ਇੱਛਾ ਸ਼ਕਤੀ ਕੀ ਹੈ? ਇਹ
ਕਿੱਥੋਂ ਆਵਦੀਂ ਹੈ? ਇਹ ਇਕ ਕਿਸਮ ਦੀ ਮਨ ਦੀ ਮੌਜ, ਇਰਾਦਾ, ਆਪਣੇ ਆਪ ਨਾਲ ਵਾਦਾ, ਮਾਨਸਿਕ
ਪਕਿਆਈ ਤੇ ਜੋਸ਼ ਨਾਲ ਸਰਾਬੋਰ ਉਤੇਜਨਾ ਭਰੀ ਨਿਸ਼ਚਤਤਾ ਦਾ ਆਲਮ,ਲੈਅ, ਜਾਂ ਲੋਰ ਕਹੀ ਜਾ
ਸਕਦੀ ਹੈ, ਜੋ ਇਨਸਾਨ ਨੂੰ ਹਮੇਸਾਂ ਚੜਦੀ ਕਲ੍ਹਾ ਦਾ ਪਾਂਧੀਂ ਬਣਾ ਅੱਗੇ ਵੱਲ ਨੂੰ ਤੋਰਦੀ
ਹੈ, ਇਹ ਮਨ ਦੀ ਮੌਜ ਜਾਂ ਇੱਛਾ ਸ਼ਕਤੀ ਹੀ ਹੈ ਜੋ ਰਾਤਾਂ ਤੱਕ ਜਗਾ ਕੇ ਰੱਖਦੀ ਹੈ,ਸਿਰਤੋੜ
ਯਤਨ ਤੇ ਮਿਹਨਤ ਕਰਕੇ ਤੇ ਮਨੁੱਖ ਨੂੰ ਲਕਸ਼ ਪ੍ਰਾਪਤੀ ਵੱਲ ਜਾਣ ਲਈ ਹੋੜਦੀ ਰਹਿੰਦੀ ਹੈ। ਪਰ
ਇਨਾਂ ਚੀਜਾਂ ਦੀ ਅਨਹੋਂਦ ਸਾਨੂੰ ਸਿੱਧੇ ਹੀ ਤਨਾਅ, ਡੂੰਘੇ ਫਿਕਰ ਤੇ ਗੰਭੀਰ ਚਿੰਤਾ ਦੇ ਰਾਹ
ਤੋਰ ਦਿੰਦੀ ਹੈ ਜੋ ਸਾਡੀ ਸੋਚ, ਹਿੰਮਤ ਤੇ ਮਾਨਸਿਕ ਕੁਵਤ ਲਈ ਮੜੀ ਬਣ ਜਾਂਦੀ ਹੈ।
ਮਨ ਜੋ ਕਿ ਬਹੁਤ ਹੀ ਚੰਚਲ, ਛੋਹਲਾ, ਤੇ ਚੁਸਤ ਚਲਾਕ ਗਿਣਿਆ ਜਾਂਦਾ ਹੈ। ਪਤਾ ਨਹੀ ਕਿੰਨੇ
ਹੱਦਾਂ ਬੰਨੇ ਟੱਪਦਾ, ਭਟਕਦਾ, ਦੌੜਦਾ ਕਿੱਥੇ ਦਾ ਕਿੱਥੇ ਪਲਾਂ ਛਿਨਾਂ ਵਿਚ ਹੀ ਪਹੁੰਚ
ਜਾਂਦਾ ਹੈ। ਕਈ ਕਈ ਵੱਡੇ ਤੋਂ ਵੱਡੇ ਫੈਸਲੇ ਵੀ ਪਲਾਂ ਛਿਨਾਂ ਵਿਚ ਹੀ ਇਕੋ ਠੋਕਰ ਨਾਲ ਢਹਿ
ਢੇਰੀ ਕਰ ਦਿੰਦਾ ਹੈ। ਪਲਾਂ ਵਿਚ ਹੀ ਬਹੁਤ ਬਲਵਾਨ ਹੁੰਦਾ ਹੈ ਤੇ ਕਈ ਵਾਰ ਬਹੁਤ ਹੀ ਡਰਪੋਕ
