Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 

 

- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

 

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

 

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

 

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

 

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

 

- ਉਂਕਾਰਪ੍ਰੀਤ

ਬਲੀਦਾਨ

 

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

 

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

 

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

 

- ਐਸ. ਅਸ਼ੋਕ ਭੌਰਾ

ਖਰਾ ਸੌਦਾ

 

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

 

- ਮਲਿਕਾ ਮੰਡ

ਨਜ਼ਮ / ਆਦਮੀ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

 

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

 

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

 

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

 

- ਗੁਰਨਾਮ ਢਿੱਲੋਂ

ਮਾਸੀ ਬਚਨੀ

 

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

 

- ਅਵਤਾਰ ਸੋਨੂੰ

ਹੁੰਗਾਰੇ

 

Online Punjabi Magazine Seerat

ਬਲਬੀਰ ਸਿੰਘ ਦੀ ਜੀਵਨੀ ਵਿਚੋਂ
ਵਿਸ਼ਵ ਹਾਕੀ ਕੱਪ
- ਸਰਵਣ ਸਿੰਘ

 

ਚੰਡੀਗੜ੍ਹ ਵਿਚ ਭਾਰਤੀ ਹਾਕੀ ਟੀਮ ਦੀ ਤਿਆਰੀ ਬਹੁਤ ਵਧੀਆ ਹੋਈ। ਆਲ ਇੰਡੀਆ ਕੌਂਸਲ ਆਫ਼ ਸਪੋਰਟਸ ਦੇ ਚੇਅਰਮੈਨ ਜਨਰਲ ਪੀ. ਪੀ. ਕੁਮਾਰਾਮੰਗਲਮ ਕੈਂਪ ਦਾ ਮੁਆਇਨਾ ਕਰਨ ਆਏ ਤੇ ਕੈਂਪਰਾਂ ਦੀ ਖੇਡ ‘ਤੇ ਤਸੱਲੀ ਪਰਗਟ ਕਰ ਕੇ ਗਏ। ਖਿਡਾਰੀ ਸੱਚਮੁੱਚ ਬਿਹਤਰ ਖੇਡ ਰਹੇ ਸਨ। ਉਨ੍ਹਾਂ ਨੇ ਖ਼ੁਦ ਮਹਿਸੂਸ ਕੀਤਾ ਕਿ ਭਾਰਤੀ ਟੀਮ ਕੱਪ ਜਿੱਤਣ ਦੇ ਯੋਗ ਹੈ। ਜਾਣ ਲੱਗਿਆਂ ਖਿਡਾਰੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ। ਪਰ ਭਾਰਤੀ ਹਾਕੀ ਦੀ ਸਿਆਸਤ ਵਿਚ ਸਭ ਅੱਛਾ ਨਹੀਂ ਸੀ। ਚੰਡੀਗੜ੍ਹ ਵਿਚ ਭਾਰਤੀ ਟੀਮ ਨੂੰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਵੱਲੋਂ ਵਿਦਾਇਗੀ ਪਾਰਟੀਆਂ ਦਾ ਪ੍ਰਬੰਧ ਹੋ ਰਿਹਾ ਸੀ ਪਰ ਦਿੱਲੀ ਵੱਲੋਂ ਟੀਮ ਦੇ ਕਲੀਅਰ ਹੋਣ ਤੇ ਕੁਆਲਾ ਲੰਪੁਰ ਜਾਣ ਦੀ ਤਾਰੀਕ ਨਹੀਂ ਸੀ ਮਿਲ ਰਹੀ। ਟੀਮ ਕਲੀਅਰ ਕਰਨ ਦੀ ਫਾਈਲ ਸਿਆਸੀ ਘੁੰਮਣਘੇਰੀ ਵਿਚ ਫਸੀ ਪਈ ਸੀ। ਵਿਚੇ ਵਿਚ ਵਿਰੋਧ ਹੋ ਰਿਹਾ ਸੀ। ਸ਼ੰਕਾ ਪੈਦਾ ਹੋ ਗਈ ਸੀ ਕਿ ਟੀਮ ਜਾਵੇਗੀ ਜਾਂ ਨਹੀਂ?
ਮੁੜ੍ਹਕਾ ਵਹਾ ਰਹੇ ਖਿਡਾਰੀ ਆਪਣੀ ਥਾਂ ਚਿੰਤਤ ਸਨ। ਬਲਬੀਰ ਸਿੰਘ ਹੋਰੀਂ ਧਰਵਾਸ ਦੇ ਰਹੇ ਸਨ। ਦਿਨ ਬੀਤਦੇ ਜਾ ਰਹੇ ਸਨ। ਆਖ਼ਰ ਖਿਡਾਰੀਆਂ ਨੂੰ ਅਲਟੀਮੇਟਮ ਦੇਣਾ ਪਿਆ ਕਿ ਟੀਮ ਕਲੀਅਰ ਕਰੋ ਜਾਂ ਜਵਾਬ ਦੇਵੋ। ਵਿਚ ਵਿਚਾਲੇ ਕਿਉਂ ਰੱਖਿਐ? ਅਲਟੀਮੇਟਮ ਦੀ ਗੂੰਜ ਪਾਰਲੀਮੈਂਟ ਤਕ ਜਾ ਅਪੜੀ। ਪੰਜਾਬ ਦੇ ਰੈਵੀਨਿਊ ਮਨਿਸਟਰ ਉਮਰਾਓ ਸਿੰਘ ਨੇ ਸੁਆਲ ਉਠਾਇਆ ਤਾਂ ਜਵਾਬ ਵਿਚ ਐਜੂਕੇਸ਼ਨ ਮਨਿਸਟਰੀ ਹਰਕਤ ਵਿਚ ਆ ਗਈ। ਹਾਕੀ ਟੀਮ ਨੂੰ ਕੁਆਲਾ ਲੰਪੁਰ ਜਾਣ ਦੀ ਕਲੀਅਰੈਂਸ ਮਿਲ ਗਈ।
20 ਫਰਵਰੀ ਦੀ ਰਾਤ ਨੂੰ 11 ਵਜੇ ਬਲਬੀਰ ਸਿੰਘ ਨੂੰ ਫੋਨ ਆਇਆ ਕਿ ਐਜੂਕੇਸ਼ਨ ਮਨਿਸਟਰੀ ਦੇ ਜਾਇੰਟ ਸੈਕਟਰੀ ਸ਼ਾਹਿਦ ਅਲੀ ਖਾਂ ਨੂੰ ਮਿਲਣ ਸਵੇਰੇ 10 ਵਜੇ ਦਿੱਲੀ ਪਹੁੰਚੋ। ਕਾਗਜ਼ਾਂ ਪੱਤਰਾਂ ਦੀਆਂ ਰਸਮਾਂ ਪੂਰੀਆਂ ਕਰਨੀਆਂ ਸਨ ਯਾਨੀ ਫਾਈਲਾਂ ਦਾ ਢਿੱਡ ਭਰਨਾ ਸੀ। ਫਾਈਨਾਂਸ ਮਨਿਸਟਰੀ ਤੇ ਰਿਜ਼ਰਵ ਬੈਂਕ ਨੇ ਆਪਣਾ ਰੋਲ ਬੜੀ ਤੇਜ਼ੀ ਨਾਲ ਨਿਭਾਇਆ ਤੇ ਸਭ ਕੁਝ ਬਿਜਲੀ ਦੀ ਰਫਤਾਰ ਨਾਲ ਸਿਰੇ ਚੜ੍ਹ ਗਿਆ। ਟਿਕਟਾਂ ਲੈ ਲਈਆਂ ਗਈਆਂ। ਚੰਡੀਗੜ੍ਹ ਸੂਚਨਾ ਪੁਚਾ ਦਿੱਤੀ ਕਿ ਟੀਮ ਤੁਰਤ ਦਿੱਲੀ ਪਹੁੰਚੇ। ਖਿਡਾਰੀ ਖੁਸ਼ ਸਨ ਕਿ ਵਰਲਡ ਕੱਪ ਖੇਡਣ ਲਈ ਰਾਹ ਦੇ ਸਾਰੇ ਅੜਿੱਕੇ ਪਾਰ ਹੋਏ।
ਦਿੱਲੀ ਵਿਚ ਤੁਰਤ ਫੁਰਤ ਸਾਦੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਦੇਸ਼ ਦੇ ਸਿੱਖਿਆ ਮੰਤਰੀ ਨੂਰੁੱਲ ਹਸਨ ਨੇ ਕੀਤੀ। ਖੇਡਾਂ ਦੇ ਇਨਚਾਰਜ ਉੱਪ ਸਿੱਖਿਆ ਮੰਤਰੀ ਅਰਵਿੰਦ ਨੇਤਰ ਮੇਜ਼ਬਾਨ ਸਨ। ਟੀਮ ਦੇ ਖਰਚ ਪੱਠੇ ਵਾਸਤੇ ਫਾਰਨ ਐਕਸਚੇਂਜ ਲਈ ਪੈਸੇ ਪੰਜਾਬ ਸਰਕਾਰ ਨੇ ਦਿੱਤੇ। ਪੈਸੇ ਲੈ ਕੇ ਪੰਜਾਬ ਸਪੋਰਟਸ ਕੌਂਸਲ ਦਾ ਐੱਚ. ਐੱਸ. ਜੋਸ਼ੀ ਦਿੱਲੀ ਪੁੱਜਾ ਤਾਂ ਫਾਰਨ ਐਕਸਚੇਂਜ ਦੀਆਂ ਏਜੰਸੀਆਂ ਤੇ ਦਫਤਰ ਬੰਦ ਹੋ ਚੁੱਕੇ ਸਨ। ਦੁਕਾਨਾਂ ਮੋਟੀ ਰਕਮ ਦੀ ਫਾਰਨ ਐਕਚੇਂਜ ਦੇਣ ਜੋਗੀਆਂ ਨਹੀਂ ਸਨ। ਰਕਮ ਪਿੱਛੇ ਛੱਡੀ ਗਈ ਕਿ ਅਗਲੇ ਦਿਨ ਭਿਜਵਾ ਦਿੱਤੀ ਜਾਵੇ।
