ਸਾਡੇ ਇਨਕਲਾਬੀ ਇਤਿਹਾਸ ਵਿਚ ਭਾਈ ਮੇਵਾ ਸਿੰਘ ਦੀ ਇਕ ਹੋਰ ਇਤਿਹਾਸਕ ਪਹਿਲ-ਕਦਮੀ ਵੱਲ ਵੀ
ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਹ ਭਾਈ ਮੇਵਾ ਸਿੰਘ ਹੀ ਸੀ, ਜਿਸਨੇ ਆਪਣਾ ਕੇਸ ਲੜਨ ਲਈ
ਕੋਈ ਵਕੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਈਚਾਰੇ ਵੱਲੋਂ ਬਹੁਤ ਭਾਰੀ ਦਬਾਅ ਪੈਣ ਤੋਂ
ਬਾਅਦ ਹੀ, ਉਸਨੇ ਬੜਾ ਹਿਚਕਚਾਉਂਦਿਆਂ ਵਕੀਲ ਕਰਨਾ ਪ੍ਰਵਾਨ ਕੀਤਾ ਸੀ ਅਤੇ ਉਹ ਵੀ ਆਪਣੀਆਂ
ਸ਼ਰਤਾਂ ‘ਤੇ। ਭਾਈ ਮੇਵਾ ਸਿੰਘ ਦੀ ਇੱਛਾ ਸੀ ਕਿ ਵਕੀਲ ਵੱਲੋਂ ਉਹਦੇ ਬਚਾਓ ਲਈ ਕੋਈ ਯਤਨ
ਨਹੀਂ ਕੀਤਾ ਜਾਵੇਗਾ; ਨਾ ਹੀ ਉਹਨੂੰ ਬੇਕਸੂਰ ਸਾਬਤ ਕਰਨ ਲਈ, ਉਹਦੇ ਹੱਕ ਵਿਚ, ਕੋਈ ਗਵਾਹ
ਭੁਗਤਾਇਆ ਜਾਵੇਗਾ। ਉਹਦੇ ਵਕੀਲ ਵੱਲੋਂ
ਸਰਕਾਰੀ ਵਕੀਲ ਨਾਲ ਸਵਾਲ-ਜਵਾਬ ਕਰਨ-ਕਰਾਉਣ ਦੀ ਕੋਈ ਕਵਾਇਦ ਵੀ ਨਹੀਂ ਕੀਤੀ ਜਾਵੇਗੀ। ਉਸਦਾ
ਮੱਤ ਸੀ ਕਿ ਉਹ ਆਪਣੇ ਦੋਸ਼ ਨੂੰ ਸਵੀਕਾਰ ਕਰਦਾ ਹੈ ਅਤੇ ਆਪਣੇ ਕੀਤੇ ਦਾ ਉਹਨੂੰ ਕੋਈ
ਪਛਤਾਵਾ ਨਹੀਂ, ਸਗੋਂ ਮਾਣ ਹੈ। ਆਪਣੇ ਕੀਤੇ ਕਰਮ ਦੀ ਉਚਿੱਤਤਾ ਦੇ ਪ੍ਰਗਾਟਵੇ ਲਈ ਉਹ ਖ਼ੁਦ
ਸਪਸ਼ਟੀਕਰਨ ਦੇਵੇਗਾ। ਇਸ ਸੰਬੰਧੀ ਉਸਨੇ ਆਪਣਾ ਪੱਖ ਖ਼ੁਦ ਪੰਜਾਬੀ ਵਿਚ ਲਿਖ ਕੇ ਤਿਆਰ ਕਰ
ਲਿਆ ਸੀ। ਵਕੀਲ ਦੀ ਸਹਾਇਤਾ ਕੇਵਲ ਇਸ ਲਈ ਪ੍ਰਾਪਤ ਕੀਤੀ ਗਈ ਕਿ ਉਹ ਉਸਦੇ ਪੰਜਾਬੀ ਵਿਚ
ਲਿਖੇ ਬਿਆਨ ਨੂੰ ਅਨੁਵਾਦ ਕਰਵਾ ਕੇ ਅਦਾਲਤ ਵਿਚ ਪੇਸ ਕਰੇਗਾ। ਅਸੀਂ ਜਾਣ ਚੁੱਕੇ ਹਾਂ ਕਿ
ਉਹਦੇ ਵਕੀਲ ਮਿਸਟਰ ਵੁੱਡ ਨੇ ਅਜਿਹਾ ਹੀ ਕੀਤਾ।
ਭਾਈ ਮੇਵਾ ਸਿੰਘ ਦਾ ਇਹ ਬਿਆਨ ਬੜੀ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹੈ ਜਿਸਦਾ ਅਧਿਅਨ ਭਾਈ
ਮੇਵਾ ਸਿੰਘ ਦੀ ਸ਼ਖ਼ਸੀਅਤ, ਸੋਚ ਅਤੇ ਅਮਲ ਦੇ ਪਿਛੋਕੜ ਦੀ ਨਿਸ਼ਾਨਦੇਹੀ ਕਰਦਾ ਹੈ। ਬਿਆਨ
ਵਿਚ ਉਹਦੇ ਅੰਦਰਲੇ ਦਰਦ ਨੂੰ ਵੀ ਜ਼ਬਾਨ ਮਿਲਦੀ ਹੈ; ਭਾਰਤੀ ਭਾਈਚਾਰੇ ਵੱਲੋਂ ਵੈਨਕੂਵਰ ਤੇ
ਬ੍ਰਿਟਿਸ਼ ਕੋਲੰਬੀਆ ਵਿਚ ਲੜੀ ਜਾ ਰਹੀ ਆਜ਼ਾਦੀ ਦੀ ਲੜਾਈ ਵਿਚ ਦੇਸ਼ ਭਗਤਾਂ ਦੇ ਯੋਗਦਾਨ
ਵੱਲ ਵੀ ਸੰਕੇਤ ਹਨ ਤੇ ਸਰਕਾਰ ਵੱਲੋਂ ਕੀਤੇ ਜ਼ੁਲਮ ਤੇ ਵਧੀਕੀਆਂ ਨੂੰ ਵੀ ਨਜ਼ਰ ਗੋਚਰੇ
