ਮੈਂ ਕਦੀ ਸੋਚਿਆ ਨਹੀਂ ਸੀ
ਕਿ ਕਿਸੇ ਦਿਨ ਮੈਂ ਲਿਖਣ ਲਗਾਂਗੀ ਤੇ ਫਿਰ ਮੇਰੀ ਸਾਹਿਤ ਅਕਾਡਮੀ ਵੱਲੋਂ ਮੈਂਨੂੰ ਕੁਝ
ਪ੍ਰੈਸ ਬਾਰੇ ਬੋਲਣ ਲਈ ਆਖਿਆ ਜਾਵੇਗਾ। ਪਰ ਜ਼ਿੰਦਗੀ ਕਦ ਮਿੱਥੇ ਹੋਏ ਰਾਹਾਂ ਤੇ ਤੁਰਦੀ ਹੈ
- ਇਹ ਜਦ ਵੀ ਚਾਹੇ ਨਵੇਂ ਸੁਆਲ ਤੇ ਨਵੇਂ ਰਾਹ ਮੁਹਰੇ ਲਿਆ ਖੜ੍ਹਾ ਕਰ ਦਿੰਦੀ ਹੈ। ਕਈ ਸਾਲ
ਪਹਿਲਾਂ ਜਦ ਮੈਂ ਨਵੀਂ ਨਵੀਂ ਅਮਰੀਕਾ ਆਈ ਸੀ ਤਾਂ ਮੈਂਨੂੰ ਜਰਨਲਿਜ਼ਮ ਦੀ ਕਲਾਸ ਲੈਣੀ ਪਈ
ਸੀ - ਮੇਰੇ teaching credential ਲਈ ਜ਼ਰੂਰੀ ਸੀ - ਪਹਿਲੇ ਦਿਨ ਜਦ ਮੈਂ ਕਲਾਸ ਵਿੱਚ ਗਈ
ਤਾਂ ਕਲਾਸ ਖੱਚਾ ਖੱਚ ਭਰੀ ਹੋਈ ਸੀ - ਟੀਚਰ ਜਦ ਆਇਆ ਤਾਂ ਹਰ ਇੱਕ ਤੋਂ ਪੁੱਛਣ ਲੱਗਾ ਕਿ
ਅਸੀਂ ਇਹ ਕਲਾਸ ਕਿਓਂ ਲੈ ਰਹੇ ਹਾਂ ? ਹਰ ਇੱਕ ਨੇ ਆਪਣੇ ਆਪਣੇ ਕਾਰਨ ਦੱਸੇ ਤਾਂ ਉਸ ਆਖਿਆ
ਤੁਹਾਡੇ ਵਿਚੋਂ ਅੱਧੇ ਹੀ ਸਿਰੇ ਚੜ੍ਹਣਗੇ। ਅਸੀਂ ਸਾਰੇ ਬਹੁਤ ਹੈਰਾਨ ਹੋਏ ਤੇ ਉਹੀ ਗੱਲ ਹੋਈ
ਕੁਆਰਟਰ ਦੇ ਅਖੀਰ ਤੱਕ ਜਮਾਤ ਤੀਜਾ ਹਿੱਸਾ ਹੀ ਰਹਿ ਗਈ ਸੀ। ਇਸ ਬਾਰੇ ਜਦ ਮੈਂ ਹੁਣ ਸੋਚਦੀ
ਹਾਂ ਕਿ ਇੰਝ ਨਹੀਂ ਕਿ ਇਹ ਜਮਾਤ ਔਖੀ ਸੀ - ਪਰ ਅਸਲ ਗੱਲ ਸ਼ਾਇਦ ਇਹ ਸੀ ਕਿ ਇਹ ਕਿੱਤਾ ਹੀ
ਔਖਾ ਹੈ ਜਿਸ ਨੂੰ ਪੂਰੀ ਸੱਚਾਈ ਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਲੋਕ ਮੁੱਠੀ ਭਰ ਹੀ
ਹੁੰਦੇ ਹਨ। ਕੁਝ ਸਾਲ ਹੋਏ ਜਦ ਚੇਚਨਿਆ ਵਿੱਚ ਰਸ਼ੀਆ ਦੀਆਂ ਫੌਜਾਂ ਨੇ ਚੇਚਨਿਆ ਦੇ ਆਜ਼ਾਦੀ
ਮੰਗਦੇ ਲੋਕਾਂ ਨੂੰ ਬਾਗੀ ਮੰਨ ਕੇ ਬਹੁਤ ਬੇਰਹਮੀ ਨਾਲ ਮਾਰਿਆ ਤਾਂ ਦੁਨੀਆ ਦੇ ਬਹੁਤ ਸਾਰੇ
ਲੋਕਾਂ ਨੂੰ ਉਸ ਕਤਲੇਆਮ ਬਾਰੇ ਪਤਾ ਵੀ ਨਹੀਂ ਲੱਗਿਆ ਤਾਂ ਉਸ ਵੇਲੇ ਜਦ ਇੱਕ ਰਸ਼ੀਅਨ
ਪੱਤਰਕਾਰ Anna Palitkovskaya ਨੇ ਖਬਰਾਂ ਸਹੀ ਤੇ ਸੱਚੀਆਂ ਸੱਚੀਆਂ ਦੱਸਣ ਦੀ ਕੋਸ਼ਿਸ਼
ਕੀਤੀ ਤਾਂ ਪਹਿਲਾਂ ਤਾਂ ਉਸ ਨੂੰ ਚੇਤਾਵਣੀ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਫਿਰ
ਡਰਾਉਣਾ ਤੇ ਧਮਕਾਉਣਾ ਸ਼ੁਰੂ ਕੀਤਾ। ਪਰ ਹਰ ਵੇਲੇ ਉਸ ਦਾ ਜੁਆਬ ਇਹੀ ਸੀ ਕਿ ਉਹ ਉਹੀ ਕੁਝ
ਆਖ ਤੇ ਲਿਖ ਰਹੀ ਹੈ ਜੋ ਉਹ ਦੇਖ ਰਹੀ ਹੈ। ਫਿਰ ਉਹ ਚੁੱਪ ਕਿਵੇਂ ਰਹਿ ਸਕਦੀ ਹੈ ? ਆਖਿਰ ਉਸ
ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ! ਉਸ ਦੀ ਮੌਤ ਵੇਲੇ ਇਹ ਸੁਆਲ ਉੱਠਿਆ: - Is
Journalism worth dying for ? ਤੇ ਫਿਰ ਇਸੇ ਨਾਮ ਦੀ ਇੱਕ ਕਿਤਾਬ ਵੀ ਆਈ।
