Welcome to Seerat.ca
Welcome to Seerat.ca

ਜੀਵਨ-ਜਾਚ/‘ਬੀਬੀਆਂ’ ਤੋਂ ਕਿਵੇਂ ਬਚਾਇਆ ‘ਬੀਬੀਆਂ’ ਨੇ?

 

- ਸੋਹਣ ਸਿੰਘ ਸੀਤਲ

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਮਹਿਕ ਰੋਟੀਆਂ ਦੀ ਬੋ ਲਾਸ਼ਾਂ ਦੀ

 

- ਜਗਦੀਸ਼ ਸਿੰਘ ਵਰਿਆਮ

ਸੱਭਿਅਕ ਖੇਤਰ ਵਿੱਚ ਇੱਕ ਅਸੱਭਿਅਕ ਦਹਿਸ਼ਤਗਰਦ

 

- ਬਲਵਿੰਦਰ ਗਰੇਵਾਲ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

(ਸ੍ਵੈਜੀਵਨੀ, ਭਾਗ-2, 'ਬਰਫ਼ ਵਿੱਚ ਉਗਦਿਆਂ' ਦਾ ਆਖ਼ਰੀ ਕਾਂਡ) / ਕੁਹਾੜਾ

 

- ਇਕਬਾਲ ਰਾਮੂਵਾਲੀਆ

ਚੇਤੇ ਦੀ ਚਿੰਗਾਰੀ-1 ਸਿਮ੍ਰਿਤੀਆਂ ਦੇ ਝਰੋਖੇ ’ਚੋਂ / ਢਾਕਾ ਫਾਲ

 

- ਚਰਨਜੀਤ ਸਿੰਘ ਪੰਨੂੰ

ਕਹਾਣੀ / ਬੀ ਐਨ ਇੰਗਲਿਸ਼ ਮੈਨ ਬਡੀ

 

- ਹਰਜੀਤ ਗਰੇਵਾਲ

‘ਭਾਅ ਜੀ ਇਹ ਕਨੇਡਾ ਐ ਕਨੇਡਾ’

 

- ਵਕੀਲ ਕਲੇਰ

ਗੁਰ-ਕਿਰਪਾਨ

 

- ਉਂਕਾਰਪ੍ਰੀਤ

ਯੂਟਾ ਦੇ ਪਹਾੜੀ ਅਚੰਭੇ

 

- ਚਰਨਜੀਤ ਸਿੰਘ ਪੰਨੂੰ

ਛੰਦ ਪਰਾਗੇ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਪੰਜਾਬੀ ਨਾਵਲ ਦਾ ਪਿਤਾਮਾ -ਨਾਨਕ ਸਿੰਘ

 

- ਅਮਰਜੀਤ ਟਾਂਡਾ

ਵਿਵਰਜਿਤ ਰੁੱਤ ਦੀ ਗੱਲ

 

- ਬਲਵਿੰਦਰ ਬਰਾੜ

ਟੈਕਸੀਨਾਮਾ - 8  / "ਵੱਖਰੀ ਪਹਿਚਾਣ ਦਾ ਅਹਿਸਾਸ "

 

- ਬਿਕਰਮਜੀਤ ਸਿੰਘ ਮੱਟਰਾਂ

ਇੱਛਾ ਸ਼ਕਤੀ ਬਨਾਮ ਨੌਜੁਆਨ ਪੀੜ੍ਹੀ ਦਾ ਤਨਾਅ !

 

- ਗੁਰਬਾਜ ਸਿੰਘ

ਕਲਾ ਦੀ ਬੇਵਸੀ ਦਾ ਬਿਆਨ - ਪਾਣੀ ਦਾ ਹਾਸ਼ੀਆ

 

- ਉਂਕਾਰਪ੍ਰੀਤ

ਪੁਸਤੱਕ ਰਵਿਊ / ਤੇਰੇ ਬਗੈਰ

 

- ਸੰਤੋਖ ਸਿੰਘ ਸੰਤੋਖ

ਇਹ ਦੁਨੀਆਂ

 

- ਮਲਕੀਅਤ ਸਿੰਘ “ਸੁਹਲ”

ਪੰਜਾਬੀ ਵਾਰਤਕ ਦਾ ਉੱਚਾ ਬੁਰਜ

 

- ਵਰਿਆਮ ਸਿੰਘ ਸੰਧੂ

‘ਇਹੁ ਜਨਮੁ ਤੁਮਹਾਰੇ ਲੇਖੇ‘ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ‘ਮੁਕੱਦਮੇ‘ ਦੇ ਹਾਰ ਪੜ੍ਹਦਿਆਂ

 

- ਗੁਰਦਿਆਲ ਸਿੰਘ ਬੱਲ

ਦੋ ਕਵਿਤਾਵਾਂ

 

- ਸਵਰਣ ਬੈਂਸ

ਨਾਵਲ ਅੰਸ਼ / ਰੂਸ ਵਲ ਦੋਸਤੀ ਦਾ ਹੱਥ

 

- ਹਰਜੀਤ ਅਟਵਾਲ

 

Online Punjabi Magazine Seerat

ਨਾਵਲ ਅੰਸ਼
ਰੂਸ ਵਲ ਦੋਸਤੀ ਦਾ ਹੱਥ

- ਹਰਜੀਤ ਅਟਵਾਲ

 

