ਮੁਹੱਬਤ ਸ਼ਬਦਾਂ ਦੀ
ਮੁਹਤਾਜ਼ ਕਦੋਂ ਹੁੰਦੀ ਹੈ? ਮੁਹੱਬਤ ਤਾਂ ਡੂੰਘਾ ਉਤਰਿਆ ਅਹਿਸਾਸ ਹੈ, ਜਿਥੇ ਮਹਿਬੂਬ ਦੀ
ਅਣਕਹੀ ਗੱਲ ਨੂੰ ਬੁੱਝਣ ਦੀ ਸਮਰੱਥਾ ਜਾਗ ਪੈਂਦੀ ਹੈ। ਪਰ ਅੱਜ ਦੇ ਸਵਾਲ ਨੇ ਉਮਰ ਦੇ
ਦੁਪਹਿਰੇ ਦੀ ਗੱਲ ਛੇੜਕੇ ਕਿਸੇ ਦੁਖਦੀ ਰਗ ਦਾ ਖਰੀਂਢ ਉਚੇੜ ਲਿਆ ਹੈ, ਸੁੱਕੇ ਖੂਹ ਵਿਚੋਂ
ਟਿੰਡਾ ਭਰਨ ਜਹੀ ਗੱਲ ਕੀਤੀ ਹੈ, ਮਨ ਅੰਤਰ ਵਿਚ ਮੁਰਝਾ ਚੁੱਕੇ ਮੋਤੀਏ ਤੇ ਠੰਡਾ ਪਾਣੀ
ਛਿੜਕਿਆ ਹੈ ਤੇ ਵਿਵਰਜਿਤ ਰੁੱਤ ਦੇ ਫਲਾਂ ਦੀ ਗੱਲ ਤੋਰੀ ਹੈ। ਜਿਸ ਰੁੱਤੇ ਪੋਹ ਮਾਘ ਦਾ
ਪਾਲਾ ਤੇ ਜੇਠ ਹਾੜ ਦੀਆਂ ਲੂੰਆਂ ਹੱਡਾਂ ‘ਤੇ ਅਸਰ ਨਹੀਂ ਰਖਦੀਆਂ ਸੀ। ਇਸ ਦੇਹੀ ਦੇ ਸਾਰੇ
ਖੂਨ ਨੂੰ ਇਕ ਉਬਾਲ ਜਿਹਾ ਉਠ ਖੜ੍ਹਾ ਸੀ। ਸਾਰੀ ਧਰਤੀ ਭੀੜੀ-ਭੀੜੀ ਲਗਦੀ ਸੀ, ਬਾਂਹ ਵਧਾ ਕੇ
ਅੰਬਰ ਤੋਂ ਤਾਰੇ ਤੋੜ ਲੈਣ ਦੀ ਜੁਅੱਰਤ ਜਹੀ ਜਾਗ ਪਈ ਸੀ। ਉਸ ਉਮਰ ਦੇ ਸਾਹਵੇਂ ਜਦੋਂ
ਮੁਹੱਬਤ ਦਾ ਵਰਕਾ ਫੋਲਦੀ ਹਾਂ, ਤਾਂ ਉਸ ਭੋਲੀ ਭਾਲੀ ਬਿੰਦਰ ਦੇ ਰੂ-ਬ-ਰੂ ਹਾਂ, ਜਿਸ ਬਿੰਦਰ
ਨੂੰ ਮਹਿਕ ਵਿਚ ਰਲਣ ਦੀ ਬੰਦ ਕਮਰੇ ਦੀ ਵਲਗਣ ਨੇ ਹਾਲੇ ਮੋਹਲਤ ਨਹੀਂ ਦਿੱਤੀ ਸੀ। ਬਾਬਲ ਦੇ
ਵਿਹੜੇ ਵਿਚ ਬੰਦ ਕਮਰੇ ਦੀ ਚਾਰ ਦਿਵਾਰੀ ਨਾਲ ਵੀ ਲੋਕ ਲਾਜ ਦੀਆਂ ਲਛਮਣ ਰੇਖਾਵਾਂ, ਚੋਰਾਂ