ਟੀਮ ਨੂੰ ਹਵਾਈ ਅੱਡੇ ‘ਤੇ ਉਮਰਾਓ ਸਿੰਘ, ਸ਼ਾਹਿਦ ਅਲੀ ਖਾਂ, ਰਾਜਾ ਭਲਿੰਦਰ ਸਿੰਘ ਤੇ ਭਾਰਤੀ ਹਾਕੀ ਫੈਡਰੇਸ਼ਨ ਦੇ ਸੈਕਟਰੀ ਏ. ਡੇਵਿਡ ਨੇ ਵਿਦਾ ਕੀਤਾ। ਖਿਡਾਰੀਆਂ ਦੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਵੀ ਪਹੁੰਚੇ ਪਰ ਬਲਬੀਰ ਸਿੰਘ ਨੇ ਕਿਸੇ ਨੂੰ ਕਿਸੇ ਖਿਡਾਰੀ ਦੇ ਗਲ ਹਾਰ ਨਾ ਪਾਉਣ ਦਿੱਤੇ। ਚੰਡੀਗੜ੍ਹ ਤੋਂ ਲੈ ਕੇ ਕੁਆਲਾ ਲੰਪੁਰ ਤਕ ਸਭ ਨੂੰ ਹੱਥ ਜੋੜ ਕੇ ਕਿਹਾ ਜਾਂਦਾ ਰਿਹਾ ਕਿ ਹਾਰ ਸਾਡੇ ਕੱਪ ਜਿੱਤਣ ਤਕ ਸੰਭਾਲ ਰੱਖੋ। ਇਹ ਵੀ ਵਹਿਮ ਵਰਗਾ ਵਿਸ਼ਵਾਸ ਸੀ ਕਿ ਹਾਰ ਪੈ ਗਏ ਤਾਂ ਟੀਮ ਹਾਰ ਜਾਵੇਗੀ। ਬਲਬੀਰ ਸਿੰਘ ਬਾਜ਼ ਅੱਖ ਨਾਲ ਵੇਖਦਾ ਰਹਿੰਦਾ ਕਿ ਕੋਈ ਹਾਰ ਪਾਉਣ ਦਾ ਦਾਅ ਨਾ ਲਾ ਜਾਵੇ!
ਐਜੂਕੇਸ਼ਨ ਮਨਿਸਟਰੀ ਨੇ ਟੀਮ ਦੇ 16 ਖਿਡਾਰੀ, ਚੀਫ ਕੋਚ/ਮੈਨੇਜਰ ਬਲਬੀਰ ਸਿੰਘ, ਅਸਿਸਟੈਂਟ ਕੋਚ ਗੁਰਚਰਨ ਸਿੰਘ ਬੋਧੀ, ਫਿਜ਼ੀਕਲ ਟ੍ਰੇਨਰ ਵੀ. ਜੇ. ਪੀਟਰ ਤੇ ਐੱਸ. ਐੱਸ. ਗਿੱਲ ਤਾਂ ਪਹਿਲਾਂ ਕਲੀਅਰ ਕਰ ਦਿੱਤੇ ਸਨ ਪਰ ਟੀਮ ਦਾ ਮੈਡੀਕਲ ਅਫਸਰ ਡਾ. ਰਾਜਿੰਦਰ ਕਾਲੜਾ ਆਖ਼ਰੀ ਮਿੰਟ ਕਲੀਅਰ ਕੀਤਾ। ਚੰਡੀਗੜ੍ਹ ਵਿਚ ਖਿਡਾਰੀਆਂ ਦੀ ਸਿਹਤ ਸੰਭਾਲ ਲਈ, ਦਵਾਈਆਂ ਲਈ ਤੇ ਸੱਟਾਂ ਫੇਟਾਂ ਦੇ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਦੇ ਡਾ. ਰਾਜਿੰਦਰ ਕਾਲੜਾ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਪੰਜਾਬ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਤੇ ਚੰਡੀਗੜ੍ਹ ਦੇ ਯੋਗਾ ਸਟਾਫ ਨੇ ਵੀ ਯੋਗਦਾਨ ਪਾਇਆ ਸੀ। ਖਿਡਾਰੀਆਂ ਨੂੰ ਮਨੋਵਿਗਿਆਨਕ ਤੌਰ ‘ਤੇ ਤਕੜੇ ਕੀਤਾ ਗਿਆ ਸੀ। ਡਾ. ਕਾਲੜਾ ਦਾ ਟੀਮ ਨਾਲ ਹੋਣਾ ਜ਼ਰੂਰੀ ਸੀ।
ਡਾ. ਕਾਲੜਾ ਨੂੰ ਕਲੀਅਰੈਂਸ ਮਿਲੀ ਤਾਂ ਇਕ ਘੰਟੇ ਵਿਚ ਪਾਸਪੋਰਟ ਤਿਆਰ ਕੀਤਾ ਗਿਆ। ਚੰਡੀਗੜ੍ਹ ਤੋਂ ਟੈਕਸੀ ਵਾਲੇ ਨੇ ਟੈਕਸੀ ਹਵਾਈ ਜਹਾਜ਼ ਬਣਾ ਦਿੱਤੀ ਤੇ ਤਿੰਨ ਘੰਟਿਆਂ ਵਿਚ ਡਾਕਟਰ ਨੂੰ ਦਿੱਲੀ ਹਵਾਈ ਅੱਡੇ ‘ਤੇ ਜਾ ਪੁਚਾਇਆ। ਜਹਾਜ਼ ਉਡਣ ਹੀ ਵਾਲਾ ਸੀ ਜਦੋਂ ਕਾਲੜਾ ਟੀਮ ਨਾਲ ਜਾ ਰਲਿਆ। ਟੀਮ ਦਾ ਪਹਿਲਾ ਪੜਾਅ ਸਿੰਘਾਪੁਰ ਸੀ। ਮਨਿਸਟਰੀ ਨੇ ਸਿੰਘਾਪੁਰ ‘ਚ ਤਿੰਨ ਅਭਿਆਸੀ ਮੈਚ ਖੇਡਣ ਦੀ ਆਗਿਆ ਦਿੱਤੀ ਹੋਈ ਸੀ। ਸਿੰਘਾਪੁਰ ਦਾ ਮੌਸਮ ਕੁਆਲਾ ਲੰਪੁਰ ਵਰਗਾ ਹੀ ਸੀ ਤੇ ਹਾਕੀ ਮੈਦਾਨ ਵੀ ਕੁਆਲਾ ਲੰਪੁਰ ਦੇ ਮੈਦਾਨਾਂ ਵਰਗੇ ਸਿੱਲ੍ਹੇ ਤੇ ਤਿਲ੍ਹਕਵੇਂ ਸਨ। ਬਲਬੀਰ ਨੇ ਖਿਡਾਰੀਆਂ ਨੂੰ ਤਾਕੀਦ ਕੀਤੀ ਕਿ ਮੈਚ ਟੀਮ ਕੰਬੀਨੇਸ਼ਨ ਬਣਾਉਣ ਲਈ ਖੇਡਣੇ ਹਨ ਨਾ ਕਿ ਜ਼ੋਰ ਲਾ ਕੇ ਜਿੱਤਣ ਲਈ। ਸੱਟ ਫੇਟ ਤੋਂ ਬਚਣਾ ਹੈ। ਇਹ ਵੀ ਹਦਾਇਤ ਕੀਤੀ ਕਿ ਸਿੰਘਾਪੁਰ ਤੋਂ ਕੋਈ ਖਰੀਦ ਨਹੀਂ ਕਰਨੀ। ਕੱਪ ਜਿੱਤੋਗੇ ਤਾਂ ਮੁੜਦਿਆਂ ਮਨਮਰਜ਼ੀ ਦੀ ਖਰੀਦ ਕਰਵਾ ਦਿਆਂਗੇ।
ਭਾਰਤੀ ਹਾਕੀ ਫੈਡਰੇਸ਼ਨ ਦੀ ਅੰਦਰੂਨੀ ਸਿਆਸਤ ਨੇ ਟੀਮ ਨੂੰ ਪਹਿਲਾਂ ਤਾਂ ਇਸ ਚਿੰਤਾ ਵਿਚ ਪਾਈ ਰੱਖਿਆ ਕਿ ਪਤਾ ਨਹੀਂ ਟੀਮ ਵਿਸ਼ਵ ਕੱਪ ਖੇਡ ਸਕੇਗੀ ਜਾਂ ਨਹੀਂ? ਫਿਰ ਟੀਮ ਕਲੀਅਰ ਕਰਾਈ ਤਾਂ ਉਹ ਕੁਆਲਾ ਲੰਪੁਰ ਸਾਰੀਆਂ ਟੀਮਾਂ ਤੋਂ ਪਿੱਛੋਂ ਅੱਪੜ ਸਕੀ। ਅੱਪੜਨ ਤੋਂ ਅਗਲੇ ਦਿਨ ਹੀ ਮੈਚ ਸੀ। ਚਾਹੀਦਾ ਤਾਂ ਇਹ ਸੀ ਕਿ ਟੀਮ ਦਸ ਦਿਨ ਪਹਿਲਾਂ ਪਹੁੰਚਦੀ ਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਕੁਆਲਾ ਲੰਪੁਰ ਦੇ ਮੌਸਮ ਅਨੁਕੂਲ ਢਾਲ ਲੈਂਦੀ। ਸਿੰਘਾਪੁਰ ਤੇ ਕੁਆਲਾ ਲੰਪੁਰ ਵਿਚ ਭਾਰਤੀ ਸਫਾਰਤ ਖਾਨਿਆਂ ਦੇ ਹਾਈ ਕਮਿਸ਼ਨਰਾਂ ਨੇ ਟੀਮ ਦਾ ਪੂਰਾ ਖਿਆਲ ਰੱਖਿਆ ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਸਿੰਘਾਪੁਰ ਦੇ ਭਾਰਤੀ ਹਾਈ ਕਮਿਸ਼ਨਰ ਥਾਮਸ ਅਬਰਾਹਮ ਨੇ ਖ਼ੁਦ ਟੀਮ ਦੀ ਦੇਖ ਭਾਲ ਕੀਤੀ ਤੇ ਆਪਣੇ ਫਸਟ ਸੈਕਟਰੀ ਕ੍ਰਿਸ਼ਨਨ ਨੂੰ ਟੀਮ ਦੀ ਸੇਵਾ ਵਿਚ ਲਾਇਆ। ਕੁਆਲਾ ਲੰਪੁਰ ਵਿਚ ਹਾਈ ਕਮਿਸ਼ਨਰ ਅਵਤਾਰ ਧਰ ਤੇ ਫਸਟ ਸੈਕਟਰੀ ਜੁਗਰਾਨ ਵੀ ਟੀਮ ਦੇ ਅੰਗ ਸੰਗ ਰਹੇ। ਵਿਦੇਸ਼ ਮੰਤਰਾਲੇ ਦੇ ਰਾਜਾ ਸੁਰਿੰਦਰਾ ਸਿੰਘ ਅਲੀਰਾਜਪੁਰ ਨੇ ਵਿਸ਼ਵ ਕੱਪ ਦੌਰਾਨ ਹਾਜ਼ਰੀ ਭਰ ਕੇ ਟੀਮ ਦਾ ਹੌਂਸਲਾ ਵਧਾਇਆ।
ਕੁਆਲਾ ਲੰਪੁਰ ਦੇ ਤੀਜੇ ਵਰਲਡ ਕੱਪ ਲਈ 12 ਟੀਮਾਂ ਮੈਦਾਨ ਵਿਚ ਸਨ। ਪੂਲ ਏ ਵਿਚ ਪਾਕਿਸਤਾਨ, ਮਲੇਸ਼ੀਆ, ਨਿਊਜ਼ੀਲੈਂਡ, ਹਾਲੈਂਡ, ਸਪੇਨ ਤੇ ਪੋਲੈਂਡ ਦੀਆਂ ਟੀਮਾਂ ਸਨ। ਬੀ ਪੂਲ ਵਿਚ ਭਾਰਤ, ਜਰਮਨੀ, ਅਰਜਨਟੀਨਾ, ਇੰਗਲੈਂਡ, ਆਸਟ੍ਰੇਲੀਆ ਤੇ ਘਾਨਾ ਦੀਆਂ ਟੀਮਾਂ ਨੇ ਖੇਡਾ ਸੀ। ਪੂਲ ਮੈਚਾਂ ਵਿਚ ਪਾਕਿਸਤਾਨ ਦੀ ਟੀਮ ਪੋਲੈਂਡ ਤੇ ਹਾਲੈਂਡ ਦੀਆਂ ਟੀਮਾਂ ਵਿਰੁਧ ਬਰਾਬਰ ਖੇਡ ਕੇ ਤੇ ਬਾਕੀ ਤਿੰਨ ਟੀਮਾਂ ਨੂੰ ਜਿੱਤ ਕੇ ਚੋਟੀ ਉਤੇ ਰਹੀ। ਭਾਰਤੀ ਟੀਮ ਤਿੰਨ ਟੀਮਾਂ ਨੂੰ ਹਰਾ ਕੇ, ਅਰਜਨਟੀਨਾ ਤੋਂ ਹਾਰ ਕੇ ਤੇ ਆਸਟ੍ਰੇਲੀਆ ਨਾਲ ਬਰਾਬਰ ਖੇਡ ਕੇ ਅੱਵਲ ਆਈ। ਏ ਪੂਲ ‘ਚੋਂ ਪਾਕਿਸਤਾਨ ਤੇ ਮਲੇਸ਼ੀਆ ਅਤੇ ਬੀ ਪੂਲ ‘ਚੋਂ ਭਾਰਤ ਤੇ ਜਰਮਨੀ ਦੀਆਂ ਟੀਮਾਂ ਸੈਮੀ ਫਾਈਨਲ ਵਿਚ ਪੁੱਜੀਆਂ।
