(ਆਪਣੀਆਂ ਜੀਵਨ ਲੋੜਾਂ ਦੀ
ਪੂਰਤੀ ਲਈ ਇਕ ਥਾਂ ਤੋਂ ਦੂਜੀ ਥਾਂ ਪਰਵਾਸ ਕਰਨਾ ਮਨੁੱਖੀ ਸੁਭਾ ਦਾ ਹਿੱਸਾ ਰਿਹਾ ਹੈ ਪਰ
ਜਦੋਂ ਕਿਸੇ ਨੂੰ ਉਸ ਦੀ ਇੱਛਾ ਦੇ ਵਿਰੁਧ ਘਰ –ਘਾਟ ਛੱਡ ਕੇ ਉਜੜ ਜਾਣ ਲਈ ਮਜਬੂਰ ਕੀਤਾ
ਜਾਵੇ, ਸਦੀਆਂ ਤੋਂ ਆਪਣੀ ਜ਼ਮੀਨ ਨਾਲ ਜੁੜੀਆਂ ਉਸਦੀਆਂ ਜੜ੍ਹਾਂ ਇੱਕੋ ਟੱਕ ਨਾਲ ਵੱਢ
ਦਿੱਤੀਆਂ ਜਾਣ ਅਤੇ ਉਸਨੂੰ ਧੱਕ ਕੇ ਬਿਲਕੁਲ ਬੇਸਰੋ –ਸਾਮਾਨੀ ਦੀ ਹਾਲਤ ਵਿਚ ਅਸਲੋਂ ਪਰਾਈ
ਧਰਤੀ ਉਤੇ ਰੁਲਣ ਅਤੇ ਨਵੇਂ ਸਿਰੇ ਤੋਂ ਮੁੜ ਨਵੀਂ ਜਿ਼ੰਦਗੀ ਸ਼ੁਰੂ ਕਰਨ ਲਈ ਸੁੱਟ ਦਿੱਤਾ
ਜਾਵੇ ਤਾਂ ਉਸ ਦੇ ਜ਼ਖ਼ਮੀ ਹਿਰਦੇ, ਟੁੱਟੀਆਂ ਆਸਾਂ,ਅਤੇ ਡੂੰਘੀਆਂ ਪੀੜਾਂ ਦਾ ਦਰਦ
ਪੀੜ੍ਹੀਆਂ ਤੱਕ ਉਸ ਦੇ ਨਾਲ ਤੁਰਦਾ ਹੈ। ਸਿਆਸਤਦਾਨਾਂ ਦੇ ਡੰਗ ਦਾ 1947 ਵਿਚ ਡੰਗਿਆ ਪੰਜਾਬ
ਇਹ ਦਰਦ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਹੰਢਾ ਰਿਹਾ ਹੈ। ਅਜੇ ਵੀ ਦੋਹਾਂ ਮੁਲਕਾਂ ਦੇ
ਪੁਰਾਣੇ ਵਸਨੀਕ ਆਪੋ-ਆਪਣੀ ਜਨਮ-ਭੋਇੰ ਵੇਖਣ ਲਈ ਤੜਪ ਅਤੇ ਸਹਿਕ ਰਹੇ ਹਨ ਅਤੇ ਜੇ ਮੌਕਾ ਮਿਲ
ਜਾਵੇ ਤਾਂ ਆਪਣੇ ਦਰਾਂ-ਘਰਾਂ ਦੇ ਗਲ ਲੱਗ ਕੇ ਧਾਹਾਂ ਮਾਰ ਕੇ ਰੋਂਦੇ ਹਨ। ਪਿਛਲੇ ਸਾਲਾਂ
ਵਿਚ ਦੋਹਾਂ ਮੁਲਕਾਂ ਵਿਚ ਆਉਣ ਜਾਣ ਦੀ ਥੋੜ੍ਹੀ ਜਿਹੀ ਖੁੱਲ੍ਹ ਮਿਲਣ ਨਾਲ ਕੁਝ ਇੱਕ ਨੂੰ
ਆਪਣੀ ਜਨਮ-ਭੋਂ ਦੀ ਮਿੱਟੀ ਨੂੰ ਕਲੇਜੇ ਨਾਲ ਲਾਉੇਣ ਦਾ ਮੌਕਾ ਮਿਲਿਆ ਹੈ। ਕੋਈ ਆਪਣੇ ਵਿਹੜੇ
ਵਿਚੋਂ ਮਿੱਟੀ ਦੀ ਮੁੱਠ ਲੈ ਕੇ, ਕੋਈ ਆਪਣੀ ਹਵੇਲੀ ਦੀ ਉਖੜੀ ਇੱਟ ਲੈ ਕੇ ਅਤੇ ਉਸ ਨੂੰ
ਹਿੱਕ ਨਾਲ ਲਾ ਕੇ ਅੱਥਰੂ ਕੇਰਦਾ ਵਾਪਸ ਪਰਤਦਾ ਹੈ ਤਾਂ ਵੇਖਣ ਵਾਲਿਆਂ ਦੇ ਆਪਣੇ ਕਾਲਜੇ ਵਿਚ
ਹੌਲ ਪੈਂਦੇ ਹਨ। ਅਸਲੋਂ ਹੀ ਅਣਮਨੁੱਖੀ ਇਸ ਦੇਸ-ਵੰਡ ਸਮੇਂ ਲੱਖਾਂ ਲੋਕ ਮਾਰੇ ਗਏ। ਧੀਆਂ
ਭੈਣਾਂ ਦੀ ਆਬਰੂ ਲੁੱਟੀ ਗਈ। ਇਨਸਾਨ ਵਹਿਸ਼ੀ ਹੋ ਗਿਆ। ਪੰਜਾਬ ਦੀ ਧਰਤੀ ,ਜੋ ਮੁਹੱਬਤ ਦੀ
ਧਰਤੀ ਕਰਕੇ ਜਾਣੀ ਜਾਂਦੀ ਸੀ, ਨਫ਼ਰਤ ਦੀ ਹਵਾੜ੍ਹ ਨਾਲ ਭਰ ਗਈ। ਆਪਣਿਆਂ ਨੇ ਆਪਣਿਆਂ ਦੀਆਂ
ਧੌਣਾਂ ਉੱਤੇ ਛੁਰੀਆਂ ਰੱਖੀਆਂ। ਬੰਦੇ ਕਸਾਈ ਬਣ ਗਏ। ਇਹਦੇ ਨਾਲ ਰਲਦੇ ਮਿਲਦੇ ਦਰਦ ਨੂੰ,
ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ, ਇਕ ਵਾਰ ਫਲੇਰ 1984 ਵਿਚ ਹੰਢਾਉਣਾ ਪਿਆ।
ਸਾਡੇ ਅੰਦਰ ਵਾਰ ਵਾਰ ਇਹ ਵਹਿਸ਼ੀ ਦੈਂਤ ਕਿਉਂ ਜਾਗ ਪੈਂਦਾ ਹੈ ਜਾਂ ਕੁਝ ਸਵਾਰਥੀ ਤਾਕਤਾਂ
ਵੱਲੋਂ ਕਿਉਂ ਜਗਾ ਦਿੱਤਾ ਜਾਂਦਾ ਹੈ? ਕਿਉਂ ਅਸੀਂ ਆਪਣੇ ਵਡੇਰਿਆਂ ਦੇ, ‘ਮਾਨਸ ਕੀ ਜਾਤ ਸਭੈ
ਏਕੇ ਪਹਿਚਾਨਬੋ’ ਦੇ ਉਪਦੇਸ਼ ਨੂੰ ਵਿਸਰ ਜਾਂਦੇ ਹਾਂ। ਅਸੀਂ ਪਹਿਲਾਂ ਇਕ ਦੂਜੇ ਨੂੰ ਵੱਢਦੇ
ਹਾਂ , ਫਿ਼ਰ ਉਸ ਦੇ ਸਿਰਹਾਣੇ ਬੈਠ ਕੇ ਰੋਂਦੇ ਹਾਂ। ਪਹਿਲਾਂ ਬਾਹਵਾਂ ਭੰਨਦੇ ਹਾਂ ਫਿ਼ਰ ਇਕ
ਦੂਜੇ ਦੇ ਗਲ ਬਾਹਵਾਂ ਪਾਉਣ ਲਈ ਵਿਲਕਦੇ ਹਾਂ।
