ਧਰਤੀ ਦੀ ਉੱਥਲ-ਪੁੱਥਲ
ਕੁਦਰਤ ਦੇ ਰੰਗ
ਵਿਨਾਸ਼ਕਾਰੀ ਪਰਲੋ ਤੂਫਾਨ ਭੂਚਾਲ ਦਾ ਅੰਜਾਮ
ਅਰਬਾਂ ਸਾਲਾਂ ਦਾ ਕਿਆਮਤ ਸਫਰ
ਵਾਨਰ ਸੈਨਾ ਦੇ ਬਣਾਏ ਡੈਮ
ਸੈਂਟਾ ਦੈ ਪੈੜ-ਚਿੰਨ੍ਹ
ਏਲੀਅਨਾਂ ਦੇ ਰੰਗ-ਮਹੱਲ
ਸਾਖਸ਼ਾਤ ਦਿੱਸ ਰਿਹਾ ਮੰਜ਼ਰ।
ਮੰਜੇ ਦੇ ਸੇਰੂ, ਫਰਨੀਚਰ, ਘੜੇ ਤਰਾਸ਼ੇ ਪਾਵੇ
ਬੀਮ, ਥੰਮ੍ਹੀਆਂ ਬੂਹੇ-ਬਾਰੀਆਂ
ਤਰਖਾਣ ਲੁਹਾਰ ਦੇ ਕਾਰਖਾਨੇ
ਠਠਿਆਰ ਦੀ ਕਰਮਸ਼ਾਲਾ,
ਅਜੰਤਾ ਅਲੋਰਾ ਗੁਫਾਵਾਂ ਜਿਹੀ
ਚਕ੍ਰਿਤਿੱਕ ਮੀਨਾਕਾਰੀ ਮੂਰਤੀਕਾਰੀ,
ਕਾਠ ਦੀ ਹਾਂਡੀ ਮਿੱਟੀ ਦੇ ਬਾਵੇ
ਅਮਰੂ ਨਿਥਾਵੇਂ, ਰਵਿਦਾਸ ਦੀਆਂ ਖੱਡੀਆਂ,
ਰੋਪੜ ਦਾ ਠੰਢਾ ਭੱਠਾ, ਬੁੱਧੂ ਸ਼ਾਹ ਦੇ ਆਵੇ
ਅਦਿੱਖ ਬੁੱਤਘਾੜੇ ਜਾਂ ਇੰਜੀਨੀਅਰ ਬਣਾਏ।
ਗਯਾ ਬੋਹੜ, ਸਮਾਧੀ ’ਚ ਗੌਤਮ
ਉੱਤਰ ਆਇਆ ਅਸਮਾਨੋਂ ਘੁਮਾਰ ਫਰਿਸ਼ਤਾ
ਬੈਠ ਗਿਆ ਹੱਟ ਸਜ਼ਾ ਕੇ
ਮਹਿੰਗੇ ਸਸਤੇ ਵੇਚ ਰਿਹਾ ਘੜੇ ਕੁੱਜੇ ਕੁੱਜੀਆਂ।
ਬ੍ਰਹਮਾਂ ਵਿਸ਼ਨੂ ਮਹੇਸ਼ ਸ੍ਰੀ ਗਣੇਸ਼ ਚੋਟੀਆਂ
ਅਮਰ ਨਾਥ ਸਿ਼ਵਲਿੰਗ, ਬੰਗਾਲ ਦਾ ਕਾਮਵਤੀ ਮੰਦਰ
ਹੇਮਕੁੰਟ, ਬਦਰੀਨਾਥ, ਵੈਸ਼ਨੂ ਦੇਵੀ, ਅਰਧਕਵਾਰੀ
ਸਾਰੇ ਹੀ ਨੇ ਇੱਥੇ ਧਾਂਰਮਿਕ ਪ੍ਰਵਿਰਤੀ ਦੇ ਵਪਾਰੀ।
ਨਾਗਾਸਾਕੀ, ਹੀਰੋਸ਼ੀਮਾ ਕੋਟਾਬੂੰਦੀ ਖੰਡਰ
ਫਨਾਂਹ ਹੋਇਆ ਅਕਾਲ ਤਖਤ, ਢਾਹੀ ਬਾਬਰੀ ਮਸਜਿਦ,
