ਵਾਕਿਆ ਇਹ ਮੇਰੀ ਪਿਛਲੇਰੀ 2014 ਵਾਲ਼ੀ ਪੰਜਾਬ ਯਾਤਰਾ ਸਮੇ ਦਾ ਹੈ। ਅਖ਼ਬਾਰ
ਵਿਚੋਂ ਖ਼ਬਰ ਪੜ੍ਹੀ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ, ਕੇਂਦਰੀ
ਪੰਜਾਬੀ ਲਿਖਾਰੀ ਸਭਾ ਵੱਲੋਂ ਪੰਜਾਬੀ ਦੀ ਉਨਤੀ ਬਾਰੇ ਵਿਚਾਰਾਂ ਕਰਨ ਲਈ
ਸੈਮੀਨਾਰ ਕੀਤਾ ਜਾ ਰਿਹਾ ਹੈ। ਮੈਂ ਤਾਂ ਅਜਿਹੇ ਮੌਕਿਆਂ ਦੀ ਉਡੀਕ ਵਿਚ ਹੀ
ਰਹਿੰਦਾ ਹਾਂ।
ਦੁਆਬੇ ਦੀ ਧੁੰਨੀ, ਜਲੰਧਰ ਸ਼ਹਿਰ ਵਿਚ ਇਹ ਦੇਸ਼ ਭਗਤ ਯਾਦਗਾਰ ਹਾਲ, ਉਹਨਾਂ
ਸੂਰਬੀਰ ਆਜ਼ਾਦੀ ਦੇ ਪ੍ਰਵਾਨੇ ਯੋਧਿਆਂ ਦੀ ਯਾਦ ਵਿਚ ਉਸਾਰਿਆ ਗਿਆ ਹੈ,
ਜਿਨ੍ਹਾਂ ਨੇ ਅਮ੍ਰੀਕਾ, ਕੈਨੇਡਾ, ਮਲਾਇਆ, ਚੀਨ ਆਦਿ ਦੇਸਾਂ, ਵਿਚ ਆਪਣੀਆਂ
ਚੰਗੀਆਂ ਕਮਾਈਆਂ ਵਾਲ਼ੇ ਕਾਰੋਬਾਰ ਛੱਡ ਕੇ, ਹਜ਼ਾਰਾਂ ਦੀ ਗਿਣਤੀ ਵਿਚ, ਦੇਸ਼
ਨੂੰ ਵਹੀਰਾਂ ਘੱਤ ਦਿਤੀਆਂ ਸਨ ਤਾਂ ਕਿ 1914 ਵਾਲ਼ੀ ਪਹਿਲੀ ਸੰਸਾਰ ਜੰਗ
ਦੀਆਂ ਘਟਨਾਵਾਂ ਤੋਂ ਲਾਭ ਉਠਾ ਕੇ, ਅੰਗ੍ਰੇਜ਼ਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ
ਕਰਵਾਇਆ ਜਾ ਸਕੇ। ਇਹ ਯਾਦਗਾਰ ਉਸਾਰਨ ਵਿਚ ਪ੍ਰਸਿਧ ਦੇਸ਼ ਭਗਤ ਬਜ਼ੁਰਗ,
ਬਾਬਾ ਗੁਰਮੁਖ ਸਿੰਘ ਜੀ ਨੇ ਬਾਕੀ ਦੇਸ਼ ਭਗਤ ਬਾਬਿਆਂ ਦੀ ਸਹਾਇਤਾ ਨਾਲ਼
ਉਸਾਰਿਆ ਹੈ। ਏਥੇ ਸੋਹਣੀ ਲਾਇਬ੍ਰੇਰੀ, ਸੈਮੀਨਾਰ ਹਾਲ, ਲੰਗਰ ਆਦਿ ਦਾ
ਸੋਹਣਾ ਇੰਤਜ਼ਾਮ ਹੈ। ਅੱਜ ਕਲ੍ਹ ਇਸ ਦੇ ਮੋਹਰੀ ਪ੍ਰਬੰਧਕਾਂ ਵਿਚ, ਮੇਰੇ
ਮਿੱਤਰ ਡਾ. ਵਰਿਆਮ ਸਿੰਘ ਸੰਧੂ ਵੀ ਸ਼ਾਮਲ ਹਨ। ਪਿਛਲੇਰੀ ਕਿਸੇ ਯਾਤਰਾ
ਦੌਰਾਨ ਉਹਨਾਂ ਦੇ ਨਾਲ਼ ਮੈਨੂੰ ਵੀ ਏਥੋਂ ਦੇ ਲੰਗਰ ਵਿਚੋਂ ਦੁਪਹਿਰ ਦਾ
ਪ੍ਰਸ਼ਾਦਾ ਛਕਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਪਰ ਉਸ ਸਮੇ ਮੈਂ ਲੰਗਰ ਦੀ
ਸੇਵਾ ਵਿਚ ਕੋਈ ਹਿੱਸਾ ਸੀ ਨਹੀਂ ਪਾ ਸਕਿਆ। ਅਗਲੀ ਯਾਤਰਾ ਸਮੇ ਇਸ ਗੱਲ ਦਾ
ਧਿਆਨ ਰੱਖਿਆ ਜਾਵੇਗਾ। ਵੈਸੇ ਮੈਂ ਜਲੰਧਰ ਦੇ ਹਰੇਕ ਚੱਕਰ ਸਮੇ ਇਸ ਹਾਲ ਦੀ
ਯਾਤਰਾ ਜਰੂਰ ਕਰਦਾ ਹਾਂ ਤੇ ਇਸ ਦੀ ਲਾਇਬ੍ਰੇਰੀ ਵਾਸਤੇ ਆਪਣੀਆਂ ਕਿਤਾਬਾਂ
ਵੀ ਭੇਟਾ ਕਰਕੇ ਆਉਂਦਾ ਹਾਂ।
ਇਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਬਿਨਾ ਕਿਸੇ ਸੱਦੇ ਦੇ, ਮੈਂ ਵੀ
ਅੰਮ੍ਰਿਤਸਰੋਂ ਬੱਸ ਵਿਚ ਚੜ੍ਹਿਆ ਤੇ ਜਲੰਧਰ ਜਾ ਵੜਿਆ। ਬੱਸ ਅੱਡੇ ਤੋਂ
ਟੈਂਪੂ ਤੇ ਸਵਾਰ ਹੋ ਕੇ ਦੇਸ਼ ਭਗਤ ਯਾਦਗਾਰ ਹਾਲ ਵਿਚ ਪ੍ਰਵੇਸ਼ ਕਰ ਲਿਆ।
ਵੱਡੇ ਬਾਹਰਲੇ ਗੇਟ ਤੋਂ ਅੰਦਰ ਵੜਦਿਆਂ ਹੀ, ਲੇਖਕ ਸਭਾ ਦੇ ਪ੍ਰਧਾਨ ਸ.