ਅਸੀਂ ਇਹੋ ਜਿਹੀ ਗ਼ਲਤੀ ਵਾਰ ਵਾਰ ਨਾ ਦੁਹਰਾਈਏੇ; ਗ਼ਲਤੀ ਕਰਵਾਉਣ ਵਾਲਿਆਂ ਦੇ ਸਵਾਰਥੀ
ਚਿਹਰੇ ਪਛਾਣਦੇ ਰਹੀਏ; ਆਪਣੇ ਕੀਤੇ ‘ਤੇ ਸ਼ਰਮਸਾਰ ਹੁੰਦੇ ਰਹੀਏ; ਆਪਣੇ ਅੰਦਰਲੇ ਇਨਸਾਨ ਨੂੰ
ਮਰਨ ਨਾ ਦਈਏ; ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ‘ਕਰਤੂਤਾਂ’ ਨੂੰ ਲਗਾਤਾਰ ‘ਸ਼ੀਸ਼ੇ’
ਵਿਚ ਵੇਖਦੇ ਰਹੀਏ। ਇਸੇ ਲਈ ਇਸ ਕਾਲਮ ਵਿਚ ਅਸੀਂ ਉਹ ਲਿਖਤਾਂ ਛਾਪਾਂਗੇ ਜਿੰਨ੍ਹਾਂ ਵਿਚ
ਦੇਸ਼-ਵੰਡ ਦਾ ਦਰਦ ਹੱਡੀਂ ਹੰਢਾਉਣ ਵਾਲੇ ਲੋਕਾਂ ਅਤੇ ਲੇਖਕਾਂ ਦੇ ਤਜਰਬੇ ਬਿਆਨ ਕੀਤੇ
ਹੋਣਗੇ। ਇਹ ਲਿਖਤਾਂ ਹੀ ਅਜਿਹਾ ਸ਼ੀਸ਼ਾ ਹਨ ਜੋ ਮਨੁਖੀ ਸੰਵੇਦਨਾ ਨੂੰ ਜਗਾਉਣ ਦਾ ਉਪਰਾਲਾ
ਕਰ ਸਕਦੀਆਂ ਹਨ।
ਇਸ ਵਾਰ ਪੇਸ਼ ਹੈ ਸਰਦਾਰ ਜਗਦੀਸ਼ ਸਿੰਘ ਵਰਿਆਮ ਦਾ ਲਿਖਿਆ , ਘਰ-ਘਾਟ ਛੱਡ ਕੇ ਕਾਫ਼ਲੇ ਨਾਲ
‘ਆਜ਼ਾਦ-ਭਾਰਤ’ ਵਿਚ ਪਰਵੇਸ਼ ਕਰਨ ਦਾ ਮਾਰਮਿਕ ਬਿਰਤਾਂਤ। ਜਗਦੀਸ਼ ਸਿੰਘ, ਤਿੰਨ ਦਹਾਕਿਆਂ
ਦੀ ਉਮਰ ਨੂੰ ਢੁੱਕਣ ਵਾਲੇ ਅਤੇ ਜਲੰਧਰ ਤੋਂ ਪ੍ਰਕਾਸਿ਼ਤ ਹੋਣ ਵਾਲੇ ਮਾਸਿਕ ਮੈਗਜ਼ੀਨ
‘ਵਰਿਆਮ’ਦੇ ਸੰਪਾਦਕ ਹਨ। ਬਹੁਤ ਪਿਆਰੇ ਤੇ ਸੁਹਿਰਦ ਇਨਸਾਨ ਅਤੇ ਕਮਾਲ ਦੇ ਵਾਰਤਕਕਾਰ
ਜਗਦੀਸ਼ ਸਿੰਘ ਦੀ ਇਹ ਵਾਰਤਕ- ਰਚਨਾ ਉਹਨਾਂ ਦੀ ਬਹੁਤ ਹੀ ਸਰਾਹੀ ਗਈ ਸਵੈ-ਜੀਵਨੀ ‘ਖਿੱਲਰੇ
ਪੱਤਰੇ’ ਦਾ ਇੱਕ ਅੰਸ਼ ਹੈ।)ਸੰਪਾਦਕ।
ਰਾਵੀ ਦਾ ਪੁਲ ਪਾਰ ਕਰਕੇ ਸੜਕ ਦੀ ਢਲਾਣ ਸ਼ੁਰੂ ਹੋਈ। ਏਸ ਤੋਂ ਬਾਅਦ ਸੜਕ ਦੇ ਦੋਹੀਂ ਪਾਸੀਂ
ਦਰੱਖ਼ਤਾਂ ਦੀ ਸੰਘਣੀ ਛਾਂ ਤੇ ਲੱਕ ਲੱਕ ਉੱਚਾ ਘਾਹ ਸੀ। ਭਾਵੇਂ ਚਮਾਸੇ ਦੀ ਗਰਮੀ ਵੀ ਸੀ,
ਤਦ ਵੀ ਪੁਲ ਪਾਰ ਕਰਨ ਨਾਲ ਇਕ ਸੰਤੁਸ਼ਟੀ ਦਾ ਅਹਿਸਾਸ ਸੀ ਕਿ ਕਈ ਦਿਨਾਂ ਤੋਂ ਸਿਰ ‘ਤੇ
ਲਟਕਦੀ ਤਲਵਾਰ ਹਟ ਗਈ ਹੈ। ਲੱਗਦਾ ਸੀ ਜਿਵੇਂ ਜੁੱਗਾਂ ਦਾ ਸੰਤਾਪ ਮੁੱਕ ਗਿਆ ਹੈ। ਮਹਾਂਪੁਰਖ
ਕਥਾ ਕਰਦਿਆਂ ਦੱਸਦੇ ਹੁੰਦੇ ਸਨ ਕਿ ਜਦੋਂ ਚੱਕੀ ਚੱਲਦੀ ਹੈ ਤਾਂ ਸਾਰੇ ਦਾਣੇ ਪਿਸ ਜਾਂਦੇ ਹਨ
ਪਰ ਕਿੱਲੀ ਦੇ ਨਾਲ ਦੇ ਦਾਣੇ ਬਚ ਜਾਂਦੇ ਹਨ। ਸਾਨੂੰ ਲੱਗ ਰਿਹਾ ਸੀ ਕਿ ਅਸੀਂ ਓਹੀ ਕਿੱਲੀ
ਦੇ ਦਾਣੇ ਹਾਂ ਜੋ ਚੱਕੀ ਚੱਲਣ ਦੇ ਬਾਵਜੂਦ ਬਚ ਕੇ ਆ ਗਏ ਹਾਂ। ਨਵੇਂ ਬਣੇ ਮੁਲਕ ਪਾਕਿਸਤਾਨ
ਤੋਂ ਹਿਜਰਤ ਕਰਕੇ ਨਵੇਂ ਆਜ਼ਾਦ ਹੋਏ ਭਾਰਤ ਦੇਸ਼ ਵਿਚ ਪਹੁੰਚਣ ਵਾਲਾ ਸਭ ਤੋਂ ਪਹਿਲਾ ਤੇ ਸਭ
ਤੋਂ ਵੱਡਾ ਕਾਫ਼ਲਾ ਸ਼ਾਇਦ ਸਾਡਾ ਹੀ ਸੀ। ਪਤਾ ਨਹੀਂ ਸਾਡੀ ਖ਼ੁਸ਼ੀ ਵੱਧ ਸੀ ਕਿ ਹੈਰਾਨੀ
ਵੱਧ,ਅਸੀਂ ਸਾਰੇ ਸਹੀ ਸਲਾਮਤ ਪੁੱਜ ਗਏ ਸਾਂ।
ਰਾਵੀ ਦੇ ਬੇਲੇ ਵਿਚ ਪਹੁੰਚਦਿਆਂ ਇਹ ਨਹੀਂ ਸੀ ਪਤਾ ਕਿ ਅਸੀਂ ਬਹੁਤ ਅਹਿਮ ਇਤਿਹਾਸਕ
ਜੁਗ-ਗਰਦੀ ਦੇ ਨਾਟਕ ਦੇ ਪਾਤਰ ਹਾਂ ਜਾਂ ਭਾਰਤੀ ਇਤਿਹਾਸ ਦੇ ਇਕ ਬਹੁਤ ਹੀ ਕੀਮਤੀ ਪੱਤਰੇ ਦੇ
ਅੱਖਰ ਹਾਂ ਜਾਂ ਜੁੱਗਾਂ ਤੱਕ ਯਾਦ ਰਹਿਣ ਵਾਲੀ ਘਟਨਾ ਦੇ ਚਸ਼ਮਦੀਦ ਗਵਾਹ ਹਾਂ। ਸਾਨੂੰ ਤਾਂ