ਜਦ ਇਹੋ ਜਿਹਾ ਕੁਝ ਵਾਪਰਦਾ ਹੈ ਤਾਂ ਫਿਰ ਮੈਂ ਸੋਚਣ ਲੱਗ ਜਾਂਦੀ ਹਾਂ ਕਿ ਕੀ ਜੋ ਅਸੀਂ
ਅਖਬਾਰਾਂ ਵਿੱਚ ਪੜ੍ਹਦੇ ਹਾਂ ਜਾਂ ਮੀਡਿਆ ਤੋਂ ਸੁਣਦੇ ਹਾਂ , ਕੀ ਉਹ ਪੂਰਾ ਸੱਚ ਹੁੰਦਾ ਹੈ
- ਜਾਂ ਉਹ ਕੁਝ ਹੁੰਦਾ ਹੈ ਜੋ ਉਸ ਅਖਬਾਰ ਦਾ ਐਡੀਟਰ ਜਾਂ ਲਿਖਾਰੀ ਜਾਂ ਮਾਲਿਕ ਸਾਡੇ ਦਿਮਾਗ
ਵਿੱਚ ਪਾਉਣਾ ਚਾਹੁੰਦਾ ਹੈ।
ਫਿਰ ਵੀ ਚਾਹੇ ਪੂਰਾ ਸੱਚ - ਚਾਹੇ ਅੱਧਾ ਸੱਚ ਜਾਂ ਰੰਗਿਆ ਹੋਇਆ ਸੱਚ - ਖਬਰਾਂ ਸਾਡੀ
ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਜੇ ਤੁਹਾਨੂੰ ਅਖਬਾਰ ਪੜ੍ਹਣ ਦੀ ਆਦਤ ਹੈ ਤਾਂ ਤੁਹਾਨੂੰ
ਚੇਤੇ ਹੋਵੇਗਾ ਕਿ ਕਿੰਝ ਬੇਕਰਾਰੀ ਨਾਲ ਅਸੀਂ ਨਿੱਤ ਅਖਬਾਰਾਂ ਉਡੀਕਦੇ ਹੁੰਦੇ ਸਾਂ। ਜੇ
ਤੁਸੀਂ ਅਖਬਾਰ ਨਹੀਂ ਵੀ ਪੜ੍ਹਦੇ ਤਾਂ ਵੀ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਰੇਡਿਉ ਜਾਂ ਟੀਵੀ
ਤੋਂ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਖਬਰਾਂ ਜ਼ਰੂਰ ਸੁਣ ਸਕੋ।
ਪੜ੍ਹਿਆ ਲਿਖਿਆ ਸਮਾਜ ਜੇ ਖਬਰਾਂ ਵੱਲ ਧਿਆਨ ਨਹੀਂ ਦਿੰਦਾ ਕਿ ਉਸ ਦੇ ਆਲੇ ਦੁਆਲੇ ਕੀ ਹੋ
ਰਿਹਾ ਹੈ ਜਾਂ ਬਾਕੀ ਦੀ ਦੁਨੀਆ ਵਿੱਚ ਕੀ ਹੋ ਰਿਹਾ ਹੈ ਤਾਂ ਸਮਝੋ ਉਸ ਸਮਾਜ ਦੇ ਬੁਰੇ ਦਿਨ
ਆਉਣ ਵਾਲੇ ਹਨ ਤੇ ਉਹ ਗਿਰਾਵਟ ਵੱਲ ਜਾ ਰਿਹਾ ਹੈ। ਅਸਮਰਥਤਾ , ਦਿਸ਼ਾਹੀਣਤਾ , ਦਗਾ ,
ਬੇਵਫਾਈ , ਬੇਵਸਾਹੀ , ਦਹਿਸ਼ਤ , ਤੇ ਘੋਰ ਚਰਮ ਸੀਮਾ ਨੂੰ ਛੂਹੰਦਾ ਸੰਕਟ ਹੀ ਅਜਿਹੇ ਸਮਾਜ
ਦੇ ਹਿੱਸੇ ਆਵੇਗਾ ਜੋ ਸਮਾਜ ਸਹੀ ਖਬਰਾਂ ਤੋਂ ਵਾਂਝਿਆਂ ਰਹਿੰਦਾ ਹੈ। ਸਹੀ ਖਬਰਾਂ ਦਾ ਮਤਲਬ
ਹੈ ਸਹੀ ਖਬਰਾਂ - ਤੇ ਜੇ ਸਰਕਾਰ ਜਾਂ ਮੀਡਿਆ ਸਹੀ ਖਬਰ ਨਹੀਂ ਦੇ ਰਿਹਾ ਤਾਂ ਸਮਝ ਲਉ ਕਿ
ਸਰਕਾਰ ਤੇ ਮੀਡਿਆ ਸ਼ਰਾਰਤ ਤੇ ਉੱਤਰ ਆਇਆ ਹੈ। ਕਿਓਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਜਾਂ
ਸਮਾਜ ਖਾਸ ਮੁੱਦਿਆ ਤੇ ਸਿਆਣਪ ਭਰੇ ਨਿਰਣੇ ਲੈਣ ਜਾਂ ਉਨ੍ਹਾਂ ਬਾਰੇ ਸੁਆਲ ਉਠਾਉਣ। ਲੋਕਾਂ
ਕੋਲ ਜੇ ਕਿਸੇ ਗੱਲ ਦੀ ਸਹੀ ਤਸਵੀਰ ਨਹੀਂ , ਕੋਈ ਖਬਰ ਨਹੀਂ ਤਾਂ ਬਹੁਤ ਮੁਸ਼ਕਿਲ ਹੈ ਲੋਕਾਂ
ਲਈ ਸਹੀ ਸੁਆਲ ਕਰਨੇ ਤੇ ਸਹੀ ਨਿਰਣੇ ਲੈਣੇ , ਕਿਓਂਕਿ ਨਿਰਣੇ ਲੈਣ ਲਈ ਉਨ੍ਹਾਂ ਕੋਲ ਨਾ ਤਾਂ
ਸਹੀ ਤੱਥ ਹਨ ਨਾ ਹੀ ਸਹੀ ਸੂਚਨਾ ? ਫਿਰ ਉਹ ਕਿਸ ਗੱਲ ਤੇ ਬਹਿਸ ਕਰਨ ਤੇ ਕਿਸ ਤਰ੍ਹਾਂ
ਸਰਕਾਰ ਨੂੰ ਸਹੀ ਸੁਆਲ ਕਰਨ ?
