ਮੈਂ ਇੱਕ ਅਧਿਆਪਕ ਹਾਂ!
ਮੈਂ ਪ੍ਰਾਚੀਨ ਭਾਰਤ ਜਿੰਨਾਂ ਹੀ ਪ੍ਰਾਚੀਨ ਜੀਵ ਹਾਂ। ਸਮੇਂ ਦੀਆਂ ਲੋੜਾਂ ਮੁਤਾਬਿਕ ਅਤੇ
ਸਮੇਂ ਦੀਆਂ ਮਜ਼ਬੂਰੀਆਂ ਹਿਤ ਮੇਰੇ ਰੰਗ ਰੂਪ, ਕੰਮ ਕਾਜ, ਮੇਰੇ ਅਹੁਦੇ ਅਤੇ ਰੁਤਬੇ ਦੇ ਵਿੱਚ
ਨਿਰੰਤਰ ਤਬਦੀਲੀ ਆਈ ਹੈ। ਪਰ ਮੈਂ ਕੱਲ ਵੀ ਸੀ ਅੱਜ ਵੀ ਹਾਂ ਅਤੇ ਭਲਕੇ ਵੀ ਰਹਾਂਗਾ।
ਮਹਾਂਭਾਰਤ ਦੇ ਦੌਰ ਵਿੱਚ ਮੈਂ ਇੱਕ ਗੁਰੂ ਸਾਂ। ਰਾਜਿਆਂ ਵਜ਼ੀਰਾਂ ਦੇ ਬੱਚੇ ਮੇਰੇ ਕੋਲ ਆ ਕੇ
ਠਹਿਰਦੇ ਸਨ-ਮੇਰੀ ਕੁਲ ਦੇ ਮੈਂਬਰ ਸਨ। ਇਸ ਲਈ ਰਾਜੇ ਮੇਰੇ ਗੁਰੂ ਕੁਲ ਨੂੰ ਗਰਾਂਟਾਂ,
ਜਾਗੀਰਾਂ ਅਤੇ ਦੱਖਣਾ ਦੇ ਕੇ ਚਾਲੂ ਰੱਖਦੇ ਸਨ। ਮੈਂ ਰਾਜਿਆਂ ਦੇ ਪੁੱਤਰਾਂ ਨੂੰ ਸ਼ਾਸਤਰ ਵੀ
ਸਿਖਾਉਂਦਾ ਸਾਂ ਅਤੇ ਸ਼ਸਤਰ ਵੀ। ਸਮੇਂ ਦੇ ਨਾਲ ਉਹ ਰਾਜ ਭਾਗ ਸੰਭਾਲਨ ਦੇ ਸਮਰੱਥ ਹੋ ਜਾਂਦੇ
ਸਨ। ਕਿਉਂ ਕਿ ਮੇਰੇ ਸ਼ਿਸ਼ ਰਾਜੇ ਬਣਦੇ ਸਨ ਇਸ ਲਈ ਮੇਰਾ ਆਦਰ ਮਾਣ ਅਤੇ ਸਤਿਕਾਰ ਵੀ ਉਹਨਾਂ
ਵਾਲਾ ਹੀ ਸੀ। ਜੇ ਉਹ ਗੁਰੂ ਕੁਲ ਦੇ ਮੈਂਬਰ ਸਨ ਤਾਂ ਮੈਂ ਵੀ ਰਾਜ ਕੁਲ ਦਾ ਮੈਂਬਰ ਸਾਂ ਅਤੇ
ਅਸੀਂ ਗੁਰੂ ਅਤੇ ਸ਼ਿਸ਼ ਮਿਲਕੇ ਰਾਜ ਕੁਲ ਦੀ ਰੱਖਿਆ ਵੀ ਕਰਦੇ ਸਾਂ ਅਤੇ ਗੁਰੂ ਕੁਲ ਦੀ ਵੀ।
ਮੈਂ ਆਪਣੇ ਸ਼ਿਸ਼ਾਂ ਨਾਲ ਮਿਲਕੇ ਜੰਗਾਂ ਯੁੱਧਾਂ ਵਿੱਚ ਚਲਾ ਜਾਂਦਾ ਸਾਂ....