ਲਿਆਂਦਾ ਗਿਆ ਹੈ; ਭਾਰਤੀ ਇਨਕਲਾਬੀਆਂ ਵੱਲੋਂ ਆਰੰਭੀ ਲੜਾਈ ਵਿਚ ਸਰਕਾਰੀ ਧਿਰ ਦਾ ਸਾਥ ਦੇਣ
ਵਾਲੀਆਂ ਭਾਰਤੀ ਭਾਈਚਾਰੇ ਦੀਆਂ ਕਾਲੀਆਂ ਭੇਡਾਂ ਬੇਲਾ ਸਿੰਘ, ਬਾਬੂ ਸਿੰਘ ਜਿਹੇ ਗ਼ਦਾਰਾਂ
ਦੇ ਕਿਰਦਾਰ ਦੀ ਨਕਾਬ-ਕੁਸ਼ਾਈ ਹੋਈ ਹੈ; ਆਪਣੇ ਦੇਸ਼-ਭਗਤ ਭਰਾਵਾਂ ਭਾਈ ਭਾਗ ਸਿੰਘ ਤੇ ਬਦਨ
ਸਿੰਘ ਦੇ ਕਤਲ ਤੋਂ ਮਨ ਵਿਚ ਪੈਦਾ ਹੋਇਆ ਰੋਹ ਤੇ ਰੰਜ ਵੀ ਬੋਲਦਾ ਹੈ; ਹਾਪਕਿਨਸਨ ਦੇ ਕਤਲ
ਦਾ ਕਾਰਨ ਵੀ ਸਪੱਸ਼ਟ ਹੁੰਦਾ ਹੈ; ਵਰਤਮਾਨ ਹਾਲਾਤ ਤੇ ਸਿੱਖ-ਇਤਿਹਾਸ ਤੋਂ ਮਿਲੀ ਇਨਕਲਾਬੀ
ਪਰੇਰਨਾ ਦਾ ਸਬੂਤ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਹ ਬਿਆਨ ਕਨੇਡੀਅਨ ਇਨਸਾਫ਼ ਦਾ ਪੋਲ ਵੀ
ਉਘਾੜਦਾ ਹੈ। ਇਸ ਬਿਆਨ ਵਿਚ ਭਾਈ ਮੇਵਾ ਸਿੰਘ ਦੇ ਨਿੱਜ ਦੀਆਂ ਕਈ ਪਰਤਾਂ ਵੀ ਖੁੱਲ੍ਹਦੀਆਂ
ਹਨ। ਉਹ ਧਰਮੀ ਬੰਦਾ ਹੈ, ਇਨਸਾਨੀਅਤ ਨੂੰ ਪਿਆਰਨ ਵਾਲਾ ਹੈ; ਨਿਮਰ ਤੇ ਸਹਿਣਸ਼ੀਲ ਹੈ। ਸੱਚਾ
ਸਿੱਖ ਹੋਣ ਦੇ ਨਾਤੇ ਕਿਸੇ ਨਾਲ ਵੀ ਨਿੱਜੀ ਦੁਸ਼ਮਣੀ ਪਾਲਣ ਦਾ ਵਿਸ਼ਵਾਸੀ ਨਹੀਂ। ਹਾਪਕਿਨਸਨ
ਨਾਲ ਵੀ ਉਸਨੂੰ ਨਿੱਜੀ ਦੁਸ਼ਮਣੀ ਨਹੀਂ। ਸਿੱਖੀ ਸਿਧਾਂਤ ਉਸ ਲਈ ਮਾਰਗ-ਦਰਸ਼ਨ ਕਰਦਾ ਹੈ ਅਤੇ
ਉਹ ਕੇਵਲ ਆਪਣੇ ਦੁਖ-ਸੁਖ ਤੱਕ ਸੀਮਤ ਨਾ ਰਹਿ ਕੇ ਆਪਣੇ ਭਾਈਚਾਰੇ ਦੇ ਦੁਖ-ਸੁਖ ਨਾਲ ਨਾਤਾ
ਜੋੜਦਾ ਹੈ ਤੇ ‘ਜਬੈ ਬਾਣ ਲਾਗੇ, ਤਬੈ ਰੋਸ ਜਾਗੇ’ ਦੇ ਕਥਨ ‘ਤੇ ਅਮਲ ਕਰਦਿਆਂ ਮੌਕਾ ਆਉਣ
‘ਤੇ ਸਿਰ ਛੰਡ ਕੇ ਸਵੈਮਾਣ ਨਾਲ ਮੌਤ ਦੇ ਸਨਮੁੱਖ ਬੇਝਿਕ ਤੇ ਬੇਖ਼ੌਫ਼ ਹੋ ਕੇ ਖੜੇ ਹੋ ਜਾਣ
ਦੇ ਅਸੀਮ ਹੌਸਲੇ ਦਾ ਮੁਜਾਹਰਾ ਕਰਦਾ ਹੈ।
ਅਸੀਂ ਵੇਖਿਆ ਹੈ ਕਿ ਆਪਣੇ ਬਿਆਨ ਰਾਹੀਂ ਭਾਈ ਮੇਵਾ ਸਿੰਘ ਆਪਣੇ ਕਾਰਜ ਦੀ ਉਚਿਤਤਾ ਠਹਿਰਾਉਣ
ਲਈ ਆਪਣੇ ਵਿਚਾਰਧਾਰਕ ਪੈਂਤੜੇ ਨੂੰ ਪੇਸ਼ ਕਰਦਾ ਹੈ। ਸਰਕਾਰੀ ਪੈਂਤੜੇ ਤੋਂ ਤਾਂ ਪ੍ਰੈਸ ਵਿਚ
ਉਸਨੂੰ ‘ਕਾਤਲ’ ਅਤੇ ‘ਕ੍ਰਿਮੀਨਲ’ ਕਹਿ ਕੇ ਭੰਡਿਆ ਜਾ ਰਿਹਾ ਸੀ। ਉਸਦੇ ਕਰਮ ਦਾ ਵਿਚਾਰਧਾਰਕ
ਪੱਖ ਲੋਕਾਂ ਦੀਆ ਨਜ਼ਰਾਂ ਤੋਂ ਓਹਲੇ ਸੀ। ਇਸ ਪੱਖ ਨੂੰ ਦਲੀਲ ਪੂਰਨ ਢੰਗ ਨਾਲ ਉਹ ਆਮ ਜਨਤਾ
ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। ਉਸਨੇ ਸੋਚ ਲਿਆ ਸੀ ਕਿ ਜੇ ਉਹ ਆਪਣਾ ਪੱਖ ਅਦਾਲਤ ਵਿਚ
