ਮਹਾਂਰਾਜਾ ਤੇ ਅਦਾ ਸਮੇਤ
ਅਰੂੜ ਸਿੰਘ ਦੇ ਸੇਂਟ ਪੀਟਰਜ਼ਬਰਗ ਦੇ ਵਾਰਸਾ ਸਟੇਸ਼ਨ ਤੇ ਜਾ ਉਤਰੇ। ਹਾਲੇ ਉਹ ਮਿਸਟਰ ਤੇ
ਮਿਸਜ਼ ਕੈਸੀ ਹੀ ਸਨ। ਕੈਟਕੌਫ ਦਾ ਭੇਜਿਆ ‘ਮਾਸਕੋ ਗਜ਼ਟ’ ਦੇ ਇਕ ਕਰਮਚਾਰੀ ਨੇ ਉਹਨਾਂ ਨੂੰ
‘ਜੀ ਆਇਆਂ’ ਕਿਹਾ ਤੇ ਇਸ ਠੰਡ ਵਿਚ ਉਹਨਾਂ ਦਾ ਮਾਰਗ ਦਰਸ਼ਨ ਕਰਦਾ ਉਸ ਨੂੰ ਉਹਨਾਂ ਦੇ ਹੋਟਲ
ਵਲ ਲੈ ਤੁਰਿਆ। ਇਸ ਕਰਮਚਾਰੀ ਨੂੰ ਇਹੋ ਬਹੁਤ ਖੁਸ਼ੀ ਸੀ ਕਿ ਇਹ ਮਹਿਮਾਨ ਇੰਗਲੈਂਡ ਤੋਂ ਸਨ
ਜਿਥੇ ਉਹ ਆਪਣੀ ਪਤਨੀ ਨਾਲ ਛੁੱਟੀਆਂ ਕੱਟਣ ਜਾ ਚੁੱਕਿਆ ਸੀ। ਇਹ ਹੋਟਲ ਡੇ ਐਲ’ਯੌਰਪ ਨੈਵਸਕੀ
ਪਰੌਸਪਕਟ ਉਪਰ ਇਕ ਵਧੀਆ ਤੇ ਨਵੇਂ ਢੰਗ ਦਾ ਹੋਟਲ ਸੀ। ਮਹਾਂਰਾਜੇ ਨੇ ਹੋਟਲ ਵਿਚ ਪੁੱਜ ਕੇ
ਸਭ ਤੋਂ ਪਹਿਲਾਂ ਏਲੀ ਸੀਓਨ ਨੂੰ ਆਪਣੀ ਇਸ ਜਿੱਤ ਉਪਰ ਵਧਾਈ ਦੀ ਤਾਰ ਭੇਜੀ। ਮਿਖਾਈਲ
ਕੈਟਕੌਫ ਵੀ ਇਸ ਨੂੰ ਆਪਣੀ ਜਿੱਤ ਸਮਝ ਰਿਹਾ ਸੀ। ਉਸ ਦੀ ਪੌਲਸੀ ਦੀ ਜਿੱਤ ਸੀ। ਰੂਸ ਦੀਆਂ
ਸਰਹੱਦਾਂ ਵਧਾੳਣ ਦੇ ਚਾਅ ਦੀ ਖੁਸ਼ੀ ਸੀ। ਉਹ ਆਪਣੇ ਮੁਲਕ ਨੂੰ ਦੂਰ ਤਕ ਫੈਲਿਆ ਦੇਖਣਾ
ਚਾਹੁੰਦਾ ਸੀ। ਭਾਵੇਂ ਬਹੁਤ ਸਾਰੇ ਲੋਕ ਉਸ ਦਾ ਵਿਰੋਧ ਕਰਦੇ ਸਨ ਪਰ ਉਹ ਆਪਣੀਆਂ ਪੌਲਸੀਆਂ
ਦੇ ਹੱਕ ਵਿਚ ਦਲੀਲਾਂ ਦਿੰਦਾ ਰਹਿੰਦਾ ਸੀ। ਸੇਂਟ ਪੀਟਰਜ਼ਬਰਗ ਪੁੱਜ ਕੇ ਮਹਾਂਰਾਜੇ ਨੇ ਹਾਲੇ
ਪੂਰੀ ਤਰ੍ਹਾਂ ਸੌਂ ਕੇ ਵੀ ਨਹੀਂ ਸੀ ਦੇਖਿਆ ਕਿ ਉਸ ਨੂੰ ਮਿਖਾਈਲ ਕੈਟਕੌਫ ਦਾ ਸੁਨੇਹਾ ਮਿਲ
ਗਿਆ ਕਿ ਕਿਸੇ ਕਾਰਨ ਸਾਰੇ ਮਨਸੂਬੇ ਵਿਚ ਅਚਾਨਕ ਤਬਦੀਲੀ ਕਰਨੀ ਪੈ ਗਈ ਸੀ ਸੋ ਜਲਦੀ ਤੋਂ
ਜਲਦੀ ਮਾਸਕੋ ਪੁੱਜੋ। ਅੱਧ-ਖੋਹਲਿਆ ਸਮਾਨ ਇਕ ਵਾਰ ਫਿਰ ਬੰਨਿਆਂ ਗਿਆ ਤੇ ਅਗਲੀ ਸਵੇਰ ਹੀ
ਮਹਾਂਰਾਜਾ, ਅਦਾ ਤੇ ਅਰੂੜ ਸਿੰਘ ਨੂੰ ਲੈ ਕੇ ਮਾਸਕੋ ਲਈ ਗੱਡੀ ਵਿਚ ਜਾ ਬੈਠਾ। ਚਾਰ ਸੌ ਮੀਲ
ਦੇ ਕਰੀਬ ਦਾ ਸਫਰ ਸੀ ਇਹ। ਪੂਰਾ ਦਿਨ ਹੀ ਲਗ ਜਾਣਾ ਸੀ।
ਬ੍ਰਤਾਨਵੀ ਏਜੰਟਾਂ ਨੇ ਡੇ-ਗਾਇਰ ਤਕ ਇਹ ਖ਼ਬਰ ਤਾਂ ਪੁਜਦੀ ਕਰ ਦਿਤੀ ਸੀ ਕਿ ਮਹਾਂਰਾਜਾ ਤੇ
ਅਦਾ ਵੈਦਰਿਲ ਸਰਹੱਦ ਪਾਰ ਕਰ ਰਹੇ ਸਨ ਪਰ ਇਹ ਨਹੀਂ ਸੀ ਪਤਾ ਕਿ ਉਹ ਮਿਸਟਰ ਤੇ ਮਿਸਜ਼ ਕੈਸੀ
ਦੇ ਨਾਂ ‘ਤੇ ਲੰਘ ਰਹੇ ਸਨ। ਉਸ ਨੇ ਸਰਹੱਦ ਤੋਂ ਮਹਾਂਰਾਜੇ ਬਾਰੇ ਪਤਾ ਕੀਤਾ ਤਾਂ ਕੋਈ ਢੰਗ
ਦੀ ਖ਼ਬਰ ਨਾ ਮਿਲੀ। ਇਕ ਪਾਸੇ ਉਸ ਨੂੰ ਮਹਾਂਰਾਜੇ ਦੇ ਰੂਸ ਵਿਚ ਪੁੱਜਣ ਦੀਆਂ ਖ਼ਬਰਾਂ ਮਿਲ
ਰਹੀਆਂ ਸਨ ਤੇ ਦੂਜੇ ਪਾਸੇ ਪਤਾ ਲਗ ਰਿਹਾ ਸੀ ਕਿ ਮਹਾਂਰਾਜੇ ਨੇ ਤਾਂ ਸਰਹੱਦ ਪਾਰ ਕੀਤੀ ਹੀ
ਨਹੀਂ। ਇਹਨਾਂ ਨਾਵਾਂ ਨੇ ਪੈਰਿਸ ਵਿਚ ਟੈਵਿਸ ਨੂੰ ਵੀ ਚੱਕਰ ਵਿਚ ਪਾਇਆ ਹੋਇਆ ਸੀ। ਮਹਾਂਰਜੇ
ਨੇ ਆਪਣੇ ਪੁੱਜਣ ਦੀ ਜਿਹੜੀ ਤਾਰ ਏਲੀ ਸੀਓਨ ਨੂੰ ਭੇਜੀ ਸੀ, ਉਸ ਦਾ ਪਤਾ ਟੈਵਿਸ ਨੂੰ ਵੀ ਚਲ
ਗਿਆ ਸੀ। ਅਸਲ ਵਿਚ ਤਾਂ ਉਹ ਤਾਰ ਮਿਲਣ ਵੇਲੇ ਉਥੇ ਹੀ ਹਾਜ਼ਰ ਸੀ। ਉਸ ਨੇ ਤਾਰ ਪੜ੍ਹ ਵੀ ਲਈ
ਸੀ ਜਿਸ ਵਿਚ ਲਿਖਿਆ ਸੀ ਕਿ ਮਿਸਟਰ ਤੇ ਮਿਸਜ਼ ਕੈਸੀ ਰੂਸ ਪੁੱਜ ਗਏ ਸਨ। ਉਹ ਇਕੱਲਾ ਬੈਠਾ
ਹੀ ਸੋਚੀ ਜਾ ਰਿਹਾ ਸੀ ਕਿ ਫਿਰ ਮਹਾਂਰਾਜਾ ਕਿਥੇ ਹੋਇਆ। ਉਸ ਦੇ ਹਿਸਾਬ ਨਾਲ ਮਹਾਂਰਾਜਾ ਤੇ
ਅਦਾ ਨੇ ਮਿਸਟਰ ਤੇ ਮਿਸਜ਼ ਲੌਰੇਨ ਦੇ ਨਾਂ ਨਾਲ ਸਫਰ ਕਰ ਰਹੇ ਹੋਣੇਗੇ। ਮਿਸਟਰ ਫਰਾਂਸਿਸ
ਵਿਲੀਅਰਜ਼ ਨੇ ਸੈਕਟਰੀ ਔਫ ਸਟੇਟ ਫਾਰ ਇੰਡੀਆ ਤੀਕ ਇਹ ਖ਼ਬਰ ਪੁਜਦੀ ਕਰ ਦਿਤੀ ਕਿ ਮਹਾਂਰਾਜਾ
ਪੀਟਰਜ਼ਬਰਗ ਦੇ ਫਲਾਨੇ ਹੋਟਲ ਵਿਚ ਰੁਕਿਆ ਹੋਇਆ ਹੈ ਤੇ ਕੈਟਕੌਫ ਉਸ ਨੂੰ ਮਿਲਣ ਆ ਰਿਹਾ ਹੈ।
ਨਾਲ ਹੀ ਇਹ ਖ਼ਬਰ ਵੀ ਆ ਗਈ ਕਿ ਉਹ ਜ਼ਾਰ ਨਾਲ ਮੁਲਾਕਾਤ ਕਰਨ ਲਈ ਮਾਸਕੋ ਲਈ ਰਵਾਨਾ ਹੋ ਗਿਆ
ਹੈ। ਵਾਰ ਵਾਰ ਵਰਤੇ ਜਾ ਰਹੇ ਕੈਸੀ ਨਾਂ ਦੀ ਹਾਲੇ ਵੀ ਟੈਵਿਸ ਨੂੰ ਤੇ ਬ੍ਰਤਾਨਵੀ ਏਜੰਸੀਆਂ
ਨੂੰ ਅਸਪੱਸ਼ਟਤਾ ਸੀ। ਤੇ ਇਹ ਅਸਪੱਸ਼ਟਤਾ ਸਥਿਤੀ ਨੂੰ ਸਨਸਨੀਖੇਜ਼ ਬਣਾ ਰਹੀ ਸੀ।
ਮਹਾਂਰਾਜੇ ਦਾ ਇਕ ਦਮ ਮਾਸਕੋ ਜਾਣਾ ਕੈਟਕੌਫ ਨੂੰ ਜ਼ਰੂਰੀ ਲਗਿਆ ਸੀ। ਉਹ ਜ਼ਾਰ ਜਾਂ ਸ਼ਾਹੀ
ਮਹੱਲ ਵਿਚ ਮਹਾਂਰਾਜੇ ਦੀ ਫਾਈਲ ਪੇਸ਼ ਕਰਕੇ ਆਪਣਾ ਪੱਖ ਦੱਸਣਾ ਚਾਹੁੰਦਾ ਸੀ ਪਰ ਦੂਜੇ ਪਾਸੇ
ਡੇ-ਗਾਇਰ ਇਕ ਦਮ ਉਲਟੀ ਧਿਰ ਮੱਲੀ ਬੈਠਾ ਸੀ ਤੇ ਮਹਾਂਰਾਜੇ ਦੀ ਰੂਸ ਵਿਚ ਸੱਦਣਾ ਖਤਰਨਾਕ
ਸਿਧ ਕਰਨ ਦੀ ਕੋਸਿ਼ਸ਼ ਵਿਚ ਸੀ। ਡੇ-ਗਾਇਰ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਵਿਦੇਸ਼
ਵਿਭਾਗ ਦਾ ਮੁੱਖੀ ਉਹ ਹੈ ਨਾ ਕਿ ਕੈਟਕੌਫ। ਰੂਸ ਦੇ ਸ਼ਾਹੀ ਮਹੱਲਾਂ ਵਿਚ ਸਿਆਸਤ ਜ਼ੋਰਾਂ
‘ਤੇ ਸੀ। ਜਰਮਨ-ਪਾਰਟੀ ਸਦਾ ਹੀ ਕੈਟਕੌਫ ਨੂੰ ਆਪਣਾ ਦੁਸ਼ਮਣ ਸਮਝਦੀ ਸੀ ਕਿਉਂਕਿ ਕੈਟਕੌਫ
ਰੂਸ ਦੀ ਜਰਮਨੀ ਨਾਲ ਦੋਸਤੀ ਦੇ ਖਿਲਾਫ ਸੀ। ਉਹ ਸਦਾ ਹੀ ਜ਼ਾਰ ਤੀਜੇ ਨੂੰ ਜਰਮਨੀ ਦੇ ਖਿਲਾਫ