ਨੂੰ ਵਰਜਣ ਲਈ ਕੰਧਾਂ ਤੇ ਲੱਗੇ ਕੱਚ ਦੇ ਟੁਕੜਿਆਂ ਵਰਗੀਆਂ ਲੱਗਦੀਆਂ ਸਨ। ‘ਮੁਹੱਬਤ‘ ਸ਼ਬਦ
ਸਰਦਾਰਾਂ ਦੀਆਂ ਧੀਆਂ ਲਈ ਵਰਤਣਾ ਤਾਂ ਇਕ ਪਾਸੇ ਰਿਹਾ, ਸੁਣ ਲੈਣ ਦੀ ਵੀ ਸਖਤ ਮਨਾਹੀ ਸੀ।
ਗਜਰੇ, ਗੋਟੇ ਤਿੱਲੇ ਤੇ ਵੀਣੀ ਤੇ ਵੰਗਾਂ ਦੀ ਛਣਕਾਰ ਸਭ ਤੋਂ ਮਨਾਹੀ ਸੀ। ਬਾਪੂ ਜੀ ਦੇ
ਬੋਲ-
‘ਕੁੜੀਏ ਖਬਰਦਾਰ। ਜੇ ਚੂੜੀਆਂ ਪਾ ਪਾ ਫਿਰੀ ਐਂ ਆਪਦੇ ਘਰ ਜਾ ਕੇ ਜੋ ਮਰਜ਼ੀ ਕਰਿਓ।‘
ਅਜ ਤੱਕ ਮੇਰੇ ਆਰਪਾਰ ਲੰਘੇ ਹੋਏ ਹਨ। ਕਈਂ ਵਰ੍ਹੇ ਬਾਅਦ, ਜਦੋਂ ਮੈਂ ਆਪਣੀ ਧੀ ਗੁਗੂ ਦੀ
ਗੋਲ ਮਟੋਲ ਨਿਕੀ ਜਿਹੀ ਬਾਂਹ ਚੂੜੀਆਂ ਨਾਲ ਭਰਕੇ ਬਾਬਲ ਦੇ ਵਿਹੜੇ ਗਈ ਤਾਂ ਧੁਰ ਅੰਦਰ ਤੱਕ
ਡਰੀ ਹੋਈ ਸੀ। ਬਾਪੂ ਜੀ ਨੇ ਬੜੇ ਮੋਹ ਨਾਲ ਗੁਗੂ ਦੇ ਮੂਹਰੇ ਪੈਰਾਂ ਭਾਰ ਬੈਠ ਕੇ ਗੁਗੂ ਦੀ
ਬਾਂਹ ਫੜਕੇ ਕਿਹਾ ਸੀ-
‘ਵਾਹ ਬਈ ਵਾਹ! ਆਹ ਤਾਂ ਬੜੀਆਂ ਸੋਹਣੀਆਂ ਲਗਦੀਆਂ ਨੇ।‘ ਉਸ ਸਮੇਂ ਮਨ ਦੇ ਕਿਸੇ ਕੋਨੇ
ਵਿਚੋਂ ਹੂਕ ਜਹੀ ਉਠੀ ਸੀ। ਸ਼ਾਇਦ ਮਨ ਆਪਣੀ ਹੀ ਨਿੱਕੀ ਜਿਹੀ ਧੀ ਨਾਲ ਈਰਖਾ ਕਰ ਉਠਿਆ ਸੀ ਕਿ
ਕਾਸ਼! ਇਹ ਬੋਲ ਮੈਂ ਵੀ ਸੁਣੇ ਹੁੰਦੇ। ਇਹੋ ਜਿਹੀ ਮਨਾਹੀਆਂ ਦੀ ਰੁੱਤ ਵਿਚ ਜਿਥੇ ਹਰ ਸਾਹ ਤਕ
ਤੇ ਵੀ ਮਨਾਹੀਆਂ ਹੋਣ ਰੂਹ ਤਾਂ ਪਹਿਲਾਂ ਹੀ ਕੈਦ ਹੋ ਜਾਂਦੀ ਹੈ। ਪਰ ਵਲਗਣਾਂ ਵਿਚ ਖੁਸ਼ਬੂਆਂ