ਬਲਦੇਵ ਸਿੰਘ ਸੜਕਨਾਮਾ, ਸਭਾ ਦੇ ਸਕੱਤਰ ਸ. ਕਰਮਜੀਤ ਸਿੰਘ ਨਾਲ਼ ਮੈਨੂੰ
ਟੱਕਰ ਗਏ। ਕਰਮਜੀਤ ਸਿੰਘ ਜੀ ਤਾਂ ਚੁੱਪ ਰਹੇ, ਭਾਵੇਂ ਕਿ ਈ-ਮੇਲ ਰਾਹੀਂ
ਉਹ ਸਾਡੀ ਆਪਸੀ ਜਾਣਕਾਰੀ ਦੇ ਦਾਇਰੇ ਅੰਦਰ ਆਉਂਦੇ ਸਨ। ਕਈ ਸੱਜਣਾਂ ਦਾ
ਸੁਭਾ ਵੀ ਹੁੰਦਾ ਹੈ ਕਿ ਉਹ ਦੂਜਿਆਂ ਨਾਲ਼ੋਂ ਘੱਟ ਬੋਲਦੇ ਹਨ। ਪ੍ਰਧਾਨ ਜੀ
ਬੋਲੇ, “ਆਓ ਗਿਆਨੀ ਸੰਤੋਖ ਸਿੰਘ ਜੀ, ਅੱਜ ਅਸੀਂ ਏਥੇ ਤੁਹਾਡੀ ਕਿਤਾਬ
ਰੀਲੀਜ਼ ਕਰਨੀ ਹੈ। ਕਿਤਾਬਾਂ ਦੀਆਂ ਤਾਂ ਸਦਾ ਕੁਝ ਕਾਪੀਆਂ ਮੈਂ ਆਪਣੇ ਝੋਲ਼ੇ
ਵਿਚ ਰੱਖਦਾ ਹੀ ਹਾਂ ਤਾਂ ਕਿ ਮਿਲਣ ਵਾਲੇ ਵਿਦਵਾਨ ਸੱਜਣਾਂ ਨੂੰ ਭੇਟਾ
ਕੀਤੀਆਂ ਜਾ ਸਕਣ। ਉਸ ਸਾਲ 2014 ਵਿਚ ਛਪੀ ਆਪਣੀ ਨਿੱਕੜੀ ਜਿਹੀ ਕਿਤਾਬ
‘ਸਿਧਰੇ ਲੇਖ‘ ਦੀਆਂ ਕੁਝ ਕਾਪੀਆਂ ਆਪਣੇ ਝੋਲ਼ੇ ਵਿਚ ਪਾ ਕੇ ਮੈਂ ਨਾਲ਼ ਹੀ
ਲੈ ਗਿਆ ਹੋਇਆ ਸਾਂ। ਵਿਚਾਰ ਆਈ ਕਿ ਸ. ਬਲਦੇਵ ਸਿੰਘ ਜੀ ਮੈਨੂੰ ਕਿਵੇਂ
ਜਾਣਦੇ ਹਨ? ਇਕ ਵਾਰੀ ਸਿਰਫ਼ ਲੁਧਿਆਣੇ ਵਿਚ, ਲੇਖਕ ਸਭਾ ਦੀ ਚੋਣ ਸਮੇ
ਉਹਨਾਂ ਨਾਲ ਹੱਥ ਹੀ ਮਿਲਾਇਆ ਸੀ ਤੇ ਉਹ ਮੇਰੇ, ਉਹਨਾਂ ਅੱਗੇ ਵਧਾਏ ਹੋਏ
ਹੱਥ ਨੂੰ ਆਪਣਾ ਹੱਥ ਛੁਹਾ ਕੇ, ਬਿਨਾ ਕੁਝ ਬੋਲੇ ਤੇ ਬਿਨਾ ਮੇਰੇ ਵੱਲ
ਵੇਖੇ, ਅੱਗੇ ਲੰਘ ਗਏ ਸਨ ਤੇ ਅਜਿਹੀ ਭੀੜ ਭਾੜ ਸਮੇ ਦੀ ਮਿਲਣੀ, ਜਦੋਂ ਕਿ
ਉਹ ਪ੍ਰਧਾਨਗੀ ਦੀ ਚੋਣ ਲੜ ਰਹੇ ਸਨ, ਮੇਰੇ ਵਰਗਾ ਵਿਅਕਤੀ ਉਹਨਾਂ ਨੂੰ
ਕਿਵੇਂ ਯਾਦ ਰਹਿ ਗਿਆ! ਫਿਰ ਮੈਂ ਕੋਈ ਸਭਾ ਦਾ ਵੋਟਰ ਵੀ ਨਹੀਂ ਸਾਂ; ਸਿਰਫ
ਆਦਤ ਤੋਂ ਮਜਬੂਰ, ਰੌਣਕ ਮੇਲਾ ਵੇਖਣ ਲਈ ਲੁਧਿਆਣੇ ਗਿਆ ਹੋਇਆ ਸਾਂ। ਸੋਚਿਆ
ਕਿ ਇਹਨੂੰ ਕਿਵੇਂ ਪਤਾ ਹੈ ਕਿ ਮੈਂ ਕੌਣ ਹਾਂ ਤੇ ਲਿਖਦਾ ਵੀ ਹਾਂ ਤੇ ਏਥੇ
ਮੇਰੇ ਕੋਲ਼ ਕਿਤਾਬ ਵੀ ਹੈ। ਫਿਰ ਇਕ ਦਮ ਖਿਆਲ ਆਇਆ ਕਿ ਬਾਬੇ ਦੀ ਦਾਲ਼ ਵਿਚ
ਘਿਓ ਪਾਉਣ ਵੇਲ਼ੇ ‘ਪੁੱਛ ਪੁਛਈਏ‘ ਦੀ ਕੀ ਲੋੜ ਹੈ! ਜੇ ਇਹ ਮੈਨੂੰ ਏਨਾ ਮਾਣ
ਦੇ ਰਹੇ ਹਨ ਤਾਂ ਮੈਨੂੰ ਲੈਂਦਿਆਂ ਕਿਉਂ ਦੂਜਾ ਵਿਚਾਰ ਆਵੇ! ਨਾਲ਼ੇ ਪੁੰਨ
ਦੀ ਗਾਂ ਦੇ ਕੋਈ ਦੰਦ ਥੋਹੜੇ ਗਿਣੀਦੇ ਨੇ!
ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਆਏ ਹੋਏ ਸਾਹਿਤਕਾਰਾਂ ਵਾਸਤੇ ਬੜੇ ਸ਼ਾਨਦਾਰ
ਛਾਹ ਵੇਲ਼ੇ ਦਾ ਪ੍ਰਬੰਧ ਕੀਤਾ ਹੋਇਆ ਸੀ। ਬਹੁਤ ਸੋਹਣੇ ਪਕਵਾਨ ਆਉਣ ਵਾਲ਼ਿਆਂ
ਦੀ ਸੇਵਾ ਵਿਚ ਹਾਜਰ ਸਨ। ਇਸ ਛਾਹ ਵੇਲ਼ੇ ਸਮੇ ਦੌਰਾਨ ਇਹ ਵੀ ਗਿਆਨ ਹੋ ਗਿਆ
ਕਿ ਉਚੇਚਾ ਮਾਣ ਮੈਨੂੰ ਕਿਉਂ ਦਿਤਾ ਜਾ ਰਿਹਾ ਹੈ!
ਛਾਹ ਵੇਲ਼ਾ ਛਕਣ ਉਪ੍ਰੰਤ, ਭਾਈ ਸੰਤੋਖ ਸਿੰਘ ਕਿਰਤੀ ਦੀ ਯਾਦ ਵਿਚ ਬਣੇ
ਵਿਸ਼ਾਲ ਹਾਲ ਅੰਦਰ ਸਮਾਗਮ ਸ਼ੁਰੂ ਹੋਇਆ। ਉਸ ਵਿਸ਼ਾਲ ਇੱਕਠ ਵਿਚ, ਜਿਥੇ
ਪੰਜਾਬ ਭਰ ਵਿਚੋਂ ਵਿਦਵਾਨ ਸੱਜਣ ਆ ਕੇ ਸੁਸ਼ੋਭਤ ਸਨ, ਵਿਚ ਮੈਂ ਵੀ ਉਸ
ਸਮਾਗਮ ਵਿਚ ਬੋਲਣਾ ਚਾਹੁੰਦਾ ਸਾਂ। ਏਨੇ ਵਿਦਵਾਨਾਂ ਦੇ ਸਨਮੁਖ ਮੇਰੇ ਵਰਗੇ
ਨੂੰ ਵੀ ਬੋਲਣ ਦਾ ਸਮਾ ਮਿਲ਼ੇ, ਇਸ ਤੋਂ ਵਡੇਰੀ ਖ਼ੁਸ਼ੀ ਵਾਲ਼ੀ ਗੱਲ ਮੇਰੇ
ਵਾਸਤੇ ਹੋਰ ਕੇਹੜੀ ਹੋ ਸਕਦੀ ਹੈ! ਸਰੋਤਿਆਂ ਦੀ ਮੋਹਰਲੀ ਕਤਾਰ ਵਿਚ, ਮੇਰੇ
ਨਾਲ਼ ਹੀ ਸਭਾ ਦੇ ਮੀਤ ਪ੍ਰਧਾਨ, ਪ੍ਰਸਿਧ ਲੇਖਕ ਸੁਲਖਣ ਸਰਹੱਦੀ ਜੀ ਵੀ ਆ
ਬਿਰਾਜੇ। ਸਭਾ ਦੇ ਸਕੱਤਰ ਸ. ਕਰਮਜੀਤ ਸਿੰਘ ਜੀ ਮੰਚ ਸੰਚਾਲਣ ਕਰ ਰਹੇ ਸਨ।
ਮੈਂ ਸਰਹੱਦੀ ਜੀ ਨੂੰ ਆਖਿਆ ਕਿ ਉਹ ਸਕੱਤਰ ਜੀ ਨੂੰ ਮੇਰੇ ਨਾਂ ਦੀ ਵੀ
ਸਲਿੱਪ ਭੇਜਣ। ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪ ਜਾ ਕੇ ਸੱਕਤਰ ਜੀ ਨੂੰ
ਸਲਿੱਪ ਦਿਤੀ। ਬਹੁਤ ਸਾਰੇ ਬੁਲਾਰਿਆਂ ਨੂੰ ਬੁਲਾਇਆ ਜਾ ਰਿਹਾ ਸੀ ਤੇ ਮੇਰੀ
ਵਾਰੀ ਨਹੀਂ ਸੀ ਆ ਰਹੀ। ਮੈਨੂੰ ਇਉਂ ਲੱਗ ਰਿਹਾ ਸੀ ਕਿ ਜਿਵੇਂ ਮੇਰਾ ਪੱਤਾ