ਕੁਝ ਦਿਨ ਤੱਕ ਪਹਿਲਾਂ ਏਹ ਪਤਾ ਹੀ ਨਹੀਂ ਸੀ ਕਿ ਕੋਈ ਐਸੀ ਸੰਭਾਵਨਾ ਵੀ ਹੋ ਸਕਦੀ ਹੈ।
ਸਿਵਾਇ ਗੁਰੂੁ ਮਹਾਂਰਾਜ ਪ੍ਰਤਾਪ ਸਿੰਘ ਜੀ ਦੇ(ਨਾਮਧਾਰੀ ਗੁਰੂ)ਕਿਸੇ ਨੇ ਇਸ਼ਾਰਾ ਤੱਕ ਨਹੀਂ
ਸੀ ਸੁੱਟਿਆ। ਵੱਡੇ ਲੀਡਰਾਂ ਨੂੰ ਵੀ ਅਜਿਹੀ ਸੰਭਾਵਨਾ ਦੀ ਆਸ ਤੱਕ ਨਹੀਂ ਸੀ ਕਿ ਇਕ ਫਿ਼ਰਕੇ
ਦੇ ਸਾਰੇ ਦੇ ਸਾਰੇ ਲੋਕ ਦੂਸਰੇ ਪਾਸੇ ਚਲੇ ਜਾਣਗੇ। ਅਸੀਂ ਘਰੋਂ ਇਕ ਰਾਤ ਕੱਟਣ ਵਾਸਤੇ
ਪੱਖੋਕੇ ਪਿੰਡ ਨੂੰ ਤੁਰੇ ਸਾਂ ਤੇ ਤਕਦੀਰ ਦੇ ਚੱਕਰ ਨੇ ਲਿਆ ਸੁੱਟਿਆ ਰਾਵੀ ਦੇ ਬੇਲੇ ਵਿਚ।
ਪੁਲ ਪਾਰ ਕਰਦਿਆਂ ਹੀ ਫ਼ੌਜੀ ਅਫ਼ਸਰ ਅਤੇ ਜਵਾਨ ਮਿਲੇ। ਹੋਰ ਲੋਕ ਵੀ ਅਫ਼ਸਰ ਜਾਂ ਲੀਡਰ ਲੋਕ
ਹੋਣਗੇ ਜਾਂ ਆਮ ਲੋਕ ਵੀ, ਉਹ ਕਹਿ ਰਹੇ ਸਨ, “ਰੱਬ ਦਾ ਲੱਖ-ਲੱਖ ਸ਼ੁਕਰ ਹੈ, ਤੁਸੀਂ ਸਹੀ
ਸਲਾਮਤ ਆ ਗਏ। ਸਾਨੂੰ ਤੁਹਾਡਾ ਬਹੁਤ ਹੀ ਫਿ਼ਕਰ ਸੀ।” ਉਹਨਾਂ ਦੀਆਂ ਗੱਲਾਂ ਤੋਂ ਜ਼ਾਹਰ
ਹੁੰਦਾ ਸੀ ਕਿ ਉਹਨਾਂ ਨੂੰ ਕਿਵੇਂ ਨਾ ਕਿਵੇਂ ਪਤਾ ਸੀ ਕਿ ‘ਦੜਪ’ ਦੇ ਇਲਾਕੇ ਵਿਚੋਂ ਭਾਰੀ
ਕਾਫ਼ਲਾ ਸਿੱਧਾ ਹੀ ਰਾਵੀ ਸਰਹੱਦ ਵੱਲ ਚੱਲ ਪਿਆ ਹੈ ਤੇ ਉਸ ਕਾਫ਼ਲੇ ਦੀ ਭਾਰਤ ਪੁੱਜਣ ਦੀ
ਕੋਈ ਉਮੀਦ ਨਹੀਂ। ਏਸ ਕਾਫ਼ਲੇ ਦਾ ਸੱਚਮੁਚ ਪੁੱਜ ਜਾਣਾ ਕੋਈ ਮੋਅਜ਼ਜ਼ੇ ਤੋਂ ਘੱਟ ਗੱਲ ਨਹੀਂ
ਸੀ। ਅਧਿਕਾਰੀ ਕਿਸਮ ਦੇ ਲੋਕ ਅਤੇ ਫ਼ੌਜੀ ਸਾਨੂੰ ਜੋ਼ਰ ਦੇ ਰਹੇ ਸਨ ਕਿ ਜਲਦੀ ਨਿਕਲ ਚੱਲੋ।
ਅੱਗੇ ਚੱਲਦੇ ਜਾਓ,ਛੇਤੀ ਕਰੋ,ਏਥੇ ਬਿਲਕੁਲ ਰੁਕਣਾ ਨਹੀਂ।ਚੱਲਦੇ ਰਹਿਣਾ ਏਸ ਕਰਕੇ ਵੀ
ਜ਼ਰੂਰੀ ਹੋ ਸਕਦਾ ਸੀ ਕਿ ਪਿੱਛੋਂ ਹੋਰ ਆ ਰਹੇ ਲੋਕਾਂ ਲਈ ਰੁਕਾਵਟ ਨਾ ਪੈਦਾ ਹੋ ਜਾਵੇ।
ਜਿਹੜੇ ਆ ਗਏ ਉਹ ਤਾਂ ਭਲੀ ਗੱਲ ਸੀ ਪਰ ਅਜੇ ਕਾਫ਼ਲੇ ਦਾ ਬਹੁਤਾ ਭਾਗ ਪਾਕਿਸਤਾਨ ਵਿਚ ਹੀ
ਸੀ। ਉਹਨਾਂ ਲੋਕਾਂ ਦੀ ਜਾਨ ਅਜੇ ਵੀ ਦਾਓ ‘ਤੇ ਸੀ। ਜਿੰਨੀਂ ਛੇਤੀ ਰਾਹ ਬਣਾਇਆ ਜਾਵੇ, ਠੀਕ
ਹੀ ਹੋ ਸਕਦਾ ਸੀ ਜਾਂ ਕੋਈ ਹੋਰ ਗੱਲ ਹੋ ਸਕਦੀ ਸੀ ਜਿਸ ਦਾ ਸਾਨੂੰ ਤਾਂ ਕੁਝ ਪਤਾ ਨਹੀਂ ਸੀ।
ਲੰਮੀ ਮੈਰਾਥਨ ਦੌੜ ਦੌੜਨ ਵਾਲਾ ਅਥਲੀਟ ਵੀਹਾਂ ਮੀਲਾਂ ਦੀ ਦੌੜ ਭਾਰੀ ਗਰਮੀ ਸਰਦੀ ਵਿਚ
ਦੌੜਦਾ ਰਹਿੰਦਾ ਹੈ ਪਰ ਆਖ਼ਰੀ ਕਤਾਰ ਟੱਪਦਿਆਂ ਹੀ ਉਸ ਦੀ ਬੱਸ ਹੋ ਜਾਂਦੀ ਹੈ। ਉਹ ਬੈਠ
ਜਾਂਦਾ ਹੈ, ਉਹ ਲੇਟ ਜਾਂਦਾ ਹੈ। ਇਵੇਂ ਹੀ ਕਈਆਂ ਦਿਨਾਂ ਦੇ ਤੁਰੇ ਲੋਕ ਫ਼ੌਜੀਆਂ ਵੱਲੋਂ
ਲੱਖ ਵਰਜਣ ਦੇ ਬਾਵਜੂਦ ਸੜਕ ਦੇ ਆਲੇ ਦੁਆਲੇ ਬੈਠ ਗਏ ਜਾਂ ਲੇਟ ਗਏ। ਪਿੱਛੋਂ ਆਉਣ ਵਾਲੇ ਹੋਰ
ਅੱਗੇ ਤੋਂ ਅੱਗੇ ਥਾਵਾਂ ਮੱਲਦੇ ਗਏ। ਗਿੱਲੇ ਘਾਹ ਤੇ ਛਪੜੀਆਂ ਦੇ ਕੰਢਿਆਂ‘ਤੇ ਬਹੁਤ ਦੇਰ ਨਾ
ਲੱਗੀ; ਜਦੋਂ ਸਭ ਪਾਸੇ ਧੂੰਆਂ ਹੀ ਧੂੰਆਂ ਉਠ ਪਿਆ। ਇਸ ਧੂੰਏਂ ਨੇ ਬਹੁਤ ਦਿਨਾਂ ਦਾ ਡਰਾਇਆ
ਹੋਇਆ ਸੀ। ਕਿਸੇ ਪਿੰਡ ਵਿਚੋਂ ਉਠਦਾ ਧੂੰਆਂ ਸੰਕੇਤ ਸੀ ਇਸ ਗੱਲ ਦਾ ਕਿ ਪਿੰਡ ਸੜ ਰਿਹਾ ਹੈ
