ਕਈ ਚਿਰਾਂ ਦੀ ਗੱਲ ਐ,
ਉਦੋਂ ਜਵਾਨ ਹੁੰਦੇ ਸੀ । ਅਸੀਂ ਸੋਫਿਆਂ ਵਾਲੀ ਫੈਕਟਰੀ 'ਚ ਕੰਮ ਕਰਦੇ ਹੁੰਦੇ ਸੀ । ਸਾਡਾ
ਰੌਟੀਨ ਹੀ ਸੀ ਤਕਰੀਬਨ ਹਰ ਫਰਾਈਡੇਅ ਨੂੰ ਫੈਕਟਰੀ ਨੇੜਲੀ ਪੱਬ 'ਚੋਂ ਦੋ ਦੋ ਬੀਅਰਾਂ ਪੀਣ
ਬੈਠ ਜਾਣਾ । ਮੇਰੇ ਨਾਲ ਕੰਮ ਕਰਦਾ ਸੀ ਰੇਸ਼ਮ ਸੰਘੇੜਾ, ਮੇਰੇ ਕੋਲੇ ਕਾਰ ਨਹੀਂ ਸੀ ਉਦੋਂ
ਰੇਸ਼ਮ ਮੈਨੂੰ ਰਾਈਡ ਦਿੰਦਾ ਹੁੰਦਾ ਸੀ । ਇੱਕ ਵਾਰੀ ਅਸੀਂ ਪੱਬ 'ਚ ਬੈਠੇ ਬੀਅਰਾਂ ਪੀਅ
ਜਾਂਦੇ ਸੀ ਤਾਂ ਇੱਕ ਗੋਰਾ ਸ਼ਰਾਰਤ ਨਾਲ ਰੇਸ਼ਮ ਦੀ ਬੀਅਰ ਚੱਕਕੇ ਪੀਣ ਲੱਗ ਪਿਆ ਜਦੋਂ ਰੇਸ਼ਮ
ਨੇ ਵਿਰੋਧ ਕੀਤਾ ਤਾਂ ਗੋਰੇ ਨੇ ਓਸਦੇ ਘਸੁੰਨ ਮਾਰਿਆ ਤੇ ਰੇਸ਼ਮ ਹੋਰੀਂ ਦੋ ਟੇਬਲਾ ਤੋਂ ਪਾਰ
ਜਾ ਡਿੱਗੇ, ਮੁੜਕੇ ਉੱਠਿਆ ਈ ਨਹੀਂ ਓਥੇ ਈ ਛਾਪਲ ਗਿਆ । ਮੈਂਨੂੰ ਗੁੱਸਾ ਆਇਆ ਮੈਂ ਗੋਰੇ
ਨੂੰ ਪੈ ਗਿਆ, "ਖੜ੍ਹਜਾ ਤੇਰੇ ਵੱਡੇ ਗੋਰੇ ਦੀ ਦਿੱਤਾ…" ਓਸਨੇ ਮੇਰੇ ਵੀ ਠੋਕਿਆ ਘਸੁੰਨ ਤੇ
ਮੈਂਨੂੰ ਵੀ ਜੈਤੋ ਦਾ ਕਿਲਾ ਟਪਾਤਾ । ਡਿਗਦੇ ਦੇ ਮੇਰੇ ਟੇਬਲ ਦੀ ਕਾਰਨਰ ਖੱਬੀ ਅੱਖ ਦੇ
ਉਪਰਲੇ ਪਾਸੇ ਵੱਜੀ ਤੇ ਸੇਹਲੀ ਪਾਟਗੀ । ਮੈਂ ਫੇਰ ਉਸਨੂੰ ਮਾਰਨ ਨੂੰ ਅਹੁਲਿਆ ਉਸਨੇ ਫੇਰ
ਠੋਕੀ ਮੇਰੇ ਕੌਡੇ 'ਚ ਤੇ ਵਕੀਲ ਸਿਉਂ ਹੋਰੀਂ ਵੜੇਵਿਆਂ ਦੀ ਬੋਰੀ ਵਾਂਗੂੰ ਫੇਰ ਟੇਬਲਾਂ
ਥੱਲੇ ਜਾ ਡਿੱਗੇ । ਗੱਲ ਮੁਕਾਉ ਜੀ ਗੋਰੇ ਨੇ ਮਾਰ ਮਾਰ ਘਸੁੰਨ ਮੇਰੀ ਤਾਂ ਕਢ੍ਹਤੀ ਛਿੱਡੀ,
