Welcome to Seerat.ca
Welcome to Seerat.ca

ਜੀਵਨ-ਜਾਚ/‘ਬੀਬੀਆਂ’ ਤੋਂ ਕਿਵੇਂ ਬਚਾਇਆ ‘ਬੀਬੀਆਂ’ ਨੇ?

 

- ਸੋਹਣ ਸਿੰਘ ਸੀਤਲ

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਮਹਿਕ ਰੋਟੀਆਂ ਦੀ ਬੋ ਲਾਸ਼ਾਂ ਦੀ

 

- ਜਗਦੀਸ਼ ਸਿੰਘ ਵਰਿਆਮ

ਸੱਭਿਅਕ ਖੇਤਰ ਵਿੱਚ ਇੱਕ ਅਸੱਭਿਅਕ ਦਹਿਸ਼ਤਗਰਦ

 

- ਬਲਵਿੰਦਰ ਗਰੇਵਾਲ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

(ਸ੍ਵੈਜੀਵਨੀ, ਭਾਗ-2, 'ਬਰਫ਼ ਵਿੱਚ ਉਗਦਿਆਂ' ਦਾ ਆਖ਼ਰੀ ਕਾਂਡ) / ਕੁਹਾੜਾ

 

- ਇਕਬਾਲ ਰਾਮੂਵਾਲੀਆ

ਚੇਤੇ ਦੀ ਚਿੰਗਾਰੀ-1 ਸਿਮ੍ਰਿਤੀਆਂ ਦੇ ਝਰੋਖੇ ’ਚੋਂ / ਢਾਕਾ ਫਾਲ

 

- ਚਰਨਜੀਤ ਸਿੰਘ ਪੰਨੂੰ

ਕਹਾਣੀ / ਬੀ ਐਨ ਇੰਗਲਿਸ਼ ਮੈਨ ਬਡੀ

 

- ਹਰਜੀਤ ਗਰੇਵਾਲ

‘ਭਾਅ ਜੀ ਇਹ ਕਨੇਡਾ ਐ ਕਨੇਡਾ’

 

- ਵਕੀਲ ਕਲੇਰ

ਗੁਰ-ਕਿਰਪਾਨ

 

- ਉਂਕਾਰਪ੍ਰੀਤ

ਯੂਟਾ ਦੇ ਪਹਾੜੀ ਅਚੰਭੇ

 

- ਚਰਨਜੀਤ ਸਿੰਘ ਪੰਨੂੰ

ਛੰਦ ਪਰਾਗੇ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਪੰਜਾਬੀ ਨਾਵਲ ਦਾ ਪਿਤਾਮਾ -ਨਾਨਕ ਸਿੰਘ

 

- ਅਮਰਜੀਤ ਟਾਂਡਾ

ਵਿਵਰਜਿਤ ਰੁੱਤ ਦੀ ਗੱਲ

 

- ਬਲਵਿੰਦਰ ਬਰਾੜ

ਟੈਕਸੀਨਾਮਾ - 8  / "ਵੱਖਰੀ ਪਹਿਚਾਣ ਦਾ ਅਹਿਸਾਸ "

 

- ਬਿਕਰਮਜੀਤ ਸਿੰਘ ਮੱਟਰਾਂ

ਇੱਛਾ ਸ਼ਕਤੀ ਬਨਾਮ ਨੌਜੁਆਨ ਪੀੜ੍ਹੀ ਦਾ ਤਨਾਅ !

 

- ਗੁਰਬਾਜ ਸਿੰਘ

ਕਲਾ ਦੀ ਬੇਵਸੀ ਦਾ ਬਿਆਨ - ਪਾਣੀ ਦਾ ਹਾਸ਼ੀਆ

 

- ਉਂਕਾਰਪ੍ਰੀਤ

ਪੁਸਤੱਕ ਰਵਿਊ / ਤੇਰੇ ਬਗੈਰ

 

- ਸੰਤੋਖ ਸਿੰਘ ਸੰਤੋਖ

ਇਹ ਦੁਨੀਆਂ

 

- ਮਲਕੀਅਤ ਸਿੰਘ “ਸੁਹਲ”

ਪੰਜਾਬੀ ਵਾਰਤਕ ਦਾ ਉੱਚਾ ਬੁਰਜ

 

- ਵਰਿਆਮ ਸਿੰਘ ਸੰਧੂ

‘ਇਹੁ ਜਨਮੁ ਤੁਮਹਾਰੇ ਲੇਖੇ‘ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ‘ਮੁਕੱਦਮੇ‘ ਦੇ ਹਾਰ ਪੜ੍ਹਦਿਆਂ

 

- ਗੁਰਦਿਆਲ ਸਿੰਘ ਬੱਲ

ਦੋ ਕਵਿਤਾਵਾਂ

 

- ਸਵਰਣ ਬੈਂਸ

ਨਾਵਲ ਅੰਸ਼ / ਰੂਸ ਵਲ ਦੋਸਤੀ ਦਾ ਹੱਥ

 

- ਹਰਜੀਤ ਅਟਵਾਲ

 

Online Punjabi Magazine Seerat


ਮੇਰਾ ਪਿੰਡ ਅਤੇ ਮੇਰੀ ਮਾਂ
- ਅਮੀਨ ਮਲਿਕ (0208-519-21399)

 

