ਉਸ ਦਿਨ ਮੈਂ ਬਹੁਤ ਖੁਸ਼
ਸੀ।ਵਰ੍ਹਿਆਂ ਦੀ ਉਡੀਕ ਨੂੰ ਬੂਰ ਪੈਣ ਜਾ ਰਿਹਾ ਸੀ।ਪੂਰੇ ਤੇਰ੍ਹਾਂ ਸਾਲ ਤੋਂ ਇਸ ਘੜੀ ਨੂੰ
ਉਡੀਕ ਰਿਹਾ ਸੀ।
ਮੈਂ ਅਪਣੇ ਅਪਾਰਟਮੈਂਟ ਵਿੱਚ ਹੀ ਸੀ ਜਦੋਂ ਇੰਮੀਗ੍ਰੇਸ਼ਨ ਵਾਲ਼ਿਆਂ ਨੇ ਕਾਲ ਕਰਕੇ ਓਥ
ਸੈਰਾਮਨੀ ਲਈ ਸੋਮਵਾਰ ਦਾ ਸਮਾਂ ਦਿੱਤਾ ਸੀ।ਪੇਪਰ ਵਰਕ ਤਾਂ ਸਾਰਾ ਫਨਿਸ਼ ਹੋ ਗਿਆ ਸੀ ਬੱਸ
ਸੌਂਹ ਖਾਣ ਵਾਲ਼ੀ ਫੌਰਮੈਲਿਟੀ ਬਾਕੀ ਸੀ।ਵੀਕਐਂਡ ਹੋਣ ਕਾਰਨ ਮੈਂ ਤੇ ਮੇਰੇ ਨਾਲ਼ ਕੰਮ ਕਰਨ
ਵਾਲ਼ੇ ਗੋਰੇ ਛੁੱਟੀ ‘ਤੇ ਸੀ।ਵਾਧੂ ਡਾਲਰ ਮਿਲ਼ਦੇ ਹੋਣ ਕਰਕੇ ਬਹੁਤੇ ਪੰਜਾਬੀ ਵੀਕ-ਐਂਡ ‘ਤੇ
ਕੰਮ ਨਹੀਂ ਛੱਡਦੇ।ਪਿੱਛੇ ਪਿੰਡ ਭਾਵੇਂ ਕੋਈ ਪੈਸਾ ਭੇਜਣ ਭਾਵੇਂ ਨਾ, ਪਰ ਕਮਾਈ ਖਾਤਰ
ਪ੍ਰਦੇਸੀ ਹੋਣ ਦਾ ਅਹਿਸਾਸ ਉਹਨਾ ਅੰਦਰ ਧੁਰ ਤੱਕ ਵੱਸਿਆ ਹੋਇਆ। ਦੂਜਿਆਂ ਦੇ ਵੱਡੇ ਘਰ
ਦੇਖ-ਦੇਖ ਦਿਨ-ਰਾਤ ਸ਼ਿਫਟਾਂ ਲਾਈ ਜਾਂਦੇ ਨੇ।ਪਰ ਮੇਰੇ ਲਈ ਇਹ ਗੱਲਾਂ ਕੋਈ ਮਾਇਨੇ ਨਹੀਂ
ਰੱਖਦੀਆਂ।ਆਪਾ ਕਦੇ ਓਵਰ ਟਾਈਮ ਪਿੱਛੇ ਨਹੀਂ ਭੱਜੇ, ਕਦੇ ਡਾਲਰਾਂ ਦੀ ਪੰਡ ਭਰਨ ਲਈ ਉਨੀਂਦਰਾ
ਨੀ ਕੱਟਿਆ।ਇੱਥੇ ਕਈਆਂ ਦੇ ਘਰ ਦੀਆ ਕਿਸ਼ਤਾਂ ਉਤਾਰਦਿਆਂ ਦੇ ਸਾਰੇ ਵਾਲ਼ ਚਿੱਟੇ ਹੋ ਜਾਂਦੇ
ਨੇ।ਜਦ ਘਰ ਫ੍ਰੀ ਹੁੰਦਾ ਬੱਚੇ ਕਹਿ ਦਿੰਦੇ ਨੇ ‘ਵੀ ਡੌਂਟ ਲਾਈਕ ਦਿਸ ਓਲਡ ਹੋਮ‘।ਹੌਲ਼ੀ ਹੌਲ਼ੀ
ਘਰ ਦੇ ਨਾਲ਼ ਬੱਚੇ ਓਲਡ ਮੰਮੀ ਡੈਡੀ ਨੂੰ ਵੀ ਡਿਸਲਾਈਕ ਕਰਨ ਲੱਗ ਜਾਂਦੇ ਨੇ।ਕੀ ਫਾਇਦਾ ਔਖੇ
ਹੋਕੇ ਪੈਸੇ ਜੋੜਿਆਂ ਦਾ।ਗੋਰਿਆ ਨੂੰ ਮੌਜ ਆ। ਨਾ ਘਰ ਖ੍ਰੀਦਕੇ ਕਿਸ਼ਤਾਂ ਦੇ ਚੱਕਰ ‘ਚ ਫਸਦੇ
ਨੇ ਨਾ ਇੰਡੀਅਨਾ ਵਾਂਗ ਬੱਚਿਆਂ ਨੂੰ ਸਾਰੀ ਉਮਰ ਨਾਲ਼ ਘੜ੍ਹੀਸੀ ਫਿਰਦੇ ਨੇ।
”ਟੋਨੀ ਤੂੰ ਕਿਉਂ ਅਪਾਰਟਮੈਂਟਾਂ ‘ਚ ਭਟਕਦਾ ਫਿਰਦਾਂ।ਅਪਣਾ ਘਰ ਖ੍ਰੀਦ ਲੈ।ਜੇ ਤੂੰ ਤੇ ਮੈਰੀ
ਓਵਰ ਟਾਈਮ ਲਾਵੋ, ਪੰਜ ਚਾਰ ਸਾਲਾ ‘ਚ ਘਰ ਫ੍ਰੀ ਹੋਜੂ”।
ਮੇਰੇ ਨਾਲ਼ ਕੰਮ ਕਰਦੇ ਸਮੇਂ ਇੱਕ ਦਿਨ ਕਾਮਰੇਡ ਨੇ ਮੈਨੂੰ ਕਿਹਾ ਸੀ।
”ਤੁਸੀਂ ਲੋਕ ਸਵਰਗ ‘ਚ ਆ‘ਗੇ ਪਰ ਮੁੜ੍ਹਕਾ ਥੋਡਾ ਹਾਲੇ ਵੀ ਨਹੀਂ ਸੁੱਕਦਾ।ਕਿਉਂ ਡਾਲਰਾਂ
ਪਿੱਛੇ ਕਮਲ਼ੇ ਹੋਏ ਓਂ।ਤੁਸੀਂ ਮੁੱਕ ਜਾਣਾ ਕਮਾਉਂਦਿਆਂ ਨੇ, ਪਰ ਡਾਲਰਾਂ ਦੀ ਤਮ੍ਹਾਂ ਨੀ
ਮੁੱਕਣੀ।ਅੰਗਰੇਜ ਬਣੋ ਅੰਗਰੇਜ!ਬੀ ਐਨ ਇੰਗਲਿਸ਼ ਮੈਨ ਬਡੀ”।
ਕਿਸ਼ਤਾਂ ਉੱਪਰ ਵੱਡਾ ਸਾਰਾ ਘਰ ਖ੍ਰੀਦੀ ਬੈਠੇ ਕਾਮਰੇਡ ਦੇ ਮੇਰੀ ਗੱਲ ਹਜ਼ਮ ਨਹੀਂ ਹੋਈ ਸੀ ।
ਕਾਮਰੇਡ ਨੂੰ ਉਹਦੀ ਵੱਡੀ ਭੈਣ ਨੇ ਫੈਮਲੀ ਬੇਸ ਉੱਤੇ ਅਮਰੀਕਾ ਸੱਦਿਆ ਸੀ।ਸੱਤ ਸਾਲ ਬਾਅਦ
ਕਾਮਰੇਡ ਦਾ ਅਮਰੀਕਾ ਦਾ ਨੰਬਰ ਲੱਗਿਆ।ਸੱਤ ਸਾਲ ਅਮਰੀਕਾ ਦੀ ਝਾਕ ਵਿੱਚ ਪੰਜਾਬ ਬੈਠੇ
ਕਾਮਰੇਡ ਨੇ ਕੋਈ ਕੰਮ ਧੰਦਾ ਨਹੀਂ ਕੀਤਾ।ਅਮਰੀਕਾ ਦੇ ਕਾਨੂੰਨ ਮੁਤਾਬਕ ਪੜ੍ਹਾਈ ਰੈਗੂਲਰ
ਰੱਖਣ ਲਈ ਹਰੇਕ ਸਾਲ ਕਿਸੇ ਨਾ ਕਿਸੇ ਐਮ.ਏ ਵਿੱਚ ਅਡਮੀਸ਼ਨ ਲਈ ਰੱਖੀ ਤੇ ਕਾਲਜੀ ਕਾਮਰੇਡੀ
