ਸੈਰਾਂ, ਪਿਕਨਿਕਾਂ ਅਤੇ
ਟੂਰਾਂ ਦੇ ਸੰਬੰਧ ਵਿੱਚ ਅਕਸਰ ਅਜਿਹਾ ਵਾਪਰਦਾ ਹੈ ਕਿ ਬੰਦਾ ਪਹਿਲਾਂ ਵੇਖੀਆਂ-ਘੁੰਮੀਆਂ ਅਤੇ
ਮਾਣੀਆਂ ਥਾਵਾਂ ਤੇ ਮੁੜ ਕੇ ਜਾਂਦਾ ਹੈ। ਦੁਬਾਰਾ ਜਾਣ ਸਮੇਂ ਹੋਰ ਕਾਰਨਾਂ ਅਤੇ ਪ੍ਰੇਰਨਾਵਾਂ
ਦੇ ਨਾਲ ਨਾਲ ਬੰਦੇ ਦੇ ਅੰਦਰ ਇਹ ਇੱਛਾ ਵੀ ਜਾਗਦੀ ਹੈ ਕਿ ਉਸ ਸਥਾਨ ਅਤੇ ਆਲੇ-ਦੁਆਲੇ ਵਿੱਚ
ਵਾਪਰਦੀ ਤਬਦੀਲੀ ਵੇਖੇ। ਫੇਰ ਉਹ ਨਵੇਂ, ਇਸ ਵਾਰ ਦੇ ਸਾਥੀਆਂ ਨਾਲ ਜਾਣਕਾਰੀ ਸਾਂਝੀ ਕਰਦਾ
ਹੈ; ‘ਬੜੀ ਤੇਜ਼ੀ ਨਾਲ ਵਿਕਸਤ ਹੋਇਆ ਬਈ ਆਹ ਏਰੀਆ ਤਾਂ। ਆਹ ਤਿੰਨ ਤਾਂ ਦੇਖਲੈ ਨਵੇਂ ਹੋਟਲ
ਬਣਗੇ। ਬਾਜ਼ਾਰ ਅਹੁ ਧੁਰ ਅੰਦਰ ਜੰਗਲ ਤੱਕ ਚਲਿਆ ਗਿਆ। ਜਿੱਥੇ ਹੁਣ ਆਹ ਬਸਤੀ ਐ, ਪਹਿਲਾਂ
ਕੁਸ਼ ਵੀ ਨੀਂ ਸੀ ਹੁੰਦਾ।’ ਨਵੀਂ ਨਕੋਰ ਉਸਰੀ ਚਕਾਚੌਂਧ ਵਿੱਚ ਉਹ ਇਹ ਗੱਲ ਭੁੱਲ ਹੀ ਜਾਂਦਾ
ਹੈ ਕਿ ਉਹ ‘ਸਭ ਕੁਝ’ ਕਿੱਥੇ ਗਿਆ, ਜਿਹੜਾ ਇੱਥੇ ਪਹਿਲਾਂ ਹੁੰਦਾ ਸੀ। ਉਹ ਰੁੱਖ,
ਵੇਲ-ਬੂਟੇ, ਬਨਸਪਤੀ ਅਤੇ ‘ਉਹ’ ਹਰਿਆਵਲ ਕਿੱਥੇ ਗਈ ਜਿਸ ਨੂੰ ਵੇਖ ਕੇ ਅੱਖਾਂ ਨੂੰ ਠੰਢ ਅਤੇ
ਮਨ ਨੂੰ ਸਕੂਨ ਮਿਲਦਾ ਸੀ। ਜਿਸਦੇ ਹਰਿਆਲੀ ਦੀ ਭਾਅ ਮਾਰਦੇ, ਸੰਘਣੇ ਹਨੇਰੇ ਵਿੱਚ ਤਰ੍ਹਾਂ
ਤਰ੍ਹਾਂ ਦੇ ਪੰਛੀ ਚਹਿਚਹਾਉਂਦੇ ਸਨ। ਉਹ ਨਿਕਚੂ ਜਿਹੀ ਕਾਲੀ ਚਿੜੀ ਯਾਦ ਨਹੀਂ ਆਉਂਦੀ
ਜਿਹਦੀ, ਬਹੁਤੀਓ ਤਿੱਖੀ ਆਵਾਜ਼ ਵਿੱਚ ਬੋਲਣ ਲੱਗੀ ਦੀ, ਪਤਾ ਨਹੀਂ ਕਿਉਂ, ਲੰਮੀ ਸਾਰੀ ਪੂਛ
ਉੱਪਰ ਚੁੱਕੀ ਜਾਂਦੀ ਸੀ ਤੇ ਪੂਛ ਹੇਠੋਂ ਉਸ ਦੀ ਲਾਲ ਪਿੱਠ ਘੜੀ ਕੁ ਲਈ ਚਮਕਦੀ ਸੀ। ਰੁੱਖਾਂ
ਦੇ ਹੇਠ, ਧਰਤੀ ‘ਤੇ ਲਾਲ ਪੀਲੇ ਚੰਗਿਆੜਿਆਂ ਵਰਗੇ ਜੰਗਲੀ ਫੁੱਲ ਚਮਕਦੇ ਸਨ। ਕਿੱਥੇ ਗਈ
ਦੇਵਦਾਰਾਂ ਦੀ ਉਹ ਚਾਦਰ, ਜੀਹਨੂੰ ਵੇਖ ਕੇ ਹਰਬੰਸ ਮਾਛੀਵਾੜਾ ਨੇ ਕਿਹਾ ਸੀ, “ਓਏ ਥੋੜ੍ਹਾ
ਸਬਰ ਕਰੋ ਦੇਵਦਾਰੋ, ਆਉਨੇ ਐਂ, ਬੱਸ ਪਹੁੰਚੇ ਸਮਝੋ।”
ਉਹਨਾਂ ਦੀ ਉਹ ਜਾਨਣ ਪਰ ਸਾਨੂੰ ਸੱਚਮੁੱਚ ਜਾਪਦਾ ਸੀ ਕਿ ਇਹ ਸਾਰੀ ਕਾਇਨਾਤ ਸਾਡੇ ਲਈ
ਖਿੜ੍ਹੀ ਖੜ੍ਹੀ ਐ। ਸਾਡੀ ਉਡੀਕ ‘ਚ, ਸਾਨੂੰ ਕੁਸ਼ ਕਹਿਣ ਲਈ, ਕੁਸ਼ ਦੱਸਣ ਲਈ ਬੇਤਾਬ।
ਇਸ ਵਾਰ ਸਮੇਤ ਡਰਾਈਵਰ ਅਸੀਂ ਨੌਂ ਜਣੇ ਸਾਂ।
ਚਾਇਲ (ਚੈਲ) ਦੇ ਬਾਜ਼ਾਰ ‘ਚੋਂ, ਖਾਣ ਲਈ ਫਰੂਟ ਅਤੇ ਮੇਰੇ ਵਰਗੇ ਇੱਕ ਦੋ ਨਿਕੰਮਿਆਂ ਦੇ
ਪੀਣ ਲਈ ਫਰੂਟ ਜੂਸ ਲੈ ਕੇ (ਕੰਮ ਦੇ ਬੰਦੇ ਆਪਣਾ ਪ੍ਰਬੰਧ ਚੰਡੀਗੜੋਂ ਹੀ ਕਰਕੇ ਤੁਰੇ ਸਨ)
ਚਾਇਲ ਦੀ ਸ਼ਹਿਰੀ ਜਿ਼ੰਦਗੀ ਪਿੱਛੇ ਛੱਡ ਅਸੀਂ ਸੜਕੋਂ ਉੱਤਰ, ਪਹਾੜੀ ਦੇ ਔਹ ਪਰਲੇ ਪਾਰ,
ਜੰਗਲ ਵਿੱਚ ਬੈਠਣ ਲਈ ਥਾਂ ਲੱਭ ਲਈ ਸੀ। ਘੂਕਰਾਂ ਪਾਉਂਦੀ, ਤੇ ਪਤਾ ਨਹੀਂ ਕਿਹੜੀ ਦੌੜ
ਦੌੜਦੀ ਜਿ਼ੰਦਗੀ ਪਿੱਛੇ ਰਹਿ ਗਈ ਸੀ, ਪਹਾੜੀ ਤੋਂ ਅਹੁ ਪਰੇ ਕਰਕੇ ਜਿੱਥੋਂ ਕਦੇ ਕਦਾਈਂ ਕੋਈ
ਦੁਹਾਈ ਪਾਉਂਦਾ ਹਾਰਨ ਸੁਣਦਾ “ਰਾਹ ਛੱਡ, ਨਹੀਂ ਦੈੜ ਦੂੰ”। “ਦੈੜੀ ਜਾਓ ਸਾਲਿਓ, ਜੀਹਤੋਂ
ਦੈੜ ਹੁੰਦੈ”- ਅਸੀਂ ਸੰਸਾਰ ਦੀ ਵਾਹੋ-ਦਾਹ ਵੱਲ ਪਿੱਠ ਕਰਕੇ ਬੈਠ ਗਏ ਸਾਂ। ਸੱਭਿਅਕ ਜੀਵਨ
ਦੀ, ਬੰਦੇ ਨੂੰ ਮਿੱਟੀ ਤੋਂ ਦੂਰ ਕਰਨ ਦੀ ਸਾਜਿਸ਼, ਸਾਡੇ ਨਾਲ ਆ ਹੀ ਗਈ ਸੀ, ਜੋੜ ਕੇ
ਵਿਛਾਈਆਂ ਸਫ਼ਾਂ ਦੇ ਰੂਪ ‘ਚ। ਕੁਦਰਤੀ ਮਖ਼ਮਲੀ ਘਾਹ ਤੇ ਬਣਾਉਟੀ ਪਲਾਸਟਿਕ। ਧੁਨੀਆਂ ਦੀ
ਗੁਲਾਮੀ ਬੰਦੇ ਦਾ ਕਿੱਥੇ ਤੱਕ ਪਿੱਛਾ ਕਰਦੀ ਐ!
ਜਿੱਥੇ ਅਸੀਂ ਬੈਠੇ, ਇੱਕ ਪਾਸੇ ਉੱਚੀ ਪਹਾੜੀ ਤੇ ਪਹਾੜੀੳ੍ਰ ਸਾਡੇ ਵਿਚਕਾਰ ਉਹ ਕੱਚਾ,
ਅਣ-ਵਗਿਆ ਪਹਾ, ਜਿਦ੍ਹੇ ਤੋਂ ਲਗਦਾ ਸੀ, ਸੋਭਾ ਸਿੰਘ ਦੀ ਪੇਂਟਿੰਗ ਵਾਲੀ ‘ਗੱਦਣ’ ਹੁਣੇ
ਹੁਣੇ ਆਪਣੀਆਂ ਬੱਕਰੀਆਂ ਲੈ ਕੇ ਲੰਘੀ ਸੀ। ਉਸਦੀ ਗੋਦੀ ‘ਚ ਘੁੱਟੇ ਮੇਮਣੇ ਦੀ ਮਮਿਆਹਟ ਅਤੇ
ਉਸ ਦੇ ਹਾਸੇ ਦੀ ਗੁਲਾਬੀ ਭਾਅ ਮਾਰਦੀ ਛਣਕਾਹਟ ਅਜੇ ਹਵਾ ਵਿੱਚੋਂ ਸੁਣੀ ਜਾ ਸਕਦੀ ਸੀ। ਉਸ
ਦੇ ਘੁੱਗੀ ਰੰਗੇ ਪੈਰਾਂ ਨਾਲ ਲੱਗ ਕੇ ਉੱਠੀ ਰੇਸ਼ਮੀ ਧੂੜ ਅਜੇ ਪੋਟਿਆਂ ਨਾਲ ਮਹਿਸੂਸ ਕੀਤੀ
ਜਾ ਸਕਦੀ ਸੀ। ਉਸ ਦੇ ਪਿੰਡੇ ਨਾਲ ਛੋਹ ਕੇ ਆਈ ਹਵਾ ‘ਚ ਅਜੇ ਸਾਹ ਲਏ ਜਾ ਸਕਦੇ ਸਨ। ਜੰਗਲ
ਆਪਣੀ ਖਾਮੋਸ਼ੀ ਵਿੱਚੋਂ ਸਾਨੂੰ ਡੂੰਘੇ ਸਾਹ ਭਰਦਿਆਂ ਨੂੰ ਵੇਖਕੇ, ਮੁਸਕੜੀਏਂ ਹੱਸਦਾ ਸੀ।
ਉਸ ਬੰਦੇ ਵਾਂਗ, ਜਿਹੜਾ ਆਪ ਹਰ ਰੋਜ਼ ਮੇਲੇ ਤੁਰਿਆ ਰਹੇ ਤੇ ਪਹਿਲੀ ਵਾਰ ਮੇਲੇ ਆਏ ਬੱਚੇ
ਦੀਆਂ ਖੁਸ਼ੀ ‘ਚ ਨੱਚਦੀਆਂ ਅੱਖਾਂ ਅਤੇ ਚਾਅ ਮੱਚੀਆਂ ਕਿਲਕਾਰੀਆਂ ਸੁਣ ਕੇ ਮਿੰਨ੍ਹਾ ਜਿਹਾ
ਮੁਸਕਰਾਵੇ-
-ਲੁੱਟ ਲੈ ਬੁਲੇ ਮਿੱਤਰਾ, ਜਿਹੜੇ ਲੁੱਟ ਹੁੰਦੇ ਨੇ-
ਦੂਜੇ ਪਾਸੇ, ਧੁਰ ਹੇਠ ਪਾਤਾਲ, ਰੱਬ ਦੀਆਂ ਜੜ੍ਹਾਂ ਤੱਕ ਜਾਂਦੀ ਡੂੰਘੀ ਖਾਈ। ਐਨ ਨਾਲ ਕਰਕੇ
ਖੜ੍ਹੇ, ਅਸਮਾਨ ਨੂੰ ਛੂੰਹਦੇ ਦੇਵਦਾਰ ਤੇ ਫਿ਼ਰ ਹੋਰ ਨੀਂਵੇਂ ਰਹਿ ਗਏ ਦੇਵਦਾਰ ਤੇ ਫਿ਼ਰ
ਹੋਰ ਨੀਵੇਂ ਤੇ ਫਿ਼ਰ ਜਿਉਂ ਜਿਉਂ ਹੇਠਾਂ ਵੱਲ ਵੇਖੀ ਜਾਓ, ਉਹ ਹੌਲੀ-ਹੌਲੀ ਨਿਰੀ ਹਰਿਆਵਲ
