Welcome to Seerat.ca
|
|
ਫੈਸਲਾ ਤੇ ਫਾਸਲਾ
- ਹਰਚੰਦ ਸਿੰਘ ਬਾਸੀ
|
ਦੇਸ ਦੀ ਅਜ਼ਾਦੀ ਲਈ
ਸੁਭਾਸ ਚੰਦਰ ਬੋਸ ਦੁਆਰਾ ਬਣਾਈ ਗਈ ਅਜ਼ਾਦ ਹਿੰਦ ਫੌਜ ਦਾ ਬਹੁਤ ਮਹੱਤਵ ਸੀ। ਪਰ ਅਜ਼ਾਦੀ
ਤੋਂ ਬਾਅਦ ਅਜ਼ਾਦ ਹਿੰਦ ਫੌਜ ਦੇ ਜੰਗੀ ਯੋਧਿਆਂ ਨੂੰ ਹਿੰਦੋਸਤਾਨ ਦੀ ਸਰਕਾਰ ਨੇ ਅਜ਼ਾਦੀ
ਘੁਲਾਟੀਏ ਨਾ ਮੰਨਿਆਂ। ਇਸ ਦੇ ਲਈ ਸਮੇਂ ਸਮੇਂ ਤੇ ਮੰਗ ਉਠਦੀ ਰਹੀ ਇਨਾਂ ਯੋਧਿਆਂ ਨੂੰ
ਅਜ਼ਾਦੀ ਘੁਲਾਟੀਏ ਮੰਨਿਆ ਜਾਏ। ਆਖਰ ਇਹ ਮੰਗ ਸਰਕਾਰ ਵੱਲੋਂ ਮੰਨ ਲਈ ਗਈ। ਬਾਕੀ ਅਜ਼ਾਦੀ
ਘੁਲਾਟੀਆਂ ਵਾਗ ਉਨ੍ਹਾਂ ਨੂੰ ਪੈਨਸ਼ਨ ਦੇਣ ਦਾ ਅਤੇ ਹੋਰ ਸਹੂਲਤਾਂ ਦੇਣ ਦਾ ਫੈਸਲਾ ਵੀ ਕੀਤਾ
ਗਿਆ।
ਇਸ ਫੈਸਲੇ ਨਾਲ ਦੇਸ਼ ਦੇ ਲਈ ਮੁਸੀਬਤਾਂ ਝੱਲਦਿਆਂ ਨੂੰ ਬੁਢਾਪੇ ਲਈ ਕੁੱਝ ਆਰਥਿਕ ਥੁੜਾਂ
ਚੋਂ ਨਿਕਲਣ ਦਾ ਸਹਾਰਾ ਜਾਪਿਆ। ਹੁਣ ਮਗਰਲੀ ਉਮਰ ਵਿੱਚ ਪੈਨਸ਼ਨ ਲੈਣ ਲਈ ਅਰਜ਼ੀਆਂ ਦੇਣ ਦਾ
ਸਿਲਸਲਾ ਸ਼ੁਰੂ ਹੋਇਆ। ਪੈਨਸ਼ਨ ਲੱਗ ਪੱਗ ਇੱਕ ਸੌ ਤੋਂ ਕੁੱਝ ਵੱਧ ਮਿਲਣੀ ਸ਼ੁਰੂ ਹੋਈ।
ਐਂਵੇਂ ਨਾਲੋਂ ਤਾਂ ਕੁੱਝ ਚੰਗਾ ਕਹਿ ਕੇ ਸੁ਼ਕਰ ਕਰਨ ਲੱਗੇ। ਜਿਥੇ ਕਿਸੇ ਦਾ ਮਿੱਤਰ ਬੇਲੀ
ਸੀ ਇੱਕ ਦੂਜੇ ਨੂੰ ਦੱਸ ਕੇ ਉਸ ਦੀ ਸਹਾਇਤਾ ਕਰਨ ਲੱਗੇ। ਬਲਬੀਰ ਸਿੰਘ ਅਤੇ ਉਸ ਦੇ ਕੁੱਝ
ਸਾਥੀ ਆਪਣੇ ਸਹਿਯੋਗੀ ਸਾਥੀ ਮੇਵਾ ਸਿੰਘ ਨੂੰ ਕਹਿਣ ਲੱਗੇ ਤੂੰ ਵੀ ਪੈਨਸ਼ਨ ਦੇ ਫਾਰਮ ਭਰ
ਦੇ। ਮੇਵਾ ਸਿੰਘ ਕਹਿੰਦਾ " ਮੇਰੇ ਕੋਲ ਤੀਹ ਕਿਲੇ ਜ਼ਮੀਨ ਹੈ। ਮੁੰਡੇ ਚੰਗੀ ਕਮਾਈ ਕਰਦੇ
ਹਨ। ਮੈਨੂੰ ਕੀ ਘਾਟ ਹੈ। ਐਵੇ ਸੌ ਰੁਪਈਏ ਬਦਲੇ ਦਫਤਰਾਂ ਦੇ ਚੱਕਰ ਕੱਟਦੇ ਫਿਰੀਏ। ਮੈਂ
ਨਹੀਂ ਇਹ ਕੰਮ ਕਰਨਾ।"
ਬਲਬੀਰ ਸਿੰਘ ਨੇ ਕਿਹਾ " ਯਾਰ! ਸਰਕਾਰੋਂ ਤੇਲ ਮਿਲੇ ਤਾਂ ਜੁੱਤੀ ਵਿੱਚ ਪਵਾ ਲਈਏ। ਅਸੀਂ
