(ਪ੍ਰਿੰ. ਸਰਵਣ ਸਿੰਘ ਪੰਜਾਬੀ ਨਾ ਨਾਮਵਰ ਵਾਰਤਕਕਾਰ ਤੇ ਸਭ ਤੋ ਪਹਿਲਾ
ਤੇ ਸਭ ਤੋਂ ਵੱਡਾ ਖੇਡ ਲੇਖਕ ਹੈ। ਟਰਾਂਟੋ ਤੋਂ ਛਪਣ ਵਾਲੇ ਪੰਜਾਬੀ
ਅਖ਼ਬਾਰ ਨੇ ਉਹਦੀੰ ਜੀਵਨ ਭਰ ਦੀ ਸਾਹਿਤਕ ਘਾਲਣਾ ਦਾ ਆਦਰ ਕਰਦਿਆਂ ਉਸਨੂੰ
‘ਪਰਵਾਸੀ ਅਵਾਰਡ’ ਦੇਣ ਦਾ ਐਲਾਨ ਕੀਤਾ ਹੈ। ਅਦਾਰਾ ‘ਸੀਰਤ’ ਮੁਬਾਰਕਬਾਦ
ਪੇਸ਼ ਕਰਦਾ ਹੈ।)
ਲਿਖਣ ਦੇ ਮੈਦਾਨ ਵਿਚ ਪੈਰ ਧਰਦਿਆਂ ਸਰਵਣ ਸਿੰਘ ਨੇ ਪੈਂਦੀ ਸੱਟੇ ਸੋਲਾਂ
ਹੱਥ ਲੰਮੀ ਛਾਲ ਮਾਰੀ ਤਾਂ ‘ਦਰਸ਼ਕਾਂ’ ਨੂੰ ਹੈਰਾਨੀ-ਭਰੀ ਖ਼ੁਸ਼ੀ ਹੋਈ।
ਹਰ ਰੋਜ਼ ‘ਇਕੋ ਜਿਹੀ ਛਾਲ’ ਵੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਦੀ
ਮੱਧਮ ਰੌਸ਼ਨੀ ਵਿਚ ਅਨੇਕਾਂ ਚਿਰਾਗ਼ ਬਲ ਉੱਠੇ।
ਉਹਨਾਂ ਹੁਲਾਸ ਨਾਲ ਭਰ ਕੇ ਪਰਸੰਸਾ ਤੇ ਲਾਡ ਨਾਲ ਸਰਵਣ ਸਿੰਘ ਵੱਲ ਵੇਖਿਆ।
ਮੂੰਹੋਂ ਆਪ ਮੁਹਾਰੇ ਬੋਲ ਨਿਕਲੇ, “ਬਈ ਵਾਹ! ਸਵਾਦ ਆ ਗਿਆ ਸਰਵਣ
ਸਿਅ੍ਹਾਂ! ਬੰਦਾ ਗੱਲ ਕਰੇ ਤਾਂ ਐਂ ਕਰੇ!”
ਇਹਨਾਂ ਪਾਠਕ ‘ਦਰਸ਼ਕਾਂ’ ਵਿਚ ਮੈਂ ਵੀ ਸਾਂ। ‘ਆਰਸੀ’ ਵਿਚ ਖਿਡਾਰੀਆਂ
ਬਾਰੇ ਉਹਦੇ ਰੇਖਾ ਚਿਤਰ ਛਪਣ ਲੱਗੇ ਤਾਂ ਉਹਦੀ ਲਿਖਤ ਦੀ ਜਾਦੂਗਰੀ ਨੇ
ਮੈਨੂੰ ਵੀ ਕੀਲ ਲਿਆ। ਪੰਜਾਹ ਸਾਲ ਪਹਿਲਾਂ ਗੁਰਬਚਨ ਰੰਧਾਵੇ ਬਾਰੇ ਉਹਦਾ
ਪਹਿਲਾ ਰੇਖਾ ਚਿਤਰ ‘ਮੁੜ੍ਹਕੇ ਦਾ ਮੋਤੀ’ ਛਪਿਆ। ਗੁਰਬਚਨ ਦਾ ਇਸ ਵਿਚ
ਅਜਿਹਾ ਜੀਵੰਤ ਚਿਤਰ ਖਿੱਚਿਆ ਹੋਇਆ ਸੀ ਕਿ ਸਾਹਮਣੇ ਸੱਚਮੁਚ ਦੀ ਫਿ਼ਲਮ
ਚਲਦੀ ਨਜ਼ਰ ਆਉਣ ਲੱਗੀ। ਅਗਲਾ ਰੇਖਾ-ਚਿਤਰ ਸੀ ਪਰਵੀਨ ਬਾਰੇ ‘ਧਰਤੀ ਧੱਕ’।
ਪਰਵੀਨ ਸਾਡਾ ਬੇਲੀ ਸੀ। ‘ਧਰਤੀ ਧੱਕ’ ਪੜ੍ਹ ਕੇ ਸਾਨੂੰ ਲੱਗਾ ਸਾਡਾ ਪਰਵੀਨ
ਉਹ ਸਾਰੇ ਹਾਸੇ ਠੱਠੇ, ਜਿਹੜੇ ਸਰਵਣ ਸਿੰਘ ਨੇ ਬਿਆਨ ਕੀਤੇ ਸਨ, ਸਾਡੇ ਨਾਲ
ਹੀ ਕਰਦਾ ਤੁਰਿਆ ਫਿਰਦਾ ਹੈ। ਮੇਰੇ ਲਈ ਵਰਤੇ ਜਾਣ ਵਾਲੇ ਉਮਪਾ-ਅਲੰਕਾਰ
ਨਾਲ ਉਹ ਕਿਸੇ ਪਤਲੀਆਂ ਲੱਤਾਂ ਵਾਲੇ ਸਾਥੀ ਅਥਲੀਟ ਦੀ ‘ਵਡਿਆਈ’ ਕਰ ਰਿਹਾ
ਸੀ, “ਪੈਂਟ ‘ਚ ਲੱਤਾਂ ਵੇਖ, ਜਿਵੇਂ ਝੋਲੇ ‘ਚ ਪੰਪ ਪਾਇਆ ਹੁੰਦਾ!”
