ਗਜ਼ਲ
ਦੋਸਤ ਮੈਂ ਜਿਸ ਨੂੰ ਵੀ ਕਹਿੰਦਾ ਰਿਹਾ ਹਾਂ ।
ਸਦਾ ਉਸ ਦੇ ਨਾਂ ”ਤੇ ਮਿੱਟਦਾ ਰਿਹਾ ਹਾਂ ।
ਦੁਸ਼ਮਣਾਂ ਦੇ ਹਿੱਕ ”ਤੇ ਝੱਲੇ ਮੈਂ ਵਾਰ
-ਸੱਜਣਾਂ ਦੇ ਪਿੱਠ ”ਤੇ ਜਰਦਾ ਰਿਹਾ ਹਾਂ ।
ਜ਼ਿੰਦਗੀ ਹੈ ਸੰਗਰਾਮ ਅਤੇ ਜੂਝਣਾ
ਇਹ ਸੱਚ ਮੈਂ ਹਰ ਪਲ ਦੱਸਦਾ ਰਿਹਾ ਹਾਂ ।
ਦੋ ਘੜੀ ਵੀ ਸਾਥ ਦਿੱਤਾ ਜਿਸ ਮੇਰਾ
ਭਲਾ ਉਸ ਦਾ ਉਮਰ ਭਰ ਚਾਹੁੰਦਾ ਰਿਹਾ ਹਾਂ।
ਸਿਦਕ ਮੇਰੇ ਛੱਡ ਨਾ ਤੂੰ ਮੇਰਾ ਸੰਗ
ਤੇਰੇ ਸਿਰ ”ਤੇ ਹੀ ਮੈਂ ਜਿੰਦਾ ਰਿਹਾ ਹਾਂ ।
ਬਹੁਤ ਮੈਂਨੂੰ ਪਰਖਿਆ ਹੈ ਝੱਖੜਾਂ ਨੇ
ਸੁਰਖ਼ ਦੀਵੇ ਵਾਂਗ ਪਰ ਜਗਦਾ ਰਿਹਾ ਹਾਂ ।
...............................................................................................
ਛੰਦ ਪਰਾਗੇ
...................
ਛੰਦ ਪਰਾਗੇ ਆਈਏ ਜਾਈਐ ਛੰਦ ਪਰਾਗੇ ਬਾਹਾਂ
ਦੁਨੀਆਂ ਦੇ ਵਿਚ ਕੋਈ ਨਹੀਂ ਸੁਣਦਾ ਦਰਦਮੰਦਾਂ ਦੀਆਂ ਆਹਾਂ ।
ਛੰਦ ਪਰਾਗੇ ਆਈਐ ਜਾਈਐ ਛੰਦ ਪਰਾਗੇ ਝਰਨਾ
ਹੱਕ ਦੀ ਖ਼ਾਤਰ ਜੀਣਾ ਹੁੰਦੈ ਸੱਚ ਦੀ ਖ਼ਾਤਰ ਮਰਨਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੋਰੀ
ਬਿਨਾਂ ਅਕਲ ਦੇ ਨਾਰੀ ਕੁੱਝ ਨਈਂ, ਕੀ ਕਾਲ਼ੀ ਕੀ ਗੋਰੀ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਆਰਾ
ਕਦੀ ਜ਼ਮੀਰ ਨਾ ਵੇਚੋ ਭਾਵੇਂ ਰੁੱਸ ਜਾਵੇ ਜੱਗ ਸਾਰਾ ।
ਛੰਦ ਪਰਾਗੇ ਆਈਏ ਜਾਈਏੇ ਛੰਦ ਪਰਾਗੇ ਬੂਹਾ
ਲਹੂ ਚ ਡੋਬੇ ਬਿਨ ਨਈਂ ਚੜ੍ਹਦਾ ਸ਼ਬਦਾਂ ਨੂੰ ਰੰਗ ਸੂਹਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਮੂਲੀ
ਹੋਵੇ ਲਗਨ ਜਿਨ੍ਹਾਂ ਦੀ ਪੱਕੀ ਹੱਸ ਹੱਸ ਚੜ੍ਹਦੇ ਸੂਲੀ ।
-0-
|