ਕੱਟਿਆ ਜਾ ਰਿਹਾ ਹੈ। “ਨਾਈਆਂ ਦੀ ਜੰਞ ਵਿਚ ਸਾਰੇ ਰਾਜੇ।“ ਵਾਲ਼ੀ ਕਹਾਵਤ
ਅਨੁਸਾਰ, ਸਾਰੇ ਪੰਜਾਬ ਤੋਂ ਹੀ ਲੇਖਕ ਤੇ ਵਿਦਵਾਨ ਓਥੇ ਆਏ ਹੋਏ ਸਨ। ਕਿਸ
ਕਿਸ ਬੁਲਾਰੇ ਨੂੰ ਕਿੰਨਾ ਕਿੰਨਾ ਸਮਾ ਦਿਤਾ ਜਾਵੇ, ਅਜਿਹੇ ਸਮੇ ਕਈ ਵਾਰੀਂ
ਇਹ ਵੀ ਪ੍ਰਬੰਧਕਾਂ ਵਾਸਤੇ ਵਾਹਵਾ ਵੱਡਾ ਮਸਲਾ ਹੋ ਨਿੱਬੜਦਾ ਹੈ। “ਇਕਿ ਦੂ
ਇਕ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥” (ਪੰਨਾ 762)। ਇਸ ਵਿਦਵਾਨਾਂ
ਦੇ ਭਰਵੇਂ ਮੇਲੇ ਵਿਚ, ਮੇਰੇ ਵਰਗੇ ਚੱਕੀ ਰਾਹ ਦੀ ਸੁਣੀ ਜਾਣੀ ਬੜੀ ਵੱਡੀ
ਗੱਲ ਸੀ। ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਸਰਹੱਦੀ ਸਾਹਿਬ ਦੀ ਸਿਫ਼ਾਰਸ਼ ਵਾਲ਼ਾ
ਫਾਇਰ ਵੀ ਫੋਕਾ ਹੀ ਗਿਆ! ਸਰਹੱਦੀ ਜੀ ਨੇ ਸਕੱਤਰ ਜੀ ਨੂੰ ਫਿਰ ਯਾਦ
ਕਰਵਾਇਆ। ਅਖੀਰ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ!“ ਸਾਰੇ ਬੁਲਾਰਿਆਂ ਤੋਂ
ਪਿੱਛੋਂ ਅਤੇ ਪ੍ਰਧਾਨ ਜੀ ਦੇ ਬੋਲਣ ਤੋਂ ਪਹਿਲਾਂ, ਮੇਰਾ ਨਾਂ ਸਟੇਜ ਤੋਂ
ਬੋਲਿਆ ਗਿਆ। ਓਥੇ ਸਾਰੇ ਪੰਜਾਬ ਵਿਚੋਂ ਖੱਬੇ ਪੱਖੀ ਸੋਚ ਰੱਖਣ ਵਾਲ਼ੇ
ਧੁਰੰਤਰ ਵਿਦਵਾਨਾਂ ਤੇ ਲੇਖਕਾਂ ਦਾ ਇਕੱਠ ਸੀ। ਉਹਨਾਂ ਵਿਚ ਕੁੜਤੇ ਪਜਾਮੇ
ਤੇ ਨੀਲੀ ਪੱਗ ਵਿਚ, ਇਕ ਖੁਲ੍ਹੀ ਦਾਹੜੀ ਵਾਲਾ ਤੇ ਆਪਣੇ ਨਾਂ ਨਾਲ਼ ਥਾਂ
ਥਾਂ ਬੜੇ ਮਾਣ ਨਾਲ਼, ਗਿਆਨੀ ਲਿਖਣ ਤੇ ਲਿਖਵਾਉਣ ਵਾਲਾ, ਮੈਂ ਵੱਖਰਾ ਜਿਹਾ
ਹੀ ਦਿਖਾਈ ਦੇ ਰਿਹਾ ਸਾਂ। ਅਜਿਹੇ ਸਮੇ ਮੈਨੂੰ 2010 ਦਾ ਸਮਾ ਯਾਦ ਆ ਗਿਆ।
ਨਿਊ ਜ਼ੀਲੈਂਡ ਦੇ ਕੁਝ ਉਤਸ਼ਾਹੀ ਨੌਜਵਾਨਾਂ ਨੇ, ਔਕਲੈਂਡ ਸ਼ਹਿਰ ਵਿਚ ਭਗਤ
ਸਿੰਘ ਦਾ ਸੌਵਾਂ ਜਨਮ ਦਿਨ ਮਨਾਉਣ ਦਾ ਉਦਮ ਕੀਤਾ। ਨੌਜਵਾਨ ਗੁਰਿੰਦਰ ਸਿੰਘ
ਢੱਟ ਨੇ ਮੈਨੂੰ ਵੀ ਓਥੇ ਬੋਲਣ ਲਈ ਸੱਦ ਲਿਆ। ਭਗਤ ਸਿੰਘ ਭਾਵੇਂ ਆਜ਼ਾਦੀ
ਅਤੇ ਇਨਸਾਫ਼ ਪਸੰਦ ਸਾਰੀ ਮਨੁਖਤਾ ਦਾ ਸਾਂਝਾ ਹੈ ਪਰ ਖੱਬੇ ਪੱਖੀ ਸੱਜਣ ਉਸ
ਉਪਰ ਕੁਝ ਵਧੇਰੇ ਹੀ ਮੇਰ ਜਤਾਉਂਦੇ ਹਨ। ਇਸ ਕਰਕੇ ਕੁਦਰਤੀ ਸੀ ਕਿ ਉਸ
ਇਕੱਠ ਵਿਚ ਖੱਬੀ ਵਿਚਾਰਧਾਰਾ ਵਾਲ਼ੇ ਸੱਜਣ ਹੀ ਵਧੇਰੇ ਹੋਣ! ਜਦੋਂ ਮੈਨੂੰ
ਸਟੇਜ ਉਪਰ ਬੋਲਣ ਲਈ, ਸਟੇਜ ਸਕੱਤਰ ਨੇ ਸੱਦਾ ਦਿਤਾ ਤੇ ਮੈਂ ਖਿੱਲਰੀ
ਦਾਹੜੀ, ਨੀਲੀ ਪੱਗ ਤੇ ਚਿੱਟੇ ਕੁੜਤੇ ਪਜਾਮੇ ਵਿਚ ਲਿਪਟਿਆ, ਸਟੇਜ ਤੇ ਜਾ
ਖਲੋਤਾ ਤੇ ਫਿਰ ਫ਼ਤਿਹ ਵੀ ਬੁਲਾ ਦਿਤੀ ਤੇ ਸਰੋਤਿਆਂ ਵਲੋਂ ਮੇਰੀ ਫ਼ਤਿਹ ਦਾ
ਭਰਵਾਂ ਹੁੰਗਾਰਾ ਨਾ ਆਉਣ ਤੇ, ਢਾਡੀ ਸਿੰਘਾਂ ਵਾਂਙ ਮੈਂ ਜ਼ਰਾ ਜ਼ਿਆਦਾ ਜੋਰ
ਦੇ ਕੇ ਦੁਬਾਰਾ ਫ਼ਤਿਹ ਬੁਲਾ ਦਿਤੀ। ਮੇਰਾ ਲਿਬਾਸ ਅਤੇ ਅਜਿਹਾ ਵਤੀਰਾ ਵੇਖ
ਕੇ ਕੁਝ ਸੱਜਣ ਗੁਰਿੰਦਰ ਸਿੰਘ ਢੱਟ ਵੱਲ ਵੇਖਣ ਲੱਗ ਪਏ ਤੇ ਸਰੋਤਿਆਂ ਵਿਚ
ਕੁਝ ‘ਘੁਸਰ ਮੁਸਰ‘ ਜਿਹੀ ਹੁੰਦੀ ਦਾ ਆਭਾਸ ਵੀ ਮੈਨੂੰ ਹੋਇਆ। ਕੁਝ ਸੱਜਣ
ਕੁਰਸੀਆਂ ਵਿਚ ਵੀ ਉਸਲਵੱਟੇ ਜਿਹੇ ਲੈਂਦੇ ਦਿਸੇ; ਉਠ ਕੇ ਭਾਵੇਂ ਹਾਲੋਂ
ਬਾਹਰ ਕੋਈ ਨਾ ਗਿਆ। ਸ਼ੁਕਰ ਰੱਬ ਦਾ ਕਿ ਮੇਰਾ ਬੋਲਣਾ ਸੁਣਨ ਤੋਂ ਪਿੱਛੋਂ
ਅਜਿਹੀ ‘ਹਿੱਲ ਜੁਲ‘ ਜਿਹੀ ਨਰਮ ਪੈ ਗਈ ਤੇ “ਅੰਤ ਭਲਾ ਸੋ ਭਲਾ।“ ਅਨੁਸਾਰ,
ਸਭ ਕੁਝ ਠੀਕ ਠਾਕ ਹੀ ਰਿਹਾ।
ਇਸ ਜਲੰਧਰ ਵਾਲ਼ੇ ਸਮਾਗਮ ਵਿਚ ਵੀ ਮੇਰਾ ਲਿਬਾਸ ਅਤੇ ਸ਼ਕਲ ਤਾਂ, ਸਦਾ ਵਾਂਙ,
ਓਹੋ ਜਿਹੀ ਹੀ ਸੀ ਪਰ ਕਿਉਂਕਿ ਸਭਾ ਦੇ ਪ੍ਰਧਾਨ ਨਾਲ਼ ਮੇਰੀ ਜਾਣ ਪਛਾਣ ਹੋ
ਜਾਣ ਕਰਕੇ, ਉਂਜ ਮੈਂ ਹੌਸਲੇ ਵਿਚ ਵੀ ਸਾਂ। ਜਦੋਂ ਮੈਂ ਬੋਲਿਆ ਤੇ ਕੁਝ
ਰੱਬ ਨੇ ਇਹੋ ਜਿਹਾ ਮੇਰੇ ਮੂੰਹੋਂ ਕਢਵਾਇਆ ਕਿ ਲੇਖਕਾਂ ਨਾਲ਼ ਭਰਪੂਰ ਹਾਲ
ਤਾਲੀਆਂ ਦੀ ਗੜਗੜਾਹਟ ਨਾਲ਼ ਗੂੰਜ ਉਠਿਆ। ਕੁਝ ਆਵਾਜ਼ਾਂ ਵੀ ਪ੍ਰਸੰਸਾ ਭਰਪੂਰ
