ਵੀਹ ਬਾਈ ਸਾਲ ਪਹਿਲਾਂ
ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ
ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ
ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ
ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ
ਭਰਾਵਾਂ ਨੂੰ ਉਨ੍ਹਾਂ ਦੇ ਜਿ਼ਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼
ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜਿ਼ਲੇ ਦਾ ਹੋਵੇ?’’
ਨਿੰਮੇ ਨੇ ਹਾਮੀ ਭਰੀ ਤਾਂ ਉਸ ਨੇ ਪਿੰਡ ਦਾ ਨਾਂ ਪੁੱਛਿਆ। ‘ਢੱਡਾ’ ਸੁਣ ਕੇ ਗੁਲਾਮ ਨਬੀ ਨੇ
ਉਤੇਜਿਤ ਹੋ ਕੇ ਉਸ ਦੀ ਬਾਂਹ ਘੁੱਟ ਕੇ ਫੜ ਲਈ।
‘‘ਕਮਾਲ ਹੋ ਗਿਆ’’, ਕਹਿ ਕੇ ਉਸ ਨੇ ਨਿੰਮੇ ਨੂੰ ਬਾਹੋਂ ਫੜ ਕੇ ਭੀੜ ਤੋਂ ਪਾਸੇ ਕਰ ਲਿਆ।
ਨਾਨਕ ਸਿੰਘ ਦੇ ਨਾਵਲਾਂ ਵਾਲੀ ਮੌਕਾ-ਮੇਲ ਦੀ ਜੁਗਤ ਹਕੀਕਤ ਵਿਚ ਵਾਪਰ ਗਈ। ਪਿਤਾ ਤੇ ਦਾਦੇ
ਦਾ ਨਾਂ ਪੁੱਛਿਆ ਤਾਂ ਜਵਾਬ ਸੁਣ ਕੇ ਗੁਲਾਮ ਨਬੀ ਨੇ ਨਿੰਮੇ ਨੂੰ ਲਿਸ਼ਕਦੀਆਂ ਅੱਖਾਂ ਨਾਲ
ਗਹੁ ਨਾਲ ਨਿਹਾਰਿਆ। ਇਕ ਚੌੜੀ ਤਰਲ ਮੁਸਕਰਾਹਟ ਉਸ ਦੇ ਹੋਠਾਂ ਉਤੇ ਫੈਲ ਗਈ। ਉਸ ਨੇ
ਅੰਦਾਜ਼ਾ ਲਾ ਕੇ ਪੁੱਛਿਆ।
‘‘ਓ ਤੂੰ ਮੀਤੇ ਤੋਂ ਛੋਟਾ ਨਿੰਮਾ ਏਂ?’’
ਨਿੰਮਾ ਹੈਰਾਨ! ਇਹ ਉਸ ਦਾ ਜਾਣੂ ਕਿਧਰੋਂ ਨਿਕਲ ਆਇਆ! ਉਹ ਤਾਂ ਪਾਕਿਸਤਾਨ ਬਣਨ ਵੇਲੇ ਮਸਾਂ
ਡੇਢ ਦੋ ਸਾਲ ਦਾ ਸੀ। ਨਿੰਮੇ ਨੇ ‘ਹਾਂ’ ਵਿਚ ਸਿਰ ਹਿਲਾਇਆ ਹੀ ਸੀ ਕਿ ਗੁਲਾਮ ਨਬੀ ਨੇ
ਦੋਵਾਂ ਬਾਹਵਾਂ ਦਾ ਜੱਫਾ ਮਾਰ ਕੇ ਉਸ ਨੂੰ ਜ਼ਮੀਨ ਤੋਂ ਚੁੱਕ ਲਿਆ।
‘‘ਓ ਭਲਿਆ ਲੋਕਾ! ਓ ਭਲਿਆ ਲੋਕਾ! ਰੱਬਾ ਤੇਰੇ ਰੰਗ ਨਿਆਰੇ ਨੇ!’’
ਗੁਲਾਮ ਨਬੀ ਬੋਲੀ ਜਾ ਰਿਹਾ ਸੀ। ਉਸ ਨੂੰ ਅਚਨਚੇਤ ਜਿਵੇਂ ਕੋਈ ਦੱਬਿਆ ਖ਼ਜ਼ਾਨਾ ਮਿਲ ਗਿਆ
ਸੀ ਜਿਸ ਦੀ ਚਮਕ ਵੇਖ ਕੇ ਉਹ ਚੁੰਧਿਆਇਆ ਗਿਆ। ਉਹ ਉਸ ਨੂੰ ਖਿੱਚ ਕੇ ਦੁਕਾਨ ‘ਤੇ ਲੈ ਗਿਆ।
ਮਿੱਟੀ ਦੇ ਭਾਂਡਿਆਂ ਵਿਚ ਇਕ ਸਾਫ ਥਾਂ ‘ਤੇ ਬਿਠਾਇਆ। ਚਾਹ ਤੇ ਬਰਫ਼ੀ ਮੰਗਵਾ ਲਈ। ਉਹ
ਇਕੱਲੇ ਇਕੱਲੇ ਜੀਅ ਦਾ ਹਾਲ ਪੁੱਛ ਰਿਹਾ ਸੀ। ਦੱਸ ਰਿਹਾ ਸੀ ਕਿ ਉਨ੍ਹਾਂ ਦਾ ਘਰ ਤਾਂ ਨਿੰਮੇ
ਹੁਰਾਂ ਦੇ ਘਰ ਦੇ ਨਾਲ ਹੁੰਦਾ ਸੀ। ਐਨ ਉਨ੍ਹਾਂ ਦੇ ਗੁਆਂਢ ਵਿਚ। ਉਹਦੀ ਛੋਟੀ ਭੈਣ ਫ਼ਜ਼ਲਾਂ
ਨਿੰਮੇ ਨੂੰ ਕੁੱਛੜ ਚੁੱਕ ਕੇ ਖਿਡਾਉਂਦੀ ਰਹੀ ਸੀ, ਆਪਣੇ ਛੋਟੇ ਭਾਰ ਖ਼ੁਸ਼ੀਏ ਦੇ ਨਾਲ।
‘‘ਤੈਨੂੰ ਤਾਂ ਫ਼ਜ਼ਲਾਂ ਅਜੇ ਵੀ ਯਾਦ ਕਰਕੇ ਰੋਂਦੀ ਰਹਿੰਦੀ ਐ।’’
ਫ਼ਜ਼ਲਾਂ ਨਨਕਾਣੇ ਤੋਂ ਅੱਠ ਦਸ ਮੀਲ ਦੂਰ ਵਿਆਹੀ ਹੋਈ ਸੀ। ਗੁਲਾਮ ਨਬੀ ਨੇ ਦੁਕਾਨ ਨੂੰ
ਤਾਲਾ ਲਾਇਆ ਤੇ ਫ਼ਜ਼ਲਾਂ ਨੂੰ ਦੱਸਣ ਉਹਦੇ ਸਹੁਰਿਆਂ ਦੇ ਪਿੰਡ ਨੂੰ ਤੁਰ ਪਿਆ।
ਗੁਰਦੁਆਰੇ ਵਾਪਸ ਪਰਤ ਰਹੇ ਨਿੰਮੇ ਦੇ ਦਿਲ-ਦਿਮਾਗ ਵਿਚ ਗੁਲਾਮ ਨਬੀ ਦਾ ਵੇਰਵਾ ਘੁੰਮ ਰਿਹਾ
ਸੀ।
‘‘ਤੂੰ ਤੇ ਖੁਸ਼ੀਆ ਹਾਣੀ ਸਾਓ। ਫਜ਼ਲਾਂ ਉਦੋਂ ਅੱਠਾਂ-ਦਸਾਂ ਸਾਲਾਂ ਦੀ ਸੀ। ਤੇਰੀ ਮਾਂ
ਚੰਨੋ ਨੇ ਖੇਤਾਂ ਨੂੰ ਜਾਣਾ ਤਾਂ ਤੈਨੂੰ ਸਾਡੇ ਘਰ ਫੜਾ ਜਾਣਾ। ਫਜ਼ਲਾਂ ਨੇ ਤੁਹਾਨੂੰ ਦੋਹਾਂ
ਨੂੰ ਢਾਕੇ ਲਾਈ ਫਿਰਨਾਂ। ਜਦੋਂ ਰੌਲਿਆਂ ਵਿਚ ਤੇਰੇ ਵਡੇਰੇ ਸਾਨੂੰ ਕਾਕੀ ਪਿੰਡ ਕੈਂਪ ਵਿਚ
ਛੱਡ ਗਏ ਤਾਂ ਫਜ਼ਲਾਂ ਰੋਇਆ ਕਰੇ। ਅਖੇ, ‘‘ਮੈਂ ਨਿੰਮੇ ਨੂੰ ਮਿਲਣ ਜਾਣੈ...।’’ ਅੱਗੋਂ
ਕਹਿਰ ਇਹ ਹੋਇਆ ਕਿ ਪਾਕਿਸਤਾਨ ਆਉਂਦਿਆਂ ਖੁਸ਼ੀਆ ਬਿਮਾਰ ਹੋ ਕੇ ਰਾਹ ਵਿਚ ਹੀ ਮਰ ਗਿਆ ਤਾਂ
ਫਜ਼ਲਾਂ ਨੇ ਦੁੱਖ ਆਪਣੀ ਹਿੱਕ ਨਾਲ ਲਾ ਲਿਆ। ਰੋਇਆ ਕਰੇ ਤੇ ਆਖਿਆ ਕਰੇ, ਇਕ ਮੇਰਾ ਵੀਰ ਰੱਬ
ਨੇ ਖੋਹ ਲਿਆ। ਦੂਜਾ ਮੈਥੋਂ ਵਿਛੜ ਗਿਆ। ਰੱਬ ਵੱਲੋਂ ਖੋਹਿਆ ਵੀਰ ਤਾਂ ਮਿਲ ਨਹੀਂ ਸਕਦਾ।
ਮੇਰਾ ਵਿਛੜਿਆ ਵੀਰ ਹੀ ਮੈਨੂੰ ਮਿਲਾ ਦਿਓ!’’