ਅਲੈਗਜ਼ਾਂਦਰ ਦੇ ਸਮੇਂ ਮੈਂ ਕੁਟੱਲਯਾ ਸਾਂ। ਮੈਂ ਹੀ ਚੰਦਰਗੁਪਤ ਨੂੰ ਰਾਜਨੀਤੀ ਸ਼ਾਸਤਰ ਅਤੇ
ਅਰਥ ਸ਼ਾਸਤਰ ਪੜਾਇਆ ਸੀ ਅਤੇ ਮੈਂ ਹੀ ਉਸ ਨੂੰ ਚੰਦਰਗੁਪਤ ਤੋਂ “ਸਮਰਾਟ ਚੰਦਰਗੁਪਤ ਮੌਰੀਆ”
ਬਣਾਇਆ ਸੀ। ਮੈਂ ਉਸਦਾ ਗੁਰੂ ਵੀ ਸਾਂ ਸੈਨਾਪਤੀ ਵੀ ਅਤੇ ਅਰਥ ਸ਼ਾਸਤਰੀ ਵੀ। ਪਰ ਉਸ ਵੇਲੇ
ਮੇਰਾ ਸਬੰਧ ਉਸਦੀ ਪਰਜਾ ਦੇ ਸਧਾਰਨ ਲੋਕਾਂ ਨਾਲ ਨਹੀਂ ਸੀ। ਮੈਂ ਆਪਣੇ ਆਪ ਨੂੰ ਵੀ ਇੱਕ
ਰਾਜਾ ਹੀ ਸਮਝਦਾ ਸਾਂ ਸਗੋਂ ਰਾਜੇ ਤੋਂ ਵੀ ਉੱਪਰ। ਉਸਦੀ, ਇਸ ਦੁਨੀਆਂ ਅਤੇ ਦੂਸਰੀ ਦੁਨੀਆਂ
’ਚ ਮੁਕਤੀ ਦਾ ਵਾਹਨ ਮੈਂ ਹੀ ਸਾਂ।
ਫਿਰ ਸਮੇਂ ਨੇ ਕਰਵਟ ਲਈ ਅਤੇ ਮੱਧਯੁਗ ਆ ਗਿਆ। ਹੁਣ ਮੇਰਾ ਨਿਵਾਸ ਕੋਈ ਗੁਰੂ ਕੁਲ ਜਾਂ ਰਾਜ
ਕੁਲ ਨਹੀਂ ਸੀ। ਮੈਨੂੰ ਹੁਣ ਮੰਦਰਾਂ ਗੁਰਦੁਆਰਿਆਂ, ਮਸੀਤਾਂ ਤੱਕ ਸੀਮਤ ਕਰ ਦਿੱਤਾ ਗਿਆ ਸੀ।
ਮੈਂ ਹੁਣ ਆਪਣੇ ਚੇਲਿਆਂ ਨੂੰ ਸ਼ਸਤਰ ਸਿੱਖਿਆ ਨਹੀਂ ਸਗੋਂ ਧਾਰਮਿਕ ਗ੍ਰੰਥਾਂ ਉੱਤੇ ਅਧਾਰਤ
ਮੋਟੀ ਮੋਟੀ ਨੈਤਿਕ ਸਿੱਖਿਆ ਹੀ ਦੇਣ ਲੱਗ ਪਿਆ ਸਾਂ। ਹੁਣ ਮੈਂ ਗੁਰੂ ਤੋਂ ਭਾਈ, ਪੰਡਤ ਜਾਂ
ਮੁੱਲਾਂ ਬਣ ਗਿਆ ਸਾਂ ਅਤੇ ਹੁਣ ਮੇਰੇ ਕੋਲ ਰਾਜਿਆਂ ਤੇ ਵਜ਼ੀਰਾਂ ਦੇ ਸ਼ਹਿਜ਼ਾਦੇ ਜਾਂ
