ਹਰ ਨਿਸ਼ਾਨੀ ਸੱਜਣਾਂ ਦੀ ਯਾਦ ਦਹਾਨੀ
ਤਾ‘ਵੀਜ਼ ਮੇਰੇ ਜੀਉਣੇ ਦੀ
ਪਿਤਾ ਮਿਰੇ ਦੀ ਕਵਿਤਾਵਾਂ ਦੀ ਕਾਪੀ
ਚਮੜੇ ਜਿਲਤ ਮੜ੍ਹਾਈ
ਹਰੀ ਸਿਆਹੀ ਕਾਗ਼ਜ਼ ਮੋਮੀ ਰੰਗ ਮੋਤੀਆ
ਮਾਂ ਦਾ ਛੰਨਾ ਉੱਜਲ ਕੈਹਾਂ
ਮਮਤਾ ਭਰਿਆ ਕਦੇ ਨਾ ਸੱਖਣਾ ਹੋਣਾ
ਘੜੀ ਪੁਰਾਣੀ ਚਾਬੀ ਟੁੱਟੀ ਵਕਤ ਖਲੋਤਾ
ਹੁਣ ਨਾ ਚਲਦੀ ਵੀ
ਓਹੋ ਵੇਲਾ ਦਸਦੀ ਜਦੋਂ ਸੀ ਚਲਦੀ ਵਰ੍ਹਿਆਂ ਪਹਿਲਾਂ
ਉਹ ਕੋਈ ਕਹਿਰ ਦਾ ਪਲ ਸੀ ਠਹਿਰ ਗਿਆ ਹੈ
ਸ਼ੀਸ਼ਿਆਂ ਵਾਲ਼ੀ ਸਿਹਲ਼ੀ ਸਿਰ ਪਰ ਰੱਖੀ
ਬਾਬੇ ਸ਼ੇਰ ਮੱਰੀ* ਨੇ
ਤੇ ਉਹ ਟੋਪੀ ਵੀ ਜੋ ਪਾਸ਼ ਸੀ ਭੁੱਲਾ
ਮੁੜ ਕੇ ਲੈਣ ਨ ਆਇਆ
ਜਿਸ ਅਸਮਾਨਾਂ ਨੂੰ ਟਾਕੀ ਲਾਈ
ਉਸ ਯੂਰੀ** ਦੀ ਲੋਹੇ ਉੱਕਰੀ ਮੂਰਤ ਉਸਦੇ ਸ਼ਹਿਰ ਖ਼ਰੀਦੀ
ਨਾਲ਼ ਮਿਰੇ ਸਕਿਆਂ ਦੀ ਮੂਰਤ ਪਈ ਹੈ ਸੁਹੰਦੀ
ਹੱਥੀਂ ਖਿੱਚੀ ਮੂਰਤ ਸਾਂਭ ਸਾਂਭ ਕੇ ਰੱਖੀ ਕੋਈ ਨ ਗਿਣਤੀ
ਤੱਕਾਂ ਗੱਲਾਂ ਕਰਨੇ ਲਗਦੀ
ਅੰਬਰ ਕਾਲ਼ਾ ਲਿਸ਼ਕੇ ਤਾਰਾ ਤਾਰਾ
ਗਿਣਦਿਆਂ ਲੰਘ ਜਾਂਦਾ ਔਖਾ ਵੇਲਾ
ਕਾਗਤ ਪੁਰਜ਼ਾ ਸ਼ਾਇਰ ਮੁਰਸ਼ਦ
ਗੁਰ ਲਿਖਿਆ: ਸਭ ਕੁਝ ਹੈ ਵਿਚ ਸ਼ਬਦ ਸਮਾਇਆ
ਲਿਖਣੇ ਦਾ ਵਰ ਦਿੱਤਾ
ਹੌਲ਼ਾ ਫੁੱਲ ਸੋਹਣੀ ਦਾ ਪਿਆਲਾ ਇਕ ਤੋਲ਼ਾ ਮਿੱਟੀ ਸ਼ਹਿਰ ਗੁੱਜਰਾਂ ਦੀ
ਛਲਕਣ ਲਗਦਾ ਡੁੱਲ੍ਹਦਾ ਨਾ ਹੀ ਜਦ ਚੜ੍ਹਦੀ ਕਾਂਗ ਹਿਜਰਾਂ ਦੀ ***
ਤਾ‘ਵੀਜ਼ਾਂ ਦੀ ਯਾਦਾਂ ਦੀ ਮਾਲ਼ਾ
ਹਰ ਮਣਕਾ ਹੈ ਜੀਵਨ ਮੰਤਰ
ਸਾਹ ਨਾਲ਼ ਸਾਹ ਰਲ਼ਾਵੇ
ਸੱਜਣ ਨਾਮ ਧਿਆਵੇ
ਲੇਖੇ ਲਾਇਆ
ਇਹ ਨਹੀਂ ਜਨਮ ਗਵਾਇਆ
* ਬਲੋਚੀ ਇਨਕ਼ਲਾਬੀ ਆਗੂ
ਸ਼ੇਰ ਮੁਹੰਮਦ ਮੱਰੀ
** ਯੂਰੀ ਗਗਾਰਿਨ
*** ਅਕਰਮ ਵੜੈਚ ਦੀ ਨਿਸ਼ਾਨੀ. ਸ਼ਹਿਰ ਗੁਜਰਾਤ ਦਾ ਬਣਿਆ ਮਿੱਟੀ ਦਾ ਕ਼ਾਸਾ, ਜਿਹਦਾ ਨਾਂ
ਸੋਹਣੀ ਦਾ ਪਿਆਲਾ ਏ. ਇਹਦਾ ਵਜ਼ਨ ਇਕ ਤੋਲ਼ਾ ਤੇ ਇਕ ਸੇਰ ਪਾਣੀ ਵਿਚ ਪੈਂਦਾ ਦੱਸਿਆ ਜਾਂਦਾ
ਏ
-0- |