ਵਿੱਚ ਵਟਦੇ ਜਾਣਗੇ ਜਿਹੜੀ ਹੇਠਾਂ ਹੀ ਹੇਠਾਂ ਵਧਦੀ ਜਾਵੇਗੀ। ਫਿ਼ਰ ਖਾਈ ਤੋਂ ਪਾਰ ਪਹਾੜੀ
ਤੇ ਉਸ ਉੱਤੇ ਵਿਛੀ, ਉੱਪਰ ਉੱਠਦੀ, ਤੁਹਾਡੇ ਵੱਲ ਉੱਲਰਦੀ ਜਾਪਦੀ ਹਰੀ ਚਾਦਰ ਜਿਹੜੀ ਪਤਾ
ਨਹੀਂ ਕਦੋਂ ਅਤੇ ਕਿੱਥੋਂ ਕਿੱਥੋਂ ਦੁੱਧ ਚਿੱਟੇ ਬੱਦਲਾਂ ਵਿੱਚ ਜਾ ਵੜਦੀ ਹੈ। ਨਹੀਂ, ਤੁਸੀਂ
ਨਹੀਂ ਦੱਸ ਸਕਦੇ ਕਿ ਕਿੱਥੇ ਪਹਾੜ ਦਾ ਇਹ ਸਬਜ਼ ਪਹਿਰਣ ਖਤਮ ਹੁੰਦਾ ਹੈ ਤੇ ਕਿੱਥੋਂ ਰੱਬ
ਸ਼ੁਰੂ ਹੁੰਦਾ ਹੈ। ਤੁਸੀਂ ਤਾਂ ਟੱਡੀਆਂ ਅੱਖਾਂ ਨਾਲ ਵੇਖਦੇ ਰਹਿੰਦੇ ਹੋ ਤੇ ਫਿਰ ਪਤਾ ਨਹੀਂ
ਕਦੋਂ ਵੈਰਾਗੀ ਹੋਇਆ ਤੁਹਾਡਾ ਮਨ ਅੱਖਾਂ ‘ਚੋਂ ਵਹਿ ਤੁਰਦਾ ਹੈ ਤੇ ਤੁਹਾਡੇ ਅੰਦਰੋਂ ਆਵਾਜ਼
ਆਉਂਦੀ ਹੈ-
ਬਲਿਹਾਰੀ ਕੁਦਰਤ ਵੱਸਿਆ
ਕੁਦਰਤ ਦੀ ਇਸ ਖੁੱਲ੍ਹੀ ਗੋਦ ਵਿੱਚ ‘ਡੱਟ’ ਖੁਲ੍ਹਣ ਦੀ ਆਵਾਜ਼ ਆਈ। ਮੇਰੇ ਵਰਗੇ ਨਿਕੰਮੇ
ਨੂੰ ਇੱਕ ਕੰਮ ਦਿੱਤਾ ਗਿਆ। ਖੁੱਲ੍ਹ-ਦਿਲੇ, ਸੰਵੇਦਨਸ਼ੀਲ ਸ਼ਾਇਰ ਰਿੰਦਾਂ ਦਾ ਸਾਕੀ ਬਣਨ
ਦਾ। ਮੈਂ ਨਸਿ਼ਆ ਕੇ, ਕਹਾਣੀਕਾਰ ਗੁਰਪਾਲ ਸਿੰਘ ਲਿੱਟ ਵੱਲ ਵੇਖਿਆ। ਉਹ ਵੀ ਨਿਕੰਮਿਆਂ ਦੀ
ਢਾਣੀ ਵਿੱਚੋਂ ਸਨ। ਦੇਵਦਾਰ ਦੇ ਇੱਕ ਵੱਡੇ ਮੁੱਢ ਨਾਲ ਢੋ ਲਾਈ ਬੈਠੇ ਉਹ ਅੰਬ ਚੂਪ ਰਹੇ ਸਨ,
ਬੱਚਿਆਂ ਵਾਂਗ। ਅੰਬ ਦਾ ਗੁੱਦਾ ਮਿਲਿਆ ਰਸ ਉਹਨਾਂ ਦੀਆਂ ਉਂਗਲਾਂ ਵਿੱਚੋਂ ਵਗਣ-ਵਗਣ ਕਰ
ਰਿਹਾ ਸੀ। ਸੁਆਦ ਨਾਲ ਸਾਰੇ ਉਹਨਾਂ ਦੇ ਪਚਾਕੇ ਸੁਣ ਰਹੇ ਸਨ। ਦੇਵਦਾਰਾਂ ਦਾ ਹਰਾ ਸ਼ਾਮਿਆਨਾ
ਚੀਰ ਕੇ, ਧੁੱਪ ਦੀ ਇੱਕ ਕਾਤਰ ਉਹਨਾਂ ਦੇੰੌਢੈ ਤੱਕ ਆ ਗਈ ਸੀ। ਜਿਵੇਂ ਕੋਈ ਸੁਨਹਿਰੀ
ਤਿਤਲੀ, ਉੜਨ ਉੜਨ ਕਰ ਰਹੀ ਹੋਵੇ। ਚਾਨਣ ਦੀ ਇੱਕ ਦੂਰ ਤੱਕ ਖਿੱਚੀ ਹੋਈ ਲੀਕ ਤੁਹਾਡੀ ਨਜ਼ਰ
ਨੂੰ ਬ੍ਰਹਿਮੰਡ ਦੀ ਉਸ ਅੱਖ ਨਾਲ ਜੋੜਦੀ ਸੀ, ਜਿੱਥੋਂ ਇਹ ਕਿਰਨ, ਸਾਡੇ ਲਈ, ਸੂਰਜ ਤੋਂ
ਧਰਤੀ ਤੱਕ ਦਾ ਅਮੁੱਕ ਦਿਸਦਾ ਸਫ਼ਰ ਮੁਕਾ ਕੇ ਆਈ ਸੀ। ਮੇਰੇ, ਸੁਖਮਿੰਦਰ ਰਾਮਪੁਰੀ ਯਾਦ ਆਇਆ
ਅਸੀਂ ਕਿਰਨਾਂ ਨੂੰ ਫੜ੍ਹ ਫੜ੍ਹ ਕੇ
ਸੂਰਜ ਤੇ ਹੈ ਜਾ ਬਹਿਣਾ
ਆਪਣੇ ਸ਼ਾਇਰ ਮਿੱਤਰਾਂ ਲਈ ਸ਼ਰਾਬ ਗਲਾਸਾਂ ਵਿੱਚ ਪਾਉਂਦੇ ਹੋਏ, ਮੈਨੂੰ ਸ਼ਰਾਬ ਦਾ ਇੱਕ
ਅਲੋਕਾਰ ਰੂਪ ਵੀ ਸਮਝ ਆ ਰਿਹਾ ਸੀ। ਇਸ ਦੀ ਹੋਂਦ, ਅਜਿਹੇ ਮਾਹੌਲ ਵਿੱਚ, ਕਿਵੇਂ ਇੱਕ
ਖ਼ੁਮਾਰੀ ਦਾ ਸਿਖ਼ਰ ਸਿਰਜ ਸਕਦੀ ਹੈ। ਇੱਕ ਅਦ੍ਰਿਸ਼ ਸੂਖ਼ਮਤਾ ਜੋ ਸਿਰਫ਼ ਅਤੇ ਸਿਰਫ਼
ਸ਼ਰਾਬ ਦੀ ਹੋਂਦ ਨਾਲ ਹੀ ਮਹੌਲ ਨੂੰ ਆਪਣੇ ਮਾਇਆ-ਜਾਲ ਵਿੱਚ ਜਕੜ ਲੈਂਦੀ ਹੈ, ਤੁਹਾਨੂੰ
ਸਥੂਲ ਰੂਪ ਵਿੱਚ ਦਿੱਸਣ ਲੱਗ ਪੈਂਦੀ ਹੈ। ਕੌੜੀ ਸ਼ਰਾਬ ਦੀਆਂ ਮਿੱਠੀਆਂ ਘੁੱਟਾਂ ਭਰਦੇ
ਰਿੰਦਾਂ ਦੇ ਚਿਹਰਿਆਂ ਵੱਲ ਵੇਖਕੇ ਤੁਹਾਡੇ ਅੰਦਰ ਇੱਕ ਮੋਹ ਅਤੇ ਮਾਣ ਦਾ ਅਹਿਸਾਸ ਜਾਗਦਾ
ਹੈ। ਇਸ ਜਿ਼ੰਦਗੀ ਦੀ ਤਲਖ਼ ਖੁਦੀ ਤੋਂ, ਬ੍ਰਹਿਮੰਡ ਦੀ ਰੂਹ ‘ਚ ਰਮੀ ਬੇ-ਖੁਦੀ ਦਾ ਰਾਜ਼
ਤੁਹਾਡੇ ਰੂ-ਬਰੂ ਉੱਭਰ ਆਉਂਦਾ ਹੈ। ਸਾਡੀ ਮਹਿਫਿ਼ਲ ‘ਚ, ਧੁੱਪ ਦੀ ਉਸ ਕਾਤਰ ਦੇ ਨਾਲ ਹੀ
ਸਿ਼ਅਰ ਉੱਤਰ ਆਇਆ ਸੀ।
ਮਯ ਹਯਾਤ ਮੇ ਸ਼ਾਮਲ ਹੈ ਤਲਖ਼ੀ-ਏ-ਦੌਰਾਂ
ਜਬੀ ਤੋ ਪੀਕੇ ਤਰਸਤੇ ਹੈਂ ਬੇ-ਖੁਦੀ ਕੇ ਲੀਏ।
ਇਸ ਬੇ-ਖੁਦੀ ਦਾ ਸਿਰਜਿਆ, ਅਜਿਹਾ ਹੀ ਦੈਵੀ ਮਾਹੌਲ ਸੀ ਜਦੋਂ ਜਗਤਾਰ ਸੇਖਾ ਨੂੰ ਗ਼ਜ਼ਲ
ਅਰਜ਼ ਕਰਨ ਦੀ ਅਰਜ਼ ਕੀਤੀ ਗਈ। ਜਗਤਾਰ ਨੇ ਦੋ ਘੁੱਟਾਂ ਨਾਲ ਗਲਾ ਤਰ ਕੀਤਾ ਤੇ ਫਿ਼ਰ ਗਲਾ
ਸਾਫ਼ ਕਰਨ ਲਈ ਖੰਘੂਰਾ ਮਾਰਿਆ।
ਉਦੋਂ ਹੀ ਇੱਕ ਖਲਬਲੀ ਜਿਹੀ ਮਚ ਗਈ। ਪਹਿਲਾਂ ਤਾਂ ਸਾਡੇ ‘ਚੋਂ ਬਹੁਤਿਆਂ ਦੇ ਸਮਝ ਈ ਨੀ ਆਇਆ
ਕਿ ਹੋ ਕੀ ਗਿਆ ਸੀ। ਖੰਘੂਰਾ ਤਾਂ ਬੜਾ ਸ਼ਾਂਤ ਚਿੱਤ ਜਿਹਾ ਸੀ। ਫਿ਼ਰ ਗੁਰਦਿਆਲ ਦਲਾਲ
ਹੁਰਾਂ ਦੀ ਆਵਾਜ਼ ਆਈ-
-‘ਔਹ ਲੈ ਗਿਆ ਉਏ ਹੱਤ ਤੇਰੀ’- ਪਰਮਜੀਤ ਸਾਗਰ ਇੱਕਦਮ ਖੜ੍ਹਾ ਹੋ ਗਿਆ।
ਅਸੀਂ ਮੁੱਢ ਤੇ ਚੜ੍ਹਦਾ, ਭੁੱਚਰ ਬਿੱਲੇ ਵਰਗਾ ਇੱਕ ਬਾਂਦਰ ਵੇਖਿਆ। ਇੱਕ ਟਪੂਸੀ ਨਾਲ ਉਹ ਔਹ
ਗਿਆ। ਸਾਡੀ ਹੋਏ ਹੱਤ ਦਾ ਅਸਰ ਉਸ ਤੇ ਲਗਭਗ ਨਾ ਹੋਣ ਬਰਾਬਰ ਹੀ ਸੀ। ਦੋ ਅੰਬ ਕੱਛ ‘ਚ ਤੇ
ਇੱਕ ਮੂਹਰਲੇ ਪੰਜੇ ‘ਚ ਫੜ੍ਹੀ ਉਹ ਆਰਾਮ ਨਾਲ ਸਾਡੇ ਸਾਹਮਣੇ, ਮਸਤ ਚਾਲ ਜਾ ਰਿਹਾ ਸੀ,
ਬਿਨਾਂ ਪਿੱਛੇ ਮੁੜ ਕੇ ਵੇਖੇ। ਖ਼ਬਰੇ ਉਹਨੂੰ ਕਿਵੇਂ ਨਾ ਕਿਵੇਂ ਸਾਡੇ ਮਾਸਟਰ ਹੋਣ ਦੀ ਗੱਲ
ਸਮਝ ਆ ਗਈ ਹੋਵੇ, ਜਿਹਦੇ ‘ਚ ਕਹਿੰਦੇ ਹੁੰਦੇ ਨੇ ਬਈ ਕਿਤੇ ਲਾਂਭਿਓਂ ਆਉਂਦੀਆਂ ਬੁੜੀਆਂ,
ਪਿੰਡ ਕੋਲ ਆ ਕੇ, ਰਸਤੇ ‘ਚ ਹੀ ਲਘੂ ਸ਼ੰਕਾ ਨਵਿਰਤ ਕਰਨ ਲੱਗ ਪਈਆਂ। ‘ਕੁੜੇ ਕੋਈ ਆਉਂਦੈ’
ਇੱਕ ਜਾਣੀ ਅਚਾਨਕ ਬੋਲੀ। ਸਾਰੀਆਂ ਉੱਠ ਖੜ੍ਹੀਆਂ ਤੇ ਆਉਣ ਵਾਲਾ ਨੇੜੇ ਆ ਗਿਆ। ਕੋਈ ਜਣੀ
ਹੱਸ ਕੇ ਬੋਲੀ-
-‘ਲੈ ਹੋਟ, ਐਮੇ ਡਰਾਤਾ। ਇਹ ਤਾਂ ਆਪਣੇ ਪਿੰਡ ਆਲਾ ਮਾਸਟਰ ਐ’-
ਤੇ ਅਸੀਂ ਤਾਂ ਮਾਸਟਰ ਵੀ ਉਹ ਸਾਂ ਜਿਹਨਾਂ ਨੇ ਤਮਾਸ਼ੇ ਵਾਲੇ, ਮਰੇ ਜਿਹੇ ਬਾਂਦਰ ਬਾਂਦਰੀ