ਸੱਚ ਤਾਂ ਇਹ ਹੈ ਕਿ ਪੱਤਰਕਾਰ ਤੇ ਪ੍ਰੈਸ ਰਿਪੋਰਟਰ ਨੇ ਸਾਨੂੰ ਸਹੀ ਤਸਵੀਰ ਹੀ ਨਹੀਂ
ਦਿਖਾਉਣੀ ਹੁੰਦੀ ਬਲਕਿ ਇੱਕ ਤਰੀਕੇ ਨਾਲ ਉਨ੍ਹਾਂ ਸਾਨੂੰ ਸਹੀ ਨਿਰਣੇ ਲੈਣੇ , ਸਹੀ ਰਾਏ
ਬਣਾਉਣਾ ਵੀ ਸਿਖਾਉਣਾ ਹੁੰਦਾ। ਸੋ ਮੈਂ ਸਮਝਦੀ ਹਾਂ ਕਿ ਉਨ੍ਹਾਂ ਦੇ ਮੋਢਿਆਂ ਤੇ ਬਹੁਤ
ਜ਼ੁੰਮੇਵਾਰੀਆਂ ਹੁੰਦੀਆਂ ਹਨ। ਬਹੁਤ ਸਾਰੀਆਂ ਖਬਰਾਂ ਨੂੰ ਸਮਝਣ ਲਈ ਸਾਨੂੰ ਉਨ੍ਹਾਂ ਦੀ ਲੋੜ
ਹੁੰਦੀ ਹੈ। ਸਰਕਾਰ ਦੇ ਬਹੁਤ ਸਾਰੇ ਪੱਖ ਤੇ ਪਾਲਸੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ
ਆਮ ਜਨਤਾ ਨੂੰ ਨਾ ਤੇ ਪਤਾ ਹੁੰਦਾ ਹੈ ਤੇ ਨਾ ਹੀ ਕੋਈ ਸਮਝ ਹੁੰਦੀ ਹੈ ਕਿਓਂਕਿ ਉਨ੍ਹਾਂ
ਬਾਰੇ ਆਮ ਲੋਕਾਂ ਨੂੰ ਕੋਈ ਸਿੱਧਾ ਤਜੁਰਬਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ
ਆਮ ਜਨਤਾ ਦੀ ਸਮਝ ਤੱਕ ਲਿਜਾਉਣ ਦਾ ਜੁੰਮਾ ਪ੍ਰੈਸ ਦਾ ਹੁੰਦਾ ਹੈ। ਪਰ ਇਸ ਦਾ ਇਹ ਮਤਲਬ ਵੀ
ਨਹੀਂ ਕਿ ਅਸੀਂ ਪੂਰੀ ਜੁੰਮੇਵਾਰੀ ਹੀ ਉਨ੍ਹਾਂ ਤੇ ਸਿੱਟ ਦਈਏ। ਸਹੀ ਤਸਵੀਰ ਨੂੰ ਸਮਝਣ ਲਈ
ਸਾਨੂੰ ਖੁਦ ਨੂੰ ਵੀ ਸੂਝ ਬੂਝ ਹੋਣੀ ਚਾਹੀਦੀ ਹੈ। ਕਿਓਂਕਿ ਪੱਤਰਕਾਰ ਤਾਂ ਸਿਰਫ ਖਬਰ ਦੇਣ
ਵਾਲਾ ਹੁੰਦਾ ਹੈ - ਜੇ ਸਰਕਾਰ ਹੀ ਜਾਂ ਸਿਆਸੀ ਲੋਕ ਗਲਤ ਗੱਲਾਂ ਕਰ ਰਹੇ ਹਨ ਤਾਂ
ਪੱਤਰਕਾਰਾਂ ਦਾ ਇਸ ਵਿੱਚ ਕੋਈ ਦੋਸ਼ ਨਹੀਂ। ਪਰ ਫਿਰ ਵੀ ਇਹ ਉਨ੍ਹਾਂ ਦਾ ਹੀ ਕੰਮ ਹੁੰਦਾ ਹੈ
ਕਿ ਉਹ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਜਾਂ ਸਿਆਸਦਾਨਾਂ ਦੀਆਂ ਚਾਲਾਂ ਬਾਰੇ ਆਮ ਲੋਕਾਂ
ਨੂੰ ਜਾਗਰੂਕ ਕਰਨ। ਮੁੱਕਦੀ ਗੱਲ ਲੋਕਤੰਤਰਤਾ ਜਾਂ ਡੈਮੋਕਰੇਸੀ ਦੇ ਪੈਰ ਮਜਬੂਤ ਕਰਨ ਲਈ
ਜਰੂਰੀ ਹੈ ਕਿ ਲੋਕਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਸਹੀ ਤੇ ਸੱਚੀਆਂ ਖਬਰਾਂ ਮਿਲਦੀਆਂ ਰਹਿਣ
