ਸ਼੍ਰੀ
ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ‘ਤੇ ਗੁਰਦਵਾਰਿਆਂ ਦੇ ਨਾਲ-ਨਾਲ
ਪਾਕਿਸਤਾਨ ਰਹਿੰਦੀ ਸਕੀ ਭੂਆ ‘ਜੱਸੀ’ ਦੇ ਵੀ ਦਰਸ਼ਨ ਹੋ ਗਏ ਸਨ। ਭੂਆ ਦੀਆਂ
ਮੋਹ ਭਿੱਜੀਆਂ, ਪਿਆਰੀਆਂ ਪਿਆਰੀਆਂ ਗੱਲਾਂ, ਟੱਬਰ ਦੇ ਬਾਕੀ ਮੈਂਬਰਾਂ ਨੂੰ
ਮਿਲਣਾ ਅਤੇ ਉਹਨਾਂ ਦੇ ਪਿੰਡ ਤੇ ਘਰ ਦਾ ਸੀਨ ਅੱਖਾਂ ਅੱਗੇ ਘੁੰਮੀ ਜਾ
ਰਿਹਾ ਸੀ। ਵਾਪਸ ਆਪਣੇ ਘਰ, ਪਿੰਡ (ਬੱਲ ਕਲਾਂ) ਆ ਕੇ ਮਾਤਾ ਤੇ ਪਿਤਾ ਜੀ
ਨੂੰ ਉਹਨਾਂ ਬਾਰੇ ਦੱਸਿਆ, ਸਾਰੀ ਗੱਲ (ਕਥਾ) ਇਕੋ ਹੀ ਦਿਨ ਨਹੀਂ ਸੀ
ਸੁਣਾਈ ਜਾ ਸਕਦੀ । ਰੋਟੀ ਖਾਣ ਵੇਲੇ ਰੋਜ਼ ਸ਼ਾਮ ਨੂੰ ਬੈਠਦੇ ਤੇ ਉਹਨਾਂ
ਦੀਆਂ ਗੱਲਾਂ ਕਰਨ ਲਗਦੇ, ਜੋ ਕਈ ਕਈ ਘੰਟੇ ਚਲਦੀਆਂ ਰਹਿੰਦੀਆਂ ।
“ਮਨਜੀਤ ਸਿੰਹਾਂ……,” ਮਾਤਾ ਨੇ ਕੰਧ ਵੱਲ ਇਸ਼ਾਰਾ ਕਰਦਿਆਂ ਕਿਹਾ,
“ਆਹ ਜਿਹੜੀ ਤੇਰੀ ਫੋਟੋ ਲੱਗੀ ਆ ਨਾ ……, ਇਹ ਤੇਰੀ ਭੂਆ ਨੇ ਈ ਲੁਹਾਈ ਸੀ
…………, ਤੂੰ ਨਿੱਕਾ ਜਿਹਾ ਸਾਂ………, ਬੀਬੀ ਜੱਸੀ ਆਈ ਸੀ………, ਅਸੀਂ ਸ਼ਹਿਰ
ਗਈਆਂ ……, ਬੀਬੀ ਨੇ ਤੈਨੂੰ ਕੁੱਛੜ ਈ ਚੁੱਕ ਛੱਡਿਆ ਸੀ ………।”
ਮੈਂ ਹੁੰਗਾਰਾ ਦਿੱਤਾ ਤੇ ਮਾਤਾ ਬੋਲਦੀ ਗਈ, “ਅੰਬਰਸਰ ਟੇਸ਼ਨ ਲਾਗੇ ਸੜਕ
‘ਤੇ ਇਕ ਭਾਈ ਫੋਟੋ ਲਾਹੁੰਦਾ ਸੀ……, ਬੀਬੀ ਆਂਹਦੀ ਸੀ ਮੈਂ ਕਾਕੇ ਦੀ ਇਕ
ਫੋਟੋ ਲੈ ਕੇ ਜਾਣੀ ਆਂ………।”
ਉਹ ਫੋਟੋ ਮੈਂ ਹੁਣ ਵੀ ਵੇਖਦਾਂ…………, ਮੈਂ ਦੋ ਜਾਂ ਢਾਈ ਸਾਲ ਦਾ
ਹੋਵਾਂਗਾ, ਸਿਰ ‘ਤੇ ਵਾਲਾਂ ਦੀਆਂ ਮੀਢੀਆਂ ਨਾਲ ਰਿਬਨ ਪਾ ਕੇ ਫੁੱਲ ਕੀਤੇ
ਹੋਏ ਨੇ ਤੇ ਮੈਂ ਤਿੰਨਾਂ ਪਹੀਆਂ ਵਾਲੇ ਸਾਇਕਲ ‘ਤੇ ਬੈਠਾ ਹੋਇਆ ਹਾਂ।
ਜਥੇ ਨਾਲ ਜਾਣ ਵੇਲੇ ਮੈਂ ਭਿਖੀ ਵਿੰਡ ਨੇੜੇ ਬਾਰਡਰ ਏਰੀਏ ਦੀ ਇਕ ਪੇਂਡੂ
ਡਿਸਪੈਂਸਰੀ ਵਿਚ ਮੈਡੀਕਲ ਅਫਸਰ ਸਾਂ 4-5 ਸਾਲ ਇਸੇ ਏਰੀਏ ਵਿਚ, ਛੀਨਾ
ਬਿਧੀ ਚੰਦ, ਸੁਰ ਸਿੰਘ, ਕਸੇਲ, ਪੰਜਵੜ, ਝਬਾਲ ਆਦਿ ਪਿੰਡਾਂ ਵਿਚ ਕੰਮ
ਕੀਤਾ ਸੀ । ਲਗਾਤਾਰ ਇਸ ਖੇਤਰ ਵਿਚ ਰਹਿਣ ਤੇ ਆਉਣ-ਜਾਣ ਕਰਕੇ ਇਧਰ ਦੇ
ਲੋਕਾਂ ਤੇ ਥਾਵਾਂ ਬਾਰੇ ਕਾਫੀ ਜਾਣਕਾਰੀ ਹੋ ਗਈ ਸੀ ।
ਭਿਖੀ ਵਿੰਡ ਤੋਂ ਅੱਗੇ ਖੇਮ ਕਰਨ ਵੱਲ ਨੂੰ, ਮੈਂ ਕਦੀ ਨਹੀਂ ਸਾਂ ਗਿਆ ਪਰ
ਬੱਸਾਂ ਵਿਚ ਸਫਰ ਦੌਰਾਨ, ਤੇ ਹੋਰ ਲੋਕਾਂ ਕੋਲੋਂ ਪਤਾ ਲੱਗਾ ਕਿ ਇਸ
ਸਰਹੱਦੀ ਕਸਬੇ (ਖੇਮ ਕਰਨ ਜੋ ‘65 ਦੀ ਜੰਗ ਵੇਲੇ ਪਾਕਿਸਤਾਨੀ ਟੈਂਕਾਂ ਦੇ
ਕਬਰਸਤਾਨ ਵਜੋਂ ਜਾਣਿਆਂ ਜਾਂਦਾ ਸੀ) ਤੋਂ ਅੱਗੇ, ਬਾਰਡਰ ‘ਤੇ ਇਕ ਜਗ੍ਹਾ
ਹੈ ਜਿੱਥੇ ਨੋ ਮੈਨਜ਼ ਲੈਂਡ (ਂੋ ਮਅਨ’ਸ ਼ਅਨਦ) ‘ਤੇ ਇਕ ਧਾਰਮਿਕ ਅਸਥਾਨ
ਹੈ। ਇਸ ਵਿਚ ਮੰਦਰ ਤੇ ਮਸਜਿਦ ਇਕੱਠੇ ਹਨ, ਇਸ ਦਾ ਨਾਮ ਹੈ ਸ਼ੇਖ ਬ੍ਰਹਮ ।
ਬੜੇ ਪੁਰਾਣੇ ਸਮੇਂ ਤੋਂ ਇਥੇ ਮੇਲਾ ਲਗਦਾ ਹੈ, ਜਿਥੇ ਭਾਰਤ ਤੇ ਪਾਕਿਸਤਾਨ
ਦੋਹਵਾਂ ਦੇਸ਼ਾਂ ਦੇ ਸ਼ਰਧਾਲੂ ਆਉਂਦੇ ਹਨ । ਜ਼ਿਆਦਾ ਉਡੀਕਣਾ ਨਹੀਂ ਪੈਂਦਾ,
ਇਹ ਮੇਲਾ ਹਰ ਹਫਤੇ ਵੀਰਵਾਰ ਨੂੰ ਲਗਦਾ ਸੀ (ਇਹਨੀਂ ਦਿਨੀਂ ਵੀ ਜ਼ਰੂਰ
ਲੱਗਦਾ ਹੋਵੇਗਾ)।
ਘਰ ਵਿਚ ਰੋਜ਼, ਪਾਕਿਸਤਾਨ ਵਾਲਿਆਂ (ਭੂਆ) ਦੀਆਂ ਗੱਲਾਂ ਕਰਦੇ ਰਹਿੰਦੇ
ਸਾਂ, ਇਕ ਦਿਨ ਮੇਰੇ ਮਨ ਵਿਚ ਜਨਮੇ ਇਸ ਵਿਚਾਰ ਨੇ ਵਲਵਲੇ ਦਾ ਰੂਪ ਧਾਰਨ
ਕਰ ਲਿਆ ਕਿ ਸ਼ੇਖ ਬ੍ਰਹਮ ਦੇ ਮੇਲੇ ‘ਤੇ, ਮਾਤਾ ਤੇ ਪਿਤਾ ਜੀ ਨੂੰ ਭੂਆ ਨਾਲ
ਮਿਲਾਉਣ ਦਾ ਉਪਰਾਲਾ ਕੀਤਾ ਜਾਵੇ। ਇਸ ਵਿਚਾਰ ਬਾਰੇ ਜਦ ਮੈਂ ਪਿਤਾ ਜੀ ਨਾਲ
ਗੱਲ ਕੀਤੀ ਤਾਂ ਉਹ ਕਹਿਣ ਲੱਗੇ,
“ਕਾਕਾ……, ਜੇ ਇਹ ਕੰਮ ਕਰ ਦਏਂ ਤਾਂ ਇਸ ਤੋਂ ਵੱਡਾ ਹੋਰ ਪੁੰਨ ਕੀ ਹੋ
ਸਕਦੈ ?”