ਵੇਖੇ ਸਨ। ਐਵੇਂ ਬੱਸ, ਸਾਲ ਕੁ ਦੇ ਜੁਆਕ ਜਿੱਡੇ ਕੁ। ਮਦਾਰੀ ਦੇ ਪਾਟੀ ਹੋਈ ਬਾਂਸ ਦੀ ਸੋਟੀ
ਖੜਕਾਉਣ ਤੋਂ ਪਹਿਲਾਂ ਈ ਦੰਦੀਆਂ ਜਿਹੀਆਂ ਕੱਢਣ ਵਾਲੇ। ਮੈਂ ਸੋਚਿਆ ਜੇ ਉਹ ਬਾਂਦਰ ਹੁੰਦੇ
ਨੇ ਤਾਂ ਫਿਰ ਆਹ ਕੀ ਸੀ, ਜਿਹੜਾ ਆਰਾਮ ਨਾਲ ਦੇਵਦਾਰ ਤੇ ਚੜ੍ਹ ਕੇ ਅੰਬ ਚੂਪ ਰਿਹਾ ਸੀ।
ਮੇਰੇ ਚੇਤੇ ‘ਚ ਉਹ ਦ੍ਰਿਸ਼ ਅਜੇ ਤੱਕ ਐਨ ਟਿਕਿਆ ਹੋਇਆ ਹੈ। ਸਾਰੇ ਹਰੇ ਆਲੇ-ਦੁਆਲੇ ‘ਚ
ਮੁਤਰ-ਮੁਤਰ ਝਾਕਦਾ ਭੂਰਾ ਬਾਂਦਰ ਤੇ ਉਹਦੇ ਖੁਰਦਰੇ ਪੰਜਿਆਂ ‘ਚ ਫੜ੍ਹਿਆ ‘ਸਾਡਾ’ ਪੀਲਾ
ਸੰਧੂਰੀ ਅੰਬ। ਉਹਦਾ ਬੈਠਣ ਦਾ ਪੋਜ਼ ਅਤੇ ਉਸਦੇ ਵੇਖਣ ਦੇ ਅੰਦਾਜ਼ ਤੋਂ ਮੈਨੂੰ ਲਗਦੈ ਜੇ
ਉਸਦਾ ਹੱਥ ਵਿਹਲਾ ਹੁੰਦਾ ਤਾਂ ਉਹ ਸਾਨੂੰ ਠੁੱਠ ਜ਼ਰੂਰ ਵਿਖ
-‘ਹਾਲ ਦੀ ਘੜੀ ਜਿਹੜਾ ਨਹੀਂ ਖਾਣਾ, ਉਹ ਗੱਡੀ ‘ਚ ਰੱਖ ਦਿੰਦੇ ਐਂ’-
ਨਿਰੰਜਣ ਸੂਖਮ ਨੇ, ਸੰਕਟ ਮੋਚਨੀ ਮਤਾ ਪੇਸ਼ ਕੀਤਾ। ਸਾਰਿਆਂ ਨੇ ਇਸ ਮਤੇ ਨੂੰ ਆਪਣੀਆਂ
ਆਪਣੀਆਂ ਅਤਿਅੰਤ ਪ੍ਰਭਾਵਸ਼ਾਲੀ ਦਲੀਲਾਂ ਨਾਲ ਤਰਕਸੰਗਤ ਸਿੱਧ ਕਰਕੇ, ਧੁਨੀ ਮੱਤ ਨਾਲ ਪਾਸ
ਕਰ ਦਿੱਤਾ। ਭਾਵੇਂ ਇਸ ਪ੍ਰਸਤਾਵ ਦੇ ਹੱਕ ਵਿੱਚ ਮੈਂ ਵੀ ਕੁਝ ਵਜ਼ਨਦਾਰ ਦਲੀਲਾਂ ਦਿੱਤੀਆਂ।
ਪਰ ਮੇਰਾ ਬਹੁਤਾ ਧਿਆਨ ਗੁਰਦਿਆਲ ਦਲਾਲ ਦੇ ਮੂੰਹੋਂ ਨਿਕਲੇ
ਇੱਕ ਵਾਕ ਨੇ ਮੱਲੀ ਰੱਖਿਆ-
-‘ਇਹਦੇ ਲਈ ਤਾਂ ਇਹ ਨਿੱਤ ਦੀ ਲੜਾਈ ਐ’-
ਇਸ ਇੱਕ ਸਾਧਾਰਣ ਦਿੱਸਦੇ ਵਾਕ ਨੇ ਮੇਰੇ ਅੰਦਰ ਦੋ ਬੜੇ ਅਸੁਵਿਧਾਜਨਕ ਸਵਾਲ ਖੜ੍ਹੇ ਕਰ
ਦਿੱਤੇ।
ਪਹਿਲਾ- ਪਰਾ-ਇਤਿਹਾਸਕ, ਪਰਾ ਸੱਭਿਅਤਾ ਅਤੇ ਪਰਾ-ਸੱਭਿਆਚਾਰਕ ਸਮਿਆਂ ਵਿੱਚ ਆਦਿ-ਮਾਨਵ ਇਸ
ਲੜਾਈ ਨੂੰ ਕਿਵੇਂ ਲੜਦਾ ਹੋਵੇਗਾ?
ਦੂਜਾ- ਅਸੀਂ ਜਿਹੜੇ, ‘ਨਿੱਤ ਦੀ ਇਹ ਲੜਾਈ’ ਜਿੱਤ ਚੁੱਕੇ ਹੋਣ ਦਾ ਦਾਅਵਾ ਕਰਦੇ ਹਾਂ (ਇਹ
ਗੱਲ ਬਿਲਕੁਲ ਭੁੱਲ ਕੇ ਕਿ ਉਸ ਅਸੱਭਿਅਕ ਅਤੇ ਸੱਭਿਆਚਾਰ ਰਹਿਤ ਆਦਿ-ਮਾਨਵ ਨੇ ਇਹ ਲੜਾਈ ਲੜੀ
ਅਤੇ ਸਾਨੂੰ ਜਿੱਤ ਕੇ ਦਿੱਤੀ ਹੈ) ਮੁੜ ਇਸ ਲੜਾਈ ਦੇ ਖੇਤਰ ‘ਚ ਕੀ ਕਰਨ ਆਉਂਦੇ ਹਾਂ?
ਮਹਿਫ਼ਲ ਫਿ਼ਰ ਸਜ ਗਈ ਸੀ। ਅਦਬੀ ਸ਼ਖ਼ਸੀਅਤਾਂ ਦਾ ਸਿਰਜਿਆ ਅਦਬੀ ਮਾਹੌਲ ਫਿਰ ਰੰਗ ਵਿੱਚ
ਆਉਣ ਲੱਗ ਪਿਆ ਸੀ। ‘ਸਿੱਪ’ ਕੀਤੀ ਜਾ ਰਹੀ ‘ਸੁਰਾ’ ਦੀ ਮਹਿਫਿ਼ਲ ਚੁਫੇਰੇ ਫੈਲ ਰਹੀ ਸੀ।
ਦੂਰ ਅਸਮਾਨ ‘ਚ ਦਿਸਦੀ ਬੱਦਲੀ ਦੀ ਕਿਨਾਰੀ, ਜਿਵੇਂ ਕਿਸੇ ਸੁੰਦਰੀ ਨੇ ਸਾਡੇ ਤੇ ਗੋਟੇ ਦੀ
ਕਿਨਾਰੀ ਲੱਗੀ ਚੁੰਨੀ ਤਾਣ ਦਿੱਤੀ ਹੋਵੇ।
ਪਰ ਮੇਰੇ ਮਨ ਦੇ ਇੱਕ ਕੋਨੇ ‘ਚ, ਬਾਂਦਰ ਅਜੇ ਤੱਕ ਬੈਠਾ ਸੀ। ਮੈਂ ਆਪਣੇ ਪਹਿਲੇ ਸਵਾਲ ਤੋਂ
ਮੁਕਤ ਨਹੀਂ ਸੀ ਹੋ ਸਕਿਆ। ਅਚੇਤ ਹੀ ਕਿਤੇ ਚਾਰਲਸ ਡਾਰਵਨ ਜਵਾਬ ਦੇਣ ਦੀ ਕੋਸਿ਼ਸ਼ ਕਰ ਰਿਹਾ
ਸੀ-
Survival Of The Fittest
‘ਫਿਟੈਸਟ! ਕਾਹਦੇ ਮੁਕਾਬਲੇ?’ ਮੈਂ ਆਪਣੇ ਆਪ ਤੋਂ ਪੁੱਛ ਰਿਹਾ ਸਾਂ। ਇਹ ਗੱਲ ਡਾਰਵਨ ਵੀ
ਨਹੀਂ ਦੱਸਦਾ ਕਿ ਕੁਦਰਤ ਚੋਣ ਕਿਉਂ ਕਰਦੀ ਹੈ। ਅਜੀਬ ਗੱਲ ਐ, ਜਿਹੜੀ ਕੁਦਰਤ ਦੀ ਅਸੀਂ
ਖੁਲ੍ਹ-ਦਿਲੀ, ਵਿਸ਼ਾਲਤਾ ਅਤੇ ‘ਕੁਦਰਤ ਮਾਂ’ ਦੇ ਰੂਪ ‘ਚ ਪੂਜਾ ਕਰਦੇ ਹਾਂ: ਜੀਹਦੇ
ਵਰਤਾਰਿਆਂ, ਸੁਗੰਧੀਆਂ ਅਤੇ ਅਨਹਦ ਨਾਦ ਨੂੰ ਬਾਬਾ ਨਾਨਕ ਅਸਲੀ ਆਰਤੀ ਕਹਿੰਦਾ ਹੈ: ਚੋਣ ਕਰਨ
ਵੇਲੇ ਤਕੜੇ ਅਤੇ ਫਿੱਟ ਦਾ ਪੱਖ ਪੂਰਦੀ ਹੈ: ਜਿਊਂਦੇ ਰਹਿਣ ਲਈ ਉਸ ਦੀ ਪਿੱਠ ਥਾਪੜਦੀ ਹੈ
ਅਤੇ ਇਸ ਬੇ-ਹੱਦ ਅਸਾਂਵੇਂ ਮੁਕਾਬਲੇ ‘ਚ ਫਾਡੀ ਰਹਿ ਗਏ, ਕਮਜ਼ੋਰ ਨੂੰ ਹੂੰਝ ਕੇ ਬਾਹਰ ਸੁੱਟ
ਦਿੰਦੀ ਹੈ। ਬਾਬਾ ਕਹਿੰਦਾ ਹੈ ‘ਜੇ ਸਕਤਾ ਸਕਤੇ ਕੋ ਮਾਰੈ, ਤਾਂ ਮਨ ਰੋਸੁ ਨਾ ਹੋਈ’। ਪਰ
ਇੱਥੇ ਤਾਂ ਇਹ ਸੰਸਾਰ ਸਕਤੇ ਦੇ ਮਾੜਿਆਂ ਨੂੰ ਮਾਰਨ ਦਾ ਜਸ਼ਨ ਬਣਿਆ ਹੋਇਆ ਹੈ।
ਮਨ ਇਸ ਸਿੱਧੇ ਧੱਕੇ ਦੇ ਖਿਲਾਫ਼ ਰੋਸ ਨਾਲ ਭਰ ਉੱਠਿਆ। ਮਨ ਦੀਆਂ ਅੱਖਾਂ ਸਾਹਮਣੇ ਉਹ ਪਹਿਲਾ
ਜੀਵ ਉੱਭਰ ਆਇਆ, ਜਿਸ ਦੇ ਪਿਛਲੇ ਪੈਰਾਂ ਦੀ ਅੱਡੀ ਵਧ ਗਈ ਸੀ। ਸੈਂਕੜੇ ਸਾਲਾਂ ਦੇ ਵਿਲੱਖਣ
ਅਤੇ ਅਣਥੱਕ ਅਭਿਆਸ ਨੇ ਉਸ ਨੂੰ ਦੋ ਪੈਰਾਂ ਤੇ ਤੁਰਨਾ ਅਤੇ ਉੱਪਰ ਉੱਠੇ ਮੂਹਰਲੇ ਪੰਜਿਆਂ
ਨੂੰ ਮੋੜਨਾ ਅਤੇ ਉਂਗਲੀਆਂ ਦੀ ਨਿਰੰਤਰ ਬਣ ਰਹੀ ਲੋਚਸ਼ੀਲ ਬਣਤਰ ਨੂੰ ਸਿ਼ਕੰਜੇ ਵਾਂਗ ਕੱਸਣ
ਵਿੱਚ ਮੁਹਾਰਤ ਪ੍ਰਾਪਤ ਕਰਨ ਵਰਗਾ ਹੁਨਰ ਸਿਖਾ ਦਿੱਤਾ ਸੀ। ਫਿਰ ਕਦੇ ਉਸ ਨੂੰ ਆਪਣੀ ਇਸ
ਯੋਗਤਾ ਦਾ ਗਿਆਨ ਹੋਇਆ ਹੋਵੇਗਾ ਕਿ ਘਟਨਾਵਾਂ, ਕਾਰਨਾਂ ਅਤੇ ਨਤੀਜਿਆਂ ਦੀ ਲੜੀ ਜੋੜਨ ਦੀ ਉਸ
ਦੀ ਸਮਰੱਥਾ ਬਾਕੀ ਜੀਵਾਂ ਨਾਲੋਂ ਵੱਧ ਹੈ। ਇਸ ਅਹਿਸਾਸ ਨੇ ਉਸ ਨੂੰ ਬਾਕੀ ਸ੍ਰਿਸ਼ਟੀ ਨਾਲੋਂ
ਵਖਰਿਆ ਦਿੱਤਾ ਹੋਵੇਗਾ। ਸ਼ਾਇਦ ਆਪਣੀ ਰਚਨਾ ਦੇ ਅਟੁੱਟ ਸਿਲਸਿਲੇ ਦੌਰਾਨ ਉਸ ਨੂੰ ਇਸ ਸਟੇਜ
ਤੇ ਹੀ ਇਹ ਚੇਤਨਾ ਹੋਈ ਹੋਵੇ ਕਿ ਉਸ ਦਾ ਜਿਊਂਦੇ ਰਹਿਣਾ ਇੱਕ ਲੰਮੀ ਅਤੇ ਲਹੂ-ਲੁਹਾਣ ਲੜਾਈ