ਮੈਂ ਤੇ ਮੇਰਾ ਦੋਸਤ ਭੂਪਿੰਦਰ ਚੜ੍ਹੇ ਮਹੀਨੇ ਅੰਬਰਸਰ ਪਹੁੰਚ ਕੇ ‘ਆਰਸੀ’
ਹੱਥ ਹੇਠਾਂ ਕਰਦੇ। ਸਾਨੂੰ ਸਰਵਣ ਸਿੰਘ ਦੇ ਖੇਡ ਨਾਇਕਾਂ ਨੂੰ ਮਿਲਣ ਦੀ
ਕਾਹਲ, ਖੁਤਖੁਤੀ ਤੇ ਖਿੱਚ ਹੁੰਦੀ। ਉਦੋਂ ‘ਪ੍ਰੀਤ ਲੜੀ’ ਨੂੰ ਛੇਤੀ
ਖ਼ਰੀਦਣਾ ਤੇ ਪੜ੍ਹਨਾ ਸਾਡੀ ਪਹਿਲ ਹੁੰਦੀ ਸੀ ਪਰ ਸਰਵਣ ਸਿੰਘ ਦੀ ਲਿਖਤ ਦੀ
ਧੂਹਵੀਂ ਖਿੱਚ ਨੇ ‘ਆਰਸੀ’ ਪਹਿਲੇ ਨੰਬਰ ‘ਤੇ ਲੈ ਆਂਦੀ। ਉਹ ਮੇਰਾ ਚਹੇਤਾ
ਲੇਖਕ ਬਣ ਗਿਆ। ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਜੇ ਉਹਨਾਂ ਦਿਨਾਂ ਵਿਚ ਮੇਰੇ
‘ਦਿਮਾਗ਼’ ਦੇ ਨੇੜੇ ਸੀ ਤਾਂ ਸਰਵਣ ਸਿੰਘ ਮੇਰੇ ‘ਦਿਲ’ ਦੇ ਨੇੜੇ ਹੋ ਗਿਆ।
ਸਰਵਣ ਸਿੰਘ ਖ਼ੁਦ ਖਿਡਾਰੀ ਰਿਹਾ ਸੀ ਤੇ ਆਪਣੇ ਪਾਠਕਾਂ ਨੂੰ ਖੇਡਾਂ
ਵਿਖਾਉਣਾ ਜਾਣਦਾ ਸੀ। ਉਹ ਪਹਿਲੇ ਫਿ਼ਕਰੇ ਤੋਂ ਹੀ ਪੜ੍ਹਨ ਵਾਲੇ ਨੂੰ
ਕਿਰਪਾਲ ਸਾਧ ਵਾਂਗ ‘ਗੁੱਟ’ ਤੋਂ ਐਸਾ ਫੜਦਾ ਕਿ ਪਾਠਕ ਕਿਸੇ ਹੋਰ ਪਾਸੇ
ਸੋਚਣ ਜਾਂ ਜਾਣ ਦੀ ਤਾਕਤ ਗਵਾ ਬਹਿੰਦਾ। ਪਹਿਲੇ ਪੈਰੇ ਵਿਚ ਹੀ ਸਰਵਣ ਸਿੰਘ
ਕਲਮ ਦੀ ਇੱਕੋ ਅੜੇਸ ਨਾਲ ਖਿਡਾਰੀ ਬਾਰੇ ਜਾਣਕਾਰੀ ਦਾ ਭਰਿਆ-ਭਰਾਇਆ ਗੱਡਾ
ਉਲੱਦ ਸੁੱਟਦਾ। ਇਸ ਗੱਡੇ ਤੋਂ ‘ਬੋਰੀਆਂ’ ਦੀ ਥਾਂ ਸੋਨ-ਰੰਗੇ ਸ਼ਬਦਾਂ
ਦੀਆਂ ਮੋਹਰਾਂ ਡਿੱਗਦੀਆਂ। ਉਹਦੇ ਫਿ਼ਕਰਿਆਂ ਦੀ ਲਿਸ਼ਕ ਵਿਚ ਖਿਡਾਰੀ ਦਾ
ਮਾਣ-ਮੱਤਾ ਆਪਾ ਹੱਸਦਾ-ਮੁਸਕਰਾਉਂਦਾ ਸਾਡੀਆਂ ਅੱਖਾਂ ‘ਚੋਂ ਲੰਘ ਕੇ
ਸਮੂਲਚਾ ਸਾਡੇ ਮਨ-ਮਸਤਕ ਵਿਚ ਆਣ ਬਹਿੰਦਾ। ਖਿਡਾਰੀਆਂ ਦੀਆਂ ਰਗ਼ਾਂ ਵਿਚ
ਦੌੜ ਰਿਹਾ ਗਰਮ ਖੂਨ ਪਾਠਕਾਂ ਦੀਆਂ ਰਗ਼ਾਂ ਵਿਚ ਉਬਾਲੇ ਲੈਣ ਲੱਗਦਾ। ਉਹ
ਖਿਡਾਰੀ ਨਾਲ ਜੁੜੇ ਸਾਰੇ ਜੀਵਨ-ਵੇਰਵੇ ਅਜਿਹੀ ਸੁਹਜੀਲੀ-ਜੜਤ ਵਿਚ ਪੇਸ਼
ਕਰਦਾ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ
ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ। ਉਹ ਨਹਾਇਤ ਉਮਦਾ ਕਾਰਾਗਰੀ ਨਾਲ
ਸ਼ਬਦਾਂ ਤੇ ਵਾਕਾਂ ਨੂੰ ਸੰਜੋਦਾ-ਬੀੜਦਾ ਕਿ ਖਿਡਾਰੀ ਸਾਮਰਤੱਖ ਜਿ਼ੰਦਗੀ
ਤੇ ਖੇਡ ਦੇ ਮੈਦਾਨ ਵਿਚ ਕਾਰਜਸ਼ੀਲ ਹੋਇਆ ਦਿਸਣ ਲੱਗਦਾ। ਜੇ ਟੀਮ ਹਾਰ
ਜਾਂਦੀ ਤਾਂ ਉਹ ਮੈਦਾਨ ਵਿਚ ਢੱਠੇ, ਹਾਰੇ, ਅੱਥਰੂ ਕੇਰਦੇ ਖਿਡਾਰੀਆਂ ਦਾ
ਅਜਿਹਾ ਮਾਰਮਿਕ ਦ੍ਰਿਸ਼ ਬਿਆਨਦਾ ਕਿ ਲਿਖਤ ਪੜ੍ਹਨ ਤੋਂ ਬਾਅਦ ਵੀ ਪਾਠਕ ਉਸ
ਹਾਰ ਦਾ ਦੁੱਖ, ਪੀੜ ਤੇ ਨਮੋਸ਼ੀ ਆਪਣੇ ਨਾਲ ਨਾਲ ਚੁੱਕੀ ਫਿਰਦਾ।
