕਰ ਕਰੋ ਜਿਸ ਨੇ ਤੁਹਾਡੇ ਸਮੇਤ ਪੰਜਾਬ ਦੇ ਸਾਹਿਤ, ਸਭਿਆਚਾਰ, ਭਾਸ਼ਾ ਤੇ ਸਮਾਜਿਕ ਮਨੁੱਖੀ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਹੋਵੇ?
ਸ. ਕਿਸੇ ਇਕ ਹੀ ਸ਼ਖਸੀਅਤ ਦਾ ਜਿ਼ਕਰ ਕਰਨਾ ਹੋਵੇ ਤਾਂ ਮੇਰੀ ਜਾਚੇ ਗੁਰੂ ਨਾਨਕ ਦੇਵ ਦਾ ਕੋਈ ਸਾਨੀ ਨਹੀਂ। ਫਿਰ ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਹਨ। ਬਾਬਾ ਬੰਦਾ ਬਹਾਦਰ ਹੈ। ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਹਨ। ਸਾਹਿਤ ਵਿਚ ਵਾਰਸ ਸ਼ਾਹ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਤੇ ਗੁਰਬਖ਼ਸ਼ ਸਿੰਘ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਤੇ ਡਾ. ਐੱਸ. ਐੱਸ. ਜੌਹਲ ਹਨ। ਮੈਨੂੰ ਲੇਖਕ ਦੇ ਤੌਰ ‘ਤੇ ਪ੍ਰਭਾਵਤ ਕਰਨ ਵਿਚ ਕੰਵਲ, ਗਾਰਗੀ ਤੇ ਗੁਰਬਖ਼ਸ਼ ਦੀਆਂ ਲਿਖਤਾਂ ਦਾ ਵੱਡਾ ਹੱਥ ਹੈ। ਪ੍ਰਭਾਵਤ ਤਾਂ ਹਰ ਕੋਈ ਇਕ ਦੂਜੇ ਤੋਂ ਹੁੰਦੈ। ਜੇ ਮੈਂ ਤੁਹਾਡੀਆਂ ਕਹਾਣੀਆਂ ਦੀ ਗੱਲ ਕਰਾਂ ਤਾਂ ਕਈ ਕਹਿਣਗੇ ਪ੍ਰਸ਼ੰਸਾ ਦੀ ਹੱਦ ਟੱਪ ਰਿਹੈ! ਚੰਗੀ ਗੱਲ ਹੋਵੇਗੀ ਜੇ ਮੈਂ ਏਨੇ ਕੁ ਗਿਣਾ ਕੇ ਚੁੱਪ ਕਰ ਰਵ੍ਹਾਂ। ਬਹੁਤ ਲੋਕ ਹਨ ਜਿਨ੍ਹਾਂ ਨੇ ਪੰਜਾਬ ਦੇ ਸਾਹਿਤ, ਸਭਿਆਚਾਰ, ਭਾਸ਼ਾ ਤੇ ਸਮਾਜਿਕ ਮਨੁੱਖੀ ਜੀਵਨ ਨੂੰ ਥੋੜ੍ਹਾ ਜਾਂ ਬਹੁਤਾ ਪ੍ਰਭਾਵਤ ਕੀਤਾ ਹੈ।

ਵ. ਭਾਰਤ ਵਿਚ ਚੰਗੀਆਂ ਭਲੀਆਂ ਸੌਖੀਆਂ ਨੌਕਰੀਆਂ ਕਰਦੇ ਤੇ ਚੰਗੇ ਪੈਸੇ ਕਮਾਉਣ ਵਾਲੇ ਲੋਕਾਂ ਵੱਲੋਂ ਵੀ ਕਨੇਡਾ-ਅਮਰੀਕਾ ਪਹੁੰਚ ਜਾਣ ਲਈ ਤਰਲੋਮੱਛੀ ਹੋਣ ‘ਤੇ ਕੀਤੇ ਜਾਣ ਵਾਲੇ ਯਤਨਾਂ ਬਾਰੇ ਕੁਝ ਕਹਿਣਾ ਚਾਹੋਗੇ?