ਦਾ ਸਿੱਟਾ ਹੈ। ਜੀਊਣ ਲਈ ਉਸ ਨੇ ਸੁਚੇਤ ਯਤਨ ਆਰੰਭੇ ਹੋਣਗੇ। ਜੀਊਂਦੇ ਰਹਿਣ ਲਈ ਮਾਰਿਆ
ਹੋਵੇਗਾ। ਮਿੱਤਰ ਵਰਤਾਰੇ ਵੀ ਹੈ ਸਨ ਪਰ ਉਹਨਾਂ ਦੀ ਪਛਾਣ ਅਤਿ-ਮੁਸ਼ਕਲ ਤੇ ਲੰਮਾ ਕੰਮ ਸੀ।
ਹਰ ਦਿੱਸਦਾ ਵਰਤਾਰਾ, ਹਰ ਜੀਵ ਦੁਸ਼ਮਣ ਸੀ। ਮਾਰੂ ਹੱਦ ਤੱਕ ਦੁਸ਼ਮਣ। ਹਵਾ ਦੀ ਗਤੀ ਨਾਲ
ਦੌੜ ਸਕਣ ਵਾਲੇ ਅਤੇ ਝਪਟ ਸਕਣ ਵਾਲੇ ਚੌਪਾਇਆਂ ਨਾਲ ਮੁਕਾਬਲਾ ਕਰਨਾ ਪਿਆ। ਉੱਡਦੇ ਪਰਿੰਦਿਆਂ
ਨੂੰ ਫੜ੍ਹਨਾ ਪਿਆ। ਬਚਾਅ ਲਈ ਕਦੇ ਰੁੱਖਾਂ ‘ਤੇ ਚੜ੍ਹਦਾ ਕਦੇ ਖੱਡਾਂ ‘ਚ ਵੜ੍ਹਦਾ। ਹਰ
ਤਰ੍ਹਾਂ ਦੇ ਕੁਦਰਤੀ ਹਥਿਆਰਾਂ; ਪੰਜਿਆਂ, ਦੰਦਾਂ, ਡੰਗਾਂ ਨਾਲ ਲੈਸ ਸ਼ੇਰ, ਚੀਤੇ,
ਬਘਿਆੜਾਂ, ਸੱਪਾਂ ਨਾਲ ਲਹੂ-ਵੀਟਵੀਂ ਲੜਾਈ ਵਿੱਚ ਆਪਣੀ ਹੋਂਦ ਬਚਾਉਂਦਾ; ਰੁੱਖਾਂ ਤੋਂ
ਖੱਡਾਂ; ਖੱਡਾਂ ਤੋਂ ਪਹਾੜਾਂ ਦੀਆਂ ਕੰਦਰਾਂ, ਕੰਦਰਾਂ ਤੋਂ ਗੁਫਾਵਾਂ, ਗੁਫਾਵਾਂ ਤੋਂ
ਕੁੱਲੀਆਂ, ਘਰਾਂ ਤੱਕ ਪਹੁੰਚਿਆ। ਇਸ ਸਾਰੀ ਦੀ ਸਾਰੀ ਪਰਾਈ ਧਰਤੀ ‘ਤੇ ਉਸਨੇ ਪਹਿਲਾਂ
ਆਪਣਿਆਂ ਦਾ ਇੱਕ ਪਰਿਵਾਰ, ਕਬੀਲਾ, ਪਿੰਡ ਤੇ ਫਿਰ ਇੱਕ ਮੁਲਕ ਸਿਰਜਿਆ। ਨਹੀਂ ਐਵੇਂ ਤਾਂ ਨੀ
ਨਾ ਬੰਦਾ ਆਪਣੇ ਮੁਲਕ ਤੋਂ ਜਾਨ ਵਾਰਦਾ ਫਿਰਦਾ। ਐਵੇਂ ਤਾਂ ਨੀ ਇੱਕ ਨਿਸ਼ਚਤ ‘ਵਲਗਣ’ ਵਿੱਚ
ਆਜ਼ਾਦ ਮਹਿਸੂਸ ਕਰਦਾ। ਕਸ਼ਮੀਰ ਅਤੇ ਫ਼ਲਸਤੀਨ ਵਰਗੀਆਂ ਲੜਾਈਆਂ ਨੂੰ ਇਸ ਝਰੋਖੇ ‘ਚੋਂ
ਵੇਖੀਏ ਤਾਂ ਨਵੇਂ ਜ਼ਾਵੀਏ ਉੱਭਰਨੇ ਸ਼ੁਰੂ ਹੋ ਜਾਣਗੇ।
ਇੱਕ ਇਤਿਹਾਸਕ ਅਨੁਮਾਨ ਅਨੁਸਾਰ ਲਗਭਗ 26 ਲੱਖ ਸਾਲ ਪਹਿਲਾਂ, ਅਫ਼ਰੀਕਾ ਦੇ ਜੰਗਲਾਂ ਵਿੱਚ
200 ਮਾਨਵ ਆਕਾਰ ਦੇ ਜੀਵਾਂ ਦੀ ਹੋਂਦ ਸਾਬਤ ਹੁੰਦੀ ਹੈ। ਜੰਗਲ ਤੋਂ ਪਿੰਡ, ਪਿੰਡ ਤੋਂ
ਸ਼ਹਿਰ ਅਤੇ ਸ਼ਹਿਰ ਤੋਂ ਮਹਾਂਨਗਰ ਦੀ ਯਾਤਰਾ ਵਰ੍ਹਿਆਂ ਜਾਂ ਸਦੀਆਂ ਦੀ ਨਹੀਂ ਸਗੋਂ ਯੁੱਗਾਂ
ਦੀ ਘਾਲਣਾ ਹੈ। ਇਸ ਘਾਲਣਾ ਨੇ ਮਨੁੱਖ ਦੀ ਭੌਤਿਕ ਅਤੇ ਮਾਨਸਿਕ ਸਥਿਤੀ ਵਿੱਚ ਅਣਕਿਆਸੇ
ਪਰਿਵਰਤਨ ਲਿਆਂਦੇ ਹਨ। ਆਪਣੀ ਹੋਂਦ ਦੀ ਲੜਾਈ ‘ਚੋਂ ਜਿੱਤ ਕੇ ਮਨੁੱਖ ਨੇ ਇੱਕ ਅਤਿ ਵਿਵਸਥਿਤ
ਸੰਸਾਰ ਸਿਰਜ ਲਿਆ ਹੈ। ਮਨ ਅਤੇ ਤਨ ਤੇ ਅਨੇਕਾਂ ‘ਕਵਚ’ ਸਿਰਜ ਲਏ ਹਨ।
ਪਰ ਅੱਜ ਪਤਾ ਲੱਗਿਆ, ਇਹਨਾਂ ਸਾਰੇ ਸਰੀਰਕ ਅਤੇ ਮਾਨਸਿਕ ਕਵਚਾਂ ਨੂੰ ਵਿੰਨਣ ਲਈ ਇੱਕ ਛੋਟੇ
ਜਿਹੇ ਬਾਂਦਰ ਦੀ ਹੀ ਲੋੜ ਹੈ ਬੱਸ! ਸਦੀਆਂ ਲਾ ਕੇ ਪ੍ਰਾਪਤ ਕੀਤੇ ਅਹਿੰਸਾ ਵਰਗੇ ਸਿੱਧਾਂਤ,
ਦਾਨ-ਪੁੰਨ ਅਤੇ ਸਮੁੱਚੇ ਬ੍ਰਹਿਮੰਡ ਨੂੰ ‘ਪ੍ਰਮਾਤਮਾ ਦਾ ਪਿੰਡਾ’ ਸਮਝਣ ਵਰਗੇ ਮੁੱਲ ਦੋ
ਅੰਬਾਂ ਵਿੱਚ ਚੂਪੇ ਜਾ ਸਕਦੇ ਹਨ। ਸਾਰੀ ਐਟਮੀ ਤਾਕਤ ਇੱਕ ਬਾਂਦਰ ਦੀ ਹੋਂਦ ਨਾਲ
ਅਸੁਰੱਖਿਅਤਾ ਵਿੱਚ ਥਰਥਰ ਕੰਬਣ ਲੱਗ ਜਾਂਦੀ ਹੈ।
ਪਰ ਵਿਕਸਤ ਹੋਈ ਮਨੁੱਖ-ਬੁੱਧੀ ਅਤੇ ਹੁਣ ਤੱਕ ਦਾ ਅਰਜਿਤ ਅਨੁਭਵ ਦੱਸਦਾ ਹੈ ਕਿ ਦੋ ਅੰਬ ਕੋਈ
ਗੱਲ ਨਹੀਂ ਹੁੰਦੀ ਜਦੋਂ ਤੁਹਾਡੇ ਕੋਲ ਹੋਰ ਬਹੁਤ ਕੁਝ ਹੋਵੇ। ਦੋ ਕਿੱਲੋਮੀਟਰ ਤੇ ਘੁੱਗ
ਵੱਸਦਾ ਆਧੁਨਕਿ ਸੱਭਿਅਤਾ ਦੀ ਨੁਮਾਇੰਦਗੀ ਕਰਦਾ ਸ਼ਹਿਰ ਹੋਵੇ। ਤਾਂ ਫਿਰ ਕੀ ਸੀ ਜਿਸ ਨੇ ਘਰ
ਤੋਂ ਐਨੀ ਦੂਰੀ ਤੇ ਆ ਕੇ ਪ੍ਰਾਪਤ ਕੀਤੇ ਇਹਨਾਂ ਪਲਾਂ ਵਿੱਚ ਘੁਸਪੈਠ ਕਰ ਲਈ ਸੀ। ਭਾਵੇਂ
ਕੁਝ ਮਿੰਟ ਹੀ ਸਹੀ, ਪਰ ਚੁਰਾ ਲਏ ਸਨ।
ਕੀ ਇਹ ਮਨੁੱਖੀ ਹਉਮੈ ਸੀ? ਹੋ ਸਕਦੈ। ਮਾਰਾ-ਮਾਰੀ ਦੀ ਜੰਗਲੀ ਜਿ਼ੰਦਗੀ ਵਿੱਚੋਂ, ਮਨੁੱਖ ਨੇ
ਲੜ-ਭਿੜ ਕੇ ਨਾ ਸਿਰਫ਼ ਆਪਣੀ ਹੋਂਦ ਬਚਾ ਲਈ ਹੈ ਸਗੋਂ ਆਪਣੇ ਹੋਣ ਨੂੰ ਸਾਰਥਕ ਵੀ ਕਰ ਲਿਆ
ਹੈ। ਸ਼ੇਰ ਵਰਗੇ ਖੂੰਖਾਰ ਜਾਨਵਰ ਹੁਣ ਉਸ ਦੇ ਇਸ਼ਾਰਿਆਂ ‘ਤੇ ਨੱਚਦੇ ਹਨ। ਸਰਕਸਾਂ,
ਚਿੜੀਆਘਰਾਂ ਵਿੱਚ ਉਸ ਦੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ। ਮਨੁੱਖ ਦੀ ਕਲਪਨਾ ਨਾਲ
ਸਿੰ਼ਗਾਰੇ ਦੇਵੀਆਂ ਦੇਵਤੇ ਹੀ ਨਹੀਂ, ਮਨੁੱਖ ਖੁਦ ਸ਼ੇਰ ਦੀ ਸਵਾਰੀ ਕਰਦਾ ਹੈ, ਉਸ ਦੇ ਮੂੰਹ
‘ਚ ਹੱਥ ਪਾ ਕੇ ਦੰਦ ਗਿਣਦਾ ਹੈ। ਸ਼ੇਰ ਬੀਬੇ ਬਾਲਕ ਵਾਂਗ ਚਾਰੇ ਪੈਰ ਜੋੜ ਕੇ ਖੜ੍ਹਦਾ ਹੈ
ਜਿਵੇਂ ਪ੍ਰਾਇਮਰੀ ਖੇਡਾਂ ਵਿੱਚ ਬੱਚੇ ਆਪਣੀ ਉਮਰ ਸਾਬਤ ਕਰਨ ਲਈ ਦੰਦ ਗਿਣਵਾਉਂਦੇ ਹਨ। ਹਾਥੀ
ਵਰਗੇ ਧੜਵੈਲ ਅਤੇ ਤਾਕਤ ਦਾ ਪਹਾੜ ਕਹਾਉਣ ਵਾਲੇ ਜਾਨਵਰ ਭਾਰ ਢੋਣ ਅਤੇ ਰੁੱਖਾਂ ਦੇ ਠੂਠ
ਪੁੱਟਣ ਦਾ ਕੰਮ ਕਰਦੇ ਹਨ। ਸਰਕਸ ਵਿੱਚ ਸਾਈਕਲ ਚਲਾਉਂਦੇ ਅਤੇ ਫੁੱਟਬਾਲ ਖੇਡਦੇ ਹਨ। ਬੰਦਾ
ਚਾਹੇ ਤਾਂ ਦੋ ਪੈਰਾਂ ‘ਤੇ ਤੁਰ ਕੇ ਵਿਖਾਉਂਦੇ ਹਨ। ਆਹ ਅਜੇ ਕੱਲ੍ਹ ਦੀ ਗੱਲ ਐ, ਸਾਡਾ
ਮਹਾਂਭਾਰਤ ਆਲਾ ਭੀਮ ਜਦੋਂ ਅਜੇ ਬੱਚਾ ਹੀ ਹੁੰਦਾ ਸੀ, ਇਸ ਨੇ ਹਾਥੀ ਪੂਛ ਤੋਂ ਫੜ੍ਹ ਕੇ
ਉੱਪਰ ਵਗਾਹ ਮਾਰੇ ਸਨ; ਉਹਨਾਂ ਦੀ ਬੇਬੇ ਅਜੇ ਤੱਕ ਉੱਪਰ ਨੂੰ ਵੇਖੀ ਜਾਂਦੀ ਐ, ਮੁੜਕੇ ਈ ਨੀ
ਆਏ। ਮਨੁੱਖ ਦੀ ਕਲਪਨਾ ਵਿੱਚ ਵੀ ਹਉਮੈ ਦਾ ਹਾਲ ਵੇਖਣ ਵਾਲੀ ਚੀਜ਼ ਐ- ਹਾਥੀ ਦੇ ਮੁਕਾਬਲੇ
ਵੱਡਾ ਨਹੀਂ, ਬੱਚਾ ਭੀਮ! ਵਾਹ!!
