ਗਿੜ ਰਿਹਾ ਸਟੀਅਰਿੰਗ ਤੇ
ਡਿਸਪੈਚ-ਰੇਡੀਓ ਤੋਂ ਚੁਰਸਤਿਆਂ ਦੇ ਨਾਵਾਂ ਦੀ ਠੂਹ-ਠੂਹ ਅਤੇ ਡਿਸਪੈਚਰ ਵੱਲੋਂ ਮੈਨੂੰ
ਪੁਕਾਰ: ਕਾਰ ਟਵੰਟੀ ਥਰੀ; ਵ੍ਹੇਅਰ ਆਅ ਯੂ, ਕਾਰ ਟਵੰਟੀ ਥਰੀ? ਮੇਰੀ ਨੀਂਦਰ ਤੜਕਸਾਰ ਹੀ
ਹੰਗਾਲ਼ੀ ਗਈ। ਫ਼ਿਰ ਜਾਗੋ-ਮੀਟੀ 'ਚ ਜਦੋਂ ਮੈਨੂੰ ਜਾਬ ਮਿਲ ਜਾਣਾ ਯਾਦ ਆ ਗਿਆ, ਜਾਪਿਆ ਜਿਵੇਂ
ਮੇਰੀਆਂ ਉਂਗਲ਼ਾਂ ਪੈਨਸਲਾਂ, ਪੈੱਨ, ਤੇ ਕਿਤਾਬਾਂ ਦੇ ਉਦਾਲ਼ੇ ਲਿਪਟੀਆਂ ਹੋਈਆਂ ਹੋਵਣ।
ਸਕੂਲ-ਟੀਚਰੀ ਦੀ ਕੁਰਸੀ ਉੱਪਰ ਬੈਠਣ-ਯੋਗ ਹੋ ਜਾਣ ਦੀਆਂ ਸੋਚਾਂ ਸਵੇਰੇ ਛੇ ਵਜੇ ਹੀ ਪੰਜਾ
ਬਣ ਕੇ ਮੇਰੀ ਧੌਣ ਹੇਠ ਹੋ ਗਈਆਂ: ਉਹਨਾਂ ਨੇ ਮੇਰੇ ਮੌਰਾਂ ਨੂੰ ਉੱਪਰ ਵੱਲ ਨੂੰ ਉਗਾਸ ਕੇ
ਮੇਰੇ ਪੈਰਾਂ ਨੂੰ ਫ਼ਰਸ਼ ਉੱਤੇ ਟਿਕਾਅ ਦਿੱਤਾ।
ਵਾਸ਼ਰੂਮ ਵਿੱਚ ਸ਼ੇਵਿੰਗ-ਸਟਿਕ ਦੇ ਕਾਰਜ ਤੋਂ ਵਿਹਲਾ ਹੋ ਕੇ ਜਦੋਂ ਮੈਂ ਸ਼ਾਵਰ ਦੀ
ਨਿੱਘੀ-ਨਿੱਘੀ ਕਿਣਮਿਣ ਹੇਠ ਹੋਇਆ, ਮੈਨੂੰ ਜਾਪਿਆ ਠਰੀ ਹੋਈ ਜ਼ਿੰਦਗੀ ਜਿਵੇਂ ਕੋਸੇ ਦਰਿਆਵਾਂ
ਵੱਲ ਨੂੰ ਵਗਣ ਲੱਗ ਪਈ ਹੋਵੇ।
ਸ਼ਾਵਰ ਦੀ ਕਿਣਮਿਣ ਨਾਲ਼ ਵਾਸ਼ਰੂਮ ਵਿੱਚ ਅਤੇ ਸ਼ੀਸ਼ੇ ਉੱਪਰ ਧੂੜੀ-ਗਈ ਧੁੰਦ ਤੋਂ ਵਿਦਾਇਗੀ ਲੈ
ਕੇ, ਹੁਣ ਜਦੋਂ ਮੈਂ ਪੌੜੀ ਦੇ ਸਿਖ਼ਰ ਤੋਂ ਹੇਠਾਂ ਪਾਏਦਾਨਾਂ ਉੱਪਰ ਝਾਤ ਮਾਰੀ, ਤਾਂ ਪਹਿਲੀ
ਸ਼ਾਮ ਪ੍ਰਿੰਸੀਪਲ ਵੱਲੋਂ ਆਈ, ਜਾਬ-ਮਿਲਣ ਦੀ ਫ਼ੋਨ-ਕਾਲ ਮੇਰੇ ਜ਼ਿਹਨ ਵਿੱਚ 'ਟਰਨ-ਟਰਨ' ਕਰਨ
ਲੱਗੀ: ਪੌੜੀ ਦੇ ਪਾਏਦਾਨਾਂ ਉੱਪਰ ਹੇਠਾਂ ਵੱਲ ਨੂੰ ਪੈਰ ਟਿਕਾਉਂਦਿਆਂ ਇੰਜ ਮਹਿਸੂਸ ਹੋਈ
ਜਾਵੇ ਜਿਵੇਂ ਅਸਲ ਵਿੱਚ ਮੈਂ ਉੱਪਰ ਨੂੰ ਚੜ੍ਹ ਰਿਹਾ ਹੋਵਾਂ।
ਹੇਠਾਂ ਲਿਵੰਗਰੂਮ ਵਿੱਚ, ਸੋਫ਼ੇ ਉੱਪਰ ਬੈਠਿਆ ਹੀ ਸਾਂ ਕਿ ਅੱਠ ਵਜੇ ਤੋਂ ਪਹਿਲਾਂ ਸਕੂਲ
ਪਹੁੰਚਣ ਦੀ ਅਚਵੀ ਮੇਰੇ ਮੱਥੇ 'ਚ ਫੁਦਕਣ ਲੱਗੀ।
ਅਗਲੇ ਪਲਾਂ 'ਚ ਉੱਪਰਲੇ ਫ਼ਲੋਰ ਤੋਂ ਪੈਰਾਂ ਦੀ ਹਲਕੀ-ਹਲਕੀ ਠੱਕ-ਠੱਕ ਪੌੜੀਆਂ ਉੱਤਰਦੀ
ਸੁਣੀ।
ਖੱਬੀ ਬਾਂਹ ਉੱਪਰ ਲਟਕੀਆਂ ਹੋਈਆਂ ਕਮੀਜ਼ ਅਤੇ ਪੈਂਟ ਨੂੰ ਡਾਈਨਿੰਗ ਟੇਬਲ ਦੀ ਕੁਰਸੀ ਦੀ ਢੋਅ
ਉੱਤੇ ਟੰਗ ਕੇ, ਸੁਖਸਾਗਰ ਨੇ ਬਿਜਲੀ ਦੀ ਆਇਰਨਿੰਗ ਪ੍ਰੈੱਸ {ਇਸਤਰੀ} ਦੇ ਪਲੱਗ ਨੂੰ ਸਾਕਟ
ਵਿੱਚ ਫਸਾਅ ਦਿੱਤਾ।
ਓਅਕਡੇਲ ਜੂਨੀਅਰ ਹਾਈ ਤੀਕਰ ਅੱਪੜਨ ਲਈ, ਐਲਬੀਅਨ-ਮਾਰਟਿਨ ਗਰੋਵ ਦੇ ਚੁਰਸਤੇ ਤੋਂ ਲੰਘਣਾ ਹੀ
ਪੈਣਾ ਸੀ: ਉਸ ਚੁਰਸਤੇ ਤੋਂ ਰਤਾ ਕੁ ਅੱਗੇ ਹੋਇਆ; ਚਿਹਰਾ ਖੱਬੇ ਕੋਨੇ ਵਾਲ਼ੇ ਪਲਾਜ਼ੇ ਵੱਲ
ਨੂੰ ਖਿੱਚਿਆ ਗਿਆ। ਮੇਰੇ ਸਿਰ 'ਚ ਉੱਠੀ ਝੁਣਝੁਣੀ, ਮੇਰੇ ਸੱਜੇ ਕੰਨ ਦੇ ਹੇਠਾਂ ਵੱਲ ਨੂੰ
ਫੈਲ ਕੇ, ਮੇਰੀਆਂ ਅੱਖਾਂ 'ਚ ਅੱਠ ਸਾਲ ਪੁਰਾਣੇ ਉਸੇ ਸੀਨ ਨੂੰ ਖੋਲ੍ਹਣ ਲੱਗੀ: ਮੈਂ 'ਰੈੱਡ
ਲੈਂਟਰਨ' ਦੇ ਸਾਹਮਣੇ ਆਪਣੀ ਟੈਕਸੀ 'ਚ ਸੀ: ਟੈਵਰਨ 'ਚੋਂ ਨਿਕਲ਼ੇ, ਦੋ ਕਿਸ਼੍ਹੋਰਾਂ ਦੇ
ਲੜ-ਖੜਾਉਂਦੇ ਪਰਛਾਵਿਆਂ ਨੇ ਮੇਰੀ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਲਿਆ; ਉਨ੍ਹਾਂ ਦੇ ਚਿੱਟੇ
ਚਿਹਰਿਆਂ ਹੇਠਾਂ ਢਕੀ ਹੋਈ ਕਾਲ਼ੀ ਬਦਬੋਅ, ਗੱਡੀ ਦੇ ਅੰਦਰ ਹੋਣਸਾਰ ਸਿਗਰਟੀ-ਮੁਸ਼ਕ ਅਤੇ ਸ਼ਰਾਬ
'ਚ ਗੜੁੱਚ ਗਾਲ਼ਾਂ ਨਾਲ਼ ਇੱਕ-ਮਿੱਕ ਹੋਣ ਲੱਗੀ। ਉਹਨਾਂ ਦੀਆਂ ਘੁਰਕੀਆਂ ਮੈਨੂੰ ਮਾਰਟਿਨ ਗਰੋਵ
ਉੱਪਰ, ਦੱਖਣ ਵੱਲ ਨੂੰ, ਲੈ ਤੁਰੀਆਂ। ਮਾਰਟਿਨ ਗਰੋਵ ਉੱਪਰ ਖੱਬੇ ਪਾਸੇ ਮੁੜ ਕੇ ਫ਼ਿੰਚ
ਐਵੀਨਿਊ ਤੋਂ ਰਤਾ ਅੱਗੇ ਲੰਘੇ ਤਾਂ 'ਛੋਟੀ-ਬਦਬੋਅ' ਟੈਕਸੀਓਂ ਬਾਹਰ ਹੋ ਗਈ, ਅਤੇ ਵੱਡੀ ਨੇ,
ਅਗਲੀਆਂ ਟ੍ਰੈਫ਼ਿਕ ਬੱਤੀਆਂ ਤੋਂ ਖੱਬੇ ਪਾਸੇ ਮੁੜਨ ਦਾ ਬੁੜਬੁੜੀ-ਹੁਕਮ ਮੇਰੀ ਗਿੱਚੀ 'ਚ ਖੋਭ
ਦਿੱਤਾ।
ਬੱਤੀਆਂ ਤੋਂ ਖੱਬੇ ਵੱਲ ਨੂੰ ਟਰਨ ਲੈ ਕੇ ਹਾਲੇ ਮੈਂ ਸਟੀਅਰਿੰਗ ਨੂੰ ਸਿੱਧਾ ਕੀਤਾ ਹੀ ਸੀ
ਕਿ ਮੇਰੀ ਧੌਣ ਦੇ ਸੱਜੇ ਪਾਸੇ ਕੋਈ ਤਿੱਖੀ ਸ਼ੈਅ ਚੁਭਣ ਲੱਗੀ... ਜਦੇ ਹੀ ਮੇਰੀਆਂ ਉਂਗਲ਼ਾਂ
ਮੇਰੀ ਜੇਬ ਵਿੱਚ ਲਹਿ ਗਈਆਂ ਅਤੇ ਅਗਲੇ ਪਲ ਮੇਰੀਆਂ ਉਂਗਲ਼ਾਂ 'ਚ ਕੰਬਦੇ ਡਾਲਰਾਂ ਦੇ ਨੋਟ
ਛੁਰਾਧਾਰੀ ਦੀ ਮੁੱਠੀ ਵਿੱਚ!
ਮੈਂ ਆਪਣਾ ਸਿਰ ਝਟਕਿਆ ਤੇ ਸਕੂਲ ਵੱਲ ਰੁੜ੍ਹ ਰਹੀ ਆਪਣੀ ਕਾਰ ਵਿੱਚ ਵਾਪਸ ਪਰਤ ਆਇਆ।
ਜੇਨ ਸਟਰੀਟ ਵੱਲ ਵਧਦਿਆਂ ਖ਼ਿਆਲ ਆਉਣ ਲੱਗਾ: ਕੱਲ੍ਹ ਇੰਟਰਵਿਊ ਵੇਲ਼ੇ ਇਹ ਤਾਂ ਮੈਂ ਜੋਰਜ ਤੋਂ
ਪੁੱਛਿਆ ਈ ਨਾ ਕਿ ਇਹ ਜਾਬ ਪੱਕੀ ਹੈ ਜਾਂ ਬੱਸ ਕੁਝ ਕੁ ਮਹੀਨਿਆਂ ਦੀ! ਜੇ ਭਲਾ ਇਹ ਐਵੇਂ
ਚਾਰ-ਪੰਜ ਮਹੀਨਿਆਂ ਲਈ ਹੀ ਹੋਈ, ਫ਼ਿਰ ਤਾਂ...
ਮੇਰੇ ਮੱਥੇ ਅੰਦਰ, ਡਿਸਪੈਚ-ਰੇਡੀਓ ਦੀ ਕਿਚਰ-ਕਿਚਰ ਤੇ ਟੈਕਸੀ ਵਿਚਲੀ ਸਿਗਰਟੀ-ਬੋਅ ਜਾਗਣ
ਲੱਗੀ!
ਪੰਦਰਾਂ ਕੁ ਮਿੰਟਾਂ ਬਾਅਦ ਮੇਰੀ ਗੀਅਰਾਂ ਵਾਲ਼ੀ 'ਜੈਟਾ' ਦੀ ਡੀਜ਼ਲੀ 'ਨੁੱਕਨੁੱਕ' ਓਕਡੇਲ
ਜੂਨੀਅਰ ਹਾਈ ਦੇ ਪਿਛਾੜੀ ਪਾਰਕਿੰਗ ਲਾਟ ਵੱਲ ਨੂੰ ਮੁੜ ਗਈ।
ਸਕੂਲ ਦੇ ਦਫ਼ਤਰ 'ਚ ਦਾਖ਼ਲ ਹੋਇਆ; ਮੇਰੀ 'ਗੁਡ ਮੋਰਨਿੰਗ' ਸੁਣਦਿਆਂ ਹੀ, ਦਰਵਾਜ਼ੇ ਦੇ ਨਾਲ਼ ਹੀ
ਡੈਸਕ ਉੱਤੇ ਪਏ ਕਾਗਜ਼ਾਂ-ਪੱਤਰਾਂ ਨੂੰ ਹੇਠਾਂ-ਉੱਪਰ ਕਰ ਰਹੀ ਤੀਹ ਕੁ ਸਾਲਾ ਔਰਤ ਨੇ ਆਪਣੀਆਂ
ਅੰਗੂਰੀ ਨੈਣ-ਗੋਲ਼ੀਆਂ ਦੀ ਮੁਸਕਾਣ ਮੇਰੇ ਵੱਲ ਵਿਛਾਅ ਦਿੱਤੀ।
'ਵੈਲਕਮ, ਮਿਸਟਰ ਗਿੱਲ!' ਉਹ ਆਪਣੇ ਹੱਥ ਨੂੰ ਮੇਰੇ ਵੱਲ ਵਧਾਉਂਦਿਆਂ ਮੁਸਕਰਾਈ। 'ਆ'ਅਮ
ਫ਼ਿਲ; ਆ'ਅਮ ਰਸੈਪਸ਼ਨਿਸਟ ਹੀਅਰ! ਜੋਰਜ ਤੈਨੂੰ ਆਪਣੇ ਕਮਰੇ 'ਚ ਉਡੀਕ ਰਿਹੈ!'
ਮੇਰੀ ਉਂਗਲ਼ ਦੀ ਪਿੱਠ ਨੇ ਜੋਰਜ ਦੇ ਦਰਵਾਜ਼ੇ ਉੱਪਰ ਠੱਕ-ਠੱਕ ਕੀਤੀ: ਕਾਗਜ਼ਾਂ-ਪੱਤਰਾਂ ਨੂੰ
ਐਧਰ-ਓਧਰ ਸੰਭਾਲ਼ ਰਹੇ ਜੋਰਜ ਹਾਲ ਦਾ ਚਿਹਰਾ ਮੇਰੇ ਵੱਲ ਨੂੰ ਉੱਠਿਆ।
'ਕਮ ਆਨ ਇਨ, ਇੱਕਬੈਲ!' ਜੋਰਜ, ਉਸਦੇ ਡੈਸਕ ਉਦਾਲ਼ੇ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰਦਿਆਂ,
ਮੁਸਕ੍ਰਾਇਆ। 'ਵੈੱਲਕਮ ਟੂ ਓਕਡੇਲ!'
'ਸੋ ਕਾਈਂਡ ਆਫ਼ ਯੂ, ਜੋਰਜ!'
ਜੋਰਜ ਨੇ ਕੱਪ ਵਿੱਚੋਂ ਉੱਠਦੀ ਕਾਫ਼ੀ ਦੀ ਸੁਗੰਧੀ ਮੇਰੇ ਸਾਹਮਣੇ ਟਿਕਾਅ ਦਿੱਤੀ।
'ਮੇਰਾ ਖ਼ਿਆਲ ਆ ਤੂੰ ਬਹੁਤ ਖ਼ੁਸ਼ ਹੈਂ ਕਿ ਤੈਨੂੰ ਤੇਰੀ ਯੋਗਤਾ ਨਾਲ਼ ਮੇਲ਼ ਖਾਂਦੀ ਜਾਬ ਮਿਲ਼
ਗਈ!' ਘੁੰਮਣ-ਵਾਲ਼ੀ ਕੁਰਸੀ ਉੱਪਰ ਬੈਠਦਿਆਂ ਜੋਰਜ ਬੋਲਿਆ।
'ਧੰਨਵਾਦ, ਜੋਰਜ!'
'ਧੰਨਵਾਦ ਤੇਰੀਆਂ ਯੋਗਤਾਵਾਂ ਦਾ; ਮੈਨੂੰ ਪਤੈ ਤੈਨੂੰ ਕਿਸੇ ਨੇ ਮੌਕਾ ਈ ਨਹੀਂ ਦਿੱਤਾ,
ਇੱਕਬੈਲ! ਹੁਣ ਆਪਣੀ ਯੋਗਤਾ ਨੂੰ ਅਮਲੀ ਤੌਰ 'ਤੇ ਸਾਬਤ ਕਰ ਕੇ ਦਿਖਾਉਣਾ ਤੇਰੇ ਵੱਸ ਐ!
ਮੇਰੇ ਵੱਲੋਂ ਤੈਨੂੰ ਸੰਪੂਰਨ ‘ਸਪੋਅਟ’ ਮਿਲ਼ੇਗੀ!'
'ਮੈਂ ਪੂਰੀ ਕੋਸ਼ਿਸ਼ ਕਰਾਂਗਾ, ਜੋਰਜ!'
'ਖ਼ੈਰ, ਸਕੂਅਲ ਅੱਜ ਤੂੰ ਵਿੱਚ ਕੁਝ ਨੀ ਕਰਨਾਂ ; ਤੂੰ ਅੱਜ ਫ਼ਿਫ਼ਟੀ-ਫ਼ਿਫ਼ਟੀ ਜਾਣੈ, ਤੇ ਵਿਹਲਾ
ਹੋ ਕੇ ਘਰ ਚਲੇ ਜਾਣੈ; ਓ. ਕੇ.?'
ਫ਼ਿਫ਼ਟੀ-ਫ਼ਿਫ਼ਟੀ? ਮੇਰੀਆਂ ਅੱਖਾਂ 'ਚ ਸੁਆਲ ਡੌਰ-ਭੌਰ ਹੋਣ ਲੱਗਾ। ਕਿਤੇ ਇਹ ਜਾਬ ਅੱਧੇ ਦਿਨ
ਦੀ ਈ ਨਾ ਹੋਵੇ!
'ਮੈਂ ਫ਼ੈਕਸ ਭੇਜ ਦਿੱਤੀ ਸੀ ਕਲ੍ਹ ਹੀ ਫ਼ਿਫ਼ਟੀ-ਫ਼ਿਫ਼ਟੀ ਨੂੰ!
ਫ਼ਿਫ਼ਟੀ-ਫ਼ਿਫ਼ਟੀ? ਮੇਰੀ ਉਡੀਕ?
'ਆ'ਅਮ ਸੋਰੀ, ਜੋਰਜ; ਮੈਨੂੰ ਹਾਅ ਫ਼ਿਫ਼ਟੀ-ਫ਼ਿਫ਼ਟੀ ਦੀ ਸਮਝ ਨਹੀਂ ਆਈ!'
