ਇਹ ਗੱਲ ਤਕਰੀਬਨ ਅਗਸਤ
-ਸਤੰਬਰ 2008 ਦੀ ਹੈ , ਉਦੋਂ ਉਹ ਵੀ ਮੈਨੂੰ " ਸਰਦਾਰ ਜੀ ਸਰਦਾਰ ਜੀ" ਕਹਿ ਬੁਲਾਉਂਦਾ
ਹੁੰਦਾ ਸੀ । ਅਸੀਂ ਇੱਕਠੇ ਟੈਕਸੀ ਡਰਾਈਵ ਕਰਦੇ ਹੁੰਦੇ ਸੀ ।
ਪਰ ਮੈਂ ਹੋਉ ਪਰੇ ਕਹਿ ਜਿੰਦਗੀ 'ਚ ਮਸਰੂਫ ਹੋ ਗਿਆ । ਹੁਣ ਜਦੋਂ ਤੋਂ ਮੈਂ ' ਟੈਕਸੀਨਾਮਾ '
ਲਿਖਣਾ ਸ਼ੁਰੂ ਕੀਤਾ ਤਾਂ ਇਸ ਘਟਨਾ ਨੇ ਮੈਨੂੰ ਬੇਚੈਨ ਕਰਨਾ ਸ਼ੁਰੂ ਕਰ ਦਿੱਤਾ । " ਹੁਣ
ਮੈਨੂੰ ਵੀ ਲਿਖ ! ਲਿਖਦਾ ਕਿਉਂ ਨੀ , ਡਰ ਗਿਆਂ ਏ ? ' ਹਾਂ ਮੈਂਨੂੰ ਸੱਚੀ ਡਰ ਲੱਗਦਾ ਸੀ ।
ਕਿਵੇਂ ਬਿਆਨ ਕਰਾਗਾਂ ? ਮੈਂ ਨਹੀਂ ਬਿਆਨ ਕਰ ਸਕਦਾ , ਮੇਰੀ ਤਾਂ ਆਪ ਅਕਲ ਤੇ ਪਰਦਾ ਪੈ ਗਿਆ
ਸੀ । ਬਿਆਨ ਕਰਨ ਲਈ ਉਸ ਲੈਵਲ ਤੱਕ ਹੋਣਾ ਜਰੂਰੀ ਸੀ । ਉਸ ਵੇਲੇ ਮੈਂ ਲਿਖਣ ਦੇ ਕਾਬਲ ਨਹੀ
ਸੀ ਇਹ ਵੀ ਇੱਕ ਸੱਚ ਸੀ । ਪਰ ਹੁਣ ਮੈਂ ਲਿਖਣ ਦੇ ਸਮਰੱਥ ਹਾਂ ਤੇ ਹੋ ਰਿਹਾਂ ਹਾਂ , ਕੁਝ
ਹੱਦ ਤੱਕ ਸਫਲ ਵੀ ਹੋਇਆ ਹਾਂ । ਬਾਕੀ ਨਿਰਨਾ ਤੁਸੀਂ ਕਰਨਾ ?