ਅਮੀਰਜ਼ਾਦੇ ਨਹੀਂ ਸਗੋਂ ਜਨ ਸਧਾਰਨ ਦੇ ਪੁੱਤਰ ਆਉਂਦੇ ਸਨ ਅਤੇ ਮੈਂਨੂੰ ਆਪਣੇ ਲਈ ਰੋਟੀ ਵੀ
ਘਰ ਘਰ ਜਾ ਕੇ ਮੰਗ ਕੇ ਲਿਆਉਣੀ ਪੈਂਦੀ ਸੀ ਪਰ ਫਿਰ ਵੀ ਮੈਨੂੰ ਰੋਟੀ ਦੇਣ ਵੇਲੇ ਮੇਰੇ
ਜਜ਼ਮਾਨ ਮੇਰੇ ਅੱਗੇ ਸਿਰ ਵੀ ਝੁਕਾਉਂਦੇ ਸਨ ਅਤੇ ਮੇਰੇ ਚਰਨ ਸਪਰਸ਼ ਵੀ ਕਰ ਲੈਂਦੇ ਸਨ। ਇਸ
ਨਾਲ ਮੇਰਾ ਆਤਮ ਸਨਮਾਨ ਬਣਿਆਂ ਰਹਿੰਦਾ ਸੀ ਅਤੇ ਮੈਂ ਅਜੇ ਵੀ ਆਪਣੇ ਆਪ ਨੂੰ ਜਨ ਸਧਾਰਨ
ਨਾਲੋਂ ਥੋੜਾ ਜਿਹਾ ਵੱਖਰਾ ਵੱਖਰਾ ਮਹਿਸੂਸ ਕਰਦਾ ਸਾਂ।
ਜ਼ਮਾਨਾਂ ਹੋਰ ਅੱਗੇ ਨੂੰ ਤੁਰਿਆ ਤਾਂ ਆਧੁਨਿਕ ਯੁੱਗ ਵਿੱਚ ਦਾਖ਼ਲ ਹੋ ਗਿਆ। ਹੁਣ ਮੈਂ
ਮੰਦਰਾਂ, ਗੁਰਦੁਆਰਿਆਂ ਅਤੇ ਮਸੀਤਾਂ ਵਿੱਚ ਨਹੀਂ ਸਗੋਂ ਵਿਸ਼ੇਸ਼ ਇਮਾਰਤਾਂ ਵਿੱਚ ਜਾਂ ਫਿਰ
ਖੁੱਲੇ ਮੈਦਾਨ ਅਤੇ ਦਰਖ਼ਤਾਂ ਥੱਲੇ ਆਪਣੇ ਸ਼ਿਸ਼ਾਂ ਨੂੰ ਨਹੀਂ, ਵਿਦਿਆਰਥੀਆਂ ਨੂੰ ਮਿਲਦਾ ਸਾਂ।
ਅਜੇ ਵੀ ਭਾਵੇਂ ਮੇਰੇ ਕੁਝ ਵਿਦਿਆਰਥੀ ਘਰੋਂ ਮੇਰੇ ਲਈ ਦੁੱਧ ਲੱਸੀ ਵਰਗੀਆਂ ਸੁਗਾਤਾਂ ਲੈ
ਆਉਂਦੇ ਸਨ ਪਰ ਹੁਣ ਮੇਰਾ ਗੁਜ਼ਾਰਾ ਸਰਕਾਰ ਵੱਲੋਂ ਮਿਲਦੀ ਮਹੀਨਾਵਾਰ ਬੱਝਵੀਂ ਤਨਖਾਹ ਨਾਲ
ਹੁੰਦਾ ਸੀ। ਮੈਂ ਹੁਣ ਗੁਰੂ, ਭਾਈ ਜਾਂ ਪੰਡਤ ਜਾਂ ਮੌਲਵੀ ਨਹੀਂ ਸੀ ਰਹਿ ਗਿਆ ਸਗੋਂ ਮੈਂ