'ਓ ਹੋਅ! ਆ'ਅਮ ਸੋਰੀ, ਇੱਕਬੈਲ; 5050 ਯੰਗ ਸਟਰੀਟ ਉੱਤੇ ਆਪਣੇ ਸਕੂਲ ਬੋਰਡ ਦਾ ਮੁੱਖ ਦਫ਼ਤਰ
ਐ! ਆਈ ਹੋਪ ਯੂ ਨੋਅ ਹਾਓ ਟੂ ਗੈੱਟ ਦੇਅਰ!'
ਮੇਰਾ ਚਿਹਰਾ ਸੱਜੇ-ਖੱਬੇ ਹਿੱਲਿਆ।
ਆਪਣੇ ਹੱਥ ਨੂੰ ਜੇਨ ਸਟਰੀਟ ਵੱਲ ਫੈਲਾਉਂਦਿਆਂ, ਜੋਰਜ ਮੈਨੂੰ ਬਾਕੀ ਰੂਟ ਉੱਪਰ ਤੋਰਨ ਲੱਗਾ:
ਜੇਨ ਸਟਰੀਟ ਤੋਂ ਫ਼ਿੰਚ ਐਵੀਨਿਊ ਈਸਟ; ਨੌ ਕਿਲੋਮੀਟਰ 'ਤੇ ਯੰਗ ਸਟਰੀਟ ਦਾ ਚੁਰਸਤਾ...
ਹਿਊਮਨ ਰੀਜ਼ੋਰਸਜ਼ ਦੀ ਰਸੈਪਸ਼ਨ! ਮੇਰੇ ਬੱਲ੍ਹਾਂ 'ਚੋਂ 'ਗੁਡ ਮੋਰਨਿੰਗ' ਨਿਕਲ਼ੀ ਹੀ ਸੀ ਕਿ
ਪਿਛਲੇ ਪਾਸੇ ਵਾਲ਼ੇ ਡੈਸਕ ਉੱਪਰ ਕੰਪਿਊਟਰ ਦੇ ਕੀਅ-ਬੋਰਡ ਉੱਪਰ ਕੜਿੱਕ-ਕੜਿੱਕ ਕਰ ਰਹੀ
ਸੈਕਟਰੀ ਬੋਲ ਉੱਠੀ: ਆਅ ਯੂ ਮਿਸਟਰ ਗਿੱਲ?
ਮੈਂ ਆਪਣਾ ਚਿਹਰਾ 'ਹਾਂ' ਦੀ ਮੁਦਰਾ 'ਚ ਹੇਠਾਂ ਵੱਲ ਨੂੰ ਝੁਕਾਇਆ ਤਾਂ ਕਾਗਜ਼ਾਂ ਦਾ ਥੱਬਾ
ਮੇਰੇ ਵੱਲ ਵਧਾਉਂਦਿਆਂ ਸੈਕਟਰੀ ਬੋਲੀ, 'ਬਹੁਤ ਅਹਿਮ ਦਸਤਾਵੇਜ਼ ਨੇ ਇਹ, ਮਿਸਟਰ ਗਿੱਲ! ਔਸ
ਕਮਰੇ 'ਚ ਬੈਠ ਕੇ ਗਹੁ ਨਾਲ਼ ਪੜ੍ਹ ਲੈ ਇਹਨਾਂ ਨੂੰ! ਕਿਤੇ ਕਿਸੇ ਜਾਣਕਾਰੀ 'ਚ ਵਾਧ-ਘਾਟ ਨਜ਼ਰ
ਆਵੇ ਜਾਂ ਕੋਈ ਸਪੈਲਿੰਗ ਦੀ ਗ਼ਲਤੀ ਤਾਂ ਅੱਡ ਕਾਗਜ਼ ਉੱਪਰ ਨੋਟ ਕਰ ਲਵੀਂ...
ਕਮਰੇ 'ਚ ਦਾਖ਼ਲ ਹੋਣ ਸਾਰ, ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਅਤੇ ਉਂਗਲ਼ਾਂ ਕਾਂਟਰੈਕਟ ਵੱਲ
ਨੂੰ ਝਪਟੀਆਂ: ਸੋਚਣ ਲੱਗਾ, ਦੇਖਾਂ ਤਾਂ ਸਹੀ, ਪਈ ਜਾਬ ਕਿਤੇ ਟੈਂਪਰੇਰੀ ਹੀ ਨਾ ਹੋਵੇ!
ਮੋਟੇ-ਮੋਟੇ ਅੱਖਰਾਂ ਵਿੱਚ ਟਾਈਪ ਕੀਤੀਆਂ ਪਹਿਲੀਆਂ ਦੋ ਸਤਰਾਂ ਪੜ੍ਹੀਆਂ; ਮੇਰੀਆਂ
ਨੈਣ-ਗੋਲੀਆਂ ਪਲਕਾਂ 'ਚੋਂ ਬਾਹਰ ਨਿੱਕਲਣ-ਵਾਲ਼ੀਆਂ ਹੋ ਗਈਆਂ:
ਨੋਰਥ ਯੋਰਕ ਸਕੂਲ ਬੋਰਡ ਅਤੇ ਇਕਬਾਲ ਗਿੱਲ ਦਰਮਿਆਨ ਟੀਚਰ ਦੀ ਪਰਮਾਨੰਟ ਪੋਜ਼ਿਸ਼ਨ ਦਾ
ਇਕਰਾਰਨਾਮਾ
ਅਗਲੇ ਕਾਗਜ਼: ਦੁਆਈਆਂ ਦੀ ਇਨਸ਼ੋਰੈਂਸ, ਜੀਵਨ ਇਨਸ਼ੋਰੈਂਸ, ਯੂਨੀਅਨ ਦੀ ਮੈਂਬਰਸ਼ਿਪ, ਮੈਡੀਕਲ
ਦੇ ਫ਼ੋਰਮ ਤੇ ਹੋਰ ਕਈ ਕੁਝ; ਸਾਰਿਆਂ ਨੂੰ ਸੈਕਟਰੀ ਨੇ ਪਹਿਲਾਂ ਹੀ 'ਹਥਿਆਰਬੰਦ' ਕਰ ਕੇ
ਰੱਖਿਆ ਹੋਇਆ ਸੀ।
ਅਗਲੀ ਸਵੇਰ ਜਦੋਂ ਮੈਂ ਸਕੂਲ ਦੇ ਕੈਫ਼ੇਟੀਰੀਆ ਵਿੱਚ ਦਾਖ਼ਲ ਹੋਇਆ, ਅਟੈਂਡੰਟ ਲੜਕੀ, ਫ਼ਰਿੱਜ
ਦਾ ਜਿੰਦਰਾ ਖੋਲ੍ਹ ਕੇ ਦੁੱਧ ਵਾਲੇ ਕਾਰਟਨਾਂ ਨੂੰ, ਬਰੈੱਡ ਦੀਆਂ ਸਲਾਈਸਾਂ ਨੂੰ, ਤੇ ਬਟਰ
ਦੀਆਂ ਟਿੱਕੀਆਂ ਨੂੰ ਕਾਊਂਟਰ ਉੱਤੇ ਟਿਕਾਅ ਰਹੀ ਸੀ। ਮੇਰੀ 'ਹਾਇ' ਸੁਣਦਿਆਂ ਉਸਦੀਆਂ ਅੱਖਾਂ
ਮੇਰੇ ਵੱਲ ਨੂੰ ਉੱਠੀਆਂ: 'ਐਅਨਾ ਸਵਖ਼ਤੇ?' ਉਹ ਬੋਲੀ
'ਸਵਖ਼ਤੇ ਪਹੁੰਚਣ ਦਾ ਆਦੀ ਆਂ ਮੈਂ!'
'ਦਸ ਮਿੰਟ ਉਡੀਕਣਾ ਪਊ!' ਉਹ ਕਾਫ਼ੀ-ਜੱਗ ਅੰਦਰਲੇ ਖ਼ਿਲਾਅ ਵੱਲ ਅੱਖਾਂ ਘੁੰਮਾਉਂਦਿਆਂ ਬੋਲੀ।
ਸਵਾ ਕੁ ਅੱਠ ਵਜੇ ਜੋਰਜ ਮੈਨੂੰ ਆਪਣੇ ਦਫ਼ਤਰ ਦੀ ਨੁੱਕਰ 'ਚ ਲੈ ਗਿਆ: ਉਥੇ ਉਸਨੇ
ਮਾਈਕ੍ਰੋਫ਼ੋਨ ਦੀ ਸਵਿੱਚ ਨੂੰ ਉੱਪਰ ਵੱਲ ਨੂੰ 'ਕੜਿੱਕ' ਕਰ ਦਿੱਤਾ, ਤੇ ਆਪਣੇ ਘੰਡੀ ਉੱਤੇ
ਜ਼ੋਰ ਪਾਉਂਦਿਆਂ, 'ਉਹੂੰ' ਉਹੂੰ ਕੀਤੀ: ਗੁਡ ਮੋਰਨਿੰਗ ਐਵਰੀਬਾਡੀ, ਅੱਜ ਅਕਤੂਬਰ ਦੀ ਪੰਦਰਾਂ
ਤਾਰੀਖ਼ ਹੈ ਤੇ ਦਿਨ ਬੁੱਧਵਾਰ! ਪਲੀਜ਼ ਰਾਈਜ਼ ਫ਼ੋਰ 'ਓ ਕੈਨੇਡਾ'!
'ਓ ਕੈਨੇਡਾ' {ਕੈਨੇਡਾ ਦੇ ਨੈਸ਼ਨਲ ਐਂਥਮ} ਦੀ ਟੇਪ ਰੁਕਦਿਆਂ ਹੀ, ਗਿੱਠ ਕੁ ਉੱਚੇ ਸਟੈਂਡ
ਉੱਪਰ ਜੜਿਆ ਮਾਈਕਰੋਫ਼ੋਨ ਜੋਰਜ ਦੇ ਖੱਬੇ ਹੱਥ 'ਚ ਅਤੇ ਅਨਾਊਂਸਮੈਂਟਾਂ ਵਾਲ਼ਾ ਕਾਗਜ਼ ਸੱਜੇ
ਵਿੱਚ! ਮਾਈਕਰੋਫ਼ੋਨ ਨੂੰ ਆਪਣੇ ਚਿਹਰੇ ਦੇ ਸਾਹਮਣੇ ਕਰ ਕੇ, ਜੋਰਜ ਬੋਲਣ ਲੱਗਾ: ਹੀਅਰ'ਅਰ
ਟੂਡੇਅਜ਼ ਅਨਾਊਂਸਮੈਂਟਸ!
ਓਸ ਦਿਨ ਛੁੱਟੀ 'ਤੇ ਗਏ ਟੀਚਰਾਂ ਦੇ ਨਾਮ ਤੇ ਉਹਨਾਂ ਦੀ ਥਾਂ 'ਸਪਲਾਈ' ਲਈ ਆਏ ਟੀਚਰਾਂ ਦੇ
ਨਾਮ ਅਤੇ ਓਸ ਦਿਨ ਲਈ ਕੈਫ਼ੇਟੀਰੀਆ ਦਾ ਮੈਨਿਊ ਵਰਗੀਆਂ ਸੂਚਨਾਵਾਂ ਨੂੰ ਮਾਈਕਰੋਫ਼ੋਨ ਦੇ
ਹਵਾਲੇ ਹੋਣ ਲੱਗੀਆਂ।
ਫ਼ਿਰ, ਉਹਦੀਆਂ ਅੱਖਾਂ ਤੀਕ ਚੜ੍ਹ ਆਈ ਮੁਸਕਾਣ, ਮੇਰੇ ਵੱਲ ਨੂੰ ਲਿਸ਼ਕੀ!
-ਲਓ ਹੁਣ ਮੈਂ ਸਾਂਝੀ ਕਰ ਰਿਹਾ ਹਾਂ ਆਖ਼ਰੀ ਪਰ ਬਹੁਤ ਹੀ ਅਹਿਮ ਸੂਚਨਾ, ਜੋਰਜ ਮਾਈਕਰੋਫ਼ੋਨ
ਨੂੰ ਮੂੰਹ ਦੇ ਨੇੜੇ ਕਰਦਿਆਂ ਬੋਲਿਆ। -ਸਾਡੇ ਸਟਾਫ਼ ਵਿੱਚ ਅੱਜ ਇਕ ਅਹਿਮ ਵਾਧਾ ਹੋਇਆ ਹੈ।
ਅੱਜ ਮਿਸਟਰ ਗਿੱਲ ਸਾਡੇ ਸਕੂਲ ਵਿੱਚ ਨਵੇਂ ਟੀਚਰ ਸ਼ਾਮਲ ਹੋਏ ਹਨ।
ਮਿਸਟਰ ਗਿੱਲ ਨੌਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਇਆ ਕਰਨਗੇ, ਤੇ ਸੱਤਵੀਂ ਤੇ ਅੱਠਵੀਂ ਜਮਾਤ
ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੇ ਹਿਸਾਬ!
ਜੋਰਜ ਨੇ ਮਾਈਕਰੋਫ਼ੋਨ ਦੀ ਸਵਿੱਚ ਨੂੰ 'ਆਫ਼' ਮੋਡ ਵਿੱਚ ਕਰ ਦਿੱਤਾ ਤੇ ਆਪਣੀਆਂ ਅੱਖਾਂ ਨੂੰ
ਰਤਾ ਕੁ ਸੁੰਗੇੜ ਕੇ, ਉਹਨਾਂ ਵਿਚਲੀ ਮੁਸਕ੍ਰਾਹਟ ਮੇਰੇ ਚਿਹਰੇ ਵੱਲ ਕਿਰਨਤ ਕਰ ਦਿੱਤੀ।
-ਤੇਰਾ ਕੋਈ... ਨਿੱਕਾ ਨਾਮ ਵੀ ਹੈ, ਇੱਕਬੈਲ?
-ਹੈਗਾ ਐ; ਪਰ ਮੈਂ ਕਦੇ ਵਰਤਿਆ ਨੀ!
-ਜੇ ਤੂੰ ਮਾਈਂਡ ਨੀ ਕਰਦਾ ਤਾਂ ਕੀ ਤੈਨੂੰ ਤੇਰੇ 'ਨਿੱਕੇ ਨੇਮ' ਨਾਲ਼ ਬੁਲਾਇਆ ਜਾ ਸਕਦੈ?
-ਮੇਰੀ ਸੱਸ-ਮਾਤਾ ਮੈਨੂੰ ਪਿਆਰ ਨਾਲ਼ 'ਬਾਲੀ' ਸਦਦੀ ਹੁੰਦੀ ਹੈ, ਤੇ ਜਦੋਂ ਮੈਂ ਨਿੱਕਾ ਸੀ
ਤਾਂ ਕਦੇ-ਕਦੇ ਮੇਰੀ ਮਾਂ ਵੀ ਮੈਨੂੰ 'ਬਾਲੀ' ਆਖ ਕੇ ਬੁਲਾਉਂਦੀ ਹੁੰਦੀ ਸੀ।
ਦਫ਼ਤਰੋਂ ਨਿਕਲ਼ੇ; ਹਾਲਵੇਅ 'ਚ ਸਾਡੇ ਕਦਮ ਖੱਬੇ ਪਾਸੇ ਨੂੰ ਖੜੱਕ-ਖੜੱਕ ਕਰਨ ਲੱਗੇ।
ਸੱਜੇ-ਖੱਬੇ ਛੇ ਕੁ ਬੂਹਿਆਂ ਨੂੰ ਨਿਰਾਸ਼ ਕਰ ਕੇ, ਜੋਰਜ ਮੈਨੂੰ ਇਕ ਕਮਰੇ ਵਿੱਚ ਲੈ ਗਿਆ;
ਓਥੇ ਟੀਚਰ ਦੇ ਸਾਹਮਣੇ ਕਿਚਰ-ਕਿਚਰ 'ਚ ਰੁੱਝੇ ਘੁੰਗਰਾਲ਼ੇ ਵਾਲ਼ਾਂ ਵਾਲ਼ੇ ਪੱਚੀ ਤੀਹ
ਲੜਕੇ-ਲੜਕੀਆਂ!
ਜੋਰਜ ਨਾਲ਼, ਮੇਰੇ ਅਸਲੋਂ ਓਪਰੇ ਚਿਹਰੇ ਨੂੰ ਦੇਖਦਿਆਂ ਹੀ, ਉਨ੍ਹਾਂ ਦੀ 'ਹੀ-ਹੀ; ਹਾ-ਹਾ'
ਖ਼ਾਮੋਸ਼ ਹੋ ਗਈ ਤੇ ਉਹ ਇੱਕ-ਦੂਜੇ ਦੀਆਂ ਅੱਖਾਂ ਨੂੰ ਪੁੱਛਣ ਲੱਗੇ, 'ਕੌਣ ਹੈ ਇਹ?'
-ਗੁਡ ਮੋਰਨਿੰਗ, ਗਰੇਡ ਨਾਈਨ ਬੋਆਏਜ਼ ਐਂਡ ਗਅਲਜ਼! ਜੋਰਜ ਟੇਢੀ ਨਜ਼ਰ ਮੇਰੇ ਵੱਲੀਂ ਲਿਸ਼ਕਾਅ ਕੇ
ਮੁਸਕ੍ਰਾਇਆ। -ਦਿਸਿ'ਜ਼ ਮਿਸਟਰ ਗਿੱਲ, ਯੋਅਰ ਨਿਊ ਟੀਚਰ! ਲੈ'ਅਸ ਵੈਲਕਮ ਮਿਸਟਰ ਗਿੱਲ!
ਸਾਰੇ ਬੱਚਿਆਂ ਦੇ ਬੁੱਲ੍ਹਾਂ 'ਚੋਂ, ਉੱਚ-ਸੁਰੀ ਇੱਕ-ਅਵਾਜ਼ ਗੂੰਜੀ: 'ਗੁਡ ਮੋਰਨਿੰਗ, ਮਿਸਟਰ
ਗਿੱਲ!'
ਮੇਰੇ ਚਿਹਰੇ ਉੱਪਰ ਤਾਰੇ ਛਲਕਣ ਲੱਗੇ!
-ਭਲ਼ਕ ਤੋਂ ਤੁਹਾਡੀ ਅੰਗਰੇਜ਼ੀ ਦੀ ਕਲਾਸ ਮਿਸਟਰ ਗਿੱਲ ਲਿਆ ਕਰੇਗਾ।
ਫ਼ਿਰ ਇੱਕ ਤੋਂ ਬਾਅਦ ਦੂਸਰਾ ਕਮਰਾ: ਕਿਸੇ 'ਚ ਅਣਗਿਣਤ ਸ਼ੈਲਫ਼ਾਂ ਦੀਆਂ ਕਤਾਰਾਂ, ਤੇ ਹਰ ਸ਼ੈਲਫ਼
ਉੱਤੇ ਚੁੱਪ-ਚਾਪ ਖਲੋਤੀਆਂ ਕਿਤਾਬਾਂ ਜਿੰਨ੍ਹਾਂ ਦੀਆਂ ਜਿਲਦਾਂ ਉੱਤੇ ਉੱਕਰੇ
ਚਿੜੀਆਂ-ਜਨੌਰਾਂ ਦੀ ਗੁਟਰਗੂੰ ਤੇ ਗੇਂਦੇ-ਗੁਲਾਬਾਂ ਦੀ ਰੰਗੀਨ ਸੁਗੰਧੀ! ਇਕ ਕਮਰੇ `ਚ
ਅੰਦਰੋ ਚੀਰੀ-ਹੋਈ ਲੱਕੜ ਦੀ ਅਰਧ-ਕੌੜੀ ਸੁਗੰਧ ਮੇਰੇ ਨੱਕ ਵਿੱਚ ਜਲੂਣ ਕਰਨ ਲੱਗੀ। ਅੰਦਰ
ਚੀਲ ਤੇ ਸਾਗਵਾਨ ਦੀਆਂ ਲੱਕੜਾਂ, ਸੇਫ਼ਟੀ-ਐਨਕਾਂ ਵਾਲ਼ੇ ਵਿਦਿਆਰਥੀਆਂ ਦੇ ਦਸਤਾਨਿਆਂ ਨਾਲ਼
ਆਰਿਆਂ ਵੱਲ ਨੂੰ ਧੱਕੀਆਂ ਜਾ ਰਹੀਆਂ ਸਨ!
ਮੇਰੇ ਨਾਲ਼-ਨਾਲ਼ ਦਫ਼ਤਰ ਵੱਲ ਨੂੰ ਵਧ-ਰਿਹਾ ਜੋਰਜ ਅਚਾਨਕ ਰੁਕਿਆ, ਤੇ ਕਲ਼ਾਈ ਕੋਲੋਂ ਕਮੀਜ਼ ਦੇ
ਕਫ਼ ਨੂੰ ਪਿੱਛੇ ਵੱਲ ਨੂੰ ਖਿਚਦਿਆਂ, ਘੜੀ ਵੱਲ ਝਾਕਣ ਲੱਗਾ।
-ਹੈਗੈ ਹਾਲੇ ਟਾਈਮ, ਉਹ ਬੁੜਬੜਾਇਆ।-ਆਹ ਕਮਰਾ ਵੀ ਦਿਖਾਅ ਦਿਆਂ ਤੈਨੂੰ, ਬਾਲੀ?