ਭੜਕਾਉਣ ਦੀ ਕੋਸਿ਼ਸ਼ ਕਰਦਾ ਸੀ। ਇਹਨਾਂ ਦਿਨਾਂ ਵਿਚ ਜਰਮਨੀ ਤੇ ਇੰਗਲੈਂਡ ਦੀ ਦੋਸਤੀ ਚਲ
ਰਹੀ ਸੀ। ਜਰਮਨੀ ਦੇ ਖਿਲਾਫ ਜਾਣ ਦਾ ਮਤਲਬ ਸੀ ਕਿ ਇੰਗਲੈਂਡ ਦੇ ਵਿਰੁਧ ਵੀ ਹੋਣਾ। ਡੇ-ਗਾਇਰ
ਨਿੱਜੀ ਤੌਰ ‘ਤੇ ਜਰਮਨੀ ਤੇ ਇੰਗਲੈਂਡ ਦੀਆਂ ਸਰਕਾਰਾਂ ਦਾ ਦੋਸਤ ਸੀ। ਡੇ-ਗਾਇਰ ਵਿਦੇਸ਼
ਮੰਤਰੀ ਸੀ ਤੇ ਕੋਈ ਹੋਰ ਵਿਦੇਸ਼ ਨੀਤੀ ਉਪਰ ਪ੍ਰਭਾਵ ਪਾਵੇ ਇਹ ਉਸ ਨੂੰ ਪਸੰਦ ਨਹੀਂ ਸੀ। ਉਸ
ਨੇ ਕੈਟਕੌਫ ਨੂੰ ਇਕ ਚਿੱਠੀ ਲਿਖਦਿਆਂ ਕਿਹਾ;
‘ਮਿਸਟਰ ਕੈਟਕੌਫ, ਵਿਦੇਸ਼ੀ ਨੀਤੀ ਘੜਨਾ ਮੇਰੀ ਜਿ਼ੰਮੇਵਾਰੀ ਹੈ ਨਾ ਕਿ ਤੇਰੀ। ਜੇ ਤੂੰ
ਮੇਰੇ ਕੰਮ ਵਿਚ ਦਖਲ ਦਿੰਦਾ ਰਹੇਂਗਾ ਤਾਂ ਮੈਂ ਜ਼ਾਰ ਨਾਲ ਸਿੱਧੀ ਗੱਲ ਕਰਕੇ ਸਿ਼ਕਾਇਤ
ਕਰਾਂਗਾ।’
ਇਸ ਤੋਂ ਬਾਅਦ ਜਦ ਡੇ-ਗਾਇਰ ਨੇ ਜ਼ਾਰ ਨਾਲ ਮਿਲਣ ਦਾ ਸਮਾਂ ਲਿਆ ਤੇ ਦਸਣ ਲਗਿਆ,
“ਯੋਅਰ ਹਾਈਨੈੱਸ, ਮੈਂ ਤੁਹਾਡਾ ਵਿਦੇਸ-ਮੰਤਰੀ ਹਾਂ। ਬਾਹਰਲੇ ਮੁਲਕਾਂ ਨਾਲ ਸਬੰਧ ਕਿਹੋ
ਜਿਹੇ ਹੋਣੇ ਚਾਹੀਦੇ ਨੇ ਇਹਦੇ ਬਾਰੇ ਮੇਰਾ ਫਰਜ਼ ਏ ਕਿ ਤੁਹਾਨੂੰ ਸਲਾਹ ਦੇਵਾਂ ਪਰ ਕੈਟਕੌਫ
ਸਿਧਾ ਆਪ ਹੀ ਵਿਦੇਸ਼ਾਂ ਦੇ ਪ੍ਰਤੀਨਿਧਿੀਆਂ ਨਾਲ ਮੁਲਕਾਤਾਂ ਕਰਕੇ ਤੁਹਾਡੇ ਵਲੋਂ ਫੈਸਲੇ
ਲੈਣ ਦੀ ਕੋਸਿ਼ਸ਼ ਕਰ ਰਿਹਾ ਏ। ਮੈਨੂੰ ਤੇ ਬਾਅਦ ਵਿਚ ਹੀ ਖ਼ਬਰ ਦਾ ਪਤਾ ਚਲਦਾ ਏ।”
ਡੇ-ਗਾਇਰ ਨੇ ਮਹਾਂਰਾਜੇ ਵਾਲੀ ਗੱਲ ਦਾ ਹਾਲੇ ਕੋਈ ਜਿ਼ਕਰ ਨਾ ਕੀਤਾ। ਹਾਲੇ ਤਾਂ ਉਹ ਜ਼ਾਰ
ਦੇ ਮਨ ਵਿਚ ਕੈਟਕੌਫ ਦੇ ਖਿਲਾਫ ਜ਼ਮੀਨ ਤਿਆਰ ਕਰਨੀ ਚਾਹੁੰਦਾ ਸੀ। ਉਸ ਦੀਆਂ ਗੱਲਾਂ ਸੁਣ ਕੇ
ਜ਼ਾਰ ਸੋਚਾਂ ਵਿਚ ਪੈ ਗਿਆ। ਕੈਟਕੌਫ ਅਜਿਹੇ ਪਰਚੇ ਦਾ ਸੰਪਾਦਕ ਸੀ ਜਿਹੜਾ ਉਸ ਨੂੰ ਰੂਸ ਦੇ
ਲੋਕਾਂ ਨਾਲ ਤੇ ਦੁਨੀਆਂ ਭਰ ਨਾਲ ਜੋੜਦਾ ਸੀ ਤੇ ਦੂਜੇ ਉਸ ਦਾ ਆਪਣਾ ਵਿਦੇਸ਼ ਮੰਤਰੀ ਸੀ। ਉਹ
ਦੋਨਾਂ ਨੂੰ ਹੀ ਨਹੀਂ ਸੀ ਗਵਾਉਣਾ ਚਾਹੁੰਦਾ। ਦੋਨੋ ਹੀ ਉਸ ਲਈ ਅਹਿਮ ਸਨ। ਆਪਣੀ ਅਹਿਮੀਅਤ
ਨੂੰ ਸਮਝਦਾ ਹੋਣ ਕਰਕੇ ਹੀ ਕੈਟਕੌਫ ਆਪਣੀਆਂ ਮਰਜ਼ੀਆਂ ਕਰ ਜਾਇਆ ਕਰਦਾ ਸੀ। ਅਗਲੀ ਵਾਰ ਉੁਹ
ਮਹਾਂਰਾਜੇ ਦਾ ਕੇਸ ਲੈ ਕੇ ਸ਼ਾਹੀ ਮਹੱਲਾਂ ਵਿਚ ਗਿਆ ਤਾਂ ਜ਼ਾਰ ਨੇ ਉਸ ਨੂੰ ਆਖਿਆ,
“ਕੈਟਕੌਫ, ਅਜ ਦੇ ਇਸ ਹਾਲਾਤ ਵਿਚ ਜੇਕਰ ਡੇ-ਗਾਇਰ ਬਹੁਤ ਭੈੜਾ ਵੀ ਏ ਤਾਂ ਵੀ ਉਹ ਰੂਸ ਲਈ
ਬਹੁਤ ਅਹਿਮ ਏ। ਰੂਸ ਇਸ ਵੇਲੇ ਲੜਾਈ ਲਈ ਤਿਆਰ ਨਹੀਂ ਏ। ਤੁਸੀਂ ਜਾ ਕੇ ਡੇ-ਗਾਇਰ ਨੂੰ ਖੁਦ
ਕਿਉਂ ਨਹੀਂ ਮਿਲ ਲੈਂਦੇ ਤੇ ਜਿਹੜੀ ਗੱਲ ਲਈ ਮਨਾਉਣਾ ਚਾਹੁੰਦੇ ਹੋ ਉਸ ਬਾਰੇ ਖੁਲ੍ਹ ਕੇ ਗੱਲ
ਕਰ ਲੈਂਦੇ ਤੇ ਸ਼ਾਇਦ ਵਿਦੇਸ਼ ਮੰਤਰੀ ਤੁਹਾਡੇ ਨਾਲ ਸਹਿਮਤ ਹੀ ਹੋ ਜਾਣ।”
“ਯੋਅਰ ਮੈਜਿਸਟੀ, ਇਕ ਹੋਰ ਬਹੁਤ ਸੂਖਮ ਗੱਲ ਮੈਂ ਆਪ ਨਾਲ ਕਰਨੀ ਚਾਹੁੰਦਾ ਹਾਂ।”
“ਬੋਲੋ।”
ਉਸ ਨੇ ਮਹਾਂਰਾਜੇ ਦੀ ਪੂਰੀ ਫਾਈਲ ਰਾਜੇ ਸਾਹਮਣੇ ਸ਼ਾਹੀ ਮੇਜ਼ ਉਪਰ ਰਖਦਿਆਂ ਕਿਹਾ,
“ਜ਼ਰਾ ਇਸ ਨੂੰ ਦੇਖੋ।”
ਜ਼ਾਰ ਨੇ ਫਾਈਲ ਉਠਾਈ। ਉਸ ਦੇ ਕਵਰ ‘ਤੇ ਸ਼ੇਰ ਤੇ ਕਰਾਊਨ ਦੀ ਤਸਵੀਰ ਬਣੀ ਜਾਣੀ ਪੱਛਾਣੀ
ਲਗੀ। ਤੇ ਨਾਲ ਹੀ ਸਿਰਨਾਵੇਂ ਉਪਰ ਨਜ਼ਰ ਗਈ। ਲਿਖਿਆ ਸੀ: ਐੱਲਵੇਡਨ ਹਾਲ, ਥੈਟਫੋਰਡ,
ਨੋਰਫੋਕ। ਜ਼ਾਰ ਇਕ ਦਮ ਪੱਛਾਣ ਗਿਆ ਤੇ ਕਹਿਣ ਲਗਿਆ,
“ਇਹ ਅਸੀਂ ਕਿਵੇਂ ਭੁੱਲ ਸਕਦੇ ਹਾਂ, ਹਿੰਦੁਸਤਾਨੀ ਰਾਜਾ ਤੇ ਪਰਿੰਸ ਔਫ ਵੇਲਜ਼ ਦਾ ਖਾਸ
ਦੋਸਤ, ਅਸੀਂ 1874 ਦੀਆਂ ਛੁੱਟੀਆਂ ਇਕੱਠਿਆਂ ਨੇ ਮਨਾਈਆਂ ਸਨ, ਇਹ ਤਾਂ ਬਹੁਤ ਹੀ ਵਧੀਆ
ਇਨਸਾਨ ਏ।”
“ਇਹ ਸਾਡੇ ਮੁਲਕ ਵਿਚ ਆਉਣਾ ਚਾਹੁੰਦਾ ਏ, ਇਹੋ ਸਾਰੀ ਗੱਲ ਏ।”
“ਕਿਉਂ ਨਹੀਂ, ਬਿਲਕੁਲ ਉਸ ਨੂੰ ਆਪਣੇ ਮੁਲਕ ਵਿਚ ਆਉਣ ਦੀ ਆਗਿਆ ਦੇ ਦਿਓ, ਜਿੰਨਾ ਚਿਰ ਉਹ
ਚਾਹੇ ਰਹਿਣ ਦਿਤਾ ਜਾਵੇ।”
ਜ਼ਾਰ ਨੇ ਫਾਈਲ ਦੇ ਹੇਠ ਆਪਣੇ ਨੋਟ ਵੀ ਲਿਖ ਦਿਤੇ। ਉਸ ਨੇ ਡੇ-ਗਾਇਰ ਨੂੰ ਵੀ ਸੁਨੇਹਾ ਭੇਜ
ਦਿਤਾ ਕਿ ਜੇ ਕੋਈ ਸਵਾਲ ਹੋਵੇ ਤਾਂ ਉਸ ਨੂੰ ਪੁੱਛਿਆ ਜਾਵੇ। ਕੈਟਕੌਫ ਖੁਸ਼ ਵੀ ਸੀ ਤੇ ਉਸ
ਨੂੰ ਆਪਣੇ ਆਪ ‘ਤੇ ਮਾਣ ਵੀ ਹੋ ਰਿਹਾ ਸੀ ਕਿ ਮਹਾਂਰਾਜੇ ਨੂੰ ਦਿਤੇ ਸੱਦੇ ਉਪਰ ਜ਼ਾਰ ਨੇ
ਬਿਨਾਂ ਕਿਸੇ ਅੜਿੱਕੇ ਦੇ ਸਹੀ ਪਾ ਦਿਤੀ ਸੀ। ਕੈਟਕੌਫ ਦੀ ਆਪਣੇ ਦੁਸ਼ਮਣ ਉਪਰ ਇਹ ਜਿੱਤ ਸੀ।
ਡੇ-ਗਾਇਰ ਦੀ ਇਸ ਵਿਚ ਬੇਇਜ਼ਤੀ ਸੀ। ਉਸ ਨੇ ਮਹਾਂਰਾਜੇ ਨੂੰ ਇਸ ਬੇਨਤੀ ਦੀ ਸਾਲ ਭਰ ਪਹਿਲਾਂ
ਨਾਂਹ ਕਰ ਦਿਤੀ ਹੋਈ ਸੀ। ਉਹ ਮੰਤਰੀ ਸੀ ਤੇ ਕੈਟਕੌਫ ‘ਮਾਸਕੋ ਗਜ਼ਟ’ ਦਾ ਸਾਧਾਰਨ ਸੰਪਾਦਕ।
ਇਹ ਖ਼ਬਾਰ ਬਾਹਰ ਵੀ ਆਮ ਫੈਲ ਗਈ। ਰੂਸ ਦੀਆਂ ਅਖ਼ਬਾਰਾਂ ਭਾਵੇਂ ਇਸ ਬਾਰੇ ਬਹੁਤਾ ਨਾ
ਬੋਲੀਆਂ ਪਰ ਬਰਲਿਨ ਪੋਸਟ ਨੇ 29 ਮਾਰਚ ਦੇ ਐਡੀਸ਼ਨ ਵਿਚ ਲਿਖਿਆ;
‘ਰੂਸੀ ਸਰਕਾਰ ਦਾ ਦਫਤਰ ਹੁਣ ‘ਮਾਸਕੋ ਗਜ਼ਟ’ ਦੇ ਦਫਤਰ ਵਿਚ ਹੈ।’
