ਬਹੁਤ ਹੀ ਸ਼ਖਤ ਲਿਖਤੀ
ਟੈਸਟ ਪਾਸ ਕਰਕੇ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਇੰਸ ਵਿਸ਼ੇ ਦੀ ਮਾਸਟਰ ਡਿਗਰੀ
ਕਰਨ ਲਈ ਜਦ ਐਡਮਿਸ਼ਨ ਮਿਲੀ ਤਾਂ ਮੈਥੋਂ ਇਹ ਚਾਅ ਨਾਂ ਸੰਭਾਲਿਆ ਜਾਵੇ।ਯੂਨੀਵਰਸਿਟੀ ਦੇ
ਵਿਦਿਅਕ ਮਾਹੌਲ ਬਾਰੇ ਸੁਣਿਆ ਹੋਇਆ ਸੀ ‘ਤੇ ਅੱਜ ਮੇਰਾ ਸੁਪਨਾਂ ਵੀ ਪੂਰਾ ਹੋ ਗਿਆ
ਸੀ।ਯੂਨੀਵਰਸਿਟੀ ਵਿੱਚ ਇੱਕ ਵਿਲੱਖਣ ਕਿਸਮ ਦਾ ਖੁੱਲਾ ਡੁੱਲਾ ਮਹੌਲ ਸਿਰਜਿਆ ਹੋਇਆ
ਮਿਲਿਆ।ਉੱਤੋਂ ਹੋਸਟਲ ਵਿੱਚ ਵੀ ਆਪਣੀਂ ਸੋਚ ਦੇ ਹਾਣੀਂ ਸਾਥੀਆਂ ਨਾਲ ਮੇਲ ਹੋ ਗਿਆ।ਕੁੱਝ ਕੁ
ਦਿਨਾਂ ਵਿੱਚ ਹੀ ਸਾਰੇ ਸੰਗੀ ਸਾਥੀ ਆਪਸ ਵਿੱਚ ਘੁਲ ਮਿਲ ਗਏ ‘ਤੇ ਸਾਰਿਆਂ ਨੂੰ ਯੂਨੀਵਰਸਿਟੀ
ਆਪਣੇਂ ਮੱਕੇ ਦੀ ਤਰ੍ਹਾਂ ਲੱਗਣ ਲੱਗੀ।ਹਫਤੇ ਵਿੱਚ ਪਹਿਲੇ ਪੰਜ ਦਿਨ ਕਲਾਸਾਂ ਲਗਾ ਕੇ ਹਰ
ਸ਼ਾਂਮ ਨੂੰ ਹੋਸਟਲ ਵਿੱਚ ਮਹਿਫਿਲਾਂ ਜੁੜਦੀਆਂ।ਖੁੱਲਾ ਖਾਣ ਪੀਣ ਚੱਲਦਾ ਅਤੇ ਆਪਣੇਂ ਸੀਨੀਅਰ
ਮੁੰਡਿਆਂ ਤੋਂ ਯੂਨੀਵਰਸਿਟੀ ਬਾਰੇ,ਪੜ੍ਹਾਈ ਲਿਖਾਈ ਬਾਰੇ ਨਿੱਤ ਨਵੀਆਂ ਗੱਲਾਂ ਸਕੀਮਾਂ
ਸਿਖਦੇ।ਪੜ੍ਹਾਈ ਦੇ ਮੁੱਢਲੇ ਦਿਨਾਂ ਵਿੱਚ ਪੜ੍ਹਾਈ ਦਾ ਵੀ ਕੋਈ ਖਾਸ ਬੋਝ ਨਹੀਂ ਹੁੰਦਾ ਸੀ
ਅਤੇ ਆਜਾਦੀ ਭਰੇ ਮਹੌਲ ਵਿੱਚ ਹਰ ਵਿਦਿਆਰਥੀ ਆਪਣੀਂ ਜਿੰਦਗੀ ਨੂੰ ਜੀਅ ਭਰ ਕੇ ਜੀਣਾਂ ਲੋਚਦਾ
ਸੀ।ਘਰਦਿਆਂ ਦੀ ਰੋਕ ਟੋਕ ਤੋਂ ਦੂਰ ਹਰ ਕਿਸੇ ਨੇਂ ਯੂਨੀਵਰਸਿਟੀ ਵਿੱਚ ਇੱਕ ਨਵੀਂ ਦੁਨੀਆਂ
ਵਸਾ ਲਈ ਜਾਪਦੀ ਸੀ।ਹੌਲੀ ਹੌਲੀ ਯੂਨੀਵਰਸਿਟੀ ਦੇ ਮਾਹੌਲ ਵਿੱਚ ਐਨਾਂ ਰਚ ਮਿੱਚ ਗਏ ਘਰ ਜਾਣ
ਨੂੰ ਵੀ ਦਿਲ ਨਾਂ ਕਰਿਆ ਕਰੇ।ਆਪਣੇਂ ਸੰਗੀ ਸਾਥੀ ਮੁੰਡੇ ਕੁੜੀਆਂ ਦਾ ਸਾਥ,ਯੂਨੀਵਰਸਿਟੀ ਦਾ
ਸੁਖਾਵਾਂ ਮਹੌਲ ਅਤੇ ਹੋਸਟਲ ਲਾਈਫ ਸਭ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਤ ਸੀ।ਯੂਨੀਵਰਸਿਟੀ ਵਿੱਚ
ਹਰ ਸਾਲ ਯੂਥ ਫੇਸਟੀਵਲ ਹੁੰਦੇ,ਮੇਲੇ ਲੱਗਦੇ,ਯੂਨੀਵਰਸਿਟੀ ਨੂੰ ਇੱਕ ਨਵਾਂ ਰੰਘ ਚੜ
ਜਾਂਦਾ।ਇਸ ਸਾਲ ਵੀ ਅਜਿਹਾ ਹੀ ਇੱਕ ਮੇਲਾ ਕਰਵਾਇਆ ਜਾਣਾਂ ਸੀ ਜੋ ਤਿੰਨ ਦਿਨ ਤੱਕ ਚੱਲਣਾਂ
ਸੀ।
ਜਲਦੀ ਹੀ ਵਿਉਂਤਬੰਦੀ ਤੋਂ ਬਾਅਦ ਐਲਾਨ ਹੋ ਗਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ
ਵਿੱਚ ਜਿੱਥੇ ਪਹਿਲੇ ਦੋ ਦਿਨ ਵਿਦਿਆਰਥੀਆਂ ਦੇ ਬੌਧਿਕ ਚੇਤਨਾਂ ਅਤੇ ਕਲਾ ਨੂੰ ਪਰਖਣ ਦੇ
ਮੁਕਾਬਲੇ ਕਰਵਾਏ ਜਾਣਗੇ ਉੱਥੇ ਮੇਲੇ ਦੇ ਤੀਜੇ ਅਤੇ ਆਖਰੀ ਦਿਨ ਪੰਜਾਬੀਆਂ ਦਾ ਮਾਣ ਗੁਰਦਾਸ
ਮਾਨ ਵਿਦਿਆਰਥੀਆਂ ਦਾ ਮਨੋਂਰੰਜਨ ਕਰੇਗਾ।ਨਾਲ ਨਾਲ ਮਨਮੋਹਨ ਵਾਰਿਸ,ਕਮਲਜੀਤ ਨੀਰੂ,ਅਤੇ
ਪਟਿਆਲੇ ਦੇ ਗਾਇਕ ਹਰਦੀਪ ਨੂੰ ਵੀ ਬੁਲਾਵਾ ਭੇਜਿਆ ਗਿਆ ਸੀ।ਜਦ ਯੂਨੀਵਰਸਿਟੀ ਦੇ
ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਭ ਨੂੰ ਵਿਆਹ ਜਿੰਨ੍ਹਾਂ ਚਾਅ ਚੜ੍ਹ
ਗਿਆ।ਖੁਸ਼ੀ ਵਿੱਚ ਖੀਵੇ ਹੋਏ ਸਾਰੇ ਵਿਦਿਆਰਥੀ,ਅਧਿਆਪਕ ਤੇ ਸਮੁੱਚਾ ਯੂਨੀਂਵਰਸਿਟੀ ਪ੍ਰਸ਼ਾਸ਼ਨ
ਪੰਦਰਾਂ ਦਿਨ ਪਹਿਲਾਂ ਹੀ ਤਿਆਰੀਆਂ ਵਿੱਚ ਜੁੱਟ ਗਏ।ਸਭ ਨੂੰ ਗੁਰਦਾਸ ਮਾਨ ਨੂੰ ਫਰੀ ਵਿੱਚ
ਨੇੜਿਓਂ ਸੁਣਨ ਤੱਕਣ ਦਾ ਮੌਕਾ ਮਿਲ ਰਿਹਾ ਸੀ।ਅਧਿਆਪਕਾਂ ਨੇਂ ਵੀ ਵਿਦਿਆਰਥੀਆਂ ਨੂੰ ਪੜ੍ਹਾਈ
ਵਿੱਚ ਥੋੜ੍ਹੀ ਢਿੱਲ ਦੇ ਰੱਖੀ ਸੀ ਤਾਂ ਕਿ ਸਭ ਰਲ ਮਿਲ ਕੇ ਮੇਲੇ ਦਾ ਸੁਚੱਜਾ ਪ੍ਰਬੰਧ ਕਰ
ਸਕਣ।ਜਨਵਰੀ ਮਹੀਨੇਂ ਦੇ ਖੁਸਗਵਾਰ ਮੌਸਮ ਵਿੱਚ ਸਭ ਮੁੰਡੇ ਕੁੜੀਆਂ ਫੁੱਲਾਂ ਵਾਂਗ ਖਿੜੇ ਨਜਰ
ਆਉਣ ਲੱਗੇ।ਹੋਸਟਲਾਂ ਵਿੱਚੋਂ ਗੁਰਦਾਸ ਮਾਨ ਦੇ ਗਾਣਿਆਂ ਦੀਆਂ ਆਵਾਜਾਂ ਆਉਣ
ਲੱਗੀਆਂ,ਮਹਿਫਲਾਂ ਜੁੜਨ ਲੱਗੀਆਂ,ਹੋਸਟਲਾਂ ਵਿੱਚ ਦੇਰ ਰਾਤ ਤੱਕ ਗਿੱਧੇ ਭੰਗੜੇ ਪੈਂਣ
ਲੱਗੇ।ਪੂਰੀ ਯੂਨੀਵਰਸਿਟੀ ਨੂੰ ਹਰ ਪੱਖੋਂ ਸਜਾਉਣ ਵਿੱਚ ਅਸੀਂ ਸਾਰੇ ਵਿਦਿਆਰਥੀ ਲੱਗੇ ਹੋਏ
ਸਾਂ ਤਾਂ ਕਿ ਬਾਹਰੋਂ ਆਉਣ ਵਾਲੇ ਮਹਿਮਾਨ ਚੌਗਿਰਦੇ ਨੂੰ ਦੇਖ ਕੇ ਅਸ਼ ਅਸ਼ ਕਰ ਉੱਠਣ।ਸਭ ਚਾਂਈ
ਚਾਂਈ ਸਭ ਕੰਮ ਨੇਪਰੇ ਚਾੜਨ ਲੱਗੇ ਹੋਏ ਸਨ ਕਿ ਅੱਧ ਜਨਵਰੀ ਦੀ ਇੱਕ ਸਵੇਰ ਨੂੰ ਇਹ ਖਬਰ
ਪੂਰੀ ਯੂਨੀਂਵਰਸਿਟੀ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਚੰਡੀਗੜ੍ਹ ਤੋਂ ਨਕੋਦਰ ਨੂੰ
ਜਾਂਦੇ ਹੋਏ ਗੁਰਦਾਸ ਮਾਨ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ ਹੈ ਜਿਸ ਵਿੱਚ ਗੁਰਦਾਸ
ਮਾਨ ਦੇ ਡਰਾਈਵਰ ਤੇਜਪਾਲ ਦੀ ਥਾਂ ‘ਤੇ ਹੀ ਮੌਤ ਹੋ ਗਈ।ਸੀਨੇਂ ਵਿੱਚ ਕਿਸੇ ਤਿੱਖੇ ਖੰਜਰ ਦੀ
ਤਰਾਂ ਚੁਭੀ ਇਸ ਖਬਰ ਨੇਂ ਸਭ ਦੇ ਚਿਹਰਿਆਂ ਤੋਂ ਰੌਣਕ ਖੋ ਲਈ।ਪੁੱਛ ਪੜਤਾਲ ਤੋਂ ਬਾਅਦ ਪਤਾ