ਆਈਆਂ। ਮੇਰੇ ਕੋਲ਼ੋਂ ਕੁਝ ਇਹੋ ਜਿਹੀ ਗੱਲ ਆਖੀ ਗਈ ਕਿ ਤੁਸੀਂ ਸਾਰੇ ਏਥੇ
ਪੰਜਾਬੀ ਦੀ ਉਨਤੀ ਲਈ ਆਏ ਹੋ। ਤੁਹਾਡੇ ਵਿਚੋਂ ਕਿੰਨਿਆਂ ਦੇ ਬੱਚੇ ਤੇ
ਬੱਚਿਆਂ ਦੇ ਬੱਚੇ ਪੰਜਾਬੀ ਮੀਡੀਅਮ ਵਾਲ਼ੇ ਸਕੂਲਾਂ ਵਿਚ ਪੜ੍ਹਦੇ ਹਨ! ਬੱਚੇ
ਤਾਂ ਤੁਸੀਂ ਅੰਗ੍ਰੇਜ਼ੀ ਮੀਡੀਅਮ ਵਾਲ਼ੇ ਸਕੂਲ਼ਾਂ ਵਿਚ ਪੜ੍ਹਾਉਂਦੇ ਹੋ ਤੇ
ਘਰਾਂ ਵਿਚ ਬੱਚਿਆਂ ਨਾਲ਼ ਹਿੰਦੀ ਬੋਲਦੇ ਹੋ, ਕਿਉਂਕਿ ਅੰਗ੍ਰੇਜ਼ੀ ਤੁਸੀਂ
ਬੋਲ ਨਹੀਂ ਸਕਦੇ; ਜੇ ਅੰਗ੍ਰੇਜ਼ੀ ਬੋਲ ਸਕਦੇ ਹੁੰਦੇ ਤਾਂ ਘਰਾਂ ਵਿਚ
ਬੱਚਿਆਂ ਨਾਲ਼ ਜਰੂਰ ਅੰਗ੍ਰੇਜ਼ੀ ਹੀ ਬੋਲਦੇ! ਅੱਗੇ ਜਾ ਕੇ ਹੋਰ ਵੀ ਇਹੋ
ਜਿਹੀਆਂ ‘ਝੱਲਵਲੱਲੀਆਂ‘ ਜਿਹੀਆਂ ਗੱਲਾਂ ਮੇਰੇ ਮੂੰਹੋਂ ਨਿਕਲ਼ ਗਈਆਂ। ਮੇਰੀ
ਸੋਚ ਅਨੁਸਾਰ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਕਾਨੂੰਨ ਬਣਾ ਦੇਵੇ
ਕਿ ਸਰਕਾਰੀ ਮੁਲਾਜ਼ਮ, ਸਰਕਾਰੀ ਸਕੂਲਾਂ ਤੋਂ ਬਿਨਾ ਪ੍ਰਾਈਵੇਟ ਸਕੂਲਾਂ ਵਿਚ
ਆਪਣੇ ਬਚੇ ਨਾ ਪੜ੍ਹਾ ਸਕਣ। ਅਧਿਆਪਕਾਂ ਉਪਰ ਤਾਂ ਇਹ ਕਾਨੂੰਨ ਹੋਰ ਵੀ
ਸਖ਼ਤੀ ਨਾਲ਼ ਲਾਗੂ ਹੋਣਾ ਚਾਹਦਿਾ ਹੈ ਕਿ ਉਹਨਾ ਦੇ ਬੱਚੇ ਵੀ ਓਸੇ ਸਕੂਲ਼ ਵਿਚ
ਹੀ ਪੜ੍ਹਨ ਵਿਚ ਉਹ ਖ਼ੁਦ ਪੜ੍ਹਾਉਂਦੇ ਹੋਣ।
ਮੇਰੇ ਅੱਗੇ ਮਾਈਕ ਹੋਵੇ ਤੇ ਅੱਗੇ ਸਰੋਤੇ ਬੈਠੇ ਹੋਏ ਹੋਣ ਤੇ ਉਹਨਾਂ
ਵੱਲੋਂ ਹੁੰਗਾਰਾ ਵੀ ਉਤਸ਼ਾਹੂ ਆ ਰਿਹਾ ਹੋਵੇ ਤਾਂ ਫਿਰ ਰੱਬ ਦੀ ਰਹਿਮਤ ਹੀ
ਸਮਝਣੀ ਚਾਹੀਦੀ ਹੈ! ਮੈਂ ਸਰੋਤਿਆਂ ਨੂੰ ਇਹ ਵੀ ਯਾਦ ਕਰਵਾਇਆ ਕਿ ਕੁਝ ਸਾਲ
ਪਹਿਲਾਂ ਲੁਧਿਆਣੇ ਵਿਚ, ਲੇਖਕ ਸਭਾ ਦੀ ਚੋਣ ਤੋਂ ਮੁੜ ਕੇ, ਕਹਾਣੀਕਾਰ
ਮੁਖਤਿਆਰ ਗਿੱਲ ਨੇ, ਉਸ ਚੋਣ ਸਮੇ ਲੁਧਿਆਣੇ ਵਿਚ ਸਾਹਿਤਕਾਰਾਂ ਦੀ ਹਾਜਰੀ
ਬਾਰੇ ਇਕ ਲੇਖ ਲਿਖਿਆ ਸੀ। ਉਸ ਨੇ ਆਪਣੇ ਲੇਖ ਵਿਚ ਕੁਝ ਇਹੋ ਜਿਹਾ ਦੱਸਿਆ
ਸੀ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਇਕੱਠ ਵਿਚ ਪੰਜਾਬੀ ਦੇ ਲੇਖਕ ਏਨੀ
ਗਿਣਤੀ ਵਿਚ ਇਕੱਠੇ ਹੋਏ। ਕਿਉਂਕਿ ਇਹ ਚੋਣ ਪੰਜਾਬੀ ਲੇਖਕਾਂ ਦੀ ਸਭਾ ਦੀ
ਸੀ, ਇਸ ਕਰਕੇ ਏਥੇ ਪੰਜਾਬੀ ਦੇ ਲੇਖਕ ਹੀ ਆਏ ਹੋਏ ਸਮਝਣੇ ਚਾਹੀਦੇ ਹਨ।
ਜੇਕਰ ਉਹ ਪੰਜਾਬੀ ਦੇ ਲੇਖਕ ਹਨ ਤਾਂ ਉਹਨਾਂ ਨੂੰ ਪੰਜਾਬੀ ਪੜ੍ਹਨੀ ਵੀ
ਜਰੂਰ ਆਉਂਦੀ ਹੋਵੇਗੀ! ਜੇਕਰ ਉਹ ਪੰਜਾਬੀ ਪੜ੍ਹ ਸਕਦੇ ਹਨ ਤਾਂ ਫਿਰ
ਪੰਜਾਬੀ ਦੀ ਕਿਤਾਬ ਕਿਉਂ ਨਹੀਂ ਖ਼ਰੀਦ ਕੇ ਪੜ੍ਹਦੇ! ਸੱਤ ਹਜਾਰ ਦੀ ਗਿਣਤੀ
ਵਿਚ ਪੰਜਾਬੀ ਵਿਦਵਾਨ ਓਥੇ ਚੋਣ ਵਿਚ ਹਿੱਸਾ ਲੈਣ ਲਈ ਆਏ ਹੋਏ ਸਨ। ਜੇਕਰ
ਇਹ ਪੰਜਾਬੀ ਵਿਚ ਛਪਣ ਵਾਲ਼ੀ ਕਿਤਾਬ ਦੀ ਇਕ ਇਕ ਕਾਪੀ ਵੀ ਖ਼ਰੀਦਣ ਤਾਂ
ਪੰਜਾਬੀ ਲੇਖਕ ਭੁੱਖਾ ਨਾ ਮਰੇ। ਮੈਂ ਆਪਣੇ ਭਾਸ਼ਨ ਵਿਚ ਕਿਹਾ ਕਿ ਇਹ ਇਕ
ਪੰਜਾਬੀ ਸਾਹਿਤਕਾਰ ਨੇ ਉਸ ਸਮੇ ਆਪਣੇ ਲਿਖੇ ਲੇਖ ਵਿਚ ਵਿਚਾਰ ਪ੍ਰਗਟਾਏ
ਸਨ।
ਇਕ ਇਹ ਗੱਲ ਵੀ ਨੋਟ ਕਰਨ ਵਾਲ਼ੀ ਹੈ ਕਿ ਪੰਜਾਬ ਦੇ, ਸਾਰੇ ਨਹੀਂ ਤਾਂ
ਬਹੁਤੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਪਾਬੰਦੀ ਹੈ। ਵਿਦਿਆਰਥੀ
ਉਪਰ ਇਹ ਹੁਕਮ ਲਾਗੂ ਹੈ ਕਿ ਜੇ ਉਹ ਅੰਗ੍ਰੇਜ਼ੀ ਨਹੀਂ ਬੋਲ ਸਕਦੇ ਤਾਂ
ਹਿੰਦੀ ਬੋਲਣ ਪਰ ਪੰਜਾਬੀ ਨਹੀਂ। ਅਜਿਹਾ ਵਤੀਰਾ ਅਮੀਰ ਸਿੱਖਾਂ ਦੇ ਧਾਰਮਿਕ
ਸਕੂਲਾਂ ਵਿਚ ਵੀ ਹੈ। ਹੁਣ ਇਕ ਦੋ ਖ਼ਬਰਾਂ ਆਈਆਂ ਨੇ ਕਿ ਬਟਾਲਾ ਨਿਵਾਸੀ
ਡਾ. ਅਨੂਪ ਸਿੰਘ ਜੀ, ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਵੀ
ਹਨ, ਨੇ ਆਪਣੇ ਸਾਥੀ ਲੇਖਕਾਂ, ਸ. ਸੁਰਿੰਦਰ ਸਿੰਘ ਨਿਮਾਣਾ, ਡਾ. ਰਵੀ ਆਦਿ
ਦੇ ਸਹਿਯੋਗ ਨਾਲ਼, ਅਜਿਹੇ ਸਕੂਲਾਂ ਦੇ ਖ਼ਿਲਾਫ਼ ਧਰਨੇ ਮਾਰਨ ਦਾ ਉਦਮ ਵੀ
ਆਰੰਭਿਆ ਹੈ। ਉਦਮ ਸ਼ੁਭ ਹੈ। ਵੇਖੋ ਇਸ ਦਾ ਸਾਰਥਕ ਨਤੀਜਾ ਕੀ ਨਿਕਲ਼ਦਾ ਹੈ!