ਗਰਕ ਹੋਇਆ ਬੱਗ੍ਹੇ-ਛੀਨੇ ਦਾ ਥੇਹ,
ਜਾਪਦੇ ਨੇ ਇਹ।
ਪੱਥ ਰੱਖੀਆਂ ਪਾਥੀਆਂ ਕਿਸੇ ਸਵਾਣੀ ਨੇ
ਚਿਣ ਦਿੱਤੇ ਗਹੀਰੇ ਉੱਪਰ ਤੱਕ ਕਿੰਗਰੇ ਕਿਨਾਰੇ।
ਬੰਨ੍ਹ ਦਿੱਤੇ ਕੁੱਪ ਮੂਸਲ ਬੇੜਾਂ ਨਾਲ ਕਿਸਾਨ ਨੇ।
ਪਕਾ ਰੱਖੇ ਵੜੇ ਪਕੌੜੀਆਂ ਜਲੇਬੀਆਂ ਹਲਵਾਈ ਨੇ।
ਨੁੱਕਰੇ ਚਨੁੱਕਰੇ ਦਾਦੀ ਮਾਂ ਦੇ ਬਣਾਏ
ਗੋਲ ਵਲਦਾਰ ਪੇੜੇ
ਪਰੋਸੇ ਸੁੰਦਰ ਥਾਲੀ ਵਿਚ ਲੱਛੇਦਾਰ ਪਰੌਠੇ
ਖਾਧੇ ਨਾ ਕਦੇ ਵੇਖੇ,
ਵੇਖ ਲਓ ਇੱਥੇ।
ਸਿ਼ਵ ਸ਼ੰਕਰ ਜਟਾਵਾਂ ’ਚੋਂ ਵਗਾ ਰਿਹਾ ਅੰਮ੍ਰਿਤ ਧਾਰਾ,
ਨਿਆਗਰਾ ਫਾਲ ਥੱਲੇ ਭ੍ਰਿਗੂ ਸਨਿਆਸੀ,
ਧੋ ਰਿਹਾ ਉਲਝਿਆ ਝਾਟਾ ਤਾਣਾ ਬਾਣਾ।
ਪਹਾੜੀ ਆਬਸ਼ਾਰਾਂ ਵਿਚੋਂ ਨਹਾਈ
ਕੁੰਜ-ਕੁਆਰੀ ਸੁਕਾ ਰਹੀ ਵਾਲ
ਕੋਠੇ ਚੜ੍ਹਕੇ ਬਾਲਕੋਨੀ ’ਚ ਘੁਸਮੁਸੇ ਤੜਕੇ।
ਨਹਿਰ ਕੱਢ ਲਿਆਉਂਦਾ ਪਹਾੜਾਂ ਚੋਆਂ ਖੱਡਾਂ ਵਿਚੋਂ,
ਫੁਰਹਾਦ ਪਹੁੰਚ ਚੁੱਕਾ ਆਪਣੀ ਮੰਜਿਲ ਤੱਕ
ਉਡੀਕਦੀ ਸ਼ੀਰੀ ਬਿੰਦੀ ਲਗਾਈ ਜ਼ੁਲਫਾਂ ਖਿਲਾਰੀ।
ਹੀਰ ਰਾਂਝਾ, ਸੱਸੀ ਪੁੰਨੂ ਵੀ ਇੱਥੇ
ਲੁਕੇ ਹੋਏ ਕੁੰਦਰਾਂ ਅੰਦਰ
ਲੁਕਣ ਮੀਟੀ ਖੇਲਦੇ ਇਸ਼ਕ ਫਰਮਾਉਂਦੇ।
ਨੱਲ ਦਮਯੰਤੀ ਅਲਫ ਲੈਲਾ,
ਉਡੀਕ ਰਹੇ ਆਪਣੀ ਵਾਰੀ।
ਦਮੋਦਰ ਵਾਰਿਸ ਹਾਸ਼ਮ ਹੱਥ ਕਲਮ ਦਵਾਤ
ਲਿਖ ਰਹੇ ਅੱਖੀਂ ਡਿੱਠੇ ਹਾਲ ਢਾਹੇ ਤੇ ਖੜ੍ਹ ਕੇ।