ਤਾਂ ਇੱਕ ਕਰਮਚਾਰੀ ਬਣ ਗਿਆ ਸਾਂ ਹੁਣ ਮੇਰਾ ਕੰਮ ਸ਼ਸਤਰ ਜਾਂ ਸ਼ਾਸਤਰ ਦੀ ਵਿੱਦਿਆ ਦੇਣਾ ਨਹੀਂ
ਸੀ ਅਤੇ ਨਾ ਹੀ ਆਪਣੀ ਸੂਝ ਮੁਤਾਬਿਕ ਵਿਦਿਆਰਥੀਆਂ ਨੂੰ ਲੋਕ ਪਰਲੋਕ ਅਤੇ ਨੇਕੀ-ਬਦੀ ਦੇ ਸਬਕ
ਪੜਾਉਣਾ ਸੀ।... ਹੁਣ ਤਾਂ ਮੈਂ ਇੱਕ ਖੂੰਟੀ ਨਾਲ ਬੱਝਾ ਗੁਲਾਮ ਸਾਂ! ਜਿਸਨੇ ਉਹੀ ਕੁਝ
ਬੋਲਣਾ ਸੀ ਜੋ ਮੈਥੋਂ ਨਵੀਂ ਦੁਨੀਆਂ ਦੇ ਰਾਜੇ ਮਹਾਰਾਜੇ ਅਤੇ ਹਾਕਮ ਬੁਲਵਾਉਣਾ ਚਾਹੁੰਦੇ
ਸਨ। ਮੇਰੇ ਕੋਲੋਂ ਮੇਰੇ ਗੁਰੂ, ਪੰਡਤ, ਭਾਈ ਜਾਂ ਮੌਲਵੀ ਹੋਣ ਦਾ ਰੁਤਬਾ ਹੀ ਨਹੀਂ ਸੀ ਖੋਹ
ਲਿਆ ਗਿਆ ਸਗੋਂ ਮੇਰੀ ਆਤਮਾਂ ਦੀ ਆਵਾਜ਼ ਨੂੰ ਵੀ ਚੁੱਪ ਕਰਾ ਦਿੱਤਾ ਗਿਆ ਸੀ।
ਪਰ ਅਜੇ ਤਾਂ ਇਹ ਆਧੁਨਿਕ ਸਮੇਂ ਦੀ ਕੇਵਲ ਸ਼ੁਰੂਆਤ ਹੀ ਸੀ-“ਇਬਤਦਾ ਏ ਇਸ਼ਕ ਹੈ ਰੋਤਾ ਹੈ
ਕਿਆ, ਆਗੇ ਆਗੇ ਆਗੇ ਦੇਖੀਏ ਹੋਤਾ ਹੈ ਕਿਆ।”- ਮੌਜੂਦਾ ਦੌਰ ਵਿੱਚ ਹੁਣ ਮੈਂ ਕਰਮਚਾਰੀ ਵੀ
ਨਹੀਂ ਹਾਂ ਹੁਣ ਤਾਂ ਮੈਂ ਇੱਕ ਨੌਕਰ ਹਾਂ! ਹਾਂ ਨੌਕਰ!! ਕਿਸੇ ਜਾਗੀਰਦਾਰ, ਵਪਾਰੀ ਜਾਂ
ਸਨਅਤਕਾਰ ਦਾ ਨੌਕਰ!!! ਮੇਰਾ ਕੰਮ ਆਪਣੇ ‘ਮਾਲਕ’ ਲਈ ਵੱਧ ਤੋਂ ਵੱਧ ਮੁਨਾਫ਼ਾ ਜਾਂ ਧਨ ਇਕੱਠਾ
ਕਰਨਾ ਹੈ। ਹੁਣ ਵਿਦਿਆਰਥੀ ਮੇਰੇ ਕੋਲ ਆਪ ਨਹੀਂ ਆਉਂਦੇ ਮੈਂ ਘਰ ਘਰ ਜਾਕੇ ਵਿਦਿਆਰਥੀਆਂ ਨੂੰ
ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ‘ਮੇਰੇ ਅਦਾਰੇ’ ਵਿੱਚ ਆਉਣ ਤਾਂ ਜੋ ਮੇਰੀ ਨੌਕਰੀ
ਅਤੇ ਤਨਖਾਹ ਸੁਰੱਖਿਅਤ ਰਹੇ! ਹੁਣ ਮੈਂ ਵਿਦਿਆਰਥੀਆਂ ਨੂੰ ਹੱਕ ਸੱਚ ਜਾਂ ਇਨਸਾਫ਼ ਦਾ ਪਾਠ
ਨਹੀਂ ਪੜਾਉਂਦਾ ਸਗੋਂ ਉਹ ਸਾਰੇ ਹੱਥਕੰਡੇ ਵਰਤਦਾ ਹਾਂ ਜਿਸ ਨਾਲ ਮੇਰੇ ਮਾਲਕ ਨੂੰ ਵੱਧ ਤੋਂ
ਵੱਧ ਮੁਨਾਫ਼ਾ ਹੋਵੇ ਤਾਂ ਜੋ ਮੇਰੀ ਤਨਖਾਹ ਵਿੱਚ ਤੁੱਛ ਜਿਹਾ ਵਾਧਾ ਹੁੰਦਾ ਰਹੇ। ਕਈ ਵੇਰ
ਤਾਂ ਮੇਰੀ ਸਥਿਤੀ ਬੜੀ ਹਾਸੋ ਹੀਣੀ ਹੋ ਜਾਂਦੀ ਹੈ। ਜੇ ਕਦੇ ਕਦਾਈਂ ਮੈਂ ਆਪਣੇ ਵਿਦਿਆਰਥੀਆਂ
ਨੂੰ ਮਿਹਨਤ ਕਰਨ, ਅਨੁਸ਼ਾਸ਼ਨ ਰੱਖਣ, ਸੱਚ ਬੋਲਣ ਅਤੇ ਬਾਕਾਇਦਾ ਤੌਰ ਤੇ ਕਲਾਸਾਂ ਲਾਉਣ ਦਾ
ਪਾਠ ਪੜਾਉਂਦਾ ਹਾਂ ਤਾਂ ਕਈ ਨਟਖਟ ਵਿਦਿਆਰਥੀ ਮੈਨੂੰ ਪੁੱਛਦੇ ਹਨ, “ਸਰ ਜੀ! ਤੁਸੀਂ ਪਹਿਲਾਂ
ਤਾਂ ਸਾਡੇ ਘਰੇ ਆ ਕੇ ਇਸ ਸੰਸਥਾ ਵਿੱਚ ਆਉਣ ਲਈ ਮਿੰਨਤਾਂ ਕਰਦੇ ਸਉ, ਪਰ ਹੁਣ ਸਾਡੇ ਨਾਲ
ਸਖ਼ਤੀਆਂ ਕਰਦੇ ਹੋ!” ...ਅਤੇ ਮੈ ਨਿਰਉੱਤਰ ਹੋ ਜਾਂਦਾ ਹਾਂ ਅਤੇ ਚੇਲੇ ਤੋਂ ਗੁਰੂ ਹਾਰ
ਜਾਂਦਾ ਹੈ ਅਤੇ ਮੈਂ ਆਪਣੇ ਮਨ ਨੂੰ ਇਹ ਸੋਚਕੇ ਧਰਵਾਸ ਦੇ ਲੈਂਦਾ ਹਾਂ ਕਿ ਇਹ ਕੋਈ ਨਵੀਂ
ਗੱਲ ਤਾਂ ਨਹੀਂ, ਗੁਰੂ ਨਾਨਕ ਦਾ ਗੁਰੂ ਗੋਪਾਲ ਪਾਂਧਾ ਵੀ ਤਾਂ ਆਪਣੇ ਚੇਲੇ ਤੋਂ ਹਾਰ ਹੀ