ਲਿਖ ਕੇ ਪੇਸ਼ ਕਰੇਗਾ ਤਾਂ ਜ਼ਰੂਰ ਇਸਦਾ ਲੋਕਾਂ ਵਿਚ ਜਿ਼ਕਰ-ਜ਼ਕਾਰ ਹੋਵੇਗਾ। ਲੋਕ ਜਾਣ
ਸਕਣਗੇ ਕਿ ਹਾਪਕਿਨਸਨ ਦਾ ਕਤਲ ਕਿਸੇ ਨਿੱਜੀ ਦੁਸ਼ਮਣੀ ਦਾ ਨਤੀਜਾ ਨਹੀਂ ਸਗੋਂ ਸਮੂਹ ਭਾਰਤੀ
ਭਾਈਚਾਰੇ ਦੀਆਂ ਦੇਸ਼-ਭਗਤਕ ਅਕਾਂਖਿਆਵਾਂ ਦਾ ਪਰਤੌ ਸੀ। ਹੋਰ ਤਾਂ ਹੋਰ ਆਉਣ ਵਾਲੀਆਂ ਨਸਲਾਂ
ਦੇ ਜਾਨਣ ਲਈ, ਇਹ ਬਿਆਨ ਅਦਾਲਤੀ ਰੀਕਾਰਡ ਵਿਚ ਇਤਿਹਾਸਕ ਦਸਤਾਵੇਜ਼ ਵਾਂਗ ਸੰਭਾਲ ਲਿਆ
ਜਾਵੇਗਾ। ਇਸ ਪ੍ਰਕਾਰ ਆਪਣਾ ਬਚਾਓ ਨਾ ਕਰ ਕੇ ਜਦੋਂ ਉਹ ਆਪਣਾ ਵਿਚਾਰਧਾਰਕ ਪੈਂਤੜਾ ਪੇਸ਼
ਕਰਨ ਲਈ ਲਿਖਤੀ ਬਿਆਨ ਦੇ ਰਿਹਾ ਸੀ ਤਾਂ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ
ਵਾਹਨ ਬਣਾ ਰਿਹਾ ਸੀ। ਮੇਵਾ ਸਿੰਘ ਦੀ ਸ਼ਹਾਦਤ ਤੋਂ ਪੰਦਰਾਂ-ਸੋਲਾਂ ਸਾਲ ਪਿੱਛੋਂ ਸ਼ਹੀਦ
ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਦਾਲਤ ਨੂੰ ਕੁਝ ਏਸੇ ਅੰਦਾਜ਼ ਵਿਚ ਆਪਣੇ ਵਿਚਾਰਾਂ ਦਾ
ਮਾਧਿਅਮ ਬਨਾਉਣ ਦੀ ਸਫ਼ਲ ਕੋਸਿ਼ਸ਼ ਕੀਤੀ ਸੀ।
ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਬੜੇ
ਸੁਚੇਤ ਹੋ ਕੇ ਦਿੱਲੀ ਦੇ ਅਸੈਂਬਲੀ ਹਾਲ ਵਿਚ ਉਸ ਵੇਲੇ ਬੰਬ ਸੁੱਟਿਆ ਸੀ ਜਦੋਂ ਦੋ
ਲੋਕ-ਵਿਰੋਧੀ ਬਿੱਲਾਂ, ਪਬਲਿਕ ਸੇਫਟੀ ਬਿਲ ਤੇ ਟਰੇਡ ਡਿਸਪਿਊਟ ਬਿੱਲ ਨੂੰ, ਅਸੈਂਬਲੀ ਵੱਲੋਂ
ਬਹੁਮਤ ਨਾਲ ਰੱਦ ਕਰ ਦਿੱਤੇ ਜਾਣ ਦੇ ਬਾਵਜੂਦ ਵਾਇਸਰਾਏ ਉਸ ਦਿਨ ਮਨਜ਼ੂਰੀ ਦੇਣ ਵਾਲਾ ਸੀ। ਇਹ
ਸਰਾਸਰ ਬੇਇਨਸਾਫ਼ੀ ਸੀ ਤੇ ਕਿਸੇ ਤਰ੍ਹਾਂ ਵੀ ਨਿਆਂ ਦੇ ਤਕਾਜ਼ੇ ‘ਤੇ ਪੂਰੀ ਨਹੀਂ
ਸੀ ਉਤਰਦੀ। ਜੇ ਬਰਤਾਨਵੀ ਸਰਕਾਰ ਨੇ ਆਪਣੇ ਪ੍ਰਛਾਵੇਂ ਅਧੀਨ ਚੱਲ ਰਹੀ ਤੇ ਬਣਾਈ ਗਈ
ਅਸੈਂਬਲੀ ਦੇ ਮੈਂਬਰਾਂ ਦੀ ਵੀ ਸੁਣਨੀ ਨਹੀਂ ਤਾਂ ਜ਼ਰੂਰ ਹੀ ਉਹਨਾਂ ਦੇ ਕੰਨਾਂ ਵਿਚ ਰੋਸ ਦੀ
ਇਹ ਆਵਾਜ਼ ਪਹੁੰਚਾਉਣੀ ਲਾਜ਼ਮੀ ਸੀ। ਬੰਬ ਸੁੱਟਣ ਤੋਂ ਕੁਝ ਸਮਾਂ ਪਹਿਲਾਂ ਦਵਾਰਕਾ ਦਾਸ
ਲਾਇਬ੍ਰੇਰੀ ਲਾਹੌਰ ਵਿਚ ਲਾਇਬ੍ਰੇਰੀਅਨ ਦੀ ਸੇਵਾ ਨਿਭਾਅ ਰਹੇ ਭਗਤ ਸਿੰਘ ਦੇ ਮਿੱਤਰ ਰਾਜਾ
ਰਾਮ ਸ਼ਾਸਤਰੀ ਨੇ ਇੱਕ ਨਵੀਂ ਪੁਸਤਕ ਪੜ੍ਹਨ ਲਈ ਭਗਤ ਸਿੰਘ ਨੂੰ ਦਿੱਤੀ ਜਿਸਦਾ ਇੱਕ ਅਧਿਆਇ