ਨਹੀਂ ਤੇ ਲੋਕਤੰਤਰਤਾ ਡਗਮਗਾ ਜਾਵੇਗੀ।
2006 ਵਿੱਚ ਕਾਰਨੇਗੀ ਕਾਰਪੋਰੇਸ਼ਨ ਨੇ ਇੱਕ ਸਰਵੇ ਕਰਵਾਇਆ ਸੀ ਜਿਸ ਅਨੁਸਾਰ ਚਿੰਤਾਜਨਕ ਤੱਥ
ਸਾਹਮਣੇ ਆਇਆ ਕਿ ਸਿਰਫ 8% ਲੋਕ ਹੀ ਪੱਤਰਕਾਰਾਂ ਤੇ ਜਾਂ ਮੀਡਿਆ ਤੇ ਭਰੋਸਾ ਕਰਦੇ ਹਨ। ਇਹ
ਗੱਲ ਭਾਵੇਂ ਅਮਰੀਕਾ ਬਾਰੇ ਸੀ ਪਰ ਮੇਰੇ ਖਿਆਲ ਵਿੱਚ ਇਹ ਭਾਰਤ ਬਾਰੇ ਵੀ ਸੱਚ ਹੀ ਹੋਵੇਗੀ।
ਕਿਸੇ ਖਾਸ ਘਟਨਾ ਵੇਲੇ ਮੈਂਨੂੰ ਯਾਦ ਹੈ ਕਿ ਲੋਕ ਆਕਾਸ਼ਵਾਣੀ ਜਾਂ ਲੋਕਲ ਅਖਬਾਰਾਂ ਦੀ ਥਾਂ
BBC ਦੀਆਂ ਖਬਰਾਂ ਤੇ ਵਧੇਰੇ ਯਕੀਨ ਕਰਦੇ ਸਨ। ਜਿਸ ਤਰ੍ਹਾਂ ਬਚਪਨ ਵਿੱਚ ਅਸੀਂ ਕੁਲਦੀਪ
ਨਯੀਅਰ , ਖੁਸ਼ਵੰਤ ਸਿੰਘ , ਜਾਂ ਇੰਦਰ ਮਲਹੋਤਰਾ ਤੇ ਯਕੀਨ ਕਰ ਲੈਂਦੇ ਸੀ ਉਹ ਯਕੀਨ ਹੁਣ ਦੇ
ਪੱਤਰਕਾਰਾਂ ਤੇ ਬੱਝਦਾ ਨਹੀਂ। ਹੋ ਸਕਦਾ ਹੈ ਕਿ ਇਹ ਉਮਰ ਦਾ ਤਕਾਜ਼ਾ ਹੋਵੇ - ਹੋ ਸਕਦਾ ਹੈ
ਹੁਣ ਦੇ ਨੌਜਵਾਨ ਮੁੰਡਿਆਂ ਕੁੜੀਆਂ ਲਈ ਕੋਈ ਉਨ੍ਹਾਂ ਦਾ ਮਨਪਸੰਦ ਜਰਨਲਿਸਟ ਹੋਵੇ ਜਿਸ ਤੇ
ਉਹ ਯਕੀਨ ਕਰ ਸਕਦੇ ਹੋਣ - ਜੇ ਇਸ ਤਰ੍ਹਾਂ ਹੈ ਤਾਂ ਬਹੁਤ ਚੰਗੀ ਗੱਲ ਹੈ। ਕਿਓਂਕਿ ਇਸ
ਤਰ੍ਹਾਂ ਹੋਣਾ ਬਹੁਤ ਲਾਜ਼ਮੀ ਹੈ - ਸਮਾਜ ਦੀ ਜਾਂ ਸਰਕਾਰ ਦੀ ਕਿਸੇ ਵੀ ਗੱਲ ਤੇ ਰਾਏ ਬਣਾਉਣ
ਲਈ ਜਾਂ ਸਰਕਾਰੀ ਪਾਲਸੀਆਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ
ਸਿਆਣੇ ਤੇ ਸੁਲਝੇ ਹੋਏ ਪੱਤਰਕਾਰ ਤੇ ਭਰੋਸਾ ਕਰ ਸਕੀਏ। ਕਿਓਂਕਿ ਪੱਤਰਕਾਰ ਹੀ ਸਾਡੀ ਸਭ ਤੋਂ
ਵੱਡੀ ਤੇ ਚਾਨਣਮੁਨਾਰੀ ਉਮੀਦ ਹੈ ਜੋ ਚੰਗੇ ਫੈਸਲੇ ਲੈਣ ਲਈ ਸਾਡੀ ਮੱਦਦ ਕਰ ਸਕਦਾ ਹੈ। ਇਹੀ
ਲੋਕ ਨੇ ਜੋ ਸਾਡੇ ਲਈ ਸਮਾਜ, ਸਿਆਸਤ ਤੇ ਸਰਕਾਰ ਦੀਆਂ ਉਨ੍ਹਾਂ ਗੁੱਝੀਆਂ ਰਮਜ਼ਾਂ ਤੇ ਪਰਤਾਂ
ਨੂੰ ਉਘੇੜ ਕੇ ਦਿਖਾ ਸਕਦਾ ਹੈ ਜੋ ਸਾਨੂੰ ਸ਼ਾਇਦ ਉਦਾਂ ਨਜ਼ਰ ਨਾ ਆ ਸਕਣ। ਇਹ ਪੱਤਰਕਾਰ ਹੀ
ਹਨ ਜੋ ਸਾਨੂੰ ਉਸ ਦੁਨੀਆ ਤੇ ਉਨ੍ਹਾਂ ਗੱਲਾਂ ਵੱਲ ਧਿਆਨ ਦੁਆ ਸਕਦੇ ਨੇ ਜਿਨ੍ਹਾਂ ਦਾ ਸਾਨੂੰ