ਸ਼ੇਖ ਬ੍ਰਹਮ ਵਾਲੀ ਜਗ੍ਹਾ ਦੇ ਪਾਰਲੇ ਪਾਸੇ ਜ਼ਿਲ੍ਹਾ ਕਸੂਰ (ਬਾਬਾ ਬੁਲ੍ਹੇ
ਸਾਹ ਦਾ ਮਜ਼ਾਰ ਵਾਲੀ ਜਗ੍ਹਾ) ਪੈਂਦਾ ਹੈ। ਇਸ ਜ਼ਿਲੇ ਦੇ ਕਸਬੇ ਰਾਏ ਵਿੰਡ
ਦੇ ਨਜ਼ਦੀਕ ਹੀ ਭਅੂਾ ਦਾ ਪਿੰਡ ਰੋਸੇ ਭੈਲ ਹੈ ।
‘47 ਤੋਂ ਪਹਿਲਾਂ ਖੇਮ ਕਰਨ (ਜ਼ਿਲ੍ਹਾ ਅੰਮ੍ਰਿਤਸਰ) ਤੇ ਹੁਸੈਨੀ ਵਾਲਾ
(ਜ਼ਿਲ੍ਹਾ ਫਿਰੋਜ਼ਪੁਰ) ਵਾਲੀਆਂ ਰੇਲਵੇ ਲਾਈਨਾਂ ‘ਤੇ ਅਗਲਾ ਸਟੇਸ਼ਨ ਕਸੂਰ ਹੀ
ਸੀ। ਭਾਰਤੀ ਪੰਜਾਬ ਦਾ ਨਕਸ਼ਾ ਵੇਖੀਏ ਤਾਂ ਪਤਾ ਲਗਦਾ ਹੈ ਕਿ ਭੁਗੋਲਿਕ
ਸਥਿਤੀ ਮੁਤਾਬਿਕ ਫਿਰੋਜ਼ਪੁਰ ਤੇ ਖੇਮ ਕਰਨ, ਬਿਲਕੁਲ ਨੇੜੇ ਨੇੜੇ ਹਨ, ਉਂਜ
ਇਹਨਾਂ ਦਰਮਿਆਨ ਕੋਈ ਸੜਕ ਜਾਂ ਰੇਲ ਲਿੰਕ ਨਹੀਂ, ਸਤਲੁਜ ਦਰਿਆ ਹੀ ਕਾਫੀ
ਖਿਲਰਿਆ ਹੋਇਆ ਹੈ, ਬਾਰਡਰ ਦਾ ਏਰੀਆ ਹੋਣ ਕਰਕੇ ਇਸ ਹਿੱਸੇ ਦੀ ਕੋਈ
ਪੁੱਛ-ਗਿੱਛ ਨਹੀਂ ।
ਮੈਂ ਪੂਰਾ ਧਾਰ ਲਿਆ ਕਿ ਸ਼ੇਖ ਬ੍ਰਹਮ ਦੇ ਮੇਲੇ ‘ਤੇ ਭੂਆ ਨੂੰ ਸੱਦ ਕੇ
ਮਾਤਾ ਤੇ ਪਿਤਾ ਜੀ ਲੈ ਕੇ ਜਾਵਾਂਗਾ। ਜਦ ਇਹ ਸੋਚ ਹੀ ਲਿਆ ਤਾਂ ਲੰਮਾਂ
ਇੰਤਜ਼ਾਰ ਕਰਨਾ ਮੁਸ਼ਕਿਲ ਸੀ । ਇਹ ਗੱਲ ਅੱਧ-ਦਸੰਬਰ (1983) ਦੀ ਹੈ । ਇਸੇ
ਵਿਚਾਰ ਅਧੀਨ ਮੈਂ ਭੂਆ ਨੂੰ ਚਿੱਠੀ ਲਿਖੀ,
“ਤੁਹਾਡੇ ਸ਼ਹਿਰ, ਕਸੂਰ ਦੇ ਨੇੜੇ, ਬਾਰਡਰ ‘ਤੇ, ਇਕ ਧਾਰਮਿਕ ਅਸਥਾਨ ਹੈ
ਜਿੱਥੇ ਮੁਸਲਮਾਨ ਫਕੀਰ ਦੀ ਮਜ਼ਾਰ ਤੇ ਹਿੰਦੂ ਮੰਦਰ ਇਕੱਠੇ ਬਣੇ ਹੋਏ ਹਨ,
ਇਹ ਜਗ੍ਹਾ ਸ਼ੇਖ ਬ੍ਰਹਮ ਵਜੋਂ ਜਾਣੀ ਜਾਂਦੀ ਹੈ । ਤੁਸੀਂ ਉਥੇ ਜਨਵਰੀ
(1984) ਦੇ ਪਹਿਲੇ ਵੀਰਵਾਰ ਪੁੱਜੋ, ਮੈਂ ਮਾਤਾ ਪਿਤਾ ਨੂੰ ਲੈ ਕੇ
ਆਵਾਂਗਾ…………, ਰੱਬ ਨੇ ਚਾਹਿਆ ਤਾਂ ਜਰੂਰ ਮੇਲ ਹੋਵੇਗਾ”।
ਮੈਂ ਇਹ ਚਿੱਠੀ, ਜੇ ਲੈਟਰ ਬਕਸ ਵਿਚ ਪਾਉਂਦਾ ਤਾਂ ਪਤਾ ਨਹੀਂ 15-20 ਦਿਨ
ਲਗ ਜਾਂਦੇ……, ਜਾਂ ਸੈਂਸਰ ਹੁੰਦੀ, ਇਤਰਾਜ਼-ਯੋਗ ਸਮਗਰੀ ਸਮਝੀ ਜਾਂਦੀ,
ਪਹੁੰਚਦੀ ਹੀ ਨਾ । ਉਹਨੀਂ ਦਿਨੀਂ ਵੀ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ
ਸਮਝੌਤਾ ਐਕਸਪ੍ਰੈਸ ਗੱਡੀ ਨਿਰੰਤਰ ਚਲਦੀ ਹੁੰਦੀ ਸੀ। ਲਿਫਾਫਾ ਬੰਦ ਕੀਤਾ
ਤੇ ਗੱਡੀ ਚੱਲਣ ਦੇ ਸਮੇਂ ਮੁਤਾਬਿਕ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ
ਪੁੱਜਾ, ਲਾਹੌਰ ਜਾ ਰਹੇ ਇਕ ਪਾਕਿਸਤਾਨੀ ਮੁਸਾਫਿਰ ਨੂੰ ਆਪਣੀ ਸ਼ਨਾਖਤ ਦੱਸੀ
। ਲਿਫਾਫੇ ‘ਤੇ ਐਡਰੈਸ ਲਿਖ ਕੇ ਉਸ ਨੂੰ ਫੜਾਉਂਦਿਆਂ ਹੋਇਆਂ ਗੁਜ਼ਾਰਿਸ਼
ਕੀਤੀ,
“ਭਾਈ ਸਾਹਿਬ………ਇਹ ਚਿੱਠੀ ਬਹੁਤ ਜ਼ਰੂਰੀ ਹੈ, 4-5 ਦਿਨਾਂ ਵਿਚ ਪਹੁੰਚਣੀ
ਚਾਹੀਦੀ ਹੈ … …, ਤੁਸੀਂ ਮਿਹਰਬਾਨੀ ਕਰੋ ਤਾਂ ਲਾਹੌਰ ਜਾ ਕੇ, ਇਕ ਟਿਕਟ
ਲਗਾ ਕੇ ਇਸ ਨੂੰ ਪੋਸਟ ਕਰ ਦਿਓ………,”
ਦਸ ਰੁਪੈ ਦਾ ਇਕ ਨੋਟ ਉਹਦੇ ਵੱਲ ਵਧਾਉਂਦਿਆਂ, ਮੈਂ ਕਿਹਾ ।
ਲਿਫਾਫੇ ਤੇ ਲਿਖਿਆ ਐਡਰੈਸ ਪੜ੍ਹ ਕੇ ਉਸਨੇ ਚਿਠੀ ਜੇਬ ‘ਚ ਪਾ ਲਈ ਤੇ ਆਖਣ
ਲੱਗਾ,
“ਤੁਸੀਂ ਪੈਸੇ ਰੱਖੋ ਭਾਈ ਜਾਨ………, ਚਿੱਠੀ ਤੁਹਾਡੀ…,ਮੈਂ ਲਾਹੌਰ ਸਟੇਸ਼ਨ
‘ਤੇ ਈ ਪੋਸਟ ਕਰ ਦਿਆਂਗਾ”।