ਅੱਜ ਇਹ ਦੋਵੇਂ ਹੀ ਮੇਰੇ ਕੋਲ ਨਹੀਂ। ਵਿੱਛੜ ਗਿਆ ਹਾਂ ਮੈਂ ਆਪਣੀ ਮਿੱਟੀ ਅਤੇ ਆਪਣੀ ਮਾਂ ਕੋਲੋਂ। ਮੌਤ ਨੇ ਮਾਂ ਖੋਹ ਲਈ ਅਤੇ ਸੱਪਣੀ ਵਰਗੀ ਸਿਆਸਤ ਨੇ ਮੇਰੀ ਮਾਂ ਵਰਗੀ ਮਿੱਟੀ। ਨਾ ਮੌਤ ਨੂੰ ਹੱਥ ਦੇ ਕੇ ਡੱਕ ਸਕਿਆ ਅਤੇ ਨਾ ਜ਼ਹਿਰੀਲੇ ਸਿਆਸਤਦਾਨਾਂ ਨੇ ਮੇਰੇ ਹੰਝੂਆਂ ਦੀ ਅੱਗ ਮਹਿਸੂਸ ਕੀਤੀ। ਖੋਹ ਲਈਆਂ ਮੈਨੂੰ ਅਤੇ ਮੇਰੇ ਜਜ਼ਬਾਤ ਨੂੰ ਗੋਦੀ ਖ਼ਿਡਾਣ ਵਾਲੀਆਂ ਦੋਵੇਂ ਹੀ ਸ਼ੈਵਾਂ। ਕੀ ਕਰਾਂ ਐਸ਼ੋ ਇਸ਼ਰਤ ਅਤੇ ਸੁੱਖਾਂ ਦੀ ਇਸ ਛਾਂ ਨੂੰ ਜਿੱਥੇ ਮਾਂ ਨਹੀਂ। ਕਿਸ ਕੰਮ ਲੰਦਨ ਦੀਆਂ ਸਾਫ਼ ਸੁੱਥਰੀਆਂ ਸੜਕਾਂ ਜਿੱਥੇ ਮੇਰੇ ਪਿੰਡ ਦੀਆਂ ਗਲੀਆਂ ਦੀ ਧੂੜ ਨਜ਼ਰ ਨਹੀਂ ਆਉਂਦੀ। ਕੀ ਦੇਣਗੇ ਮੈਨੂੰ ਇਹ ਪੈਵੰਦ ਲੱਗੇ ਜਾਅਲੀ ਗੁਲਾਬਾਂ ਦੀ ਵਾਸ਼ਨਾ ਤੋਂ ਬਿਨਾਂ ਫੁੱਲ? ਜਿੱਥੇ ਆਪਣੇ ਵਿਹੜੇ ‘ਚ ਉੱਗੀ ਹੋਈ ਕਿੱਕਰ ਦੇ ਲੁੰਗ ਲੱਭਦਾ ਰਹਿੰਦਾ ਹਾਂ। ਇੱਕ ਹੀ ਵਾਰੀ ਗਿਆ ਹਾਂ ਲੰਮੀ ਚੌੜੀ ਰੀਜੰਟ ਸਟ੍ਰੀਟ ਅਤੇ ਹਾਈਡ ਪਾਰਕ ਵਿੱਚ, ਫ਼ਿਰ ਕਦੇ ਵੀ ਜਾਣ ਨੂੰ ਜੀਅ ਨਹੀਂ ਕੀਤਾ। ਜੀ ਉੱਜੜ ਜਾਏ ਤੇ ਉਸ ਤੇ ਕਿਸੇ ਦਾ ਵੱਸ ਨਹੀਂ ਰਹਿੰਦਾ। ਜੀ ਵਿੱਚ ਆਪਣੀ ਮਿੱਟੀ ਦੀਆਂ ਉਜਾੜਾਂ ਵੱਸ ਜਾਣ ਤਾਂ ਉਹ ਜੀ ਕਦੇ ਵੀ ਨਹੀਂ ਵੱਸਿਆ। ਬੰਦੇ ਦੀ ਅੰਦਰਲੀ ਕਸਤੂਰੀ ਹੁੱਲੇ ਮਾਰਨਾ ਛੱਡ ਦੇਵੇ ਤਾਂ ਰੂਹ ਗੁਆਚੀ ਦਾ ਕੱਲਾ ਪਿੰਜਰਾ ਹੀ ‘ਸਾਂ-ਸਾਂ’ ਕਰਦਾ ਰਹਿੰਦਾ ਹੈ।
ਮੈਂ ਆਪਣੇ ਅਤੀਤ ਦੀਆਂ ਯਾਦਾਂ ਸੀਨੇ ‘ਚ ਲੈ ਕੇ ਧੁਖ਼ਦਾ ਤੇ ਰਹਿੰਦਾ ਸਾਂ, ਪਰ ਅੱਜ ਡਾਕਟਰ ਹਰਕੀਰਤ ਸਿੰਘ ਨੇ ਆਪਣੀ ਮਿੱਟੀ ਗੰਜੀ ਬਾਰ ਦਾ ‘ਲਹਿਰਾਂ’ ਵਿੱਚ ਵੈਣ ਪਾਇਆ ਤਾਂ ਮੇਰੇ ਵੀ ਗਲੇਡੂ ਨਿਕਲ ਆਏ। ਇੰਜ ਹੀਡਾਕਟਰ ਕਰਨੈਲ ਸਿੰਘ ਥਿੰਦ ਆਪਣੇ ਪਿੰਡ ਜਾਨੀ ਵਾਲੇ ਦੀਆਂ ਯਾਦਾਂ ਦੀ ਸੁੱਕੀ ਖੋਰੀ ਨੂੰ ਅੱਗ ਲਾਉਂਦਾ ਅਤੇ ਮੇਰੇ ਅੰਦਰ ਗੁੱਜਰਾਂਵਾਲੀ, ਮੇਰੇ ਪਿੰਡ, ਝਾਂਬ ਲਾ ਕੇ ਪੁਰਾਣੀ ਤਹਿ ਥੱਲੇ ਪਈ ਹੋਈ ਮਿੱਟੀ ਕੱਢ ਲਿਆਉਂਦਾ ਹੈ। ਫ਼ਿਰ ਸਾਰਾ ਕੁੱਝ ਫ਼ਿਲਮ ਬਣ ਕੇ ਚੱਲਣ ਲੱਗ ਜਾਂਦਾ ਹੈ-- ਗੁੱਜਰਾਂਵਾਲੀ ਤੋਂ ਡੇਢ ਕੋਹ ਦੀ ਵਾਟ ਤੇ ਚੰਮਿਆਰੀ ਵਿੱਚ ਆਟਾ ਪੀਹਣ ਵਾਲੀ ਮਸ਼ੀਨ ਦਾ ਘੁੱਗੂ ਸੁਣਨ ਨੂੰ ਤਰਸ ਗਿਆ ਹਾਂ। ਆਪਣੇ ਪਿੰਡ ਨੇੜੇ ਸੋਮਿਆਂ ਦੇ ਪਾਣੀ ਨਾਲ ਭਰੀ ਅਜਨਾਲੇ ਵਲ ਨੂੰ ਜਾਂਦੀ ਹੋਈ ਸਕੀ (ਨਦੀ) ਇੱਕ ਖ਼ੂਬਸੂਰਤ ਨਾਗਣ ਵਾਂਗ ਵਲ ਖਾਂਦੀ ਯਾਦ ਆਵੇ ਤੇ ਥੇਮਜ਼ ਦਰਿਆ ਨਾਲ ਮੇਰਾ ਜੀ ਕਿਵੇਂ ਪਰਚੇ? ਕਿਹੜੀ ਢੱਕੀ ਵੱਚ ਜਾਵਾਂ? ਕਿੱਥੋਂ ਲੱਭਾਂ ਪਿਰਥਵੀ ਪਾਲ ਸਿੰਘ ਦੀ ਰੱਖ ਅਤੇ ਕਿੱਥੋਂ ਸੁੰਘਾਂ ਰੂੜੀ ਵਾਲੇ ਖੂਹ ਦੀ ਰੋਹੀ ਵਿੱਚ ਉੱਗੀ ਹੋਈ ਮੁਸ਼ਕਣ ਦੀਆਂ ਮੁੰਜਰਾਂ ਦੀ ਮਹਿਕ? ਕਿੱਥੇ ਗਿਆ ਮੇਰਾ ਖਿੱਦੂ ਅਤੇ ਸੋਟਾ ਜਿਸ ਨਾਲ ਨੱਥੂ ਦੇ ਪੁੱਤ ਕੁੱਬੇ ਨਾਲ ਕੱਲਰ ਦੀ ਰੜੀ ਵਿਚ ਖਿੱਦੂ ਖੂੰਡੀ ਖੇਡਦਾ ਸਾਂ। ਕਿਹੜੇ ਦਰਿਆ ਵਿੱਚ ਛਾਲ ਮਾਰਾਂ ਜੇ ਸੱਕੀ ਦਾ ਚੌਧਵੀਂ ਰਾਤ ਦੀ ਚਾਨਣੀ ਵਰਗਾ ਚਾਂਦੀ ਰੰਗਾ ਪਾਣੀ ਯਾਦ ਆਵੇ ਤੇ- ਕਿੱਥੇ ਗਏ ਹਾਣੀ ਜਿਹੜੇ ਝੱਗੇ ਲਾਹ ਕੇ ਨੰਗਮ ਨੰਗੇ ਮੇਰੇ ਨਾਲ ਸੱਕੀ ਵਿੱਚ ਛਾਲਾਂ ਮਾਰਦੇ ਸਨ। ਇੱਕ ਕੱਚਾ ਖ਼ਰਬੂਜ਼ਾ ਲੈ ਕੇ ‘ਬਾਬੇ ਦੇ ਖ਼ਰਬੂਜ਼ੇ ਮਿੱਠੇ” ਖੇਡਣ ਲਈ ਕਿਹੜੇ ਅੰਗਰੇਜ਼ ਨੂੰ ਵਾਜ ਮਾਰਾਂ। ਕਿੱਥੇ ਗਈਆਂ ਸਿਆਲ ਦੀਆਂ ਲੰਮੀਆਂ ਕਾਲੀਆਂ ਰਾਤਾਂ ਜਦੋਂ ਚੀਕ ਮਾਰ ਕੇ ਕੁੜ੍ਹਾਂ ਵਿੱਚ ਲੁਕ ਜਾਂਦੇ ਸਾਂ। ਕਿੱਥੋਂ ਆਵਾਜ਼ ਮਾਰਾਂ ਸ਼ਰੀਫ਼ ਬਰਵਾਲੇ ਦੀ ਨਾਨੀ ਨੂੰ, ਜਿਹਦੇ ਉੱਤੇ ਮੁੰਡੇ ਇਸ ਕਰਕੇ ਪਾਣੀ ਡੋਲ੍ਹ ਕੇ ਨੱਸ ਜਾਂਦੇ ਸਨ ਕਿ ਇੰਜ ਕਰਨ ਨਾਲ ਮੀਂਹ ਪਵੇਗਾ।