ਤੇ ਆਹ ਭੋਰਾ ਕੁ ਬਾਂਦਰ! ਅੱਠ ਬੰਦਿਆਂ ‘ਚੋਂ, ਐਡੀ ਨਿਡਰਤਾ ਨਾਲ ਚੀਜ਼ ਚੁੱਕਣ ਆ ਗਿਆ। ਆ
ਕਾਹਨੂੰ ਗਿਆ, ਚੁੱਕ ਕੇ ਵੀ ਲੈ ਗਿਆ।
ਸੋ ਹੋ ਸਕਦੈ ਇਹ ਸਾਰਾ ਚੀਕ ਚਿਹਾੜਾ ਹਉਮੈ ਨੇ ਪਾਇਆ ਹੋਵੇ। ਬਾਬਾ ਹਉਮੈ ਨੂੰ ਤਾਂ ਹੀ ਤਾਂ
ਦੀਰਘ ਰੋਗ ਕਹਿੰਦੈ, ਕਿ ਦਾਰੂ ਵੀ ਇਹਦੇ ਵਿੱਚ ਹੀ ਹੈ। ਦਾਰੂ ਸਾਡੇ ਕੋਲ ਵੀ ਹੈ ਸੀ। ਇਹ
ਪਤਾ ਨੀ ਕਿਵੇਂ ਤਰਸਾ ਤਰਸਾ ਕੇ ਪੀਣ ਲੱਗੇ ਹੋਏ ਸੀ। ਪਹਿਲੇ ਪੈੱਗ ਨੂੰ ਏ ਦੁਪਹਿਰ ਲਿਆ ਤੀ।
ਮੈਂ ਗਲਾਸ ਨਵੇਂ ਸਿਰਿਓਂ ਭਰ ਕੇ, ਚੱਕਲੋ-ਚੱਕਲੋ ਕਰਤੀ। ਅੰਬਾਂ ਨੂੰ ਕੀਹਨੇ ਯਾਦ ਕਰਨਾ ਸੀ।
ਕੇਲੇ ਗੱਡੀ ‘ਚ ਸੁਰੱਖਿਅਤ ਸਨ।
ਪਰ ਆਹ ਇੱਕ ਅਮਰੀਕਨ ਮਨੋਵਿਗਿਆਨੀ, ਐਮ:ਸਕਾਟ:ਪੈੱਕ ਮੇਰੇ ਕੰਨਾਂ ‘ਚ ਬੋਲੀ ਜਾਂਦੈ-
“ਹਉਮੈ ਵੀ ਹੋਊ, ਪਰ ਮੁੱਖ ਰੂਪ ‘ਚ ਅ-ਸੁਰੱਖਿਆ ਦੀ ਭਾਵਨੈ, ‘ਇਨਸਕਿਉਰਿਟੀ ਫੀਲਿੰਗ’।”
ਐਮ:ਸਕਾਟ ਦੀ ਧਾਰਨਾ ਇਹ ਐ ਕਿ ਮਨੁੱਖ ਆਪਣੇ ਜਨਮ ਤੋਂ ਹੀ ਅਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ
ਕਰ ਦਿੰਦਾ ਹੈ। ਜਨਮ ਤੋਂ ਪਹਿਲਾਂ ਉਹ ਮਾਂ ਦਾ ਹੀ ਇੱਕ ਹਿੱਸਾ ਹੁੰਦਾ ਹੈ ਪਰ ਜਨਮ ਤੋਂ
ਬਾਅਦ ਇੱਕ ਵੱਖਰੀ ਇਕਾਈ। ਖਾਣਾ,ਪੀਣਾ ਇੱਕ ਵਿਅਕਤੀਗਤ ਕਾਰਜ ਬਣ ਜਾਂਦਾ ਹੈ। ਅਸੁਰੱਖਿਆ ਦੀ
ਇਹ ਭਾਵਨਾ ਘਟਦੀ ਤਾਂ ਜਾਂਦੀ ਹੈ, ਪਰ ਮਰਨ ਤੱਕ ਬੰਦੇ ਦਾ ਪਿੱਛਾ ਨਹੀਂ ਛੱਡਦੀ।
ਪਰ ਹੁਣ, ਲਿਖਦੇ ਸਮੇਂ ਮੇਰੇ, ਆਦਮ ਤੇ ਹੱਵਾ ਦਾ ਚੱਖਿਆ, ‘ਵਿਵਰਜਿਤ ਫਲ’ ਯਾਦ ਆ ਰਿਹਾ ਹੈ।
ਇੱਕ ਪਰਮ-ਸਤ੍ਹਾ ਦੀ ਛਤਰ ਛਾਇਆ ਹੇਠ ਸੰਪੂਰਨ ਸੁਰੱਖਿਆ। ਕੋਈ ਫਿਕਰ-ਫਾਕਾ, ਕੋਈ ਡਰ-ਡੁੱਕਰ
ਨਹੀਂ। ਜੋ ਚਾਹੋ ਕਰੋ, ਜਿੱਥੇ ਚਾਹੋ ਜਾਓ। ਸਵਰਗ ਭੋਗੋ। ਬਸ ਇੱਕ ਵਿਵਰਜਿਤ ਫਲ ਤੋਂ ਦੂਰ
ਰਹੋ। ਜਿਉਂ ਹੀ ‘ਈਵ’ ਨੇ ‘ਸੇਬ’ ਚੱਖਿਆ, ਸੁਰੱਖਿਆ ਛਤਰੀ ਗਾਇਬ। ਆਦਮ ਤੇ ਹੱਵਾ ਸਵਰਗੋਂ
ਬਾਹਰ। ਕੋਈ ਮਾਫ਼ੀ ਨਹੀਂ। ਗਲਤੀ ਸੁਧਾਰਨ ਦਾ ਕੋਈ ਦੂਸਰਾ ਮੌਕਾ ਨਹੀਂ। ਹਰ ਕਦਮ ਤੇ
ਅਸੁਰੱਖਿਆ ਸ਼ੁਰੂ। ਇਸ ਜੋੜੇ ਨੇ ਜਿਹੜੀ ਦੁਨੀਆਂ ਵਸਾਈ, ਉਸ ਵਿੱਚ ਅਸੁਰੱਖਿਆ ਦਾ ਹੋਣਾ
ਸੁਭਾਵਿਕ ਵੀ ਲਗਦਾ ਹੈ।
ਉਪਰੋਕਤ ਘਟਨਾ ਦੀਆਂ ਬਹੁਤ ਵਿਆਖਿਆਵਾਂ, ਉਪਲਬਧ ਹਨ। ਜਿਨ੍ਹਾਂ ਵਿੱਚੋਂ, ਵਿਵਰਜਿਤ ਫਲ ਦੇ
‘ਗਿਆਨ ਦਾ ਫਲ’ ਹੋਣ ਦੀ ਵਿਆਖਿਆ ਵੱਡੇ ਪੱਧਰ ਤੇ ਪ੍ਰਵਾਨਿਤ ਹੈ।
ਹੋ ਸਕਦੈ ਹੋਵੇ, ਪਰ ਮੇਰੀ ਨਜ਼ਰ ਵਿੱਚੋਂ ਕੋਈ ਅਜਿਹੀ ਵਿਆਖਿਆ ਨਹੀਂ ਲੰਘੀ ਜੋ ਇਸ
‘ਹੁਕਮ-ਅਦੂਲੀ’ ਨੂੰ ਜਾਣ-ਬੁੱਝ ਕੇ ਕੀਤਾ ਗਿਆ ਕਰਮ ਕਹਿੰਦੀ ਹੋਵੇ। ਬੱਸ, ‘ਲਾਈ-ਲੱਗ’ ਈਵ
ਦੀ ਨਾ-ਸਮਝੀ ਕਹਿ ਕੇ ਸਾਰ ਲਿਆ ਜਾਂਦਾ ਹੈ। ਪਰ ਮੇਰਾ ਅਸੁਰੱਖਿਅਤ ਜਿਹਾ ਮਨ, ਡਰਦਾ ਜਿਹਾ
ਸੋਚਦਾ ਹੈ ਕਿ ਕਿਤੇ ਅਜਿਹਾ ਇਸ ਲਈ ਤਾਂ ਨਹੀਂ ਕਿ ਇਹ ‘ਅਵੱਗਿਆ’ ਅਤੇ ‘ਬਗਾਵਤ’ ਨੂੰ ਇੱਕ
ਮਹੀਨ ਜਿਹੀ ਲੀਕ ਹੀ ਨਿਖੇੜਦੀ ਹੈ। ਮਰਦ ਕਰਦਾ ਤਾਂ ਵਿਆਖਿਆ ਲੀਕ ਦੇ ਉਰਲੇ ਪਾਸਿਓਂ ਹੁੰਦੀ,
‘ਬਗਾਵਤ’! ਔਰਤ ਨੇ ਕੀਤੀ ਐ ਤਾਂ ਵਿਆਖਿਆ ਲੀਕ ਦੇ ਪਰਲੇ ਪਾਸਿਓਂ ਹੋ ਗਈ, ‘ਅਵੱਗਿਆ’।
ਨਾਲੇ, ਇਹ ਕਿਹੜਾ ਪਤਾ ਲੱਗਦੈ ਬਈ ਸਰਪ ਰੂਪੀ ਸ਼ੈਤਾਨ ਨੂੰ ਕੀਹਨੇ ਇਹ ਭੇਦ ਦੇ ਦਿੱਤਾ ਬਈ
ਦੋ ‘ਭੋਲਿਆਂ’ ‘ਚੋਂ ਕਿਹੜਾ ਜੀਅ ਵੱਧ ਭੋਲੈ, ਵੱਧ ਲਾਈ ਲੱਗ ਐ।
ਊਂ ਕਹਾਣੀ ਸੱਚੀ ਲਗਦੀ ਐ। ਜੇ ਕਿਸੇ ਨੂੰ ਸ਼ੱਕ ਐ, ਸਤ੍ਹਾ ਦੇ ਖਿਲਾਫ ਹੁਣ ਕੁਸ਼ ਬੋਲ ਕੇ
ਦੇਖ ਲੋ। ਨਤੀਜਾ, ਇਸ ਡੈਮੋਕ੍ਰੇਸੀ ਵਿੱਚ ਵੀ ਪਰਮ-ਸਤ੍ਹਾ ਦੀ ਤਾਨਾਸ਼ਾਹੀ ਵਾਲਾ ਈ ਨਿਕਲੂ।
ਸੋ ਇਸ ਸੰਬੰਧ ਵਿੱਚ ਹੋਰ ਕੁਸ਼ ਕਹਿਣ ਨਾਲੋਂ, ਮੈਂ ਵੀ ਸੁਰੱਖਿਅਤ ਰਹਿਣ ਨੂੰ ਹੀ ਤਰਜੀਹ
ਦਿੰਦਾ ਹਾਂ। ਬਸ! ਚੁੱਪ!!