ਅਗਲੇ ਦਿਨ ਮੈਂ, ਸਿਵਿਲ ਡਿਸਪੈਂਸਰੀ ਖੇਮ ਕਰਨ ਵਿਚ ਮੈਡੀਕਲ ਅਫਸਰ ਵਜੋਂ
ਤੈਨਾਤ, ਡਾਕਟਰ ਹਾਕਮ ਸਿੰਘ ਜੋ ਐਮ ਬੀ ਬੀ ਐਸ ਕੋਰਸ ਵਿਚ ਮੇਰੇ ਤੋਂ ਇਕ
ਸਾਲ ਜੂਨੀਅਰ ਬੈਚ ਦਾ ਸੀ (ਹੁਣ ਇਸ ਦੁਨੀਆਂ ਵਿਚ ਨਹੀਂ ਹੈ, ਵਾਹਿਗੁਰੂ
ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ), ਨਾਲ ਸੰਪਰਕ ਕਰਕੇ ਸ਼ੇਖ ਬ੍ਰਹਮ ਬਾਰੇ
ਵਧੇਰੇ ਜਾਣਕਾਰੀ ਹਾਸਲ ਕੀਤੀ ਤੇ ਆਪਣਾ ਪਲੈਨ ਦੱਸ ਕੇ, ਖੇਮ ਕਰਨ ਤੋਂ
ਅੱਗੇ………, ਪੈਂਡੇ ਨੂੰ ਤਹਿ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ। ਉਸਨੇ
ਬੇਪ੍ਰਵਾਹੀ ਨਾਲ ਕਿਹਾ,
“ਇਹ ਕੋਈ ਮਸਲਾ ਨਹੀਂ ਡਾ: ਮਨਜੀਤ…; ਸ਼ੇਖ ਬ੍ਰਹਮ ਇਥੋਂ ਸਿਰਫ ਇਕ- ਡੇਢ
ਕਿਲੋਮੀਟਰ ਈ ਆ…, ਇਥੇ ਆ ਜਾਇਓ…,ਮੇਰਾ ਬੁਲੈਟ ਮੋਟਰ ਸਾਇਕਲ ਹੈਗਾ…,
ਬਜ਼ੁਰਗਾਂ ਨੂੰ ਨਾਲ ਬਿਠਾ ਕੇ…, ਤਿੰਨੇ ਜਣੇ ਚੜ੍ਹ ਕੇ ਚਲੇ ਜਾਇਓ।”
ਪਹਿਲੀ ਜਨਵਰੀ (1984) ਤੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੈਥਾਲੋਜੀ
ਵਿਭਾਗ ਵਿਖੇ ਜਾਇਨ ਕਰ ਲਿਆ ਸੀ । ਕਾਫੀ ਠੰਢ ਸ਼ੁਰੂ ਹੋ ਗਈ ਸੀ। ਅਜੇ ਸਿਆਲ
ਦਾ ਮੀਂਹ ਨਹੀਂ ਸੀ ਪਿਆ । ਸੁੱਕੀ ਠੰਢ ਸੀ, ਇਕ ਦੋ ਵਾਰ ਸਵੇਰ ਨੂੰ ਧੁੰਦ
ਵੀ ਪੈ ਚੁਕੀ ਸੀ । ਪੱਤਝੜ ਦੇ ਮੌਸਮ ਵਿਚ ਵਧੇਰੇ ਦਰਖਤ ਬਿਨਾਂ ਪੱਤਿਆਂ
ਤੋਂ ਹੀ ਸਨ, ਬਚੇ-ਖੁਚੇ ਪੱਤੇ ਮਿੱਟੀ ਨਾਲ ਭਰੇ ਪਏ ਸਨ ਤੇ ਮੀਂਹ ਦੀਆਂ
ਕਣੀਆਂ ਦੇ ਇੰਤਜ਼ਾਰ ਵਿਚ ਸਨ ।
ਮਿਥੇ ਦਿਨ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ, ਮਾਤਾ ਨੇ ਬੜੀ ਤਿਆਰੀ
ਕੀਤੀ। ਸ਼ਹਿਰੋਂ (ਅੰਮ੍ਰਿਤਸਰੋਂ) ਜਾ ਕੇ ਸੂਟ ਤੇ ਹੋਰ ਕਪੜੇ ਲੱਤੇ ਖਰੀਦੇ,
ਮਨ ‘ਚ ਕਈ ਤਰ੍ਹਾਂ ਦੀਆਂ ਗੋਂਦਾਂ ਗੁੰਦੀਆਂ,
“ਬੀਬੀ ਜੱਸੀ ਨੂੰ ਤੀਹ ਸਾਲ ਬਾਅਦ ਮਿਲਣਾ ਏਂ…, ਪਤਾ ਨਹੀਂ ਕਿੱਦਾਂ ਦੀ
ਹੋਊਗੀ …, ਕਿਦਾਂ ਮਿਲਾਂਗੇ…, ਪਤਾ ਨਹੀਂ ਬਾਡਰ ‘ਤੇ ਕੋਈ ਮਿਲਣ ਵੀ ਦਏ ਕਿ
ਨਾ…, ਇਹ ਵੀ ਪਤਾ ਨਹੀਂ, ਪਈ ਚਿਠੀ ਵੀ ਮਿਲੀ ਆ ਕਿ ਨਹੀਂ……”।
ਮਾਤਾ ਮਨ ਹੀ ਮਨ ਅਰਦਾਸਾਂ ਕਰ ਰਹੀ ਸੀ,
“ਹੇ ਗੁਰੂੁ ਰਾਮ ਦਾਸ ਸੱਚੇ ਪਾਤਸ਼ਾਹ………, ਬੀਬੀ ਨੂੰ ਚਿੱਠੀ ਮਿਲ ਗਈ
ਹੋਵੇ………, ਹੇ ਬਾਬਾ ਨਾਨਕਾ…, ਕਲ੍ਹ ਸਾਨੂੰ ਉਹਨਾਂ ਦੇ ਦਰਸ਼ਨ ਕਰਾ ਦੇ…।”
ਵੀਰਵਾਰ ਨੂੰ ਪਿੰਡੋਂ (ਵੱਡੇ ਬੱਲਾਂ / ਬੱਲ ਕਲਾਂ ਤੋਂ ) ਸਵੇਰੇ ਤੜਕੇ
ਸਾਢੇ ਛੇ ਵਜੇ ਨਿਕਲੇ । ਪਿਤਾ ਜੀ ਨੇ ਐਚਕਨ ਵਰਗਾ ਲੰਮਾ, ਗੂੜ੍ਹਾ ਸਲੇਟੀ
ਰੰਗ ਦਾ ਕੋਟ, ਚਿੱਟਾ ਪਜਾਮਾ ਕੁੜਤਾ, ਚਿੱਟੀ ਪੋਚਵੀਂ ਪੱਗ ਤੇ ਗਲ ‘ਚ
ਗਾਤਰਾ, ਅਤੇ ਮਾਤਾ ਨੇ ਚਿੱਟੀ ਭੋਂ ‘ਤੇ ਲਾਲ-ਪੀਲੀਆਂ ਬੂਟੀਆਂ ਵਾਲੇ ਸੂਟ
ਦੇ ਉਤੋਂ ਦੀ ਬੀੜਿਆਂ ਵਾਲੀ ਨਸਵਾਰੀ ਕੋਟੀ ਪਾਈ ਹੋਈ ਸੀ । ਉਹਦੇ ਹੱਥ ਵਿਚ
ਕਪੜੇ-ਲੱਤੇ ਵਾਲਾ ਝੋਲਾ ਸੀ । ਸਭ ਨੂੰ ਪੂਰੀ ਉਮੀਦ ਸੀ ਕਿ ਅੱਜ ਤਕਰੀਬਨ
ਤੀਹ ਸਾਲਾਂ ਪਿਛੋਂ ਭੈਣ-ਭਰਾ ਤੇ ਨਨਾਣ-ਭਰਜਾਈ ਦਾ ਮਿਲਾਪ ਹੋਏਗਾ । ਮੇਰੇ
ਰਾਜਦੂਤ ਮੋਟਰ ਸਾਇਕਲ ‘ਤੇ, ਦੋਵੇਂ ਜਣੇ ਪਿੱਛੇ ਬਹਿ ਗਏ । ਅੰਮ੍ਰਿਤਸਰ
