ਕਲਾ, ਅਦ੍ਰਿਸ਼ ਵਿਚਲੇ ਦ੍ਰਿਸ਼ਟਾਮਾਨ, ਅਮੂਰਤ ਵਿਚਲੀ ਮੂਰਤ, ਅਤੇ ਸ਼ੋਰ
ਅੰਦਰਲੇ ਸੰਗੀਤ ਨਾਲ ਜੁੜਨ ‘ਤੇ ਜੋੜਨ ਦੀ ਸ਼ਕਤੀਸ਼ਾਲੀ ਸਮਰੱਥਾ ਰੱਖਦੀ
ਹੈ। ਵੇਖਣ, ਸੁਣਨ ਅਤੇ ਮਹਿਸੂਸਣ ‘ਚ ਕਲਾ ਦਾ ਦਖ਼ਲ ਓਸ ਪਾਣੀ ਵਰਗਾ ਹੈ ਜੋ
ਇਹਨਾਂ ਤਿੰਨਾਂ ਨੂੰ ਕਲਿਆਣਕਾਰੀ ਜੀਵਨ ਧਾਰਾ ਬਣਾਈ ਰੱਖਦਾ ਹੈ। ਵਗਾਈ
ਰੱਖਦਾ ਹੈ। ਤਦ ਹੀ ਕਲਾ ਦੀ ਬੇਦਖ਼ਲੀ ਕਰੂਰ ਅਤੇ ਪਥਰਾਏ ਹਾਲਾਤ ਪੈਦਾ
ਕਰਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਕਲਾ ਪਥਰਾਏ ਹਾਲਾਤ ਦੇ ਬਿਆਨ ਤੀਕ
ਸੀਮਤ ਨਾ ਰਹਿ ਕੇ ਉਹਨਾਂ ਨੂੰ ਮੁੜ ਤਰਲਤਾ ਪ੍ਰਦਾਨ ਕਰਨ ਲਈ ਤੜਪਦੀ,
ਤੁਰਸ਼ਦੀ ਅਤੇ ਕਾਰਜਸ਼ੀਲ ਰਹਿੰਦੀ ਹੈ।
ਜੇਕਰ ਸ਼ਾਇਰ ਸੁਰਜੀਤ ਪਾਤਰ ਅਪਣੀ ਨਜ਼ਮ:
“ਇਕ ਲਰਜ਼ਦਾ ਨੀਰ ਸੀ
ਉਹ ਮਰ ਕੇ ਪੱਥਰ ਹੋ ਗਿਆ।
......
ਇਕ ਸ਼ਾਇਰ ਬਚ ਰਿਹਾ,
ਸੰਵੇਦਨਾ ਸੰਗ ਲਰਜ਼ਦਾ
ਏਨੇ ਪੱਥਰ?
ਉਹ ਤਾਂ ਗਿਣਤੀ ਕਰਕੇ ਪੱਥਰ ਹੋ ਗਿਆ।”
ਰਾਹੀਂ ਕਲਾਤਮਿਕਤਾ ਦੇ ਮੌਜੂਦਾ ਹਾਲਾਤ ਹੱਥੋਂ ਪਥਰਾ ਜਾਣ ਦਾ ਡੂੰਘਾ ਦਰਦ
ਪੇਸ਼ ਕਰਦਾ ਹੈ ਤਾਂ ਉਸਦਾ ਸਮਕਾਲੀ ਸ਼ਾਇਰ ਗੁਰਤੇਜ ਕੁਹਾਰਵਾਲਾ ਅਪਣੀ
ਪੁਸਤਕ, ‘ਪਾਣੀ ਦਾ ਹਾਸ਼ੀਆ’, ਵਿਚਲੇ ਸਿ਼ਅਰ:
ਮੈਂ ਉਸ ਨੂੰ ਪਿਘਲਾ ਤਾਂ ਲੈਂਦਾ, ਪਰ ਕਿਸ ਭਾਡੇ ਪਾਉਂਦਾ
ਉਸ ਨੂੰ ਵੀ ਤਾਂ ਪੱਥਰ ਹੋ ਕੇ ਰਹਿ ਸਕਣਾ ਨਾ ਆਇਆ॥ (ਪੰਨਾ:41)