ਨਿੰਮੇ ਨੂੰ ਤਾਂ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ ਸੀ। ਮੁਸਲਮਾਨਾਂ ਦੇ ਗੁਆਂਢੀ ਹੋਣ ਤੇ
ਆਪਸੀ ਸਾਂਝ ਦੀਆਂ ਗੱਲਾਂ ਤਾਂ ਉਸ ਨੇ ਸੁਣੀਆਂ ਹੋਈਆਂ ਸਨ ਪਰ ਕੋਈ ਉਸ ਵਾਸਤੇ ਇੰਜ ਵੀ
ਲੁੱਛਦਾ ਤੜਪਦਾ ਹੋਵੇਗਾ, ਉਹਦੇ ਤਾਂ ਸੁਪਨੇ ਵਿਚ ਵੀ ਚਿੱਤ-ਖਿ਼ਆਲ ਨਹੀਂ ਸੀ ਆਇਆ।
ਗੁਲਾਮ ਨਬੀ ਨੇ ਫਜ਼ਲਾਂ ਦੇ ਪਿੰਡ ਜਾ ਕੇ ਦੱਸਿਆ ਕਿ ਢੱਡੇ ਤੋਂ ਤੇਰਾ ਵੀਰ ਨਿੰਮਾ ਆਇਆ ਹੈ
ਤਾਂ ਉਹ ਉਸੇ ਵੇਲੇ ਉੱਡਦੀ ਹੋਈ ਆਪਣੇ ਪਤੀ ਨੂੰ ਲੱਭਣ ਦੌੜੀ। ਉਸ ਦਾ ਪਤੀ ਟਾਂਗਾ ਵਾਹੁੰਦਾ
ਸੀ। ਟਾਂਗਾ ਸਵਾਰੀਆਂ ਨਾਲ ਭਰਿਆ ਖੜੋਤਾ ਸੀ। ਕਹਿਣ ਲੱਗੀ, ‘‘ਸਵਾਰੀਆਂ ਲਾਹ ਦੇ ਤੇ ਟਾਂਗਾ
ਹੁਣੇ ਨਨਕਾਣੇ ਨੂੰ ਮੋੜ।’’
ਸਵਾਰੀਆਂ ਜਿ਼ਦ ਕਰਨ ਲੱਗੀਆਂ ਤਾਂ ਕਹਿੰਦੀ ‘‘ਮੇਰਾ ਪੁੱਤ ਆਇਆ...ਸਦੀਆਂ ਦੇ ਵਿਛੋੜੇ
ਪਿੱਛੋਂ, ਮੈਂ ਉਹਨੂੰ ਮਿਲਣੈ।’’
ਨਨਕਾਣੇ ਪਹੁੰਚ ਕੇ ਪੁਲੀਸ ਨੂੰ ਆਖ ਕੇ ਨਿੰਮੇ ਨੂੰ ਗੁਰਦੁਆਰੇ ਤੋਂ ਬਾਹਰ ਬੁਲਾ ਲਿਆ। ਛਮ
ਛਮ ਅੱਥਰੂ ਕੇਰਦੀ ਫ਼ਜ਼ਲਾਂ ਨੇ ਪਹਿਲਾਂ ਤਾਂ ਨਿੰਮੇ ਨੂੰ ਆਪਣੇ ਕਲੇਜੇ ਨਾਲ ਘੁੱਟਿਆ ਤੇ
ਫਿਰ ਸੜਕ ‘ਤੇ ਹੀ ਇਕ ਪਾਸੇ ਬੈਠ ਕੇ ਨਿੰਮੇ ਨੂੰ ਆਪਣੀ ਗੋਦ ਵਿਚ ਬਿਠਾ ਲਿਆ।
ਇਕ ਅਜੀਬ ਝਾਕੀ ਸੀ ਵੇਖਣ ਵਾਲਿਆਂ ਲਈ। ਲੰਮਾ-ਝੰਮਾਂ ਮਰਦ-ਮਾਹਣੂ ਇਕ ਔਰਤ ਦੀ ਗੋਦ ਵਿਚ
ਬੈਠਾ ਹੋਇਆ। ਨਿੰਮੇ ਨੂੰ ਪਿਆਰ ਵੀ ਆਇਆ। ਸੰਗ ਵੀ ਆਈ। ਕਹਿਣ ਲੱਗਾ, ‘‘ਭੈਣ! ਤੈਨੂੰ ਭਾਰ
ਨਹੀਂ ਲੱਗਦਾ!’’