ਬੱਸ ਅੱਡੇ ਤੋਂ ਦੋ ਦਰਜਣ ਤਾਜ਼ੇ, ਵੱਡੇ ਕੇਲੇ ਖਰੀਦੇ ‘ਤੇ ਮੋਟਰ ਸਾਇਕਲ
ਖੜਾ ਕਰਕੇ ਮਾਝਾ ਟਰਾਂਸਪੋਰਟ ਦੀ ਬੱਸ ‘ਤੇ ਸਵਾਰ ਹੋ ਗਏ । ਸਵੇਰੇ ਸੱਤ ਕੁ
ਵਜੇ ਬੱਸ ਚੱਲ ਪਈ ।
ਅੰਮ੍ਰਿਤਸਰ ਤੋਂ ਖੇਮ ਕਰਨ ਤਕਰੀਬਨ 60-65 ਕਿਲੋਮੀਟਰ ਦੂਰ ਹੈ ਪਰ, ਹਰ
ਛੋਟੇ-ਵੱਡੇ ਪਿੰਡ ਦੇ ਅੱਡੇ ‘ਤੇ ਬੱਸ ਰੁਕਦੀ ਹੈ ਇਸ ਲਈ ਢਾਈ ਤੋਂ ਤਿੰਨ
ਘੰਟੇ ਲਗ ਹੀ ਜਾਂਦੇ ਹਨ । ਦਸ ਵਜੇ ਦੇ ਆਸ-ਪਾਸ ਸਿਵਿਲ ਡਿਸਪੈਂਸਰੀ ਖੇਮ
ਕਰਨ ਪੁੱਜੇ, ਡਾਕਟਰ ਹਾਕਮ ਕੋਲੋਂ ਚਾਹ ਪੀਣ ਉਪਰੰਤ ਅਸੀਂ ਤਿੰਨੇ ਜਣੇ
ਬੁਲੈਟ ‘ਤੇ ਸਵਾਰ ਹੋ ਗਏ। ਬੁਲੈਟ, ਮੈਂ ਪਹਿਲਾਂ ਕਦੀ ਨਹੀਂ ਸੀ ਚਲਾਇਆ ।
ਰੇਲ-ਲਾਈਨ ਦਾ ਫਾਟਕ ਟੱਪ ਕੇ ਪਿੰਡ ਮਹਿਦੀ ਪੁਰ ਕੋਲੋਂ ਦੀ ਹੁੰਦੇ ਹੋਏ
ਅਸੀਂ, ਡੀਫੈਂਸ ਵਜੋਂ ਬਣਾਏ ਗਏ ਡਰੇਨ ਦੇ ਨਾਲ-ਨਾਲ ਬਣੇ, ਕੱਚੇ ਰਸਤੇ ‘ਤੇ
ਪੈ ਗਏ । ਇਥੇ ਨਜ਼ਦੀਕ ਹੀ ਪਿੰਡ ਹੈ ‘ਰੱਤੋਕੇ’ । ਪੁਤਲੀਘਰ ਵੱਸਣ ਤੋਂ
ਪਹਿਲਾਂ ਇਹ ਮੇਰੇ ਸਹੁਰਿਆਂ ਦਾ ਪਿੰਡ ਸੀ। ਮੇਰੇ ਸਹੁਰਾ ਸਾਹਿਬ ਦਸਦੇ
ਹੁੰਦੇ ਸਨ ਕਿ ਰੱਤੋਕੇ ਦੇ ਸਾਹਮਣੇ, ਪਾਕਿਸਤਾਨ ਵਾਲੇ ਪਾਸੇ ਪਿੰਡ ਸਹਿਜਰਾ
ਹੈ ਜਿੱਥੇ ਉਹਨਾਂ ਦੀ ਇਕ ਭੈਣ ਵਿਆਹੀ ਹੋਈ ਸੀ ਤੇ ਉਹ, ਉਸ ਭਣਵਈਏ ਨੂੰ
ਸਹਿਜਰੀਆ ਹੀ ਕਹਿੰਦੇ ਹੁੰਦੇ ਸਨ।
ਡਰੇਨ ਦੇ ਕਿਨਾਰੇ-ਕਿਨਾਰੇ ਬੁਲੈਟ ਚਲਾਉਣਾ ਬੜਾ ਰਿਸਕੀ ਲੱਗ ਰਿਹਾ ਸੀ।
ਕੱਚਾ ਰਸਤਾ, ਸੁੱਕਾ ਚਿੱਕੜ……, ਭਾਂਵੇ ਡਰੇਨ ਵਿਚ ਪਾਣੀ ਨਹੀਂ ਸੀ ਪਰ ਇਹ
ਹੈ ਬਹੁਤ ਡੂੰਘਾ ਸੀ, ਹੇਠਾਂ ਨੂੰ ਵੇਖ ਕੇ ਡਰ ਲਗਦਾ ਸੀ, ਫਿਰ ਵੀ ਮੈਂ
ਕਾਮਯਾਬੀ ਨਾਲ ਚਲਾ ਰਿਹਾ ਸਾਂ ਇਹ ਮੋਟਰ ਸਾਇਕਲ । । ਟਾਂਵੇ ਟਾਂਵੇ ਲੋਕ,
ਮੇਲੇ ਨੂੰ ਪੈਦਲ ਜਾ ਰਹੇ ਸਨ ।
ਬਾਰਡਰ ‘ਤੇ ਬਣਿਆਂ ਓ ਪੀ ਟਾਵਰ ਸਾਹਮਣੇ ਦਿਸਣ ਲਗ ਪਿਆ । ਉਦੋਂ ਅਜੇ
ਕੰਡਿਆਲੀ ਤਾਰ ਨਹੀਂ ਸੀ ਲੱਗੀ । ਸ਼ੇਖ ਬ੍ਰਹਮ ਜਗ੍ਹਾ ਤੋਂ ਸਪੀਕਰ ਦੀ ਆਵਾਜ਼
ਆ ਰਹੀ ਸੀ, ਕਵਾਲੀਆਂ ਦੀ ਕੈਸੇਟ ਚਲ ਰਹੀ ਸੀ ।
ਆਖਰ ਅਸੀਂ ਸ਼ੇਖ ਬ੍ਰਹਮ ਦੀ ਜਗ੍ਹਾ ‘ਤੇ ਪੁੱਜ ਗਏ । ਬੁਲੈਟ ਇਕ ਪਾਸੇ ਲਗਾ
ਦਿੱਤਾ । ਜਿਵੇਂ ਆਮ ਪੇਂਡੂ ਮੇਲਿਆਂ ਵਿਚ ਹੁੰਦਾ ਹੈ, ਲੋਕ ਸਾਇਕਲਾਂ ‘ਤੇ
ਲੱਦ ਕੇ ਮੁਨਿਆਰੀ ਦਾ ਸਮਾਨ, ਖਿਡੌਣੇ, ਕਿੱਸੇ, ਡਾਂਗਾਂ, ਖੂੰਡੀਆਂ ਆਦਿ,
ਲਿਆ ਕੇ ਦੁਕਾਨਾਂ ਬਣਾ ਲੈਂਦੇ ਹਨ । ਮੱਥਾ ਟੇਕਣ ਵਾਲੀ ਥਾਂ, ਨੋ ਮੈਨਜ਼
ਲੈਂਡ (ਂੋ ਮਅਨ’ਸ ਼ਅਨਦ) ‘ਤੇ, ਕੁਝ ਉਚੀ ਜਗ੍ਹਾ ‘ਤੇ ਬਣੀ ਹੋਈ ਸੀ, ਮੱਥਾ
ਟੇਕਣ ਲਈ ਪੌੜੀਆਂ ਦੇ ਕੁਝ ਅੱਡੇ ਚੜ੍ਹ ਕੇ ਉਪਰ ਜਾਣਾ ਪੈਂਦਾ ਸੀ (ਸ਼ਇਦ
ਹੁਣ ਵੀ ਏਦਾਂ ਹੀ ਹੋਵੇ)। ਜਗ੍ਹਾ ਦੇ ਨੇੜੇ, 3-4 ਫੁੱਟ ਦੀ ਫਾਸਲੇ ‘ਤੇ
ਸਿੰਗਲ ਕੰਡਿਆਲੀ ਤਾਰ ਲਗਾ ਕੇ ਨੋ ਮੈਨਜ਼ ਲੈਂਡ ਬਣਾਈ ਹੋਈ ਸੀ । । ਮੱਥਾ
ਟੇਕਣ ਲਈ ਜਾਣ ਵਾਸਤੇ ਆਰਜ਼ੀ ਤੌਰ ‘ਤੇ ਇਕ ਗੇਟ ਬਣਾਇਆ ਹੋਇਆ ਸੀ ਜੋ
ਕੰਡਿਆਲੀ ਤਾਰ ਨਾਲ, ਪਾਕਿਸਤਾਨੀਆਂ ਅਤੇ ਭਾਰਤੀਆਂ ਲਈ, ਵਾਰੀ ਵਾਰੀ
ਖੋਹਲਿਆ ਜਾਂਦਾ ਸੀ । ਸੋ ਮੱਥਾ ਟੇਕਣ ਵੇਲੇ ਦੋਹਵਾਂ ਦੇਸ਼ਾਂ ਦੇ ਲੋਕ ਰਲਦੇ