ਪਰ ਇਹ ਧੂੰਆਂ ਉਹ ਨਹੀਂ ਸੀ। ਇਸ ਧੂੰਏਂ ਦੀ ਕੁੜੱਤਣ ਵਿਚ ਕਣਕ ਦੀਆਂ ਰੋਟੀਆਂ ਦੀ ਮਹਿਕ ਰਲੀ
ਹੋਈ ਸੀ। ਪਤਾ ਨਹੀਂ ਲੋਕਾਂ ਨੇ ਕਿਥੋਂ ਇੱਟਾਂ ਵੱਟੇ ਤੇ ਢੀਮਾਂ ਦੇ ਕੰਮ ਚਲਾਊ ਚੁੱਲ੍ਹੇ
ਬਣਾਏ। ਇਧਰੋਂ ਉਧਰੋਂ ਪੁਰਾਣੇ ਟੀਨ ਫੜ੍ਹੇ ਜਾਂ ਚਾਟੀਆਂ ਘੜਿਆਂ ਦੀਆਂ ਬੱਬਰੀਆਂ
ਫੜ੍ਹੀਆਂ,ਉਹਨਾਂ ਤੋਂ ਤਵਿਆਂ ਦਾ ਕੰਮ ਲਿਆ। ਇਹ ਉਹ ਲੋਕ ਸਨ ਜਿੰਨ੍ਹਾਂ ਨੂੰ ਨਿਸਚਿਤ
ਤੌਰ‘ਤੇ ਪਤਾ ਸੀ ਕਿ ਅਸੀਂ ਕਾਫ਼ਲੇ ਦੇ ਨਾਲ ਜਾ ਰਹੇ ਹਾਂ,ਆਪਣਾ ਘਰ ਘਾਟ ਛੱਡ ਕੇ। ਕੋਲ ਆਟਾ
ਵੀ ਹੋਵੇ,ਸਮਾਂ ਵੀ ਹੋਵੇ,ਸਾਧਨ ਵੀ ਹੋਵੇ ਤਾਂ ਫ਼ੇਰ ਕਿਸ ਨੇ ਪਾਂਧਾ ਪੁੱਛਣਾ ਸੀ! ਦੂਰ ਦੂਰ
ਤੱਕ ਚੁੱਲ੍ਹੇ ਤਪ ਰਹੇ ਸਨ।ਇਹਨਾਂ ਚੁੱਲ੍ਹਿਆਂ ‘ਤੇ ਰੋਟੀਆਂ ਦੀ ਮਹਿਕ ਨੇ ਸਾਡੇ ਲਈ ਇਕ
ਸਮੱਸਿਆ ਖੜੀ ਕਰ ਦਿੱਤੀ। ਇਸ ਨੇ ਸਾਡਾ ਇਕ ਸੁੱਤਾ ਪਾਤਰ ਜਗਾ ਦਿੱਤਾ ਇਕ ਸ਼ਕਤੀਸ਼ਾਲੀ
ਕਿਰਦਾਰ ਦੇ ਰੂਪ ਵਿਚ।
ਮੇਰਾ ਛੋਟਾ ਭਰਾ ਪੰਜ ਸਾਲ ਦੀ ਉਮਰ ਦਾ ਸੀ ,ਕੁਲਦੀਪ। ਸਾਡੀ ਸਾਰੀ ਯਾਤਰਾ ਵਿਚ ਉਸ ਦੀ ਖ਼ਾਸ
ਭੂੁਮਿਕਾ ਨਹੀਂ ਸੀ। ਉਸਦਾ ਜਿ਼ਕਰ ਵੀ ਇਸੇ ਲਈ ਨਹੀਂ ਸੀ ਆਇਆ। ਉਹ ਅਕਸਰ ਸਾਈਕਲ ਦੇ ਡੰਡੇ
‘ਤੇ ਬੈਠਾ ਰਿਹਾ ਤੇ ਹੈਂਡਲ ਉਤੇ ਸਿਰ ਰੱਖ ਕੇ ਸੁੱਤਾ ਰਿਹਾ। ਕਦੇ ਤਾਇਆਂ ਦੇ ਮੋਢਿਆਂ‘ਤੇ
ਚਿਪਕਿਆ ਰਿਹਾ ਅਤੇ ਕਦੇ ਬਾਪ ਨੇ ਚੁੱਕੀ ਰੱਖਿਆ। ਉਸ ਦੀ ਕੋਈ ਮੰਗ ਨਹੀਂ ਸੀ,ਕੋਈ ਜਿ਼ਦ
ਨਹੀਂ ਸੀ। ਬੱਸ ਬਹੁਤ ਬੀਬਾ ਰਾਣਾ ਜਾਂ ਸਹਿਮਿਆਂ ਜਿਹਾ ਬਣ ਕੇ ਹੀ ਰਿਹਾ। ਉਸ ਸਮੇਂ ਬਦਲੀ
ਫਿ਼ਜ਼ਾ ਦੇ ਪ੍ਰਭਾਵ ਨੂੰ ਬੱਚੇ ਵੀ ਅਨੁਭਵ ਕਰਦੇ ਸਨ। ਉਹ ਤਾਂ ਇਨਸਾਨ ਦਾ ਬੱਚਾ ਸੀ,ਏਸ
ਵੇਲੇ ਤਾਂ ਕੁੱਤਿਆਂ,ਬਿੱਲੀਆਂ,ਡੰਗਰਾਂ ਨੇ ਵੀ ਮਹਿਸੂਸ ਕਰ ਲਿਆ ਸੀ (ਸ਼ਾਇਦ ਇਨਸਾਨ ਤੋਂ ਵੀ
ਪਹਿਲਾਂ!) ਕਿ ਹਵਾ ਵਿਚ ਜ਼ਹਿਰ ਘੁਲ ਗਿਆ ਹੈ।
ਪਰ ਰਾਵੀ ਲੰਘਦਿਆਂ ਹੀ ਫਿ਼ਜ਼ਾ ਬਦਲ ਗਈ ਸੀ। ਬੱਚੇ ਨੂੰ ਵੀ ਤਾਜ਼ੀਆਂ ਰੋਟੀਆਂ ਦੀ ਮਹਿਕ ਆ
ਗਈ ਅਤੇ ਉਸ ਨੇ ਆਪਣੀ ਤਬੀਅਤ ਦੇ ਐਨ ਉਲਟ ਰੋਟੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਭੁੱਖ
ਤਾਂ ਸਾਰਿਆਂ ਨੂੰ ਬਹੁਤ ਲੱਗੀ ਸੀ ਅਤੇ ਹੁਣ ਪਰਗਟ ਵੀ ਸਿ਼ੱਦਤ ਨਾਲ ਹੋਈ ਸੀ। ਜਦੋਂ ਬੰਦਾ
ਬੁਖ਼ਾਰ ਆਦਿ ਨਾਲ ਬਿਮਾਰ ਹੁੰਦਾ ਹੈ ਤਾਂ ਉਸਨੂੰ ਵਧੀਆ ਤੋਂ ਵਧੀਆ ਚੀਜ਼ ਵੀ ਖਾਣ ਨੂੰ ਦਿਓ
ਤਾਂ ਉਸਦਾ ਖਾਣ ਨੂੰ ਜੀਅ ਨਹੀਂ ਕਰਦਾ ਅਤੇ ਕਿੰਨੇ- ਕਿੰਨੇ ਦਿਨ ਹੀ ਉਹ ਇਸ ਤਰ੍ਹਾਂ ਕੱਢ
ਜਾਂਦਾ ਹੈ ਪਰ ਬੁਖ਼ਾਰ ਉਤਰਨ ‘ਤੇ ਉਹ ਸਭ ਤੋਂ ਪਹਿਲਾਂ ਰੋਟੀ ਹੀ ਮੰਗਦਾ ਹੈ। ਬੱਸ ਇਹੀ
ਹਾਲਤ ਸਾਡੀ ਸੀ। ਇੰਨੇ ਦਿਨਾਂ ਦੀ ਫਿ਼ਕਰਮੰਦੀ ਦਾ ਬੁਖ਼ਾਰ ਰਾਵੀ ਪਾਰ ਕਰਦਿਆਂ ਹੀ ਉਤਰ ਗਿਆ
ਸੀ। ਜਿਸਮ ਨੇ ਤੁਰਨ ਦੀ ਹਿੰਮਤ ਵੀ ਖੋਹ ਲਈ ਅਤੇ ਭੁੱਖ ਨੇ ਵੀ ਕੜਵੱਲ ਕੱਢ ਛੱਡੇ ਸਨ। ਅੱਜ
ਸਫ਼ਰ ਵੀ ਕਈ ਮੀਲਾਂ ਦਾ ਕਰ ਕੇ ਆਏ ਸਾਂ।
