ਮੇਰਾ ਬਚਪਨ
ਜਦੋਂ ਮੈਂ ਆਪਣੇ ਬਚਪਨ
ਨੂੰ ਯਾਦ ਕਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਜਿੱਥੇ ਗਰੀਬੀ ਨੇ ਮੈਨੂੰ ਬਚਪਨੇ ਦਾ
ਅਹਿਸਾਸ ਹੀ ਨਹੀਂ ਹੋਣ ਦਿੱਤਾ ਓਥੇ ਸਾਡੀਆਂ ਗੈਬੀ ਧਾਰਨਾਵਾਂ ਅਤੇ ਅੰਧਵਿਸ਼ਵਾਸਾਂ ਨੇ ਵੀ
ਮੈਥੋਂ ਮੇਰਾ ਬਚਪਨ ਖੋਹਣ ਵਿੱਚ ਪੂਰਾ ਪੂਰਾ ਹਿੱਸਾ ਪਾਇਆ। ਸ਼ਾਇਦ ਗਰੀਬੀ ਦੇ ਅਹਿਸਾਸ ਤੋਂ
ਵੀ ਪਹਿਲਾਂ ਅੰਧਵਿਸ਼ਵਾਸਾਂ ਨੇ ਮੇਰੀ ਮਾਸੂਮੀਅਤ ਨੂੰ ਕਾਬੂ ਕਰ ਲਿਆ ਸੀ।
ਮੈਂ ਛੋਟਾ ਜਿਹਾ ਸੀ ਜਦੋਂ ਮਾਂ-ਬਾਪ ਅਤੇ ਚਾਚੀਆਂ ਤਾਈਆਂ ਤੋਂ ਇਹ ਸਿੱਖ ਲਿਆ ਸੀ ਕਿ ਬੰਦਾ
84 ਲੱਖ ਜੂਨ ਭੋਗਦਾ ਹੈ ਤੇ ਮਰਨ ਤੋਂ ਬਾਅਦ ਸਵ੍ਰਗੀ ਰਾਹ ‘ਤੇ ਚੱਲ ਕੇ ਰੱਬ ਕੋਲ਼ ਪਹੁੰਚਦਾ
ਹੈ। ਇਸ ਵਿਸ਼ਵਾਸ ਦਾ ਮੇਰੇ ਮਨ ‘ਤੇ ਇਹ ਅਸਰ ਹੋਇਆ ਕਿ ਮੈਨੂੰ ਸੁਰਤ ਸੰਭਾਲਦਿਆਂ ਹੀ ਇਹ
ਫਿ਼ਕਰ ਪੈ ਗਿਆ ਕਿ ਸ਼ਾਇਦ ਅਗਲੇ ਜਨਮ ਵਿਚ ਮੇਰੇ ਇਸ ਜਨਮ ਵਾਲ਼ੇ ਮਾਂ-ਬਾਪ ਮੇਰੇ ਮਾਂ-ਬਾਪ
ਨਹੀਂ ਹੋਣਗੇ। ਇਹ ਬੜਾ ਮਾਰੂ ਅਹਿਸਾਸ ਸੀ ਜਿਸ ਨੇ ਮੈਨੂੰ ਕਦੀ ਵੀ ਮਾਨਸਿਕ ਤੌਰ ‘ਤੇ ਪੂਰੀ
ਤਰ੍ਹਾਂ ਵਧਣ-ਫੁੱਲਣ ਨਾ ਦਿੱਤਾ। ਮੈਂ ਸਿਰੇ ਦਾ ਧਾਰਮਿਕ ਹੋ ਗਿਆ। ਮੈਂ ਰਾਤ ਦਿਨ ਅਰਦਾਸਾਂ
ਕਰਨ ਲੱਗਾ ਕਿ ਮੇਰੇ ਪਰਵਾਰ ਦੇ ਕਿਸੇ ਵੀ ਜੀਅ ਨੂੰ ਮੌਤ ਨਾ ਆਵੇ ਤੇ ਜੇ ਆਵੇ ਵੀ ਤਾਂ ਅਗਲੇ