ਕਦੋਂ ਕੈਦ ਰਹੀਆਂ ਹਨ? ਫਿਤਰਤ ਦੀਆਂ ਵਧਦੀਆਂ ਲਗਰਾਂ ਇਨ੍ਹਾਂ ਵਲਗਣਾਂ ਦੇ ਝਰੋਖਿਆਂ ਵਿਚੋਂ
ਹੀ ਬਾਹਰ ਹੋ ਤੁਰਦੀਆਂ ਨੇ। ਹਾਲੇ ਬਸਤੇ ਦਾ ਭਾਰ ਮੋਢਿਆਂ ਤੋਂ ਲਾਹਿਆ ਵੀ ਨਹੀਂ ਸੀ, ਜਦੋਂ
ਬੈਠਕੇ ਹਰ ਅਲੜ ਕੁੜੀ ਆਪਣੇ ਸੀਨੇ ਵਿਚ ਕਿਸੇ ਰਾਜਕੁਮਾਰ ਦੇ ਨਕਸ਼ ਉਕਰਦੀ ਹੈ। ਜਦੋਂ ਬਾਬਲ
ਤੋਂ ਦਿਲਾਂ ਦੇ ਜਾਨੀ ਦੀ ਮੰਗ ਕਰਦੀ ਹੈ, ਵਿਆਹ ਦੀ ਰਸਮ ਮੇਰੇ ਦੁਆਲੇ ਹੋ ਖੜ੍ਹੀ ਸੀ। ਬੰਦ
ਦਰਵਾਜ਼ੇ ਅੰਦਰ ਬੈਠਿਆਂ ਬਾਪੂ ਜੀ ਤੇ ਮਾਂ ਦੀਆਂ ਗੱਲਾਂ ਵਿਚੋਂ ਕਾਤਰਾਂ ਚੋਰੀ ਕਰਨ ਦੀ ਆਦਤ
ਨੇ ਇਹ ਰਾਜ ਵੀ ਮੇਰੇ ਕੰਨਾਂ ਤਕ ਅਪੜਾਇਆ ਸੀ ਕਿ ਮੈਨੂੰ ਹੀ ਪੜ੍ਹਾ ਰਿਹਾ ਇਕ ਪਰਫੈਸਰ ਮੇਰੀ
ਤਲੀ ਦੀ ਰੇਖਾ ਵਿਚ ਉਕਰਿਆ ਜਾ ਰਿਹਾ ਹੈ। ਮੈਂ ਤੇ ਮੇਰੀ ਮਾਸੀ ਦੋਵੇਂ ਐਮ.ਏ. ਵਿਚ
ਪੜ੍ਹਦੀਆਂ ਸੀ। ਦੋਵੇਂ ਆਪੋ ਆਪਣੇ ਬਦਲ ਰਹੇ ਭਵਿੱਖ ਦੀ ਉਡੀਕ ਵਿਚ ਸੀ। ਮਾਸੀ ਪਤਾ ਨਹੀਂ
ਕਦੋਂ ਮੇਰੀ ਉØੰਗਲ ਛੱਡਕੇ ਆਪਣੀ ਦਹਿਲੀਜ਼ ਤੇ ਜਾ ਚੜ੍ਹੀ। ਇਸੇ ਅੱਥਰੀ ਉਮਰੇ ਮੇਰੇ ਮਨ ਦੇ
ਬਨੇਰਿਆਂ ਤੇ ਵੀ ਕਾਸ਼ਨੀ ਧੁੱਪ ਉਤਰਨ ਲੱਗੀ। ਦੁਨੀਆਂ ਦੇ ਸਾਰੇ ਕੰਮ ਇਕੋਂ ਨੁਕਤੇ ਵਿਚ ਸਿਮਟ
ਗਏ ਸਨ। ਸੋ ਮੇਰੀ ਮੁਹੱਬਤ ਤੇ ਵਿਆਹ ਨਾਂਲੋ ਨਾਲ ਹੋ ਤੁਰੇ ਸਨ। ਉਸ ਸਮੇਂ ਤਕ ਰਿਸ਼ਤੇ ਮੇਰੇ
ਲਈ ਸੌਦੇਬਾਜ਼ੀ ਤਕ ਨਹੀਂ ਅਪੜੇ ਸਨ। ਮਿਣ ਮਿਣ ਕੇ ਪਿਆਰ ਕਰਨਾ ਮੈਨੂੰ ਕਦੇ ਵੀ ਨਹੀਂ ਆਇਆ।