ਕਿਹੜਾ ਐਵੇਂ ਲੈਂਦੇ ਹਾਂ। ਦੇਸ਼ ਲਈ ਮੁਸੀਬਤਾਂ ਝੱਲੀਆਂ ਨੇ। ਅਸੀਂ ਫਾਰਮ ਭਰੇ ਹਨ ਤੂੰ ਵੀ
ਭਰ ਦੇ।" ਪਰ ਮੇਵਾ ਸਿੰਘ ਨਾ ਮੰਨਿਆ।
ਮੇਵਾ ਸਿੰਘ ਦੇ ਚਾਰ ਪੁੱਤ ਸਨ। ਉਸ ਸਮੇਂ ਦੋ ਵਿਆਹੇ ਸਨ ਅਤੇ ਦੌ ਕੁਆਰੇ ਸਨ। ਦੋ ਚਾਰ
ਸਾਲਾਂ ਵਿੱਚ ਬਾਕੀ ਦੇ ਦੋ ਵੀ ਵਿਆਹੇ ਗਏ।
ਮੇਵਾ ਸਿੰਘ ਦੀ ਘਰ ਵਾਲੀ ਬਲਜੀਤ ਕੌਰ ਸਿਆਣੀ ਔਰਤ ਸੀ। ਘਰ ਵਿੱਚ ਨੂੰਹਾਂ ਨਾਲ ਉਸ ਦਾ
ਵਰਤਾਉ ਚੰਗਾ ਸੀ। ਸਾਰੀਆਂ ਨੂੰਹਾਂ ਨੂੰ ਬਣਦਾ ਪਿਆਰ ਦਿੰਦੀ ਸੀ। ਪਰ ਤੀਸਰੇ ਦਰਜੇ ਵਾਲੀ
ਕੁੱਝ ਵੱਖਰੇ ਸੁਭਾਅ ਦੀ ਸੀ। ਉਸ ਨੂੰ ਵੀ ਵਰਾ ਤਰਾ ਕੇ ਰੱਖਦੀ ਸੀ। ਘਰ ਦਾ ਇਕੱਠ ਚੰਗਾ
ਚੱਲੀ ਜਾਂਦਾ ਸੀ। ਰੱਬ ਦੀ ਕਰਨੀ ਗਰਮੀਆਂ ਦੇ ਦਿਨ ਸਨ। ਬਲਜੀਤ ਕੌਰ ਨੂੰ ਹੈਜ਼ਾ ਹੋ ਗਿਆ।
ਪਿੰਡ ਵਿੱਚ ਰਹਿੰਦੇ ਨੀਮ ਹਕੀਮ ਤੋਂ ਦਵਾਈ ਲਈ ਪਰ ਅਰਾਮ ਨਾ ਆਇਆ। ਦਿਨ ਚੜਦੇ ਨੂੰ ਅਗਲੇ
ਜਹਾਨ ਚਲੀ ਗਈ। ਜਾਣ ਲੱਗੀ ਆਪਣੀ ਵੱਡੀ ਨੂੰਹ ਨੂੰ ਕਹਿ ਗਈ "ਧੀਏ ਤੂੰ ਵੱਡੀ ਹੈਂ, ਸਿਆਣੀ
ਹੈ। ਮੇਰਾ ਕੋਈ ਪਤਾ ਨਹੀਂ। ਮੇਰੇ ਪਿੱਛੋਂ ਇਨ੍ਹਾ ਤਿਨਾਂ ਦੀ ਵੱਡੀ ਭੈਣ ਬਣਕੇ ਰਹੀਂ।
ਨਿੱਕੀ ਮੋਟੀ ਗੱਲ ਤੋਂ ਤਿੰਨਾਂ ਨੂੰ ਸਮਝਾ ਕੇ ਰੱਖੀਂ ਤਾਂ ਹੀ ਇਕੱਠ ਨਿਭੂਗਾ। ਘਰ ਨੂੰ ਭਾਗ
ਲੱਗੇ ਹਨ ਵੇਖਿਓ ਕਿਤੇ ਖੇਰੂੰ ਖੇਰੂ ਨਾ ਕਰ ਦੇਣਾ। ਆਪਣੇ ਬਾਪੂ ਜੀ ਦਾ ਖਿਆਲ ਰੱਖਿਓ। ਆਦਰ
ਮਾਣ ਦੇਣਾ ਸਾਂਭ ਸੰਭਾਲ ਰੱਖਣੀ। ਜਿਸ ਤਰ੍ਹਾਂ ਇਨ੍ਹਾਂ ਦਾ ਲੋਕਾਂ ਵਿੱਚ ਮਾਣ ਹੈ ਤੁਸੀਂ ਹੀ
ਬਰਕਾਰ ਰੱਖਣਾ ਹੈ। ਇਨ੍ਹਾਂ ਕੋਲ ਆਏ ਗਏ ਦੀ ਸੇਵਾ ਕਰਨੀ।"
ਚਹੁੰ ਪੁੱਤਾਂ ਦੇ ਵਿਆਹ ਤੋਂ ਦੋ ਸਾਲ ਬਾਅਦ ਘਰ ਵਾਲੀ ਵੀ ਵਿਛੋੜਾ ਦੇ ਗਈ। ਉਸ ਦੀ ਮੌਤ ਤੋਂ
ਛੇ ਸੱਤ ਮਹੀਨੇ ਬਾਅਦ ਹੀ ਘਰ ਵਿੱਚ ਨੂੰਹਾਂ ਵਿੱਚ ਤਲਖ ਮਜ਼ਾਜੀ ਹੋਣ ਲੱਗੀ। ਇਸ ਤੋਂ ਹੌਲੀ
ਹੌਲੀ ਮੁੰਡਿਆਂ ਵਿੱਚ ਵੀ ਮਨ ਮੁਟਾਵ ਹੋਣ ਲੱਗ ਪਿਆ।