ਏਸ ਕਮਰੇ 'ਚ ਪੀਆਨੋ ਦੇ ਪਿੱਛੇ, ਕੰਧ ਉੱਪਰ ਕੀਲੀਆਂ ਉੱਤੇ ਟੁੰਗੀਆਂ ਗਿਟਾਰਾਂ, ਡਰੰਮਾਂ,
ਬੰਸਰੀਆਂ ਤੇ ਖੜਤਾਲ਼ਾਂ ਦੇ ਦਰਸ਼ਨਾਂ ਤੋਂ ਬਾਅਦ, ਜਦੋਂ ਅਸੀਂ ਵਾਪਿਸ ਦਫ਼ਤਰ 'ਚ ਦਾਖ਼ਲ ਹੋਏ,
ਜੋਰਜ ਨੇ ਮਾਈਕਰੋਫ਼ੋਨ ਉਠਾਲ਼ ਲਿਆ।
-ਸੋਰੀ ਟੂ ਇਨਟਰਪਟ ਯੂ, ਟੀਚਰਜ਼, ਉਹ ਆਪਣੀ ਆਵਾਜ਼ ਵਿੱਚ ਮਖਣੀ ਘੋਲ਼ ਕੇ ਬੋਲਿਆ, -ਲੰਚ ਟਾਇਮ
ਦੌਰਾਨ ਕੈਫ਼ੇਟੀਰੀਆ 'ਚ ਪੰਜ ਮਿੰਟ ਦੀ ਜ਼ਰੂਰੀ ਮੀਟਿੰਗ ਹੋਵੇਗੀ। ਪਲੀਜ਼ ਕੁਇਕਲੀ ਮੇਕ ਯੋਅਰ
ਵੇਅ ਟੂ ਸਟਾਫ਼ ਰੂਮ ਜਸਟ ਆਫ਼ਟਰ ਦਾ ਲੰਚ-ਬੈੱਲ ਰਿੰਗਸ!
ਦਸ ਵੱਜ ਕੇ ਪੱਚੀ ਮਿੰਟ; ਮੈਂ ਤੇ ਜੋਰਜ ਕੈਫ਼ੇਟੀਰੀਆ 'ਚ!
ਛੇਤੀ ਹੀ ਵੀਹ-ਪੱਚੀ ਮਰਦ-ਔਰਤਾਂ ਸਟਾਫ਼ਰੂਮ ਅੰਦਰ ਇਕੱਠੇ ਹੋ ਗਏ: ਸਾਰਿਆਂ ਦੇ ਚਿਹਰਿਆਂ
ਉੱਪਰ ਫਿੱਕੀ-ਗੁਲਾਬੀ ਉਤਸੁਕਤਾ! ਮਰਦ-ਔਰਤਾਂ ਟੀਚਰ, ਆਪਣੀ ਭੂਰੀਆਂ-ਅੰਗੂਰੀ ਨਜ਼ਰਾਂ ਦਾ
ਛਿਣ-ਭੰਗਰ ਲਿਸ਼ਕਾਰਾ ਮੇਰੇ ਵੱਲੀਂ ਸੁੱਟ ਕੇ ਸੋਫ਼ਿਆਂ/ਕੁਰਸੀਆਂ ਵੱਲੀਂ ਵਧਣ ਲੱਗੇ! ਫ਼ਿਰ ਇੱਕ
ਪੈਂਤੀ ਕੁ ਸਾਲਾ ਔਰਤ ਸਾਂਵਲ਼ੀਆਂ ਉਂਗਲ਼ਾਂ ਨੂੰ ਆਪਣੇ ਘੁੰਗਰਾਲ਼ੇ ਵਾਲ਼ਾਂ ਦੀ ਕਾਲ਼ੋਂ ਉੱਪਰ
ਫੇਰਦੀ ਹੋਈ, ਖੂੰਜੇ 'ਚ ਟਿਕੀ ਕੁਰਸੀ ਨੂੰ ਹਾੜਨ ਲੱਗੀ।
-ਤੁਹਾਨੂੰ ਪਤਾ ਈ ਐ, ਫ਼ੋਅਕਸ, ਗਲ਼ਾ ਸਾਫ਼ ਕਰਨ ਤੋਂ ਬਾਅਦ ਜੋਰਜ ਬੋਲਣ ਲੱਗਾ, -ਕਿ ਮਿਜ਼ ਕਿੰਗ
ਦੇ ਅਸਤੀਫ਼ੇ ਤੋਂ ਬਾਅਦ ਮੈਂ ਉਹਦੇ 'ਸਬਸਟੀਟਿਊਟ' ਲਈ ਪਰਸੋਂ ਇੰਟਰਵਿਊਜ਼ ਕੀਤੀਆਂ ਸਨ; ਬੜੀ
ਖੁਸ਼ੀ ਨਾਲ਼ ਅੱਜ ਮੈਂ ਇਹ ਜਾਣਕਾਰੀ ਸਾਂਝੀ ਕਰ ਰਿਹਾਂ ਕਿ ਆਪਣੇ ਸਟਾਫ਼ ਵਿੱਚ ਅੱਜ ਬਾਲੀ ਗਿੱਲ
ਸ਼ਾਮਲ ਹੋ ਗਿਆ ਹੈ।
ਸਾਰੀਆਂ ਅੱਖਾਂ ਮੇਰੇ ਵੱਲ ਨੂੰ ਭੌਂ ਗਈਆਂ।
ਜੋਰਜ ਫ਼ਿਰ ਯੂਨੀਵਰਸਿਟੀਆਂ 'ਚੋਂ ਪ੍ਰਾਪਤ ਕੀਤੀਆਂ ਮੇਰੀਆਂ ਵਿੱਦਿਅਕ ਯੋਗਤਾਵਾਂ ਦੇ ਵੇਰਵੇ
ਦਸਦਾ ਹੋਇਆ, ਪਿਛਲੇ ਸਾਲ ਉਸ ਨਾਲ਼ 'ਸ਼ਨੀਚਰਵਾਰੀ' ਸਕੂਲ ਵਿੱਚ ਹੈਰੀਟਿਜ ਲੈਂਗੂਏਜ ਪੰਜਾਬੀ
ਦਾ ਕ੍ਰੈਡਿਟ ਕੋਰਸ ਪੜ੍ਹਾਉਣ ਦਾ ਜ਼ਿਕਰ ਵੀ ਕਰ ਗਿਆ। ਫ਼ਿਰ ਉਹਦੀ ਜ਼ੁਬਾਨ ਵਿੱਚੋਂ ਅੰਗਰੇਜ਼ੀ
ਤੋਂ ਇਲਾਵਾ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਮੇਰੀ ਮੁਹਾਰਤ ਦਾ ਵੇਰਵਾ ਉਧੜਨ ਲੱਗਾ। ਅਖ਼ੀਰ
ਉਸਦੀ ਮੁਸਕ੍ਰਾਹਟ ਮੇਰੇ ਵੱਲ ਨੂੰ ਘੁੰਮੀ: 'ਲੈਅਸ ਵੈਲਕਮ ਬਾਲੀ ਟੂ ਅਅਰ ਸਕੂਅਲ!'
ਵੀਹ ਕੁ ਪੰਜੇ, ਵੀਹ ਕੁ ਤਲ਼ੀਆਂ ਉੱਤੇ ਵੱਜ ਕੇ ਟੱਕ-ਟੱਕ ਕਰਨ ਲੱਗੇ।
ਮੈਂ ਦੇਖਿਆ ਕਿ ਜੋਰਜ ਦੀ ਸਾਰੀ ਗੱਲਬਾਤ ਅਤੇ ਤਾੜੀਆਂ ਦੌਰਾਨ, ਸਾਹਮਣੇ ਖੂੰਜੇ 'ਚ ਸੋਫ਼ੇ
ਉੱਪਰ ਬੈਠੇ ਤਿੰਨ ਮਰਦਾਂ ਤੇ ਇੱਕ ਔਰਤ ਦੀ ਢਾਣੀ ਦੀਆਂ ਤਿਊੜੀਆਂ, ਉਨ੍ਹਾਂ ਦੇ ਹੱਥਾਂ 'ਚ
ਪਕੜੀਆਂ ਕਿਤਾਬਾਂ-ਅਖ਼ਬਾਰਾਂ ਵਿੱਚ ਡੁੱਬੀਆਂ ਰਹੀਆਂ।
'ਐਂਜੋਏ ਯੋਅਰ ਲੰਚ' ਕਹਿ ਕੇ ਜੋਰਜ, ਕੈਫ਼ੇਟੀਰੀਆ ਦੇ ਦਰਵਾਜ਼ੇ ਵੱਲ ਨੂੰ ਤੁਰ ਗਿਆ।
ਅਗਲੇ ਪਲੀਂ ਮੈਂ ਟੀਚਰਾਂ ਦੇ ਝੁਰਮਟ ਵਿਚਕਾਰ ਸਾਂ: ਗੋਰੇ-ਗੁਲਾਬੀ ਹੱਥ ਮੇਰੀਆਂ ਉਂਗਲ਼ਾ ਵੱਲ
ਵਧਦੇ; ਕੋਈ ਕਹੇ ਮੈਂ ਸਟੀਵਨ ਹਾਂ, ਕੋਈ ਪੀਟਰ, ਕੋਈ ਐਲੀ, ਕੋਈ ਮਿਸਜ਼ ਕਾਫ਼ੀ, ਤੇ ਕੋਈ ਕਰਟ
ਲਿੰਡ! ਕੋਈ ਆਖਦਾ, 'ਵੈੱਲਕਮ ਟੂ ਅਰ ਸਕੂਲ!', ਕੋਈ 'ਹੈਪੀ ਟੂ ਹੈਵ ਯੂ ਹੀਅਰ!', ਤੇ ਕੋਈ
'ਕਨਗਰੈਚੂਲੇਸ਼ਨਜ਼!'
ਸੋਫ਼ੇ ਉੱਪਰ ਬੈਠੀ ਉਹ ਬੇਧਿਆਨ-ਜਾਪਦੀ ਚੌਕੜੀ, ਸੇਲ ਕਾਊਂਟਰ ਵੱਲੋਂ ਆਉਂਦੀ, ਬਰਗਰਾਂ ਤੇ
ਫ਼ਰਾਈਆਂ ਦੀ ਸੁਗੰਧੀ ਵੱਲ ਨੂੰ ਚਲੀ ਗਈ।
ਆਖ਼ੀਰ ਵਿੱਚ 'ਘੁੰਗਰਾਲ਼ੇ' ਵਾਲ਼ਾਂ ਦੀ ਗੁਦਗੁਦੀ ਮੇਰੇ ਵੱਲ ਨੂੰ ਵਧੀ: ਬੁੱਲ੍ਹਾਂ ਦੀ
ਗੂੜ੍ਹੀ-ਸਾਂਵਲ਼ੀਅਤ ਦੇ ਪਿਛਾੜੀਓਂ, ਕੱਚੇ ਦੁੱਧ ਦੀ ਮਖਣੀ ਨਾਲ਼ ਸਿਰਜੇ ਦੰਦ ਬੇਪਰਦ ਹੋਏ:
ਮੈਂ ਜੈਨਿਟ ਆਂ, ਗਰੇਡ ਸੱਤ ਦੀ ਟੀਚਰ! ਮੈਂਨੂੰ ਵੀ ਜੋਰਜ ਨੇ ਹਾਲੇ ਦੋ ਹਫ਼ਤੇ ਪਹਿਲਾਂ ਈ
'ਹਾਇਰ' ਕੀਤੈ ਐਸ ਸਕੂਲ 'ਚ! ਆ'ਅਮ ਗਲੈਡ ਟੂ ਸੀ ਵਨ ਮੋਰ ਕਲਰਡ ਫ਼ੇਸ ਆਨ ਦ ਸਟਾਫ਼!
ਕੈਫ਼ੇਟੀਰੀਆ 'ਚੋਂ ਨਿੱਕਲ਼ ਕੇ, ਦਫ਼ਤਰ 'ਚ ਦਾਖ਼ਲ ਹੋਇਆ ਤਾਂ ਫ਼ਿਲ ਬੋਲ ਉੱਠੀ: ਔਹ ਸਾਹਮਣੇ
ਦੇਖ, ਬਾਲੀ!
ਮੈਂ ਆਪਣਾ ਚਿਹਰਾ, ਫ਼ਿਲ ਵੱਲੋਂ ਇਸ਼ਾਰਤ ਖੂੰਜੇ ਵੱਲੀਂ ਘੁੰਮਾਇਆ: ਖੂੰਜੇ 'ਚ ਸੱਜੇ-ਖੱਬੇ,
ਉੱਪਰ-ਨੀਚੇ ਨਜ਼ਰ ਫੇਰ ਕੇ, ਮੈਂ ਆਪਣਾ ਸਵਾਲੀਆ-ਚਿਹਰਾ ਫ਼ਿਲ ਵੱਲੀਂ ਮੋੜ ਲਿਆ।
-ਡੂ ਯਾ ਸੀ ਦੋਜ਼ ਬਾਕਸਜ਼, ਬਾਲੀ? ਫ਼ਿਲ ਨੇ ਅੱਖਾਂ ਦਾ ਲਿਸ਼ਕਾਰਾ, ਕੰਧ ਨਾਲ਼ ਫ਼ਿੱਟ ਕੀਤੇ ਲੱਕੜ
ਦੇ ਪੱਚੀ-ਤੀਹ ਖ਼ਾਨਿਆਂ ਵੱਲ ਮਾਰਿਆ। -ਇਹ ਟੀਚਰਾਂ ਦੇ ਮੇਲਬਾਕਸ ਹਨ; ਇਹਨਾਂ 'ਚ ਟੀਚਰ
ਦਿਹਾੜੀ ਵਿੱਚ ਦੋ-ਚਾਰ ਵਾਰ ਝਾਤੀ ਮਾਰਦੇ ਹਨ!
ਦੋ-ਚਾਰ ਵਾਰੀ ਝਾਤੀ? ਮੈਂ ਹਾਲੇ ਦੋ-ਚਾਰ ਵਾਰ ਝਾਤੀ ਮਾਰਨ ਬਾਰੇ ਕੁਝ ਪੁੱਛਣ ਦੀ ਜੱਕੋਤੱਕੀ
ਨਾਲ਼ ਹੀ ਜੂਝ ਰਿਹਾ ਸਾਂ ਕਿ ਫ਼ਿਲ ਬੋਲ ਪਈ: ਸਕੂਲ ਦੇ ਸਟਾਫ਼ ਮੈਂਬਰਾਂ ਨੇ ਜਦੋਂ ਆਪਸ ਵਿੱਚ
ਕਮਿਊਨੀਕੇਟ ਕਰਨਾ ਹੋਵੇ ਜਾਂ ਕੋਈ ਕਿਤਾਬ ਜਾਂ ਚੀਜ਼-ਵਸਤ 'ਇਕਸਚੇਂਜ' ਕਰਨੀ ਹੋਵੇ ਤਾਂ
ਇਹਨਾਂ ਮੇਲਬਾਕਸਾਂ ਨੂੰ ਵਰਤਦੇ ਹਨ!
ਅਗਲਾ ਦਿਨ: ਕਲਾਸਾਂ ਪੜ੍ਹਾਉਣ ਦਾ ਮੇਰਾ ਪਹਿਲਾ ਦਿਨ!
ਆਪਣੇ ਮੇਲਬਾਕਸ ਵਿੱਚੋਂ ਹਾਜ਼ਰੀ-ਰਜਿਸਟਰ ਉਠਾਲ਼ਿਆ ਤਾਂ ਕਲਾਸ ਪੜ੍ਹਾਉਣ ਦੇ ਚਾਅ ਦੇ
ਨਾਲ਼-ਨਾਲ਼, ਅਜੀਬ ਜਿਹਾ ਤੌਖ਼ਲਾ ਵੀ ਮੇਰੇ ਨਾਲ਼ ਆ ਰਲ਼ਿਆ: ਕਿਤੇ ਓਹੋ ਜਿਹੇ ਨਾ ਹੋਣ ਮੇਰੇ
ਵਿਦਿਆਰਥੀ ਵੀ, ਜਿਹੜੇ ਓਸ ਕਿਤਾਬ ਵਿੱਚ ਅੰਕਿਤ ਕੀਤੇ ਹੋਏ ਸਨ ਜਿਹੜੀ ਡਲਹਾਊਜ਼ੀ
ਯੂਨੀਵਰਸਿਟੀ ਵਿੱਚ ਬੀ. ਐਡ. ਕਰਨ ਦੌਰਾਨ ਸਾਡੇ ਕੋਰਸ ਵਿੱਚ ਲੱਗੀ ਹੋਈ ਸੀ: ਉਸ ਵਿੱਚ ਦਰਜ
ਕੀਤੇ ਸ਼ਰਾਰਤੀ, ਬੇਚੈਨ ਤੇ ਗੁਸਤਾਖ਼ ਵਿਦਿਆਰਥੀ ਮੇਰੀ ਖੋਪਰੀ ਵਿੱਚ ਸ਼ੋਰ ਮਚਾਉਣ ਲੱਗੇ: ਕਈ
ਤਾਂ ਕਲਾਸਾਂ ਵਿੱਚ ਹੀ ਗੁੱਥ-ਮਗੁੱਥਾ ਹੋ ਕੇ ਟੀਚਰਾਂ ਤੇ ਪ੍ਰਿੰਸੀਪਲਾਂ ਦੀ ਧੀ-ਭੈਣ ਇੱਕ
ਕਰਨ ਲੱਗੇ। ਟਰਾਂਟੋ ਦੇ ਹੀ ਕਿਸੇ ਸਕੂਲ 'ਚ ਅੱਠਵੀਂ ਦੇ ਵਿਦਿਆਰਥੀ ਵੱਲੋਂ ਆਪਣੀ ਟੀਚਰ ਦਾ
ਪਰਸ ਖੋਹ ਕੇ ਦੌੜਨ ਦਾ ਜ਼ਿਕਰ ਮੈਨੂੰ ਆਪਣੇ ਬਟੂਏ ਬਾਰੇ ਖ਼ਬਰਦਾਰ ਕਰਨ ਲੱਗਾ।
ਮੇਰੀ ਨੌਵੀਂ ਜਮਾਤ! ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਪੰਦਰਵੇਂ ਸਾਲ ਵਾਲ਼ੀ ਬਿਚੈਨੀ; ਲਾਚੜੀ
ਹੋਈ ਚਿੜੀ ਵਾਂਗ ਟਾਹਣੀਆਂ ਉੱਤੇ ਖੱਬੇ-ਸੱਜੇ ਫੁਦਕਦੀ ਹੋਈ ਛੇੜਖਾਨੀ; ਤੇ ਉਨ੍ਹਾਂ ਦੀਆਂ
ਉਂਗਲ਼ਾਂ ਦੀ ਅ-ਰੁਕ ਹਰਕਤ, ਜਾਂ ਤਾਂ ਪੈਨਸਲਾਂ ਨੂੰ ਪੋਟਿਆਂ 'ਚ ਘੁੰਮਾਉਂਦੀ ਤੇ ਜਾਂ
ਕਿਤਾਬਾਂ ਦੇ ਵਰਕਿਆਂ ਦੀਆਂ ਗਰਦਨਾਂ ਮ੍ਰੋੜਦੀ, ਤੇ ਜਾਂ ਨਾਲ਼-ਬੈਠਿਆਂ ਨਾਲ਼ ਛੇੜ-ਛਾੜ ਕਰਦੀ।
‘ਗੁਡ-ਮੋਰਨਿੰਗ’ ਤੋਂ ਬਾਅਦ, ਮੈਂ ਹਾਲੇ ਹਾਜ਼ਰੀ ਵਾਲ਼ੀ ਲਿਸਟ ਤੋਂ ਉਹਨਾਂ ਦੇ ਨਾਵਾਂ ਨੂੰ
ਪੁਕਾਰ ਕੇ ਹਟਿਆ ਹੀ ਸਾਂ ਕਿ ਵੱਖ-ਵੱਖ ਡੈਸਕਾਂ ਤੋਂ 'ਹੀ-ਹੀ, ਹਾ-ਹਾ' ਹੋਣ ਲੱਗੀ। ਮੈਂ
ਆਪਣਾ ਹੱਥ ਉੱਪਰ ਵੱਲ ਨੂੰ ਉਠਾਇਆ; ਕਲਾਸ ਦੀ 'ਹੀ-ਹੀ, ਹਾ-ਹਾ' ਸੁੰਗੜਨ ਲੱਗੀ।
-ਆਪਾਂ ਅਗਲੇ ਸਾਲ ਜੂਨ ਤੀਕਰ ਇਕੱਠੇ ਰਹਿਣੈ, ਵਿਦਿਆਰਥੀਓ; ਅੱਜ ਆਪਾਂ ਬਹੁਤ ਸਾਰੀਆਂ ਗੱਲਾਂ
ਕਰਨੀਐਂ; ਕਾਫ਼ੀ ਕੁਝ ਦੱਸਣੈ ਤੁਹਾਨੂੰ, ਤੇ ਕਾਫ਼ੀ ਕੁਝ ਸੁਣਨੈਂ ਤੁਹਾਥੋਂ! ਪਹਿਲਾਂ ਤਾਂ
ਆਪਾਂ ਇਹ ਜਾਣੀਏਂ ਕਿ ਤੁਸੀਂ ਸਕੂਲ ਵਿੱਚ ਕੀ ਕਰਨ ਲਈ ਆਉਂਦੇ ਹੋ।
ਪੰਦਰਾਂ ਕੁ ਹੱਥਾਂ ਦੀ ਸਾਂਵਲ਼ੀਅਤ ਬੱਚਿਆਂ ਦੇ ਸਿਰਾਂ ਉੱਪਰ ਉੱਠ ਕੇ ਲਹਿਰਾਉਣ ਲੱਗੀ।
ਮੇਰੀ ਉਂਗਲ਼ੀ ਇੱਕ ਤੋਂ ਦੂਜੇ ਵੱਲ ਨੂੰ ਸੇਧਤ ਹੋਣ ਲੱਗੀ: ਕੋਈ ਕਹੇ ਮੈਂ ਖੇਡਣ ਆਉਨਾਂ, ਕੋਈ
ਕਹੇ ਫੰਨ ਕਰਨ, ਤੇ ਕੋਈ ਕਹੇ ਘੁਰਾੜੇ ਮਾਰਨ! ਹਰ ਟਿੱਪਣੀ ਤੋਂ ਬਾਅਦ ਕਲਾਸ ਵਿੱਚ
'ਹੀਹੀ-ਹੀਹੀ' ਗੂੰਜ ਉੱਠਦੀ।
ਮੈਂ ਆਪਣਾ ਹੱਥ ਉੱਪਰ ਵੱਲ ਨੂੰ ਉਭਾਰ ਕੇ ਲਹਿਰਾਇਆ।
ਚਲੋ ਪਹਿਲਾਂ ਇਹ ਦੱਸੋ ਕਿ ਤੁਹਾਡੇ 'ਚੋਂ ਕਿੰਨੇ ਜਣੇ ਮੇਰੇ ਬਾਰੇ ਜਾਣਨ ਲਈ ਉਤਸੁਕ ਹਨ।
ਕਲਾਸ ਵਿੱਚ ਛੇ-ਸੱਤ ਹੱਥ ਲਹਿਰਾਉਣ ਲੱਗੇ।
ਮੇਰੀ ਨਿਗਾਹ ਇੱਕ ਚਿਹਰੇ ਤੋਂ ਉੱਠ ਕੇ ਦੂਸਰੇ ਉੱਤੇ ਡਿਗਦੀ ਤੇ ਭਰਵੱਟੇ ਉੱਪਰ ਵੱਲ ਨੂੰ
ਤੁਣਕਾ ਮਾਰਦੇ। ਅੱਗੋਂ ਪਾਸਿਆਂ ਵੱਲ ਨੂੰ ਖਿੱਚੇ ਹੋਏ ਬੁੱਲ੍ਹਾਂ ਵਿੱਚੋਂ ਸਵਾਲ ਉੱਗਦੇ :
ਤੂੰ ਸਪਲਾਈ ਟੀਚਰ ਐਂ ਕਿ ਪੱਕਾ, ਮਿਸਟਰ ਗਿੱਲ?