ਤਦੇ ਤਾਂ ਡਾ. ਹਰਿਭਜਨ ਸਿੰਘ ਨੇ ਲਿਖਿਆ, “ਸਰਵਣ ਸਿੰਘ ਦੀ ਲਿਖਤ
ਖੇਡਾਂ-ਖਿਡਾਰੀਆਂ ਸੰਬੰਧੀ ਨਿਰਜਿੰਦ, ਨਿਰਭਾਵ ਜਾਣਕਾਰੀ ਨਹੀਂ ਦਿੰਦੀ,
ਉਹਨਾਂ ਦੇ ਅੰਗ-ਸੰਗ ਹੱਸਦੀ ਹੈ, ਰੋਂਦੀ ਹੈ, ਡਰਦੀ ਹੈ ਤੇ ਬੇਹੋਸ਼ ਹੋਣ
ਤਕ ਜਾਂਦੀ ਹੈ। ਜੇ ਤੁਸੀਂ ਕੁੜੀ-ਮੁੰਡੇ ਦੇ ਘਿਸੇ-ਪਿਟੇ ਇਸ਼ਕ-ਪੇਚੇ ਦੇ
ਬਗੈ਼ਰ ਸਰੋਦੀ ਰਚਨਾ ਦਾ ਅਨੰਦ ਲੈਣਾ ਚਾਹੁੰਦੇ ਹੋ, ਕਹਾਣੀ-ਪਲਾਟ ਤੋਂ
ਬਗ਼ੈਰ ਬਿਰਤਾਂਤ ਨੂੰ ਸੰਭਵ ਹੋਇਆ ਵੇਖਣਾ ਚਾਹੁੰਦੇ ਹੋ ਤਾਂ ਸਰਵਣ ਸਿੰਘ
ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ...।”
ਬੜੇ ਵਿਰਲੇ ਲੇਖਕਾਂ ਨੂੰ ਇਹ ਮਾਣ ਜਾਂਦਾ ਹੈ ਕਿ ਉਹਨਾਂ ਦੀਆਂ ਪਹਿਲੀਆਂ
ਰਚਨਾਵਾਂ ਵਿਚੋਂ ਹੀ ਸਿਖ਼ਰਲੀ ਕਲਾਕਾਰੀ ਦਾ ਹੁਸਨ ਡਲ੍ਹਕਾਂ ਮਾਰਦਾ ਦਿਸੇ।
ਸਰਵਣ ਸਿੰਘ ਦੀਆਂ ‘ਆਰਸੀ’ ਵਿਚ ਛਪੀਆਂ ਪਹਿਲੀਆਂ ਰਚਨਾਵਾਂ ਹੀ
ਮਾਊਂਟ-ਐਵਰੈੱਸਟੀ ਬੁਲੰਦੀ ਤੋਂ ਬੋਲਦੀਆਂ ਸਨ। ਉਹ ਕਵਿਤਾ ਲਿਖਣ ਵਾਂਗ
‘ਕੱਲੇ ‘ਕੱਲੇ ਸ਼ਬਦ ਦੀ ਚੋਣ ਕਰਦਾ। ਜਿਵੇਂ ਸੂਝਵਾਨ ਸੁਨਿਆਰਾ ਛੋਟੀ
ਚਿਮਟੀ ਨਾਲ ਨਗੀਨਿਆਂ ਨੂੰ ਚੁੱਕਦਾ ਤੇ ਪੂਰੀ ਸਿਆਣਪ, ਕਾਰੀਗਰੀ ਤੇ
ਕਲਾਕਾਰੀ ਨਾਲ ਉਸਨੂੰ ਗਹਿਣਿਆਂ ਵਿਚ ਜੜਦਾ ਹੈ ਓਵੇਂ ਹੀ ਸਰਵਣ ਸਿੰਘ
ਇਹਨਾਂ ‘ਨਗੀਨੇ ਸ਼ਬਦਾਂ’ ਨੂੰ ਵਾਕਾਂ ਵਿਚ ਇਸ ਅੰਦਾਜ਼ ਨਾਲ ਜੋੜਦਾ ਬੀੜਦਾ
ਕਿ ਸ਼ਬਦਾਂ ਦੀ ਇਸ ਸੁਹਜੀਲੀ ਜੜਤ ਦੇ ਜਲੌਅ ਵਿਚੋਂ ਜਿ਼ੰਦਗੀ ਦਾ
ਬਹੁਰੰਗਾ, ਬਹੁ-ਅਰਥੀ ਤੇ ਬਹੁ-ਪ੍ਰਭਾਵੀ ਹੁਸਨ ਝਲਕਾਰੇ ਮਾਰਨ ਲੱਗਦਾ।
ਸ਼ਬਦਾਂ ਨਾਲ ਖੇਡਣ ਦਾ ਉਹ ਚੈਂਪੀਅਨ ਹੋ ਨਿੱਬੜਿਆ। ਉਹ ‘ਅਥਲੈਟਿਕ ਸ਼ੈਲੀ’
ਦੇ ਨਾਲ ‘ਚਿਤ੍ਰਾਤਮਕ ਸ਼ੈਲੀ’, ‘ਦ੍ਰਿਸ਼ਾਤਮਕ ਸ਼ੈਲੀ’ ਤੇ ‘ਫਿ਼ਲਮਾਂਕਣ
ਸ਼ੈਲੀ’ ਦਾ ਵੀ ਉਸਤਾਦ ਹੋ ਨਿੱਬੜਿਆ।
‘ਅੱਖਾਂ’ ਦੀ ਭੁੱਖ ਤ੍ਰਿਪਤ ਕਰਨ ਲਈ ਉਹ ਰੰਗ ਬਰੰਗੇ ਨਜ਼ਾਰੇ ਅੱਖਾਂ ਅੱਗੇ
ਲਿਆਉਂਦਾ ਹੈ। ਹਰੀਆਂ ਫ਼ਸਲਾਂ, ਖਿੜੇ-ਮਹਿਕੇ ਫੁੱਲਾਂ, ਝੀਲਾਂ-ਦਰਿਆਵਾਂ
ਦੇ ਪਾਣੀ ਦੀਆਂ ਲਿਸ਼ਕੋਰਾਂ, ਅਸਮਾਨ ਵਿਚ ਉੱਡਦੀਆਂ ਤਿੱਤਰ-ਖੰਭੀਆਂ
ਬੱਦਲੀਆਂ, ਭੁੱਜਦੇ ਰੇਤੇ, ਉੱਡਦੀ ਧੂੜ, ਘਿਰ ਆਏ ਬੱਦਲਾਂ, ਵਰ੍ਹਦੇ
ਮੂਸਲੇਧਾਰ ਮੀਂਹਾਂ, ਸਿਰ ‘ਤੇ ਆਏ ਸੂਰਜ ਦੀ ਲਿਸ਼ਕ ਤੇ ਡੁੱਬਦੇ ਸੂਰਜ ਦੀ
ਲਾਲੀ ਆਦਿ ਦੇ ਦ੍ਰਿਸ਼ ਸਿਰਜ ਕੇ ਉਹ ਆਪਣੀ ਰਚਨਾ ਵਿਚ ਪ੍ਰਕਿਰਤੀ ਦਾ ਹੁਸਨ
ਆਪਣੇ ਪੂਰੇ ਜਲੌਅ ਵਿਚ ਦ੍ਰਿਸ਼ਟਮਾਨ ਕਰ ਦਿੰਦਾ ਹੈ। ਖਿਡਾਰੀਆਂ ਦੇ ਟਰੈਕ