ਕਰਦਾ ਆਖਰਕਾਰ ਅਮਰੀਕਾ ਪਹੁੰਚ ਗਿਆ।
ਸਾਬੀ ਦੇ ਅਪਾਰਟਮੈਂਟ ਵਿੱਚ ਹੀ ਮੈਂ ਕਾਮਰੇਡ ਨੂੰ ਪਹਿਲੀ ਵਾਰ ਮਿਲ਼ਿਆ ਸੀ।ਕਾਮਰੇਡ ਨਾਲ਼ ਜਾਣ
ਪਹਿਚਾਣ ਕਰਾਉਂਦਿਆ ਸਾਬੀ ਬੋਲਿਆ ਸੀ।
”ਮੀਟ ਮਿਸਟਰ ਕੌਮਰੇਡ, ਤਿਆਰੀ ਤਾਂ ਇਹਨੇ ਰੂਸ ਦੀ ਖਿੱਚੀ ਸੀ।ਏਜੰਟ ਧੋਖਾ ਕਰ ਗਿਆ ਵਿਚਾਰੇ
ਨਾਲ਼।ਅਮਰੀਕਾ ਲਿਆਕੇ ਫਸਾਤਾ ਇਹਨੂੰ”।
”ਸਾਬੀ ਨੂੰ ਤਾਂ ਮਖੌਲ ਕਰਨ ਦੀ ਆਦਤ ਆ।ਮੇਰਾ ਨਾਮ ਕਰਮਜੀਤ ਸਿੰਘ ਆ।ਮੈਨੂੰ ਆਰਥਿਕ ਨਾ
ਬਰਾਬਰੀ ਪਸੰਦ ਨਹੀ।ਇੱਕ ਦਿਨ ਮੈਂ ਸਾਬੀ ਨਾਲ਼ ਗੱਲ ਕਰ ਬੈਠਿਆ,ਹੁਣ ਇਹ ਮੈਨੂੰ ਮਖੌਲ ਕਰੀ
ਜਾਂਦਾ”।
ਕਾਮਰੇਡ ਕੱਚਾ ਜਿਹਾ ਹੋਕੇ ਮਿਲ਼ਦਿਆ ਬੋਲਿਆ ਸੀ।
ਪੱਕਾ ਹੋਕੇ, ਪੇਪਰ ਨਾ ਹੋਣ ਕਾਰਨ ਹੁੰਦੇ ਛੋਟੇ ਪਣ ਦੇ ਅਹਿਸਾਸ ਤੋਂ ਮਿਲ਼ੀ ਮੁਕਤੀ ਦਾ ਵੀ
ਅਪਣਾ ਹੀ ਸਵਾਦ ਆ।ਮੇਰੇ ਵਰਗੇ ਇਲੀਗਲ ਨੂੰ ਸਾਡੇ ਲੀਗਲ ਪੰਜਾਬੀ ਭਰਾ ਅਪਣੇ ਘਰ ਤਾਂ ਕੀ ਕੰਮ
ਤੇ ਵੀ ਵਾੜਨ ਤੋਂ ਗੁਰੇਜ ਕਰਦੇ ਨੇ।ਜੇ ਕਿਸੇ ਨੇ ਕੰਮ ਦੇ ਵੀ ਦਿੱਤਾ ਤਾਂ ਵੱਧ ਤੋਂ ਵੱਧ
ਕੰਮ ਅਤੇ ਘੱਟ ਤੋਂ ਘੱਟ ਪੈਸੇ ਦੇਕੇ ਲਹੂ ਨਿਚੋੜਨ ਤੱਕ ਜਾਂਦੇ ਨੇ।ਹਾਲੇ ਗੋਰੇ ਅਪਣੇ
ਬੰਦਿਆਂ ਨਾਲੋਂ ਠੀਕ ਨੇ,ਦਿਹਾੜੀ ਵੀ ਪੂਰੀ ਦਿੰਦੇ ਨੇ ਤੇ ਕੰਮ ਵੀ ਪੂਰਾ ਲੈਂਦੇ ਨੇ।
ਕੰਮ ਤੋਂ ਤਾਂ ਮੈਂ ਕਦੇ ਪਿੰਡ ਵੀ ਨਹੀਂ ਭੱਜਿਆ ਸੀ।ਡੰਗਰਾਂ ਦਾ ਕੱਖ ਕੰਡਾ,ਖੇਤੀ,ਸਬਜੀ
ਭਾਜੀ ਇਹ ਸਾਰਾ ਕੰਮ ਮੈਂ ਪੜ੍ਹਾਈ ਦੇ ਨਾਲ਼ ਨਾਲ਼ ਕਰਦਾ ਰਿਹਾ।ਪਰ ਜੇ ਜੱਟ ਕੋਲ਼ ਚਾਰ ਸਿਆੜ
ਚੱਜ ਨਾਲ਼ ਨਾ ਹੋਣ ਤਾਂ ਉਹਦੀ ਤਾਂ ਜੂਨ ਖਰਾਬ ਆ।ਜੱਟਪੁਣੇ ਦਾ ਤਮਗਾ ਹਿੱਕ ਤੇ ਸਜਿਆ ਹੋਣ
ਕਰਕੇ ਨੌਕਰੀ ਲਈ ਸਰਕਾਰ ਕੋਈ ਰਿਜ਼ਰਵੇਸ਼ਨ ਨਹੀਂ ਦਿੰਦੀ ਤੇ ਦੋ ਚਾਰ ਕੀਲਿਆਂ ਦੀ ਵਾਹੀ ਆਲ਼ਾ
ਵਿਆਹ-ਸ਼ਾਦੀ ਤਾਂ ਕੀ ਅੱਜ ਕੱਲ੍ਹ ਬੁੜ੍ਹੇ ਦਾ ਹੰਗਾਮਾ ਨੀ ਕਰ ਸਕਦਾ।
ਉਸ ਦਿਨ ਇਮੀਗ੍ਰੇਸ਼ਨ ਦਫਤਰ ਵਿੱਚ ਮੇਰੀ ਗਿਆਰਾ ਵਜੇ ਦੀ ਅਪੁਆਇੰਟਮੈਂਟ ਸੀ।ਮੈਂ ਗਿਆਰਾਂ ਤੋਂ
ਕਾਫੀ ਚਿਰ ਪਹਿਲਾ ਹੀ ਤੁਰ ਪਿਆ ਸੀ।ਦੋ ਕੁ ਮੀਲ ਹੀ ਗਿਆ ਸੀ ਕਿ ਸੈੱਲ ਫੋਨ ਦੀ ਰਿੰਗ
ਵੱਜੀ।ਸਾਬੀ ਦੀ ਕਾਲ ਸੀ।
”ਟੋਨੀ!ਅੱਜ ਆਪਾਂ ਪਾਰਟੀ ਕਰਨੀ ਆ।ਤੇਰੇ ਵਾਪਸ ਆਉਂਦੇ ਨੂੰ ਮੈਂ ਤੇ ਮੈਰੀ ਥੋਡੇ ਅਪਾਰਟਮੈਂਟ
ਵਿੱਚ ਖਾਣ ਪੀਣ ਦਾ ਸਮਾਨ ਤਿਆਰ ਰੱਖਾਂਗੇ।ਨਾਲ਼ੇ ਕਾਮਰੇਡ ਨੂੰ ਵੀ ਫੋਨ ਖੜਕਾ ਦਈਂ।ਅੱਜ ਆਪਾਂ
ਫੁੱਲ ਇੰਜੁਆਏ ਕਰਨਾ”।
ਸਾਬੀ ਨੇ ਇਕੋ ਸਾਹ ਸ਼ਾਮ ਦੇ ਪ੍ਰੋਗਰਾਮ ਬਾਰੇ ਦੱਸਕੇ ਫੋਨ ਕੱਟ ਦਿੱਤਾ ਸੀ।
ਸਾਬੀ ਨੇ ਹੀ ਮੈਨੂੰ ਇਥੇ ਅਮਰੀਕਾ ਵਿੱਚ ਸਾਂਭਿਆ ਸੀ।
ਛੇ ਸੱਤ ਮਹੀਨੇ ਗੁਆਟੇਮਾਲਾ ਤੇ ਮੈਕਸੀਕੋ ਵਿੱਚ ਰੁਲ਼ਕੇ ਮੈਂ ਅਮਰੀਕਾ ਪਹੁੰਚਿਆ ਸੀ।ਦੂਰ ਦਾ
ਇੱਕ ਰਿਸ਼ਤੇਦਾਰ ਨਿਊ ਜਰਸੀ ਵਿੱਚ ਰਹਿੰਦਾ ਸੀ ਜਿਸ ਕੋਲ਼ ਮੈਂ ਪਹੁੰਚਣਾ ਸੀ ਪਰ ਉਹ ਦੂਰ ਦਾ
ਹੀ ਨਿਕਲ਼ਿਆ ਸੀ।ਜਰਸੀ ਵਿੱਚ ਇਧਰ-ਓਧਰ ਭਟਕਣ ਤੋਂ ਬਾਅਦ ਮੈਂ ਇੱਕ ਦਿਨ ਕੌਰਬਨ ਐਵੇਨਿਊ ਦੇ