ਕੋਈ ਸਿੱਧਾ ਤਜਰਬਾ ਕਦੀ ਨਹੀਂ ਹੋ ਸਕਦਾ। ਪਰ ਇਹ ਸਾਰਾ ਕੁਝ ਉਸ ਵੇਲੇ ਤਹਿਸ ਨਹਿਸ ਹੋ
ਜਾਂਦਾ ਹੈ ਜਾਂ ਧੁੰਦਲਾ ਪੈ ਜਾਂਦਾ ਹੈ ਜਦੋਂ ਪੱਤਰਕਾਰ ਸਿਆਸੀ ਪਾਰਟੀਆਂ ਜਾਂ ਸਰਕਾਰ ਦੇ
ਹੱਥਾਂ ਵਿੱਚ ਵਿਕ ਆਪਣੀਆਂ ਖਬਰਾਂ ਨੂੰ ਪੋਚ ਕੇ ਜਾਂ ਰੰਗ ਕੇ ਪੇਸ਼ ਕਰਦੇ ਹਨ। ਜਾਂ ਉਹ ਫਿਰ
ਆਪਣੇ ਜਾਤੀ ਫਾਇਦਿਆਂ ਲਈ ਵਿੱਕ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ
ਹੁੰਦੀ ਹੈ ਜਿਸ ਨੂੰ ਉਹ ਪ੍ਰਚਲਿਤ ਕਰਨਾ ਚਾਹੁੰਦੇ ਨੇ।
ਜਿਵੇਂ ਕਿ ਮੈਂ ਪਹਿਲਾ ਆਖਿਆ ਹੈ ਕਿ ਚੰਗੀ ਪੱਤਰਕਾਰੀ ਲੋਕਤੰਤਰਤਾ ਦੇ ਪੈਰ ਮਜਬੂਤ ਕਰਦੀ ਹੈ
, ਉੱਥੇ ਅਸੀਂ ਇਹ ਵੀ ਦੇਖਣਾ ਹੈ ਕਿ ਉਹ ਹੋਰ ਕਿਹੜੀਆਂ ਗੱਲਾਂ ਨੇ ਜੋ ਚੰਗੀ ਪੱਤਰਕਾਰੀ ਨੂੰ
ਨੁਕਸਾਨ ਪਹੁੰਚਾਦੀਆਂ ਹਨ। ਸਹੀ ਖਬਰਾਂ ਕੀ ਕਰਨਗੀਆਂ ਜੇ ਉਨ੍ਹਾਂ ਨੂੰ ਸੁਣਨ ਵਾਲੇ ਤੇ
ਪੜ੍ਹਨ ਵਾਲੇ ਲੋਕ ਖਬਰਾਂ ਨਾ ਭਾਲ , ਅਖਬਾਰਾਂ ਤੇ ਮੀਡਿਆ ਤੋਂ ਸਿਰਫ ਮਨੋਰੰਜਨ ਹੀ ਭਾਲਣ।
24 ਘੰਟੇ ਟੀਵੀ ਤੇ ਡਰਾਮੇ ਤੇ ਰੰਗਾ ਰੰਗ ਪ੍ਰੋਗਰਾਮ ਜਦ ਲੋਕਾਂ ਦਾ ਵਧੇਰੇ ਧਿਆਨ ਖਿੱਚਦੇ
ਹਨ ਤਾਂ ਖਬਰਾਂ ਦੇਣ ਵਾਲੇ ਨੂੰ ਵੀ ਉਹ ਜੋਸ਼ ਨਹੀਂ ਰਹਿੰਦਾ ਜੋ ਕਿਸੇ ਜਮਾਨੇ ਵਿੱਚ
ਪੱਤਰਕਾਰਾਂ ਨੂੰ ਰਹਿੰਦਾ ਸੀ- ਜਾਂ ਜਦ ਟੀਵੀ ਇਨ੍ਹਾਂ ਸ਼ਕਤੀਸ਼ਾਲੀ ਨਹੀਂ ਸੀ। ਹੁਣ ਤੇ
ਬਹੁਤੇ ਲੋਕਾਂ ਦਾ ਇਹ ਰਵਈਆ ਹੈ ਜਿਵੇਂ ਜੀਣ ਲਈ ਸਿਰਫ ਮਨੋਰੰਜਨ ਹੀ ਜ਼ਰੂਰੀ ਹੋਵੇ।
ਟੀਵੀ ਤੋਂ ਬਾਅਦ ਪੱਤਰਕਾਰੀ ਨੂੰ ਜਿਸ ਚੀਜ਼ ਨੇ ਨੁਕਸਾਨ ਪੁਜਾਇਆ ਹੈ ਉਹ ਹੈ ਬਲੋਗ ਲਿਖਣ ਦਾ
ਰਿਵਾਜ ਤੇ ਜੋ ਨਵੀਂ ਟੈਕਨੋਲੋਜੀ ਤੇ ਇੰਟਰਨੈਟ ਦੀ ਹੀ ਦੇਣ ਹੈ। ਅਜੋਕੇ ਵਿਸ਼ਿਆਂ, ਮੁੱਦਿਆ
ਤੇ ਸਮਸਿਆਵਾਂ ਬਾਰੇ ਬਲੋਗ ਲਿਖ ਕੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨਾ ਇੱਕ ਚੰਗਾ ਢੰਘ ਹੈ ਪਰ