ਮਹਾਂਰਾਜਾ ਆਪਣੇ ਆਲੇ ਦੁਆਲੇ ਦੀਆਂ ਸਰਗਰਮੀਆਂ ਤੋਂ ਬਚਣ ਲਗਿਆ ਸੀ। ਉਸ ਬਾਰੇ ਝੂਠੀਆਂ ਅਫਵਾਹਾਂ ਭਾਵੇਂ ਉਸ ਨੂੰ ਬਹੁਤਾ ਤੰਗ ਨਹੀਂ ਸਨ ਕਰਦੀਆਂ ਪਰ ਉਸ ਬਾਰੇ ਗਲਤ ਰਾਏ ਬਣਦੀ ਜਾ ਰਹੀ ਸੀ। ਉਸ ਦੇ ਹੋਟਲ ਦੇ ਬਾਹਰ ਹਰ ਵੇਲੇ ਵਾਧੂ ਜਿਹੇ ਲੋਕਾਂ ਦਾ ਤਾਂਤਾ ਲਗਿਆ ਰਹਿੰਦਾ ਸੀ। ਜਿਸ ਕਰਕੇ ਮਹਾਂਰਾਜੇ ਨੇ ਫੈਸਲਾ ਕਰ ਲਿਆ ਕਿ ਟਿਕਾਣਾ ਬਦਲ ਲਿਆ ਜਾਵੇ। ਉਹ ਅਜਿਹਾ ਟਿਕਾਣਾ ਲੱਭ ਰਿਹਾ ਸੀ ਜੋ ਕਿ ਉਸ ਦੀ ਮੌਜੂਦਾ ਰਿਹਾਇਸ਼ ਤੋਂ ਦੂਰ ਵੀ ਨਾ ਹੋਵੇ ਤੇ ਕਿਸੇ ਦੀ ਨਜ਼ਰ ਵਿਚ ਵੀ ਨਾ ਆਵੇ। ਜਲਦੀ ਹੀ ਉਸ ਨੂੰ ਕੁਝ ਇਮਾਰਤਾਂ ਛੱਡ ਕੇ ਇਕ ਜਗਾਹ ਮਿਲ ਗਈ। ਹੁਣ ਮਹਾਂਰਾਜਾ 211 ਨੰਬਰ ਵਿਚ ਸੀ ਤੇ ਨਵੀਂ ਜਗਾਹ 257 ਨੰਬਰ ਵਿਚ। ਇਹ ਉਸ ਦੇ ਪਹਿਲੇ ਹੋਟਲ ਦੇ ਤਕਰੀਬਨ ਸਾਹਮਣੇ ਹੀ ਸੀ; ਚਾਰਲਸ ਚੈਂਬਰ। ਇਕ ਮਹਾਂਰਾਜੇ ਦੀ ਹੋਰ ਵੀ ਬਹੁਤ ਵੱਡੀ ਸਮੱਸਿਆ ਸੀ ਕਿ ਉਹ ਆਪਣੇ ਸਾਰੇ ਪੱਤੇ ਦਿਖਾ ਕੇ ਖੇਡਦਾ ਤੇ ਇਸ ਕਰਕੇ ਉਹ ਬਹੁਤੀਆਂ ਬਾਜ਼ੀਆਂ ਵਿਚ ਮਾਤ ਖਾ ਜਾਂਦਾ। ਉਸ ਦੇ ਪੈਰਿਸ ਵਿਚ ਨਵੇਂ ਬਣੇ ਦੋਸਤਾਂ ਨੇ ਉਸ ਨੂੰ ਇਹ ਗੱਲ ਸਮਝਾਈ ਕਿ ਆਪਣੀ ਅਗਲੀ ਚਾਲ ਬਾਰੇ ਕਦੇ ਵੀ ਕਿਸੇ ਨੂੰ ਨਹੀਂ ਦੱਸੀਦਾ। ਦੁਸ਼ਮਣ ਉਪਰ ਅਜਿਹਾ ਵਾਰ ਹੋਵੇ ਕਿ ਉਸ ਸੋਚਦਾ ਹੀ ਰਹਿ ਜਾਵੇ। ਇਹਨਾਂ ਦਿਨਾਂ ਵਿਚ ਹੀ ਪੈਰਿਸ ਵਿਚ ਵਸਦੇ ਇੰਗਲੈਂਡ ਦੇ ਹੋਰਨਾਂ ਦੁਸ਼ਮਣਾਂ ਨਾਲ ਵੀ ਉਸ ਦੇ ਨੇੜਤਾ ਵਧ ਗਈ ਸੀ। ਇਹ ਆਇਰਸ਼ ਦੇਸ਼ ਭਗਤ ਸਨ, ਜਿਹੜੇ ਆਇਰਲੈਂਡ ਦੀ ਅਜ਼ਾਦੀ ਦਾ ਘੋਲ ਲੜ ਰਹੇ ਸਨ। ਇਹਨਾਂ ਨਵੇਂ ਬਣੇ ਦੋਸਤਾਂ ਤੋਂ ਵੀ ਮਹਾਂਰਾਜੇ ਨੂੰ ਬਹੁਤ ਕੁਝ ਸਿਖਣ ਨੂੰ ਮਿਲਣ ਲਗਿਆ।
ਮਹਾਂਰਾਜਾ ਆਪਣੇ ਆਪ ਨੂੰ ਕੁਝ ਦਿਨਾਂ ਲਈ ਹੀ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾ ਸਕਿਆ ਤੇ ਪਤਰਕਾਰਾਂ ਨੇ ਉਸ ਨੂੰ ਛੇਤੀ ਹੀ ਲੱਭ ਲਿਆ। ਹੁਣ ਉਸ ਨੇ ਆਪਣੀਆਂ ਦੋਵੇਂ ਰਿਹਾਇਸ਼ਾਂ ਹੀ ਬਣਾਈ ਰੱਖੀਆਂ ਤਾਂ ਜੋ ਉਸ ਨੂੰ ਲੱਭਣ ਵਾਲੇ ਚੱਕਰ ਵਿਚ ਪਏ ਰਹਿਣ ਕਿ ਉਹ ਕਿਥੇ ਹੋਵੇਗਾ। ਆਮ ਲੋਕਾਂ ਨੂੰ ਉਹ ਗਰੈਂਡ ਹੋਟਲ ਵਿਚ ਹੀ ਮਿਲਦਾ।
ਮਹਾਂਰਾਜੇ ਨੂੰ ਬ੍ਰਤਾਨੀਆਂ ਸਰਕਾਰ ਵਲੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਆਪਣਾ ਅਗਲਾ ਕਦਮ ਚੁੱਕਣ ਦੀ ਤਿਆਰੀ ਕਰਨ ਲਗਿਆ। ਉਸ ਦਾ ਅਗਲਾ ਕਦਮ ਸੀ; ਰੂਸ ਨਾਲ ਦੋਸਤੀ। ਉਸ ਨੂੰ ਯਕੀਨ ਸੀ ਕਿ ਰੂਸ ਦਾ ਜ਼ਾਰ ਉਸ ਨੂੰ ਭੱਜ ਕੇ ਮਿਲੇਗਾ ਤੇ ਉਸ ਦੀ ਸਾਰੀ ਗੱਲ ਨੂੰ ਪੂਰੇ ਧਿਆਨ ਨਾਲ ਸੁਣੇਗਾ। ਇਹ ਵੀ ਸੰਭਵ ਸੀ ਕਿ ਉਹ ਜ਼ਾਰ ਦਾ ਵਿਸ਼ੇਸ਼ ਸਲਾਹਕਾਰ ਹੀ ਬਣ ਜਾਵੇ। ਹਿੰਦੁਸਤਾਨ ਦੇ ਨਾਲ ਲਗਦੀ ਸਰਹੱਦ ਬਾਰੇ ਉਸ ਤੋਂ ਬਿਹਤਰ ਕੌਣ ਜਾਣ ਸਕਦਾ ਸੀ। ਹੋ ਸਕਦਾ ਹੈ ਕਿ ਰੂਸ ਉਸ ਨੂੰ ਉਸ ਦਾ ਖੁਸਿਆ ਰਾਜ ਹੀ ਵਾਪਸ ਦਵਾ ਦੇਵੇ। ਭਾਵੇਂ ਮਹਾਂਰਾਜਾ ਦੂਰ-ਅੰਦੇਸ਼ ਸੀ ਪਰ ਰੂਸ ਦੇ ਮਾਮਲੇ ਵਿਚ ਉਹ ਬਹੁਤ ਉਲਾਰ ਹੋ ਕੇ ਸੋਚਣ ਲਗਦਾ। ਮਹਾਂਰਾਜੇ ਨੂੰ ਇਹ ਵੀ ਪਤਾ ਸੀ ਕਿ ਇੰਗਲੈਂਡ ਤੇ ਰੂਸ ਦਾ ਆਪਸ ਵਿਚ ਸਰਹੱਦਾਂ ਨੂੰ ਲੈ ਕੇ ਤਾਂ ਕੋਈ ਝਗੜਾ ਹੈ ਹੀ ਨਹੀਂ ਸੀ ਪਰ ਆਪੋ ਆਪਣਾ ਇਲਾਕਾ ਵਧਾਉਣ ਦਾ ਦੋਨਾਂ ਮੁਲਕਾਂ ਨੂੰ ਲਾਲਚ ਸੀ। ਇੰਗਲੈਂਡ ਨੇ ਲਗਭੱਗ ਸਾਰਾ ਏਸ਼ੀਆ ਆਪਣੇ ਕਬਜ਼ੇ ਅਧੀਨ ਕੀਤਾ ਹੋਇਆ ਸੀ ਜੋ ਕਿ ਰੂਸ ਨੂੰ ਅੰਦਰੋ-ਅੰਦਰ ਤਕਲੀਫ ਦਿੰਦਾ ਸੀ। ਉਸ ਦੀਆਂ ਫੌਜਾਂ ਅਫਗਾਨਿਸਤਾਨ ਤਕ ਪੁਜੀਆਂ ਹੋਈਆਂ ਸਨ ਪਰ ਕਿਸੇ ਕਿਸਮ ਦੀ ਲੜਾਈ ਦੇ ਆਸਾਰ ਨਹੀਂ ਸਨ। ਪਿਛਲੇ ਦਹਾਕਿਆਂ ਵਿਚ ਦੋਨਾਂ ਮੁਲਕਾਂ ਦੀਆਂ ਕਈ ਲੜਾਈਆਂ ਹੋ ਚੁੱਕੀਆਂ ਸਨ ਤੇ ਇਸੇ ਇਤਿਹਾਸਕ ਦੁਸ਼ਮਣੀ ਦਾ ਮਹਾਂਰਾਜਾ ਫਾਇਦਾ ਉਠਾਉਣਾ ਚਾਹੁੰਦਾ ਸੀ ਪਰ ਉਹ ਇਹ ਗੱਲ ਭੁੱਲ ਰਿਹਾ ਸੀ ਕਿ ਦੋ ਮੁਲਕ ਕਿਸੇ ਆਮ ਜਿਹੀ ਗੱਲ ਨੂੰ ਲੈ ਕੇ ਲੜਾਈ ਨਹੀਂ ਛੇੜਦੇ। ਜੋ ਵੀ ਸੀ ਮਹਾਂਰਾਜੇ ਨੇ ਬਹੁਤ ਸਾਰੀਆਂ ਉਮੀਦਾਂ ਲੈ ਕੇ ਪੈਰਿਸ ਵਿਚ ਸਥਿਤ ਰੂਸੀ ਰਾਜਦੂਤ ਨੂੰ ਇਕ ਲੰਮੀ ਚਿੱਠੀ ਲਿਖੀ।
ਪੈਰਿਸ ਵਿਚ ਵਿਚਰ ਰਹੇ ਮਹਾਂਰਾਜੇ ਉਪਰ ਰੂਸੀ ਸਫਾਰਤਖਾਨਾ ਵੀ ਨਜ਼ਰ ਰੱਖਣ ਲਗਿਆ ਸੀ ਕਿਉਂਕਿ ਮਹਾਂਰਾਜੇ ਦੀਆਂ ਗੱਲਾਂ ਵਿਚ ਵਾਰ ਵਾਰ ਰੂਸ ਦਾ ਜਿ਼ਕਰ ਆ ਰਿਹਾ ਸੀ। ਦੂਜੇ ਹੁਣ ਉਸ ਦੇ ਆਇਰਸ਼ ਬਾਗੀਆਂ ਨਾਲ ਸਬੰਧ ਬਣ ਜਾਣ ਕਾਰਨ ਉਹ ਖਾਸ-ਰਾਜਨੀਤਕ ਵਿਅਕਤੀ ਬਣਦਾ ਜਾ ਰਿਹਾ ਸੀ। ਰੂਸੀ ਰਾਜਦੂਤ ਕੋਰਜ਼ਬਿਊ ਨੇ ਮਹਾਂਰਾਜੇ ਬਾਰੇ ਜਾਣਕਾਰੀ ਹਾਸਿਲ ਕਰਕੇ ਆਪਣੀ ਇਕ ਰਾਏ ਬਣਾ ਲਈ ਹੋਈ ਸੀ। ਮਹਾਂਰਾਜੇ ਨੇ ਇਹ ਚਿੱਠੀ ਆਪਣੇ ਹੱਥੀਂ ਰਾਜਦੂਤ ਨੂੰ ਦੇਣ ਦੀ ਮੰਗ ਕੀਤੀ। ਰੂਸੀ ਸਫਾਰਤਖਾਨੇ ਵਲੋਂ ਉਸ ਨੂੰ ਵਕਤ ਦੇ ਦਿਤਾ ਗਿਆ। ਰਾਜਦੂਤ ਕੋਰਜ਼ਬਿਊ ਨੇ ਮਹਾਂਰਾਜੇ ਨਾਲ ਲੰਮੀ ਗੱਲਬਾਤ ਕੀਤੀ ਤਾਂ ਜੋ ਉਸ ਬਾਰੇ ਹੋਰ ਜਾਣ ਸਕੇ। ਉਸ ਨੂੰ ਕਈ ਕਿਸਮ ਦੇ ਸਵਾਲ ਪੁੱਛੇ। ਉਸ ਦੇ ਸਵਾਲਾਂ ਤੋਂ ਮਹਾਂਰਾਜਾ ਬਹੁਤਾ ਖੁਸ਼ ਨਹੀਂ ਸੀ। ਉਹ ਤਾਂ ਸਿੱਧੀ ਜ਼ਾਰ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਨਾ ਕਿ ਉਸ ਦੇ ਰਾਜਦੂਤ ਨਾਲ। ਘੰਟੇ ਭਰ ਸਵਾਲ-ਜਵਾਬ ਹੋਏ। ਮਹਾਂਰਾਜੇ ਦੇ ਜਾਣ ਤੋਂ ਬਾਅਦ ਰਾਜਦੂਤ ਨੇ ਮਹਾਂਰਾਜੇ ਦੀ ਚਿੱਠੀ ਨੂੰ ਧਿਆਨ ਨਾਲ ਪੜ੍ਹਿਆ ਤੇ ਅਗੇ ਇਹ ਚਿੱਠੀ ਰੂਸ ਦੇ ਵਿਦੇਸ਼ ਮੰਤਰੀ ਡੇ-ਗਾਇਰ ਨੂੰ ਭੇਜ ਦਿਤੀ। ਚਿੱਠੀ ਭੇਜਦੇ ਸਮੇਂ ਇਸ ਉਪਰ ‘ਗੁਪਤ ਤੇ ਨਿੱਜੀ’ ਲਿਖ ਦਿਤਾ ਤਾਂ ਜੋ ਉਸ ਦਾ ਧਿਆਨ ਖਿੱਚ ਸਕੇ। ਇਹ ਇਕ ਸਾਧਾਰਨ ਚਿੱਠੀ ਸੀ ਇਸ ਕਰਕੇ ਇਸ ਦੀ ਸਾਰਥਿਕਤਾ ਬਾਰੇ ਬਹੁਤੀ ਚਿੰਤਾ ਨਹੀਂ ਸੀ। ਚਿੱਠੀ ਬਾਰੇ ਕੋਰਜ਼ਬਿਊ ਨੇ ਡੇ ਗਾਇਰ ਨੂੰ ਲਿਖਿਆ;
‘ਪਿਆਰੇ ਮੰਤਰੀ, ਮਹਾਂਰਾਜਾ ਦਲੀਪ ਸਿੰਘ ਮੈਨੂੰ ਮਿਲਣ ਆਇਆ ਸੀ ਤੇ ਉਸ ਨੇ ਮੈਨੂੰ ਮਹਾਂਰਾਣੀ ਵਿਕਟੋਰੀਆ ਦੀ ਉਸ ਨੂੰ ਲਿਖੀ ਨਿੱਜੀ ਚਿੱਠੀ ਦਿਖਾਈ ਜਿਸ ਦੀ ਮੈਂ ਕਾਪੀ ਮੰਗਣੀ ਚਾਹੀ ਪਰ ਉਸ ਨੇ ਨਾਂਹ ਕਰ ਦਿਤੀ। ਇਹ ਚਿੱਠੀ ਮਹਾਂਰਾਣੀ ਨੇ ਮਮਤਾ ਭਰੇ ਲਹਿਜ਼ੇ ਵਿਚ ਲਿਖੀ ਹੋਈ ਸੀ। ਮਹਾਂਰਾਣੀ ਉਸ ਦੇ ਇਕ ਪੁੱਤਰ ਦੀ ਗੌਡਮਦਰ ਵੀ ਹੈ, ...ਉਸ ਨੇ ਮਹਾਂਰਾਜੇ ਦੀਆਂ ਰੂਸ ਨੂੰ ਸੇਵਾਵਾਂ ਦੀ ਪੇਸ਼ਕਸ਼ ਬਾਰੇ ਵੀ ਲਿਖਿਆ ਹੋਇਆ ਹੈ। ਮੈਂ ਮਹਾਂਰਾਜੇ ਨੂੰ ਪੁੱਛਿਆ ਸੀ ਕਿ ਮਹਾਂਰਾਣੀ ਨੂੰ ਉਸ ਦੇ ਸਾਡੀ ਐਂਬੈਸੀ ਆਉਣ ਬਾਰੇ ਕਿਵੇਂ ਪਤਾ ਸੀ, ਇਸ ਬਾਰੇ ਮਹਾਂਰਾਜਾ ਕੁਝ ਨਾ ਦਸ ਸਕਿਆ। ...ਉਸ ਨੂੰ ਹੋਰ ਕੁਰੇਦਣ ਤੇ ਮੈਨੂੰ ਲਗਿਆ ਕਿ ਉਹ ਬ੍ਰਤਾਨਵੀ ਸਰਕਾਰ ਤੋਂ ਵੱਡੀ ਰਕਮ ਦੀ ਆਸ ਰੱਖਦਾ ਹੈ। ...ਇਹ ਵੀ ਜਾਪਦਾ ਹੈ ਕਿ ਇਵੇਂ ਦੇਸੀ ਰਾਜਿਆਂ ਨੂੰ ਕੀਤੀਆਂ ਪੈਸੇ ਦੀਆਂ ਪੇਸ਼ਕਸ਼ਾਂ ਬਲੈਕਮੇਲ ਕਰਨ ਲਈ ਹੀ ਹੁੰਦੀਆਂ ਹਨ। ਮਹਾਂਰਾਜਾ ਯਕੀਨ ਰਖਦਾ ਹੈ ਕਿ ਉਹ ਬ੍ਰਤਾਨਵੀ ਸਰਕਾਰ ਨੂੰ ਡਰਾ ਸਕੇਗਾ, ਸਾਡੀ ਸ਼ਰਣ ਵਿਚ ਆਉਣ ਨਾਲ ਉਸ ਨੂੰ ਫਾਇਦਾ ਹੋ ਸਕਦਾ ਹੈ।... ਇਕ ਪਾਸੇ ਮਹਾਂਰਾਜਾ ਇਹ ਕਹਿ ਰਿਹਾ ਹੈ ਕਿ ਇਸ ਵੇਲੇ ਉਹ ਬਹੁਤ ਗਰੀਬ ਹੈ ਤੇ ਬ੍ਰਤਾਨੀਆਂ ਸਰਕਾਰ ਦਾ ਪ੍ਰਸਤਾਵ ਮਨਜ਼ਰੂ ਕਰ ਲਵੇਗਾ ਪਰ ਉਸੇ ਵਕਤ ਕਹਿਣ ਲਗਦਾ ਹੈ ਕਿ ਇਵੇਂ ਨਹੀਂ ਹੋ ਸਕਦਾ, ਉਹ ਇੰਗਲੈਂਡ ਵਾਪਸ ਨਹੀਂ ਜਾਵੇਗਾ।... ਉਹ ਸਾਡੀ ਸ਼ਰਣ ਵਿਚ ਆਉਣ ਦੀ ਜਿ਼ੱਦ ਕਰ ਰਿਹਾ ਹੈ।
...ਮੇਰੀ ਰਾਏ ਹੈ ਕਿ ਇੰਗਲੈਂਡ ਉਸ ਦੀ ਵਫਾਦਾਰੀ ਨੂੰ ਯਕੀਨੀ ਬਣਾਏ ਬਿਨਾਂ ਕੋਈ ਪੈਸਾ ਨਹੀਂ ਦੇਵੇਗਾ, ...ਉਸ ਦਾ ਇਹ ਕਹਿਣਾ ਵੀ ਹੈ ਕਿ ਅੰਗਰੇਜ਼ ਉਸ ਤੋਂ ਇਸ ਗੱਲੋਂ ਵੀ ਡਰਦੇ ਹਨ ਕਿ ਹਿੰਦੁਸਤਾਨ ਵਿਚ ਉਹ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਖੜੀ ਕਰ ਸਕਦਾ ਹੈ ਇਸ ਲਈ ਉਹ ਉਸ ਨੂੰ ਰੋਕਣ ਦੀ ਹਰ ਕੋਸਿ਼ਸ਼ ਕਰਨਗੇ। ਇਸ ਵਕਤ ਉਹ ਤੀਹ ਲੱਖ ਪੌਂਡਾਂ ਦੀ ਆਸ ਰੱਖ ਰਿਹਾ ਹੈ। ...ਭਵਿੱਖ ਵਿਚ ਕੁਝ ਵੀ ਹੋਵੇ ਪਰ ਇਸ ਵੇਲੇ ਕੋਈ ਵਿਸ਼ੇਸ਼ ਸਥਿਤੀ ਨਹੀਂ ਜਾਪ ਰਹੀ।...
ਪਿਆਰੇ ਮੰਤਰੀ, ਮੇਰੀ ਸ਼ਰਧਾ ਤੇ ਪਰੇਮ ਕਬੂਲ ਕਰੋ, ਤੁਹਾਡਾ ਕੋਟਜ਼ਬਿਊ।’