ਰਾਹੀਂ ਮੌਜੂਦਾ ਹਾਲਾਤ ਹੱਥੋਂ ਪਥਰਾਈ ਸਥਿਤੀ ਦੇ ਧੁਰ ਅੰਦਰ ਮੁੜ ਪਿਘਲਣ
ਅਤੇ ਜੀਵਨ ਧਾਰਾ ਬਣ ਵਗਣ ਦੇ ਦਰਦ ਦਾ ਅਗਲਾ ਵਰਕਾ ਫੋਲਦਾ ਹੈ। ਤਦ ਹੀ
‘ਪਾਣੀ ਦਾ ਹਾਸ਼ੀਆ’ ਵਿਚਲਾ ਇਹ ਸਿ਼ਅਰ ਪੁਸਤਕ ਦਾ ਹਾਸਲ ਅਤੇ ਕੁੰਜੀਵਤ
ਸਿ਼ਅਰ ਹੈ।
ਲੋਕਮੁਖੀ ਕਲਾ ਦਾ ਕੰਮ ਹਾਲਾਤ ਹੱਥੋਂ ਪਥਰਾ ਗਏ ਜੀਣੇ ਦੀ ਪਛਾਣ ਨਾਲ
ਮਹਿਜ਼ ਸ਼ੁਰੂ ਹੁੰਦਾ ਹੈ। ਉਹ ਹਾਲਾਤ ਹੱਥੋਂ ਪਥਰਾਏ ਸਮੇਂ ਨੂੰ ਪਿਘਲਾ
ਸਕਣ ਦੀ ਸਮਰੱਥਾ ਰੱਖਦੀ ਹੈ ਪਰ ਉਸਨੂੰ ਮਹਿਜ਼ ਪਿਘਲਾਉਣ ਨਾਲ ਵੀ ਉਸਦਾ
ਕੰਮ ਖਤਮ ਨਈਂ ਹੁੰਦਾ। ਸਗੋਂ ਸਮੇਂ ਦੇ ਲੋਕਮੁਖੀ ਜੀਵਨ ਧਾਰਾ ਵਜੋਂ
ਵਹਿੰਦੇ ਰਹਿਣ ਨੂੰ ਯਕੀਨੀ ਬਣਾਉਣਾ ਕਲਾ ਦਾ ਸਭ ਤੋਂ ਮਹੱਤਵਪੂਰਨ ਕਾਰਜ
ਹੈ। ਕਲਾ ਦੇ ਇਸ ਕਾਰਜ ਲਈ ਨਿੱਜ ਤੋਂ ਪਰ ਤੀਕ ਪੁੱਜੇ ਹੋਏ ਕਲਾਤਮਿਕ
ਜੀਊੜੇ ਦੀ ਲੋੜ ਹੈ। ਇਕ ਲੋਕਮੁਖੀ ਕਲਾਕਾਰ ਦਰਕਾਰ ਹੈ। ਤਦ ਹੀ ‘ਪਾਣੀ ਦਾ
ਹਾਸ਼ੀਆ’ ਦੇ ਸ਼ਾਇਰ ਦਾ ਸਵੈ ਕਥਨ ਹੈ:
“ਅਪਣੇ ਲਿਖੇ ਪੰਨਿਆਂ ਨੂੰ ਇਕ ਥਾਂ ‘ਤੇ ਇਕੱਠਾ ਪੜ੍ਹਦਿਆਂ ਮੈਨੂੰ ਅਹਿਸਾਸ
ਹੋਇਆ ਕਿ ਮੇਰਾ ਬਿਆਨ ਬਹੁਤਾ ਕਰ ਕੇ ‘ਮੈਂ-ਮਲੂਕ’ ਬਣਿਆ ਦਿਸਦਾ ਹੈ। ਪਰ
ਇਹ ਸਿਰਫ਼ ਇਕੱਲੇ ਮੇਰੇ ਆਤਮ ਦਾ ਪ੍ਰਕਾਸ਼ ਨਹੀਂ ਹੈ। ਇਹ ‘ਮੈਂ’ ਫੈਲੀ
ਹੋਈ ‘ਮੈਂ’ ਹੈ, ਜੋ ਮੇਰੇ ਸਮੇਤ ਬਾਕੀ ਸਭ ਨੂੰ ਰਲਾ-ਮਿਲਾ ਕੇ ਬਣਦੀ ਹੈ।”
