(ਔਰਬਿਟ ਬੱਸ ਕਾਂਡ ਮੋਗਾ
‘ਚ ਮਾਰੀ ਗਈ ਬੱਚੀ ਦੇ ਨਾਮ)
ਗੁਰਾਂ ਦੇ ਸ਼ਸਤਰ
ਘੁੰਮ ਰਹੇ
ਪੰਜਾਬ ਨਗਰ-ਨਗਰ
ਹੋ ਰਹੇ ਦਰਸ਼ਨ ਦੀਦਾਰੇ
ਗੁਰ-ਕਿਰਪਾਨ ਦੇ
ਜਿਸ ਤੋਂ ਸਿੱਖ ‘ਸਿਰਦਾਰ’ ਭਏ।
ਨਧਿਰਿਆਂ ਧਿਰ
ਨਿਪੱਤਿਆਂ ਪੱਤ ਬਣੇ।
ਸ਼ਸਤਰਾਂ ਦੁਆਲੇ ਜੁੜੀ ਭੀੜ ਤੋਂ ਕੁਝ ਕਦਮ
ਸ਼ਮਸ਼ਾਨ ‘ਚੋਂ ਰਾਖ਼ ਉਡ ਰਹੀ
ਇਕ ਅਬਲਾ ਧੀਅ ਦੀ
ਜਿਸ ਚਲਦੀ ਬੱਸ ‘ਚ ਦਿਨ ਦਿਹਾੜੇ
ਬੁੱਚੜਾ ਹੱਥੋਂ ਪੱਤ ਰੁਲ਼ਾ ਕੇ
ਜਾਨ ਗੁਆਈ ਇਸੇ ਰਾਹ ਤੇ
ਇਸੇ ਰਾਹੋਂ ਲੰਘ...
ਸਮੇਂ ਦੀ ਹਾਕਮ ‘ਸਿੱਖ ਟੋਲੀ’
ਮਜ਼ਲੂਮ ਦੀ ਇੱਜ਼ਤ ਪੱਤ ਮਿਥੀ
ਚੰਦ-ਟਕਿਓਂ ਹੌਲੀ
ਪਰ...
ਹਰ ਕਿਰਪਾਨ ਰਹੀ ਗਾਤਰੇ ਸੁੱਤੀ
ਸਿੰਘਾਂ ਸਿੱਖੀ ਦੀ ਬਾਤ ਨਾ ਪੁੱਛੀ
ਸਿੱਖਾਂ ਦੀ ਭੀੜੋਂ ਗੁਰ-ਕਿਰਪਾਨ ਤਕ
ਗੁਰ-ਕਿਰਪਾਨੋਂ ਸ਼ਮਸ਼ਾਨ ਤਕ
ਦੂਰੀ ਕੁਝ ਕਦਮ ਦੀ
ਸਿੱਖੀ ਤੋਂ ‘ਸਿਰਦਾਰੀ’ ਤੀਕ ਜਾਪਦੀ।
-0-
|