ਸ. ਇਹਦੇ ਬਾਰੇ ਮੈਂ ਅਕਸਰ ਲਿਖਦਾ ਤੇ ਬੋਲਦਾ ਰਹਿਨਾਂ। ਮੇਰੇ ਅਮਰੀਕਾ ਤੇ ਕੈਨੇਡਾ ਦੇ ਸਫ਼ਰਨਾਮੇ ਵਿਚ ਲਿਖਿਆ ਹੋਇਐ ਕਿ ਪੰਜਾਬ ਤੋਂ ਕੈਨੇਡਾ-ਅਮਰੀਕਾ ਜਾਣ ਲਈ ਜਿਨ੍ਹਾਂ ਦੀ ਲੋੜ ਹੈ ਉਨ੍ਹਾਂ ਦੀ ਤਾਂ ਇਮੀਗ੍ਰੇਸ਼ਨ ਹੋ ਨਹੀਂ ਰਹੀ ਪਰ ਜਿਨ੍ਹਾਂ ਦੀ ਲੋੜ ਨਹੀਂ ਉਨ੍ਹਾਂ ਦੀ ਹੋਈ ਜਾ ਰਹੀ ਐ। ਜਿਨ੍ਹਾਂ ਕੋਲ ਦੇਸ਼ ਵਿਚ ਈ ਸੁਖ-ਸਾਧਨ ਹਨ ਉਨ੍ਹਾਂ ਨੇ ਕੀ ਕਰਨ ਜਾਣੈ ਪਰਦੇਸਾਂ ਵਿਚ? ਉਹ ਬਾਹਰ ਜਾ ਕੇ ਖੱਜਲ-ਖੁਆਰ ਹੀ ਹੁੰਦੇ ਨੇ। ਪਰ ਜਿਵੇਂ ਕਹਿੰਦੇ ਨੇ, ‘ਮੱਛੀ ਪੱਥਰ ਚੱਟ ਕੇ ਈ ਮੁੜਦੀ ਐ’ ਉਵੇਂ ਉਨ੍ਹਾਂ ‘ਚੋਂ ਕਈ ਮੁੜੇ ਵੀ ਆਉਂਦੇ ਨੇ। ਜਿਹੜੇ ਲੋਕ ਦੇਸ਼ ਵਿਚ ਔਖੇ ਨੇ, ਥੁੜੇ-ਟੱਟੇ ਨੇ, ਗ਼ਰੀਬ ਨੇ, ਮਜ਼ਦੂਰ ਨੇ, ਬੇਰੁਜ਼ਗਾਰ ਨੇ, ਵਿਸ਼ੇਸ਼ ਵਿਦਿਆ ਜਾਂ ਵਣਜ ਵਪਾਰ ਲਈ ਜਾਣ ਵਾਲੇ ਨੇ, ਉਹ ਤਾਂ ਜਾਣ ਪਰ ਪ੍ਰੋਫੈਸਰੀਆਂ, ਅਫਸਰੀਆਂ ਤੇ ਹੋਰ ਵਧੀਆ ਨੌਕਰੀਆਂ ਛੱਡ ਕੇ ਜਾਣ ਵਾਲੇ ਤਾਂ ਮੈਂ ਸਮਝਦਾਂ ਪੜ੍ਹੇ ਲਿਖੇ ਮੂਰਖ ਨੇ!