ਨਿੱਜ ਤੋਂ ਪਰ ਤੀਕ ਪੁੱਜ ਕੇ ਕਮਾਏ ਆਤਮ-ਪ੍ਰਕਾਸ਼ ਦੀ ਲੋਅ ‘ਚ ਹੀ ਦਿਸਦੀ
‘ਜਲਤੀ ਸਭ ਪ੍ਰਿਥਮੀ’। ‘ਅੰਧੇਰੇ ਰਾਹ ਨਾ ਕੋਈ’ਦਾ ਹੁੰਦਾ ਅਹਿਸਾਸ। ਫਿਰ
ਉਗਮਦਾ ਪਹਿਲਾ ਸਿ਼ਅਰ...‘ਕੁੰਨ’ ਵਾਂਗ:
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤ-ਬ-ਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨਾ ਲਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ? (ਪੰਨਾ: 11)
ਹਨੇਰੇ ਦੀ ਅੱਗ ‘ਚ ਜਲ ਰਹੀ ਲੋਕਾਈ ਲਈ ਕਲਾ, ਚਾਨਣ ਦਾ ਪਾਣੀ ਚਿਤਵਦੀ,
ਖੋਜਦੀ, ਅਤੇ ਸਿਰਜਦੀ। ਤਦ ਹੀ ‘ਪਾਣੀ’, ਏਸ ਪੁਸਤਕ ਵਿਚਲੀ ਸ਼ਾਇਰੀ ਦੀ
ਜ਼ਮੀਨ ਹੈ। ਧੁਰ-ਬਿੰਦੂ ਹੈ। ਪੁਸਤਕ ਦੇ ਸਫਿਆਂ ਤੇ ਗਜ਼ਲਾਂ ਦਾ ਬਾ-ਬਹਿਰ,
ਬਾ-ਤਗ਼ਜ਼ਲ ਵਹਾਅ ਸ੍ਰਿਸ਼ਟੀ ਦੇ ਮੂਲ, ਪਾਣੀ ਵਾਂਗੂੰ ਵਹਿੰਦਾ ਮਹਿਸੂਸ
ਹੁੰਦਾ ਹੈ। ਇਸ ਗ਼ਜ਼ਲਮਈ ਪਾਣੀ ਦੇ ਕਿਨਾਰੇ ਵਰਕਿਆਂ ਦੇ ਹਾਸ਼ੀਏ ਹਨ।
‘ਪਾਣੀ ਦੇ ਹਾਸ਼ੀਏ’ ਜਿਹਨਾਂ ਤੇ ਆਦਿ ਕਾਲ ਤੋਂ ਮਨੁੱਖੀ ਸਭਿਅਤਾ ਆਬਾਦ
ਹੈ।
ਹਨੇਰੀਆਂ, ਜੜ ਅਤੇ ਪਥਰਾਈਆਂ ਜੀਵਨ ਹਾਲਤਾਂ ਵਾਸਤੇ ਚਾਨਣੇ-ਪਾਣੀ ਦੀ ਲੋੜ
ਇਸ ਸ਼ਾਇਰੀ ਦਾ ਧੁਰ ਅਤੇ ਆਦਿ ਬਿੰਦੂ ਤਾਂ ਹੈ ਪਰ ਇਸ ਦਾ ਸਮੁੱਚ ਨਹੀਂ।
ਸਗੋਂ ਇਸ ਪਾਣੀ ਨੂੰ ਸਾਭਣ ਅਤੇ ਲੋਕਮੁਖੀ ਜੀਵਨ ‘ਚ ‘ਪਿਤਾ ਰੂਪ’ ਵਰਤੀਂਦੇ