ਜਨਮ ਵਿੱਚ ਅਸੀਂ ਫਿਰ ਇਸੇ ਹੀ ਰੂਪ ਵਿੱਚ ਹੋਈਏ। ਇਹ ਅਹਿਸਾਸ ਮੈਨੂੰ ਬਹੁਤ ਉਦਾਸ ਰਖਦਾ।
ਖ਼ਾਸ ਕਰਕੇ ਰਾਤ ਨੂੰ ਜਦੋਂ ਮੈਂ ਆਪਣੇ ਬਾਪ ਨਾਲ਼ ਸੌਂਅ ਰਿਹਾ ਹੁੰਦਾ ਉਦੋਂ ਹਾਲਤ ਬਹੁਤ
ਤਰਸਯੋਗ ਹੁੰਦੀ। ਮੇਰਾ ਬਾਪ ਸ਼ਰਾਬ ਦੇ ਨਸ਼ੇ ‘ਚ ਘਰਾੜੇ ਮਾਰ ਰਿਹਾ ਹੁੰਦਾ ਤੇ ਮੈਨੂੰ
ਫਿ਼ਕਰ ਲੱਗਾ ਹੁੰਦਾ ਕਿ ਸ਼ਾਇਦ ਉਹ ਅਗਲੇ ਜਨਮ ਵਿੱਚ ਮੇਰਾ ਬਾਪ ਨਹੀਂ ਹੋਵੇਗਾ ਤੇ ਮੈਂ ਪਤਾ
ਨਹੀਂ ਕਿਸ ਪਰਵਾਰ ਦਾ ਅੰਗ ਬਣ ਜਾਵਾਂਗਾ। ਮੈਂ ਇਕ ਦਮ ਘਬਰਾ ਕੇ ਆਪਣੇ ਬਾਪ ਨੂੰ ਜਗਾ ਦਿੰਦਾ
ਤੇ ਕਹਿੰਦਾ ਕਿ ਮੈਨੂੰ ਨੀਂਦ ਨਹੀਂ ਆਉਂਦੀ। ਰਾਤ ਨੂੰ ਸੌਣ ਸਮੇਂ ਨਿੱਤਰੀ ਹੋਈ ਰਾਤ ਵਿੱਚ
ਮੈਨੂੰ “ਸਵ੍ਰਗੀ ਰਾਹ” (ਮਿਲਕੀ ਵੇਅ) ਦਿੱਸ ਪੈਂਦਾ ਤਾਂ ਮਨ ਹੋਰ ਵੀ ਉਦਾਸ ਹੋ ਜਾਂਦਾ,
ਖ਼ਾਸ ਕਰਕੇ ਜਦੋਂ ਸਾਡੇ ਪਿੰਡ ਵਿੱਚ ਕਿਸੇ ਦੀ ਤਾਜ਼ੀ ਮੌਤ ਹੋਈ ਹੁੰਦੀ ਉਸ ਸਮੇਂ ਹਾਲਤ ਹੋਰ
ਵੀ ਬਦਤਰ ਹੋ ਜਾਂਦੀ।
ਇਸ ਵਿਸ਼ਵਾਸ ਦਾ ਇਹ ਅਸਰ ਹੋਇਆ ਕਿ ਮੈਂ ਬੜਾ ਉਦਾਸ ਰਹਿਣਾ ਜਿਹਾ ਹੋ ਗਿਆ। ਸਕੂਲ ਜਾਣਾ ਜਾਂ
ਆਪਣੇ ਬਾਬਿਆਂ ਨਾਲ਼ ਪਸ਼ੂ ਚਾਰਨ ਜਾਣਾ ਤਾਂ ਧਿਆਨ ਹਮੇਸ਼ਾਂ ਘਰ ਵੱਲ ਹੀ ਰਹਿਣਾ ਕਿ ਮੇਰੀ
ਜਿ਼ੰਦਗੀ ਦੇ ਪਲ ਮੇਰੇ ਘਰਦਿਆਂ ਤੋਂ ਦੂਰ ਬੀਤਦੇ ਜਾ ਰਹੇ ਹਨ।