ਹਾੜੀ ਦੀ ਫਸਲ ਆਉਣ ਤੋਂ ਪਹਿਲਾਂ ਮੇਵਾ ਸਿਉਂ ਦੇ ਵੱਡੇ ਪੁੱਤ ਨੇ ਆਪਣੇ ਬਾਪ ਨੂੰ ਕਿਹਾ
"ਬਾਪੂ ਜੀ ਹੁਣ ਇਉਂ ਲੱਗਦਾ ਹੈ ਕਿ ਇਕੱਠ ਨਹੀਂ ਨਿਭਣਾ। ਸੱਭ ਦੇ ਆਪਣੇ ਆਪਣੇ ਮੂੰਹ ਹਨ।
ਸਾਨੂੰ ਅੱਡੋ ਅਡ ਕਰ ਦਿਉ। ਕੋਈ ਥੋੜੀ ਕਰੇ ਬਹੁਤੀ ਕਰੇ ।"
ਮੇਵਾ ਸਿਉਂ ਵੀ ਹਰ ਰੋਜ਼ ਦੇ ਘਰ ਦੇ ਮਹੌਲ ਤੋਂ ਜਾਣੂ ਸੀ। ਉਸ ਨੇ ਵੀ ਸੋਚ ਲਿਆ ਕਿ ਰੋਜ਼
ਦਾ ਕਲੇਸ਼ ਹੋਰ ਮੁਸੀਬਤ ਲਿਆਏਗਾ। ਮੈਂ ਬਥੇਰਾ ਕਹਿ ਲਿਆ ਹੈ। ਕੋਈ ਸੁਨਣ ਮੰਨਣ ਨੂੰ ਤਿਆਰ
ਨਹੀਂ। ਠੀਕ ਹੀ ਹੋਏਗਾ ਜੇ ਵੱਖੌ ਵੱਖ ਕਰ ਦਿਆਂ"।
ਹਾੜੀ ਦੀ ਫਸਲ ਕਢਣ ਪਿਛੌੋਂ ਮੇਵਾ ਸਿਉਂ ਨੇ ਆਪਣੇ ਚਹੁੰ ਪੁੱਤਾਂ ਬਿਠਾ ਲਿਆ। ਕਹਿਣ ਲੱਗਾ
"ਪੁਤਰੋ! ਮੈਂ ਤੁਹਾਡੇ ਅਨੁਸਾਰ ਅੱਡ ਕਰਨ ਦਾ ਫੈਸਲਾ ਤਾਂ ਕਰ ਲਿਆ ਹੈ ਪਰ ਇਸ ਨਾਲ ਫਾਸਲੇ
ਵਧ ਜਾਣਗੇ"। ਚਲੋ ਅੱਛਾ1 ਤੁਹਾਡੀ ਮਰਜ਼ੀ। ਮੇਵਾ ਸਿਉਂ ਦੀ ਗੱਲ ਨੂੰ ਸਾਰਿਆਂ ਅਣਗੌਲੇ ਕਰ
ਦਿੱਤਾ। ਅਪਣੀ ਤੀਹ ਕਿੱਲੇ ਜਮੀਨ ਦੀ ਪੰਜ ਹਿਸਿਆਂ ਵਿੱਚ ਵੰਡ ਕਰ ਦਿਤੀ। ਚਹੁੰ ਪੁਤਰਾਂ ਨੂੰ
ਛੇ ਛੇ ਕਿੱਲੇ ਜ਼ਮੀਨ ਦੇ ਦਿੱਤੀ ਅਤੇ ਛੇ ਕਿਲੇ ਆਪਣੇ ਕੋਲ ਰੱਖ ਲਈ। ਆਪ ਉਸ ਨੇ ਛੋਟੇ ਪੁੱਤ
ਕਰਮਜੀਤ ਨਾਲ ਰਹਿਣ ਦਾ ਮਨ ਬਣਾ ਲਿਆ।
ਹਾਲ ਦੋ ਸਾਲ ਹੀ ਲੰਘੈ ਸਨ ਕਿ ਦੂਜੇ ਦੋ ਪੁੱਤ ਬਲਦੇਵ ਅਤੇ ਰਣਧੀਰ ਮੇਵਾ ਸਿਉਂ ਨੂੰ ਕਹਿਣ
ਲੱਗੇ।" ਬਾਪੂ ਜੀ ਕਰਮਜੀਤ ਬਾਰਾਂ ਕਿੱਲੇ ਵਾਹੁੰਦਾ ਹੈ ਅਸੀਂ ਛੇ ਛੇ ਕਿਲੇ ਵਾਹੁੰਦੇ ਹਾਂ।
ਕਬੀਲ ਦਾਰੀ ਦੇ ਖਰਚੇ ਬਹੁਤ ਹਨ। ਬਾਪੂ ਜੀ ਪੈਲੀ ਆਪਣੇ ਹਿਸੇ ਦੀ ਸਾਨੂੰ ਵੰਡ ਦਿਉ ਅਸੀ
ਤੁਹਾਨੂੰ ਠੇਕਾ ਦੇ ਦਿਆਂ ਕਰਾਗੇ। ਵੱਡੇ ਨੂੰ ਤਾਂ ਅੱਡ ਹੋਣ ਦਾ ਦੁੱਖ ਸੀ। ਵੱਡਾ ਬੇਟਾ
ਰਣਦੀਪ ਤਾਂ ਬਾਪ ਦੇ ਦਰਦ ਨੂੰ ਵੀ ਸਮਝਦਾ ਸੀ। ਉਸ ਨੇ ਤਾਂ ਬਾਪ ਨੂੰ ਕੁੱਝ ਨਾ ਕਿਹਾ। ਮੇਵਾ