ਰਹਿਣ ਨੂੰ ਨਿਸਚਤ ਕਰਨਾ ਇਸ ਸ਼ਾਇਰੀ ਦਾ ਵੱਡਾ ਅਤੇ ਪ੍ਰਮੁੱਖ ਸਾਰੋਕਾਰ
ਹੈ। ਸ਼ਾਇਰ ਇਸ ‘ਚਾਨਣੇ-ਪਾਣੀ’ ਨਾਲ ਅਪਣੇ ਅੰਦਰਲੇ ਸੰਸਾਰ ਨੁੰ ਬਾਹਰ
ਦ੍ਰਿਸ਼ਟਾਮਾਨ ਕਰਨਾ ਲੋਚਦਾ ਹੈ। ਉਹ ਸੰਸਾਰ ਜੋ ਹਾਲੇ ਲੋਕ-ਨਜ਼ਰ ਤੋਂ
ਉਹਲੇ ਹੈ:
ਨਜ਼ਰ ਤੋਂ ਦੂਰ ਕਿਧਰੇ ਕਲਪਨਾ ਤੋਂ ਪਾਰ ਵਸਦਾ ਹੈ
ਕਿਸੇ ਦੁਨੀਆਂ ‘ਚ ਮੇਰਾ ਸਾਜਿਆ ਸੰਸਾਰ ਵਸਦਾ ਹੈ॥ (ਪੰਨਾ:62)
ਉਸ ਨਵੇਂ ਲੋਕ ਲਈ ਅਪਣੀ ਕਲਾ ਨਾਲ ਸਿਰਜੇ ਇਸ ਪਾਣੀ ਨੂੰ ਉਪਯੋਗੀ ਰੂਪ ‘ਚ
ਸਾਂਭਣ ਦੀ ਲੋੜ ਫਿਰ ‘ਭਾਂਡੇ’ ਦੀ ਤਾਲਾਸ਼ ‘ਚ ਨਿਕਲਦੀ ਹੈ। ਕਮਾਲ ਇਸ ਗੱਲ
ਦਾ ਹੈ ਕਿ ਉਹ ਭਾਂਡਾ ਇਸ ਪਾਣੀ ਨਾਲ ਹੀ ਬਣਨਾ ਹੈ। ਹੂ-ਬ-ਹੂ ‘ਜਲ ਬਿਨ
ਕੁੰਭ ਨਾ ਹੋਏ’ ਵਾਂਗੂੰ। ਤਦ ਹੀ ‘ਪਾਣੀ ਦਾ ਹਾਸ਼ੀਆ’ ਵਿਚਲੀ ਸ਼ਾਇਰੀ ਦਾ
ਆਧਾਰ ਦੋ ਨਿਰਣਿਆ ਤੇ ਟਿਕਿਆ ਹੋਇਆ ਹੈ:
1. ਹਾਲਾਤ ਹੱਥੋਂ ਪਥਰਾ ਚੁੱਕੇ ਲੋਕਮੁਖੀ ਜੀਵਨ ਵਹਾਅ ਨੂੰ ਮੁੜ ਵਗਣ
ਲਾਉਣਾ ਹੈ।
2. ਲੋਕਮੁਖੀ ਜੀਵਨ ਪ੍ਰਦਾਨ ਕਰਨਾ ਨਿਜ਼ਾਮ (ਭਾਂਡਾ) ਘੜਨਾ ਹੈ।
ਪੁਸਤਕ ਵਿਚਲੀ ਸਮੁੱਚੀ ਸ਼ਾਇਰੀ ਅਪਣੇ ਇਸ ਅਧਾਰ ਬਾਰੇ ਪੂਰੀ ਤਰਾਂ ਦਵੰਦ
ਮੁਕਤ ਹੈ। ਅਥਾਹ ਨਿਸ਼ਚੇ ਅਤੇ ਵਿਸ਼ਵਾਸ ਨਾਲ ਰੌਸ਼ਨ ਹੈ। ਅਪਣੀ ਇਸ
ਰੌਸ਼ਨੀ ਦੇ ਕਾਰਨ ਹੀ ਉਹ ਦੁਆਲੜੇ ਨੇਰਿਆਂ ਦੇ ਨਿਸ਼ਾਨੇ ਤੇ ਵੀ ਹੈ।
ਨੇਰ੍ਹੇ ਜੋ ਪ੍ਰਾਪਤ ਨਿਜ਼ਾਮ ਦੇ ਸੰਚਾਲਕ ਹਨ। ਜਿਹਨਾਂ ਨੇ ਹਰ ਰੌਸ਼ਨ