ਉਦੋਂ ਮੈਨੂੰ ਮਹੀਨਾ ਕੁ ਹੀ ਹੋਇਆ ਸੀ ਟੈਕਸੀ ਤੇ ਚੜੇ ਨੂੰ , ਆਕਲੈਂਡ ਸਿਟੀ ਬੱਸ ਟਰਮੀਨਲ ,
ਹੌਬਸਨ ਸਟਰੀਟ ਵਾਲਾ ਰੈਂਕ ਸਾਡਾ ਪੱਕਾ ਠਿਕਾਣਾ ਹੁੰਦਾ ਸੀ , ਅਸੀਂ ਪੰਜ ਜਣੇ ਉਥੇ ਕੰਮ
ਕਰਦੇ ਹੁੰਦੇ ਸੀ ਇਰਫਾਨ ( ਪਾਕਿਸਤਾਨ ) 'ਬਾਬਾ ' ਨਾਮ ਕੋਈ ਹੋਰ ਸੀ ਪਰ ਸਾਰੇ ਬਾਬਾ ਬਾਬਾ
ਕਹਿੰਦੇ ਸੀ ( ਅਫਗਾਨਿਸਤਾਨ ) ਮੈਕੇਂਜੀਂ ( ਜਿੰਮਬਾਵੇ ) ਮੈ ਤੇ 'ਕਰਨ' ਪੰਜਾਬ ਤੋਂ , '
ਕਰਨ ' ਲੰਬੇ ਲੰਬੇ ਵਾਲ ਰੱਖਕੇ ਪੋਨੀ ਕਰਦਾ ਸੀ , ਕੰਨਾਂ 'ਚ ਵੀ ਸਟੱਡ , ਡੀਲ-ਡੌਲ ਵਾਲਾ ,
ਕਲੀਨ ਸ਼ੇਵ , ਵੇਖਣ ਨੂੰ ਨੌਨ-ਪੰਜਾਬੀ । ਜਿਨ੍ਹਾਂ ਚਿਰ ਬੋਲਦਾ ਨੀ ਸੀ ਕੋਈ ਵੀ ਜੱਜ ਨੀ ਕਰ
ਸਕਦਾ ਸੀ ਉਹ ਪੰਜਾਬੀ ਏ । ਦੂਜੇ ਪਾਸੇ ' ਬਾਬਾ' ਸੀ ਅਫਗਾਨੀ ਪਰ , ਰੋਡਾ ਸਿਰ , ਦਾਹੜੀ
ਟਿ੍ਮ ਕਰਕੇ ਰੰਗ ਲਾ ਕੇ ਰੱਖਦਾ ,ਵੇਖ ਨੂੰ ਪੰਜਾਬੀ ਪਰ ਬੋਲਦਾ ਅੰਗਰੇਜ਼ੀ ਸੀ ।
ਇੱਕ ਦਿਨ ' ਕਰਨ ' ਤੇ ' ਬਾਬਾ ' ਸਨ ਉਥੇ ਰੈਂਕ 'ਚ , ਏਅਰਪੋਰਟ ਵਾਲੀ ਬੱਸ'ਚੋ ( ਉਦੋਂ
ਏਅਰਪੋਰਟ ਵਾਲੀ ' ਏਅਰ ਬੱਸ' ਵਾਇਆ ਇੰਟਰ ਸਿਟੀ ਟਰਮੀਨਲ ਨਵੀਂ ਨਵੀਂ ਚੱਲੀ ਸੀ ) ਢਿਲਕਵੀਂ
ਬੰਨੀ ਪੱਗ , ਪੈਰੀਂ ਧੌੜੀ ਦੀ ਜੁੱਤੀ , ਕੁੜਤਾ -ਪਜਾਮਾ ਪਾਇਆ ਵੇਖਣ ਨੂੰ ਆਮ ਪੇਂਡੂ ,
ਮੋਢੇ ਬੈਗ ਹੱਥ ਨਾਲ ਸੂਟ-ਕੇਸ ਖਿਚੀ ਆਵੇ ਪੰਜਾਬੀ ਬਜ਼ੁਰਗ ।
ਸਿੱਧਾ ਅਫ਼ਗਾਨੀ ਨੂੰ ਪੰਜਾਬੀ 'ਚ ਮੁਖਾਤਿਬ ਹੋਇਆ , ' ਉਹ ਟੌਰੰਗੇ ( ਜੋ ਆਕਲੈਂਡ ਤੋਂ ਦੋ-
ਢਾਈ ਘੰਟੇ ਦੀ ਵਾਟ ਹੈ) ਵਾਲੀ ਬੱਸ ਕਿਥੋਂ ਮਿਲੂ ? ' ਟੌਰੰਗਾ' ਸ਼ਹਿਰ ਸੁਣ ਅਫਗਾਨੀ ਦੀਆਂ
ਵਾਛਾਂ ਖਿੜ ਗਈਆਂ , ਯਾ ਯਾ ਕਹਿ ਫਟਾ-ਫੱਟ ਬੂਟ ਖੋਹਲ ਦਿੱਤਾ ਟੈਕਸੀ ਦਾ । ਪੰਜਾਬੀ ਬਜ਼ੁਰਗ
ਪਹਿਲਾ ਹੀ ਅੱਕਿਆ -ਥੱਕਿਆ ਪਿਆ ਲੱਗਦਾ ਸੀ । ' ਉਏ ਮੈਂ ਬੱਸ ਲੈਣੀ ਆ ਟੌਰੰਗੇ ਆਲੀ ਤੂੰ
ਆਪਣੀ ਮਾਂ ਟੈਕਸੀ ਦੀ ਡੱਗੀ ਖੋਹਲੀ ਜਾਨਾ ' ,
ਦਿਲਚਸਪ ਵਾਰਤਾਲਾਪ ਸੁਣ 'ਕਰਨ' ਵੀ ਦੜ ਵੱਟ ਗਿਆ ।
ਅਫਗਾਨੀ ਡੌਰ-ਭੌਰ ਹੋ ਗਿਆ ਕਿ ਸਵਾਰੀ ਨੂੰ ਕੀ ਹੋ ਗਿਆ । ' ਉਹ ਤੇਰੇ ਨਾਲ ਗੱਲ ਕਰ ਰਿਹਾ
ਸਮਝਦਾ ਨੀ ਮੈ ਕੀ ਬੋਲ ਰਿਹਾਂ ਟੌਰੰਗਾ ਜਾਣਾ ਟੌਰੰਗਾ ਬੱਸ ਕਿਥੋਂ ਲਵਾਂ ? ' ਬਜ਼ੁਰਗ ਫਿਰ
ਬੋਲਿਆ । 'ਅਫਗਾਨੀ' 'ਕਰਨ 'ਵੱਲ ਝਾਕਿਆ ਹੀ ਸੀ ਬਜ਼ੁਰਗ ਫਿਰ ਭੜਕਿਆ , ' ਉਧਰ ਕੀ ਵੇਖੀ
ਜਾਨਾਂ ਮੇਰੇ ਨਾਲ ਗੱਲ ਕਰ ਤੈਨੂੰ ਸੁਣਦਾ ਨੀ ' , 'ਅਫਗਾਨੀ' ਨੂੰ ਸਮਝ ਨਾ ਪਵੇ ਹੋ ਕੀ
ਰਿਹਾ ਬੋਲਿਆ ,
' ਨੋ ਹਿੰਦੀ ਓਨਲੀ ਇੰਗਲਸ ' ਇਨਾਂ ਸੁਣਦੇ ਸਾਰ ਬਜ਼ੁਰਗ ਫਿਰ ਗਰਮ ,' ਸਾਲਾ ਨੋ ਹਿੰਦੀ ਦਾ
, ਪੰਜਾਬੀ ਤਾਂ ਬੋਲ ਕੇ ਦਿਖਾ , ਦੇਵਾਂ ਤੈਨੂੰ ਦੱਖੂ ਦਾਣਾ , ਵੱਡਾ ਬਣਿਆ ਫਿਰਦਾ ਬਾਹਰਲਾ
, ਆਹ ਪਰਚੀ ਆ ਨੰਬਰ ਮਿਲਾ ਮੇਰਾ ' ਬਾਪੂ ਨੇ ਹੁਕਮ ਚਾੜ ਦਿੱਤਾ ।
'ਅਫਗਾਨੀ' ਨੇ ਪਰਚੀ ਅੱਗੇ 'ਕਰਨ' ਨੂੰ ਫੜਾ ਦਿੱਤੀ, ਨੰਬਰ ਲਾ 'ਕਰਨ' ਅੰਗਰੇਜੀ'ਚ ਹੀ
ਬੋਲਿਆ ਤਾਂ ਅੱਗੋਂ ਵੀ ਪੰਜਾਬੀ ' ਚ ਫੀਮੇਲ ਬੋਲੀ ਤਾਂ ਉਸ ਨੇ ਫੋਨ ਪੰਜਾਬੀ ਬਜ਼ੁਰਗ ਨੂੰ
ਫੜਾ ਦਿੱਤਾ।
,' ਉਹ ਭਾਈ ਇਥੇ ਨੀ ਕੋਈ ਪੰਜਾਬੀ 'ਚ ਦੱਸਣ ਵਾਲਾ , ਮੈਨੰੂ ਨੀ ਪਤਾ ਲੱਗਦਾ ਬੱਸ ਕਿਥੋਂ
ਮਿਲੂ ? ਤੁਸੀਂ ਹੀ ਆਕੇ ਲੈ ਜਾਇਓ ! ਮੈਨੂੰ ਤਾਂ ਇਹ ਵੀ ਨੀ ਪਤਾ ਇਹ ਜਗਾ ਕਿਹੜੀ ਆ ' ਇਨਾਂ
ਬੋਲ ਫੋਨ ਕੱਟ ਦਿੱਤਾ ।
ਬਜ਼ੁਰਗ ਉਥੇ ਹੀ ਪੌੜੀਆ 'ਚ ਬੈਠ ਗਿਆ । 'ਅਫਗਾਨੀ' ਵੱਲ ਮੂੰਹ ਕਰ ਬੁੜ ਬੁੜਾਉਣ ਲੱਗ ਪਿਆ ,
ਜਿਵੇਂ ਉਹ ਉਸ ਦਾ ਦਰਦ ਸਮਝ ਲਵੇਗਾ , ' ਕਹਿੰਦੇ ਬਾਪੂ ਬੱਸ ਲੈ ਕੇ ਆ ਜਾਵੀ ਸਾਡੀ ਦਿਹਾੜੀ
ਟੁੱਟ ਜਾਉ ! ਸਾਲੇ ਦਿਹਾੜੀਆ ਦੇ , ਮੈਂ ਸਾਰੀ ਜਿੰਦਗੀ ਦਿਹਾੜੀਆ ਲਾ ਲਾ ਢੂਹੀ ਕੁੱਬੀ ਕਰ
ਲਈ ' ਫਿਰ ਚੁੱਪ ਹੋ ਗਿਆ ਜਿਵੇਂ ਕਿਸੇ ਪੰਜਾਬੀ ਦੇ ਆਉਣ ਦੀ ਆਸ ਹੋਵੇ ।
ਬਜ਼ੁਰਗ ਨੂੰ ਉਦਾਸ ਵੇਖ 'ਕਰਨ' ਨੂੰ ਆਪਣੀ ਗਲਤੀ ਦਾ ਅਹਿਸਾਸਾ ਹੋਇਆ , ਉਸ ਨੇ ਸੋਚਿਆ ਵੀ
ਨਹੀ ਸੀ ਕਿ ਗੱਲ ਇਹਦਾਂ ਮੋੜ ਕੱਟ ਜਾਵੇਗੀ। ਸੂਟ-ਕੇਸ ਨੂੰ ਹੱਥ ਪਾਉਂਦਾ ਬੋਲਿਆ , ' ਆਉ
ਬਾਪੂ ਜੀ ਮੈਂ ਦੱਸਦਾਂ ਬੱਸ ਕਿਥੋਂ ਮਿਲੂ ' । 'ਕਰਨ' ਦੇ ਬੋਲਣ ਦੀ ਦੇਰ ਸੀ ਬਜ਼ੁਰਗ ਦੀਆਂ
ਅੱਖਾਂ ਲਾਲ , ਚੇਹਰੇ ਤੇ ਗੁੱਸਾ , ਉਠਦਾ ਹੋਇਆ ਵੱਡੀ ਸਾਰੀ ਗਾਲ ਕੱਢ ਕੇ ਬੋਲਿਆ ,' ਸਾਲਿਆ
ਪਹਿਲਾ ਪੰਜਾਬੀ 'ਚ ਕਿਉਂ ਨੀ ਬੋਲਿਆ ? ਆਹ ਲਟੂਰੀਆ ਜੀਆ ਨੂੰ ਚੱਜ ਨਾਲ ਬੰਨਿਆ ਕਰੋ ਅਗਲੇ
ਨੂੰ ਪਤਾ ਲੱਗੇ , ਉਤੋ ਆਹ ਕੰਨਾਂ' ਚ ਪਾ ਲੈਂਦੇ ਨੇ ਜਿਵੇਂ ਨਚਾਰ ਹੋਵੇਂ ! ਤੇਰੇ ਨਾਲੋ
ਤਾਂ ਭਈਏ ਚੰਗੇ ਨੇ ਪਛਾਣ ਤਾਂ ਆਹ ਜਾਂਦੇ ਨੇ ! , ਪੰਜਾਬੀਅਤ ਵਾਲੀ ਅਣਖ ਮਰ ਗਈ ਥੋਡੀ ,
ਹੱਥ ਨਾ ਲਾਵੀਂ ਮੇਰੇ ਸਮਾਨ ਨੂੰ ' , ਬਜ਼ੁਰਗ ਤੋਂ ਖਰੀਆਂ -ਖਰੀਆਂ ਸੁਣ 'ਕਰਨ ' ਦੋ
ਕਦਮਪਿਛੇ ਹੱਟ ਗਿਆ । ਕੀ ਪਤਾ ਧੌਣ' ਚ ਹੀ ਜੜ੍ਹ ਦੇਵੇ ਬਾਪੂ ?