ਲੱਗਾ ਕਿ ਮਹਿਬੂਬ ਗਾਇਕ ਗੁਰਦਾਸ ਮਾਨ ਜਿਸਨੇਂ ਠੀਕ 14(ਚੌਦਾਂ) ਦਿਨਾਂ ਬਾਅਦ ਯੂਨੀਂਵਰਸਿਟੀ
ਦੇ ਗੁਰੁ ਤੇਗ ਬਹਾਦਰ ਹਾਲ ਵਿੱਚ ਸਾਡੇ ਰੂਬਰੂ ਹੋਣਾਂ ਸੀ,ਦੇ ਗੰਭੀਰ ਸੱਟਾਂ ਲੱਗੀਆਂ ਹਨ
‘ਤੇ ਉਹ ਚੰਡੀਗੜ੍ਹ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ।ਦੋ ਦਿਨਾਂ ਬਾਦ ਜਦ
ਯੂਨੀਂਵਰਸਿਟੀ ਸਟੂਡੈਂਟਸ ਆਰਗਨਾਈਜੇਸ਼ਨ ਦੇ ਆਗੂ ਮੁੰਡਿਆਂ ਨੇਂ ਗੁਰਦਾਸ ਮਾਨ ਦਾ ਹਾਲ ਚਾਲ
ਪੁੱਛ ਕੇ ਵਾਪਸ ਯੂਨੀਵਰਸਿਟੀ ਆ ਕੇ ਮਾਨ ਸਾਹਿਬ ਦੀ ਤੰਦਰੁਸਤੀ ਦੀ ਖਬਰ ਸੁਣਾਈ ਤਾਂ ਸਭ ਨੇ
ਰੱਬ ਦਾ ਸ਼ੁਕਰ ਕੀਤਾ।ਗੁਰਦਾਸ ਮਾਨ ਵੀ ਹਾਲ ਪੁੱਛਣ ਗਏ ਯੂਨੀਂਵਰਸਿਟੀ ਦੇ ਮੁੰਡਿਆਂ ਨੂੰ ਦੇਖ
ਕੇ ਬੇਹੱਦ ਖੁਸ਼ ਹੋਇਆਂ ‘ਤੇ ਮਿਥੇ ਸਮੇਂ ਤੇ ਪ੍ਰੋਗਰਾਮ ਪੇਸ਼ ਕਰਨ ਦਾ ਭਰੋਸਾ ਵੀ ਦਿੱਤਾ।ਇਸ
ਖਬਰ ਨੇਂ ਫਿਰ ਤੋਂ ਸਭ ਦੇ ਚਿਹਰਿਆਂ ‘ਤੇ ਫਿਰ ਤੋਂ ਰੌਣਕ ਲੈ ਆਂਦੀ ਅਤੇ ਫਿਰ ਤੋਂ ਜੋਰਾਂ
ਸ਼ੋਰਾਂ ਨਾਲ ਤਿਆਰੀਆਂ ਆਰੰਭ ਹੋ ਗਈਆਂ।ਆਰਗਾਨਾਈਜੇਸ਼ਨ ਦਾ ਮੈਂਬਰ ਹੋਣ ਦੇ ਨਾਤੇ ਸਿਰ ਉੱਪਰ
ਪਹਾੜ ਜਿੱਡੀ ਜਿੰਮੇਂਦਾਰੀ ਵੀ ਸੀ ਪਰ ਹਰ ਸ਼ਾਂਮ ਹੋਸਟਲ ਵਿੱਚ ਯਾਰਾਂ ਦੋਸਤਾਂ ਨਾਲ ਮਹਿਫਲਾਂ
ਸਜਾਉਣੋਂ ਨਾਂ ਭੁਲਦੇ।ਇੱਕ ਇੱਕ ਦਿਨ ਉਡੀਕਦਿਆਂ ਨੂੰ ਆਖਿਰ ਉਹ ਦਿਨ ਵੀ ਆ ਗਿਆ ਜਦ
ਵਿਦਿਆਰਥੀਆਂ ਦੀਆਂ ਆਸਾਂ ਨੂੰ ਬੂਰ ਪੈਣਾਂ ਸੀ।ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਵੱਖ
ਵੱਖ ਕਲਾਵਾਂ ਦੇ ਮੁਕਾਬਲਿਆਂ ਦੀ ਦੌੜ ਭੱਜ ਨੇ ਬੇਸ਼ੱਕ ਥਕਾ ਦਿੱਤਾ ਸੀ ਪਰ ਆਖਰੀ ਦਿਨ
ਗੁਰਦਾਸ ਮਾਨ ਨੂੰ ਸੁਣਨ ਦੀ ਤਾਂਘ ਥੱਕਣ ਵੀ ਨਹੀਂ ਦੇ ਰਹੀ ਸੀ ‘ਤੇ ਚਿੱਤ ਉੱਡੂੰ ਉੱਡੂੰ
ਕਰਦਾ ਰਹਿੰਦਾ।ਖੈਰ ਦਿਨ ਚੜਦੇ ਸਾਰ ਹੀ ਗੁਰੁ ਤੇਗ ਬਹਾਦਰ ਹਾਲ ਵਿੱਚ ਮੀਟਿੰਗ ਸੱਦੀ ਗਈ ਜਿਸ
ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ
,ਪ੍ਰਸ਼ਾਸ਼ਨ,ਡਾਇਰੈਕਟਰ ਯੂਥ ਭਲਾਈ,ਡੀਨ ਸਹਿਬ,ਸਕਿਉਰਟੀ ਕਮਾਂਡਰ ਅਤੇ ਆਰਗਨਾਈਜੇਸ਼ਨ ਦੇ ਆਗੂ
ਮੈਂਬਰਾਂ ਸਮੇਤ ਅਸੀਂ ਵੀਹ ਕੁ ਹੋਰ ਸਟੂਡੈਂਟ ਵੀ ਸ਼ਾਮਲ ਹੋਏ,ਪ੍ਰੋਗਰਾਮ ਨੂੰ ਸਫਲਤਾ ਨਾਲ
ਨੇਪਰੇ ਚਾੜਨ ਲਈ ਸਭ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ।ਹਾਲ ਦੀ ਸਟੇਜ ਨੂੰ ਸਜਾਉਣ ਦੀ