ਗਿਆ ਸੀ!!.... ਮੈਨੂੰ ਤਾਂ ਹੁਣ ਇਹ ਵੀ ਪਤਾ ਨਹੀਂ ਲੱਗਦਾ ਕਿ ਸੱਚ ਮੇਰੇ ਪੱਲੇ ਹੈ ਕਿ
ਮੇਰੇ ਵਿਦਿਆਰਥੀਆਂ ਦੇ।
ਪਰ ਫੇਰ ਵੀ ਮੈਨੂੰ ਮਾਣ ਹੈ ਕਿ ਮੈਂ ਦੇਸ਼ ਦਾ ਅਧਿਆਪਕ ਹਾਂ... ਦੇਸ਼ ਦਾ ਉਸਰੱਈਆ ਅਤੇ ਭਵਿੱਖ
ਦਾ ਨਿਰਮਾਤਾ। ਅਜੇ ਵੀ ਦੇਸ਼ ਦੇ ‘ਰਾਜੇ ਸ਼ੀਹ ਮੁਕੱਦਮ ਕੁੱਤੇ’ ਘੱਟੋ ਘੱਟ ਸਾਲ ’ਚ ਇੱਕ ਵਾਰ
ਤਾਂ ਮੇਰੇ ਪ੍ਰਾਚੀਨ ਰੁਤਬੇ ਦੀ ਕੌੜੀ ਜਾਂ ਮਿੱਠੀ ਯਾਦ ਕਰਵਾ ਹੀ ਦਿੰਦੇ ਹਨ। ਪਰ ਜ਼ਿੰਦਗੀ
ਵਿੱਚ ਮੇਰੀ ਕਮਾਈ ਉਹਨਾਂ ਵੱਲੋਂ ਦਿੱਤੇ ਝੂਠੇ ਸਨਮਾਨ ਜਾਂ ਨਿਗੂਣੀ ਤਨਖਾਹ ਨਹੀਂ ਹੈ ਸਗੋਂ
ਮੇਰੇ ਵਿਦਿਆਰਥੀਆਂ ਵੱਲੋਂ ਦਿੱਤਾ ਜਾਂਦਾ ਰੋਜ਼ਾਨਾ ਦਾ ਪਿਆਰ ਦਾ ਤੁਹਫ਼ਾ ਹੈ। ਮੈਂ ਜ਼ਿੰਦਗੀ
ਭਰ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਦਾ ਪਿਆਰ ਕਮਾਇਆ ਹੈ ਅਤੇ ਪਿਆਰ ਉਹ ਦੌਲਤ ਹੈ ਜਿਸ ਦਾ
ਮੁੱਲ ਸੋਨੇ ਚਾਂਦੀ ਦੇ ਸਿੱਕਿਆਂ ਨਾਲ ਮਾਪਿਆ ਨਹੀਂ ਜਾ ਸਕਦਾ।
ਹੁਣ ਮੇਰਾ ਰੋਲ ਕੇਵਲ ਰਾਜਿਆਂ ਮਹਾਰਾਜਿਆਂ ਦੇ ਬੱਚਿਆਂ ਨੂੰ ਸ਼ਿੰਗਾਰਨਾਂ ਸੰਵਾਰਨਾਂ ਜਾਂ
ਰਾਜ ਗੱਦੀ ਤੇ ਬੈਠਣ ਯੋਗ ਬਣਾਉਣਾ ਨਹੀਂ ਹੈ। ਹੁਣ ਤਾਂ ਮੇਰੀ ਗੁਰੂ ਕੁਲ ਦਾ ਵਿਸਤਾਰ ਖੇਤਾਂ