ਫ਼ਜ਼ਲਾਂ ਨੇ ਨਿੰਮੇ ਦਾ ਮੱਥਾ ਚੁੰਮਿਆ, ‘‘ਨਹੀਂ ਵੇ! ਮੇਰੇ ਚੰਨਾ! ਮੈਨੂੰ ਤਾਂ ਤੂੰ ਅਜੇ
ਵੀ ਓਡਾ-ਕੇਡਾ ਲੱਗਦਾ ਏੇਂ। ਫੁੱਲਾਂ ਵਰਗਾ। ਮੇਰਾ ਨਿੱਕਾ ਜਿਹਾ ਛਿੰਦਾ ਵੀਰ।’’
ਗੁਲਾਬ ਨਬੀ ਨੇ ਉਠਾਇਆ ਤੇ ਉਨ੍ਹਾਂ ਨੂੰ ਲੈ ਕੇ ਦੁਕਾਨ ‘ਤੇ ਆ ਗਿਆ। ਫ਼ਜ਼ਲਾਂ ਕੋਲ ਪੁੱਛਣ
ਲਈ ਹਜ਼ਾਰਾ ਸਵਾਲ ਸਨ। ਨਿੰਮੇ ਦੇ ਪਰਿਵਾਰ ਬਾਰੇ, ਆਂਢ-ਗੁਆਂਢ ਬਾਰੇ, ਪਿੰਡ ਬਾਰੇ। ਆਪਣੀਆਂ
ਉਸ ਵੇਲੇ ਦੀਆਂ ਸਹੇਲੀਆਂ ਬਾਰੇ। ਤੇ ਫਿਰ ਉਹ ਉਨ੍ਹਾਂ ਸਮਿਆਂ ਵਿਚ ਗੁਆਚ ਗਈ।
‘‘ਭਾਬੀ ਚੰਨੋ ਨੇ ਤੈਨੂੰ ਫੜਾ ਜਾਣਾ ਪਰ ਨਾਲ ਪੱਕੀ ਕਰਨੀ ਕਿ ਤੈਨੂੰ ਖਾਣ ਨੂੰ ਕੁਝ ਦਿਆਂ
ਨਾ। ਪਰ ਮੈਂ ਖੁਸ਼ੀਏ ਨੂੰ ਖਾਣ ਨੂੰ ਦੇਣਾ ਤਾਂ ਤੈਨੂੰ ਵੀ ਦੇ ਦੇਣਾ। ਪਿੱਛੋਂ ਤੇਰਾ ਮੂੰਹ
ਸਾਫ ਕਰ ਦੇਣਾ। ਇਕ ਵਾਰ ਕੀ ਹੋਇਆ! ਮੈਂ ਤੈਨੂੰ ਖੁਆ ਕੇ ਹਟੀ ਕਿ ਭਾਬੀ ਚੰਨੋ ਆ ਗਈ। ਤੇਰਾ
ਮੂੰਹ ਲਿੱਬੜਿਆ ਰਹਿ ਗਿਆ। ਚੰਨੋ ਨੂੰ ਪਤਾ ਲੱਗ ਗਿਆ। ਇਸ ਗੱਲੋਂ ਚੰਨੋ ਨੇ ਮੈਨੂੰ
ਕੁੱਟਿਆ’’, ਫਜ਼ਲਾਂ ਉੱਚੀ ਉੱਚੀ ਹੱਸਣ ਲੱਗੀ।
ਨਿੰਮਾ ਪਿੰਡ ਆਇਆ ਤਾਂ ਉਹਦੀਆਂ ਗੱਲਾਂ ਸੁਣਨ ਲਈ ਆਂਢ-ਗੁਆਂਢ ‘ਕੱਠਾ ਹੋ ਗਿਆ। ਸਭ ਨੂੰ ਉਹ
ਪੁਰਾਣੇ ਦਿਨ ਯਾਦ ਆ ਗਏ।
.....ਲਾਇਲਪੁਰ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਪੁੱਜਣ ਲਈ ਕਾਰ ਪਿੰਡਾਂ ਵਿਚੋਂ ਆਪਣਾ ਰਸਤਾ
ਤਲਾਸ਼ਦੀ ਤੁਰੀ ਜਾ ਰਹੀ ਸੀ। ਅਸੀਂ ਅੱਪਰ ਗੁਗੇਰਾ ਬਰਾਂਚ ਨਹਿਰ ਉਤੋਂ ਗੁਜ਼ਰੇ। ਇਸ ਨਹਿਰ
ਨਾਲ ਸਬੰਧਤ ਹੀ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੁਰਦੇ ਦੀ ਤਾਕਤ’।
ਪਹਾੜੀ ਕਿੱਕਰ ਆਮ ਸੀ ਤੇ ਤਹਿ ਚਾਲੀ ਸਾਲ ਪਹਿਲਾਂ ਸਾਡੇ ਪੰਜਾਬ ਵਾਂਗ ਬੰਜਰ, ਕੱਲਰੀ ਤੇ
ਬਰਾਨੀ ਖ਼ਾਲੀ ਜ਼ਮੀਨ ਵੀ ਵਿਚ ਵਿਚ ਦਿਖਾਈ ਦੇ ਰਹੀ ਸੀ। ਜਿਥੇ ਨਹਿਰੀ ਪਾਣੀ ਪੈਂਦਾ ਸੀ,
ਉਥੇ ਕਣਕਾਂ ਨਿਸਬਤਨ ਚੰਗੀਆਂ ਸਨ। ਖਾਲ ਵੀ ਪੱਕੇ ਕੀਤੇ ਹੋਏ ਸਨ। ਯੋਜਨਾਬੰਦੀ ਦੇ ਪੱਖੋਂ
ਖਾਲ ਪੱਕੇ ਕਰਨ ਵਾਲੀ ਗੱਲ ਵੀ ਮੈਨੂੰ ਚੰਗੀ ਲੱਗੀ। ਖਾਲਾਂ ਨੂੰ ਪੱਕੇ ਕਰਨ ਲਈ ਸਰਕਾਰ ਅਤੇ
ਕਿਸਾਨ ਅੱਧੋ-ਅੱਧ ਖ਼ਰਚਾ ਕਰਦੇ ਹਨ। ਇਸ ਖ਼ਰਚੇ ਵਿਚ ਖਾਲ ਬਣਾਉਣ ਦੀ ਲੇਬਰ ਦਾ ਖ਼ਰਚਾ
ਕਿਸਾਨ ਨੇ ਅਦਾ ਕਰਨਾ ਹੁੰਦਾ ਹੈ, ਕਿਉਂਕਿ ਖਾਲ ਉਸ ਦੇ ਆਪਣੇ ਖੇਤਾਂ ਨੂੰ ਜਾਣਾ ਹੁੰਦਾ ਹੈ,
ਇਸ ਲਈ ਸਰਕਾਰੀ ਕਰਮਚਾਰੀ ਤੇ ਉਹ ਆਪ ਮਿਲ ਕੇ ਖਾਲ ਦੀ ਉਸਾਰੀ ਕਰਵਾਉਂਦੇ ਹਨ। ਨਾ ਹੀ ਮਾੜਾ
ਮੈਟੀਰੀਅਲ ਲੱਗਣ ਦਿੰਦੇ ਹਨ ਤੇ ਨਾ ਹੀ ਘੱਟ। ਕਰਮਚਾਰੀਆਂ ਨਾਲ ਮਿਲ ਕੇ ‘ਵਿਚੋਂ ਖਾਣ ਦੀ’
ਗੁੰਜਾਇਸ਼ ਹੀ ਨਹੀਂ ਰਹਿੰਦੀ। ਮਾੜੇ ਖਾਲ ਬਣਵਾ ਕੇ ਤੇ ਰਲ ਕੇ ਜੇ ਉਹ ਖਾਵੇਗਾ ਤਾਂ ਆਪਣੇ
ਪੈਰੀਂ ਆਪ ਕੁਹਾੜਾ ਮਾਰ ਰਿਹਾ ਹੋਵੇਗਾ।
ਖੇਤਾਂ ਵਿਚ ਬੰਦਿਆਂ ਦੇ ਨਾਲ ਔਰਤਾਂ ਵੀ ਕੰਮ ਕਰ ਰਹੀਆਂ ਸਨ।
‘‘ਲਓ ਜੀ! ਆਪਾਂ ਫ਼ੈਸਲਾਬਾਦ ਵਾਲੀ ਸੜਕ ‘ਤੇ ਆ ਪੁੱਜੇ ਆਂ’’, ਰਾਇ ਸਾਹਿਬ ਨੇ ਮੁੱਖ ਸੜਕ
‘ਤੇ ਕਾਰ ਮੋੜਦਿਆਂ ਆਖਿਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰਾਇ ਸਾਹਿਬ! ਫ਼ੈਸਲਾਬਾਦ ਨਾ
ਆਖੋ ਮੇਰੇ ਲਾਇਲਪੁਰ ਨੂੰ। ਇਹਨੂੰ ਲਾਇਲਪੁਰ ਹੀ ਰਹਿਣ ਦਿਓ।’’
ਇਕ ਪਲ ਰੁਕ ਕੇ ਬੋਲਿਆ, ‘‘ਸਾਨੂੰ ਪੁੱਛਿਆ ਬਗੈਰ ਕਿਉਂ ਨਾਂ ਰੱਖਿਆ ਇਸ ਦਾ ਫ਼ੈਸਲਾਬਾਦ?’’