ਨਹੀਂ ਸਨ । ਬਾਰਡਰ ਸਕਿਓਰਟੀ ਫੋਰਸ (ਬੀ ਐਸ ਐਫ) ਦੇ ਜਵਾਨ ਅਤੇ ਪਾਕਿਸਤਾਨ
ਰੇਂਜਰਜ਼ ਬਿਲਕੁਲ ਨਾਲ-ਨਾਲ ਖੜੇ ਸਨ ਪਰ ਇਕ ਦੂਜੇ ਨਾਲ ਕੋਈ ਗੱਲ-ਬਾਤ ਨਹੀਂ
ਸਨ ਕਰਦੇ। ਆਲੇ ਦੁਆਲੇ ਨੋ ਮੈਨਜ਼ ਲੈਂਡ ਦੇ ਨਜ਼ਦੀਕ ਵੀ ਦੋਵੇਂ ਪਾਸੇ
ਛੋਟੇ-ਵੱਡੇ ਅਫਸਰ, ਹਥਿਆਰਾਂ ਸਮੇਤ ਤੈਨਾਤ ਸਨ । ਕੋਈ ਜ਼ਿਆਦਾ ਭੀੜ ਨਹੀਂ
ਸੀ । ਦੋਹਵਾਂ ਮੁਲਕਾਂ ਦੇ ਇੱਕਾ-ਦੁੱਕਾ ਲੋਕ ਆ ਰਹੇ ਸਨ।
ਇਧਰ-ਉਧਰ ਦੇਖ ਕੇ ਅਸੀਂ ਵੀ ਪੌੜੀਆਂ ਚੜ੍ਹ ਗਏ ਤੇ ਮੱਥਾ ਟੇਕਿਆ । ਦੁਆ
ਕੀਤੀ ਕਿ ਉਹਨਾਂ ਨੂੰ ਚਿੱਠੀ ਮਿਲ ਗਈ ਹੋਵੇ, ਤੇ ਅੱਜ ਇਥੇ ਪਹੁੰਚਣ । ਕੋਈ
ਖਾਸ ਮਲ੍ਹੇ-ਝਾੜੀਆਂ ਨਹੀਂ ਸਨ । ਮਿੱਟੀ-ਘੱਟਾ, ਗਰਦ ਤਾਂ ਹੈ ਸੀ ਫਿਰ ਵੀ
ਉਚੀ ਜਗ੍ਹਾ ਤੋਂ ਕਾਫੀ ਦੂਰ ਤੱਕ ਦਿਖਾਈ ਦੇਂਦਾ ਸੀ। ਪਾਕਿਸਤਾਨ ਵਾਲੇ
ਪਾਸੇ, ਦੂਰ ਕੁਝ ਮਲ੍ਹੇ ਸਨ । ਓਧਰੋਂ ਆਉਣ ਵਾਲੇ ਸਾਰੇ ਲੋਕ ਇੰਨ੍ਹਾਂ
ਮਲ੍ਹਿਆਂ ਦੇ ਵਿਚੋਂ ਹੀ ਨਿਕਲ ਕੇ ਆ ਰਹੇ ਸਨ, ਸਾਡੀਆਂ ਨਜ਼ਰਾਂ ਉਧਰ ਹੀ
ਟਿਕੀਆਂ ਹੋਈਆ ਸਨ । ਅਜੇ ਤੱਕ ‘ਆਪਣਾ’……… ਕੋਈ ਨਹੀਂ ਸੀ ਅਇਆ ।
ਹੇਠਾਂ ਉਤਰ ਕੇ, ਬੀ ਐਸ ਐਫ ਦੇ ਇਕ ਹੌਲਦਾਰ ਨੂੰ ਆਪਣੀ ਮੈਂ ਆਪਣੀ ਸ਼ਨਾਖਤ
ਦੱਸੀ ਤੇ ਕਿਹਾ,
“ਭਾਈ ਸਾਹਿਬ, “ਡੇਢ ਮਹੀਨਾ ਪਹਿਲਾਂ, ਨਵੰਬਰ ਵਿਚ ਮੈ ਜਥੇ ਨਾਲ ਪਾਕਿਸਤਾਨ
ਜਾ ਕੇ ਆਪਣੀ ਸਕੀ ਭੂਆ ਨੂੰ ਮਿਲ ਕੇ ਆਇਆ ਹਾਂ,” ਬਜ਼ੁਰਗਾਂ ਵੱਲ ਇਸ਼ਾਰਾ
ਕਰਕੇ ਮੈਂ ਅੱਗੋਂ ਬੇਨਤੀ ਕੀਤੀ,
“ ਅੱਜ ਮਾਤਾ ਪਿਤਾ ਨੂੰ ਲੈ ਕੇ ਇਥੇ ਆਇਆ ਹਾਂ, ਜੇ ਉਹ (ਪਾਕਿਸਤਾਨ ਵਾਲੇ
ਪਾਸਿਓਂ ) ਆ ਗਏ ਤਾਂ ਕਿ ਵਰ੍ਹਿਆਂ ਤੋਂ ਵਿਛੜੇ ਭੈਣ-ਭਰਾ ਇਕ ਦੂਜੇ ਨੂੰ
ਮਿਲਣਗੇ”।
ਮਾਤਾ ਤੇ ਪਿਤਾ ਜੀ ਨੇ ਵੀ ਤਰਲਾ ਪਾਇਆ, “ਕਾਕਾ ………,ਜੇ ਉਹਨਾਂ ਨੂੰ
ਚਿੱਠੀ ਮਿਲ ਗਈ ਹੋਊ ਤਾਂ ਉਹਨਾਂ ਨੇ ਜ਼ਰੂਰ ਆਉਣੈਂ, ਸਾਨੂੰ ਕੋਈ ਤਸੱਲੀ
ਦੇਹ………,ਦੋ ਪਲ ਉਹਨਾਂ ਨਾਲ, ਸਾਡੀ ਗੱਲ ਕਰਵਾ ਦਏਂਗਾ”।
ਭਾਵੇਂ ਉਸ ਨੇ ਨਾਂਹ ਵਿਚ ਜਵਾਬ ਦਿੱਤਾ ਫਿਰ ਵੀ ਮੈਨੂੰ ਇੰਜ ਲਗ ਰਿਹਾ ਸੀ
ਕਿ, ਇਨਸਾਨੀ ਰਿਸ਼ਤਿਆਂ ਦੀ ਕਦਰ ਕਰਦੇ ਹੋਏ, ਮਨੁਖਤਾ ਦੇ ਨਾਤੇ, ਵਿਛੋੜੇ
ਦੀ ਪੀੜ ਨੂੰ ਸਮਝਦੇ ਹੋਏ, ਇਹ (ਭਾਰਤੀ) ਅਤੇ ਪਾਕਿਸਤਾਨੀ ਅਧਿਕਾਰੀ ਸ਼ਾਇਦ
ਦੋ-ਚਾਰ ਪਲ, ਗਲ-ਬਾਤ ਕਰ ਲੈਣ ਦੇਣਗੇ । ਉਂਜ ਉਹਦਾ ਚਿਹਰਾ ਪੜ੍ਹਨ ਤੋਂ
ਲਗਦਾ ਸੀ ਕਿ ਉਹ ਬੇਵੱਸ ਹੈ। ਮਾਹੌਲ ਇਦਾਂ ਦਾ ਸੀ ਕਿ ਪਾਕਿਸਤਾਨੀ ਰੇਂਜਰ
ਨਾਲ, ਅਸੀਂ ਗੱਲ ਨਹੀਂ ਸਾਂ ਕਰ ਸਕਦੇ । ਮੈਨੂੰ ਪਤਾ ਨਹੀਂ ਕਿ ਪਾਕਿਸਤਾਨੀ
ਅਫਸਰ ਨਾਲ ਗੱਲ ਕਰਨਾ, ਬੀ ਐਸ ਐਫ ਦੇ ਕਿਸੇ ਅਫਸਰ ਦੇ ਅਧਿਕਾਰ ਖੇਤਰ ਵਿਚ
ਹੈ ਸੀ ਜਾਂ ਨਹੀਂ ।
ਪਾਕਿਸਤਾਨੀ ਪਾਸੇ ਵੱਲ ਦੂਰ ਮਲ੍ਹਿਆਂ ਦਰਮਿਆਨੋਂ ਨਿਕਲਦੇ ਲੋਕਾਂ ‘ਤੇ ਨਜ਼ਰ
ਟਿਕਾਈ, ਮਨ ਵਿਚ ਖਿਆਲ ਆ ਰਿਹਾ ਸੀ, “ਅਸੀਂ ਤਾਂ ਸਾਰੇ ਕੰਮ ਕਾਰ ਛੱਡ ਕੇ
ਪੁੱਜ ਗਏ ਆਂ………,ਉਹਨਾਂ ਨੂੰ, ਪਤਾ ਨਹੀਂ ਚਿੱਠੀ ਵਾਲਾ ਲਿਫਾਫਾ ਮਿਲਿਆ ਵੀ
ਆ ਕਿ ਨਹੀਂ ………?”