ਬਣ ਦੌੜ ਜਾਂਦਾ ਹੈ। ਜੇਕਰ ਇਸ ਨੂੰ ਉਸਾਰੂ ਤੇ ਸਿੱਧੇ ਰਸਤੇ ਲਾਇਆ ਜਾਵੇ ਤਾਂ ਜਿੰਦਗੀ
ਸੁਹਾਨੀ ਬਣਾ ਸਕਦੀ ਹੈ। ਕਿਸੇ ਨੇ ਖੂਬ ਕਿਹਾ ਹੈ ਮਨ ਕੇ ਹਾਰੇ ਹਾਰ ਤੇ ਮਨ ਕਿ ਜੀਤੇ ਜੀਤ।
ਇਹ ਮਨ ਹੀ ਹੈ ਜੋ ਲੋਰ ਬਣਾ ਕੇ ਸਾਨੂੰ ਸਭ ਕੁਝ ਕਰਨ ਗੁਜਰਨ ਦੀ ਹਿੰਮਤ ਤੇ ਇੱਛਾ ਸ਼ਕਤੀ
ਪ੍ਰਦਾਨ ਕਰਦਾ ਹੈ ਜੋ ਅਸੀਂ ਨਹੀ ਕਰ ਸਕਦੇ।
ਪਵਿੱਤਰ ਗੁਰਬਾਣੀ ਵੀ ਇਸ ਦੀ ਹਾਮੀ ਭਰਦੀ ਹੈ, ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ, ਮਨਿ
ਜੀਤੇ, ਜਗੁ ਜੀਤੁ।। ਭਾਵਿ ਕਿ ਜੋ ਮਨ ਨੂੰ ਜਿਤ ਲੈਂਦਾ ਹੈ ਉਸ ਲਈ ਜਗ ਨੂੰ ਜਿੱਤਣਾਂ ਕੋਈ
ਮੁਸ਼ਕਿਲ ਨਹੀ, ਇੱਥੇ ਮਨ ਜਿੱਤਣ ਦਾ ਅਰਥ ਹੈ ਆਪਣੇ ਆਪ ਨੂੰ ਸੁਭ ਵਿਚਾਰਾਂ ਨਾਲ ਉਤ ਪੋਤ
ਕਰਕੇ ਆਪਣੀ ਜਿੰਦਗੀ ਨੂੰ ਆਧਿਆਤਮਿਕਤਾ ਦੇ ਰਸਤੇ ਪਾ ਕੇ, ਸਮਾਜਕ ਭਲਾਈ ਕਰਨ, ਮਾਨਵਤਾ ਦਾ
ਭਲਾ ਕਰਨ ਲਈ ਜੀਵਨ ਨੂੰ ਜਿਵ ਕੇ ਧਰਮ ਕਮਾਉਣਾ ਤੇ ਵਿਕਾਰਾਂ ਤੋਂ ਮਨ ਤੋਂ ਮੁਕਤ ਕਰਨਾ।
ਨਿਮਰਤਾ ਤੇ ਹਾਲੀਮੀ ਜਿਹੇ ਮਹਾਨ ਗੁਣਾਂ ਦੇ ਧਾਰਨੀ ਬਣਨਾ। ਕਹਿੰਦੇ ਹਨ ਫੱਕਰ ਕਿਤੇ ਗਾਲ ਤੇ
ਝਿੜਕ ਵੀ ਦੇ ਦੇਵੇ ਤਾਂ ਲੈ ਲੈਣੀ ਕਿਸੇ ਕ੍ਰਿਪਾ, ਮੇਹਰ ਤੋਂ ਘੱਟ ਨਹੀ ਹੁੰਦੀ ਇਸੇ ਵਿੱਚ
ਵੀ ਇਨਸਾਨ ਦੀ ਭਲਾਈ ਛੁਪੀ ਹੁੰਦੀ ਹੈ। ਇਹ ਵੀ ਫੱਕਰਾਂ ਮਨ ਦੀ ਮੌਜ ਜਾਂ ਇੱਛਾ ਹੀ ਹੁੰਦੀ