ਪਾਕਿਸਤਾਨੀਆਂ ਨੂੰ ਇਕੋ ਮਜ਼੍ਹਬੀ ਨਾਹਰਾ ਜੋਸ਼ ਵਿਚ ਲੈ ਆਉਂਦਾ ਹੈ। ਭਾਰਤ ਬਹੁਧਰਮੀ ਤੇ ਬਹੁਜਾਤੀ ਮੁਲਕ ਹੋਣ ਕਾਰਨ ਕਿਸੇ ਇਕ ਧਾਰਮਿਕ ਨਾਹਰੇ ਤੋਂ ਗੁਰੇਜ਼ ਕਰਨਾ ਪੈਂਦਾ ਹੈ। ਬੈਂਕਾਕ ਤੇ ਬਾਰਸੀਲੋਨਾ ਦੀਆਂ ਹਾਰਾਂ ਤੋਂ ਬਾਅਦ ਬਲਬੀਰ ਸਿੰਘ ਦਾ ਰੱਬ ਤੋਂ ਵਿਸ਼ਵਾਸ ਹਿੱਲ ਗਿਆ ਸੀ। ਉਹ ਸਮਝਦਾ ਸੀ ਕਿ ਜਦੋਂ ਦੋਵੇਂ ਟੀਮਾਂ ਰੱਬ ਤੋਂ ਜਿੱਤ ਦੀ ਮੁਰਾਦ ਮੰਗ ਕੇ ਖੇਡਦੀਆਂ ਹਨ ਤਾਂ ਰੱਬ ਸੱਚਾ ਕਿਸੇ ਇਕ ਦੀ ਤਰਫ਼ਦਾਰੀ ਕਿਵੇਂ ਕਰ ਸਕਦਾ ਹੈ? ਉਹ ਪੱਖਪਾਤੀ ਕਿਵੇਂ ਹੋ ਸਕਦਾ ਹੈ?
ਬਾਰਸੀਲੋਨਾ ਦੀ ਹਾਰ ਪਿੱਛੋਂ ਬਲਬੀਰ ਸਿੰਘ ਨੇ ਲਗਭਗ ਇਕ ਸਾਲ ਆਪਣੇ ਟ੍ਰੇਨੀਆਂ ਨੂੰ ਇਹੋ ਸਿੱਖਿਆ ਦਿੱਤੀ ਕਿ ਰੱਬ ਤੋਂ ਨਿੱਕੀਆਂ ਨਿੱਕੀਆਂ ਰਿਆਇਤਾਂ ਮੰਗਣ ਦੀ ਥਾਂ ਆਪਣੀ ਮਿਹਨਤ ਵਿਚ ਵਿਸ਼ਵਾਸ ਰੱਖੋ। ਮੁਕਾਬਲੇ ਦੇ ਮੈਚਾਂ ਵਿਚ ਕੋਈ ਬਾਹਰੀ ਸ਼ਕਤੀ ਤੁਹਾਡੀ ਮਦਦ ਨਹੀਂ ਕਰ ਸਕਦੀ। ਜਦੋਂ ਮੁਕਾਬਲੇ ਦੀਆਂ ਦੋਹੇਂ ਟੀਮਾਂ ਸਰਬ ਸ਼ਕਤੀਮਾਨ ਅੱਗੇ ਜੋਦੜੀ ਕਰਦੀਆਂ ਹਨ ਤਾਂ ਰੱਬ ਇਕ ਨੂੰ ਛੱਡ ਕੇ ਦੂਜੀ ਦਾ ਮਦਦਗਾਰ ਕਿਵੇਂ ਹੋ ਸਕਦਾ ਹੈ? ਇਸ ਲਈ ਰੱਬ ਅੱਗੇ ਅਰਜੋਈਆਂ ਕਰਨ ਦਾ ਕੋਈ ਫਾਇਦਾ ਨਹੀਂ। ਪਰ ਬਲਬੀਰ ਸਿੰਘ ਦੀ ਇਹ ਮਨੋਦਸ਼ਾ ਬਹੁਤੀ ਦੇਰ ਕਾਇਮ ਨਾ ਰਹਿ ਸਕੀ।
ਚੰਡੀਗੜ੍ਹ ਦੇ ਕੈਂਪ ਵਿਚ ਲਗਭਗ ਸਾਰੇ ਹੀ ਖਿਡਾਰੀਆਂ ਨੂੰ ਪ੍ਰਮਾਤਮਾ ਦਾ ਓਟ ਆਸਰਾ ਤਕਦੇ ਵੇਖ ਕੇ ਉਸ ਨੇ ਇਕ ਕਮਰਾ ਪ੍ਰਾਰਥਨਾ ਲਈ ਰਾਖਵਾਂ ਕਰਵਾ ਦਿੱਤਾ ਸੀ। ਉਸ ਵਿਚ ਹਿੰਦੂ, ਸਿੱਖ, ਈਸਾਈ ਤੇ ਇਸਲਾਮ ਧਰਮ ਦੇ ਗ੍ਰੰਥ ਤੇ ਧਾਰਮਿਕ ਚਿੰਨ੍ਹ ਸਜਾ ਦਿੱਤੇ ਸਨ। ਉਥੇ ਧੂਪ ਧੁਖਦੀ ਰਹਿੰਦੀ ਤੇ ਖਿਡਾਰੀ ਜਦੋਂ ਵੀ ਕਮਰੇ ਕੋਲ ਦੀ ਲੰਘਦੇ ਤਾਂ ਸਿਜਦਾ ਕਰ ਕੇ ਲੰਘਦੇ। ਇੰਜ ਕਰਨ ਨਾਲ ਉਨ੍ਹਾਂ ਵਿਚ ਇਕ ਦੂਜੇ ਦੇ ਧਰਮ ਪ੍ਰਤੀ ਸਦਭਾਵਨਾ ਆ ਗਈ ਸੀ। ਟੀਮ ਵਿਚ ਏਕਤਾ ਲਿਆਉਣ ਦਾ ਇਹ ਮਨੋਵਿਗਿਆਨਕ ਫਾਰਮੂਲਾ ਸੀ।
ਕੁਆਲਾ ਲੰਪੁਰ ਵਿਚ ਜਿਵੇਂ ਜਿਵੇਂ ਟੂਰਨਾਮੈਂਟ ਅੱਗੇ ਵਧ ਰਿਹਾ ਸੀ ਰੱਬ ਅੱਗੇ ਅਰਜੋਈਆਂ ਵੀ ਵਧ ਰਹੀਆਂ ਸਨ। ਇਹ ਮਨੋਵਿਗਿਆਨਕ ਟੇਕ ਸੀ। ਡਾ. ਰਾਜਿੰਦਰ ਕਾਲੜਾ ਮਨੋਵਿਗਿਆਨੀ ਵੀ ਸੀ। ਉਹ ਖਿਡਾਰੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਧਿਆਨ ਰੱਖ ਰਿਹਾ ਸੀ। ਸੱਟਾਂ ਫੇਟਾਂ ਦਾ ਉਹ ਮੌਕੇ ‘ਤੇ ਇਲਾਜ ਕਰ ਰਿਹਾ ਸੀ। ਕਿਸੇ ਖਿਡਾਰੀ ਦਾ ਗਿੱਟਾ ਗੋਡਾ ਖਿੱਚਿਆ ਜਾਂਦਾ, ਢਿੱਡ ਦੁਖਦਾ, ਖੰਘ ਜ਼ੁਕਾਮ ਹੁੰਦਾ, ਅੱਚਵੀ ਲੱਗਦੀ ਜਾਂ ਨੀਂਦ ਨਾ ਆਉਂਦੀ ਤਾਂ ਉਹ ਡਾ. ਕਾਲੜਾ ਕੋਲ ਜਾਂਦਾ। ਡਾ. ਕਾਲੜਾ ਟੀਮ ਲਈ ਬਾਮ ਵਾਂਗ ਸੀ। ਉਹ ਦਵਾਈ ਤੋਂ ਬਿਨਾਂ ਵਹਿਮਾਂ ਭਰਮਾਂ ਦਾ ਇਲਾਜ ਵੀ ਕਰੀ ਜਾਂਦਾ।