ਇਸ ਸਮੇਂ ਜੇ ਕੁਲਦੀਪ ਨੇ ਭੁੱਖ ਦਾ ਰੌਲਾ ਪਾ ਧਰਿਆ ਤਾਂ ਇਹ ਕੋਈ ਅਲੋਕਾਰ ਗੱਲ ਨਹੀਂ ਸੀ
ਅਤੇ ਏਸ ਮੰਗ ਦਾ ਪੂਰਾ ਕਰਨਾ ਕੋਈ ਔਖੀ ਗੱਲ ਨਹੀਂ ਸੀ। ਸਾਡੇ ਕੋਲ ਤਾਂ ਨਾ ਤਵਾ- ਪਰਾਤ
ਸੀ,ਨਾ ਆਟਾ- ਦਾਣਾ ਪਰ ਹੋਰ ਤਵਿਆਂ ‘ਤੇ ਤਾਂ ਰੋਟੀਆਂ ਪੱਕ ਹੀ ਰਹੀਆਂ ਸਨ। ਕੁਲਦੀਪ ਦੀ
ਜਿ਼ਦ ਸਾਡੇ ਅੰਦਰ ਖੋਹ ਪਾ ਰਹੀ ਸੀ। ਉਸ ਨੂੰ ਕਿਹਾ ਗਿਆ ਕਿ ਥੋੜ੍ਹੇ ਚਿਰ ਨੂੰ ਅਸੀਂ ਡੇਰਾ
ਬਾਬਾ ਨਾਨਕ ਪੁੱਜ ਜਾਣਾ ਹੈ। ਉਥੇ ਗੁਰੁ ਕਾ ਲੰਗਰ ਵੀ ਹੋਵੇਗਾ ਅਤੇ ਬਾਜ਼ਾਰ ਵੀ। ਤੈਨੂੰ
ਰੱਜ ਕੇ ਖੁਆ ਦਿਆਂਗੇ। ਪਰ ਬੱਚਾ ਆਕੀ ਹੋ ਗਿਆ। ਉਸ ਦੀਆਂ ਲੇਰਾਂ ਦਿਲਾਂ ਨੂੰ ਧੁਹ ਪਾ
ਰਹੀਆਂ ਸਨ। “ਮੈਂ ਰੋਟੀ ਖਾਣੀ ਹੈ।ਮੈਂ ਰੋਟੀ ਖਾਣੀ ਹੈ” ਇਸ ਤੋਂ ਵੱਧ ਸ਼ਬਦ ਮੂੰਹੋਂ ਕੱਢਦਾ
ਨਹੀਂ ਸੀ। ਪਿਤਾ ਜੀ ਨੇ ਕਿਹਾ,“ਚੱਲ ਤੈਨੂੰ ਰੋਟੀ ਲੈ ਦਿੰਦੇ ਹਾਂ।” ਉਹਨਾਂ ਗੋਗਲੇ ਪੁੱਤ
ਨੂੰ ਚੁੱਕਿਆ ਤੇ ਤੁਰ ਪਏ। ਪਹਿਲੀ ਧੂਣੀ ਨਾਲ ਹੀ ਸੀ। ਪਿਤਾ ਜੀ ਨੇ ਕਿਹਾ, “ਬੱਚਾ ਬਹੁਤ
ਜਿ਼ਦ ਕਰ ਰਿਹਾ ਹੈ,ਅੱਧੀ ਰੋਟੀ ਦਿਓ।” ਅੱਗੋਂ ਜਵਾਬ ਆਇਆ, “ਸਾਡੇ ਕੋਲ ਫਾਲਤੂ ਨਹੀਂ।”
ਏਸ ਜਵਾਬ ਨੇ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ।ਸਾਡੇ ਪਿੰਡ ਤਾਂ ਇਹ ਰਿਵਾਜ਼ ਸੀ ਕਿ
ਕੋਈ ਮੁਸਾਫ਼ਰ ਬਾਹਰੋਂ ਲੰਘਦਾ ਜਾ ਰਿਹਾ ਹੋਵੇ ਤਾਂ ਉਸ ਨੂੰ ‘ਵਾਜ ਮਾਰ ਕੇ
ਰੋਟੀ,ਦੁੱਧ,ਲੱਸੀ ਪਾਣੀ ਪਿਆ ਕੇ ਜਾਣ ਦੇਣਾ। ਪਰ ਸ਼ਾਇਦ ਜਵਾਬ ਦੇਣ ਵਾਲੇ ਆਪਣੀ ਥਾਂ ਠੀਕ
ਹੀ ਸਨ। ਪਿਤਾ ਜੀ ਅਗਲੇ ਚੁੱਲ੍ਹੇ ‘ਤੇ ਗਏ। ਜਵਾਬ ਸੀ, “ਰੋਟੀ ਕੋਈ ਨਹੀਂ।” ਪਿਤਾ ਜੀ ਅੱਗੇ
ਤੋਂ ਅੱਗੇ ਤੁਰੇ ਗਏ। ਭਾਂਤ ਭਾਂਤ ਦੇ ਜਵਾਬ ਸਨ। ਕਿਸੇ ਨੇ ਸਿਰ ਹੀ ਹਿਲਾ ਦਿੱਤਾ ਅਤੇ
ਅੰਤ’ਤੇ ਇਵੇਂ ਹੀ ਹੋਣ ਲੱਗਾ ਜਿਵੇਂ ਮੰਗਤਿਆਂ ਨੂੰ ਜਵਾਬ ਦਿੱਤਾ ਜਾਂਦਾ ਹੈ,“ਭਾਈ ਮਾਫ਼
ਕਰ,”
ਜ਼ਮਾਨੇ ਨੂੰ ਕੀ ਹੋ ਗਿਆ ਸੀ! ਵਾਪਸ ਮੁੜਦੇ ਤਾਂ ਮੁੰਡਾ ਫ਼ੇਰ ਰੋਣ ਲੱਗ ਪੈਂਦਾ। ਉਸਨੂੰ
ਰੋਟੀ ਦੀ ਝਾਕ ਸੀ, ਅੱਗੋਂ ਕੋਈ ਰੋਟੀ ਦੇਣ ਨੂੰ ਤਿਆਰ ਨਹੀਂ ਸੀ। ਇਕ ਪਾਸੇ ਮੰਗਣ ਦੀ
ਨਮੋਸ਼ੀ ਸੀ ਦੂਜੇ ਪਾਸੇ ਸਭ ਤੋਂ ਲਾਡਲੇ ਪੁੱਤਰ ਦੀਆਂ ਲੇਰਾਂ ਸਨ। ਇਕ ਪਾਸੇ ਸਵੈ-ਅਭਿਮਾਨ
ਸੀ ਦੂਜੇ ਪਾਸੇ ਪੁੱਤਰ ਦਾ ਮੋਹ। ਬੰਦਾ ਕਿਹੋ ਜਿਹੀ ਕਸੂਤੀ ਸਥਿਤੀ ਵਿਚ ਫਸ ਜਾਂਦਾ ਹੈ,ਜਿਸ
ਦਾ ਚਿੱਤ ਚੇਤਾ ਵੀ ਨਹੀਂ ਹੁੰਦਾ। ਮੇਰਾ ਪਿਤਾ ਇਲਾਕੇ ਵਿਚ ਪ੍ਰਸਿੱਧ ਜਥੇਦਾਰ ਵਜੋਂ ਜਾਣਿਆਂ
ਜਾਂਦਾ ਸੀ। ‘ਢੇ’(ਪਿੰਡ ਦਾ ਨਾਂ) ਦਾ ਨਾਂ ਲਵੋ ਤਾਂ ਜਥੇਦਾਰ ਨੱਥਾ ਸਿੰਘ ਯਾਦ ਆਉਂਦਾ ਤੇ
ਜਥੇਦਾਰ ਨੱਥਾ ਸਿੰਘ ਦਾ ਨਾਂ ਲਵੋ ਤਾਂ ‘ਢੇ’ ਯਾਦ ਆਉਂਦਾ। ਜਿਹਨੇ ਆਪਣੇ ਘਰ ਆਏ ਕਿਸੇ ਵੀ
ਸਵਾਲੀ ਨੂੰ,“ਜਾਹ ਬਾਬਾ ਮਾਫ਼ ਕਰ” ਨਹੀਂ ਸੀ ਕਿਹਾ। ਜਿਸ ਦੇ ਘਰ ਦੀਵਾਨ ਲੱਗਦੇ, ਲੰਗਰ