ਪਿਉ ਦੇ ਪੁੱਤ ਦਾ ਘਸੁੰਨ ਈ ਬਾਹਲਾ ਸ਼ਾਨਦਾਰ ਸੀ, ਓਸਨੇ ਤਾਂ ਪਾਤੀਆਂ ਖੁੱਤੀਆਂ, ਮੇਰੇ ਤਾਂ
ਮੂੰਹ ਦਾ ਵਗਾੜਤਾ ਜੁਗਰਾਫੀਆ, ਬੁਲ੍ਹ ਪਾਟ ਗਿਆ ਖੱਬੀ ਗਲ੍ਹ 'ਚੋਂ ਖੁਨ ਇਉਂ ਨਿਕਲੇ ਜਿਵੇਂ
ਬੰਬੀ 'ਚੋਂ ਪਾਣੀ ਨਿਕਲਦਾ ਹੁੰਦੈ, ਓਸਨੇ ਮੈਨੂੰ ਚੰਗਾ ਛੁਲਕਿਆ । ਖੈਰ ਤਿੰਨ ਚਾਰ ਘਸੁੰਨ
ਖਾਣ ਪਿੱਛੋਂ ਮੈਨੂੰ ਮੇਰੀ ਔਕਾਤ ਦਾ ਪਤਾ ਲੱਗ ਗਿਆ ਬਈ ਵਕੀਲ ਸਿਆਂ ਉਹ ਵੇਲੇ ਹੋਰ ਸੀ ਜਦੋਂ
ਫਰੀਦਕੋਟ 'ਆਲੇ' ਬਰਜਿੰਦਰਾ ਕਾਲਜ 'ਚ ਕਰਿਕੱਟ ਖੇਡਦਾ ਛਿੱਕਾ ਠੋਕ ਦਿੰਦਾ ਸੀ, ਪਤਾ ਉਦੋਂ
ਲਗਦੈ ਜਦੋਂ ਬਗਾਨੇ ਪੁੱਤਾਂ ਨਾਲ ਹੱਥ ਜੁੜਦੇ ਐ । ਪਰ ਗੋਰਿਆਂ ਦੀ ਇੱਕ ਸਿਫਤ ਐ ਬਈ ਡਿੱਗੇ
ਪਏ ਦੇ ਨੀ ਮਾਰਦੇ, ਜਦੋਂ ਮੈਂ ਡਿੱਗ ਪੈਣਾ ਤਾਂ ਉਸਨੇ ਕਹਿਣਾ, "Get up buddy" ਮੈਂ ਚਿੱਤ
ਜਾ ਕਰੜਾ ਕਰਕੇ ਕੀਤਾ ਕਲਗੀਆਂ ਵਾਲੇ ਨੂੰ ਯਾਦ ਸ਼ੂਟ ਵੱਟਕੇ ਗੋਰੇ ਵੱਲ ਭੱਜ ਤੁਰਿਆ । ਉਸਨੇ
ਸੋਚਿਆ ਕਿਤੇ ਮੈਂ ਵੀ ਮੁੱਕਾ ਮਾਰੂੰ ਤੇ ਉਹ ਬਰੂਸ-ਲੀਅ ਵਾਂਗੂੰ ਬਾਹਾਂ ਜੀਆਂ ਮਾਰ ਮਾਰ
ਫੁਕਾਰੇ ਜੇ ਮਾਰਨ ਲੱਗ ਪਿਆ । ਮੈਂ ਸਿੱਧਾ ਈ ਓਸਦੀ ਹਿੱਕ 'ਚ ਸਿਰ ਮਾਰਕੇ ਪੱਟਾਂ ਤੋਂ ਚੱਕ
ਲਿਆ ਡਿਗਦੇ ਦਾ ਪਹਿਲਾਂ ਤਾ ਸਿਰ ਵੱਜਿਆ ਟੇਬਲ ਦੀ ਨੁਕੱਰ ਤੇ ਫੇਰ ਫਰਸ਼ ਤੇ ਟੋਟਣ ਜਾ ਵੱਜੀ,