ਕਿਸੇ ਅਖ਼ਬਾਰ ਵਲੋਂ ਅਜਿਹੀ ਟਿੱਪਣੀ ਜ਼ਾਰ ਦੀ ਸ਼ਾਨ ਦੇ ਖਿਲਾਫ ਜਾਂਦੀ ਸੀ ਤੇ ਮੰਤਰੀਆਂ ਦੇ
ਵੀ। ਸਾਰੇ ਪਾਸੇ ਹੀ ਇਸ ਦਾ ਗੰਭੀਰ ਨੋਟਿਸ ਲਿਆ ਗਿਆ।
ਹੁਣ ਮਹਾਂਰਾਜਾ ਆਪਣੇ ਜਥੇ ਨਾਲ ਮਾਸਕੋ ਪੁੱਜ ਗਿਆ। ਕੈਟਕੌਫ ਦੇ ਸਹਿਯੋਗੀ ਸ਼ੈਟਾਊਕਿਨ ਨੇ
ਉਹਨਾਂ ਲਈ ਹੋਟਲ ਡੈਸੂਐਕਸ ਚੁਣਿਆ ਹੋਇਆ ਸੀ। ਇਹ ਬਹੁਤਾ ਵਧੀਆ ਹੋਟਲ ਤਾਂ ਨਹੀਂ ਸੀ ਪਰ
ਬੁਰਾ ਵੀ ਨਹੀਂ ਸੀ। ਗੱਦੇਦਾਰ ਬਿਸਤਰ ਸਨ ਤੇ ਨਹਾਉਣ ਲਈ ਭਾਫ ਵਾਲੇ ਇਸ਼ਨਾਨ ਦਾ ਇੰਤਜ਼ਾਮ
ਸੀ। ਹੋਟਲ ਸਸਤਾ ਵੀ ਸੀ। ਕਿਰਾਇਆ ਸਿਰਫ ਡੇੜ ਰੂਬਲ ਇਕ ਰਾਤ ਦਾ। ਇਸ ਦਾ ਜਰਮਨ ਮੂਲ ਦਾ
ਮਾਲਕ ਵੀ ਵਧੀਆ ਸੁਭਾਅ ਵਾਲਾ ਬੰਦਾ ਸੀ। ਮਾਸਕੋ ਦੇ ਆਮ ਹੋਟਲਾਂ ਵਿਚ ਵਿਦੇਸ਼ੀ ਮੁਸਾਫਿਰਾਂ
ਨੂੰ ਆਪਣਾ ਪਾਸਪੋਰਟ ਜਮਾਂ ਕਰਾਉਣਾ ਪੈਂਦਾ ਸੀ ਪਰ ਇਸ ਹੋਟਲ ਵਿਚ ਇਹ ਮੁਆਫ ਸੀ। ਵੈਸੇ ਅਗਲੇ
ਦਿਨ ਪੁਲੀਸ ਦਾ ਇਕ ਅਫਸਰ ਆਇਆ ਤੇ ਮਹਾਂਰਾਜੇ ਦੇ ਕੋਲ ਏਨੇ ਜਵਾਹਰਾਤ ਦੇਖਦਾ ਤੇ ਉਸਦੀ
ਹੈਸੀਅਤ ਨੂੰ ਆਂਕਦਾ ਉਹਨਾਂ ਸਾਰਿਆਂ ਨੂੰ ਇਕ ਵਿਸ਼ੇਸ਼ ਕਾਰਡ ਜਾਰੀ ਕਰ ਗਿਆ ਜਿਸ ਮੁਤਾਬਕ
ਉਹ ਕਿਤੇ ਵੀ ਆ ਜਾ ਸਕਦੇ ਸਨ।
ਮਹਾਂਰਾਜਾ ਹੋਟਲ ਦੇ ਮਹੌਲ ਨਾਲ ਦੋਸਤੀ ਪਾਉਣ ਲਗਿਆ। ਉਹ ਕੈਸੀ ਪਰਿਵਾਰ ਦੇ ਤੌਰ ‘ਤੇ
ਰਹਿੰਦਾ ਹੋਣ ਕਰਕੇ ਕਿਸੇ ਨਾਲ ਬਹੁਤ ਘੁਲ਼ਣਾ ਨਹੀਂ ਸੀ ਚਾਹੁੰਦਾ। ਉਸ ਨੇ ਇਸ ਦੇ ਖਾਣੇ ਦਾ
ਮੈਨਿਓ ਦੇਖਿਆ ਤਾਂ ਬਹੁਤ ਹੀ ਓਪਰਾ ਲਗਿਆ। ਖਾਣਿਆਂ ਦੇ ਅਜਿਹੇ ਨਾਂ ਜਿਹੜੇ ਉਸ ਨੇ ਪਹਿਲਾਂ
ਕਦੇ ਸੁਣੇ ਹੀ ਨਹੀਂ ਸਨ। ਉਹ ਅਰੂੜ ਸਿੰਘ ਨੂੰ ਇਹ ਨਾਂ ਪੜ੍ਹ ਕੇ ਸੁਣਾਉਂਦਾ ਬੋਲਿਆ,
“ਇਹ ਇਕਰਾ, ਇਹ ਔਟਕਾ ਕੀ ਹੋਇਆ ਜੀ? ...ਮੈਂ ਤਾਂ ਸੋਚ ਰਿਹਾਂ ਕਿ ਆਪਾਂ ਖਾਵਾਂਗੇ ਕੀ?”
ਹੋਟਲ ਦਾ ਬਾਵਰਚੀ ਫਰਾਂਸੀਸੀ ਸੀ। ਉਸ ਨੇ ਮਹਾਂਰਾਜੇ ਦੀਆਂ ਲੋੜਾਂ ਸਮਝਦਿਆਂ ਬੰਦ ਗੋਭੀ ਤੇ
ਕਰੀਮ ਦਾ ਸੂਪ ਬਣਾਇਆ ਤੇ ਹੋਰ ਵੀ ਫਰਾਂਸੀਸੀ ਖਾਣੇ ਤਿਆਰ ਕੀਤੇ। ਇਹ ਦੇਖ ਕੇ ਮਹਾਂਰਾਜਾ
ਬੱਚਿਆਂ ਵਾਂਗ ਖੁਸ਼ ਹੋ ਗਿਆ। ਉਹ ਸਾਰਾ ਦਿਨ ਹੋਟਲ ਵਿਚ ਹੀ ਰਿਹਾ। ਅਦਾ ਬਾਹਰ ਜਾਣਾ
ਚਾਹੁੰਦੀ ਸੀ ਪਰ ਉਸ ਨੇ ਜਾਣ ਨਾ ਦਿਤਾ। ਮਹਾਂਰਾਜੇ ਨੇ ਹੋਟਲ ਦੇ ਨਜ਼ਦੀਕ ਹੀ ਇਕ ਬੈਂਕ ਦੇਖ
ਲਿਆ ਜਿਥੇ ਉਹ ਆਪਣਾ ਕੀਮਤੀ ਸਮਾਨ ਰੱਖ ਸਕਦਾ ਸੀ। ਨਾਲ ਹੀ ਦਿਨ-ਰਾਤ ਖੁਲ੍ਹਣ ਵਾਲਾ ਤਾਰ-ਘਰ
ਵੀ ਸੀ। ਇਹ ਜਗਾਹ ਉਸ ਨੂੰ ਢੁਕਵੀਂ ਜਾਪ ਰਹੀ ਸੀ। ਇਥੋਂ ਤਾਰ ਦੇਣੀ ਫਰਾਂਸ ਨਾਲੋਂ ਕਾਫੀ
ਸਸਤੀ ਸੀ, ਸਿਰਫ ਅਠਾਰਾਂ ਕੋਪਕ ਇਕ ਸ਼ਬਦ ਦੇ। ਸਭ ਤੋਂ ਪਹਿਲਾਂ ਉਸ ਏਲੀ ਸੀਓਨ ਨੂੰ ਤਾਰ ਦੇ
ਦਿਤੀ;
‘ਅਸੀਂ ਕੱਲ ਸੇਂਟ ਪੀਟਰਜ਼ਬਰਗ ਜਾ ਰਹੇ ਹਾਂ। ...ਸਭ ਤਸੱਲੀ ਬਖਸ਼ ਹੈ।’
ਸੀਓਨ ਨੇ ਇਹ ਤਾਰ ਟੈਵਿਸ ਨੂੰ ਦਿਖਾਈ ਤੇ ਟੈਵਿਸ ਨੇ ਇਕ ਦਮ ਰਿਪ੍ਰੋਟ ਲੰਡਨ ਨੂੰ ਭੇਜ
ਦਿਤੀ।
ਸੀਓਨ ਟੈਵਿਸ ਨੂੰ ਦੱਸਦਾ ਤੇ ਟੈਵਿਸ ਲੰਡਨ ਨੂੰ ਸੁਨੇਹਾ ਭੇਜ ਦਿੰਦਾ ਪਰ ਇਹ ਸਭ ਕੁਝ ਇੰਨੀ
ਜਲਦੀ ਜਲਦੀ ਵਾਪਰ ਰਿਹਾ ਸੀ ਕਿ ਮਹਾਂਰਾਜੇ ਦੇ ਸਹੀ ਟਿਕਾਣੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ
ਲਗ ਰਿਹਾ। ਮਹਾਂਰਾਜਾ 31 ਮਾਰਚ ਨੂੰ ਮਾਸਕੋ ਆਇਆ ਸੀ। ਉਸ ਦੇ ਅਜੀਬ ਪਹਿਰਾਵੇ ਵਿਚ ਲੋਕਾਂ
ਨੂੰ ਉਸ ਦੇ ਸ਼ਹਿਰ ਵਿਚ ਆਉਣ ਦਾ ਪਤਾ ਸੀ ਪਰ ਕਿਥੇ ਰਹਿ ਰਿਹਾ ਹੈ ਇਸ ਬਾਰੇ ਬਹੁਤੇ ਲੋਕ
ਨਹੀਂ ਸਨ ਜਾਣਦੇ। ਏਜੰਟ ਕਿਸਮ ਦੇ ਲੋਕ ਉਸ ਨੂੰ ਮਿਸਟਰ ਕੈਸੀ ਹੀ ਸਮਝੀ ਜਾ ਰਹੇ ਸਨ।
ਮਹਾਂਰਾਜਾ ਤੇ ਅਰੂੜ ਸਿੰਘ ਕੈਟਕੌਫ ਦੇ ਘਰ ਉਸ ਨੂੰ ਮਿਲਣ ਗਏ। ਸਾਰਾ ਦਿਨ ਹੀ ਉਸ ਨਾਲ ਰਹੇ।
ਰਿਪ੍ਰੋਟ ਕਰਨ ਵਾਲਿਆਂ ਇਹੋ ਕਿਹਾ ਕਿ ਮਿਸਟਰ ਕੈਸੀ ਕੈਟਕੌਫ ਨੂੰ ਮਿਲ ਕੇ ਗਿਆ ਹੈ।
ਬ੍ਰਤਾਨਵੀ ਏਜੰਸੀ ਦਾ ਸਰ ਰੌਬਰਟ ਵੀ ਧੋਖਾ ਖਾ ਗਿਆ ਸੀ। ਬ੍ਰਿਟਿਸ਼ ਵਾਈਸ ਕੌਂਸਲਰ ਮਿਸਟਰ
ਅਗਸਟ ਵੈਬਰ ਨੇ ਵੀ ਅਜਿਹੀ ਹੀ ਗਲਤੀ ਕੀਤੀ। ਉਹ ਹੋਟਲ ਡੁਸੈਕਸ ਵਿਚ ਗਿਆ ਤਾਂ ਉਸ ਨੂੰ ਅਗੇ
ਅਰੂੜ ਸਿੰਘ ਮਿਲ ਪਿਆ। ਉਸ ਨੇ ਅਰੂੜ ਸਿੰਘ ਕੋਲ ਕੈਸੀ ਨੂੰ ਮਿਲਣ ਦੀ ਗੁਜ਼ਾਰਿਸ਼ ਕੀਤੀ।
ਅਰੂੜ ਸਿੰਘ ਮਹਾਂਰਾਜੇ ਨੂੰ ਬੁਲਾ ਲਿਆਇਆ। ਅਗਸਟ ਵੈਬਰ ਮਹਾਂਰਾਜੇ ਨਾਲ ਪੈਟਰਿਕ ਕੈਸੀ ਸਮਝ
ਹੀ ਕਾਫੀ ਦੇਰ ਤਕ ਗੱਲਾਂ ਕਰਦਾ ਰਿਹਾ। ਉਹ ਇੰਨਾ ਵੀ ਅੰਦਾਜ਼ਾ ਨਾ ਲਗਾ ਸਕਿਆ ਕਿ ਮਹਾਂਰਾਜੇ
ਦਾ ਰੰਗ ਤੇ ਪਹਿਰਾਵਾ ਬਿਲਕੁਲ ਆਇਰਸ਼ ਨਹੀਂ ਸੀ। ਇਸ ਤਰ੍ਹਾਂ ਪੈਟਰਿਕ ਕੈਸੀ ਦੀ ਹਾਜ਼ਰੀ ਵੀ
ਮਾਸਕੋ ਵਿਚ ਲਗਦੀ ਰਹੀ ਜਿਸ ਨਾਲ ਸਰਕਾਰ ਦੇ ਕੁਝ ਹਲਕਿਆਂ ਵਿਚ ਫਿਕਰ ਜਿਹਾ ਵੀ ਹੋਣ ਲਗਿਆ
ਕਿ ਕਿਤੇ ਆਇਰਸ਼ ਅੱਤਵਾਦੀ ਤੇ ਇਹ ਹਿੰਦੁਸਤਾਨੀ ਮਿਲ ਕੇ ਕੰਮ ਨਾ ਕਰਨ ਲਗ ਪੈਣ। ਇਹ ਤਾਂ