ਸਿੰਘ ਖੁੱਲੇ ਸੁਭਾਅ ਵਾਲਾ ਸੀ ਤੇ ਨਾਲੇ ਉਨ੍ਹਾਂ ਮੀਸਣੇ ਜਿਹੇ ਬਣ ਕੇ ਇਉਂ ਕਿਹਾ ਕਿ ਮੇਵਾ
ਸਿੰਘ ਤੋਂ ਨਾਂਹ ਨਾ ਹੋਈ। ਉਨ੍ਹਾ ਨਾਲ ਸਹਿਮਤੀ ਪਰਗਟ ਕਰ ਦਿੱਤੀ। ਆਪਣੇ ਹਿਸੇ ਦਾ ਵੀ ਡੇਢ
ਡੇਢ ਕਿੱਲਾ ਉਨਾਂ ਨੂੰ ਵੰਡ ਦਿੱਤਾ। ਗੱਲ ਇਥੇ ਵੀ ਖਤਮ ਨਾ ਹੋਈ। ਹੁਣ ਠੇਕੇ ਵਿੱਚ ਘਾਲਾ
ਮਾਲਾ ਹੋਣ ਲੱਗ ਪਿਆ। ਕੁੱਝ ਮੇਵਾ ਸਿਉਂ ਦਾ ਦਵਾਈਆਂ ਦਾ ਖਰਚਾ ਵਧ ਗਿਆ। ਛੋਟੇ ਲੜਕੇ ਦਾ
ਲਾਲਚ ਪੂਰਾ ਨਾ ਹੁੰਦਾ। ਉਸ ਦੇ ਘਰ ਵਾਲੀ ਭੁੂਰੋ ਗੱਲੀ ਗੱਲੀਂ ਕਰਮਜੀਤ ਨੂੰ ਬਾਪੂ ਖਿਲਾਫ
ਚੁਕਣਾ ਦਿੰਦੀ ਰਹਿੰਦੀ। ਬਾਪੂ ਸਾਡਾ ਕੱਲਿਆਂ ਦਾ ਤਾਂ ਨਹੀਂ ਹੋਰ ਵੀ ਸਾਂਭਣ। ਇੰਨੇ ਸਾਲ
ਮੈਂ ਹੀ ਕੱਪੜਾ ਲੱਤਾ ਦੋਂਦੀ ਰਹੀ ਹਾ ਅਤੇ ਰੋਟੀ ਪਾਣੀ ਦਿੰਦੀ ਰਹੀਂ ਹਾਂ। ਜਮੀਂ ਤਾਂ
ਉਨ੍ਹਾਂ ਵੰਡਾ ਲਈ ਹੁਣ ਬਾਪੂ ਨੂੰ ਵੀ ਸਾਂਭਣ।
ਇੱਕ ਦਿਨ ਛੋਟਾ ਕਰਮਜੀਤ ਕਹਿੰਦਾ "ਬਾਪੂ ਜੀ! ਤੂੰ ਮੇਰੇ ਇਕੱਲੇ ਦੇ ਬਾਪ ਤਾ ਨਹੀਂ ਦੂਜੇ ਵੀ
ਤੁਹਾਡੇ ਪੁੱਤ ਹਨ। ਸਾਰੇ ਵਾਰੀ ਵਾਰੀ ਮਹੀਨਾ ਮਹੀਨਾ ਸਾਂਭਿਆ ਕਰਨ। ਹੁਣ ਪੁੱਤਾਂ ਨੇ ਫੈਸਲਾ
ਕਰ ਲਿਆ ਕਿ ਬਾਪੂ ਜ਼ਮੀਨ ਦਾ ਹਿੱਸਾ ਠੇਕਾ ਕੋਈ ਨਹੀਂ ਚਾਰੇ ਮਹੀਨਾ ਮਹੀਨਾ ਸਾਂਭਣ। ਇਸ
ਵਿੱਚ ਮੇਵਾ ਸਿਉਂ ਦੀ ਕੋਈ ਮਰਜ਼ੀ ਦਾ ਖਿਆਲ ਨਹੀਂ ਸੀ। ਮੇਵਾ ਸਿਉਂ ਨੂੰ ਤਾਂ ਸੱਤ ਬਚਨ
ਕਰਕੇ ਮੰਨਣਾ ਪਿਆ। ਚਾਰ ਪੈਸੇ ਵੀ ਮੰਗ ਕੇ ਲੈਣੇ ਪੈਦੇਂ। ਹੱਥ ਤੰਗ ਹੋ ਗਿਆ। ਆਪਣੀ ਮਰਜ਼ੀ
ਨਾਲ ਖਰਚਣ ਵਾਲਾ ਮੰਗਤਾ ਬਣ ਗਿਆ। ਹੁਣ ਉਸ ਨੂੰ ਆਪਣੇ ਮਿੱਤਰਾਂ ਕਹੀ ਗੱਲ ਯਾਦ ਆਈ "ਜੈਸੀ
ਗਠੜੀ ਆਪਣੀ ਤੈਸਾ ਮਿੱਤ ਨਾ ਕੋਈ"।
ਇੱਕ ਦਿਨ ਲਚਾਰ ਹੋਇਆ ਬੱਸ ਬੈਠ ਕੇ ਆਪਣੇ ਸਹਿਯੋਗੀ ਬਲਬੀਰ ਸਿੰਘ ਦੇ ਪਿੰਡ ਪਹੁੰਚ ਗਿਆ।
ਦੋਹਾਂ ਦੋਸਤਾਂ ਨੇ ਰੱਜ ਕੇ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਪਰ ਜੋ ਗੱਲ ਕਹਿਣ ਲਈ ਆਇਆ ਸੀ