ਜਿੰਮੇਦਾਰੀ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਆਪਣੇਂ ਸਿਰ ਲੈ ਲਈ।ਦੁਪਹਿਰ ਦੇ ਦੋ ਵਜੇ ਤੱਕ
ਸਭ ਨੇਂ ਆਪਣੀਆਂ ਡਿਊਟੀਆਂ ਆ ਸੰਭਾਲੀਆਂ ‘ਤੇ ਹਾਲ ਭਰਨਾਂ ਸ਼ੁਰੂ ਹੋ ਗਿਆ।ਯੂਨੀਵਰਸਿਟੀ ਦੀਆਂ
ਵਿਦਿਆਰਥੀ ਕੁੜੀਆਂ ਨੇਂ ਤਾਂ ਪਹਿਲਾਂ ਹੀ ਹਾਲ ਦਾ ਇੱਕ ਪਾਸਾ ਮੱਲ ਲਿਆ।ਯੂਨੀਵਰਸਿਟੀ ਦੇ
ਵਿਦਿਆਰਥੀਆਂ ਤੋਂ ਇਲਾਵਾ ਬਾਹਰਲੇ ਕਾਲੇਜਾਂ ਤੋਂ ਵੀ ਸਟੂਡੈਂਟਸ ਦਾ ਆਉਣਾਂ ਸੁਭਾਵਿਕ ਹੀ
ਸੀ।ਪਰ ਵਿਵਸਥਾ ਇਹ ਕੀਤੀ ਗਈ ਕਿ ਸਕਿਉਰਟੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪਹਿਲ ਦੇ ਤੌਰ
‘ਤੇ ਹਾਲ ਅੰਦਰ ਜਾਂਣ ਦੇਵੇਗੀ ਉਹ ਵੀ ਬਕਾਇਦਾ ਆਈਡੈਂਟਇਟੀ ਕਾਰਡ ਚੈੱਕ ਕਰ ਕੇ।ਲੇਕਿਨ ਫਿਰ
ਵੀ ਪਹਿਲੀਆਂ ਵਿੱਚ ਹੀ ਬਾਹਰਲੇ ਵਿਦਿਆਰਥੀ ਯੂਨੀਂਵਰਸਿਟੀ ਦੇ ਕਿਸੇ ਅਧਿਆਪਕ ਜਾਂ ਵਿਦਿਆਰਥੀ
ਨਾਲ ਜਾਂਣ ਪਛਾਂਣ ਹੋਣ ਕਰਕੇ ਦਾਖਲ ਹੋ ਰਹੇ ਸਨ।ਪ੍ਰੋਗਰਾਮ ਦੇ ਸ਼ੁਰੂ ਵਿੱਚ ਯੂਨੀਂਵਰਸਿਟੀ
ਦੇ ਆਪਣੇਂ ਵਿਦਿਆਰਥੀਆਂ ਨੇਂ ਗਿੱਧੇ ਭੰਗੜੇ,ਗੀਤ ਮੋਨੋਂਐਕਟਿੰਗ ਆਦਿ ਦੁਆਰਾ ਚੰਗਾ ਰੰਗ
ਬੰਨਿਆਂ।ਰਾਣਾਂ ਰਣਬੀਰ ਨੇ ਸਟੇਜ ਸੰਭਾਲ ਰੱਖੀ ਹੋਈ ਸੀ।ਉਦੋਂ ਉਹ ਯੂਨੀਵਰਸਿਟੀ ਦੇ ਥੀਏਟਰ
ਵਿਭਾਗ ਵਿੱਚ ਨੌਕਰੀ ਕਰਦਾ ਹੁੰਦਾ ਸੀ ।ਮੇਰੇ ਸਮੇਤ ਸਾਡੀ ਚਾਰ ਪੰਜ ਮੁੰਡਿਆਂ ਦੀ ਟੋਲੀ
ਮੇਲੇ ਦੀਆਂ ਜਿੰਮੇਂਵਾਰੀਆਂ ਤੋਂ ਮੁਕਤ ਹੋ ਕੇ ਹੋਸਟਲ ਚਲੀ ਗਈ ਤਾਂ ਕੇ ਆਰਾਮ ਨਾਲ ਤਿਆਰ ਹੋ
ਕੇ ਗੁਰਦਾਸ ਮਾਨ ਦੇ ਸ਼ੋਅ ਦਾ ਆਨੰਦ ਮਾਣਾਂਗੇ।ਜਾਵਾਨੀ ਉਮਰੇ ਸੋਹਣੇਂ ਦਿਖਣ ਲਈ ਅਸੀਂ ਹਰ
ਹਰਬਾ ਵਰਤ ਰਹੇ ਸੀ,ਕੋਈ ਕੱਪੜਿਆਂ ‘ਤੇ ਪਰੈੱਸ ਘਸਾਉਣ ਵਿੱਚ ਮਸਤ ਸੀ ‘ਤੇ ਕੋਈ ਇਤਰ ਫੁਲੇਲ
ਲਗਾਉਣ ਵਿੱਚ ਲੱਗਾ ਹੋਇਆ ਸੀ।ਦੋ ਤਿੰਨ ਸਾਥੀ ਸਾਥੋਂ ਜਲਦੀ ਤਿਆਰ ਹੋ ਕੇ ਹੋਸਟਲ ਚੋਂ ਨਿੱਕਲ
ਗਏ।ਆਰਾਮ ਫੁਰਮਾਉਂਦੇ ਅਤੇ ਤਿਆਰ ਹੁੰਦਿਆਂ ਨੂੰ ਪਤਾ ਹੀ ਨਾਂ ਲੱਗਾ ਕੇ ਕਦ ਸ਼ਾਮ ਦੇ ਚਾਰ
ਵੱਜ ਗਏ।ਮੈਂ ਅਤੇ ਮੇਰਾ ਇੱਕ ਹੋਰ ਸਾਥੀ ਜਦ ਬਾਬੂ ਬਣ ਕੇ ਹਾਲ ਕੋਲ ਪਹੁੰਚੇ ਤਾਂ ਅੰਦਰੋਂ
ਮਨਮੋਹਨ ਵਾਰਿਸ ਦੇ ਗੀਤ ‘ਨੀਂ ਆਜਾ ਭਾਬੀ ਝੁਟ ਲੈ ਪੀਂਘ ਹੁਲਾਰੇ ਲੈਂਦੀ” ਸੁਣ ਕੇ ਮਨ ਹਾਲ
ਅੰਦਰ ਜਾਂਣ ਨੂੰ ਕਾਹਲਾ ਪੈਂਣ ਲੱਗਾ।ਹਾਲ ਦੇ ਦੋਨਾਂ ਗੇਟਾਂ ‘ਤੇ ਬਹੁਤ ਸਾਰੇ ਮੁੰਡੇ