ਡਿੱਗੇ ਪਏ ਦੇ ਮੂੰਹ ਤੇ ਘਸੁੱਨ ਹੋਰ ਜੜਤਾ ਤਾਂ ਉਸਦੇ ਨਾਲ ਦੇ ਗੋਰਿਆਂ ਨੇ ਮੈਨੂੰ ਵਰਜਿਆ,
"" ਤੇ ਗੋਰਾ ਬੌਂਦਲਿਆ ਜਾ ਟੇਬਲ ਦਾ ਸਹਾਰਾ ਲੈਕੇ ਲੱਤਾਂ ਚੌੜੀਆਂ ਜੀਆਂ ਕਰਕੇ ਖੜ੍ਹ ਗਿਆ ।
ਮੇਰੇ ਸੇਫਟੀ ਸ਼ੂਅ ਪਾਏ ਹੋਏ ਸੀ ਮੈਂ ਓਸਦੀ ਵੱਖੀ 'ਚ ਕਿੱਕ ਮਾਰਨ ਲੱਗਿਆ ਸੀ ਪਰ ਵੱਜਗੀ
ਓਸਦੇ ਕਸੂਤੇ ਥਾਂ, ਗੋਰਾ ਚਾਕੂ ਵਾਂਗੂੰ ਕੱਠਾ ਜਾ ਹੋਕੇ ਡਿੱਗ ਪਿਆ ਨਾਲੇ ਹੱਥ ਜਿਹਾ ਚੱਕ
ਕੇ ਕਹਿੰਦਾ, ਮੈਂ ਕੋਲਦੇ ਟੇਬਲ ਤੇ ਬੈਠ ਕੇ ਦਮ ਜਿਹਾ ਮਾਰਨ ਲੱਗ ਪਿਆ ਤਾਂ ਇੱਕ ਗੋਰਾ
ਮੁੰਡਾ ਸਾਡੇ ਦੋਹਾਂ ਵਾਸਤੇ ਬੀਅਰਾਂ ਦੇ ਗਿਲਾਸ ਭਰਾ ਲਿਆਇਆ ਤੇ ਸਾਨੂੰ ਫੜਾ ਕੇ ਕਹਿੰਦਾ,
ਮੈਂ ਕਿਹਾ, “Yeah no grudge” ਤੇ ਬੀਅਰ ਮੁਕਾ ਕੇ ਮੈਂ ਆਵਦਾ ਹੁਲੀਆ ਜਾ ਠੀਕ ਕਰਨ ਮਾਰਾ
ਵਾਸ਼ਰੂਮ ‘ਚ ਚਲਾ ਗਿਆ । ਕੁਛ ਚਿਰ ਪਿੱਛੋਂ ਮੇਰੇ ਮਗਰੇ ਈ ਉਹ ਗੋਰਾ ਵੀ ਆ ਗਿਆ, ਮੈਂ ਸੋਚਿਆ
ਹੁਣ ਫੇਰ ਪੰਗਾ ਲਊ ਇਹ ਪਰ ਉਸਨੇ ਮੇਰੇ ਵੱਲ ਹੱਥ ਵਧਾਉਂਦਿਆਂ ਕਿਹਾ, "It was a good
fight bro, you won, hey but no cops eh"
"No cops" ਮੈਂ ਜਵਾਬ ਦਿੱਤਾ ਤੇ ਅਸੀਂ ਹੱਥ ਮਿਲਾ ਲਏ ।
ਰੇਸ਼ਮ ਸਿਉਂ ਮੈਨੂੰ ਛੱਡਕੇ ਪਤਾਨੀ ਕਿਹੜੇ ਵੇਲੇ ਓਥੋਂ ਖਿਸਕ ਗਿਆ । ਮੈਂ ਟੈਕਸੀ ਲੈਕੇ ਘਰੇ
ਜਾਂਦਾ ਰਿਹਾ । ਮੈਂ ਉਦੋਂ ਆਵਦੇ ਮਾਮੇ ਦੇ ਪੁੱਤ ਜਰਨੈਲ ਬਰਾੜ ਨਾਲ ਰਹਿੰਦਾ ਸੀ । ਜਦੋਂ