ਪੜ੍ਹ ਕੇ ਤਾਂ ਭਗਤ ਸਿੰਘ ਖੁਸ਼ੀ ‘ਚ ਉੱਛਲ ਪਿਆ ਸੀ। ਇਸ ਪੁਸਤਕ ਦਾ ਨਾਂ ਸੀ, ‘ਅਨਾਰਕਿਜ਼ਮ
ਐਂਡ ਅਦਰ ਐਸੇਜ਼’।
ਉਸ ਪੁਸਤਕ ਵਿਚ ਇਕ ਵਿਸ਼ੇਸ਼ ਅਧਿਆਇ ਸੀ ਜਿਸਦਾ ਨਾਂ ਸੀ ‘ਸਾਈਕੋਲੋਜੀ ਆਫ਼ ਵਾਇਲੈਂਸ’ (ਹਿੰਸਾ
ਦਾ ਮਨੋਵਿਗਿਆਨ)। ਇਸ ਅਧਿਆਇ ਵਿੱਚ ਫਰਾਂਸ ਦੇ ਅਰਾਜਕਤਾਵਾਦੀ ਨੌਜਵਾਨ ਵੇਲਾਂ ਦਾ ਬਿਆਨ ਸੀ
ਜਿਸ ਵਿੱਚ ਉਸ ਨੇ ਕਿਹਾ ਸੀ ਕਿ ਟਰੇਡ ਯੂਨੀਅਨਾਂ ਦੇ ਸੰਗਠਨ, ਭਾਸ਼ਣਾਂ ਅਤੇ ਸ਼ਾਂਤਮਈ
ਪ੍ਰਦਰਸ਼ਨਾਂ ਦਾ ਪੂੰਜੀਵਾਦੀ ਸ਼ਾਸਕਾਂ ਤੇ ਅਸਰ ਨਹੀਂ ਹੋਇਆ ਤਾਂ ਮੈਂ ਸੋਚਿਆ ਕਿ ਅਸੈਂਬਲੀ
ਵਿੱਚ ਬੰਬ ਸੁੱਟ ਕੇ ਬੋਲੇ ਕੰਨਾਂ ਨੂੰ ਭਵਿੱਖ ਦੀ ਖ਼ੂਨੀ ਕ੍ਰਾਂਤੀ ਬਾਰੇ ਸਾਵਧਾਨ ਕੀਤਾ
ਜਾਵੇ। ਭਗਤ ਸਿੰਘ ਦੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਬਿਆਨ ਦੇਣ ਪਿੱਛੇ ਪ੍ਰੇਰਕ ਸ਼ਕਤੀ ਇਹੋ
ਬਿਆਨ ਸੀ।
ਸਾਫ਼ ਜ਼ਾਹਿਰ ਹੈ ਭਗਤ ਸਿੰਘ ਹੁਰਾਂ ਨੇ ਅਜਿਹੀ ਸਰਕਾਰ ਦੇ ‘ਬੋਲਿਆਂ ਕੰਨਾਂ ਤੱਕ ਆਵਾਜ਼
ਪਹੁੰਚਾਉਣ’ ਲਈ ਬੰਬ ਸੁੱਟ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਇਸ ਵਾਸਤੇ ਪੇਸ਼ ਕੀਤਾ ਸੀ
ਕਿ ਅਜਿਹਾ ਕਰਕੇ ਉਹ ਅਦਾਲਤ ਨੂੰ ਆਪਣੇ ਵਿਚਾਰਾਂ ਨੂੰ ਪ੍ਰਚਾਰਨ ਦਾ ਮਾਧਿਅਮ ਬਨਾਉਣਗੇ।
ਉਨ੍ਹਾਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਅਦਾਲਤ ਨੂੰ ਮਾਧਿਅਮ ਵਜੋਂ ਭਰਪੂਰ ਰੂਪ ਵਿਚ
ਵਰਤਿਆ ਵੀ।
ਅਦਾਲਤ ਵਿਚ ਦਿੱਤੇ ਆਪਣੇ ਬਿਆਨਾਂ ਰਾਹੀਂ ਭਗਤ ਸਿੰਘ ਹੁਰਾਂ ਆਪਣੇ ਨਜ਼ਰੀਏ ਤੇ ਵਿਚਾਰਧਾਰਾ
ਨੂੰ ਜਗਤ ਦੇ ਸਾਹਮਣੇ ਰੱਖਿਆ। ਪ੍ਰੈਸ ਨੇ ਉਹਨਾਂ ਦੇ ਦਿੱਤੇ ਬਿਆਨਾਂ ਨੂੰ ਲੋਕਾਂ ਦੀ ਨਜ਼ਰ
ਵਿਚ ਲਿਆਂਦਾ। ਭਗਤ ਸਿੰਘ ਹੁਰਾਂ ਬੰਬ ਸੁੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣ ਅਤੇ ਸੋਚ
ਲਿਆ ਸੀ ਕਿ ਇਸ ਐਕਸ਼ਨ ਉਪਰੰਤ ਜਦੋਂ ਉਹਨਾਂ ਨੂੰ ਫੜ ਕੇ ਮੁਕੱਦਮਾ ਚਲਾਇਆ ਜਾਵੇਗਾ ਤਾਂ
ਉਹਨਾਂ ਨੂੰ ਮੌਤ ਦੀ ਸਜ਼ਾ ਮਿਲਣੀ ਨਿਸਚਿਤ ਹੈ। ਇਸਦੇ ਬਾਵਜੂਦ ਉਹ ਸਮਝਦੇ ਸਨ ਕਿ ਇਹ ਐਕਸ਼ਨ
ਜ਼ਰੂਰੀ ਹੈ। ਅਦਾਲਤ ਰਾਹੀਂ ਉਹਨਾਂ ਦੇ ਦ੍ਰਿਸ਼ਟੀਕੋਨ ਦੀ ਵਿਆਪਕ ਜਾਣਕਾਰੀ ਜਨਤਾ ਤੱਕ