‘ਨਾਨਕ ਨਾਮ ਜਹਾਜ ਹੈ‘ ਗੁਰੂਦੁਆਰਾ ਸਾਹਿਬ ਵਿੱਚ ਬੈਠਾ ਸੀ।ਵੀਕ-ਐਂਡ ਹੋਣ ਕਾਰਨ ਵਾਹ-ਵਾਹ
ਸੰਗਤ ਜੁੜੀ ਹੋਈ ਸੀ।ਐਨੇ ਕੁੜਤੇ ਪੰਜਾਮਿਆ ਵਾਲ਼ਿਆਂ ਨੂੰ ਦੇਖ ਕੇ ਮੈਨੂੰ ਹੌਸਲਾ ਹੋ ਗਿਆ
ਸੀ।ਮੈਨੂੰ ਲੱਗਿਆ ਸੀ ਬਈ ਵਾਹਿਗੁਰੂ ਮੇਰਾ ਬੇੜਾ ਵੀ ਕਿਸੇ ਹੀਲੇ ਪਾਰ ਲਾਊ।ਦੁਪਿਹਰ ਤੱਕ ਕਈ
ਬੰਦਿਆਂ ਨਾਲ਼ ਗੱਲ ਕਰ ਚੁੱਕਿਆ ਸੀ।ਪਰ ਇਲੀਗਲ ਨੂੰ ਕੰਮ ਦੇਕੇ ਕੋਈ ਅਪਣੇ ਲਈ ਮੁਸੀਬਤ ਨਹੀਂ
ਸਹੇੜਨੀ ਚਾਹੁੰਦਾ ਸੀ।ਜਿਵੇਂ ਜਿਵੇਂ ਦਿਨ ਢਲ਼ ਰਿਹਾ ਸੀ ਮੇਰੀ ਨਿਰਾਸ਼ਤਾ ਵਧ ਰਹੀ ਸੀ।ਉਸੇ
ਸਮੇਂ ਇੱਕ ਵੱਡੀ ਸਾਰੀ ਗੱਡੀ, ਡਉਂ ਡਉਂ ਦੀ ਉਚੀ ਅਵਾਜ ਵਿੱਚ ਵੱਜਦੇ ਗੀਤਾਂ ਨਾਲ਼
ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆਕੇ ਰੁਕੀ ਸੀ।ਟਾਕੀ ਖੁੱਲ੍ਹਣ ਤੇ ਡਉਂ ਡਉਂ ਦੀ
ਅਵਾਜ ਹੋਰ ਉੱਚੀ ਹੋ ਗਈ ਸੀ।ਗੋਰੇ ਨਿਸ਼ੋਹ ਰੰਗ ਦਾ, ਪਤਲਾ ਜਿਹਾ ਮੁੰਡਾ ਛਾਲ਼ ਮਾਰ ਕੇ ਕਾਰ
ਵਿੱਚੋਂ ਨਿੱਕਲ਼ਿਆ।ਬਾਂਹ ਉੱਤੇ ਟੈਟੂ,ਰੰਗੇ ਹੋਏ ਵਾਲ਼ ਤੇ ਗਲ਼ ਵਿੱਚ ਵੱਡਾ ਸਾਰਾ ਸੋਨੇ ਦਾ
ਖੰਡਾ ਝੂਲ ਰਿਹਾ ਸੀ।ਜਿੰਨ੍ਹੀ ਤੇਜੀ ਨਾਲ਼ ਉਸਦੀ ਕਾਰ ਆਈ ਸੀ ਉਹਨੀ ਹੀ ਤੇਜੀ ਨਾਲ਼ ਉਹ
ਗੁਰੂਦੁਆਰੇ ਅੰਦਰੋਂ ਮੱਥਾ ਟੇਕ ਕੇ ਵਾਪਸ ਆ ਗਿਆ ਸੀ।ਉਹਨੂੰ ਦੇਖ ਕੇ ਮੈਂ ਇਹ ਸੋਚ ਰਿਹਾ ਸੀ
ਬਈ ਜਦ ਪੱਗਾਂ ਵਾਲ਼ਿਆ ਨੇ ਬਾਤ ਨਹੀਂ ਪੁੱਛੀ ਇਹ ਤਾਂ ਫੇਰ ਅੱਧਾ ਅੰਗਰੇਜ ਆ।ਮੈਨੂੰ ਭਮੱਤਰੇ
ਜਿਹੇ ਨੂੰ ਬੈਠਾ ਦੇਖ ਉਹ ਆਪ ਹੀ ਮੇਰੇ ਕੋਲ਼ ਆਕੇ ਬੋਲਿਆ ਸੀ।
”ਵੈਲਕਮ ਇਨ ਅਮੈਰਕਾ, ਮੈਨ”
ਉਸਦੀ ਤੇਜੀ ਨਾਲ਼ ਬੋਲੀ ਅੰਗਰੇਜੀ ਦਾ ਮੈਨੂੰ ਕੁੱਝ ਪਤਾ ਨਹੀ ਸੀ ਲੱਗਿਆ ਤੇ ਮੇਰੇ ਕੁਝ ਬੋਲਣ
ਤੋਂ ਪਹਿਲਾ ਹੀ ਉਹ ਅਪਣੀ ਕਾਰ ਕੋਲ਼ ਚਲਿਆ ਗਿਆ ਸੀ ਅਤੇ ਅੰਦਰ ਬੈਠੇ ਮੁੰਡੇ ਨਾਲ ਕੋਈ ਗੱਲ
ਕਰਕੇ, ਮੁੜ ਮੇਰੇ ਕੋਲ਼ ਆਉਂਦਿਆਂ ਬੋਲਿਆ ਸੀ।
”ਮਾਈਸੈਲਫ ਸਾਬੀ।ਮੈਨੂੰ ਪਤਾ ਤੂੰ ਇਲੀਗਲ ਆਂ।ਮੇਰਾ ਫਰੈਂਡ ਰੌਜਰ ਕਾਰ ‘ਚ ਬੈਠਾ।ਉਹ ਤੈਨੂੰ
ਇੱਕ ਸਸਤਾ ਰੂਮ ਦਿਵਾ ਸਕਦਾ ਵਾ ਜੇ ਤੂੰ ਕਹੇ”।
ਮੇਰੇ ਕੁਝ ਬੋਲਣ ਤੋਂ ਪਹਿਲਾ ਹੀ ਉਹ ਫਿਰ ਬੋਲਿਆ ਸੀ।
”ਤੇਰਾ ਫੇਸ ਹੀ ਸਾਰੀ ਕਹਾਣੀ ਦੱਸਦਾ ਵਾ।ਕਿਸੇ ਨੇ ਲੈਣ ਆਉਣਾ ਹੋਊ,ਪਰ ਹੁਣ ਤੇਰਾ ਫੋਨ ਨਹੀਂ
ਚੱਕ ਰਿਹਾ ਹੋਣਾ3ਐਂਡ ਸੋ ਔਨ3।ਕਿਸੇ ਨੇ ਨੀ ਆਉਣਾ ਤੈਨੂੰ ਲੈਣ ਆਸਤੇ।ਇੱਥੇ ਡਾਲਰ ਦਾ ਰਾਜ
ਚੱਲਦਾ ਵਾ ਤੇ ਡਾਲਰ ਕਿਸੇ ਨੂੰ ਇੱਕ ਇੰਚ ਨੀਂ ਹਿੱਲਣ ਦਿੰਦਾ”।
ਮੈਂ ਸਾਬੀ ਨਾਲ਼ ਚਲਿਆ ਗਿਆ ਸੀ।ਸਾਬੀ ਦੀ ਦਿਆਲਤਾ ਉੱਤੇ ਮੈਨੂੰ ਹੈਰਾਨੀ ਹੋਈ ਸੀ।ਕਿਵੇਂ ਇੱਕ
ਬੇਗਾਨੇ ਦੇਸ਼ ਵਿੱਚ ਇੱਕ ਓਪਰਾ ਬੰਦਾ ਮੇਰੀ ਮਦਦ ਕਰ ਰਿਹਾ ਸੀ। ਇਹ ਭੇਦ ਤਾਂ ਬਾਅਦ ਵਿੱਚ
ਜਾਕੇ ਖੁੱਲਿਆ ਕਿ ਸਾਬੀ ਨੇ ਮੈਨੂੰ ਹੋਟਲ ਵਿੱਚ ਛੱਡਕੇ ਕੋਈ ਪੁੰਨ ਨਹੀਂ ਕੀਤਾ ਸਗੋਂ ਅਪਣਾ
ਕਮਸ਼ਿਨ ਖਰਾ ਕੀਤਾ ਸੀ।