ਮਹਾਂਰਾਜੇ ਦੀ ਚਿੱਠੀ ਡੇ-ਗਾਇਰ ਤਕ ਪੁੱਜਦੀ ਹੋਈ। ਉਸ ਨੇ ਇਸ ਨੂੰ ਪੜ੍ਹ ਕੇ ਇਕ ਪਾਸੇ ਰੱਖ ਦਿਤਾ। ਉਸ ਲਈ ਇਸ ਦੀ ਕੋਈ ਅਹਿਮੀਅਤ ਨਹੀਂ ਸੀ। ਉਹ ਹੁਣ ਕੇਂਦਰੀ ਏਸ਼ੀਆ ਵਿਚ ਕਿਸੇ ਕਿਸਮ ਦੀ ਲੜ੍ਹਾਈ ਨਹੀਂ ਸੀ ਛੇੜਨੀ ਚਾਹੁੰਦਾ। ਉਹ ਸਮਝਦਾ ਸੀ ਕਿ ਪੱਛਮੀ ਤਾਕਤਾਂ ਨਾਲ ਬਿਨਾਂ ਵੱਡੇ ਮਸਲੇ ਤੋਂ ਲੜ੍ਹਾਈ ਲੈਣਾ ਕੋਈ ਲਾਭਵੰਦ ਨਹੀਂ ਹੋਵੇਗਾ। ਉਸ ਨੇ ਸੰਖੇਪ ਜਿਹਾ ਜਵਾਬ ਪੈਰਿਸ ਵਿਚਲੇ ਰਾਜਦੂਤ ਨੂੰ ਲਿਖ ਕੇ ਭੇਜ ਦਿਤਾ।
ਰੂਸੀ ਸਫਾਰਤਖਾਨਾ ਹੁਣ ਮਹਾਂਰਾਜੇ ਉਪਰ ਹੋਰ ਵੀ ਘੋਖਵੀਂ ਨਿਗਾਹ ਰੱਖਣ ਲਗਿਆ ਸੀ। ਕੋਟਜ਼ਬਿਊ ਨੇ ਛੇਤੀ ਹੀ ਇਕ ਹੋਰ ਚਿੱਠੀ ਆਪਣੇ ਵਿਦੇਸ਼ ਮੰਤਰੀ ਨੂੰ ਲਿਖੀ ਜਿਸ ਵਿਚ ਉਸ ਨੇ ਲਿਖਿਆ ਕਿ ਮਹਾਂਰਾਜੇ ਦੇ ਪਿੱਛੇ ਬ੍ਰਿਟਿਸ਼ ਏਜੰਟ ਪਏ ਹੋਏ ਸਨ ਤੇ ਹੁਣ ਉਹ ਆਪਣੀ ਰਿਹਾਇਸ਼ਗਾਹ ਵਿਚ ਵੀ ਜਾਣ ਤੋਂ ਡਰਦਾ ਸੀ। ਆਪਣੇ ਆਲੇ ਦੁਆਲੇ ਦੇ ਹਰ ਬੰਦੇ ਉਪਰ ਸ਼ੱਕ ਕਰਨ ਲਗਿਆ ਸੀ। ਉਹ ਹੁਣ ਕਿਸੇ ਨੂੰ ਕੁਝ ਲਿਖਤੀ ਦੇਣ ਤੇ ਲਿਖਤੀ ਲੈਣ ਤੋਂ ਵੀ ਝਿਜਕ ਰਿਹਾ ਸੀ। ਕੋਟਜ਼ਬਿਊ ਨੇ ਮਹਾਂਰਾਜੇ ਨੂੰ ਉਸ ਦੀ ਚਿੱਠੀ ਦੇ ਜਵਾਬ ਵਿਚ ਡੇ-ਗਾਇਰ ਦਾ ਸੁਨੇਹਾ ਪੁੱਜਦਿਆਂ ਕਰਦਿਆਂ ਲਿਖਿਆ;
‘...ਹਾਈਨੈੱਸ, ਇੰਪੀਰੀਅਲ ਸਰਕਾਰ ਸ਼ਾਂਤੀ ਬਣਾਈ ਰੱਖਣੀ ਚਾਹੁੰਦੀ ਹੈ। ...ਹਿੰਦੁਸਤਾਨ ਵਿਚ ਕਿਸੇ ਗੜਬੜ ਜਾਂ ਲੜਾਈ ਦੇ ਹੱਕ ਵਿਚ ਨਹੀਂ ਹੈ...।’
ਮਹਾਂਰਾਜਾ ਇਸ ਜਵਾਬ ਤੋਂ ਨਿਰਾਸ਼ ਜਿਹਾ ਹੋ ਗਿਆ। ਉਸ ਨੂੰ ਬਿਲਕੁਲ ਆਸ ਨਹੀਂ ਸੀ ਕਿ ਰੂਸੀ ਉਸ ਤੋਂ ਇਵੇਂ ਇਕ ਦਮ ਹੱਥ ਝਾੜ ਦੇਣਗੇ। ਕੋਈ ਗੱਲਬਾਤ ਤਾਂ ਕਰਦੇ, ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਤਾਂ ਸਹੀ ਇਕ ਵਾਰ। ਉਹ ਸੋਚਾਂ ਵਿਚ ਪੈ ਗਿਆ ਕਿ ਹੁਣ ਅਗਲਾ ਕਦਮ ਕੀ ਹੋਵੇ। ਕਈ ਵਾਰ ਉਹ ਸ਼ਾਮ ਨੂੰ ਜਲਦੀ ਹੀ ਸ਼ਰਾਬ ਵਿਚ ਡੁੱਬ ਜਾਂਦਾ ਤੇ ਅਜੀਬ ਜਿਹੀਆਂ ਸੋਚਾਂ ਸੋਚਣ ਲਗਦਾ। ਸਵੇਰੇ ਉਠ ਕੇ ਰਾਤ ਦੀਆਂ ਸੋਚਾਂ ਨੂੰ ਖਾਰਜ ਕਰਦਾ ਨਵੇਂ ਸਿਰਿਓਂ ਕੋਈ ਰਾਹ ਲੱਭਣ ਲਗਦਾ। ਪਹਿਲਾਂ ਵਾਂਗ ਹੀ ਹੁਣ ਵੀ ਉਸ ਦੇ ਸਾਹਮਣੇ ਦੋ ਰਾਹ ਸਨ; ਇਕ ਬਗਾਵਤ ਵਾਲਾ ਤੇ ਦੂਜਾ ਸੁਲਾਹ ਵਾਲਾ। ਬਗਾਵਤ ਵਾਲਾ ਰਾਹ ਬਹੁਤ ਔਖਾ ਸੀ, ਰੂਸੀਆਂ ਨੇ ਮੱਦਦ ਤੋਂ ਨਾਂਹ ਕਰਕੇ ਅਸੰਭਵ ਜਿਹਾ ਬਣਾ ਦਿਤਾ ਸੀ। ਦੂਜੇ ਪਾਸੇ ਸੁਲਾਹ ਦਾ ਕੋਈ ਰਾਹ ਵੀ ਤਾਂ ਨਹੀਂ ਸੀ ਬਚਿਆ। ਉਸ ਦੇ ਕਲੇਮ ਬਾਰੇ ਤਾਂ ਸਾਰੇ ਚੁੱਪ ਸਨ ਹੀ, ਉਸ ਨੂੰ ਤਾਂ ਇਵੇਂ ਅਣਗੌਲ ਦਿਤਾ ਗਿਆ ਸੀ ਜਿਵੇਂ ਉਹ ਹੋਵੇ ਹੀ ਨਾ। ਇੰਡੀਆ ਹਾਊਸ ਵਲੋਂ ਕੋਈ ਪੇਸ਼ਕਸ਼ ਤਾਂ ਕੀ ਆਉਣੀ ਸੀ ਉਸ ਨਾਲ ਤਾਂ ਕੋਈ ਵੈਸੇ ਹੀ ਪਹੁੰਚ ਨਹੀਂ ਸੀ ਕਰ ਰਿਹਾ। ਉਸ ਨੂੰ ਕੋਈ ਅਜਿਹਾ ਤਰੀਕਾ ਨਹੀਂ ਸੀ ਦਿਸ ਰਿਹਾ ਕਿ ਆਪਣੀ ਇੱਜ਼ਤ ਬ੍ਰਕਰਾਰ ਰਖਦਾ ਹੋਇਆ ਉਹ ਆਪਣੇ ਬੱਚਿਆਂ ਵਿਚ ਚਲੇ ਜਾਵੇ। ਉਹ ਬ੍ਰਤਾਨਵੀ ਸਰਕਾਰ ਦਾ ਧਿਆਨ ਖਿੱਚਣ ਦਾ ਕੋਈ ਤਰੀਕਾ ਲੱਭਣ ਲਗਿਆ। ਸੋਚਦਿਆਂ ਸੋਚਦਿਆਂ ਉਸ ਦੇ ਹੱਥ ਲਗਿਆ; ਐਲਾਨ-ਨਾਮਾ। ਐਲਾਨ-ਨਾਮਾ ਭਾਵ ਹਿੰਦੁਸਤਾਨ ਦੇ ਲੋਕਾਂ ਦੇ ਨਾਂ ਅਜਿਹਾ ਸੰਦੇਸ਼ ਜਿਸ ਵਿਚ ਉਹ ਉਹਨਾਂ ਨੂੰ ਉਹਨਾਂ ਨੂੰ ਸਰਕਾਰ ਦੇ ਖਿਲਾਫ ਲੜਨ ਲਈ ਉਕਸਾਵੇ। ਉਸ ਨੇ ਅਜਿਹਾ ਐਲਾਨ-ਨਾਮਾ ਤਿਆਰ ਕੀਤਾ ਤੇ 15 ਜੁਲਾਈ ਨੂੰ ਇਹ ਆਪਣੇ ਦੋਸਤ ਸਰ ਗਰੈਫਟਨ ਨੂੰ ਭੇਜ ਦਿਤਾ ਤਾਂ ਜੋ ਉਹ ਇਸ ਨੂੰ ਸਰਕਾਰ ਨੂੰ ਦਿਖਾ ਸਕੇ। ਗਰੈਫਟਨ ਨੇ ਐਲਾਨ-ਨਾਮਾ ਪੌਨਸਨਬੀ ਨੂੰ ਭੇਜਦੇ ਨਾਲ ਹੀ ਲਿਖਿਆ;
‘...ਮਹਾਂਰਾਜੇ ਨੇ ਇਹ ਇਕ ਕਾਪੀ ਮੈਨੂੰ ਬਹੁਤ ਗੁਪਤ ਤਰੀਕੇ ਨਾਲ ਇਸ ਯਕੀਨ ਤਹਿਤ ਭੇਜੀ ਹੈ ਕਿ ਮੈਂ ਇਸ ਨੂੰ ਸਾਂਭ ਕੇ ਰੱਖ ਸਕਾਂ, ਮਹਾਂਰਾਜਾ ਇਸ ਚਿੱਠੀ ਨੂੰ ਹਿੰਦੁਸਤਾਨ ਦੀਆਂ ਅਖ਼ਬਾਰਾਂ ਨੂੰ ਛਪਣ ਲਈ ਭੇਜਣਾ ਚਾਹੁੰਦਾ ਹੈ।... ਮੈਨੂੰ ਨਹੀਂ ਪਤਾ ਕਿ ਲੌਰਡ ਡੁਫਰਿਨ ਇਸ ਬਾਰੇ ਕੀ ਸੋਚੇਗਾ, ਜੇ ਉਹ ਚਾਹੁੰਦਾ ਹੈ ਤਾਂ ਆਪਣੀ ਤਾਕਤ ਨਾਲ ਛਪਣੋਂ ਰੋਕ ਸਕਦਾ ਹੈ, ਜੇ ਚਾਹੋਂ ਕਿਸੇ ਤਰ੍ਹਾਂ ਕੁਝ ਉਸ ਨੂੰ ਦੇ-ਲੈ ਕੇ ਰੋਕਣਾ ਤਾਂ ਮੈਨੂੰ ਦੱਸੋ,... ਮੈਂ ਸੋਚਦਾ ਹਾਂ ਕਿ ਮਹਾਂਰਾਜੇ ਦਾ ਆਖਰੀ ਐਕਟ ਬਿਲਕੁਲ ਅਣਗੌਲਿਆ ਨਹੀਂ ਕਰਨਾ ਚਾਹੀਦਾ।’...
ਸਰ ਪੌਨਸਨਬੀ ਨੇ ਪਹਿਲਾਂ ਗਰੈਫਟਨ ਦੀ ਚਿੱਠੀ ਪੜੀ ਤੇ ਫਿਰ ਗੁੱਸੇ ਵਿਚ ਆਇਆ ਐਲਾਨ-ਨਾਮੇ ਨੂੰ ਪੜ੍ਹਨ ਲਗਿਆ;
‘ਪਹਿਲਾ ਐਲਾਨ-ਨਾਮਾ:
ਸਤਿਗੁਰੂ ਦੀ ਮਰਜ਼ੀ ਨਾਲ, ਅਸੀਂ ਮਹਾਂਰਾਜਾ ਦਲੀਪ ਸਿੰਘ, ਸਿੱਖ ਕੌਮ ਦੇ ਸਿਰਤਾਜ ਐਲਾਨ ਕਰਦੇ ਹਾਂ ਕਿ ਭਰੋਵਾਲ ਦੀ ਸੰਧੀ ਜੋ ਬਿਨਾਂ ਮਰਜ਼ੀ ਦੇ ਸਾਡੇ ਤੇ ਬ੍ਰਤਾਨੀਆਂ ਸਰਕਾਰ ਵਿਚ ਹੋਈ ਸੀ, ਉਸ ਨੂੰ ਗੈਰਕਨੂੰਨੀ ਕਰਾਰ ਦਿੰਦੇ ਹੋਏ ਇਸ ਨੂੰ ਰੱਦ ਕਰਦੇ ਹਾਂ ਤੇ ਇਸ ਨੂੰ ਗੈਰਕਨੂੰਨੀ ਦਸਤਾਵੇਜ਼ ਐਲਾਨ ਕਰਦੇ ਹਾਂ, ਜਿਹੜੀਆਂ ਅਖੌਤੀ ਸ਼ਰਤਾਂ ਸਾਡੇ 1849 ਵਿਚ ਲਾਗੂ ਕੀਤੀਆਂ ਗਈਆਂ ਸਨ ਉਹਨਾਂ ਨੂੰ ਵੀ ਖਤਮ ਕਰਦੇ ਹਾਂ ਕਿਉਂਕਿ ਉਸ ਵਕਤ ਅਸੀਂ ਸਿਰਫ ਗਿਆਰਾਂ ਸਾਲ ਦੀ ਉਮਰ ਦੇ ਸਾਂ, ਬ੍ਰਿਟਿਸ਼ ਸਰਕਾਰ ਹੀ ਸੰਧੀ ਲਾਗੂ ਕਰਨ ਵਾਲੀ ਸੀ ਤੇ ਉਹ ਹੀ ਸਾਡੀ ਸਰਪ੍ਰਸਤ। ਵਹਿਗੂਰੂ ਜੀ ਕੀ ਫਤਿਹ। ਦਲੀਪ ਸਿੰਘ, ਸਿਖ ਕੌਮ ਦਾ ਮਹਾਂਰਾਜਾ ਭੈਰੋਵਾਲ ਦੀ 1846 ਦੀ ਟਰੀਟੀ ਅਨੁਸਾਰ।’
ਛੇਤੀ ਹੀ ਮਹਾਂਰਾਜੇ ਨਾਲ ਹੀ ਇਕ ਹੋਰ ਐਲਾਨ-ਨਾਮਾ ਲਿਖਿਆ;
‘ਦੂਜਾ ਐਲਾਨ-ਨਾਮਾ:
ਹਿੰਦੁਸਤਾਨ ਦੇ ਮੇਰੇ ਰਾਜਕੁਮਾਰ ਭਰਾਓ ਤੇ ਹਿੁੰਦਸਤਾਨ ਦੇ ਪ੍ਰਭਾਵਸ਼ਾਲੀ ਭਰਾਓ ਤੇ ਮੇਰੇ ਆਮ ਹਿੰਦੁਸਤਾਨੀ ਭਰਾਓ,
ਉਸ ਸਰਬਸ਼ਕਤੀ ਮਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੈਆ ਤੇ ਦੁਆ ਨਾਲ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਹਨ;
ਇਹ ਵਿਚਾਰਾ ਬੁੱਢਾ ਬ੍ਰਤਾਨਵੀ ਸ਼ੇਰ ਹੁਣ ਬੁਰੀ ਤਰ੍ਹਾਂ ਫਸਿਆ ਪਿਆ ਹੈ ਤੇ ਹੁਣ ਕਿਸੇ ਮੱਖੀ ਵਾਂਗ ਭੀਂ ਭੀਂ ਕਰਨ ਜੋਗਾ ਹੀ ਰਹਿ ਗਿਆ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਸ ਦਾ ਵਾਹ ਇਸ ਸਿੱਖ ਨਾਲ ਹੈ ਜੋ ਕਿ ਜਾਣੇ ਪੱਛਾਣੇ ਪੰਜਾਬ ਦੇ ਸ਼ੇਰ ਦਾ ਪੁੱਤਰ ਹੈ ਤੇ ਸਿੱਖ ਕੌਮ ਨਾ ਨੁਮਾਇੰਦਾ ਹੈ।... ਅਸੀਂ ਸਾਰੇ ਇਸ ਬੇਹੱਦ ਬੇਇਨਸਾਫ ਤੇ ਜ਼ਾਲਮ ਵਿਦੇਸ਼ੀ ਸਰਕਾਰ ਹੱਥੋਂ ਬੇਇੱਜ਼ਤ, ਸ਼ਰਮਸਾਰ ਤੇ ਅਪਮਾਨਿਤ ਹੋ ਰਹੇ ਹਾਂ, ...ਹਿੰਦੁਸਤਾਨ ਦੀ ਇਹ ਜ਼ਾਲਮ ਸਰਕਾਰ ਬਹੁਤ ਕਿਸਮ ਦੀਆਂ ਪਾਬੰਦੀਆਂ ਲਾ ਸਕਦੀ ਹੈ ਪਰ ਜੇ ਤੁਸੀਂ ਸਾਰੇ ਇਕੱਠੇ ਹੋ ਤਾਂ ਇਹ ਸਰਕਾਰ ਸ਼ਕਤੀਹੀਨ ਹੋਵੇਗੀ ਤੇ ਇਸ ਦੀ ਗੱਲ ਨਾ ਮੰਨਣ ਕਰਕੇ ਤੁਹਾਨੂੰ ਕਾਲੇਪਾਣੀ ਨਹੀਂ ਭੇਜਿਆ ਜਾ ਸਕੇਗਾ। ...ਦੇਖੋ, ਇਹ ਸਰਕਾਰ ਕਿੰਨੀਆਂ ਵੀ ਵਡਿਆਈਆਂ ਮਾਰੇ ਪਰ ਇਹ ਸਿੱਖ ਇਕੱਲਾ ਵਾਪਸ ਹਿੰਦੁਸਤਾਨ ਆ ਰਿਹਾ ਹੈ ਜਿਸ ਕੋਲ ਇਕ ਵੀ ਸਿਪਾਹੀ ਨਹੀਂ ਹੈ।’...
ਦਸਤਖਤ: ਦਲੀਪ ਸਿੰਘ – ਪੰਜਾਬ ਦਾ ਕਾਨੂੰਨੀ ਸੱਤਾਧਾਰੀ।’
ਮਹਾਂਰਾਜੇ ਨੇ ਇਥੇ ‘ਸਿੱਖ ਕੌਮ’ ਲਿਖਿਆ ਸੀ ਪਰ ਕਿਸੇ ਨੇ ਕੱਟ ਕੇ ‘ਪੰਜਾਬ’ ਕਰ ਦਿਤਾ ਸੀ। ਇਹ ਸਲਾਹ ਉਸ ਨੂੰ ਪੈਟਰਿਕ ਕੈਸੀ ਨੇ ਦਿਤੀ ਸੀ। ਪੈਟਰਿਕ ਕੈਸੀ ਦਾ ਦੀ ਸਲਾਹ ਸੀ ਕਿ ਇਕੱਲੇ ਸਿੱਖਾਂ ਨਾਲੋਂ ਸਮੁੱਚੇ ਪੰਜਾਬ ਨੂੰ ਸੰਬੋਧਨ ਹੋਣ ਦੀ ਲੋੜ ਸੀ। ਪੈਟਰਿਕ ਕੈਸੀ ਆਇਰਸ਼ ਦੇਸ਼-ਭਗਤ ਸੀ ਜੋ ਆਇਰਲੈਂਡ ਦੀ ਅਜ਼ਾਦੀ ਲਈ ਕਾਫੀ ਸਮੇਂ ਤੋਂ ਸਘੰਰਸ਼ ਕਰ ਰਿਹਾ ਸੀ। ਉਸ ਦਾ ਕਾਫੀ ਤਜਰਬਾ ਸੀ। ਕੁਝ ਦੇਰ ਤੋਂ ਮਹਾਂਰਾਜੇ ਨਾਲ ਉਸ ਦੀ ਕਾਫੀ ਨੇੜਤਾ ਪੈਦਾ ਹੋ ਗਈ ਸੀ। ਦੋਨਾਂ ਦਾ ਸਾਂਝਾ ਨਿਸ਼ਾਨਾ ਸੀ; ਲੰਡਨ ਨਾਲ ਦੁਸ਼ਮਣੀ। ਉਸ ਨੇ ਐਲਾਨ-ਨਾਮਾ ਤਿਆਰ ਕਰਕੇ ਪੈਟਰਿਕ ਕੈਸੀ ਨੂੰ ਦਿਖਾਇਆ ਤਾਂ ਉਸ ਨੇ ਦੂਰ ਦੀ ਸੋਚਦਿਆਂ ਕਿਹਾ ਕਿ ਇਕੱਲੇ ਸਿੱਖਾਂ ਦੀ ਨਹੀਂ ਬਲਕਿ ਪੂਰੇ ਪੰਜਾਬੀਆਂ ਦੀ ਗੱਲ ਕਰੇਗਾ ਤਾਂ ਉਸ ਦੀ ਗੱਲ ਬਹੁਤੇ ਲੋਕਾ ਉਪਰ ਅਸਰ ਕਰੇਗੀ। ਪੈਟਰਿਕ ਕੈਸੀ ਮਹਾਂਰਾਜੇ ਨੂੰ ਕਈ ਕਿਸਮ ਦੀਆਂ ਸਲਾਹਾਂ ਦਿੰਦਾ ਰਹਿੰਦਾ ਸੀ। ਜਦੋਂ ਮਹਾਂਰਾਜਾ ਫਰਾਂਸ ਆਇਆ ਤਾਂ ਪੈਟਰਿਕ ਕੈਸੀ ਨੇ ਸਮਝ ਲਿਆ ਸੀ ਕਿ ਉਹ ਅੰਗਰੇਜ਼ਾਂ ਨਾਲ ਲੜਾਈ ਵਿਚ ਉਹਨਾਂ ਦੀ ਧਿਰ ਬਣ ਸਕਦਾ ਸੀ, ਇਸ ਲਈ ਪੈਟਰਿਕ ਨੇ ਆਪ ਜਾ ਕੇ ਹੀ ਮਹਾਂਰਾਜੇ ਨਾਲ ਦੋਸਤੀ ਗੰਢ ਲਈ ਸੀ। ਮਹਾਂਰਾਜੇ ਨੇ ਦੋਵੇਂ ਐਲਾਨਾਮੇ ਤਿਆਰ ਕੀਤੇ ਤੇ ਬੰਡਲ ਬਣਾ ਕੇ ਸੁਰੱਖਿਅਤ ਰੱਖ ਦਿਤੇ ਗਏ ਸਨ ਕਿ ਜਦੋਂ ਲੋੜ ਪਵੇ ਵਰਤ ਲਏ ਜਾਣ। ਇਹ ਖਾਕੀ ਰੰਗ ਦੇ ਕਾਗਜ਼ ਵਿਚ ਇਵੇਂ ਲਪੇਟੇ ਸਨ ਜਿਵੇਂ ਬੰਬ ਹੁੰਦੇ ਹਨ। ਮਹਾਂਰਾਜਾ ਇਹਨਾਂ ਐਲਾਨ-ਨਾਮਿਆਂ ਨੂੰ ਸਮੇਂ ਸਿਰ ਵਰਤਣਾ ਚਾਹੁੰਦਾ ਸੀ। ਪਹਿਲੇ ਐਲਾਨ-ਨਾਮੇ ਦੀ ਇਕ ਕਾਪੀ ਉਸ ਨੇ ਬ੍ਰਤਾਨਵੀ ਸਰਕਾਰ ਨੂੰ ਪੁਜਦੀ ਕਰ ਦਿਤੀ ਸੀ ਪਰ ਦੂਜਾ ਕਿਸੇ ਨੂੰ ਨਹੀਂ ਸੀ ਦਿਖਾਇਆ।