ਕਿਹੜੇ ਮੁਲਕ ਤੋਂ ਆਇਐਂ ਤੂੰ, ਮਿਸਟਰ ਗਿੱਲ?
ਕਿੰਨਾਂ ਚਿਰ ਹੋ ਗਿਆ ਕੈਨੇਡਾ ਆਏ ਨੂੰ?
ਕਿੰਨੇ ਬੱਚੇ ਐ ਤੇਰੇ?
ਅੰਗਰੇਜ਼ੀ ਕਿਵੇਂ ਸਿੱਖ ਗਿਆ ਤੂੰ ਇੰਡੀਆ 'ਚ ਰਹਿ ਕੇ?
ਅਗਲੀ ਕਲਾਸ 'ਚ ਡੈਸਕਾਂ ਉੱਪਰ ਪੋਲੈਂਡ, ਸ੍ਰੀ ਲੰਕਾ, ਇੰਡੀਆ, ਵੀਅਤਨਾਮ ਤੇ ਫ਼ਿਲਾਪੀਨ
ਚੁੱਪ-ਚਾਪ ਬੈਠੇ ਸਨ: ਮੇਰੇ ਹੱਥਾਂ 'ਚ ਪਕੜੀ ਕਿਤਾਬ ਦੇ ਤਸਵੀਰੀ-ਸਰਵਰਕ ਨੇ ਮੇਰੀ ਛਾਤੀ
ਮੂਹਰੇ ਹੋ ਕੇ, ਵਿਦਿਆਰਥੀਆਂ ਦੀਆਂ ਅਖਾਂ ਨੂੰ ਆਪਣੇ ਵੱਲ ਨੂੰ ਖਿੱਚ ਲਿਆ। -ਕੀ ਦੇਖਦੇ ਹੋਂ
ਇਨ੍ਹਾਂ ਤਸਵੀਰਾਂ 'ਚ ਤੁਸੀਂ?
ਬੁਲ੍ਹਾਂ 'ਚੋਂ ਥਿੜਕ-ਥਿੜਕ ਕੇ ਨਿੱਕਲ਼ਦੀ ਅੰਗਰੇਜ਼ੀ ਨੂੰ ਡਿੱਗਣ ਤੋਂ ਬਚਾਉਂਦੇ ਹੋਏ ਬੱਚੇ
ਆਪਣੇ ਅੰਦਾਜ਼ਿਆ ਨੂੰ ਜ਼ੁਬਾਨ ਦੇਣ ਲੱਗੇ।
ਮੇਰੇ ਅੰਦਰ, ਅੰਗਰੇਜ਼ੀ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਪੜ੍ਹਾਉਣ ਦੀਆਂ ਉਹ ਵਿਧੀਆਂ ਜਾਗ
ਪਈਆਂ ਜਿਹੜੀਆਂ ਮੈਂ ਯੂਨੀਵਰਸਿਟੀਆਂ ਦੇ ਕੋਰਸਾਂ ਦੌਰਾਨ ਸਿੱਖੀਆਂ ਸਨ। ਮੈਂ ਤੁਰੰਤ ਹੀ
ਉਹਨਾਂ ਦੇ ਪੱਧਰ 'ਤੇ ਉੱਤਰ ਗਿਆ: ਸਰਲ-ਸਾਦੇ ਸ਼ਬਦ, ਨਿੱਕੀਆਂ-ਨਿੱਕੀਆਂ ਗੱਲਾਂ, ਮਖ਼ੌਲੀਆ,
ਨਾਟਕੀ ਅੰਦਾਜ਼! ਵਿੱਚ ਵਿਦਿਆਰਥੀਆਂ ਨੂੰ ਹੱਸਣ, ਕੁਝ ਕਹਿਣ, ਕੁਝ ਪੁੱਛਣ ਲਈ ਉਤਸ਼ਾਹਤ ਕਰਨਾ।
ਬਾਅਦ ਦੁਪਹਿਰ, ਤਿੰਨ ਵੱਜ ਕੇ ਵੀਹ ਮਿੰਟ: ਦਰਵਾਜ਼ੇ ਦੇ ਮੱਥੇ ਉੱਪਰ ਟੁੰਗੇ ਸਪੀਕਰ 'ਚ
'ਕਿਰਰਰਰ' ਹੋਈ। ਡੈਸਕਾਂ ਉੱਤੇ ਬੈਠੇ ਵਿਦਿਆਰਥੀਆਂ ਦੀਆਂ ਉਂਗਲ਼ਾਂ, ਸਾਹਮਣੇ ਪਈਆਂ
ਕਿਤਾਬਾਂ-ਨੋਟਬੁੱਕਾਂ ਵੱਲ ਝਪਟੀਆਂ ਤੇ ਉਹਨਾਂ ਨੂੰ ਬੈਕਪੈਕਾਂ 'ਚ ਸੁੱਟਣ ਲੱਗੀਆਂ।
ਅਗਲੇ ਪਲੀਂ ਬੈਕਪੈਕ ਉਹਨਾਂ ਦੇ ਮੌਰਾਂ 'ਤੇ ਹੋ ਗਈ ਅਤੇ ਉਹਨਾਂ ਦੀ ਬੇਚੈਨੀ ਦਰਵਾਜ਼ੇ ਉੱਤੇ
ਕਤਾਰ ਬਣਨ ਲੱਗੀ। ਪੰਜ ਮਿੰਟਾਂ ਬਾਅਦ ਸਪੀਕਰ ਦੁਬਾਰਾ ਬੁੜਬੁੜਾਇਆ: 'ਕਿਰਰਰਰ', ਤਾਂ
ਦਰਵਾਜ਼ੇ 'ਤੇ ਲੱਗੀ ਕਤਾਰ 'ਬਾਏ ਮਿਸਟਰ ਗਿੱਲ! ਬਾਏ ਮਿਸਟਰ ਗਿੱਲ!' ਕਰਦੀ ਹੋਈ ਹਾਲਵੇਅ ਵੱਲ
ਨੂੰ ਵਗਣ ਲੱਗੀ।
ਕੁਝ ਕੁ ਮਿੰਟਾਂ 'ਚ ਹੀ ਹਾਲਵੇਅ ਵਿੱਚ ਹੋ ਰਹੀ ਦਗੜ-ਦਗੜ ਸੁੰਗੜਦੀ-ਸੁੰਗੜਦੀ ਜਦੋਂ ਬਿਲਕੁਲ
ਖ਼ਾਮੋਸ਼ ਹੋ ਗਈ, ਤਾਂ ਮੇਰੀਆਂ ਉਂਗਲ਼ਾਂ ਟਿਊਬ-ਲਾਈਟਾਂ ਦੀਆਂ ਸਵਿੱਚਾਂ ਵੱਲ ਨੂੰ ਵਧੀਆਂ।
ਕਲਾਸਰੂਮ ਦੇ ਡੈਸਕਾਂ ਲਈ, ਹਨੇਰੇ ਦੀ ਚਾਦਰ ਉਨ੍ਹਾਂ ਉੱਪਰ ਵਿਛਾਅ ਕੇ, ਹੁਣ ਜਦੋਂ ਮੈਂ
ਦਫ਼ਤਰ ਵੱਲ ਨੂੰ ਵਧ ਰਿਹਾ ਸਾਂ ਤਾਂ ਸਾਰੀਆਂ ਕਲਾਸਾਂ ਨੂੰ ਕਾਮਯਾਬੀ ਨਾਲ਼ ਸੰਪੰਨ ਕਰਨ ਦੀ
ਖ਼ੁਸ਼ੀ ਜੋਰਜ ਦੇ ਡੈਸਕ ਉੱਤੇ ਢੇਰੀ ਹੋ ਜਾਣ ਲਈ ਉਤਾਵਲੀ ਹੋ ਗਈ। ਦਫ਼ਤਰ ਦੇ ਬੂਹੇ ਦੀ ਚੁਗਾਠ
ਲੰਘਿਆ ਹੀ ਸਾਂ ਕਿ ਮੇਰੀਆਂ ਅੱਖਾਂ ਮੇਲਬਾਕਸਾਂ ਵੱਲ ਨੂੰ ਮੁੜ ਗਈਆਂ। ਹਰ ਬਾਕਸ ਦੇ ਪੈਰਾਂ
ਉੱਪਰ ਏ. ਬੀ. ਸੀ. ਦੀ ਤਰਤੀਬ ਵਿੱਚ ਲਿਖੇ ਐਲਨ, ਐਲੀ, ਐਲਫਰਡ, ਬੈਕਮ ਆਦਿਕ ਵਿੱਚੋਂ ਮੈਂ
'ਬਾਲੀ ਗਿੱਲ' ਦੀ ਤਾਲਾਸ਼ ਕਰਨ ਲੱਗਾ।
'ਬਾਲੀ' ਵਾਲ਼ੇ ਖ਼ਾਨੇ 'ਚ ਝਾਤ ਮਾਰੀ ਤਾਂ ਮੇਰਾ ਮੱਥਾ ਇੱਕਦਮ ਸੁੰਗੜ ਗਿਆ। ਵਾਰ-ਵਾਰ
ਝਮਕਣ-ਲੱਗੀਆਂ ਅੱਖਾਂ ਆਪਣੇ-ਆਪ ਨੂੰ ਪੁੱਛਣ ਲੱਗੀਆਂ: ਇਹ ਕੀ ਚੀਜ਼ ਹੈ ਮੇਲਬਾਕਸ ਦੇ ਅੰਦਰ?
ਮੇਰੀਆਂ ਉਂਗਲ਼ਾਂ 'ਚ ਕੰਬ-ਰਹੀ ਉਤਸੁਕਤਾ, ਅੱਠ ਕੁ ਉਂਗਲ਼ਾਂ ਚੌੜੇ ਤੇ ਦੋ ਕੁ ਗਿੱਠਾਂ ਉੱਚੇ
ਉਸ ਖ਼ਾਨੇ ਵੱਲ ਨੂੰ ਉਭਰਨ ਲੱਗੀ! ਅੰਦਰ ਪਈ ਵਸਤ ਨੂੰ ਬਾਹਰ ਕੱਢਿਆ; ਪੁੱਠਾ-ਸਿੱਧਾ ਕਰ ਕੇ
ਅੰਦਾਜ਼ਣ ਲੱਗਾ: 'ਇਸ ਨੂੰ ਕਿਉਂ ਧਰਿਆ ਗਿਐ ਮੇਰੇ ਮੇਲਬਾਕਸ 'ਚ?'
ਫ਼ਿਲ ਨੂੰ ਪੁੱਛ ਲੈ, ਦਿਲ ਬੁੜਬੁੜਾਇਆ!
ਨਹੀਂ, ਨਹੀਂ, ਸਿਰ ਸੱਜੇ-ਖੱਬੇ ਹਿੱਲਿਆ।
ਏਨੇ ਨੂੰ ਜੈਨਿਟ ਤੇ ਮਿਸਟਰ ਬੀਅਰ ਮੇਰੇ ਬਰਾਬਰ ਆ ਖਲੋਤੇ। ਆਪਣੇ-ਆਪਣੇ ਮੇਲਬਾਕਸਾਂ 'ਚ
ਝਾਤੀ ਮਾਰ ਕੇ ਉਹ ਮੇਰੇ ਚਿਹਰੇ ਉੱਪਰ ਥਰਕਦੀ ਡੌਰ-ਭੌਰਤਾ ਵੱਲ ਝਾਕਣ ਲੱਗੇ।
'ਵਟ੍ਹ'ਸ ਦਿਸ?', ਮੈਂ, ਮੇਰੀਆਂ ਉਂਗਲ਼ਾਂ 'ਚ ਪਕੜੀ ਸ਼ੈਅ ਨੂੰ ਉਨ੍ਹਾਂ ਵੱਲ ਨੂੰ
ਵਧਾਉਂਦਿਆਂ, ਪੁੱਛਿਆ।
'ਸਾਬਣ ਦੀ ਟਿੱਕੀ ਐ ਏਹ; ਹੋਰ ਕੀ?' ਉਹ ਇੱਕੋ ਸਮੇਂ ਬੋਲੇ।
'ਉਹ ਤਾਂ ਮੈਨੂੰ ਵੀ ਪਤੈ ਬਈ ਇਹ ਨਹਾਉਣ ਵਾਲ਼ੇ ਸਾਬਣ ਦੀ ਟਿੱਕੀ ਹੈ, ਪਰ ਇਹ ਮੇਰੇ ਮੇਲਬਾਕਸ
ਵਿੱਚ ਕਿਉਂ ਪਈ ਐ?'
'ਹੂੰ, ਹੂੰ!' ਜੈਨਿਟ ਦਾ ਮੱਥਾ ਸੁੰਗੜਿਆ। 'ਯੂ ਨੋਅ ਵ੍ਹਟ ਦਿਸ ਕੇਕ ਆਫ਼ ਸੋਪ ਇੰਡੀਕੇਟਸ,
ਮਿਸਟਰ ਬੀਅਰ!'
ਮਿਸਟਰ ਬੀਅਰ ਆਪਣੀਆਂ ਭੂਰੀਆਂ ਅੱਖਾਂ ਨੂੰ ਸੁੰਗੇੜ ਕੇ ਆਪਣੇ ਸਿਰ ਨੂੰ ਧੀਮੀ-ਚਾਲੇ
ਸੱਜੇ-ਖੱਬੇ ਹਿਲਾਉਣ ਲੱਗਾ। 'ਦਿਸ'ਜ਼ ਐਬਸੋਲਿਊਟਲੀ ਸਿਲੀ! ਨਿਰਾ ਪਾਗ਼ਲਪਣ!' ਉਹ ਬੁੜਬੁੜਾਇਆ।
ਅਗਲੇ ਪਲੀਂ ਜੈਨਿਟ ਦੀਆਂ ਉਂਗਲ਼ਾਂ ਮੇਰੀ ਕਲ਼ਾਈ ਉਦਾਲ਼ੇ ਲਿਪਟ ਗਈਆਂ, ਤੇ ਮੈਂ ਨਿੱਕੇ ਨਿਆਣੇ
ਵਾਂਗਣ ਉਸਦੇ ਪਿੱਛੇ-ਪਿੱਛੇ ਜੋਰਜ ਦੇ ਦਫ਼ਤਰ ਵੱਲੀਂ ਖਿੱਚਿਆ ਜਾ ਰਿਹਾ ਸਾਂ।
'ਲੁੱਕ, ਜੋਰਜ, ਲੁੱਕ!' ਜੈਨਿਟ ਦੀਆਂ ਅੱਖਾਂ ਦਾ ਸੇਕ ਕੜਕਿਆ। 'ਦੇਖ ਕੀ ਹੈ ਬਾਲੀ ਦੇ ਹੱਥ
ਵਿੱਚ!'
ਜੋਰਜ ਦੀਆਂ ਅੱਖਾਂ 'ਚ ਉੱਮੜੀ ਹੈਰਾਨੀ ਕਦੇ ਮੇਰੇ ਵੱਲੀਂ, ਤੇ ਕਦੇ ਮਿਸਟਰ ਬੀਅਰ ਅਤੇ
ਜੈਨਿਟ ਵੱਲੀਂ ਗਿੜਨ ਲੱਗੀ।
'ਪਹਿਲਾ ਦਿਨ ਐ ਬਾਲੀ ਦਾ ਇਸ ਸਕੂਲ 'ਚ, ਜੋਰਜ, ਪਹਿਲਾ ਦਿਨ!' ਜੈਨਿਟ ਦੀਆਂ ਤਿਊੜੀਆਂ ਕਬੰਣ
ਲੱਗੀਆਂ। 'ਤੇ ਇਹ ਕਿਸੇ ਨੂੰ ਹਾਲੇ ਦੋ ਸਕਿੰਟ ਤੋਂ ਵੱਧ ਮਿਲਿਆ ਵੀ ਨਹੀਂ! ਕੀਹਨੇ ਜਜ ਕਰ
ਲਿਆ ਦੋ ਮਿੰਟਾਂ 'ਚ ਹੀ ਕਿ ਇਹਦੇ 'ਚੋਂ ਮੁਸ਼ਕ ਆਉਂਦੈ? ਦਿਸ'ਜ਼ ਮੈੱਡਨਿਸ! ਸ਼ੀਅਰ ਮੈੱਡਨਿਸ!'
'ਪਰ ਗੱਲ ਤਾਂ ਦੱਸੋ ਕੀ ਐ?' ਜੋਰਜ ਉਸਦੇ ਸਾਹਮਣੇ ਪਏ ਕਾਗਜ਼ਾਂ ਨੂੰ ਸੱਜੇ ਪਾਸੇ ਵੱਲ ਨੂੰ
ਧਕਦਿਆਂ ਬੋਲਿਆ।
'ਆਹ ਨਹਾਉਣ ਵਾਲਾ ਸਾਬਣ ਬਾਲੀ ਦੇ ਮੇਲਬਾਕਸ 'ਚ ਕਿਵੇਂ ਆ ਗਿਆ? ਕਿਸਨੇ ਰੱਖਿਐ ਇਸ ਟਿੱਕੀ
ਨੂੰ ਬਾਲੀ ਦੇ ਮੇਲਬਾਕਸ 'ਚ? ਤੇ ਤੈਨੂੰ ਪਤੈ, ਜੋਰਜ, ਕਿ ਸਾਬਣ ਦੀ ਇਸ ਟਿੱਕੀ ਨੂੰ ਬਾਲੀ
ਦੇ ਮੇਲਬਾਕਸ 'ਚ ਰੱਖਣ ਵਾਲ਼ਾ ਗਲ਼ਿਆ-ਆਂਡਾ ਕੀ ਸੁਨੇਹਾਂ ਦੇਣਾ ਚਾਹੁੰਦੈ!'