ਚੱਲਦੇ ਰਹਿੰਦੇ। ਜੇ ਕਿਤੇ ਬਾਹਰ ਜਾਂਦੇ ਤਾਂ ਲੋਕੀਂ ਆਦਰ ਮਾਣ ਨਾਲ ਸਾਰੇ ਜਥੇ ਨੂੰ ਰਜਾ
ਦਿੰਦੇ। ਉਹ ਅੱਜ ਰੋਟੀ ਦਾ ਇਕ ਟੁੱਕ ਮੰਗ ਰਿਹਾ ਸੀ ਤੇ ਕੋਈ ਉਸਨੂੰ ਦੇਣ ਲਈ ਤਿਆਰ ਨਹੀਂ
ਸੀ। ਜਥੇਦਾਰ ਨੱਥਾ ਸਿੰਘ ਆਪ ਪੜ੍ਹਦਾ ਹੁੰਦਾ ਸੀ,“ਸ਼ੇਰਾਂ ਨੂੰ ਘਾਹ ਖਵਾ ਦੇਵੇਂ ਜੇ ਨਿਗਾਹ
ਬਦਲ ਜਾਏ ਤੇਰੀ।” ਅੱਜ ‘ਉਸ ਦੀ’ ‘ਬਦਲੀ ਨਿਗਾਹ’ ਨੂੰ ਅਮਲੀ ਰੂਪ ਵਿਚ ਵੇਖਿਆ ਸੀ ।ਏਸ ਵੇਲੇ
ਅਭਿਮਾਨ ਤਾਂ ਵੱਡਿਆਂ ਵੱਡਿਆਂ ਦੇ ਚੂਰ ਹੋ ਗਏ।
ਆਖ਼ਰ ਜਿਵੇਂ ਪ੍ਰਹਿਲਾਦ ਨੂੰ ਤਪਦੇ ਥੰਮ ‘ਤੇ ਕੀੜੀ ਤੁਰਦੀ ਦਿਸੀ ਇਵੇਂ ਹੀ ਇਕ ਆਵਾਜ਼ ਆਈ,
“ਮੁੰਡਾ ਬਹੁਤ ਰੋਂਦਾ ਪਿਆ ਹੈ।ਦੇਵੋ ਏਸ ਨੂੰ ਇਕ ਰੋਟੀ।” ਘੋਰ ਕਲਜੁਗ ਵਿਚ ਸਤਜੁਗੀ ਬੋਲ।
ਸ਼ਾਇਦ ਪੰਜਾਬ ਦੀ ਆਤਮਾ ਅਜੇ ਮਰੀ ਨਹੀਂ ਸੀ। ਇਹ ਬੋਲ ਬੋਲਣ ਵਾਲੀ ਬੀਬੀ ਪਤਾ ਨਹੀਂ ਹੁਣ
ਕਿੱਥੇ ਹੈ! ਏਸ ਜਹਾਨ ਵਿਚ ਹੋਵੇਗੀ ਵੀ ਜਾਂ ਨਹੀਂ ਪਰ ਮਾਨਵਤਾ ਦੀ ਲਾਜ ਰੱਖਣ ਵਾਲੀ ਮੂਰਤੀ
ਦੇ ਰੂਪ ਵਿਚ ਉਹ ਸਾਡੇ ਮਨਾਂ ਵਿਚ ਸਥਾਪਤ ਹੈ। ਮੁੰਡਾ ਰੋਟੀ ਦਾ ਟੁੱਕ ਲੈ ਕੇ ਚੁੱਪ ਹੋ
ਗਿਆ।
ਹੌਲੀ ਹੌਲੀ ਅਸੀਂ ਡੇਰਾ ਬਾਬਾ ਨਾਨਕ ਪੁੱਜ ਗਏ।
ਡੇਰਾ ਬਾਬਾ ਨਾਨਕ ਸ਼ਹਿਰ ਲੋਕਾਂ ਦੀ ਭੀੜ ਨਾਲ ਲਬਾਲਬ ਸੀ। ਜਦੋਂ ਕੋਈ ਵਾਕਫ਼ ਮਿਲਦਾ ਤਾਂ
ਸਾਕਾਂ ਸੰਬੰਧੀਆਂ ਅਤੇ ਦੋਸਤਾਂ ਬਾਰੇ ਗੱਲਾਂ ਪੁੱਛਦਾ- ਕਿਤੇ ਤੁਸੀਂ ਫਲਾਣੇ ਵੇਖੇ ਹੋਣ।
ਸਾਡੇ ਸਕਿਆਂ ਦਾ ਕੋਈ ਥਹੁ ਪਤਾ ਹੋਵੇ!- ਆਹੋ ਫਲਾਣਾ ਵੇਖਿਆ ਸੀ। ਅਮਕਾ ਨਹੀਂ ਲੱਭਾ। ਫਲਾਣਾ
ਮਾਰਿਆ ਗਿਆ। ਭਈ ਉਹਨਾਂ ਨਾਲ ਤਾਂ ਬੁਰੀ ਹੋਈ!-ਚੱਲੋ ਇੱਜ਼ਤ ਬਚ ਗਈ, ਸਭ ਕੁਝ ਬਚ ਗਿਆ! ਇਹੋ
ਜਿਹੀਆਂ ਹੀ ਗੱਲਾਂ ਹੋ ਰਹੀਆਂ ਸਨ। ਪਿਛਲੇ ਦਿਨਾਂ ਵਿਚ ਸਭ ਤੋਂ ਘਿਨਾਉਣੀਆਂ ਖ਼ਬਰਾਂ ਸਨ
ਔਰਤਾਂ ਦੀ ਬੇਪਤੀ ਦੀਆਂ, ਨੰਗੀਆਂ ਕੁੜੀਆਂ ਦੇ ਜਲੂਸਾਂ ਦੀਆਂ ਜੋ ਕੰਨ ਸੁਣ ਨਹੀਂ ਸਕਦੇ, ਜੋ
ਕਲਮਾਂ ਲਿਖ ਨਹੀਂ ਸਕਦੀਆਂ, ਉਹਨਾਂ ਗੱਲਾਂ ਦੀਆਂ ਖ਼ਬਰਾਂ ਸਨ। ਇਹੋ ਜਿਹੀ ਹਾਲਤ ਵਿਚ ਸਾਡਾ
ਕਾਫ਼ਲਾ ਬਚ ਕੇ ਆ ਗਿਆ ਜਦੋਂ ਕਾਫ਼ਲਿਆਂ ਦੇ ਕਾਫ਼ਲੇ ਕਤਲ ਹੋ ਰਹੇ ਸਨ । ਅਸੀਂ ਕਿਵੇਂ ਬਚ
ਕੇ ਆ ਗਏ ਬਾਬੇ ਨਾਨਕ ਦੇ ਦਰ ‘ਤੇ! ਜਦੋਂ ਕਿਹਾ ਜਾਂਦਾ ਕਿ ਇੱਜ਼ਤ ਤਾਂ ਬਚ ਗਈ ਤਾਂ ਇਹਦੇ
ਅਰਥ ਬਹੁਤ ਡੂੰਘੇ ਹੁੰਦੇ। ਕਿਸੇ ਸਮੇਂ ਬਾਬੇ ਨਾਨਕ ਨੇ ਅਜਿਹੀ ਸਥਿਤੀ ਦਾ ਨਕਸ਼ਾ ਆਪਣੀ
ਬਾਣੀ ਵਿਚ ਖਿੱਚਿਆ ਸੀ:
ਇਕਿ ਘਰ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ।।
ਇਕਨ੍ਹਾਂ ਏਹੋ ਲਿਖਿਆ,ਬਹਿ ਬਹਿ ਰੋਵਹਿ ਦੁਖ ।।
ਇਕ ਬਹਿ ਬਹਿ ਰੋਵੇ ਦੁਖ ਦਾ ਸਿਲਸਿਲਾ ਤਾਂ ਕਈ ਸਾਲ ਬਾਅਦ ਵੀ ਚੱਲਦਾ ਰਿਹਾ।
ਅਸੀਂ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰੇ ਮੱਥਾ ਟੇਕਿਆ। ਏਥੇ ਸਾਡੇ ਬਜ਼ੁਰਗਾਂ ਦਾ ਇਕ