ਕੁੜੀਆਂ ਖੜੇ ਹੋਏ ਸਨ ਜੋ ਸ਼ਾਇਦ ਅੰਦਰ ਜਾਣ ਲਈ ਇੰਤਜਾਰ ਕਰ ਰਹੇ ਸਨ।ਜਦ ਮੈਂ ‘ਤੇ ਮੇਰਾ
ਸਾਥੀ ਹਾਲ ਦੇ ਮੇਨ ਗੇਟ ਤੋਂ ਦੀ ਅੰਦਰ ਜਾਂਣ ਲੱਗੇ ਤਾਂ ਉਥੇ ਖੜੇ ਸਕਿਉਰਟੀ ਦੇ ਇੱਕ ਅਫਸਰ
ਨੇਂ ਅੱਗੇ ਹੋ ਕੇ ਰੋਕ ਲਿਆ ‘ਤੇ ਪਛਾਂਣ ਪੱਤਰ ਦਿਖਾਉਣ ਲਈ ਕਿਹਾ।ਉਸ ਦਾ ਰਵੱਈਆਂ ਥੋੜਾ ਸ਼ਖਤ
ਸੀ।ਪਛਾਣ ਪੱਤਰ ਦਿਖਾਉਣ ਦੀ ਉਹਦੀ ਗੱਲ ਸਾਨੂੰ ਆਪਣੀਂ ਬੇਇਜਤੀ ਜਿਹੀ ਮਹਿਸੁਸ ਹੁੰਦੀ
ਜਾਪੀ।ਉਸਨੂੰ ਸਮਝਾਇਆ ਕਿ ਅਸੀ ਇਸੇ ਯੂਨੀਂਵਰਸਿਟੀ ਦੇ ਸਟੂਡੈਂਟ ਹਾਂ ‘ਤੇ ਇਹ ਮੇਲਾ ਕਰਵਾ
ਰਹੀ ਆਰਗੇਨਾਈਜੇਸ਼ਨ ਦੇ ਸਰਗਰਮ ਮੈਂਬਰ ਹਾਂ,ਪਿਛਲੇ ਤਿੰਨ ਦਿਨਾਂ ਤੋਂ ਖੁਦ ਇਸ ਮੇਲੇ ਦੇ
ਪ੍ਰਬੰਧਾਂ ਵਿੱਚ ਲੱਗੇ ਹੋਏ ਹਾਂ ਅਤੇ ਦੋ ਘੰਟੇ ਪਹਿਲਾਂ ਹੀ ਇਸੇ ਹਾਲ ਚੋਂ ਹੋਸਟਲ ਤਿਆਰ
ਹੋਣ ਲਈ ਗਏ ਹਾਂ,ਫਲਾਣੇਂ ਡਿਪਾਰਟਮੈਂਟ ਵਿੱਚ ਪੜਦੇ ਹਾਂ ‘ਤੇ ਫਲਾਣੇਂ ਫਲਾਣੇਂ ਟੀਚਰਾਂ ਨਾਲ
ਵਾਕਫੀਅਤ ਹੈ।ਪਰ ਉਹ ਅੱਖੜ ਸੁਭਾਅ ਦਾ ਸਕਿਉਰਟੀ ਅਫਸਰ ਜਿਹੜਾ ਪਹਿਲੋਂ ਹੀ ਯੂਨੀਂਵਰਸਿਟੀ
ਤੋਂ ਬਾਹਰਲੇ ਹੋਰ ਕਾਲੇਜਾਂ ਦੇ ਸਟੂਡੈਂਟਸ ਦੀ ਅੰਦਰ ਜਾਂਣ ਲਈ ਮਚਾਈ ਹੁਲੜਬਾਜੀ ਤੋਂ ਤੰਗ
ਆਇਆ ਹੋਇਆ ਸੀ,ਸਾਨੂੰ ਰੋਹਬ ਨਾਲ ਬਾਹਰ ਜਾਂਣ ਲਈ ਕਹਿਣ ਲੱਗਾ।ਅਸੀਂ ਬੇਸ਼ੱਕ ਉਸਨੂੰ ਆਪਣੇਂ
ਪਛਾਂਣ ਪੱਤਰ ਦਿਖਾਉਣ ਲਈ ਵੀ ਤਿਆਰ ਸਾਂ ਪਰ ਉਹ ਆਪਣੇਂ ਅਫਸਰੀ ਰੋਹਬ ਕਾਰਨ ਸਾਡੀ ਕੋਈ ਗੱਲ
ਸੁਣਨ ਨੂੰ ਤਿਆਰ ਹੀ ਨਹੀਂ ਸੀ।ਬੜੀ ਬਿਪਤਾ ਆਂਣ ਖੜੀ ਹੋਈ,ਜਿਸ ਕੰਮ ਲਈ ਦਿਨ ਰਾਤ ਇੱਕ
ਕੀਤਾ,ਮਿਹਨਤ ਕੀਤੀ,ਉਸਦਾ ਆਹ ਇਨਾਮ ਮਿਲਿਆ।ਆਪਣੇਂ ਹੀ ਘਰੇ ਬਿਗਾਨੇਂ ਬਣੇ ਖੜੇ ਸਾਂ।ਪਰ
ਆਪਣੇ ਮਹਿਬੂਬ ਗਾਇਕ ਨੁੂੰ ਸੁਣਨ ਦੀ ਇੱਛਾ ਹੋਰ ਤੀਬਰ ਹੋਈ ਜਾ ਰਹੀ ਸੀ।ਹੁਣ ਅੰਦਰ ਕਿਵੇਂ
ਜਾਇਆ ਜਾਵੇ?ਦਿਮਾਗ ਦੇ ਘੋੜੇ ਦਵਾਉਣੇਂ ਸ਼ੁਰੂ ਕੀਤੇ ਤਾਂ ਖਿਆਲ ਆਇਆ ਕਿ ਸਾਡੇ ਹੋਸਟਲ ਦੇ
ਵਾਰਡਨ ਅਤੇ ਵਾਕਫੀਕਾਰ ਯੂਨੀਂਵਰਸਿਟੀ ਦੇ ਜਰਨਲਿਜਮ ਵਿਭਾਗ ਦੇ ਪ੍ਰੋਫੈਸਰ ਡਾਕਟਰ ਹਰਜਿੰਦਰ
ਵਾਲੀਆ ਜੀ ਨੇਂ ਕਦੋ ਕੰਮ ਆਉਣੈਂ?ਪਰ ਪਤਾ ਲੱਗਾ ਕਿ ਵਾਲੀਆ ਸਹਿਬ ਤਾਂ ਪਹਿਲਾਂ ਹੀ ਹਾਲ
ਅੰਦਰ ਮੌਜੂਦ ਹਨ ਤੇ ਹਾਲ ਵਿਚਲੀਆਂ ਪ੍ਰਬੰਧਕੀ ਗਤੀਵਿਧੀਆਂ ਵਿੱਚ ਮਸ਼ਰੂਫ ਹਨ।ਦੂਜੇ
ਵਾਕਫੀਕਾਰ ਅਤੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਜਿੰਨ੍ਹਾਂ ਨਾਲ ਮੇਰੀ ਸਹਿਤਕ ਸਾਂਝ