ਹੁਣ ਕਦੇ ਨਹੀਂ ਆਵੇਗਾ ਚਮਿਆਰੀ ਤੋਂ ਰੂੜਾ ਝੀਓਰ ਮੋਢੇ ਉੱਤੇ ਵਹਿੰਗੀ ਚੁੱਕ ਕੇ ਫੁੱਟਾਂ ਵੇਚਣ। ਹੁਣ ਮੇਰੇ ਕੋਲ ਕੋਈ ਵੀ ਚੀਨੀ ਕੁਕੜੀ ਨਹੀਂ ਜਿਸ ਦਾ ਆਂਡਾ ਵੇਚ ਕੇ ਸੁਕੇ ਬੇਰ ਲਵਾਂ। ਯਾਦ ਨਹੀਂ ਜਾਂਦੀ ਗੁਰੀਏ ਵਾਲੇ ਖੂਹ ਦੀ, ਜਿੱਥੋਂ ਦੀ ਲੰਘ ਕੇ ਅਜਨਾਲੇ ਸਕੂਲ ਜਾਂਦਿਆਂ ਚੋਰੀ ਅਮਰੂਦ ਤੋੜ ਕੇ ਖਾਂਦੇ ਸਾਂ। ਹੁਣ ਮੈਂ ਕਦੇ ਨਹੀਂ ਚੋਰੀ ਗੰਢਾ ਪੁੱਟਿਆ ਅਤੇ ਗਿੱਲਾਂ ਵਾਲੇ ਖੂਹ ਦੇ ਤੇਜਾ ਸਿੰਘ ਨੇ ਕਦੇ ਮੇਰੇ ਕੰਨ ਨਹੀਂ ਪੁੱਟਣੇ। ਕਿੱਡਾ ਚੰਗਾ ਸੀ ਆਪਣੇ ਮੁਨਸ਼ੀ ਦੇ ਹੁੱਕੇ ਲਈ ਪਾਥੀਆਂ ਦੀ ਪੰਡ ਚੁੱਕ ਕੇ ਕੁਰਆਨ ਗੜ੍ਹ ਚਾਈਂ ਚਾਈਂ ਜਾਣਾ। ਕੋਈ ਭਾਰ ਨਹੀਂ ਸੀ ਹੁੰਦਾ ਉਸ ਦਿਨ ਪੜ੍ਹਾਈ ਦਾ। ਉਸ ਦਿਨ ਕੋਈ ਨਹੀਂ ਸੀ ਕੰਨ ਪੁੱਟਦਾ। ਹੁਣ ਮੇਰਾ ਬੂਟਾ ਪੁੱਟਿਆ ਗਿਆ ਮੇਰੀ ਧਰਤੀ, ਮੇਰੀ ਮਿੱਟੀ, ਮੇਰੀ ਭੋਇੰ ਅਤੇ ਮੇਰੀ ਜਨਮ ਭੂਮੀ ਵਿੱਚੋਂ। ਮੇਰਾ ਰਲਿਆ ਮੁੱਕ ਗਿਆ ਹੈ ਹਰ ਸ਼ੈਅ ਵਿੱਚੋਂ--
ਅੱਜ ਮੈਨੂੰ ਮੇਰੀਆਂ ਦੋਵੇਂ ਮਾਵਾਂ ਬੜੀਆਂ ਯਾਦ ਆ ਰਹੀਆਂ ਹਨ। ਅੱਜ ਮੈਂ ਇਸ ਕਰਕੇ ਕਲਮ ਨਹੀਂ ਫੜੀ ਕਿ ਮੈਂ ਕੋਈ ਲੇਖ ਲਿਖਾਂ। ਬੱਸ ਐਵੇਂ ਲੇਖਾਂ ਦਾ ਲਿਖਿਆ ਯਾਦ ਆ ਗਿਆ ਹੈ ਅਤੇ ਆਪਣੇ ਅਹਿਸਾਸਾਂ ਦੇ ਟੋਟਿਆਂ ਨੂੰ ਸ਼ਬਦ ਬਣਾ ਕੇ ਉਹਨਾਂ ਦੀ ਉਦਾਸ ਜਿਹੀ ਸ਼ਕਲ ਵੇਖਣਾ ਚਾਹੁੰਦਾ ਹਾਂ। ਆਪਣੀਆਂ ਦੋਹਵੇਂ ਮਾਵਾਂ ਗੁਆ ਕੇ ਕੀ ਕਰਾਂ ਲੰਦਨ ਦੇ ਸੁੱਖ ਦੀਆਂ ਅਨੇਕਾਂ ਛਾਵਾਂ ਨੂੰ। ਰਾਹ ਤਾਂ ਕੀੜੀ ਨੂੰ ਵੀ ਆਪਣੀ ਰੁੱਡ ਦਾ ਭੁੱਲ ਜਾਵੇ ਤਾਂ ਉਹ ਸਾਰੀ ਹਿਆਤੀ ਟੱਕਰਾਂ ਮਾਰਦੀ ਹੈ। ਹਰ ਪੰਛੀ ਤਿਰਕਾਲਾਂ ਨੂੰ ਆਪਣੇ ਆਪਣੇ ਰੁੱਖਾਂ ਉੱਤੇ ਪਾਏ ਆਪਣੇ ਆਪਣੇ ਆਲ੍ਹਣੇ ਵੱਲ ਪਰਤ ਆਉਂਦਾ ਹੈ। ਕਿਸੇ ਕੁੱਤੇ ਬਿੱਲੀ ਨੂੰ ਭਾਵੇਂ ਸੈਂਕੜੇ ਮੀਲ ਦੁਰਾਡੇ ਕਿਸੇ ਖ਼ੂਬਸੂਰਤ ਜਿਹੀ ਥਾਂ ਉੱਤੇ ਛੱਡ ਆਓ ਤਾਂ ਮੁੜ ਆਪਣੇ ਘਰ ਅਤੇ ਆਪਣੀ ਮਿੱਟੀ ਵੱਲ ਪਰਤ ਆਉਂਦਾ ਹੈ। ਕੋਈ ਨਹੀਂ ਛੱਡਦਾ ਆਪਣੀ ਜਨਮ ਭੂਮੀ ਨੂੰ-ਜਨੌਰ ਵੀ ਨਹੀਂ ਛੱਡਦਾ। ਕਿਤੇ ਤੋਤੇ ਨੂੰ ਪਿੰਜਰੇ ‘ਚ ਪਾ ਕੇ ਲੱਖਾਂ ਚੂਰੀਆਂ ਚਾਰੋ, ਜਦੋਂ ਵੀ ਛੱਡੋਗੇ, ਉਹ ਪਰਤ ਜਾਵੇਗਾ ਆਪਣੇ ਦੇਸਾਂ ਵੱਲ। ਨਹੀਂ ਬਚਦਾ ਕੱਖਾਂ ਦੇ ਆਲ੍ਹਣੇ ‘ਚੋਂ ਕੱਢ ਕੇ ਨਰਮ ਰੂੰ ਵਿੱਚ ਰੱਖਿਆ ਹੋਇਆ ਚਿੜੀ ਦਾ ਬੋਟ।