ਭਾਵੁਕ ਆਵੇਸ਼ ਵਿਚ ਉਹ ਭੁੱਲ ਚੁੱਕਾ ਸੀ ਕਿ ਉਹ ਕੀ ਆਖ ਰਿਹਾ ਹੈ। ਉਹ ਇਸ ਵੇਲੇ ਦਿਮਾਗ਼ ਦੀ
ਥਾਂ ਦਿਲ ਤੋਂ ਬੋਲ ਰਿਹਾ ਸੀ। ਸਾਨੂੰ ਉਸ ਦੀ ਇਸ ਭਾਵੁਕਤਾ ‘ਤੇ ਲਾਡ ਆ ਰਿਹਾ ਸੀ। ਅਸੀਂ ਉਸ
ਦੀ ਅਜੀਬ ਮੰਗ ਉਤੇ ਹੱਸੇ ਕਿ ਲਾਇਲਪੁਰ ਦਾ ਨਾਂ ਫ਼ੈਸਲਾਬਾਦ ਰੱਖਣ ਸਮੇਂ ਭਲਾ ਉਸ ਨੂੰ ਕਿਉਂ
ਤੇ ਕਿਵੇਂ ਪੁੱਛਿਆ ਜਾ ਸਕਦਾ ਸੀ! ਉਸ ਨੇ ਅੱਗੋਂ ਹੱਸ ਕੇ ਕਿਹਾ, ‘‘ਬੈਠ ਉਏ ਗਿਆਨੀ ਬੁੱਧੀ
ਮੰਡਲੇ ਦੀ ਕੈਦ ਵਿਚ, ਵਲਵਲੇ ਦੇ ਦੇਸ਼ ਸਾਡੀਆਂ ਲੱਗੀਆਂ ਨੇ ਯਾਰੀਆਂ।’’
ਅਨਵਰ ਨੇ ਉਸ ਦਾ ਵਲਵਲਾ ਸਮਝ ਲਿਆ ਸੀ। ਕਹਿਣ ਲੱਗਾ, ‘‘ਟੋਭਾ ਟੇਕ ਸਿੰਘ ਦਾ ਵੀ ਨਾਂ ਬਦਲਣ
ਲੱਗੇ ਸਨ। ਨਾਂ ਬਦਲਣ ਤੋਂ ਪਹਿਲਾਂ ਗਵਰਨਰ ਜੀਲਾਨੀ ਨੇ ਪਿੰਡ ਦੇ ਨਾਮ ਦੀ ਤਵਾਰੀਖ਼ ਪੁੱਛੀ
ਤਾਂ ਪਤਾ ਲੱਗਾ ਕਿ ਪਹਿਲੀਆਂ ਵਿਚ ਇਸ ਇਕਲਵੰਜੇ ਰਸਤੇ ‘ਤੇ ਇਕ ਟੋਭਾ ਹੁੰਦਾ ਸੀ। ਟੇਕ ਸਿੰਘ
ਨਾਂ ਦਾ ਇਕ ਬਜ਼ੁਰਗ ਉਥੋਂ ਪਾਣੀ ਲਿਆ ਕੇ ਰਾਹਗੀਰਾਂ ਨੂੰ ਪਿਲਾਇਆ ਕਰਦਾ ਸੀ। ਇੰਜ ਇਸ ਪਿੰਡ
ਦਾ ਨਾਂ ਟੋਭਾ ਟੇਕ ਸਿੰਘ ਪੈ ਗਿਆ। ਗਵਰਨਰ ਜੀਲਾਨੀ ਨੇ ਕਿਹਾ ਅਜਿਹੇ ਤਾਰੀਖ਼ੀ ਨਾਮ ਨੂੰ
ਤਬਦੀਲ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਏਨੀ ਚੰਗੀ ਯਾਦ ਜੁੜੀ ਹੋਈ ਏ।’’
ਅਸੀਂ ਫੇਰ ਇਕ ਡੂੰਘੀ ਚੁੱਪ ਵਿਚ ਉਤਰ ਗਏ। ਗੁਰਮੀਤ ਸਿੰਘ ਢੱਡਾ ਫਿਰ ਮੇਰੇ ਚੇਤਿਆਂ ‘ਚ
ਬੋਲਣ ਲੱਗਾ:
‘‘ਨਿੰਮਾ ਆਇਆ, ਉਸ ਨੇ ਨਬੀ ਤੇ ਫਜ਼ਲਾਂ ਬਾਰੇ ਦੱਸਿਆ ਤਾਂ ਸਾਡਾ ਵੀ ਜਾਣ ਨੂੰ ਜੀ ਕਰ ਆਇਆ।
ਮੇਰੀ ਉਨ੍ਹੀਂ ਦਿਨੀਂ ਸੂਬਾ ਕਮੇਟੀ ਦੀ ਮੀਟਿੰਗ ਆ ਗਈ। ਮੈਂ ਤਾਂ ਜਾ ਨਾ ਸਕਿਆ ਪਰ ਮੇਰੀ
ਘਰਵਾਲੀ ਗਈ ਜਥੇ ਨਾਲ। ਉਹ ਫਜ਼ਲਾਂ ਲਈ ਸ਼ਾਲ ਤੇ ਹੋਰ ਚੀਜ਼ਾਂ ਲੈ ਕੇ ਗਈ। ਉਸ ਨੇ ਤੁਰਨ
ਲੱਗੀ ਮੇਰੀ ਘਰਵਾਲੀ ਨੂੰ ਕੜਾਹ ਬਣਾ ਕੇ ਦਿੱਤਾ। ਪਿੰਡ ਦੀਆਂ ਗੱਲਾਂ ਕਰ ਕਰ ਰੋਂਦੀ ਰਹੀ।
ਅਖੇ ਮੇਰਾ ਪਿੰਡ ਮੈਨੂੰ ਸੁਪਨੇ ਵਿਚ ਵੀ ਨਹੀਂ ਭੁੱਲਿਆ।’’
‘‘ਅਗਲੀ ਵਾਰ ਮੇਰਾ ਵੀ ਜੀ ਕਰ ਆਇਆ। ਮੈਂ ਚਿੱਠੀਆਂ ਲਿਖ ਦਿੱਤੀਆਂ ਆਉਣ ਦੀਆਂ। ਜਾਣ ਲੱਗਾ
ਤਾਂ ਮੇਰੇ ਇਕ ਸਾਥੀ ਮਾਸਟਰ ਨੇ ਆਪਣਾ ਬਜ਼ੁਰਗ ਪਿਓ ਮੇਰੇ ਨਾਲ ਅਟੈਚ ਕਰ ਦਿੱਤਾ। ਬਜ਼ੁਰਗ
ਅੱਸੀ ਸਾਲ ਦੇ ਨੇੜੇ। ਹੱਥ ਵਿਚ ਡਾਂਗ ਫੜੀ ਹੋਈ। ਮੈਂ ਡਰਾਂ ਕਿ ਹੁਣ ਮੈਂ ਤਾਂ ਇਹਦੇ ਨਾਲ
ਗੁਰਦੁਆਰਿਆਂ ‘ਚ ਬੱਝਾ ਰਹੂੰ ਪਰ ਗੱਡੀ ਚੜ੍ਹਨ-ਚੜ੍ਹਾਉਣ ਵਿਚ ਬੁੱਢਾ ਹਿੰਮਤੀ ਲੱਗਾ। ਲਾਹੌਰ
ਅਸੀਂ ਆਪਣੇ ਪਿੰਡ ਦੇ ਕਰਮ ਸਿੰਘ ਢੱਡਾ ਦੇ ਜਾਣੂ ਪਰਿਵਾਰ ਕੋਲ ਠਹਿਰੇ। ਇਹ ਬਹੁਤ ਅਮੀਰ
ਪਰਿਵਾਰ ਸੀ। ਉਨ੍ਹਾਂ ਦੀ ਨਨਕਾਣੇ ਸਾਹਿਬ ਦੇ ਬੈਂਕ ਮੈਨੇਜਰ ਨਾਲ ਵਾਕਫੀ ਸੀ। ਉਸ ਨੂੰ
ਉਨ੍ਹਾਂ ਫੋਨ ਵੀ ਕਰ ਦਿੱਤਾ ਤੇ ਸਾਨੂੰ ਚਿੱਠੀ ਵੀ ਦੇ ਦਿੱਤੀ।’’
‘‘ਨਨਕਾਣੇ ਅਸੀਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਜਦੋਂ ਗੁਰਦੁਆਰੇ ਵੱਲ ਤੁਰੇ ਤਾਂ ਮੈਂ
ਦੱਸੀਆਂ ਨਿਸ਼ਾਨੀਆਂ ਮੁਤਾਬਕ ਗੁਲਾਮ ਨਬੀ ਦੀ ਦੁਕਾਨ ਟੋਲਣ ਲੱਗਾ। ਉਹਦੀ ਦੁਕਾਨ ਦੇ ਅੱਗੇ
ਪਿੱਪਲ ਹੈ। ਅਸੀਂ ਵੀ ਤਾੜਦੇ ਪਏ ਸਾਂ ਤੇ ਉਹ ਵੀ ਜਥੇ ਦੇ ਬੰਦਿਆਂ ਵੱਲ ਵੇਖ ਰਿਹਾ ਸੀ।
ਸੁਰਮੇ ਵਾਲੀਆਂ ਅੱਖਾਂ ‘ਤੇ ਨਜ਼ਰ ਗਈ ਤਾਂ ਮੈਂ ਗੁਲਾਮ ਨਬੀ ਨੂੰ ਪੁਛਾਣ ਲਿਆ। ਮੈਂ ਅਜੇ
ਮਾੜਾ ਜਿਹਾ ਰੁਕਿਆ ਹੀ ਸਾਂ ਕਿ ਉਹਨੇ ਆਣ ਕੇ ਮੈਨੂੰ ਜੱਫੀ ਪਾ ਲਈ। ਕਹਿੰਦਾ, ‘‘ਮੀਤਾ
ਲੱਗਦਾ ਏਂ?’’
