ਅੱਜ ਕੱਲ੍ਹ ਸੈਲਫੀ ਦਾ ਕਾਫੀ ਚਰਚਾ ਸੁਣਾਈ ਦਿੰਦੀ ਹੈ, ਜਿਧਰ ਵੇਖੋ ਸੈਲਫੀ
ਹੀ ਸੈਲਫੀ ਪ੍ਰਧਾਨ ਹੈ। ਗੁਰਦੁਆਰਾ, ਮੰਦਰ, ਮਸਜਿਦ, ਮੜੀ-ਮਕਾਨ,
ਹੱਟੀ-ਭੱਠੀ, ਗਲੀ-ਮੁਹੱਲਾ, ਘਰ-ਦੁਕਾਨ, ਸਕੂਲ, ਕਾਲਜ, ਜਸ਼ਨ, ਇੱਕਲਾ, ਕੀ
ਮੰਤਰੀ, ਸੰਤਰੀ, ਹਰ ਆਮ-ਖਾਸ ਥਾਂ ਤੇ ਇਸ ਦੀ ਸਰਦਾਰੀ ਕਾਇਮ ਹੈ।
ਅਸਲ ਵਿੱਚ ਸੈਲਫੀ ਕੀ ਹੈ? ਕਿਸ ਕੰਮ ਆਉਂਦੀ ਹੈ? ਕਿਉਂ ਲੋੜ ਪੈਂਦੀ ਹੈ?
ਕਈ ਸਵਾਲ ਪੈਦਾ ਕਰਦੀ ਹੈ ਇਹ ਸੈਲਫੀ। ਸੈਲਫੀ ਦਾ ਅਰਥ ਹੈ, ਖੁਦ ਦੀ ਫੋਟੋ,
ਤਸਵੀਰ ਲੈਣੀ, ਖੁਦ ਨੂੰ ਕੈਮਰੇ ਰਾਹੀਂ ਦਰਿਸ਼ਮਾਨ ਕਰਨਾ। ਸੈਲਫੀ ਰਾਹੀਂ
ਇਨਸਾਨ ਖੁਦ ਨੂੰ ਚਿਤਰਿਤ ਕਰਕੇ ਬਹੁਤ ਖੁਸ਼ ਹੁੰਦਾ ਹੈ। ਅਸਲ ਵਿੱਚ ਸੈਲਫੀ
ਰਾਹੀ ਸਾਨੂੰ ਆਪਣੇ ਖੁਦ ਦੇ ਦਰਸ਼ ਦਿਦਾਰੇ ਹੁੰਦੇ ਹਨ, ਕਿ ਅਸੀਂ ਕਿੰਨਾ
ਕੁ ਸੋਹਣੇ ਤੇ ਦਿਲਖੁਸ਼ ਦਿਸਦੇ ਹਾਂ, ਸਾਡਾ ਮੂੰਹ ਮੁਹਾਂਦਰਾ ਤੇ ਚਿਹਰਾ
ਮੂਹਰਾ ਪ੍ਰਭਾਵਸਾਲੀ ਹੈ ਜਾਂ ਨਹੀ, ਕੀ ਸਾਡੇ ਚੇਹਰੇ ਦੀ ਟਿੱਕੀ ਕਿਸੇ ਨੂੰ
ਸੋਹਣੀ ਲੱਗ ਸਕਦੀ ਹੈ ਜਾਂ ਨਹੀਂ। ਨਾਲੇ ਦੂਜੇ ਦੀ ਥਾਲੀ ਵਿਚ ਰੱਖਿਆ ਲੱਡੂ
ਸਭ ਨੂੰ ਲਜੀਜ ਤੇ ਸੋਹਣਾ ਲੱਗਦਾ ਹੈ, ਚਾਹੇ ਬੇਹਾ ਕਿਉਂ ਨਾ ਹੋਵੇ ਅਤੇ
ਫੇਰ ਚੇਹਰੇ ਦੇ ਬੇਹੇਪਣ ਨੂੰ ਮੋਡੀਫਿਕੇਸ਼ਨਾਂ ਦਾ ਤੜਕਾ ਵੀ ਲਗਾ ਲਿਆ
ਜਾਂਦਾ ਹੈ। ਹਰੇਕ ਬੰਦੇ ਨੂੰ ਆਪਣਾ ਚੇਹਰਾ ਸੋਹਣਾ ਨਹੀ ਲੱਗਦਾ, ਤੇ ਉਹ
ਆਪਣੇ ਦਿਲ ਤੇ ਦਿਮਾਗ ਨੂੰ ਵਾਰ ਵਾਰ ਸੈਲਫੀ ਰਾਹੀਂ ਮੰਨਾਉਣ ਤੇ ਸਮਝਾਵਣ
ਦੀ ਕੋਸਿਸ਼ ਤਹਿਤ ਸੈਲਫੀ ਦਾ ਸਹਾਰਾ ਲੈਂਦਾ ਹੈ। ਤੁਸੀਂ ਅਕਸਰ ਦੇਖਿਆ
ਹੋਵੇਗਾ ਕਿ ਸੈਲਫੀ ਵਾਲਾ ਇਨਸਾਨ ਜਿਸ ਨੂੰ ਵਾਰ ਵਾਰ ਆਪਣੀ ਤਸਵੀਰ ਲੈਣ ਦਾ
ਚਸਕਾ ਹੋਵੇਗਾ, ਉਹ ਇਕ ਵਾਰ ਨਹੀ ਵਾਰ ਵਾਰ ਆਪਣੀ ਤਸਵੀਰ ਲਵੇਗਾ, ਤਾਂ ਕਿ
ਮੈਂ ਕਿਸੇ ਐਂਗਲ ਤੋਂ ਤਾਂ ਸੋਹਣਾ ਲੱਗ ਸਕਾਂ, ਸਾਇਦ ਉਸ ਨੂੰ ਭੁਲੇਖਾ
ਹੋਵੇਗਾ ਕਿ ਉਹ ਸੋਹਣਾ ਨਹੀ ਹੈ, ਤੇ ਉਹ ਆਪਣਾ ਇਹੀ ਸ਼ੱਕ ਦੂਰ ਕਰਨ ਲਈ
ਵਾਰ ਵਾਰ ਸੈਲਫੀ ਲੈਂਦਾ ਹੈ ਤੇ ਸੋਚਦਾ ਹੈ ਕਿ ਸਾਇਦ ਦਸ ਬਾਰਾਂ ਸੈਲਫੀਆਂ
ਚੋ ਇੱਕ ਅੱਧੀ ਸਹੀ ਹੋਵੇਗੀ ਤੇ ਉਹ ਵਟਸ ਐਪ ਤੇ ਫੇਸ ਬੁੱਕ ਤੇ ਪਾ
ਦੇਵੇਗਾ। ਕਈ ਪਤੰਦਰ ਤਾਂ ਸਿਰ ਉਪਰੋ ਅਸ਼ਮਾਨ ਵੱਲ ਮੋਬਾਇਲ ਕਰ-ਕਰ ਕੇ ਤੇ
ਪਤਾ ਨਹੀ ਪੁੱਠੇ ਸਿੱਧੇ ਐਂਗਲਾਂ ਤੋਂ ਤਸਵੀਰਾਂ ਖਿੱਚ ਰਹੇ ਹੁੰਦੇ ਨੇ, ਕਈ
ਭਰਵੱਟੇ, ਕਈ ਮੁੱਛਾਂ ਨੂੰ ਤਾਅ ਦਿੰਦੇ, ਸੋਹਣੀ ਗੱਡੀ, ਮੋਟਰਸਾਇਕਲ ਨੂੰ
ਸੈਲਫੀ ਦਾ ਸਿਕਾਰ ਬਣਾਉਂਦੇ ਹਨ।
ਫੇਸਬੁੱਕ ਤੇ ਵਟਸ ਐਪ ਤੇ ਦੇਖਣਾ ਸੈਲਫੀਆਂ ਦੀ ਕੀ ਹਨੇਰੀ ਆਉਂਦੀ ਹੈ,
ਪਤੰਦਰ ਜਨਤਾ ਸੈਲਫੀ ਘੱਟ ਤੇ ਐਪਲ ਦੇ ਮਬਾਇਲ ਫੋਨ ਜਿਆਦਾ ਦਿਖਾ ਰਹੇ
ਹੁੰਦੇ ਨੇ, ਜਿਵੇਂ ਕਿ ਕਿਸੇ ਨੇ ਐਪਲ ਫੋਨ ਨਾ ਦੇਖਿਆ ਹੋਵੇ। ਇਕ ਪੰਥ ਦੋ
ਕਾਜ ਦੀ ਤਰਾਂ ਆਪਦੇ ਦਰਸ਼ ਦਿਦਾਰੇ ਤੇ ਮਹਿੰਗੇ ਮੋਬਾਇਲ ਜਾਂ ਗੱਡੀ ਦੀ
ਨੁਮਾਇਸ਼ ਆਦਿ। ਮੈਂ ਅਕਸਰ ਦੇਖਿਆ ਹੈ ਐਪਲ ਫੋਨ ਜਿਆਦਾ ਦਿਖ ਰਿਹਾ ਹੁੰਦਾ
ਹੈ ਤੇ ਸੈਲਫੀ ਵਾਲੇ ਵੀਰ ਦਾ ਚੇਹਰਾ ਘੱਟ ਦਿਖ ਰਿਹਾ ਹੁੰਦਾ ਹੈ, ਸਾਇਦ ਉਸ
ਨੂੰ ਇਸੇ ਵਿਚ ਯਕੀਨ ਤੇ ਖੁਸੀ ਹੋਵੇ ਕਿ ਸੈਲਫੀ ਚ ਮੈਂ ਨਾ ਸਹੀ ਐਪਲ
ਮੋਬਾਇਲ ਫੋਨ ਤਾਂ ਆ ਰਿਹਾ ਹੈ ਨਾ, ਦੇਸੀ ਕੰਪਨੀਆਂ ਦੇ ਮੋਬਾਇਲਾਂ ਤੋਂ
ਤਾਂ ਮੁੰਡੀਰ ਨੱਕ ਬੁੱਲ ਵੱਟਦੀ ਹੈ, ਵੈਸੇ ਵੀ ਅਸੀ ਪੱਛਮ ਦੀ ਸਭਿਅਤਾ ਤੇ
ਚੀਜਾਂ ਦੇ ਬਹੁਤ ਕਾਇਲ ਹਾਂ, ਚਾਹੇ ਅੰਗਰੇਜਾਂ ਦੀ ਦੇਣ ਜੀਨ ਦੀਆਂ ਪੈਂਟਾਂ
ਹੋਣ, ਫਿਰ ਵਿਦੇਸੀ ਪੜਾਈ, ਮੋਬਾਇਲ ਫੋਨ ਆਦਿ।
ਸੈਲਫੀ ਦਾ ਫਾਇਦਾ ਵੀ ਹੈ , ਜੇਕਰ ਕੋਈ ਸੈਲੀਬਿਰਟੀ, ਜਾਂ ਨੇਤਾ-ਅਭਿਨੇਤਾ
ਮਿਲ ਜਾਵੇ ਤਾਂ ਸੈਲਫੀ ਅੱਛੀ ਯਾਦਗਾਰ, ਜਾਂ ਟੌਹਰ ਮਾਰਨ ਦੀ ਸੈਂਅ ਬਣ
ਸਕਦੀ ਹੈ। ਸਾਡੇ ਮਹਾਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਇਸ ਦੇ
ਕਰੇਜ ਦੇ ਸਿਕਾਰ ਹੋ ਚੁੱਕੇ ਨੇ। ਆਪਣੇ ਅਮਰੀਕੀ ਤੇ ਹੋਰ ਵਿਦੇਸੀ ਦੌਰਿਆਂ
ਦੌਰਾਨ ਇਸ ਦਾ ਉਨਾਂ ਨੇ ਖੂਬ ਲੁਤਫ ਲਿਆ ਤੇ ਵੰਡਿਆ। ਆਮ ਜਨਤਾ-ਜਨਾਰਦਨ ਤੇ
ਵਿਦੇਸੀ ਵਿਦਿਆਰਥੀਆਂ ਨਾਲ ਖੂਬ ਸੈਲਫੀਆਂ ਖਿਚਵਾਈਆਂ।
ਫਿਲਮਾਂ ਵਿਚ ਵੀ ਸੈਲਫੀ ਦੇ ਅਸਰ-ਅੰਸ਼ ਦਾ ਖੂਬ ਚਰਚਾ ਰਿਹਾ ਹੈ। ਸਲਮਾਨ
ਦੀ ਤਾਜਾ ਤਰੀਨ ਫਿਲਮ ਬਜਰੰਗੀ ਬਾਈਜਾਨ ਦਾ ਤਾਂ ਗੀਤ ਲੇਲੇ ਲੇਲੇ ਸੈਲਫੀ
ਲੇਲੇ ਕਾਫੀ ਮਸ਼ਹੂਰ ਹੋਇਆ ਹੈ।
ਸੈਲਫੀ ਦਾ ਇੱਕ ਦੂਜਾ ਪੱਖ ਇਹ ਵੀ ਹੈ, ਉਹ ਹੈ ਸੈਲਫ ਦਾ ਜਾਂ ਆਦਮੀ ਦੇ
ਖੁਦ ਦਾ ਇਕੱਲਾਪਣ, ਇਕਾਂਤ ਜਾਂ ਬੇਭਰੋਸਗੀ। ਇਨਸਾਨ ਅੱਜ ਆਪਣੇ ਆਪ ਨੂੰ ਇਸ
ਤੇਜ ਤਰਾਰ ਤੇ ਸਮੇਂ ਦੀਆਂ ਥੁੜਾਂ ਦੇ ਮਾਹੌਲ ਵਿੱਚ ਸਭ ਨਾਲ ਹੁੰਦਾ ਹੋਇਆ
ਵੀ ਹਰ ਥਾਂ ਇਕੱਲਾ ਮਹਿਸੂਸ ਕਰਦਾ ਹੈ। ਜੇਕਰ ਰੱਬ ਨੇ ਮਨ ਪੜ੍ਹ ਸਕਣ ਦੀ
ਕਲਾ ਦਿੱਤੀ ਹੁੰਦੀ ਤਾਂ ਅੱਜ ਅਸੀਂ ਕਿਸੇ ਦੇ ਤੇ ਆਪਣੇ ਅੰਦਰ ਝਾਤੀ ਮਾਰਦੇ
ਤਾਂ ਸਾਨੂੰ ਅੰਤਾਂ ਦਾ ਖਲਾਅ, ਇਕੱਲਾਪਣ, ਬੇਭਰੋਸਗੀ, ਤੇ ਚਿੰਤਾਵਾਂ ਦਾ
ਆਲਮ ਨਜਰੀਂ ਪੈਂਦਾ। ਸੈਲਫੀ ਵੀ ਤਾਂ ਇਕੱਲਾਪਣ ਤੇ ਬੇਰਭਰੋਸਗੀ ਦਾ ਆਲਮ
ਬਿਆਨ ਕਰਦੀ ਹੈ, ਅਸੀਂ ਕਿੰਨੇ ਲੋਕਾਂ ਦੇ ਸਾਥ ਵਿੱਚ ਵੀ ਕਿਉਂ ਨਾ ਖੜੇ
ਹੋਈਏ, ਅੱਜ ਕੱਲ ਕੋਈ ਕਿਸੇ ਨੂੰ ਫੋਟੋ ਖਿੱਚਣ ਜਾਂ ਲੈਣ ਦੀ ਬੇਨਤੀ ਜਾਂ
ਅਰਜ਼ ਕਰਨਾ ਪਸੰਦ ਨਹੀ ਕਰਦਾ, ਬੇਭਰੋਸਗੀ ਜਾਂ ਫਿਰ ਕਿਸੇ ਵੱਡੀ ਚਿੰਤਾ ਦਾ
ਭਰਿਆ-ਡਰਿਆ, ਡਾਹਢੀ ਨਿੱਜਤਾ ਦਾ ਪਹਿਰੇਦਾਰ ਕਹਿ ਲਵੋ ਜਾਂ ਫਿਰ ਮਨ ਦੀ
ਇਕੱਲਤਾ ਦਾ ਖਲਾਅ ਕਹਿ ਲਵੋ, ਜਾਂ ਫਿਰ ਇਨਾਂ ਖਿਆਲਾਂ ਦੀ ਮਿਲਾਵਟ ਦਾ
ਅਜੀਬ ਜਿਹੀ ਉਦਾਸੀਨਤਾ ਦਾ ਸਿਕਾਰ ਕਹਿ ਲਵੋ। ਅਜੋਕੇ ਸਮੇਂ ਵਿੱਚ ਹਰੇਕ ਦਸ
ਵਿਚੋਂ ਹਰੇਕ ਅੱਠ ਲੋਕਾਂ ਨੂੰ ਆਪਣੇ ਆਪ ਦੇ ਚਿਹਰੇ-ਮੂਹਰੇ ਤੇ ਕੋਈ
ਸੰਤੁਸ਼ਟੀ, ਭਰੋਸਾ, ਖੁਸੀ ਭਰਿਆ ਆਹਿਸ਼ਸ-ਆਲਮ ਨਜਰੀਂ ਨਹੀਂ ਪੈਂਦਾ। ਹਰ
ਕੋਈ ਵਾਰ ਵਾਰ ਸੈਲਫੀ ਲੈਂਦਾ ਹੈ ਤਾਂ ਕਿ ਕਿਸੇ ਐਂਗਲ-ਦ੍ਰਿਸ਼ਟਕੋਣ ਤੋਂ
ਹੀ ਉਹ ਸੋਹਣਾ ਤਾਂ ਲੱਗ ਸਕੇ। ਵਾਰ ਵਾਰ ਇਕਾਂਤ ਵਿਚ ਆਪਦੇ ਸੈਲਫ ਨੂੰ
ਸੈਲਫ ਨਾਲ ਨਿਹਾਰਦਾ ਰਹਿੰਦਾ ਹੈ ਤੇ ਨੋਟ ਕਰਦਾ ਰਹਿੰਦਾ ਹੈ ਕਿ ਕਿਤੇ ਕੋਈ
ਕਮੀ ਤਾਂ ਨਹੀ ਰਹਿ ਗਈ। ਚੇਹਰੇ ਦੀਆਂ ਝੁਰੜੀਆਂ-ਛਾਈਆਂ ਤੇ ਚੇਹਰੇ ਤੇ ਨਜਰ
ਪੈਂਦਿਆਂ ਹੀ ਮਨ ਵਾਲੀਆਂ ਡੂੰਘ-ਡੂੰਘਾਈਆਂ, ਮਨ ਵਲੋਂ ਕੀਤੇ ਤੇ ਹੱਥਾਂ
ਵਲੋਂ ਅੰਜਾਮ ਦਿੱਤੇ ਕਈ ਕੋਝੇ ਵਾਦੇ-ਇਰਾਦੇ, ਕੰਮ-ਧੰਦੇ ਚੇਹਰੇ ਦੇ ਮਖੌਟੇ
ਦੀ ਪਿਛਲੀ ਝਾਤ ਦੇ ਜਾਂਦੇ ਹਨ ਤੇ ਮਨ ਬਦਹਵਾਸੀ ਤੇ ਬੇਭਰੋਸਗੀ ਦੇ ਆਲਮ
ਨਾਲ ਇਕੱਲਤਾ ਦੀ ਮਹਿਸੂਸਤਾ ਨਾਲ ਭਰ ਜਾਂਦਾ ਹੈ, ਫਿਰ ਉਸ ਨੂੰ ਦੂਜਿਆਂ
ਦੀਆਂ ਸੈਲਫੀਆਂ ਹੀ ਪਸੰਦ ਆਉਂਣੀਆ ਤੇ ਆਪਣੇ ਸੈਲਫ ਨਾਲ ਅਸੰਤੁਸ਼ਟੀ,
ਬੇਭਰੋਸਗੀ, ਇਕੱਲਤਾ, ਜੱਗ ਤੋਂ ਵੱਖਰਤਾ ਦੇ ਆਲਮ ਨਾਲ ਜੂਝਣੋਂ ਕੋਈ ਨਹੀ
ਰੋਕ ਸਕਦਾ, ਆਪਣੇ-ਆਪਦਾ ਚੇਹਰਾ ਕਈ ਤਰਾਂ ਦੀਆਂ ਖਾਮੀਆਂ ਨਾਲ ਭਰਿਆ-ਭਰਿਆ
ਲੱਗਦਾ ਹੈ। ਨਾਲੇ ਦੂਜੇ ਦੀ ਥਾਲੀ ਵਿੱਚ ਰਖਿਆ ਲੱਡੂ ਸਭ ਨੂੰ ਸੁਆਦ ਲੱਗਦਾ
ਹੈ, ਆਪਦਾ ਚੇਹਰਾ ਰੋਜ ਦੇਖਣਾ ਤੇ ਦੂਜੇ ਦੇ ਨੂੰ ਪਹਿਲੀ ਵਾਰ ਤੱਕਣਾ ਵੀ
ਅਸਰ ਕਰਦਾ ਹੈ। ਕੈਮਰੇ ਦੀ ਅੱਖ ਤੇ ਮਨ ਦੀ ਅਵਾਜ ਵੀ ਤਾਂ ਝੂਠ ਨਹੀ ਨਾ
ਬੋਲ ਸਕਦੀ। ਅਸੀਂ ਸੈਲਫੀ ਨੂੰ ਤਾਂ ਮੋਡੀਫਿਕੇਸ਼ਨਾਂ ਦੀ ਦਵਾਈ ਪਿਆ