ਪਹਿਲਾਂ ਹੀ ਸਾਫ ਸੀ ਕਿ ਮਹਾਂਰਾਣੀ ਵਿਕਟੋਰੀਆ ਦੀ ਆ ਰਹੀ ਗੋਲਡਨ ਜੁਬਲੀ ਸਮੇਂ ਆਇਰਸ਼ਾਂ ਨੇ
ਕੋਈ ਨਾ ਕੋਈ ਗੜਬੜ ਕਰਨੀ ਹੀ ਕਰਨੀ ਸੀ।
ਡੇ-ਗਾਇਰ ਕੁਝ ਅਜਿਹਾ ਲੱਭ ਰਿਹਾ ਸੀ ਕਿ ਉਹ ਕੈਟਕੌਫ ਨੂੰ ਪਿੱਛੇ ਛੱਡ ਸਕੇ। ਉਹ ਬਿਨਾਂ
ਕਿਸੇ ਆਹੁਦੇ ਤੋਂ ਜਿਹੜੀਆਂ ਮਰਜ਼ੀਆਂ ਕਰਦਾ ਆ ਰਿਹਾ ਸੀ ਇਹ ਉਸ ਲਈ ਬੇਇਜ਼ਤੀ ਦਾ ਕਾਰਨ ਬਣ
ਰਹੀਆਂ ਸਨ। ਉਹ ਕੈਟਕੌਫ ਨੂੰ ਨੀਵਾਂ ਦਿਖਾਉਣ ਲਈ ਬ੍ਰਤਾਨਵੀ ਏਜੰਸੀਆਂ ਤੋਂ ਵੀ ਮੱਦਦ ਲੈ
ਲੈਂਦਾ ਸੀ। ਹੁਣ ਜਿਹੜੀ ਗਲਤ ਫਹਿਮੀ ਪੈਦਾ ਹੋ ਰਹੀ ਸੀ ਕਿ ਮਹਾਂਰਾਜਾ ਵੀ ਰੂਸ ਵਿਚ ਹੈ ਤੇ
ਪੈਟਰਿਕ ਕੈਸੀ ਵੀ, ਇਸ ਦਾ ਉਹ ਫਾਇਦਾ ਉਠਾਉਣਾ ਚਾਹੁੰਦਾ ਸੀ। ਉਸ ਨੂੰ ਪਤਾ ਚਲਿਆ ਕਿ
ਪੈਟਰਿਕ ਕੈਸੀ ਨਾਂ ਦਾ ਆਦਮੀ ਤਾਂ ਆਇਰਸ਼ ਮੂਲ ਦਾ ਇਕ ਮਸ਼ਹੂਰ ਬੰਬਾਰ ਸੀ। ਇਕ ਬੰਬਾਰ
ਮਾਸਕੋ ਵਿਚ ਕਿਵੇਂ ਸ਼ਰੇਆਮ ਰਹਿ ਸਕਦਾ ਸੀ। ਡੇ-ਗਾਇਰ ਨੇ ਮਹਾਂਰਾਜੇ ਦਾ ਨਾਂ ਪੈਟਰਿਕ ਕੈਸੀ
ਨਾਲ ਜੋੜ ਕੇ ਪੇਸ਼ ਕਰਨਾ ਤੇ ਉਹਨਾਂ ਦਾ ਕੈਟਕੌਫ ਨਾਲ ਵਾਹ ਹੋਣਾ ਖਤਰਨਾਕ ਬਣਾ ਕੇ ਪੇਸ਼
ਕਰਨਾ ਸ਼ੁਰੂ ਕਰ ਦਿਤਾ। ਅੰਗਰੇਜ਼ੀ ਅਖਬਾਰਾਂ ਨੇ ਵੀ ਇਹੋ ਖ਼ਬਰ ਉਡਾ ਦਿਤੀ। ਮਹਾਂਰਾਜੇ ਦੇ
ਰੂਸ ਵਿਚ ਹੋਣ ਦੇ ਕਾਰਨਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾਣ ਲਗਿਆ। ਮਹਾਂਰਾਜੇ ਨੂੰ ਬਿਨਾਂ
ਪਾਸਪੋਰਟ ਤੋਂ ਲੰਘ ਲੈਣ ਦਾ ਗੁਨਾਹ ਕਰਨ ਵਾਲੇ ਅਫਸਰ ਦੀ ਵੀ ਭਾਲ ਹੋਣ ਲਗੀ।
ਇਹਨਾਂ ਦਿਨਾਂ ਵਿਚ ਰੂਸ ਵਿਚ ਈਸਟਰ ਦੀਆਂ ਛੁੱਟੀਆਂ ਚਲ ਰਹੀਆਂ ਸਨ। ਇਹਨਾਂ ਛੁੱਟੀਆਂ ਵਿਚ
ਹੀ ਮਹਾਂਰਾਜੇ ਦੀ ਕੈਟਕੌਫ ਨਾਲ ਇਕ ਹੋਰ ਮੁਲਾਕਾਤ ਹੋਈ। ਕੈਟਕੌਫ ਉਸ ਨੂੰ ਭਰਵਾਂ ਹੱਥ ਮਿਲਾ
ਕੇ ਮਿਲਿਆ ਤੇ ਦੋਨਾਂ ਪਾਸਿਆਂ ਤੋਂ ਭਾਰੇ ਚੁੰਮਣ ਦਿਤੇ ਗਏ। ਮਹਾਂਰਾਜਾ ਏਨਾ ਖੁਸ਼ ਸੀ ਕਿ
ਉਸ ਨੇ ਅਗਲੇ ਦਿਨ ਹੀ ਸੀਓਨ ਨੂੰ ਚਿੱਠੀ ਲਿਖਦਿਆਂ ਕਿਹਾ;
‘ਕੱਲ ਮੇਰੀ ਮਹਾਨ ਮਨੁੱਖ ਨਾਲ ਮੁਲਾਕਾਤ ਹੋਈ, ...ਕੇ. ਬਹੁਤ ਸ਼ਾਨਦਾਰ ਮਨੁੱਖ ਹੈ, ਕੁਝ
ਬੁੱਢਾ ਪਰ ਨੌਜਵਾਨ, ਖੂਬਸੂਰਤ ਦਿਲ ਵਾਲਾ ਤੇ ਊਰਜਾ ਨਾਲ ਭਰਿਆ ਹੋਇਆ। ...ਉਸ ਨੇ ਜ਼ਾਰ ਕੋਲ
ਮੇਰਾ ਜਿ਼ਕਰ ਕੀਤਾ ਤੇ ਮੈਂ ਜ਼ਾਰ ਦੇ ਹਾਲੇ ਵੀ ਚੇਤੇ ਵਿਚ ਹਾਜ਼ਰ ਸਾਂ, ...ਉਸ ਨੇ ਮੇਰਾ
ਖਤ ਵੀ ਜ਼ਾਰ ਤਕ ਪੁੱਜਦਾ ਕਰ ਦਿਤਾ ਹੈ। ...ਉਹ ਮੈਨੂੰ ਕੁਝ ਦੋਸਤਾਂ ਨਾਲ ਹੋਰ ਵੀ ਮਿਲਾਏਗਾ
ਜਿਹਨਾਂ ਨੂੰ ਮੇਰੇ ਉਦੇਸ਼ਾਂ ਵਿਚ ਦਿਲਚਸਪੀ ਹੋਏਗੀ, ...ਸੋ ਮੇਰੇ ਦੋਸਤ, ਪੈਸੇ ਗੁਆਚਣ ਤੋਂ
ਬਿਨਾਂ ਸਭ ਠੀਕ ਜਾ ਰਿਹਾ ਹੈ, ...ਮੇਰਾ ਵਿਸਵਾਸ਼ ਪਾਤਰ ਅਬਦੁਲ ਰਸੂਲ ਜਲਦੀ ਹੀ ਮੈਨੂੰ
ਮਿਲਣ ਆ ਰਿਹਾ ਹੈ।’...
ਮਹਾਂਰਾਜੇ ਦਾ ਲੋੜੀਂਦੇ ਕਾਗਜ਼-ਪੱਤਰ ਵਾਲਾ ਡੱਬਾ ਜਿਹੜਾ ਉਹ ਟੈਵਿਸ ਕੋਲ ਛੱਡ ਆਇਆ ਸੀ,
ਹਾਲੇ ਤਕ ਵੀ ਨਹੀਂ ਸੀ ਪੁੱਜਿਆ। ਉਸ ਨੇ ਸੀਓਨ ਨੂੰ ਲਿਖਿਆ ਕਿ ਉਹ ਟੈਵਿਸ ਨੂੰ ਯਾਦ ਕਰਾ
ਦੇਵੇ।
ਮਹਾਂਰਾਜਾ ਹੋਟਲ ਵਿਚ ਬੈਠਾ ਦੁਨੀਆਂ ਭਰ ਦੇ ਹਾਲਾਤ ਦਾ ਮੁਤਾਲਿਆ ਕਰ ਰਿਹਾ ਸੀ ਤੇ ਚਿੱਠੀਆਂ
ਤੇ ਚਿੱਠੀਆਂ ਲਿਖਦਾ ਜਾ ਰਿਹਾ ਸੀ। ਠਾਕੁਰ ਸਿੰਘ ਸੰਧਾਵਾਲੀਆ, ਲਾਲ ਝੀਂਡਾ ਰਾਮ ਤੇ ਕੁਝ
ਹੋਰ ਲੋਕਾਂ ਨੂੰ ਵੀ ਜਿਥੋਂ ਉਸ ਨੂੰ ਮੱਦਦ ਦੀਆਂ ਆਸਾਂ ਸਨ ਤੇ ਸੀਓਨ ਤੇ ਟੈਵਿਸ ਵਰਗੇ ਆਪਣੇ
ਮਿਤਰਾਂ ਨੂੰ ਵੀ। ਟੈਵਿਸ ਨੇ ਤਾਂ ਉਸ ਦੀ ਚਿੱਠੀ ਦਾ ਇਕ ਉਤਾਰ ਸਿਧਿਆਂ ਹੀ ਲੰਡਨ ਭੇਜਣਾ ਹੀ
ਹੁੰਦਾ ਸੀ, ਜਿਸ ਨਾਲ ਮਹਾਂਰਾਜੇ ਦਾ ਕੋਈ ਵੀ ਭੇਦ ਭੇਦ ਨਹੀਂ ਸੀ ਰਹਿ ਜਾਂਦਾ। ਚਿੱਠੀ-ਪੱਤਰ
ਕਰਨ ਦੇ ਮਹਾਂਰਾਜੇ ਦੇ ਕੁਝ ਹੋਰ ਸਾਧਨ ਵੀ ਸਨ ਜਿਵੇਂ ਕਿ ਗੁਲਾਮ ਰਸੂਲ ਤੇ ਇਫਿੰਡੀ। ਇਹ
ਦੋਵੇਂ ਕੌਂਸਟੈਟਿਨੋਪੋਲ ਵਿਚ ਸਨ। ਉਹਨਾਂ ਰਾਹੀਂ ਅਗੇ ਗਈ ਚਿੱਠੀ ਟੈਵਿਸ ਤਕ ਨਹੀਂ ਸੀ
ਪੁੱਜਦੀ। ਪਰ ਸਮਾਂ ਪਾ ਕੇ ਲੰਡਨ ਪੁੱਜ ਹੀ ਜਾਂਦੀ। ਲਾਲਾ ਝੀਂਡਾ ਰਾਮ, ਜੋ ਕਿ ਇਕ ਬੈਰਿਸਟਰ
ਸੀ ਤੇ ਮਹਾਂਰਾਜੇ ਦਾ ਖਾਸ-ਮ-ਖਾਸ, ਵੀ ਲੰਡਨ ਨਾਲ ਵਫਾਦਾਰੀ ਰੱਖਦਾ ਸੀ। ਉਸ ਦੀਆਂ ਚਿੱਠੀਆਂ
ਵਿਚ ਆਪਣੇ ਅਗਲੇ ਮਨਸੂਬੇ ਹੁੰਦੇ, ਬਹੁਤਿਆਂ ਨੂੰ ਉਸ ਨੇ ਦੁਹਰਾਇਆ ਹੀ ਹੁੰਦਾ। ਇਹਨਾਂ
ਦਿਨਾਂ ਵਿਚ ਮਹਾਂਰਾਜਾ ਇਕ ਹੋਰ ਗੱਲ ‘ਤੇ ਜ਼ੋਰ ਦੇਣ ਲਗਿਆ ਸੀ, ਉਹ ਇਹ ਕਿ ਹਿੰਦੁਸਤਾਨ
ਵਿਚਲੀ ਸਿੱਖ ਫੌਜ ਤਾਂ ਉਸ ਦੀ ਵਫਾਦਾਰ ਹੈ ਹੀ ਸੀ, ਹੁਣ ਉਸ ਨੇ ਉਥੇ ਤਾਇਨਾਤ ਆਇਰਸ਼ ਫੌਜੀ
ਵੀ ਆਪਣੀ ਵਫਾਦਾਰੀ ਵਿਚ ਜੋੜਨੇ ਸ਼ੁਰੂ ਕਰ ਦਿਤੇ ਸਨ।
ਮਹਾਂਰਾਜੇ ਨੇ 10 ਮਈ ਨੂੰ ਜ਼ਾਰ ਅਲੈਗਜ਼ੈਂਡਰ ਤੀਜੇ ਨੂੰ ਲੰਮੀ ਚਿੱਠੀ ਲਿਖੀ ਜਿਹੜੀ ਕਿ
ਕੈਟਕੌਫ ਨੇ ਜ਼ਾਤੀ ਤੌਰ ਤੇ ਜ਼ਾਰ ਨੂੰ ਪੁੱਜਦੀ ਕੀਤੀ। ਇਹ ਲਿਖੀ ਤਾਂ ਅੰਗਰੇਜ਼ੀ ਵਿਚ ਸੀ
ਪਰ ਰੂਸੀ ਵਿਚ ਉਲਥਾ ਕੇ ਜ਼ਾਰ ਨੂੰ ਭੇਜੀ ਗਈ। ਉਸ ਨੇ ਲਿਖਿਆ;