ਹੇਠਲੇ ਬੁੱਲ੍ਹ ਨੂੰ ਦੰਦਾਂ 'ਚ ਕਰ ਕੇ, ਜੋਰਜ ਆਪਣੇ ਚਿਹਰੇ ਨੂੰ ਮੋਢਿਆਂ ਵੱਲ ਨੂੰ ਹਿਲਾਉਣ
ਲੱਗਾ।
'ਆ'ਅਮ ਸੋ ਸੌਰੀ, ਬਾਲੀ,' ਜੋਰਜ ਘਗਿਆਇਆ। 'ਚੰਗੀ ਤਰ੍ਹਾਂ ਪਤੈ ਮੈਨੂੰ ਕੌਣ ਐ ਇਸ ਘਿਨਾਉਣੀ
ਹਰਕਤ ਦੇ ਪਿੱਛੇ... ਤੇ ਤੈਨੂੰ ਵੀ ਲੱਗਜੂ ਪਤਾ ਆਪੇ ਈ ਥੋੜ੍ਹੇ ਦਿਨਾਂ 'ਚ ਈ, ਬਾਲੀ!'
'ਆਈ ਫ਼ੀਅਲ ਸੌਰੀ ਫ਼ੋਰ ਬਾਲੀ,' ਰਾਬਅਟ ਬੀਅਰ ਆਪਣੇ ਚਿਹਰੇ ਦੀ ਗੁਲਾਬੀਅਤ ਨੂੰ ਘੁੱਟਣ ਲੱਗਾ।
'ਦ ਵੈਰੀ ਫ਼ਅਸਟ ਡੇਅ? ਦਿਸ'ਜ਼ ਕਰੂਅਲ!'
'ਦਿਲ ਛੱਡਣ ਤੇ ਉਦਾਸ ਹੋਣ ਦੀ ਜ਼ਰੂਰਤ ਨੀਂ, ਬਾਲੀ!' ਜੋਰਜ ਆਪਣੀਆਂ ਤਲ਼ੀਆਂ ਨੂੰ ਇੱਕ-ਦੂਜੀ
ਨਾਲ਼ ਘਸਾਉਂਦਿਆਂ ਬੋਲਿਆ। 'ਨਸਲਵਾਦ ਬੜੀ ਕਮੀਨਗੀ ਵਾਲ਼ਾ ਵਤੀਰਾ ਹੈ; ਪਰ ਤੂੰ ਦੇਖੇਂਗਾ ਕਿ
ਨਸਲਵਾਦੀ ਲੋਕ ਹਰ ਕਮਿਊਨਿਟੀ ਵਿੱਚ ਹੀ ਹੁੰਦੇ ਹਨ, ਪਰ ਹੁੰਦੇ ਹਨ ਐਵੇਂ ਪੰਜ-ਦਸ ਫ਼ੀ ਸਦੀ
ਹੀ! ਦੇਖਦਾ ਜਾਈਂ, ਜ਼ਿੰਦਗੀ 'ਚ ਤੈਨੂੰ ਅਣਗਿਣਤ ਜੋਰਜ ਹਾਲ ਤੇ ਰਾਬਰਟ ਬੀਅਰ ਵੀ ਮਿਲਣਗੇ!'
ਉਸ ਦਿਨ ਤੋਂ ਬਾਅਦ, ਉਹ ਚੌਕੜੀ ਜਦੋਂ ਨਜ਼ਰ ਪੈਂਦੀ, ਮੇਰੀ ਛਾਤੀ 'ਚ ਖਿਲਾਅ ਜਿਹਾ ਫੈਲ
ਜਾਂਦਾ। ਜੇ ਉਹ ਸਾਹਮਣਿਓਂ ਮੇਰੇ ਵੱਲ ਨੂੰ ਆ ਰਹੇ ਹੁੰਦੇ, ਮੇਰਾ ਜੀਅ ਕਰਦਾ ਕਿ ਕਿਸੇ ਕਮਰੇ
'ਚ ਵੜ ਜਾਵਾਂ ਜਾਂ ਵਾਪਸ ਪਰਤ ਜਾਵਾਂ। ਫ਼ਿਰ ਮਨ ਕਹਿੰਦਾ ਨੀਵੀਂ ਪਾ ਕੇ ਕੋਲ਼ ਦੀ ਲੰਘ ਜਾਅ,
ਪਰ ਸ਼ਿਸ਼ਟਾਚਾਰ ਤੁਰਤ ਬੋਲ ਉੱਠਦਾ, ਜਦੋਂ ਵੀ ਏਹਨਾਂ ਨਾਲ਼ ਸਾਹਮਣਾ ਹੋਵੇ, ਤੂੰ 'ਹਾਏ' ਜ਼ਰੂਰ
ਆਖਣਾ ਹੈ।
ਪਰ ਉਹਨਾਂ 'ਚੋਂ ਕੋਈ ਵੀ ਜਦੋਂ ਮੇਰੇ ਕੋਲ਼ ਦੀ ਗੁਜ਼ਰਦਾ ਤਾਂ ਉਹਦਾ ਚਿਹਰਾ ਮੇਰੇ ਤੋਂ ਉਲ਼ਟ
ਦਿਸ਼ਾ 'ਚ ਉਸਦੇ ਦੇ ਮੋਢੇ ਵੱਲ ਗਿੜ ਜਾਂਦਾ।
ਜੋਰਜ ਹਾਲਵੇਅ 'ਚ, ਜਾਂ ਦਫ਼ਤਰ 'ਚ, ਤੇ ਜਾਂ ਰੀਅਸਿਸ ਵੇਲ਼ੇ ਛੜੱਪੇ ਮਾਰਦੇ ਬੱਚਿਆਂ ਦੀ
ਨਿਗਰਾਨੀ ਦੌਰਾਨ ਮੈਨੂੰ ਜਦੋਂ ਵੀ ਦੇਖਦਾ, 'ਹਾਏ ਬਾਲੀ' ਆਖ ਕੇ ਬੁੱਲ੍ਹਾਂ ਉੱਪਰ
ਫੁੱਲ-ਪੱਤੀਆਂ ਖਿਲਾਰ ਲੈਂਦਾ। 'ਕੀ ਹਾਲ ਐ ਤੇਰਾ, ਬਾਲੀ?' ਉਹ ਪੁਛਦਾ। 'ਸਭ ਕੁਝ ਠੀਕ ਚੱਲ
ਰਿਹੈ ਨਾ?'
ਦੋ ਹਫ਼ਤੇ ਗੁਜ਼ਰੇ ਸਨ ਮੈਨੂੰ ਜਾਬ ਸ਼ੁਰੂ ਕਰਿਆਂ: ਉਸ ਦਿਨ ਲੰਚ ਬ੍ਰੇਕ ਦੀ ਘੰਟੀ ਮੈਨੂੰ ਮੇਰੇ
ਮੇਲਬਾਕਸ ਦਾ ਹਾਲ-ਚਾਲ ਪੁੱਛਣ ਲਈ ਦਫ਼ਤਰ ਵੱਲ ਨੂੰ ਲੈ ਤੁਰੀ। ਦਫ਼ਤਰ 'ਚ ਜੋਰਜ ਦੇ ਉਦਾਲੇ ਇਕ
ਓਪਰੀ ਔਰਤ ਅਤੇ ਸਕੂਲ ਦੀਆਂ ਤਿੰਨੋਂ ਸੈਕਟਰੀਆਂ। ਉਹਨਾਂ ਦੀ 'ਹਾ-ਹਾ, ਹਾ-ਹਾ' 'ਚ ਵਿਘਨ
ਬਣਨ ਤੋਂ ਗੁਰੇਜ਼ ਕਰਦਿਆਂ ਮੈਂ ਪਿੱਛੇ ਮੁੜਨ ਲਈ ਹਾਲੇ ਜੱਕੋਤੱਕੀ ਨਾਲ਼ ਜੂਝ ਰਿਹਾ ਸਾਂ ਕਿ
ਜੋਰਜ ਬੋਲ ਪਿਆ, 'ਹਾਇ, ਬਾਲੀ! ਹੌ'ਅਰ ਯੂ?'
ਓਪਰੀ ਔਰਤ ਨੇ ਆਪਣਾ ਚਿਹਰਾ, ਧੌਣ 'ਚ ਚਾਕੂ ਚੁੱਭਣ ਵਾਂਗ, ਮੇਰੇ ਵੱਲ ਨੂੰ ਝਟਕਿਆ;
ਤਿਊੜੀਆਂ ਨੂੰ ਇਕੱਠੀਆਂ ਕੀਤਾ, ਅਤੇ ਚਿਹਰੇ ਅੱਗੇ ਲਿਆਂਦੀ ਆਪਣੀ ਪਹਿਲੀ ਉਂਗਲ਼ ਨੂੰ ਆਪਣੇ
ਵੱਲ ਨੂੰ ਤੁਣਕਿਆ।
ਮੇਰੇ ਸਿਰ 'ਚ ਭਰ-ਆਈ ਘਬਰਾਹਟ ਨੇ ਮੇਰੀਆਂ ਅੱਖਾਂ ਨੂੰ ਵਾਰ-ਵਾਰ ਝਮਕਣ ਲਾ ਦਿੱਤਾ। ਮੈਂ
ਆਪਣੀ ਜੱਕੋਤੱਕੀ ਨੂੰ ਜੋਰਜ ਹੋਰਾਂ ਵੱਲ ਨੂੰ ਖਿਸਕਾਅ ਲਿਆ।
-ਸੋ ਯੂਅਅ ਅਰ ਬਾਲੀ ਗਿੱਲ! ਓਪਰੀ ਔਰਤ ਆਪਣੀ ਪਹਿਲੀ ਉਂਗਲ਼ ਨੂੰ ਮੇਰੀ ਛਾਤੀ ਵੱਲ ਸੇਧਦਿਆਂ
ਕੜਕੀ।
ਔਰਤ ਦੇ ਡੇਲਿਆਂ ਅਤੇ ਭਰਵੱਟਿਆਂ ਵਿਚਕਾਰ ਇਕੱਠੇ ਹੋ ਗਏ ਸੇਕ ਨਾਲ਼ ਮੇਰਾ ਸਹਿਮ ਮੇਰੀਆਂ
ਨੈਣ-ਗੋਲ਼ੀਆਂ ਨੂੰ ਖੱਬੇ-ਸੱਜੇ ਹਿਲਾਉਣ ਲੱਗਾ।
-ਵ੍ਹਟ'ਵ ਯੂ ਡਨ ਟੂ ਮਾਈ ਹਸਬਿੰਡ, ਮਿਸਟਰ ਬਾਲੀ ਗਿੱਲ? ਓਪਰੀ ਔਰਤ ਨੇ ਆਪਣੇ ਬੁੱਲ੍ਹਾਂ
ਨੂੰ ਜਮੂਰ ਵਾਂਗ ਘੁੱਟ ਲਿਆ। -ਆਅ ਯੂ ਪਲੈਨਿੰਗ ਟੂ ਸਨੈਅਅਚ ਹਿਮ ਫ਼ਰੋਮ ਮੀ? ਇਹ ਤਾਂ ਘਰ ਜਾ
ਕੇ 'ਬਾਲੀ, ਬਾਲੀ, ਬਾਲੀ, ਬਾਲੀ' ਦੀ ਰਟ ਈ ਲਾਈ ਰਖਦੈ!
ਮੇਰੇ ਭਰਵੱਟੇ ਠਠੰਬਰ ਗਏ!
ਔਰਤ ਨੇ ਆਪਣੀਆਂ ਅੱਖਾਂ ਨੂੰ ਮੇਰੇ ਵੱਲੋਂ ਪੱਟ ਕੇ ਜੋਰਜ ਵੱਲ ਨੂੰ ਘੁੰਮਾਅ ਦਿੱਤਾ। ਜੋਰਜ
ਦੀਆਂ ਸੱਜੀਆਂ ਉਂਗਲ਼ਾਂ ਉਸਦੀ ਖੱਬੀ ਤਲ਼ੀ ਉੱਤੇ ਵੱਜਣ ਲੱਗੀਆਂ, ਤੇ ਸੈਕਟਰੀਆਂ ਦੀ 'ਹਾ-ਹਾ,
ਹਾ-ਹਾ' ਨੂੰ ਚੀਰਦਾ ਹੋਇਆ ਜੋਰਜ ਬੋਲਿਆ, 'ਤੂੰ ਤਾਂ ਬਾਲੀ ਨੂੰ ਡਰਾਅ ਹੀ ਦਿੱਤਾ, ਲਿੰਡਾ!'
ਓਕਡੇਲ ਜੂਨੀਅਰ ਹਾਈ ਸਕੂਲ ਦੇ ਸਟਾਫ਼ 'ਚ ਮੇਰੀ ਸ਼ਮੂਲੀਅਤ ਢਾਈ ਕੁ ਹਫ਼ਤੇ ਦਾ ਸਫ਼ਰ ਪਾਰ ਕਰ ਗਈ
ਸੀ। ਦਫ਼ਤਰ 'ਚ ਆਪਣੇ ਮੇਲਬਾਕਸ ਦਾ ਹਾਲ-ਚਾਲ ਪੁੱਛਣ ਜਾਂਦਾ, ਜਾਂ ਕੈਫ਼ੇਟੀਰੀਆ ਦੇ ਸਾਹਾਂ
ਵਿੱਚੋਂ ਆਲੂ-ਫ਼ਰਾਈਆਂ ਦੀ 'ਛਣਣ-ਛਣਣ' ਨੂੰ ਸੁੰਘ ਰਿਹਾ ਹੁੰਦਾ, ਜਾਂ ਹਾਲਵੇਅ 'ਚੋਂ
ਕਲਾਸਰੂਮ ਵੱਲ ਵਧ ਰਿਹਾ ਹੁੰਦਾ, ਸਟਾਫ਼ ਮੈਂਬਰਾਂ ਦੀ 'ਹਾਏ ਬਾਲੀ, ਹਾਏ ਬਾਲੀ' ਤੇ
ਵਿਦਿਆਰਥੀਆਂ ਦੀ 'ਹਾਏ ਮਿਸਟਰ ਗਿੱਲ, ਹਾਏ ਮਿਸਟਰ ਗਿੱਲ' ਨਾਲ਼ ਮੇਰੇ ਮੱਥੇ ਵਿਚਲੇ
ਤੌਖ਼ਲੇ-ਸੰਸੇ ਪੋਲੇ ਪੈ ਚੁੱਕੇ ਸਨ।
ਪਰ ਫ਼ਿਰ ਓਹ ਦਿਨ ਆ ਪਹੁੰਚਿਆ ਜਿਸਨੂੰ ਯਾਦ ਕਰ ਕੇ, ਅੱਜ ਉਨੱਤੀ ਸਾਲ ਬਾਅਦ ਵੀ ਮੇਰੀਆਂ
ਬਾਹਾਂ ਉੱਪਰਲੇ ਰੋਮ ਸੂਲ਼ਾਂ ਵਾਂਗਣ ਸਿੱਧੇ ਹੋ ਜਾਂਦੇ ਹਨ: ਤੀਜਾ ਪੀਰੀਅਡ ਸੀ ਮੇਰਾ;
ਸੱਤਵੀਂ ਜਮਾਤ ਦੇ ਸੱਤ-ਅੱਠ ਵਿਦਿਆਰਥੀਆਂ ਦੀਆਂ ਨਜ਼ਰਾਂ ਮੇਰੇ ਉੱਪਰ ਗੱਡੀਆਂ ਹੋਈਆਂ ਸਨ!
ਦੋਹਾਂ ਹੱਥਾਂ 'ਚ ਪਕੜੀ, ਪਰੀ-ਕਹਾਣੀਆਂ ਦੀ ਇਕ ਕਿਤਾਬ ਦੇ ਸਰਵਰਕ ਉੱਪਰਲੇ ਚਿਤਰ ਨੂੰ ਹਾਲੇ
ਮੈਂ ਵਿਦਿਆਰਥੀਆਂ ਦੇ ਸਾਹਮਣੇ ਸੱਜਿਓਂ ਖੱਬੇ ਵੱਲ ਨੂੰ ਲਹਿਰਾਇਆ ਹੀ ਸੀ ਕਿ ਇੰਟਰਕਾਮ ਦਾ
ਬਜ਼ਰ 'ਕਿਰਰਰਰ' ਕਰ ਕੇ ਖੰਘਣ ਲੱਗਾ:
-ਮਿਸਟਰ ਗਿੱਲ? ਜੋਰਜ ਹਾਲ ਆਪਣੇ ਦਫ਼ਤਰ ਵਿੱਚੋਂ ਬੋਲ ਰਿਹਾ ਸੀ।
-ਯੈੱਸ, ਮਿਸਟਰ ਹਾਲ!
-ਆਈ ਵਾਂਟ ਯੂ ਇਨ ਮਾਈ ਆਫ਼ਿਸ, ਰਾਈਟ ਨਾਓ!
-ਪੀਰੀਅਡ ਖ਼ਤਮ ਹੋਣ ਤੋਂ ਬਾਅਦ ਆ ਜਾਵਾਂ, ਮਿਸਟਰ ਹਾਲ?
-ਨੋਅ, ਮਿਸਟਰ ਗਿੱਲ! ਹੁਣੇ ਆ!
-ਬਟ ਆ'ਅਮ ਵਿਦ ਮਾਈ ਸਟੂਡੈਂਟਸ, ਮਿਸਟਰ ਹਾਲ!
-ਲੀਵ ਦੈਮ ਅਲੋਨ, ਮਿਸਟਰ ਗਿੱਲ, ਤੇ ਹੁਣੇ ਮੇਰੇ ਦਫ਼ਤਰ ਆ ਕੇ ਮਿਲ ਮੈਨੂੰ!
ਕੀ ਇਹ ਜੋਰਜ ਸੀ? ਮੇਰੇ ਮੱਥੇ 'ਚ ਉੱਗੀ ਬੇਚੈਨੀ ਸੋਚਣ ਲੱਗੀ। ਹਾਂ, ਸੀ ਤਾਂ ਇਹ ਜੋਰਜ ਹੀ,
ਪਰ ਇਹ ਜੋਰਜ ਨਹੀਂ ਸੀ! ਰੁੱਖਾ, ਹੁਕਮੀਆਂ ਅੰਦਾਜ਼: ਇਹ ਤਾਂ ਜੋਰਜ ਦਾ ਸਟਾਇਲ ਈ ਨਹੀਂ! ਤੇ
ਨਾਲ਼ੇ ਉਹਦਾ ਇਹ ਕਹਿਣਾ ਕਿ ਵਿਦਿਆਰਥੀਆਂ ਨੂੰ ਇਕੱਲੇ ਛੱਡ ਕੇ ਹੁਣੇ ਮੇਰੇ ਦਫ਼ਤਰ ਪਹੁੰਚ! ਇਹ
ਤਾਂ ਕੋਈ ਪ੍ਰਿੰਸੀਪਲ ਕਹਿੰਦਾ ਈ ਨਹੀਂ ਕਦੇ। ਵਿਦਿਆਰਥੀਆਂ ਨੂੰ ਅਣ-ਨਿਗਰਾਨੇ ਛੱਡਣਾ?
ਵਿੱਦਿਆਕਾਰੀ ਦੇ ਕਿਤੇ 'ਚ ਵੱਡੀ ਕੁਤਾਹੀ ਮੰਨੀ!
ਪਰ ਜੇ ਜੋਰਜ ਨੇ ਬੱਚਿਆਂ ਨੂੰ ਅਣ-ਨਿਗਰਾਨੇ ਛੱਡਣ ਦੀ ਗੱਲ ਆਖੀ ਹੈ, ਤਾਂ ਜ਼ਰੂਰ ਕੋਈ
ਅਣਹੋਣੀ ਵਾਪਰੀ ਹੋਵੇਗੀ।
ਮੇਰੀ ਪ੍ਰੇਸ਼ਾਨੀ 'ਚ ਸਾਗਰ ਤੇ ਜੌੜੀਆਂ ਦੇ ਚਿਹਰੇ ਉੱਘੜਣ ਲੱਗੇ: ਝਰੀਟੇ ਹੋਏ, ਝੁਲ਼ਸੇ ਹੋਏ
ਚਿਹਰੇ, ਤੇ ਉਹਨਾਂ ਵੱਲ ਨੂੰ ਦੌੜ ਰਹੀ ਐਂਬੂਲੈਂਸ ਦੀ 'ਘੂੰਅਅ-ਘੂੰਅਅ' ਅਤੇ ਫ਼ਾਇਰ ਬਰਗੇਡ
ਦੀ 'ਭਾਂਅਅਅ-ਭਾਂਅਅ!'