ਸੁਰਜੀਤ ਸਿੰਘ ਦੇ ਗਿੱਟੇ ਦਾ ਇਲਾਜ ਤਾਂ ਮਾਲਸ਼ ਨਾਲ ਕੀਤਾ ਜਿਸ ਨਾਲ ਉਹ ਠੀਕ ਵੀ ਹੋ ਗਿਆ। ਫਿਰ ਉਸ ਨੂੰ ਵਹਿਮ ਹੋਇਆ ਕਿ ਉਸ ਦੀ ਜਰਸੀ ਦਾ ਨੰਬਰ 4 ਉਸ ਲਈ ਮਨਹੂਸ ਹੈ ਜਿਸ ਕਰਕੇ ਉਹ ਵਧੀਆ ਨਹੀਂ ਖੇਡ ਰਿਹਾ। ਜਦੋਂ ਇਹ ‘ਬਿਮਾਰੀ’ ਉਸ ਨੇ ਡਾ. ਕਾਲੜੇ ਦੇ ਧਿਆਨ ਵਿਚ ਲਿਆਂਦੀ ਤਾਂ ਕਾਲੜੇ ਨੇ ਬੈਂਕਾਕ ਵਿਚ ਰਹਿੰਦੇ ਕਿਸੇ ਭਾਰਤੀ ਤੋਂ ਗੁੜ ਤੇ ਤਿਲ ਮੰਗਾਏ। ਗੁੜ ਤੇ ਤਿਲ ‘ਮੰਤਰ’ ਕੇ ਸੁਰਜੀਤ ਨੂੰ ਖਾਣ ਲਈ ਦਿੱਤੇ। ਸੁਰਜੀਤ ਫਿਰ ਸਿਖਰ ਦੀ ਫਾਰਮ ਵਿਚ ਖੇਡਣ ਲੱਗਾ। ਇਓਂ ਵਹਿਮ ਦਾ ਇਲਾਜ ਵੀ ਵਹਿਮ ਨਾਲ ਹੀ ਹੋਇਆ!
ਬਲਬੀਰ ਸਿੰਘ ਦੀ ਖਿਡਾਰੀਆਂ ਨੂੰ ਹਦਾਇਤ ਸੀ ਕਿ ਟੂਰਨਾਮੈਂਟ ਦੌਰਾਨ ਕੋਈ ਖਿਡਾਰੀ ਦਾਰੂ ਨਹੀਂ ਪੀਵੇਗਾ ਤੇ ਸਿਗਰਟ ਨੂੰ ਹੱਥ ਨਹੀਂ ਲਾਵੇਗਾ। ਪਰ ਡਾ. ਕਾਲੜੇ ਨੇ ਦੱਸਿਆ ਸੀ ਕਿ ਇਕ ਦੋ ਖਿਡਾਰੀ ਆਪਣੇ ਕਮਰੇ ਵਿਚ ਲੁਕਵੀਂ ਛਿਪਵੀਂ ਸਿਗਰਟ ਪੀਂਦੇ ਹਨ ਜੋ ਬਚਵੇਂ ਜ਼ੋਨ ਵਿਚ ਹੀ ਹੈ। ਡਾ. ਕਾਲੜਾ ਖਿਡਾਰੀਆਂ ਨੂੰ ਅੰਦਰੋਂ ਬਾਹਰੋਂ ਜਾਣ ਗਿਆ ਸੀ ਤੇ ਖਿਡਾਰੀਆਂ ਦੀ ਮਨੋਦਸ਼ਾ ਬਲਬੀਰ ਸਿੰਘ ਦੇ ਧਿਆਨ ਵਿਚ ਲਿਆਉਂਦਾ ਰਹਿੰਦਾ ਸੀ। ਸੈਮੀ ਫਾਈਨਲ ਮੈਚ ਤੋਂ ਪਹਿਲੀ ਰਾਤ ਅਸਲਮ ਸ਼ੇਰ ਖਾਂ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਡਾ. ਕਾਲੜਾ ਤੋਂ ਨੀਂਦ ਦੀ ਗੋਲੀ ਲੈਣ ਗਿਆ। ਡਾ. ਗੋਲੀ ਦੇਣ ਦੀ ਥਾਂ ਉਸ ਨੂੰ ਕਾਫੀ ਹਾਊਸ ਲੈ ਗਿਆ। ਗੱਲਾਂ ਗੱਲਾਂ ਵਿਚ ਅਸਲਮ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਕੋਚ ਸਾਹਿਬ ਮੈਨੂੰ ਇਸ ਲਈ ਨਹੀਂ ਖਿਡਾ ਰਹੇ ਪਈ ਮੈਂ ਮੁਸਲਮਾਨ ਹਾਂ ਤੇ ਮੁਸਲਮਾਨਾਂ ਖਿਡਾਰੀਆਂ ਖਿ਼ਲਾਫ਼ ਮਿਲ ਕੇ ਖੇਡ ਜਾਵਾਂਗਾ!
ਡਾ. ਕਾਲੜਾ ਨੂੰ ਅਸਲਮ ਦੀ ਨੀਂਦ ਨਾ ਆਉਣ ਦੀ ਸਮੱਸਿਆ ਸਮਝ ਆ ਗਈ। ਕਾਲੜੇ ਨੇ ਕਿਹਾ ਕਿ ਉਹ ਚਿੰਤਾ ਨਾ ਕਰੇ। ਸਮਾਂ ਆਉਣ ‘ਤੇ ਉਸ ਨੂੰ ਵੀ ਖਿਡਾਇਆ ਜਾਵੇਗਾ। ਯਕੀਨ ਬੰਨ੍ਹਾਇਆ ਕਿ ਬਲਬੀਰ ਸਿੰਘ ਸੈਕੂਲਰ ਵਿਅਕਤੀ ਹੈ ਜਿਸ ਦੇ ਪਿਤਾ ਜੀ ਫਰੀਡਮ ਫਾਈਟਰ ਸਨ। ਕਾਲੜੇ ਨੇ ਇਹੋ ਗੱਲ ਕੋਚ ਨੂੰ ਜਾ ਦੱਸੀ। ਇਹ ਮਨੋਵਿਗਿਆਨਕ ਗੁੰਝਲ ਸੀ। ਬਲਬੀਰ ਸਿੰਘ ਪਹਿਲਾਂ ਹੀ ਸੁਚੇਤ ਸੀ। ਉਹ ਟੀਮ ਨੂੰ ਕੁਆਲਾ ਲੰਪੁਰ ਦੇ ਮੰਦਰ, ਮਸਜਦ, ਚਰਚ ਤੇ ਗੁਰਦਵਾਰੇ ਲੈ ਕੇ ਗਿਆ ਸੀ। ਹਰ ਥਾਂ ਟੀਮ ਨੂੰ ਅਸ਼ੀਰਵਾਦ ਮਿਲਿਆ ਸੀ।