”ਤੂੰ ਯਾਰ ਚੰਗਾ ਬੰਦਾਂ, ਹੋਟਲ ਆਲ਼ਿਆਂ ਤੋਂ ਪੈਸੇ ਲੈ ਗਿਆ।ਐਧਰ ਮੈਂ ਊਈਂ ਤੇਰੇ ਅਹਿਸਾਨ
ਥੱਲੇ ਦੱਬਿਆ ਪਿਆਂ”।
ਕਈ ਦਿਨ ਬਾਅਦ ਜਦੋਂ ਉਹ ਮਿਲ਼ਿਆ ਤਾਂ ਮੈਂ ਉਸਨੂੰ ਪੁੱਛਿਆ ਸੀ।
”ਬੀ ਪ੍ਰੈਕਟੀਕਲ ਮੈਨ,ਜਦ ਤੈਨੂੰ ਤੇਰੇ ਰਿਸ਼ਤੇਦਾਰ ਨੇ ਤਾਂ ਸਾਂਭਿਆ ਨੀ।ਮੇਰੇ ਵਰਗਿਆਂ ਤੋਂ
ਫਰੀ ‘ਚ ਭਲਾ ਚਾਹੁਨਾ ਵਾ”।ਸਾਬੀ ਬੋਲਿਆ ਸੀ।
ਸਾਬੀ ਨੇ ਹੀ ਕਹਿ ਕਹਾ ਕੇ ਇੱਕ ਪੰਪ ਉੱਤੇ ਮੈਨੂੰ ਕੰਮ ਦਵਾਇਆ ਸੀ।ਹੌਲ਼ੀ ਹੌਲ਼ੀ ਸਾਡੀ ਦੋਸਤੀ
ਗੂੜ੍ਹੀ ਹੋ ਗਈ।ਸਾਬੀ ਬਚਪਨ ਵਿੱਚ ਹੀ ਅਪਣੇ ਮਾਂ ਬਾਪ ਨਾਲ਼ ਅਮਰੀਕਾ ਆ ਗਿਆ
ਸੀ।ਕੰਮਾਂ-ਕਾਰਾਂ ਵਿੱਚ ਫਸੇ ਮਾਂ ਬਾਪ ਉਹਨੂੰ ਪੰਜਾਬ ਨਾਲ਼ ਨਹੀਂ ਜੋੜ ਸਕੇ।ਦਿਨ ਰਾਤ ਕੰਮ
ਦੀਆਂ ਸ਼ਿਫਟਾਂ ਲਾਉਂਦੇ ਮਾਪਿਆਂ ਦੀ ਗੈਰਹਾਜ਼ਰੀ ਵਿੱਚ ਪਲ਼ਿਆ ਸਾਬੀ ਅਮੈਰਕਨ ਬਣ ਗਿਆ।ਅਮੈਰਕਨ
ਲਾਈਫ ਸਟਾਈਲ ਵਿੱਚ ‘ਖਾਓ ਪੀਓ ਐਸ਼ ਕਰੋ‘ ਦੀ ਥਿਊਰੀ ਉੱਤੇ ਚੱਲ ਪਿਆ।
ਸਾਬੀ ਦੇ ਸਾਥ ਵਿੱਚ ਮੈਨੂੰ ਅਮਰੀਕਾ ਦੀ ਲਾਈਫ ਰਾਸ ਆ ਗਈ ਸੀ।ਪੂਰਾ ਵੀਕ ਕੰਮ ਤੇ ਵੀਕ-ਐਂਡ
‘ਤੇ ਇਨਜੁਆਏ ਕਰਨ ਵਾਲੀ ਥਿਊਰੀ ਮੈਨੂੰ ਵੀ ਜਚ ਗਈ।ਜਦ ਸਾਰੀਆ ਸਹੂਲਤਾਂ ਸਰਕਾਰ ਦਿੰਦੀ
ਆ।ਬੁੜੇ ਹੋਇਆਂ ਨੂੰ ਪੈਨਸ਼ਨ ਲੱਗ ਜਾਂਦੀ ਆ,ਘਰ ਮਿਲ਼ ਜਾਂਦਾ, ਫੇਰ ਕਿਉਂ ਸਾਰੀ ਉਮਰ ਧੰਦ
ਪਿੱਟਣਾ।ਸਾਬੀ ਦੇ ‘ਬੀ ਪ੍ਰੈਕਟੀਕਲ‘ ਵਾਲ਼ੇ ਤਕੀਆ ਕਲਾਮ ਵਿਚ ਥੋੜ੍ਹੀ ਜਿਹੀ ਤਬਦੀਲੀ ਕਰਕੇ
ਮੈਂ ਅਪਣਾ ‘ਬੀ ਐਨ ਇੰਗਲਿਸ਼ ਮੈਨ ਬਡੀ‘ ਵਾਲ਼ਾ ਮੰਤਰ ਜਪਣ ਲੱਗ ਗਿਆ।
ਜਦੋਂ ਮੈਂ ਪੰਜਾਬ ਤੋਂ ਆਇਆ ਸੀ ਤਾਂ ਪਿੰਡ ਸੁੱਖਸਾਂਦ ਪੁੱਛਣ ਲਈ ਚਿੱਠੀ ਹੀ ਇੱਕ ਜ਼ਰੀਆ
ਸੀ।ਪੂਰੇ ਪਿੰਡ ਵਿੱਚ ਕਿਸੇ ਦੇ ਘਰ ਟੈਲੀਫੋਨ ਨਹੀਂ ਸੀ ।ਪਿੰਡ ਦੀ ਕੋਆਪਰੇਟਿਵ ਸੋਸਾਇਟੀ
ਵਿੱਚ ਲੱਗਿਆ ਫੋਨ ਹੀ ਪੂਰੇ ਪਿੰਡ ਦਾ ਕੰਮ ਸਾਰਦਾ।ਜਿਹੜਾ ਵੀ ਫੋਨ ਚੱਕਦਾ ਘਰੋਂ ਕਿਸੇ ਨੂੰ
ਬੁਲਾ ਕੇ ਲਿਆਉਣ ਤੱਕ ਅੱਧੇ ਪੌਣੇ ਘੰਟੇ ਤੱਕ ਦੁਬਾਰਾ ਫੋਨ ਕਰਨ ਲਈ ਕਹਿੰਦਾ।ਫੋਨ ‘ਤੇ ਪਿੰਡ
ਗੱਲ ਕਰਨ ਲਈ ਅੱਧੀ ਦਿਹਾੜੀ ਦੀ ਬਲੀ ਦੇਣੀ ਪੈਂਦੀ।ਉਸ ਸਾਰੀ ਖੱਜਲ਼ ਖੁਆਰੀ ਤੋਂ ਬਚਣ ਲਈ ਮੈਂ
ਅਪਣੇ ਆਪ ਨੂੰ ਕਿਹਾ-
”ਬੀ ਐਨ ਇੰਗਲਿਸ਼ ਮੈਨ ਬਡੀ।ਨੋ ਨਿਊਜ਼ ਇਜ਼ ਗੁੱਡ ਨਿਊਜ਼”।
ਛੇ ਸੱਤ ਸਾਲ ਪਹਿਲਾਂ ਪਿੰਡ ਸਾਡੇ ਘਰ ਫੋਨ ਲੱਗਣ ਤੋਂ ਬਾਅਦ ਹੀ ਇਸ ਸਮੱਸਿਆ ਦਾ ਹੱਲ
ਹੋਇਆ।ਬੇਬੇ ਬਾਪੂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ।ਉਨ੍ਹਾਂ ਨੂੰ ਕੀ ਪਤਾ ਬਈ ਸਾਡੇ
ਐਧਰ ਅਮਰੀਕਾ ‘ਚ ਤਾਂ ਸੌ ਸਾਲ ਹੋਗੇ ਘਰ ਘਰ ਟੈਲੀਫੋਨ ਲੱਗਿਆਂ ਨੂੰ।ਜਿਹੜੀ ਗੱਲ ਇੰਡੀਆ ਅੱਜ
ਸੋਚਦਾ ਅਮਰੀਕਾ ਨੇ ਉਹ ਗੱਲ ਸੌ ਸਾਲ ਪਹਿਲਾਂ ਦੀ ਸੋਚੀ ਹੋਈ ਆ। ਅਮਰੀਕਾ ਤਾਂ ਸੱਚੀਂ ਸਵਰਗ
ਆ ਸਵਰਗ।
ਸਵਰਗ ‘ਚ ਪੱਕਾ ਹੋਣ ਦੀ ਸਕੀਮ ਵੀ ਸਾਬੀ ਨੇ ਹੀ ਲੜਾਈ ਸੀ।ਸਾਬੀ ਨੇ ਅਪਣੀ ਜਾਣ ਪਛਾਣ ਵਿਚ