ਉਹ ਕਹਿਣ ਤੋਂ ਵੀ ਸ਼ਰਮਾਉਂਦਾ ਸੀ। ਉਹ ਦਿਲ ਹੀ ਦਿਲ ਵਿੱਚ ਕਹਿ ਰਿਹਾ ਸੀ ਕਿ ਜਦੋਂ ਇਹਨਾਂ
ਕਿਹਾ ਸੀ ਮੈਂ ਆਪਣੀ ਜਾਇਦਾਦ ਦੀ ਹਉਮੇਂ ਵਿੱਚ ਗੱਲ ਠੁਕਰਾ ਦਿੱਤੀ। ਹੁਣ ਮੈਂ ਉਹੀ ਗੱਲ
ਕਹਿਣ ਆਇਆ ਹਾਂ"। ਉਸ ਦੇ ਮਨ ਵਿੱਚ ਕਈ ਚੜਦੀਆਂ ਲਹਿੰਦੀਆਂ। ਅਗਲੇ ਦਿਨ ਵੀ ਉਸ ਨੇ ਇਸੇ
ਦੁਚਿਤੀ ਵਿੱਚ ਕੋਈ ਗੱਲ ਨਾ ਕਹੀ।
ਰਾਤ ਦੀ ਰੋਟੀ ਖਾਣ ਪਿੱਛੋਂ ਦਿਲ ਕਰੜਾ ਕਰਕੇ ਮੇਵਾ ਸਿਉਂ ਨੇ ਗੱਲ ਤੋਰੀ" ਬਲਬੀਰ ਸਿੰਆਂ
ਹੁਣ ਪੈਨਸ਼ਨ ਕਿੰਨੀ ਕੁ ਮਿਲ ਜਾਂਦੀ ਹੈ"।
ਬਲਬੀਰ ਸਿੰਘ ਨੇ ਕਿਹਾ ਕਿ" ਹੁਣ ਪੰਜ ਕੁ ਸੌ ਰੁਪਏ ਮਹੀਨੇ ਦੀ ਮਿਲ ਜਾਂਦੀ ਹੈ"।
"ਕੀ ਜੇ ਹੁਣ ਅਪਲਾਈ ਕਰੀਏ ਤਾਂ ਮਿਲ ਜਾਏਗੀ"? ਮੇਵਾ ਸਿਉਂ ਨੇ ਬਲਬੀਰ ਸਿੰਘ ਨੂੰ ਪੁਛਿਆ।
" ਹਾਂ ਕਿਉਂ ਨਹੀਂ ਆਪਾਂ ਆਪਣਾ ਹੱਕ ਲੈਣਾ ਹੈ। ਪਰ ਹੁਣ ਕਿਉਂ ਖਿਆਲ ਆਇਆ। ਕੀ ਮੁਸੀਬਤ ਬਣ
ਗਈ। ਉਸ ਸਮੇਂ ਤੈਨੂੰ ਕਿਹਾ ਸੀ ਤੂੰ ਨਾਂਹ ਕਰ ਦਿਤੱੀ ਸੀ" ਬਲਬੀਰ ਸਿੰਘ ਨੇ ਕਿਹਾ।
ਹੁਣ ਜਿਵੈਂ ਮੇਵਾ ਸਿੰਘ ਦੇ ਅੰਦਰ ਦਾ ਦਰਦ ਲਾਵਾ ਬਣ ਕੇ ਫੁੱਟ ਪਿਆ। ਆਪਣੀ ਸਾਰੀ ਰਾਮ
ਕਹਾਣੀ ਭਰੇ ਮਨ ਨਾਲ ਦੱਸੀ। ਬਲਬੀਰ ਸਿੰਘ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ "ਤੁੰ
ਫਿਕਰ ਨਾ ਕਰ ਤੁੰ ਆਪਣੇ ਲੋੜੀਦੇ ਕਾਗਜ਼ ਪੱਤਰ ਇਕੱਠੇ ਕਰਕੇ ਲੈ ਆਈਂ। ਮੈਂ ਤੇਰੇ ਨਾਲ
ਚੱਲਾਂਗਾ ਤੇ ਅਪਲਾਈ ਕਰ ਆਵਾਂਗੇ।"
" ਆਹ ਕਾਗਜ਼ ਪੱਤਰ ਤਾਂ ਮੈਂ ਨਾਲ ਲੈ ਕੇ ਆਇਆ ਹਾਂ"। ਮੇਵਾ ਸਿਉੰ ਨੇ ਕਿਹਾ
"ਲੈ ਫਿਰ ਤਾਂ ਗੱਲ ਬਣਗੀ ਕੱਲ ਨੂੰ ਹੀ ਅਪਲਾਈ ਕਰ ਦਿੰਦੇ ਹਾਂ। ਮਗਰਲਾ ਬਕਾਇਆ ਵੀ ਮਿਲ
ਜਾਊਗਾ",ਬਲਬੀਰ ਨੇ ਹੌਸਲਾ ਦਿੱਤਾ।
ਤਿੰਨ ਚਾਰ ਦਿਨ ਮੇਵਾ ਸਿਉਂ ਬਲਬੀਰ ਕੋਲ ਰਹਿ ਕੇ ਪੈਨਸ਼ਨ ਲਈ ਅਪਲਾਈ ਕਰਕੇ ਵਾਪਸ ਆਪਣੇ