ਚੰਨ ਚਾਨਣੀ ਰਾਤ ਅੱਜ ਵੀ ਮੈਨੂੰ ਬਹੁਤ ਉਦਾਸ ਕਰਦੀ ਹੈ ਤੇ ਮੌਤ ਦੀ ਯਾਦ ਦਿਵਾਉਂਦੀ ਹੈ।
ਇਸਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਮੈਂ 13-14 ਸਾਲ ਸੀ ਉਦੋਂ ਮੈਥੋਂ ਛੋਟੇ ਮੇਰੇ ਚਚੇਰੇ
ਭਰਾ ਦੀ ਮੌਤ ਹੋ ਗਈ ਸੀ। ਉਸਦੇ ਸਸਕਾਰ ਵਾਲ਼ੀ ਰਾਤ ਚਾਨਣੀ ਰਾਤ ਸੀ। ਮੈਨੂੰ ਅੱਜ ਵੀ ਯਾਦ
ਹੈ ਕਿ ਜਦੋਂ ਉਸ ਰਾਤ ਨੂੰ ਦੂਰੋਂ ਆਏ ਰਿਸ਼ਤੇਦਾਰਾਂ ਨੂੰ ਮੈਂ ਰੋਟੀ ਵਰਤਾ ਰਿਹਾ ਸੀ ਤਾਂ
ਮੇਰਾ ਧਿਆਨ ਅਸਮਾਨ ਵਿੱਚ ਚਮਕਦੇ ਚੰਨ ਵੱਲ ਵਾਰ ਵਾਰ ਜਾ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ
ਅਸਮਾਨ ਵਿੱਚ ਦਿਸਦੇ ‘ਸਵ੍ਰਗੀ ਰਾਹ’ ‘ਤੇ ਮੇਰਾ ਭਰਾ ਕਿਤੇ ਤੁਰਿਆ ਜਾ ਰਿਹਾ ਹੋਵੇਗਾ। ਬਸ
ਉਸ ਦਿਨ ਤੋਂ ਚੰਨ ਦੀ ਚਾਨਣੀ ਮੇਰੇ ਲਈ ਮੌਤ ਦੀ ਪ੍ਰਤੀਕ ਬਣ ਕੇ ਰਹਿ ਗਈ ਹੈ ਤੇ ਅੱਜ ਵੀ
ਕਾਫੀ ਹੱਦ ਤੱਕ ਮੈਂ ਇਸਦੇ ਅਸਰ ਹੇਠ ਹਾਂ।
ਇਸ ਵਿਸ਼ਵਾਸ ਦਾ ਇੱਕ ਹੋਰ ਦਿਲਚਸਪ ਅਸਰ ਅੱਜ ਵੀ ਜਦੋਂ ਯਾਦ ਆਉਂਦਾ ਹੈ ਤਾਂ ਮੈਂ ਇਕੱਲਾ ਹੀ
ਮੁਸਕਰਾਉਣ ਲੱਗ ਪੈਂਦਾ ਹਾਂ: ਸਾਡਾ ਸਕੂਲ ਸਾਡੇ ਪਿੰਡ ਤੋਂ ਚੌਥੇ ਪਿੰਡ, ਦੌਲਤਪੁਰ ਢੱਡਾ,
ਵਿੱਚ ਪੈਂਦਾ ਸੀ। ਮਾਂ ਅਕਸਰ ਹੀ “ਲੰਚ” ਲਈ ਅੰਬ ਦੇ ਆਚਾਰ ਨਾਲ਼ ਪਰੌਂਠੇ ਬੰਨ੍ਹ ਦਿੰਦੀ।
ਮੈਂ ਰੋਟੀ ਖਾ ਕੇ ਅੰਬ ਦੇ ਆਚਾਰ ਦੀ ਗਿਟਕ ਨੂੰ ਪੋਣੇਂ ਵਿਚ ਲਪੇਟ ਲੈਂਦਾ। ਮੈਨੂੰ ਲੱਗਦਾ
ਕਿ ਇਹ ਸਾਡੇ ਘਰ ਦੇ ਅਚਾਰ ਦੀ ਗਿਟਕ ਹੈ ਤੇ ਜੇ ਮੈਂ ਇਸ ਨੂੰ ਏਥੇ ਸੁੱਟ ਗਿਆ ਤਾਂ ਇਹ
ਇਕੱਲੀ ਰਹਿ ਜਾਵੇਗੀ। (ਤੇ ਮੈਂ ਹੈਰਾਨ ਹੁੰਦਾ ਹਾਂ ਜਦੋਂ ਅੱਜ ਵੀ ਕਦੀ ਕਦੀ ਗੰਮ੍ਹ ਸੁੱਟਣ
ਲੱਗਿਆਂ ਮੈਨੂੰ ਉਹ ਅਹਿਸਾਸ ਤਾਜ਼ਾ ਹੋ ਜਾਂਦਾ ਹੈ)।
ਜਿੱਥੇ ਇਸ ਵਿਸ਼ਵਾਸ ਨੇ ਮੇਰੇ ਮਨ ਨੂੰ ਕਦੀ ਵੀ ਖੁੱਲ੍ਹ ਕੇ ਟਹਿਕਣ ਨਾ ਦਿੱਤਾ ਓਥੇ ਇਸ ਨੇ
ਮੈਨੂੰ ਸਮਝੌਤਾਵਾਦੀ ਕਿਸਮ ਦਾ ਬੰਦਾ ਵੀ ਬਣਾ ਦਿੱਤਾ। ਅੱਜ ਵੀ ਮੈਂ ਕਿਸੇ ਨਾਲ਼ ਟੱਕਰ
ਲੈਣੋਂ ਇਸ ਕਰਕੇ ਹੀ ਟਲ਼ ਜਾਂਦਾ ਹਾਂ ਕਿ ਜਿ਼ੰਦਗੀ ਬਹੁਤ ਛੋਟੀ ਹੈ ਤੇ ਪਤਾ ਨਹੀਂ ਕਦੋਂ
ਕਿਸ ਨੇ ਤੁਰ ਜਾਣਾ ਹੈ। ਪਹਿਲਾਂ ਮੇਰੀ ਮਾਂ ਨੂੰ ਤੇ ਹੁਣ ਕਦੀ ਕਦੀ ਘਰਦਿਆਂ ਨੂੰ ਮਹਿਸੂਸ
ਹੋਣ ਲੱਗ ਪੈਂਦਾ ਹੈ ਕਿ ਘਰ ਵਿੱਚ ਲੋੜੋਂ ਵੱਧ ਮਹਿਫ਼ਲ ਲਾਈ ਰੱਖਦਾ ਹਾਂ। ਪਰ ਇਹ ਬਚਪਨ ਦਾ
ਅਸਰ ਹੀ ਹੈ ਕਿ ਮੈਂ ਇਕੱਲਾ ਨਹੀਂ ਰਹਿਣਾ ਚਾਹੁੰਦਾ। ਜਦੋਂ ਕੋਈ ਦੋਸਤ ਜਾਂ ਰਿਸ਼ਤੇਦਾਰ
ਮੇਰੇ ਘਰ ਆਉਂਦਾ ਹੈ ਤਾਂ ਦਿਲ ਕਰਦਾ ਹੈ ਕਿ ਉਹ ਜਾਵੇ ਨਾ। ਜਦੋਂ ਮਹਿਮਾਨ ਤੁਰਦੇ ਹਨ ਤਾਂ
ਮੈਂ ਉਦੋਂ ਤੱਕ ਜਾਂਦਿਆਂ ਦਾ ਰਸਤਾ ਵੇਖਦਾ ਰਹਿੰਦਾ ਹਾਂ ਜਦੋਂ ਤੱਕ ਉਹ ਅੱਖੋਂ ਓਹਲੇ ਨਹੀਂ