ਫਿਰ ਮਾਫੀ ਮੰਗੀ ਤੇ ਗੋਡੀ ਹੱਥ ਵੀ ਲਾਏ ਤਾਂ ਬਾਪੂ ਦਾ ਪਾਰਾ ਠੰਡਾ ਹੋਇਆ । 'ਅਫਗਾਨੀ' ਨੂੰ
ਕੁਝ ਵੀ ਸਮਝ ਨਾ ਲੱਗਾ ਕਿ ਇਹ ਕੀ ਹੋ ਰਿਹਾ ? ਇੱਕ ਅਣਜਾਣ ਵਿਅਕਤੀ ਤੋਂ ਮਾਫੀ ਕਿਉਂ ਮੰਗ
ਰਿਹਾ 'ਕਰਨ '।
'ਕਰਨ ' ਨੇ ਬੱਸ ਡਰਾਈਵਰ ਨੂੰ ਸਮਝਾ , ਬਾਪੂ ਨੂੰ ਬੱਸ ਬਿਠਾ ਦਿੱਤਾ ਤੇ ਘਰ ਵੀ ਫੋਨ ਕਰਕੇ
ਬੱਸ ਦੇ ਪਹੁੰਚਣ ਦਾ ਟਾਇਮ ਦੱਸ ਦਿੱਤਾ ,
' ਜਿਉਂਦਾ ਰਹਿ ਸ਼ੇਰਾ ' ਕਹਿ ਬਾਪੂ ਰਵਾਨਾ ਹੋ ਗਿਆ ਤੇ ਪਿੱਛੇ ਛੱਡ ਗਿਆ ਅਣ-ਗਿਣਤ ਸੁਆਲ ?
ਉਲਾਦ ਦੇ ਹੁੰਦਿਆਂ ਰੈਸਟਹੋਮਾ ਚ ਰੁਲਦੇ ਮਾਪੇ , ਸਿਫ਼ਟਾਂ ਦੇ ਚੱਕਰਾਂ ਚ ਬਜ਼ੁਰਗਾਂ ਦੀ
ਅਣਦੇਖੀ , ਦੁੱਖ -ਸੁਣਨ ਦਾ ਟਾਈਮ ਨੀ !
ਅੰਗਰੇਜ਼ੀ ਭਾਸ਼ਾ ਦੇ ਬੈਰੀਅਰ ਕਰਕੇ ਅਰਮਾਨਾਂ ਦਾ ਚਕਨਾਚੂਰ ਹੋਣਾ !
ਹੋਰ ਵੀ ਬਹੁਤ ਸੁਆਲ ?
