ਅਸੀਂ ਇੱਕ ਪਿੰਡ ਵਿੱਚ
ਦੀਵਾਨ ‘ਤੇ ਗਏ। ਜਿਸ ਘਰ ਵਿੱਚ ਸਾਡਾ ਉਤਾਰਾ ਕਰਾਇਆ ਗਿਆ, ਉਹ ਪੂਰਨ ਸਿੱਖਾਂ ਦਾ ਸੀ। ਸਾਰਾ
ਪਰਿਵਾਰ ਅਮ੍ਰਿਤਧਾਰੀ ਸੀ। ਘਰ ਦੀ ਮੁਟਿਆਰ ਲੜਕੀ, ਤੇ ਇੱਕ ਨੋਂਹ ਦੋਵੇਂ ਅਠਾਰਾਂ ਵੀਹ ਸਾਲ
ਦੀ ਉਮਰ ਦੀਆਂ ਸਨ। ਉਹਨਾਂ ਸਾਡੀ ਸ਼ਰਧਾ ਨਾਲ ਸੇਵਾ ਕੀਤੀ। ਜਿਵੇਂ ਅਸੀਂ ਦੇਵਤੇ ਹੁੰਦੇ ਹਾਂ।
ਮੇਰੀ ਉਮਰ ਉਦੋਂ ਪੰਝੀ-ਛੱਬੀ ਸਾਲ ਦੀ ਸੀ। ਮੇਰੇ ਸਾਥੀਆਂ ਨੂੰ ਤਾਂ ਉਹ ‘ਵੀਰ ਜੀ’
ਕਹਿੰਦੀਆਂ ਸਨ, ਪ੍ਰਚਾਰਕ ਹੋਣ ਕਰਕੇ ਮੈਨੂੰ ‘ਬਾਬਾ ਜੀ”। ਉਹਨਾਂ ਦੀ ਸ਼ਰਧਾ ਤੇ ਸਿੱਖੀ
ਭਾਵਨਾ ਦਾ ਮੇਰੇ ਮਨ ‘ਤੇ ਬਹੁਤ ਅਸਰ ਹੋਇਆ। ਮੈਂ ਆਪਣੇ ਆਪ ਨੂੰ ਕਿਹਾ, “ਵੇਖ ਭਈ, ਚਾਹੀਦਾ
ਤਾਂ ਹੈ, ਕਿ ਜਿਹੋ ਜਿਹਾ ਇਹ ਬੀਬੀਆਂ ਤੈਨੂੰ ਸਮਝਦੀਆਂ ਹਨ, ਉਸ ਨਾਲੋਂ ਚੰਗਾ ਬਣ ਕੇ ਜੀਵਨ
ਗੁਜ਼ਾਰੇਂ। ਨਹੀਂ ਤਾਂ ਏਹੋ ਜਿਹਾ ਤਾਂ ਤੈਨੂੰ ਜ਼ਰੂਰ ਰਹਿਣਾ ਚਾਹੀਦਾ ਏ, ਜਿਹੋ ਜਿਹਾ ਇਹਨਾਂ
ਨੇ ਤੈਨੂੰ ਸਮਝਿਆ ਹੈ।”
ਉਹਨਾਂ ਬੱਚੀਆਂ ਦਾ ਅਸਰ ਸਾਰੀ ਉਮਰ ਮੇਰੇ ਮਨ ‘ਤੇ ਰਿਹਾ। ਜਦ ਵੀ ਕਦੇ ਤਿਲਕਣ ਦਾ ਭੈ ਪੈਦਾ
ਹੋਇਆ, ਉਹ ਦੋਵੇਂ ਬੱਚੀਆਂ ਮੇਰੀਆਂ ਨਜ਼ਰਾਂ ਸਾਹਮਣੇ ਆ ਗਈਆਂ।