ਪਿੰਡੇ ਸੰਗਲ ਮਾਰਦਾ ਹੱਸਦਾ ਜ਼ਖਮੀ ਮੁਹੱਰਮ,
ਚੜ੍ਹ ਰਿਹਾ ਕਰਾਈਸਟ ਸੂਲੀ ਕਰਾਸ ਤੇ ਟੰਗਿਆ।
ਦੇਵੀ ਦੇਵਤਿਆ ਦੀ ਰੰਗ-ਸ਼ਾਲਾ,
ਹਰਿਦੁਆਰ ਰਿਸ਼ੀਕੇਸ਼ ਜਮਨਾ ਦੇ ਘਾਟ
ਕਿਸ਼ਨ ਬੰਸਰੀ ਵਜਾਉਦਾ ਕੱਪੜੇ ਲੁਕਾਉਂਦਾ
ਖੜ੍ਹਾ ਹੈ ਰਾਧਾ ਨੂੰ ਭਰਮਾਉਦਾ ਬੁਲਾਉਂਦਾ।
ਦੇ ਦਿਓ ਇਸ਼ਤਿਹਾਰ ਭਾਰਤੀ ਮੀਡੀਏ ਵਿਚ
ਵਿਕਾਊ ਹੈ ਇਹ ਜਗ੍ਹਾ ਜਾਂ ਖਾਲੀ ਕਿਰਾਏ ਲਈ,
ਬਣਾ ਲਓ ਦੁਕਾਨਾਂ ਜੀ-ਚਾਹੀਆਂ
ਸੁੰਦਰ ਸੁਹਣੇ ਮੰਦਰ ਬਣਾਉਣ ਲਈ
ਹੱਟ ਸਜਾਉਣ ਲਈ।
ਬਣਾ ਲਓ ਚਰਚ ਗੁਰਦੁਆਰੇ ਮੰਦਿਰ,
ਧੁਖਾ ਦਿਓ ਧੂਫ਼ ਮੋਮਬੱਤੀਆਂ
ਖਿੱਚ ਲਓ ਜਿੰਨੇ ਮਰਜ਼ੀ ਸ਼ਰਧਾਲੂ,
ਪਾ ਦਿਓ ਗਲੇ ਹਾਰ ਤੇ ਮੱਥੇ ਤਿਲਕ
ਸੌਦਾਗਰ ਵਾਂਗ ਅਦਿੱਖ ਸਿਰਜਣਹਾਰ ਦੇ।
ਲਿਖ ਲਓ ਹਰ ਪੌੜੀ ਤੇ ਆਪਣਾ ਨਾਂ
ਟੰਗ ਦਿਓ ਬੈਨਰ ਵਿਛਾ ਦਿਓ ਚਾਦਰਾਂ
ਰੱਖ ਦਿਓ ਗੋਲਕ, ਦਾਨ-ਪਾਤਰ ਬਾਲਟੀਆਂ
ਫੰਡ-ਰੇਜਿ਼ੰਗ ਡਾਲਰਾਂ ਵਾਸਤੇ।
ਲੱਭ ਲਿਆ ਅੱਜ ਮੈਂ ਰੱਬ,
ਲੱਭ ਲਿਆ ਅੱਲਾ,
ਲੱਭ ਲਿਆ ਭਗਵਾਨ
ਲੱਭ ਲਿਆ ਆਪਣਾ ਇਸ਼ਟ
ਲੱਭ ਲਿਆ ਮੈਂ, ਬਿੰਦੂ ਚਿੰਤਨ ਵਿਵੇਕ
ਜੋ ਨਾ ਅੱਲਾ ਹੈ, ਨਾ ਭਗਵਾਨ ਹੈ,
ਨਾ ਦੇਵਤਾ ਹੈ, ਨਾ ਗਾਡ ਹੈ,
ਇਹੀ ਸਭ ਕੁਝ ਹੈ, ਲੱਭ ਲਓ ਇੱਥੋਂ,
ਦੇ ਦਿਓ ਜਿਹੜੇ ਨਾਂ ਮਰਜ਼ੀ।
-0- |