ਪਿੰਡ ਵਾਂਦਰ ਜਟਾਣਾ ਚਲਾ ਗਿਆ। ਇਸ ਸਮੇਂ ਪੁੱਤਰਾਂ ਨੇ ਬਾਪ ਦਾ ਕੋਈ ਫਿਕਰ ਨਾ ਕੀਤਾ ਕਿ
ਕਿੱਥੇ ਚਲਾ ਗਿਆ।
ਜਦ ਉਹ ਘਰ ਆਇਆ ਤਾਂ ਆਪਣੇ ਕਮਰੇ ਵੱਲ ਚਲਾ ਗਿਆ ਦੇਖਿਆ ਕਿ ਕਮਰੇ ਵਿੱਚ ਨਾ ਮੰਜਾ ਬਿਸਤਰਾ
ਨਾ ਦਵਾਈ ਦੱਪਾ ਨਾ ਕੱਪੜਾ ਲੱਤਾ। ਉਸ ਨੇ ਅਵਾਜ਼ ਮਾਰ ਕੇ ਪੁਛਿਆ" ਪੁੱਤ ਬਲਦੇਵ ਮੇਰਾ ਮੰਜਾ
ਬਿਸਤਰਾ ਕਿੱਥੇ ਗਿਆ"।
ਚੌਂਕੇ 'ਚ ਬੈਠੇ ਬਲਦੇਵ ਨੇ ਅਵਾਜ਼ ਦਿੱਤੀ" ਬਾਪੂ ਜੀ ਮੈਂ ਆਉਣੈ! ਦੱਸਦਾ ਹਾਂ ਤੁਹਾਨੂੰ।
ਅਸੀਂ ਸੋਚਿਆ ਕਿ ਤੁਹਾਨੂੰ ਰਾਤ ਨੂੰ ਦੋ ਤਿੰਨ ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਹੈ ਅਤੇ
ਨਾਲੇ ਬਾਰ ਬਾਰ ਖੰਘ ਆਉਂਦੀਂ ਹੈ। ਇਧਰ ਉਧਰ ਪਿਸ਼ਾਬ ਕਰਨਾ ਤੇ ਥੁਕਣਾ ਚੰਗਾ ਨਹੀਂ ਲੱਗਦਾ।
ਰਾਤ ਨੂੰ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ। ਇਸ ਲਈ ਤੁਹਾਡਾ ਮੰਜਾ ਬਿਸਤਰਾ ਆਪਣੀ ਜਿਹੜੀ ਘਰ
ਤੋਂ ਬਾਹਰ ਮੌਟਰ ਹੈ ਉਸ ਵਿੱਚ ਲਾ ਦਿੱਤਾ ਹੈ। ਉਥੇ ਹੀ ਤੁਹਾਡਾ ਰੋਟੀ ਪਾਣੀ ਮਿਲ ਜਾਇਆ
ਕਰੇਗਾ। ਉਥੇ ਅਜ਼ਾਦੀ ਨਾਲ ਰਿਹਾ ਕਰੋ।"
ਇੱਕ ਵਾਰੀ ਤਾਂ ਮੇਵਾ ਸਿਹੁੰ ਦਾ ਦਿਮਾਗ ਚਕਰਾ ਗਿਆ ਤੇ ਦਿਲ ਵਿੱਚ ਆਇਆ ਕਿ ਪਹਿਲਾਂ ਗੋਰਿਆਂ
ਨੂੰ ਕੱਢਣ ਲਈ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜਦੇ ਰਹੇ। ਹੁਣ ਘਰ ਤੋਂ ਬਰਤਰਫੀ ਨੂੰ ਅਜ਼ਾਦੀ
ਦੇ ਅਰਥ ਸੁਨਣੇ ਪੈ ਗਏ। ਫਿਰ ਕਸੀਸ ਵੱਟ ਕੇ ਕਿਹਾ "ਚੱਲੋ ਅੱਛਾਂ! ਤੁਹਾਡੀ ਮਰਜ਼ੀ ਸੱਭ
ਕੁੱਝ ਲੁਟਾ ਕੇ ਇਹ ਦਿਨ ਵੀ ਦੇਖਣੇ ਪੈਣੇ ਸਨ"। ਆਪਣੀ ਪੋਟਲੀ ਲੈ ਕੇ ਮੇਵਾ ਸਿਹੁੰ ਮੋਟਰ
ਵਾਲੀ ਕੋਠੜੀ ਵੱਲ ਨੂੰ ਨਿਮੋਝੂਣਾ ਹੋ ਕੇ ਚੱਲ ਪਿਆ। ਬਾਕੀਆਂ ਪੁੱਤਾਂ ਵਿੱਚੋਂ ਵੀ ਨੂੰਹਾਂ
ਦੇ ਕਲੇਸ਼ ਦੇ ਡਰੋਂ ਬਾਪੂ ਨੂੰ ਘਰ ਆਉਣ ਲਈ ਨਾ ਕਿਹਾ।