ਹੋ ਜਾਂਦੇ।
ਮੇਰੇ ਬਚਪਨ ਨੂੰ ਪ੍ਰਭਾਵਤ ਕਰਨ ਵਾਲ਼ਾ ਦੂਸਰਾ ਵੱਡਾ ਪਹਿਲੂ ਸਾਡੇ ਘਰ ਦੀ ਗਰੀਬੀ ਸੀ। ਇਹ
ਨਹੀਂ ਕਿ ਸਾਡੇ ਛੋਟੇ ਜਿਹੇ ਪਿੰਡ ਵਿੱਚ ਬਾਕੀ ਦੇ ਘਰ ਬਹੁਤ ਰੱਜੇ-ਪੁੱਜੇ ਸਨ: ਮੇਰੇ ਚਾਚੇ
ਟੀਚਰ ਹੋਣ ਕਰਕੇ ਚੰਗੀ ਰੋਟੀ ਖਾਂਦੇ ਸਨ ਜਦਕਿ ਬਾਕੀ ਸਾਰੇ 19-21 ਦੇ ਫ਼ਰਕ ਨਾਲ਼ ਸਾਡੇ
ਵਰਗੇ ਹੀ ਸਨ। ਪਰ ਮੈਂ ਜਦੋਂ ਸੁਰਤ ਸੰਭਾਲੀ ਆਪਣੇ ਆਪ ਨੂੰ ਕੰਮ ਵਿੱਚ ਦੱਬੇ ਹੋਏ ਹੀ ਪਾਇਆ।
ਦੋ ਕਾਰਨ ਸਨ: ਇੱਕ ਤਾਂ ਮੈਂ ਆਪਣੇ ਭਰਾ ਤੋਂ ਪੰਜ ਸਾਲ ਦੇ ਕਰੀਬ ਵੱਡਾ ਹੋਣ ਕਰਕੇ ਆਪਣੇ
ਬਾਪ ਲਈ ਇੱਕੋ-ਇੱਕ ‘ਸਹਾਇਕ’ ਸਾਂ। ਇਸ ਕਰਕੇ ਪਸ਼ੂ ਸਾਂਭਣੇ ਤੇ ਪੱਠੇ ਵਗੈਰਾ ਪਾਉਣ ਵਿੱਚ
ਮੈਨੂੰ ਕਾਫੀ ਹੱਥ ਵਟਾਉਣਾ ਪੈਂਦਾ ਸੀ। ਦੂਸਰਾ ਸਾਡੀ ਕੋਈ ਭੈਣ ਨਹੀਂ ਸੀ ਤੇ ਮਾਂ ਦੇ ਹੱਥਾਂ
‘ਤੇ ਚੰਬਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਲਈ ਮੈਨੂੰ ਖੇਤਾਂ ਵਿੱਚ ਬਾਪ ਦਾ ਪੁੱਤ ਅਤੇ
ਘਰ ਵਿੱਚ ਮਾਂ ਦੀ ਧੀ ਬਣਕੇ ਰਹਿਣਾ ਸਿੱਖਣਾ ਪਿਆ। ਨਾ ਸਿਰਫ ਮੈਂ ਛੋਟੀ ਉਮਰ ਵਿੱਚ ਹੀ
ਦਾਲ-ਰੋਟੀ ਬਣਾਉਣੀ ਹੀ ਸਿੱਖ ਲਈ ਸੀ ਸਗੋਂ ਪੋਚਾ ਫੇਰਨ, ਦਰੀਆਂ ਅਤੇ ਸਵੈਟਰ ਬੁਣਨ ਤੋਂ ਲੈ
ਕੇ ਚਰਖਾ ਕੱਤਣ ਤੱਕ ਦੇ ਸਾਰੇ ਕੰਮਾਂ ਵਿੱਚ ਮਾਂ ਦਾ ਹੱਥ ਵਟਾ ਲੈਦਾ ਸਾਂ।