‘...ਰੂਸ ਦੀ ਬਾਦਸ਼ਾਹੀ ਸਲਾਮ ਪੇਸ਼ ਹੈ, ...ਮੈਂ ਹਿੰਦੁਸਤਾਨ ਦੇ ਰਾਜਕੁਮਾਰਾਂ ਤੇ ਲੋਕਾਂ
ਵਲੋਂ ਬੇਨਤੀ ਕਰਨੀ ਹੈ, ...ਮੇਰਾ ਕੋਈ ਜ਼ਾਤੀ ਮੁਫਾਦ ਨਹੀਂ ਹੈ, ਮੈਂ ਇਕ ਦੇਸ਼ ਭਗਤ ਹਾਂ
ਜੋ ਕਿ ਆਪਣੇ ਪੱਚੀ ਕਰੋੜ ਲੋਕਾਂ ਨੂੰ ਬ੍ਰਤਾਨਵੀ ਪੰਜਾਲੀ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ,
ਮੈ ਬੇਨਤੀ ਕਰਦਾ ਹਾਂ ਕਿ ਇਸ ਮਕਸਦ ਲਈ ਮੈਨੂੰ ਬਿਨਾਂ ਕਿਸੇ ਉਜਰਤ ਤੋਂ ਸੇਵਾ ਕਰਨ ਦਾ ਮੌਕਾ
ਦਿਤਾ ਜਾਵੇ।... ਮੈਨੂੰ ਮੇਰੇ ਚਚੇਰੇ ਭਰਾ ਸਰਦਾਰ ਠਾਕੁਰ ਸਿੰਘ ਨੇ, ਜੋ ਕਿ ਪੰਜਾਬ ਤੇ
ਪੂਰੇ ਹਿੰਦੁਸਤਾਨ ਵਿਚ ਜਾਣਿਆਂ ਪੱਛਾਣਿਆਂ ਵਿਅਕਤੀ ਹੈ, ਨੇ ਮੈਨੂੰ, ਜੋ ਕਿ ਹਿੰਦੁਸਤਾਨ ਦਾ
ਸਭ ਤੋਂ ਸ਼ਕਤੀਸ਼ਾਲੀ ਰਾਜਕੁਮਾਰ ਹਾਂ, ਰੂਸੀ ਬਾਦਸ਼ਾਹੀ ਨੂੰ ਬੇਨਤੀ ਕਰਨ ਦੀ ਜਿ਼ਮੇਵਾਰੀ
ਦਿਤੀ ਹੈ।... ਹਿੰਦੁਸਤਾਨ ਦੇ ਰਾਜਕੁਮਾਰਾਂ ਦੀ ਫੌਜ ਦੀ ਗਿਣਤੀ ਤਿੰਨ ਲੱਖ ਹੈ ਤੇ ਸਾਰੇ ਹੀ
ਅੰਗਰੇਜ਼ਾਂ ਦੇ ਖਿਲਾਫ ਉਠਣ ਲਈ ਤਿਆਰ ਹਨ ਤੇ ਮੇਰੀ ਅਗਵਾਈ ਹੇਠ ਬਾਦਸ਼ਾਹੀ ਫੌਜ ਨਾਲ ਰਲ਼
ਕੇ ਲੜਨ ਲਈ ਸਹਿਮਤ ਹਨ। ...ਭਾਵੇਂ ਅੰਗਰੇਜ਼ਾਂ ਨੇ ਕੁਝ ਹਿੰਦੁਸਤਾਨੀ ਲੋਕਾਂ ਦੇ ਮਨਾਂ ਵਿਚ
ਰੂਸ ਦੇ ਖਿਲਾਫ ਕੁਝ ਗੱਲਾਂ ਭਰੀਆਂ ਹੋ ਸਕਦੀਆਂ ਹਨ ਜਿਹਨਾਂ ਦੀ ਗਿਣਤੀ ਬਹੁਤ ਹੀ ਥੋੜੀ ਹੈ
ਪਰ ਅੰਗਰੇਜ਼ ਸਰਕਾਰ ਆਪ ਵੀ ਸੌਹਾਂ ਖਾ ਕੇ ਸੰਧੀਆਂ ਤੜਦੀ ਆ ਰਹੀ ਹੈ, ...ਦੋ ਸੰਧੀਆਂ ਤਾਂ
ਮੇਰੇ ਨਾਲ ਹੀ ਤੋੜੀਆਂ ਹਨ।... ਬਾਦਸ਼ਾਹੀ ਸਰਕਾਰ ਨੂੰ ਹਿੰਦੁਸਤਾਨ ਉਪਰ ਹਮਲਾ ਕਰਨ ਦੇ ਹੇਠ
ਲਿਖੇ ਬਹੁਤ ਸਾਰੇ ਫਾਇਦੇ ਹੋਣਗੇ;
...ਹਿੰਦੁਸਤਾਨ ਦੇ ਰਾਜਕੁਮਾਰ ਜਦੋਂ ਆਪਣੀ ਮਰਜ਼ੀ ਕਰਨ ਲਈ ਅਜ਼ਾਦ ਹੋ ਗਏ ਤਾਂ ਬਾਦਸ਼ਾਹੀ
ਸਰਕਾਰ ਨੂੰ ਸਭ ਰਲ਼ ਕੇ ਨਜ਼ਰਾਨਾ ਭੇਂਟ ਕਰਿਆ ਕਰਨਗੇ। ਇਸ ਵੇਲੇ ਮੈਂ ਇਸ ਰਕਮ ਨੂੰ ਤੀਹ
ਲੱਖ ਪੌਂਡ ਸਲਾਨਾ ਕਹਾਂਗਾ ਪਰ ਇਹ ਰਕਮ ਅੱਸੀ ਲੱਖ ਪੌਂਡ ਤੋਂ ਇਕ ਕਰੋੜ ਤਕ ਹੋ ਸਕਦੀ ਹੈ।
ਬ੍ਰਤਾਨਵੀ ਸਰਕਾਰ ਇਸ ਵੇਲੇ ਹਿੰਦੁਸਤਾਨ ਤੋਂ ਪੰਜ ਕਰੋੜ ਸਲਾਨਾ ਤੋਂ ਵੱਧ ਮਾਲੀਆ ਇਕੱਠਾ
ਕਰਦੀ ਹੈ ਜਿਸ ਵਿਚੋਂ ਹਿੰਦੁਸਤਾਨ ਵਿਚ ਕੰਮ ਕਰਦੇ ਯੌਰਪੀਅਨਾਂ ਦੀ ਇਕ ਲੱਖ ਲੋਕਾਂ ਦੀ
ਤਨਖਾਹ ਹੀ ਢਾਈ ਕਰੋੜ ਦੇ ਕਰੀਬ ਹੈ।...
...ਇਸ ਤੋਂ ਬਿਨਾਂ ਇੰਗਲੈਂਡ ਹਿੰਦੁਸਤਾਨ ਨਾਲ ਵਿਓਪਾਰ ਕਰਕੇ ਪੰਜ ਕਰੋੜ ਸਲਾਨਾ ਕਮਾ ਰਿਹਾ
ਹੈ ਜਿਹੜਾ ਕਿ ਰੂਸ ਨੂੰ ਆਵੇਗਾ। ਬੇਸ਼ੱਕ ਹਿੰਦੁਸਤਾਨ ਇੰਗਲੈਂਡ ਲਈ ਇਸ ਵੇਲੇ ਸੋਨੇ ਦੀ ਖਾਣ
ਹੈ।...
...ਮੈਂ ਆਪਣੀ ਇਸ ਦੇਸ਼ ਵਿਚ ਥੋੜੇ ਜਿਹੇ ਰਹਿਣ-ਸਮੇਂ ਵਿਚ ਦੇਖਿਆ ਹੈ ਕਿ ਇਥੋਂ ਦੀਆਂ
ਬਣੀਆਂ ਵਸਤੂਆਂ ਸਸਤੀਆਂ ਹਨ ਤੇ ਇਹਨਾਂ ਨੂੰ ਹਿੰਦੁਸਤਾਨ ਵਿਚ ਵੇਚ ਕੇ ਸੌ ਤੋਂ ਤਿੰਨ ਸੌ ਫੀ
ਸਦੀ ਵੱਧ ਕਮਾਈ ਕੀਤੀ ਜਾ ਸਕਦੀ ਹੈ। ਕੇਂਦਰੀ ਏਸ਼ੀਆ ਰੂਸ ਲਈ ਇਕ ਬਹੁਤ ਵੱਡੀ ਮੰਡੀ ਸਾਬਤ
ਹੋ ਸਕਦੀ ਹੈ।...
...ਹਿੰਦੁਸਤਾਨ ‘ਤੇ ਜਿੱਤ ਬਹੁਤ ਅਸਾਨ ਹੈ। ਉਥੇ ਦੇ ਰਾਜਕੁਮਾਰਾਂ ਦੀ ਫੌਜੀ ਸਹਾਇਤਾ ਤੋਂ
ਬਿਨਾਂ ਵੀ ਲੋਕ ਮੇਰੇ ਕਹਿਣ ‘ਤੇ ਉਠਣਗੇ ਤੇ ਬ੍ਰਤਾਨਵੀ ਤਾਕਤਾਂ ਨੂੰ ਪਿੱਛਿਓਂ ਘੇਰਨਗੇ।...
...ਮੇਰੀ ਵਫਾਦਰ ਰਿਆਇਆ ਰੇਲਾਂ, ਤਾਰਾਂ ਦੇ ਸਾਧਨ ਬਰਬਾਦ ਕਰ ਦੇਵੇਗੀ ਤੇ ਪੁਲਾਂ ਨੂੰ ਉਡਾ
ਕੇ ਬ੍ਰਤਾਨਵੀ ਸਰਕਾਰ ਨੂੰ ਕਮਜ਼ੋਰ ਬਣਾ ਦੇਵੇਗੀ। ...ਇੰਗਲੈਂਡ ਦੀ ਫੌਜ ਸਿਰਫ ਸਮੁੰਦਰ ਵਿਚ
ਹੀ ਤਾਕਤਵਰ ਹੋ ਸਕਦੀ ਹੈ ਪਰ ਪੈਦਲ ਇਹਨਾਂ ਕੋਲ ਕੋਈ ਫੌਜ ਨਹੀਂ ਹੈ। ਇਕ ਲੱਖ ਯੌਰਪੀਅਨ ਤੇ
ਬਾਕੀ ਸਾਰੇ ਹਿੰਦੁਸਤਾਨੀ ਸਿਪਾਹੀ ਹਨ ਜਿਹਨਾਂ ਵਿਚੋਂ 45 ਹਜ਼ਾਰ ਪੰਜਾਬੀ ਸਿਪਾਹੀ ਜਿਹੜੇ
ਕਿ ਸਭ ਤੋਂ ਵਧੀਆ ਫੌਜੀ ਹਨ ਮੇਰੇ ਪ੍ਰਤੀ ਵਫਾਦਾਰ ਹਨ।... ਇਹ ਸਾਰੇ ਇਕ ਦਮ ਰੂਸ ਦੀ ਫੌਜ
ਨਾਲ ਆ ਰਲਣਗੇ, ਬਸ਼ਰਤੇ ਕਿ ਮੈਂ ਇਜਾਜ਼ਤ ਦੇਵਾਂ।...
...ਇਹਨਾਂ ਹਾਲਾਤ ਵਿਚ ਬ੍ਰਤਾਨਵੀ ਫੌਜ ਕੁਝ ਵੀ ਨਹੀਂ ਹੋਵੇਗੀ। ਇਕੱਲੇ ਪੰਜਾਬ ਦੇ ਹੀ ਦੋ
ਕਰੋੜ ਲੋਕ ਜਿਹਨਾਂ ਵਿਚ ਅੱਸੀ ਲੱਖ ਸਿੱਖ ਹਨ, ਜਿਹੜੇ ਇਸ ਵੇਲੇ ਮੇਰੇ ਲਈ ਵਫਾਦਾਰ ਹਨ ਫਿਰ
ਰੂਸ ਦੀ ਬਾਦਸ਼ਾਹੀ ਸਰਕਾਰ ਵਲ ਵੀ ਵਫਾਦਾਰ ਹੋਣਗੇ।...
...ਦੂਜੀ ਗੱਲ ਸਿੱਖ ਧਰਮ ਵਿਚ ਆਉਂਦੀ ਹੈ, ਜੋ ਕਿ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ
ਕਹੀ ਹੈ ਕਿ ਮੇਰੇ ਨਾਂ ਵਾਲਾ ਆਦਮੀ ਜਿਸ ਨੂੰ ਮੇਰੇ ਵਾਂਗ ਹੀ ਬਾਹਰਲੇ ਦੇਸ਼ ਵਿਚ ਰਹਿਣ ਲਈ
ਮਜਬੂਰ ਕਰ ਦਿਤਾ ਗਿਆ ਹੋਵੇਗਾ, ਇਕ ਦਿਨ ਕਿਸੇ ਯੌਰਪੀਆਨ ਤਾਕਤ ਦੀ ਮੱਦਦ ਨਾਲ ਸਿੱਖਾਂ ਨੂੰ
ਜ਼ਾਲਮ ਲੋਕਾਂ ਦੀ ਸਰਕਾਰ ਤੋਂ ਅਜ਼ਾਦ ਕਰਾਏਗਾ ਤੇ ਸਿੱਖਾਂ ਦਾ ਨਵਾਂ ਗੁਰੂ ਬਣੇਗਾ,...