ਇਹਨਾਂ ਸਾਰੇ ਸੁਆਲਾਂ ਤੋਂ ਵੱਖਰਾ ਸੁਆਲ 'ਕਰਨ' ਦੇ ਸੀਨੇ ਚੁਭ ਗਿਆ , ਆਪਣੀ ਵੱਖਰੀ ਪਹਿਚਾਣ
ਦਾ , ਹੋਂਦ ਦਾ । ਬਾਪੂ ਦੇ ਬੋਲ ਉਸ ਦੇ ਧੁਰ ਅੰਦਰ ਲਹਿ ਗਏ ਉਸ ਦੀ ਜਿੰਦਗੀ ਦਾ ਰੰਗ ਢੰਗ
ਹੀ ਬਦਲ ਗਿਆ ।
ਉਸ ਤੋਂ ਬਾਅਦ ਉਹੀ ਪੋਨੀ ਬਣੀ ਜੂੜੀ , ਤੇ ਫਿਰ ਜੂੜਾ , ਆਫਟਰ ਦੈਟ 'ਕਰਨ' ਤੋਂ ਪੱਗ ਬੰਨ
ਬਣ ਗਿਆ ' ਸਰਦਾਰ ਕਰਨਵੀਰ ਸਿੰਘ ' । ਪੂਰਨ ਹੋਂਦ ਵਾਲਾ ਵੱਖਰੀ ਪਹਿਚਾਣ ਵਾਲਾ । ਜਿਸ ਨੂੰ
ਦੂਰੋਂ ਵੇਖ ਕੋਈ ਵੀ ਕਹਿ ਸਕੇ ' ਸਰਦਾਰ ਜੀ ।
ਪਰ ਮੈਂ , ਮਾਂ ਦੇ ਦੁੱਧ ਮੱਖਣਾ ਨਾਲ ਪਾਲੇ ਵਾਲ ,,,,,,,,, ??
"ਨਿੱਕੇ ਹੁੰਦੇ ਦੇ ਉਹ ਮੇਰੇ ਜੂੜੀ ਕਰਕੇ ਵੇਂਹਦੀ ਸੀ
ਬਾਪੂ ਵਾਲੀ ਪੱਗ ਨੂੰ ਮੇਰੇ ਸਿਰ ਤੇ ਧਰਕੇ ਵੇਂਹਦੀ ਸੀ
ਮੰਨਦਾ ਹਾਂ ਲਾਲ ਗਵਾ ਲਏ ,ਵੱਡਾ ਹੋਕੇ ਵਾਲ ਕਟਾ ਲਏ
ਗਲਤੀ ਮੇਰੀ ਦੇ ਦੁੱਖ ਦਿੱਤੇ ਮਾਂ ਨੂੰ ਕੇਡੇ ਓਏ ਰੱਬਾ "
ਹੁਣ ਮੇਰੇ ਵੀ ਜੂੜੀ ਹੋਣੀ ਸ਼ੁਰੂ ਹੋ ਗਈ ਏ ! ਬੇਸਬਰੀ ਨਾਲ ਜੂੜਾ ਹੋਣ ਦੀ ਵੇਟ ਕਰ ਰਿਹਾ
ਹਾਂ । ਵੈਸੇ ਵਾਲ ਕੱਟੇ ਹੋਣ ਦੇ ਬਾਵਜੂਦ ਹਮੇਸ਼ਾਂ ਪੱਗ ਬੰਨ੍ਹੀ । ਪਰ ਇੱਕ ਹੀਣ ਭਾਵਨਾ
ਜਰੂਰ ਸੀ ਜੋ ਦੂਰ ਹੋ ਰਹੀ ਏ ,
' ਕਰਨਵੀਰ ਸਿੰਘ ਸਰਦਾਰ ਜੀ ਤੁਸੀਂ ਜਿਥੇ ਵੀ ਹੋ ਸਲੂਟ ਆ '
ਪਰ ਉਸ ਦੀਆਂ ਉਹੀ ਜਾਣਦਾ ।
ਸੋ ਦੋਸਤਾ ਨੂੰ ਬੇਨਤੀ ਹੈ ਜੇ ਪੱਗ ਬੰਨਦੇ ਹੋ ਤਾਂ ਵਾਲ ਵੀ ਜਰੂਰ ਰੱਖਣ ਦੀ ਕੋਸ਼ਿਸ਼ ਕਰਨਾ
I
ਸੋ ਕਿਸੇ ਦੀ ਮਜਬੂਰੀ , ਕਿਸੇ ਦੀ ਸਰਦਾਰੀ ।
ਸਰਦਾਰੀਆ ਕਾਇਮ ਰਹਿਣ ।
ਆਮੀਨ
ਬਿਕਰਮਜੀਤ ਸਿੰਘ ਮੱਟਰਾਂ
ਆਕਲੈਂਡ ਨਿਊਜੀਲੈਂਡ
0064 212562609
-0- |