ਪਹਿਲੇ ਐਲਾਨ-ਨਾਮੇ ਨੇ ਸਰਕਾਰ ਵਿਚ ਡਰ ਜਿਹਾ ਪੈਦਾ ਕਰ ਦਿਤਾ ਹੋਇਆ ਸੀ। ਸਰਕਾਰ ਵਲੋਂ ਵੋਇਸਰਾਏ ਨੂੰ ਲਿਖ ਭੇਜ ਦਿਤਾ ਸੀ ਇਸ ਐਲਾਨ-ਨਾਮੇ ਦੇ ਛਪ ਜਾਣ ਦੀ ਸੂਰਤ ਵਿਚ ਹਿੰਦੁਸਤਾਨ ਦੇ ਹਾਲਾਤ ਉਪਰ ਕਿਹੋ ਜਿਹਾ ਅਸਰ ਪੈਣ ਦਾ ਡਰ ਸੀ। ਲੌਰਡ ਡੁਫਰਿਨ ਨੇ ਆਪਣੇ ਜਵਾਬ ਵਿਚ ਤਫਸੀਲ ਵਿਚ ਲਿਖ ਭੇਜਿਆ ਕਿ ਕਿਸੇ ਕਿਸਮ ਦੇ ਐਲਾਨ-ਨਾਮੇ ਤੋਂ ਡਰਨ ਦੀ ਲੋੜ ਨਹੀਂ। ਪੰਜਾਬ ਦੇ ਲੈਫਟੀਨੈਂਟ ਜਨਰਲ ਦੀ ਤਾਂ ਰਾਏ ਸੀ ਕਿ ਹੁਣ ਮਹਾਂਰਾਜੇ ਦੇ ਕਿਸੇ ਕਿਸਮ ਦੇ ਕਲੇਮ ਨੂੰ ਵਿਚਾਰਨ ਦੀ ਵੀ ਲੋੜ ਨਹੀਂ ਸੀ ਰਹੀ।
ਮਹਾਂਰਾਜੇ ਦੇ ਇਸ ਐਲਾਨ-ਨਾਮੇ ਨੂੰ ਲੈ ਕੇ ਮਹਾਂਰਾਜੇ ਦੇ ਦੋਸਤਾਂ ਵਿਚ ਵੀ ਚਰਚਾ ਛਿੜੀ ਹੋਈ ਸੀ। ਉਹਨਾਂ ਸਭ ਦਾ ਸਾਂਝੇ ਤੌਰ ‘ਤੇ ਵਿਚਾਰ ਸੀ ਕਿ ਮਹਾਂਰਾਜਾ ਇਸ ਐਲਾਨ-ਨਾਮੇ ਨੂੰ ਕਦੇ ਨਹੀਂ ਛਪਵਾਵੇਗਾ, ਇਹ ਤਾਂ ਉਸ ਦਾ ਦਲਦਲ ਵਿਚੋਂ ਬਾਹਰ ਨਿਕਲਣ ਦਾ ਇਕ ਰਾਹ ਸੀ। ਸਰਕਾਰ ਵਿਚ ਹਿਲਜੁਲ ਦੇਖ ਕੇ ਸਭ ਨੂੰ ਆਸ ਬੱਝਣ ਲਗੀ ਸੀ ਕਿ ਸ਼ਾਇਦ ਇਸ ਦਾ ਕੋਈ ਵਧੀਆ ਨਤੀਜਾ ਨਿਕਲ ਸਕੇ। ਸਭ ਦੀਆਂ ਨਜ਼ਰਾਂ ਸਰਕਾਰ ਵਲ ਲਗ ਗਈਆਂ। ਸਰਕਾਰੀ ਹਲਕਿਆਂ ਵਿਚ ਥੋੜੀ ਜਿਹੀ ਗੱਲ ਤੁਰੀ ਪਰ ਫਿਰ ਇਕ ਦਮ ਚੁੱਪ ਛਾ ਗਈ। ਐਲਾਨ-ਨਾਮੇ ਨੂੰ ਕਿਧਰੇ ਫਾਈਲਾਂ ਦੇ ਹੇਠਾਂ ਦੱਬ ਦਿਤਾ।
ਮਹਾਂਰਾਜਾ ਵੀ ਇਸ ਲਿਖਤ ਨੂੰ ਬਹੁਤ ਵੱਡਾ ਹਥਿਆਰ ਸਮਝ ਰਿਹਾ ਸੀ ਪਰ ਇਸ ਬਾਰੇ ਚੁੱਪ ਨੂੰ ਦੇਖਦਿਆਂ ਉਹ ਗੁੱਸੇ ਵਿਚ ਆਉਣ ਲਗਿਆ। ਕੁਝ ਦਿਨ ਉਡੀਕ ਕੇ ਮਹਾਂਰਾਜੇ ਨੂੰ 7 ਸਤੰਬਰ ਨੂੰ ਗਰੈਫਟਨ ਦੇ ਨਾਂ ਇਕ ਹੋਰ ਚਿੱਠੀ ਲਿਖੀ;
‘...ਮੈਂ ਕੁਝ ਲਾਈਨਾਂ ਫਿਰ ਲਿਖ ਰਿਹਾ ਹਾਂ ਕਿ ਜਿਹੜੀ ਹਮਦਰਦੀ ਮੇਰੇ ਦੇਸ਼ਵਾਸੀਆਂ ਨੂੰ ਮੇਰੇ ਨਾਲ ਹੋਈ ਸੀ ਵਕਤ ਪੈਣ ਨਾਲ ਮਰ ਜਾਵੇਗੀ ਜਦ ਤਕ ਕਿ ਮੈਂ ਇਕ ਜਾਂ ਦੂਜੇ ਤਰੀਕੇ ਨਾਲ ਇਹਨੂੰ ਜਿਉਂਦੇ ਨਾ ਰਖਿਆ। ...ਮੈਨੂੰ ਮੇਰੇ ਵਕੀਲ ਨੇ ਸਲਾਹ ਦਿਤੀ ਹੈ ਕਿ ਤੁਸੀਂ ਪੌਨਸਨਬੀ ਨਾਲ ਗੱਲ ਕਰਕੇ ਸਾਲਸ ਨਿਯੁਕਤ ਕਰਾ ਦਿਓ ਤੇ ਹੈਨੀਕਰ ਦਾ ਵੀ ਇਹ ਖਿਆਲ ਸੀ ਕਿ ਮੌਜੂਦਾ ਸਰਕਾਰ ਸ਼ਾਇਦ ਇਸ ਬਾਰੇ ਕੁਝ ਕਰ ਸਕੇ, ...ਮੈਂ ਆਪਣਾ ਐਲਾਨ-ਨਾਮੇ ਹਾਲੇ ਛਪਵਾਏ ਨਹੀਂ ਹਨ। ...ਸਾਲਸੀ ਤੋਂ ਘੱਟ ਮੈਨੂੰ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ...। ...ਮੇਰਾ ਕਹਿਣਾ ਹੈ ਕਿ ਤੁਸੀਂ ਤੇ ਹੈਨੀਕਰ ਨਾਂਹ ਸੁਣਨ ਲਈ ਨਾ ਜਾਇਓ। ...ਮੈਂ ਸੌਂਹ ਖਾਧੀ ਹੋਈ ਹੈ ਕਿ ਤੀਹ ਲੱਖ ਪੌਂਡ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕਰਾਂਗਾ।’...
ਇਹ ਐਲਾਨ-ਨਾਮੇ ਕਿਧਰੇ ਨਹੀਂ ਸਨ ਛਪੇ ਪਰ ਇਹਨਾਂ ਦੀ ਹੋਂਦ ਬਾਰੇ ਖ਼ਬਰ ਫੈਲ ਚੁੱਕੀ ਸੀ। ਲੋਕ ਇਹਨਾਂ ਵਿਚਲੇ ਮਸੌਦੇ ਦਾ ਅੰਦਾਜ਼ਾ ਵੀ ਲਗਾਉਣ ਲਗ ਪਏ ਸਨ। ਫਰਾਂਸ ਦੇ ਇਕ ਮੈਗਜ਼ੀਨ ਨੇ ਮਸਾਲਾ ਲਗਾਉਂਦਿਆਂ ਉਹਨਾਂ ਦਿਨਾਂ ਵਿਚ ਹੀ ਇਕ ਰਿਪ੍ਰੋਟ ਛਾਪੀ;
‘...ਉਤਰੀ-ਪੂਰਬੀ ਹਿੰਦੁਸਤਾਨ ਦੇ ਲੋਕ ਬ੍ਰਤਾਨਵੀ ਸਰਕਾਰ ਦੇ ਖਿਲਾਫ ਤੇ ਰੂਸੀ ਹਮਲੇ ਦੇ ਹੱਕ ਵਿਚ ਉਠ ਖੜੇ ਹਨ। ਕੇਂਦਰੀ ਏਸ਼ੀਆ ਵਿਚ ਖਤਰਨਾਕ ਹਾਲਾਤ ਪੈਦਾ ਹੋਣੇ ਕੁਦਰਤੀ ਹਨ।’
ਦੋ ਦਿਨ ਬਾਅਦ ਇਕ ਅਮਰੀਕਨ ਅਖ਼ਬਾਰ ਨੇ ਇਹ ਖਬ਼ਰ ਚੁੱਕ ਲਈ। ਹੁਣ ਅਮਰੀਕਾ ਵਿਚ ਵੀ ਮਹਾਂਰਾਜੇ ਬਾਰੇ ਖ਼ਬਰਾਂ ਨੂੰ ਬਹੁਤ ਉਤਸੁਕਤਾ ਨਾਲ ਪੜ੍ਹਿਆ ਜਾਂਦਾ ਸੀ। ਉਥੋਂ ਦੀਆਂ ਅਖ਼ਬਾਰਾਂ ਤੇ ਮੈਗਜ਼ੀਨ ਉਸ ਬਾਰੇ ਜੋ ਵੀ ਮਿਲਦਾ ਬਹੁਤ ਚਾਹ ਕੇ ਛਾਪਦੇ। ਸੋ ਹੁਣ ਐਟਲਾਂਟਿਕ ਪਾਰ ਵੀ ਮਹਾਂਰਾਜੇ ਦੇ ਖੂਬ ਚਰਚੇ ਹੋ ਰਹੇ ਸਨ। ਇਸ ਨਾਲ ਮਹਾਂਰਾਜਾ ਖੁਸ਼ ਸੀ ਕਿ ਸਰਕਾਰ ਉਪਰ ਦਬਾਅ ਹੋਰ ਵੀ ਵਧੇਗਾ। ਇਕ ਪਾਸੇ ਮਹਾਂਰਾਜਾ ਸਰਕਾਰ ਉਪਰ ਦਬਾਅ ਵਧਾਉਣ ਦੀਆਂ ਕੋਸਿ਼ਸ਼ਾਂ ਕਰਦਾ ਪਰ ਨਾਲ ਦੀ ਨਾਲ ਡਰਦਾ ਵੀ ਕਿ ਕਿਤੇ ਸਾਰੀ ਖੇਡ ਵਿਗੜ ਹੀ ਨਾ ਜਾਵੇ। ਸਰਕਾਰ ਵਲੋਂ ਚੁੱਪ ਦੇਖ ਕੇ ਉਸ ਨੇ ਆਪਣੇ ਵਲੋਂ ਸਫਾਈ ਦਿੰਦਿਆਂ ਸਰ ਰੌਬਰਟ ਮੌਂਟਗੋਮਰੀ ਨੂੰ ਤਾਰ ਦਿਤੀ;
‘ਕੋਈ ਵੀ ਐਲਾਨਨਾਮਾ ਨਾ ਮੇਰੇ ਵਲੋਂ ਕਿਧਰੇ ਹੋਰ ਭੇਜਿਆ ਗਿਆ ਹੈ ਤੇ ਨਾ ਹੀ ਮੈਂ ਕਿਸੇ ਦੇ ਛਪਣ ਦੀ ਆਗਿਆ ਦਿਤੀ ਹੈ ਬੇਸ਼ੱਕ ਦੋ ਐਲਾਨਨਾਮੇ ਮੇਰੇ ਕੋਲ ਤਿਆਰ ਪਏ ਹਨ ਪਰ ਪੁਰਾਣੀਆਂ ਗੱਠਾਂ ਖੋਹਲਣੀਆਂ ਮੁਸ਼ਕਲ ਹੁੰਦੀਆਂ ਹਨ।’
ਵਕਤ ਨਿਕਲ ਰਿਹਾ ਸੀ। ਸਰਕਾਰ ਚੁੱਪ ਸੀ। ਮਹਾਂਰਾਜਾ ਹਰ ਸਵੇਰ ਲੰਡਨ ਵਲ ਦੇਖਣਾ ਸ਼ੁਰੂ ਕਰ ਦਿੰਦਾ, ਜਿਵੇਂ ਜਿਵੇਂ ਸ਼ਾਮ ਪੈਣ ਲਗਦੀ, ਉਹ ਉਦਾਸ ਹੋਣ ਲਗਦਾ। ਉਸ ਦੇ ਸਬਰ ਦਾ ਪਿਆਲ ਉਛਲਣ ਕਿਨਾਰੇ ਹੋ ਰਿਹਾ ਸੀ। ਐਲਾਨ-ਨਾਮੇ ਧਰੇ-ਧਰਾਏ ਪਏ ਸਨ। ਇਹਨਾਂ ਦਾ ਤਿੱਖਾਪਨ ਸਰਕਾਰ ਨਾਲੋਂ ਮਹਾਂਰਾਜੇ ਨੂੰ ਜਿ਼ਆਦਾ ਤੰਗ ਕਰਨ ਲਗ ਪਿਆ। ਅਕਤੂਬਰ ਦਾ ਦੂਜਾ ਹਫਤਾ ਸ਼ੁਰੂ ਹੋ ਚੁਕਿਆ ਸੀ। ਉਸ ਤੋਂ ਐਲਾਨ-ਨਾਮੇ ਸੰਭਾਲਣੇ ਮੁਸ਼ਕਲ ਹੋ ਰਹੇ ਸਨ। ਉਸ ਨੇ ਐੱਲਵੇਡਨ ਹਾਲ ਦੇ ਆਪਣੇ ਗਵਾਂਢੀ ਤੇ ਦੋਸਤ ਹੈਨੀਕਰ ਨੂੰ ਲਿਖਿਆ;
‘...ਹੁਣ ਬਹੁਤ ਲੇਟ ਹੋ ਚੁੱਕਾ ਹੈ। ਮੈਂ ਜਲਦੀ ਹੀ ਪੂਰਬ ਵਲ ਚਲ ਪੈਣਾ ਹੈ, ...45,000 ਬ੍ਰਤਾਨਵੀ ਫੌਜ ਵਿਚ ਸਿੱਖ ਹਨ, ਉਹਨਾਂ ਕੋਲ ਕੋਈ ਲੀਡਰ ਨਹੀਂ ਸੀ ਪਰ ਹੁਣ ਮੈਂ ਉਹਨਾਂ ਦਾ ਲੀਡਰ ਹਾਂ, ਉਹ ਮੇਰੇ ਪ੍ਰਤੀ ਵਫਾਦਾਰ ਹਨ।’
ਮਹਾਂਰਾਣੀ ਵਿਕਟੋਰੀਆ ਨੂੰ ਮਹਾਂਰਾਜੇ ਦੀ ਇਸ ਚਿੱਠੀ ਤੋਂ ਜਾਣੂ ਕਰਾਇਆ ਗਿਆ ਤਾਂ ਉਹ ਤਾਂ ਪਹਿਲਾਂ ਹੀ ਉਸ ਨਾਲ ਖਫਾ ਸੀ। ਮਹਾਂਰਾਣੀ ਨੂੰ ਉਸ ਨਾਲੋਂ ਉਸ ਦੇ ਪਰਿਵਾਰ ਦਾ ਫਿਕਰ ਜਿ਼ਆਦਾ ਸੀ। ਸਰ ਪੌਨਸਨਬੀ ਨੇ ਇਸ ਵੇਲੇ ਬਾਰੇ ਲਿਖਿਆ;
‘...ਮਹਾਂਰਾਣੀ ਦੇ ਸਬਰ ਦਾ ਬੰਨ ਟੁੱਟ ਰਿਹਾ ਸੀ, ਮਹਾਂਰਾਜੇ ਵਲੋਂ ਵਰਤੀ ਹੋਈ ਜ਼ੁਬਾਨ ਮਹਾਂਰਾਣੀ ਨਾਲ ਦੋਸਤੀ ਦੀ ਹੱਦ ਤੋਂ ਪਾਰ ਦੀ ਸੀ, ਹੁਣ ਉਸ ਨੂੰ ਫਿਕਰ ਸੀ ਕਿ ਮਹਾਂਰਾਜੇ ਦੀਆਂ ਬੇਵਕੂਫੀਆਂ ਦਾ ਅਸਰ ਉਸ ਦੀ ਪਤਨੀ ‘ਤੇ ਨਾ ਪਵੇ।’
ਇਕ ਵਾਰ ਫਿਰ ਮਹਾਂਰਾਜੇ ਦੇ ਦਿਮਾਗ ਵਿਚ ਰੂਸ ਦਾ ਨਾਂ ਫਿਰਨ ਲਗਿਆ। ਪੈਟਰਿਕ ਕੈਸੀ ਨੇ ਉਸ ਨੂੰ ਮੁੜ ਕੇ ਰੂਸੀ ਰਾਜਦੂਤ ਨੂੰ ਮਿਲਣ ਲਈ ਕਿਹਾ। ਮਹਾਂਰਾਜਾ ਸੋਚਣ ਲਗਿਆ ਕਿ ਜੇ ਉਹ ਰੂਸ ਨਾਲ ਰਲ ਕੇ ਹਿੰਦੁਸਤਾਨ ‘ਤੇ ਚੜ੍ਹਾਈ ਕਰ ਦੇਵੇ ਤੇ ਲੜਾਈ ਜਿੱਤ ਲਵੇ, ਉਸ ਵਕਤ ਆਪਣੇ ਲੋਕਾਂ ਨੂੰ ਦੇਣ ਲਈ ਉਸ ਕੋਲ ਕੋਈ ਸੁਨੇਹਾ ਤਾਂ ਹੋਣਾ ਚਾਹੀਦਾ ਹੈ। ਉਸ ਵਕਤ ਤਾਂ ਉਹ ਲੜਾਈ ਵਿਚ ਏਨਾ ਰੁੱਝਿਆ ਹੋਵੇਗਾ ਕਿ ਕੋਈ ਸੁਨੇਹਾ ਤਿਆਰ ਕਰਨਾ ਮੁਸ਼ਕਲ ਹੋਵੇਗਾ। ਉਹ ਵੇਲਾ ਹੋਵੇਗਾ ਇਸ ਸੁਨੇਹੇ ਨੂੰ ਲੋਕਾਂ ਵਿਚ ਵੰਡਣ ਦਾ। ਉਹ ਦਿਤੇ ਜਾਣ ਵਾਲੇ ਉਸ ਸੁਨੇਹੇ ਦੀ ਇਬਾਰਤ ਸੋਚਣ ਲਗਿਆ। ਲਿਖਣ ਲਈ ਉਸ ਦੇ ਮਨ ਵਿਚ ਇਕ ਲੰਮੀ ਗੱਲਬਾਤ ਤਿਆਰ ਹੋਣ ਲਗੀ। ਵੱਡੀ ਗੱਲ ਤਾਂ ਆਪਣੇ ਲੋਕਾਂ ਨੂੰ ਹੌਂਸਲੇ ਵਿਚ ਰੱਖਣ ਦੀ ਸੀ। ਉਹਨਾਂ ਨੂੰ ਚੜ੍ਹਦੀ ਕਲਾ ਵਿਚ ਲਿਆਉਣ ਦੀ ਸੀ। ਹਲਾਸ਼ੇਰੀ ਦਿੰਦਿਆਂ ਉਸ ਨੇ ਲਿਖਣਾ ਸ਼ੁਰੂ ਕੀਤਾ;