ਕਿਸੇ ਗੰਦੇ ਨਾਲੇ ਵਿੱਚੋਂ ਫੜੇ ਕੀੜੇ ਨੂੰ ਘਰ ਲਿਆ ਕੇ ਸਾਫ਼ ਸੁੱਥਰੀ ਪਲੇਟ ਵਿੱਚ ਰੱਖੋਗੇ ਤਾਂ ਛੇਤੀ ਹੀ ਮਰ ਜਾਏਗਾ। ਖਾ ਜਾਂਦਾ ਹੈ ਹਰ ਕਿਸੇ ਨੂੰ ਉਹਦੀ ਮਿੱਟੀ ਦਾ ਹੇਰਵਾ- ਉਹਦੀ ਮਾਂ ਦਾ ਵਿਛੋੜਾ। ਕਿਸੇ ਭੁੱਖੇ ਮਰਦੇ ਕਮਾਦੀ ਬਿੱਲੇ ਨੁੰ ਘਰ ਲਿਆ ਕੇ ਮੋਤੀ ਵੀ ਖੁਆਓ ਤਾਂ ਉਹਦਾ ਜੀਅ ਨਹੀਂ ਲੱਗਦਾ। ਉਹ ਆਪਣੀ ਭੋਇੰ ਦੀ ਭੁੱਖ ਨੂੰ ਤਹਿਰਾਇਆ ਮਰ ਜਾਵੇਗਾ। ਹਰ ਕੋਈ ਆਪਣੀ ਭੋਇੰ ਨੂੰ ਗਲ ਲਾ ਕੇ ਜਿਊਂਦਾ ਹੈ। ਜੇ ਬੰਦੇ ਦਾ ਅੰਦਰ ਜਿਊਂਦਾ ਹੋਵੇ ਜਾਂ ਜਜ਼ਬੇ ਜਾਗਦੇ ਹੋਣ ਤੇ ਬੜਾ ਔਖਾ ਏ ਜੰਮਣ ਭੋਇੰ ਅਤੇ ਜੰਮਣ ਵਾਲੀ ਕੋਲੋਂ ਵਿੱਛੜ ਕੇ ਜਿਊਣਾ। ਜੇ ਅਹਿਸਾਸ ਮਰ ਜਾਏ, ਜਜ਼ਬੇ ਸੌਂ ਜਾਣ ਜਾਂ ਰੂਹ ਦੀ ਕਰੁੰਬਲੀ ਨੂੰ ਧਨ ਦੌਲਤ ਦਾ ਹਲਕਾਇਆ ਕੁੱਤਾ ਚੱਕ ਵੱਢ ਕੇ ਖਾ ਜਾਏ ਤਾਂ ਫ਼ਿਰ ਬੰਦੇ ਨੂੰ ਸੱਤੇ ਹੀ ਖੈਰਾਂ ਨੇ-- ਨਾ ਦੁੱਖ ਨਾ ਦਰਦ, ਨਾ ਗ਼ਮ ਨਾ ਪੀੜ। ਬੱਸ ਯਾਰਾਂ ਨੇ ਪੱਠੇ ਹੀ ਖਾਣੇ ਨੇ ਕਿ।
ਖੌਰੇ ਕੌਣ ਲੋਕ ਹਨ ਜਿਹੜੇ ਮਾਜ਼ੀ ਦੀ ਕਬਰ ਬਣਾ ਕੇ ਵਰਤਮਾਨ ਦਾ ਸਿਆਪਾ ਕਰਦੇ ਰਹਿੰਦੇ ਹਨ। ਵੇਚ ਦਿੰਦੇ ਹਨ ਪੈਸੇ ਦੇ ਹੱਥ ਆਪਣੀਆਂ ਖ਼ੂਬਸੂਰਤ ਯਾਦਾਂ ਦੇ ਕੋਮਲ ਜਜ਼ਬੇ। ਖ਼ੁਸ਼ ਹੋ ਜਾਂਦੇ ਹਨ ਅਹਿਸਾਸ ਦੀ ਫ਼ਸਲ ਉੱਤੇ ਸੋਨੇ ਦੀ ਸੜਕ ਬਣਾ ਕੇ। ਬੜਾ ਔਖਾ ਹੈ ਮੇਰੇ ਲਈ ਪੱਥਰਾਂ ਵਰਗਾ ਹੋ ਜਾਣਾ।
ਕੀ ਕਰਾਂ ਠੰਡੀਆਂ ਫ਼ਰਿੱਜਾਂ ਵਿੱਚ ਰੱਖੇ ਹੋਏ ਲਾਲ ਸੇਬਾਂ ਨੂੰ। ਜੇ ਅਹਿਸਾਸ ਅੱਖ ਨਾ ਝਪਕੇ, ਜਾਗਦਾ ਰਹਵੇ। ਯਾਦਾਂ ਪਹਿਰਾ ਦਿੰਦੀਆਂ ਰਹਿਣ, ਜਾਂ ਗਿਆ ਵੇਲਾ ਦਿਲਾਂ ਦੇ ਮੁਹੱਲੇ ਦੀਆਂ ਗਲੀਆਂ ਵਿੱਚ 1947 ਦਾ ਦਰਦਨਾਕ ਢੋਲਾ ਗਾਂਦਾ ਰਹਵੇ ਤੇ ਕੀ ਕਰਾਂ, ਮਾਈਕਲ ਜੈਕਸਨ ਦੇ ਤੜਫ਼ਦੇ ਫ਼ੁੜਕਦੇ ਬੇਚੈਨ ਵਜੂਦ ਨੂੰ ਵੇਖ ਕੇ। ਮੇਰਾ ਤਾਂ ਅੰਦਰ ਦੱਸਦਾ ਹੈ ਕਿ ਮਾਈਕਲ ਜੈਕਸਨ ਵੀ ਪੈਸੇ ਦੀ ਪੰਡ ਦਾ ਭਾਰ ਚੁੱਕ ਚੁੱਕ ਕੇ ਥੱਕ ਹੰਭ ਗਿਆ ਹੈ। ਬਹੁਤੇ ਪਰੌਠੇ ਜਾਂ ਸ਼ਟਾਲਾ ਖਾਧੇ ਹੋਏ ਆਫ਼ਰੇ ਬੰਦੇ ਜਾਂ ਪਸ਼ੂ ਨੂੰ ਆਚਾਰ ਹੀ ਖਾਣਾ ਪੈਂਦਾ ਹੈ। ਇੱਕੋ ਪਾਸੇ ਬਹੁਤਾ ਭਾਰ ਪੈ ਜਾਵੇ ਤੇ ਹਿਆਤੀ ਦੀ ਗੱਡੀ ਵੀ ਪਾਸ ਪੈ ਜਾਂਦੀ ਹੈ। ਧੁਰਾ ਵਿੰਗਾ ਹੋ ਜਾਵੇ ਜਾਂ ਰੂਹ ਜ਼ਖ਼ਮੀ ਹੋ ਜਾਏ ਤਾਂ ਕਦੋਂ ਰਵਾਂ ਰਹਿੰਦਾ ਹੈ ਬੰਦਾ ਅਤੇ ਗੱਡਾ। ਅੱਜ ਕੋਈ ਪੁੱਛ ਕੇ ਵੇਖੇ ਤੇ ਪੈਸੇ ਦੀ ਛੱਤ ਥੱਲੇ ਆਏ ਮਾਈਕਲ ਜੈਕਸਨ ਦਾ ਵੀ ਜੀਅ ਕਰਦਾ ਹੈ ਉਹ ਮੇਰੇ ਪਿੰਡ ਦੇ ਤਕੀਏ ਕੋਲ ਉੱਗੇ ਬੋਹੜ ਥੱਲੇ ਸ਼ਾਮ ਵੇਲੇ ਕਿਸੇ ਬਰੇਤੇ ਵਿੱਚ ਬਾਂਸਰੀ ਵਜਾਣ ਵਾਲੇ ਦੀ ਮਿੱਠੀ ਸੁਰ ਸੁਣ ਕੇ ਸਕੂਨ ਦਾ ਸਾਹ ਲੈ ਸਕੇ। ਉਹਨੂੰ ਵਿਚਾਰੇ ਨੂੰ ਕੀ ਪਤਾ ਹੈ ਕਿ ਸ਼ਾਮ ਵੇਲੇ ਬਾਹਰੋਂ ਆਉਣ ਵਾਲੇ ਡੰਗਰਾਂ ਦੇ ਗਲਾਂ ਵਿੱਚ ਵੱਜਦੀਆਂ ਟੱਲੀਆਂ ਵਿੱਚ ਕਿੱਡੀਆਂ ਸੁਰੀਲੀਆਂ ਸੁਰਾਂ ਹਨ। ਉਸ ਨੇ ਵਾਗੀਆਂ ਦੇ ਗੀਤ, ਅਲਗੋਜ਼ੇ ਅਤੇ ਮੱਟੀਆਂ ਵੱਜਦੀਆਂ ਸੁਣੀਆਂ ਹੀ ਨਹੀਂ।
ਮੈਂ ਵੀ ਅੱਜ ਇਸਰਾਂ ਦੀ ਹੀ ਮਧੋਲੀ ਜਹੀ ਰੂਹ ਲੈ ਕੇ ਲੰਦਨ ਦੀਆਂ ਰੌਸ਼ਨੀਆਂ ਵਿੱਚ ਗੁਆਚਾ ਜਿਹਾ ਫ਼ਿਰਦਾ ਹਾਂ। ਵੱਡੇ ਹੋ ਕੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਹੋ ਜਾਣ ਪਰ ਬੜੇ ਹੀ ਖ਼ੂਬਸੂਰਤ ਲੱਗਦੇ ਹਨ ਆਪਣਾ ਅਤੀਤ ਅਤੇ ਖੋਤੀ ਦਾ ਬੱਚਾ। ਅੱਜ ਤਰਸ ਗਿਆ ਹਾਂ ਆਪਣੀ ਮਰਨ ਵਾਲੀ ਬਹਿਸ਼ਤਣ ਦੇ ਮੂੰਹੋਂ ਸੁਣਨ ਲਈ ਉਹਦੀ ਖ਼ੂਬਸੂਰਤ ਆਵਾਜ਼ ਵਿੱਚ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਦੀ ਚਿੱਠੀ ਦਾ ਦਰਦਨਾਕ ਸ਼ਿਅਰ=---