ਹੈ ਜੋ ਕਿਸੇ ਆਮ ਇਨਸਾਨ ਦੀ ਸੂਝ ਤੋਂ ਬਾਹਰ ਹੁੰਦੀ ਹੈ।
ਜੇਕਰ ਕੋਈ ਵੀ ਮਜਬੂਤ ਇਰਾਦਾ ਜਾਂ ਤਰੀਕਾ-ਪਲੈਨ ਤੁਹਾਡੇ ਮਨ ਵਿੱਚ ਨਹੀ ਪਨਪਦਾ ਤਾਂ ਉਸ
ਆਸੇ-ਉਮੀਦ ਨੂੰ ਨਹੀ ਜਗ੍ਹਾ ਸਕਦੇ ਜਿਸ ਨੂੰ ਪਾਵਣ ਦੀ ਖਾਤਰ ਤੁਹਾਡਾ ਮਨ ਜਾਂ ਇੱਛਾ ਸ਼ਕਤੀ
ਤੁਹਾਨੂੰ ਹੋੜੇਗੀ। ਇਹੀ ਅੱਜ ਦੀ ਨੌਜੁਆਨ ਪੀੜ੍ਹੀ ਦਾ ਸਭ ਤੋਂ ਵੱਡਾ ਨੁਕਸ ਹੈ। ਮੈਂ ਕਈ
ਵਾਰ ਵੇਖਿਆ ਹੈ ਅੱਜ ਦੀ ਪੀੜ੍ਹੀ ਨੂੰ ਇਹ ਸ਼ਕਾਇਤ ਕਰਦਿਆਂ ਕਿ ਸਾਡੇ ਕੋਲ ਮੌਕੇ ਨਹੀ, ਸਾਧਨ
ਨਹੀਂ, ਅਸੀਂ ਕਿਸਮਤ ਹੱਥੋਂ ਮਾਰੇ ਗਏ, ਮਿਹਨਤ ਕੀਤੀ ਪਰ ਸਫਲ ਨਹੀ ਹੋਏ। ਮੈ ਕਹਿੰਦਾ ਹਾਂ
ਕਿ ਇਹ ਬਿਲਕੁਲ ਝੂਠ ਹੈ, ਗਲਤ ਹੈ, ਮੌਕੇ ਕਿਉਂ ਨਹੀ ਆਉਂਦੇ, ਆਉਂਦੇ ਹਨ, ਪਰ ਅਸੀਂ ਹੀ ਉਹ
ਵੇਖਣ ਵਾਲੀ ਅੱਖ ਨਹੀ ਰੱਖਦੇ। ਸਾਧਨਾਂ ਦੀ ਕਮੀ, ਇਹ ਵੀ ਕੋਈ ਕਮੀ ਨਹੀ ਹੈ। ਸਾਧਨ ਛੋਟੇ
ਹੋਣ ਜਾਂ ਘੱਟ ਹੋਣ ਪਰ ਬੰਦੇ ਨੂੰ ਹਿੰਮਤ ਨਹੀ ਹਾਰਨੀ ਚਾਹੀਦੀ, ਈਰਾ ਸਿੰਘਲ ਜੋ ਕਿ ਥੋੜੇ
ਦਿਨ ਹੀ ਪਹਿਲਾਂ ਸਾਰੇ ਦੇਸ਼ ਵਿੱਚੋਂ, ਕਰੋੜਾਂ ਦੇ ਮੁਕਾਬਲੇ ਵਿਚੋਂ ਮੁਕਾਬਲੇ ਦੀ ਪਰਿਖਆ
ਪਾਸ ਕਰਕੇ, ਅਭੰਗਤਾ, ਸਰੀਰਕ ਤੌਰ ਤੇ ਲਾਚਾਰ ਹੋਣ ਦੇ ਬਾਵਜੂਦ ਵੀ ਸਭ ਤੋਂ ਉੱਚਾ ਅਹੁਦਾ