ਜੋਰਜ ਦੇ ਕਮਰੇ 'ਚ ਦਾਖ਼ਲ ਹੋਇਆ: ਮੇਰੀ 'ਹਾਇ!' ਦੇ ਜਵਾਬ ਵਿੱਚ, ਡੈਸਕ ਉਦਾਲ਼ੇ ਟਿਕੀਆਂ
ਕੁਰਸੀਆਂ ਵੱਲ ਨੂੰ ਕੀਤੇ ਉਸਦੇ ਹੱਥ ਦੇ ਇਸ਼ਾਰੇ ਵਿੱਚੋਂ ਅਤੇ ਚਿਹਰੇ ਦੀ ਘੁੱਟਣ ਵਿੱਚੋਂ
ਜੋਰਜ ਗ਼ਾਇਬ ਸੀ।
ਨਾ ਕੋਈ 'ਥੈਂਕਸ ਫ਼ੋਰ ਕਮਿੰਗ' ਤੇ ਨਾ ਹੀ ਕੋਈ 'ਹੌ ਅਰ ਯੂ?' ਉਸਦੀਆਂ ਤਿਊੜੀਆਂ ਉਸਦੇ
ਸਾਹਮਣੇ ਟਿਕੇ ਫ਼ੋਲਡਰ ਵੱਲ ਗਿੜੀਆਂ ਅਤੇ ਉਸ ਵੱਲੋਂ 'ਰੋਬਾਟੀ' ਅੰਦਾਜ਼ ਵਿੱਚ ਫ਼ੋਲਡਰ ਵਿੱਚੋਂ
ਖਿੱਚਿਆ ਇੱਕ ਲੰਬੂਤਰਾ ਵਰਕਾ ਮੇਰੇ ਵੱਲ ਨੂੰ ਖਿਸਕਿਆ।
ਵਰਕੇ ਦੀ ਇਬਾਰਤ ਉੱਪਰ ਮੇਰੀ ਨਿਗ੍ਹਾ ਹਾਲੇ ਡਿੱਗੀ ਹੀ ਸੀ ਕਿ ਮੇਰੇ ਬੁੱਲ੍ਹਾਂ 'ਚੋਂ ਤੁਰਤ
ਨਿੱਕਲ਼ਿਆ: ਇਹ ਮੇਰੇ ਭਰਾ ਦੀ ਲਿਖਾਈ ਐ!
-ਤੇਰੇ ਭਰਾਅ ਦੀ ਲਿਖਾਈ? ਜੋਰਜ ਦੇ ਭਰਵੱਟਿਆਂ ਵਿਚਕਾਰ ਉੱਠੀਆਂ ਸਿਲਵਟਾਂ ਦਾ ਕੱਸੇਵਾਂ
ਬੁੜਬੁੜਾਇਆ। -ਕਿਵੇਂ ਪਤੈ ਤੈਨੂੰ ਕਿ ਇਹ ਤੇਰੇ ਭਰਾ ਦੀ ਹੱਥਲਿਖਤ ਐ?
-ਮੈਂ ਆਪਣੇ ਇਸ ਭਰਾ ਦੀ ਲਿਖਾਈ ਪੰਜਾਹ ਮੀਟਰ ਤੋਂ ਪਛਾਣ ਸਕਦਾਂ!
-ਪੜ੍ਹ ਏਸ ਚਿੱਠੀ ਨੂੰ ਪਹਿਲਾਂ, ਮਿਸਟਰ ਗਿੱਲ!
'ਮਿਸਟਰ ਗਿੱਲ?' ਮੇਰੇ ਮੱਥੇ 'ਚ ਵਾਵਰੋਲ਼ਾ ਗਿੜਨ ਲੱਗਾ। 'ਬਾਲੀ ਤੋਂ ਮੈਨੂੰ ਅੱਜ ਮਿਸਟਰ
ਗਿੱਲ ਕਿਉਂ ਬਣਾ ਦਿੱਤਾ ਜੋਰਜ ਨੇ?'
ਹੱਥਲਿਖਤ ਅੰਗਰੇਜ਼ੀ ਵਿੱਚ ਲਿਖੀ ਇਹ ਚਿੱਠੀ:
"ਸੇਵਾ ਵਿਖੇ,
ਪ੍ਰਿੰਸੀਪਲ, ਓਕਡੇਲ ਜੂਨੀਅਰ ਹਾਈ ਸਕੂਲ, ਟਰਾਂਟੋ
ਵਿਸ਼ਾ: ਨਵੇਂ ਭਰਤੀ ਕੀਤੇ ਟੀਚਰ ਇਕਬਾਲ ਗਿੱਲ ਬਾਰੇ ਜਾਣਕਾਰੀ
ਤੁਸੀਂ ਆਪਣੇ ਸਕੂਲ ਵਿੱਚ ਇਕਬਾਲ ਗਿੱਲ ਨਾਮ ਦੇ ਟੀਚਰ ਨੂੰ ਭਰਤੀ ਕੀਤਾ ਹੈ। ਮੈਂ ਇਸ ਚਿੱਠੀ
ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਇਕਬਾਲ ਗਿੱਲ ਮੁਜਰਿਮੀ ਬਿਰਤੀ ਵਾਲ਼ਾ ਵਿਅਕਤੀ ਹੈ ਅਤੇ
ਭਾਰਤ ਵਿੱਚ ਅਤੰਕਵਾਦੀ ਕਾਰਵਾਈਆਂ 'ਚ ਗਲਤਾਨ ਰਹਿ ਚੁੱਕਿਆ ਹੈ।
ਮੇਰਾ ਸਾਹ ਫੇਫੜਿਆਂ ਵਿੱਚ ਹੀ ਜੰਮ ਗਿਆ, ਤੇ ਮੱਥੇ ਉੱਪਰ ਸਿੰਮ-ਆਈਆਂ ਤੱਤੀਆਂ ਬੂੰਦਾਂ ਨੂੰ
ਪੂੰਝਣ ਦਾ ਹੌਸਲਾ ਵੀ ਮੇਰੇ ਫੇਫੜਿਆਂ 'ਚ ਉੱਤਰੇ ਸਾਹ ਵਾਂਗਣ ਅਹਿੱਲ ਹੋ ਗਿਆ।
ਇਕਬਾਲ ਗਿੱਲ ਨਕਸਲਬਾੜੀ-ਮਾਓਵਾਦੀ ਪਾਰਟੀ ਦਾ ਨੇਤਾ ਸੀ ਜਿਹੜੀ ਭਾਰਤ ਵਿੱਚ ਹਥਿਆਰਬੰਦ
ਗੁਰੀਲਾ ਜੰਗ ਰਾਹੀਂ ਕਮਿਊਨਿਸਟ ਢੰਗ ਦਾ ਇਨਕਲਾਬ ਲਿਆਉਣ ਦੇ ਫ਼ਲਸਫ਼ੇ ਨੂੰ ਪਰਣਾਈ ਹੋਈ ਸੀ।
ਇਕਬਾਲ ਨੇ ਬੰਬ ਬਣਾਉਣ ਦੀ ਟ੍ਰੇਨਿੰਗ ਦਿੱਤੀ, ਡਾਕੇ ਮਾਰੇ ਅਤੇ ਅਗਵਾਅ ਦੀਆਂ ਵਰਦਾਤਾਂ
ਕੀਤੀਆਂ!
-ਲੂਥਰਾ, ਤਾਰੀਖ਼ ????
ਜਿਉਂ-ਜਿਉਂ ਮੈਂ ਚਿੱਠੀ ਵਿੱਚ ਡੂੰਘਾ ਉੱਤਰਿਆ, ਹਰ ਅਗਲੇ ਸਾਹ ਦੀ ਲੰਬਾਈ ਸੁੰਗੜਨ ਲੱਗੀ।
ਚਿੱਠੀ ਦੇ ਅੰਤ ਤੀਕਰ ਪੁੱਜਦਿਆਂ, ਖ਼ਰਗੋਸ਼ ਦੇ ਡਰੇ ਹੋਏ ਬੱਚੇ ਵਾਂਗ ਕੰਬ ਰਹੀਆਂ ਆਪਣੀਆਂ
ਉਂਗਲ਼ਾਂ ਨੂੰ ਕਾਬੂ 'ਚ ਰੱਖਣ ਦੀ ਸੱਤਿਆ ਵੀ ਲੁੜਕ ਗਈ! ਮੇਰੇ ਸਾਹ 'ਹੂੰਅਅਅਅ-ਹਾਂਅਅਅ' ਤੋਂ
ਪਿਚਕ ਕੇ 'ਹੂੰ-ਹਾਂ; ਹੂੰ-ਹਾਂ; ਹੂੰ-ਹਾਂ; ਹੂੰ-ਹਾਂ' ਕੁ ਜੇਡੇ ਹੀ ਰਹਿ ਗਏ।
-ਕੀਅਅ ਐ ਏਹ ਸਭ ਕੁਝ, ਮਿਸਟਰ ਗਿੱਲ? ਜੋਰਜ ਦੇ ਬੁੱਲ੍ਹਾਂ ਦਾ ਕੱਸ ਹਿੱਲਿਆ।
-ਏਹ... ਏਹ ਸਭ ਕੁਝ... ਝੂਠ ਐ, ਜ.. ਜੋਰਜ!
-ਝੂਠ?
-ਇਹ ਮੇਰੇ ਸਕੇ ਭਰਾ ਦੇ ਜ਼ਹਿਰੀਲੇ ਪੈੱਨ ਦੀ ਕਰਤੂਤ ਐ।
-ਚਿੱਠੀ ਲਿਖਣ ਵਾਲ਼ਾ ਇਹ ਲੂਥਰਾ ਤੇਰਾ ਭਰਾ ਐ?
-ਇਹ 'ਲੂਥਰਾ' ਨਾਮ ਤਾਂ ਉਸਨੇ ਆਪਣੀ ਪਹਿਚਾਣ ਨੂੰ ਛੁਪਾਉਣ ਲਈ ਵਰਤਿਐ, ਜੋਰਜ; ਉਹਦਾ ਅਸਲ
ਨਾਮ ਤਾਂ....
-ਮੈਨੂੰ ਤਾਂ ਇਹ ਦੱਸ, ਬਾਲੀ, ਕਿ ਅਗਰ ਇਹ ਸਭ ਕੁਝ ਝੂਠ ਐ ਤਾਂ ਉਹਨੂੰ ਆਹ ਚਿੱਠੀ ਲਿਖਣ ਦੀ
ਲੋੜ ਕਿਉਂ ਪਈ?
-ਈਰਖਾ, ਜੋਰਜ! ਨੱਥਿੰਗ ਐਲਸ ਬਟ ਜੈਲਸੀ!
-ਜੈਲਸੀ ਤੇਰੇ ਨਾਲ਼ ਕਾਹਦੀ?
-ਗੱਲ ਅਸਲ 'ਚ ਇਹ ਐ, ਜੋਰਜ, ਪਈ ਇਹ ਮੇਰਾ ਵੱਡਾ ਭਰਾ ਹੈ। ਇਹ ਇੰਡੀਆ ਵਿੱਚ ਐਮ. ਏ. ਤੇ
ਬੀ. ਐੱਡ. ਦੀਆਂ ਡਿਗਰੀਆਂ ਲੈ ਕੇ ਇਕ ਮਿਡਲ ਸਕੂਲ ਵਿੱਚ ਹੈੱਡ-ਟੀਚਰ ਸੀ... ਫ਼ਿਰ ਇਹ 1972
'ਚ ਕੈਨਡਾ ਮਾਈਗ੍ਰੇਟ ਹੋ ਗਿਆ; ਇਥੇ ਆ ਕੇ ਇਹ ਭਰਾ ਫ਼ੈਕਟਰੀਆਂ 'ਚ ਕੰਮ ਕਰਦਾ ਰਿਹਾ ਤੇ ਫ਼ਿਰ
ਟੈਕਸੀ ਚਲਾਉਣ ਲੱਗ ਪਿਆ... 1975 'ਚ ਮੈਂ ਵੀ ਕੈਨੇਡਾ ਆ ਗਿਆ; ਟੈਕਸੀ ਮੈਂ ਵੀ ਚਲਾਈ, ਪਰ
ਨਾਲ਼-ਨਾਲ਼ ਯੂਨੀਵਰਸਿਟੀਆਂ 'ਚ ਪੜ੍ਹਾਈ ਵੀ ਕਰੀ ਗਿਆ... ਲੰਮੀ ਮਿਹਨਤ ਤੋਂ ਬਾਅਦ ਹੁਣ ਤੇਰੀ
ਮੱਦਦ ਨਾਲ਼ ਮੈਂ ਤਾਂ ਟੀਚਰ ਬਣ ਗਿਆ, ਪਰ ਉਹ ਟੈਕਸੀ ਹੀ ਵਾਹ ਰਿਹਾ ਹੈ... ਬੱਸ ਉਸ ਤੋਂ
ਬਰਦਾਸ਼ਤ ਈ ਨੀਂ ਹੋ ਰਿਹਾ ਕਿ ਮੈਂ ਜ਼ਿੰਦਗੀ ਵਿੱਚ ਉਸ ਤੋਂ ਐਨਾ ਅੱਗੇ ਵਧ ਗਿਆ ਹਾਂ।
ਜੋਰਜ ਦੀਆਂ ਤਿਉੜੀਆਂ ਦੀ ਸਖ਼ਤੀ ਰਤਾ ਕੁ ਪਿਘਲ਼ਦੀ ਜਾਪੀ।
-ਸੱਚ ਕਹਿਨੈਂ ਤੂੰ?
-ਬਿਲਕੁਲ, ਜੋਰਜ.. ਜਦੋਂ ਮੈਂ ਦੋ ਧੀਆਂ ਪਾਲਣ ਲਈ ਟੈਕਸੀ ਚਲਾ ਰਿਹਾ ਸੀ ਤੇ ਨਾਲ਼-ਨਾਲ਼
ਫੁੱਲ-ਟਾਈਮ ਪੜ੍ਹ ਰਿਹਾ ਸੀ ਤਾਂ ਇਸ ਬੰਦੇ ਨੇ ਮੈਨੂੰ ਲੀਹੋਂ ਲਹੁਣ ਲਈ ਅਣਗਿਣਤ ਸਾਜ਼ਸ਼ਾਂ
ਕੀਤੀਆਂ...
-ਇਹ ਤਾਂ ਮੰਨਣਯੋਗ ਹੈ ਕਿ ਉਹ ਜੈਲਸੀ 'ਚ ਸੜ ਰਿਹਾ ਹੋਵੇ, ਪਰ ਮੈਂ ਇਹ ਨਹੀਂ ਮੰਨ ਸਕਦਾ ਕਿ
ਕੋਈ ਸਕਾ ਭਰਾ ਐਨੀ ਕਮੀਨਗੀ ਤੱਕ ਕਿਉਂ ਜਾਵੇਗਾ! ਸੱਚੀ ਗੱਲ ਇਹ ਐ, ਬਾਲੀ, ਕਿ ਮੈਨੂੰ
ਤੇਰੀਆਂ ਗੱਲਾਂ 'ਤੇ ਪੂਰਾ ਯਕੀਨ ਕਰਨਾ ਔਖਾ ਲੱਗ ਰਿਹੈ। ਤੂੰ ਕਿਧਰੇ ਹਕੀਕਤ ਨੂੰ ਲੁਕੋਅ
ਤਾਂ ਨਹੀਂ ਰਿਹਾ।
-ਨਹੀਂ, ਜੋਰਜ; ਯਕੀਨ ਕਰ ਮੇਰੇ 'ਤੇ...
-ਦੇਖ, ਬਾਲੀ, ਇੰਟਰਵਿਊ ਦੌਰਾਨ ਤੂੰ ਜਦੋਂ ਮੈਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਤਫ਼ਸੀਲ
ਦੱਸੀ ਸੀ ਤਾਂ ਮੈਨੂੰ ਤੇਰੇ ਨਾਲ਼ ਡੂੰਘੀ ਹਮਦਰਦੀ ਹੋ ਗਈ ਸੀ; ਹੁਣ ਵੀ ਅਗਰ ਐਸ ਚਿੱਠੀ 'ਚ
ਲਿਖੀਆਂ ਗੱਲਾਂ 'ਚ ਕੋਈ ਸੱਚਾਈ ਹੈ ਤਾਂ ਮੈਨੂੰ ਅੱਜ ਹੀ ਦੱਸ ਦੇ; ਮੈਂ ਤੇਰੀ ਫ਼ੇਰ ਵੀ ਮਦਦ
ਕਰੂੰਗਾ... ਜਵਾਨੀ ਵਿੱਚ ਬੰਦਾ ਬਹੁਤ ਕੁਝ ਕਰ ਬੈਠਦਾ ਹੈ, ਪਰ ਜੇ ਬਾਅਦ ਵਿੱਚ ਏਹ ਸਭ ਕੁਝ
ਸੱਚ ਨਿਕਲ਼ ਆਇਆ ਤਾਂ...
-ਦੇਖ, ਜੋਰਜ; ਮੈਂ ਸਵੀਕਾਰ ਕਰਦਾ ਆਂ ਕਿ ਹੋਰ ਨੌਜਵਾਨਾਂ ਵਾਂਗਣ ਚੜ੍ਹਦੀ ਉਮਰੇ ਇਨਕਲਾਬੀ
ਵਿਚਾਰਾਂ ਵੱਲ ਮੈਂ ਵੀ ਖਿੱਚਿਆ ਗਿਆ ਸੀ ਕਿਉਂਕਿ ਸਾਡੇ ਦੇਸ਼ ਵਿੱਚ ਕੁਰਪਸ਼ਨ, ਗਰੀਬੀ,
ਰਿਸ਼ਵਤਖੋਰੀ ਵਰਗੀਆਂ ਲਾਹਣਤਾਂ ਦਾ ਬੋਲਬਾਲਾ ਸੀ; ਸਾਡੇ ਨੇਤਾ ਬੇਈਮਾਨ ਸਨ; ਚੋਣਾਂ ਵਿੱਚ
ਝੂਠੇ ਵਾਅਦੇ ਕਰ ਲੈਂਦੇ; ਗਰੀਬ ਲੋਕਾਂ ਦੀਆਂ ਵੋਟਾਂ ਖ਼ਰੀਦ ਲੈਂਦੇ; ਲੋਕਾਂ ਨੂੰ ਧਰਮ ਦੇ
ਨਾਮ 'ਤੇ ਭੜਕਾਅ ਕੇ ਵੋਟਾਂ ਬਟੋਰ ਲੈਂਦੇ; ਇਸ ਲਈ ਮੈਂ ਵੀ ਇਸ ਵਿਚਾਰ ਵਿੱਚ ਯਕੀਨ ਕਰਨ ਲੱਗ
ਪਿਆ ਸਾਂ ਕਿ ਲੋਕਰਾਜ ਸਿਰਫ਼ ਇੱਕ ਖੋਖਲ਼ਾ ਖਿਡਾਉਣਾ ਬਣ ਕੇ ਰਹਿ ਗਿਆ ਹੈ...
-ਇਸ ਗੱਲ ਨਾਲ਼ ਮੇਰਾ ਕੋਈ ਸਰੋਕਾਰ ਨਹੀਂ, ਬਾਲੀ; ਮੈਨੂੰ ਤਾਂ ਬੱਸ ਇਨੀ ਗੱਲ ਦੀ ਚਿੰਤਾ ਹੈ
ਕਿ ਤੂੰ ਕਿਤੇ ਕਤਲਾਂ, ਡਾਕਿਆਂ, ਮਾਰਧਾੜ ਆਦਿਕ ਵਿੱਚ ਸ਼ਮੂਲੀਅਤ ਨਾ ਕੀਤੀ ਹੋਵੇ... ਕਿਤੇ
ਤੂੰ 'ਟੈਰੋਰਿਸਟ' ਗਰੂਪ ਤਾਂ ਨਹੀਂ ਸੀ ਚਲਾਅ ਰਿਹਾ? ਤੈਨੂੰ ਪਤੈ ਤੇਰੇ ਭਰਾ ਨੇ ਐਸ ਚਿੱਠੀ
ਦੀਆਂ ਕਾਪੀਆਂ ਆਰ. ਸੀ. ਐਮ. ਪੀ. {ਕੈਨਡਾ ਦੀ ਸੈਂਟਰਲ ਪੁਲਸ}, ਟਰਾਂਟੋ ਪੁਲਸ, ਆਂਟੇਰੀਓ
ਪੁਲਸ ਅਤੇ ਟਰਾਂਟੋ ਸਟਾਰ ਅਖ਼ਬਾਰ ਨੂੰ ਵੀ ਭੇਜੀਆਂ ਹਨ; ਬੋਰਡ ਨੂੰ ਐਸ ਚਿੱਠੀ ਬਾਰੇ ਟਰਾਂਟੋ
ਸਟਾਰ ਅਖ਼ਬਾਰ ਦਾ ਫ਼ੋਨ ਵੀ ਆ ਚੁੱਕਿਆ ਹੈ; ਬੋਰਡ ਦੀ ਚੇਅਰਪਰਸਨ ਬੜੀ ਚਿੰਤਾ 'ਚ ਹੈ ਕਿਉਂਕਿ
ਇਹ ਬੜਾ ਸੰਗੀਨ ਮਾਮਲਾ ਹੈ; ਇਹ ਮਸਲਾ ਅਖ਼ਬਾਰਾਂ ਦੀ ਸੁਰਖ਼ੀ ਬਣ ਕੇ ਬੋਰਡ ਦੀ ਬਦਨਾਮੀ ਵੀ
ਕਰਾ ਸਕਦਾ ਹੈ। ਇਸ ਲਈ ਇਹ ਨਾ ਹੋਵੇ ਕਿ ਮੈਂ ਤਾਂ ਤੇਰੇ ਹੱਕ ਵਿੱਚ ਸਟੈਂਡ ਲੈ ਲਵਾਂ ਪਰ ਇਸ
ਮਾਮਲੇ ਦੀ ਤਫ਼ਤੀਸ਼ ਵਿੱਚ ਇਹ ਸਾਰੇ ਦੋਸ਼ ਸਾਬਤ ਹੋ ਜਾਵਣ!