ਮੇਰੇ ਤੋਂ ਬਾਅਦ ਸਮਾਗਮ ਦੀ ਪ੍ਰਧਾਨਗੀ ਕੁਰਸੀ ਉਪਰ ਸੁਸ਼ੋਭਤ, ਜੋਗਿੰਦਰ
ਪੁਆਰ ਜੀ ਬੋਲੇ। ਪੁਆਰ ਸਾਹਿਬ ਪੰਜਾਬੀ ਦੇ ਜਾਣੇ ਪਛਾਣੇ ਵਿਦਵਾਨ ਹਨ ਅਤੇ
ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ।
ਪਿਛਲੀ ਪੌਣੀ ਕੁ ਸਦੀ ਤੋਂ ਖੱਬੇ ਪੱਖੀ ਸੋਚ ਵਾਲ਼ੇ ਕੁਝ ਵਿਦਵਾਨ ਸੱਜਣਾਂ
ਵਿਚ, ਆਪਣੇ ਨਾਂ ਨਾਲ਼ ਸਿੰਘ ਲਿਖਣ/ਲਿਖਵਾਉਣ ਦਾ ਰਿਵਾਜ਼ ਨਹੀਂ ਹੈ। ਪੁਆਰ
ਸਾਹਬ ਬੜੇ ਗੁੱਸੇ ਵਿਚ ਬੋਲੇ ਤੇ ਬੋਲੇ ਉਹ ਸਾਰਾ ਸੱਚ ਹੀ। ਇਹ ਆਮ ਹੀ
ਹੁੰਦਾ ਹੈ ਕਿ ਗੁੱਸੇ ਤੇ ਨਸ਼ੇ ਵਿਚ ਬੰਦੇ ਦੇ ਮੂੰਹੋਂ ਸੱਚ ਹੀ ਨਿਕਲ਼ ਜਾਦਾ
ਹੈ। ਉਹਨਾਂ ਦੇ ਬੋਲਣ ਦਾ ਸਾਰੰਸ਼ ਇਹ ਸੀ ਕਿ ਉਹ ਆਪਣੇ ਪੋਤੇ ਪੋਤੀਆਂ ਨੂੰ
ਸਰਕਾਰੀ ਸਕੂਲਾਂ ਵਿਚ ਕਿਉਂ ਪੜ੍ਹਨੇ ਪਾਉਣ ਜਦੋਂ ਕਿ ਓਥੇ ਪੜ੍ਹਾਈ ਹੀ
ਨਹੀਂ ਹੁੰਦੀ! ਇਹ ਗੱਲ ਉਹਨਾਂ ਦੀ ਸੋਲ਼ਾਂ ਆਨੇ ਸੱਚੀ ਹੈ ਕਿ ਪਿਛਲੇ ਚਾਰ
ਕੁ ਦਹਾਕਿਆਂ ਤੋਂ ਲੱਗਦਾ ਹੈ ਕਿ ਜਿਵੇਂ ਸਰਕਾਰ ਦੇ ਮਾਲਕ ਜਾਣ ਬੁਝ ਕੇ
ਸਰਕਾਰੀ ਵਿੱਦਿਅਕ ਸਿਸਟਮ ਨੂੰ ਫੇਹਲ ਕਰਨਾ ਚਾਹੁੰਦੇ ਹੋਣ ਤਾਂ ਕਿ ਕੇਵਲ
ਸਮਰਥਾਵਾਨ ਘਰਾਣਿਆਂ ਦੇ ਬੱਚੇ ਹੀ, ਭਾਰੀ ਫ਼ੀਸਾਂ ਵਾਲ਼ੇ ਸਕੂਲਾਂ ਵਿਚ ਪੜ੍ਹ
ਕੇ ਸਾਰੇ ਪਾਸੇ ਮੋਹਰੀ ਹੋਣ। ਜੇ ਸਾਰੀ ਜਨਤਾ ਪੜ੍ਹ ਕੇ ਸਰਕਾਰੀ ਅਫ਼ਸਰੀ ਹੀ
ਮੰਗਣ ਲੱਗ ਗਈ ਤਾਂ ਫਿਰ ਬਾਕੀ ਕੰਮ ਕੌਣ ਕਰੂ! ਇਹ ਸੋਚ ਤਾਂ ਬਿਲਕੁਲ
ਮੰਨੂੰ ਰਿਸ਼ੀ ਵੱਲੋਂ, ਹਜ਼ਾਰਾਂ ਸਾਲ ਪਹਿਲਾਂ ਲਿਖੀ ਗਈ, ਮੰਨੂ ਸਿਮਰਤੀ ਦੇ
ਅਨੁਸਾਰ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਪੜ੍ਹਨ ਦਾ ਅਧਿਕਾਰ ਕੇਵਲ
ਬ੍ਰਾਹਮਣ ਨੂੰ ਹੀ ਹੋ ਸਕਦਾ ਹੈ, ਕਿਸੇ ਕਥਿਤ ਨੀਵੀਂ ਜਾਤ ਵਾਲ਼ੇ ਨੂੰ
ਨਹੀਂ। ਅੱਜ ਕਲ੍ਹ ਪੜ੍ਹਨ ਦਾ ਅਧਿਕਾਰ ਕੇਵਲ ਅਮੀਰ ਲੋਕਾਂ ਦੇ ਬੱਚਿਆਂ
ਵਾਸਤੇ ਹੀ ਰਾਖਵਾਂ ਕੀਤਾ ਜਾ ਰਿਹਾ ਹੈ। ਜੇਹੜਾ ਪਰਵਾਰ ਪ੍ਰਾਈਵੇਟ ਸਕੂਲਾਂ
ਦੇ ਨਾਜਾਇਜ਼ ਖ਼ਰਚੇ ਝੱਲ ਸਕਦਾ ਹੋਵੇ ਉਹ ਹੀ ਬੱਚਿਆਂ ਨੂੰ ਇਹਨਾਂ ਸਕੂਲਾਂ
ਵਿਚ ਪੜ੍ਹਾ ਸਕਦਾ ਹੈ। ਇਕ ਦਮ ਸਰਕਾਰੀ ਹਸਪਤਾਲਾਂ ਵਾਂਙ ਹੀ ਸਕੂਲ਼ ਬੰਦ
ਨਹੀਂ ਕੀਤੇ ਜਾ ਰਹੇ ਤਾਂ ਕਿ ਜਨਤਾ ਨੂੰ ਅਸਲੀਅਤ ਦਾ ਪਤਾ ਨਾ ਲੱਗੇ।
ਹਸਪਤਾਲ ਮੌਜੂਦ ਨੇ ਪਰ ਓਥੋਂ ਗਰੀਬਾਂ ਨੂੰ ਇਲਾਜ ਨਹੀਂ ਮਿਲ਼ਦਾ ਏਸੇ
ਤਰ੍ਹਾਂ, ਸਕੂਲ ਵੀ ਮੌਜੂਦ ਨੇ ਪਰ ਗਰੀਬਾਂ ਦੇ ਬੱਚਿਆਂ ਨੂੰ ਸਰਕਾਰੀ
ਸਕੂਲਾਂ ਵਿਚੋਂ ਵਿੱਦਿਆ ਨਹੀਂ ਮਿਲ਼ਦੀ।
ਆਪਣੀ ਜਾਣਕਾਰੀ ਦੇ ਘੇਰੇ ਵਿਚੋਂ ਵੀ ਕਈ ਸਰਕਾਰੀ ਸਕੂਲਾਂ ਵਿਚ ਅਧਿਆਪਕ
ਹਨ। ਉਹਨਾਂ ਨਾਲ਼ ਗੱਲ ਕਰੀਦੀ ਹੈ ਤਾਂ ਇਉਂ ਪਤਾ ਲੱਗਦਾ ਹੈ ਕਿ ਸਰਕਾਰੀ
ਸਕੂਲਾਂ ਵਿਚ ਕਥਿਤ ਪਛੜੀਆਂ ਜਾਤਾਂ ਦੇ ਬੱਚੇ ਤੇ ਜਾਂ ਫਿਰ ਦੂਜੇ ਸੂਬਿਆਂ
ਵਿਚੋਂ ਮਜ਼ਦੂਰੀ ਕਰਨ ਆਏ ਲੋਕਾਂ ਦੇ ਬੱਚੇ ਹੀ ਦਾਖਲ ਹੁੰਦੇ ਹਨ। ਉਹਨਾਂ
ਵਿਚੋਂ ਵੀ ਜੋ ਕੰਮ ਕਰ ਸਕਦੇ ਹਨ ਉਹ ਕੰਮਾਂ ਤੇ ਚਲੇ ਜਾਂਦੇ ਹਨ ਤੇ ਸਕੂਲ