ਸੂਟਾਂ ਦੇ ਰੰਗ, ਧਾਰੀਆਂ, ਉਹਨਾਂ ਦੇ ਪਿੰਡੇ ਤੋਂ ਵਹਿੰਦਾ ਮੁੜ੍ਹਕਾ,
ਮੱਥੇ ਦੇ ਵੱਟ, ਅੱਖਾਂ ਦੀ ਗਹਿਰ, ਜਿੱਤ ਦਾ ਖੇੜਾ ਤੇ ਹਾਰ ਦੀ ਨਮੋਸ਼ੀ,
ਪਿੰਡਿਆਂ ਅਤੇ ਪੰਡਾਲਾਂ ਦੇ ਰੰਗ ਪਾਠਕ ਨੂੰ ਸਾਕਾਰ ਦਿਸਣ ਲਾ ਦਿੰਦਾ ਹੈ।
‘ਕੰਨ-ਰਸ’ ਲਈ ਉਹਦੀ ਵਾਰਤਕ ਵਿਚ ਕਿਤੇ ਵੰਝਲੀਆਂ, ਸਾਰੰਗੀਆਂ ਤੇ ਕਿਤੇ
ਅਲਗੋਜਿ਼ਆਂ ਦੀਆਂ ਸੁਰਾਂ ਸੁਣਦੀਆਂ ਹਨ ਤੇ ਕਿਤੇ ਨਚਾਰ ਦੇ ਪੈਰਾਂ ਨਾਲ
ਬੱਝੇ ਘੁੰਗਰੂ ਛਣਕਦੇ ਹਨ। ਜੇ ਸੁੰਘਣ-ਸੁਆਦ ਨੂੰ ਤ੍ਰਿਪਤ ਕਰਨ ਲਈ ਉਹਦੀਆਂ
ਲਿਖਤਾਂ ਵਿਚ ਤਲ਼ੇ ਜਾਂਦੇ ਪਕੌੜਿਆਂ, ਗਰਮਾ ਗਰਮ ਜਲੇਬੀਆਂ, ਪੱਤ ਚੜ੍ਹਨ
‘ਤੇ ਆਏ ਗੁੜ ਦੀ ਮਹਿਕ, ਮਸਾਲੇਦਾਰ ਤੜਕੇ ਦੀ ਵਾਸ਼ਨਾ, ਭੱਠੀ ‘ਚੋਂ
ਨਿਕਲਦੀ ਸੌਂਫੀਆ ਸ਼ਰਾਬ ਦੀ ‘ਖ਼ੁਸ਼ਬੋ’ ਨਾਸਾਂ ਵਿਚ ਜਲੂਣ ਛੇੜਦੀ ਹੈ ਤਾਂ
ਨਾਲ ਹੀ ਬੱਕਰੀ ਦਾ ਦੁੱਧ ਪਾ ਕੇ ਬਣਾਈ ਕੁੜੰਘੀ ਚਾਹ, ਭਾਫ਼ਾਂ ਛੱਡਦੇ ਗਰਮ
ਤੜਕਾਏ ਸਾਗ ਵਿਚ ਘੁਲਦੀ ਮੱਖਣੀ, ਕਾੜ੍ਹਨੀ ਵਿਚ ਕੜ੍ਹਦੇ ਦੁੱਧ ਉੱਤੇ ਤਰਦੀ
ਗੇਰੂਆ ਮਲਾਈ ਦਾ ਸਵਾਦ ਵੀ ਜੀਭ ਉੱਤੇ ਤੈਰਨ ਲੱਗਦਾ ਹੈ। ਪਾਠਕ
ਇੰਦਿਆਰਵੀ-ਰਸ ਦਾ ਸਵਾਦ ਮਾਣਦਾ ਅੰਦਰੇ ਅੰਦਰ ਚਟਖ਼ਾਰੇ ਲੈਂਦਾ ਲਿਖਤ ਦੇ
ਨਾਲ ਨਾਲ ਭੱਜਾ ਜਾਂਦਾ ਹੈ।
ਇਹ ਸਭ-ਕੁਝ ਕਰਨਾ ਸਰਵਣ ਸਿੰਘ ਦੀ ਰਚਨਾ-ਜੁਗਤ ਦਾ ਹਿੱਸਾ ਹੈ। ਉਹ ਮਨੁੱਖ
ਦੇ ਮਨ ਅੰਦਰ ਪਏ ਸਥਾਈ ਭਾਵਾਂ ਨੂੰ ਟੁੰਬਣ ਦਾ ਹੁਨਰ ਵੀ ਬਾਖ਼ੂਬੀ ਜਾਣਦਾ
ਹੈ। ਸੂਖ਼ਮ ਕਿਸਮ ਦਾ ਹਾਸ-ਵਿਅੰਗ ਤੇ ਟਿੱਚਰ-ਵਿਨੋਦ ਉਹਦੀ ਰਚਨਾ ਜੁਗਤ ਦਾ
ਮੀਰੀ ਗੁਣ ਹੈ। ਉਹ ਪਾਠਕ ਨੂੰ ਕੁਤਕੁਤਾਰੀਆਂ ਨਾਲ ਹਸਾਈ ਵੀ ਜਾਂਦਾ ਹੈ ਤੇ
ਜਿ਼ੰਦਗੀ ਦੀ ਕਿਸੇ ਟੇਢ, ਨੁਕਸ ਤੇ ਬੇਤਰਤੀਬੀ ਦੀ ਸੁਹਜਮਈ ਠੁਕਾਈ ਵੀ ਕਰੀ
ਜਾਂਦਾ ਹੈ। ਉਸਦੀ ਲਿਖਤ ਵਿਚ ਅਕਸਰ ਉਤਸ਼ਾਹ, ਖੇੜੇ, ਹੁਲਾਸ ਅਤੇ ਆਨੰਦ ਦਾ
ਬੋਲਬਾਲਾ ਹੁੰਦਾ ਹੈ। ਕਿਤੇ ਕਿਤੇ ਸਥਿਤੀ ਦੀ ਮੰਗ ਅਨੁਸਾਰ ਅੱਥਰੂਆਂ ਦਾ
ਛੱਟਾ ਵੀ ਦੇਈ ਜਾਂਦਾ ਹੈ ਪਰ ਉਹ ਪਾਠਕ ਨੂੰ ਅੱਥਰੂਆਂ ਵਿਚ ਡੁੱਬਣ ਨਹੀਂ
ਦਿੰਦਾ। ਮਾੜੀਆਂ ਜਿਹੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਹਨ ਤਾਂ ਉਹ ਫਿਰ
ਪਾਠਕ ਦੀ ਵੱਖੀ ਕੁਤਕੁਤਾ ਦਿੰਦਾ ਹੈ। ਉਹਦੀ ਰਚਨਾ ਪੜ੍ਹਦਿਆਂ ਪਾਠਕ ਰੰਗ,
ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਉਹਦੀਆਂ
ਅੱਖਾਂ ਵੀ ਭਿੱਜਦੀਆਂ ਹਨ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਰੋਹ ਵਿਚ