-ਨਾਟ ਐਟ ਆਲ, ਜੋਰਜ! ਇਹ ਸਭ ਮਨਘੜਤ ਇਲਜ਼ਾਮ ਹਨ।
ਜੋਰਜ ਦੀਆਂ ਉਂਗਲ਼ਾਂ ਫ਼ੋਨ ਦੇ ਰੀਸੀਵਰ ਵੱਲ ਵਧੀਆਂ ਅਤੇ ਉਸਦੀ ਪਹਿਲੀ ਉਂਗਲ਼ ਗੋਲ਼ਾਈਦਾਰ ਡਾਇਲ
ਨੂੰ ਘੁੰਮਾਉਣ ਲੱਗੀ।
-ਮੈਂ ਜੋਰਜ ਬੋਲ ਰਿਹਾਂ; ਬੋਰਡ ਦੀ ਚੇਅਰਪਰਸਨ ਨੂੰ ਮਿਲਾਓ! ਅਗਲੇ ਪਾਸਿਓਂ ਹੋਈ 'ਹੈਲੋ' ਦੇ
ਜਵਾਬ ਵਿੱਚ ਜੋਰਜ ਬੋਲਿਆ।
ਕੰਨ ਨਾਲ਼ ਲਾਏ ਫ਼ੋਨ ਨੂੰ ਅੱਧਾ ਕੁ ਮਿੰਟ ਹੋਲਡ ਕਰਨ ਤੋਂ ਬਾਅਦ ਜੋਰਜ ਦੇ ਬੁੱਲ੍ਹ ਹਰਕਤ 'ਚ
ਆਏ: ਇਟ'ਸ ਮੀ, ਜੋਰਜ ਹਾਲ, ਫ਼ਰਾਮ ਓਕਡੇਲ ਜੂਨੀਅਰ...
-???
-ਹਾਂ, ਹਾਂ!
-???
-ਮੈਂ ਉਸ ਚਿੱਠੀ ਬਾਰੇ ਬਾਲੀ ਗਿੱਲ ਨਾਲ਼ ਵਿਸਥਾਰ 'ਚ ਗੱਲ ਕਰ ਲਈ ਹੈ; ਮੇਰੇ ਸਾਹਮਣੇ ਹੀ
ਬੈਠਾ ਹੈ ਬਾਲੀ; ਇਹ ਦਸਦਾ ਹੈ ਕਿ ਇਹ ਚਿੱਠੀ 'ਜ਼ਹਿਰੀਲੀ ਕਲਮ' 'ਚੋਂ ਨਿੱਕਲ਼ੀ ਹੈ।
-???
-ਮੈਂ ਬਾਲੀ ਵੱਲੋਂ ਦਿੱਤੀ ਸਫ਼ਾਈ ਤੋਂ ਸੰਤੁਸ਼ਟ ਆਂ; ਸੋ ਮੇਰੇ ਖ਼ਿਆਲ ਵਿੱਚ ਇਸ ਮਾਮਲੇ ਨੂੰ
ਇਥੇ ਹੀ ਠੱਪ ਦੇਣਾ ਚਾਹੀਦਾ ਹੈ।
-???
-ਇਹ ਬਹੁਤ ਬੀਬਾ ਮੁੰਡਾ ਐ, ਬੜਾ ਹੀ ਮਿਹਨਤੀ, ਹਸਮੁੱਖ, ਨਰਮਦਿਲ ਤੇ ਸਹਿਣਸ਼ੀਲ; ਆਈ ਕੈਂ'ਟ
ਅਫ਼ੋਰਡ ਟੂ ਲੂਸ ਦਿਸ ਚੈਪ! {ਮੇਰੇ ਕੋਲ਼ ਇਸ ਮੁੰਡੇ ਨੂੰ ਗਵਾਉਣ ਦੀ ਗੁੰਜਾਇਸ਼ ਨਹੀਂ!}
ਜੋਰਜ ਨੇ ਚੇਅਰਪਰਸਨ ਨੂੰ 'ਬਾਏ' ਆਖੀ, ਤੇ ਅਗਲੇ ਪਲੀਂ ਮੇਰੇ ਸਾਹਮਣੇ ਪਈ ਚਿੱਠੀ ਜੋਰਜ
ਦੀਆਂ ਉਂਗਲ਼ਾਂ ਨਾਲ਼ ਟੁਕੜੇ-ਟੁਕੜੇ ਹੋਣ ਗਈ।
ਸੜੇਵਾਂ ਮਨੁੱਖ ਨੂੰ ਕਿੰਨੀ ਗਿਰਾਵਟ ਤੀਕ ਲੈ ਜਾਂਦਾ ਹੈ, ਮੇਰੇ ਢਿਲ਼ਕੇ ਹੋਏ ਬੁੱਲ੍ਹ ਕਈ
ਦਿਨ ਬੁੜਬੁੜਾਉਂਦੇ ਰਹੇ। ਜਮਾਤ ਪੜ੍ਹਾਅ ਰਿਹਾ ਹੁੰਦਾ, ਵਾਹਿਗੁਰੂ-ਵਾਹਿਗੁਰੂ ਉਚਰਦਾ ਇਕ
ਕੁਹਾੜਾ ਮੇਰੀਆਂ ਉਂਗਲ਼ਾਂ 'ਚ ਪਕੜੇ ਚਾਕ ਉੱਪਰ ਆ ਡਿਗਦਾ ਜਾਂ ਮੇਰੀ ਕੁਰਸੀ ਦੀਆਂ ਲੱਤਾਂ
ਨੂੰ ਵੱਢਣ ਲੱਗ ਜਾਂਦਾ! ਜਦੋਂ ਮੈਂ ਦਫ਼ਤਰ ਵੱਲ ਨੂੰ ਜਾ ਰਿਹਾ ਹੁੰਦਾ, ਮੈਨੂੰ ਜਾਪਣ ਲਗਦਾ,
ਇਹ ਕੁਹਾੜਾ ਮੇਰੇ ਮੇਲਬਾਕਸ ਨੂੰ ਫਾਕੜਾਂ ਕਰ ਰਿਹਾ ਹੋਵੇਗਾ।
ਸੱਤ ਸਾਲ ਬਾਅਦ ਮੇਰੀ ਸਖ਼ਤ ਮਿਹਨਤ ਤੇ ਮਾਯੂਸੀ ਨੂੰ ਫਲ਼ ਲੱਗਿਆ ਤੇ ਮੇਰੀ ਜੜ੍ਹ ਉੱਤੇ ਆ
ਡਿੱਗਾ ਇਹ 'ਸਕਾ' ਕੁਹਾੜਾ? ਲਾਲ ਚੰਦ ਯਮਲਾ ਜੱਟ ਵਾਰ-ਵਾਰ ਮੱਥੇ 'ਚ ਪਰਗਟ ਹੋਣ ਜਾਂਦਾ,
ਹੱਥ 'ਚ ਤੂੰਬੀ ਤੇ ਸਿਰ ਉੱਤੇ ਚਿੱਟਾ ਸ਼ਮਲਾ! ਸੂਖ਼ਮ ਜਿਹੀ ਆਵਾਜ਼ 'ਚ ਗਾਉਣ ਲਗਦਾ: ਚਿੱਟਾ ਹੋ
ਗਿਆ 'ਲੱਊ', ਭਰਾਵੋ ਚਿੱਟਾ ਹੋ ਗਿਆ 'ਲੱਊ'! ਮੇਰਾ ਜੀ ਕਰਦਾ ਯਮਲੇ ਨੂੰ ਕਹਾਂ: 'ਲੱਊ'
ਚਿੱਟਾ ਨੀ, ਕਾਲ਼ਾ ਹੋ ਗਿਐ, ਬਾਪੂ; ਚਿੱਕੜੀਲਾ-ਕਾਲ਼ਾ!
ਕੁਹਾੜੇ ਦੇ ਵਾਰ ਤੋਂ ਬਾਅਦ ਜੋਰਜ ਦੇ ਮੇਰੇ ਵੱਲ ਵਤੀਰੇ 'ਚ ਮੈਨੂੰ ਵੱਡੀ ਤਬਦੀਲੀ ਮਹਿਸੂਸ
ਹੋਣ ਲੱਗੀ: ਉਹ ਹੁਣ ਦਿਹਾੜੀ 'ਚ ਦੋ ਤਿੰਨ ਵਾਰ ਮੇਰੇ ਕਲਾਸ ਰੂਮ ਦੇ ਪਿਛਲੇ ਦਰਵਾਜ਼ੇ ਰਾਹੀਂ
ਝਾਤੀ ਮਾਰਦਾ; ਉਹਦੀਆਂ ਮੋਟੀਆਂ-ਮੋਟੀਆਂ ਉਂਗਲ਼ਾਂ ਲਹਿਰਾਅ ਕੇ 'ਹਾਇ' ਕਹਿੰਦੀਆਂ ਤੇ ਉਸਦੀ
ਮੁਸਕ੍ਰਾਹਟ ਹਾਲਵੇਅ ਵੱਲ ਨੂੰ ਤੁਰ ਜਾਂਦੀ! ਸਟਾਫ਼-ਮੀਟਿੰਗਾਂ 'ਚ ਉਹ ਮੇਰਾ ਜ਼ਿਕਰ ਕਰਨ ਦਾ
ਕੋਈ ਨਾ ਕੋਈ ਬਹਾਨਾ ਲੱਭ ਲੈਂਦਾ: ਕਦੇ ਕਹਿੰਦਾ, 'ਬਾਲੀ ਨੇ ਨੌਵੀਂ ਜਮਾਤ ਦੇ ਸ਼ਰਾਰਤੀਆਂ
ਨੂੰ ਹੁਨਰਮੰਦੀ ਨਾਲ਼ 'ਟੇਮ' ਕਰ ਲਿਐ,' ਤੇ ਕਦੇ, 'ਸਕੂਲ ਵਿੱਚ ਸਭ ਤੋਂ ਪਹਿਲਾਂ ਆਉਣ ਤੇ ਸਭ
ਤੋਂ ਬਾਅਦ 'ਚ ਜਾਣ ਦਾ 'ਅਵੌਰਡ' ਬਾਲੀ ਨੂੰ ਮਿਲਣਾ ਚਾਹੀਦੈ!'
ਇਕ ਦਿਨ ਆਪਣੇ ਦਫ਼ਤਰ 'ਚ ਬੁਲਾਅ ਲਿਆ: ਉਹਦੀ ਗੁਦਗੁਦੀ ਆਵਾਜ਼ ਮੁਸਕ੍ਰਾਈ, 'ਜੇ ਤੂੰ ਮਾਈਂਡ
ਨਾ ਕਰੇਂ, ਬਾਲੀ, ਮੈਂ ਇੱਕ ਗੱਲ ਪੁੱਛ ਸਕਦਾਂ ਤੈਨੂੰ?'
'ਜ਼ਰੂਰ, ਜੋਰਜ!'
'ਮੈਨੂੰ ਪਤੈ ਤੂੰ ਪੰਜਾਬੀ ਐਂ; ਕੈਨੇਡਾ ਆਉਣ ਤੋਂ ਪਹਿਲਾਂ ਕੀ ਤੂੰ 'ਟਰਬਨ' ਵੀ ਬੰਨ੍ਹਦਾ
ਰਿਹੈਂ?
'ਬਿਲਕੁਲ, ਜੋਰਜ!'
'ਹੁਣ ਕਿਉਂ ਨਹੀਂ ਪਹਿਨਦਾ ਤੂੰ 'ਟਰਬਨ'?'
ਮੇਰੇ ਮੋਢੇ ਮੇਰੇ ਕੰਨਾਂ ਵੱਲ ਨੂੰ ਉੱਭਰੇ, ਤੇ ਭਰਵੱਟੇ ਉੱਪਰ ਵੱਲ ਨੂੰ, ਜਿਵੇਂ ਮੇਰੀ ਕੋਈ
ਚੋਰੀ ਪਕੜੀ ਗਈ ਹੋਵੇ।
ਪਹਿਲੀ ਤਨਖਾਹ ਸਿੱਧੀ ਬੈਂਕ ਅਕਾਊਂਟ ਵਿੱਚ ਪਰਗਟ ਹੋਈ; ਅਗਲੇ ਹੀ ਦਿਨ ਸਾਗਰ ਦੋਹਾਂ ਧੀਆਂ
ਨੂੰ ਕੱਪੜਿਆਂ ਵਾਲ਼ੇ ਸਟੋਰ ਲੈ ਜਾਣ ਲਈ ਤਿਆਰ ਕਰਨ ਲੱਗੀ।
ਕਿੰਨੂੰ ਤੇ ਸੁੱਖੀ ਦਾ 'ਮਕਡਾਨਲਡ ਬਰਗਰ' ਹੁਣ ਹਫ਼ਤੇ ਵਿੱਚ ਦੋ ਵਾਰ ਕਰ ਦਿੱਤਾ ਗਿਆ।
ਸਾਗਰ ਹੁਣ ਆਪਣੀਆਂ ਸਹੇਲੀਆਂ ਤੋਂ ਫ਼ਰਨੀਚਰ ਦੀਆਂ ਦੁਕਾਨਾਂ ਦੇ ਨਾਮ ਅਤੇ ਸਿਰਨਾਵੇਂ ਪੁੱਛਣ
ਲੱਗ ਪਈ ਸੀ। ਨਾਲ਼ ਹੀ, ਉਹਦੇ ਅੰਦਰ ਹੁਣ ਰੀਅਲ-ਐਸਟੇਟ ਦੇ ਇਸ਼ਤਿਹਾਰਾਂ ਵਿੱਚ ਛਪੇ,
ਖੁਲ੍ਹੇ-ਡੁਲ੍ਹੇ ਘਰਾਂ ਦੀਆਂ ਤਸਵੀਰਾਂ ਦੇਖਣ ਦਾ ਸ਼ੌਕ ਵੀ ਜਾਗ ਪਿਆ ਸੀ।
ਦਸੰਬਰ ਦਾ ਪਹਿਲਾ ਹਫ਼ਤਾ, ਖੁਲ੍ਹਦਿਆਂ ਹੀ, ਠੰਡੇ-ਸੀਤ ਸਾਹ ਲੈਣ ਲੱਗਾ: ਕਿੰਨੂੰ ਤੇ ਸੁੱਖੀ
ਦੀਆਂ ਪਿਛਲੇ ਸਾਲ ਵਾਲ਼ੀਆਂ ਵਿੰਟਰ-ਜੈਕਟਾਂ ਨੂੰ ਗੱਤੇ ਦੇ ਬਾਕਸਾਂ ਵਿੱਚੋਂ ਖਿੱਚ ਕੇ
ਗਾਰਬਿਜ ਬੈਗਾਂ ਵਿੱਚ ਥੁੰਨ ਦਿੱਤਾ ਗਿਆ; ਉਹਨਾਂ ਦੀ ਥਾਂ ਕਲਾਜ਼ਿਟ ਦੇ ਹੈਂਗਰਾਂ ਉੱਤੇ
ਨਵੀਆਂ-ਨਕੋਰ ਰੌਣਕਾਂ ਲਟਕਣ ਲੱਗੀਆਂ।
ਮੇਰੇ ਲਈ ਲਿਆਂਦਾ ਸਨੋਅ-ਬੂਟਾਂ ਦਾ ਜੋੜਾ ਡੱਬੇ 'ਚੋਂ ਛਾਲ਼ ਮਾਰ ਕੇ ਕਲਾਜ਼ਿਟ ਦੇ ਫ਼ਰਸ਼ ਉੱਤੇ
ਕਾਬਜ਼ ਹੋ ਗਿਆ।
ਫ਼ਿਰ ਜਲਦੀ ਹੀ, ਹਰੇ-ਲਾਲ ਰੰਗਾਂ ਵਾਲ਼ੀ ਵਰਦੀ ਨੂੰ ਲਿਸ਼ਕਾਉਂਦੇ 'ਸੈਂਟਾ ਕਲੌਜ਼' ਦੀਆਂ
ਦਾਹੜੀ-ਮੁਛਾਂ ਦੀ ਸੰਘਣੀ ਸਫ਼ੈਦੀ ਵਿੱਚੋਂ ਲਿਸ਼ਕਦੀ ਮੁਸਕ੍ਰਾਹਟ, ਸਟੋਰਾਂ, ਪਲਾਜ਼ਿਆਂ,
ਅਖ਼ਬਾਰਾਂ-ਟੀ. ਵੀ. ਸ਼ੋਆਂ ਤੋਂ ਲੈ ਕੇ ਘਰਾਂ ਦੇ ਦਰਵਾਜ਼ਿਆਂ ਤੀਕਰ ਲਿਸ਼ਕਣ ਲੱਗੀ। ਪਲਾਜ਼ਿਆਂ
ਦੀਆਂ ਪਾਰਕਿੰਗ ਲਾਟਾਂ 'ਚ ਪਾਈਨ ਦਰਖ਼ਤ ਦੀਆਂ ਕੰਡੇਦਾਰ ਟਾਹਣੀਆਂ ਦੇ ਢੇਰ ਲੱਗਣ ਲੱਗੇ, ਤੇ
ਢੇਰਾਂ ਦੇ ਲਾਹਮੀਂ ਪਲਾਈਵੁਡ ਦੇ ਫੱਟਿਆਂ ਨਾਲ਼ ਬਣਾਏ ਸਾਈਨਬੋਰਡ: ਕ੍ਰਿਸਮਸ ਟਰੀ ਸੇਲ! ਇੱਕ
ਖ਼ਰੀਦੋ, ਦੂਸਰਾ ਮੁਫ਼ਤ!