ਮੈਂ ਘਰੇ ਅਪੱੜਿਆ ਤਾਂ ਮੇਰਾ ਮੂੰਹ ਸਿਰ ਜਾ ਸੁੱਜਿਆ ਵੇਖਕੇ ਮੇਰੀ ਭਰਜਾਈ, ਬਾਈ ਜਰਨੈਲ ਦੀ
ਵਾਈਫ, ਘਬਰਾ ਗਈ ਤੇ ਬਾਈ ਨੂੰ ਕਹਿੰਦੀ, "ਆਹ ਵੇਖੋ ਕੀ ਹਾਲ ਬਣਾਕੇ ਲਿਆਇਐ, ਸਾਰਾ ਮੂੰਹ
ਸਿਰ ਭਨਾਈ ਫਿਰਦੈ, ਏਸਨੂੰ ਹੌਸਪੀਟੱਲ ਲਿਜਾਕੇ ਟਾਂਕੇ-ਟੂੰਕੇ ਲਵਾ ਲਿਆਉ, ਨਾਲੇ ਟੈਟਨੱਸ ਦਾ
ਟੀਕਾ ਵੀ” ....। ਭਾਬੀ ਜੀ ਮੈਨੂੰ ਦੋ ਤਿੰਨ ਦਿਨ ਦੁੱਧ 'ਚ ਹਲਦੀ ਘੋਲਕੇ ਪਿਆਉਂਦੇ ਰਹੇ,
ਤੇ ਨਾਲੇ ਮੈਨੂੰ ਸਮਝ੍ਹਾਇਆ ਕਰਨ, ਕੰਵਲਿਆ ਲਾਣਿਆ ਕਿਸੇ ਪਿੱਛੇ ਨੀ ਸਿੰਗ ਫਸਾਈਦੇ ਹੁੰਦੇ,
ਜੀਹਦੇ ਪਿੱਛੇ ਤੂੰ ਖੈਹਬੜ ਪਿਆ ਓਸ ਗੋਰੇ ਨਾਲ, ਕੀ ਨਾਂ ਦੱਸਿਆ ਸੀ ਜੀਹਦੇ ਪਿੱਛੇ ਤੂੰ
ਲੜਿਐਂ ?”
ਰੇਸ਼ਮ ਸੰਘ੍ਹੇੜਾ
ਹਾਅ ਉਹੀ ਸੰਘ੍ਹੇੜਾ ਸੰਘ੍ਹੂੜਾ ਜਾ, ਉਹ ਤਾਂ ਵੇਖਲਾ ਤੈਨੂੰ ਕੱਲੇ ਨੂੰ ਛੱਡਕੇ ਓਥੋਂ ਤਿਤੱਰ
ਹੋ ਗਿਆ, ਚਲੋ ਅਜੇ ਤਾਂ ਬਚਾ ਹੋ ਗਿਆ ਜੇ ਭਲਾਂ ਤੇਰੇ ਕਿਸੇ ਕਸੂਤੇ ਥਾਂ ਸੱਟ ਵੱਜ ਜਾਂਦੀ
ਤੇ ਬਾਹਲਾ ਨੁਕਸਾਨ ਹੋ ਜਾਂਦਾ ਤਾਂ ਅਸੀਂ ਭੂਆ ਜੀ ਤੇ ਫੁਫੱੜ ਜੀ ਨੂੰ ਕੀ ਮੂੰਹ ਵਿਖਾਂਉਂਦੇ
ਹੈਂਅ, ਉਹਨਾਂ ਨੇ ਕਹਿਣਾ ਸੀ ਬਈ ਇਹ ਤਾਂ ਸੀ ਜਿਹੋ ਜਾ ਸੀ ਤੁਸੀਂ ਦੋਹੇਂ ਸਿਆਣੇ ਬਿਆਣੇ
ਕੋਲੇ ਸੀ ਮੱਤ ਨੀ ਦਿੱਤੀ ਗਈ, ਬਈ ਲੜਾਈ-ਭੜ੍ਹਾਈ ‘ਚ ਕੁਸ ਨੀ ਪਿਆ, ਹੈਂਅ ਦੱਸ ਮੈਨੂੰ.