ਮੇਰੇ ਘਰ ਦੀ ਹਾਲਤ ਕਾਰਨ ਮੇਰੇ ‘ਤੇ ਪਏ ਬੋਝ ਸਦਕਾ ਬਚਪਨ ਦੀਆਂ ਬਹੁਤ ਸਾਰੀਆਂ ਕੌੜੀਆਂ
ਯਾਦਾਂ ਅੱਜ ਵੀ ਮੇਰਾ ਦਿਲ ਪਿਘਲਾ ਦਿੰਦੀਆਂ ਹਨ:
ਮੈਂ ਬਹੁਤ ਛੋਟਾ ਸਾਂ ਜਦੋਂ ਇੱਕ ਦਿਨ ਆਪਣੇ ਬਾਬਿਆਂ ਨਾਲ਼ ਮੱਝਾਂ ਚਾਰਨ ਗਿਆ ਹੋਇਆ ਸਾਂ।
ਸਾਡੀ ਇੱਕ ਮੱਝ ਕਿਸੇ ਦੀ ਫ਼ਸਲ ਵੱਲ ਵਧ ਰਹੀ ਸੀ, “ਪੁੱਤ ਮੋੜ ਭੱਜ ਕੇ”, ਮੇਰੇ ਬਾਬੇ ਨੇ
ਮੈਨੂੰ ਪ੍ਰੇਰਿਆ। ਮੈਂ ਆਪਣੇ ਭੋਲੇਪਨ ਵਿੱਚ ਛੋਟੇ ਛੋਟੇ ਹੱਥਾਂ ਨਾਲ਼ ਮੱਝ ਨੂੰ ਡੰਡਾ ਮਾਰ
ਕੇ ਮੋੜਨ ਲੱਗਾ। ਸ਼ਾਇਦ ਮਲੂਕ ਜਿਹੇ ਹੱਥਾਂ ਨਾਲ਼ ਵੱਜ ਰਹੇ ਡੰਡੇ ਦਾ ਮੱਝ ਨੂੰ ਅਹਿਸਾਸ
ਤੱਕ ਵੀ ਨਹੀਂ ਸੀ ਹੋ ਰਿਹਾ। ਆਖਰ ਅੱਗੇ ਵਧਦੀ ਜਾ ਰਹੀ ਮੱਝ ਨੂੰ ਜਦੋਂ ਮੈਂ ਅੱਗੇ ਹੋ ਕੇ
ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਪਤਾ ਨਹੀਂ ਪੈਰ ਅੜਨ ਨਾਲ਼ ਜਾਂ ਮੱਝ ਦੇ ਧੱਕੇ ਨਾਲ਼ ਮੈਂ
ਥੱਲੇ ਡਿੱਗ ਪਿਆ ਤੇ ਮੱਝ ਮੇਰੀ ਪਿੰਞਣੀ ‘ਤੇ ਪੈਰ ਰੱਖ ਕੇ ਅੱਗੇ ਵਧ ਗਈ। ਪੀੜ ਨਾਲ਼
ਕੁਰਲਾਉਂਦੇ ਨੂੰ ਮੇਰੇ ਬਾਬੇ ਮੈਨੂੰ ਚੁੱਕ ਕੇ ਘਰ ਛੱਡ ਗਏ।
ਦੂਸਰਾ ਵਾਕਿਆ ਬਹੁਤ ਦਰਦਨਾਕ ਹੈ। ਜਿਸਮਾਨੀ ਪੀੜ ਹੁੰਦੀ ਤਾਂ ਸ਼ਾਇਦ ਏਨੀ ਗਹਿਰੀ ਨਾ ਹੁੰਦੀ
ਪਰ ਇਹ ਤੇ ਮਾਨਸਿਕ ਪੀੜ ਸੀ ਜੋ ਅੱਜ ਵੀ ਮੈਨੂੰ ਰੁਆ ਦਿੰਦੀ ਹੈ: ਸਾਡੀ ਗਾਂ ਸੂਣ ਵਾਲ਼ੀ