‘...ਹੌਂਸਲਾ ਰੱਖੋ! ਹੌਂਸਲਾ ਰੱਖੋ! ...ਅਸੀਂ ਤੁਹਾਡੇ ਆਪੇ ਖੂਨ-ਮਾਸ ਦਾ ਹਿੱਸਾ ਹਾਂ, ਥੱਲੇ ਸੁੱਟੇ ਸਿਰਾਂ ਨੂੰ ਉਪਰ ਚੁੱਕੋ ਤੇ ਡਿਗੇ ਹੋਏ ਹੌਂਸਲਿਆਂ ਨੂੰ ਬੁਲੰਦ ਕਰੋ, ਸਰਬ-ਸ਼ਕਤੀਮਾਨ ਦੀ ਸਹਾਇਤਾ ਲੈਂਦੇ ਉਠੋ, ...ਨੌਜਵਾਨੋ, ਅਜ਼ਾਦੀ ਮਾਣੋ ਤੇ ਆਪਣੀ ਸਰਕਾਰ ਬਣਾਓ। ...ਸਾਡੇ ਬਹਾਦਰ ਦੇਸ਼ ਵਾਸੀਓ, ਉਠੋ ਤੇ ਆਪਣਾ ਬਦਲਾ ਲੈਣ ਲਈ ਅਗੇ ਵਧੋ! ਸਰਬ ਸ਼ਕਤੀਮਾਨ ਇਹਨਾਂ ਦੁਸ਼ਟਾਂ ਨੂੰ ਜਲਦੀ ਹੀ ਇਹਨਾਂ ਦੇ ਪੈਰਾਂ ਹੇਠ ਦੱਬ ਦੇਵੇਗਾ। ...ਜਿਹੜਾ ਵਤੀਰਾ ਇਹਨਾਂ ਨੇ ਸਾਡੇ ਨਾਲ ਕੀਤਾ ਹੈ ਕਿ ਕਿਸੇ ਅੰਗਰੇਜ਼ ਨਾਲ ਇਹ ਉਵੇਂ ਨਹੀਂ ਸਨ ਕਰ ਸਕਦੇ। ਸਾਡੇ ਨਾਲ ਕੀਤਾ ਕਿ ਅਸੀਂ ਹਿੰਦੁਸਤਾਨੀ ਹਾਂ ਪਰ ਹੁਣ ਮੌਕਾ ਆ ਗਿਆ ਹੈ ਬਦਲਾ ਲੈਣ ਦਾ। ...ਦੋਸਤੋ, ਤੁਸੀਂ ਹਾਲੇ ਬੁਜ਼ਦਿਲ ਨਹੀਂ ਬਣੇ ਨਾ ਹੀ ਇਹ ਜ਼ਾਲਮ ਦੁਸ਼ਮਣ ਹਾਲੇ ਤੁਹਾਨੂੰ ਕਠਪੁਤਲੀਆਂ ਬਣਾ ਸਕਿਆ ਹੈ, ਹੁਣ ਸਾਂਝੇ ਕਾਰਜ ਲਈ ਉਠਦੇ ਆਪਣੀ ਧਰਤੀ ਮਾਂ ਨੂੰ ਇਹਨਾਂ ਤੋਂ ਅਜ਼ਾਦ ਕਰਾ ਲਓ। ...ਇਹ ਤੁਹਾਡਾ ਕੰਮ ਵੀ ਹੈ ਤੇ ਫਰਜ਼ ਵੀ, ਅਸੀਂ ਜੋ ਕਦੇ ਕਮਜ਼ੋਰ ਸਾਂ, ਰੱਬ ਨੇ ਸਾਨੂੰ ਮੁੜ ਤਾਕਤਵਰ ਬਣਾ ਦਿਤਾ ਹੈ। ...ਸ੍ਰਿੀ ਖਾਲਸਾ ਜੀ, ਤੁਸੀਂ ਤੇ ਤੁਹਾਡੇ ਵਡੇਰਿਆਂ ਨੇ ਬ੍ਰਤਾਨਵੀ ਰਾਜ ਨੂੰ 1857 ਦੀ ਲੜਾਈ ਜਿੱਤ ਕੇ ਦਿਤੀ ਹੈ, ਉਸ ਵਕਤ ਅਸੀਂ ਇੰਗਲੈਂਡ ਪ੍ਰਤੀ ਵਫਾਦਾਰ ਸਾਂ। ਸਾਡੀ ਗੈਰਹਾਜ਼ਰੀ ਵਿਚ ਤੁਹਾਡੇ ਕੋਲ ਕੋਈ ਸਰਬਰਾਹ ਵੀ ਨਹੀਂ ਸੀ ਕਿ ਤੁਹਾਡੀ ਭਲਾਈ ਬਾਰੇ ਸੋਚ ਸਕਦਾ ਪਰ ਹੁਣ ਆਉਣ ਵਾਲੇ ਸੰਘਰਸ਼ ਵਿਚ ਅਸੀਂ ਤੁਹਾਡੇ ਨਾਲ ਹਾਂ। ਅਸੀਂ ਸ੍ਰਿੀ ਸਤਿਗੁਰੂ ਜੀ ਵਲੋਂ ਤੇ ਭੈਰੋਵਾਲ ਦੀ ਸੰਧੀ ਮੁਤਾਬਕ ਤੁਹਾਡੇ ਸੱਤਾਧਾਰੀ ਹਾਂ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਪੰਜਾਬ ਵਲ ਅਗੇ ਵਧਣ ਲਈ ਤਿਆਰ ਰਹੋ। ...ਅਸੀਂ ਇਹ ਵੀ ਹੁਕਮ ਦਿੰਦੇ ਹਾਂ ਕਿ ਸਾਡੀ ਵਫਾਦਾਰ ਰਿਆਇਆ ਬ੍ਰਤਾਨਵੀ ਫੌਜ ਵਿਚ ਵੀ ਕੰਮ ਕਰਦੀ ਹੋ ਸਕਦੀ ਹੈ, ਉਹ ਵੀ ਸਾਡੇ ਨਾਲ ਆ ਰਲ਼ੇ, ਜਿਹੜੇ ਲੜਾਈ ਦੇ ਮੈਦਾਨ ਵਿਚ ਹਾਲੇ ਨਹੀਂ ਆਏ ਉਹ ਵੀ ਸਾਡੇ ਨਾਲ ਆ ਜਾਣ ਤੇ ਜਿਹੜੇ ਦੁਸ਼ਮਣਾਂ ਵਲੋਂ ਸਾਡੇ ਨਾਲ ਇਸ ਵੇਲੇ ਲੜ ਰਹੇ ਹਨ ਉਹ ਵੀ ਸਾਡੇ ਨਾਲ ਆ ਰਲ਼ਣ, ਜਿਹੜੇ ਸਾਡੇ ਲਈ ਵਫਾਦਾਰ ਨਹੀਂ ਹੋਣਗੇ ਅਸੀਂ ਉਹਨਾਂ ਨੂੰ ਮਿਟਾ ਦੇਵਾਂਗੇ। ...ਸ੍ਰਿੀ ਖਾਲਸਾ ਜੀ, ਅਸੀਂ ਤੁਹਾਨੂੰ ਸਾਖੀਆਂ ਪੜ੍ਹਨ ਦੀ ਸਲਾਹ ਦਿੰਦੇ ਹਾਂ, ਉਹਨਾਂ ਵਿਚੋਂ ਆਪਣੀ ਸ਼ਾਨ ਵਾਲੀ ਹੋਣੀ ਜਾਣੋ, ਜੋ ਕੁਝ ਦਸਵੇਂ ਪਾਤਸ਼ਾਹ ਸ੍ਰਿੀ ਗੁਰੂ ਗੋਬਿੰਦ ਸਿੰਘ ਨੇ ਕਿਹਾ, ਉਹਨੂੰ ਸਮਝੋ। ...ਵਾਹਿਗੁਰੂ ਜੀ ਕੀ ਫਤਿਹ! ...ਦਲੀਪ ਸਿੰਘ, ਸੱਤਾਧਾਰੀ, ਸਿੱਖ ਕੌਮ (ਫਰਵਰੀ 1887)
ਮਹਾਂਰਾਜੇ ਦਾ ਦਿਮਾਗ ਹਰ ਵੇਲੇ ਚਾਰੇ ਪਾਸੇ ਘੁੰਮਦਾ ਰਹਿੰਦਾ ਸੀ। ਜਿਥੋਂ ਵੀ ਉਹ ਕੋਈ ਮੱਦਦ ਲੈ ਸਕਦਾ, ਲੈਣ ਦੀ ਕੋਸਿ਼ਸ਼ ਕਰਦਾ। ਇਕ ਦਿਨ ਉਸ ਦੀ ਸੁਰਤੀ ਰੌਬਰਟ ਵੌਟਸਨ ‘ਤੇ ਆ ਟਿਕੀ। ਵੌਟਸਨ ਉਸ ਦਾ ਮੁਲਗਰੇਵ ਦੇ ਦਿਨਾਂ ਦਾ ਵਾਕਫ ਸੀ, ਖਾਸ ਦੋਸਤ ਸੀ ਤੇ ਉਸ ਦੇ ਮਤਿਹਤ ਕੰਮ ਵੀ ਕਰਦਾ ਰਿਹਾ ਸੀ। ਮਹਾਂਰਾਜੇ ਲਈ ਕਾਫੀ ਸਾਰੀ ਸਹਾਇਤਾ ਜੁਟਾਉਣ ਵਿਚ ਵੀ ਲਗਾ ਰਿਹਾ ਸੀ। ਜਦੋਂ ਮਹਾਂਰਾਜੇ ਨੂੰ ਵਿਟਬੀ ਤੋਂ ਚੋਣ ਲੜਾਈ ਜਾਣ ਦੀ ਗੱਲ ਹੋਈ ਸੀ ਤਾਂ ਰੌਬਰਟ ਵੌਸਟਨ ਹੀ ਸਭ ਤੋਂ ਮੁਹਰੇ ਸੀ। ਜਦ ਮਿਸਟਰ ਹੈਨਬਰੀ ਨੇ ਮਹਾਂਰਾਜੇ ਦੀ ਭੈੜੀ ਹਾਲਤ ਬਾਰੇ ਪਾਰਲੀਮੈਂਟ ਵਿਚ ਸਵਾਲ ਉਠਾਇਆ ਸੀ ਤਾਂ ਇਸ ਦੇ ਪਿੱਛੇ ਵੌਟਸਨ ਹੀ ਸੀ। ਹਾਲੇ ਪਿੱਛੇ ਜਿਹੇ ਹੀ ਵੌਟਸਨ ਨੇ ਆਪਣੀ ਹਮਦਰਦੀ ਪੇਸ਼ ਕਰਦਿਆਂ ਮਹਾਂਰਾਜੇ ਨੂੰ ਇਕ ਖਤ ਲਿਖਿਆ ਸੀ। ਮਹਾਂਰਾਜਾ ਇਹ ਖੱਤ ਪ੍ਰਾਪਤ ਕੇ ਬਹੁਤ ਖੁਸ਼ ਹੋਇਆ ਸੀ। ਉਸ ਵਕਤ ਤਾਂ ਉਹ ਜਵਾਬ ਨਹੀਂ ਸੀ ਦੇ ਸਕਿਆ ਪਰ ਹੁਣ ਉਸ ਦਾ ਧਿਆਨ ਆਉਂਦਿਆਂ ਹੀ ਜਵਾਬ ਦੇਣ ਬਹਿ ਗਿਆ;
‘...ਤੁਹਾਡੇ ਖਤ ਦਾ ਧੰਨਵਾਦ, ਇਸ ਤੋਂ ਲਗਦਾ ਹੈ ਕਿ ਇੰਗਲੈਂਡ ਵਿਚ ਹਾਲੇ ਵੀ ਸਹੀ ਦਿਮਾਗ ਵਾਲੇ ਅੰਗਰੇਜ਼ ਬਚਦੇ ਹਨ। ਮਿਸਟਰ ਹੈਨਬਰੀ ਦਾ ਪਾਰਲੀਮੈਂਟ ਵਿਚ ਸਵਾਲ ਖੜਾ ਕਰਨ ਲਈ ਵੀ ਸ਼ੁਕਰੀਆ ਪਰ ਜਦ ਉਹ ਮੇਰੀ ਇਕ ਸੱਤਾਧਾਰੀ ਦੀ ਨਹੀਂ ਸੁਣਦੇ ਤਾਂ ਉਸ ਦੀ ਕੀ ਸੁਣਨਗੇ, ...ਲੌਰਡ ਸੇਲਜ਼ਬਰੀ ਕਿਸੇ ਕਿਸਮ ਦੇ ਸਾਲਸ ਤੋਂ ਸਾਫ ਇਨਕਾਰ ਕਰ ਰਿਹਾ ਹੈ। ...ਪਾਰਲੀਮੈਂਟ ਵਿਚ ਵੀ ਮੇਰਾ ਕੇਸ ਨਹੀਂ ਲਾਇਆ ਜਾਵੇਗਾ, ...ਬ੍ਰਤਾਨੀਆਂ ਦੁਨੀਆਂ ਦੇ ਕਿਸੇ ਵੀ ਭੈੜੇ ਦੇਸ਼ ਤੋਂ ਘੱਟ ਨਹੀਂ ਹੈ। ...ਸੰਧੀ ਮੁਤਾਬਕ ਜੋ ਕੁਝ ਮੈਨੂੰ ਦਿਤਾ ਜਾਣਾ ਸੀ ਉਸ ਤੋਂ ਹੀ ਇਹ ਲੋਕ ਇਨਕਾਰੀ ਹਨ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ, ...ਐਡੀ ਵੱਡੀ ਸਿੱਖ ਕੌਮ ਨੂੰ ਇਹਨਾਂ ਧੋਖਾ ਦਿਤਾ ਹੈ। ਹਾਂ! ਜਿਹੜੇ ਸ਼ੀਸ਼ੇ ਦੇ ਘਰਾਂ ਵਿਚ ਰਹਿੰਦੇ ਹਨ ਦੂਜਿਆਂ ਤੇ ਪੱਥਰ ਨਹੀਂ ਸੁਣਦੇ। ...ਸਾਰੇ ਹਾਲਾਤ ਦਾ ਤੁਹਾਨੂੰ ਪਤਾ ਹੈ ਜਿਹਨਾਂ ਵਿਚ ਦੀ ਮੈਂ ਲੰਘਿਆ ਹਾਂ, ...ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੇ ਸ਼ੇਰ ਦਾ ਪੁੱਤ ਹਾਂ। ...ਮੈਂ ਆਪਣੇ ਸਤਿਗੁਰੂ ਦੇ ਅਸ਼ੀਰਵਾਦ ਨਾਲ ਹਿੰਦੁਸਤਾਨ ਵਿਚੋਂ ਇਹਨਾਂ ਜ਼ਾਲਮ ਤੇ ਅਨੈਤਿਕ, ਬੇਅਸੂਲੇ ਲੋਕਾਂ ਨੂੰ ਜਲਦੀ ਹੀ ਕੱਢ ਦੇਵਾਂਗਾ। ...ਰੂਸ ਨੂੰ ਮੈਨੂੰ 10,000 ਸਿਪਾਹੀ ਦੇਣ ਦਿਓ ਤੇ 45,000 ਪੰਜਾਬੀ ਮੇਰਾ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਹਨ, ...ਇਸ ਤੋਂ ਬਿਨਾਂ ਹਿੰਦੁਸਤਾਨ ਦੇ ਦੇਸੀ ਰਾਜਕੁਮਾਰ ਵੀ, ਇਹ ਸਭ ਮੇਰੇ ਨਾਲ ਹਨ, ਮੈਂ ਬ੍ਰਤਾਨੀਆਂ ਨੂੰ ਸਬਕ ਸਿਖਾ ਦੇਵਾਂਗਾ। ...ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ...ਇਹ ਤਾਂ ਇਹਨਾਂ ਦੇ ਬੁਰੇ ਕੰਮਾਂ ਦਾ ਬਦਲਾ ਲੈਣ ਲਈ ਹੀ ਹੈ। ...ਮੈਂ ਦੋਨਾਂ ਐਲਾਨ-ਨਾਮਿਆਂ ਦੇ ਉਤਾਰ ਭੇਜ ਰਿਹਾ ਹਾਂ, ਇਹ ਹਾਲੇ ਛਾਇਆ ਨਹੀਂ ਹੋਏ। ...ਵੌਟਸਟਨ, ਰੱਬ ਤੈਨੂੰ ਖੁਸ਼ ਰੱਖੇ।’
ਵੌਟਸਨ ਯੌਰਕਸ਼ਇਰ ਦਾ ਜੰਮਿਆਂ ਹੋਇਆ ਸੀ ਜਿਥੋਂ ਦੀ ਭਾਵੁਕਤਾ ਬਹੁਤ ਮਸ਼ਹੂਰ ਸੀ। ਉਸ ਉਪਰ ਮਹਾਂਰਾਜੇ ਦੀ ਚਿੱਠੀ ਤੇ ਐਲਾਨ-ਨਾਮਿਆਂ ਦਾ ਬਹੁਤ ਅਸਰ ਹੋਇਆ। ਉਸ ਨੇ ਆਪਣੇ ਖਾਸ ਲਹਿਜ਼ੇ ਵਿਚ ਜਵਾਬ ਦਿਤਾ;
‘...ਯੋਅਰ ਹਾਈਨੈੱਸ, ਤੁਹਾਡੇ ਨਾਲ ਹੁੰਦੀਆਂ ਸਾਰੀਆਂ ਵਧੀਕੀਆਂ ਦੇਖ ਰਿਹਾ ਹਾਂ, ਮੈਨੂੰ ਤੁਹਾਡੇ ਵਿਚ ਪੂਰੀ ਤਰ੍ਹਾਂ ਵਿਸਵਾਸ਼ ਹੈ, ਤੁਸੀਂ ਮੇਰੇ ਰਾਜਕੁਮਾਰ ਵੀ ਹੋ ਤੇ ਪੁਰਾਣੇ ਮਾਲਕ ਵੀ, ...ਇਹ ਤਾਂ ਤੁਸੀਂ ਵੀ ਜਾਣਦੇ ਹੀ ਹੋਵੋਗੇ ਕਿ ਜੇਕਰ ਰੂਸ ਤੁਹਾਡੀ ਕੋਈ ਮੱਦਦ ਕਰੇਗਾ ਤਾਂ ਆਪਣੇ ਮਕਸਦਾਂ ਦੀ ਪੂਰਤੀ ਕਰਕੇ ਹੀ ਕਰੇਗਾ, ...ਯੋਅਰ ਹਾਈਨੈੱਸ, ਸਰਬ-ਸ਼ਕਤੀਮਾਨ ਦੀ ਦੈਆ ਨਾਲ, ਜਿਸ ਧਰਮ ਵਿਚ ਮੈਂ ਮਰਜ਼ੀ ਯਕੀਨ ਰੱਖਾਂ ਤੇ ਜਿਸ ਵਿਚ ਤੁਸੀਂ ਮਰਜ਼ੀ ਰੱਖੋ, ਮੈਂ ਆਪਣੇ ਮੁਲਕ ਦੇ ਲੋਕਾਂ ਨੂੰ ਤੁਹਾਡੀ ਸੱਚਾਈ ਸਾਹਮਣੇ ਜਿਤਦੇ ਨਹੀਂ ਦੇਖ ਸਕਦਾ, ...ਮੇਰੇ ਪਿਆਰੇ ਰਾਜਕੁਮਾਰ, ਮੈਨੂੰ ਲਗਦਾ ਹੈ ਕਿ ਮਹਾਂਰਾਣੀ ਵਿਕਟੋਰੀਆ ਨਾਲ ਮੁੜ-ਜੁੜਨ ਦੇ ਹਾਲੇ ਵੀ ਰਾਹ ਖੁਲ੍ਹੇ ਹਨ, ...ਮੈਨੂੰ ਪਤਾ ਹੈ ਕਿ ਤੁਹਾਡੀ ਹਰ ਮੈਜਿਸਟੀ ਪ੍ਰਤੀ ਵਫਾਦਾਰੀ ਬਹੁਤ ਮਜ਼ਬੂਤ ਰਹੀ ਹੈ, ...ਮੈਨੂੰ ਤੁਹਾਡੇ ਨਾਲ ਆਪਣੀ ਜਿ਼ੰਦਗੀ ਜਿੰਨਾ ਹੀ ਪਿਆਰ ਹੈ, ...ਰੱਬ ਕਰੇ ਕਿ ਇਸ ਮੌਕੇ ਮੈਨੂੰ ਤੁਹਾਡੀ ਸਹਾਇਤਾ ਕਰਨ ਦਾ ਬੱਲ ਮਿਲੇ।’
ਤੁਹਾਡਾ ਨਿਮਰ, ਵਫਾਦਾਰ ਨੌਕਰ, ਰੌਬਰਟ ਵੌਟਸਨ।
ਇਸ ਸਾਰੀ ਸਥਿਤੀ ਵਿਚ ਵੌਟਸਨ ਦਾ ਮਨ ਵੀ ਬਹੁਤ ਦੁਖੀ ਸੀ, ਉਸ ਨੇ ਮਹਾਂਰਾਜੇ ਨੂੰ ਦੱਸੇ ਬਿਨਾਂ ਹੀ ਉਸ ਦੀ ਚਿੱਠੀ ਤੇ ਐਲਾਨ-ਨਾਮੇ ਸਿਧੇ ਮਹਾਂਰਾਣੀ ਨੂੰ ਭੇਜ ਦਿਤੇ ਤੇ ਪਹਿਲੀ ਵਾਰ ਮਹਾਂਰਾਣੀ ਨੂੰ ਕਿਹਾ ਕਿ ਇਸ ਮਾਮਲੇ ਵਿਚ ਉਸ ਨੂੰ ਖੁਦ ਦਖਲ ਦੇਣਾ ਚਾਹੀਦਾ ਹੈ। ਉਸ ਨੇ ਲਿਖਿਆ;