ਕਈ ਗੋਰੀਆਂ ਨਾਲ਼ ਗੱਲ ਕੀਤੀ।ਉਹਨਾ ਵਿੱਚੋਂ ਮੈਰੀ ਮੇਰੇ ਨਾਲ਼ ਕਾਗਜੀ ਵਿਆਹ ਕਰਾਉਣ ਲਈ ਰਾਜੀ
ਹੋ ਗਈ ਸੀ।
”ਹੁਣ ਤੁਸੀਂ ਇੱਕ ਸਾਲ ਇੱਕੱਠੇ ਰਹਿਣਾ ਅਤੇ ਸ਼ੋਸ਼ਲੀ ਹਸਬੈਂਡ-ਵਾਈਫ ਦੀ ਤਰ੍ਹਾ ਵਿਹੇਵ
ਕਰਨਾ।ਇਮੀਗ੍ਰੇਸ਼ਨ ਵਾਲ਼ਿਆ ਨੂੰ ਕੋਈ ਸ਼ੱਕ ਨਾ ਹੋ ਜਾਵੇ”।
ਮੇਰੇ ਵਕੀਲ ਐਮ.ਐਸ ਰੰਧਾਵਾ ਨੇ ਕੋਰਟ ਮੈਰਿਜ ਤੋਂ ਬਾਅਦ ਅਪਣੇ ਦਫਤਰ ਵਿੱਚ ਬੈਠਿਆਂ, ਮੈਰੀ
ਨੂੰ ਪੈਸਿਆਂ ਦੀ ਪਹਿਲੀ ਕਿਸ਼ਤ ਦਿੰਦਿਆਂ ਕਿਹਾ ਸੀ।
ਮੈਰੀ ਨੇ ਦੂਜੀ ਕਿਸ਼ਤ ਕਾਗਜ਼-ਪੱਤਰ ਜਮ੍ਹਾਂ ਕਰਵਾਉਣ ਵੇਲ਼ੇ ਅਤੇ ਤੀਜੀ ਕਿਸ਼ਤ ਤਲਾਕ ਵੇਲ਼ੇ
ਲੈਣੀ ਸੀ।
”ਇਹਨਾ ਦੇ ਸਿਗਰਟ,ਸ਼ਰਾਬ ਦੇ ਖਰਚੇ ਈ ਮਾਨ ਨੀ ਹੁੰਦੇ ਨੇ।ਔਖਾ ਸੌਖਾ ਹੋਕੇ ਟਾਈਮ ਪਾਸ ਕਰ
ਲੀਂ”।
ਮੈਰੀ ਵੱਲ ਟੇਢੀ ਜਿਹੀ ਅੱਖ ਨਾਲ਼ ਝਾਕ ਕੇ ਕਹੇ ਐਮ.ਐਸ ਰੰਧਾਵਾ ਦੇ ਬੋਲਾਂ ਨੇ ਮੈਨੂੰ ਡਰਾ
ਦਿੱਤਾ ਸੀ।
ਪਰ ਮੈਰੀ ਹੋਰਨਾ ਅੰਗਰੇਜ ਕੁੜੀਆਂ ਜਿਹੀ ਨਹੀਂ ਨਿਕਲ਼ੀ ਸੀ।ਉਹਦੇ ਟਾਈਮ ਤੇ ਘਰ ਆਉਣ ਤੇ ਸ਼ਰਾਬ
ਨੂੰ ਹੱਥ ਤੱਕ ਨਾ ਲਾਉਣ ਕਾਰਨ ਮੈਨੂੰ ਉਹ ਚੰਗੀ ਲੱਗਣ ਲੱਗ ਗਈ।ਕਈ ਮਹੀਨੇ ਇਕੱਠੇ ਰਹਿਣ ਤੋਂ
ਬਾਅਦ ਸਾਨੂੰ ਇੱਕ ਦੂਜੇ ਦੀ ਆਦਤ ਜਿਹੀ ਪੈ ਗਈ।ਆਖਰਕਾਰ ਮੈਂ ਤੇ ਮੈਰੀ ਨੇ ਸਾਰੀ ਉਮਰ
ਇੱਕੱਠੇ ਰਹਿਣ ਦਾ ਫੈਸਲਾ ਕਰ ਲਿਆ।ਮੇਰੇ ਨਾਲ਼ ਕੰਮ ਕਰਦੇ ਕਈ ਮੁੰਡਿਆ ਨੇ ਮੈਨੂੰ ਮੈਰੀ ਨਾਲ਼
ਪੱਕੇ ਤੌਰ ਤੇ ਅਪਣਾ ਘਰ ਵਸਾਉਣ ਤੋਂ ਰੋਕਿਆ ਵੀ।ਪਰ ਮੈਂ ਅਪਣੇ ਆਪ ਨੂੰ ਕਿਹਾ ਸੀ।
”ਬੀ ਐਨ ਇੰਗਲਿਸ਼ ਮੈਨ ਬਡੀ ”।
ਵਿਆਹ ਤੋਂ ਬਾਅਦ ਜਦੋਂ ਮੈਂ ਅਪਣੇ ਪੇਪਰ ਇਮੀਗ੍ਰੇਸ਼ਨ ਵਾਲ਼ਿਆਂ ਕੋਲ਼ ਜਮ੍ਹਾ ਕਰਵਾਏ ਤਾਂ ਉਸ
ਸਮੇਂ ਮੇਰੇ ਨਾਮ ਨਾਲ਼ ਮਿਲ਼ਦੇ ਨਾਮ ਵਾਲ਼ੇ, ਖਾਲਿਸਤਾਨ ਟਾਸਕ ਫੋਰਸ ਦੇ ਤਰਨਵੀਰ ਸਿੰਘ ਗਿੱਲ
ਨਾਮਕ ਇੱਕ ਸਰਗਰਮ ਮੈਂਬਰ ਦਾ ਨਾਮ ਇਮੀਗ੍ਰੇਸ਼ਨ ਵਾਲ਼ਿਆਂ ਦੀ ਬਲੈਕ ਲਿਸਟ ਵਿੱਚ ਸੀ।ਬਸ ਫੇਰ
ਚੱਲ ਸੋ ਚੱਲ। ਤੇਰਾਂ ਸਾਲ ਲੱਗ ਗਏ ਮੈਨੂੰ ਇਮੀਗ੍ਰੇਸ਼ਨ ਵਾਲ਼ਿਆਂ ਨੂੰ ਇਹ ਯਕੀਨ ਦਵਾਉਣ ਲਈ
ਕਿ ਮੈਂ ਕਿਸੇ ਜੱਥੇਬੰਦੀ ਦਾ ਮੈਂਬਰ ਨਹੀਂ।ਸਮੇਂ ਦੇ ਨਾਲ਼ ਮੈਂ ਤਰਨਵੀਰ ਤੋਂ ਟੋਨੀ ਬਣ ਗਿਆ
ਨਾਲ਼ੇ ਟੋਨੀ ਨਾਮ ਮੈਰੀ ਨੂੰ ਵੀ ਬਹੁਤ ਪਸੰਦ ਆ।
ਪੇਪਰ ਨਾ ਹੋਣ ਕਰਕੇ ਇੰਡੀਆ ਗੇੜਾ ਨਹੀਂ ਮਾਰ ਸਕਿਆ।ਮੈਰੀ ਦੇ ਪਿਆਰ ਤੇ ਸਾਬੀ ਦੀ ਦੋਸਤੀ ‘ਚ
ਐਨੇ ਵਰ੍ਹੇ ਲੰਘਦਿਆਂ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ।ਕਦੇ ਕਦੇ ਪਿੰਡ ਨੂੰ ਯਾਦ ਕਰਕੇ
ਬਹੁਤ ਹੌਲ ਪੈਂਦਾ।ਪਰ ਪਿੰਡ ਹੈ ਵੀ ਕੀ ਜਿਹਦੇ ਕਰਕੇ333।
ਐਥੇ ਅਮਰੀਕਾ ਵਿੱਚ ਸਰਕਾਰ ਸਾਰੇ ਕੰਮ ਲੋਕਾਂ ਨੂੰ ਧਿਆਨ ਵਿੱਚ ਰੱਖਕੇ ਕਰਦੀ ਆ।ਪਰ ਇੰਡੀਆ
ਵਿੱਚ ਤਾਂ ਬੰਦੇ ਦੀ ਕੋਈ ਲਾਈਫ ਨੀ।ਇੱਕ ਦਿਨ ਇੱਕ ਨਿਊਜ਼ ਚੈਨਲ ਉੱਪਰ ਮੀਂਹ ਦੇ ਦਿਨਾਂ
ਦੌਰਾਨ ਦਿੱਲੀ ਦੀਆਂ ਸੜ੍ਹਕਾਂ ਉੱਪਰ ਚਲਦੀਆਂ ਕਿਸ਼ਤੀਆਂ ਦਿਖਾਈਆਂ ਜਾ ਰਹੀਆਂ ਸੀ।ਪਰ ਸਾਡੇ