ਸੌਰੀ ਭਾਬੀ ਜੀ ਅੱਗੇ ਤੋਂ ਨੀ ਗਲਤੀ ਕਰਦਾ”
ਅੱਗੇ ਤੋਂ ਨੀ ਗਲਤੀ ਕਰਦਾ, ਲਿਆ ਤੇਰਾ ਬੂਥਾ ਹੁਣ ਮੈਂ ਭੰਨਾ ਵੱਡੇ ਰਾਬਨ ਹੁੱਡ ਦਾ” ਤੇ
ਓਸਨੇ ਮੇਰੇ ਦੋ ਕੁ ਮੋਢ੍ਹਿਆਂ ਤੇ ਜੜ ਵੀ ਦਿੱਤੀਆਂ । ਉਸ ਦੀਆਂ ਵੱਜੀਆਂ ਦਾ ਮੈਨੂੰ ਕੋਈ
ਗਿਲਾ ਨੀ ਸੀ ਮੇਰੀ ਮਾਂ ਵਰਗੀ ਵੱਡੀ ਭਰਜਾਈ ਸੀ ਗੁੱਸਾ ਕਾਸਦਾ ?
ਤੀਜੇ ਕੁ ਦਿਨ ਮੈਂ ਕੰਮ ਤੇ ਗਿਆ ਤਾਂ ਮੇਰੇ ਜਾਣ ਤੋਂ ਪਹਿਲਾ ਈ ਫੈਕਟਰੀ 'ਚ ਸਾਰਿਆਂ ਨੂੰ
ਰੇਸ਼ਮ ਨੇ ਇਹ ਦੱਸਿਆ ਹੋਇਆ ਕਿ ਪਹਿਲਾਂ ਮੈਂ ਈ ਗੋਰੇ ਦੇ ਗਲ ਪਿਆ । ਜਦੋਂ ਮੈਂ ਅਸਲੀਅਤ
ਦੱਸੀ ਤਾਂ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਦਾ । ਸਾਡੇ ਸੁਪਰਵਾਈਜਰ ਨੇ ਵੀ ਰੇਸ਼ਮ ਨੂੰ
ਛਿੱਟ ਦਿੱਤੀ । ਜਦੋਂ ਲੰਚ ਟਾਈਮ ਅਸੀਂ ਲੰਚ ਕਰਨ ਲੱਗੇ ਤਾਂ ਸਾਡੇ ਨਾਲ 3-4 ਆਪਣੀਆਂ
ਕੁੜੀਆਂ ਵੀ ਕੰਮ ਕਰਦੀਆਂ ਸੀ ਉਹਨਾਂ 'ਚੋਂ ਇੱਕ ਗੁਰਮੀਤ ਸੰਧੂ ਰੇਸ਼ਮ ਨੂੰ ਕਹਿੰਦੀ,
"ਸ਼ਾਵਾਸ਼ੇ ਵੀਰ ਜੀ ਥੋਡੇ ਵਕੀਲ ਵੀਰ ਜੀ ਨੂੰ ਫਸਾਕੇ ਆਪ ਭੱਜਗੇ, ਸ਼ਰਮ ਆਉਣੀ ਚਾਹੀਦੀ ਐ
ਥੋਨੂੰ" ਤੇ ਰੇਸ਼ਮ ਸਿਉਂ ਮੈਨੂੰ ਸੰਬੋਧਨ ਹੋ ਕੇ ਬੋੱਲਿਆ, “ਭਾਅ ਜੀ ਇਹ ਕਨੇਡਾ, ਐ ਕਨੇਡਾ
ਏਥੇ ਨੀ ਕਿਸੇ ਨਾਲ ਲੜਨਾ ਚਾਹੀਦ"
ਉਸ ਭਲੇਮਾਣਸ ਦਾ ਜਵਾਬ ਸੀ ।
ਵਕੀਲ ਕਲੇਰ
ਕੈਨੇਡਾ
Kler1@hotmail.ca
-0-
-0-
|