ਇਸ ਸਮੇਂ ਹੀ ਮਾਂ ਤੋਂ ਕਾਲਿਆਂ ਬਾਗਾਂ ਦੀ ਮਹਿੰਦੀ ਮੰਗ ਲੈਣ ਦੀ ਉਮਰੇ ਮੈਂ ਆਪਣੇ ਆਪ ਵਲ
ਵੇਖ ਵੇਖ ਤੁਰਨ ਲੱਗ ਪਈ ਸੀ। ਬਸ ਉਸ ‘ਇਕ‘ ਵਲ ਵੇਖ ਕੇ ਮੇਰੀ ਦੇਹੀ ਦੇ ਰੋਮ ਰੋਮ ਵਿਚ
ਜਿਵੇਂ ਤੂਈਆਂ ਫੁੱਟ ਆਈਆਂ ਹੋਣ। ਸਾਰੀ ਕਾਇਨਾਤ ਮੈਨੂੰ ਆਪਣੀ ਜੁੱਤੀ ਦੀਆਂ ਨੋਕਾਂ ਤੇ ਲੱਗਣ
ਲੱਗੀ। ਉਸਦੇ ਗੋਰੇ ਨਿਛੋਹ ਰੰਗ ਵਿਚੋਂ ਗੁਲਾਬੀ ਭਾ ਮਾਰਦੀ, ਉਸਦੀਆਂ ਕਾਲੀਆਂ ਸ਼ਰਬਤੀ ਅੱਖਾਂ
ਦੀ ਨਜ਼ਰ ਮੇਰੇ ਹਨੇਰੇ ਦਿਲ ਦੀਆਂ ਸਭ ਨੁੱਕਰਾਂ ਨੂੰ ਰੁਸ਼ਨਾਂ ਦੇਣ ਦੇ ਸਮਰੱਥ ਹੋ ਖੜ੍ਹੀ ਸੀ।
ਮੈਂ ਜਾਗਦਿਆਂ ਸੁੱਤਿਆਂ ਬਸ ਉਨ੍ਹਾਂ ਨਕਸ਼ਾਂ ਦੇ ਸਾਹਵੇਂ ਹੁੰਦੀ। ਮੈਨੂੰ ਪੜ੍ਹਾਉਂਦੇ ਪ੍ਰੋ.
ਮੋਹਨ ਸਿੰਘ ਸਾਨੂੰ ਕਵਿਤਾ ਪੜ੍ਹਾਉਂਦੇ ਆਖਦੇ-
‘ਆਖਰ ਸੀ ਅਸਰ ਹੋਵਣਾ ਕੁਝ ਤਾਂ ਬਹਾਰ ਦਾ,
ਸਾਡੇ ਵੀ ਵਿਹੜੇ ਖਿੜ ਗਿਆ ਫੁੱਲ ਇੰਤਜ਼ਾਰ ਦਾ‘
ਘਰਦਿਆਂ ਨੇ ਮੈਨੂੰ ਖਾਲਸਾ ਕਾਲਜ ਵਿਚੋਂ ਹਟਾ ਕੇ ਯੂਨੀਵਰਸਿਟੀ ਪੜ੍ਹਨ ਲਾ ਦਿੱਤਾ ਸੀ। ਇਹੀ
ਉਹ ਸਮਾਂ ਸੀ ਜਦੋਂ ਮੈਂ ਇੰਤਜ਼ਾਰ ਕਰਨਾ ਸੀ। ਮੇਰਾ ਚੰਚਲ ਮਨ ਹਰ ਵਕਤ ਟੰਪੂ-ਟੰਪੂ ਕਰਦਾ ਸੀ
ਪਰ ਇਸ ਇੰਤਜ਼ਾਰ ਨੇ ਜਿਵੇਂ ਇਕ ਸ਼ੂਕਦੇ ਦਰਿਆ ਅੱਗੇ ਬੰਨ੍ਹ ਮਾਰ ਲਿਆ ਹੋਵੇ। ਉਦੋਂ ਅਸੀਂ