ਐਥੇ ਅਮਰੀਕਾ ਵਿੱਚ ਜਿੰਨਾ ਮਰਜੀ ਮੀਂਹ ਪੈ ਜਾਵੇ ਇੱਕ ਬੂੰਦ ਪਾਣੀ ਦੀ ਨਹੀਂ ਖੜ੍ਹਦੀ।ਨਾਲ਼
ਦੀ ਨਾਲ਼ ਸੜ੍ਹਕਾਂ ਸੁੱਕੀਆਂ ਤੇ ਟੋਨੀ ਹੋਰਾਂ ਦੀ ਕਾਰ ਗੋਲ਼ੀ ਵਾਂਗ ਚੱਲਦੀ ਆ।
ਚਾਰ ਪੰਜ ਸਾਲ ਪਹਿਲਾਂ ਇੱਕ ਦਿਨ ਬਾਪੂ ਨੇ ਫੋਨ ਤੇ ਬਹੁਤ ਹੁੱਬ ਕੇ ਦੱਸਿਆ ਸੀ।
”ਅਪਣੇ ਹੁਣ ਚੌਵੀ ਘੰਟੇ ਆਲੀ ਤਾਰ ਪੈਗੀ।ਘਰਾਂ ਆਲ਼ੀ ਲੈਟ ਮੋਟਰਾਂ ਤੋਂ ਅੱਡ ਕਰਤੀ।ਹੁਣ ਨੀ
ਅਪਣੇ ਪਿੰਡ ਲੈਟ ਭੱਜਿਆ ਕਰਨੀ”।
ਉਹਨੂੰ ਨਹੀ ਪਤਾ ਬਈ ਅਮਰੀਕਾ ਵਿੱਚ ਜੰਮਿਆਂ ਬਹੁਤਿਆਂ ਨੇ ਅਪਣੀ ਪੂਰੀ ਜਿੰਦਗੀ ਵਿੱਚ ਕਦੇ
ਲਾਈਟ ਕੱਟ ਹੋਈ ਨਹੀਂ ਦੇਖੀ।ਜੇ ਕਦੇ ਪੰਜ ਚਾਰ ਮਿੰਟ ਲਾਈਟ ਭੱਜਣੀ ਵੀ ਹੋਵੇ ਤਾਂ ਸਰਕਾਰ ਕਈ
ਦਿਨ ਪਹਿਲਾ ਹੀ ਲੋਕਾਂ ਨੂੰ ਦੱਸ ਦਿੰਦੀ ਬਈ ਕਿਹੜੇ ਦਿਨ ਕਿੰਨੇ ਵਜੇ ਕੱਟ ਲੱਗਣਾ।
ਬੇਬੇ ਬਾਪੂ ਨੇ, ਉਹਨਾ ਨੂੰ ਤਾਂ ਮੈਂ ਇੱਥੇ ਹੀ ਸੱਦ ਲੈਣਾ ਅਮਰੀਕਾ,ਆਉਦਿਆਂ ਨੂੰ ਪੈਨਸ਼ਨ
ਲੱਗ ਜਾਊ, ਮੌਜਾਂ ਕਰਨਗੇ।ਨਾਲ਼ੇ ਇੱਥੇ ਡਾਕਟਰੀ ਸਹੂਲਤ ਵੀ ਬਹੁਤ ਆ।ਬੇਬੇ ਦੀ ਖੰਘ ਦਾ ਪੱਕਾ
ਇਲਾਜ ਹੋਜੂ।
”ਹੇ ਵੇਅਰ ਆਰ ਯੂ ਮੈਨ? ਪਹੁੰਚ ਗਿਆ”?
ਸਾਬੀ ਨੇ ਮੈਨੂੰ ਦੁਬਾਰਾ ਫੋਨ ਕਰਕੇ ਪੁੱਛਿਆ ਸੀ।
”ਤੂੰ ਤਾਂ ਨਹੀ ਕੀਤਾ ਮੈਂ ਕਾਮਰੇਡ ਨੂੰ ਫੋਨ ਕਰਤਾ ਵਾ।ਉਹਨੂੰ ਕੰਮ ਤੋਂ ਚੱਕ ਲਿਆਈ ਤੂੰ
ਆਉਂਦਾ ਹੋਇਆ।ਅੱਜ ਤੇਰੇ ਕਰਕੇ ਉਹਨੇ ਅੱਧੀ ਦਿਹਾੜੀ ਛੱਡੀ ਵਾ”।
‘ਅੱਧੀ ਦਿਹਾੜੀ ਛੱਡੀ ਆ‘ ੳੱਪਰ ਜੋਰ ਦੇਕੇ ਸਾਬੀ ਹਸ ਪਿਆ ਸੀ।ਸਾਬੀ ਤੇ ਮੈਨੂੰ ਪਤਾ ਜਿਸ
ਦਿਨ ਕਾਮਰੇਡ ਤੋਂ ਓਵਰ ਟਾਈਮ ਨਾ ਲਾ ਹੋਵੇ ਉਹਦੀ ਜਾਨ ਨਿੱਕਲ਼ ਜਾਂਦੀ ਆ।ਘਰ ਦੀਆ ਕਿਸ਼ਤਾਂ,
ਕਾਰ ਦੀ ਅਤੇ ਉਹਦੀ ਆਪਦੀ ਮੈਡੀਕਲ ਇੰਸ਼ੋਰੈਸ ਵਗੈਰਾ ਕਰਕੇ ਕਾਮਰੇਡ ਦਾ ਚੌਵੀ ਘੰਟੇ
ਚਰਕਚੂੰਡਾ ਬਣਿਆ ਰਹਿੰਦਾ ਏ।ਇਹਨਾ ਝਮੇਲਿਆਂ ਕਰਕੇ ਹੀ ਮੈਂ ਨਵੀਂ ਕਾਰ ਖਰੀਦਣ ਦੇ ਹੱਕ ‘ਚ
ਨੀ।ਕਾਰ ਦੀ ਕੀਮਤ ਤੋਂ ਵੱਧ ਤਾਂ ਇੰਸ਼ੋਰੈਨਸ ਵਾਲ਼ੇ ਲੈ ਜਾਂਦੇ ਨੇ।
ਜਿਵੇਂ ਜਿਵੇਂ ਇੰਮੀਗ੍ਰੇਸ਼ਨ ਦਫਤਰ ਨੇੜੇ ਆ ਰਿਹਾ ਸੀ ਮੈਨੂੰ ਅਚਵੀ ਜਿਹੀ ਲੱਗ ਰਹੀ ਸੀ।ਮਨ
ਖੁਸ਼ ਸੀ ।ਦਿਲ ਘਬਰਾ ਰਿਹਾ ਸੀ।ਇਮੀਗ੍ਰੇਸ਼ਨ ਦਫਤਰ ਪਹੁੰਚ ਕੇ ਰਿਸੈਪਸ਼ਨ ਉੱਤੇ ਬੈਠੀ ਗੋਰੀ
ਨੂੰ ਅਪਣੇ ਪੇਪਰ ਦਿਖਾਏ, ਖਾਲੀ ਕੁਰਸੀਆਂ ਵੱਲ ਹੱਥ ਕਰ, ਮੁਸਕਰਾਕੇ ‘ਪਲੀਜ਼ ਵੇਟ‘ ਕਹਿੰਦੀ
ਉਹ ਮੈਨੂੰ ਬਾਹਲ਼ੀ ਸੋਹਣੀ ਲੱਗੀ।
”ਇਹਨੂੰ ਵੀ ਪਤਾ ਬਈ ਅਗਲਾ ਅਮਰੀਕਾ ਦਾ ਸਿਟੀਜਨ ਹੋਣ ਆਲ਼ਾ।ਤਾਂ ਹੀ ਹਸ ਹਸ ਕੇ ਪਲੀਜ਼ ਕਹਿੰਦੀ
ਆ”।
ਅਪਣੇ ਆਪ ਨੂੰ ਕਹਿ ਮੈਂ ਗੱਦੇਦਾਰ ਕੁਰਸੀ ਉੱਤੇ ਬੈਠ ਉਡੀਕਣ ਲੱਗਿਆ।ਹੌਲ਼ੀ ਹੌਲ਼ੀ
ਅਫਰੀਕਨ,ਯੌਰਪੀਅਨ ਅਤੇ ਏਸ਼ੀਅਨਾ ਦੀ ਖਾਸੀ ਭੀੜ ਵੇਟਿੰਗ ਰੂਮ ਅੰਦਰ ਜੁੜ ਗਈ ਸੀ।ਅਨਾਉਂਸਰ ਦੇ
ਕਹਿਣ ਤੇ ਸਾਰੇ ਜਣੇ ਹਾਲ ਵਿੱਚ ਲੱਗੀਆਂ ਕੁਰਸੀਆਂ ‘ਤੇ ਬੈਠ ਗਏ।
”ਆਰ ਯੂ ਰੈਡੀ ਟੂ ਬੀ ਐਨ ਅਮੈਰਕਨ”?