‘...ਮੇਰੀ ਤੁੱਛ ਜਿਹੀ ਇਛਿਆ ਤੁਹਾਡੇ ਤਕ ਪਹੁੰਚ ਕਰਨ ਦੀ ਇਹ ਹੈ ਕਿ ਮੈਂ ਆਪਣੇ ਪੁਰਾਣੇ ਮਾਲਕ ਮਹਾਂਰਾਜਾ ਦਲੀਪ ਸਿੰਘ ਨੂੰ ਤਬਾਹੀ ਤੋਂ ਬਚਾਉਣਾ ਚਾਹੁੰਦਾ ਹਾਂ। ਮੈਨੂੰ ਯਕੀਨ ਹੈ ਕਿ ਉਸ ਨੂੰ ਤਬਾਹ ਹੋਣ ਦੇਣਾ ਬਹੁਤ ਖਤਰਨਾਕ ਹੋਵੇਗਾ ਤੇ ਸਾਡੇ ਦੇਸ਼ ਲਈ ਬੇਇਜ਼ਤੀ ਦਾ ਕਾਰਨ ਬਣੇਗਾ। ...ਯੋਅਰ ਮੈਜਿਸਟੀ, ਮੇਰਾ ਪਹਿਲਾ ਫਰਜ਼ ਤੁਹਾਡੇ ਪ੍ਰਤੀ ਹੈ ਤੇ ਦੂਜਾ ਫਰਜ਼ ਉਸ ਨੂੰ ਬਚਾਉਣ ਪ੍ਰਤੀ ਹੈ ਜਿਸ ਬਾਰੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋਂ ਮਹਿਸੂਸ ਕਰਦਾ ਹਾਂ, ...ਯੋਅਰ ਮੈਜਿਸਟੀ, ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਰੁਤਬੇ ਦਾ ਦਬਾਅ ਬਣਾਉਂਦਿਆਂ ਇਨਸਾਫ ਕਰਕੇ ਉਸ ਨੂੰ ਵੱਡੀ ਬਿਪਤਾ ਤੋਂ ਬਚਾ ਕਰ ਦਿਓ। ...ਮੈਂ ਇਸ ਵਿਚ ਸਿਰਫ ਇਕ ਗੱਲ ਹੋਰ ਜਮ੍ਹਾਂ ਕਰਨੀ ਹੈ ਕਿ ਆਪਣੀ ਇਹ ਗੱਲਬਾਤ ਗੁਪਤ ਰਹੇਗੀ ਤੇ ਐਲਾਨ-ਨਾਮੇ ਵੀ ਸਿਰਫ ਤੁਹਾਡੇ ਪਰਾਈਵੇਟ ਸੈਕਟਰੀ ਨੂੰ ਹੀ ਦੇਵਾਂਗਾ,... ਮੈਂ ਨਾਲ ਹੀ ਆਪਣੇ ਪਿਆਰੇ ਪੁਰਾਣੇ ਮਾਲਕ ਨੂੰ ਦਿਤੇ ਮੇਰੇ ਜਵਾਬ ਦਾ ਉਤਾਰ ਵੀ ਭੇਜ ਰਿਹਾ ਹਾਂ, ਹਰ ਮੈਜਿਸਟੀ, ਮੈਨੂੰ ਦੋ ਰਾਹ ਦਿਸ ਰਹੇ ਹਨ। ਇਕ ਤਾਂ ਤੁਸੀਂ ਆਪਣੀ ਸਰਕਾਰ ਨੂੰ ਇਨਸਾਫ ਕਰਨ ਦੇ ਹੁਕਮ ਦਿਓ ਤੇ ਦੂਜਾ ਤੁਸੀਂ ਮਹਾਂਰਾਜੇ ਨੂੰ ਵਿੰਡਸਰ ਸੱਦ ਕੇ ਆਪਣੇ ਤਜਰਬੇ ਤੇ ਅਨੁਭਵ ਅਨੁਸਾਰ ਹੁਕਮ ਸੁਣਾਓ। ...ਮੇਰੀ ਸ਼ਾਨੋ-ਸ਼ੌਕਤ ਵਾਲੀ ਸਰਕਾਰ, ਮੈਂ ਹਾਂ ਤੁਹਾਡਾ ਸੱਚਾ ਦੇ ਵਫਾਦਾਰ ਨਾਗਰਿਕ: ਰੌਬਰਟ ਵੌਟਸਨ।
ਮਹਾਂਰਾਜੇ ਨੂੰ ਵੌਟਸਨ ਦੀ ਮਹਾਂਰਾਣੀ ਤਕ ਪਹੁੰਚ ਕਰਨ ਦੀ ਕੋਸਿ਼ਸ਼ ਦਾ ਪਤਾ ਚਲਿਆ ਤਾਂ ਉਹ ਕੁਝ ਹੋਰ ਔਖਾ ਹੋ ਗਿਆ। ਉਹ ਸੋਚਦਾ ਸੀ ਕਿ ਕਿਧਰੇ ਸਸਤੇ ਵਿਚ ਹੀ ਸਮਝੌਤਾ ਨਾ ਹੋ ਜਾਵੇ। ਤੀਹ ਲੱਖ ਪੌਂਡ ਦੀ ਮੰਗ ਇਕ ਵਾਰ ਫਿਰ ਉਸ ਦੇ ਦਿਮਾਗ ਵਿਚ ਫਿਰਨ ਲਗੀ। ਉਸ ਨੇ ਵੌਟਸਨ ਨੂੰ ਲਿਖਿਆ;
‘...ਵੌਟਸਨ, ਮੇਰਾ ਯਕੀਨ ਕਰਨਾ, ਹਿੰਦੁਸਤਾਨ ਵਿਚ ਬ੍ਰਤਾਨਵੀ ਰਾਜ ਨੂੰ ਬਚਾਉਣ ਜਾਂ ਖਤਮ ਕਰਨ ਦੀ ਤਾਕਤ ਮੇਰੇ ਕੋਲ ਹੈ। ਮੈਂ ਤੀਹ ਲੱਖ ਪੌਂਡ ਲਵਾਂਗਾ ਜਾਂ ਬਦਲਾ। ...ਬ੍ਰਤਾਨਵੀ ਸਰਕਾਰ ਨੂੰ 45,000 ਸਿੱਖ ਫੌਜੀਆਂ ਦੀ ਵਫਾਦਾਰੀ ਬਾਰੇ ਜਾਣ ਲੈਣ ਦੇ ਉਸ ਨੂੰ ਆਪਣੇ ਆਪ ਮੇਰੀਆਂ ਗੱਲਾਂ ਦਾ ਯਕੀਨ ਹੋ ਜਾਵੇਗਾ। ...ਮੈਂ ਸ਼ਾਅਦੀ ਭਰਦਾ ਹਾਂ ਕਿ ਹਿੰਦੁਸਤਾਨ ਵਿਚ ਰੂਸ ਆਵੇ ਜਾਂ ਕੋਈ ਹੋਰ ਤਾਕਤ ਪਰ ਹਿੰਦੁਸਤਾਨ ਦੇ 80 ਲੱਖ ਬਹਾਦਰ ਲੋਕਾਂ ਦੇ ਦਿਲ ਤੇ ਜਿਸਮ ਉਸ ਨਾਲ ਹੀ ਹੋਣਗੇ ਤੇ ਦੂਜੇ ਪਾਸੇ ਬ੍ਰਤਾਨੀਆ ਨਾਲ ਇਕ ਹਿੁੰਦਸਤਾਨੀ ਵੀ ਨਹੀਂ ਖੜੇਗਾ। ...ਇਹ ਲੋਕ ਆਪਣੇ ਹਿੱਤਾਂ ਲਈ ਮਰੇ ਫਿਰਦੇ ਹਨ ਤੇ ਮੇਰੇ ਵਿਚ ਵਿਸਵਾਸ਼ ਦਿਖਾਉਣ ਦੀ ਥਾਂ ਮੈਨੂੰ ਬੇਵਫਾ ਗਰਦਾਨੀ ਜਾ ਰਹੇ ਹਨ...।’ ਦਲੀਪ ਸਿੰਘ, ਸੱਤਾਧਾਰੀ ਸਿੱਖ ਕੌਮ।
ਇਕ ਦਿਨ ਵਿਚ ਮਹਾਂਰਾਜੇ ਦੀ ਕਈ ਵਾਰ ਆਸ ਬੱਝਦੀ ਤੇ ਕਈ ਵਾਰ ਟੁੱਟਦੀ। ਇਕ ਪਲ ਲਗਦਾ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਮਿਲ ਗਏ ਹਨ ਤੇ ਅਗਲੇ ਹੀ ਪਲ ਮਹਿਸੂਸ ਹੋਣ ਲਗਦਾ ਕਿ ਸਭ ਕੁਝ ਖਤਮ ਹੋ ਚੁੱਕਿਆ ਹੈ। ਉਸ ਦੇ ਸੁਭਾਅ ਵਿਚਲੀ ਬੇਚੈਨੀ ਉਸ ਨੂੰ ਸਦਾ ਹੀ ਖਰਾਬ ਕਰਦੀ ਸੀ। ਜਦੋਂ ਉਸ ਮਨ ਡਿਗਣ-ਡਿਗਣ ਕਰਨ ਲਗਦਾ ਤਾਂ ਉਹ ਆਪਣੇ ਆਪ ਨੂੰ ਖੜੇ ਰੱਖਣ ਲਈ ਕਈ ਕਿਸਮ ਦੇ ਠੁੰਮਣੇ ਦੇਣੇ ਸ਼ੁਰੂ ਕਰ ਦਿੰਦਾ। ਅੰਤ ਸੱਚੀ-ਸਾਖੀ ਦਾ ਸਹਾਰਾ ਲੈਣ ਲਗਦਾ। ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਉਹ ਕਿਸੇ ਗੱਲ ਬਾਰੇ ਬਹੁਤ ਪ੍ਰਤੀਕਰਮ ਦਿਖਾ ਗਿਆ ਹੈ ਤਾਂ ਉਸ ਨੂੰ ਮੁੜ ਕੇ ਸੋਧਣ ਬਾਰੇ ਸੋਚਦਾ। ਉਸ ਨੂੰ ਜਾਪਦਾ ਸੀ ਕਿ ਵੌਟਸਨ ਨੂੰ ਲਿਖੀ ਚਿੱਠੀ ਵਿਚ ਉਹ ਕੁਝ ਵਧ ਲਿਖ ਗਿਆ ਸੀ ਜਿਸ ਦਾ ਸਹੀ ਅਸਰ ਨਹੀਂ ਸੀ ਹੋਇਆ। ਉਸ ਨੇ ਪਹਿਲੀ ਚਿੱਠੀ ਦੇ ਅਸਰ ਨੂੰ ਨਰਮ ਕਰਨ ਦੇ ਇਰਾਦੇ ਨਾਲ ਇਕ ਹੋਰ ਚਿੱਠੀ ਲਿਖੀ;
‘...ਇਹ ਜੋ ਖਤ ਸੀ ਇਹ ਅਖਬਾਰਾਂ ਵਿਚ ਛਪਣ ਵਾਲਾ ਨਹੀਂ ਹੈ, ਇਸ ਤੋਂ ਬਾਅਦ ਮੈਂ ਸੋਚਿਆ ਕਿ ਦਸ ਲੱਖ ਪੌਂਡ ਵੀ ਦੀ ਕੀਤੀ ਸਹਾਇਤਾ ਵੀ ਠੀਕ ਰਹੇਗੀ। ...ਮੈਨੂੰ ਬ੍ਰਤਾਨਵੀ ਸਰਕਾਰ ਦਾ ਕੋਈ ਹੋਰ ਪ੍ਰਸਤਾਵ ਬਿਲਕੁਲ ਮਨਜ਼ੂਰ ਨਹੀਂ ਹੋਵੇਗਾ। ...ਇਸ ਵੇਲੇ ਦਸ ਹਜ਼ਾਰ ਪੌਂਡ ਮੇਰੇ ਹੱਥ ਚਾਹੀਦੇ ਹਨ, ...ਯੌਰਪ ਦੇ ਹਾਲਾਤ ਤੇਜ਼ੀ ਨਾਲ ਹੋਰ ਫੈਸਲਾਕੁਨ ਹੋਣ ਵਲ ਬਦਲ ਰਹੇ ਹਨ। ...ਬ੍ਰਤਾਨਵੀ ਸਰਕਾਰ ਜੇ ਮੈਨੂੰ ਹਾਲੇ ਮੇਰਾ ਰਾਜ ਨਹੀਂ ਮੋੜ ਰਹੀ ਤਾਂ ਜਦ ਤਕ ਮੇਰੀ ਹਿੰਦੁਸਤਾਨ ਵਿਚਲੀ ਸਾਰੀ ਜਾਇਦਾਦ ਦੇ ਦਿਤੀ ਜਾਵੇ ਤੇ ਨਾਲ ਦੀ ਨਾਲ ਇਕ ਇਜ਼ਤਦਾਰ ਕੁਰਸੀ ਕੌਂਸਿਲ ਔਫ ਇੰਡੀਆ ਜੋ ਲੰਡਨ ਵਿਚ ਹੈ ਤੇ ਕੌਂਸਲ ਔਫ ਕਲਕੱਤਾ ਵਿਚ ਦਿਤੀ ਜਾਵੇ। ...ਮੇਰੀ ਹਿੰਦੁਸਤਾਨੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਨਿਯੁਕਤੀ ਕੀਤੀ ਜਾਵੇ, ...ਹਿੰਦੁਸਤਾਨ ਤੇ ਇੰਗਲੈਂਡ ਦੇ ਲੋਕਾਂ ਵਿਚ ਮੇਰੇ ਤੋਂ ਵੱਡੀ ਕੜੀ ਕੋਈ ਨਹੀਂ ਬਣ ਸਕਦਾ...।’...
ਮਹਾਂਰਾਜੇ ਦੀ ਬ੍ਰਤਾਨੀਆਂ ਸਰਕਾਰ ਨੂੰ ਆਖਰੀ ਚਿੱਠੀ ਜੋ ਲਿਖੀ ਉਹ ਉਸ ਨੇ ਸਰ ਰੌਬਰਟ ਮੌਂਟਗੋਮਰੀ ਨੂੰ 28 ਜਨਵਰੀ 1887 ਨੂੰ ਲਿਖੀ। ਉਹ ਹਾਲੇ ਪੈਰਿਸ ਵਿਚ ਹੀ ਸੀ ਪਰ ਉਸ ਦੀਆਂ ਯੋਯਨਾਵਾਂ ਬਹੁਤ ਬਣ ਰਹੀਆਂ ਸਨ,
‘ਮੇਰੇ ਚੰਗੇ ਸਰ ਰੌਬਰਟ, ਮੈਂ ਬੇਨਤੀ ਕਰਦਾ ਹਾਂ ਕਿ ਮੇਰੀ ਇਹ ਰਸੀਦ ਮੇਰੇ ਵਕੀਲ ਮੈਸਰਜ਼, ਫੈਰਰ ਐਂਡ ਕੋ ਨੂੰ ਭੇਜ ਦਿਤੀ ਜਾਵੇ ਜੋ ਕਿ ‘ਸਟਾਰ ਔਫ ਇੰਡੀਆ’ ਦੀ ਹੈ ਜੋ ਕਿ ਮੈਂ ਇੰਡੀਆ ਹਾਊਸ ਨੂੰ ਕੁਝ ਦੇਰ ਪਹਿਲਾਂ ਵਾਪਸ ਕਰ ਦਿਤਾ ਸੀ, ਪੈਰਿਸ ਤੋਂ ਜਾਣ ਤੋਂ ਪਹਿਲਾਂ ਇਸ ਨੂੰ ਸੰਭਾਲਣਾ ਚਾਹੁੰਦਾ ਸਾਂ, ... ਇਸ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਂਗੇ ਕਿ ਕੁਝ ਸ਼ਰਤਾਂ ‘ਤੇ ਮੈਨੂੰ ਦੱਸ ਲੱਖ ਪੌਂਡ ਦੀ ਸਹਾਇਤਾ ਹਿੰਦੁਸਤਾਨ ਤੋਂ ਪੁੱਜ ਗਈ ਹੈ ਤੇ ਨਾਲ ਹੀ 45,000 ਸਿਪਾਹੀਆਂ ਦੀ ਮੇਰੇ ਪ੍ਰਤੀ ਵਫਾਦਾਰੀ ਦੀ ਜ਼ਮਾਨਤ ਵੀ। ...ਤੁਸੀਂ ਆਪ ਦੇਖੋ ਕਿ ਲੌਰਡ ਡੁਫਰਿਨ ਨੂੰ ਅਦਨ ਵਿਚ ਮੈਨੂੰ ਕੈਦ ਕਰਨ ਦਾ ਕੀ ਮਿਲਿਆ? ਕੁਝ ਵੀ ਨਹੀਂ। ...ਦਬਾਇਆ ਹੋਇਆ ਕੀੜਾ ਉਠ ਖੜਿਆ ਹੈ ਤੇ ਆਪਣੀ ਬੇਇਜ਼ਤੀ ਤੇ ਬੇਇਨਸਾਫੀ ਦਾ ਬਦਲਾ ਲੈਣ ਲਈ ਤਿਆਰ ਹੈ, ਬੇਇਨਸਾਫੀ ਤੇ ਬੇਇਜ਼ਤੀ ਜੋ ਉਸ ਨੂੰ ਪਿਛਲੇ 36 ਸਾਲ ਤੋਂ ਵਫਾਦਾਰੀ ਦੇ ਬਦਲੇ ਵਿਚ ਮਿਲਦੀ ਰਹੀ ਹੈ।... ਤਿੰਨ ਐਲਾਨ-ਨਾਮੇ ਵੀ ਭੇਜ ਰਿਹਾ ਹਾਂ, ਇਹਨਾਂ ਵਿਚੋਂ ਦੋ ਜਲਦੀ ਛਪ ਜਾਣਗੇ ਤੇ ਇਕ ਹਾਲੇ ਠਹਿਰ ਕੇ ਛਪੇਗਾ। ਮੇਰੇ ਦਸਤਖਤਾਂ ਬਿਨਾਂ ਕੋਈ ਐਲਾਨ-ਨਾਮਾ ਸਹੀ ਨਹੀਂ ਹੈ। ...ਰੱਬ ਤੁਹਾਨੂੰ ਤੇ ਤੁਹਾਡੀ ਲੇਡੀ ਨੂੰ ਸਦਾ ਖੁਸ਼ ਰੱਖੇ, ...ਇਕ ਵਾਰ ਫਿਰ ਅਲਵਿਦਾ। ਤੁਹਾਡਾ ਦੇਣਦਾਰ: ਦਲੀਪ ਸਿੰਘ, ਸਿਖ ਕੌਮ ਦਾ ਸੱਤਾਧਾਰੀ ਤੇ ਗੁਰੁ।’
ਮਹਾਂਰਾਜੇ ਦੇ ਰੂਸ ਨਾਲ ਸਬੰਧਾਂ ਬਾਰੇ ਬ੍ਰਤਾਨਵੀ ਸਰਕਾਰ ਨੂੰ ਕੁਝ ਕੁ ਚਿੰਤਾਵਾਂ ਸਨ ਪਰ ਖਤਰਨਾਕ ਨਹੀਂ ਸਨ ਜਾਪਦੀਆਂ। ਕੁਝ ਸ਼ੱਕ ਦੀਆਂ ਉਂਗਲਾਂ ਇਹ ਵੀ ਉਠਣ ਲਗੀਆਂ ਕਿ ਮਹਾਂਰਾਜੇ ਨੇ ਲੰਡਨ ਤੋਂ ਹਿੰਦੁਸਤਾਨ ਲਈ ਤੁਰਨ ਤੋਂ ਪਹਿਲਾਂ ਹੀ ਰੂਸ ਦੇ ਲੰਡਨ ਵਿਚਲੇ ਰਾਜਦੂਤ ਨਾਲ ਰਾਬਤਾ ਜੋੜ ਰੱਖਿਆ ਸੀ। ਹੁਣ ਪੈਰਿਸ ਵਿਚ ਆ ਕੇ ਇਕ ਦਮ ਰੂਸ ਦੇ ਸਫਾਰਤਖਾਨੇ ਤਕ ਪਹੁੰਚ ਕਰ ਲੈਣਾ ਵੀ ਇਸ ਸ਼ੱਕ ਨੂੰ ਵਧਾਉਂਦਾ ਸੀ। ਇਕ ਗੱਲ ਇਹ ਵੀ ਸੀ ਕਿ ਮਹਾਂਰਾਜਾ ਕਿਸੇ ਗੱਲ ਦਾ ਓਹਲਾ ਤਾਂ ਰੱਖ ਨਹੀਂ ਸੀ ਰਿਹਾ, ਉਸ ਨੇ ਮਹਾਂਰਾਣੀ ਤਕ ਨੂੰ ਦੱਸ ਦਿਤਾ ਹੋਇਆ ਸੀ ਕਿ ਉਸ ਨੇ ਰੂਸੀ ਰਾਜਦੂਤ ਨੂੰ ਚਿੱਠੀ ਲਿਖੀ ਸੀ। ਇਸ ਗੱਲ ਦਾ ਕਿਸੇ ਨੂੰ ਘੱਟ ਪਤਾ ਸੀ ਕਿ ਰੂਸੀ ਮਹਾਂਰਾਜੇ ਨੂੰ ਬਿਲਕੁਲ ਮਹੱਤਤਾ ਨਹੀਂ ਸਨ ਦੇ ਰਹੇ। ਰੂਸੀ ਵੀ ਇਹ ਸਮਝਦੇ ਸਨ ਕਿ ਮਹਾਂਰਾਜਾ ਉਹਨਾਂ ਨੂੰ ਸਿਰਫ ਇੰਗਲੈਂਡ ਦੀ ਸਰਕਾਰ ਉਪਰ ਦਬਾਅ ਪਾਉਣ ਲਈ ਵਰਤ ਰਿਹਾ ਸੀ। ਪਹਿਲੀ ਵਾਰ ਦੇ ਇਨਕਾਰ ਤੋਂ ਬਾਅਦ ਮਹਾਂਰਾਜੇ ਨੇ ਇਕ ਵਾਰ ਫਿਰ ਕੋਟਜ਼ਬਿਊ ਨੂੰ ਮਿਲਿਆ ਤੇ ਵਿਦੇਸ਼ ਮੰਤਰੀ ਜਾਂ ਉਪਰਲੇ ਅਫਸਰਾਂ ਨੂੰ ਮਿਲਣ ਦੀ ਬੇਨਤੀ ਕੀਤੀ। ਕੌਂਸਲਰ ਨੇ ਡੇ-ਗਾਇਰ ਨੂੰ ਲਿਖਿਆ,