ਸੀ। ਮੈਨੂੰ ਬੜਾ ਚਾਅ ਸੀ ਕਿ ਦੁੱਧ ਪੀਣ ਨੂੰ ਮਿਲਿਆ ਕਰੇਗਾ। ਪਰ ਮੇਰੀ ਮਾਂ ਰੋ ਰਹੀ ਸੀ।
ਗਾਂ ਸੂਣ ਤੋਂ ਪਹਿਲਾਂ ਹੀ ਮੇਰਾ ਬਾਪ ਸਾਡੇ ਆੜ੍ਹਤੀਏ ਨਾਲ਼ ਗਾਂ ਦਾ 800 ਰੁਪਏ ਦਾ ਸੌਦਾ
ਕਰ ਆਇਆ ਸੀ। ਆੜ੍ਹਤੀਏ ਨੂੰ ਲਵੇਰਾ ਚਾਹੀਦਾ ਸੀ ਤੇ ਮੇਰੇ ਬਾਪ ਨੇ ਕਰਜ਼ੇ ਦੀ ਪੰਡ ਹੌਲ਼ੀ
ਕਰਨੀ ਸੀ। ਦੁਪਹਿਰ ਸਮੇਂ ਜਦੋਂ ਗਾਂ ਸੂਈ ਤਾਂ ਮੇਰਾ ਪਸ਼ੂ ਚਾਰਨ ਜਾਣ ਦਾ ਵੇਲ਼ਾ ਹੋ ਗਿਆ
ਸੀ। ਮੈਨੂੰ ਚਾਅ ਸੀ ਕਿ ਜਦੋਂ ਵਾਪਿਸ ਘਰ ਆਵਾਂਗਾ ਤਾਂ ਬੌਹਲ਼ੀ ਪੀਣ ਨੂੰ ਮਿਲੇਗੀ। ਇਸ ਤੋਂ
ਅਗਲਾ ਸੀਨ ਮੇਰੇ ਦਿਲ ਵਿੱਚ ਖੰਜਰ ਵਾਂਗ ਖੁੱਭਾ ਪਿਆ ਹੈ। ਮੈਨੂੰ ਲਗਦਾ ਹੈ ਕਿ ਮੇਰੇ ਬਚਪਨ
ਦਾ ਬਹੁਤ ਵੱਡਾ ਹਿੱਸਾ ਉਸ ਪਲ ਅੰਦਰ ਫ਼ਰੀਜ਼ ਹੋ ਕੇ ਰਹਿ ਗਿਆ ਹੈ: ਪਿੰਡ ਦੀ ਸੜਕ ਨਾਲ਼
ਲੱਗਦੇ ਭੱਖੜੇ ਭਰੇ ਖੇਤਾਂ ਵਿੱਚ ਮੈਂ ਨੰਗੇ ਪੈਰੀਂ ਪਸ਼ੂ ਚਾਰ ਰਿਹਾ ਸੀ ਤਾਂ ਕੀ ਵੇਖਦਾ
ਹਾਂ ਕਿ ਮਲਸੀਆਂ ਤੋਂ ਅਕਸਰ ਹੀ ਸਾਡੇ ਘਰ ਆਉਂਦਾ ਰਹਿੰਦਾ ਪਸ਼ੂਆਂ ਦਾ ਦਲਾਲ ਇਕ ਹੋਰ ਬੰਦੇ
ਨਾਲ਼ ਸਾਡੇ ਪਿੰਡੋਂ ਮਲਸੀਆਂ ਵੱਲ ਨੂੰ ਜਾ ਰਿਹਾ ਹੈ। ਨਾਲ਼ ਦਾ ਬੰਦਾ ਸਾਈਕਲ ਰੇੜ੍ਹੀ ਜਾ
ਰਿਹਾ ਹੈ। ਸਾਈਕਲ ਦੇ ਕੈਰੀਅਰ ‘ਤੇ ਟੋਕਰੀ ਬੱਝੀ ਹੋਈ ਹੈ। ਟੋਕਰੀ ਵਿੱਚ ਨਿੱਕਾਂ ਜਿਹਾ