ਵੀ ਆਉਂਦਾ ਹੈ, ਜਿੱਤ ਦੇ ਮੰਚ ‘ਤੇ ਖਿਡਾਰੀ ਨਾਲ ਖਲੋ ਕੇ ਆਨੰਦਤ ਵੀ
ਹੁੰਦਾ ਹੈ, ਅਸਫ਼ਲ ਹੋਣ ‘ਤੇ ਨਿੰਮੋਝੂਣ ਉਦਾਸੀ ਵਿਚ ਸਿਰ ਵੀ ਸੁੱਟਦਾ ਹੈ
ਤੇ ਜਿ਼ੰਦਗੀ ਦੇ ਅਨੇਕਾਂ ਵਰਤਾਰਿਆਂ ਦੀ ਸਹਿਜ ਸਮਝ ਵੀ ਪ੍ਰਾਪਤ ਕਰਦਾ ਹੈ।
ਨਿਸਚੈ ਹੀ ਸਰਵਣ ਸਿੰਘ ਦਾ ਪੰਜਾਬੀ ਵਾਰਤਕ ਦੇ ਖੇਤਰ ਵਿਚ ਵਿਲੱਖਣ ਸਥਾਨ
ਹੈ। ਉਹ ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਾ ਪਹਿਲਾ,
ਵੱਡਾ ਤੇ ਪ੍ਰਮਾਣਿਕ ਲੇਖਕ ਹੈ। ਪਰ ਸਰਵਣ ਸਿੰਘ ਨੇ ਸਿਰਫ਼ ਖੇਡਾਂ ਜਾਂ
ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ। ਉਹਦੀਆਂ ਲਿਖਤਾਂ ਵਿਚ ਪੰਜਾਬ ਦਾ ਪਿੰਡ
ਆਪਣੇ ਸਾਰੇ ਰੰਗਾਂ, ਸੁਰਤੀਆਂ-ਬਿਰਤੀਆਂ ਵਿਚ ਉੱਠਦਾ-ਜਾਗਦਾ, ਅੰਗੜਾਈਆਂ
ਭਰਦਾ, ਹੱਸਦਾ-ਖੇਡਦਾ, ਤਰਦਾ-ਡੁੱਬਦਾ, ਤਿਲ੍ਹਕਦਾ-ਸੰਭਲਦਾ,
ਖਲੋਤਾ-ਤੁਰਦਾ, ਲਲਕਾਰੇ ਮਾਰਦਾ ਤੇ ਭੁੱਬੀਂ ਰੋਂਦਾ ਦਿਖਾਈ ਦਿੰਦਾ ਹੈ।
ਪੰਜਾਬ ਦੇ ਪਿੰਡਾਂ ਬਾਰੇ ਸਭ ਤੋਂ ਪ੍ਰਮਾਣਿਕ ਪੁਸਤਕ ਗਿਆਨੀ ਗੁਰਦਿੱਤ
ਸਿੰਘ ਦੀ ‘ਮੇਰਾ ਪਿੰਡ’ ਗਿਣੀ ਜਾਂਦੀ ਹੈ। ਗੁਰਦਿੱਤ ਸਿੰਘ ਨੇ ਪੰਜਾਬ ਦੇ
ਪਿੰਡ ਦੀ ਕਹਾਣੀ ਨੂੰ ਜਿੱਥੇ ਛੱਡਿਆ ਸੀ, ਸਰਵਣ ਸਿੰਘ ਨੇ ਇਹ ‘ਦੌੜ’ ਉਸ
ਤੋਂ ਅੱਗੇ ਸ਼ੁਰੂ ਕੀਤੀ ਹੈ। ‘ਪਿੰਡ ਦੀ ਸੱਥ ਚੋਂ’, ‘ਬਾਤਾਂ ਵਤਨ ਦੀਆਂ’
ਤੇ ‘ਫੇਰੀ ਵਤਨਾਂ ਦੀ’ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਗੁਰਦਿੱਤ ਸਿੰਘ ਤੋਂ
‘ਬੈਟਨ’ ਫੜ ਕੇ ਸਰਵਣ ਸਿੰਘ ਨੇ ‘ਆਪਣੇ ਹਿੱਸੇ ਦੀ ਦੌੜ’ ਕਿੰਨੇ ਤਾਣ ਤੇ
ਸ਼ਾਨ ਨਾਲ ਦੌੜੀ ਹੈ!
ਪਿਛਲੇ ਪੰਜਾਹ-ਸੱਠ ਸਾਲਾਂ ਵਿਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ, ਵਿਚਰਿਆ
ਤੇ ਬਦਲਿਆ, ਇਸਦੀ ਸਭ ਤੋਂ ਯਾਦ-ਯੋਗ ਝਾਕੀ ਸਰਵਣ ਸਿੰਘ ਦੀਆਂ ਲਿਖਤਾਂ
ਵਿਚੋਂ ਹੀ ਮਿਲੇਗੀ। ਇਹਨਾਂ ਲਿਖਤਾਂ ਵਿਚ ਬਦਲ ਰਹੇ ਪੰਜਾਬ ਦੀ ਆਤਮਾ ਦੇ
ਬਹੁ-ਰੰਗੇ ਝਲਕਾਰੇ ਦ੍ਰਿਸ਼ਟਮਾਨ ਹੁੰਦੇ ਹਨ। ਉਹਨੇ ਗਿਆਨੀ ਗੁਰਦਿੱਤ ਸਿੰਘ
ਦੇ ਬੁਲੰਦ ਝੰਡੇ ਦੇ ਨਾਲ ਆਪਣਾ ਝੰਡਾ ਵੀ ਬਰਾਬਰ ਗੱਡ ਦਿੱਤਾ ਹੈ। ਜੇ ਇਹ
ਝੰਡਾ ਗਿਆਨੀ ਹੁਰਾਂ ਦੇ ਝੰਡੇ ਤੋਂ ਉੱਚਾ ਨਹੀਂ ਤਾਂ ਛੋਟਾ ਤਾਂ ਕਿਸੇ
ਸੂਰਤ ਵਿਚ ਵੀ ਨਹੀਂ। ਸਰਵਣ ਸਿੰਘ ਵਰਗੀ ਵਾਰਤਕ ਗਿਆਨੀ ਹੁਰਾਂ ਤੋਂ ਨਹੀਂ
ਲਿਖੀ ਜਾ ਸਕੀ। ਇਹ ਹਾਰੀ ਸਾਰੀ ਦੇ ਵਸ ਦਾ ਹੁਨਰ ਨਹੀਂ!