ਉਹ ਸਾਥੋਂ ਉਮਰ ਵਿਚ ਵੱਡਾ ਹੁੰਦਾ ਸੀ। ਮੈਂ ਪੁੱਛਿਆ, ‘‘ਭੈਣ ਕਿੱਥੇ ਆ?’’ ਕਹਿੰਦਾ,
‘‘ਸਵੇਰੇ ਆਊਗੀ।’’
‘‘ਅਗਲੇ ਦਿਨ ਫ਼ਜ਼ਲਾਂ ਆਈ। ਬੜੀ ਉੱਚੀ ਲੰਮੀ ਦਾਨਾਅ ਜ਼ਨਾਨੀ। ਜੱਫੀ ਪਾ ਕੇ ਮਿਲੀ। ਅਸੀਂ
ਕੱਚੇ ਭਾਂਡਿਆਂ ਵਿਚ ਬਹਿ ਗਏ। ਕਹਿਣ ਲੱਗੀ, ‘‘ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਏ।
ਮੈਂ ਤਾਂ ਵਿੰਹਦਿਆਂ ਪਛਾਣ ਲਈ ਸਾਂ।’’
ਮੈਂ ਉਸ ਲਈ ਲਿਆਂਦਾ ਸੂਟ, ਸ਼ਾਲ, ਚਾਹ ਅਤੇ ਬਿੰਦੀਆਂ ਦਿੱਤੀਆਂ ਤਾਂ ਆਖਣ ਲੱਗੀ, ‘‘ਆਹ ਵੇਖ
ਖਾਂ ਮੇਰੀ ਭਾਬੀ ਮੈਨੂੰ ਦੇ ਕੇ ਗਈ ਸੀ ਪਿਛਲੀ ਵਾਰੀ।’’ ਉਸ ਨੇ ਉਤੇ ਲਿਆ ਸ਼ਾਲ ਵਿਖਾਇਆ।
ਅਸੀਂ ਰਾਤ ਨੂੰ ਗੁਰਦੁਆਰੇ ਨਹੀਂ ਸਾਂ ਠਹਿਰਦੇ। ਬੈਂਕ ਮੈਨੇਜਰ ਨੇ ਸਾਨੂੰ ਬੈਂਕ ਉਪਰਲੇ
ਚੁਬਾਰੇ ਵਿਚ ਠਹਿਰਾ ਲਿਆ ਸੀ ਪਰ ਰੋਟੀ ਅਸੀਂ ਰਾਤ ਨੂੰ ਗੁਲਾਮ ਨਬੀ ਦੇ ਘਰ ਹੀ ਖਾਂਦੇ। ਉਸ
ਰਾਤ ਰੋਟੀ ਤੋਂ ਪਹਿਲਾਂ ਨਬੀ ਮੈਨੂੰ ਪੁੱਛਦਾ, ‘‘ਮਾਸਟਰ! ਪੀਣੀ ਆਂ?’’
ਮੈਂ ਕਿਹਾ, ‘‘ਤੁਹਾਡੇ ਤਾਂ ਮਿਲਦੀ ਨਹੀਂ। ਮਿਲ ਜੂ?’’
‘‘ਤੂੰ ਹਾਂ ਕਰ।’’
ਉਹ ਅਧੀਆ ਦੇਸੀ ਸ਼ਰਾਬ ਦਾ ਲੈ ਆਇਆ। ਅਸੀਂ ਉਹਲੇ ਹੋ ਕੇ ਬੈਠ ਕੇ ਪੀਂਦੇ ਗੱਲਾਂ ਕਰਦੇ ਰਹੇ।
ਰੋਟੀ ਖਾਣ ਲੱਗੇ ਤਾਂ ਫਜ਼ਲਾਂ ਸਾਡੇ ਕੋਲ ਆਈ। ਮੈਂ ਪਿਆਰ ਨਾਲ ਆਖਿਆ, ‘‘ਆ ਭੈਣ ਰੋਟੀ
‘ਕੱਠਿਆਂ ਖਾਈਏ।’’
ਕਹਿਣ ਲੱਗੀ, ‘‘ਵੀਰ! ਜੇ ਰੋਟੀ ‘ਕੱਠੀ ਖਾਣੀ ਸੀ ਤਾਂ ਸਾਨੂੰ ਕੱਢਣਾ ਕਾਹਨੂੰ ਸੀ ਉਥੋਂ।’’
ਮੇਰੇ ਅੰਦਰ ਬੋਲ ਰਿਹਾ ਗੁਰਮੀਤ ਢੱਡਾ ਖ਼ਾਮੋਸ਼ ਹੋ ਗਿਆ। ਉਸ ਨੂੰ ਉਦੋਂ ਵੀ ਕੋਈ ਗੱਲ ਨਹੀਂ
ਸੀ ਅਹੁੜੀ ਜਦੋਂ ਫ਼ਜ਼ਲਾਂ ਨੇ ਇਹ ਸਵਾਲ ਪਾਇਆ ਸੀ। ਇਸ ਸਵਾਲ ਦਾ ਜਵਾਬ ਲੱਭਦਿਆਂ ਹੀ ਇਕ
ਤੋਂ ਦੋ ਮੁਲਕ ਬਣ ਗਏ ਹਨ ਜੋ ਅਜੇ ਵੀ ਇਕ ਦੂਜੇ ਵੱਲ ਤੋਪਾਂ ਤਾਣੀ ਖਲੋਤੇ ਸਨ। ‘ਹਿੰਦੂ
ਪਾਣੀ’ ਤੇ ‘ਮੁਸਲਮਾਨ ਪਾਣੀ’ ਇਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਤੇ
ਮੌਕਾ ਮਿਲਦਿਆਂ ਦੂਜੇ ਦੇ ਲਹੂ ਦਾ ਘੁੱਟ ਭਰ ਵੀ ਲੈਂਦੇ ਸਨ। ਜਵਾਬ ਤਾਂ ਪੰਜ ਸੌ ਸਾਲ
ਪਹਿਲਾਂ ਹੀ ਲੱਭ ਲਿਆ ਸੀ ਬਾਬੇ ਨਾਨਕ ਨੇ : ਨਾ ਹਮ ਹਿੰਦੂ ਨਾ ਮੁਸਲਮਾਨ!
ਪਰ ਅਸੀਂ ਉਸ ਦੀ ਸੁਣੀ ਹੀ ਕਦੋਂ ਸੀ! ਉਹਦੇ ਚਿਹਰੇ ਦੇ ਮਾਨਵ-ਮੁਹੱਬਤ ਦੇ ਨੂਰ ਵੱਲ ਝਾਤ ਹੀ
ਕਦੋਂ ਮਾਰੀ ਸੀ! ਉਹਦੀ ਬਾਣੀ ਵਿਚਲੇ ਸੱਚ ਨੂੰ ਅੱਖਾਂ ਖੋਲ੍ਹ ਕੇ ਪੜ੍ਹਿਆ ਹੀ ਕਦੋਂ ਸੀ!
ਅਸੀਂ ਤਾਂ ਬਸ ਸ਼ਰਧਾ ਵਿਚ ਅੱਖਾਂ ਮੁੰਦ ਕੇ ਸੀਸ ਝੁਕਾ ਛੱਡਿਆ ਸੀ।
ਮੈਂ ਆਪੇ ਤੋਂ ਬਾਹਰ ਆਇਆ ਤਾਂ ਸਤਿਨਾਮ ਮਾਣਕ ਸ਼ਰਾਰਤ ਨਾਲ ਪ੍ਰੇਮ ਸਿੰਘ ਨੂੰ ਪੁੱਛ ਰਿਹਾ
ਸੀ, ‘‘ਸਰਦਾਰ ਜੀ! ਤੁਹਾਡੇ ਵੇਲੇ ਕੋ-ਐਜੂਕੇਸ਼ਨ ਹੁੰਦੀ ਸੀ?’’
