ਪਿਅਾਰੇ ਡਾ. ਵਰਿਆਮ ਸਿੰਘ
ਸੰਧੂ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਪ੍ਰਵਾਨ ਹੋਵੇ ਜੀ।
ਹਰੇਕ ਵਾਰ ਮੈਂ ‘ਸੀਰਤ‘ ਵਿਚੋਂ ਸਭ ਤੋਂ ਪਹਿਲਾਂ ਤੁਹਾਡੀ ਲਿਖਤ ਪੜ੍ਹ ਕੇ ਹੀ ਬਾਕੀ ਸਾਰੇ
ਲੇਖ ਵਾਰੀ ਵਾਰੀ ਪੜ੍ਹਿਆ ਕਰਦਾ ਸਾਂ ਪਰ ਇਸ ਵਾਰੀਂ ਸਭ ਤੋਂ ਪਹਿਲਾਂ ਲੇਖ ਰਾਣਾ ਜੀ ਦਾ ਹੀ
ਪੜ੍ਹਿਆ; ਪਤਾ ਨਹੀਂ ਕਿਉਂ? ਸ਼ਾਇਦ ਉਸ ਦਾ ਸਿਰਲੇਖ ‘ਮੇਰਾ ਪਿੰਡ ਅਤੇ ਮੇਰੀ ਮਾਂ‘ ਵੇਖ ਕੇ
ਇਹ ਵਿਚਾਰ ਬਣਿਆ ਹੋਵੇ!
ਇਹ ਗੱਲ ਵੱਖਰੀ ਹੈ ਕਿ ਪਰਚਾ ਏਨਾ ਛੋਟਾ ਹੁੰਦਾ ਹੈ ਕਿ ਉਹ ਬਹੁਤ ਛੇਤੀ ਮੁੱਕ ਜਾਂਦਾ ਹੈ ਤੇ
ਫਿਰ ਅਗਲੇ ਮਹੀਨੇ ਵਾਲ਼ੇ ਪਰਚੇ ਦੀ ਉਡੀਕ ਕਰਨੀ ਪੈਂਦੀ ਹੈ
ਫਿਰ ਤੁਹਾਡਾ, ਪ੍ਰਿੰਸੀਪਲ ਸਰਵਣ ਸਿੰਘ ਬਾਰੇ ਲੇਖ ਪੜ੍ਹਿਆ। ਕਮਾਲ ਹੀ ਕਰ ਦਿਤੀ ਆ ਤੁਸਾਂ
ਤਾਂ। ਮੇਰੀ ਪੀਹੜੀ ਦੇ, ਮੇਰੇ ਦੋ ਪਸੰਦੀਦਾ ਲੇਖਕ, ਜਿਨ੍ਹਾਂ ਦੀਆਂ ਲਿਖਤਾਂ ਨੂੰ ਮੈਂ ਬੜੇ
ਚਾ ਨਾਲ਼ ਪੜ੍ਹਦਾ ਹਾਂ; ਉਹਨਾਂ ਵਿਚੋਂ ਇਕ ਨੇ ਦੂਜੇ ਬਾਰੇ ਲਿਖਿਆ; ਵਾਹ ਵਾਹ! ਕਿਆ ਬਾਤਾਂ
ਨੇ!!
ਵੈਸੇ ਤੁਹਾਡੀਆਂ ਕਹਾਣੀਆਂ ਤਾਂ ਅਕਸਰ ਹੀ ਮੇਰੀਆਂ ਅੱਖਾਂ ਗਿੱਲੀਆਂ ਕਰ ਦਿੰਦੀਆਂ ਨੇ।
ਇਹ ਗੱਲ ਹੈਰਾਨੀ ਵਾਲੀ ਭਾਵੇਂ ਹੋਵੇ ਪਰ ਮਹਤਵਪੂਰਨ ਸ਼ਾਇਦ ਨਹੀਂ ਆਖੀ ਜਾ ਸਕਦੀ ਕਿ ਏਥੇ
ਸਿਡਨੀ ਦੇ ਇਕ ਅਖ਼ਬਾਰ ਦੇ ਐਡੀਟਰ ਨੇ, ਮੇਰੀ ਲਿਖਤ ਬਾਰੇ, ਕੁਝ ਸਾਲ ਪਹਿਲਾਂ ਇਉਂ ਲਿਖਿਆ
ਸੀ, “ਸੰਤੋਖ ਸਿੰਘ ਦੀਆਂ ਲਿਖਤਾਂ ਨਾ ਤਾਂ ਪੂਰੀ ਤਰ੍ਹਾਂ ਹਰਨਾਮ ਸਿੰਘ ਸ਼ਾਨ ਨਾਲ਼ ਮੇਲ
ਖਾਂਦੀਆਂ ਹਨ ਤੇ ਨਾ ਹੀ ਪੂਰੇ ਤੌਰ ਤੇ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਨਾਲ਼; ਸੰਤੋਖ
ਸਿੰਘ ਦੀਆਂ ਲਿਖਤਾਂ ਨੂੰ ਇਹਨਾਂ ਦੋਹਾਂ ਦਾ ਸੁਮੇਲ ਕਿਹਾ ਜਾ ਸਕਦਾ ਹੈ।“
ਇਹ ਪੜ੍ਹ ਕੇ ਮੈਂ ਫੁੱਲ ਕੇ ਕੁੱਪਾ ਹੋ ਗਿਆ। ਹੈਂ, ਏਡੇ ਵੱਡੇ ਸਾਹਿਤਕ ਮਹਾਂਰਥੀਆਂ ਨਾਲ਼
ਮੈਨੂੰ ਤੋਲਿਆ ਜਾ ਰਿਹਾ ਹੈ! “ਕਿਥੇ ਰਾਮ ਤੇ ਕਿਥੇ ਟੈਂ ਟੈ?”