ਸੀ,ਡਾਕਟਰ ਸਤੀਸ਼ ਕੁਮਾਰ ਵਰਮਾਂ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ
ਵਰਮਾਂ ਸਾਹਿਬ ਵੀ ਹਾਲ ਅੰਦਰ ਸਟੇਜ ਸੰਚਾਲਕੀ ਦੀ ਜਿੰਮੇਦਾਰੀ ਸੰਭਾਲ ਰਹੇ ਸਨ।ਉਹਨਾਂ ਨਾਲ
ਵੀ ਸੰਪਰਕ ਨਾਂ ਹੋ ਸਕਿਆ।ਆਪਣੇ ਕੁੱਝ ਹੋਰ ਸਾਥੀਆਂ ਅਤੇ ਆਰਗਾਨਈਜੇਸ਼ਨ ਦੇ ਆਗੂਆਂ ਨਾਲ ਵੀ
ਕੋਸ਼ਿਸ਼ਾਂ ਦੇ ਬਾਵਜੂਦ ਵੀ ਸੰਪਰਕ ਨਾਂ ਹੋ ਸਕਿਆਂ ਕਿਉਂਕਿ ਸਭ ਪਹਿਲਾਂ ਹੀ ਹਾਲ ਅੰਦਰ ਆਪੋ
ਆਪਣੀਆਂ ਡਿਊਟੀਆਂ ਸੰਭਾਲੀ ਬੈਠੇ ਸਨ।ਗੱਲ ਕੀ ਜਿੰਨ੍ਹਾਂ ਨਾਲ ਵੀ ਮਾੜੀ ਮੋਟੀ ਜਾਂਣ ਪਛਾਂਣ
ਸੀ ਸਭ ਹਾਲ ਅੰਦਰ ਜਾ ਚੁੱਕੇ ਸਨ।ਬੜੀ ਅਜੀਬ ਸਥਿਤੀ ਬਣ ਗਈ ਪਰ ਕੋਈ ਪੇਸ਼ ਨਹੀਂ ਜਾ ਰਹੀ
ਸੀ।ਮੇਰਾ ਸਾਥੀ ਅਤੇ ਉਸਦਾ ਇੱਕ ਹੋਰ ਕਲਾਸਫੈਲੋ ਗੱਲ ਨਾਂ ਬਣਦੀ ਦੇਖ ਕੇ ਵਾਪਸ ਜਾਂਣ ਦੀ
ਜਿੱਦ ਕਰਨ ਲੱਗੇ ਤਾਂ ਕਿ ਪਟਿਆਲੇ ਸ਼ਹਿਰ ‘ਚ ਜਾ ਕੇ ਕੋਈ ਹੋਰ ਮਨੋਂਰੰਜਨ ਕੀਤਾ ਜਾ ਸਕੇ।ਪਰ
ਇਸ ਗੱਲ ਲਈ ਰਾਜੀ ਨਹੀਂ ਸੀ।ਸੋ ਮੈਂ ਇਕੱਲਾ ਹੀ ਡਟਿਆ ਰਿਹਾ ਕਿ ਕੋਈ ਨਾਂ ਕੋਈ ਨਾਂ ਕੋਈ
ਸਕੀਮ ਤਾਂ ਜਰੂਰ ਬਣੇਗੀ ਅੰਦਰ ਜਾਂਣ ਲਈ ਅਤੇ ਆਪਣੇਂ ਮਹਿਬੂਬ ਗਾਇਕ ਨੂੰ ਸੁਣਨ ਦੀ।ਹਾਲ ਦੇ
ਬਾਹਰ ਹੋਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਮੇਰੇ ਵਰਗੀ ਸਥਿਤੀ ਵਿੱਚ ਹੀ ਹਾਲ ਦੇ ਅੰਦਰ
ਜਾਂਣ ਦੀ ਆਸ ਵਿੱਚ ਖੜੇ ਸਨ।ਏਨੇਂ ਨੂੰ ਹਾਲ ਦੇ ਗੇਟ ਕੋਲ ਇੱਕ ਚਿੱਟੇ ਰੰਗ ਦੀ ਵੱਡੀ ਸਾਰੀ
ਵੈਂਨ ਤੇਜੀ ਨਾਲ ਆ ਕੇ ਰੁਕੀ।ਬੜੀ ਤੇਜੀ ਨਾਲ ਉਸ ਵੈਨ ਵਿੱਚੋਂ ਤਿੰਨ ਚਾਰ ਬੰਦੇ ਹੱਥਾਂ
ਵਿੱਚ ਭਾਰੀ ਜਿਹੇ ਦਿਸਦੇ ਬਕਸੇ ਫੜੀ ਥੱਲੇ ਉੱਤਰੇ।ਅਖੀਰ ਵਿੱਚ ਇੱਕ ਮਧਰੇ ਜਿਹੇ ਕੱਦ ਦਾ
ਬੰਦਾ ਦੋਨੇਂ ਹੱਥਾਂ ਵਿੱਚ ਦੋ ਛੋਟੇ ਜਿਹੇ ਬਕਸੇ ਫੜੀ ਵੈਨ ਵਿੱਚੋਂ ਹੇਠਾਂ ਉਤਰਿਆ ਤਾਂ
ਸਾਹਮਣੇਂ ਖੜੇ ਦੀਆਂ ਮੇਰੀਆਂ ਨਜਰਾਂ ਉਸ ਨਾਲ ਮਿਲੀਆਂ ਤਾਂ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ
ਅਤੇ ਸਾਰਾ ਮਸਲਾ ਝੱਟ ਦਿਮਾਗ ਨੇਂ ਸਮਝ ਲਿਆ।ਇਸ ਮਧਰੇ ਜਿਹੇ ਸ਼ਖਸ ਦਾ ਨਾਂ ‘ਭੋਲਾ‘ ਸੀ
ਜਿਹੜਾ ਗੁਰਦਾਸ ਮਾਨ ਦਾ ਸਭ ਤੋਂ ਪੁਰਾਣਾਂ ਸਜਿੰਦਾ ਸਾਥੀ ਹੈ।ਭੋਲਾ ਮਾਨ ਸਹਿਬ ਨਾਲ ਢੋਲਕ