‘ਮਹਾਂਰਾਜਾ ਇਕ ਵਾਰ ਫਿਰ ਮੈਨੂੰ ਮਿਲਣ ਆਇਆ। ਉਹ ਐਲਾਨ-ਨਾਮਿਆਂ ਦਾ ਜਿ਼ਕਰ ਕਰ ਰਿਹਾ ਹੈ ਜਿਹੜੇ ਪੰਜਾਬ ਵਿਚ ਛਪੇ ਹਨ ਤੇ ਜਿਹਨਾਂ ਦੇ ਮੁਤਾਬਕ ਉਹ ਲੋਕਾਂ ਨੂੰ ਬ੍ਰਤਾਨਵੀ ਸਰਕਾਰ ਦੇ ਖਿਲਾਫ ਬਗਾਵਤ ਕਰਨ ਲਈ ਉਕਸਾ ਰਿਹਾ ਹੈ, ਜਿਹਨਾਂ ਵਿਚ ਰੂਸ ਦੀ ਮੱਦਦ ਦਾ ਯਕੀਨ ਦਵਾਇਆ ਗਿਆ ਹੈ। ...ਉਸ ਨੇ ਇਕ ਵਾਰ ਫਿਰ ਆਪਣੀਆਂ ਸੇਵਾਵਾਂ ਰੂਸੀ ਬਾਦਸ਼ਾਹ ਲਈ ਪੇਸ਼ ਕਰਨ ਦੀ ਬੇਨਤੀ ਕੀਤੀ ਹੈ।... ਉਸ ਨੇ ਪਹਿਲੀ ਵਾਰ ਨਾਂਹ ਕਰਨ ‘ਤੇ ਵੀ ਸਾਫ ਗੱਲ ਕਰਨ ਲਈ ਧੰਨਵਾਦ ਕੀਤਾ ਹੈ ਪਰ ਉਹ ਹਾਲੇ ਵੀ ਆਸਵੰਦ ਹੈ ਕਿਉਂਕਿ ਉਹ ਯਕੀਨ ਕਰੀ ਬੈਠਾ ਹੈ ਕਿ ਰੂਸ ਤੇ ਇੰਗਲੈਂਡ ਵਿਚ ਲੜਾਈ ਯਕੀਨੀ ਹੈ। ਮੈਂ ਬਹੁਤ ਸਮਝਾਇਆ ਕਿ ਕਿਸੇ ਭੁਲਾਵੇ ਵਿਚ ਨਾ ਰਹੇ। ...ਮੈਂ ਇਹ ਵੀ ਕਿਹਾ ਕਿ ਜਿਹੜਾ ਵੀ ਸੁਨੇਹਾ ਉਸ ਨੇ ਸਾਨੂੰ ਲੈ ਕੇ ਆਪਣੇ ਲੋਕਾਂ ਨੂੰ ਦਿਤਾ ਹੈ ਉਸ ਨੂੰ ਰੋਕ ਲਵੇ ਜਾਂ ਬਦਲ ਲਵੇ। ...ਉਸ ਨੇ ਕਿਹਾ ਕਿ ਉਹ ਦੋ ਮਹੀਨੇ ਹੋਰ ਪੈਰਿਸ ਵਿਚ ਰਹਿਣਾ ਚਾਹੁੰਦਾ ਹੈ ਤੇ ਫਿਰ ਪਾਂਡੀਚਰੀ ਚਲੇ ਜਵੇਗਾ। ...ਜਾਣ ਤੋਂ ਪਹਿਲਾਂ ਉਸ ਨੇ ਆਪਣੀ ਗੱਲ ਫਿਰ ਦੁਹਾਰਈ, ...ਆਪਣੀ ਬਦਲਾ ਲੈਣ ਦੀ ਗੱਲ ਵੀ ਕੀਤੀ। ...ਉਸ ਨੇ ਆਪਣੇ ਆਪ ਨੂੰ ਵਧਾਈ ਵੀ ਦਿਤੀ ਕਿ ਉਹ ਸਾਡਾ ਬਹੁਤ ਵਧੀਆ ਦੋਸਤ ਸਾਬਤ ਹੋਵੇਗਾ,...।’
ਇਸ ਵਾਰ ਡੇ-ਗਾਇਰ ਨੇ ਮਹਾਂਰਾਜੇ ਦੀ ਚਿੱਠੀ ਜ਼ਾਰ ਤੀਜੇ ਨੂੰ ਦਿਖਾ ਦਿਤੀ। ਜ਼ਾਰ ਨੇ ਕੁਝ ਕੁ ਸੋਚ ਕੇ ਕਿਹਾ,
“ਸ਼ਾਇਦ ਕਿਸੇ ਵੇਲੇ ਇਹ ਫਾਇਦੇਵੰਦ ਹੋ ਸਕੇ।”
ਹੁਣ ਮਹਾਂਰਾਜਾ ਜਿਵੇਂ ਫਸਿਆ ਬੈਠਾ ਸੀ। ਉਸ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਕੀ ਕਰੇ। ਰੂਸ ਦੇ ਦਰਵਾਜ਼ੇ ਬੰਦ, ਇੰਗਲੈਂਡ ਵਲੋਂ ਚੁੱਪੀ। ਇਕ ਹੋਰ ਜਗਾਹ ਦਾ ਨਾਂ ਉਸ ਮਨ ਵਿਚ ਆ ਰਿਹਾ ਸੀ, ਜਿਥੇ ਉਹ ਜਾ ਸਕਦਾ ਸੀ, ਉਹ ਸੀ ਪਾਂਡੀਚਰੀ ਜਿਥੇ ਫਰਾਂਸੀਸੀਆਂ ਦਾ ਰਾਜ ਸੀ। ਇਹ ਜਗਾਹ ਉਸ ਨੂੰ ਬਹੁਤ ਢੁਕਵੀਂ ਲਗ ਰਹੀ ਸੀ, ਹਿੰਦੁਸਤਾਨ ਦੇ ਇਕ ਦਮ ਨਜ਼ਦੀਕ ਸੀ। ਉਸ ਨੇ 12 ਅਕਤੂਬਰ ਨੂੰ ਫਰਾਂਸ ਦੇ ਪ੍ਰਧਾਨ ਜਿਊਲਜ਼ ਗਰੇਵੇ ਤੋਂ ਫਰਾਂਸ ਦੀ ਨਾਗਰਿਕਤਾ ਤੇ ਪਾਂਡੀਚਰੀ ਵਿਚ ਰਹਿਣ ਦੀ ਆਗਿਆ ਮੰਗਦਿਆਂ ਲਿਖਿਆ;
‘ਮਿਸਟਰ ਪਰੈਜ਼ੀਡੈਂਟ, ਕੀ ਤੁਸੀਂ ਮੈਨੂੰ ਲੋੜੀਂਦੀ ਸੁਰੱਖਿਆ ਦੇ ਸਕਦੇ ਹੋ,... ਬਦਲੇ ਵਿਚ ਮੈਂ ਆਪਣੇ ਖੂਨ ਦਾ ਇਕ ਇਕ ਕਤਰਾ ਫਰਾਂਸ ਦੀ ਸੇਵਾ ਕਰਦਾ ਵਹਾ ਦੇਵਾਂਗਾ।’
ਜਿਊਲਜ਼ ਗਰੇਵੇ ਨੇ ਆਪਣੇ ਵਿਦੇਸ਼ ਮੰਤਰੀ ਨੂੰ ਲਿਖਿਆ;
‘ਅਜਿਹੇ ਬੰਦੇ ਨੂੰ ਕਿਸੇ ਕਿਸਮ ਦੀ ਸੁਰੱਖਿਆ ਦੇਣੀ ਚੰਗੀ ਗੱਲ ਨਹੀਂ ਜਿਸ ਦੀ ਸਾਡੀ ਧਰਤੀ ਤੇ ਹਾਜ਼ਰੀ ਬ੍ਰਤਾਨਵੀ ਸਰਕਾਰ ਲਈ ਇਤਰਾਜ਼ਯੋਗ ਹੋਵੇ।’
ਅਸਲ ਵਿਚ ਭਾਵੇਂ ਇਹ ਦੇਸ਼ ਅੰਦਰੋਂ-ਅੰਦਰ ਇਕ ਦੂਜੇ ਦੇ ਦੁਸ਼ਮਣ ਹੀ ਸਨ ਪਰ ਮਹਾਂਰਾਜਾ ਦੁਸ਼ਮਣੀ ਵਧਾਉਣ ਦਾ ਬਹੁਤ ਨਿਗੂਣਾ ਜਿਹਾ ਕਾਰਨ ਜਾਪਦਾ ਸੀ। ਮਹਾਂਰਾਜੇ ਦੀ ਫਾਈਲ ਜਰਮਨੀ ਦੀ ਲੰਡਨ ਵਾਲੀ ਅੰਬੈਸੀ ਨੇ ਪਿੱਛੇ ਜਰਮਨ ਸਰਕਾਰ ਨੂੰ ਵੀ ਭੇਜ ਦਿਤੀ ਹੋਈ ਸੀ। ਉਹ ਸਮਝਦੇ ਸਨ ਕਿ ਮਹਾਂਰਾਜਾ ਜਰਮਨ ਸਰਕਾਰ ਨੂੰ ਵੀ ਸਹਾਇਤਾ ਲਈ ਪਹੁੰਚ ਕਰ ਸਕਦਾ ਸੀ। ਹੁਣ ਉਸ ਨੂੰ ਜਰਮਨੀ ਤੋਂ ਮੱਦਦ ਦੀ ਵੀ ਕੋਈ ਉਮੀਦ ਨਹੀਂ ਸੀ ਬਚੀ। ਇਕ ਤੋਂ ਬਾਅਦ ਇਕ ਦਰ ਉਸ ਲਈ ਬੰਦ ਹੋ ਰਿਹਾ ਸੀ। ਹਾਲੇ ਇਕ ਹੋਰ ਆਸ ਦੀ ਕਿਰਨ ਉਸ ਲਈ ਬਚੀ ਹੋਈ ਸੀ। ਇਹ ਕਿਰਨ ਹਾਲੇ ਵੀ ਰੂਸ ਵਲੋਂ ਹੀ ਚਮਕਦੀ ਦਿਸ ਰਹੀ ਸੀ। ਉਸ ਦਾ ਆਇਰਸ਼ ਦੋਸਤ ਪੈਟਰਿਕ ਕੈਸੀ ਆਪਣੇ ਕਿਸੇ ਖਾਸ ਰੂਸੀ ਦੋਸਤ ਦੀ ਗੱਲ ਕਰਿਆ ਕਰਦਾ ਸੀ ਜਿਸ ਦੀ ਪਹੁੰਚ ਸਿਧੀ ਜ਼ਾਰ ਤਕ ਸੀ। ਪੈਟਰਿਕ ਕੈਸੀ ਆਪਣੇ ਹੋਰ ਵੀ ਬਹੁਤ ਸਾਰੇ ਰੂਸੀ ਦੋਸਤਾਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਪਰ ਪੈਟਰਿਕ ਅਜਕੱਲ ਕਿਧਰੇ ਗਿਆ ਹੋਇਆ ਸੀ।
ਪੈਟਰਿਕ ਕੈਸੀ ਕੋਈ ਸਧਾਰਨ ਵਿਅਕਤੀ ਨਹੀਂ ਸੀ। ਆਇਰਸ਼ ਲੋਕਾਂ ਲਈ ਉਹ ਦੇਸ਼ ਭਗਤ ਸੀ ਪਰ ਬ੍ਰਤਾਨਵੀ ਸਰਕਾਰ ਲਈ ਉਹ ਭਗੌੜਾ ਮੁਜਰਿਮ ਸੀ। ਉਸ ਨੂੰ ਬੰਬ ਚਲਾਉਣ ਦਾ ਮਾਹਰ ਮੰਨਿਆਂ ਜਾਂਦਾ ਸੀ। ਉਸ ਨੇ ਲੰਡਨ ਦੇ ਕਈ ਹਿੱਸਿਆਂ ਵਿਚ ਬੰਬ ਚਲਾਏ ਵੀ ਸਨ। ਉਸ ਨੇ ਤੇ ਉਸ ਦੇ ਦੋਸਤਾਂ ਨੇ ਮਹਾਂਰਾਣੀ ਉਪਰ ਬੰਬ ਚਲਾਉਣ ਦੀ ਵੀ ਕੋਸਿ਼ਸ਼ ਕੀਤੀ ਸੀ। ਮਹਾਂਰਾਜਾ ਉਸ ਦੀ ਸੰਸਥਾ ਬਾਰੇ ਹਾਲੇ ਬਹੁਤਾ ਨਹੀਂ ਸੀ ਜਾਣਦਾ ਪਰ ਇੰਨਾ ਜਾਣਦਾ ਸੀ ਕਿ ਇਹਨਾਂ ਲੋਕਾਂ ਦਾ ਉਦੇਸ਼ ਆਮ ਜੰਨਤਾ ਨੂੰ ਮਾਰਨਾ ਨਹੀਂ ਹੈ ਸਗੋਂ ਸਰਕਾਰ ਲਈ ਦਹਿਸ਼ਤ ਪੈਦਾ ਕਰਨੀ ਹੈ ਤਾਂ ਜੋ ਇਹਨਾਂ ਦੇ ਮੁਲਕ ਆਇਰਲੈਂਡ ਨੂੰ ਇਹ ਅਜ਼ਾਦ ਕਰ ਦੇਣ।
ਇਹਨਾਂ ਦਿਨਾਂ ਵਿਚ ਮਹਾਂਰਾਜਾ ਬਹੁਤ ਇਕੱਲਾ ਤੇ ਵਿਚਾਰਾ ਜਿਹਾ ਮਹਿਸੂਸ ਕਰ ਰਿਹਾ ਸੀ। ਹੁਣ ਉਸ ਨੂੰ ਅਜਿਹੀ ਕੋਈ ਚਾਲ ਨਹੀਂ ਸੀ ਦਿਸ ਰਹੀ ਜਿਸ ਨੂੰ ਉਹ ਚਲ ਸਕੇ। ਅਕਤੂਬਰ ਦਾ ਮਹੀਨਾ ਸੀ ਕਿ ਉਸ ਦੇ ਸੁਹਰੇ, ਮਹਾਂਰਾਣੀ ਬਾਂਬਾ ਦੇ ਪਿਓ ਦੀ ਚਿੱਠੀ ਆਈ ਕਿ ਉਹ ਮਿਲਣ ਆ ਰਿਹਾ ਸੀ। ਅਲੈਗਜ਼ੈਡਰੀਆ ਤੋਂ ਉਹ ਆਪਣੀ ਧੀ ਬਾਂਬਾ ਤੇ ਉਸ ਦੇ ਬੱਚਿਆਂ ਨੂੰ ਦੇਖਣ ਲੰਡਨ ਗਿਆ ਸੀ। ਉਸ ਨੂੰ ਉਹਨਾਂ ਬਾਰੇ ਬਹੁਤ ਫਿਕਰ ਸੀ। ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਨੇ ਉਸ ਨੂੰ ਉਦਾਸ ਕਰ ਦਿਤਾ ਹੋਇਆ ਸੀ। ਉਸ ਨੇ ਲੰਡਨ ਆ ਕੇ ਬਾਂਬਾ ਦੇ ਕਲੇਮ ਲਈ ਇੰਡੀਆ ਔਫਿਸ ਵਾਲਿਆਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿਤੇ ਸਨ। ਕੁਝ ਅਜਿਹੇ ਪੇਪਰ ਸਨ ਜਿਹਨਾਂ ਉਪਰ ਮਹਾਂਰਾਜੇ ਦੇ ਦਸਤਖਤ ਜ਼ਰੂਰੀ ਸਨ। ਇਸੇ ਲਈ ਹੀ ਲੁਡਵਿਗ ਮੁਲਰ ਪੈਰਿਸ ਉਸ ਕੋਲ ਆ ਰਿਹਾ ਸੀ। ਉਹ ਆਇਆ। ਉਸ ਨੂੰ ਦੇਖ ਕੇ ਮਹਾਂਰਾਜੇ ਨੂੰ ਬਹੁਤ ਖੁਸ਼ੀ ਹੋਈ ਪਰ ਜਦ ਉਸ ਦੇ ਆਉਣ ਦੇ ਮਕਸਦ ਦਾ ਪਤਾ ਚਲਿਆ ਤਾਂ ਮਹਾਂਰਾਜਾ ਅੱਗ-ਬਬੂਲਾ ਹੋ ਗਿਆ ਤੇ ਬੋਲਿਆ,
“ਤੁਹਾਨੂੰ ਨਹੀਂ ਪਤਾ ਕਿ ਮੈਂ ਸਰਕਾਰ ਦੇ ਸਾਰੇ ਸਟਾਈਪੰਡ ਬੰਦ ਕਰ ਦਿਤੇ ਹੋਏ ਨੇ?”
“ਯੋਅਰ ਹਾਈਨੈੱਸ, ਮੈਨੂੰ ਸਭ ਪਤਾ ਏ।”
“ਫਿਰ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਏਹਨਾਂ ਕਾਗਜ਼ਾਂ ‘ਤੇ ਦਸਤਖਤ ਕਰਾਂਗਾ?”
“ਯੋਅਰ ਹਾਈਨੈੱਸ, ਇਹ ਕੀ ਕਹਿ ਰਹੇ ਹੋ, ਤੁਸੀਂ ਆਪ ਤਾਂ ਆਪਣੀ ਬਿਮਾਰ ਪਤਨੀ ਨੂੰ ਇਕਲਿਆਂ ਛੇ ਬੱਚੇ ਸੰਭਾਲਣ ਲਈ ਛੱਡ ਕੇ ਸਾਰੀ ਜਿ਼ੰਮੇਵਾਰੀ ਤੋਂ ਕਿਨਾਰਾ ਕਰੀ ਬੈਠੇ ਹੋ ਤੇ ਹੁਣ ਜੇ ਉਹਨਾਂ ਨੂੰ ਕਿਸੇ ਕਿਸਮ ਦੀ ਮੱਦਦ ਮਿਲਣ ਦੀ ਆਸ ਬਣਦੀ ਏ ਤਾਂ ਉਸ ਤੋਂ ਵੀ ਇਨਕਾਰੀ ਹੋ, ਕੀ ਤੁਸੀਂ ਇਸੇ ਗੈਰਜਿ਼ੰਮੇਵਾਰੀ ਲਈ ਮੇਰੀ ਬੇਟੀ ਨਾਲ ਸ਼ਾਦੀ ਕੀਤੀ ਸੀ?”
ਆਪਣੀ ਗੱਲ ਕਹਿੰਦਾ ਬੁੱਢਾ ਮੁਲਰ ਗੁੱਸੇ ਵਿਚ ਆ ਗਿਆ। ਉਸ ਵਲ ਦੇਖਦਾ ਮਹਾਂਰਾਜਾ ਕੁਝ ਢਿੱਲਾ ਪੈਣ ਲਗਿਆ। ਮੁਲਰ ਨੇ ਫਿਰ ਕਿਹਾ,
“ਤੁਸੀਂ ਆਪ ਹੀ ਤਾਂ ਦੋਸਤਾਂ ਨੂੰ ਚਿੱਠੀਆਂ ਲਿਖ ਰਹੇ ਓ ਕਿ ਮੇਰੀ ਪਤਨੀ ਤੇ ਬੱਚਿਆਂ ਦਾ ਕੁਝ ਕਰੋ। ਜੇ ਤੁਸੀਂ ਆਪ ਕੁਝ ਨਹੀਂ ਕਰਨਾ ਤਾਂ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇਣਾ ਚਾਹੁੰਦੇ?”
ਸਧਾਰਨ ਹਾਲਾਤ ਵਿਚ ਉਹ ਕਦੇ ਵੀ ਮਹਾਂਰਾਜੇ ਨਾਲ ਏਨੀ ਬੇਰੁਖੀ ਨਾਲ ਗੱਲ ਨਾ ਕਰਦਾ ਪਰ ਹੁਣ ਉਸ ਦੀ ਧੀ ਤੇ ਅਗਾਂਹ ਦੋਹਤੇ-ਦੋਹਤੀਆਂ ਦਾ ਸਵਾਲ ਸੀ। ਮਹਾਂਰਾਜੇ ਨੇ ਅਣਮੰਨੇ ਨਾਲ ਸਾਰੇ ਕਾਗਜ਼ਾਂ ਉਪਰ ਦਸਤਖਤ ਕਰ ਦਿਤੇ। ਮੁਲਰ ਉਸ ਕੋਲ ਕੁਝ ਦਿਨ ਰਿਹਾ। ਮੁਲਰ ਮਹਾਂਰਾਜੇ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੱਲਾਂ ਕਰ ਰਿਹਾ ਹੁੰਦਾ ਪਰ ਮਹਾਂਰਾਜਾ ਕਿਸੇ ਹੋਰ ਹੀ ਦੁਨੀਆਂ ਵਿਚ ਹੁੰਦਾ। ਉਹ ਆਪਣੀਆਂ ਭਵਿੱਖ ਨੂੰ ਲੈ ਕੇ ਸਾਰੀਆਂ ਸਕੀਮਾਂ ਉਸ ਨੂੰ ਦੱਸ ਰਿਹਾ ਹੁੰਦਾ। ਉਸ ਦੀਆਂ ਇਹਨਾਂ ਸਕੀਮਾਂ ਵਿਚ ਲੰਡਨ ਸਰਕਾਰ ਲਈ ਚੇਤਾਵਨੀਆਂ ਵੀ ਸਨ। ਮਹਾਂਰਾਜਾ ਜਾਣਦਾ ਸੀ ਕਿ ਮੁਲਰ ਵੀ ਇੰਗਲੈਂਡ ਜਾ ਕੇ ਸਾਰੀ ਗੱਲ ਸਰਕਾਰ ਦੇ ਏਜੰਟਾਂ ਨੂੰ ਦੱਸੇਗਾ, ਇਸ ਲਈ ਉਸ ਕੋਲ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਸੀ ਦਿਸਣਾ ਚਾਹੁੰਦਾ। ਮਹਾਂਰਾਜਾ ਉਹੋ ਪਹਿਲਾਂ ਵਾਲੀਆਂ ਤੇ ਧਮਕੀ ਭਰੀਆਂ ਗੱਲਾਂ ਜਿ਼ਆਦਾ ਕਰਦਾ ਰਿਹਾ। ਵਾਰ ਵਾਰ ਬ੍ਰਤਾਨੀਆਂ ਦੀ ਸਰਕਾਰ ਨੂੰ ਸਬਕ ਸਿਖਾ ਦੇਣ ਦੀਆਂ ਗੱਲਾਂ ਕਰਨ ਲਗਦਾ। ਅਖੀਰ ਮੁਲਰ ਨਿਰਾਸ਼ ਜਿਹਾ ਹੋ ਕੇ ਮਹਾਂਰਾਜੇ ਕੋਲੋਂ ਵਾਪਸ ਲੰਡਨ ਆ ਗਿਆ ਤੇ ਆ ਕੇ ਸਾਰੀ ਰਿਪ੍ਰੋਟ ਸਰ ਓਇਨ ਬਰਨ ਨੂੰ ਕਰ ਦਿਤੀ।