ਭਾਰਤ ਦਾ ਸੈਮੀ ਫਾਈਨਲ ਮੈਚ 14 ਮਾਰਚ ਨੂੰ ਸਥਾਨਕ ਟੀਮ ਮਲੇਸ਼ੀਆ ਵਿਰੁੱਧ ਸੀ। ਵਧੇਰੇ ਦਰਸ਼ਕ ਮਲੇਸ਼ੀਆ ਦੀ ਟੀਮ ਨੂੰ ਹੱਲਾਸ਼ੇਰੀ ਦੇਣ ਵਾਲੇ ਸਨ। ਮਲੇਸ਼ੀਆ ਦੀ ਟੀਮ 2-1 ਗੋਲਾਂ ਦੀ ਲੀਡ ਲੈ ਚੁੱਕੀ ਸੀ। ਸਮਾਂ ਟਿੱਕ ਟਿੱਕ ਕਰਦਾ ਮੁੱਕ ਰਿਹਾ ਸੀ। ਇਸ ਸਥਿਤੀ ਵਿਚ ਚੰਡੀਗੜ੍ਹ ਦੀ ਤਪੱਸਿਆ ਖੂਹ ਖਾਤੇ ਪੈਂਦੀ ਲੱਗ ਰਹੀ ਸੀ। ਸਮਾਂ ਦਸ ਮਿੰਟ ਰਹਿ ਗਿਆ ਸੀ। ਭਾਰਤ ਨੂੰ ਪੈਨਲਟੀ ਕਾਰਨਰ ਮਿਲ ਗਿਆ। ਬਲਬੀਰ ਸਿੰਘ ਨੇ ਅਸਲਮ ਦਾ ਤਵੀਜ਼ ਚੁੰਮ ਕੇ ਤੇ ਥਾਪੀ ਦੇ ਕੇ ਉਸ ਨੂੰ ਪੈਨਲਟੀ ਕਾਰਨਰ ਲਾਉਣ ਮੈਦਾਨ ਵਿਚ ਭੇਜਿਆ। ਉਹ ਪਹਿਲਾਂ ਤਾਂ ਝਿਜਕਿਆ ਪਰ ਬਲਬੀਰ ਸਿੰਘ ਨੇ ਖਿਡਾਰੀ ਬਦਲਣ ਦੇ ਕਾਰਡ ਉਤੇ ਦਸਖ਼ਤ ਕਰ ਦਿੱਤੇ ਸਨ। ਅਸਲਮ ਨਿੱਗਰ ਕਦਮਾਂ ਨਾਲ ਦੌੜਦਾ ਡੀ ਉਤੇ ਗਿਆ। ਆਲੇ ਦੁਆਲੇ ਵੇਖਿਆ, ਆਪਣਾ ਤਾਵੀਜ਼ ਚੁੰਮਿਆ ਤੇ ਪੈਨਲਟੀ ਕਾਰਨਰ ਦੀ ਹਿੱਟ ਨੇ ਫੱਟਾ ਖੜਕਾ ਦਿੱਤਾ। ਕੁਲ ਦੁਨੀਆ ‘ਚ ਅਸਲਮ ਅਸਲਮ ਹੋ ਗਈ। ਭਾਰਤੀ ਟੀਮ 3-2 ਗੋਲਾਂ ਉਤੇ ਮੈਚ ਜਿੱਤ ਗਈ। ਪਹਿਲੇ ਸੈਮੀ ਫਾਈਨਲ ਮੈਚ ਵਿਚ ਪਾਕਿਸਤਾਨ ਨੇ ਜਰਮਨੀ ਨੂੰ 5-1 ਗੋਲਾਂ ‘ਤੇ ਹਰਾਇਆ ਸੀ ਜੋ 12 ਮਾਰਚ ਨੂੰ ਖੇਡਿਆ ਗਿਆ ਸੀ।
ਫਾਈਨਲ ਮੈਚ 15 ਮਾਰਚ 1975 ਨੂੰ ਸੀ। ਭਾਰਤੀ ਟੀਮ ਨੂੰ ਇਕ ਦਿਨ ਦਾ ਆਰਾਮ ਮਿਲਿਆ ਜਦ ਕਿ ਪਾਕਿਸਤਾਨ ਦੀ ਟੀਮ ਨੂੰ ਤਿੰਨ ਦਿਨ ਦਾ। ਸੈਮੀ ਫਾਈਨਲ ਵਿਚ ਜਰਮਨੀ ਨੂੰ ਵਧੇਰੇ ਗੋਲਾਂ ਉਤੇ ਹਰਾਉਣ ਨਾਲ ਉਹਦੀ ਪੁਜ਼ੀਸ਼ਨ ਬਿਹਤਰ ਸਮਝੀ ਜਾ ਰਹੀ ਸੀ। ਬਲਬੀਰ ਸਿੰਘ ਹੋਰਾਂ ਨੇ ਫਾਈਨਲ ਮੈਚ ਖੇਡਣ ਵਾਲੀ ਇਲੈਵਨ ਵਿਚ ਅਸ਼ੋਕ ਦੀਵਾਨ ਗੋਲਕੀਪਰ, ਅਸਲਮ ਤੇ ਸੁਰਜੀਤ ਫੁੱਲ ਬੈਕ, ਵਰਿੰਦਰ, ਅਜੀਤਪਾਲ ਤੇ ਮੁਹਿੰਦਰ ਹਾਫ਼ ਬੈਕ, ਫਿਲਿਪਸ, ਅਸ਼ੋਕ, ਪਵਾਰ, ਗੋਵਿੰਦਾ ਤੇ ਹਰਚਰਨ ਦੀ ਫਾਰਵਰਡ ਵਜੋਂ ਚੋਣ ਕੀਤੀ।
ਅਸਲਮ ਨੇ ਇਛਾ ਪਰਗਟ ਕੀਤੀ ਕਿ ਉਹ ਨਮਾਜ਼ ਅਦਾ ਕਰਨ ਲਈ ਮਸਜ਼ਦ ਜਾਣਾ ਚਾਹੁੰਦਾ ਹੈ। ਬਲਬੀਰ ਸਿੰਘ ਉਸ ਨੂੰ ਮਸਜ਼ਦ ਲੈ ਗਿਆ। ਅਸਲਮ ਦੀ ਨਵਾਜ਼ ਸਮੇਂ ਨਮਾਜ਼ ਦੀ ਅਦਾ ਤੋਂ ਅਣਜਾਣ ਬਲਬੀਰ ਸਿੰਘ ਨੇ ਆਪਣਾ ਮੱਥਾ ਧਰਤੀ ਨੂੰ ਟੇਕੀ ਰੱਖਿਆ। ਮੁੱਲਾਂ ਇਹ ਵੇਖ ਕੇ ਖੁਸ਼ ਹੋਇਆ ਕਿ ਇਕ ਸਿੱਖ ਕੋਚ ਆਪਣੇ ਮੁਸਲਮਾਨ ਖਿਡਾਰੀ ਦਾ ਨਮਾਜ ਵਿਚ ਸਾਥ ਦੇ ਰਿਹੈ। ਉਸ ਨੇ ਟੀਮ ਦੇ ਜਿੱਤਣ ਦੀ ਦੁਆ ਕੀਤੀ। ਅੱਗੋਂ ਪਾਕਿਸਤਾਨ ਦੀ ਟੀਮ ਵੀ ਦੁਆ ਮੰਗਣ ਆਈ ਹੋਈ ਸੀ। ਮੌਲਵੀ ਨੇ ਉਨ੍ਹਾਂ ਲਈ ਵੀ ਦੁਆ ਕੀਤੀ। ਅੱਲਾ ਲਈ ਸਭ ਇਕੋ ਜਿਹੇ ਸਨ। ਇਸ ਦਾ ਪਾਕਿਸਤਾਨੀ ਟੀਮ ਉਤੇ ਮਨੋਵਿਗਿਆਨਕ ਅਸਰ ਪਿਆ।