ਦਿਨ ਬੀਤਦੇ ਗਏ ਇੱਕ ਦਿਨ ਡਾਕੀਆਂ ਰਜਿਸਟਰੀ ਲੈ ਆਇਆ। ਰਜਿਸਟਰੀ ਮੇਵਾ ਸਿੰਘ ਦੇ ਨਾਮ ਸੀ।
ਘਰੋਂ ਮੇਵਾ ਸਿਹੁੰ ਬਾਰੇ ਪੁਛਿਆ। ਬਲਦੇਵ ਦੇ ਘਰ ਵਾਲੀ ਕਹਿੰਦੀ "ਬਾਪੂ ਜੀ ਔਹ ਮੋਟਰ ਤੇ
ਹਨ। ਕੀ ਕੋਈ ਕੰਮ ਹੈ"।
"ਹਾਂ ਬੀਬੀ ਉਨ੍ਹਾਂ ਦੀ ਰਜਿਸਟਰੀ ਆਈ ਹੈ"ਡਾਕੀਏ ਨੇ ਉਤਰ ਦਿੱਤਾ
"ਲਿਆਉ ਮੈਂਨੂੰ ਦੇ ਦਿਉ ਮੈਂ ਉਨ੍ਹਾ ਨੂੰ ਫੜਾ ਦੇਵਾਂਗੀ। ਬਲਦੇਵ ਦੀ ਘਰ ਵਾਲੀ ਧੀਰੋ ਨੇ
ਕਿਹਾ
"ਨਹੀਂ ਬੀਬੀ ਰਜਿਸਟਰੀ ਸਰਕਾਰੀ ਹੈ ਉਨ੍ਹਾਂ ਨੂੰ ਦੇਣੀ ਜ਼ਰੂਰੀ ਹੈ" ਡਾਕੀਏ ਨੇ ਕਿਹਾ
ਡਾਕੀਆ ਰਜਿਸਟਰੀ ਮੇਵਾ ਸਿਉੰ ਨੂੰ ਦੇਣ ਚਲਾ ਗਿਆ। ਧੀਰੋ ਦੇ ਦਿਲ ਵਿੱਚ ਸੌ ਆਉਣ ਸੌ ਜਾਣ।
ਬਲਦੇਵ ਘਰ ਆਇਆ ਤਾਂ ਧੀਰੋ ਨੇ ਫਟਾ ਫਟ ਰਜਿਸਟਰੀ ਵਾਲੀ ਗੱਲ ਬਲਦੇਵ ਨੂੰ ਦੱਸ ਦਿੱਤੀ।
ਬਲਦੇਵ ਚਾਹ ਪਾਣੀ ਪੀਤੇ ਬਿਨਾਂ ਬਾਪੂ ਵੱਲ ਚੱਲ ਪਿਆ। ਪਰ ਮੇਵਾ ਸਿਹੁੰ ਨੇ ਰਜਿਸਟਰੀ ਖੋਲ੍ਹ
ਕੇ ਪੜ੍ਹੀ। ਉਸ ਵਿੱਚ ਪੈਨਸ਼ਨ ਦੀ ਮਨਜੂਰੀ ਮਿਲ ਗਈ ਸੀ। ਉਸ ਨੂੰ ਜਿਵੇਂ ਯਕੀਨ ਨਹੀਂ ਆ
ਰਿਹਾ ਸੀ। ਰਜਿਸਟਰੀ ਚੰਗੀ ਤਰਾਂ ਪੜ੍ਹਾਂਉਣ ਲਈ ਆਪਣੇ ਯਕੀਨ ਨੂੰ ਪੱਕਾ ਕਰਨ ਵਾਸਤੇ ਦਰਬਾਰਾ
ਸਿੰਘ ਵੱਲ ਚਲਾ ਗਿਆ ਸੀ। ਦਰਬਾਰਾ ਸਿੰਘ ਨੇ ਪੜ੍ਹ ਕੇ ਦੱਸਿਆ ਮੇਵਾ ਸਿਆਂ ਤੇਰੀ ਪੈਨਸ਼ਨ
ਲੱਗ ਗਈ ਹੈ। ਇਸ ਦੇ ਨਾਲ ਤੇਰਾ ਪਿਛਲਾ ਬਕਾਇਆ ਵੀ ਮਿਲੇਗਾ।" ਇਧਰ ਉਧਰ ਦੀਆਂ ਹੋਰ ਗੱਲਾਂ
ਮਾਰ ਕੇ ਮੇਵਾ ਸਿਉਂਆਪਣੀ ਕੋਠੜੀ ਵੱਲ ਆ ਗਿਆ।
ਅੱਗੇ ਤਾ ਕਈ ਵਾਰ ਬੱਚਿਆਂ ਹੱਥ ਰੋਟੀ ਆ ਜਾਂਦੀ ਸੀ ਪਰ ਅੱਜ ਬਲਦਵੇ ਆਪ ਰੋਟੀ ਲੈ ਕੇ ਆਇਆ।
ਰੋਟੀ ਰੱਖ ਕੇ ਬਾਪੂ ਦੀ ਮੰਜੀ ਤੇ ਬੈਠ ਗਿਆ" ਬਾਪੂ ਜੀ ਸਿਹਤ ਤਾਂ ਠੀਕ ਰਹਿੰਦੀ ਹੈ ਨਾ ਕੰਮ
ਵਿੱਚ ਵੇਹਲ ਹੀ ਨਹੀਂ ਮਿਲਦੀ ਕਿ ਦਸ ਮਿੰਟ ਆ ਕੇ ਤੇਰੇ ਕੋਲ ਬੈਠਾਂ। ਹਾ ਸੱਚ ਬਾਪੂ ਜੀ!