ਪੁੱਜੀ। ਇਸ ਲਹਿਰ ਦੇ ਐਕਸ਼ਨਾਂ ਬਾਰੇ ਪਰਚਾਰੇ ਗਏ ਸਰਕਾਰੀ ਪੱਖ ਅਨੁਸਾਰ ਤਾਂ ਭਗਤ ਸਿੰਘ ਤੇ
ਉਸਦੇ ਸਾਥੀ ਪਾਗਲ, ਡਾਕੂ ਜਾਂ ਚੋਰ ਬਣਾ ਕੇ ਪੇਸ਼ ਕੀਤੇ ਗਏ ਸਨ। ਹੁਣ ਅਦਾਲਤ ਵਿਚ ਦਿੱਤੇ
ਬਿਆਨਾਂ ਰਾਹੀਂ ਉਹਨਾਂ ਕੇਵਲ ਇਹ ਹੀ ਸਾਬਤ ਨਾ ਕੀਤਾ ਕਿ ਉਹ ਪਾਗਲ, ਗੁੰਡੇ, ਚੋਰ,
ਅਰਾਜਕਤਾਵਾਦੀ ਜਾਂ ਆਤੰਕਵਾਦੀ ਨਹੀਂ ਸਗੋਂ ਇਹ ਵੀ ਪਰਮਾਣਿਤ ਕੀਤਾ ਕਿ ਉਹ ਅਸਲ ਰੂਪ ਵਿਚ
ਅਜਿਹੇ ਇਨਕਲਾਬੀ ਹਨ ਜੋ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਨ ਸਗੋਂ ਉਹਨਾਂ
ਦਾ ਮਨਸ਼ਾ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਵੀ ਹੈ। ਅਦਾਲਤ ਵਿਚ ਦਿੱਤੇ ਬਿਆਨਾਂ ਸਦਕਾ
ਹੀ ਭਗਤ ਸਿੰਘ ਹੁਰਾਂ ਦਾ ਮਕਸਦ ਜੱਗ-ਜ਼ਾਹਿਰ ਹੋਇਆ ਤੇ ਭਗਤ ਸਿੰਘ ਹਿੰਸਕ ਆਤੰਕਵਾਦੀ ਦੀ
ਥਾਂ ਇਨਕਲਾਬੀ ਨਾਇਕ ਬਣ ਕੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ।
ਪਰ ਇਹ ਭਾਈ ਮੇਵਾ ਸਿੰਘ ਹੀ ਸੀ ਜਿਸਨੇ ਸਾਡੇ ਇਨਕਲਾਬੀ ਇਤਿਹਾਸ ਵਿਚ ਸਭ ਤੋਂ ਪਹਿਲਾਂ ਇਸ
ਜੁਗਤ ਦੀ ਸੁਚੇਤ ਤੌਰ ‘ਤੇ ਵਰਤੋਂ ਕੀਤੀ। ਭਗਤ ਸਿੰਘ ਨੂੰ ਵੀ ਪਤਾ ਸੀ ਕਿ ਉਹਦੀ
ਗ੍ਰਿਫ਼ਤਾਰੀ ਦਾ ਅੰਤਮ ਸਿੱਟਾ ਉਹਦੀ ਮੌਤ ਵਿਚ ਹੀ ਨਿਕਲਣਾ ਹੈ, ਤਦ ਵੀ ਉਸਨੇ ਆਪਣੇ ਆਪ ਨੂੰ
ਸੁਚੇਤ ਕੁਰਬਾਨੀ ਦੇ ਰਾਹ ਤੋਰ ਲਿਆ। ਪਰ ਭਾਈ ਮੇਵਾ ਸਿੰਘ ਸੁਚੇਤ ਕੁਰਬਾਨੀ ਦੇ ਪੱਖੋਂ ਵੀ
ਤਤਕਾਲੀ ਇਨਕਲਾਬੀ ਇਤਿਹਾਸ ਵਿਚ ਆਪਣੇ ਭਾਈਚਾਰੇ ਵਿਚ ਭਗਤ ਸਿੰਘ ਦਾ ਪਹਿਲ-ਪਲੱਕੜਾ ਵਡੇਰਾ
ਸੀ। ਆਪਣੇ ਬਿਆਨ ਵਿਚ ਭਾਈ ਮੇਵਾ ਸਿੰਘ ਨੇ ਇਹ ਵੀ ਕਿਹਾ ਸੀ ਕਿ “ਇਨ੍ਹਾˆ ਲੋਕਾˆ ਨੇ ਸਾਨੂੰ
ਬੇਇੱਜ਼ਤ ਕੀਤਾ ਹੈ। ਇਹ ਸੋਚਦੇ ਨੇ ਕਿ ਸਿੱਖ ਕੁਝ ਵੀ ਨਹੀਂ। ਸਾਨੂੰ ਜ਼ਲੀਲ ਕੀਤਾ ਗਿਆ ਹੈ।
ਸਾਡੀ ਗੱਲ ਸੁਣਨ ਵਾਲ਼ਾ ਇੱਥੇ ਕੋਈ ਜੱਜ ਨਹੀˆ। ਇਹ ਚਾਰ ਬੰਦੇ ਹੀ ਸਭ ਕੁਝ ਹਨ। ਬੇਲਾ ਸਿੰਘ,
ਬਾਬੂ ਸਿੰਘ, ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਆਪਣੇ ਆਪ ਨੂੰ ਰੱਬ ਸਮਝਦੇ ਹਨ। ਸਰਕਾਰ
ਸਿਰਫ਼ ਹਾਪਕਿਨਸਨ ਦੀ ਸੁਣਦੀ ਹੈ। ਏਥੇ ਹਾਪਕਿਨਸਨ ਤੇ ਉਹਦੇ ਚਾਟੜਿਆਂ ਦੀ ਸੁਣੀ ਜਾਦੀ ਹੈ,
‘ਸਾਡੀ ਨਹੀਂ’।”