ਜਮਾਤੀਆਂ ਨਾਲ ਵੀ ਜਮਾਤੀਆਂ ਵਰਗਾ ਰਿਸ਼ਤਾ ਰਖਦੇ ਤੇ ਸਿਰਗਟਾਂ ਦੀ ਖਾਧ ਮੂਹਰਜੀਤ ਵਿਛ ਵਿਛ
ਜਾਂਦਾ, ਰਤਨ ਢਿੱਲੋ ਤੇ ਮੈਂ ਅਸੀਂ ਸਭ ਰਲਕੇ ਅਨੂਪ ਵਿਰਕ ਦੇ ਵਿਰੁੱਧ ਹੋ ਖੜ੍ਹੇ ਸੀ। ਅੱਜ
ਉਸੇ ਅਨੂਪੀ ਤੋਂ ਬਿਨਾਂ ਹੋਰ ਕੋਈ ਜਮਾਤੀ ਨਹੀਂ ਮਿਲਦਾ, ਪਤਾ ਨਹੀਂ ਇਸੇ ਧਰਤੀ ਦੀ ਹਿੱਕ ਤੇ
ਅਸੀਂ ਬਿਗਾਨੇ ਕਿਵੇਂ ਹੋ ਗਏ? ਜ਼ਿੰਦਗੀ ਦੇ ਇੰਨ੍ਹਾਂ ਹੀ ਰੰਗੀਨ ਪਲਾਂ ਵਿਚ ਮੈਂ ਸਮੇਂ ਦੇ
ਹੱਥੋਂ ਤਿਲਕੀ ਸਾਬਣ ਦੀ ਟਿੱਕੀ ਵਾਂਗ ਕਿਸੇ ਇਕ ਦੇ ਹਵਾਲੇ ਹੋ ਗਈ ਸੀ। ਉਸ ਇਕ ਨੇ ਵੀ ਮੇਰੇ
ਇਸ ਸਮਰਪਣ ਦਾ ਪੂਰਾ ਮੁੱਲ ਪਾਇਆ ਜਦੋਂ ਮੇਰੀ ਸ਼ਕਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਮੱਕੀ ਦੇ
ਆਟੇ ਵਰਗੀ ਭਾ ਮਾਰਦਾ ਉਹ ਵੀ ਮੇਰੀਆਂ ਚੰਚਲ ਸ਼ੋਖ ਨਜ਼ਰਾ ਦੇ ਹਾਣ ਦਾ ਹੋ ਖੜ੍ਹਾ ਉਦੋਂ ਮੈਂ
ਪਹਿਲੀ ਵਾਰ ਆਪਣੀ ਮਰਜ਼ੀ ਜਿੰਨੀ ਖੁਸ਼ ਹੋਈ ਸੀ। ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ, ਸਾਰੀਆਂ
ਰੁੱਤਾਂ, ਸਾਰੇ ਤਿਉਹਾਰ ਸਾਡੇ ਦੋਹਾਂ ਦੇ ਹੂੰਗਾਰੇ ਦੇ ਮੇਚ ਹੋ ਖੜ੍ਹੇ ਸਨ। ਫੁੱਲ ਜਿਵੇਂ
ਸਾਡੇ ਲਈ ਹੀ ਖਿੜਨ ਲੱਗੇ, ਸਮਾਂ ਜਿਵੇਂ ਸਾਹ ਰੋਕ ਕੇ ਖੜੋ ਗਿਆ। ਉਸ ਗੋਰੇ ਨਿਛੋਹ ਹੱਥ,
ਜਿਸਦੀ ਪਿੱਠ ਤੋਂ ਹਥੇਲੀ ਵਲ ਕਾਲੇ ਰੋਮ ਇਕ ਕਤਾਰ ਵਿਚ ਝੁਕਦੇ ਸਨ, ਮੈਨੂੰ ਅੱਜ ਤੱਕ ਸੱਜਰਾ