ਤੇ ਸਾਥ ਦਿੰਦਾ ਹੈ ‘ਤੇ ਮੇਰੇ ਆਪਣੇਂ ਸ਼ਹਿਰ ਬਠਿੰਡੇ ਦਾ ਰਹਿਣ ਵਾਲਾ ‘ਤੇ ਉਹ ਵੀ ਮੇਰਾ
ਗਵਾਂਢੀ।ਮੈਨੂੰ ਦੇਖਦੇ ਹੀ ਉਸਨੇਂ ਮੇਰੇ ਵੱਲ ਨੂੰ ਕਦਮ ਪੁੱਟ ਲਏ ਤੇ ਦੁਆ ਸਲਾਮ ਤੋਂ ਬਾਅਦ
ਉਸ ਨੇਂ ਮੈਂਨੂੰ ਉੱਥੇ ਖੜ੍ਹਨ ਦਾ ਕਾਰਨ ਪੁੱਛਿਆ ਤਾਂ ਮੈਂ ਝੱਟ ਸਾਰਾ ਕਿੱਸਾ ਬਿਆਨ ਕਰ
ਦਿੱਤਾ।ਦਰਅਸਲ ਭੋਲਾ ਬਠਿੰਡੇ ਦਾ ਉਹ ਸ਼ਖਸ਼ ਹੈ ਜਿਸਨੂੰ ਸਾਰਾ ਸ਼ਹਿਰ ‘ਭੋਲਾ ਢੋਲਕੀ ਵਾਲਾ‘ ਦੇ
ਨਾਂ ਨਾਲ ਜਾਂਣਦਾ ਹੈ।ਮੇਰਾ ਗਵਾਂਢੀ ਹੋਂਣ ਕਰਕੇ ਉਸ ਨਾਲ ਕਦੇ ਕਦੇ ਭੇਂਟ ਵਾਰਤਾ ਹੁੰਦੀ
ਰਹਿੰਦੀ ਸੀ।ਜਦ ਮੈਂ ਬਠਿੰਡੇ ਡੀ.ਏ.ਵੀ.ਕਾਲੇਜ ਵਿੱਚ ਪੜ੍ਹਦਾ ਸੀ ਤਾਂ ਭੋਲਾ ਕਾਲੇਜ ਵਿੱਚ
ਸਾਨੂੰ ਯੂਥ ਫੈਸਟੀਵਲ ਲਈ ਗਿੱਧੇ,ਭੰਗੜੇ ਤੇ ਗੀਤ ਸੰਗੀਤ ਕੰਪੀਟੀਸ਼ਨ ਲਈ ਤਿਆਰੀ ਕਰਵਾਉਂਦਾ
ਹੁੰਦਾ ਸੀ।ਭੋਲੇ ਨਾਲ ਇੱਕ ਦੋ ਇੰਟਰਵਿਊ ਕਰਕੇ ਵੀ ਮੈਂ ਵੱਖ ਵੱਖ ਅਖਬਾਰਾਂ ਵਿੱਚ ਛਪਵਾਈਆਂ
ਸਨ।ਸੋ ਉਸ ਨਾਲ ਚੰਗੀ ਸਾਂਝ ਬਣ ਗਈ ਸੀ।ਅੱਜ ਕਰੀਬ ਚਾਰ ਸਾਲਾਂ ਦੇ ਵਕਫੇ ਪਿੱਛੋਂ ਜਦ ਉਸਨੇਂ
ਮੈਂਨੂੰ ਪਛਾਂਣਿਆਂ ਤਾਂ ਮੈਂ ਹੈਰਾਨ ਰਹਿ ਗਿਆ।ਗੁਰਦਾਸ ਮਾਨ ਦੇ ਸਾਰੇ ਸਜਿੰਦੇ ਆਪਣੇਂ
ਸਾਜਾਂ ਸਮੇਤ ਅੰਦਰ ਜਾ ਚੁੱਕੇ ਸਨ।ਮੈਂ ਅਤੇ ਭੋਲਾ ਗੱਲਾਂ ਵਿੱਚ ਮਸ਼ਰੂਫ ਖੜੇ ਸੀ।ਮੇਰੀ
ਸਥਿਤੀ ਭਾਂਪਦਿਆਂ ਭੋਲੇ ਨੇਂ ਮੁਸਕਰਾਉਂਦੇ ਹੋਏ ਆਪਣੇਂ ਹੱਥਾਂ ਵਿੱਚ ਫੜੇ ਦੋ ਬਕਸਿਆਂ
ਵਿੱਚੋਂ ਇੱਕ ਮੈਂਨੂੰ ਫੜਾ ਕੇ ਆਪਣੇਂ ਨਾਲ ਨਾਲ ਆਉਣ ਨੂੰ ਕਿਹਾ।ਹੱਥ ਵਿੱਚ ਕਿਸੇ ਸਾਜ ਵਾਲਾ
ਬਕਸਾ ਫੜੀ ਮੈਂ ਵੀ ਆਪਣੇਂ ਆਪ ਨੂੰ ਮਾਨ ਸਹਿਬ ਦਾ ਸਜਿੰਦਾ ਹੋਂਣ ਦਾ ਭਰਮ ਪਾਲ ਕੇ ਖੁਸ਼ ਹੋ
ਰਿਹਾ ਸੀ।ਜਦ ਅਸੀਂ ਦੋਵੇਂ ਪਿਛਲੇ ਗੇਟ ਰਾਹੀਂ ਅੰਦਰ ਜਾਂਣ ਲੱਗੇ ਤਾਂ ਭੋਲੇ ਨੇਂ ਸਕਿਉਰਟੀ
ਗਾਰਡ ਨੂੰ ਮੇਰਾ ਅਤੇ ਆਪਣਾਂ ਗੁਰਦਾਸ ਮਾਨ ਦੇ ਸਜਿੰਦੇ ਹੋਣ ਦਾ ਤੁਆਰਫ ਕਰਵਾ ਦਿੱਤਾ।ਸਟੇਜ
ਦੇ ਪਿੱਛੇ ਜਾ ਕੇ ਬਾਕੀ ਸਜਿੰਦਿਆਂ ਕੋਲ ਜਾ ਕੇ ਭੋਲੇ ਨੇਂ ਸੀਨੀਂਅਰ ਆਰਟਿਸਟ ਹੋਂਣ ਦੇ
ਨਾਤੇ ਸਾਰੇ ਸਜਿੰਦਿਆਂ ਨੂੰ ਜਲਦੀ ਨਾਲ ਸਾਜ ਸੈੱਟ ਕਰਨ ਦੀ ਹਦਾਇਤ ਕਰ ਦਿੱਤੀ।ਮਨਮੋਹਨ
ਵਾਰਿਸ ਆਪਣਾਂ ਆਖਰੀ ਗੀਤ ਗਾ ਕੇ ਸਟੇਜ ਦੇ ਪਿੱਛਲੇ ਪਾਸਿਓ ਬਾਹਰ ਨੂੰ ਜਾ ਰਿਹਾ ਸੀ ਉਸਦੇ
ਸਜਿੰਦਿਆਂ ਨੇਂ ਜਲਦੀ ਨਾਲ ਆਪਣੇਂ ਸਾਜੋ ਸਮਾਨ ਨੂੰ ਇਕੱਠਾ ਕੀਤਾ ਜਿੱਥੇ ਹੁਣ ਮਾਨ ਸਹਿਬ ਦੇ