ਕਿੰਨੂੰ ਤੇ ਸੁੱਖੀ ਵੀ ਆਪਣੀ 'ਮਾਮ' ਨੂੰ ਕ੍ਰਿਸਮਸ-ਟਰੀ ਦੀ ਸੇਲ ਵੱਲ ਨੂੰ ਲੈ ਗਈਆਂ।
ਫ਼ਿਰ ਜਨਵਰੀ ਆਪਣੀ ਠਾਰੀ ਪਹਿਨ ਕੇ ਆ ਪਹੁੰਚੀ: ਅਸਮਾਨ 'ਚੋਂ ਕਿਰਦੀ ਸਨੋਅ ਦੇ ਫੰਭਿਆਂ ਨੂੰ
ਪਿੰਜਦੇ ਅਤੇ ਦਰਖ਼ਤਾਂ ਦੀ ਰੁੰਡ-ਮਰੁੰਡਤਾ ਨੂੰ ਝੰਜੋੜਦੇ ਸੀਤ ਫਰਾਟੇ! ਹਰ ਚੌਥੀ-ਪੰਜਵੀਂ
ਸਵੇਰ ਘਰਾਂ ਦੇ ਡਰਾਈਵ-ਵੇਆਂ 'ਚ ਸਨੋਅ-ਜੈਕਟਾਂ 'ਚ ਲਿਪਟੇ ਮਰਦ-ਔਰਤਾਂ-ਬੱਚਿਆਂ ਦੀ
ਗਹਿਮਾ-ਗਹਿਮੀ ਹੁੰਦੀ: ਸਿਰਾਂ ਉੱਪਰਲੀਆਂ ਟੋਪੀਆਂ ਦਾ ਮੁਟਾਪਾ ਕੰਨਾਂ ਤੋਂ ਹੇਠਾਂ ਤੀਕ
ਖਿੱਚਿਆ ਹੋਇਆ ਤੇ ਗਰਦਣਾਂ ਭਾਰੇ ਗੁਲੂਬੰਦਾਂ 'ਚ ਜਕੜੀਆਂ ਹੋਈਆਂ: ਸਵੇਰੇ ਤੇ ਸ਼ਾਮੀਂ,
ਦਸਤਾਨਿਆਂ 'ਚ ਪਕੜੇ ਸ਼ਵਲਾਂ ਦੀ ਖੁਰਚ-ਖੁਰਚ ਨਾਲ਼ ਸਾਰੀ ਗਲ਼ੀ ਖੜਕ ਰਹੀ ਹੁੰਦੀ ਤੇ
ਡਰਾਈਵ-ਵੇਆਂ ਉੱਪਰ ਵਿਛੀ ਦੂਧੀਆ-ਠਾਰੀ, ਸਾਈਡਵਾਕਾਂ ਉੱਪਰ, ਢੇਰ ਬਣ ਰਹੀ ਹੁੰਦੀ।
ਮਾਰਚ ਦੇ ਮਹੀਨੇ ਨੇ ਜਦੋਂ ਆਪਣਾ ਅੱਧਾ ਸਫ਼ਰ ਮੁਕਾਅ ਲਿਆ, ਤਾਂ ਹਵਾ 'ਚ ਘੁਲ਼ਿਆ ਫ਼ਰੀਜ਼ੀ-ਕਹਿਰ
ਆਪਣੀਆਂ ਨਹੁੰਦਰਾਂ ਨੂੰ ਰਤਾ ਕੁ ਢਿੱਲੀਆਂ ਕਰਨ ਲੱਗ ਪਿਆ! ਕਈ ਮਹੀਨਿਆਂ ਤੋਂ, ਸਾਈਡਵਾਕਾਂ
ਉੱਤੇ ਕਾਬਜ਼ ਹੋਈ ਸਨੋਅ ਦੇ ਪੈਰਾਂ ਹੇਠ ਚਿੱਕੜ ਫੈਲਣ ਲੱਗਾ ਤੇ ਧੜ ਵਿੱਚ ਮੋਰੀਆਂ ਝਾਕਣ ਲੱਗ
ਪਈਆਂ।
ਫ਼ਿਰ ਅਪਰੈਲ ਨੇ ਆਪਣੀ ਪੋਟਲ਼ੀ ਖੋਲ੍ਹ ਲਈ: ਬਿਰਖ਼ਾ ਦੀਆਂ ਟਾਹਣੀਆਂ ਉੱਪਰ ਨਿੱਕੀ-ਨਿੱਕੀ
ਹਰਿਆਵਲ ਅੱਖਾਂ ਪੱਟਣ ਲੱਗੀ। ਸਾਡੇ ਘਰ 'ਚ ਵਿੰਟਰ-ਜੈਕਟਾਂ ਤੇ ਸਨੋਅ-ਬੂਟਾਂ ਨੂੰ ਧੋਣ-ਝਾੜਨ
ਦੀ ਕਵਾਇਦ ਅੰਗੜਾਈ ਲੈਣ ਲੱਗੀ: ਬਿਜਲਈ-ਪ੍ਰੈਸ, ਬਹਾਰ ਰੁੱਤ ਦੀਆਂ ਜੈਕਟਾਂ ਅਤੇ ਟੀ-ਸ਼ਰਟਾਂ
ਦੀਆਂ ਸਿਲਵਟਾਂ ਨੂੰ ਇਕਸਾਰ ਕਰਨ ਲੱਗੀ।
ਸ਼ੁੱਕਰਵਾਰ ਸੀ ਉਸ ਦਿਨ ਤੇ ਅਪਰੈਲ ਦੇ ਦੂਜੇ ਹਫ਼ਤੇ ਦੀ ਕੋਈ ਤਰੀਖ਼: ਬ੍ਰੇਕਫ਼ਾਸਟਾਂ ਵਾਲ਼ੀਆਂ
ਪਲੇਟਾਂ ਨੂੰ ਸਿੰਕਾਂ ਵਿੱਚ ਨੁਹਾਅ ਕੇ ਟਿਕਾਣੇ ਸਿਰ ਰੱਖਣ ਤੋਂ ਬਾਅਦ, ਲੰਚਬੈਗਾਂ ਨੂੰ
ਮੋਢਿਆਂ ਉੱਪਰ ਲਟਕਾਅ ਕੇ ਕੰਮਾਂ `ਤੇ ਜਾਣ ਵਾਲ਼ੇ ਲੋਕ ਜਦੋਂ ਦਰਾਂ ਤੋਂ ਬਾਹਰ ਹੋਏ, ਤਾਂ
ਕਾਰਾਂ, ਫ਼ਰੰਟ ਲਾਅਨਾਂ, ਅਤੇ ਸੜਕਾਂ ਉੱਤੇ ਪਈ ਸਫ਼ੈਦੀ ਉਹਨਾਂ ਦੇ ਮੱਥਿਆਂ ਉੱਤੇ ਸਿਲਵਟਾਂ
ਉਭਾਰਨ ਲੱਗੀ। ਕਾਰਾਂ ਦੀਆਂ ਵਿੰਡ-ਸ਼ੀਲਡਾਂ ਤੋਂ ਸਨੋਅ ਨੂੰ ਝਾੜਦੇ ਡਰਾਈਵਰ, ਅਚਨਚੇਤ
ਪਿਛਲਖੁਰੀਂ ਤੁਰੇ ਮੌਸਮ ਉੱਪਰ ਗੁੱਸਾ ਵੀ ਝਾੜ ਰਹੇ ਸਨ।
ਉਸ ਸ਼ਾਮ ਲਿਕਰ-ਸਟੋਰ ਅਤੇ ਝਟਕਈ-ਸ਼ਾਪ ਵਿੱਚ ਹਾਜ਼ਰੀ ਲੁਆ ਕੇ ਜਦੋਂ ਮੈਂ ਘਰ ਦਾ ਦਰਵਾਜ਼ਾ
ਖੋਲ੍ਹਿਆ, ਸੁਖਸਾਗਰ ਗਰੋਸਰੀ ਦੀਆਂ ਆਈਟਮਾਂ ਦੀ ਲਿਸਟ ਬਣਾਉਣ ਵਿੱਚ ਰੁਝੀ ਹੋਈ ਸੀ।
ਸਾਢੇ ਕੁ ਸੱਤ ਵਜਦੇ ਨੂੰ, ਤੂੰਦੂਰ ਵਾਂਗਣ ਤਪੇ ਅਵਨ ਵਿੱਚ ਕੁੱਕੜ ਦੀਆਂ ਲੱਤਾਂ ਉਦਾਲ਼ੇ
ਲਿਪਟੇ ਮੁਰਗ-ਮਸਾਲੇ ਦੀ ਗੰਧ ਸਾਡੇ ਡਾਈਨਿੰਗ ਟੇਬਲ ਅਤੇ ਸੋਫ਼ੇ ਨੂੰ ਥਾਪੜਾ ਦੇਣ ਦੇ
ਨਾਲ਼-ਨਾਲ਼ ਬੈੱਡਰੂਮਾ ਵੱਲ ਪੌੜੀਆਂ ਵੀ ਚੜ੍ਹ ਗਈ। ਮੈਂ ਇੱਕ ਗਲਾਸੀ ਦਾ ਕਲਿਆਣ ਕਰ ਕੇ,
ਆਪਣੀਆਂ ਅੱਖਾਂ ਸਕਾੱਚ ਦੀ ਬੋਤਲ ਉੱਤੇ ਗੱਡ ਲਈਆਂ।
ਦੂਜੇ ਪੈੱਗ ਵਿੱਚ ਹਾਲੇ ਘੁੱਟ ਕੁ ਸਰੂਰ ਬਚਿਆ ਸੀ ਕਿ ਮੱਛੀ ਦੇ ਕੰਡਿਆਂ ਨਾਲ਼ ਭਰੀ ਪਲੇਟ
ਨੂੰ ਗਾਰਬਿਜ 'ਚ ਝਾੜ ਕੇ, ਸੁਖਸਾਗਰ ਨੇ ਅਵਨ ਦਾ ਦਰਵਾਜ਼ਾ ਖੋਲ੍ਹ ਲਿਆ; ਅਵਨ ਵਿੱਚੋਂ ਕੱਢੀ
ਟਰੇਅ ਨੂੰ ਮੈਟ ਉੱਪਰ ਟਿਕਾਉਣ ਮਗਰੋਂ, ਉਹਨੇ ਚਿਕਨ ਦੀਆਂ ਤੱਤੀਆਂ-ਤੱਤੀਆਂ ਟੰਗਾਂ ਨੂੰ
ਪਲੇਟ ਵਿੱਚ ਹਾਲੇ ਚਿਣਿਆਂ ਹੀ ਸੀ ਕਿ ਦਰਵਾਜ਼ੇ ਦੇ ਮੱਥੇ ਉੱਤੇ ਚਿੰਬੜੀ ਬੈੱਲ 'ਡਿੰਗ-ਡਾਂਗ;
ਡਿੰਗ-ਡਾਂਗ' ਕਰ ਉੱਠੀ।
ਗਲਾਸ ਵਿੱਚ ਬਚੀ ਖੁਮਾਰੀ ਦੀ ਆਖ਼ਰੀ ਘੁੱਟ ਨੂੰ ਸੰਘੋਂ ਹੇਠਾਂ ਉਤਾਰ ਕੇ, ਮੈਂ ਦਰਵਾਜ਼ੇ ਵੱਲ
ਨੂੰ ਹੋ ਲਿਆ: ਅੱਗੇ ਦੋ ਜਣੇ ਖਲੋਤੇ ਸਨ; ਛੇ-ਛੇ ਫੁੱਟੇ ਕੱਦ, ਤੇ ਸਿਰਾਂ ਉੱਪਰ ਛੱਜੇਦਾਰ
ਟੋਪੀਆਂ! ਉਹਨਾਂ ਦੀਆਂ ਜੈਕਟਾਂ ਦੀਆਂ ਛਾਤੀਆਂ ਉੱਤੇ ਦਗ਼ਦੇ ਬਿੱਲੇ ਨੇ ਮੇਰੇ ਮੱਥੇ ਵਿੱਚ
ਸਹਿਮ ਛਿੜਕ ਦਿੱਤਾ! ਮੇਰੇ ਵੱਲ ਸਿੰਨ੍ਹੀਆਂ ਉਨ੍ਹਾਂ ਦੀਆਂ ਨਜ਼ਰਾਂ ਦੀ ਚੋਭ ਨੇ ਮੇਰੇ ਸਰੀਰ
ਵਿੱਚ ਵਾਵਰੋਲ਼ਿਆਂ ਦੀਆਂ ਸੰਗਲ਼ੀਆਂ ਖੋਲ੍ਹ ਦਿੱਤੀਆਂ।
-ਆਅ ਯੂ ਮਿਸਟਰ ਗਿੱਲ?
-ਯੈੱਸ!
-ਅਸੀਂ ਟਰਾਂਟੋ ਪੁਲਸ ਆਫ਼ੀਸਰ ਹਾਂ; ਵੀ ਵਾਨਾ ਟਾਕ ਟੂ ਯੂ!
-ਇਜ਼ ਇਟ ਸਮਥਿੰਗ ਅਰਜਿੰਟ?
-ਵੀ ਵੋਂਟ ਕਮ ਅਦਰਵਾਈਜ਼!
-ਮੇ ਆਈ ਨੋਅ ਵਟ੍ਹ ਇਟ ਇਜ਼!
-ਅੰਦਰ ਬੈਠਣਾ ਪੈਣੈ ਸਾਨੂੰ ਤੇਰੇ ਨਾਲ਼, ਮਿਸਟਰ ਗਿੱਲ!
ਅੰਦਰ ਦਾਖ਼ਲ ਹੋਏ ਤਾਂ ਮੈਂ ਸਕਾੱਚ ਦੀ ਬੋਤਲ ਤੇ ਗਲਾਸ ਨੂੰ ਕਾਫ਼ੀ-ਟੇਬਲ ਤੋਂ ਉਠਾਉਣ ਲਈ
ਅਹੁਲ਼ਿਆ। ਮੁੱਛਾਂ ਵਾਲ਼ਾ ਆਫ਼ਸਰ ਬੋਲ ਉੱਠਿਆ, ਡਾਈਨਿੰਗ ਟੇਬਲ ਉੱਪਰ ਬੈਠਣਾ ਬੇਹਤਰ ਹੋਵੇਗਾ।
-ਤੂੰ ਵੀ ਲੈ ਲਾ ਕੁਰਸੀ ਸਾਡੇ ਲਾਗੇ ਹੀ,ਮਿਸਟਰ ਗਿੱਲ! ਅਣ-ਮੁੱਛੇ ਅਫ਼ਸਰ ਨੇ, ਆਪਣੇ ਹੱਥ 'ਚ
ਪਕੜੇ ਡੇਢ ਕੁ ਸੌ ਕੁ ਵਰਕਿਆਂ ਵਾਲ਼ੇ ਫ਼ੋਲਡਰ ਨੂੰ ਡਾਈਨਿੰਗ ਟੇਬਲ ਉੱਪਰ ਟਿਕਾਅ ਦਿੱਤਾ।
-ਕੀ ਤੂੰ ਡਰ ਗਿਐਂ, ਮਿਸਟਰ ਗਿੱਲ?
-ਡਰ ਤਾਂ ਗਿਆ ਈ ਆਂ!
-ਤੈਨੂੰ ਕੋਈ ਅੰਦਾਜ਼ਾ ਹੈ, ਮਿਸਟਰ ਗਿੱਲ, ਕਿ ਕਿਉਂ ਆਏ ਆਂ ਅਸੀਂ ਤੈਨੂੰ ਮਿਲਣ ਲਈ?
ਮੇਰਾ ਸਿਰ ਸੱਜੇ-ਖੱਬੇ ਗਿੜਨ ਲੱਗਾ।
-ਤੈਨੂੰ ਪਤੈ, ਤੂੰ ਪਿਛਲੇ ਛੇ ਮਹੀਨਿਆਂ ਤੋਂ ਤਫ਼ਤੀਸ਼ ਅਧੀਨ ਹੈਂ!
-ਮੈਂਅ ਤਫ਼ਤੀਸ਼ ਅਧੀਨ? ਡਾਈਨਿੰਗ ਟੇਬਲਮ ਉਸ ਉੱਤੇ ਟਿਕਿਆ ਫੋਲਡਰ ਅਤੇ ਛੱਤ: ਸਭ ਕੁਝ ਟੇਢਾ
ਹੋ ਕੇ ਉੱਪਰ ਵੱਲ ਨੂੰ ਚੜ੍ਹਨ ਲੱਗਾ। -ਕਾਹਦੀ ਤਫ਼ਤੀਸ਼?
-ਤੇਰੇ ਬਾਰੇ ਇਕ ਵਿਅਕਤੀ ਲਗਾਤਾਰ ਚਿੱਠੀਆਂ ਲਿਖ ਰਿਹਾ ਸੀ ਕਿ ਤੂੰ ਇੰਡੀਆ ਵਿੱਚ ਟੈਰੋਰਿਸਟ
ਸੈੱਲ ਚਲਾਉਂਦਾ ਹੁੰਦਾ ਸੀ। ਇਸ ਲਈ ਛੇ ਮਹੀਨੇ ਪਹਿਲਾਂ ਤੇਰੀ ਗੁਪਤ ਤਫ਼ਤੀਸ਼ ਸ਼ੁਰੂ ਕੀਤੀ ਗਈ!
ਹੁਣ ਅਣਮੁੱਛੇ ਨੇ ਕਮਾਂਡ ਸੰਭਾਲ਼ ਲਈ: ਅਸੀਂ ਤੇਰੇ ਬਾਰੇ ਗੁਪਤ ਤੌਰ 'ਤੇ ਤੇਰੇ ਕਈ
ਵਿਦਿਆਰਥੀਆਂ ਨੂੰ ਇੰਟਰਵਿਊ ਕਰ ਚੁੱਕੇ ਆਂ; ਗੁਪਤ ਤੌਰ 'ਤੇ ਹੀ ਤੇਰੇ ਸਹਿ-ਕਾਮਿਆਂ ਤੋਂ ਵੀ
ਜਾਣਕਾਰੀ ਇਕੱਠੀ ਕੀਤੀ ਹੈ; ਤੂੰ ਟਰਾਂਟੋ ਤੋਂ ਬਿਨਾ ਵੌਟਰਲੂਅ, ਹੈਲਾਫ਼ੈਕਸ, ਤੇ ਰੀਜਾਈਨਾ
ਵੀ ਰਿਹੈਂ; ਸਾਡੇ ਕੋਲ਼ ਇਨ੍ਹਾਂ ਸ਼ਹਿਰਾਂ ਤੋਂ ਵੀ ਤੇਰੇ ਬਾਰੇ ਗੁਪਤ ਜਾਣਕਾਰੀ ਹੈ। ਪੰਜਾਬੀ
ਕਮਿਊਨਿਟੀ ਵਿੱਚ ਵੀ ਸਾਡੇ ਸੈੱਲ ਹਨ; ਅਸੀਂ ਤੇਰੇ ਬਾਰੇ ਜਾਣਨ ਲਈ ਉਨ੍ਹਾਂ ਸੈੱਲਾਂ ਨੂੰ ਵੀ
ਵਰਤਿਐ। ਏਥੋਂ ਤੀਕ ਕਿ ਅਸੀਂ ਆਪਣੇ ਸੂਤਰਾਂ ਰਾਹੀਂ ਤੇਰੇ ਬਾਰੇ ਭਾਰਤ ਦੀ ਇਨਟੈਲੀਜੈਂਸ ਤੋਂ
ਵੀ ਜਾਣਕਾਰੀ ਹਾਸਲ ਕੀਤੀ ਹੈ। ਤੇਰੀਆਂ ਨਕਲੋ-ਹਰਕਤਾਂ ਦੇ ਜਾਇਜ਼ੇ ਲਈ ਅਨੇਕਾਂ ਵਾਰ ਅਸੀਂ
ਤੇਰਾ ਪਿੱਛਾ ਵੀ ਕਰਦੇ ਰਹੇ ਹਾਂ।
-ਕਾਨੂੰਨੀ ਤੌਰ 'ਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਜਿਸ ਵਿਅਕਤੀ ਦੀ ਤਫ਼ਤੀਸ਼ ਕੀਤੀ ਗਈ ਹੋਵੇ,
ਤਫ਼ਤੀਸ਼ ਪੂਰੀ ਹੋਣ ਤੋਂ ਬਾਅਦ ਪੁਲਸ ਵੱਲੋਂ ਕੱਢਿਆ ਨਤੀਜਾ ਤਫ਼ਤੀਸ਼ਤ ਵਿਅਕਤੀ ਨਾਲ਼ ਸਾਂਝਾ
ਕੀਤਾ ਜਾਵੇ, ਮੁੱਛਾਂ ਵਾਲ਼ੇ ਨੇ ਡਾਇਨਿੰਗ ਟੇਬਲ ਉੱਪਰ ਟਿਕੇ ਫ਼ੋਲਡਰ ਨੂੰ ਆਪਣੇ ਹੱਥਾਂ 'ਚ
ਲੈ ਲਿਆ।
ਮੈਨੂੰ ਜਾਪਿਆ, ਪੁਲਸ ਅਫ਼ਸਰ ਹੁਣ ਮੈਨੂੰ ਪੁਲਸ ਸਟੇਸ਼ਨ ਜਾਣ ਲਈ ਤਿਆਰ ਹੋਣ ਦਾ ਹੁਕਮ
ਸੁਣਾਉਣਗੇ।
ਅਣ-ਮੁੱਛਾ ਕੁਰਸੀ ਤੋਂ ਉੱਠਿਆ ਤੇ ਆਪਣਾ ਸੱਜਾ ਹੱਥ ਮੇਰੇ ਵੱਲ ਵਧਾਅ ਕੇ ਬੋਲਿਆ: ਅਸੀਂ
ਤੈਨੂੰ ਇਹ ਜਾਣਕਾਰੀ ਦੇਣ ਆਏ ਆਂ ਕਿ ਤੇਰੇ ਖ਼ਿਲਾਫ਼ ਛੇ ਮਹੀਨੇ ਤੋਂ ਚੱਲ ਰਹੀ ਤਫ਼ਤੀਸ਼ ਅਸੀਂ
ਕਲੋਸ ਕਰ ਦਿੱਤੀ ਹੈ।
-ਕੀ ਮਤਲਬ, ਆਫੀਸਰ?
-ਤੇਰੇ ਖ਼ਿਲਾਫ਼ ਲਾਏ ਸਾਰੇ ਇਲਜ਼ਾਮਾਂ ਵਿੱਚ ਸਾਨੂੰ ਕੋਈ ਦਮ ਨਹੀਂ ਲੱਭਿਆ; ਇਸ ਲਈ ਅਸੀਂ
ਤੈਨੂੰ ਕਲੀਨ ਚਿਟ ਦੇਣ ਆਏ ਹਾਂ।
ਹੁਣ ਮੁੱਛਾਂ ਵਾਲ਼ੇ ਨੇ ਆਪਣਾ ਹੱਥ ਮੇਰੇ ਵੱਲੀਂ ਵਧਾਇਆ: ਸੌਰੀ ਟੂ ਇਨਟਰਪਟ ਯੋਅਰ ਡਿਨਰ;
ਨਾਓ ਐਂਜੋਏ ਯੋਅਰ ਡਰਿੰਕਸ!
ਦੋਵੇਂ ਪੁਲਸ ਅਫ਼ਸਰ ਦਰਵਾਜ਼ਿਓਂ ਬਾਹਰ ਹੋ ਗਏ।
-905-792-7357
(ਸਮਾਪਤ: ਇਹ ਸਵੈ-ਜੀਵਨੀ ਜਲਦੀ ਹੀ ਕਿਤਾਬੀ ਰੂਪ ਵਿੱਚ ਛਪੇਗੀ।)
-0-
|