‘‘ਹੁੰਦੀ ਨਹੀਂ ਸੀ, ਆਪ ਕਰ ਲਈਦੀ ਸੀ!’’ ਰਾਇ ਅਜ਼ੀਜ਼-ਉੱਲਾ ਨੇ ਕਿਹਾ।
ਪ੍ਰੇਮ ਸਿੰਘ ਨੇ ਮਸਤੀ ਦੇ ਆਲਮ ਵਿਚ ਸਿਰ ਹਿਲਾਇਆ ਜਿਉਂ ਜਿਉਂ ਲਾਇਲਪੁਰ ਵੱਲ ਕਾਰ ਵਧ ਰਹੀ
ਸੀ, ਉਹ ਜਿਵੇਂ ਉਸ ਪਾਸਿਓਂ ਆਉਂਦੀ ਜਨਮ-ਭੋਂ ਦੀ ਮਹਿਕ ਸੁੰਘ ਕੇ ਹੀ ਲਟਬੌਰਾ ਹੋਈ ਜਾ ਰਿਹਾ
ਸੀ। ਬਹੁਤ ਹੀ ਗੰਭੀਰ, ਜਿ਼ੰਮੇਵਾਰ ਵਿਅਕਤੀ ਸਾਰੀਆਂ ਸਿਆਣਪਾਂ ਭੁੱਲ ਕੇ ਜੁਆਨੀ ਦੇ ਮੁੱਢਲੇ
ਸਾਲਾਂ ਵਿਚ ਗੁਆਚ ਗਿਆ ਸੀ।
‘‘ਤੁਸੀ ਸਾਂਭੋ ਆਪਣੀਆਂ ਸਿਆਣਪਾਂ ਤੇ ਬੁੱਧੀਮਾਨੀਆਂ। ਆਪਣੀਆਂ ਅਕਲਾਂ ਅਤੇ
ਅਖ਼ਬਾਰਾਂ-ਕਿਤਾਬਾਂ। ਗੰਗਾ ਬਾਹਮਣੀ ਨੂੰ ਕੀ ਪਤਾ ਝਨਾਂ ਦੇ ਆਸ਼ਕਾਂ ਦੇ ਰੰਗ-ਰੱਤੇ ਦਿਲਾਂ
ਦਾ। ਗੰਗਾ ਬਾਹਮਣੀ ਕੀ ਜਾਣੇ ਮੇਰੇ ਫੁੱਲ ਝਨਾਂ ਵਿਚ ਪਾਣੇ’’, ਪ੍ਰੇਮ ਸਿੰਘ ਨੇ ਤਸੱਲੀ ਦਾ
ਡੂੰਘਾ ਸਾਹ ਭਰਿਆ।
ਪ੍ਰੇਮ ਸਿੰਘ ਦੇ ਜਨਮ-ਭੂਮੀ ਵੱਲ ਪ੍ਰਗਟਾਏ ਜਾਂਦੇ ਪਿਆਰ ਨੂੰ ਵੇਖ ਕੇ ਗੁਰਮੀਤ ਢੱਡੇ ਨਾਲ
ਗਿਆ ਬਜ਼ੁਰਗ ਬਾਬਾ ਮੈਨੂੰ ਆਖ ਰਿਹੈ, ਮੇਰੀ ਕਹਾਣੀ ਵੀ ਸੁਣਾ ਦੇ। ਮੈਂ ਤਾਂ ਚਾਲੀ ਸਾਲ
ਭੁੱਜਦਾ ਰਿਹਾ ਸਾਂ ਆਪਣੇ ਪਿੰਡ ਨੂੰ ਵੇਖਣ ਲਈ।’’
ਬਾਬਾ ਲਾਇਲਪੁਰ ਜਿ਼ਲੇ ਦੇ ਚੱਕ ਨੰ. 56 ਦਾ ਰਹਿਣ ਵਾਲਾ ਸੀ। ਜੜ੍ਹਾਂ ਵਾਲੇ ਦੇ ਨਜ਼ਦੀਕ।
ਉਹ ਵੀ ਨਨਕਾਣੇ ਦੇ ਬਹਾਨੇ ਆਪਣੇ ਪਿੰਡ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਤੇ ਜੇ ਕਿਧਰੇ
ਜੁਗਾੜ ਬਣ ਜਾਵੇ ਤਾਂ ਪਿੰਡ ਦੇ ਦੀਦਾਰ ਕਰਨ ਆਇਆ ਸੀ। ਉਸ ਨੇ ਇਕ ਦੋ ਮਿੱਤਰਾਂ ਨੂੰ ਨਨਕਾਣੇ
ਪੁੱਜਣ ਲਈ ਚਿੱਠੀਆਂ ਪਾਈਆਂ ਸਨ ਪਰ ਉਨ੍ਹਾਂ ਵਿਚੋਂ, ਕੋਈ ਵੀ ਨਨਕਾਣੇ ਨਹੀਂ ਸੀ ਪੁੱਜਾ।
ਜਦੋਂ ਉਸ ਨੇ ਗੁਰਮੀਤ ਦੇ ਗਿਰਾਈਆਂ ਨੂੰ ਇੰਜ ਮਿਲਦਿਆਂ ਵੇਖਿਆ ਤਾਂ ਤਰਲਾ ਲੈ ਕੇ ਆਖਣ
ਲੱਗਾ, ‘‘ਮਾਸਟਰ ਗੁਰਮੀਤ ਸਿਅ੍ਹਾਂ! ਜਿਵੇਂ ਵੀ ਹੋਵੇ ਮੇਰੇ ਪਿੰਡ ਨੂੰ ਮੇਰਾ ਹੱਥ ਲੁਆ
ਦੇਹ। ਮੈਂ ਫਿਰ ਵਾਪਸ ਨਹੀਂ ਜਾਂਦਾ। ਉਥੇ ਹੀ ਮਰ ਜਾਊਂ।’’
ਬਾਬਾ ਭਾਵੁਕ ਹੋ ਗਿਆ।
ਵੀਜ਼ੇ ਮੁਤਾਬਕ ਨਨਕਾਣੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਗੁਰਮੀਤ ਸਿੰਘ ਨੇ ਜਥੇ ਨਾਲ
ਗਏ ਅਫ਼ਸਰਾਂ ਨੂੰ ਪੁੱਛਿਆ ਪਰ ਆਗਿਆ ਨਾ ਮਿਲੀ। ਪਰ ਬਾਬਾ ਤਾਂ ਗਿਆ ਹੀ ਇਸੇ ਕੰਮ ਸੀ। ਵਾਰ
ਵਾਰ ਆਖੇ, ‘‘ਗੁਰਮੀਤ ਸਿਅ੍ਹਾਂ! ਕਰ ਕੋਈ ਚਾਰਾ! ਤੇਰਾ ਬੜਾ ਪੁੰਨ ਹੋਊ।’’
ਬਾਬਾ ਬਹੁਤ ਉਦਾਸ ਸੀ। ਇਕ ਪੁਲੀਸ ਅਫ਼ਸਰ ਨੇ ਜਥੇ ਦੇ ਬੰਦਿਆਂ ‘ਚੋਂ ਆਵਾਜ਼ ਦੇ ਕੇ
ਪੁੱਛਿਆ, ‘‘ਤੁਹਾਡੇ ਵਿਚੋਂ ਨੰਗਲ ਸਰਾਲੇ ਦਾ ਹੈ ਕੋਈ?’’