ਪਾਕਿਸਤਾਨੀ ਲੋਕ ਵੀ ਸਾਇਕਲਾਂ, ਸਕੂਟਰਾਂ ‘ਤੇ ਜਾਂ ਪੈਦਲ ਆ ਰਹੇ ਸਨ। ਓਸ
ਪਾਸੇ ਇਕ ਟਾਂਗਾ ਵੀ ਖੜਾ ਸੀ । ਮਿੱਟੀ /ਧੂੜ ਉਡ ਰਹੀ ਸੀ । ਵਕਤ ਟਪਾਉਣ
ਲਈ, ਅਸੀਂ ਹੌਲੀ ਹੌਲੀ ਇਧਰ-ਉਧਰ ਫਿਰਦੇ ਰਹੇ । ਪਿਤਾ ਜੀ ਭੂਆ ਜੱਸੀ ਦੇ
ਪਿੰਡ ਦੀ ਗੱਲ ਕਰਨ ਲੱਗੇ,
“ਜਦ ਮੈਂ ‘55 ਵਿਚ ਤੇਰੀ ਭੂਆ ਦੇ ਪਿੰਡ ਗਿਆ ਸਾਂ………, ਤਾਂ ਬੜੇ ਲੋਕੀਂ
ਮੈਨੂੰ ਮਿਲਣ ਆਏ ਸੀ…, ਆਂਹਦੇ ਸੀ………, ਹਿੰਦ ਤੋਂ ਸਿੱਖ ਆਇਐ”, ਤੇ ਅੱਗੋਂ
ਦੱਸਣ ਲੱਗੇ,
“ਮ੍ਹੀਦਾ ਨਾਂ ਦਾ ਇਕ ਬੰਦਾ ਸੀ……, ਮੈਨੂੰ ਆਂਹਦਾ………, ਸਿੱਖਾ………, ਹਿੰਦ
ਦਾ ਕੀ ਹਾਲ ਆ…… ? ਆਂਹਦੇ ਨੇ ਨੈਹਰੂ ਨੇ ਸਭ ਨੂੰ ਏਕ ਈ ਕਰ ਦਿੱਤੈ……, ਤੇ
ਵਿਚੋਂ ਈ ਗੱਲ ਕਰਦਾ ਕਰਦਾ ਦੱਸਣ ਲੱਗਾ…, ਬਸ਼ੀਰੇ ਸ੍ਹਾਈ (ਇਸਾਈ) ਦੇ ਘਰ
’47 ਤੋਂ ਪਹਿਲਾਂ ਦਾ ਸਿੱਖਾਂ ਦਾ ਗ੍ਰੰਥ ਪਿਆ ਏ…………।”
ਮੈਂ ਅੱਗੋਂ ਜਾਨਣ ਲਈ ਉਤਸੁਕਤਾ ਜ਼ਾਹਰ ਕੀਤੀ ਤੇ ਪੁੱਛਿਆ, “ਫੇਰ ਤੁਸੀਂ ਕੀ
ਕੀਤਾ………?”
“ਮੈਂ ਉਸੇ ਵੇਲੇ ਬਸ਼ੀਰੇ ਦੇ ਘਰ ਗਿਆ, ਉਹਨੇ ਦੱਸਿਆ ਪਈ ’47 ਤੋਂ ਪਹਿਲਾਂ,
ਇਹ ਕਿਸੇ ਕੁੰਨਣ ਸਿੰਘ ਦਾ ਘਰ ਸੀ । ਅੱਧੇ ਕੱਚੇ ਤੇ ਕੁਝ ਪੱਕੇ ਘਰ ਦੀ
ਪੱਕੀ ਕੰਧ ਵਿਚ ਬਣੀ ਅਲਮਾਰੀ ਦੇ ਉਤਲੇ ਖਾਨੇ ਵਿਚ ਗੁਰੂ ਗ੍ਰੰਥ ਸਾਹਿਬ ਦੀ
ਬੀੜ ਪਈ ਹੋਈ ਸੀ………, ਮੈਂ ਨਲਕੇ ਚੋਂ ਪਾਣੀ ਕੱਢ ਕੇ ਪੰਜ-ਸ਼ਨਾਨਾ ਕੀਤਾ ਤੇ
ਅਰਦਾਸ ਕਰਕੇ ਸਤਿਕਾਰ ਨਾਲ ਬਾਬੇ ਦੀ ਬੀੜ ਨੂੰ ਰੁਮਾਲੇ ‘ਚ ਲਪੇਟ ਕੇ ਲੈ
ਆਂਦਾ………, ਤੇ ਆਪਣੇ ਪਿੰਡ ਵਾਲੇ ਗੁਰਦਵਾਰੇ ਵਿਚ ਲਿਆ ਕੇ ਪ੍ਰਕਾਸ਼ ਕੀਤਾ”
।
ਗੱਲ ਬੜੀ ਰੌਚਿਕ ਸੀ………ਫਿਰ ਵੀ ਸਾਡਾ ਸਭ ਦਾ ਧਿਆਨ ਉਸੇ ਪਾਸੇ ਸੀ।
ਪਹਿਲਾਂ ਨਾਲੋਂ ਕੁਝ ਵਧੇਰੇ ਲੋਕ ਆ ਰਹੇ ਸਨ, ਫਿਰ ਵੀ ਕੋਈ ਭੀੜ ਨਹੀਂ ਸੀ
। ਕਲਰੇਠੀ ਜਮੀਨ ‘ਤੇ ਉਗੇ ਹੋਏ ਥੋੜ੍ਹੇ ਥੋੜ੍ਹੇ ਤਿੜ੍ਹਾਂ ਵਾਲੇ ਜੰਗਲੀ
ਘਾਹ ‘ਤੇ ਪਰਨਾ ਵਿਛਾ ਕੇ, ਤੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲਿਆਂ
ਦੇ ਰਾਹ ‘ਤੇ ਅੱਖਾਂ ਵਿਛਾ ਕੇ, ਅਸੀਂ ਬੈਠ ਗਏ।
ਵਕਤ ਲੰਘਦਾ ਜਾ ਰਿਹਾ ਸੀ । ਮੈਂ ਇਕੱਲਾ ਇਕ ਵਾਰ ਫੇਰ ਮੱਥਾ ਟੇਕ ਆਇਆ। ਦੋ
ਵਜੇ ਦਾ ਟਾਇਮ ਹੋ ਚੁਕਾ ਸੀ। ਉਹਨਾਂ ਦੇ ਆਉਣ ਦੀ ਉਮੀਦ ਧੰਦਲੀ ਪੈ ਰਹੀ ਸੀ
। ਪਾਕਿਸਤਾਨ ਵਾਲੇ ਪਾਸੇ ਨਜ਼ਰਾਂ ਗੱਡੀ, ਪਰ ਮਾਯੂਸੀ ਵਿਚ, ਮਾਤਾ ਪਿਤਾ
ਆਖਣ ਲੱਗੇ,
“ਚੱਲ ਕਾਕਾ…, ਫਿਰ…ਵਾਪਸ ਈ ਚੱਲੀਏ……, ਕੀ ਪਤਾ…, ਉਹਨਾਂ ਨੂੰ ਤੇਰੀ
ਚਿੱਠੀ ਮਿਲੀ ਵੀ ਆ ਕਿ ਨਹੀਂ…।”
ਉਂਜ ਸਾਡੀਆਂ ਨਿਗਾਹਾਂ ਕਸੂਰ ਵੱਲੋਂ ਆਉਣ ਵਾਲੇ ਰਾਹ ‘ਤੇ ਜੰਮੀਆਂ ਹੋਈਆਂ
ਸਨ।
ਇੰਨੇ ਨੂੰ ਘੋੜੇ ‘ਤੇ ਸਵਾਰ, ਪਾਕਿਸਤਾਨੀ ਸੁਰੱਖਿਆ ਦਸਤਿਆਂ ਦਾ ਇਕ
ਅਧਿਕਾਰੀ, ਧੂੜਾਂ ਉਡਾਉਂਦਾ ਹੋਇਆ ਨਿਗਾਹ-ਖੇਤਰ ਵਿਚ ਦਾਖਲ ਹੋਇਆ, ਇਹ ਕੋਈ
ਸੀਨੀਅਰ ਅਫਸਰ ਲਗਦਾ ਸੀ ਕਿਉਂਕਿ ਇਹਦੇ ਆਉਣ ਨਾਲ ਕਾਫੀ ਹਲਚਲ ਵਧ ਗਈ ਸੀ ।
ਇਹਦੇ ਪਿੱਛ-ਪਿੱਛੇ ਕੁਝ ਸਵਾਰੀਆਂ ਵਾਲਾ ਇਕ ਟਾਂਗਾ, ਨਜ਼ਰੀਂ ਪਿਆ ਜੋ
