( 1 ) ਉਹਨਾਂ ਫ਼ੈਸਲਾ
ਕਲ੍ਹ ਆਪਣਾ ਸੁਣਾ ਦਿੱਤਾ ਹੈ ।
ਆਸਾਂ ਤੇ ਉਮੀਦਾਂ ਨੂੰ ਖ਼ਾਕ ਮਿਲਾ ਦਿੱਤਾ ਹੈ ।
ਤੇਰੇ ਸਾਹਮਣੇ ਜੋ ਸ਼ਖ਼ਸ ਖੜਾ ਦਿਸਦਾ ਹੈ
ਇਹਨੂੰ ਸਿਆਣਪ ਨੇ ਉੱਲੂ ਬਣਾ ਦਿਤਾ ਹੈ ।
ਸਾਡੇ ਦੋਸਤਾਂ ਚ ਸ਼ਾਮਲ ਸੀ, ਜੋ ਸਾਲਾਂ ਤੋਂ
ਉਹਨੇ ਕਿੱਸੇ ਚੋਂ, ਸਾਡਾ ਜ਼ਿਕਰ ਉੜਾ ਦਿੱਤਾ ਹੈ ।
ਤਾਰਿਆਂ ਵਾਂਗ,ਅਜੇ ਵੀ,ਰਾਹਗੁਜ਼ਰ ਹੈ ਸੱਜਰੀ
ਭਾਵੇਂ ਉਹਨਾਂ ਤਾਂ,ਆਉੇਣਾ ਜਾਣਾ, ਮੁਕਾ ਦਿੱਤਾ ਹੈ ।
ਉਹ ਚਾਹੁੰਦੇ ਨੇ,ਹੱਥ ਉੱਚਾ ਕਰਕੇ,ਨਾ ਲਾਵਾਂ ਨਾਹਰਾ
ਤਾਹੀਂ ਮੇਰੇ ਹੱਥਾਂ ਚ ਗੁਲਦਸਤਾ ਫੜਾ ਦਿੱਤਾ ਹੈ ।
ਮੈਂ ਚਰੋਕਣੇ, ਸੱਭ ਯਾਰ ਭੁਲਾ ਬੈਠਾ ਸਾਂ
ਨਵੀਂ ਠੋਕਰ ਨੇ, ਹਰ ਇਕ ਯਾਦ ਕਰਾ ਦਿੱਤਾ ਹੈ ।
ਇਸ ਪਿੰਡ ਤਾਂ, ਕਾਇਮ ਹੀ ਰਹਿਣਾ ”ਮੁਸ਼ਤਾਕ”
ਹਾਂ, ਸਾਡਾ ਈ, ਖੁਰਾ ਖੋਜ ਮਿਟਾ ਦਿੱਤਾ ਹੈ ।
..............................................................................
( 2 ) ਬਹੁਤ ਬਦਲ ਗਿਆ ਹੈ ਅੱਜ ਕੱਲ੍ਹ ।
ਭਰੋਸਾ ਕਿਦ੍ਹਾ ਰਿਹਾ ਹੈ ਅੱਜ ਕੱਲ੍ਹ ।
ਆਸ ਲਾ ਕੇ ਬੂਹੇ ਤੇ ਬਹਿ ਰਹਿਨਾ
ਉਹ ਹੱਸ ਕੇ ਲੰਘ ਜਾਂਦਾ ਹੈ ਅੱਜ ਕੱਲ੍ਹ ।
ਬਦਲੀ ਲੰਘੇ ਕਦੀ ਜਾਂ ਬੂਹੇ ਕੋਲੋਂ
ਵਿਚਾਰਾ ! ਮੂੰਹ ਲੁਕਾਂਦਾ ਹੈ ਅੱਜ ਕੱਲ੍ਹ ।
ਮੈਂ ਜਾਣਦਾਂ , ਮੈਥੌਂ ਰੁੱਸ ਕੇ,ਉਹ ਵੀ
ਵਕਤ ”ਕੱਲ੍ਹਾ ਲੰਘਾਂਦਾ ਹੈ ਅੱਜ ਕ੍ਹੱਲ ।
ਮੁਹੱਬਤ ਨਾਕਾਮ ਹੈ ਮੇਰੀ,ਤਾਂ ਕੀ ?
ਜੀਣਾ ਵੀ ਬੇਇਰਾਦਾ ਹੈ ਅੱਜ ਕੱਲ੍ਹ ।
ਸਾਡੇ ਵਿਹੜੇ ਤੇਰੇ ਨਾਂ ਦੀ ਮਹਿਕ
ਹਾਂ, ਗੁੰਮਸ਼ੁਦਾ ਖ਼ਜ਼ਾਨਾ ਹੈ ਅੱਜ ਕੱਲ੍ਹ ।
ਚੱਲ ”ਮੁਸ਼ਤਾਕ” ਓਸ ਨੂੰ ਮਿਲ ਆਈਏ
ਸੁਣਿਐਂ , ਉਹ ਕੱਲਾ ਕਾਰਾ ਹੈ ਅੱਜ ਕੱਲ੍ਹ ।
-0-
|