ਅਸੀਂ ਤਰਨਤਾਰਨ ਹਰ ਮੱਸਿਆ ਜਾਇਆ ਕਰਦੇ ਸਾਂ। ਲੋਕਾਂ ਨਾਲ ਜਾਣ ਪਛਾਣ ਪੈਦਾ ਕਰਨ ਦਾ ਇਹ ਸਭ
ਤੋਂ ਚੰਗਾ ਸਾਧਨ ਸੀ। ਦੂਰ ਦੂਰ ਤੱਕ ਸਾਨੂੰ ਚਿੱਠੀਆਂ ਆਉਣ ਲੱਗ ਪਈਆਂ। ਕੇਈ ਐਵੇਂ ਵਕਤੀ ਤੇ
ਕੇਈ ਸ਼ਰਧਾਵਾਨ ਮਿੱਤਰ ਬਣ ਗਏ। ਕੇਈ ਮੇਰੇ ਕਰ ਕੇ ਮੇਰੇ ਸਾਥੀਆਂ ਦੇ ਦੋਸਤ ਬਣੇ ਤੇ ਕਈ
ਉਹਨਾਂ ਰਾਹੀਂ ਮੇਰੇ।
ਸੁਰਜਣ ਸਿੰਘ ਸਾਰੰਗੀ ਮਾਸਟਰ ਦਾ ਇੱਕ ਮਿੱਤਰ ਮੇਰਾ ਵੀ ਦੋਸਤ ਬਣ ਗਿਆ। ਮੱਸਿਆ ਦਾ ਦਿਨ ਸੀ।
ਉਹ ਮਿੱਤਰ ਕਹਿਣ ਲੱਗਾ, “ਗਿਆਨੀ ਜੀ! ਇੱਕ ਸੱਜਣ ਤੁਹਾਨੂੰ ਮਿਲਣਾ ਚਾਹੁੰਦਾ ਹੈ। ਆਪਾਂ ਨੂੰ
ਜ਼ਰਾ ਘਰ ਤੱਕ ਚੱਲਣਾ ਪਵੇਗਾ।”
ਮੈਂ ਸਮਝਿਆ, ਕੋਈ ਚਿੱਠੀ ਵਾਲਾ ਹੋਵੇਗਾ, ਇਹਨਾਂ ਦਾ ਜਾਣੂ। ਮੈਂ, ਸੁਰਜਣ ਸਿੰਘ ਤੇ ਉਹ
‘ਮਿੱਤਰ’, ਤਿੰਨੇ ਤੁਰ ਪਏ। ਸੁਰਜਣ ਸਿੰਘ ਤਾਂ ਬਹਾਨੇ ਨਾਲ ਰਾਹ ਵਿੱਚ ਹੀ ਇੱਕ ਦੁਕਾਨ ‘ਤੇ
ਖਲੋ ਗਿਆ। ਮੈਂ ਤੇ ਉਹ ‘ਮਿੱਤਰ’ ਇੱਕ ਗਲੀ ਵਿੱਚ ਜਾ ਪਹੁੰਚੇ। ਮੇਰੇ ਚਿੱਤ ਖ਼ਿਆਲ ਵੀ ਨਹੀਂ
ਸੀ, ਕਿ ਕੀ ਖੜਯੰਤਰ ਰਚਿਆ ਗਿਆ ਹੈ। ਇੱਕ ਕਮਰੇ ਅੱਗੇ ਚਿੱਕ ਤਣੀ ਹੋਈ ਸੀ। ਸੁਤੰਤਰ ਬੈਠਕ
ਵਾਂਗ ਉਸਦਾ ਦਰਵਾਜ਼ਾ ਘਰ ਤੋਂ ਬਾਹਰ ਵਾਰ ਸੀ। ਉਹ ਸਾਥੀ ਬੜੀ ਚਾਤਰੀ ਨਾਲ ਪਿੱਛਲੇ ਪਾਸੇ ਹੋ