ਗੁਰਮੀਤ ਢੱਡਾ ਕਹਿਣ ਲੱਗਾ, ‘‘ਮੈਂ ਜਾਣਦਾਂ ਨੰਗਲ ਸਰਾਲੇ ਨੂੰ। ਮੈਂ ਅਲਾਵਲਪੁਰ ਪੜ੍ਹਦਾ
ਰਿਹਾਂ।’’
ਉਹ ਅਫ਼ਸਰ ਵੀ ਉਸੇ ਪਿੰਡ ਦੇ ਉਸੇ ਸਕੂਲ ਵਿਚ ਪੜ੍ਹਦਾ ਰਿਹਾ ਸੀ। ਉਸ ਨੇ ਉਸੇ ਵੇਲੇ ਚਾਹ ਤੇ
ਬਰਫੀ ਮੰਗਵਾ ਲਈ। ਆਪਣੇ ਸਕੂਲ, ਮਾਸਟਰਾਂ, ਜਮਾਤੀਆਂ ਅਤੇ ਇਲਾਕੇ ਦੀਆਂ ਗੱਲਾਂ ਕਰਨ ਲੱਗਾ।
ਉਸ ਨੂੰ ਪਿਘਲਿਆ ਵੇਖ ਕੇ ਗੁਰਮੀਤ ਨੇ ਕਿਹਾ, ‘‘ਬਾਬਾ ਵੀ ਇੰਜ ਹੀ ਹਉਕੇ ਲੈਂਦਾ ਆਪਣਾ ਪਿੰਡ
ਵੇਖਣ ਲਈ। ਜੇ ਕੁਝ ਹੋ ਸਕਦਾ ਹੋਵੇ।’’
ਤਰਲ ਹੋਇਆ ਅਫ਼ਸਰ ਕਹਿਣ ਲੱਗਾ, ‘‘ਤੁਸੀਂ ਪ੍ਰਾਈਵੇਟ ਗੱਡੀ ਕਰ ਲਵੋ। ਅੱਵਲ ਤਾਂ ਕੋਈ
ਪੁੱਛਦਾ ਨਹੀਂ। ਜੇ ਫੜਨਗੇ ਤਾਂ ਫੜ ਕੇ ਪਹਿਲਾਂ ਸਾਡੇ ਕੋਲ ਹੀ ਲੈ ਕੇ ਆਉਣਗੇ, ਇਥੇ ਮੈ
ਬੈਠਾਂ।’’
ਗੁਰਮੀਤ ਤੇ ਬਾਬਾ ਉੱਡਦੇ ਹੋਏ ਬੈਂਕ ਮੈਨੇਜਰ ਕੋਲ ਗਏ। ਮੈਨੇਜਰ ਨੇ ਆਪ ਕਾਰ ਕਿਰਾਏ ‘ਤੇ
ਕੀਤੀ ਤੇ ਉਨ੍ਹਾਂ ਨਾਲ ਜੜ੍ਹਾਂ ਵਾਲੇ ਨੂੰ ਤੁਰ ਪਿਆ। ਗੁਰਮੀਤ ਨੇ ਕਿਹਾ, ‘‘ਬਾਬਾ ਪਿੰਡ
ਲੱਭ ਲਵੇਂਗਾ?’’
‘‘ਭਾਵੇਂ ਮੇਰੀਆਂ ਅੱਖਾਂ ਬੰਨ੍ਹ ਦਿਓ ਤਦ ਵੀ ਲੱਭ ਲੂੰ। ਮੈਂ ਪੂਰੇ ਚਾਲੀ ਸਾਲ ਇਸ ਧਰਤੀ
‘ਤੇ ਗੁਜ਼ਾਰੇ ਨੇ। ਬਾਬੇ ਦੀਆਂ ਐਨਕਾਂ ਹੇਠਾਂ ਤਰਲ ਅੱਖਾਂ ਚਮਕ ਰਹੀਆਂ ਸਨ।
ਭਾਵੇ ਰਸਤੇ ਬਦਲ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਪਿੰਡ ਲੱਭ ਹੀ ਲਿਆ। ਪਹਿਲੇ ਹੀ ਘਰ ਕੋਲ
ਕਾਰ ਰੋਕ ਕੇ ਬਾਬੇ ਦੇ ਕਿਸੇ ਪੁਰਾਣੇ ਜਾਣੂ ਦਾ ਨਾਂ ਪੁੱਛਿਆ ਤਾਂ ਘਰ ਦੇ ਕਹਿਣ ਲੱਗੇ,
‘‘ਉਹ ਤਾਂ ਸ਼ੁਦਾਈ ਹੋ ਗਿਆ।’’
ਹੋਰ ਪੰਜਾਂ ਚਹੁੰ ਦੇ ਨਾਂ ਲਏ। ਉਹ ਹੈਗੇ ਸਨ। ਬਾਬਾ ਘਰ ਵੇਖਣ ਲਈ ਕਾਹਲਾ ਸੀ ਪਰ ਦੁਆਲੇ ਆ
ਜੁੜੀ ਭੀੜ ਨੇ ਠੰਢੇ ਦੀਆਂ ਬੋਤਲਾਂ ਮੰਗਵਾ ਲਈਆਂ ਸਨ। ਪਿੱਛੋਂ ਉਨ੍ਹਾਂ ਚਾਹ ਵੀ ਧਰ ਦਿੱਤੀ।
ਲਾਗਲੇ ਪ੍ਰਾਇਮਰੀ ਸਕੂਲ ਦਾ ਮਾਸਟਰ ਬਾਹਰ ਆ ਗਿਆ। ਉਸ ਬੱਚਿਆਂ ਨੂੰ ਛੁੱਟੀ ਕਰ ਦਿੱਤੀ।
ਬੱਚੇ, ਬੁੱਢੇ, ਨਿਆਣੇ ਇਕ ਜਲੂਸ ਦੀ ਸ਼ਕਲ ਵਿਚ ਪਿੰਡ ਦੀਆਂ ਗਲੀਆਂ ਵਿਚ ਹੋ ਤੁਰੇ। ਪੈਲੀਆਂ
ਤੋਂ ਸਿਰ ‘ਤੇ ਪੱਠਿਆਂ ਦੀਆਂ ਪੰਡਾਂ ਚੁੱਕੀ ਆਉਂਦੇ। ਕਈਆਂ ਨੇ ਪੰਡਾਂ ਪਾਸੇ ਰੱਖ ਦਿੱਤੀਆਂ
ਤੇ ਨਾਲ ਨਾਲ ਚੱਲ ਪਏ। ਜਿਉਂ ਜਿਉਂ ਪਤਾ ਲੱਗਦਾ ਗਿਆ, ਬਾਬੇ ਦੇ ਪੁਰਾਣੇ ਜਾਣੂ ਵੀ
ਸਾਹੋ-ਸਾਹ ਭੱਜੇ ਆਣ ਪਹੁੰਚੇ। ਬੱਚੇ ਤੇ ਜ਼ਨਾਨੀਆਂ ਦਰਵਾਜਿ਼ਆਂ ‘ਚ ਆ ਖੜੋਤੇ।
ਵੰਡ ਤੋਂ ਪਹਿਲਾਂ ਬਾਬੇ ਦਾ ਲੱਕੜ ਦਾ ਕੰਮ ਹੁੰਦਾ ਸੀ। ਜਿਸ ਰਾਹੇ ਉਹ ਜਾ ਰਿਹਾ ਸੀ, ਉਸ ਦਾ
ਕਾਰਖ਼ਾਨਾ ਨੇੜੇ ਸੀ। ਲੋਕ ਬਾਬੇ ਨੂੰ ਰੋਕ ਕੇ ਸੁੱਖ-ਸਾਂਦ ਪੁੱਛ ਰਹੇ ਸਨ, ਬਦੋਬਦੀ ਠੰਢਾ
ਪਿਆ ਰਹੇ ਸਨ। ਤੁਰੇ ਜਾਂਦੇ ਬੰਦਿਆਂ ਦੀਆਂ ਟਿੱਪਣੀਆਂ ‘ਚੋਂ ਬਾਬੇ ਦਾ ਕਿਰਦਾਰ ਤੇ ਵਿਹਾਰ
ਬੋਲਦਾ ਸੀ।
‘‘ਇਹ ਬਾਬਾ ਤਾਂ ਪਿੰਡ ਦਾ ਬੰਨ੍ਹ ਹੁੰਦਾ ਸੀ ਸਾਡੇ ਦਾ।’’
‘‘ਇਹਦਾ ਲਾਣਾ ਤੇ ਕਾਰੋਬਾਰ ਏਨਾ ਵੱਡਾ ਸੀ ਕਿ ਸੇਰ ਤੇਲ ਬਲਦਾ ਸੀ ਇਨ੍ਹਾਂ ਦੇ ਘਰ।’’
‘‘ਕਿਸੇ ਦੇ ਵਿਆਹ ਹੋਵੇ ਜਾਂ ਮਰਗ; ਇਹਨੇ ਕਦੀ ਬਾਲਣ ਦਾ ਪੈਸਾ ਨਹੀਂ ਸੀ ਲਿਆ।’’
ਬਾਬੇ ਦਾ ਇਕ ਹਾਣੀ ਅੱਗੋਂ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ, ‘‘ਕਰਮ ਸਿਅ੍ਹਾਂ! ਭਾਵੇਂ
ਮੇਰੇ ਘਰ ਨੂੰ ਹੱਥ ਹੀ ਲਾ ਕੇ ਮੁੜ ਆਵੀਂ ਪਰ ਮੇਰੇ ਘਰ ਜ਼ਰੂਰ ਆ।’’
ਭੀੜ ਨੂੰ ਚੀਰਦੀ ਇਕ ਜ਼ਨਾਨੀ ਅੱਗੇ ਆਈ। ਉਸਨੇ ਚਿਹਰੇ ਉਤੇ ਘੁੰਡ ਵਾਂਗ ਕੱਪੜਾ ਕਰ ਲਿਆ ਤੇ
ਬਾਬੇ ਦੇ ਪੈਰੀਂ ਹੱਥ ਲਾਇਆ। ਗੁਰਮੀਤ ਨੇ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ‘‘ਸਾਡਾ ਤਾਂ ਇਹ
ਅੰਨਦਾਤਾ ਹੈ।’’
ਵੰਡ ਤੋਂ ਪਹਿਲਾਂ ਉਸ ਔਰਤ ਦਾ ਘਰ ਵਾਲਾ ਬਾਬੇ ਦਾ ਸ਼ਾਗਿਰਦ ਬਣ ਕੇ ਉਸ ਤੋਂ ਤਰਖਾਣਾ ਕੰਮ
ਸਿੱਖਦਾ ਰਿਹਾ ਸੀ।
‘‘ਬੀਬੀ ਕੀ ਨਾਂ ਸੀ ਤੇਰੇ ਘਰ ਵਾਲੇ ਦਾ?’’