ਇਸ ਵਾਰੀਂ ਸ. ਇਕਬਾਲ ਸਿੰਘ ਗਿੱਲ ਦੇ ਲੇਖ ਵਿਚ, ਜੋ ਉਹਨਾਂ ਦੇ ਖ਼ਿਲਾਫ਼ ਹੋਈਆਂ ਸ਼ਕਾਇਤਾਂ ਦਾ
ਜ਼ਿਕਰ ਕੀਤਾ ਗਿਆ ਹੈ, ਪੜ੍ਹ ਕੇ ਬਹੁਤ ਦੁੱਖ ਹੋਇਆ। ਕੋਈ ਆਪਣਿਆਂ ਨਾਲ਼ ਇਸ ਤਰ੍ਹਾਂ ਵੀ ਕਰ
ਸਕਦਾ ਹੈ? ਵੈਸੇ ਯੋਗ ਜਾਣੋ ਤਾਂ ਦੂਸਰਾ ਪੱਖ ਵੀ ਪੇਸ਼ ਕਰ ਦੇਣਾ ਚਾਹੀਦਾ ਹੈ, ਜੇਕਰ ਕੋਈ
ਹੋਵੇ ਤਾਂ। ਵੈਸੇ ਤਾਂ, “ਧਰਤੀ ਹੋਰ ਪਰੈ ਹੋਰ ਹੋਰ॥” “ਸਿਤਾਰੋਂ ਸੇ ਆਗੇ ਜਹਾਂ ਔਰ ਭੀ
ਹੈਂ।“ ਮਨੁਖਤਾ ਦਾ ਇਤਿਹਾਸ ਫਰੋਲੀਏ ਤਾਂ ਬੜਾ ਕੁਝ ਇਸ ਤੋਂ ਵੀ ਭਿਆਨਕ ਦਿਸ ਪੈਂਦਾ ਹੈ।
ਵਾਹਿਗੁਰੂ ਮੇਹਰ ਕਰੇ!
ਜੇ ਹੋ ਸਕੇ ਤਾਂ ‘ਹੁੰਗਾਰਾ‘ ਭਰਨ ਵਾਲ਼ਿਆਂ ਨੂੰ ਉਤਸ਼ਾਹਤ ਕਰੋ। ਉਹ ਸੁੱਤੇ ਪਏ ਨੇ। ਹੁੰਗਾਰੇ
ਤੋਂ ਬਿਨਾ ਬਾਤ ਸੁਣਾਉਣ ਦਾ ਓਨਾ ਸਵਾਦ ਨਹੀਂ ਆਉਂਦਾ ਜਿੰਨਾ ਆਉਣਾ ਚਾਹੀਦਾ ਹੈ।
ਤੁਸੀਂ ਚੁਣ ਚੁਣ ਕੇ ਸਾਹਿਤਕ ਮੋਤੀਆਂ ਨੂੰ ‘ਸੀਰਤ‘ ਨਾਂ ਦੀ ਮਾਲਾ ਵਿਚ ਪਰੋ ਕੇ, ਪਾਠਕਾਂ
ਦੀ ਸੋਚ ਦਾ ਜੋ ਸ਼ਿੰਗਾਰ ਬਣਾਉਂਦੇ ਹੋ, ਇਸ ਦੀ ਤਾਰੀਫ਼ ਲਈ ਮੇਰੇ ਕੋਲ਼ ਸ਼ਬਦ ਨਹੀਂ ਹਨ। ਥੋਹੜੇ
ਆਖੇ ਨੂੰ ਬਹੁਤਾ ਕਰਕੇ ਜਾਨਣਾ ਜੀ। ਹੈਰਾਨੀ ਦੀ ਗੱਲ ਹੋਰ ਵੀ ਹੈ ਕਿ ਅਜਿਹੇ ਮਹਾਨ
ਸਾਹਿਤਕਾਰਾਂ ਦੀਆਂ ਲਿਖਤਾਂ ਦੀ ਕਤਾਰ ਵਿਚ ਮੇਰੀਆਂ ‘ਝੱਲਵਲੱਲੀਆਂ‘ ਨੂੰ ਵੀ ਸ਼ਾਮਲ ਕਰ
ਦਿੰਦੇ ਹੋ। ਪਿਛਲੇਰੇ ਪਰਚੇ ਵਿਚ ਮੇਰੀ ਇਸ ਵਾਰੀ ਦੀ ਪੰਜਾਬ ਯਾਤਰਾ ਵਾਲ਼ਾ, ਸਵੈ-ਸ਼ਲਾਘਾ
ਭਰਪੂਰ, ਲੰਬੂਤਰਾ ਜਿਹਾ ਲੇਖ ਭੇਜਣ ਸਮੇ, ਮੈਨੂੰ ਆਸ ਨਹੀਂ ਸੀ ਕਿ ਏਡੇ ਵੱਡੇ ਲੇਖ ਨੂੰ
ਤੁਸੀਂ ‘ਸੀਰਤ‘ ਵਿਚ ਛਾਪੋਗੇ ਪਰ ਤੁਸੀਂ ਛਾਪ ਦਿਤਾ ਜਿਸ ਨੂੰ ਵੇਖ ਕੇ ਮੇਰਾ ਦਿਲ ਬਾਗੋ ਬਾਗ
ਹੋ ਗਿਆ। ਸ਼ੁਕਰੀਆ ਜੀ, ਸ਼ੁਕਰੀਆ।
ਅਕਸਰ ਹੀ ਤੁਸੀਂ ਕਦੀ ਕਦਾਈਂ ਸਵਰਗੀ ਗਿਆਨੀ ਸੋਹਣ ਸਿੰਘ ਸੀਤਲ ਜੀ ਹੋਰਾਂ ਬਾਰੇ ਚੰਗੀਆਂ
ਗੱਲਾਂ ਛਾਪਦੇ ਰਹਿੰਦੇ ਹੋ। ਮੈਂ ਵੀ ਉਹਨਾਂ ਦਾ ਬੜਾ ਪ੍ਰਸੰਸਕ ਹਾਂ। ਕਦੀ ਕਦੀ ਇਹ ਸੋਚ
ਆਉਣੀ ਕਿ ਵਰਿਆਮ ਸਿੰਘ ਜੀ ਤਾਂ ਖੱਬੇ ਪੱਖੀ ਵਿਚਾਰਾਂ ਦੇ ਹਨ ਤੇ ਗਿਆਨੀ ਸੀਤਲ ਜੀ ਸਾਰੀ
ਉਮਰ ਧਾਰਮਿਕ ਖੇਤਰ ਵਿਚ ਹੀ ਵਿਚਰਦੇ ਰਹੇ ਪਰ ਸੰਧੂ ਸਾਹਿਬ ਉਹਨਾਂ ਦੇ ਏਨੇ ਪ੍ਰਸੰਸਕ ਕਿਉਂ
ਹਨ! ਫਿਰ ਯਾਦ ਆਇਆ ਜਾਂ ਕਿਸੇ ਨੇ ਦੱਸਿਆ ਕਿ ਤੁਸੀਂ ਡਾਕਟ੍ਰੇਟ ਗਿਆਨੀ ਜੀ ਦੀਆਂ ਲਿਖਤਾਂ
ਬਾਰੇ ਹੀ ਕੀਤੀ ਹੋਈ ਹੈ ਸ਼ਾਇਦ; ਇਸ ਲਈ ਉਹਨਾਂ ਬਾਰੇ ਬਹੁਤ ਜਾਣਕਾਰੀ ਰੱਖਦੇ ਹੋ ਤੇ ਫਿਰ
ਉਹਨਾਂ ਦੇ ਜੀਵਨ ਵਿਚਲੀਆਂ ਚੰਗੀਆਂ ਗੱਲਾਂ ਪਾਠਕਾਂ ਨਾਲ਼, ਸਮੇ ਸਮੇ ਸਾਂਝੀਆਂ ਕਰਦੇ ਰਹਿੰਦੇ
ਹੋ; ਇਹ ਸੋਚ ਪ੍ਰਸੰਸਾ ਦੇ ਯੋਗ ਹੈ। ਵਿਚਾਰਧਾਰਕ ਵਖਰੇਵਾਂ ਹੋਣ ਦੇ ਬਾਵਜੂਦ ਵੀ ਕਿਸੇ ਦੀਆਂ
ਚੰਗਿਆਈਆਂ ਨੂੰ ਲੋਕਾਂ ਸਾਹਮਣੇ ਲਿਆਉਣਾ, ਵੱਡੇ ਦਿਲ ਦੀ ਨਿਸ਼ਾਨੀ ਹੈ।
-0-
|