ਕਲਤਾਮਿਕ ਬੋਲ ਗੂੰਗਾ-ਪੱਥਰ ਕਰਕੇ ਅਪਣੇ ਤਖਤ ਦੇ ਪੌਡਿਆਂ ‘ਚ ਸਜਾਵਟ ਰੂਪ
ਜੜ ਰੱਖਿਆ ਹੈ਼:
ਜੋ ਕਦੇ ਸਨ ਤੇਜ਼ ਦਰਿਆਵਾਂ ਦੇ ਵਾਂਗੂੰ ਸ਼ੂਕਦੇ
ਕੁਰਸੀਆਂ ਦੇ ਥਲ ‘ਚ ਪਹੁੰਚਣ ਸਾਰ ਗੂੰਗੇ ਹੋ ਗਏ॥ (ਪੰਨਾ: 27)
ਇਹਨਾਂ ਕਲਾਤਮਿਕ ਗੂੰਗੇ ਪੱਥਰਾਂ ਨੂੰ ਤਖਤ, ਲੋਕ-ਹਿਤੈਸ਼ੀ ਇਸ਼ਿਤਹਾਰਾਂ
ਅਤੇ ਨਾਹਰਿਆਂ ਦੇ ਭੁਲੇਖਿਆਂ ਵਜੋਂ ਵਰਤਦਾ ਰਹਿੰਦਾ ਹੈ:
ਇਸ਼ਤਿਹਾਰਾਂ ਨਾਹਰਿਆਂ ਦਾ ਰੰਗ ਕੱਚਾ ਸੀ ਬਹੁਤ
ਪਹਿਲੀ ਬਾਰਿਸ਼ ਨਾਲ਼ ਹੀ ਕੰਧਾਂ ਤੋਂ ਸਾਰਾ ਲਹਿ ਗਿਆ॥ (ਪੰਨਾ: 58)
ਇਹ ਸਥਿਤੀ ‘ਪਾਣੀ ਦਾ ਹਾਸ਼ੀਆ’ ਵਿਚਲੀ ਸ਼ਾਇਰੀ ‘ਚ ਵਿਸਫੋਟੀ ਆਤੰਕ ਪੈਦਾ
ਕਰਦੀ ਹੈ। ਸ਼ਾਇਰ ਬੇਸ਼ੱਕ ਇਸ ਨੇਰ੍ਹੇ-ਖੌਫ਼ ਦੀ ਅਸਲੀਅਤ ਨੂੰ ਜਾਣਦਾ ਅਤੇ
ਬੁਝਦਾ ਹੈ ਪਰ ਇਸਦੇ ਬਾਵਜੂਦ ਉਸਦੇ ਨਿਸਚੇ ਦੁਆਲੇ ਡਰ ਦੀ ਇਕ ਅਚੇਤ
ਘੇਰਾਬੰਦੀ ਲਗਾਤਾਰ ਉਪਜਦੀ ਰਹਿੰਦੀ ਹੈ:
ਨ੍ਹੇਰੇ ਦੀ ਹਰ ਦਲੀਲ ਹੈ ਅੰਨੀਂ ਤੇ ਖੌਫਨਾਕ
ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨਾ ਕਰ ਲਵੇ॥ (ਪੰਨਾ: 45)
ਕਲਾ ਦੇ ਰੌਸ਼ਨ ਨਿਸਚੇ ਦੁਆਲੇ ਡਰ ਦੀ ਇਹ ਪੈਰ-ਪੈਰ ਤੰਗ ਹੁੰਦੀ ਜਾਂਦੀ
ਘੇਰਾਬੰਦੀ ਕਲਾ ਦੀ ਉਪਰਾਮਤਾ ਅਤੇ ਫਿਰ ਬੇਵਸੀ ਨੂੰ ਉਤਪਨ ਕਰਨ ਲਗਦੀ ਹੈ:
ਹਰੇ ਰੁੱਖਾਂ ਨੂੰ ਲੱਗੇ ਅੱਗ ਤਾਂ ਹੁੰਦਾ ਹੈ ਐਸਾ ਹੀ