ਅੱਜ ਰਜਿਸਟਰੀ ਕਿਸ ਤਰ੍ਹਾਂ ਆਈ ਹੈ"।
ਮੇਵਾ ਸਿਹੁੰ ਨੇ ਗੱਲ ਟਾਲ ਦਿੱਤੀ" ਐਵੇਂ ਸਹੁਰੇ ਅਜ਼ਾਦੀ ਘੁਲਾਟੀਆਂ ਦੀ ਸੰਸਥਾ ਦੁੱਖ
ਤਕਲੀਫ ਪੁੱਛ ਲੈਂਦੀ ਹੈ। ਤੁਸੀਂ ਦੱਸੋ ਮੈਨੂੰ ਇੱਥੇ ਘੱਲ ਕੇ ਸੁਖ ਦੀ ਨੀਦ ਸੌਂਦੇ
ਹੋਵੋਗੇ"। ਇਸ ਗੱਲ ਨੇ ਬਲਦੇਵ ਨੂੰ ਦੁੱਖ ਪਹੁੰਚਾਇਆ। ਪਰ ਬਾਪੂ ਜੀ ਮੇਰਾ ਇਕੱਲੇ ਦਾ ਫੈਸਲਾ
ਨਹੀਂ ਸੀ ਸਾਰੇ ਬਰਾਵਾਂ ਨੇ ਫੈਸਲਾ ਕੀਤਾ"। ਉਸ ਨੇ ਗੇਂਦ ਦੂਜਿਆਂ ਦੇ ਪਾਲੇ 'ਚ ਸੁੱਟ
ਦਿੱਤੀ ਅਤੇ ਚੁੱਪ ਕਰਕੇ ਉਥੋਂ ਚਲਾ ਗਿਆ।
ਅਗਲੇ ਦਿਨ ਪਿੰਡ ਵਿੱਚ ਗੱਲ ਫੈਲ ਗਈ ਕਿ ਮੇਵਾ ਸਿਹੁੰ ਦੀ ਅਜ਼ਾਦੀ ਘੁਲਾਟੀਏ ਵਜੋਂ ਪੈਨਸ਼ਨ
ਲੱਗ ਗਈ ਏ ਨਾਲੇ ਬਕਾਇਆ ਵੀ ਮਿਲੇਗਾ। ਇਸ ਗੱਲ ਦਾ ਮੇਵਾ ਸਿਹੁੰ ਦੇ ਪੁੱਤਰਾਂ ਨੂੰ ਵੀ ਪਤਾ
ਲੱਗ ਗਿਆ। ਦੋ ਤਿੰਨ ਦਿਨਾਂ ਬਾਅਦ ਚਾਰੇ ਰਲ ਕੇ ਬਾਪੂ ਕੋਲ ਮੋਟਰ ਤੇ ਗਏ। ਮੇਵਾ ਸਿਹੁੰ ਵੀ
ਤਾੜ ਗਿਆ। ਵਾਰੀ ਵਾਰੀ ਸਾਰੇ ਜ਼ੋਰ ਦੇਣ ਲੱਗੇ "ਬਾਪੂ ਜੀ ਜੇ ਤੁਹਾਨੂੰ ਇੱਥੇ ਕੁਝ ਹੋ ਗਿਆ
ਤਾਂ ਸਾਡੀ ਬਦਨਾਮੀ ਹੋਵੇਗੀ। ਅਸੀਂ ਫੈਸਲਾ ਕੀਤਾ ਹੈ ਕਿ ਤੁਸੀਂ ਘਰ ਚੱਲੋ। ਅਸੀਂ ਤੁਹਾਨੂੰ
ਇੱਥੇ ਨਹੀਂ ਰਹਿਣ ਦੇਣਾ। ਇੰਨੇ ਜੀਆਂ ਦੇ ਹੁੰਦਿਆਂ ਤੁਸੀਂ ਇਥੇ ਇਕੱਲੇ ਪਏ ਰਹਿੰਦੇ ਹੋ।"
ਮੇਵਾ ਸਿਹੂੰ ਨੇ ਭਾਵਕ ਹੋ ਕੇ ਕਿਹਾ"ਪੁੱਤ ਹੁਣ ਫੈਸਲੇ ਦੀ ਲੋੜ ਨਹੀਂ ਫਾਸਲੇ ਬਹੁਤ ਵਧ ਗਏ
ਹਨ। ਉਦੋਂ ਤੁਹਾਡਾ ਫੈਸਲਾ ਸੀ ਕਿ ਮੈਂ ਇੱਥੇ ਰਹਾਂ। ਹੁਣ ਮੇਰਾ ਫੈਸਲਾ ਸੁਣੋ ਕਿ ਮੈਂ
ਮਰਾਂਗਾ ਤਾ ਇੱਥੇ ਹੀ ਮਰਾਂਗਾ। ਤੁਸੀਂ ਸੁਖ ਦੀ ਨੀਦ ਸੌਵੋ"। ਇਹ ਕਹਿੰਦਿਆਂ ਮੇਵਾ ਸਿਹੁੰ
ਦੀਆਂ ਅੱਖਾ ਵਿੱਚ ਪਾਣੀ ਸਿੰਮ ਆਇਆ ਉਸ ਨੇ ਪਰਨੇ ਦੇ ਵਿੱਚ ਮੂੰਹ ਲੈ ਕੇ ਦੂਜੇ ਪਾਸੇ ਭਵਾ
ਲਿਆ।
-0- |
|