ਮੇਰਾ ਧਿਆਨ ਸਰਵਣ ਸਿੰਘ ਦੀਆਂ ਗਾਹੇ-ਬ-ਗਾਹੇ ਲਿਖੀਆਂ ਚੰਦ ਕੁ ਕਹਾਣੀਆਂ
ਵੱਲ ਵੀ ਜਾਂਦਾ ਹੈ। ਉਹਨੇ ਗਿਣਤੀ ਵਿਚ ਲਿਖੀਆਂ ਤਾਂ ਭਾਵੇਂ ਘੱਟ ਹੀ, ਪਰ
ਜਿਹੜੀਆਂ ਵੀ ਲਿਖੀਆਂ, ਉਹਨਾਂ ਵਿਚੋਂ ਘੱਟੋ ਘੱਟ ਅੱਧੀਆਂ ਦਾ ਕੱਦ ਤਾਂ
ਪੰਜਾਬੀ ਵਿਚ ਲਿਖੀਆਂ ਗਈਆਂ ਬਿਹਤਰੀਨ ਕਹਾਣੀਆਂ ਨਾਲੋਂ ਕਿਸੇ ਤਰ੍ਹਾਂ ਵੀ
ਘੱਟ ਨਹੀਂ। ‘ਨਚਾਰ’ ਜਿੱਥੇ ਦੂਹਰੇ ਮਨੁੱਖੀ ਕਿਰਦਾਰ ਦੀ ਸਹਿਜ ਤੇ ਕਲਾਤਮਕ
ਅੱਕਾਸੀ ਦੀ ਯਾਦਗਾਰੀ ਤਸਵੀਰ ਹੈ ਓਥੇ ਪੰਜਾਬ ਦੇ ਪੇਂਡੂ ਸਭਿਆਚਾਰ ਨਾਲ
ਜੁੜੇ ਪਾਤਰਾਂ ਦੇ ਮਨਪ੍ਰਚਾਵੇ, ਮਾਹੌਲ, ਮਾਨਸਿਕਤਾ ਦਾ ਅਤਿ-ਪ੍ਰਭਾਵੀ
ਜੀਵੰਤ ਚਿਤਰ ਵੀ ਹੈ। ‘ਬੁੱਢਾ ਤੇ ਬੀਜ’ ਉਸ ਸਿਰੜੀ, ਸਿਦਕੀ, ਸਬਰ-ਸਬੂਰੀ
ਵਾਲੇ ਸੰਘਰਸ਼ਸ਼ੀਲ ਪੰਜਾਬੀ ਬਜ਼ੁਰਗ ਦੀ ਸਦਾ ਲਈ ਚੇਤਿਆਂ ਵਿਚ ਵੱਸ ਜਾਣ
ਵਾਲੀ ਕਲਾਮਈ ਦਾਸਤਾਨ ਹੈ ਜਿਹੜਾ ਹਾਲਾਤ ਅੱਗੇ ਕਦੀ ਵੀ ਹਾਰ ਨਹੀਂ ਮੰਨਦਾ;
ਜੋ ਬਾਰ ਬਾਰ ਡਿੱਗ ਕੇ ਮੁੜ ਉੱਠਦਾ ਹੈ ਤੇ ਹਰੇਕ ਅਸਾਵੀਂ ਤੇ ਅਣਸੁਖਾਵੀਂ
ਸਥਿਤੀ ਵਿਚ ਹਰ ਵਾਰ ਨਵੀਂ ਲੜਾਈ ਲੜਨ ਲਈ ਤਿਆਰ ਰਹਿੰਦਾ ਹੈ। ‘ਪੰਜ
ਰੁਪਿਆਂ ਦਾ ਭਾਰ’ ਕਹਾਣੀ ਮਨੁੱਖੀ ਮਨ ਦੀ ਬਹੁਰੰਗਤਾ, ਤਰਲਤਾ ਤੇ ਤਰੰਗਤਾ
ਦਾ ਦਿਲ ਨੂੰ ਛੂਹ ਜਾਣ ਵਾਲਾ ਅਜਿਹਾ ਸਜਿੰਦ ਬਿਰਤਾਂਤ ਹੈ ਕਿ ਕਹਾਣੀ
ਪੜ੍ਹਦਿਆਂ ਬਿਰਤਾਂਤਕਾਰ ਤੇ ਬੱਸ ਦੇ ਡਰਾਈਵਰ ਦੇ ਨਾਲ ਪਾਠਕ ਦੀਆਂ ਅੱਖਾਂ
ਵੀ ਸਿੱਲ੍ਹੀਆਂ ਹੋ ਜਾਂਦੀਆਂ ਹਨ। ਬਿਰਤਾਂਤਕਾਰ ਆਪਣੀ ਗੱਲ ਕਹਿ ਕੇ ਤੇ
ਡਰਾਈਵਰ ਬੱਸ ਵਿਚ ਬਹਿ ਕੇ ਆਪ ਤਾਂ ਦ੍ਰਿਸ਼ ਤੋਂ ਅਲੋਪ ਹੋ ਜਾਂਦੇ ਹਨ ਪਰ
ਜਾਂਦੇ ਜਾਂਦੇ ਦੋਵੇਂ ਜਣੇ ਆਪਣੇ ਮਨਾਂ ਦਾ ਸਾਰਾ ਭਾਰ ਪਾਠਕ ਦੇ ਮਨ ‘ਤੇ
ਉਲੱਦ ਜਾਂਦੇ ਹਨ। ਮੈਂ ਜਦ ਵੀ ਇਸ ਕਹਾਣੀ ਦੇ ਅੰਤ ਨੂੰ ਚੇਤੇ ਕਰਦਾ ਹਾਂ
ਤਾਂ ਓਸੇ ਵੇਲੇ ਦੋਵਾਂ ਪਾਤਰਾਂ ਦੇ ਮਨਾਂ ਦਾ ਭਾਰ ਮੇਰੇ ਮਨ ‘ਤੇ ਆਣ
ਟਿਕਦਾ ਹੈ। ਇੰਜ ਹੀ ‘ਨਿਧਾਨਾ ਸਾਧ ਨਹੀਂ’ ਅਤੇ ‘ਉੱਡਦੀ ਧੂੜ ਦਿਸੇ’
ਕਹਾਣੀਆਂ ਦਾ ਜਿ਼ਕਰ ਕੀਤਾ ਜਾ ਸਕਦਾ ਹੈ। ਇਹ ਸਤਰਾਂ ਲਿਖਦਿਆਂ ਮੈਨੂੰ ਆਪ
ਵੀ ਸੰਗ ਆ ਰਹੀ ਹੈ ਕਿ ਕੁਝ ਮਹੱਤਵਪੂਰਨ ਕਹਾਣੀ ਸੰਗ੍ਰਹਿ ਸੰਪਾਦਤ ਕਰਨ
ਸਮੇਂ ਮੈਨੂੰ ਇਹਨਾਂ ਕਹਾਣੀਆਂ ਨੂੰ ਉਹਨਾਂ ਸੰਗ੍ਰਹਿਆਂ ਵਿਚ ਸ਼ਾਮਲ ਕਰਨ
ਦਾ ਖਿ਼ਆਲ ਕਿਉਂ ਨਾ ਆਇਆ?