ਗਿਆ। ਮੈਂ ਚਿੱਕ ਪਾਸੇ ਕਰ ਕੇ ਅੰਦਰ ਦਾਖ਼ਲ ਹੋਇਆ, ਤਾਂ ਵੇਖ ਕੇ ਹੈਰਾਨ ਰਹਿ ਗਿਆ। ਇੱਕ
ਸੁੰਦਰ ਮੁਟਿਆਰ ਨੇ ਦੋਵੇਂ ਹੱਥ ਜੋੜ ਕੇ ਕਿਹਾ, “ਆਓ! ਸਾਲ ਹੋ ਗਿਆ ਏ ਤੁਹਾਡਾ ਰਾਹ
ਤੱਕਦਿਆਂ। ਬੈਠੋ।”
ਮੈਂ ਹੈਰਾਨੀ ਭਰੀ ਸੁਰ ਵਿੱਚ ਉੱਤਰ ਦਿੱਤਾ, “ਅਫ਼ਸੋਸ! ਆਪਾਂ ਦੋਹਾਂ ਨਾਲ ਧੋਖਾ ਹੋਇਆ ਹੈ।”
ਬੜੀ ਘਬਰਾਹਟ ਵਿੱਚ ਮੈਂ ਕਮਰਿਓਂ ਬਾਹਰ ਨਿਕਲ ਗਿਆ। ਉਹ ਪਿੱਛੋਂ ਵਾਜਾਂ ਮਾਰਦੀ ਰਹਿ ਗਈ।
ਮੈਂ ਤੱਕਿਆ, ਤਾਂ ਉਹ ‘ਮਿੱਤਰ’ ਵੀ ਗ਼ਾਇਬ ਸੀ।
ਮੈਂ ਵਾਪਸ ਪਰਕਰਮਾਂ ਵੱਲ ਜਾ ਰਿਹਾ ਸਾਂ, ਤੇ ਇਓਂ ਅਨੁਭਵ ਕਰ ਰਿਹਾ ਸਾਂ, ਜਿਵੇਂ ਉਹ ਦੋਵੇਂ
‘ਅਕਾਲੀ ਬੀਬੀਆਂ’ ਮੈਨੂੰ ਵੇਖ ਕੇ ਨਮਸਕਾਰ ਕਰ ਰਹੀਆਂ ਹੋਣ। ਮੈਂ ਮਨ ਹੀ ਮਨ ਸ਼ਰਧਾ ਨਾਲ
ਕਿਹਾ, “ਬੱਚੀਓ! ਤੁਹਾਡੀ ਯਾਦ ਨੇ ਮੈਨੂੰ ਤਿਲਕਣ ਤੋਂ ਬਚਾ ਲਿਆ ਹੈ।”
ਮੈਂ ਸੁਰਜਣ ਸਿੰਘ ਨੂੰ ਬਹੁਤ ਤਾੜ-ਤਪਾੜੀ ਕੀਤੀ। ਉਹ ਕਸਮਾਂ ਖਾਵੇ ਕਿ ਉਸ ਨੂੰ ਇਸ ਸਾਜਸ਼ ਦਾ
ਕੋਈ ਇਲਮ ਨਹੀਂ ਸੀ। ਤੇ ਉਸ ‘ਨੇਕ ਮਿੱਤਰ’ ਨਾਲੋਂ ਮੈਂ ਸਦਾ ਲਈ ਸੰਬੰਧ ਤੋੜ ਲਏ। ਸਹੀ
ਅਰਥਾਂ ਵਿਚ, ਉਹ ਆਪ ਹੀ ਮੇਰੇ ਮੱਥੇ ਲੱਗਣ ਤੋਂ ਝਿਜਕਣ ਲੱਗ ਪਿਆ।