ਪ੍ਰਾਪਤ ਕਰ ਆਈ.ਏ.ਐਸ ਆਫਿਸਰ ਬਣੀ, ਉਸ ਨੇ ਤਾਂ ਨਹੀ ਕਿਹਾ ਕਿ ਸਾਧਨਾਂ ਕਮੀ ਸੀ, ਕਿਸਮਤ
ਹੱਥੋਂ ਮਾਰੀ ਗਈ, ਮੌਕੇ ਨਹੀ ਮਿਲੇ,ਕਈ ਮਿਹਨਤ ਮਜਦੂਰੀ ਕਰਨ ਵਾਲਿਆਂ ਦੇ ਬੱਚੇ ਵੱਡੇ ਵੱਡੇ
ਅਹੁਦੇ ਪ੍ਰਾਪਤ ਕਰਦੇ ਹਨ। ਇਤਿਹਾਸ ਗਵਾਹ ਹੈ ਕਈ ਮਹਾਨ ਵਿਆਕਤੀ ਅੱਤ ਦੀ ਗਰੀਬੀ ਤੇ ਸਟਰੀਟ
ਲਾਈਟਾਂ ਹੇਠ ਪੜ ਕੇ ਸਿਰਤੋੜ ਮਿਹਨਤ ਤੇ ਯਤਨਾਂ ਨਾਲ ਸਫਲਤਾ ਦਾ ਇਤਿਹਾਸ ਸਿਰਜ ਗਏ, ਅਮਰੀਕਾ
ਦੇ ਮਹਾਨ ਰਾਸ਼ਟਰਪਤੀ ਅਬਰਾਹਮ ਲਿੰਕਨ ਇਸ ਦੀ ਮਹਾਨ ਉਦਾਹਰਨ ਸੀ। ਇਹ ਸਭ ਨੁਕਸ ਜਾਂ ਕਮੀਆਂ
ਸਾਡੀਆਂ ਹਨ, ਸਿਰਫ ਸਾਡੇ ਕੋਲ ਹੀ ਬਹਾਨੇ ਜਾਂ ਭਾਗਵਾਦੀ ਸੋਚਾਂ ਤੇ ਵਿਚਾਰਾਂ ਹਨ ਜੋ ਸਾਡੀ
ਘੱਟ ਮਿਹਨਤ ਜਾਂ ਯਤਨਾਂ ਤੇ ਪੜਦੇ ਪਾਉਣ ਦਾ ਤਰੀਕਾ ਹੈ ਜਾਂ ਫਿਰ ਸਾਡੀਆਂ ਇੱਛਾਵਾਂ ਜਿਆਦਾ
ਹਨ ਤਾਂ ਜੋ ਸਾਨੂੰ ਥੋੜਾ ਵੀ ਮਿਲਦਾ ਹੈ ਅਸੀਂ ਉਸ ਨਾਲ ਖੁਸ਼ ਨਹੀ ਹਾਂ। ਕਿਸਮਤ ਵੀ ਤਾਂ
ਉਨਾਂ ਦਾ ਸਾਥ ਦਿੰਦੀ ਹੈ ਜੋ ਆਪਣੀ ਇੱਛਾ ਸ਼ਕਤੀ ਨੂੰ ਜਗਾਈ ਰੱਖਦੇ ਹਨ ਤੇ ਮਿਹਨਤ ਕਰਦੇ
ਜਾਂਦੇ ਹਨ। ਅਸੀਂ ਥੋੜੀ ਜਿਹੀ ਮਿਹਨਤ ਤੇ ਯਤਨਾਂ ਤੋਂ ਬਾਦ ਹੀ ਹਾਰ ਜਾਂਦੇ ਹਾਂ ਤੇ ਥੱਕ
ਟੂੱਟ ਕੇ ਤਨਾਅ ਚਿੰਤਾ ਦੇ ਵਹਿਣਾਂ ਵਿੱਚ ਵਹਿ ਜਾਂਦੇ ਹਾਂ। ਮਹਾਨ ਗ੍ਰੰਥ ਗੀਤਾ ਵੀ ਤਾਂ
ਕਹਿੰਦਾ ਹੈ ਕਿ ਮਿਹਨਤ ਕਰੀ ਜਾ ਪਰ ਫਲ ਦੀ ਇੱਛਾ ਨਾ ਕਰ। ਅਜਿਹਾ ਇਸ ਲਈ ਕਿਉਂਕਿ ਮਿਹਨਤ