ਇਸ ਵਿਚ ਕਸੂਰ ਮੇਰਾ ਵੀ ਹੈ ਤੇ ਸਰਵਣ ਸਿੰਘ ਦਾ ਵੀ। ਮੇਰਾ ਇਸ ਕਰਕੇ ਕਿ
ਮੈਂ ਖੇਡ ਲੇਖਣੀ ਦੇ ਸਿਕੰਦਰੇ-ਆਜ਼ਮ ਸਰਵਣ ਸਿੰਘ ਦੇ ਡਲ੍ਹਕਾਂ ਮਾਰਦੇ
ਹੀਰਿਆਂ ਜੜੇ ਤਾਜ ਵੱਲ ਹੀ ਇੱਕ-ਟੱਕ ਵੇਖੀ ਗਿਆ; ਉਸਦੀ ਸ਼ਹਿਨਸਾ਼ਹੀ ਦੇ
ਜਲੌਅ ਨੇ ਕਿਸੇ ਹੋਰ ਪਾਸੇ ਨਜ਼ਰ ਜਾਣ ਹੀ ਨਾ ਦਿੱਤੀ। ਉਹਦਾ ਕਸੂਰ ਇਹ ਹੈ
ਕਿ ਉਹ ਆਪਣੇ ਆਪ ਨੂੰ ਖੇਡ-ਲੇਖਕ ਵਜੋਂ ਸਥਾਪਤ ਕਰਨ ਵਿਚ ਰੁੱਝ ਗਿਆ ਤੇ ਇਸ
ਖੇਤਰ ਵਿਚ ਬਣੀ ਸਰਬ ਪ੍ਰਵਾਨਿਤ ਸਰਦਾਰੀ ਨਾਲ ਏਨਾ ਸਰੂਰਿਆ ਗਿਆ ਕਿ ਬਾਕੀ
ਦੀਆਂ ਸਾਹਿਤਕ ਵਿਧਾਵਾਂ ਨੂੰ ਓਂ ਹੀ ਟਿੱਚ ਸਮਝਣ ਲੱਗਾ। ਉਸ ਦਾ ਕਹਿਣਾ
ਹੈ, “ਕਹਾਣੀਆਂ ਲਿਖੀ ਜਾਂਦਾ ਤਾਂ ਨਾ ਮੈਂ ਤਿੰਨਾਂ ‘ਚ ਹੁੰਦਾ ਤੇ ਨਾ
ਤੇਰ੍ਹਾਂ ‘ਚ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ‘ਚ ਮੈਂ ਪਹਿਲੇ ਨੰਬਰ
‘ਤੇ ਹਾਂ।”
ਉਹਦੇ ਇਸ ਕਥਨ ਬਾਰੇ ਮੈਂ ਸਿਰਫ਼ ਏਨੀ ਟਿੱਪਣੀ ਕਰਨੀ ਹੈ ਕਿ ਸਰਵਣ ਸਿੰਘ
ਨਾਲੋ ਨਾਲ ਕਹਾਣੀਆਂ ਵੀ ਲਿਖੀ ਜਾਂਦਾ ਤਾਂ ‘ਤੇਰ੍ਹਾਂ’ ਵਿਚ ਤਾਂ ਉਸਦੀ
ਗਿਣਤੀ ਕਦੀ ਵੀ ਨਹੀਂ ਸੀ ਹੋਣੀ ਸਗੋਂ ਮੇਰਾ ਦਾਅਵਾ ਹੈ ਕਿ ਉੁਹ ‘ਤਿੰਨਾਂ’
ਵਿਚ ਤਾਂ ਹਰ ਹਾਲਤ ਵਿਚ ਹੀ ਹੁੰਦਾ। ਇਹ ਵੀ ਵੱਡੀ ਗੱਲ ਨਹੀਂ ਕਹਾਣੀਕਾਰ
ਵੀ ਪਹਿਲੇ ਨੰਬਰ ਦਾ ਹੀ ਬਣ ਜਾਂਦਾ ਤੇ ਹੁਣ ਤੋਂ ਕਈ ਚਿਰ ਪਹਿਲਾਂ ਸਾਹਿਤ
ਅਕਾਦਮੀ ਦਾ ਇਨਾਮ ਵੀ ਕੁੱਟ ਚੁੱਕਾ ਹੁੰਦਾ। ਉਹਦੀ ਸਵੈਜੀਵਨੀ ਤੇ
ਸਫ਼ਰਨਾਮੇਂ ਪੜ੍ਹ ਕੇ ਵੇਖ ਲਵੋ ਮੇਰੇ ਆਖੇ ਦੀ ਸਦਾਕਤ ਜਾਣ ਜਾਵੋਗੇ।
‘ਅੱਖੀਂ ਵੇਖ ਨਾ ਰੱਜੀਆਂ’ ਸਫ਼ਰਨਾਮੇ ਦਾ ਪੰਜਾਬੀ ਦੇ ਚੁਨਿੰਦਾ
ਸਫ਼ਰਨਾਮਿਆਂ ਵਿਚ ਜਿ਼ਕਰ ਕੀਤਾ ਜਾਂਦਾ ਹੈ। ਸਵੈ-ਜੀਵਨੀ ‘ਹਸੰਦਿਆਂ
ਖੇਲੰਦਿਆਂ’ ਦਾ ਸ਼ੁਮਾਰ ਵੀ ਪੰਜਾਬੀ ਦੀਆਂ ਪ੍ਰਮਾਣਿਕ ਤੇ ਯਾਦ-ਯੋਗ
ਸਵੈ-ਜੀਵਨੀਆਂ ਵਿਚ ਕੀਤਾ ਜਾਵੇਗਾ।
ਹਾਲ ਦੀ ਘੜੀ ਮੈਂ ਲੇਖਕ ਸਰਵਣ ਸਿੰਘ ਬਾਰੇ ਹੀ ਲਿਖਿਆ ਹੈ, ਸੋਹਣੇ ਸੱਜਣ
ਸਰਵਣ ‘ਬੰਦੇ’ ਬਾਰੇ ਕਦੀ ਫੇਰ ਗੱਲਾਂ ਕਰਾਂਗੇ। ਉਂਜ ਬੰਦੇ ਦਾ ਹੋਣਾ,