ਦੇ ਰਜਿਸਟਰ ਵਿਚ ਉਹਨਾਂ ਨੂੰ ਹਾਜਰ ਲਿਖਿਆ ਜਾਂਦਾ ਹੈ। ਟੀਚਰ ਆਪਣੀਆਂ
ਨੌਕਰੀਆਂ ਨੂੰ ਬਚਾਉਣ ਦੀ ਮਜਬੂਰੀ ਵੱਸ, ਗ਼ੈਰ ਹਾਜਰ ਰਹਿਣ ਦੇ ਬਾਵਜੂਦ ਵੀ
ਰਜਿਸਟਰ ਵਿਚੋਂ ਉਹਨਾਂ ਦੇ ਨਾਂ ਨਹੀਂ ਕੱਟਦੇ। ਇਸ ਬੇਨਿਯਮੀ ਦਾ ਕਾਰਨ
ਪੁੱਛਣ ਤੇ ਦੱਸਿਆ ਜਾਂਦਾ ਹੈ ਕਿ ਸਕੂਲ ਵਿਚ ਹਾਜਰੀ ਇਸ ਲਈ ਲਿਖੀ ਜਾਂਦੀ
ਹੈ ਤਾਂ ਕਿ ਵਿਦਿਆਰਥੀਆਂ ਦੀ ਘਾਟ ਕਾਰਨ ਅਧਿਆਪਕਾਂ ਦੀਆਂ ਨੌਕਰੀਆਂ ਨਾ
ਚਲੀਆਂ ਜਾਣ।
ਫਿਰ ਆਏ ਦਿਨ ਟੀਚਰਾਂ ਪਾਸੋਂ ਰੋਜ਼ਾਨਾ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ, ਕਈ
ਪਰਕਾਰ ਦੇ ਸਰਵੇ, ਮਰਦਮ ਸ਼ੁਮਾਰੀ, ਚੋਣਾਂ ਅਤੇ ਹੋਰ ਕਈ ਕਿਸਮ ਦੇ ਗ਼ੈਰ
ਵਿੱਦਿਅਕ ਕੰਮ ਲਏ ਜਾਂਦੇ ਹਨ। ਹੁਣੇ ਹੀ ਪਤਾ ਲੱਗਾ ਹੈ ਕਿ ਇਕ ਸਰਕਾਰੀ
ਹੁਕਮ ਅਨੁਸਾਰ ਹੁਣ ਟੀਚਰਾਂ ਨੂੰ ਹਰ ਰੋਜ ਆਪਣੇ ਸਕੂਲ਼ ਵਾਲ਼ੇ ਪਿੰਡ ਦੇ
ਹਰੇਕ ਬੰਦੇ ਦੀ ਰਿਪੋਰਟ ਦੇਣੀ ਪਵੇਗੀ ਕਿ ਉਹ ਕਿਤੇ ਖੇਤਾਂ ਵਿਚ ਹੱਗਣ ਲਈ
ਤੇ ਨਹੀਂ ਗਿਆ। ਫਿਰ ਇਹ ਰਿਪੋਰਟ ਆਪਣੇ ਤੋਂ ਉਤਲੇ ਅਧਿਕਾਰੀ ਤੱਕ ਪੁਚਾਈ
ਜਾਵੇਗੀ।
ਜੇਹੜਾ ਟੀਚਰ ਰਿਟਾਇਰ ਹੋ ਜਾਂਦਾ ਹੈ, ਨੌਕਰੀ ਛੱਡ ਜਾਂਦਾ ਹੈ, ਮਰ ਜਾਂਦਾ
ਹੈ, ਪਰਦੇਸ ਤੁਰ ਜਾਂਦਾ ਹੈ ਜਾਂ ਹੋਰ ਕਿਸੇ ਕਾਰਨ ਆਪਣੀ ਡਿਊਟੀ ਨਹੀਂ
ਕਰਦਾ, ਕਹਿੰਦੇ ਨੇ ਕਿ ਉਸ ਦੇ ਥਾਂ ਹੋਰ ਟੀਚਰ ਨਹੀਂ ਰੱਖਿਆ ਜਾਂਦਾ। ਬਾਕੀ
ਰਹਿੰਦਿਆਂ ਪਾਸੋਂ ਵੀ ਪੜ੍ਹਾਈ ਦੇ ਥਾਂ ਹੋਰ ਹੋਰ ਕੰਮ ਕਰਵਾਏ ਜਾਂਦੇ ਨੇ।
ਫਿਰ ਕਈ ਕਈ ਮਹੀਨੇ ਸੁਣਿਆ ਹੈ ਕਿ ਟੀਚਰਾਂ ਨੂੰ ਤਨਖਾਹ ਵੀ ਨਹੀਂ ਮਿਲ਼ਦੀ।
ਅਜਿਹੇ ਹਾਲਾਤ ਵਿਚ ਦੱਸੋ ਸਰਕਾਰੀ ਸਕੂਲਾਂ ਵਿਚੋਂ ਵਿੱਦਿਆ ਕਿਵੇਂ ਮਿਲ਼
ਸਕਦੀ ਹੈ! ਫਿਰ ਸਰਕਾਰ ਨੇ ਅਠਵੀਂ ਤੱਕ ਕਿਸੇ ਨੂੰ ਫੇਹਲ ਨਾ ਕਰਨ ਦੀ ਸਕੀਮ
ਵੀ ਲਾਗੂ ਕੀਤੀ ਹੋਈ ਹੈ। ਮਤਲਬ ਕਿ 14 ਸਾਲਾਂ ਦੀ ਉਮਰ ਤੱਕ ਸਕੂਲੇ ਤਾਂ
ਹਰੇਕ ਬੱਚਾ ਜਾਵੇਗਾ ਜਾਂ ਉਸ ਦੀ ਹਾਜਰੀ ਲੱਗੇਗੀ ਪਰ ਇਹ ਜਰੂਰੀ ਨਹੀਂ ਕਿ
ਉਸ ਨੂੰ ੳ ਅ ਪੜ੍ਹਨਾ ਵੀ ਆਉਂਦਾ ਹੋਵੇ! ਉਤੋਂ ਸਾਡੇ ਜਥੇਦਾਰ ਸ. ਤੋਤਾ
ਸਿੰਘ ਜੀ ਨੇ ਪਹਿਲੀ ਤੋਂ ਅੰਗ੍ਰੇਜ਼ੀ ਪੜ੍ਹਾਉਣੀ ਵੀ, ਪ੍ਰਾਈਵੇਟ ਸਕੂਲਾਂ
ਦੀ ਰੀਸੇ, ਸਰਕਾਰੀ ਸਕੂਲਾਂ ਵਿਚ ਲਾਗੂ ਕਰ ਦਿਤੀ ਹੈ ਜਿਸ ਨੂੰ ਸਾਰੇ ਭਾਸ਼ਾ
ਵਿਗਿਆਨੀਆਂ ਦੀ ‘ਹਾਲ ਪਾਹਰਿਆ‘ ਦੇ ਬਾਵਜੂਦ ਹਟਾਇਆ ਨਹੀਂ ਗਿਆ। ਏਥੋਂ ਤੱਕ
ਕਿ ਜਥੇਦਾਰ ਜੀ ਦੇ ਪਿੱਛੋਂ ਆਉਣ ਵਾਲ਼ੀ ਕੈਪਟਨ ਸਰਕਾਰ ਵੀ ਸਾਡੇ ਜਥੇਦਾਰ
ਜੀ ਦੇ ਫੈਸਲੇ ਨੂੰ ਨਹੀਂ ਹਿਲਾ ਸਕੀ।
ਹੈਰਾਨੀ ਹੁੰਦੀ ਹੈ ਅੱਜ ਇਹ ਵੇਖ ਕੇ ਕਿ ਅਧੀ ਕੁ ਸਦੀ ਪਹਿਲਾਂ ਸਰਕਾਰੀ
ਮੁਲਾਜ਼ਮਾਂ ਦੀਆਂ ਮਜਬੂਤ ਜਥੇਬੰਦੀਆਂ ਹੁੰਦੀਆਂ ਸਨ ਤੇ ਉਹ ਆਪਣੇ ਮੈਂਬਰਾਂ
ਨਾਲ਼ ਹੁੰਦੀ ਕਿਸੇ ਵੀ, ਅਸਲੀ ਜਾਂ ਨਕਲੀ ਬੇਇਨਸਾਫ਼ੀ ਦੇ ਵਿਰਧ ਹੋ-ਹੱਲਾ
ਮਚਾ ਦਿੰਦੀਆਂ ਸਨ। ਜਲੂਸ ਕਢੇ ਜਾਂਦੇ ਸਨ, ਧਰਨੇ ਦਿਤੇ ਜਾਂਦੇ ਸਨ, ਘੇਰਾਓ