ਧੁਖਾਂਗੇ ਆਪ ਵੀ ਪੌਣਾ ਨੂੰ ਵੀ ਉਪਰਾਮ ਰੱਖਾਂਗੇ॥ (ਪੰਨਾ:50)
ਅਜੇ ਵੀ ਹੱਥ ਚੋਂ ਪਰ ਓਸਦੇ ਪਰਚਮ ਨਹੀਂ ਡਿਗਿਆ
ਮੇਰੇ ਅੰਦਰ ਕਈ ਯੁੱਧਾਂ ‘ਚ ਹਰ ਚੁੱਕਾ ਸਿਪਾਹੀ ਹੈ॥ (ਪੰਨਾ: 60)
ਜਿਵੇਂ ਪੁਸਤਕ ਵਿਚਲੀ ਕਲਾਤਮਿਕ ਵਸਤੂ ਦੇ ਰਚੇਤਾ ਦੀ ‘ਮੈਂ’ ਫੈਲੀ ਹੋਈ
‘ਮੈਂ’ ਹੈ, ਜੋ ਉਸ ਸਮੇਤ ਬਾਕੀ ਸਭ ਕਲਾ-ਸਿਰਜਕਾਂ ਨੂੰ ਰਲਾ-ਮਿਲਾ ਕੇ
ਬਣਦੀ ਹੈ। ਤਿਵੇਂ ਪੁਸਤਕ ਵਿਚਲੀ ਕਲਾ ਦੀ ਇਹ ਬੇਵਸੀ ਵੀ ਸਾਡੇ ਸਮਿਆਂ ਦੀ
ਸਮੁੱਚੀ ਕਲਾਤਮਿਕ ਬੇਵਸੀ ਹੈ।
‘ਪਾਣੀ ਦਾ ਹਾਸ਼ੀਆ’ ਵਿਚਲੀ ਸ਼ਾਇਰੀ ਜਿੱਥੇ ਹਿਰਦੇਵੇਧਕ ਵੇਗ ਨਾਲ ਅਜੋਕੇ
ਸਮੇਂ ਵਿੱਚ ਕਲਾ ਦੀ ਬੇਵਸੀ ਨੂੰ ਉਜਾਗਰ ਕਰਦੀ ਹੈ ਓਥੇ ਇਸਦੇ ਨਿਵਾਰਣ ਵੱਲ
ਸ਼ਾਇਰਾਨਾ ਇਸ਼ਾਰੇ ਵੀ ਕਰਦੀ ਹੈ, ਜਿਵੇਂ ਕਿ:
ਛੁਪੇ ਹੋਇਆਂ ਨੂੰ ਸ਼ਾਇਦ ਖੁਸ਼ਬੂਆਂ ਤੋਂ ਜਾਣ ਲੈਂਦੀ ਹੈ
ਹਵਾ ਆਪੇ ਹੀ ਫੁੱਲਾਂ ਦੇ ਨਗਰ ਪਹਿਚਾਣ ਲੈਂਦੀ ਹੈ॥ (ਪੰਨਾਂ: 53)
ਵਰਗੇ ਸਿ਼ਅਰ, ਪਥਰਾਏ ਸਮੇਂ ‘ਚ, ਕਲਾ ਨੂੰ ਪਰਨਾਏ ਦਿਲਾਂ ਅੰਦਰ ਵਸਦੇ
‘ਫੁੱਲਾਂ ਦੇ ਨਗਰਾਂ’ ਨੂੰ ਜੋੜਨ ਲਈ ‘ਹਵਾ’ ਦੀ ਤੰਦ ਸੁਝਾਉਂਦੇ ਹਨ।
ਡੂੰਘੇ ਤਲਾਂ ਤੇ ਇਹ ਹਵਾ ਉਹ ਲਹਿਰ ਹੈ ਜਿਸਨੇ ਲੋਕਾਂ ਦੇ ਹੱਕ ‘ਚ ਉਪਜਣਾ,
ਵਗਣਾ ਅਤੇ ਭੁਗਤਣਾ ਹੈ। ਨੇਰਿਆਂ ਦੇ ਤਾਜ਼ ਉਛਾਲੇ ਜਾਣੇ ਹਨ। ਤਖਤ ਗਿਰਾਏ
ਜਾਣੇ ਹਨ। ਇਸੇ ਹਵਾ ਦੀ ਨਿੱਘੀ ਛੋਹ ਨਾਲ ਪਥਰਾਈ ਜਿ਼ੰਦਗੀ ਨੇ ਮੁੜ