ਊਂ ਜੇ ਸਕਾਟ ਦੀ ਉਪਰੋਕਤ ਧਾਰਨਾ ਨੂੰ ਵਧਾ ਕੇ, ਮੁੱਢਲੇ ਮਾਨਵ ਜੀਵਨ ਨਾਲ ਜੋੜ ਦਿੱਤਾ ਜਾਵੇ
ਤਾਂ ਇਹ ਕੁਸ਼ ਨਾ ਕੁਸ਼ ਮਾਰਕਸਵਾਦੀਆਂ ਦੀ ਇਸ ਧਾਰਨਾ ਨਾਲ ਜਾ ਜੁੜਦੀ ਐ ਕਿ ਪਦਾਰਥ ਅਤੇ
ਜਾਇਦਾਦ ਦੇ ਨਿੱਜੀਕਰਣ ਦਾ ਸਾਰਾ ਸਿਆਪਾ ਉਦੋਂ ਸ਼ੁਰੂ ਹੁੰਦੈ ਜਦੋਂ ਚੰਗੇ ਭਲੇ ਚਲਦੇ
ਮੁੱਢਲੇ, ਸਰਬਸਾਂਝੀਵਾਲਤਾ ਨਾਲ ਲਬੋਲਬ ਸਮਾਜ ਵਿੱਚ ਕਿਸੇ ਨੇ ਕਿਹਾ, “ਆਹ ਜ਼ਮੀਨ ਦਾ ਟੁਕੜਾ
ਜਾਂ ਵਸਤੂ ਮੇਰੀ ਹੈ। ਕਿਸੇ ਦਾ ਹੋਵੇਗਾ ਤਾਂ ਸੁਰੱਖਿਅਤ ਵੀ ਰੱਖਣਾ ਪਵੇਗਾ। ਫਿਰ ਕਦੇ ਕੋਈ
ਹੋਰ ਜੋਰਾਵਰ ਜਾਂ ਅਤਿ ਦੀ ਲੋੜ ਵਾਲਾ ਉਹਨੂੰ ਖੋਹਣ ਦਾ ਯਤਨ ਵੀ ਕਰੇਗਾ। ਅਸੁਰੱਖਿਆ ਦੀ
ਭਾਵਨਾ, ਸੁਰੱਖਿਆ ਦੀ ਇਸ ਲੋੜ ‘ਚੋਂ ਪੈਦਾ ਹੁੰਦੀ ਹੈ। ਪਰ ਕਿਉਂਕਿ ਉਸ ਦਿਨ ਆਪਾਂ ਆਪਣਾ
ਮਾਰਕਸਵਾਦ ਤਾਂ, ਹਿਮਾਚਲ ‘ਚ ਦਾਖਲੇ ਸਮੇਂ ਕਟਵਾਈ ਪਰਚੀ ਦੇ ਨਾਲ ਹੀ ਬੈਰੀਅਰ ਤੇ ਫੜ੍ਹਾ ਆਏ
ਸੀ, ਇਸ ਲਈ ਕੋਈ ਮਾਰਕਸਵਾਦ ਨਹੀਂ। ਸੋ ਕੁੱਲ ਮਿਲਾ ਕੇ ਧਾਰਨਾ ਇਹ ਐ ਕਿ ਦੋ ਚਾਰ ਅੰਬਾਂ ਦੇ
ਖੁੱਸਣ ਨਾਲ ਕਿਧਰ ਟਵਿੰਨ ਟਾਵਰ ਢਹਿ-ਢੇਰੀ ਹੋ ਗਏ, ਜਿਹੜਾ ਸੁਰੱਖਿਆ ਘੇਰਾ ਟੁੱਟ ਗਿਆ। ਪਰ
ਫਰਾਇਡ ਕਹਿੰਦਾ ਨਹੀਂ, ਮਨੁਖ ਦੇ ਅਚੇਤ ਦਾ ਭੇਦ ਤੈਨੂੰ ਨੀ ਪਤਾ। ਇਹ ਤਾਂ ਫੇਰ ਸਾਹਮਣੇ
ਵਾਪਰਿਆ ਵਰਤਾਰੈ; ਬੰਦੇ ਦੇ ਤਾਂ ਦਸ ਪੈਸੇ ਕਿਤੇ ਡਿੱਗੇ ਨਾ ਮਿਲਣ ਤਾਂ ਛੇ ਮਹੀਨੇ, ਉੱਥੋਂ
ਲੰਘਣ ਲੱਗਿਆ ਦੇਖ ਕੇ ਲੰਘੂ। ਸੋ ਚੁੱਪ ਈ ਭਲੀ। ਜੇ ਫਰਾਇਡ ਨਾਲ ਪੰਗਾ ਪਿਆ ਤਾਂ ਉਹ ਅੰਬ ਦੇ
ਪੀਲੇ ਰੰਗ ਨੂੰ, ਸ਼ਕਲ ਨੂੰ, ਲਿੱਟ ਸਾਹਿਬ ਦੇ ਪਚਾਕਿਆਂ ਨੂੰ ਖ਼ਬਰੇ ਕਿਹੜੇ ਕਾਮ-ਪ੍ਰਬੰਧ
ਨਾਲ ਜੋੜ ਦੇਵੇ।
ਸੋ ਇਸ ਵਾਰ ਜਦੋਂ ਮੈਂ ਪੈੱਗ ਪਾਇਆ ਤਾਂ ਇਹ ਫ਼ੈਸਲਾ ਕਰਨਾ ਔਖਾ ਹੋ ਗਿਆ ਕਿ ਸਰੂਰ ਸ਼ਰਾਬ
ਦਾ ਸੀ ਜਾਂ ਜਗਤਾਰ ਸੇਖਾ ਦੀ ਗ਼ਜ਼ਲ ਦਾ। ਮਨੁੱਖ, ਜੰਗਲ ਅਤੇ ਸਾਹਿਤ ਕੁਛ਼ ਇਸ ਤਰ੍ਹਾਂ ਇੱਕ
ਮਿੱਕ ਹੋ ਗਏ, ਕਿ ਮੁਕੰਮਲ ਚੁੱਪ ‘ਚ, ਜਗਤਾਰ ਸੇਖਾ ਦੀ ਤਰੰਨੁਮ ‘ਚ ਗਾਈ ਜਾ ਰਹੀ ਗਜ਼ਲ
ਜਿਵੇਂ ਪੱਤੇ-ਪੱਤੇ ‘ਚੋਂ ਝਰ ਰਹੀ ਸੀ।
ਇੱਕ ਮਹਾਂਭਾਰਤ ਮੇਰੇ ਅੰਦਰ ਤੇ ਬਾਹਰ ਫੈਲਿਆ
ਖ਼ੁਦ ਹੀ ਦੁਰਯੋਧਨ ਕਦੇ ਭੀਸ਼ਮ ਕਦੇ ਅਰਜਨ ਬਣਾਂ।
ਲਾਲਸਾ ਇਹ ਵੀ ਸੀ ਕਿ ਹਾਸਲ ਕਰ ਲਵਾਂ ਕੋਈ ਸਥਾਨ
ਇਹ ਵੀ ਖ਼ਾਹਿਸ਼ ਨਿੱਤ ਨਵੇਂ ਰਾਹਾਂ ਲਈ ਭਟਕਣ ਬਣਾਂ।
ਹਰ ਪਾਸਿਓਂ ਵਾਹ! ਵਾਹ!! ਹੋ ਰਹੀ ਸੀ। ਵਾਹ-ਵਾਹ ਮੈਂ ਵੀ ਕਰ ਰਿਹਾ ਸੀ ਪਰ ਮੇਰੇ ਅੰਦਰ
ਬੈਠਾ ਕੋਈ ਇਸ ਗੱਲ ‘ਤੇ ਅਸ਼ਕੇ ਜਾ ਰਿਹਾ ਸੀ ਕਿ ਜਗਤਾਰ ਨੇ ਭਟਕਣ ਵਰਗੇ ਸ਼ਬਦ ਨੂੰ, ਜਿਸਦੀ
ਰਜਿਸਟਰੀ ਹੀ ਨਾਕਾਰਾਤਮਕ ਅਰਥਾਂ ‘ਚ ਹੋਈ ਹੈ, ਤਲਾਸ਼ ਵਰਗੇ ਦੈਵੀ ਅਰਥਾਂ ਵਿੱਚ ਬੰਨ੍ਹਿਆ
ਹੈ।
ਤਾਂ ਫੇਰ ਕੀ ਅਸੀਂ ਐਥੇ, ਦੇਵਦਾਰਾਂ ਦੇ ਸੰਘਣੇ ਜੰਗਲ ਵਿੱਚ ਕੁਝ ਗੁਆਚਿਆ ਭਾਲਣ ਆਏ ਸੀ? ਕੀ
ਸੀ ਅਜਿਹਾ ਜਿਹੜਾ, ਅਮਲੀ ਦੀ ਸੂਈ ਵਾਂਗ ਖੋਇਆ ਤਾਂ ਘਰ ਸੀ ਪਰ ਲੱਭਣਾ ਗਲੀ ਦੀ ਬੱਤੀ ਦੇ
ਚਾਨਣ ‘ਚ ਸੀ। ਮਸਾਂ-ਮਸਾਂ ਅਤੇ ਇੱਕੋ ਇੱਕ ਮਿਲੀ ਹੋਈ ਜਿ਼ੰਦਗੀ ਦੇ ਅਤਿ ਕੀਮਤੀ ਸਾਹਾਂ ਦੀ
ਪੂੰਜੀ ਖ਼ਰਚ ਕੇ ਬਣਾਏ ਘਰ, ਰੂਹ ਦੀ ਮਹਿੰਗੀ ਕੀਮਤ ਤੇ ਵਿਹਾਜੇ ਰਿਸ਼ਤੇ, ਸਾਰੀ ਪਦਾਰਥਕ
ਉੱਨਤੀ ਦੇ ਮੁੱਲ ਵਜੋਂ ਪ੍ਰਾਪਤ ਕੀਤੇ ਸੁੱਖ ਆਰਾਮ ਛੱਡ ਕੇ ਐਥੇ ਕੀ ਕਰ ਰਹੇ ਹਾਂ ਅਸੀਂ?
ਸ਼ਰਾਬ, ਅੰਬ ਅਤੇ ਗ਼ਜ਼ਲ ਤਾਂ ਆਪੋ ਆਪਣੇ ਸ਼ਹਿਰਾਂ ‘ਚ ਵੀ ਉਪਲਬਧ ਸੀ। ਮੁੜ ਪਹਿਲਾਂ ਵਾਲਾ
ਸਵਾਲ ਹੀ ਸਾਹਮਣੇ ਆ ਗਿਆ। ਸੱਭਿਅਤਾ ਦੀ ਉਸਾਰੀ ਜਿ਼ੰਦਗੀ ਛੱਡ ਕੇ ਅਸੀਂ ਇਸ ‘ਨਿੱਤ ਦੀ
ਲੜਾਈ’ ਦੇ ਮੈਦਾਨ ‘ਚ ਕਿਉਂ ਸਾਂ?
ਇਹਨਾਂ ਸਵਾਲਾਂ ਦੇ ਓਹਲੇ ’ਚੋਂ ਇੱਕ ਹੋਰ ਸਵਾਲ ਉੱਭਰਿਆ। ਘਰੋਂ ਨਿਕਲਣ ਦਾ ਕਾਰਨ ਕੁਦਰਤ ਦੀ
ਖਿੱਚ ਸੀ ਜਾਂ ਮਨੁੱਖ ਦੀ ਆਪਣੀ ਬਣਾਈ ਜਿ਼ੰਦਗੀ ਤੋਂ ਭਾਂਜ? ਅਸੀਂ ਅਜਿਹਾ ਕੀ ਸਿਰਜ ਲਿਆ ਹੈ
ਜਿਸ ਤੋਂ ਭੱਜਣਾ ਪੈ ਰਿਹਾ ਹੈ।
ਸੰਸਾਰ ਪ੍ਰਸਿੱਧ ਅੰਗ੍ਰੇਜ਼ ਕਵੀ ‘ਵਰਡਜ਼ਵਰਥ’ ਦੀ ਇੱਕ ਕਵਿਤਾ ‘ਚੋਂ ਤਾਜ਼ੀਆਂ-ਤਾਜ਼ੀਆਂ
ਪੜ੍ਹੀਆਂ ਸਤਰਾਂ ਮੇਰੇ ਯਾਦ ਆਈਆਂ-
To her fair works did nature link
The human soul that through me ran
And much it grieved my heart to think
What man has made of man!
ਵਰਡਜ਼ਵਰਥ ਕਹਿਣਾ ਇਹ ਚਾਹੁੰਦਾ ਹੈ ਕਿ ਆਦਮੀ ਅਤੇ ਕੁਦਰਤ ਵਿੱਚ ਕਿਉਂਕਿ ਇੱਕ ਹੀ ਆਤਮਾ
ਵਸਦੀ ਹੈ, ੲਹ ਦੋਵੇਂ ਮਿਲ ਕੇ ਰਹਿਣ ਲਈ ਬਣੇ ਹਨ। ਪਰ ਆਦਮੀ ਨੇ ਆਪਣੇ ਆਪ ਨੂੰ ਕੁਦਰਤ
ਨਾਲੋਂ ਵੱਖ ਕਰਕੇ ਆਪਣਾ ਕੀ ਹਾਲ ਬਣਾ ਲਿਆ ਹੈ। ਹਰ ਵੇਲੇ ਦੀ ਨੱਠ-ਭੱਜ। ਝੂਠੀ ਮਾਇਆ ਲਈ
ਝੂਠ। ਫ਼ਰੇਬੀ ਰਿਸ਼ਤਿਆਂ ਲਈ ਫ਼ਰੇਬ। ਧੋਖਾ ਪੂਰਣ ਵਾਅਦਿਆਂ ਲਈ ਧੋਖਾ। ਤ੍ਰਾਹ ਕੱਢ ਦੇਣ
ਵਾਲੀ ਸੱਚਾਈ ਇਹ ਹੈ ਕਿ ਇਹ ਸਭ ਕੁਝ ਅਸੀਂ ਕਰਦੇ ਵੀ ਹਾਂ ਤੇ ਇਸੇ ਨੂੰ ਨਿੰਦਦੇ ਵੀ ਹਾਂ।
ਫੇਰ ਭੱਜਦੇ ਹਾਂ ਕਦੇ ਪਹਾੜਾਂ ਨੂੰ, ਕਦੇ ਜੰਗਲਾਂ ਨੂੰ ਤੇ ਕਦੇ ਤੀਰਥਾਂ ਨੂੰ। ਅਖੇ:
ਭੱਜੀ ਫਿਰੇਂ ਤੀਰਥਾਂ ਨੂੰ, ਤੇਰੇ ਮਨ ਦੀ ਮੈਲ ਨਾ ਜਾਵੇ
ਰੂਹ ਦੀ ਸ਼ਾਂਤੀ, ਮਨ ਦਾ ਸਕੂਨ ਇਹਨਾਂ ਵੇਲਾਂ ਬੂਟਿਆਂ, ਰੁੱਖਾਂ ਤੋਂ ਭਾਲਦੇ ਹਾਂ ਜਿਹਨਾਂ