ਫਿਰ ਵੀ ਬਲੋਗ ਇੱਕ ਚੰਗੀ ਪੱਤਰਕਾਰੀ ਦੀ ਥਾਂ ਨਹੀਂ ਲੈ ਸਕਦੀ। ਇੱਕ ਤੇ ਇਹ ਕਿ ਬਲੋਗ ਪੜ੍ਹਨ
ਵਾਲੇ ਲੋਕ ਘੱਟ ਹੁੰਦੇ ਹਨ। ਤੇ ਫਿਰ ਤੁਸੀਂ ਉਸੇ ਕਿਸਮ ਦਾ ਹੀ ਬਲੋਗ ਲੱਭੋਗੇ ਜਾਂ ਪੜ੍ਹੋਗੇ
ਜਿਸ ਗੱਲ ਜਾਂ ਰਾਏ ਨਾਲ ਤੁਸੀਂ ਕਿਤੋਂ ਅੰਦਰੋਂ ਪਹਿਲੋਂ ਹੀ ਸਹਿਮਤ ਹੁੰਦੇ ਹੋ। ਜਾਂ ਫਿਰ
ਜੇ ਬਲੋਗ ਵਾਲੀ ਗੱਲ ਤੁਹਾਡੇ ਨਾਲ ਮੇਲ ਨਹੀਂ ਖਾਂਦੀ ਤਾਂ ਫਿਰ ਤੁਸੀਂ ਉਹ ਚੀਜ਼ ਪੜ੍ਹਨਾ ਹੀ
ਬੰਦ ਕਰ ਦੇਵੋਗੇ। ਪਰ ਅਖਬਾਰਾਂ ਵਿੱਚ ਵੱਖ ਵੱਖ ਰਾਇਆਂ ਵਾਲੇ ਲੋਕ ਅੱਡ ਅੱਡ ਨਜ਼ਰੀਏ ਪੇਸ਼
ਕਰਦੇ ਹਨ ਤੇ ਹਰ ਨਜ਼ਰੀਏ ਦੀ ਆਪਣੀ ਦੇਣ ਹੁੰਦੀ ਹੈ। ਪਰ ਜਦ ਤੁਸੀਂ ਬਲੋਗ ਪੜ੍ਹਦੇ ਹੋ ਤਾਂ
ਉਹ ਸਾਰੇ ਇੱਕੋ ਹੀ ਵਿਚਾਰਾਧਾਰਾ ਨਾਲ ਹੀ ਜੁੜੇ ਹੁੰਦੇ ਹਨ ਜਾਂ ਇੱਕ ਬਲੋਗ ਦਾ ਉਹੋ ਜਿਹੀ
ਹੀ ਵਿਚਾਰਧਾਰਾ ਵਾਲੀ ਸਾਇਟ ਨਾਲ ਲਿੰਕ ਜੁੜਿਆ ਹੁੰਦਾ ਹੈ। ਤੇ ਫਿਰ ਇਸ ਤਰ੍ਹਾਂ ਦੀਆਂ
ਸਾਇਟਸ ਜਾਂ ਲਿੰਕਸ ਇੱਕ ਕਿਸਮ ਦਾ Cyber Ghetto ਹੀ ਬਣ ਕੇ ਰਹਿ ਜਾਂਦਾ ਹੈ। ਕਿਓਂਕਿ ਫਿਰ
ਅਸੀਂ ਉਹੀ sites , ਉਹੀ ਲਿੰਕਸ , ਤੇ ਉਹੋ ਜਿਹੇ ਹੀ ਬਲੋਗ ਚੁਣਦੇ ਹਾਂ ਜਿਨ੍ਹਾਂ ਦੀ
ਵਿਚਾਰਧਾਰਾ ਸਾਨੂੰ ਪਸੰਦ ਹੁੰਦੀ ਹੈ ਤੇ ਜਿਨ੍ਹਾਂ ਨਾਲ ਅਸੀਂ ਪਹਿਲੋਂ ਹੀ ਕਿਤੋਂ ਸਹਿਮਤ
ਹੁੰਦੇ ਹਾਂ ਤੇ ਫਿਰ ਅਸੀਂ ਉਸ ਵਿਚਾਰਧਾਰਾ ਦੇ ਵਿੱਰੁਧ ਕੁਝ ਨਹੀਂ ਸੁਣਨਾ ਚਾਹੁੰਦੇ।
ਦੂਜੀ ਗੱਲ ਜੋ ਖਬਰਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਦੀ ਹੈ ਉਹ ਹੈ ਖਬਰਾਂ ਨੂੰ
ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਰੁਚੀ। ਇਹ ਦੇਣ ਵੀ ਟੀਵੀ ਤੋਂ ਆਈ ਹੈ। ਕਿਓਂਕਿ ਟੀਵੀ
ਵਾਲਿਆਂ ਦੀ ਹੋਂਦ ਉਨ੍ਹਾਂ ਦੇ ਦਰਸ਼ਕਾਂ ਤੇ ਨਿਰਭਰ ਕਰਦੀ ਹੈ - ਜਿਨ੍ਹੇ ਦਰਸ਼ਕ ਉਨ੍ਹੇ ਹੀ