ਮਿਸਟਰ ਮੁਲਰ ਨੂੰ ਆਪਣੀ ਧੀ ਤੇ ਉਸ ਦੇ ਬੱਚਿਆਂ ਦਾ ਬਹੁਤ ਫਿਕਰ ਸੀ। ਮਹਾਂਰਾਜੇ ਦੇ ਪਰਿਵਾਰ ਦੀ ਦੇਖਭਾਲ ਦੀ ਜਿ਼ਮੰਵਾਰੀ ਅਜਕਲ ਆਰਥਰ ਓਲੀਫੈਂਟ ਦੀ ਸੀ। ਇਸ ਤੋਂ ਪਹਿਲਾਂ ਉਸ ਦਾ ਪਿਓ ਕਰਨਲ ਓਲੀਫੈਂਟ ਮਹਾਂਰਾਜੇ ਦਾ ਮੈਨੇਜਰ ਰਿਹਾ ਸੀ। ਮਿਸਟਰ ਮੁਲਰ ਨੇ ਆਰਥਰ ਓਲੀਫੈਂਟ ਨਾਲ ਆਪਣੀ ਧੀ ਦੇ ਪਰਿਵਾਰ ਦੀ ਸਾਂਭ-ਸੰਭਾਲ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕੁਝ ਨਿਰਦੇਸ਼ ਵੀ ਦਿਤੇ। ਇੰਗਲੈਂਡ ਤੋਂ ਵਾਪਸ ਜਰਮਨੀ ਲਈ ਤੁਰਨ ਤੋਂ ਪਹਿਲਾਂ ਉਹ ਇਕ ਵਾਰ ਫਿਰ ਆਰਥਰ ਓਲੀਫੈਂਟ ਨੂੰ ਮਿਲਿਆ ਤੇ ਬੋਲਿਆ,
“ਮਿਸਟਰ ਓਲੀਫੈਂਟ, ਮਹਾਂਰਾਜੇ ਤੋਂ ਹੁਣ ਕਿਸੇ ਕਿਸਮ ਦੀ ਆਸ ਨਹੀਂ ਰੱਖੀ ਜਾ ਸਕਦੀ। ਉਸ ਦੀ ਸਥਿਤੀ ਪਹਿਲਾਂ ਨਾਲੋਂ ਵੀ ਖਰਾਬ ਏ, ਬਲਕਿ ਖਤਰਨਾਕ ਏ। ਤੁਸੀਂ ਕੋਸਿ਼ਸ਼ ਕਰਕੇ ਇੰਡੀਆ ਹਾਊਸ ਤੋਂ ਬਣਦੀ ਸਹਾਇਤਾ ਲਵੋ ਤੇ ਆਪਣੇ ਸੀਮਤ ਜਿਹੇ ਸਾਧਨਾਂ ਨਾਲ ਜੋ ਵੀ ਮੱਦਦ ਕਰ ਸਕਦਾ ਹੋਇਆ ਮੈਂ ਵੀ ਕਰਾਂਗਾ। ਮੈਨੂੰ ਪਰਿਵਾਰ ਦੀ ਹਾਲਤ ਬਾਰੇ ਲਿਖਦੇ ਰਹਿਣਾ।”
ਬਹੁਤ ਸਾਰੇ ਹੋਰਨਾਂ ਵਾਂਗ ਮਿਸਟਰ ਲੁਡਵਿਗ ਮੁਲਰ ਵੀ ਮਹਾਂਰਾਜੇ ਦੀ ਦਿਮਾਗੀ ਹਾਲਤ ਉਪਰ ਸ਼ੱਕ ਕਰ ਰਿਹਾ ਸੀ।
ਹਮੇਸ਼ਾ ਵਾਂਗ ਅਖ਼ਬਾਰਾਂ ਵਾਲੇ ਮਹਾਂਰਾਜੇ ਬਾਰੇ ਕੁਝ ਨਾ ਕੁਝ ਲਿਖਦੇ ਹੀ ਰਹਿੰਦੇ ਸਨ। ਭਾਵੇਂ ਉਹ ਹਮੇਸ਼ਾ ਕਤਰਾਉਂਦਾ ਰਹਿੰਦਾ ਪਰ ਪਤਰਕਾਰ ਉਸ ਤਕ ਪਹੁੰਚ ਕਰਦੇ ਹੀ ਰਹਿੰਦੇ ਸਨ ਤੇ ਤਰ੍ਹਾਂ ਤਰ੍ਹਾਂ ਦੇ ਕਿਆਫੇ ਲਾਉਂਦੇ ਰਹਿੰਦੇ। ਵੇਲੇ ਦੀ ਅਖ਼ਬਾਰ ‘ਐਡਵੋਕੇਟ ਔਫ ਇੰਡੀਆ’ ਨੇ ਮਹਾਂਰਾਜੇ ਬਾਰੇ ਲਿਖਿਆ;
‘ਪੈਰਿਸ ਵਿਚ ਮਹਾਂਰਾਜਾ ਦਲੀਪ ਸਿੰਘ ਅਜਕੱਲ ਆਪਣੇ ਪਰਿਵਾਰ ਬਾਰੇ ਆਪਣੀਆਂ ਯਾਦਾਂ ਲਿਖ ਰਿਹਾ ਹੈ। ਉਹ ਅੰਗਰੇਜ਼ੀ ਸਮਾਜ ਤੇ ਅੰਗਰੇਜ਼ੀ ਬੈਂਕਰਾਂ ਨੂੰ ਮਿਲਣ ਤੋਂ ਬਚਦਾ ਰਹਿੰਦਾ ਹੈ। ਪੈਰਿਸ ਦੇ ਲੋਕਾਂ ਵਿਚ ਉਸ ਦੀ ਕੋਈ ਖਾਸ ਸ਼ਾਖ ਨਹੀਂ ਬਣ ਸਕੀ।’
ਯਾਦਾਂ ਲਿਖਣ ਵਾਲੀ ਗੱਲ ਇਸ ਕਰਕੇ ਬਾਹਰ ਨਿਕਲੀ ਸੀ ਕਿ ਬਹੁਤ ਸਾਰੇ ਲੇਖਕ ਮਹਾਂਰਾਜੇ ਤਕ ਪਹੁੰਚ ਕਰਦੇ ਸਨ, ਉਸ ਦੀ ਜੀਵਨੀ ਲਿਖਣ ਲਈ। ਮਹਾਂਰਾਜਾ ਵੀ ਜਾਣਦਾ ਸੀ ਕਿ ਉਸ ਦੀ ਲਿਖੀ ਜੀਵਨੀ ਬਹੁਤ ਵਿਕੇਗੀ। ਜੋ ਵੀ ਉਸ ਤਕ ਜੀਵਨੀ ਲਿਖਣ ਲਈ ਪਹੁੰਚ ਕਰਦਾ, ਉਸ ਨੂੰ ਮਹਾਂਰਾਜਾ ਇਹ ਕਹਿ ਕੇ ਟਾਲ਼ ਦਿਆ ਕਰਦਾ ਕਿ ਉਹ ਆਪਣੀ ਜੀਵਨੀ ਆਪ ਲਿਖੇਗਾ। ਪਰ ਮਹਾਂਰਾਜੇ ਕੋਲ ਨਾ ਤਾਂ ਕੋਈ ਕਿਤਾਬ ਲਿਖਣ ਜੋਗਾ ਵਕਤ ਸੀ ਤੇ ਨਾ ਹੀ ਉਸ ਦਾ ਮਨ ਲਿਖਣ ਲਈ ਵਿਹਲਾ ਸੀ।
ਅਖ਼ਬਾਰਾਂ ਨੇ ਮਹਾਂਰਾਜੇ ਨੂੰ ਪੈਰਿਸ ਦੀ ਵਿਸ਼ੇਸ਼ ਸ਼ਖਸੀਅਤ ਤਾਂ ਬਣਾ ਹੀ ਦਿਤਾ ਹੋਇਆ ਸੀ। ਵੈਸੇ ਵੀ ਉਸ ਦਾ ਸੁਭਾਅ ਕੁਝ ਅਜਿਹਾ ਸੀ ਕਿ ਜੋ ਕੋਈ ਵੀ ਇਕ ਵਾਰ ਮਹਾਂਰਾਜੇ ਨੂੰ ਮਿਲਦਾ ਉਹ ਅੱਗੇ ਆਪਣੇ ਦੋਸਤਾਂ ਕੋਲ ਉਸ ਬਾਰੇ ਜਿ਼ਕਰ ਜ਼ਰੂਰ ਕਰਦਾ। ਲੋਕ ਆਪਣੇ ਮਿੱਤਰਾਂ ਨੂੰ ਲਿਖੀਆਂ ਚਿੱਠੀਆਂ ਵਿਚ ਵੀ ਮਹਾਂਰਾਜੇ ਦੀਆਂ ਗੱਲਾਂ ਕਰਦੇ। ਲੰਡਨ ਤੋਂ ਪੈਰਿਸ ਆਇਆ ਵਿਸ਼ੇਸ਼ ਵਿਅਕਤੀ ਮਹਾਂਰਾਜੇ ਨੂੰ ਮਿਲਣ ਦੀ ਕੋਸਿ਼ਸ਼ ਕਰਦਾ।
ਇਹਨਾਂ ਦਿਨਾਂ ਵਿਚ ਹੀ ਲਿਬਰਲ ਪਾਰਟੀ ਦਾ ਇਕ ਨੇਤਾ ਸਰ ਚਾਰਲਸ ਡਿਕਲ ਪੈਰਿਸ ਪੁੱਜ ਗਿਆ। ਹੋਰਨਾਂ ਬਹੁਤ ਸਾਰੇ ਲੋਕਾਂ ਵਾਂਗ ਉਹ ਆਪਣੀਆਂ ਮੁਸ਼ਕਲਾਂ ਤੋਂ ਪਿੱਛਾ ਛੁਡਾਉਂਦਾ ਪੈਰਿਸ ਆਇਆ ਸੀ। ਉਸ ਦਾ ਆਪਣੀ ਪਤਨੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚਲ ਰਿਹਾ ਸੀ। ਸਰ ਚਾਰਲਸ ਡਿਕਲ ਗਰੈਂਡ ਹੋਟਲ ਵਿਚ ਹੀ ਠਹਿਰਿਆ। ਉਸ ਨੂੰ ਪਤਾ ਸੀ ਕਿ ਮਹਾਂਰਾਜਾ ਵੀ ਇਥੇ ਹੀ ਸੀ। ਮਹਾਂਰਾਜੇ ਤੋਂ ਵਧੀਆ ਸਾਥ ਹੋਰ ਕਿਹੜਾ ਹੋ ਸਕਦਾ ਸੀ। ਉਸ ਦੀਆਂ ਸ਼ਾਮਾਂ ਮਹਾਂਰਾਜੇ ਨਾਲ ਬੀਤਣ ਲਗੀਆਂ। ਮਹਾਂਰਾਜਾ ਉਸ ਨੂੰ ਆਖਣ ਲਗਦਾ,
“ਸਰ ਡਿਕਲ, ਕੋਈ ਬੰਦਾ ਆਪਣੇ ਮੁਲਕ ਦੇ ਖਿਲਾਫ ਨਹੀਂ ਹੁੰਦਾ, ਉਹ ਤਾਂ ਸਿਰਫ ਸਰਕਾਰ ਦੇ ਖਿਲਾਫ ਹੁੰਦਾ ਏ, ਉਹ ਵੀ ਅਜਿਹੀ ਸਰਕਾਰ ਦੇ ਖਿਲਾਫ ਜੋ ਉਸ ਨਾਲ ਬਾਕੀ ਸ਼ਹਿਰੀਆਂ ਨਾਲੋਂ ਫਰਕ ਕਰੇ। ਹਰ ਮੈਜਿਸਟੀ ਮੇਰੇ ਲਈ ਇਕ ਮੁਲਕ ਵਾਂਗ ਏ ਤੇ ਬ੍ਰਤਾਨਵੀ ਸਰਕਾਰ ਉਸ ਤੋਂ ਬਿਲਕੁਲ ਅਲੱਗ ਏ। ਮੈਂ ਹਰ ਮੈਜਿਸਟੀ ਦੇ ਖਿਲਾਫ ਤਾਂ ਕਦੇ ਜਾ ਹੀ ਨਹੀਂ ਸਕਦਾ ਪਰ ਸਰਕਾਰ ਨੂੰ ਮੈਂ ਅਜਿਹਾ ਸਬਕ ਸਿਖਾਵਾਂਗਾ ਕਿ ਇਤਿਹਾਸ ਯਾਦ ਰਖੇਗਾ। ਦੇਖੋ! ਹਾਲੇ ਲੜਾਈ ਸ਼ੁਰੂ ਵੀ ਨਹੀਂ ਹੋਈ ਤੇ ਸਰਕਾਰ ਤੋਂ ਨਾਸਾਂ ਰਾਹੀਂ ਸਾਹ ਲੈਣਾ ਮੁਸ਼ਕਲ ਹੋ ਰਿਹਾ ਏ!”
ਮਹਾਂਰਾਜਾ ਵੀ ਉਸ ਕੋਲ ਵੱਡੀਆਂ ਵੱਡੀਆਂ ਗੱਲਾਂ ਕਰਦਾ। ਉਸ ਨੂੰ ਪਤਾ ਸੀ ਕਿ ਸਰ ਚਾਰਲਨ ਡਿਕਲ ਦੀ ਵਾਕਫੀ ਮੰਤਰੀਆਂ ਤਕ ਹੈ ਤੇ ਉਸ ਦੀਆਂ ਗੱਲਾਂ ਸਿਧੀਆਂ ਸਰਕਾਰ ਤਕ ਸਹਿਜੇ ਹੀ ਪੁੱਜ ਜਾਣੀਆਂ ਸਨ। ਸਰ ਚਾਰਲਸ ਡਿਕਲ ਨੇ ਬ੍ਰਤਾਨਵੀ ਸਰਕਾਰ ਵਿਚਲੇ ਆਪਣੇ ਇਕ ਦੋਸਤ ਨੂੰ ਚਿੱਠੀ ਲਿਖਦਿਆਂ ਦੱਸਿਆ;
‘ਤੁਸੀਂ ਆਪਣੇ ਇੰਡੀਆ ਔਫਿਸ ਵਿਚਲੇ ਦੋਸਤਾਂ ਨੂੰ ਦੱਸ ਦੇਣਾ ਕਿ ਮਹਾਂਰਾਜਾ ਅਜਕੱਲ ਉਤਰੀ ਪੱਛਮੀ ਹਿੰਦੁਸਤਾਨ ਵਿਚ ਰੂਸੀ ਮੱਦਦ ਦਾ ਇੰਤਜ਼ਾਮ ਕਰ ਰਿਹਾ ਹੈ, ਇਹ ਵੀ ਹੋ ਸਕਦਾ ਹੈ ਕਿ ਇੰਡੀਆ ਔਫਿਸ ਨੂੰ ਇਸ ਦੀ ਵਾਕਫੀ ਹੋਵੇ ਹੀ।’
ਮਹਾਂਰਾਜੇ ਦੀ ਸਥਿਤੀ ਨੂੰ ਹਿੰਦੁਸਤਾਨ ਦੀਆਂ ਅਖ਼ਬਾਰਾਂ ਵੀ ਵਿਸ਼ੇਸ਼ ਥਾਂ ਦੇ ਰਹੀਆਂ ਸਨ। ਉਸ ਦੀਆਂ ਕਈ ਗੱਲਾਂ ਤੋਂ ਸਿਆਸਤਦਾਨ ਵੀ ਹੈਰਾਨ ਹੋ ਰਹੇ ਸਨ ਖਾਸ ਤੌਰ ਤੇ ਰੂਸ ਨਾਲ ਸਬੰਧ ਬਣਾਉਣ ਦੀਆਂ ਕੋਸਿ਼ਸ਼ਾਂ ਨੂੰ ਦੇਖ ਕੇ। ਇਹਨਾਂ ਦਿਨਾਂ ਵਿਚ ਹੀ ਇਕ ਪੰਜਾਬੀ ਵੀ ਪੈਰਿਸ ਆ ਪੁੱਜਿਆ ਤੇ ਮਹਾਂਰਾਜੇ ਨੂੰ ਮਿਲਿਆ। ਮਹਾਂਰਾਜੇ ਨੇ ਉਸ ਨਾਲ ਖੁਲ੍ਹ ਕੇ ਗੱਲਾਂ ਕੀਤੀਆਂ। ਉਹ ਵਾਪਸ ਪੰਜਾਬ ਗਿਆ ਤਾਂ ਲਹੌਰ ਟਰੀਬਿਊਨ ਦੇ ਐਡੀਟਰ ਨੇ ਉਸ ਨਾਲ ਖਾਸ ਮੁਲਾਕਾਤ ਕਰਕੇ ਇਸ ਬਾਰੇ ਲਿਖਿਆ;
‘ਮਹਾਂਰਾਜਾ ਵਾਹਵਾ ਮੋਟਾ-ਤਾਜ਼ਾ ਦਿਸ ਰਿਹਾ ਸੀ। ਉਸ ਦੀ ਸਖਸ਼ੀਅਤ ਬਹੁਤ ਦਿਲਖਿਚਵੀਂ ਤੇ ਤੁਹਾਨੂੰ ਸੋਚਣ ਲਾਉਣ ਵਾਲੀ ਸੀ। ਉਹ ਪੰਜਾਬੀ ਵਿਚ ਹੀ ਗੱਲਾਂ ਕਰਦਾ ਸੀ। ਬ੍ਰਤਾਨੀਆਂ ਦੇ ਖਿਲਾਫ ਉਸ ਦੀ ਰੰਜਸ਼ ਦੇ ਕਾਰਨ ਪੁੱਛੇ ਗਏ ਤਾਂ ਉਸ ਨੇ ਕਿਹਾ ਕਿ ਉਹ ਤਾਂ ਬ੍ਰਤਾਨੀਆਂ ਲਈ ਪੂਰੀ ਤਰ੍ਹਾਂ ਵਫਾਦਾਰ ਸੀ। ਨਾ ਉਸ ਨੂੰ ਹਿੰਦੁਸਤਾਨ ਦਾ ਕੋਈ ਚਿੱਤ-ਚੇਤਾ ਸੀ ਤੇ ਨਾ ਹੀ ਹਿੰਦੁਸਤਾਨ ਦੇ ਲੋਕਾਂ ਦਾ। ਉਸ ਨੇ ਪੰਜਾਬ ਦੇ ਤਖਤ ਦਾ ਕਦੇ ਸੁਫਨਾ ਵੀ ਨਹੀਂ ਸੀ ਲਿਆ। ਨਾ ਹੀ ਉਸ ਦੀ ਕੋਈ ਰਾਜਨੀਤਕ ਤਮੰਨਾ ਸੀ। ਇਹ ਸਭ ਕਰਨ ਲਈ ਤਾਂ ਸਰਕਾਰ ਨੇ ਉਸ ਨੂੰ ਮਜਬੂਰ ਕੀਤਾ ਸੀ। ਸਰਕਾਰ ਜਾਣਬੁੱਝ ਕੇ ਉਸ ਨਾਲ ਫਰਕ ਕਰ ਰਹੀ ਸੀ। ਧਰਮ ਬਦਲਣ ਬਾਰੇ ਉਸ ਨੇ ਕਿਹਾ ਕਿ ਇਸ ਵਿਚ ਵੀ ਉਸ ਦਾ ਕੋਈ ਰਾਜਨੀਤਕ ਉਦੇਸ਼ ਨਹੀਂ ਹੈ। ਉਸ ਨੇ ਆਪਣੇ ਪਿੱਤਰਾਂ ਦੇ ਧਰਮ ਬਾਰੇ ਚੰਗੀ ਤਰ੍ਹਾਂ ਪੜਿਆ ਹੈ ਤੇ ਦੇਖਿਆ ਕਿ ਇਹ ਇਸਾਈਮੱਤ ਨਾਲੋਂ ਬੇਹਤਰ ਹੈ। ਉਪਰਲੀ ਜਮਾਤ ਦੇ ਬਹੁਤੇ ਲੋਕ ਸਿਰਫ ਨਾਂ ਦੇ ਇਸਾਈ ਹੀ ਸਨ। ਇਸਾਈ ਧਰਮ ਵਿਚ ਦੁਨੀਆਂ ਦੇ ਸਭ ਤੋਂ ਬੇਈਮਾਨ ਲੋਕ ਹਨ ਜੋ ਗਰੀਬਾਂ ਤੇ ਕਮਜ਼ੋਰਾਂ ਨੂੰ ਦਬਾ ਕੇ ਰਖਦੇ ਹਨ। ਸਰਕਾਰ ਨੂੰ ਕਿਸੇ ਧਰਮ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ।’ ...
ਅਖਬਾਰਾਂ ਵੀ ਆਮ ਤੌਰ ‘ਤੇ ਸਰਕਾਰ ਦੀ ਬੋਲੀ ਹੀ ਬੋਲਿਆ ਕਰਦੀਆਂ ਸਨ। ਮਹਾਂਰਾਜੇ ਦੀ ਕਹੀ ਗੱਲ ਨੂੰ ਤ੍ਰੋੜ-ਮ੍ਰੋੜ ਕੇ ਪੇਸ਼ ਕੀਤਾ ਜਾਂਦਾ ਸੀ ਪਰ ਮਹਾਂਰਾਜਾ ਇਹਨਾਂ ਬਾਰੇ ਬਹੁਤਾ ਨਹੀਂ ਸੀ ਸੋਚਦਾ।
(ਛਪਾਈ ਅਧੀਨ ਨਾਵਲ ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346