ਸਾਰੇ ਸਿੱਖ ਇਸ ‘ਤੇ ਯਕੀਨ ਕਰਦੇ ਹਨ ਤੇ ਹੁਣ ਗੁਰੂ ਦੀ ਇਹ ਭਵਿੱਖਬਾਣੀ ਬਾਰੇ ਦਸਿਆ ਵਕਤ ਵੀ
ਨੇੜੇ ਹੈ ਤੇ ਸੱਚ ਹੋਣ ਜਾ ਰਹੀ ਹੈ,...
...ਇਸ ਵੇਲੇ ਸਾਰਾ ਹਿੰਦੁਸਤਾਨ ਮੇਰੇ ਨਾਲ ਹੈ, ਜਦੋਂ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ
ਚਲੇਗਾ ਕਿ ਰੂਸ ਮੇਰੇ ਨਾਲ ਹੈ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੇਗੀ।... ਮੈਂ
ਇਹ ਗੱਲ ਕਹਿਣੋਂ ਜ਼ਰਾ ਝਿਜਕਦਾ ਹਾਂ ਕਿ ਦੱਖਣੀ ਪੂਰਬੀ ਯੌਰਪ ਵਿਚ ਇਸ ਵੇਲੇ ਕੁਝ ਸਵਾਲ
ਦਰਪੇਸ਼ ਹਨ... ਪਰ ਇੰਗਲੈਂਡ ਅਤੇ ਹਿੰਦੁਸਤਾਨ ਉਪਰ ਜਿੱਤ ਨਾਲ ਸਾਰੇ ਹਾਲਾਤ ਰੂਸੀ
ਬਾਦਸ਼ਾਹਤ ਦੇ ਹੱਕ ਵਿਚ ਹੋ ਜਾਣਗੇ।... ਹਿੁੰਦਸਤਾਨ ਨੂੰ ਅੰਗਰੇਜ਼ਾਂ ਦੀ ਚੁੰਗਲ ਵਿਚੋਂ
ਛੁਡਵਾਉਣ ਨਾਲ ਰੂਸੀ ਸਰਕਾਰ ਕੋਲ ਬੇਇੰਤਹਾ ਦੌਲਤ ਹੋ ਜਾਵੇਗੀ।...
...ਹੋਰ ਅਗੇ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਹਿੰਦੁਸਤਾਨ ਉਪਰ ਹਮਲੇ ਲਈ ਦੋ ਲੱਖ
ਆਦਮੀਆਂ ਦੀ ਜ਼ਰੂਰਤ ਹੈ ਤੇ ਦੋ ਹਜ਼ਾਰ ਤੋਪਾਂ ਦੀ। ਭਾਵੇਂ ਏਨੀ ਤਾਕਤ ਦੀ ਜ਼ਰੂਰਤ ਨਹੀਂ
ਹੈ,... ਇਹ ਹਿੰਦੁਸਤਾਨ ਦੇ ਲੋਕਾਂ ਤੇ ਰਾਜਕੁਮਾਰਾਂ ਨੂੰ ਰੂਸ ਦੀ ਮਹਾਨ ਸਮਰਥਾ ਦਿਖਾਉਣ ਲਈ
ਹੋਵੇਗੀ ਤੇ ਇਸ ਤਰ੍ਹਾਂ ਨਾਲ ਅੱਧੀ ਲੜਾਈ ਤਾਂ ਵੈਸੇ ਹੀ ਜਿੱਤੀ ਜਾਵੇਗੀ।...
...ਆਪਣੇ ਵਿਚਾਰ ਇਵੇਂ ਖੁਲ੍ਹ ਕੇ ਪੇਸ਼ ਕਰਦਿਆਂ ਜੇ ਕਰ ਬਾਦਸ਼ਾਹ ਦੀ ਸਰਕਾਰ ਦੀ ਸ਼ਾਨ ਵਿਚ
ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਮੈਂ ਮੁਆਫੀ ਚਾਹਾਂਗਾ ਪਰ ਮੈਂ ਰੂਸੀ ਬਾਦਸ਼ਾਹਤ ਦਾ ਇਕ
ਨਾਗਰਿਕ, ਭਾਵੇਂ ਹਾਲੇ ਮੈਨੂੰ ਨਾਗਰਿਕਤਾ ਨਹੀਂ ਮਿਲੀ ਪਰ ਮੈਂ ਆਪਣੇ ਆਪ ਨੂੰ ਨਾਗਰਿਕ ਹੀ
ਮਹਿਸੂਸ ਕਰਦਾ ਹਾਂ, ਹੁੰਦਾ ਹੋਇਆ ਜੋ ਮੈਂ ਮਹਿਸੂਸ ਕਰਦਾ ਸਾਂ ਕਹਿ ਦਿਤਾ ਹੈ। ਰੂਸ ਦੀ
ਗੌਰਮਿੰਟ ਹਿੰਦੁਸਤਾਨ ਉਪਰ ਹਮਲੇ ਨੂੰ ਠੀਕ ਸਮਝਦੀ ਹੈ ਜਾਂ ਨਹੀਂ, ਮੈਨੂੰ ਇਸ ਕੰਮ ਲਈ ਨਾਲ
ਲੈਂਦੀ ਹੈ ਜਾਂ ਨਹੀਂ, ਇਸ ਸਰਕਾਰ ਦੀ ਮਰਜ਼ੀ ਹੈ ਤੇ ਮੇਰਾ ਇਸ ਨਾਲ ਬਹੁਤਾ ਵਾਹ ਨਹੀਂ
ਹੈ।... ਮੈਂ ਪੱਚੀ ਕਰੋੜ ਲੋਕਾਂ ਵਲੋਂ ਦੁਰਖਾਸਤ ਹੀ ਦਿਤੀ ਹੈ ਕਿ ਉਹਨਾਂ ਨੂੰ ਅੰਗਰੇਜ਼ਾਂ
ਦੀ ਪੰਜਾਲੀ ਦੀ ਮਾਰ ਹੇਠੋਂ ਕੱਢਿਆ ਜਾਵੇ ਤੇ ਇਸ ਦਰਖਾਸਤ ਤੋਂ ਬਾਅਦ ਮੇਰਾ ਫਰਜ਼ ਖਤਮ
ਹੁੰਦਾ ਹੈ। ...ਜੇ ਬਾਦਸ਼ਾਹ ਸਲਾਮਤ ਮੈਨੂੰ ਮੇਰੀ ਅਜ਼ਾਦੀ ਤੇ ਸੁਰੱਖਿਆ ਬਖਸ਼ਦੇ ਰਹਿਣ ਤਾਂ
ਮੈਂ ਸਿ਼ਕਾਰ ਖੇਡ ਕੇ ਹੀ ਖੁਸ਼ ਹੋਵਾਂਗਾ ਤੇ ਬਦਕਿਸਮਤ ਹਿੰਦੁਸਤਾਨੀਆਂ ਨਾਲ ਕੀ ਬੀਤਦੀ ਹੈ
ਇਹ ਰੱਬ ਆਸਰੇ ਛੱਡ ਦੇਵਾਂਗਾ।...
...ਜੇ ਬਾਦਸ਼ਾਹ ਦੀ ਸਰਕਾਰ ਇਸ ਮਾਮਲੇ ਨੂੰ ਸਹੀ ਸੋਚਦੀ ਹੈ ਤੇ ਮੇਰੀਆਂ ਸੇਵਾਵਾਂ ਦੀ ਵੀ
ਲੋੜ ਸਮਝਦੀ ਹੈ ਤਾਂ ਦੋ ਜਾਂ ਤਿੰਨ ਵਿਅਕਤੀ ਜੋ ਚੰਗੀ ਅੰਗਰੇਜ਼ੀ ਬੋਲ ਸਕਦੇ ਹੋਣ ਮੇਰੇ ਨਾਲ
ਹੋਰ ਗੱਲਬਾਤ ਕਰਨ ਨੂੰ ਦਿਤੇ ਜਾਣ ਤਾਂ ਜੋ ਮੈਂ ਆਪਣੀਆਂ ਕਹੀਆਂ ਗੱਲਾਂ ਨੂੰ ਸੱਚ ਸਾਬਤ ਕਰ
ਕੇ ਦਿਖਾ ਸਕਾਂ।’
10 ਮਈ, 1887, ਦਲੀਪ ਸਿੰਘ ਮਹਾਂਰਾਜਾ।’
ਜ਼ਾਰ ਨੇ ਇਹ ਚਿੱਠੀ ਨਿੱਠ ਕੇ ਪੜੀ ਤੇ ਉਸ ਉਪਰ ਹੀ ਪੈਂਸਲ ਨਾਲ ਨੋਟ ਲਿਖਿਆ, ‘ਇਹ
ਮਨੋਰਥਪੂਰਨ ਹੈ।’ ਜ਼ਾਰ ਉਪਰ ਮਹਾਂਰਾਜੇ ਦੀ ਚਿੱਠੀ ਨੇ ਕਿਸੇ ਹੱਦ ਤਕ ਅਸਰ ਕਰ ਦਿਤਾ ਸੀ ਪਰ
ਉਹ ਇਸ ਚਿੱਠੀ ਬਾਰੇ ਖੁਲ੍ਹ ਕੇ ਨਾ ਬੋਲਿਆ। ਕੈਟਕੌਫ ਆਸ ਰੱਖਦਾ ਸੀ ਕਿ ਜ਼ਾਰ ਇਸ ਬਾਰੇ ਕੋਈ
ਗੱਲ ਕਰੇਗਾ ਪਰ ਜ਼ਾਰ ਨਾ ਚੁੱਪ ਰਿਹਾ। ਇਸ ਬਾਰੇ ਕੋਈ ਨਿਰਣਾ ਲੈਣਾ ਕੋਈ ਸੌਖੀ ਗੱਲ ਨਹੀਂ
ਸੀ। ਜ਼ਾਰ ਦਾ ਇਕ ਵਿਸ਼ਵਾਸ਼ ਪਾਤਰ ਵਿਅਕਤੀ ਪੈਟਰੋਵਿਚ ਪੌਬੇਡੋਨੌਸਟਵਿਚ ਸੀ ਜਿਸ ਰਾਹੀਂ
ਕੈਟਕੌਫ ਚਿੱਠੀ ਦੇ ਜਵਾਬ ਬਾਰੇ ਦਬਾਅ ਪਾਉਣ ਲਗਿਆ। ਉਸ ਨੇ 13 ਮਈ ਨੂੰ ਜ਼ਾਰ ਨੂੰ ਲਿਖਿਆ;
‘ਇਹ ਹਿੰਦੂ ਜੋ ਇਸ ਵੇਲੇ ਮਾਸਕੋ ਵਿਚ ਹੈ ਆਪਣੇ ਜਵਾਬ ਦੀ ਉਡੀਕ ਕਰ ਰਿਹਾ ਹੈ, ਅਜ ਹੀ
ਕੈਟਕੌਫ ਮੈਨੂੰ ਕਹਿ ਰਿਹਾ ਸੀ ਕਿ ਮੈਂ ਦਖਲ ਦੇਵਾਂ।’
ਜ਼ਾਰ ਅਲੈਗਜ਼ੈਂਡਰ ਤੀਜੇ ਨੇ ਜਵਾਬ ਦਿਤਾ,
‘ਮਹਾਂਰਾਜੇ ਨੂੰ ਕੁਝ ਦਿਨਾਂ ਬਾਅਦ ਉਤਰ ਮਿਲੇਗਾ, ...ਮੈਨੂੰ ਉਸ ਦੇ ਰੂਸ ਵਿਚ ਰਹਿਣ ਵਿਚ
ਕੋਈ ਇਤਰਾਜ਼ ਨਹੀਂ ਹੈ। ਇਹ ਉਸ ਦੀ ਬਹੁਤ ਦਿਲਚਸਪ ਚਿੱਠੀ ਹੈ, ਮੈਨੂੰ ਲਗਦਾ ਹੈ ਕਿ ਇਕ ਦਿਨ
ਉਹ ਸਾਡੇ ਕੰਮ ਆ ਸਕਦਾ ਹੈ ਤੇ ਚਿੱਠੀ ਵਿਚ ਅੰਗਰੇਜ਼ ਨਾਲ ਵੀ ਗੱਲਬਾਤ ਲਈ ਬਹੁਤ ਕੁਝ ਹੈ।’
ਮਹਾਂਰਾਜੇ ਦੇ ਰੂਸ ਆਉਣ ਦਾ ਅਸਰ ਸਾਰੀਆਂ ਹੀ ਸਫਾਂ ਵਿਚ ਪੈ ਰਿਹਾ ਸੀ। ਐਨ. ਐਮ. ਡੋਰਨੋਵੋ,
ਜੋ ਕਿ ਪੁਲੀਸ ਦਾ ਪ੍ਰਧਾਨ ਸੀ, ਨੇ ਮਹਾਂਰਾਜੇ ਬਾਰੇ ਆਪਣੀ ਰਿਪ੍ਰੋਟ ਤਿਆਰ ਕੀਤੀ ਹੋਈ ਸੀ;
‘ਐਮ. ਹਾਸ, ਜੋ ਕਿ ਫਰਾਂਸ ਦਾ ਬਰਮਾ ਵਿਚੋਂ ਰਿਟਾਇਰ ਹੋਇਆ ਕੌਂਸਲ ਹੈ, ਦੀ ਜਾਂਚ ਮੁਤਾਬਕ
ਮੈਨੂੰ ਦੱਸਿਆ ਗਿਆ ਹੈ ਕਿ ਮਹਾਂਰਾਜਾ ਦਲੀਪ ਸਿੰਘ ਹਿੰਦੁਸਤਾਨ ਵਿਚ ਬਹੁਤ ਵੱਡਾ ਨਾਂ ਹੈ।