ਵੱਛਾ ਹੈ…ਤੇ ਵੱਛੇ ਦੇ ਪਿੱਛੇ ਪਿੱਛੇ... ਮੇਰੀ ਗਾਂ ਤੁਰੀ ਜਾ ਰਹੀ ਹੈ....ਆਪਣੀ ਤੁਰੀ ਜਾ
ਰਹੀ ਗਾਂ…ਦੁੱਧ ਮਿਲਣ ਦੇ ਲੁੱਟੇ ਜਾ ਚੁੱਕੇ ਸੁਪਨੇ… ਅਤੇ ਮਾਂ ਦੇ ਰੋਣ ਦੇ ਕਾਰਨ ਦੀ ਆ ਰਹੀ
ਸਮਝ ਕਾਰਨ ਮੇਰੇ ਦਿਲੋਂ ਨਿਕਲਦੀ ਜਾ ਰਹੀ ਧਾਹ ਨੂੰ ਮੈਂ ਰੋਕਣ ਦੀ ਕੋਸਿ਼ਸ਼ ਕਰ ਰਿਹਾ ਹਾਂ
ਪਰ ਅੱਥਰੂ ਆਖੇ ਨਹੀਂ ਲੱਗ ਰਹੇ...ਮੇਰੀ ਸੱਜੀ ਅਰਕ ਪਸ਼ੂ ਮੋੜਨ ਵਾਲ਼ੇ ਸੋਟੇ ਦੇ ਉਤਲੇ
ਸਿਰੇ ‘ਤੇ ਅਟਿਕ ਜਾਂਦੀ ਹੈ ਤੇ ਦੂਸਰਾ ਹੱਥ ਡੰਡੇ ਨੂੰ ਥੰਮ੍ਹ ਲੈਂਦਾ ਹੈ...ਮੇਰਾ ਸੱਜਾ
ਨੰਗਾ ਪੈਰ ਖੱਬੀ ਲੱਤ ਦੇ ਗੋਡੇ ‘ਤੇ ਜਾ ਟਿਕਦਾ ਹੈ ਤੇ ਵਿਲਕਦੀਆਂ ਹੋਈਆਂ ਅੱਖਾਂ ਨਾਲ਼ ਗਾਂ
ਲਈ ਜਾਂਦੇ ਲਾਲੇ ਤੇ ਦਲਾਲ ਨੂੰ ਵੇਖਦਾ ਹੋਇਆ ਮੈਂ “ਵਾਹੋ-ਦਾਹੀ” ਅਰਦਾਸ ਕਰੀ ਜਾਂਦਾ ਹਾਂ,
“ ਜਾ ਰੱਬ ਸੱਚਿਆ ਇਹ ਲਾਲਾ ਏਥੇ ਹੀ ਮਰ ਜਾਵੇ ਤੇ ਮੇਰੀ ਗਾਂ ਮੇਰੇ ਕੋਲ਼ ਰਹਿ
ਜਾਵੇ....ਜਾਹ ਰੱਬ ਸੱਚਿਆ...” ਪਤਾ ਨਹੀਂ ਰੱਬ ਸੱਚਾ ਨਹੀਂ ਸੀ ਜਾਂ ਮੇਰੇ ਵਿਰਪਾਲ ਵਿੱਚ
ਕੋਈ ਕਮੀ ਸੀ ਕਿ ਨਾ ਰੱਬ ਨੇ ਮੇਰੀ ਸੁਣੀ, ਨਾ ਲਾਲਾ ਮਰਿਆ ਤੇ ਨਾ ਹੀ ਮੇਰੀ ਗਾਂ ਮੇਰੇ
ਕੋਲ਼ ਰਹੀ…ਹਾਂ ਉਸ ਦਿਨ ਤੋਂ ਰੱਬ ਦੇ ਦੰਭ ਦਾ ਬਹੁਤ ਵੱਡਾ ਹਿੱਸਾ ਮੇਰੇ ਦਿਲ ਵਿੱਚੋਂ
ਜ਼ਰੂਰ ਮਰ ਗਿਆ…ਮੇਰਾ ਬਚਪਨ ਸੂਲੀ ਚੜ੍ਹ ਗਿਆ ਸੀ…
-0-
|