ਉਨ੍ਹਾਂ ਨੂੰ ਐਡ ਮਿਲਦੇ ਹਨ ਤੇ ਹਰ ਐਡ ਦੀ ਕੀਮਤ ਦਰਸ਼ਕਾਂ ਦੀ ਗਿਣਤੀ ਨਾਲ ਜੁੜੀ ਹੁੰਦੀ
ਹੈ। ਜੋ ਟੀਵੀ ਵਾਲੇ ਦਰਸ਼ਕਾਂ ਨੂੰ ਆਪਣੇ ਚੈਨਲਾਂ ਨਾਲ ਜੋੜਨ ਲਈ ਖਬਰਾਂ ਨੂੰ ਸਨਸਨੀ ਬਣਾ
ਦਿੰਦੇ ਹਨ ਤੇ ਕਈ ਵਾਰ ਇਹ ਖਬਰਾਂ ਇਨ੍ਹੀਆਂ ਸਨਸਨੀਖੇਜ਼ ਬਣਾ ਦਿੱਤੀਆਂ ਜਾਂਦੀਆਂ ਹਨ ਕਿ
ਖਬਰ ਦੀ ਅਸਲੀ ਅਹਿਮੀਅਤ ਗੁਆਚ ਜਾਂਦੀ ਹੈ। ਦੂਜਾ ਭੈੜਾ ਅਸਰ ਇਸ ਦਾ ਇਹ ਹੁੰਦਾ ਹੈ ਕਿ
ਲੋਕਾਂ ਦਾ ਜਿਨ੍ਹਾਂ ਮੁੱਦਿਆ ਤੇ ਧਿਆਨ ਜਾਣਾ ਹੁੰਦਾ ਹੈ ਜਾਂ ਜਾਣਾ ਚਾਹੀਦਾ ਹੈ ਉਨ੍ਹਾਂ
ਵੱਲੋਂ ਹੱਟ ਕੇ ਬੇਕਾਰ ਗੱਲਾਂ ਵੱਲ ਚਲਿਆ ਜਾਂਦਾ ਹੈ। ਤੇ ਬਹੁਤੀ ਵਾਰ ਇਹੋ ਜਿਹੀਆਂ ਗੱਲਾਂ
ਨਾਲ ਸਿਆਸੀ ਬੰਦੇ ਅਸਲ ਗੱਲ ਨੂੰ ਲੁਕਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਨੇ। ਜਿਵੇਂ ਕਿ
ਅਮਰੀਕਾ ਵਿੱਚ ਪੂਰੀ ਦੁਨੀਆ ਦਾ ਧਿਆਨ ਮੀਡਿਆ ਨੇ ਬਿਲ ਕਲਿੰਟਨ ਤੇ ਮੋਨਿਕਾ ਦੇ ਸੰਬੰਧਾਂ ਤੇ
ਲਾਈ ਰੱਖਿਆ। ਭਲਾ ਪੁੱਛਣ ਵਾਲਾ ਹੋਵੇ ਅਮਰੀਕਾ ਦੀ ਜਾਂ ਦੁਨੀਆ ਦੀ ਇਸ ਨਾਲ ਕਿਹੜੀ ਸਮਸਿਆ
ਸੁਲਝੀ ? ਸਾਨੂੰ ਹਮੇਸ਼ਾ ਇਹੋ ਜਿਹੀਆਂ ਗੱਲਾਂ ਤੋਂ ਚੋਕੰਨਾਂ ਰਹਿਣਾ ਚਾਹੀਦਾ ਹੈ ਜਦ
ਅਖਬਾਰਾਂ ਵਾਲੇ ਸਾਡਾ ਧਿਆਨ ਅਸਲੀ ਗੱਲਾਂ ਤੋਂ ਪਰਾਂ ਕਰਦੇ ਹਨ। ਜਿਵੇਂ ਕਿ ਇਸ ਵੇਲੇ ਭਾਰਤ
ਵਿੱਚ ਸਾਡਾ ਅਸਲੀ ਧਿਆਨ ਤਾਂ ਇਸ ਗੱਲ ਵੱਲ ਹੋਣਾ ਚਾਹਿਦਾ ਹੈ ਕਿ ਨਵੀਂ ਸਰਕਾਰ ਭਾਰਤ ਦੀ
ਆਰਥਿਕਤਾ ਲਈ ਕੀ ਕਰ ਰਹੀ ਹੈ - ਜਾਂ ਗਰੀਬੀ ਦੂਰ ਕਰਨ ਲਈ ਕੀ ਕਦਮ ਉਠਾ ਰਹੀ ਹੈ ਜਾਂ ਫਿਰ
ਲੱਖਾਂ ਕਰੋੜਾਂ ਬੱਚੇ ਜੋ ਸਕੂਲ ਨਹੀਂ ਜਾਂਦੇ , ਉਨ੍ਹਾਂ ਦੀ ਪੜ੍ਹਾਈ ਲਈ ਕੀ ਕਰ ਰਹੀ ਹੈ
ਸਰਕਾਰ ? ਪਰ ਸਾਡਾ ਧਿਆਨ ਮੋਦੀ ਦੀ ਉਸ ਤਸਵੀਰ ਵੱਲ ਕਰ ਦਿੱਤਾ ਗਿਆ ਹੈ ਜਿਸ ਵਿੱਚ ਉਹ ਝਾੜੂ
ਚੁੱਕੀ ਖੜ੍ਹਾ ਹੈ ! ਕੀ ਉਸ ਦੇ ਝਾੜੂ ਚੁੱਕਣ ਨਾਲ ਭਾਰਤ ਦੀ ਸਾਰੀ ਗੰਦਗੀ ਮੁੱਕ ਜਾਵੇਗੀ ?