ਉਸ ਦੀ ਇਕੱਲੇ ਦੀ ਹਾਜ਼ਰੀ ਪੂਰੀ ਫੌਜ ਜਿੰਨੀ ਹੈ। ਐਮ. ਹਾਸ ਦਾ ਕਹਿਣਾ ਹੈ ਕਿ ਸੁਡਾਨ ਦੇ
ਮੈਹਦੀ ਦੀ ਵੀ ਮਹਾਂਰਾਜਾ ਜਿਸ ਨੂੰ ‘ਲਹੌਰ ਦਾ ਸ਼ੇਰ’ ਆਖਦੇ ਹਨ ਜਿੰਨੀ ਤਾਕਤ ਨਹੀਂ ਹੈ।’
ਮਹਾਂਰਾਜੇ ਦੀ ਜ਼ਾਰ ਨੂੰ ਲਿਖੀ ਚਿੱਠੀ ਦੀਆਂ ਖ਼ਬਰਾਂ ਆਮ ਅਖ਼ਬਾਰਾਂ ਵਿਚ ਆਉਣ ਲਗੀਆਂ।
ਲੰਡਨ ਦੀ ਅਖ਼ਬਾਰ ਟਾਈਮਜ਼ ਜਿਸ ਨੇ ਸਾਰੀ ਉਮਰ ਮਹਾਂਰਾਜੇ ਦੀ ਮੁਖਾਫਲਿਤ ਕੀਤੀ ਸੀ, ਇਸ
ਖ਼ਬਰ ਨੂੰ ਦੇਣ ਲਈ ਕੁਝ ਖੁੰਝ ਗਈ। ਮਾਸਕੋ ਦੀਆਂ ਅਖ਼ਬਾਰਾਂ ਮਹਾਂਰਾਜੇ ਬਾਰੇ ਖ਼ਬਰਾਂ ਨੂੰ
ਖੂਬ ਚਟਖ਼ਾਰੇ ਲਾ ਕੇ ਛਾਪ ਰਹੀਆਂ ਸਨ। ਮਹਾਂਰਾਜੇ ਦਾ ਲਿਬਾਸ ਮਾਸਕੋ ਦੇ ਫੈਸ਼ਨ ਜਗਤ ਨੂੰ
ਧੂ ਪਾ ਰਿਹਾ ਸੀ। ਉਸ ਨੂੰ ਬਹੁਤ ਸਾਰੀਆਂ ਮਹਿਫਲਾਂ ਵਿਚ ਸ਼ਾਮਲ ਹੋਣ ਲਈ ਸੱਦੇ ਆਉਣ ਲਗੇ
ਸਨ। ਕੈਟਕੌਫ ਨੇ ਕੁਝ ਮਹਿਫਲਾਂ ਵਿਚ ਮਹਾਂਰਾਜੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
ਸੀ ਜਿਸ ਨਾਲ ਮਾਸਕੋ ਦਾ ਹਰ ਵਿਸ਼ੇਸ਼ ਵਿਅਕਤੀ ਉਸ ਨੂੰ ਮਿਲਣ ਲਈ ਕਾਹਲਾ ਪੈਣ ਲਗਦਾ। ਸੇਂਟ
ਪੀਟਰਜ਼ਬਰਗ ਦੇ ਸਟਰੈਂਟਨੀ ਬੋਲਿਓਰਡ ਵਿਚ ਮਹਾਂਰਾਜੇ ਦੇ ਮਾਣ ਵਿਚ ਇਕ ਸ਼ਾਨਦਾਰ ਦਾਅਵਤ ਦਾ
ਇੰਤਜ਼ਾਮ ਕੀਤਾ ਗਿਆ। ਸ਼ਹਿਰ ਦੇ ਅਮੀਰ ਤੇ ਉਪਰਲੀ ਕਲਾਸ ਦੇ ਲੋਕ ਅਜਿਹੇ ਵਿਅਕਤੀ ਨੂੰ ਮਿਲਣ
ਲਈ ਕਾਹਲੇ ਪੈ ਰਹੇ ਸਨ ਜਿਸ ਨੇ ਹਿੰਦੁਸਤਾਨ ਦਾ ਤਾਜ ਜ਼ਾਰ ਦੇ ਪੈਰਾਂ ਵਿਚ ਰੱਖ ਦਿਤਾ ਸੀ।
ਹੁਣ ਹਰ ਮਹਿਫਲ ਵਿਚ ਅਦਾ ਵੈਦਰਿਲ ਮਹਾਂਰਾਜੇ ਨਾਲ ਹਰ ਜਗਾਹ ਜਾਂਦੀ। ਮਹਾਂਰਾਜਾ ਉਸ ਨੂੰ
ਲੋਕਾਂ ਨਾਲ ਆਪਣੀ ਮਹਾਂਰਾਣੀ ਦੇ ਤੌਰ ‘ਤੇ ਮਿਲਵਾਉਂਦਾ।
ਪੈਰਿਸ ਵਿਚ ਬੈਠਾ ਟੈਵਿਸ ਮਹਾਂਰਾਜੇ ਤੋਂ ਕਿਸੇ ਨਵੀਂ ਖ਼ਬਰ ਦੀ ਉਡੀਕ ਕਰ ਰਿਹਾ ਸੀ ਤਾਂ ਜੋ
ਉਸ ਨੂੰ ਅਗੇ ਲੰਡਨ ਪੁੱਜਦੀ ਕਰ ਸਕੇ ਪਰ ਮਹਾਂਰਾਜੇ ਕੋਲ ਹੁਣ ਵਿਹਲ ਹੀ ਨਹੀਂ ਸੀ। ਫਿਰ
ਜ਼ਾਰ ਵਲੋਂ ਉਸ ਨੂੰ ਕੋਈ ਜਵਾਬ ਵੀ ਤਾਂ ਨਹੀਂ ਸੀ ਮਿਲਿਆ। ਮਹਾਂਰਾਜੇ ਦੀ ਖ਼ਬਰ ਲੰਡਨ
ਪੁੱਜਣ ਦਾ ਇਕ ਨਵਾਂ ਸਾਧਨ ਖੁਲ੍ਹ ਗਿਆ ਸੀ, ਉਹ ਸੀ ਅਦਾ ਵੈਦਰਿਲ। ਬਹੁਤ ਸਾਰੇ ਰੂਸੀ ਲੋਕਾਂ
ਨੇ ਅੰਗਰੇਜ਼ ਔਰਤਾਂ ਨਾਲ ਵਿਆਹ ਕਰਾ ਰੱਖੇ ਸਨ। ਇਹਨਾਂ ਅੰਗਰੇਜ਼ ਔਰਤਾਂ ਨੇ ਰਲ ਕੇ ਇਕ
ਸੰਸਥਾ ਵੀ ਬਣਾਈ ਹੋਈ ਸੀ ਤੇ ਇਹ ਸਮੇਂ ਸਮੇਂ ਮੀਟਿੰਗਾਂ ਕਰਦੀ ਰਹਿੰਦੀ ਸੀ। ਅਦਾ ਵੈਦਰਿਲ
ਵੀ ਇਸ ਸੰਸਥਾ ਵਿਚ ਜਾਣ ਲਗੀ ਸੀ। ਉਹ ਬਹੁਤ ਗਾਲੜੀ ਸੀ ਤੇ ਘਰ ਦੀਆਂ ਸਾਰੀਆਂ ਗੱਲਾਂ ਸਹਿਜੇ
ਹੀ ਸਭ ਨੂੰ ਦਸ ਦਿੰਦੀ। ਮਹਾਂਰਾਜਾ ਆਪਣੀਆਂ ਸਾਰੀਆਂ ਗੱਲਾਂ ਅਦਾ ਨਾਲ ਸਾਂਝੀਆਂ ਕਰ ਲੈਂਦਾ
ਸੀ ਤੇ ਉਹੀ ਸਾਰੀਆਂ ਗੱਲਾਂ ਅਦਾ ਇਸ ਸੰਸਥਾ ਵਿਚ ਜਾ ਕੇ ਖੋਹਲ ਦਿੰਦੀ। ਕੈਟਕੌਫ ਦੇ ਇਕ
ਮਤਿਹਤ ਦੀ ਪਤਨੀ ਵੀ ਅੰਗਰੇਜ਼ ਸੀ ਜਿਸ ਦੇ ਬ੍ਰਤਾਨਵੀ ਅੰਬੈਸੀ ਨਾਲ ਸਿੱਧੇ ਸਬੰਧ ਸਨ। ਇਧਰ
ਦੀ ਗੱਲ ਉਹ ਝੱਟ ਪੁੱਜਦੀ ਕਰ ਦਿੰਦੀ। ਉਸ ਰਾਹੀਂ ਹੀ ਇਹ ਗੱਲ ਲੰਡਨ ਪੁੱਜਦੀ ਹੋਈ ਕਿ ਰੂਸ
ਅਫਗਾਨਿਸਤਾਨ ਦੀ ਸਰਹੱਦ ‘ਤੇ ਜਾ ਕੇ ਇੰਗਲੈਂਡ ਨੂੰ ਲੜਾਈ ਲਈ ਉਕਸਾਵੇਗਾ। ਤੇ ਸਹੀ ਸਮਾਂ
ਆਉਣ ‘ਤੇ ਰੂਸ ਮਹਾਂਰਾਜੇ ਨੂੰ ਸਭ ਦੇ ਸਾਹਮਣੇ ਇਵੇਂ ਪੇਸ਼ ਕਰੇਗਾ ਜਿਵੇਂ ਜਾਦੂਗਰ ਟੋਪੀ
ਵਿਚੋਂ ਖਰਗੋਸ਼ ਕੱਢਦਾ ਹੈ। ਇਸ ਗੱਲ ਨੇ ਇੰਗਲੈਂਡ ਨੂੰ ਹੋਰ ਵੀ ਫਿਕਰਾਂ ਵਿਚ ਪਾ ਦਿਤਾ।
ਜਨਰਲ ਟੈਵਿਸ ਕੋਲ ਅਜਕੱਲ ਮਹਾਂਰਾਜੇ ਬਾਰੇ ਭੇਜਣ ਲਈ ਤਾਂ ਬਹੁਤਾ ਕੁਝ ਨਹੀਂ ਸੀ ਪਰ ਉਹ
ਮੌਜੂਦਾ ਸਥਿਤੀ ਬਾਰੇ ਆਪਣੀ ਰਾਏ ਲੰਡਨ ਭੇਜਦਾ ਰਹਿੰਦਾ ਸੀ। ਉਸ ਮੁਤਾਬਕ ਰੂਸ ਮਹਾਂਰਾਜੇ
ਨੂੰ ਅਫਗਾਨਿਸਤਾਨ ਦੀ ਸੀਮਾ ਦੇ ਨੇੜੇ ਲੈ ਜਾ ਕੇ ਹਾਲਾਤ ਖਰਾਬ ਕਰਨੇ ਚਾਹੁੰਦਾ ਹੈ। ਫੌਜ
ਨੂੰ ਸੀਮਾ ਤਕ ਲੈ ਜਾਣ ਲਈ ਕੈਪੀਸਨ ਦੇ ਇਲਾਕੇ ਵਿਚ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਸੀ।
ਬਲਗਾਰੀਆ, ਫਰਾਂਸ ਤੇ ਜਰਮਨੀ ਦੇ ਆਪਸੀ ਸਬੰਧ ਵੀ ਬਹੁਤ ਵਿਗੜ ਚੁੱਕੇ ਸਨ ਤੇ ਇਹ ਮੁਲਕ ਵੀ
ਲੜਾਈ ਦੇ ਦਰਵਾਜ਼ੇ ‘ਤੇ ਖੜੇ ਸਨ। ਜੇਕਰ ਇਹ ਲੜਾਈ ਲਗਦੀ ਤਾਂ ਰੂਸ ਨੂੰ ਇਸ ਵਿਚ ਉਲਝਣਾ ਹੀ
ਪੈਣਾ ਸੀ ਤੇ ਇਵੇਂ ਰੂਸ ਲਈ ਹਿੰਦੁਸਤਾਨ ਉਪਰ ਹਮਲੇ ਦਾ ਰਾਹ ਸੌਖਾ ਹੋ ਜਾਣਾ ਸੀ। ਜਨਰਲ
ਟੈਵਿਸ ਖ਼ਬਰਾਂ ਪੜ੍ਹ ਪੜ੍ਹ ਕੇ ਆਪਣੀਆਂ ਟਿੱਪਣੀਆਂ ਭੇਜਦਾ ਰਹਿੰਦਾ ਸੀ ਤੇ ਬਹੁਤੀ ਵਾਰੀ ਉਸ
ਦੀਆਂ ਟਿਪਣੀਆਂ ਉਲਾਰ ਹੀ ਹੁੰਦੀਆਂ ਸਨ। ਹੁਣ ਲੰਡਨ ਵਿਚ ਉਸ ਦੀਆਂ ਖ਼ਬਰਾਂ ਨੂੰ ਬਹੁਤੀ
ਅਹਿਮੀਅਤ ਨਹੀਂ ਸੀ ਦਿਤੀ ਜਾਂਦੀ।
23 ਮਈ ਨੂੰ ਜ਼ਾਰ ਦੇ ਸੇਂਟ ਪੀਟਰਜ਼ਬਰਗ ਵਿਚ ਆਉਣਾ ਸੀ ਤੇ ਕੈਟਕੌਫ ਨੇ ਵਿਸ਼ੇਸ਼ ਤੌਰ ਤੇ
ਉਥੇ ਹਾਜ਼ਰ ਹੋਣਾ ਸੀ। ਡੇ-ਗਾਇਰ ਲਈ ਇਹ ਇਕ ਹੋਰ ਧੱਕਾ ਸੀ। ਕੁਝ ਲੋਕ ਇਹ ਆਸ ਕਰ ਰਹੇ ਸਨ
ਕਿ ਸ਼ਾਇਦ ਜ਼ਾਰ ਇਥੇ ਆ ਕੇ ਹਿੰਦੁਸਤਾਨ ਉਪਰ ਹਮਲੇ ਬਾਰੇ ਕੋਈ ਬਿਆਨ ਜਾਂ ਰਾਏ ਹੀ ਦੇ