‘‘ਅਤਾ ਮੁਹੰਮਦ।’’
ਬਾਬੇ ਨੇ ਹੱਥਲੀ ਡਾਂਗ ਮੋਢੇ ਨਾਲ ਲਾਈ। ਦੋਹਾਂ ਹੱਥਾਂ ਨਾਲ ਐਨਕਾਂ ਦਾ ਫਰੇਮ ਠੀਕ ਕੀਤਾ ਤੇ
ਲਿਸ਼ਕਦੀਆਂ ਅੱਖਾਂ ਨਾਲ ਕਿਹਾ, ‘‘ਕਿਥੇ ਐ ਉਹ...ਮੇਰਾ ਪੁੱਤ...ਉਹਨੂੰ ਮਿਲਾ...।’’
ਪਰ ਅਤਾ ਮੁਹੰਮਦ ਤਾਂ ਲਾਇਲਪੁਰ ਕੰਮ ‘ਤੇ ਗਿਆ ਹੋਇਆ ਸੀ। ਉਸ ਨੇ ਰਾਤ ਨੂੰ ਪਰਤਣਾ ਸੀ।
‘‘ਤੂੰ ਉਹਨੂੰ ਆਖੀਂ ਸਵੇਰੇ ਮੈਨੂੰ ਨਨਕਾਣੇ ਆ ਕੇ ਮਿਲੇ। ਹੱਥ ‘ਚ ਸੋਟੇ ਵਾਲਾ ਤੇ ਐਨਕਾਂ
ਵਾਲਾ ਬੰਦਾ ਮੈਂ ਹੀ ਹੋਉਂ।’’
ਕਾਰਖ਼ਾਨੇ ਜਾ ਕੇ ਬਾਬਾ ਹਸਰਤ ਭਰੀਆਂ ਅੱਖਾਂ ਨਾਲ ਛੱਤ ‘ਤੇ ਆਪਣੀ ਹੱਥੀਂ ਪਾਏ ਗਾਡਰਾਂ ਵੱਲ
ਵੇਖਣ ਲੱਗਾ। ਆਪਣੇ ਹਥੌੜੇ ਨੂੰ ਪਛਾਣ ਲਿਆ। ਘਣ ਉਹੋ ਸੀ। ਬੱਚਿਆਂ ਵਾਂਗ ਉਹਨੂੰ ਕੁੱਛੜ
ਚੁੱਕ ਲਿਆ। ਆਖੇ, ‘‘ਗੁਰਮੀਤ ਸਿਅ੍ਹਾਂ, ਇਹਨੂੰ ਨਾਲ ਲੈ ਚੱਲੀਏ।’’
ਘਰ ਗਿਆ ਤਾਂ ਵਿਹੜੇ ਵਿਚਲੇ ਪਿੱਪਲ ਨੂੰ ਜਾ ਕੇ ਜੱਫੀ ਪਾ ਲਈ। ਆਖੀ ਜਾਵੇ ‘‘ਗੁਰਮੀਤ
ਸਿਅ੍ਹਾਂ! ਤੂੰ ਹੁਣ ਮੈਨੂੰ ਏਥੇ ਹੀ ਰਹਿਣ ਦੇ।’’
ਪਰ ਜਾਣਾ ਤਾਂ ਪੈਣਾ ਹੀ ਸੀ। ਸਾਰਾ ਪਿੰਡ ਬਾਹਰ ਤਕ ਵਿਦਾ ਕਰਨ ਆਇਆ।
ਰਾਤੀਂ ਅਤਾ ਮੁਹੰਮਦ ਘਰ ਪੁੱਜਾ ਤਾਂ ਘਰਵਾਲੀ ਨੇ ਬਾਬੇ ਕਰਮ ਸਿੰਘ ਬਾਰੇ ਦੱਸਿਆ। ਉਹ ਰਾਤੀਂ
ਹੀ ਘਰੋਂ ਤੁਰ ਪਿਆ। ਕਿਸੇ ਟਰੱਕ ‘ਤੇ ਸਵਾਰ ਹੋ ਕੇ ਸਵੇਰੇ ਤੜ੍ਹਕੇ ਹੀ ਨਨਕਾਣੇ ਪੁੱਜ ਗਿਆ
ਤੇ ਬਾਬੇ ਕਰਮ ਸਿੰਘ ਨੂੰ ਲੱਭਣ ਲੱਗਾ।
ਦਿਨੇ ਨੌਂ ਕੁ ਵਜੇ ਜਦੋਂ ਬਾਬਾ ਕਰਮ ਸਿੰਘ ਤੇ ਗੁਰਮੀਤ ਸਿੰਘ ਢੱਡਾ ਗੁਰਦੁਆਰੇ ਦੇ ਗੇਟ ਕੋਲ
ਪੁੱਜੇ ਤਾਂ ਅਤਾ ਮੁਹੰਮਦ ਨੇ ਬਾਬੇ ਨੂੰ ਦੂਰੋਂ ਪਛਾਣ ਲਿਆ ਤੇ ਬੱਚਿਆਂ ਵਾਂਗ ਭੱਜ ਕੇ ਉਹਦੇ
ਗਲ ਨੂੰ ਚੰਬੜ ਗਿਆ। ਪੁਲੀਸ ਵਾਲਿਆਂ ਨੂੰ ਉਹਦੀ ਇਹ ਹਮਲਾਵਰ ਤੇਜ਼ੀ ਖ਼ਤਰਨਾਕ ਲੱਗੀ ਤੇ
ਉਨ੍ਹਾਂ ਨੇ ਉਸ ਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਬਾਬੇ ਦੇ ਗਲ ਦੁਆਲਿਓਂ ਉਹਦੀਆਂ
ਬਾਹਵਾਂ ਦੀ ਕਰਿੰਘੜੀ ਲਾਹੁਣ ਲੱਗੇ। ਉਹ ਗਲਵੱਕੜੀ ਦੀ ਕੱਸ ਪੱਕੀ ਕਰ ਗਿਆ ਤੇ ਡੰਡੇ ਖਾਈ
ਗਿਆ।
ਆਖੀ ਜਾਵੇ, ‘‘ਇੰਜ ਮੈਨੂੰ ਮੇਰੇ ਪਿਓ ਨੂੰ ਮਿਲਣੋਂ ਰੋਕ ਲਵੋਗੇ! ਲਾ ਲੋ ਜ਼ੋਰ।’’
ਗੁਰਮੀਤ ਸਿੰਘ ਨੇ ਕੋਲ ਖੜੋਤੇ ਪੁਲੀਸ ਅਫ਼ਸਰਾਂ ਨੂੰ ਭੱਜ ਕੇ ਦੱਸਿਆ। ਪੁਲਸੀਏ ਪਿੱਛੇ ਹਟੇ
ਤਾਂ ਹੀ ਉਹਨੇ ਬਾਬੇ ਦੇ ਮੋਢੇ ਨਾਲੋਂ ਆਪਣਾ ਸਿਰ ਪਿੱਛੇ ਕੀਤਾ। ਉਹਦੇ ਅੱਥਰੂਆਂ ਨਾਲ ਬਾਬੇ
ਦਾ ਮੋਢਾ ਭਿੱਜ ਚੁੱਕਾ ਸੀ।
-0-
|