ਜਿਨ੍ਹਾਂ ਕੋਲ ਏਥੇ ਈ ਕਾਰਾਂ ਕੋਠੀਆਂ ਹਨ, ਜ਼ਮੀਨਾਂ ਜਾਇਦਾਦਾਂ ਹਨ ਯਾਨੀ ਆਰਥਿਕ ਤੌਰ ‘ਤੇ ਸੁਖਾਲੇ ਹਨ ਉਨ੍ਹਾਂ ਨੂੰ ਬਾਹਰ ਜਾਣ ਲਈ ਤਰਲੋਮੱਛੀ ਹੋਣ ਦੀ ਲੋੜ ਨਹੀਂ। ਉਨ੍ਹਾਂ ਲਈ ਕੈਨੇਡਾ-ਅਮਰੀਕਾ ਦੂਰ ਦੇ ਢੋਲ ਸੁਹਾਵਣੇ ਵਾਲੀ ਗੱਲ ਐ। ਅਜੋਕੇ ਸੰਚਾਰ ਸਾਧਨਾਂ ਤੇ ਖ਼ਾਸ ਕਰ ਕੇ ਇੰਟਰਨੈੱਟ ਨੇ ਸਾਰੀ ਦੁਨੀਆ ਇਕ ਹੱਥ ਦੀ ਦੂਰੀ ‘ਤੇ ਕਰ ਰੱਖੀ ਐ। ਬਦੇਸ਼ਾਂ ਦਾ ਸਾਰਾ ਕੁਝ ਸਭ ਨੂੰ ਪਤਾ ਹੈ। ਨਹੀਂ ਪਤਾ ਤਾਂ ਪਤਾ ਕਰ ਸਕਦੇ ਹਨ। ਕੈਨੇਡਾ-ਅਮਰੀਕਾ ਵਿਚ ਸਿਰ ਦੀ ਛੱਤ ਈ ਬੰਦੇ ਦੀ ਕਮਾਈ ਦਾ ਤੀਜਾ ਹਿੱਸਾ ਖਾ ਜਾਂਦੀ ਐ। ਚਾਰ ਪੰਜ ਸੌ ਡਾਲਰ ਤੋਂ ਘੱਟ ਕਮਰਾ ਤੇ ਅੱਠ ਨੌਂ ਸੌ ਡਾਲਰ ਤੋਂ ਘੱਟ ਬੇਸਮੈਂਟ ਨਹੀਂ ਮਿਲਦੀ। ਘਰਾਂ ਦੇ ਟੈਕਸ, ਕਾਰਾਂ ਦੇ ਬੀਮੇ ਤੇ ਆਏ ਦਿਨ ਦੇ ਬਿੱਲ ਪੱਟੀ ਨਹੀਂ ਬੱਝਣ ਦਿੰਦੇ। ਡਾਲਰ ਓਹੀ ਕਮਾਉਂਦਾ ਜਿਹੜਾ ਢਿੱਡ ਬੰਨ੍ਹ ਕੇ ਜੀਵੇ, ਓਵਰ ਟਾਈਮ ਲਾਵੇ ਤੇ ਦੋ ਦੋ ਜੌਬਾਂ ਕਰੇ। ਜਾਂ ਫਿਰ ਬਿਜਨਿਸ ਚਲਾਵੇ ਤੇ ਟੈਕਸ ਦੀ ਚੋਰੀ ਕਰੇ। ਧਾਰਮਿਕ ਅਦਾਰਿਆਂ ਦੀਆਂ ਪਰਚੀਆਂ ਕੱਟ ਕੇ ਆਮਦਨ ਕਰ ਬਚਾਵੇ। ਜਾਂ ਫਿਰ ਟਰੱਕ ਉਤੇ ਡਰੱਗ ਦਾ ਗੇੜਾ ਲਾਵੇ। ਲੱਗਜੇ ਤਾਂ ਪੌਂ ਬਾਰਾਂ, ਨਹੀਂ ਅੰਦਰ ਹੋਜੇ। ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਕੈਨੇਡਾ-ਅਮਰੀਕਾ ਦੀਆਂ ਜੇਲ੍ਹਾਂ ਅੰਦਰ ਨੇ!