ਜਦੋਂ ਭਗਤ ਸਿੰਘ ਹੁਰਾਂ ਅਸੈਂਬਲੀ ਵਿਚ ਬੰਬ ਸੁੱਟਿਆ ਤਾਂ ਉਦੋਂ ਭਾਰਤ ਵਿਚਲੀ ਬਰਤਾਨਵੀ
ਸਰਕਾਰ ਭਾਰਤੀ ਲੋਕਾਂ ਦੀ ਆਵਾਜ਼ ਸੁਣਨੋਂ ਇਨਕਾਰੀ ਸੀ ਤੇ ਜਦੋਂ ਭਾਈ ਮੇਵਾ ਸਿੰਘ ਨੇ
ਹਾਪਕਿਨਸਨ ਦਾ ਕਤਲ ਕੀਤਾ ਤਾਂ ਉਦੋਂ ਕਨੇਡਾ ਦੀ ਸਰਕਾਰ ਵੀ ਕਨੇਡਾ ਵਿਚ ਵੱਸਦੇ ਭਾਰਤੀ
ਭਾਈਚਾਰੇ ਦੀ ਆਵਾਜ਼ ਸੁਣਨੋਂ ਇਨਕਾਰੀ ਸੀ। ਉਸ ਵੱਲੋਂ ਹਾਪਕਿਨਸਨ ਦਾ ਕੀਤਾ ਕਤਲ ਵੀ ‘ਬੋਲੇ
ਕੰਨਾਂ’ ਤੱਕ ਆਵਾਜ਼ ਪਹੁੰਚਾਉਣ ਦਾ ਹੀਲਾ ਹੀ ਸੀ। ਸਥਾਪਤ ਵਿਵਸਥਾ ਦੇ ‘ਬੋਲੇ ਕੰਨਾਂ’ ਤੱਕ
ਆਵਾਜ਼ ਪਹੁੰਚਾਉਣ ਪੱਖੋਂ ਭਾਈ ਮੇਵਾ ਸਿੰਘ, ਭਗਤ ਸਿੰਘ ਹੁਰਾਂ ਤੋਂ ਵੀ ਪਹਿਲਾਂ, ਪਹਿਲਕਦਮੀ
ਕਰਦਾ ਨਜ਼ਰ ਆਉਂਦਾ ਹੈ।
ਭਗਤ ਸਿੰਘ ਹੁਰਾਂ ਨੂੰ ਬਰਤਾਨਵੀ ਪੁਲਿਸ ਅਤੇ ਨਿਆਂ-ਪਰਣਾਲੀ ਤੋਂ ਕਿਸੇ ਇਨਸਾਫ਼ ਦੀ ਆਸ
ਨਹੀਂ ਸੀ। ਆਪਣੇ ਇਸ ਮੱਤ ਦਾ ਪ੍ਰਗਟਾਵਾ ਉਹਨਾਂ ਵੱਲੋਂ ਅਕਸਰ ਹੀ ਆਪਣੇ ਬਿਆਨਾਂ ਵਿਚ ਕੀਤਾ
ਜਾਂਦਾ ਰਿਹਾ। ਐਨ ਇੰਜ ਹੀ ਉਹਨਾ ਦੇ ਵਡੇਰੇ ਭਾਈ ਮੇਵਾ ਸਿੰਘ ਨੇ ਅਦਾਲਤ ਵਿਚ ਦਿੱਤੇ
ਇਤਿਹਾਸਕ ਬਿਆਨ ਵਿਚ ਕਨੇਡੀਅਨ ਸਰਕਾਰ ਦੀ ਨਿਆਂ-ਪ੍ਰਣਾਲੀ ਨੂੰ ਬੇਨਕਾਬ ਕਰ ਦਿੱਤਾ। ਉਸਦੇ
ਸ਼ਬਦਾਂ ਵੱਲ ਵੇਖੀਏ, “ਜਦੋਂ ਵੀ ਮੌਕਾ ਮਿਲਦਾ ਹੈ ਤਾਂ ਪੁਲਿਸ ਸਾਡੇ ਨਾਲ ਧੱਕਾ ਤੇ
ਬੇਇੲਨਸਾਫ਼ੀ ਕਰਨ ਲਈ ਤਤਪਰ ਤੇ ਤਿਆਰ ਰਹਿੰਦੀ ਹੈ। ਜਦੋਂ ਸਾਡੇ ਕੇਸ ਅਦਾਲਤ ਵਿਚ ਜਾਂਦੇ ਹਨ
ਤਾਂ ਜੱਜਾਂ ਨੇ ਸਾਡੇ ਵਿਰੁੱਧ ਦੇਣ ਵਾਲੇ ਫ਼ੈਸਲੇ ਪਹਿਲਾਂ ਹੀ ਤਿਆਰ ਕਰ ਕੇ ਰੱਖੇ ਹੁੰਦੇ
ਹਨ। ਇਹ ਕੈਸਾ ਨਿਆਂ ਹੈ ਕਿ ਫ਼ੈਸਲਾ ਸਦਾ ਪੁਲਿਸ ਦੇ ਘੜੇ ਕੇਸ ਦੇ ਹੱਕ ਵਿਚ ਹੁੰਦਾ ਹੈ!
ਜਦੋਂ ਜੱਜਾਂ ਦੇ ਮਨਾਂ ਵਿਚ ਪਹਿਲਾਂ ਹੀ ਖੋਟ ਹੋਵੇ ਤਾਂ ਕਿਸੇ ਪ੍ਰਕਾਰ ਦੇ ਨਿਆਂ ਦੀ ਆਸ
ਨਹੀਂ ਰੱਖੀ ਜਾ ਸਕਦੀ। ਜੇ ਪੁਲਿਸ ਅਤੇ ਪ੍ਰਬੰਧਕੀ ਢਾਂਚਾ ਸਾਡੇ ਖਿ਼ਲਾਫ਼ ਬੇਨਿਆਈਂ ਕਰਨ ਲਈ
ਆਪਸ ਇੱਕ-ਜੁੱਟ ਹੋ ਜਾਣ ਤਾਂ ਕਿਸੇ ਨੂੰ ਤਾਂ ਇਸ ਬੇਨਿਆਈਂ ਵਿਰੁੱਧ ਉਠਣਾ ਪੈਣਾ ਸੀ। ਤੇ
ਮੈਂ ਉੱਠ ਖਲੋਤਾ ਹਾਂ। ਮੈਂ ਅਨਿਆਂ ਦੀ ਇਸ ਦੀਵਾਰ ਨੂੰ ਧੱਕਾ ਮਾਰ ਕੇ ਢਾਹੁਣ ਲਈ ਹੌਂਸਲਾ
ਕੀਤਾ ਹੈ। ਤੁਸੀਂ ਮੈਨੂੰ ਫਾਹੇ ਲਾ ਸਕਦੇ ਹੋ। ਇਸ ਤੋਂ ਵੱਧ ਹੋਰ ਤੁਸੀਂ ਕਰ ਵੀ ਕੀ ਸਕਦੇ
ਹੋ?”