ਗੋਰੀ ਅਫਸਰ ਦੇ ਕਹੇ ਸ਼ਬਦ ਸਪੀਕਰ ਤੇ ਸੁਣ ਸਾਰੇ ਹਾਲ ਵਿੱਚ ‘ਯਾ-ਯਾ‘ ਦੀ ਅਵਾਜ ਗੂੰਜ ਉੱਠੀ
ਸੀ।
”ਅਸੀਂ ਤਾਂ ਕਦੋਂ ਦੇ ਅਮੈਰਕਨ ਬਣੀ ਬੈਠੇ ਆਂ,ਤੁਸੀਂ ਮੰਨੋਂ ਤਾਂ ਹੀ ਆ”।
ਮੈਂ ਬੁੜ ਬੁੜਾਇਆ ਸੀ।
ਸੱਜਾ ਹੱਥ ਹਵਾ ਵਿੱਚ ਲਹਿਰਾ, ਸਾਰੇ ਨਵੇਂ ਅਮਰੀਕਨ ਉਸ ਗੋਰੀ ਦੇ ਕਹੇ ਸ਼ਬਦਾਂ ਨੂੰ ਉਹਦੇ
ਪਿੱਛੇ ਪਿੱਛੇ ਦੁਹਰਾਉਂਦੇ ਗਏ।ਆਖਰੀ ਲਾਈਨ ਬੋਲਣ ਤੋਂ ਬਾਅਦ ਸਾਰਾ ਹਾਲ ਤਾੜੀਆਂ ਦੀ ਅਵਾਜ
ਨਾਲ਼ ਗੂੰਜ ਉੱਠਿਆ ਸੀ।
ਸੈਰਾਮਨੀ ਤੋਂ ਫ੍ਰੀ ਹੋਕੇ ਮੈ ਕਾਮਰੇਡ ਨੂੰ ਪਿੱਕ ਕਰਨ ਲਈ ਚੱਲ ਪਿਆ ਸੀ।
”ਕੰਮਆਨ, ਸਿਟ ਬਡੀ,ਵੀ ਆਰ ਗੈਟਿੰਗ ਲੇਟ”।
ਕਾਮਰੇਡ ਦੇ ਕੁਝ ਬੋਲਣ ਤੋਂ ਪਹਿਲਾ ਹੀ ਮੈਂ ਬੋਲ ਪਿਆ ਸੀ।ਮੈਨੂੰ ਪਤਾ ਸੀ ਕਿ ਮੈਂ ਹੌਲੀ
ਡਰਾਈਵ ਕਰਨ ਕਰਕੇ ਥੋੜ੍ਹਾ ਲੇਟ ਹੋ ਗਿਆ ਸੀ।
”ਐਨਾ ਟਾਈਮ ਕਿੱਥੇ ਲਾਤਾ? ਸਾਬੀ ਘੰਟੇ ਦਾ ਉਡੀਕਦਾ ਆਪਾਂ ਨੂੰ।ਖਿੱਚਦੇ ਗੱਡੀ ਹੁਣ”।
ਕਾਮਰੇਡ ਅਪਣੇ ਪੈਰ ਇਸ ਤਰ੍ਹਾਂ ਥੱਲੇ ਮਾਰਕੇ ਬੋਲ ਰਿਹਾ ਸੀ ਜਿਵੇ ਐਕਸੀਲੇਟਰ ਉਹਦੇ ਪੈਰ
ਥੱਲੇ ਹੋਵੇ।
”ਹੁਣ ਤਾਂ ਪਹੁੰਚਣ ਵਾਲ਼ੇ ਹੀ ਆਂ।ਕਾਹਲ਼ੀ ਨੀ ਕਰੀ ਦੀ, ਅਰਾਮ ਨਾਲ਼ ਚੱਲੀ ਦਾ।ਐਵੇ ਤਾਂ ਨੀ
ਕਿਸੇ ਸਿਆਣੇ ਨੇ ਕਿਹਾ ‘ਸਲੋ ਐਂਡ ਸਟੱਡੀ ਵਿਨਜ਼ ਦੀ ਰੇਸ‘।ਬੀ ਐਨ ਇੰਗਲਿਸ਼ ਮੈਨ ਬਡੀ”।
ਅਪਣੀ ਗਲਤੀ ਮੰਨਣ ਦੀ ਥਾਂ ਮੈਂ ਅਪਣੀ ਇੰਗਲਿਸ਼ ਥਿਊਰੀ ਨਾਲ ਕਾਮਰੇਡ ਨੂੰ ਖਿਝਾਉਣਾ ਚਾਹੁੰਦਾ
ਸੀ।
”ਵਿਹਲਾ ਖੜ੍ਹਾ ਕੀ ਕਰਦਾ ਸੀ।ਐਨਾ ਚਿਰ ਚਾਰ ਮਜਦੂਰ ਸਾਥੀ ਕੱਠੇ ਕਰਕੇ ਭਾਸ਼ਨ ਹੀ ਦੇ
ਦਿੰਦਾ”।
ਕਾਮਰੇਡ ਦੀ ਹਰ ਗੱਲ ਉਪਰ ਭਾਸ਼ਨ ਦੇਣ ਦੀ ਆਦਤ ਦਾ ਮਜਾਕ ਉਡਾਉਂਦਿਆ ਮੈਂ ਉਸਨੂੰ ਕਿਹਾ
ਸੀ।ਕਾਮਰੇਡ ਹਰ ਗੱਲ ਨੂੰ ਘੁਮਾ ਫਿਰਾ ਕੇ ਸ਼੍ਰੇਣੀ ਸ਼ੰਘਰਸ਼ ਨਾਲ਼ ਜੋੜ ਲੈਂਦਾ।ਮੇਰੇ ਨਾਲ਼ ਉਹਦੀ
ਅਕਸਰ ਬਹਿਸ ਹੁੰਦੀ ਰਹਿੰਦੀ।
ਇੱਕ ਦਿਨ ਮੈਂ ਅਤੇ ਕਾਮਰੇਡ ਇੱਕੱਠੇ ਸਟੋਰ ‘ਚ ਸ਼ਿਫਟ ਉੱਤੇ ਸੀ।ਸਟੋਰ ਉੱਤੇ ਕੁੱਝ ਖਰੀਦਣ ਆਏ
ਕਾਲੇ ਦੀ ਜੀਨ ਗੋਡਿਆਂ ਕੋਲ਼ੋ ਫੈਸ਼ਨ ਵਜੋਂ ਪਾਟੀ ਹੋਈ ਸੀ।ਕਾਮਰੇਡ ਉਹਦੀ ਪਾਟੀ ਹੋਈ ਪੈਂਟ
ਨੂੰ ਦੇਖ ਕੇ ਦੁਖੀ ਹੋਕੇ ਬੋਲਿਆ ਸੀ।
”ਮਜ਼ਦੂਰ ਦੀ ਹਾਲਤ ਸਾਰੀ ਦੁਨੀਆ ਵਿੱਚ ਇਕੋ ਜਿਹੀ ਹੀ ਆ”।
ਮੇਥੋਂ ਵੀ ਬੋਲੇ ਬਿਨਾ ਰਿਹਾ ਨਹੀ ਸੀ ਗਿਆ।ਮੈਂ ਕਾਮਰੇਡ ਨੂੰ ਖਿਝਾਉਣ ਲਈ ਬੋਲਿਆ ਸੀ।
”ਕਾਮਰੇਡ ਜੀ ਜ਼ਰਾ ਮਜ਼ਦੂਰ ਸਾਥੀ ਦੀ ਗੱਡੀ ਵੀ ਦੇਖ ਲੈਂਦੇ।ਐਡੀ ਗੱਡੀ ਮਜਦੂਰ ਨੂੰ ਕਿਸੇ
ਸਮਾਜਵਾਦੀ ਮੁਲਕ ਨੇ ਨਹੀਂ ਲੈ ਕੇ ਦੇਣੀ”।
ਇੱਕ ਲੰਬੇ ਸ਼ੋਸ਼ਿਤ,ਸ਼ੋਸ਼ਣ,ਵਰਗ,ਕਿਰਤੀ,ਲੁੱਟ ਵਰਗੇ ਭਾਰੇ ਸ਼ਬਦਾਂ ਵਾਲ਼ੇ ਭਾਸ਼ਨ ਤੋਂ ਬਾਅਦ ਮੇਰਾ
ਖਹਿੜਾ ਛੁੱਟਿਆ ਸੀ।
ਜਦ ਕਾਮਰੇਡ ਅਤੇ ਮੈਂ ਮੇਰੇ ਅਪਾਰਟਮੈਂਟ ਵਿੱਚ ਪੁਹੁੰਚੇ ਤਾਂ ਮੈਰੀ ਅਤੇ ਸਾਬੀ ਖਾਣ ਪੀਣ ਦਾ
ਸਮਾਨ ਤਿਆਰ ਕਰਕੇ ਬੈਠੇ ਸਾਨੂੰ ਉਡੀਕ ਰਹੇ ਸੀ।ਅਪਾਰਟਮੈਂਟ ਵਿੱਚ ਵੜਦੀ ਸਾਰ ਮੈਰੀ ਨੇ
ਮੈਨੂੰ ਜੱਫੀ ਵਿੱਚ ਲੈ ਲਿਆ ਸੀ।
”ਕੰਮ ਆਨ ਟੇਕ ਇੱਟ”।
ਸਾਬੀ ਨੇ ਪੈੱਗ ਪਾਉਂਦਿਆਂ, ਕਾਮਰੇਡ ਅਤੇ ਮੈਨੂੰ ਪੈੱਗ ਚੱਕਣ ਦਾ ਇਸ਼ਾਰਾ ਕਰਦੇ ਹੋਏ ਕਿਹਾ
ਸੀ।
ਉਸ ਦਿਨ ਮੈਨੂੰ ਅਪਣਾ ਆਪ ਪਹਿਲਾਂ ਨਾਲ਼ੋਂ ਵੀ ਜਿਆਦਾ ਅੰਗਰੇਜ ਹੋ ਗਿਆ ਲੱਗਿਆ।ਕਾਹਲੀ ਕਾਹਲੀ
ਮੈਂ ਕਈ ਪੈੱਗ ਅੰਦਰ ਸੁੱਟ ਲਏ।ਮੈਰੀ ਸਾਡੇ ਕੋਲ਼ ਬੈਠੀ ਸੌਫਟ ਡਰਿੰਕ ਨਾਲ਼ ਸਾਨੂੰ ਕੰਪਨੀ ਦੇ
ਰਹੀ ਸੀ।ਮੈਂ ਸਰੂਰ ਵਿੱਚ ਆਏ ਹੋਏ ਨੇ ਚਾਂਗਰ ਮਾਰੀ।ਇੱਕ ਹੋਰ ਪੈੱਗ ਪਾ ਮੈਂ ਇੱਕੋ ਸਾਹ
ਖਿੱਚ ਗਿਆ।ਮੇਰੀ ਅਵਾਜ ਥਥਲਾਉਣ ਲੱਗ ਗਈ ਸੀ।
”ਅੱਜ ਤੋਂ ਥੋਡਾ ਵੀਰ ਪੱਕਾ ਅੰਗਰੇਜ ਆ, ਲੀਗਲ਼ੀ ਇੰਗਲਿਸ਼ਮੈਨ ਬਡੀ”।
ਖਾਲੀ ਹੱਥ ਹਵਾ ‘ਚ ਘੁੰਮਾਉਂਦਾ ਹੋਇਆ ਮੈਂ ਬਾਰ-ਬਾਰ ਕਹਿ ਰਿਹਾ ਸੀ।
”ਟੋਨੀ! ਵੱਟ ਵਾਜ਼ ਦੀ ਵਰਡਿੰਗ ਔਫ ਓਥ ਸੈਰਾਮਨੀ”?