ਸੱਚੀ ਸੁੱਚੀ ਕਮਾਈ ਨਾਲ ਤਾਂ ਕੈਨੇਡਾ-ਅਮਰੀਕਾ ਵਿਚ ਵੀ ਉਹੋ ਜਿਹਾ ਹੀ ਗੁਜ਼ਾਰਾ ਹੁੰਦੈ ਜਿਹੋ ਜਿਹੋ ਦੇਸ਼ ਵਿਚ ਵੀ ਹੋਈ ਜਾਂਦੈ। ਜ਼ਮੀਨਾਂ ਵੇਚ ਕੇ ਤੇ ਅਣਜੋੜ ਵਿਆਹ ਸਹੇੜ ਕੇ ਕੈਨੇਡਾ-ਅਮਰੀਕਾ ਜਾਣਾ ਨਰਕ ‘ਚ ਜਾਣਾ ਹੈ। ਸਾਰੀ ਉਮਰ ਦਾ ਕਲੇਸ਼। ਦੋਹਾਂ ‘ਚੋਂ ਜਿਹੜਾ ਪਹਿਲਾਂ ਬਾਹਰ ਗਿਆ ਹੁੰਦਾ ਉਹ ਇਹ ਕਹਿਣੋਂ ਨਹੀਂ ਹਟਦਾ ਜਾਂ ਹਟਦੀ ਕਿ ਮੈਂ ਹੀ ਤੈਨੂੰ ਬਾਹਰ ਸੱਦਿਆ! ਉਥੇ ਸੌ ‘ਚੋਂ ਪੰਜਾਹ ਜੋੜਿਆਂ ਦਾ ਜੀਵਨ ਵੀ ਇਕਸੁਰ ਨਹੀਂ। ਆਪਣੇ ਦੋਹਾਂ ਦੇ ਮੁੰਡੇ ਕੈਨੇਡਾ ਵਿਚ ਨੇ, ਆਪਾਂ ਨੂੰ ਪਤਾ ਈ ਐ ਏਧਰ ਵਾਲਿਆਂ ਤੋਂ ਕਿੰਨੇ ਕੁ ਸੌਖੇ ਨੇ? ਉਨ੍ਹਾਂ ਨੂੰ ਏਧਰ ਵਾਲਿਆਂ ਤੋਂ ਵਧੇਰੇ ਕੰਮ ਕਰਨਾ ਪੈਂਦੈ। ਓਥੇ ਭਾਵੇਂ ਕੋਈ ਕਿੰਨਾ ਵੀ ਸਰਦਾ ਬਰਦਾ ਹੋਵੇ, ਨੌਕਰ ਨਹੀਂ ਰੱਖ ਸਕਦਾ। ਘਰ ਬਾਹਰ ਦਾ ਸਾਰਾ ਕੰਮ ਸਭ ਨੂੰ ਆਪਣੇ ਹੱਥੀਂ ਕਿਓਂਟਣਾ ਪੈਂਦੈ। ਕੈਨੇਡਾ-ਅਮਰੀਕਾ ਜਾਣ ਦੀ ਵੱਡੀ ਖਿੱਚ ਡਾਲਰ ਦੇ ਪੰਜਾਹ ਰੁਪਏ ਬਣਨ ਵਿਚ ਈ ਐ। ਜਾਂ ਫਿਰ ਮੁੰਡਿਆਂ ਕੁੜੀਆਂ ਦੀ ਖ਼ੂਬ ‘ਆਜ਼ਾਦੀ’ ਹੈ ਜੋ ਹੁਣ ਏਧਰ ਵੀ ਘੱਟ ਨਹੀਂ। ਵੱਡਾ ਫਰਕ ਏਧਰ ਤੇ ਓਧਰ ਦੀ ਗਵਰਨੈਂਸ ਦਾ ਹੈ। ਓਧਰ ਕਾਇਦਾ ਕਾਨੂੰਨ ਲਾਗੂ ਐ ਜਦ ਕਿ ਏਧਰ ਖੁੱਲ੍ਹ-ਖੇਡ ਐ। ਜੇਕਰ ਏਧਰ ਵੀ ਕਾਇਦਾ ਕਾਨੂੰਨ ਲਾਗੂ ਹੋ ਜਾਵੇ ਤਾਂ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਦੇਸ਼ ਦੀ ਬਦਕਿਸਮਤੀ ਹੈ ਕਿ ਦੇਸ਼ ਦੇ ਨੌਜੁਆਨ ਆਪਣਾ ਘਰ ਸੁਆਰਨ ਦੀ ਥਾਂ ਬਾਹਰ ਦਾ ਸੁਆਰਨ ਲਈ ਬਦੇਸ਼ਾਂ ਨੂੰ ਭੱਜੇ ਜਾ ਰਹੇ ਨੇ।

ਵ. ਤੁਸੀਂ ਛੇ ਮਹੀਨੇ ਕਨੇਡਾ ਤੇ ਛੇ ਮਹੀਨੇ ਭਾਰਤ ਕੱਟ ਕੇ ਦੋਹਾਂ ਮੁਲਕਾਂ ਦਾ ‘ਆਨੰਦ’ ਮਾਣ ਰਹੇ ਓ। ਜੇ ਕਨੇਡਾ ਜਾਂ ਭਾਰਤ ਸਰਕਾਰ ਤੁਹਾਡੇ ਕੋਲੋਂ ਹਰ ਸਾਲ ਭਾਰਤ ਆਉਣ ਦੀ ਸੁਵਿਧਾ ਖੋਹ ਕੇ ਪੱਕੇ ਤੌਰ ‘ਤੇ ਕਨੇਡਾ ਵਿਚ ਰਹਿਣ ਜਾਂ ਭਾਰਤ ਵਿਚ ਹੀ ਰਹਿਣ ਲਈ ਮਜਬੂਰ ਕਰ ਦੇਵੇ ਤਾਂ ਤੁਹਾਡੀ ਚੋਣ ਕੀ ਹੋਵੇਗੀ, ਭਾਰਤ ਜਾਂ ਕਨੇਡਾ?
ਸ. ਪਹਿਲੀ ਗੱਲ ਤਾਂ ਇਹ ਐ ਕਿ ਇਸ ‘ਜੇ’ ਨੇ ਕਦੇ ਲਾਗੂ ਨਹੀਂ ਹੋਣਾ। ਕੈਨੇਡਾ ਤੇ ਭਾਰਤ ਦੇ ਸੰਬੰਧ ਕਦੇ ਵੀ ਏਨੇ ਨਹੀਂ ਵਿਗੜਣੇ ਕਿ ਨਾਗਰਿਕਾਂ ਤੋਂ ਇਕ ਦੂਜੇ ਦੇਸ਼ ਜਾਣ ਦੇ ਹੱਕ ਖੋਹ ਲਏ ਜਾਣ। ਮੈਨੂੰ ਯਕੀਨ ਐ ਕਿ ਮੇਰੀ ਉਮਰ ਵਿਚ ਐਸੀ ਕੋਈ ਸੰਭਾਵਨਾ ਨਹੀਂ। ਫਿਰ ਵੀ ਸੁਆਲ ਦਾ ਜੁਆਬ ਤਾਂ ਦੇਣਾ ਈ ਬਣਦੈ। ਮੈਂ ਤੇ ਮੇਰੀ ਪਤਨੀ 1990 ਵਿਚ ਪਹਿਲੀ ਵਾਰ ਬਤੌਰ ਵਿਜ਼ਟਰ ਅਮਰੀਕਾ ਤੇ ਕੈਨੇਡਾ ਗਏ ਸਾਂ। ਦੂਜੀ ਵਾਰ ਫਿਰ ਵਿਜ਼ਟਰ ਦੇ ਤੌਰ ‘ਤੇ ਇੰਗਲੈਂਡ, ਕੈਨੇਡਾ ਤੇ ਅਮਰੀਕਾ ਗਏ। ਤੀਜੀ ਵਾਰ ਫਿਰ ਵਿਜ਼ਟਰ ਬਣ ਕੇ ਗਏ ਤੇ ਮਿਥੇ ਸਮੇਂ ‘ਚ ਮੁੜਦੇ ਰਹੇ। ਏਸੇ ਦੌਰਾਨ ਸਾਡਾ ਛੋਟਾ ਪੁੱਤਰ ਕੈਨੇਡਾ ਵਿਚ ਵਿਆਹਿਆ ਗਿਆ ਜਿਸ ਦਾ ਵਿਆਹ ਪੰਜਾਬ ਵਿਚ ਹੋਇਆ ਤੇ 1998 ਵਿਚ ਉਹ ਕੈਨੇਡਾ ਚਲਾ ਗਿਆ। 1999 ਵਿਚ ਸਾਡੀ ਪੋਤਰੀ ਦਾ ਜਨਮ ਹੋਇਆ ਤਾਂ ਸਾਨੂੰ ਵਿਜ਼ਟਰ ਦੇ ਤੌਰ ‘ਤੇ ਕੈਨੇਡਾ ਜਾਣਾ ਪਿਆ। ਕੈਨੇਡਾ ਵਿਚ ਬਾਲ ਬੱਚਾ ਪਾਲਣਾ ਬਹੁਤ ਔਖੇ। ਜਿਨ੍ਹਾਂ ਬੱਚਿਆਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲ ਹੋਣ ਉਨ੍ਹਾਂ ਦੇ ਬੱਚੇ ਸੌਖੇ ਪਲ ਜਾਂਦੇ ਨੇ ਜਦ ਕਿ ‘ਕੱਲਿਆਂ ਕਾਰਿਆਂ ਦੇ ਔਖੇ। ਸਾਡੇ ਨੂੰਹ-ਪੁੱਤਰ ਵੀ ਜੱਗ ਤੋਂ ਨਿਰਾਲੇ ਨਹੀਂ। ਉਨ੍ਹਾਂ ਨੇ ਟੈਕਸ ਭਰ ਕੇ ਸਾਨੂੰ ਸਪਾਂਸਰ ਕਰ ਦਿੱਤਾ। ਕੋਈ ਪਾਈਲਟ ਪ੍ਰੋਜੈਕਟ ਸੀ ਜਿਸ ਅਧੀਨ ਅਸੀਂ ਸਤੰਬਰ 2001 ਵਿਚ ਕੈਨੇਡਾ ਦੇ ਪੱਕੇ ਪਰਵਾਸੀ ਬਣ ਗਏ। ਕੁਝ ਸਾਲਾਂ ਬਾਅਦ ਮੇਰੀ ਪਤਨੀ ਨੇ ਤਾਂ ਕੈਨੇਡਾ ਦੀ ਸਿਟੀਜ਼ਨਸਿ਼ਪ ਲੈ ਲਈ ਪਰ ਮੈਂ ਹੁਣ ਤਕ ਵੀ ਇੰਡੀਆ ਦੀ ਸਿਟੀਜ਼ਨਸਿ਼ਪ ਰੱਖੀ ਹੋਈ ਐ। ਪੰਜਾਂ ਸਾਲਾਂ ਬਾਅਦ ਕੈਨੇਡਾ ਦਾ ਪੀ. ਆਰ. ਸੀ. ਭਾਵ ਪੱਕਾ ਰਹਾਇਸ਼ੀ ਕਾਰਡ ਬਣਵਾ ਲਈਦੈ। ਉਹਦੇ ਨਾਲ ਈ ਕੈਨੇਡਾ ਦੀਆਂ ਸਾਰੀਆਂ ਸਹੂਲਤਾਂ ਮਿਲੀ ਜਾਂਦੀਐਂ। ਨਾ ਇੰਡੀਆ ਆਉਣ ਲਈ ਵੀਜ਼ਾ ਲੈਣਾ ਪੈਂਦਾ ਤੇ ਨਾ ਇੰਡੀਆ ਦੀਆਂ ਸਹੂਲਤਾਂ ਦਾ ਹੱਕ ਮਰਦੈ।
ਮੇਰੀ ਸਥਿਤੀ ਦੋਹਾਂ ਦੇਸ਼ਾਂ ਵਿਚ ਵਿਚਰਣ ਦੀ ਹੈ ਜਿਸ ਨੂੰ ਤੁਸੀਂ ਦੋਹਾਂ ਦੇਸ਼ਾਂ ਦਾ ‘ਆਨੰਦ ਮਾਣਨਾ’ ਕਹਿੰਦੇ ਓ।
ਅਨੰਦ ਦੀ ਗੱਲ ਵੀ ਸੁਣ ਲਓ। ਰਿਟਾਇਰ ਹੋਣ ਪਿਛੋਂ ਮੈ ਖੇਡ ਮੇਲੇ ਕੁਝ ਵਧੇਰੇ ਹੀ ਵੇਖ ਰਿਹਾਂ ਜੋ ਗਰਮੀਆਂ ‘ਚ ਕੈਨੇਡਾ-ਅਮਰੀਕਾ ‘ਚ ਲੱਗਦੇ ਨੇ ਤੇ ਸਰਦੀਆਂ ‘ਚ ਪੰਜਾਬ ‘ਚ ਲੱਗਦੇ ਨੇ। ਮੈਂ ਖੇਡ ਮੇਲਿਆਂ ਪਿਛੇ ਈ ਤੁਰਿਆਂ ਫਿਰਦਾਂ ਜਿਸ ਨੂੰ ਤੁਸੀਂ ਛੇ ਮਹੀਨੇ ਓਧਰ ਤੇ ਛੇ ਮਹੀਨੇ ਏਧਰ ਕਹਿੰਦੇ ਓ। ਸਾਡੇ ਦੋ ਪੁੱਤਰ ਨੇ ਜੋ ਦੋ ਮੁਲਕਾਂ ਵਿਚ ਰਹਿੰਦੇ ਨੇ। ਏਧਰ ਓਧਰ ਜਾਣ ਨਾਲ ਅਸੀਂ ਦੋਹਾਂ ਪੁੱਤਰਾਂ ਦੇ ਪਰਿਵਾਰਾਂ ਵਿਚ ਰਹਿ ਲੈਨੇ ਆਂ। ਮੈਂ ਤਾਂ ਹੋਰਨਾਂ ਮਾਪਿਆਂ ਨੂੰ ਵੀ ਸਲਾਹ ਦੇਵਾਂਗਾ ਪਈ ਜੇ ਬੱਚੇ ਬਾਹਰ ਭੇਜਣੇ ਈ ਪੈਣ ਤਾਂ ਇਕ ਨੂੰ ਬਾਹਰ ਭੇਜੋ ਤੇ ਦੂਜੇ ਨੂੰ ਦੇਸ਼ ਵਿਚ ਰੱਖੋ। ਦਿਨ ਪੁਰ ਰਾਤ ਕੰਮ ਕਰਨ ਵਾਲਾ ‘ਕੈਨੇਡਾ’, ਕੈਨੇਡਾ ਵਿਚਲੇ ਦਾ ਹੋਵੇਗਾ ਤੇ ਵਿਹਲਾ ਰਹਿਣ ਵਾਲਾ ‘ਕੈਨੇਡਾ’ ਦੇਸ਼ ਵਿਚਲੇ ਦਾ!