ਭਾਈ ਮੇਵਾ ਸਿੰਘ ਦਾ ਇਤਿਹਾਸਕ ਬਿਆਨ ਅਦਾਲਤੀ ਕਾਰਵਾਈ ਦਾ ਹਿੱਸਾ ਬਣ ਕੇ ਜਨਤਾ ਤੱਕ ਪਹੁੰਚ
ਗਿਆ। ਕੀ ਭਗਤ ਸਿੰਘ ਹੁਰਾਂ ਭਾਈ ਮੇਵਾ ਸਿੰਘ ਦੇ ਬਿਆਨ ਤੋਂ ਵੀ ਕੋਈ ਪ੍ਰੇਰਨਾ ਲਈ ਸੀ ਜਾਂ
ਨਹੀਂ, ਇਸ ਦਾ ਜ਼ਾਹਿਰਾ ਸਬੂਤ ਤਾਂ ਭਾਵੇਂ ਕਿਸੇ ਹਵਾਲੇ ਤੋਂ ਪ੍ਰਾਪਤ ਨਹੀਂ ਪਰ ਇਹ ਅਨੁਮਾਨ
ਜ਼ਰੂਰ ਹੈ ਕਿ ਭਗਤ ਸਿੰਘ ਨੂੰ ਜ਼ਰੂਰ ਭਾਈ ਮੇਵਾ ਸਿੰਘ ਦੀ ਸ਼ਹਾਦਤ ਅਤੇ ਦਿੱਤੇ ਬਿਆਨ ਦਾ
ਇਲਮ ਹੋੇਵੇਗਾ। ਮੇਵਾ ਸਿੰਘ ਵੱਲੋਂ ਆਪਣੇ ਵਿਚਾਰਧਾਰਕ ਪੈਂਤੜੇ ਨੂੰ ਪੇਸ਼ ਕਰਨ ਲਈ ਅਦਾਲਤ
ਨੂੰ ਮਾਧਿਅਮ ਬਣਾ ਕੇ ਵਰਤਣ ਬਾਰੇ ਵੀ ਭਗਤ ਸਿੰਘ ਨੂੰ ਜ਼ਰੂਰ ਗਿਆਨ ਹੋਵੇਗਾ। ਇਹ ਅਨੁਮਾਨ
ਲਾਏ ਜਾਣ ਦੀ ਗੁੰਜਾਇਸ਼ ਇਸ ਕਰ ਕੇ ਵੀ ਹੈ ਕਿ ਚੰਗਾ ਤੇ ਸੁਚੇਤ ਪਾਠਕ ਹੋਣ ਨਾਤੇ ਭਗਤ ਸਿੰਘ
ਭਾਰਤ ਅਤੇ ਪੰਜਾਬ ਦੇ ਇਨਕਲਾਬੀ ਇਤਿਹਾਸ ਦਾ ਚੰਗੀ ਤਰ੍ਹਾਂ ਜਾਣੂੰ ਸੀ। ਕੂਕਾ-ਲਹਿਰ, ਪੱਗੜੀ
ਸੰਭਾਲ ਜੱਟਾ ਲਹਿਰ ਅਤੇ ਗ਼ਦਰ ਪਾਰਟੀ ਲਹਿਰ ਦੇ ਇਤਿਹਾਸ ਬਾਰੇ ਤਾਂ ਉਸਦੀਆਂ ਲਿਖੀਆਂ
ਲਿਖਤਾਂ ਵੀ ਮਿਲਦੀਆਂ ਹਨ। ਗ਼ਦਰ ਪਾਰਟੀ ਦੇ ਦੂਜੇ ਸਕੱਤਰ ਭਾਈ ਸੰਤੋਖ ਸਿੰਘ ਨੇ ਭਾਰਤ ਆ ਕੇ
ਮਾਸਿਕ ਪੱਤਰ ‘ਕਿਰਤੀ’ ਸ਼ੁਰੂ ਕੀਤਾ ਤਾਂ ਭਗਤ ਸਿੰਘ ‘ਕਿਰਤੀ’ ਵਿਚ ਲੇਖ ਵੀ ਲਿਖਦਾ ਰਿਹਾ।
ਭਾਈ ਸੰਤੋਖ ਸਿੰਘ ਵਰਗੇ ਲਹਿਰ ਦੇ ਆਗੂ ਗ਼ਦਰੀਆ ਦੇ ਸੰਗ-ਸਾਥ ਵਿਚ ਵਿਚਰਨ ਕਰ ਕੇ ਅਤੇ
ਉਹਨਾਂ ਵੱਲੋਂ ਸ਼ੁਰੂ ਕੀਤੇ ਪਰਚੇ ਦਾ ਲੇਖਕ ਹੋਣ ਕਰ ਕੇ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ
ਭਗਤ ਸਿੰਘ ਗ਼ਦਰ ਲਹਿਰ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹਨੂੰ ਭਾਈ ਮੇਵਾ ਸਿੰਘ ਦੀ
ਸ਼ਹਾਦਤ ਅਤੇ ਉਸ ਵੱਲੋਂ ਦਿੱਤੇ ਇਤਿਹਾਸਕ ਬਿਆਨ ਬਾਰੇ ਨਿਸਚੈ ਹੀ ਪਤਾ ਸੀ। ਭਾਵੇਂ ਅਸੈਂਬਲੀ
ਵਿਚ ਬੰਬ ਸੁੱਟ ਕੇ ਸਰਕਾਰ ਦੇ ਬੋਲੇ ਕੰਨਾਂ ਵਿਚ ਆਵਾਜ਼ ਪਹੁੰਚਾਉਣ ਦੀ ਪਰੇਰਨਾ ਦਾ