** ** **
ਇਹ 1940 ਤੋਂ ਪਹਿਲਾਂ ਦੀ ਗੱਲ ਹੈ। ਇੱਕ ਅਕਾਲੀ ਲੀਡਰ ਦੀ ਅਲੈਕਸ਼ਨ ਸਮੇਂ ਮੈਂ ਜਥੇ ਸਮੇਤ
ਉਸਦੇ ਹਲਕੇ ਵਿੱਚ ਰਿਹਾ। ਦਿਨੇ ਜੀਪ ਜਾਂ ਕਾਰ ਵਿੱਚ ਦੋ-ਚਾਰ ਪਿੰਡਾਂ ਵਿੱਚ ਪ੍ਰੋਗਰਾਮ
ਕਰਨੇ, ਤੇ ਰਾਤ ਨੂੰ ਹੈੱਡਕੁਆਟਰ ‘ਤੇ ਆ ਜਾਣਾ। ਵਰਕਰਾਂ ਵਿੱਚ ਇੱਕ ਮੁਟਿਆਰ ਬੀਬੀ ਵੀ ਸੀ।
ਸਟੇਜ ਉੱਤੇ ਬੋਲਣ ਦਾ ਉਸਨੂੰ ਬਹੁਤ ਸ਼ੌਕ ਸੀ ਤੇ ਢੰਗ ਵੀ ਹੱਛਾ ਸੀ। ਮੈਨੂੰ ਛੇਤੀ ਹੀ ਪਤਾ
ਲੱਗ ਗਿਆ ਕਿ ਉਹਦੀ ਸ਼਼ੁਹਰਤ ਕੁੱਝ ਚੰਗੀ ਨਹੀਂ ਸੀ। ਸੋ, ਮੈਂ ਬਹਾਨੇ ਨਾਲ ਉਸਤੋਂ ਦਰੂ ਦੂਰ
ਰਹਿਣ ਦਾ ਯਤਨ ਕਰਨ ਲੱਗਾ। ਪਰ ਉਸ ਉੱਤੇ ਇਸ ਦਾ ਉਲਟਾ ਅਸਰ ਹੋਇਆ। ਉਹ ਸਗੋਂ ਨੇੜੇ ਲੱਗਣ ਦਾ
ਚਾਰਾ ਕਰਨ ਲੱਗੀ। ਮੈਂ ਉਸਨੂੰ ‘ਬੀਬੀ ਜੀ’ ਕਹਿੰਦਾ ਤੇ ਉਹ ਮੈਨੂੰ ‘ਗਿਆਨੀ ਜੀ’। ਮੈਂ
ਮਹਿਸੂਸ ਕੀਤਾ ਕਿ ਉਸਦੇ ਇਰਾਦੇ ਚੰਗੇ ਨਹੀਂ ਸਨ। ਬਚਾਓ ਦਾ ਇਕੋ ਰਸਤਾ ਸੀ। ਮੈਂ ਉਸਨੂੰ
‘ਬੇਟਾ’ ਕਹਿਣਾ ਸ਼ੁਰੂ ਕਰ ਦਿੱਤਾ। ਇਸ ਸੰਬੋਧਨ ਤੋਂ ਉਹ ਕਾਫ਼ੀ ਸਟਪਟਾਈ। ਪਰ ਮੈਂ ਇਸ ਗੱਲ
ਦੀ ਪਰਵਾਹ ਨਾ ਕੀਤੀ। ਅੰਤ ਉਸ ਨੇ ਤੰਗ ਪੈ ਕੇ ਇੱਕ ਦਿਨ ਕਿਹਾ, “ਤੁਸੀਂ ਉਮਰ ਵਿੱਚ ਮੈਥੋਂ
ਕਿੰਨੇ ਕੁ ਵੱਡੇ ਹੋ, ਜੋ ਮੈਨੂੰ ‘ਬੇਟਾ’ ਕਹਿੰਦੇ ਹੋ?”