ਗੰਦਗੀ ਨੂੰ ਦੁਰ ਕਰਨ ਲਈ ਖਾਸ ਠੋਸ ਕਦਮ ਚੁੱਕਣੇ ਚਾਹੀਦੇ ਨੇ। ਭਾਰਤ ਦੀ ਵਧਦੀ ਆਬਾਦੀ ਬਾਰੇ
ਕੋਈ ਸੋਚ ਹੀ ਨਹੀਂ ਰਿਹਾ ਜਦ ਕਿ ਭਾਰਤ ਦੀ ਹਰ ਸਮਸਿਆ ਦਾ ਸੰਬੰਧ ਤੇਜ਼ੀ ਨਾਲ ਵਧ ਰਹੀ ਸਾਡੀ
ਆਬਾਦੀ ਹੈ। ਕਿਸੇ ਵੀ ਸਿਆਣੇ ਬੰਦੇ ਜਾਂ ਪੱਤਰਕਾਰ ਨੇ ਮੋਦੀ ਜੀ ਨੂੰ ਇਹ ਸੁਆਲ ਨਹੀਂ ਕੀਤਾ
ਕਿ ਇਸ ਤਰ੍ਹਾਂ ਬਦਲਾਵ ਕਿਵੇਂ ਆ ਜਾਵੇਗਾ ? ਉਨ੍ਹਾਂ ਸਲਮ ਤੇ ਝੁੱਗੀਆਂ ਨੂੰ ਕੌਣ ਸਾਫ਼
ਰਖੇਗਾ ਜੋ ਸਾਡੇ ਦੇਸ਼ ਵਿੱਚ ਥਾਂ ਥਾਂ ਹਨ ? ਝਾੜੂ ਚੁੱਕਣ ਨਾਲ ਕੀ ਸਾਡੀਆਂ ਸਾਰੀਆਂ
ਸਮਸਿਆਵਾਂ ਸੁਲਝ ਜਾਣਗੀਆਂ - ਇਹ ਸਰਕਾਰਾਂ ਸਾਡੇ ਦਿਮਾਗਾਂ ਤੇ ਸੂਝ ਬੂਝ ਦਾ ਕਿੰਨਾਂ ਘਟੀਆ
ਮਜ਼ਾਕ ਕਰਦੀਆਂ ਨੇ। ਹੁਣ ਇਸ ਗੱਲ ਤੇ ਸਾਨੂੰ ਅਜਿਹੇ ਪੱਤਰਕਾਰਾਂ ਜਾਂ ਅਜਿਹੇ ਗਰੁਪ ਚਾਹੀਦੇ
ਨੇ ਜੋ ਹਥੋੜੇ ਵਾਂਗ ਸਰਕਾਰ ਦੇ ਸਿਰ ਤੇ ਵੱਜਦੇ ਰਹਿਣ ਕਿ ਇਸ ਤਰ੍ਹਾਂ ਤੁਹਾਡਿਆਂ ਝਾੜੂਆਂ
ਨਾਲ ਪੂਰਾ ਇੱਕ ਸ਼ਹਿਰ ਜਾਂ ਰਾਜ ਵੀ ਸਫਾ ਨਹੀਂ ਹੋਣਾ - ਬਲਕਿ ਗੰਦਗੀ ਦੇ ਅਸਲੀ ਕਾਰਨਾਂ
ਬਾਰੇ ਸੋਚ ਕੇ ਉਨ੍ਹਾਂ ਨੂੰ ਹੱਲ ਕਰੋ।
ਸੱਚ ਤਾਂ ਇਹ ਹੈ ਕਿ ਅੱਜ ਕਲ ਦੀਆਂ ਖਬਰਾਂ ਇਸ ਬਾਰੇ ਨਹੀਂ ਹੁੰਦੀਆਂ ਕਿ ਅਸਲ ਵਿੱਚ ਕੀ ਹੋ
ਰਿਹਾ ਹੈ ਬਲਕਿ ਅਸਲ ਵਿੱਚ ਇਹ ਹੁੰਦੀਆਂ ਹਨ ਕਿ ਕਿਸੇ ਨੇ ਕੀ ਕਿਹਾ ਹੈ ਜਿਸ ਦਾ ਅਸਲੀ ਮਕਸਦ
ਉਸ ਸ਼ਖਸ਼ ਨੂੰ ਪ੍ਰੋਮੋਟ ਕਰਨਾ ਹੁੰਦਾ ਹੈ। ਖਬਰਾਂ ਦੇ ਫਾਇਦਿਆਂ ਦਾ ਵਹਿਣ ਸਹੀ ਮਾਅਨਿਆਂ
ਵਿੱਚ ਉਪਰੋਂ ਥੱਲੇ ਵੱਲ ਨੂੰ ਹੁੰਦਾ ਹੈ ਜਿਸ ਦਾ ਫਾਇਦਾ ਪਹਿਲਾਂ ਸਰਕਾਰ ਨੂੰ ਤੇ ਫਿਰ
ਸਰਕਾਰੀ ਮੁਲਾਜਮਾਂ ਨੂੰ ਜੋ ਵੱਡੇ ਮੁਲਾਜਮਾਂ ਤੋਂ ਛੋਟੇ ਮੁਲਾਜਮਾਂ ਵੱਲ ਨੂੰ ਆਉਂਦਾ ਹੈ ਤੇ
ਆਮ ਆਦਮੀ ਤਾਂ ਸਿਰਫ ਇਸ ਸਾਰੇ ਸੋਸ਼ੇਬਾਜ਼ੀ ਦਾ ਤਮਾਸ਼ਬੀਨ ਹੁੰਦਾ ਹੈ।
ਜਾਂ ਫਿਰ ਇੱਕ ਚਾਲ ਜੋ ਮੀਡਿਆ ਚਲਦਾ ਹੈ ਤੇ ਜਿਸ ਪਿੱਛੇ ਕਈ ਵਾਰ ਸਿਆਸੀ ਬੰਦਿਆਂ ਦਾ ਹੱਥ
ਹੁੰਦਾ ਹੈ ਉਹ ਇਹ ਹੈ ਕਿ ਲੋਕਾਂ ਨੂੰ ਇੱਕ ਦੂਜੇ ਦੇ ਵਿੱਰੁਧ ਕਰਨਾ ਤੇ ਅੱਡ ਅੱਡ ਧਰਮਾਂ ਦੇ
ਲੋਕਾਂ ਨੂੰ ਇੱਕ ਦੂਜੇ ਦੇ ਵਿੱਰੁਧ ਭੜ੍ਹਕਾਉਣ ! ਤੇ ਇਹੋ ਜਿਹੇ ਵੇਲੇ ਕਈ ਵਾਰ ਸਿਆਸੀ ਬੰਦੇ
ਵੀ ਇਹੀ ਇਲਜ਼ਾਮ ਪੱਤਰਕਾਰਾਂ ਤੇ ਲਾਉਂਦੇ ਹਨ ਕਿ ਪੱਤਰਕਾਰ ਸਾਫ਼ ਸਪਸ਼ਟ ਗੱਲ ਨਾ ਕਰ ਲੋਕਾਂ
ਨੂੰ ਭੰਬਲਭੁਸ਼ੇ ਵਿੱਚ ਪਾ ਕੇ ਇੱਕ ਨਵੀਂ ਬੇਤੁਕੀ ਤਕਰਾਰ ਖੜ੍ਹੀ ਕਰਦੇ ਹਨ। ਜਿਸ ਵਿੱਚ ਕੁਝ
ਹੱਦ ਤੱਕ ਸੱਚ ਵੀ ਹੈ। ਜਿਵੇਂ ਕਿ ਦੂਜੀ ