1-ਮਜ਼ਦੂਰ ਕੁੜੀਆਂ
ਧੁਆਂਖੀਆਂ ਜ਼ਿੰਦਾਂ
ਸਰਾਪੀਆਂ ਤੇ
ਇਕਲਾਪੀਆਂ ਰੂਹਾਂ
ਕਈ ਲੰਘ ਚੁੱਕੀਆਂ ਨੇ
ਜਵਾਨੀ ਦੀਆਂ ਜੂਹਾਂ
ਕਈਆਂ ਨੇ ਤੱਕੀਆਂ ਨੇ
ਅਜੇ ਤਾਂ ਬਰੂਹਾਂ।
ਸ਼ੀਸ਼ਿਆਂ ਵਿੱਚੋਂ ਝਾਕਦੀਆਂ ਨੇ
ਦੁਨੀਆਂ ਦਰਪਣ ਵਾਚਦੀਆਂ ਨੇ।।
ਕੋਝੀਆਂ ਤੇ ਕਰੂਪੀਆਂ ਰੂਹਾਂ
ਇਨ੍ਹਾਂ ਨੂੰ ਤਲਾਸਦੀਆਂ ਨੇ।
ਬੱਦਲ਼ੀ ਨੇ ਜਿਵੇਂ ਵਰ੍ਹਨਗੀਆਂ ਇਹ
ਤਪਸ ਨੂੰ ਠੰਢਾ ਕਰਨਗੀਆਂ ਇਹ
ਖਬਰੈ ਕੀ ਕੀ ਜਰਨਗੀਆਂ ਇਹ
ਦਿਲ ‘ਤੇ ਪੱਥਰ ਧਰਨਗੀਆਂ ਇਹ।
ਇਹ ਤਾਂ ਉਹ ਧੀਆਂ ਨੇ
ਜੋ ਆਪਾ ਵਾਰਦੀਆਂ ਨੇ
ਕਿੰਨਾ ਕੁੱਝ ਸਹਾਰਦੀਆਂ ਨੇ।
ਕਾਰਖ਼ਾਨੇ ਦੇ ਧੂਏਂ ਵਿੱਚ ਇਹ
ਜ਼ਿੰਦਗ਼ੀ ਨੂੰ ਨਿਹਾਰਦੀਆਂ ਨੇ।
ਚਾਨਣ ਦੀ ਛਿੱਟ ਕੋਲੋਂ ਦ੍ਰੂਰ
ਚਿੱਟੇ ਦਿਨ ਗੁਜ਼ਾਰਦੀਆਂ ਨੇ।
ਸੱਥਾਂ ਵਿੱਚ ਬੈਠੇ ਵਿਹਲੜਾਂ ਨੂੰ
ਮਿਹਨਤ ਨਾਲ ਵੰਗਾਰਦੀਆਂ ਨੇ।
ਮਾਰ ਠੋਕਰਾਂ ਵਹਿਬਤਾਂ ਨੂੰ
ਡੁੱਬਦਿਆਂ ਨੂੰ ਵੀ ਤਾਰਦੀਆਂ ਨੇ।
ਇਹ ਧੀਆਂ ਧਿਆਣੀਆਂ ਕਰਜ਼ਾ
ਮਾਪਿਆਂ ਦਾ ਉਤਾਰਦੀਆਂ ਨੇ।
ਖੁੱਡਿਆਂ ਵਰਗੀਆਂ ਗੱਡੀਆਂ ਵਿੱਚ
ਇਹ ਕੁੱਕੜਾਂ ਵਾਂਗੂੰ ਤਾੜੀਆਂ ਹੁੰਦੀਆਂ।
ਅੱਖਾਂ ਵਿੱਚ ਉਦਾਸੀ ਝਾਕੇ
ਇਹੋ ਜਿਹੀਆਂ ਸਵਾਰੀਆਂ ਹੁੰਦੀਆਂ।
ਕਰਮਸ਼ੀਲ ਹੁੰਦੀਆਂ ਨੇ ਭਾਵੇਂ
ਫ਼ਿਰ ਵੀ ਕਰਮਾਂ ਮਾਰੀਆਂ ਹੁੰਦੀਆਂ।
ਟੱਬਰ ਦੇ ਢਿੱਡ ਦੀ ਬੁਰਕੀ ਹੁੰਦੀਆਂ
ਫ਼ਿਰ ਵੀ ਧੀਆਂ ਵਿਚਾਰੀਆਂ ਹੁੰਦੀਆਂ।
ਆਓ ਇਨ੍ਹਾਂ ਦਾ ਕੰਮ ਵਡਿਆਈਏ
ਇਨ੍ਹਾਂ ਨੂੰ ਵੀ ਮਾਣ ਦਵਾਈਏ।
ਜੇ ਆਪਾਂ ਕੁਝ ਸਵਾਰ ਨੀ ਸਕਦੇ
ਚਿੱਕੜ ਵੀ ਤਾਂ ਨਾ ਖੰਡਿਆਈਏ।
ਆਪਣੀਆਂ ਸੋਚਾਂ ਦੀਆਂ ਅੱਖਾਂ ਤੋਂ
ਗੰਦੀ ਸੋਚ ਦਾ ਚਸ਼ਮਾਂ ਲਾਹੀਏ।
ਆਓ ਮਜ਼ਦੂਰ ਕੁੜੀਆਂ ਨੂੰ ਆਪਾਂ
ਲੋਕਾਂ ਵਿੱਚ ਸਤਿਕਾਰ ਦਵਾਈਏ।
2-ਰੀੜ੍ਹ ਦੀ ਹੱਡੀ
ਮੈਂ ਰੀੜ੍ਹ ਦੀ ਹੱਡੀ ਹਾਂ
ਚੁੱਕਦੀ ਹਾਂ ਭਾਰ ਮੈਂ
ਸਾਰੇ ਹੀ ਸਰੀਰ ਦਾ
ਮੇਰੇ ‘ਚ ਆਈ ਅੜ੍ਹਚਣ
ਕਾਇਆ ਪਲਟ ਸਕਦੀ ਏ
ਇਨਸਾਨ ਦੀ
ਜੜ੍ਹ ਵੱਢ ਸਕਦੀ ਹਾਂ
ਮੈਂ ਤਾਂ ਹੈਵਾਨ ਦੀ।
ਸਰੀਰ,ਮਨ
ਦਿਮਾਗ਼
ਸਭ ਦਾ ਮੇਰੇ ਨਾਲ਼
ਗੂੜ੍ਹਾ ਰਿਸ਼ਤਾ ਏ
ਜੋ ਤੋੜਦਾ ਏ ਰਿਸ਼ਤਾ
ਮੇਰੇ ਨਾਲ਼
ਹੋ ਜਾਂਦਾ ਏ ਫ਼ਨਾਹ
ਇਸ ਗੱਲ ਲਈ ਅੱਜ ਦਾ
ਵਿਗਿਆਨ ਹੈ ਗਵਾਹ।
ਦੇਖ ਲਓ,ਪਰਖ ਲਓ
ਭਾਵੇਂ ਪੂਰੀ ਕਾਇਨਾਤ ਨੂੰ
ਮੇਰੀ ਡਾਢ੍ਹੀ ਲੋੜ ਏ
ਹਰ ਇੱਕ ਜਾਤ ਨੂੰ
ਪਰ3.ਮੇਰੀ ਵੀ ਰੀਝ ਏ
ਮੇਰੇ ਵੀ ਦਿਲ ਦੀ ਟੀਸ ਏ
ਮੈਂ ਬਣਾ ਨਾ ਸੰਗੀ
ਮੰਤਰੀਆਂ ਦੇ ਸ਼ਰੀਰ ਦੀ
ਮੈਂ ਬਣਾ ਨਾ ਅਰਧਾਂਗਣੀ
ਕਿਸੇ ਮਰੀ ਹੋਈ ਜ਼ਮੀਰ ਦੀ।
ਮੈਂ ਰਿਸ਼ਤੇ ਨਾਪਾਕ
ਕਰਨ ਵਾਲੇ ਨਾਲ਼
ਕਦੇ ਖੜ੍ਹਾਂ ਨਾ
ਮੈਂ ਗੰਦੀ ਸੋਚ ਨੂੰ
ਸੰਕੇਤ ਕਦੇ ਕਰਾਂ ਨਾ।
ਮੇਰਾ ਨਾਂ ਅਖੌਤਾਂ ਵਿੱਚ ਵੀ
ਅਕਸਰ ਵਰਤਿਆ ਜਾਂਦਾ ਏ
ਪਤਾ ਤਦ ਲੱਗਦਾ ਜਦ
ਪਰਖਿਆ ਜਾਂਦਾ ਏ
ਉਂਝ ਤਾਂ ਭਾਵੇਂ ਮੈਂ
ਹਰ ਇਨਸਾਨ ‘ਚ ਵਸਦੀ ਹਾਂ
ਪਰ3ਸੱਚ ਨਾਲ ਵਸਦੀ ਹਾਂ
ਤਾਂ ਪੱਲੇਦਾਰ ਦੀ
ਪਿੱਠ ਵਿੱਚ ਵਸਦੀ ਹਾਂ
ਰੱਬ ਕਰੇ ਮੈਂ ਉਸਦੀ ਪਿੱਠ ਤੋਂ
ਜੁਦਾ ਕਦੇ ਹੋਵਾਂ ਨਾ
ਭਾਰ ਢੋਣ ਵਾਲ਼ੇ ਲਈ
ਮੈਂ ਦੁਖੀ ਕਦੇ ਹੋਵਾਂ ਨਾ
ਇੱਕ ਮਜ਼ਦੂਰ ਲਈ
ਮੈਂ ਦੁਖੀ ਕਦੇ ਹੋਵਾਂ ਨਾ3।
-ਬਲਵੰਤ ਫ਼ਰਵਾਲ਼ੀ
ਪਿੰਡ ਤੇ ਡਾਕ-ਸੰਦੌੜ
ਤਹਿ-ਮਾਲੇਰਕੋਟਲਾ,ਜ਼ਿਲ੍ਹਾ-ਸੰਗਰੂਰ
ਪਿਨ-148020
ਸੰ:ਨ:-9888117389
balwantpharwali@yahoo.com
-0-
|