ਪਿਛਾਂਹ ਹੀ ਖੜਾ ਕਰ ਦਿੱਤਾ ਗਿਆ। ਟਾਂਗਾ ਭਾਵੇਂ ਕੁਝ ਦੂਰੀ ‘ਤੇ ਸੀ ਫਿਰ
ਵੀ, ਫਹੁੜੀਆਂ ਵਾਲੇ ਬਾਰੂ ਨੂੰ (ਭੂਆ ਦਾ ਪੁੱਤ) ਜੋ ਸਭ ਤੋਂ ਪਹਿਲਾਂ ਉਤਰ
ਰਿਹਾ ਸੀ, ਪਛਾਨਣ ਵਿਚ ਮੈਨੂੰ ਕੋਈ ਮੁਸ਼ਕਿਲ ਪੇਸ਼ ਨਾ ਆਈ ।
“ਔਹ ਆ ਗਏ ਜੇ…”,ਮੇਰੀ ਆਵਾਜ਼ ਕਾਫੀ ਉਚੀ ਨਿਕਲੀ, “ਔਹ ਵੇਖੋ……, ਟਾਂਗੇ
ਚੋਂ ਫਹੁੜੀਆਂ ਵਾਲਾ ਭਰਾ ਬਾਰੂ ਉਤਰਨ ਡਿਹਾ………, ਭੂਆ ਤੇ ਵੱਡਾ ਭਰਾ ਤਾਰੂ
ਅਜੇ ਵਿਚੇ ਈ ਬੈਠੇ ਨੇ……।”
ਦਿਲਾਂ ਦੀ ਧੜਕਨਾਂ ਪੂਰੇ ਜ਼ੋਰ ਨਾਲ ਚੱਲਣ ਲਗ ਪਈਆਂ।
“ਆਹੋ………,” ਵਿਸ਼ਵਾਸ਼ ਨਹੀਂ ਸੀ ਹੋ ਰਿਹਾ………। ਪਰ ਸਾਨੂੰ ਤੇ ਆਪਣੇ ਮਨ ਨੂੰ
ਯਕੀਨ ਦਵਾਉਂਦੀ ਹੋਈ ਬੜੀ ਉਤਸੁਕਤਾ ‘ਚ, ਮਾਤਾ ਬੋਲੀ…, “ਬੀਬੀ ਜੱਸੀ ਈ ਤੇ
ਆ……, ਹਾ ਹਏ…।, ਕਿੰਨੀ ਬੁੱਢੜੀ ਹੋ ਗਈ ਆ……।”
ਪਿਤਾ ਜੀ ਦਾ ਤਾਂ ਗੱਚ ਭਰ ਆਇਆ, ਉਹਨਾਂ ਕੋਲੋਂ ਗੱਲ ਹੀ ਨਹੀਂ ਸੀ ਕੀਤੀ
ਜਾ ਰਹੀ……, ਕੁਝ ਰੁਕ ਕੇ ਬੋਲੇ, “ਮਨਜੀਤ ਸਿੰਹਾਂ …,ਜਾਹ……, ਔਹ ਬੀ ਐਸ
ਐਫ ਵਾਲੇ ਸਰਦਾਰ ਨਾਲ ਗੱਲ ਕਰ……,ਉਹਦੀ ਮਿੰਨਤ ਕਰ……।”
ਮੈਂ ਬੜਾ ਮਜਬੂਰ…,ਸੋਚ ਰਿਹਾ ਸਾਂ……ਕਿ ਕੁਝ ਹੱਦ ਤੱਕ ਤਾਂ ਮੈਨੂੰ
ਕਾਮਯਾਬੀ ਮਿਲੀ ਹੈ, ਉਹ ਪਹੁੰਚ ਤਾਂ ਗਏ ਹਨ……,ਹੁਣ ਦੋ ਪਲ ਗੱਲ-ਬਾਤ ਹੋ
ਜਾਏ ਤਾਂ ਦਿਲ ਦੀਆਂ ਸੱਧਰਾਂ ਪੂਰੀਆਂ ਹੋ ਜਾਣ। ਪਰ ਲਗਦੈ ਗੱਲ ਨਹੀਂ ਹੋ
ਸੱਕਣੀ ।
ਅਸੀਂ ਮਜ਼ਾਰ ਦੇ ਨੇੜੇ ਖੜੇ ਹੋ ਗਏ । ਉਹਨਾਂ ਨੇ ਸਾਨੂੰ ਵੇਖ ਕੇ ਹੱਥ
ਹਿਲਾਏ। ਮਨ ਨੂੰ ਕੁਝ ਤਸੱਲੀ ਹੋਈ, ਪਰ ਗਲੇ ਮਿਲਣ, ਦੁਖ-ਸੁਖ ਸਾਂਝੇ ਕਰਨ
ਦੀ ਤ੍ਰਿਸ਼ਨਾਂ ਦੀ ਅੱਗ ਹੋਰ ਤੇਜ਼ ਹੋ ਗਈ ਸੀ ।
“ਹੇ ਬਾਬਾ ਸ਼ੇਖ ਬ੍ਰਹਮ ਵਾਲਿਆ……,” ਮਾਤਾ ਮੰਨਤਾਂ ਮੰਨ ਰਹੀ ਸੀ, “ਇਹਨਾਂ
ਸ਼ਪਾਹੀਆਂ ਨੂੰ ਨੇਕ ਮੱਤ ਦੇ………, ਬੀਬੀ ਨਾਲ ਸਾਡਾ ਮੇਲ ਕਰਵਾ ਦੇ ।”
ਮੈਂ ਮਹਿਸੂਸ ਕੀਤਾ ਕਿ ਘੋੜੇ ਵਾਲੇ ਅਫਸਰ ਦੇ ਹੁਕਮ ਮੁਤਬਿਕ, ਉਹਨਾਂ ਨੂੰ
ਇਬਾਦਤ ਕਰਨ ਲਈ ਅਸਥਾਨ ‘ਤੇ ਜਲਦੀ ਜਾਣ ਬਾਰੇ ਕਿਹਾ ਗਿਆ। ਸ਼ਾਇਦ ਇਹਨਾਂ
ਸੁਰੱਖਿਆ ਦਸਤਿਆਂ ਨੂੰ ਕੁਝ ਸੂਹ ਮਿਲ ਗਈ ਹੋਵੇ…। ਤਰਸਦੀਆਂ ਨਿਗਾਹਾਂ ਨਾਲ
ਸਾਡੇ ਵੱਲ ਵੇਖਦੇ ਹੋਏ, ਬੜੀ ਤੇਜ਼ੀ ਨਾਲ ਬਿਲਕੁਲ ਕੋਲੋਂ ਦੀ ਲੰਘਦੇ ਹੋਏੇ
ਉਹ ਪੌੜੀਆਂ ਚੜ੍ਹ ਗਏ। ਭਾਵੇਂ ਉਹ ਪੀਰ ਦੀ ਹਾਜ਼ਰੀ ਭਰ ਰਹੇ ਸਨ ਫਿਰ ਵੀ
ਦਿਲੋ-ਦਿਮਾਗ ਸਾਡੇ ਵੱਲ ਹੀ ਸੀ, ਅੰਦਰੋ-ਅੰਦਰ ਉਹ ਵੀ ਤਾਂ ਸ਼ੇਖ ਬ੍ਰਹਮ
ਨੂੰ ਅਰਜੋਈਆਂ ਕਰਦੇ ਹੋਣਗੇ ਕਿ ਸਾਡੇ ਭਰਾ-ਭਾਬੀ ਨਾਲ ਕੁਝ ਪਲ ਹੀ ਮਿਲਾਪ
ਕਰਾ ਦੇ ।
ਮਜ਼ਾਰ ‘ਤੇ, ਉਹਨਾਂ ਨੂੰ ਜ਼ਿਆਦਾ ਚਿਰ ਨਾ ਖਲੋਣ ਦਿੱਤਾ ਗਿਆ, ਮੱਥਾ ਟੇਕ ਕੇ
ਕੁਝ ਹੀ ਮਿੰਟਾਂ ਵਿਚ ਉਹ ਉਤਰ ਆਏ ਤੇ ਸਾਡੇ ਦਿਲਾਂ ਦੀ ਧੜਕਨ ਤੇ ਗਲੇਡੂਆਂ
ਦੇ ਵਹਾ ਨੂੰ ਹੋਰ ਵਧਾਉਂਦੇ ਹੋਏ ਬਿਲਕੁਲ 4 ਫੁੱਟ ਦੇ ਫਾਸਲੇ ਤੋਂ ਗੁਜ਼ਰ
ਕੇ ਪਿੱਛੇ ਵੱਲ ਚਲੇ ਗਏ । ਸਾਡਾ ਧਿਆਨ ਉਹਨਾਂ ਵਿਚ ਤੇ ਉਹਨਾਂ ਦਾ ਸਾਡੇ
ਵਿਚ ਸੀ ।
ਮਜ਼ਾਰ ਤੋਂ ਖੱਬੇ ਸੱਜੇ, ਕੁਝ ਦੂਰੀ ਤੱਕ, ਦੋਹਾਂ ਮੁਲਕਾਂ ਦੀ,