ਜਾਵੇ। ਜਾਂ ਇਸ ਦਿਸ਼ਾ ਵਿਚ ਕੋਈ ਇਸ਼ਾਰਾ ਹੀ ਕਰ ਦੇਵੇ। ਮਹਾਂਰਾਜਾ ਆਪਣੇ ਹੋਟਲ ਵਿਚ ਬੈਠਾ
ਆਪਣੇ ਆਪ ਨੂੰ ਅਫਗਾਨਿਸਤਾਨ ਦੀ ਸਰਹੱਦ ਵਲ ਕੂਚ ਕਰਨ ਲਈ ਤਿਆਰ ਕਰ ਰਿਹਾ ਸੀ। ਉਹ ਅਦਾ ਨੂੰ
ਸਮਝਾ ਰਿਹਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਨੇ ਕੀ ਕਰਨਾ ਹੈ। ਉਹ ਅੰਦਰੋ-ਅੰਦਰ ਬਹੁਤ
ਖੁਸ਼ ਸੀ। ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ਜਾ ਰਹੀਆਂ ਸਨ। ਬਹੁਤ ਜਲਦੀ ਉਸ ਨੇ
ਪੂਰੇ ਹਿੰਦੁਸਤਾਨ ਦਾ ਮਹਾਂਰਾਜਾ ਹੋਣਾ ਸੀ ਤੇ ਫਿਰ ਮਹਾਂਰਾਣੀ ਵਿਕਟੋਰੀਆ ਦੇ ਸਾਹਮਣੇ ਬੈਠ
ਕੇ ਇਕ ਦੋ ਮੁਲਕਾਂ ਵਿਚਲਾ ਵਿਚਾਰ-ਵਟਾਂਦਰਾ ਕਰਨਾ ਸੀ। ਕੈਟਕੌਫ ਦਾ ਪਰਚਾ ‘ਮਾਸਕੋ ਗਜ਼ਟ’
ਇੰਗਲੈਂਡ ਉਪਰ ਖੁਲ੍ਹੇ ਵਾਰ ਕਰ ਰਿਹਾ ਸੀ। ਇੰਗਲੈਂਡ ਨੂੰ ਡਰਾ ਵੀ ਰਿਹਾ ਸੀ। ਕਈ ਅਖ਼ਬਾਰਾਂ
ਆਪਣੀ ਸੰਪਾਦਕੀ ਵਿਚ ਲਿਖ ਰਹੀਆਂ ਸਨ ਕਿ ਇਕ ਵਾਰ ਫਿਰ ਲੜ੍ਹਾਈ ਵਾਲਾ ਮਹੌਲ ਬਣ ਰਿਹਾ ਹੈ।
ਦੂਜੇ ਪਾਸੇ ਡੇ-ਗਾਇਰ ਬਹੁਤ ਹੀ ਚਿੰਤਾ ਵਿਚ ਸੀ। ਉਸ ਨੂੰ ਪਤਾ ਸੀ ਕਿ ਰੂਸ ਇਸ ਵੇਲੇ
ਲੜ੍ਹਾਈ ਲਈ ਬਿਲਕੁਲ ਤਿਆਰ ਨਹੀਂ ਹੈ। ਲੜ੍ਹਾਈ ਸ਼ੁਰੂ ਹੋਈ ਤਾਂ ਰੂਸ ਭਾਰੂ ਨੁਕਸਾਨ
ਉਠਾਵੇਗਾ।
ਮਹਾਂਰਾਜਾ ਹੋਟਲ ਦੇ ਆਪਣੇ ਕਮਰੇ ਵਿਚ ਬੈਠਾ ਕੈਟਕੌਫ ਦੀ ਤਾਰ ਉਡੀਕ ਰਿਹਾ ਸੀ। ਉਹ ਹਰ ਵੇਲੇ
ਖੁਸ਼ ਫਿਰਦਾ ਪਰ ਅਦਾ ਬੰਦ ਗੋਭੀ ਦਾ ਸੂਪ ਪੀ ਪੀ ਕੇ ਅੱਕੀ ਪਈ ਸੀ ਤੇ ਹਰ ਵੇਲੇ ਇਸ ਨੂੰ
ਨਿੰਦਦੀ ਰਹਿੰਦੀ ਸੀ। ਮਹਾਂਰਾਜਾ ਸੋਚ ਰਿਹਾ ਸੀ ਕਿ ਜ਼ਾਰ ਜਲਦੀ ਜਵਾਬ ਦੇਵੇ, ਉਸ ਨੂੰ
ਗੈਟਚੀਨਾ ਬੁਲਾ ਕੇ ਹਿੰਦੁਸਤਾਨ ‘ਤੇ ਹਮਲੇ ਦਾ ਹੁਕਮ ਸੁਣਾਵੇ। ਉਸ ਦਾ ਮਨ ਕਾਹਲਾ ਪੈਣ
ਲਗਦਾ। ਕੈਟਕੌਫ ਵੀ ਹਾਲੇ ਸੇਂਟ ਪੀਟਰਜ਼ਬਰਗ ਤੋਂ ਮੁੜਿਆ ਨਹੀਂ ਸੀ। ਕਿਸੇ ਨਤੀਜੇ ਨੂੰ
ਉਡੀਕਦਾ ਮਹਾਂਰਾਜਾ ਹੋਟਲ ਵਿਚ ਰਹਿ ਕੇ ਔਖਾ ਹੋਇਆ ਪਿਆ ਸੀ। ਹੁਣ ਉਸ ਨੂੰ ਹੋਟਲ ਵਿਚ ਰਹਿਣਾ
ਚੰਗਾ ਵੀ ਨਹੀਂ ਸੀ ਲਗਦਾ। ਉਹ ਚਾਹੁੰਦਾ ਸੀ ਕਿ ਕੈਟਕੌਫ ਉਸ ਲਈ ਕਿਸੇ ਪਾਸੇ ਰਹਿਣ ਲਈ ਘਰ
ਦਾ ਇੰਤਜ਼ਾਮ ਕਰ ਦੇਵੇ। ਹੌਲੀ ਹੌਲੀ ਮਹਾਂਰਾਜੇ ਲਈ ਵਕਤ ਲੰਘਾਉਣਾ ਔਖਾ ਹੋਣ ਲਗਿਆ। ਕੋਈ
ਖਬਰ ਨਹੀਂ, ਕੋਈ ਸੁਨੇਹਾ ਨਹੀਂ। ਕਿਤੇ ਤਾਂ ਉਸ ਨੂੰ ਜਾਪਦਾ ਸੀ ਕਿ ਕੁਝ ਹੀ ਦਿਨਾਂ ਦੀ ਗੱਲ
ਹੈ, ਉਹ ਅਫਗਾਨਿਸਤਾਨ ਦੀ ਸਰਹੱਦ ‘ਤੇ ਹੋਵੇਗਾ ਤੇ ਕਿਤੇ ਸਾਰੇ ਪਾਸੇ ਚੁੱਪ ਛਾਈ ਹੋਈ ਸੀ।
ਉਸ ਨੇ ਟੈਵਿਸ ਨੂੰ ਆਪਣੀ ਬੇਚੈਨੀ ਬਾਰੇ ਲਿਖਿਆ। ਉਸ ਨੇ ਇਹ ਖ਼ਬਰ ਅਗੇ ਲੰਡਨ ਤੁਰਦੀ ਕਰ
ਦਿਤੀ ਤੇ ਲੰਡਨ ਵਾਲਿਆਂ ਨੂੰ ਕੁਝ ਰਾਹਿਤ ਵੀ ਮਿਲੀ ਤੇ ਕਿਧਰੇ ਕੋਈ ਆਸ ਦੀ ਕਿਰਨ ਵੀ ਨਜ਼ਰ
ਆਉਣ ਲਗੀ ਕਿ ਸ਼ਾਇਦ ਰੂਸ ਹਮਲਾ ਕਰਨ ਦਾ ਇਰਾਦਾ ਛੱਡ ਦੇਵੇ। ਵੈਸੇ ਉਹਨਾਂ ਦੀ ਗੁਪਤ
ਜਾਣਕਾਰੀ ਮੁਤਾਬਕ ਹਮਲੇ ਵਾਲੇ ਹਾਲਾਤ ਨਹੀਂ ਸਨ।
ਟੈਵਿਸ ਨੇ ਮਹਾਂਰਾਜੇ ਦਾ ਬਕਸਾ ਹਾਲੇ ਵੀ ਉਸ ਨੂੰ ਨਹੀਂ ਸੀ ਭੇਜਿਆ ਭਾਵੇਂ ਮਹਾਂਰਾਜਾ ਕਈ
ਵਾਰ ਉਸ ਦੀ ਮੰਗ ਕਰ ਚੁੱਕਿਆ ਸੀ।
ਇਹਨਾਂ ਦਿਨਾਂ ਵਿਚ ਮਹਾਂਰਾਜਾ ਅਖਬਾਰਾਂ ਵਾਲਿਆਂ ਨੂੰ ਬਿਲਕੁਲ ਨਹੀਂ ਸੀ ਮਿਲ ਰਿਹਾ। ਉਹ
ਕਿਸੇ ਕਿਸਮ ਦਾ ਬਿਆਨ ਨਹੀਂ ਸੀ ਦੇਣਾ ਚਾਹੁੰਦਾ। ਟਾਈਮਜ਼ ਦਾ ਪਤਰਕਾਰ ਮਿਸਟਰ ਡੌਬਸਨ ਉਸ ਦੇ
ਮਗਰ ਪਿਆ ਰਿਹਾ ਪਰ ਮਹਾਂਰਾਜਾ ਚੁੱਪ ਸੀ। ਮਿਸਟਰ ਡੌਬਸਨ ਨੇ ਮਹਾਂਰਾਜੇ ਵਾਲੇ ਹੋਟਲ ਵਿਚ ਹੀ
ਕਮਰਾ ਬੁੱਕ ਕਰਾ ਲਿਆ। ਉਹ ਮਹਾਂਰਾਜੇ ਨੂੰ ਪਹਿਲਾਂ ਨਹੀਂ ਸੀ ਮਿਲਿਆ ਹੋਇਆ ਇਸ ਲਈ ਅਰੂੜ
ਸਿੰਘ ਨੂੰ ਹੀ ਮਹਾਂਰਾਜਾ ਸਮਝਦਾ ਰਿਹਾ। ਉਸ ਦੇ ਹਿਸਾਬ ਨਾਲ ਪੈਟਰਿਕ ਕੈਸੀ ਵੀ ਇਸੇ ਹੋਟਲ
ਵਿਚ ਠਹਿਰਿਆ ਹੋਇਆ ਸੀ। ਡੌਬਸਨ ਬਹੁਤ ਕੋਸਿ਼ਸਾਂ ਤੋਂ ਬਾਅਦ ਵੀ ਮਹਾਂਰਾਜੇ ਨੂੰ ਮਿਲਣ ਵਿਚ
ਕਾਮਯਾਬ ਨਾ ਹੋ ਸਕਿਆ। ਰੂਸੀ ਪੁਲੀਸ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਹਾਂਰਾਜੇ ਨੇ ਨਜ਼ਦੀਕ
ਹੀ ਰਹਿੰਦੀ ਸੀ।
ਮਈ ਦੇ ਆਖਰੀ ਦਿਨਾਂ ਵਿਚ ਮਹਾਂਰਾਜੇ ਨੂੰ ਕੈਟਕੌਫ ਦੀ ਚਿੱਠੀ ਆ ਗਈ ਜਿਸ ਵਿਚ ਲਿਖਿਆ ਸੀ ਕਿ
ਸਭ ਕੁਝ ਠੀਕ ਜਾ ਰਿਹਾ ਹੈ ਤੇ ਚਿੱਠੀ ਨੂੰ ਵਿਚਾਰਿਆ ਜਾ ਰਿਹਾ ਹੈ ਤੇ ਜਲਦੀ ਹੀ ਕੋਈ ਉਤਰ
ਮਿਲ ਜਾਵੇਗਾ। ਚਿੱਠੀ ਪੜ੍ਹ ਕੇ ਮਹਾਂਰਾਜਾ ਬਹੁਤ ਖੁਸ਼ ਹੋਇਆ। ਉਹ ਇਕ ਚਿੱਠੀ ਤਿਆਰ ਕਰਨਾ
ਚਾਹੁੰਦਾ ਸੀ। ਜੇਕਰ ਟੈਵਿਸ ਨੇ ਉਸ ਨੂੰ ਬਕਸਾ ਭੇਜ ਦਿਤਾ ਹੁੰਦਾ ਤਾਂ ਉਹ ਇਹ ਚਿੱਠੀ ਵਧੀਆ
ਤਰੀਕੇ ਨਾਲ ਤਿਆਰ ਕਰ ਸਕਦਾ ਸੀ। ਉਸ ਲਈ ਇਹੋ ਵੱਡੀ ਗੱਲ ਸੀ ਕਿ ਜ਼ਾਰ ਉਸ ਦੀ ਚਿੱਠੀ ਨੂੰ
ਗੰਭੀਰਤਾ ਨਾਲ ਵਿਚਾਰ ਰਿਹਾ ਸੀ। ਮਹਾਂਰਾਜੇ ਨੇ ਉਸੇ ਵੇਲੇ ਹੀ ਇਸ ਬਾਰੇ ਇਕ ਤਾਰ ਟੈਵਿਸ
ਨੂੰ ਦੇ ਦਿਤੀ ਤੇ ਟੈਵਿਸ ਨੇ ਅਗੇ ਲੰਡਨ ਨੂੰ। ਲੰਡਨ ਵਿਚ ਬੈਠੇ ਅਧਿਕਾਰੀ ਮਹਾਂਰਾਜੇ ਦੀ ਇਸ
ਖੁਸ਼ੀ ਨੂੰ ਆਪਣੇ ਤਰੀਕੇ ਨਾਲ ਲੈ ਰਹੀ ਸੀ।
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)
-0-
|