ਯਾਦ ਹੈ ਉਸ ਹੱਥ ਨੇ ਮੇਰਾ ਹੱਥ ਫੜਕੇ ਬਾਪੂ ਜੀ ਦੀਆਂ ਉਲੀਕੀਆਂ ਸਾਰੀਆਂ ਮਨਾਹੀਆਂ ਤੋਂ ਪਾਰ
ਬੁਲਾ ਲਿਆ ਸੀ, ਜਿਥੇ ਮਿਲੀ ਆਜ਼ਾਦੀ ਮੇਰੀ ਜ਼ਰੂਰਤ ਤੋਂ ਵੱਧ ਸੀ। ਜਿਵੇਂ ਪੂਰੀ ਵਗਦੀ
ਹਨ੍ਹੇਰੀ ਵਿਚ ਸਾਹ ਲੈਣਾ ਔਖਾ ਹੋ ਜਾਦਾ ਹੈ। ਉਸੇ ਤਰ੍ਹਾਂ ਅਸਲੀ ਅਰਥਾਂ ਵਿਚ ਮੈਨੂੰ
ਬਰਾਬਰੀ ਤੇ ਲਿਆ ਖੜ੍ਹਾਇਆ ਸੀ। ਅੱਜ ਦੁਆ ਕਰਨ ਦੇ ਕਾਬਲ ਹਾਂ ਹਰ ਕੁੜੀ ਨੂੰ ਉਸਦੀਆਂ ਸੋਚਾਂ
ਦੇ ਹਾਣ ਦਾ ਹਾਣੀ ਮੇਰੇ ਵਾਂਗ ਮਿਲੇ। ਔਰਤ-ਮਰਦ ਦੀ ਇਹ ਬਰਾਬਰੀ ਜਿਵੇਂ ਹਵਾ ਨੂੰ ਰਾਸ ਨਾ
ਆਈ ਹੋਵੇ। ਪਤਾ ਨਹੀਂ ਕਦੋਂ ਮੇਰੀ ਕੰਧ ਤੋਂ ਇਸ ਖੁਸ਼ੀ ਦਾ ਕਲੰਡਰ ਸਾਲ ਦੇ ਵਿਚਕਾਰ ਲਹਿ
ਗਿਆ। ਜਦੋਂ ਇਸ ਹਯਾਤੀ ਦੇ ਸਾਰੇ ਹਿਸਾਬ ਕਿਤਾਬ ਨਿਬੇੜਕੇ ਉਮਰ ਦੇ ਦੁਪਹਿਰੇ ਹੀ ਮੇਰੇ
ਸਾਹਾਂ ਨਾਲ ਨਿਭਣ ਦਾ ਦਾਹਵਾ ਕਰਦਾ ‘ਉਹ‘ ਚਾਰ ਮੋਢਿਆਂ ਤੇ ਸਵਾਰ ਹੋ ਕੇ ਤੁਰਿਆ। ਉਸ ਪਿਛੋਂ
ਦੁਨੀਆਂ ਦੇ ਸਾਰੇ ਰੰਗ ਖੁਰ ਗਏ। ਜਿੰਨਾ ਚੁਰਾਹਿਆਂ ਤੇ ਫੁੱਲਾਂ ਦੀ ਆਬ ਵਾਂਗ ਜਾਣਾ ਚਾਹਿਆ
ਸੀ, ਗਲੀਆਂ ਦੇ ਕੱਖਾਂ ਬਰਾਬਰ ਤੁਲਨਾ ਪਿਆ। ਜਿਹੜਾ ਮਨ ਨਵਾਂ ਸੂਟ ਪਾਏ ਤੋਂ ਵੀ ਚਟਖ ਜਾਂਦਾ
ਸੀ ਹੁਣ ਵੱਡੀ ਪ੍ਰਾਪਤੀ ਕੋਲ ਖੜ੍ਹਾ ਵੀ ‘ਚਲ ਹੋਊ‘ ਆਖ ਲੈਂਦਾ ਹੈ। ਹੁਣ ਤਰਸ ਆਉਂਦਾ ਹੈ
ਆਪਣੇ ਆਪ ਤੇ। ਕਿਹੋ ਜਿਹਾ ਆਖਰੀ ਉਦਾਸ ਹਾਦਸਾ ਵਾਪਰਿਆ ਜਿਸ ਪਿੱਛੋਂ ਹਰ ਸ਼ੈਅ ਤੇ ਟਿੱਕਦੀ
ਨਜ਼ਰ ਉਸ ਦੀ ਅਣਹੋਂਦ ਨਾਲ ਟਕਰਾ ਕੇ ਮੁੜਦੀ ਹੈ। ਜੇ ਭਾਈ ਜੀ ਪਾਠ ਕਰਦਾ ਹੈ ਤਾਂ ਵੀ ਸੱਜਣ
ਮੇਰੇ ਰੰਗਲੇ ਜਾਇ ਸੂਤੇ ਜੀਰਾਣ‘ ਹੀ ਆਖਦਾ ਹੈ। ਜੇ ਰੇਡੀਓ ਸੁਣੀ ਹਾਂ ਤਾਂ ਵੀ ‘ਹਿਜਰ ਕੀ
ਰਾਤ ਔਰ ਇਤਨੀ ਰੌਸ਼ਨ‘ ਦੀ ਆਵਾਜ਼ ਆਉਂਦੀ ਹੈ ਤੇ ਜੇ ਕੋਈ ਲਿਖਤ ਫੋਲਦੀ ਹਾਂ ਤਾਂ ਵੀ ‘ਸੱਜਣ
ਬਿਨ ਰਾਤੀ ਹੋਈਆਂ ਵੱਡੀਆਂ‘ ਹੀ ਲਿਖਿਆ ਮਿਲਦਾ ਹੈ। ਪਤਾ ਨਹੀਂ ਕਿਹੋ ਜਿਹੇ ਉਦਾਸ ਬੋਲ
ਹੁੰਦੇ ਹੋਣਗੇ ਜਿੰਨਾਂ ਦੀਆਂ ਆਹਾਂ ਅੰਬਰ ਕਾਲਾ ਕਰਦੀਆਂ ਹੋਣਗੀਆਂ? ਮੇਰਾ ਤਾਂ ਜੀ ਕਰਦਾ ਹੈ
ਇਸ ਅੰਦਰ ਜਰੀ ਮੌਤ ਨੂੰ ਧਰਤੀ ਦੇ ਸਫੇ ਤੇ ਲਿਖ ਲਿਖ ਕਾਲੀ ਕਰ ਦਿਆਂ ਤੇ ਮੇਰਾ ਹਰ ਅੱਖਰ
ਲਿਖਣ ਪਿੱਛੋਂ ਵੀ ਇਹ ਮੌਤ ਅੰਦਰ ਹੀ ਹੈ। ਇਹੋ ਜਹੀ ਪਿਘਲਦੀ ਮੋਮਬੱਤੀ ਵਰਗੀ ਜ਼ਿੰਦਗੀ ਦੇ
ਪਲਾਂ ਲਈ ਨਾ ਤਾਂ ਹਾਸਾ ਗਵਾਰਾ ਹੈ ਨਾ ਰੋਣਾ। ਹਾਸਾ ਇਸ ਲਈ ਨਹੀਂ ਕਿ ਹਾਸਾ ਹੁਣ ਅੰਦਰੋਂ
ਫੁੱਟਦਾ ਹੀ ਨਹੀਂ ਤੇ ਰੌਣਾ ਇਸ ਲਈ ਨਹੀਂ ਕਿ ਰੋਵਾਂ ਕਿਸ ਕੋਲ? ਕਿੰਨੀ ਅਜੀਬ ਸਾਜ਼ਸ਼ ਮੇਰੇ
ਵਿਰੁੱਧ ਲੇਖਾਂ ਨੇ ਰਚੀ ਕਿ ਮਾਂ ਵੀ ਉਸੇ ਹੀ ਰੁੱਤੇ ਉਸਦੇ ਨਾਲ ਸਿਵਿਆਂ ਨੂੰ ਹੋ ਤੁਰੀ ਜਿਸ
ਕੋਲ ਇਹ ਗਿਲਾ ਕਰਨਾ ਸੀ ਕਿ ਜਿਸ ਬਾਬਲ ਨੇ ਕਦੇ ਚੂੜੀਆਂ ਨਾ ਪਾਉਣ ਦੀ ਹਦਾਇਤ ਕੀਤੀ ਸੀ। ਉਹ