ਵਾਕਫ਼ ਮਿਲ ਗਿਆ ਜੋ ਸਾਡੇ ਸਾਰੇ ਟੱਬਰ, ਪੰਜ ਭਰਾਵਾਂ ਦੇ ਸਾਰੇ ਕਬੀਲੇ ਨੂੰ ਆਪਣੇ ਨਾਲ ਘਰ
ਲੈ ਗਿਆ। ਮੇਰੀਆਂ ਤਾਈਆਂ ਨੇ ਇਕ ਵੱਡੇ ਦੇਗੇ ਵਿਚ ਮੂੰਗੀ ਮਸਰਾਂ ਦੀ ਧੋਤੀ ਦਾਲ ਚਾੜ੍ਹ
ਦਿੱਤੀ ਤੇ ਇਕ ਵੱਡੀ ਤੌਣ ਆਟੇ ਦੀ ਗੁੰਨ੍ਹ ਲਈ। ਗ਼ਰਮ ਗ਼ਰਮ, ਨਰਮ ਨਰਮ ਫੁਲਕੇ ਪਤਾ ਨਹੀਂ
ਅਸੀਂ ਕਿੰਨੇ ਕਿੰਨੇ ਛਕੇ! ਜਿਵੇਂ ਗਰਮੀ ਦੇ ਦਿਨਾਂ ਵਿਚ ਲੱਸੀ ਅੰਦਰ ਨੂੰ ਤ੍ਰਿਪਤ ਕਰਦੀ
ਹੈ,ਇਵੇਂ ਹੀ ਇਹ ਦਾਲ ਰੋਟੀ ਕਈਆਂ ਦਿਨਾਂ ਦੀ ਭੁੱਖ ਨੂੰ ਤ੍ਰਿਪਤ ਕਰ ਰਹੀ ਸੀ। ਪਰਸ਼ਾਦੇ ਛਕ
ਕੇ ਸਾਡੀਆਂ ਅੱਖਾਂ ਵਿਚ ਚਮਕ ਆਈ। ਇਥੇ ਮੰਜਿਆਂ ‘ਤੇ ਬੈਠਿਆਂ ਵੇਖਿਆ ਕਿ ਤਾਏ ਮੇਹਰ ਸਿੰਘ
ਹੋਰਾਂ ਅੰਦਰ਼ਲੀ ਫ਼ਤੂਹੀ ਦੀ ਜੇਬ ਵਿਚੋਂ ਸੌ-ਸੌ ਦੇ ਕਿੰਨੇ ਹੀ ਗਿੱਲੇ ਨੋਟ ਕੱਢੇ ਤੇ
ਸੁਕਾਉਣ ਵਾਸਤੇ ਮੰਜੀ ਤੇ ਵਿਛਾ ਦਿੱਤੇ। ਇਸ ਘਰ ਵਿਚ ਅਸੀਂ ਰਾਤ ਕੱਟੀ।ਬੜੇ ਦਿਨਾਂ ਬਾਅਦ
ਗਾਹੜੀ ਨੀਂਦ ਆਈ।
ਅਸੀਂ ਰਾਵੀ ਪਾਰ ਕਰ ਕੇ ਆਜ਼ਾਦ ਭਾਰਤ ਵਿਚ ਤਾਂ ਆ ਗਏ ਸਾਂ , ਅੱਗੋਂ ਜਾਣਾ ਕਿੱਥੇ ਹੈ, ਇਹ
ਹਰ ਇਕ ਦੀ ਆਪਣੀ ਮਰਜ਼ੀ ‘ਤੇ ਸੀ। ਉਂਜ ਮੇਰੇ ਮਾਮਾ ਜੀ ਦਾ ਜਲੰਧਰ ਵਿਚ ਨਿਵਾਸ ਸੀ। ਉਹ
ਸਾਡੇ ਭਾਈਚਾਰੇ ਦੇ ਪਹਿਲੇ ਵਿਅਕਤੀ ਸਨ ਜੋ ਹਵਾ ਦੇ ਉਲਟ ਜਲੰਧਰ ਆ ਕੇ ਮੋਟਰ ਬੈਟਰੀਆਂ ਦੇ
ਕੰਮ ਵਿਚ ਸਥਾਪਤ ਹੋ ਗਏ ਸਨ। ਨਹੀਂ ਤਾਂ ਸਾਡੇ ਭਾਈਚਾਰੇ ਦਾ ਮੁਹਾਣ ਤਾਂ ਰਾਵਲਪਿੰਡੀ ਵੱਲ
ਨੂੰ ਹੀ ਸੀ। ਅਸੀਂ ਇਕ ਵਾਰ ਤਾਂ ਜਲੰਧਰ ਜ਼ਰੂਰ ਪੁੱਜਣਾ ਸੀ।ਉਸ ਤੋਂ ਬਾਅਦ ਦੀਆਂ ਰਾਮ
ਜਾਣੇ!
ਅਗਲੀ ਸਵੇਰ ਖ਼ਬਰ ਮਿਲੀ ਕਿ ਮਿਲਟਰੀ ਵਾਲਿਆਂ ਦੇ ਟਰੱਕ ਆ ਗਏ ਹਨ ਤੇ ਉਹ ਸਾਰਿਆਂ ਨੂੰ
ਬਿਨਾਂ ਖ਼ਰਚ ਤੋਂ ਅਮ੍ਰਿਤਸਰ ਲੈ ਕੇ ਜਾ ਰਹੇ ਹਨ। ਜਿਹੜਾ ਵੀ ਟਰੱਕ ‘ਤੇ ਚੜ੍ਹ ਜਾਵੇ ਉਹੋ
ਹੀ ਸਵਾਰੀ ਸੀ। ਅਸੀਂ ਸਾਰਿਆਂ ਆ ਕੇ ਇਕ ਟਰੱਕ ਮੱਲ ਲਿਆ। ਅਸੀਂ ਅਮ੍ਰਿਤਸਰ ਵੱਲ ਨੂੰ ਚੱਲ
ਵੀ ਪਏ। ਅਸੀਂ ਟਰੱਕ ਵਿਚ ਆਰਾਮ ਨਾਲ ਬੈਠੇ ਸੀ, ਥੋੜ੍ਹੀ ਦੇਰ ਬਾਅਦ ਸਾਨੂੰ ਬੋ ਆਉਣ ਲੱਗੀ,
ਫੇਰ ਇਹ ਸੜ੍ਹਾਂਦ ਜਿਹੀ ਲੱਗੀ। ਨੱਕ ‘ਤੇ ਕੱਪੜੇ ਰੱਖਣ ਲਈ ਮਜਬੂਰ ਹੋ ਗਏ। ਬਾਹਰ ਵੇਖਿਆ
ਤਾਂ ਸਾਹ ਹੀ ਸੂਤੇ ਗਏ। ਸੜਕ ਦੇ ਆਲੇ ਦੁਆਲੇ ਦੂਰ ਦੂਰ ਤੱਕ ਲਾਸ਼ਾਂ ਖਿੱਲਰੀਆਂ ਪਈਆਂ ਸਨ।
ਔਰਤਾਂ ਸਨ, ਮਰਦ ਸਨ,ਬੱਚੇ ਵੀ ਸਨ ,ਬੁੱਢੇ ਵੀ ਸਨ। ਸਾਫ਼ ਦਿਸਦਾ ਸੀ ਕਿ ਇਹ ਸਭ ਮੁਸਲਮਾਨ
ਹਨ। ਇਹ ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਇਵੇਂ ਲਾਵਾਰਸ ਪਏ ਸਨ ਕਿਉਂਕਿ ਮੀਂਹ ਤੇ ਪਾਣੀ
ਨਾਲ ਇਹ ਲੋਥਾਂ ਫੁੱਲ ਫੁੱਲ ਕੇ ਬਹੁਤ ਮੋਟੀਆਂ ਹੋ ਗਈਆਂ ਸਨ। ਜਬਰਦਸਤ ਬੋ ਦੇ ਵਿਚੋਂ ਦੀ
ਟਰੱਕ ਚੱਲਦਾ ਜਾ ਰਿਹਾ ਸੀ ਅਤੇ ਲਾਸ਼ਾਂ ਮੁੱਕਣ ਵਿਚ ਨਹੀਂ ਸਨ ਆ ਰਹੀਆਂ। ਹਜ਼ਾਰਾਂ ਦੀ
ਗਿਣਤੀ ਵਿਚ! ਇਹ ਜੀਅ ਭਿਆਣੇ ਲੋਕ ਸ਼ਾਇਦ ਆਪਣੇ ‘ਨਵੇਂ ਵਤਨ’ ਪਾਕਿਸਤਾਨ ਨੂੰ ਚੱਲੇ ਸਨ!