ਫਾਈਨਲ ਮੈਚ ਸਮੇਂ ਸੱਤਰ ਹਜ਼ਾਰ ਸੀਟਾਂ ਵਾਲਾ ਸਟੇਡੀਅਮ ਕੰਢਿਆਂ ਤਕ ਭਰਪੂਰ ਸੀ। ਧੁੱਪ ਖਿੜੀ ਹੋਈ ਸੀ ਤੇ ਗਰਾਊਂਡ ਸੁੱਕਾ ਸੰਵਰਿਆ ਹੋਇਆ ਸੀ। ਪੌੜੀਆਂ ਤੋਂ ਦਰਸ਼ਕਾਂ ਦਾ ਸ਼ੋਰ ਗੂੰਜ ਰਿਹਾ ਸੀ। ਉਨ੍ਹਾਂ ਦੇ ਹੱਥਾਂ ਵਿਚ ਫੜੇ ਭਾਰਤੀ ਤੇ ਪਾਕਿਸਤਾਨੀ ਝੰਡੇ ਲਹਿਰਾ ਰਹੇ ਸਨ। ਮੈਚ ਦੇ ਪਹਿਲੇ ਪਲਾਂ ਵਿਚ ਭਾਰਤੀ ਟੀਮ ਹਾਵੀ ਰਹੀ ਪਰ ਗੋਲ ਨਾ ਨਿਕਲ ਸਕਿਆ। 12ਵੇਂ ਮਿੰਟ ‘ਚ ਪਾਕਿਸਤਾਨ ਦੇ ਸਮੀਉੱਲਾ ਦੇ ਸੱਟ ਲੱਗ ਗਈ ਜਿਸ ਕਰਕੇ ਉਸ ਨੂੰ ਮੈਦਾਨ ਤੋਂ ਬਾਹਰ ਲਿਜਾਣਾ ਪਿਆ। 16ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ਦਾ ਭਾਰਤੀ ਟੀਮ ਫਾਇਦਾ ਨਾ ਉਠਾ ਸਕੀ। ਪਹਿਲਾਂ ਪਾਕਿਸਤਾਨ ਦਾ ਇਕ ਪੈਨਲਟੀ ਕਾਰਨਰ ਵੀ ਬੇਕਾਰ ਚਲਾ ਗਿਆ ਸੀ। 25ਵੇਂ ਮਿੰਟ ‘ਚ ਪਾਕਿਸਤਾਨੀ ਟੀਮ ਨੇ ਇਕ ਫੀਲਡ ਗੋਲ ਕਰ ਦਿੱਤਾ। 29ਵੇਂ ਮਿੰਟ ‘ਚ ਭਾਰਤ ਨੂੰ ਮਿਲਿਆ ਦੂਜਾ ਪੈਨਲਟੀ ਕਾਰਨਰ ਵੀ ਅਜਾਈਂ ਚਲਾ ਗਿਆ। ਅੱਧੇ ਸਮੇਂ ਤਕ ਪਾਕਿਸਤਾਨ 1-0 ਗੋਲ ਨਾਲ ਅੱਗੇ ਸੀ।
ਦੂਜਾ ਅੱਧ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਦੇ ਹੱਲੇ ਤੇਜ਼ ਹੋ ਗਏ। ਗੇਂਦ ਵਾਰ ਵਾਰ ਪਾਕਿਸਤਾਨ ਦੀ ਡੀ ਵੱਲ ਵਧਣ ਲੱਗੀ। 44ਵੇਂ ਮਿੰਟ ‘ਚ ਅਸ਼ੋਕ ਕੁਮਾਰ ਨੇ ਫਿਲਿਪਸ ਨੂੰ ਪਾਸ ਦਿੱਤਾ, ਉਹ ਦੋ ਜਣਿਆਂ ਨੂੰ ਡਾਜ ਦੇ ਕੇ ਡੀ ਵਿਚ ਵੜਿਆ ਤਾਂ ਗ਼ਲਤ ਢੰਗ ਨਾਲ ਰੋਕਣ ਬਦਲੇ ਭਾਰਤ ਨੂੰ ਪੈਨਲਟੀ ਕਰਨਰ ਮਿਲ ਗਿਆ। ਇਸ ਵਾਰ ਸੁਰਜੀਤ ਸਿੰਘ ਨੇ ਗੋਲ ਦਾ ਫੱਟਾ ਖੜਕਾ ਕੇ ਮੈਚ 1-1 ਦੀ ਬਰਾਬਰੀ ‘ਤੇ ਲੈ ਆਂਦਾ। 51ਵੇਂ ਮਿੰਟ ਵਿਚ ਹਰਚਰਨ ਨੇ ਦੋ ਜਣਿਆਂ ਨੂੰ ਡਾਜ ਕਰ ਕੇ ਬਾਲ ਫਿਲਿਪਸ ਵੱਲ ਸੁੱਟਿਆ। ਉਸ ਨੇ ਅਸ਼ੋਕ ਨੂੰ ਪਾਸ ਦਿੱਤਾ ਜਿਸ ਨੇ ਦੂਜਾ ਗੋਲ ਕਰ ਦਿੱਤਾ। ਇੰਜ ਭਾਰਤ 2-1 ਗੋਲਾਂ ਨਾਲ ਵਿਸ਼ਵ ਕੱਪ ਜਿੱਤ ਗਿਆ। ਭਾਰਤ ਦੀ ਸ਼ਾਨਦਾਰ ਜਿੱਤ ਸੀ। ਟੋਕੀਓ ਦੀਆਂ ਓਲੰਪਿਕ ਖੇਡਾਂ ਤੋਂ 11 ਸਾਲ ਬਾਅਦ ਭਾਰਤ ਫਿਰ ਹਾਕੀ ਦਾ ਵਰਲਡ ਚੈਂਪੀਅਨ ਬਣ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346