ਮੈਂ ਉੱਤਰ ਵਿੱਚ ਕਿਹਾ, “ਪੁੱਤਰ! ਏਥੇ ਉਮਰ ਦਾ ਸਵਾਲ ਨਹੀਂ, ਭਾਵਨਾ ਦਾ ਹੈ। ਪੁੱਤਰਾਂ ਦੇ
ਨਾਲ ਈਸ਼ਵਰ ਨੇ ਮੈਨੂੰ ਧੀ ਵੀ ਬਖ਼ਸ਼ੀ ਹੈ। ਆਪ ਤੋਂ ਹਰ ਛੋਟੀ ਲੜਕੀ ਵਿੱਚ ਮੈਨੂੰ ਆਪਣੀ ‘ਧੀ’
ਨਜ਼ਰ ਆਉਂਦੀ ਹੈ। ਮੈਂ ਤੈਨੂੰ ਸਿਰਫ਼ ਜ਼ਬਾਨੀ ਹੀ ਨਹੀਂ ਕਹਿੰਦਾ, ਸਮਝਦਾ ਵੀ ਓਹਾ ਕੁੱਝ ਹਾਂ,
ਜੋ ਮੂੰਹੋਂ ਕਹਿੰਦਾ ਹਾਂ। ਵੇਖ ਪੁੱਤਰ! ਤੂੰ ਮੇਰੀ ਧੀ ਹੈਂ, ਤੇ ਮੈਨੂੰ ਅੱਜ ਤੋਂ ‘ਪਿਤਾ
ਜੀ’ ਕਿਹਾ ਕਰ। ਇਸਤਰ੍ਹਾਂ ਦੋਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।”
ਦੋ ਕੁ ਦਿਨ ਉਹ ਬੀਬੀ ਬੜੀ ਅਵਾਜ਼ਾਰ ਰਹੀ। ਤੇ ਅੰਤ ਮੈਨੂੰ ‘ਪਿਤਾ ਜੀ’ ਕਹਿਣ ਲੱਗ ਪਈ। ਮੈਂ
ਸਮਝਦਾਂ ਇਹ ਮੇਰੇ ਲਈ ਸਭ ਤੋਂ ਪਵਿੱਤਰ ਖ਼ਿਤਾਬ ਸੀ।
ਇਸ ਕਿਸਮ ਦੀਆਂ ਕੁੱਝ ਹੋਰ ਘਟਨਾਵਾਂ ਵੀ ਹੋਈਆਂ। ਪਰ ਇੱਕ ਘਟਨਾ ਨੇ ਤਾਂ ਮੈਨੂੰ ਬਹੁਤ ਹੀ
ਭੈ-ਭੀਤ ਕਰ ਦਿੱਤਾ। ਇਹ ਵੀ ਤਰਨ ਤਾਰਨ ਇੱਕ ਮੱਸਿਆ ਦਾ ਵਾਕਿਆ ਹੈ। ‘ਸੈਂਟਰ ਮਾਝਾ’ ਵਿਚੋਂ
ਅਸੀਂ ਰਾਤ ਦੇ ਗਿਆਰਾਂ ਵਜੇ ਕੀਰਤਨ ਸਮਾਪਤ ਕੀਤਾ। ਪਿਛਲੇ ਬੂਹੇ ਰਾਹੀਂ ਨਿਕਲ ਕੇ ਅਸੀਂ
ਦੁਆਬੀਆਂ ਦੇ ਬੁੰਗੇ ਜਾ ਪਹੁੰਚੇ। ਇਹ ਬੁੰਗਾ ਪਰਕਰਮਾਂ ਤੋਂ ਜ਼ਰਾ ਹਟਵਾਂ ਹੈ। ਰਾਤ ਦੇ ਇੱਕ