ਸਜਿੰਦੇ ਆਪਣੇਂ ਸਾਜ ਸੈੱਟ ਕਰਨ ਲੱਗ ਪਏ ਸਨ।ਪਰਦੇ ਦੇ ਪਿੱਛੇ ਸਟੇਜ ਤੇ ਭੋਲੇ ਦੇ ਨਾਲ ਮੈਂ
ਵੀ ਭੋਲੇ ਦੀ ਮੱਦਦ ਕਰਨ ਲੱਗਾ ਨਾਲ ਨਾਲ ਅਸੀ ਦੋਵੇਂ ਬਠਿੰਡੇ ਬਿਤਾਏ ਦਿਨਾਂ ਦੀਆਂ ਗੱਲਾਂ
ਛੇੜ ਲੈਂਦੇ।ਮੈਂ ਉਂਝ ਹੀ ਮਾਂਣ ਨਾਲ ਭਰਿਆ ਪਿਆ ਸੀ ਕਿ ਕਿੱਥੇ ਮੈਂ ਹਾਲ ਦੇ ਅੰਦਰ ਜਾਂਣ ਲਈ
ਤਰਸ ਰਿਹਾ ਸੀ,ਕਿੱਥੇ ਹੁਣ ਮਹਿਬੂਬ ਗਾਇਕ ਦੇ ਸਜਿੰਦਿਆਂ ਨਾਲ ਸਟੇਜ ਤੇ ਖੜਾ ਹਾਂ।ਅਜੇ ਵੀਹ
ਕੁ ਮਿੰਟ ਹੀ ਬੀਤੇ ਸਨ ਕਿ ਹਾਲ ਵਿੱਚ ਰੌਲਾ ਜਿਹਾ ਪੈ ਗਿਆ।ਜਦ ਥੋੜਾ ਜਿਹਾ ਪਰਦਾ ਪਾਸੇ
ਕਰਕੇ ਦੇਖਿਆ ਤਾਂ ਸਿਰ ਤੇ ਕੈਪ ਲਈ,ਭੁਰੇ ਜਿਹੇ ਰੰਗ ਦੀ ਪੈਂਟ ਸ਼ਰਟ ਪਾਈ ਗੁਰਦਾਸ ਮਾਨ ਸਟੇਜ
ਦੇ ਅਗਲੇ ਥੱਲੇ ਵਾਲੇ ਪਾਸਿਓਂ ਲੰਘਦੇ ਹੋਏ ਅੱਗੇ ਨੂੰ ਵਧਦਾ ਹੋਇਆ ਦਰਸ਼ਕਾਂ ਤੋਂ ਹੱਥ ਹਿਲਾ
ਹਿਲਾ ਕੇ ਸਨੇਹ ਪ੍ਰਾਪਤ ਕਰ ਰਿਹਾ ਸੀ।ਐਕਸੀਡੈਂਟ ਤੋਂ ਬਾਅਦ ਮਾਨ ਸਹਿਬ ਨੂੰ ਦੇਖ ਕੇ
ਵਿਦਿਆਰਥੀ ਬੇਕਾਬੂ ਹੋ ਰਹੇ ਸਨ।ਇੰਨੇ ਨੂੰ ਹੀ ਭੋਲੇ ਨੇਂ ਮਾਨ ਸਹਿਬ ਨਾਲ ਕੋਰਸ ਦੇਣ ਵਾਲੇ
ਮੁੰਡੇ ਅਤੇ ਮੈਂਨੂੰ ਆਪਣੇਂ ਨਾਲ ਸਟੇਜ ਦੇ ਪਿੱਛੇ ਬਣੇਂ ਗਰੀਨ ਰੂਮ ਵਿੱਚ ਚੱਲਣ ਨੂੰ ਕਿਹਾ
ਜਿੱਥੇ ਮਾਨ ਸਹਿਬ ਨੇਂ ਤਿਆਰ ਹੋਣਾਂ ਸੀ।ਕਮਰੇ ਵਿੱਚ ਪਹੁੰਚੇ ਤਾਂ ਮਾਨ ਸਹਿਬ ਯੂਨੀਂਵਰਸਿਟੀ
ਆਰਗਾਨਾਈਜੇਸ਼ਨ ਦੇ ਤਿੰਨ ਚਾਰ ਆਗੂ ਮੁੰਡਿਆਂ ਨਾਲ ਗੱਲਾਂ ਕਰ ਰਹੇ ਸਨ।ਭੋਲੇ ਨੇਂ ਮਾਨ ਸਹਿਬ
ਨੂੰ ਇੱਕ ਨਿੱਕਾ ਜਿਹਾ ਸੂਟਕੇਸ ਫੜਾਉਦੇ ਹੋਏ ਮਾਨ ਸਹਿਬ ਨਾਲ ਮੇਰੀ ਜਾਣ ਪਹਿਚਾਣ ਕਰਵਾਉਦੇ
ਹੋਏ ਹਾਲ ਅੰਦਰ ਆਉਣ ਦੀ ਮੇਰੀ ਸਾਰੀ ਸਥਿਤੀ ਜਦ ਬਿਆਨ ਕੀਤੀ ਤਾਂ ਮਾਨ ਸਹਿਬ ਦੇ ਨਾਲ ਨਾਲ
ਮੇਰੇ ਵਾਕਿਫ ਆਰਗਾਨਾਈਜੇਸ਼ਨ ਦੇ ਤਿੰਨ ਚਾਰ ਆਗੂ ਮੁੰਡੇ ਵੀ ਹੱਸ ਰਹੇ ਸਨ। ਕਈ ਸਰਸਰੀ ਗੱਲਾਂ
ਬਾਤਾਂ ਹੋਈਆਂ ਤੇ ਫਿਰ ਮੈਂ ਅਤੇ ਬਾਕੀ ਆਗੂ ਮੁੰਡੇ ਕਮਰੇ ਚੋਂ ਬਾਹਰ ਆ ਗਏ ਅਤੇ ਹਾਲ ਦੇ
ਅੰਦਰ ਅਗਲੇ ਪਾਸੇ ਮਾਨ ਸਹਿਬ ਨੂੰ ਸੁਣਨ ਦੀ ਉਡੀਕ ਕਰਨ ਲੱਗੇ।ਮਾਨ ਸਹਿਬ ਨੇਂ ਇਸ ਸ਼ੋਅ ਵਿੱਚ
ਬੜੀ ਹੀ ਰੀਜ ਨਾਲ ਗਾ ਕੇ ਸਭ ਲਈ ਇਹ ਸ਼ੋਅ ਇੱਕ ਕਦੇ ਨਾਂ ਭੁੱਲਣ ਵਾਲੀ ਯਾਦ ਬਣਾ ਦਿੱਤਾ।
ਫੋਨ-0061 4342 88301
e-mail: harmander.kang@gmail.com
-0-
|