ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਸਫ਼ੇ 208, ਸੰਪਰਕ: 94631 70369
‘ਸਾਦੇ ਸਿਧਰੇ ਲੇਖ‘ ਆਸਟ੍ਰੇਲੀਆ ਨਿਵਾਸੀ ਕਥਾਵਾਚਕ, ਪ੍ਰਚਾਰਕ ਅਤੇ ਲੇਖਕ ਗਿਆਨੀ ਸੰਤੋਖ
ਸਿੰਘ ਦੀ ਸੱਤਵੀਂ ਵਾਰਤਕ ਪੁਸਤਕ ਹੈ। ਗਿਆਨੀ ਸੰਤੋਖ ਸਿੰਘ ਸਾਦਾ ਰਹਿਣੀ ਬਹਿਣੀ ਅਤੇ ਖ਼ੁਸ਼
ਰਹਿਣੇ ਸੁਭਾ ਦਾ ਮਾਲਕ ਹੈ। ਉਹ ਪਿਛਲੇ 43 ਸਾਲਾਂ ਤੋਂ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ
ਵਿਚਰਦਾ ਹੋਇਆ, ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੇ ਵਾਰਸਾਂ ਨੂੰ, ਪੰਜਾਬੀਅਤ ਦੇ ਦੂਤ ਵਜੋਂ,
ਓਥੋਂ ਦੇ ਗੁਰਧਾਮਾਂ ਵਿਚ ਜਾ ਕੇ, ਗੁਰ ਇਤਿਹਾਸ
ਅਤੇ ਪੰਜਾਬੀ ਸਭਿਆਚਾਰ ਤੋਂ ਹੀ ਜਾਣੂ ਨਹੀਂ ਕਰਵਾਉਂਦਾ ਬਲਕਿ ਵਿਦੇਸ਼ਾਂ ਤੋਂ ਗ੍ਰਹਿਣ ਕੀਤੇ
ਤਜਰਬਿਆਂ ਅਤੇ ਆਪਣੇ ਪਿੰਡੇ ਤੇ ਹੰਡਾਏ ਤਲਖ ਤੇ ਸੁਖਾਵੇਂ ਅਨੁਭਵਾਂ ਨੂੰ, ਅਤਿ ਸਾਦੀ ਅਤੇ
ਰੌਚਕ ਭਾਸ਼ਾ ਵਿਚ, ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਕੇ, ਉਹਨਾਂ ਦੇ ਗਿਆਨ ਵਿਚ
ਵਾਧਾ ਵੀ ਕਰਦਾ ਹੈ।
ਹਵਾਲਾ ਅਧੀਨ ਪੁਸਤਕ ਵਿਚ ਉਸ ਨੇ ਆਪਣੇ ਵਿਦੇਸ਼ ਭ੍ਰਮਣ ਦੇ ਨਾਲ਼ ਜੁੜੀਆਂ ਯਾਦਾਂ ਅਤੇ
ਸਿਮਰਤੀਆਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਪੁਸਤਕ ਵਿਚ ਸ਼ਾਮਲ ਲੇਖ ਹਨ: ਪੰਜਾਬੀ ਸੂਬੇ
ਦਾ ਜਿਊਂਦਾ ਜਾਗਦਾ ਇਤਿਹਾਸ, ਮਰਯਾਦਾ ਦਾ ਵਖਰੇਵਾਂ, ਨਸ਼ਿਆਂ ਦੀ ਆਦਤ, ਪਾਠਾਂ ਦੀਆਂ
ਕਿਸਮਾਂ, ਘਰੋਂ ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ, ਫ਼ਿਲਮੀ ਤਰਜ਼ਾਂ ਤੇ ਕੀਰਤਨ, ਡਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ, ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ, ਤੇਰਾ
ਵਿਕਦਾ ਜੈ ਕੁਰੇ ਪਾਣੀ, ਮੈਂ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ ਸਿੱਖੀਆਂ, ਗੱਲ ਚੱਲੀ
ਗੁਰਮੁਖੀ ਵਿਚ ਹੋਰ ਤਿੰਨ ਚਿੰਨ੍ਹਾਂ ਦੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਐਡੀਲੇਡ, ਆਰਤੀ,
ਵਿਦਵਾਨ ਪ੍ਰਧਾਨ ਜੀ, ਮਹਾਂਰਾਜ ਜੀ ਦੇ ਅੱਗਿਉਂ ਭਾਨ ਚੁੱਕਣਾ, ਮੇਰੇ ਮਿੱਤਰ ਮੇਰੇ ਨਾਂ ਤੇ
ਲੁੱਟੇ ਗਏ, ਗੁਰਦੁਆਰਾ ਜਿਥੇ ਮੈਂ ਰਾਤ ਨਾ ਰਹਿ ਸਕਿਆ, ਸੁਰੀਲੇ ਤੇ ਸੁਹਿਰਦ ਸੱਜਣ, ਜਿਸ ਕਾ
ਕਾਮ ਉਸੀ ਕੋ ਸਾਜੇ, ਫੋਕੀ ਟੌਹਰ ਅਤੇ ਯਾਦਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀਆਂ।
ਸੰਤੋਖ ਸਿੰਘ ਦੀ ਵਾਰਤਕ ਵਿਚ ਲੋਕ ਮੁਹਾਵਰੇ ਦੀ ਮਿੱਸ ਰਲ਼ੀ ਹੋਈ ਹੈ, ਜਿਸ ਕਰਕੇ ਪਾਠਕ ਨੂੰ
ਸੁਤੇ ਸਿਧ ਹੀ ਆਪਣੇ ਨਾਲ਼ ਜੋੜ ਲੈਂਦੀ ਹੈ। ਇਸ ਪੁਸਤਕ ਵਿਚ ਸਫ਼ਰਨਾਮੇ ਵਾਲ਼ਾ ਰਸ ਘੁਲ਼ਿਆ ਹੋਇਆ
ਹੈ। ਪੁਸਤਕ ਰੌਚਕ ਅਤੇ ਗਿਆਨਵਰਧਕ ਹੈ।
94630 34472
-0- |