ਕੀਤੇ ਜਾਂਦੇ ਸਨ, ਸਬੰਧਤ ਜੁਮੇਵਾਰ ਸਮਝੇ ਜਾਂਦੇ ਵਿਅਕਤੀ ਦੇ ਪੁਤਲੇ ਸਾੜੇ
ਜਾਂਦੇ ਸਨ ਤੇ ਹੋਰ ਵੀ ਬਹੁਤ ਕੁਝ ਕੀਤਾ ਜਾਂਦਾ ਸੀ। ਅੱਜ ਏਨੇ ਵੱਡੇ
‘ਅਧਿਆਪਕ ਦਲ‘ ਕਿਤੇ ਕੁਸਕਦੇ ਹੀ ਨਹੀਂ ਸੁਣੀਦੇ। ਕਿਸੇ ਵਿਚ ਜੁਰਅਤ ਨਹੀਂ
ਕਿ ਉਹ ਸਰਕਾਰੀ ਸਕੂਲੀ ਸਿਸਟਮ ਦੀ ਜਾਣ ਬੁਝ ਕੇ ਕੀਤੀ ਜਾ ਰਹੀ ਤਬਾਹੀ ਦੇ
ਵਿਰੁਧ ਕੁਝ ਬੋਲ ਸਕਣ। ਮੈਨੂੰ ਚੰਗੀ ਤਰ੍ਹਾਂ ਯਾਦ ਹੈ: 1970 ਦੀਆਂ
ਸਰਦੀਆਂ ਦਾ ਸਮਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ
ਪ੍ਰਧਾਨ ਸੰਤ ਚੰਨਣ ਸਿੰਘ ਜੀ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ, ਦਿਲ
ਦੇ ਦੌਰੇ ਕਾਰਨ, ਬੀਮਾਰ ਪਏ ਹੋਏ ਸਨ। ਮੁਖ ਮੰਤਰੀ ਉਸ ਸਮੇ ਸਰਦਾਰ ਬਾਦਲ
ਜੀ ਸਨ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਸਨ। ਕਿਸੇ
ਗੱਲੋਂ ਨਾਰਾਜ਼ ਹੋ ਕੇ ਸਰਕਾਰੀ ਮੁਲਾਜ਼ਮਾਂ ਨੇ ਅੰਮ੍ਰਿਤਸਰ ਵਿਚ, ਸਰਕਾਰ ਦੇ
ਖ਼ਿਲਾਫ਼ ਜਲੂਸ ਕਢਿਆ। ਜਿਥੇ ਸੰਤ ਜੀ ਬੀਮਾਰ ਪਏ ਹੋਏ ਸਨ ਓਥੇ ਨੇੜੇ ਆ ਕੇ
ਸੜਕ ਤੋਂ, “ਚੰਨੂ ਫੱਤੂ ਹਾਇ ਹਾਇ” ਦੇ ਨਾਹਰੇ ਮਾਰਦੇ ਤੇ ਹੋਰ ਜੋ ਮੂੰਹ
ਆਇਆ ਬੋਲਦੇ ਹੋਏ ਖੌਰੂ ਪਾਉਂਦੇ ਰਹੇ। ਫਿਰ ਆਪਣੀ ਮਰਜੀ ਨਾਲ਼ ਅੱਗੇ ਨੂੰ
ਗਏ। ਉਸ ਸਮੇ ਉਹਨਾਂ ਪੜ੍ਹੇ ਲਿਖੇ ਸਰਕਾਰੀ ਮੁਲਾਜ਼ਮ ਸੱਜਣਾਂ ਨੇ ਏਨਾ ਵੀ
ਲਿਹਾਜ਼ ਨਾ ਕੀਤਾ ਕਿ ਇਕ ਬਜ਼ੁਰਗ ਵਿਅਕਤੀ, ਜੋ ਬੀਮਾਰ ਪਿਆ ਹੈ, ਨਾ ਉਹ
ਸਰਕਾਰ ਵਿਚ ਕਿਸੇ ਅਹੁਦੇ ਉਪਰ ਹੈ ਤੇ ਨਾ ਹੀ ਰੂਲਿੰਗ ਪਾਰਟੀ ਦਾ ਪ੍ਰਧਾਨ
ਹੈ, ਉਸ ਦੇ ਖ਼ਿਲਾਫ਼ ਇਹ ਰੌਲ਼ਾ ਪਾਉਣ ਦੀ ਕੀ ਤੁਕ ਹੈ! ਅੱਜ ਵੇਖੋ ਬੇਇਨਸਾਫ਼ੀ
ਦੇ ਖ਼ਿਲਾਫ਼ ਕੋਈ ਕਿਤੇ ਕੁਸਕਦਾ ਨਹੀਂ। ਪਿਛਲੀ ਅੱਧੀ ਸਦੀ ਦੇ ਸਮੇ ਦੌਰਾਨ
ਅਸੀਂ ਕਿਥੇ ਤੋਂ ਕਿਥੇ ਅੱਪੜ ਗਏ ਹਾਂ!
ਹੋ ਸਕਦਾ ਹੈ ਕਿ ਟੀਚਰਾਂ ਨੂੰ ਅਜਿਹੇ ਗ਼ੈਰ ਵਿੱਦਿਅਕ ਫਾਲਤੂ ਕੰਮ ਕਰਨ ਦੇ
ਕੁਝ ਵਾਧੂ ਪੈਸੇ ਮਿਲ਼ਦੇ ਹੋਣ ਤੇ ਇਸ ਲਾਲਚ ਕਾਰਨ ਉਹ ਇਸ ਗ਼ਲਤ ਕੰਮ ਦੇ
ਖ਼ਿਲਾਫ਼ ਚੁੱਪ ਰਹਿਣ ਵਿਚ ਆਪਣੀ ਭਲਾਈ ਸਮਝਦੇ ਹੋਣ ਪਰ ਉਹਨਾਂ ਨੂੰ ਇਹ ਨਹੀਂ
ਪਤਾ ਕਿ ਉਹਨਾਂ ਦੇ ਇਸ ਥੋਹੜੇ ਜਿਹੇ ਲਾਲਚ ਕਾਰਨ ਕੌਮ ਦੇ ਭਵਿਖ ਨਾਲ਼
ਕਿੰਨਾ ਖਿਲਵਾੜ ਹੋ ਰਿਹਾ ਹੈ! ਰਹੀ ਗੱਲ ਕਿ ਇਹ ਵਿੱਦਿਆ ਦੇ ਖੇਤਰ ਤੋਂ
ਵਾਧੂ ਕੰਮ ਕੌਣ ਕਰੇ! ਇਸ ਲਈ ਪੜ੍ਹੇ ਲਿਖੇ ਨੌਜਵਾਨਾਂ ਦੀਆਂ ਹੇੜਾਂ ਦੀਆਂ
ਹੇੜਾਂ ਜੋ ਬੇਰੁਜ਼ਗਾਰ ਫਿਰ ਰਹੀਆਂ ਨੇ, ਉਹਨਾਂ ਪਾਸੋਂ ਉਹਨਾਂ ਨੂੰ ਮਾਇਕ
ਇਵਜ਼ਾਨਾ ਦੇ ਕੇ, ਇਹੋ ਜਿਹੇ ਗ਼ੈਰ ਵਿੱਦਿਅਕ ਕਾਰਜ ਕਰਵਾਏ ਜਾ ਸਕਦੇ ਹਨ।
ਗੱਲ ਏਥੇ ਆ ਕੇ ਮੁਕਦੀ ਹੈ, “ਕੌਣ ਆਖੇ ਰਾਣੀਏ ਅੱਗਾ ਢੱਕ।“ ਇਕ ਨੂੰ ਕੀ
ਰੋਣਾ, ਏਥੇ ਤਾਂ ਆਵਾ ਹੀ ਊਤਿਆ ਪਿਆ ਹੈ।
ਇਸ ਸਮਾਗਮ ਵਿਚ ਬਹੁਤ ਸਾਰੇ ਵਿਦਵਾਨ ਸੱਜਣਾਂ ਸਾਹਿਤਕਾਰਾਂ ਦੇ ਸਨਮੁਖ.