ਵਰਗਾ ਕੋਈ ਜੇ ਸਾਡੀ ਮਾਲਕੀ ਦੀ ਹੱਦ ‘ਚ ਖੜ੍ਹਾ ਹੋਵੇ ਤਾਂ ਦੇਖਦੀ ਸਾਰ ਸਾਡੀਆਂ ਵਾਛਾਂ ਖਿੜ
ਜਾਂਦੀਐਂ, ‘ਵੀਹ ਹਜ਼ਾਰ ਦਾ ਤਾਂ ਹੋਊ’ । ਸਾਰੀਆਂ ਟਾਹਲੀਆਂ ਦੇ ਮੇਜ਼ ਕੁਰਸੀਆਂ ਬਣਾ ਕੇ
ਉਹਨਾਂ ਡਰਾਇੰਗ ਰੂਮਾਂ ‘ਚ ਸਜਾ ਤੇ ਜਿਨ੍ਹਾਂ ‘ਚ ਅਸੀਂ ਛੇ ਛੇ ਮਹੀਨੇ ਵੜਦੇ ਈ ਨੀ।
ਰ੍ਰੁੱਖ ਵੱਢਣਾ ਮਾੜੀ ਗੱਲ ਐ, ਪਰ ਬੰਦੇ ਨੇ ਇੱਕ ਕੰਮ ਚੰਗਾ ਕੀਤਾ; ਜਿਹੜੀ ਦਾਰੂ ਖ਼ਾਤਰ
ਦੇਵਤਿਆਂ ਨੂੰ ਸਮੁੰਦਰ ਰਿੜਕਣਾ ਪਿਆ, ਰਾਖ਼ਸ਼ਾਂ ਨੂੰ ਯੁੱਧ ਕਰਕੇ ਜਿੱਤਣੀ ਪਈ, ਬੰਦੇ ਨੇ
ਘਰੇ ਬਣਾ ਲੀ। ਜੀਹਨਾਂ-ਜੀਹਨਾਂ ਦੇ ਕਰਮਾਂ ‘ਚ ਗੁੜ/ਅੰਗੂਰਾਂ ਦੀ ਭਾਫ਼ ਲਿਖੀ ਹੋਈ ਸੀ, ਮੈ
ਪਾ ਦਿੱਤੀ।
ਜਿਹਨਾਂ ਦੀ ਰਲੀ ਹੋਈ ਸੀ, ਅਗਲਿਆਂ ਨੇ ਚੱਕ ਲੀ। ਉਸੇ ਵੇਲੇ ਉੱਧਰ ਗੱਡੀ ਕੰਨੀ ਚੱਕਲੋ
ਚੱਕਲੋ ਹੋਗੀ।
ਜਦ ਨੂੰ ਗੱਡੀ ਦੀ ਮੂਹਰਲੀ ਸੀਟ ‘ਤੇ ਪਿਆ ਡਰਾਈਵਰ ਰੌਲਾ ਰੱਪਾ ਕਰਦਾ, ਜਦ ਨੂੰ ਅਸੀਂ ਪੰਜ
ਰਤਨੀਂ ਦੇ ਸਮੁੰਦਰ ‘ਚੋਂ ਡੁਬਕੀ ਲਾ ਕੇ ਉਭਰਦੇ, ਬਾਂਦਰ ਦਿਆਰ ‘ਤੇ ਚੜ੍ਹ ਰਿਹਾ ਸੀ। ਐਤਕੀਂ
ਪਤੰਦਰ ਕੇਲਿਆਂ ਵਾਲਾ ਲਿਫ਼ਾਫ਼ਾ ਪੂਰੇ ਦਾ ਪੂਰਾ ਲੈ ਗਿਆ। ਗੱਡੀ ਵਾਲੇ ਸਾਡੇ ਕਵਚ ‘ਚ,
ਖੁੱਲ੍ਹੇ ਸ਼ੀਸ਼ੇ ਦੀ ਮੋਰੀ ਰਹਿ ਗਈ ਸੀ।
ਕਈ ਲਲਕਾਰੇ ‘ਕੱਠੇ ਈ ਗੂੰਜੇ। ਅਸੀਂ ਬਾਂਦਰ ਨੂੰ ਟੁੱਟ ਕੇ ਪੈ ਗਏ। ਕੇਲੇ ਕਿਹੜਾ ਸ਼ਰਾਬ ਸੀ
ਬਈ ਰਲੀ ਹੋਈ ਸਮਝ ਕੇ ਛੱਡ ਦਿੰਦੇ। ਬੰਦੇ ਦੀ ਹੋਂਦ ਨਾਲ ਜੰਗਲ ਜਾਗ ਉੱਠਿਆ। ਖੱਡ ਦੇ ਦੂਜੇ
ਪਾਸਿਓਂ, ਪਹਾੜੀ ਨਾਲ ਟਕਰਾ ਕੇ ਆਈ ਪ੍ਰਤੀਧੁਨੀ ਨਾਲ ਬਾਂਦਰ ਡਰ ਗਿਆ। ਟਾਹਣੀ ਤੇ ਬੈਠੇ ਤੋਂ
ਲਿਫ਼ਾਫ਼ਾ ਛੁੱਟ ਗਿਆ। ਅਸੀਂ ਬੁੱਚਣ ਨੂੰ ਖੜ੍ਹੇ ਈ ਸੀ। ਨਿਹੰਗਾਂ ਦੇ ਝਟਕੇ ਬੱਕਰੇ ਵਾਂਗ,
ਭੋਰਾ ਨੀਂ ਲਿਫ਼ਾਫ਼ੇ ਦਾ ਹੇਠ ਲੱਗਣ ਦਿੱਤਾ। ਉੱਪਰ ਦੇਖਿਆ, ਸ਼੍ਰੀਮਾਨ ਜੀ, ਪਹਿਲਾ ਕੇਲਾ
ਛਿੱਲ ਰਹੇ ਸਨ। ਪਤਾ ਨਹੀਂ ਕਿਹੜੇ ਵੇਲੇ ਦੋ ਕੇਲੇ ਕੱਢਲੇ।
-“ਚੱਲ ਕੁਸ਼ ਨੀ ਲੱਗਿਆਂ ਕੇਲਿਆਂ ਨੂੰ, ਚੱਕ ਲਿਆਓ ਹੁਣ” ਕਿਸੇ ਨੇ ਕਿਹਾ। ਮੁੜਨ ਲੱਗੇ ਤਾਂ
ਡਰਾਈਵਰ ਦੀ ਆਵਾਜ਼ ਸੁਣੀ-
-“ਕਹਿੰਦੈ ਐਥੇ ਪਟਿਆਲੇ ਆਲਾ ਰਾਜਾ ਆਪਣੀਆਂ ਰਾਣੀਆਂ, ਰਖੇਲਾਂ ਨਾਲ ਅਠਖੇਲੀਆਂ ਕਰਦਾ ਹੁੰਦਾ
ਸੀ। ਕੀ ਪਤੈ ਇਹ ਵੀ ਪਿਛਲੇ ਜਨਮ ‘ਚ ਰਾਜੇ ਦੀ ਕੋਈ ਦਾਸੀ ਦੂਸੀ ਈ ਹੋਵੇ। ਛੱਤੀ ਪ੍ਰਕਾਰ ਦੇ
ਭੋਜਨਾਂ ‘ਚ ਰਹਿੰਦੀ ਹੋਊ। ਅੱਜ ਕੀ ਸਹੁਰੀ ਦੇ, ਅੰਬਾਂ ਕੇਲਿਆਂ ਨੂੰ ਤਰਸਦੀ ਫਿਰਦੀ ਐ। ਵਕਤ
ਵਕਤ ਦੀ ਬਾਤ ਐ ਸਰਦਾਰ ਜੀ।”
ਡਰਾਈਵਰ ਨੇ ਪੁਨਰ-ਜਨਮ ਦੇ ਸਿੱਧਾਂਤ ਨੂੰ ਹੂ-ਬ-ਹੂ ਲਾਗੂਬ ਕਰਕੇ ਮਨਮਰਜ਼ੀ ਦਾ ਸਿੱਟਾ ਕੱਢ
ਲਿਆ ਤੇ ਜਿਵੇਂ ਉਸੇ ਪਹਿਲੇ ਜਨਮ ਦੀ ਦਾਸੀ ਦੇ ਮਾੜੇ ਵਕਤ ‘ਚ ਕੋਈ ਕਸਰ ਰਹਿ ਗਈ ਹੋਵੇ,
ਗੱਡੀ ‘ਚੋਂ ਕੱਢ ਕੇ, ਕਹੀ ਦੇ ਬਾਂਹੇ ਕੁ ਜਿੱਡਾ, ਡੰਡੋਰਕਾ ਸਾਡੇ ਕੋਲ ਲਿਆ ਧਰਿਆ-
-“ਦੋ ਮਾਰਿਓ ਸਾਲੀ ਦੇ ਜੇ ਹੁਣ ਆਈ”-
ਇਸ ਤਰ੍ਹਾਂ ਇਸ ਵਾਰ ਦੇ, ਆਨੰਦਮਈ ਮਾਹੌਲ ਵਿੱਚ, ਦਾਸੀ ਦੀ ਉਡੀਕ ਵੀ ਸ਼ਾਮਿਲ ਹੋ ਗਈ।
ਜੇ ਡਰਾਈਵਰ ਦੀ ਸਮਝ ਅਨੁਸਾਰ ਵੇਖੀਏ ਤਾਂ ਐਥੇ ਕੁ ਹੀ ਕਿਤੇ ਕੋਈ ਥਾਂ ਹੋਵੇਗਾ ਜਿੱਥੇ
ਅਠਖੇਲੀਆਂ ਕਰਦਾ ਰਾਜਾ ਵੀ, ਤੋਤੇ ਦੀ ਚੁੰਝ ਵਰਗੀ, ਸੋਨੇ ਦੀ ਸੁਰਾਹੀ ਚੋਂ, ਵਿਦੇਸ਼ੀ
ਸ਼ਰਾਬ ਘੁਟਾਘੁਟੀ ਪੀਂਦਾ ਹੋਊ ਤੇ ਕੈਰੀਆਂ ਅੱਖਾਂ ਨਾਲ, ਪਹਾੜੀ ਤੋਂ ਅਹੁ ਪਰੇ, ਘੁੱਗ ਵਸਦੇ
ਸਿ਼ਮਲੇ ਵੱਲ ਵੇਖਦਾ ਹੋਊ, ਜਿੱਥੇ ਹੁਣ ਉਹਦਾ ਵੜਨਾ ਮਨ੍ਹਾ ਸੀ।
ਚਾਇਲ ਦੇ ਵਸਣ ਦੀ ਕਥਾ ਮੇਰੇ ਚੇਤੇ ਆ ਗਈ ਤੇ ਹਮੇਸ਼ਾਂ ਵਾਂਗ ਹੀ, ਮਹਾਂਰਿਸ਼ੀ
ਵਿਸ਼ਵਾਮਿੱਤਰ ਦੀ ਪ੍ਰਤਿੱਗਿਆ, ਹਠ ਅਤੇ ਕ੍ਰੋਧ ਨਾਲ ਕੰਬਦੀ ਕਾਇਆ ਮੇਰੇ ਸਾਹਮਣੇ ਆ ਖੜ੍ਹੀ।
ਵਿਸ਼ਵਾਮਿੱਤਰ ਦੇ ਭੇਜੇ ਰਾਜੇ ਨੂੰ ਇੰਦਰ ਨੇ ਸਵਰਗ ਨਹੀਂ ਸੀ ਵੜਨ ਦਿੱਤਾ।
ਚਾਇਲ ਮਹਾਰਾਜਾ ਪਟਿਆਲਾ ਦਾ ਵਸਾਇਆ ਇੰਦਰ ਲੋਕ ਹੈ।
ਵਿਸ਼ਵਾਮਿੱਤਰ ਤੇ ਰਾਜੇ ਦੀਆਂ ਕਹਾਣੀਆਂ ਭਾਵੇਂ ਵੱਖ-2 ਹੋਣ ਪਰ ਦੋਹਾਂ ਵਿੱਚ ਇੱਕ ਇੱਕ
ਮੇਨਕਾ ਸਾਂਝੀ ਹੈ।
ਕਹਿੰਦੇ ਨੇ ਪਟਿਆਲੇ ਵਾਲੇ ਰਾਜੇ ਦੀ ਅੱਖ ‘ਚ ਵਾਇਸਰਾਏ ਦੀ ਕਿਸੇ ਧੀ-ਭੈਣ ਦੀ ਤਸਵੀਰ ਉੱਤਰ
ਗਈ ਸੀ ਤੇ
ਇਸ਼ਕ ਮੁਸ਼ਕ ਨਾ ਗੁੱਝੇ ਰਹਿੰਦੇ
ਲੱਖ ਪਿਆ ਪਰਦੇ ਪਾ ਓ ਯਾਰ
ਤੇ ਰਾਜੇ ਦੀ ਇਸ ਛੇੜਖਾਨੀ ਦੀਘੰਧ ਤਾਂ ਸੱਤ ਸਮੁੰਦਰਾਂ ਦੇ ਪਰਦੇ ਚੀਰ ਗਈ। ਚਰਚਾ ਓਥੇ-ਓਥੇ
ਗਈ ਜਿੱਥੋਂ ਜਿੱਥੋਂ ਸੂਰਜ ਲੰਘਦਾ ਸੀ ਤੇ ਅਗਲੇ ਕਿਹੜਾ ਇੰਦਰ ਤੋਂ ਘੱਟ ਚੱਕਰਵਰਤੀ ਸਨ;
ਰਾਜੇ ਨੂੰ ਸਿ਼ਮਲੇ ਵਿੱਚ ਵੜਨ ਦੀ ਮਨਾਹੀ ਕਰ ਦਿੱਤੀ। ਪਰ ਰਾਜੇ ਦਾ ਅਭਿਮਾਨ ਕਿਹੜਾ
ਵਿਸ਼ਵਾਮਿੱਤਰ ਤੋਂ ਘੱਟ ਸੀ। ਜੇ ਵਿਸ਼ਵਾਮਿੱਤਰ ਨੇ ਇੰਦਰ ਵੱਲੋਂ ਪਟਕੇ ਰਾਜੇ ਨੂੰ ਧਰਤੀ
ਤੋਂ ਉੱਪਰ ਹੀ ਰੋਕ ਕੇ, ਉਹਦੇ ਲਈ ਇੱਕ ਵੱਖਰਾ ਸਵਰਗ ਸਿਰਜ ਦਿੱਤਾ ਸੀ ਤਾਂ ਮਹਾਰਾਜਾ
ਪਟਿਆਲਾ ਨੇ ਆਪਣੇ ਲਈ ਅੰਗ੍ਰੇਜ਼ਾਂ ਦੇ ਸਵਰਗ ਤੋਂ ਥੋੜ੍ਹਾ ਉਰੇ, ਤੇ ਆਪਣੀ ਪਰਜਾ ਦੀ ਧਰਤੀ
ਤੋਂ ਦੂਰ, ਉੱਪਰ ਇੱਕ ਸਵਰਗ ਵਸਾ ਲਿਆ ਸੀ, ਚਾਇਲ।
ਮੈਂ ਕੇਲੇ ਖਾਂਦੇ ਬਾਂਦਰ ਵੱਲ ਵੇਖਿਆ। ਜੀਅ ਕੀਤਾ, ਉਹਨੂੰ ਸੁਣਾ ਕੇ ਉੱਚੀ ਸਾਰੀ ਕਹਾਂ ‘ਉਹ