ਵਜੇ ਓਥੇ ਕੀਰਤਨ ਸਮਾਪਤ ਕਰ ਕੇ ਅਸੀਂ ਬਾਹਰ ਆਏ, ਤਾਂ ਪਤਾ ਲੱਗਾ, ਕਿ ਦੋਵੇਂ ਢਾਡੀ ਸਿੰਘ
ਢੱਡਾਂ ਸਟੇਜ ‘ਤੇ ਹੀ ਭੁੱਲ ਆਏ ਹਨ। ਸੋ, ਦੋਵੇਂ ਢਾਡੀ ਵਾਪਸ ਢੱਡਾਂ ਲੈਣ ਚਲੇ ਗਏ ਤੇ
ਸੁਰਜਣ ਸਿੰਘ ਇੱਕ ਰਿਸ਼ਤੇਦਾਰ ਦੇ ਘਰ ਸਾਜ਼ ਰੱਖਣ ਤੁਰ ਗਿਆ। ਸਾਥੀਆਂ ਦੇ ਅੱਖਾਂ ਤੋਂ ਓਹਲੇ
ਹੋਣ ਦੀ ਦੇਰ ਸੀ, ਜਾਂ ਇੱਕ ਬੀਬੀ ਨੇ ਸਾਮ੍ਹਣੇ ਆ ‘ਸੱਤ ਸ੍ਰੀ ਅਕਾਲ’ ਬੁਲਾਈ। ਕਹਿਣ ਲੱਗੀ,
“ਪੂਰਾ ਸਾਲ ਹੋ ਗਿਆ ਏ ਤੁਹਾਡੇ ਮਗਰ ਤੜਫਦਿਆਂ। ਅੱਜ ਰੱਬ ਨੇ ਮੌਕਾ ਦਿੱਤਾ ਏ। ਮੈਂ ਕਮਰਾ
ਕਰਾਏ ‘ਤੇ ਲਿਆ ਹੋਇਆ ਏ। ਆਓ, ਓਥੇ ਚੱਲੀਏ।” ਕਹਿੰਦਿਆਂ ਉਹਨੇ ਮੇਰਾ ਹੱਥ ਫੜ ਲਿਆ।
“ਨਹੀਂ” ਮੈਂ ਬੜੇ ਕਠੋਰ ਸੁਰ ਵਿੱਚ ਕਿਹਾ ਤੇ ਉਹਦਾ ਹੱਥ ਛਿਣਕ ਦਿੱਤਾ।
“ਮੇਰਾ ਦਿਲ ਨਾ ਤੋੜੋ। ਨਹੀਂ ਤਾਂ ਮੈਂ ਮਰ ਜਾਵਾਂਗੀ। ਆਓ, ਡਰੋ ਨਾ। ਵੇਖਣ ਵਾਲਿਆਂ ਨੂੰ ਕੀ
ਪਤਾ ਕਿ ਇਹ ਇੱਕ ਦੂਜੇ ਦੇ ਕੀ ਲੱਗਦੇ ਨੇ। ਆਓ।” ਉਹਨੇ ਫੇਰ ਮੇਰਾ ਹੱਥ ਫੜ ਲਿਆ।
“ਨਹੀਂ, ਬਿਲਕੁਲ ਨਹੀਂ।” ਮੈਂ ਪਹਿਲਾਂ ਨਾਲੋਂ ਵੀ ਕੌੜੀ ਸੁਰ ਵਿੱਚ ਕਿਹਾ ਤੇ ਆਪਣਾ ਹੱਥ
ਛੁਡਾ ਲਿਆ। ਉਸ ਵੇਲੇ ਕਿਸੇ ਅਨੋਖੇ ਭੈ ਵਿੱਚ ਮੇਰਾ ਸਾਰਾ ਸਰੀਰ ਥਰ ਥਰ ਕੰਬ ਰਿਹਾ ਸੀ। ਉਹ
ਭੈ ਕਿਸ ਕਿਸਮ ਦਾ ਸੀ, ਬਿਆਨ ਨਹੀਂ ਕੀਤਾ ਜਾ ਸਕਦਾ।
ਏਨੇ ਚਿਰ ਵਿੱਚ ਮੇਰੇ ਸਾਥੀ ਢੱਡਾਂ ਲੈ ਕੇ ਆ ਗਏ। ਮੇਰੀ ਜਾਨ ਵਿੱਚ ਜਾਨ ਆਈ। ਉਹ ਦੇਵੀ ਕੰਧ
ਦੇ ਪਰਛਾਵੇਂ ਦੂਸਰੇ ਪਾਸੇ ਮੂੰਹ ਕਰ ਖਲੋਤੀ।
ਅਸੀਂ ਤਿੰਨੇ ਪਰਦੱਖਣਾ ਵੱਲ ਤੁਰ ਪਏ। ਇੱਕ ਭੀੜੀ ਜਿਹੀ ਗਲੀ ਰਾਹੀਂ ਅਸੀਂ ਮੁਨਾਰੇ ਕੋਲ ਜਾ
ਨਿਕਲੇ। ਉਸ ਦੇਵੀ ਨੇ ਮੇਰਾ ਪਿੱਛਾ ਨਾ ਛੱਡਿਆ। ਸਖ਼ਤ ਭੀੜ ਵਿੱਚ ਵੀ ਉਹਨੇ ਮੈਨੂੰ ਜਾ ਫੜਿਆ।
ਮੇਰੀ ਬਾਂਹ ਫੜ੍ਹ ਕੇ ਉਹਨੇ ਹੌਲੀ ਜਿਹੀ ਕਿਹਾ, “ਜਾਣ ਦਿਓ ਗੁੱਸੇ ਨੂੰ! ਬਥੇਰੀ ਹੋ ਗਈ ਏ।
ਆਓ!”
ਮੈਂ ਬੜੀ ਖ਼ਰ੍ਹਵੀ ਸੁਰ ਵਿੱਚ ਉਹਨੂੰ ਝਿੜਕਿਆ ਤੇ ਬਾਂਹ ਛੁਡਾ ਕੇ ਅੱਗੇ ਤੁਰ ਗਿਆ।
ਮੰਜੀ ਸਾਹਿਬ ਦੀਵਾਨ ਭਰਿਆ ਹੋਇਆ ਸੀ। ਦੂਰ ਤੱਕ ਸੰਗਤ ਬੈਠੀ ਸੀ। ਬਹੁਤ ਸਾਰੇ ਲੋਕ ਦੁਆਲੇ
ਖੜੇ ਸਨ। ਅਸੀਂ ਵੀ ਤਿੰਨੇ ਜਾ ਖੜੇ। ਉਹ ਭਲੀ ਲੋਕ ਓਥੇ ਵੀ ਜਾ ਪਹੁੰਚੀ। ਉਸਦੀ ਦਲੇਰੀ ਜਾਂ
ਬੇਸਮਝੀ ਵੇਖੋ, ਮੇਰੀ ਬਾਂਹ ਫੜ੍ਹ ਕੇ ਕਹਿਣ ਲੱਗੀ “ਤਰਸ ਕਰੋ ਹੁਣ ਮੇਰੇ ਉੱਤੇ। ਮੈਨੂੰ
ਮਾਰੋ ਨਾ।”
ਮੈਂ ਉਸ ਵੇਲੇ ਸ਼ਰਮ ਨਾਲ ਮੁੜ੍ਹਕੋ ਮੁੜ੍ਹਕੀ ਹੋ ਰਿਹਾ ਸਾਂ। ਬੜੀ ਮੁਸ਼ਕਲ ਨਾਲ ਉਸਤੋਂ ਬਾਂਹ
ਛੁਡਾ ਕੇ ਮੈਂ ਭੀੜ ਨੂੰ ਮਿੱਧਦਾ ਹੋਇਆ ਸਟੇਜ ਵੱਲ ਤੁਰ ਪਿਆ। ਜਾਣੂ ਲੋਕ ਮੈਨੂੰ ਰਸਤਾ
ਦੇਂਦੇ ਗਏ। ਮੈਂ ਕਈਆਂ ਦੇ ਪੈਰ ਮਿੱਧਦਾ ਸਟੇਜ ‘ਤੇ ਜਾ ਬੈਠਾ। ਮੇਰੇ ਸਾਥੀ ਵੀ ਮੇਰੇ ਮਗਰੇ
ਪੁੱਜ ਗਏ। ਸਟੇਜ ‘ਤੇ ਜਾ ਕੇ ਮੇਰਾ ਦਿਲ ਕੁੱਝ ਥਾਵੇਂ ਹੋਇਆ।
“ਹੁਣ ਗੁਰੂ ਮਹਾਂਰਾਜ ਦੀ ਹਜ਼ੂਰੀ ਵਿੱਚ ਕੋਈ ਡਰ ਨਹੀਂ।” ਮੈਂ ਆਪਣੇ ਆਪ ਨੂੰ ਕਿਹਾ ਤੇ ਹੌਲੀ
ਹੌਲੀ ਮੂੰਹ ਵਿੱਚ ਸ਼ਬਦ ਪੜ੍ਹਣ ਲੱਗ ਪਿਆ, “ਤਾਤੀ ਵਾਓ ਨ ਲਗਈ ਪਾਰਬ੍ਰਹਮ ਸਰਣਾਈ। ਚਉਗਿਰਦ
ਹਮਾਰੇ ਰਾਮਕਾਰ ਦੁਖ ਲਗੈ ਨ ਭਾਈ।”
ਇਹ ਘਟਨਾਵਾਂ ਮੈਂ ਆਪਣੀ ਵਡਿਆਈ ਵਾਸਤੇ ਨਹੀਂ ਲਿਖੀਆਂ। ਨਾ ਹੀ ਮੈਂ ਮੰਨਦਾ ਹਾਂ ਕਿ ਮੈਂ
ਆਪਣੀ ਹਿੰਮਤ ਨਾਲ ਇਹਨਾਂ ਬੁਰੇ ਕਰਮਾਂ ਤੋਂ ਬਚ ਗਿਆ ਹਾਂ। ਸਗੋਂ ਮੇਰਾ ਤਾਂ ਨਿਸਚਾ ਹੈ ਕਿ,
“ਰਾਖਿ ਲੀਏ ਤਿਨਿ ਰਾਖਨਹਾਰਿ ਸਭ ਬਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ।”
ਦੁਨਿਆਵੀ ਤੌਰ ਤੇ ਇੱਕ ਤਾਂ ਮੇਰੇ ਕੁਛ ਜਨਮ ਤੋਂ ਹੀ ਅਜੇਹੇ ਸੰਸਕਾਰ ਸਨ। ਦੂਸਰਾ ਸਾਡਾ
ਦੋਹਾਂ ਜੀਆਂ ਦਾ ਅਟੁੱਟ ਪਿਆਰ ਸੀ। ਤੇ ਤੀਸਰਾ ਉਹ ‘ਦੋ ਅਕਾਲੀ ਬੀਬੀਆਂ’ ਜਿੰਨ੍ਹਾਂ ਮੈਨੂੰ
ਦੇਵਤਾ ਸਮਝ ਕੇ ਪਵਿੱਤਰ ਸ਼ਰਧਾ ਨਾਲ ਸੇਵਾ ਕੀਤੀ ਸੀ। ਮੇਰਾ ਨਿਸਚਾ ਹੈ ਕਿ ਮਨੁੱਖ ਦੇ ਅੰਦਰ
ਇੱਕ ਰੱਬੀ ਜਜ਼ਬਾ ਹੈ ਕਿ ਉਹ ਉਹਨਾਂ ਦੀਆਂ ਨਜ਼ਰਾਂ ਵਿੱਚ ਕਦੇ ਬੁਰਾ ਨਹੀਂ ਬਣਨਾ ਚਾਹੁੰਦਾ,
ਜੋ ਉਸਨੂੰ ਸੱਚੇ ਦਿਲੋਂ ‘ਚੰਗਾ’ ਸਮਝਦੇ ਹਨ। ਏਹਾ ਵਿਚਾਰ ਹੀ ਇਨਸਾਨ ਨੂੰ ਡਿੱਗਣੋ ਬਚਾਉਂਦੇ
ਹਨ।
-0-
|