ਵਿੱਚ ਹੀ ਤੰਦਰੁਸਤੀ ਹੈ। ਜੋ ਲਗਾਤਾਰ ਯਤਨਾ ਦੀ ਲਖਾਇਕ ਹੈ। ਆਲਸ ਤੇ ਸੁਸਤੀ ਨਾਂਲ ਸਰੀਰ ਤੇ
ਮਨ ਦੀ ਮੌਜ ਨੂੰ ਨਾ ਵਿਗਾੜੋ। ਮਹਾਨ ਸੁਮਾਜ ਸੁਧਾਰਕ ਤੇ ਚਿੰਤਕ ਸੁਆਮੀ ਵਿਵੇਕਾਨੰਦ ਜੀ ਨੇ
ਵੀ ਜਾਗਣ-ਉੱਠਣ ਤੇ ਅਗੇ ਵਧਣ ਦਾ ਜਿੰਨਾ ਚਿਰ ਤੁਹਾਡਾ ਲਕਸ਼-ਗੋਲ ਪ੍ਰਾਪਤ ਨਹੀ ਹੁੰਦਾ, ਦਾ
ਸੰਦੇਸ਼ ਦਿੱਤਾ ਹੈ। ਕੀ ਹੋਇਆ ਜੇਕਰ ਸਾਡੇ ਪਹਿਲੇ ਹੱਲੇ ਅਸਫਲਤਾ ਮਿਲੀ ਹੈ ਅਸੀਂ ਦੂਜਾ ਯਤਨ
ਕਿਉਂ ਨਹੀ ਕੀਤਾ ਇਸ ਪਛਤਾਵੇ ਤੋਂ ਬਚਣ ਲਈ ਹੋਰ ਮਿਹਨਤ ਤੇ ਇੱਛਾ ਸ਼ਕਤੀ ਨਾਲ ਦੂਜਾ ਯਤਨ ਵੀ
ਕਰੋ। ਕਿਸੇ ਮਹਾਨ ਕਵੀ ਨੇ ਵੀ ਠੀਕ ਹੀ ਫਰਮਾਇਆ ਹੈ, ਹਿੰਮਤ ਏ ਮਰਦ, ਮਦਦ ਏ ਖੁਦਾ। ਆਪਣੇ
ਨਿਸਾਨੇ ਦੀ ਪ੍ਰਾਪਤੀ ਲਈ ਖੁਦ ਹੀ ਹਿੰਮਤ ਕਰਨੀ ਪੈਂਦੀ ਹੈ ਤਾਂ ਹੀ ਤਾਂ ਖੁਦਾ ਦੀ ਬਰਕਤ ਤੇ
ਮੇਹਰ ਦੀ ਪ੍ਰਾਪਤੀ ਹੁੰਦੀ ਹੈ।
ਅੱਜ ਦੀ ਪੀੜੀ ਦਾ ਸਭ ਤੋਂ ਵੱਡਾ ਦੁਸ਼ਮਨ ਤਨਾਅ ਬਣ ਚੁੱਕਾ ਹੈ। ਕੋਈ ਨੌਕਰੀ ਨਾ ਹੋਣ ਕਾਰਨ
ਤਨਾਅ ਚ, ਕੋਈ ਵਿਦੇਸ਼ ਜਾਣ ਦੀ ਫਿਰਾਕ ਵਿਚ, ਕੋਈ ਮਾਂ ਪਿਓ ਤੋਂ ਨਿਰਾਸ਼, ਕੋਈ ਸਰਕਾਰ ਤੋਂ
ਨਿਰਾਸ਼, ਕੋਈ ਜੁਆਨ ਧੀਆਂ ਦੇ ਕਾਜ ਸਬੰਧੀ ਪਰੇਸਾਨ, ਕੋਈ ਕਰਜ਼ ਤੋਂ ਚਿੰਤਾ ਚ, ਕੋਈ ਨਸਾ ਨਾ