ਲੋਕਮੁਖੀ ਧਾਰਾ ਹੋ ਪੰਘਰਨਾ ਹੈ। ਮੁੜ ਪ੍ਰਵਹਿਤ ਹੋਣਾ ਹੈ। ਇਸੇ ਹਵਾ ਦੇ
ਮਾਣਮੱਤੇ ਚੱਕ ਤੇ ਚੜ੍ਹ ਕੇ ਕਲਾ ਦੇ ਪਾਣੀ ਸਿੰਜੀ ਮਿੱਟੀ ਨੇ ਉਹ ਪ੍ਰਬੰਧ
ਰੂਪ ਭਾਂਡਾ ਬਣਨਾ ਹੈ ਜਿਸਨੇ ਲੋਕਮੁਖੀ ਉਪਯੋਗਤਾ ਦੇ ਪਾਣੀ ਨੂੰ ਸਾਂਭੀ
ਰੱਖਣਾ ਹੈ।
ਬੇਸ਼ੱਕ ਪੁਸਤਕ ਅਪਣੇ ਆਖਰੀ ਸਿ਼ਅਰ ਨਾਲ ਬੇਵਸੀ ਦੇ ਆਲਮ ‘ਚ ਮੁਕੰਮਲ
ਹੁੰਦੀ ਹੈ:
ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ
ਕਿਸੇ ਸੂਰਜ ਦਾ ਸਾਡੇ ਮਾਣ ਵਿਚ ਚੜ੍ਹਨਾ ਵੀ ਬਣਦਾ ਹੈ॥ (ਪੰਨਾ: 64)
ਪਰ ਕਲਾ ਦੀ ਬੇਵਸੀ ਵਾਲੇ ਸਮਿਆਂ ‘ਚ ਆਪੋ ਅਪਣੇ ਥਾਂ ‘ਤੇ ਕਲਾ ਦੀ ਸਮਰੱਥਾ
ਨੂੰ ਉਜਾਗਰ ਕਰੀ ਰੱਖਣ ਵਾਲੇ ਕਲਾਕਾਰ ਅਸਲ ਵਿੱਚ ਉਹ ਸਮਰੱਥ ਯੋਧੇ ਹਨ
ਜਿਹਨਾਂ ਦੀ ਮਿੱਟੀ ਲੋਕ-ਹਿਤਾਂ ਦੀ ਜ਼ਮੀਨ ਸਿਰਜਦੀ ਅਤੇ ਸਥਾਪਦੀ ਹੈ।
ਉਹਨਾਂ ਦੇ ਲੋਕਮੁਖੀ ਨਿਸਚਿਆਂ ਦੀ ਸ਼ਾਨ ਸੱਤ-ਅਸਮਾਨਾਂ ਨਾਲੋਂ ਕਿਤੇ
ਉਚੇਰੀ ਅਤੇ ਸ਼ਾਨਾਮੱਤੀ ਹੈ। ਤਦ ਹੀ ਸ਼ਾਇਰ ਫੈ਼ਜ਼ ਅਹਿਮਦ ਫੈ਼ਜ਼ ਦਾ ਇਹ
ਸਿ਼ਅਰ ‘ਪਾਣੀ ਦਾ ਹਾਸ਼ੀਆ’ ਦੇ ਸਿਰਜਕ ਜਿਹੇ ਸੂਰੇ ਕਲਾਕਾਰਾਂ ਦਾ ਉੱਤਮ
ਕਸੀਦਾ ਹੈ:
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੋਹ ਸ਼ਾਨ ਸਲਾਮਤ ਰਹਿਤੀ ਹੈ
ਯੇਹ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ॥
-0- |