ਹੁਣ ਸਿਰੇ ਦੀ ਗੱਲ ਸੁਣ ਲਓ। ਮੈਂ ਬਰੈਂਪਟਨ ਰਹਿੰਦਿਆਂ ਬਾਬਿਆਂ ਦੀ ਢਾਣੀ ਵਿਚ ਜਾਂਦਾ ਰਹਿਨਾਂ। ਓਥੋਂ ਮੈਨੂੰ ਲਿਖਣ ਦਾ ਮਸਾਲਾ ਵੀ ਮਿਲ ਜਾਂਦੈ। ਬਾਬੇ ਇਕ ਦੂਜੇ ਨੂੰ ਪੁੱਛਦੇ ਰਹਿੰਦੇ ਨੇ, “ਕਨੇਡਾ ਦਾ ਜੁਆਈ ਬਣਨ ‘ਚ ਕਿੰਨਾ ਟੈਮ ਰਹਿ ਗਿਆ?” ਕੋਈ ਸਾਲ ਦਸਦੈ, ਕੋਈ ਦੋ ਸਾਲ ਤੇ ਜਿਨ੍ਹਾਂ ਦੇ ਬਹੁਤੇ ਸਾਲ ਰਹਿੰਦੇ ਹੋਣ ਉਹ ਲੰਮਾ ਸਾਹ ਲੈ ਕੇ ਕਹਿ ਦਿੰਦੇ ਨੇ, “ਅਜੇ ਤਾਂ ਬਥੇਰੇ ਸਾਲ ਪਏ ਨੇ। ਕੀ ਪਤਾ ਬਣੀਏਂ, ਕੀ ਪਤਾ ਨਾ ਈ ਬਣੀਏਂ?” ਮੈਂ ਵੀ ਦਸਾਂ ਸਾਲਾਂ ਤੋਂ ਇਹੋ ਕੁਝ ਕਹਿੰਦਾ ਆ ਰਿਹਾਂ। ਕੈਨੇਡਾ ‘ਚ ਦਸ ਸਾਲ ਦੀ ਰਹਾਇਸ਼ ਤੇ ਪੈਂ੍ਹਟ ਸਾਲ ਦੀ ਉਮਰ ਟੱਪਣ ਪਿਛੋਂ ਬੁਢਾਪਾ ਪੈਨਸ਼ਨ ਲੱਗ ਜਾਂਦੀ ਐ। ਮੇਰੀ ਪੈਨਸ਼ਨ ਬਹੱਤਰਵੇਂ ਸਾਲ ‘ਚ ਲੱਗੀ ਐ ਯਾਨੀ ਮੈਂ ਹੁਣ ਕਿਤੇ ਜਾ ਕੇ ਕੈਨੇਡਾ ਦਾ ਜੁਆਈ ਬਣਿਆਂ!
ਜੁਆਈ ਓਦੋਂ ਤਕ ਤਾਂ ਸਹੁਰੀਂ ਬੈਠੇ ਰਹਿੰਦੇ ਨੇ ਜਦੋਂ ਤਕ ਸਹੁਰੇ ਝੱਲੀ ਜਾਣ। ਨਾ ਝੱਲਣ ਤਾਂ ਘਰ ਆਉਣਾ ਹੀ ਹੋਇਆ। ਪੰਜਾਬ ਮੇਰਾ ਘਰ ਐ ਤੇ ਕੈਨੇਡਾ-ਅਮਰੀਕਾ ਸੌਹਰੇ। ਘਰ ਕੀਹਨੂੰ ਪਿਆਰਾ ਨਹੀਂ ਹੁੰਦਾ? ਜੇ ਚੋਣ ਕਰਨੀ ਪਵੇ ਤਾਂ ਮੈਂ ਪੰਜਾਬ ਤੋਂ ਕੈਨੇਡਾ ਨੂੰ ਵਾਰ ਦਿਆਂਗਾ। ਮੇਰਾ ਵੱਸ ਚੱਲੇ ਤਾਂ ਮੈਂ ਚਾਹਾਂਗਾ ਕਿ ਮੇਰੇ ਪ੍ਰਾਣ ਵੀ ਕਵੀਸ਼ਰ ਕਰਨੈਲ ਸਿੰਘ ਪਾਰਸ ਵਾਂਗ ਆਪਣੇ ਪਿੰਡ ਈ ਨਿਕਲਣ ਜਿਥੇ ਮੈਂ ਜੰਮਿਆਂ ਸਾਂ ਤੇ ਮੇਰੇ ਫੁੱਲ ਪਿੰਡ ਦੇ ਸੂਏ ‘ਚ ਤਾਰੇ ਜਾਣ ਜਿਥੇ ਮੈਂ ਬਚਪਨ ‘ਚ ਤਰਿਆ ਕਰਦਾ ਸਾਂ।
(‘ਪੰਜਾਬੀ ਵਾਰਤਕ ਦਾ ਉੱਚਾ ਬੁਰਜ’ ਵਿਚੋਂ)

-0-