ਖਾਣ ਪੀਣ ਦਾ ਸਮਾਨ ਸਰਵ ਕਰਦੇ ਹੋਏ ਮੈਰੀ ਨੇ ਮੈਥੋਂ ਪੁੱਛਿਆ ਸੀ।
”ਵਰਡਿੰਗ!ਯਾਅਅ।ਵਰਡਿੰਗ ਕੀ ਬਸ ਉਹ ਨੱਕ ਚੜ੍ਹੂ ਜਿਹੀ ਬੋਲੀ ਗਈ।ਹੋਰਾਂ ਵਾਂਗੂ ਮੈਂ ਉਹਦੇ
ਪਿੱਛੇ ਪਿੱਛੇ ਬੋਲੀ ਗਿਆ”।
ਮੈਰੀ ਹੋਰਾਂ ਨੂੰ ਦੱਸਦਾ ਦੱਸਦਾ ਮੈਂ ਚੁੱਪ ਹੋ ਗਿਆ ਸੀ।ਇਮੀਗ੍ਰੇਸ਼ਨ ਦਫਤਰ ਵਿੱਚਲੀ ਉਸ
ਗੋਰੀ ਦਾ ਹੰਕਾਰੀ ਜਿਹਾ ਚਿਹਰਾ ਮੇਰੀਆਂ ਅੱਖਾਂ ਮੂਹਰੇ ਆ ਗਿਆ ਸੀ।ਉਹਦੀਆਂ ਬਰੀਕ ਅੱਖਾਂ
ਅਤੇ ਪਤਲੇ ਬੁੱਲ੍ਹਾਂ ਨੂੰ ਟੇਢਾ ਜਿਹਾ ਕਰਕੇ ਪੈਦਾ ਕੀਤੀ ਹੋਈ ਮਾਣ ਭਰੀ ਮੁਸਕਰਾਹਟ ਤੋਂ
ਮੈਨੂੰ ਲੱਗਿਆ ਸੀ ਜਿਵੇਂ ਉਹ ਮੈਨੂੰ ਦਾਨ ਵਿੱਚ ਕੁਝ ਦੇ ਰਹੀ ਹੋਵੇ।ਫਿਰ ਉਹਨੇ ਬੋਲਣਾ ਸ਼ੁਰੂ
ਕੀਤਾ ਸੀ।ਮੈਂ ਉਸ ਗੋਰੀ ਦੇ ਕਹੇ ਸ਼ਬਦਾਂ ਨੂੰ ਉਹਦੇ ਪਿੱਛੇ ਦੁਹਰਾ ਰਿਹਾ ਸੀ।
”ਦੱਸ ਤਾਂ ਸਹੀ।ਕੀ ਕਹਾਇਆ ਵਾ”।
ਸਾਬੀ ਦੀ ਅਵਾਜ ਨੇ ਮੇਰੀ ਸੁਰਤ ਮੋੜ ਲਿਆਂਦੀ ਸੀ।ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿੱਕਲਣ
ਲੱਗ ਗਿਆ ਸੀ।ਜੈੱਲ ਨਾਲ਼ ਖੜ੍ਹੇ ਕੀਤੇ ਵਾਲ਼ਾਂ ਵਿੱਚੋਂ ਦੀ ਹੁੰਦਾ ਪਸੀਨਾ ਮੇਰੀਆ ਭਿੱਫਣਾ
ਤੱਕ ਪਹੁੰਚ ਗਿਆ।ਮੱਥੇ ਉੱਤੇ ਆਈ ਗਰਮੀ ਨੂੰ ਨੈਪਕਿਨ ਨਾਲ਼ ਪੂੰਝਦਿਆ ਮੈਂ ਬੋਲਿਆ ਸੀ।
”ਕਹਾਉਣਾ ਕੀ ਆ ਆਹੀ ਬਈ ਮੈਂ ਚੰਗਾ ਨਾਗਰਿਕ ਬਣਕੇ ਰਹੂੰ,ਅਮਰੀਕਾ ਦੇ ਸੰਵਿਧਾਨ ਵਿੱਚ
ਵਿਸ਼ਵਾਸ਼ ਰੱਖੂੰ ਅਤੇ ਲੋੜ ਪੈਣ ‘ਤੇ ਅਮਰੀਕਾ ਦੀ ਰੱਖਿਆ ਲਈ ਹਥਿਆਰ3333”।
ਥਥਲਾਉਂਦੀ ਅਵਾਜ ਵਿੱਚ ਬੋਲਦਾ ਬੋਲਦਾ ਮੈਂ ਰੁਕ ਗਿਆ ਸੀ।ਹੱਥ ਵਿਚਲਾ ਪੈੱਗ ਲਾਕੇ,
ਲੜਖੜਾਉਂਦਾ ਹੋਇਆ,ਅਸਮਾਨ ਛੂੰਹਦੀਆ ਇਮਾਰਤਾਂ ਵੱਲ ਖੁੱਲਦੀ, ਅਪਾਰਟਮੈਂਟ ਦੀ ਬਾਲਕੋਨੀ ਵਿੱਚ
ਖੜ੍ਹੇ ਸਾਬੀ ਦੇ ਮੋਢੇ ਉੱਤੇ ਹੱਥ ਰੱਖ ਬੋਲਿਆ ਸੀ।
”ਸਾਲ਼ੇ ਹੋਏ ਨੇ ਸੋਂਹ ਦੇ।ਨਾ ਸਿਰ ਢਕਾਇਆ, ਨਾ ਜੁੱਤੀ ਖਲ੍ਹਾਈ, ਨਾ ਗੁੱਟਕੇ ਉੱਤੇ ਹੱਥ
ਧਰਾਇਆ।ਅਖੇ ਲੋੜ ਪੈਣ ਤੇ ਹਥਿਆਰ33।ਆਹੋ ਚੱਕਾਂਗੇ ਹਥਿਆਰ ਥੋਡੇ ਮੁਲਕ33”।
ਮੇਰੀ ਜ਼ੁਬਾਨ ਥਥਲਾਈ ਤੇ ਧਿਆਨ ਸਾਬੀ ਦੇ ਗਲ਼ ‘ਚ ਝੂਲਦੇ ਖੰਡੇ ‘ਚ ਜਾ ਅਟਕਿਆ।
”ਸੌਂਹ! ਹੂੰ !- ਖੰਡਾ ਮੇਰੀਆਂ ਬੰਦ ਹੁੰਦੀਆਂ ਜਾ ਰਹੀਆਂ ਅੱਖਾਂ ਅੱਗੇ ਝੂਲਿਆ।
”ਸੌਂਹਾਂ ਜਿੰਨੀਆਂ ਮਰਜੀਆਂ ਖਲ਼ਾਈ ਜਾਓ।ਖੰਡਾ ਤਾਂ ਜਦ ਲੋੜ ਪਈ, ਪੰਜਾਬ ਲਈਓ ਵਾਹਾਂਗੇ!”
ਫੋਨ 9464417200
-0-
|