ਰਾਜਿਆਂ ਦੀ ਲੜਾਈ ਸੀ ਮਿੱਤਰਾ, ਸਵਰਗ ਖ਼ਾਤਰ, ਅਪਸਰਾਵਾਂ ਖ਼ਾਤਰ। ਆਪਾਂ ਤਾਂ ਜੇ ਕਿਤੇ
ਸਵਰਗ ਦੀ ਇੱਛਾ ਖ਼ਾਤਰ ਵੀ ਕਰਾਂਗੇ ਤਾਂ ਆਪਣੇ ਲਈ ‘ਤ੍ਰਿਸ਼ੰਕੂ’ ਹੋਣ ਦੀ ਹੋਣੀ ਮੁਕੱਰਰ
ਹੈ। ਆਪਾਂ ਮੈਦਾਨ ਹੋਵਾਂਗੇ, ਉਹ ਯੋਧੇ। ਲਲਕਾਰਨਗੇ, ਲੜਨਗੇ ਤੇ ਆਪਾਂ,ਹਾਰਾਂਗੇ। ਉਹ ਸਵਰਗ
ਲਈ ਲੜਨਗੇ ਤੇ ਆਪਾਂ ਕੇਲਿਆਂ ਲਈ।
ਪਰ ਉਹਨੇ ਮੇਰੀ ਕਿੱਥੇ ਸੁਣਨੀ ਸੀ, ਮਲੱਕ ਦੇ ਕੇ ਫਿਰ ਉੱਤਰ ਆਇਆ। ਇਸ ਵਾਰ ਨਿਰੰਜਣ ਸੂਖਮ
ਹਥਿਆਰਬੰਦ ਸੀ। ਡੰਡਾ, ਨਿਸ਼ਾਨਾ ਸਿੰਨ੍ਹ ਕੇ ਵਗਾਹ ਮਾਰਿਆ। ਪਰ ਉਹ ‘ਨਿੱਤ ਦੀ ਲੜਾਈ’ ਦਾ
ਯੋਧਾ ‘ਡਾਜ’ ਕਰ ਗਿਆ ਤੇ ਸਾਡਾ ਹਥਿਆਰ ਜੰਗਲ ਵਿੱਚ ਖੋ ਗਿਆ। ਹਥਿਆਰਾਂ ਬਾਰੇ ਅਤੇ ਯੁੱਧ
ਦੀਆਂ ਤਕਨੀਕਾਂ ਬਾਰੇ ਸਾਨੂੰ ਕਿੰਨੀ ਡੂੰਘੀ ਜਾਣਕਾਰੀ ਹੈ, ਇਹਦੀ ਅਸਲੀਅਤ ਇਸ ਘਟਨਾ ਤੋਂ
ਬਾਅਦ ਸਾਹਮਣੇ ਆਈ। ਹਥਿਆਰ ਹੱਥੋਂ ਛੱਡ ਦੇਣ ਵਰਗੀ, ਗੰਭੀਰ ਗ਼ਲਤੀ ਦੀ ਪੜਚੋਲ ਵੱਖ-ਵੱਖ
ਯੁੱਧਨੀਤਕ ਪੈਂਤੜਿਆਂ ਤੋਂ ਕੀਤੀ ਗਈ। ਸਾਡੇ ਪੱਧਰ ਦਾ ਫਿ਼ਕਰ ਸਿਰਫ ਅਮਰੀਕਾ ਦਾ ਹੋਣਾ ਸੀ
ਜੇ ਕਿਤੇ ਸੱਦਾਮ ਉਹਦੀ ਮਿਜ਼ਾਈਲ ਸਹਾਰਾ ਦੇ ਰੇਗਿਸਤਾਨ ‘ਚ ਸੁੱਟ ਲੈਂਦਾ। ਹੁਣ ਕਦੇ ਵੀ,
ਭਾਵੇਂ ਕੁਸ਼ ਹੋ ਜਾਵੇ, ਨਿਰੰਜਣ ਹਥਿਆਰ ਹੱਥੋਂ ਨਹੀਂ ਛੱਡੇਗਾ।
ਅਸੀਂ ਗੁਆਚਿਆ ਡੰਡੋਰਕਾ, ਜੰਗਲ ‘ਚੋਂ ਲੱਭਦੇ ਰਹੇ ਤੇ ਉਹ, ਜੀਹਦੇ ਚਿਹਰੇ ਤੇ ਡਰ ਦਾ
ਨਾਮੋ-ਨਿਸ਼ਾਨ ਵੀ ਨਹੀਂ ਸੀ, ਸਾਡੇ ਸਿਰਾਂ ਤੋਂ ਵੀਹ ਕੁ ਫੁੱਟ ਉੱਚਾ ਬੈਠਾ, ਸਾਡੇ ਵੱਲ
ਵੇਖਦਾ ਰਿਹਾ, ਜਿਹਨਾਂ ਨੂੰ ਜੰਗਲ ‘ਚ ਆ ਕੇ ਵੀ ਢਾਈ ਫੁੱਟ ਲੱਕੜੀ ਦਾ ਖੋ ਜਾਣਾ ਚਿੰਤਤ ਕਰੀ
ਜਾ ਰਿਹਾ ਸੀ।
ਸਾਡੀ ਖੋਜ ਆਖ਼ਰ ਸਫ਼ਲ ਰਹੀ। ਅਸੀਂ ਫਿਰ ਹਥਿਆਰਬੰਦ ਹੋ ਗਏ ਸਾਂ।
ਮਹਿਫਿ਼ਲ ਫਿਰ ਜੁੜ ਗਈ। ਪਰ ਆਖਰੀ ਪੈੱਗ ਪਾਉਣ ਲੱਗਿਆਂ ਮੈਂ ਹੈਰਾਨ ਸੀ, ਇਹ ਕਿਹੋ ਜਿਹੇ
ਰਿੰਦ ਸਨ। ਬੋਤਲ ਅਜੇ ਅੱਧੀ ਦੇ ਲਗਭਗ ਬਾਕੀ ਸੀ।। ਤੁਰਨ ਵੇਲੇ ਵੀ, ਜਦੋਂ ਮੈਂ ਬਾਕੀ ਬਚਦੀ
ਸ਼ਰਾਬ ਸਾਂਭ ਕੇ ਗੱਡੀ ਵਿੱਚ ਰੱਖ ਰਿਹਾ ਸਾਂ, ਮੈਂ ਪੀਣ ਵਾਲਿਆਂ ਦੀ ਨਫ਼ਾਸਤ ਦੇ ਬਲਿਹਾਰੇ
ਜਾ ਰਿਹਾ ਸਾਂ। ਨਹੀਂ; ਮੈਂ ਤਾਂ ਉਹਨਾਂ ਪੀਣ ਵਾਲਿਆਂ ਨੂੰ ਹੀ ਜਾਣਦਾ ਸਾਂ ਜਿਹੜੇ ਡਿੱਗੇ
ਪਏ ਵੀ ਕਹੀ ਜਾਣਗੇ, “ਖੜ੍ਹ ਜਾ, ਰੋਟੀ ਖਾਣ ਜੋਗਾ ਹੋ ਤਾਂ ਲੈਣ ਦੇ।”
ਹੁਣ ਫੋਟੋ ਸੈਸ਼ਨ ਹੋਣਾ ਸੀ। ਅਸੀਂ ਤਰ੍ਹਾਂ-ਤਰ੍ਹਾਂ ਦੇ ਪੋਜ਼ ਬਣਾ ਕੇ ਉਸ ਮਨੋਰੰਜਕ ਦਿਨ
ਦੇ ਅੰਤਲੇ ਪਲ ਸਮੇਟੇ। ਵਿਸ਼ੇਸ਼ ਤੌਰ ਤੇ ਗੁਰਦਿਆਲ ਦਲਾਲ ਅਤੇ ਗੁਰਪਾਲ ਸਿੰਘ ਲਿੱਟ ਹੋਰਾਂ
ਦੇ, ਰਿਸ਼ੀਆਂ ਵਰਗੇ ਹਾਵ-ਭਾਵ ਦੇਰ ਤੱਕ ਅੱਖਾਂ ‘ਚ ਵਸੇ ਰਹੇ।
ਪਰ ਅੰਤਲੇ ਪਲਾਂ ਦੇ ਨਾਲ ਹੋਰ ਵੀ ਕੁਝ ਸੀ ਜੋ ਤਸਵੀਰਾਂ ‘ਚ ਨਹੀਂ ਸੀ ਆਇਆ, ਪਰ ਸਾਡੇ ਨਾਲ
ਜ਼ਰੂਰ ਆ ਗਿਆ ਸੀ।
ਮੁੜਦੇ ਸਮੇਂ ਰਾਹ ‘ਚ ਜਦੋਂ ਬੂਟੇ ਖ਼ਰੀਦੇ, ਚਾਹ ਨਾਲ ਮੱਠੀਆਂ ਖਾਧੀਆਂ, ਜਦੋਂ ਰਾਹ ‘ਚ ਰੁਕ
ਕੇ ਹੋਟਲ ‘ਤੇ ਖਾਣਾ ਖਾਧਾ, ਜਦੋਂ ਘਰ ਆ ਕੇ ਆਰਾਮਦੇਹ ਬਿਸਤਰੇ ‘ਚ ਸੌਣ ਦੀ ਕੋਸਿ਼ਸ਼
ਕੀਤੀ------ ਉਸ ਦਿਨ ਅਤੇ ਫਿਰ ਕਈ ਦਿਨਾਂ ਤੱਕ ਤਿੰਨ ਗੱਲਾਂ ਮੇਰੇ ਜਿ਼ਹਨ ਵਿੱਚ ਹਮੇਸ਼ਾਂ
ਦਸਤਕ ਦਿੰਦੀਆਂ ਰਹੀਆਂ।
ੳਸੀ ਸਾਰੇ ਜਣੇ ਕੁਦਰਤ ਦੀ ਖੁਲ੍ਹੀ ਗੋਦ ਵਿੱਚ ਗਏ ਪਰ ਸਾਡੇ ਵਿੱਚੋਂ ਕੋਈ ਵੀ ਉਸ ਸਫ਼ ਤੋਂ
ਪੰਜਾਹ ਮੀਟਰ ਦੀ ਦੂਰੀ ਤੋਂ ਅੱਗੇ ਤੱਕ ਨਹੀਂ ਸੀ ਗਿਆ ਜਿਸ ‘ਤੇ ਅਸੀਂ ਜਾ ਕੇ ਸਵੇਰੇ ਬੈਠੇ
ਤੇ ਸ਼ਾਮੀਂ ਉੱਠ ਕੇ ਆ ਗਏ। ਮੈਂ ਹੈਰਾਨ ਹਾਂ ਕਿ ਬੰਦੇ ਨੇ ਆਪਣੇ ਆਲੇ-ਦੁਆਲੇ ਕਿਸ ਤਰ੍ਹਾਂ
ਦੀ ਲਕਸ਼ਮਣ ਰੇਖਾ ਖਿੱਚ ਲਈ ਹੈ ਜੋ ਘਰ ਤੋਂ ਬਾਹਰ ਵੀ ਉਸ ਨੂੰ ਘੇਰੀ ਰੱਖਦੀ ਹੈ।
ਅਸੀ ਬਹੁਤ ਫੋਟੋਆਂ ਖਿੱਚੀਆਂ ਪਰ ਸਾਡੇ ਸੱਭਿਅਤ ਖੇਤਰ ਵਿੱਚ ਘੁਸ ਆਏ, ਉਸ ਅਸੱਭਿਅਕ
ਘੁਸਪੈਠੀਏ ਦੀ ਤਸਵੀਰ ਲੈਣ ਦਾ ਸੁਝਾਅ ਕਿਸੇ ਨੇ ਨਹੀਂ ਦਿੱਤਾ। ਅਸੀਂ ਆਪਣੀਆਂ ਹੀ ਫੋਟੋਆਂ
ਖਿੱਚ ਕੇ ਮੁੜ ਆਏ।
ਉਸ ਸ਼ਾਮ ਅਤੇ ਉਸ ਤੋਂ ਬਾਅਦ ਵੀ ਕਈ ਦਿਨ ਅਤੇ ਹੁਣ ਵੀ ਕਦੇ-ਕਦੇ ਗੁਰਦਿਆਲ ਦਲਾਲ ਦੇ ਸ਼ਬਦ
ਮੇਰੇ ਸਾਹਮਣੇ ਇੱਕ ਦੁਨੀਆਂ ਸਾਕਾਰ ਕਰ ਦਿੰਦੇ ਹਨ , “ਇਹਦੀ ਤਾਂ ਇਹ ਨਿੱਤ ਦੀ ਲੜਾਈ ਐ।”
ਯਾਦ ਆ ਜਾਂਦਾ ਹੈ ਇਹ ਸੱਚ ਕਿ ਉਸ ਜੰਗਲ ਵਿੱਚ, ਜਿਸ ਵਿੱਚੋਂ ਅਸੀਂ ਆਪਣੀ ਜਾਣ ‘ਚ ਏਡੀ ਦੂਰ
ਨਿਕਲ ਆਏ ਹਾਂ, ਜਿਊਂਦੇ ਰਹਿਣ ਲਈ ਅਜੇ ਵੀ ਇੱਕ ਜਾਨਮਾਰੂ ਲੜਾਈ ਚੱਲ ਰਹੀ ਹੈ। ਭੁੱਖ, ਠੰਢ
ਅਤੇ ਹਰ ਪੈਰ ਤੇ ਖੜ੍ਹੀ ਮੌਤ ਨਾਲ ਲੜ੍ਹਦਾ ਉਹ ਬਾਂਦਰ ਮੇਰੇ ਸਾਹਮਣੇ ਆ ਖੜ੍ਹਦਾ ਹੈ। ਉਸ
ਦੀਆਂ ਸ਼ਰਾਰਤੀ ਅੱਖਾਂ ਦੀ ਉਦਾਸੀ ਮੇਰੇ ਮਨ ‘ਚ ਉੱਤਰ ਆਉਂਦੀ ਹੈ। ਜੀਵਨ ਲਈ ਲੜਿਆ ਜਾ ਰਿਹਾ
ਇੱਕ ਮੁੱਢਲਾ ਯੁੱਧ, ਹਰ ਕਿਸੇ ਨਾਲ ਲੜਦੀ, ਜਿੱਤਦੀ, ਹਾਰਦੀ, ਮਰਦੀ, ਮਾਰਦੀ ਜਿ਼ੰਦਗੀ,
ਹਿਰਦੇ ਦੇ ਧੁਰ ਅੰਦਰ ਆਪਣੀ ਹੋਂਦ ਜਤਾਉਣ ਲਗਦੀ ਹੈ ਤੇ ਮੈਂ ਨਮ੍ਹ ਹੋਈਆਂ ਅੱਖਾਂ ਅਤੇ ਤਰਲ
ਹੋਏ ਬੋਲਾਂ ‘ਚ ਜਗਤਾਰ ਸੇਖਾ ਦਾ ਸਿ਼ਅਰ ਯਾਦ ਕਰਦਾ ਹਾਂ-
ਦੌਰ ਇਹ ਹੈ ਜਿ਼ੰਦਗੀ ਮਾਰੂਥਲਾਂ ਵਰਗੀ ਮੇਰੀ
ਲੋਚਦਾ ਇਹ ਹਾਂ ਤੇਰੀ ਹਰ ਪਿਆਸ ਲਈ ਸਾਵਣ ਬਣਾਂ।
-0- |