ਜੀਣਾ-ਥੀਣਾ, ਉਹਦਾ ਵਿਚਾਰ ਤੇ ਵਿਹਾਰ ਹੀ ਰਚਨਾ ਵਿਚੋਂ ਸਫ਼ੁਟਤ ਹੁੰਦਾ
ਹੈ। ਉਹ ਸਿਰੜੀ ਤੇ ਸਿਦਕਵਾਨ ਹੈ। ਸਹਿਜ ਅਤੇ ਸੰਤੁਲਤ ਹੈ। ਰੀਂ ਰੀਂ ਕਰਨ
ਵਾਲਾ ਰੋਂਦੂ ਨਹੀਂ; ਹਸੰਦੜਾ-ਖੇਲੰਦੜਾ ਹੈ; ਜਿ਼ੰਦਗੀ ਜਿਊਣ ਅਤੇ ਮਾਨਣ ਦੇ
ਚਾਅ ਨਾਲ ਗਲ਼-ਗ਼ਲ਼ ਤੱਕ ਡੁੱਬਾ ਹੋਇਆ ਜਿ਼ੰਦਗੀ ਦਾ ਆਸ਼ਕ ਹੈ। ਇਹ ਸਾਰਾ
ਕੁਝ ਉਹਦੀ ਲਿਖਤ ਵਿਚੋਂ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸਫ਼ਰਨਾਮੇ
‘ਅੱਖੀਂ ਵੇਖ ਨਾ ਰੱਜੀਆਂ’ ਦਾ ਨਾਮਕਰਨ ਉਹਦੀ ਜੀਵਨ ਨੂੰ ਰੱਜ ਕੇ ਵੇਖਣ ਤੇ
ਮਾਨਣ ਦੀ ਚਾਹਤ ਦਾ ਹੀ ਪ੍ਰਗਟਾ ਹੈ। ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’
ਦਾ ਸਿਰਲੇਖ ਜੀਵਨ ਪ੍ਰਤੀ ਉਹਦੇ ਹਾਂ-ਮੁਖੀ ਰਵੱਈਏ ਦੀ ਸ਼ਾਹਦੀ ਭਰਦਾ ਹੈ।
ਉਹਦੀ ਲਿਖਤ ਵਿਚ ਕਿਧਰੇ ਵੀ ਬੇਲੋੜੀ ਉਪਭਾਵਕਤਾ ਦਾ ਲਿਜ਼ਲਿਜ਼ਾ ਪ੍ਰਦਰਸ਼ਨ
ਨਹੀਂ ਹੋਇਆ, ਕਿਧਰੇ ਵੀ ਸੰਘਣੀ ਉਦਾਸੀ ਦੇ ਲੰਮੇ ਪ੍ਰਛਾਵੇਂ ਨਹੀਂ ਦਿਸਦੇ।
ਨਾ ਉਹ ਜਿ਼ੰਦਗੀ ਵਿਚ ਕਿਸੇ ਨਾਲ ਈਰਖ਼ਾ ਤੇ ਸਾੜਾ ਕਰਦਾ ਹੈ, ਨਾ ਹੀ ਉਹਦੀ
ਲਿਖਤ ਵਿਚ ਕਿਸੇ ਨਾਲ ਵੈਰ-ਭਾਵ ਦੀ ਹੁਮਕ ਆਉਂਦੀ ਹੈ। ਉਹ ਤਾਂ ਖੂ਼ਬਸੂਰਤ
ਤੇ ਖ਼ੁਸ਼ਬੂਦਾਰ ਇਨਸਾਨ ਹੈ। ਇੰਜ ਦੀ ਹੀ ਉਹਦੀ ਲਿਖਤ ਹੈ। ਮਹਿਕਾਂ
ਵੰਡਦੀ, ਉਤਸ਼ਾਹ ਤੇ ਪ੍ਰੇਰਨਾ ਦਿੰਦੀ।
ਕਿਹਾ ਜਾਂਦਾ ਹੈ ਕਿ ਕਾਮ ਅਤੇ ਕਰੁਣਾ ਦਾ ਬਿਆਨ ਅਤੇ ਵਰਨਣ ਕਿਸੇ ਵੀ ਲਿਖਤ
ਨੂੰ ਸਭ ਤੋਂ ਵੱਧ ਪੜ੍ਹਨ-ਯੋਗ ਬਨਾਉਣ ਦੀ ਢੁਕਵੀਂ ਜੁਗਤ ਹੈ। ਪਰ ਇਹ ਸਰਵਣ
ਸਿੰਘ ਦੀ ਲਿਖਤ ਦਾ ਕਮਾਲ ਹੀ ਹੈ ਕਿ ਉਹਨੇ ਆਪਣੀ ਰਚਨਾ ਵਿਚ ਇਹਨਾਂ ਸੰਦਾਂ
ਦੀ ਵਰਤੋਂ ਤੋਂ ਬਗ਼ੈਰ ਹੀ ਲਟ ਲਟ ਬਲਦੇ ਜਲੌਅ ਵਾਲੀ ਅਜਿਹੀ ਸੋਹਣੀ ਤੇ
ਸੁਹੰਢਣੀ ਵਾਰਤਕ ਸਿਰਜੀ ਹੈ ਕਿ ਪੜ੍ਹਨਯੋਗਤਾ ਦਾ ਇਕ ਨਵਾਂ ਤੇ ਨਿਆਰਾ
ਮਿਆਰ ਸਥਾਪਤ ਕਰ ਦਿੱਤਾ ਹੈ। ਇਹ ਮਿਆਰ ਹੋਰਨਾਂ ਲੇਖਕਾਂ ਲਈ ਵੀ ਵੰਗਾਰ
ਹੈ।
-0-
|