ਚੂੜੀਆਂ ਚੁਰਾਹੇ ਵਿਚ ਟੁੱਟ ਕੇ ਬਿਖਰ ਗਈਆਂ ਨੇ। ਮੈਨੂੰ ਇਸ ਭਰੀ ਦੁਨੀਆਂ ਵਿਚ ਸਭ ਤਨਹਾ
ਛੱਡ ਕੇ ਤੁਰ ਗਏ। ਹੁਣ ਤਾਂ ਮੇਲਿਆਂ ਵਿਚ ਵੀ ਸੰਧੂਰੀ ਪੱਗ ਦੇ ਭੁਲੇਖੇ ਨਹੀਂ ਪੈਂਦੇ। ਕਦੇ
ਕਦੇ ਲਗਦਾ ਹੈ ਇਹ ਘਟਨਾ ਸੱਜਰੀ ਵਾਪਰੀ ਹੈ ਉਦੋਂ ਮੇਰੇ ਉਮਰ ਦੇ ਕਈ ਵਰ੍ਹੇ ਮੇਰੇ ਨਾਲੋਂ
ਕਿਰ ਜਾਂਦੇ ਨੇ ਤੇ ਕਦੇ ਕਦੇ ਲਗਦਾ ਹੈ ਮੁੱਦਤਾਂ ਹੋ ਗਈਆਂ ਬਸ ਇਕ ਪੁਲਾਂਘ ਨਾਲ ਇਸ ਰਹਿੰਦੀ
ਹਯਾਤੀ ਨੂੰ ਕਬਰ ਤੱਕ ਲੈ ਜਾਵਾਂ। ਉਸ ਪਿੱਛੋਂ ਬਹੁਤ ਲੋਕਾਂ ਨੇ ਹਮਦਰਦੀ ਜਤਲਾਈ, ਸੱਚੀ
ਸੁੱਚੀ ਹਮਦਰਦੀ ਵੀ ਉਸਦੀ ਮੁਹੱਬਤ ਦਾ ਬਦਲ ਨਾ ਬਣ ਸਕੀ। ਸ਼ਾਇਦ ਮੇਰੇ ਭੋਲੇ ਮਨ ਨੇ ਕੋਈ
ਭੁਲੇਖਾ ਪਾਲ ਰੱਖਿਆ ਹੈ ਕਿ ਇਹ ਰਿਸ਼ਤਾ ਕਿਸੇ ਇਕ ਜਨਮ ਦਾ ਰਿਸ਼ਤਾ ਨਹੀਂ, ਜਨਮਾਂ ਜਨਮਾਂ ਤੱਕ
ਦਾ ਰਿਸ਼ਤਾ ਹੈ। ਇਸ ਲਈ ਅਗਲੇ ਜਨਮ ਤੱਕ ਇਨ੍ਹਾਂ ਬਚੇ ਹੋਏ ਸਾਹਾਂ ਦਾ ਸਾਥ ਨਿਭਾ ਰਹੀ ਹਾਂ।
ਉਸ ਸਿਰ ਨੂੰ ਸਮੇਟ ਕੇ ਆਈ ਭੀੜ ਨੂੰ ਮੁੜ ਉਡੀਕਦੀ ਹਾਂ। ਇਹ ਭੀੜ ਦੁਬਾਰਾ ਕਦੋਂ ਜੁੜੇਗੀ
ਜਦੋਂ ਮੇਰੀ ਇਸ ਦੇਹੀ ਨੂੰ ਸਮੇਟਦੀ ਉਸ ਭੀੜ ਤੋਂ ਕੁਝ ਕਿਰੀ ਹੋਏਗੀ ਕੁਝ ਵਧੀ ਹੋਵੇਗੀ। ਇਯ
ਲਈ ਹੀ
ਇਸ ਆਸ ਤੇ ਕਿ ਮੇਲ ਤੇਰਾ ਹੋ ਹੀ ਜਾਣਾ ਹੈ
ਮੈਂ ਘੁਟੀ ਬਾਟੀ ਪੀ ਲਈ ਜੁਦਾਈ ਸੱਜਣਾ।
-0- |