ਸਾਰੇ ਦਾ ਸਾਰਾ ਕਾਫ਼ਲਾ ਵੱਢ ਧਰਿਆ ਗਿਆ। ਇਹ ਕਿਸੇ ਕੱਲ੍ਹੇ-ਕਾਰੇ ਦਾ ਕੰਮ ਤਾਂ ਨਹੀਂ ਸੀ।
ਬੜੀ ਵਿਉਂਤ ਨਾਲ ਜਥੇਬੰਦ ਹੋ ਕੇ ਇਹ ਕਾਰਾ ਕੀਤਾ ਗਿਆ ਸੀ। ਇਹ ਕਿਹੜੇ ਸੂਰਮਿਆਂ ਦਾ ਕੰਮ ਸੀ
ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣਾ! ਕਿਸੇ ਸਵਰਗ ਦੀ ਦਰਗਾਹ ਵਿਚ ਥਾਂ ਪਾਉਣ ਲਈ ਜਾਂ ਕਿਸੇ
ਜੁਗ ਦਾ ਬਦਲਾ ਲੈਣ ਲਈ?
ਡੇਹਰਾ ਬਾਬਾ ਨਾਨਕ ਤਾਂ ਸੰਸਾਰ ‘ਤੇ ਫੁੱਲ ਵਾਂਗ ਰਹਿਣ ਅਤੇ ਮਹਿਕਣ ਦਾ ਆਦਰਸ਼ਕ ਨਮੂਨਾ ਸੀ।
ਉਸ ਦੇ ਸਥਾਨ ਦੇ ਲਾਗੇ ਇਹ ਕਾਰਾ! ਡੇਹਰੇ ਤੋਂ ਜਿੰਨੀ ਦੂਰ ਕੱਲ੍ਹ ਰਾਵੀ ਦੇ ਬੇਲੇ ਵਿਚ
ਤਾਜ਼ਾ ਰੋਟੀਆਂ ਦੀ ਮਹਿਕ ਆ ਰਹੀ ਸੀ ਦੂਸਰੇ ਪਾਸੇ ਓਨੀ ਹੀ ਦੂਰ ਵਿਛੀਆਂ ਲਾਸ਼ਾਂ ਦੀ ਬਦਬੋ
ਆ ਰਹੀ ਸੀ।
ਗੁਰੁ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੇ ਸਮੇਂ ਜਿ਼ਕਰ ਕਰਦਿਆਂ ਭਾਈ ਲਾਲੋ ਨੂੰ ਮੁਖ਼ਾਤਬ
ਹੋ ਕੇ ਇਕ ਸ਼ਬਦ ਵਰਤਿਆ ਸੀ, ‘ਮਾਸਪੁਰੀ’ ਅਰਥਾਤ ‘ਲੋਥਾਂ ਦੀ ਨਗਰੀ’।
ਸਾਹਿਬ ਕੇ ਗੁਣ ਨਾਨਕ ਗਾਵੈ,ਮਾਸਪੁਰੀ ਵਿਚ ਆਖ ਮਸੋਲਾ।।
ਗੁਰੁ ਜੀ ਨੇ ਤਾਂ ਉਸ ਵਕਤ ਰੱਬ ਨੂੰ ਜਬਰਦਸਤ ਤਾਹਨਾ ਵੀ ਮਾਰਿਆ ਸੀ:
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।।
ਇਤਿਹਾਸ ਦਾ ਮਜ਼ਾਕ ਦੇਖੋ,ਰੱਬ ਨੂੰ ਤਾਹਨਾ ਮਾਰਨ ਵਾਲੇ ਸਾਂਝੇ ਗੁਰੂ-ਪੀਰ ਦੀ ਨਗਰੀ ਦੇ ਕੋਲ
ਹੀ ਮਾਸਪੁਰੀ ਬਣੀ ਹੋਈ ਸੀ ਅਤੇ ਮਾਸਪੁਰੀ ਬਾਬੇ ਦੀ ਆਪਣੀ ਉਮਤ ਨੇ ਬਣਾਈ ਸੀ।ਜਿਵੇਂ ਬਾਲਿਆਂ
ਨੇ ਮਰਦਾਨਿਆਂ ਨੂੰ ਮਾਰ ਦਿੱਤਾ ਹੋਵੇ!
ਤਾਈ ਹਰਨਾਮ ਕੌਰ ਬਾਰ ਬਾਰ ਇਹ ਹੀ ਕਹਿ ਰਹੀ ਸੀ, “ਨੀਂ ਭੈਣੇ ਮਾਰੇ ਗਏ ਓਧਰਲੇ ਸਿੱਖ ਤੇ
ਏਧਰਲੇ ਮੁਸਲਮਾਨ! ਚੰਗੀ ਆਜ਼ਾਦੀ ਆਈ ਏ! ਭਰੇ ਭਰਾਏ ਘਰ ਛੱਡ ਕੇ ਆ ਗਏ ਹਾਂ। ਓਧਰ ਰਾਜ ਕਰਦੇ
ਸਾਂ,ਏਧਰ ਭਿਖ਼ਾਰੀ ਹੋ ਗਏ ਹਾਂ।”
ਲ਼ਾਸ਼ਾਂ ਦੀ ਬਦਬੋ ਕਾਰਨ ਉਲਟੀ ਨਹੀਂ ਆਈ।ਪਤਾ ਨਹੀਂ ਕਿਉਂ ਏਨੇ ਦਿਨਾਂ ਵਿਚ ਕੋਈ ਅਜਿਹੀ
ਬਿਮਾਰੀ ਨਹੀਂ ਸੀ ਲੱਗੀ? ਵਿਛੀਆਂ ਲਾਸ਼ਾਂ ਦਾ ਲੰਮਾ ਸਿਲਸਿਲਾ ਜਾਰੀ ਰਿਹਾ। ਟਰੱਕ ਇਹਨਾਂ
ਲਾਸ਼ਾਂ ਦੇ ਵਿਚੋਂ ਰਾਹ ਬਣਾ ਕੇ ਚੱਲਦੇ ਰਹੇ। ਜਦ ਵੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ
‘ਤਵਾਰੀਖ਼’ ਪੜ੍ਹੀ ਹੈ ਉਸ ਵਿਚ ਇਹ ਤੁਕ ਜਦੋਂ ਆਉਂਦੀ ਹੈ ਕਿ:
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਤਾਂ ਅੱਖਾਂ ਅੱਗੇ ਰਾਵੀ ਦੇ ਬੇਲੇ ਵਿਚ ਵਿਛੀਆਂ ਉਹਨਾਂ ਲਾਸ਼ਾਂ ਦਾ ਭਿਆਨਕ ਦ੍ਰਿਸ਼ ਸਾਹਮਣੇ
ਆ ਜਾਂਦਾ ਹੈ।
-0-
|