ਖਲਵਾਨਾਂ, ਝੋਂਪੜੀਆਂ ਤੇ ਮਿੱਲਾਂ ਤੱਕ ਹੋ ਗਿਆ ਹੈ। ਹੁਣ ਤਾਂ ਮੇਰਾ ਕੰਮ ਕਿਸਾਨਾਂ
ਮਜ਼ਦੂਰਾਂ ਅਤੇ ਨਿਓਟਿਆਂ ਨਿਆਸਰਿਆਂ ਦੇ ਬੱਚਿਆਂ ਦਾ ਤੀਜਾ ਨੇਤਰ ਖੋਲਣ ਦਾ ਹੈ। ਹੁਣ ਤਾਂ
ਮੈਂ ਉਹਨਾਂ ਨੂੰ ਦੱਸਣਾ ਹੈ ਕਿ ਇਸ ਦੇਸ਼ ਦੁਨੀਆਂ ਦੇ ਅਸਲ ਮਾਲਕ ਉਹ ਹੀ ਹਨ ਅਤੇ ਉਹਨਾਂ ਨੇ
ਹੀ ਇਸ ਮੁਲਕ ਦੀ ਤਕਦੀਰ ਨੂੰ ਬਦਲਣਾ ਅਤੇ ਸੰਵਾਰਨਾਂ ਹੈ। ਪਰ ਇਸ ਲਈ ਇਹ ਜ਼ਰੂਰੀ ਹੈ ਕਿ ਮੈਂ
ਇੱਕ ਵਾਰ ਫੇਰ ਸ਼ਾਸਤਰ ਵਿੱਦਿਆ ਦੇ ਨਾਲ ਨਾਲ ਉਹਨਾਂ ਨੂੰ ਸ਼ਸਤਰ ਵਿੱਦਿਆ ਵੀ ਸਿਖਾਵਾਂ ਤੇ ਇਹ
ਸ਼ਸਤਰ ਹੋਵੇਗਾ ਅਜਿਹੀ ਚੇਤਨਾਂ ਦਾ ਸ਼ਸਤਰ ਜਿਸ ਨਾਲ ਮਨੁੱਖ ਨੂੰ ਆਪਣੇ ਅਤੇ ਬੇਗਾਨੇ ਵਿੱਚ
ਫ਼ਰਕ ਦੀ ਸਮਝ ਪੈ ਜਾਂਦੀ ਹੈ ਅਤੇ ਉਹ ਮਾਨਵਤਾ ਦੇ ਭਲੇ ਲਈ ਸਮਾਜਿਕ ਤਬਦੀਲੀਆਂ ਦੀ ਮੰਜ਼ਲ ਨੂੰ
ਜਾਂਦਾ ਰਾਹ ਫੜ ਲੈਂਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇੱਕ ਵਾਰ ਫੇਰ ਮੇਰੇ ਇਹ ਵਿਦਿਆਰਥੀ
ਜ਼ਿੰਦਗੀ ਦੇਸ਼ ਅਤੇ ਸਮਾਜ ਦੇ ਸ਼ਹਿਨਸ਼ਾਹ ਬਣ ਜਾਣਗੇ ਅਤੇ ਇਸ ਨਾਲ ਮੇਰਾ ਪ੍ਰਾਚੀਨ ਰੁਤਬਾ ਵੀ
ਬਹਾਲ ਹੋ ਜਾਵੇਗਾ.....
ਪ੍ਰੋਫੈਸਰ ਤਰਸੇਮ ਬਾਹੀਆ
ਮੋਬਾਈਲ ਨੰਬਰ: 98143 21392
-0-
|