ਸਿੰਗਲ-ਸਿੰਗਲ ਕੰਡਿਆਲੀ ਤਾਰ ਲਗਾ ਕੇ, ਦਰਮਿਆਨ ‘ਚ ਨੋ ਮੈਨਜ਼ ਲੈਂਡ (ਂੋ
ਮਅਨ’ਸ ਼ਅਨਦ) ਬਣਾਈ ਹੋਈ ਸੀ ਜੋ ਅੰਦਾਜਨ 4-5 ਫੁੱਟ ਹੋਵੇਗੀ । ਵਲਵਲਿਆਂ
ਨਾਲ ਨੱਕੋ-ਨੱਕ ਭਰੇ ਮਨਾਂ ਨੂੰ ਚੁਕੀ ਫਿਰਦੇ ਅਸੀਂ ਇਧਰ-ਉਧਰ ਭਟਕ ਰਹੇ
ਸਾਂ ਕਿ ਕੋਈ ਜ਼ਰੀਆ ਨਿਕਲੇ, ਦੋ ਮਿੰਟ ਇਕੱਠੇ ਬੈਠ ਜਾਂ ਖੜੇ ਹੋ ਕੇ
ਹਾਲ-ਚਾਲ, ਪੁਛ-ਦੱਸ ਸਕੀਏ । ਪਰ ਦੋਹਵਾਂ ਦੇਸ਼ਾਂ ਦੇ ਸੁਰੱਖਿਆਂ ਦਸਤੇ ਬੜੇ
ਸੱਤ੍ਰਕ ਸਨ ਕਿ ਪਾਕਿਸਤਾਨੀ ਤੇ ਭਾਰਤੀ ਆਪਸ ਵਿਚ ਰਲ ਨਾ ਜਾਣ ।
ਮਜ਼ਾਰ ਤੋਂ ਖੱਬੇ ਪਾਸੇ ਕੁਝ ਹਟਵੇਂ ਹੋ ਕੇ ਅਸੀਂ ਤਿੰਨੇ ਜਣੇ ਕੰਡਿਆਲੀ
ਤਾਰ ਦੇ ਨਾਲ ਨਾਲ ਤੁਰਨ ਲੱਗੇ, ਉਂਜ ਇਥੇ ਕੋਈ ਓਹਲਾ ਨਹੀਂ ਸੀ, ਸਭ ਦੇ
ਸਾਹਮਣੇ ਹੀ ਸੀ, ਸਾਨੂੰ ਕਿਸੇ ਨੇ ਰੋਕਿਆ ਵੀ ਨਾ । ਉਸੇ ਪਲ ਭੂਆ ਜੱਸੀ
ਆਪਣੇ ਦੋਹਵਾਂ ਪੁੱਤਾਂ ਨਾਲ ਪਾਕਿਸਤਾਨ ਵਾਲੇ ਪਾਸੇ ਆ ਗਈ। ਇਕ ਵਾਰ ਫਿਰ,
ਦੂਰੀ ਸਿਰਫ 4 ਫੁੱਟ ਦੀ ਰਹਿ ਗਈ । ਮੋਟੇ-ਮੋਟੇ ਗਲੇਡੂ ਸੁਟਦੀ, ਭੋਲੀ ਤੇ
ਅਨਪੜ੍ਹ ਮਾਤਾ, ਕਪੜਿਆਂ ਤੇ ਫਲਾਂ ਵਾਲਾ ਲਿਫਾਫਾ, ਨੋ ਮੈਨਜ਼ ਲੈਂਡ ਉਤੋਂ
ਦੀ ਵਧਾਉਂਦਿਆਂ ਹੋਇਆਂ ਬੋਲੀ,
“ਸਣਾ ਬੀਬੀ ਜੱਸੀ… ਰਾਜੀ ਬਾਜੀ ਏਂ……………?”
ਮਾਤਾ ਨੂੰ ਸਿਰਫ ਨਨਾਣ-ਭਾਬੀ, ਭਰਾ-ਭੈਣ ਤੇ ਭੂਆ-ਭਤੀਜੇ ਦਾ ਰਿਸ਼ਤਾ ਹੀ
ਦਿਸ ਰਿਹਾ ਸੀ…, ਸਿਰਫ 4 ਫੁੱਟ ਦਾ ਹੀ ਫਾਸਲਾ ਦਿਸ ਰਿਹਾ ਸੀ …, ਉਸ ਕੀ
ਪਤਾ ਸੀ ਕਿ ਇਹ ਅੰਤਰ-ਰਾਸ਼ਟਰੀ ਮਸਲੇ ਨੇ, ਉਹ ਪਾਕਿਸਤਾਨ ਵਿਚ ਹਨ ਤੇ ਅਸੀਂ
ਭਾਰਤ ਵਿਚ……, ਤੇ ਸਾਡੇ ਦਰਮਿਆਨ ਸਰਹੱਦ ਹੈ……, ਦੋਹਵਾਂ ਮੁਲਕਾਂ ਦੀ
ਅੰਤਰ-ਰਾਸ਼ਟਰੀ ਸਰਹੱਦ……।
ਪਾਕਿਸਤਾਨੀ ਰੇਂਜਰਜ਼ ਵੇਖਦਿਆਂ ਹੀ ਫੌਰਨ ਐਕਸ਼ਨ ‘ਚ ਆ ਗਏ, ਤੇ ਤਿੰਨਾਂ ਨੂੰ
ਬਾਹੋਂ ਫੜ ਕੇ ਪਿੱਛੇ ਨੂੰ ਲੈ ਗਏ। ਸਾਨੂੰ ਵੀ ਬੀ ਐਸ ਐਫ ਵਾਲਿਆਂ ਨੇ ਕਈ
ਕੁਝ ਕਿਹਾ ਤੇ ਕਾਫੀ ਪਿੱਛੇ ਹਟਾ ਦਿੱਤਾ ਗਿਆ ।
ਭੂਆ, ਮਾਤਾ ਤੇ ਮੇਰੀਆਂ, ਉਚੀ ਉਚੀ ਨਿਕਲੀਆਂ ਭੁੱਬਾਂ ਸਭ ਨੇ ਸੁਣੀਆਂ,
ਪਿਤਾ ਜੀ ਦੀ ਤਾਂ ਆਵਾਜ਼ ਹੀ ਨਹੀਂ ਸੀ ਨਿਕਲ ਰਹੀ । ਠੱਗੇ ਜਿਹੇ ਮਹਿਸੂਸ
ਕਰਦੇ ਹੋਏ ਅਸੀਂ, ਮਾਯੂਸ ਨਿਗਾਹਾਂ ਨਾਲ ਵੇਖਦੇ ਰਹੇ, ਟਾਂਗੇ ‘ਤੇ
ਚੜ੍ਹਾਉਣ ਤੱਕ ਰੇਂਜਰਾਂ ਨੇ ਉਹਨਾਂ ਨੂੰ ਨਹੀਂ ਛੱਡਿਆ, ਤੇ ਸਾਡੇ ਵੇਖਦਿਆਂ
ਵੇਖਦਿਆਂ ਧੂੜਾਂ ਉਡਾਉਂਦਾ ਹੋਇਆ ਉਹਨਾਂ ਦਾ ਟਾਂਗਾ, ਮਲ੍ਹਿਆਂ ਦਰਮਿਆਨ
ਅਲੋਪ ਹੋ ਗਿਆ, ਅੱਖਾਂ ਅੱਗੇ ਉਹਨਾਂ ਦੇ ਚਿਹਰੇ ਘੁੰਮਣ ਲੱਗੇ । ਹੱਥ-ਪੱਲੇ
ਕੁਝ ਨਾ ਪਿਆ ।
ਮਾਤਾ ਤਾਂ ਹੁਣ ਰੱਬ ਨੂੰ ਪਿਆਰੀ ਹੋ ਚੁਕੀ ਹੈ, ਪਰ ਪਿਤਾ ਜੀ ਨੂੰ ‘ਨੋ
ਮੈਨਜ਼ ਲੈਂਡ’ ਦੇ ਓਧਰਲੇ ਪਾਸੇ ਖੜੀ ਆਪਣੀ ਸਕੀ ਭੈਣ, ਜੋ ਪਤਾ ਨਹੀਂ ਅੱਜ
ਇਸ ਸੰਸਾਰ ਵਿਚ ਹੈ ਕਿ ਨਹੀਂ, ਦਾ ਚਿਹਰਾ ਅਜੇ ਵੀ ਉਸੇ ਤਰ੍ਹਾਂ ਯਾਦ ਹੈ ।
00****00
ਪ੍ਰੋਫੈਸਰ ਤੇ ਮੁਖੀ ਪੈਥਾਲੋਜੀ ਵਿਭਾਗ
ਸਰਕਾਰੀ ਮੈਡੀਕਲ ਕਾਲਜ ਪਟਿਆਲਾ।
e-mail:balmanji1953@yahoo.co.in
Mobile: 98728 43491
-0-
|