ਪਿਛੋਕੜ, ਭਗਤ ਸਿੰਘ, ਫ਼ਰਾਂਸ ਦੇ ਇਨਕਲਾਬੀ ‘ਵੇਲਾਂ’ ਦੇ ਐਕਸ਼ਨ ਤੇ ਕਥਨ ਨਾਲ ਜੋੜਦਾ ਹੈ
ਤਦ ਵੀ ਕਿਹਾ ਜਾ ਸਕਦਾ ਹੈ ਕਿ ਅਚੇਤ-ਸੁਚੇਤ ਭਗਤ ਸਿੰਘ ਦੇ ਮਨ ਵਿਚ ਭਾਈ ਮੇਵਾ ਸਿੰਘ ਦੀ
ਸ਼ਹਾਦਤ ਅਤੇ ਅਦਾਲਤ ਵਿਚ ਦਿੱਤੇ ਬਿਆਨ ਦੀ ਲੁਕਵੀਂ ਜਾਂ ਜ਼ਾਹਿਰਾ ਪ੍ਰੇਰਨਾ ਤੋਂ ਵੀ
ਇਨਕਾਰੀ ਨਹੀਂ ਹੋਇਆ ਜਾ ਸਕਦਾ।
ਇੰਜ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਸਥਾਪਤ ਵਿਵਸਥਾ ਦੀ ਨਿਆਇ-ਪ੍ਰਣਾਲੀ ਦੇ
ਪੋਲ ਨੂੰ ਉਜਾਗਰ ਕਰਨ, ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਮਾਧਿਅਮ ਬਣਾ ਕੇ
ਵਰਤਣ, ਸਥਾਪਤ ਵਿਵਸਥਾ ਦੇ ‘ਬੋਲੇ ਕੰਨਾਂ’ ਵਿਚ ਆਵਾਜ਼ ਪਹੁੰਚਾਉਣ ਲਈ ‘ਧਮਾਕਾਖ਼ੇਜ਼’
ਐਕਸ਼ਨ ਕਰਨ ਅਤੇ ਮੌਤ ਨੂੰ ਬੇਖ਼ੌਫ਼ ਹੋ ਕੇ ਵਰਨ ਵਿਚ ਭਾਈ ਮੇਵਾ ਸਿੰਘ ਪਹਿਲਾ ਸ਼ਹੀਦ
ਸੂਰਮਾ ਹੈ। ਭਗਤ ਸਿੰਘ ਤੇ ਉਸਦੇ ਸਾਥੀ ਤਾਂ ਪੜ੍ਹੇ-ਲਿਖੇ ਸਨ ਅਤੇ ਉਹਨਾਂ ਨੇ ਭਾਰਤ ਅਤੇ
ਸੰਸਾਰ ਦੇ ਇਨਕਲਾਬੀ ਇਤਿਹਾਸ ਨੂੰ ਪੜ੍ਹਿਆ-ਵਾਚਿਆ ਹੋਇਆ ਸੀ। ਉਹਨਾਂ ਦੀ ਸੋਚਣੀ ਪਿੱਛੇ
ਪਰਾਪਤ ਅਕਾਦਿਮਕ ਗਿਆਨ ਦੀ ਰੌਸ਼ਨੀ ਕਾਰਜਸ਼ੀਲ ਸੀ। ਪਰ ਭਾਈ ਮੇਵਾ ਸਿੰਘ ਨੇ ਤਾਂ ਕੋਈ
ਬਹੁਤੀ ਅਕਾਦਮਿਕ ਵਿਦਿਆ ਵੀ ਨਹੀਂ ਸੀ ਪ੍ਰਾਪਤ ਕੀਤੀ ਹੋਈ। ਉਹ ਤਾਂ ਕੇਵਲ ਗੁਰਮੁਖੀ ਹੀ
ਪੜ੍ਹ-ਲਿਖ ਸਕਦਾ ਸੀ। ਪਰ ਹੈਰਾਨੀ ਤੇ ਖ਼ੁਸ਼ੀ ਦੀ ਗੱਲ ਹੈ ਕਿ ਉਸਨੇ ਅਜਿਹਾ ਬਿਆਨ ਇਸ
ਅੰਦਾਜ਼ ਵਿਚ ਦੇਣਾ ਸੋਚ ਕੇ ਅਤੇ ਫਿਰ ਉਸਨੂੰ ਏਨੇ ਸੰਗਠਿਤ ਰੂਪ ਵਿਚ ਲਿਖ ਕੇ ਆਪਣੀ ਬੌਧਿਕ
ਸਮਰੱਥਾ ਦਾ ਅਜਿਹਾ ਪ੍ਰਦਰਸ਼ਨ ਕੀਤਾ ਹੈ ਕਿ ਉਹਦੀ ਇਸ ਕਾਮਲ ਯੋਗਤਾ ਨੂੰ ਵੀ ਸਹਿਜੇ ਹੀ
ਪ੍ਰਣਾਮ ਕਰਨ ਨੂੰ ਜੀ ਕਰਦਾ ਹੈ। ਇਹ ਕਾਰਜ ਉਹਦੇ ਗਹਿ-ਗੱਚ ਅਨੁਭਵ ਵਿਚੋਂ ਨਿਕਲੀ ਸਿਆਣਪ ਦਾ
ਪ੍ਰਤੀਕ ਹੈ।
ਨਿਸਚੈ ਹੀ ਭਾਈ ਮੇਵਾ ਸਿੰਘ ਕਈ ਪੱਖਾਂ ਤੋਂ ਇਤਿਹਾਸਕ ਪਹਿਲ-ਕਦਮੀਆਂ ਕਰਨ ਵਾਲਾ, ਭਾਰਤ ਦੇ
ਇਨਕਲਾਬੀ ਇਤਿਹਾਸ ਦਾ ਮਾਣਯੋਗ ਸ਼ਹੀਦ ਹੈ।
-0-
|