ਮੈਨੂੰ ਉਹ ਮੇਰੇ ਦੁਖਾਂਤ ਵੀ ਪਿਆਰੇ ਸਨ। ਮੈਂ ਖ਼ੁਸ਼ ਸਾਂ ਆਪਣੀ ਮਾਂ ਨਾਲ ਆਪਣੀ ਮਿੱਟੀ ਵਿੱਚ। ਅੱਜ ਮੇਰਾ ਬੋਝਾ ਭਰਿਆ ਹੋਇਆ ਹੈ ਪਰ ਰੂਹ ਸੱਖਣੀ ਹੈ। ਉਸ ਵੇਲੇ ਤਾਂ ਖ਼ੌਰੇ ਮੇਰੇ ਝੱਗੇ ਦਾ ਬੋਝਾ ਵੀ ਨਹੀਂ ਸੀ ਹੁੰਦਾ। ਕੀ ਕਰਨਾ ਸੀ ਬੋਝਾ ਲੁਆਦ ਕੇ। ਕੀ ਪਾਉਣਾ ਸੀ ਬੋਝੇ ਵਿੱਚ- ਇੱਕ ਮਾਂ ਹੀ ਤੇ ਸੀ। ਪਤਾ ਨਹੀਂ ਕੀ ਹੋ ਗਿਆ ਸੀ, ਕਿਓਂ ਛੱਡ ਗਿਆ ਸੀ ਮੇਰਾ ਜਾਗੀਰਦਾਰ ਪਿਓ ਮੇਰੀ ਬੜੀ ਹੀ ਨੇਕ ਜਿਹੀ ਮਾਂ ਨੂੰ। ਉਸ ਵਿਚਾਰੀ ਕੋਲ ਕੇਵਲ ਦੋ ਚਾਰ ਪੰਜਾਬੀ ਦੀਆਂ ਕਿਤਾਬਾਂ ਅਤੇ ਪੰਜ ਨਮਾਜ਼ਾਂ ਹੀ ਸਨ। ਮੈਂ ਪਤਾ ਨਹੀਂ ਉਸ ਦੀ ਪੂੰਜੀ ਸਾਂ ਜਾਂ ਕੁਦਰਤ ਦਾ ਇੱਕ ਪਾਇਆ ਹੋਇਆ ਭਾਗ। ਕੋਈ ਵੀ ਸਿ਼ਕਵਾ ਨਹੀਂ ਸੀ ਵਕਤ ਦੀ ਤੇਜ਼ ਤਲਵਾਰ ਉੱਤੇ ਤੁਰਨ ਦਾ। ਮੈਂ ਆਪਣੀ ਫ਼ੱਟੀ ਬਸਤੇ ਦੇ ਨਾਲ ਗੜਵੀ ਡੇਢ ਗੜਵੀ ਦੁੱਧ ਦੀ ਵੇਚਣ ਲਈ ਅਜਨਾਲੇ ਲੈ ਜਾਂਦਾ ਹੁੰਦਾ ਸਾਂ। ਸ਼ਫ਼ੀ ਹਲਵਾਈ ਦੋ ਤਿੰਨ ਆਨੇ ਮੇਰੀ ਤਲੀ ਤੇ ਰੱਖ ਦਿੰਦਾ ਸੀ। ਬੜੇ ਸਨ। ਕੀ ਕਰਨੇ ਸਨ ਵਾਧੂ? ਨਾ ਕਾਰ ਸੀ, ਨਾ ਉਹਦੇ ਵਿੱਚ ਪਟਰੋਲ ਪੁਆਣਾ ਸੀ। ਢਿੱਡ ਹੀ ਤਾਂ ਭਰਨਾ ਸੀ। ਜੇ ਕਿਸੇ ਸਹੂਲਤ ਦਾ ਪਤਾ ਹੀ ਨਾ ਹੋਵੇ ਤਾਂ ਉਸ ਸਹੂਲਤ ਦੀ ਤਾਂਘ ਕਦੋਂ ਤੰਗ ਕਰਦੀ ਹੈ। ਉਲਾਣੀ ਮੰਜੀ ਉੱਤੇ ਸੌਣ ਦਾ ਦੁੱਖ ਤਾਂ ਓਸ ਵੇਲੇ ਹੁੰਦਾ ਹੈ ਜਦੋਂ ਕਿਸੇ ਨੇ ਪੋਲੇ ਪੋਲੇ ਗੱਦਿਆਂ ਤੇ ਸਿਰ ਰੱਖ ਕੇ ਸੌਂ ਕੇ ਵੇਖਿਆ ਹੋਵੇ।
ਹੋ ਸਕਦਾ ਹੈ ਕਿਸੇ ਨੂੰ ਤਰਸ ਆਵੇ ਮੇਰੀ ਇਹ ਕਥਾ ਸੁਣ ਕੇ। ਪਰ ਮੈਨੂੰ ਕੋਈ ਸ਼ਿਕਵਾ ਨਹੀਂ ਆਪਣੇ ਮਾਜ਼ੀ (ਅਤੀਤ) ਉੱਤੇ। ਉਹ ਮੈਨੂੰ ਅੱਜ ਵੀ ਪਿਆਰਾ ਹੈ। ਕੀ ਹੋਇਆ ਕਿ ਵੇਲੇ ਦੀ ਮੰਗ ਦਾ ਮੂੰਹ ਭਰਨ ਲਈ ਮੈਂ ਅਤੇ ਮੇਰੀ ਮਾਂ ਢੱਕੀ ਵਿੱਚੋਂ ਘਾਹ ਖੋਦ ਕੇ ਕਦੀ ਕਦੀ ਟਾਂਗਿਆਂ ਵਾਲੇ ਅੱਡੇ ਉੱਤੇ ਵੇਚ ਕੇ ਦੋ ਤਿੰਨ ਆਨੇ ਵੱਟ ਲੈਂਦੇ ਸਾਂ। ਉਹ ਪੈਸੇ ਮੇਰੀ ਮਾਂ ਮੈਨੂੰ ਫੜਾ ਦਿੰਦੀ ਸੀ। ਮੈਂ ਆਪਣੀ ਮੁੱਠ ਨੂੰ ਐਨੇ ਜ਼ੋਰ ਨਾਲ ਘੁਟੱਦਾ ਹੁੰਦਾ ਸਾਂ ਕਿ ਪੈਸਿਆਂ ਨੂੰ ਮੁੜ੍ਹਕਾ ਆ ਜਾਂਦਾ ਸੀ। ਮੇਰੀ ਤਲੀ ਵਿੱਚ ਦੁਆਨੀ ਦਾ ਨਿਸ਼ਾਨ ਬਣ ਜਾਂਦਾ ਸੀ। ਬੜੇ ਯਾਦ ਹਨ ਮੈਨੂੰ ਉਹ ਵੱਡੇ ਵੱਡੇ ਨਿਸ਼ਾਨ ਅਤੇ ਉਹ ਨਿੱਕੀਆਂ ਨਿੱਕੀਆਂ ਨਿਸ਼ਾਨੀਆਂ। ਬੜਾ ਸਾਂਭ ਸਾਂਭ ਰੱਖਦਾ ਹਾਂ ਦਿਲ ਦੀ ਪਟਾਰੀ ਵਿੱਚ ਆਪਣੇ ਅਤੀਤ ਦਾ ਦਾਜ। ਬੜੀ ਯਾਦ ਆਉਂਦੀ ਹੈ ਕਿਸੇ ਜ਼ਰਦ ਪੱਤੇ ਨੂੰ ਆਪਣੀ ਸ਼ਾਖ਼ ਜਿਸ ਤੋਂ ਖ਼ਿਜ਼ਾਂ ਨੇ ਤੋੜ ਦਿੱਤਾ ਹੋਵੇ। ਬੜਾ ਹਸੀਨ ਹੁੰਦਾ ਹੈ ਅਤੀਤ। ਭਾਵੇਂ ਉਹ ਮਹਿਲਾਂ ਵਿੱਚ ਲੰਘੇ ਭਾਵੇਂ ਕੱਖਾਂ ਦੀ ਕੁੱਲੀ ਵਿੱਚ। ਹੋ ਸਕਦਾ ਏ ਮੇਰੇ ਅਹਿਸਾਸ ਨਾਲ ਕੋਈ ਇੱਤਫ਼ਾਕ ਨਾ ਵੀ ਕਰੇ ਕਿਉਂਕਿ ਹਰ ਕੋਈ ਆਪਣੀ ਹੀ ਤਰ੍ਹਾਂ ਜਿਊਂਦਾ ਹੈ। ਹਰ ਕਿਸੇ ਦੀ ਰੂਹ ਵਿੱਚ ਇੰਝ ਦੀਆਂ ਪੀੜਾਂ ਨਹੀਂ ਪੁੰਗਰਦੀਆਂ। ਕੋਈ ਤਾਂ ਗਾਲ੍ਹ ਨਾਲ ਹੀ ਮਰ ਜਾਂਦਾ ਹੈ ਅਤੇ ਕਿਸੇ ਨੂੰ ਡਾਂਗ ਵੀ ਨਹੀਂ ਮਾਰ ਸਕਦੀ। ਲਾਜਵੰਤੀ ਹੱਥ ਲਾਇਆਂ ਮੁਰਝਾ ਜਾਂਦੀ ਹੈ ਅਤੇ ਛਿੱਤਰ ਥੋਹਰ ਦੇ ਉੱਤੋਂ ਦੀ ਪੈਰ ਵੀ ਰੱਖ ਕੇ ਲੰਘ ਜਾਈਏ ਤਾਂ ਕੁੱਝ ਨਹੀਂ ਹੁੰਦਾ। ਵਿਛੋੜੇ ਦੀ ਪੀੜ ਨਾਲ ਪਿਆਰ ਕਰਨ ਵਾਲੇ ਵਿਛੋੜੇ ਦੀ ਬੁੱਕਲ ਵਿੱਚ ਵੜ ਕੇ ਖ਼ੁਸ਼ ਰਹਿੰਦੇ ਹਨ। ਕਿਸੇ ਰੁੱਖ਼ ਦੀ ਖੋੜ ਵਿੱਚ ਰਹਿੰਦੇ ਤੋਤੇ ਨੂੰ ਸ਼ੀਸ਼ੇ ਦਾ ਘਰ ਵੀ ਵੱਢ ਵੱਢ ਖਾਂਦਾ ਹੈ।
ਮੈਂ ਵੀ ਉਹਨਾਂ ਵਿੱਚੋਂ ਹੀ ਹਾਂ। ਮੈਂ ਮੋੜਦਾ ਹਾਂ ਲੰਦਨ ਦੀ ਚਮਕਦੀ ਚਿਲਕਦੀ ਅਤੇ ਇਹ ਲਿਸ਼ਕਦੀ ਦੁਨੀਆਂ। ਕੋਈ ਹੈ, ਜੋ ਜ਼ਮੀਨ ਨੂੰ ਆਪਣੇ ਰਸਤੇ (ਮਹਿਵਰ) ਉੱਤੇ ਉਲਟਾ ਘੁਮਾ ਦੇਵੇ? ਜਾਂ ਘੜੀ ਦੀਆਂ ਸੂਈਆਂ ਨੂੰ ਪੁੱਠੇ ਪੈਰੀਂ ਤੋਰ ਦੇਵੇ। ਹੈ ਕੋਈ! ਜਿਹੜਾ ਅੱਜ ਮੈਨੂੰ ਮੇਰਾ ਬਚਪਨ ਮੋੜ ਦੇਵੇ। ਮੋੜ ਦੇਵੇ ਮੈਨੂੰ ਅੱਜ ਕੋਈ ਮੇਰਾ ਪਿੰਡ, ਮੇਰੀਆਂ ਗਲੀਆਂ, ਮੇਰੀ ਮਿੱਟੀ ਅਤੇ ਮੇਰੀ ਮਾਂ।

*****

43 OAKLAND ROAD,
STRATFROD,
LONDON , E152AN, U.K

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346