ਮੇਰੀ ਕਿਤਾਬੜੀ ਜਿਹੀ ‘ਸਿਧਰੇ ਲੇਖ‘ ਵੀ ਪ੍ਰਧਾਨਗੀ ਮੰਡਲ ਅਤੇ ਪ੍ਰਮੁਖ
ਸਰੋਤਿਆਂ ਦੇ ਹੱਥੀਂ ਰੀਲੀਜ਼ ਕਰ ਦਿਤੀ ਗਈ।
ਇਸ ਸਮਾਗਮ ਦੀ ਸਮਾਪਤੀ ਦੇ ਸਮੇ ਫਿਰ ਦੁਪਹਿਰੇ ਸਨਿਗਧ ਭੋਜਨ ਦਾ
ਪ੍ਰਬੰਧਕਾਂ ਵੱਲੋਂ ਪ੍ਰਬੰਧ ਸੀ। ਇਸ ਭੋਜਨ ਦੌਰਾਨ ਮੈਂ ਹੌਲ਼ੀ ਹੌਲ਼ੀ ਪੁਆਰ
ਸਾਹਿਬ ਦੇ ਨੇੜੇ ਚਲਿਆ ਗਿਆ। ਉਹਨਾਂ ਵੱਲੋਂ ਸਟੇਜ ਉਪਰ ਆਖੇ ਗਏ ਸਚਾਈ
ਵਾਲ਼ੇ ਬਚਨਾਂ ਦੀ ਪ੍ਰਸੰਸਾ ਕੀਤੀ ਤੇ ਫਿਰ ਮੈਂ ਇਹ ਵੀ ਆਖਿਆ ਕਿ ਜੇਕਰ
ਉਹਨਾਂ ਜਿਹੇ ਬਾਰਸੂਖ਼ ਸੱਜਣਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਤਾਂ
ਫਿਰ ਸਰਕਾਰ ਅਤੇ ਅਧਿਆਪਕਾਂ ਨੂੰ ਇਹਨਾਂ ਬੱਚਿਆਂ ਦੇ ਭਵਿਖ ਨਾਲ਼ ਖਿਲਵਾੜ
ਕਰਨ ਦਾ ਹੌਸਲਾ ਨਾ ਪਵੇ। ਤੁਹਾਡੇ ਵਰਗੇ ਸੱਜਣ ਸਿਸਟਮ ਅਤੇ ਟੀਚਰਾਂ ਨੂੰ
ਪੜ੍ਹਾਈ ਕਰਵਾਉਣ ਵਾਸਤੇ ਮਜਬੂਰ ਕਰ ਸਕਦੇ ਹਨ। ਮੇਰੇ ਇਹਨਾਂ ਵਿਚਾਰਾਂ ਨਾਲ਼
ਉਹਨਾਂ ਨੇ ਸੰਮਤੀ ਪ੍ਰਗਟਾਈ।
ਉਸ ਸਮਾਗਮ ਦੀ ਸਮਾਪਤੀ ਉਪ੍ਰੰਤ, ਚੋਗਾਵਾਂ ਸਾਹਿਤ ਸਭਾ ਦੇ ਕਰਤਾ ਧਰਤਾ,
ਸ. ਧਰਵਿੰਦਰ ਸਿੰਘ ਔਲਖ ਨੇ, ਆਪਣੇ ਮੈਗ਼ਜ਼ੀਨ ‘ਨਵੀਂ ਰੋਸ਼ਨੀ‘ ਦੀ ਬਹੁਤ ਹੀ
ਸੁੰਦਰ ਕਾਪੀ ਮੈਨੂੰ ਬੜੇ ਪ੍ਰੇਮ ਨਾਲ਼ ਦਿਤੀ। ਯਾਦ ਰਹੇ ਕਿ ਜ਼ਿਲ੍ਹਾ
ਅੰਮ੍ਰਿਤਸਰ ਵਿਚ ਦੋ ਸਭ ਤੋਂ ਸਰਗਰਮ ਸਾਹਿਤਕ ਸਭਾਵਾਂ ਵਿਚੋਂ, ਇਕ
ਚੋਗਾਵਾਂ ਦੀ ਸਭਾ ਹੈ ਜੋ ਕਿ ਸਰਦਾਰ ਔਲਖ ਦੀ ਅਗਵਾਈ ਹੇਠ, ਬਾਕੀ ਸਾਹਿਤ
ਪ੍ਰੇਮੀਆਂ ਦੀ ਸਹਾਇਤਾ ਨਾਲ਼, ਸਾਹਿਤਕ ਸਮਾਗਮ ਕਰਦੀ ਰਹਿੰਦੀ ਹੈ ਤੇ
ਲੇਖਕਾਂ ਦੀ ਸਮੇ ਸਮੇ ਹੌਸਲਾ ਅਫ਼ਜ਼ਾਈ ਵੀ ਕਰਦੀ ਹੈ।
ਅਗਲੇ ਦਿਨ ਇਕ ਅਖ਼ਬਾਰ ਦੇ ਪਹਿਲੇ ਸਫ਼ੇ ਉਪਰ ਜਦੋਂ ਨਿਗਾਹ ਪਈ ਤਾਂ ਓਥੇ ਇਸ
ਸਮਾਗਮ ਦੀ ਬਹੁਤ ਵੱਡੀ ਖ਼ਬਰ ਛਪੀ ਹੋਈ ਦਿਸੀ। ਇਸ ਖ਼ਬਰ ਨੇ ਪਹਿਲੇ ਪੰਨੇ ਦਾ
ਵਾਹਵਾ ਸਾਰਾ ਥਾਂ ਮੱਲਿਆ ਹੋਇਆ ਸੀ। ਸਾਰੀ ਖ਼ਬਰ ਪੜ੍ਹਨ ਤੋਂ ਪਤਾ ਲੱਗਾ ਕਿ
ਉਸ ਵਿਚ ਕਈ ਪ੍ਰੋ. ਪਿਆਰਾ ਸਿੰਘ ਭੋਗਲ, ਡਾ. ਵਰਿਆਮ ਸਿੰਘ ਸੰਧੂ ਵਰਗੇ,
ਬਹੁਤ ਵੱਡੇ ਕੱਦ ਦੇ ਸਾਹਿਤਕਾਰਾਂ ਦੇ ਹਾਜਰ ਹੋਣ ਦਾ ਵੀ ਜ਼ਿਕਰ ਸੀ, ਜੋ ਕਿ
ਓਥੇ ਮੌਜੂਦ ਹੀ ਨਹੀਂ ਸਨ। ਇਹਨਾਂ ਦੋਹਾਂ ਸਾਹਿਤਕਾਰਾਂ ਦੇ ਨਾਂ ਜਦੋਂ ਮੈਂ
ਪੜ੍ਹੇ ਤਾਂ ਬੜਾ ਅਫ਼ਸੋਸ ਹੋਇਆ ਕਿ ਮੈਂ ਇਹਨਾਂ ਨੂੰ ਮਿਲ਼ ਕਿਉਂ ਨਾ ਸਕਿਆ!
ਇਹ ਵੀ ਸੋਚ ਆਈ ਕਿ ਜੇ ਮੈਂ ਉਹਨਾਂ ਨੂੰ ਸਰੋਤਿਆਂ ਵਿਚ ਬੈਠਿਆਂ ਨੂੰ ਨਹੀਂ
ਵੇਖ ਸਕਿਆ ਤਾਂ ਉਹਨਾਂ ਨੇ ਤਾਂ ਮੈਨੂੰ ਵੇਖ ਹੀ ਲਿਆ ਹੋਵੇਗਾ; ਮੈਨੂੰ ਉਹ
ਮਿਲ਼ੇ ਕਿਉਂ ਨਾ! ਫੇਰ ਗਹੁ ਨਾਲ਼ ਸੋਚਣ ਤੇ ਯਾਦ ਆਇਆ ਕਿ ਉਹ ਓਥੇ ਹੈ ਹੀ
ਨਹੀਂ ਸਨ। ਅਖ਼ਬਾਰ ਦੀ ਉਸ ਖ਼ਬਰ ਵਿਚ ਮੇਰੀ ਕਿਤਾਬ ਤੇ ਮੇਰੇ ਨਾਂ ਦਾ ਕਿਤੇ
ਜ਼ਿਕਰ ਨਹੀਂ ਸੀ। ਇਸ ਬਾਰੇ ਕਿਸੇ ਜਾਣਕਾਰ ਸੱਜਣ ਨੇ, ਮੇਰੀ ਜਗਿਆਸਾ ਜਾਣ
ਕੇ, ਦੱਸਿਆ ਕਿ ਇਹ ਖ਼ਬਰ ਇਕ ਦਿਨ ਪਹਿਲਾਂ ਹੀ ਸਮਾਗਮ ਦੇ ਪ੍ਰਬੰਧਕਾਂ
ਵੱਲੋਂ, ਪ੍ਰੈਸ ਨੂੰ ਦੇ ਦਿਤੀ ਗਈ ਸੀ। ਖ਼ਬਰ ਲਿਖਣ ਵਾਲ਼ਾ ਨਾ ਉਸ ਸਮਾਗਮ
ਵਿਚ ਗਿਆ ਸੀ ਤੇ ਨਾ ਹੀ ਪ੍ਰਬੰਧਕਾਂ ਨੇ ਇਸ ਖ਼ਬਰ ਨੂੰ ਸਮੇ ਦਾ ਹਾਣੀ
ਬਣਾਉਣ ਵੱਲ ਧਿਆਨ ਦਿਤਾ। ਇਸ ਲਈ ਖ਼ਬਰ ਸਮਾਗਮ ਤੋਂ ਇਕ ਦਿਨ ਪਹਿਲਾਂ ਲਿਖੀ
ਗਈ ਜਿਉਂ ਦੀ ਤਿਉਂ ਹੀ ਛਪ ਗਈ।
ਗਿਆਨੀ ਸੰਤੋਖ ਸਿੰਘ
-0- |