ਦੇਵਾਂਗੇ, ਪਰ ਮਨ ਦੀ ਅਵਾਜ ਨੂੰ ਨਹੀ ਦਬਾ ਸਕਦੇ।
ਇਸ ਰੰਗਲੀ ਦੁਨੀਆਂ ਤੇ ਰਹਿਣ-ਸਹਿਣ ਤੇ ਸੁਭ ਕਰਮਾਂ ਦੀ ਕਮਾਈ ਕਰਨ ਲਈ
ਬੰਦੇ ਨੂੰ ਜਨਮ ਸਿਰਫ ਇਕ ਵਾਰ ਹੀ ਮਿਲਦਾ ਹੈ, ਤੇ ਇਸੇ ਨੂੰ ਸੈਕੜੇ ਜਨਮਾਂ
ਜਿਹਾ ਜੀ ਕੇ ਦਿਖਾਉਣ ਦੀ ਜਦੋ ਜਹਿਦ ਕਰਦੇ ਰਹਿਣਾ ਚਾਹੀਦਾ ਹੈ, ਸੋ ਉਸ
ਨੂੰ ਚਾਹੀਦਾ ਹੈ ਕਿ ਉਹ ਖੁਦ ਦੇ ਸੈਲਫ (ਮਨ) ਨੂੰ ਇੰਨਾ ਕੁ ਸੰਵਾਰੇ,
ਸਜਾਏ, ਸੁਭ ਕਰਮਾਂ ਨਾਲ ਉਜਲਾ ਕਰੇ, ਦੂਜਿਆਂ ਪ੍ਰਤੀ ਕੀਤੇ ਜਾਂਦੇ ਵਿਵਹਾਰ
ਨਾਲ ਸ਼ੰਤੁਸ਼ਟ ਰੱਖੇ, ਜਿਥੇ ਜਾਏ ਸੁਭ ਗੁਣਾਂ ਦੀ ਦਾਤ-ਸੌਗਾਤ ਵੰਡਦਾ
ਜਾਏ, ਜਦੋਂ ਕਿਸੇ ਦੇ ਸੰਪਰਕ ਵਿੱਚ ਤਾਂ ਅਗਲਾ ਤੁਹਾਡੀ ਸ਼ਖਸੀਅਤ ਤੋਂ
ਪ੍ਰਭਾਵਤ ਹੋਏ ਬਿਨਾ ਨਾ ਰਹੇ ਤਾਂ ਇਸ ਝੂਠ ਤੇ ਬਣਾਵਟੀ ਸੈਲਫ ਨੂੰ ਚਿਤਰਦੀ
ਸੈਲਫੀ ਦੀ ਜਰੂਰਤ ਹੀ ਨਹੀ ਰਹੇਗੀ ਨਾ ਹੀ ਇਸ ਨੂੰ ਐਡੀਟਿੰਗ ਤੇ
ਮੋਡੀਫਿਕੇਸ਼ਨਾਂ ਦੀ ਦਵਾਈ ਪਿਆਣੀ ਪਵੇਗੀ। ਅੰਦਰੋਂ ਬਾਹਰੋਂ ਨਾਮ ਸਿਮਰਨ
ਤੇ ਸੁਭ ਗੁਣਾਂ ਨਾਲ ੳਤ-ਪੋਤ ਚੇਹਰੇ ਤੇ ਉਜਲੇ ਮੁਖ ਆਪਣੇ ਆਪ ਵਿਚ ਹੀ ਇਕ
ਮਹਾਨ ਸੈਲਫੀ ਦਾ ਰੂਪ ਧਾਰ ਜਾਣਗੇ, ਫਿਰ ਝੂਠੀ, ਮੋਡੀਫਿਸਕੇਸ਼ਨਾ ਵਾਲੀ,
ਮਨ ਦੇ ਕੋਝਾਂ ਨੂੰ ਛੁਪਾਉਣ ਵਾਲੀ ਤੇ ਚੇਹਰੇ ਦੀ ਬੇਭਰੋਸਗੀ ਵਾਲੀ ਸੈਲਫੀ
ਦੀ ਜਰੂਰਤ ਨਹੀ ਰਹੇਗੀ। ਇਸ ਸੈਲਫੀ ਦਾ ਵਾਸਾ ਲੋਕ-ਮਨਾਂ ਵਿੱਚ ਹਮੇਸਾਂ ਤੇ
ਚਿਰਸਥਾਈ ਰਹੇਗਾ।
-- 09872334944
-0-
|