ਪੂਰਾ ਹੋਣ ਕਾਰਨ ਚਿੰਤਾ ਚ ਅਜਿਹੇ ਕਈ ਕਾਰਨ ਹਨ ਤਨਾਅ ਦੇ ਚਿੰਤਾ ਦੇ। ਅੱਜ ਦਾ ਨੌਜੁਆਨ
ਥੋੜੀ ਜਿਹੀ ਹੀ ਮੁਸ਼ਕਿਲ, ਨਾਕਾਮੀ ਤੇ ਅਸਫਲਤਾ ਦੇ ਆਲਮ ਵਿੱਚ ਘਿਰ ਕੇ ਆਪਨੇ ਮਾਣਕ ਜਿਹੀ
ਜੀਵਨ ਨੂੰ ਨਰਕ ਬਣਾਉਣ ਲਈ ਗਲਤ ਰਸਤੇ ਅਖਤਿਆਰ ਕਰ ਲੈਂਦੇ ਹਨ। ਆਪਣੇ ਮਨ ਨਾਲ ਇਹ ਸਮਝੌਤਾ
ਕਰ ਲੈਂਦੇ ਹਨ ਕਿ ਉਹ ਹੁਣ ਕੁਝ ਨਹੀ ਕਰ ਸਕਦੇ। ਨਸਿਆਂ ਦਾ ਸਹਾਰਾ ਲੈ ਕੇ, ਚੋਰੀਆਂ, ਕਤਲ,
ਬਈਮਾਈ ਜਿਹੀ ਰਸਤੇ ਅਪਣਾ ਕੇ ਜੀਵਨ ਤੇ ਮਨ ਦੀ ਮੌਜ ਤੇ ਇੱਛਾ ਸ਼ਕਤੀ ਨੂੰ ਹਮੇਸਾਂ ਲਈ ਘੋਰ
ਹਨੇਰਿਆਂ ਵੱਲ ਧੱਕ ਲੈ ਜਾਂਦੇ ਹਨ ਜਿੱਥੇ ਸਿਰਫ ਤੇ ਸਿਰਫ ਦਰਦਮਈ ਅੰਤ ਹੀ ਸਾਹਮਣੇ ਹੁੰਦਾ
ਹੈ। ਤੇ ਪੱਲੇ ਸਿਰਫ ਦੁਖ, ਦਰਦ ਤੇ ਸੰਤਾਪ ਰਹਿ ਜਾਂਦਾ ਹੈ ਜਿਸ ਦਾ ਸਿਕਾਰ ਆਪਣੇ ਹੀ
ਦੋਸਤ,ਰਿਸ਼ਤੇਦਾਰ, ਤੇ ਪਰਿਵਾਰਕ ਮੈਂਬਰ ਹੁੰਦੇ ਨੇ।
ਸਾਨੂੰ ਆਪਣੀ ਮਨ ਦੀ ਇੱਛਾ, ਮੌਜ ਜਾਂ ਸ਼ਕਤੀ ਨੂੰ ਇਸ ਕਦਰ ਪ੍ਰਬਲ ਬਣਾਈ ਰੱਖਣਾ ਚਾਹੀਦਾ ਹੈ
ਕਿ ਜਰਾ ਜਿਨੀ ਵੀ ਅਸਫਲਤਾ,ਨਾਕਾਮੀ ਸਾਨੂੰ ਤਨਾਅ ਜਾਂ ਚਿੰਤਾਵਾਂ ਦੇ ਸਾਗਰਾਂ ਵਿੱਚ ਨਾ
ਖਿੱਚ ਕੇ ਨਾ ਲੈ ਜਾਵੇ ਤੇ ਅਸੀਂ ਹਮੇਸਾਂ ਇੱਕ ਜੇਤੂ, ਸਮਰੱਥ ਤੇ ਕਾਮਯਾਬ ਯੋਧੇ ਦੀ ਤਰਾਂ
ਜੀਵਨ ਸੰਘਰਸ਼ ਦੇ ਹਰੇਕ ਘੋਲ ਦਾ ਸਾਹਮਣਾ ਕਰ ਸਕੀਏ ਤੇ ਆਪਣੇ ਆਸੇ ਤੇ ਨਿਸਾਨਿਆਂ ਨੂੰ
ਪ੍ਰਾਪਤ ਕਰ ਸਕੀਏ।
-0- |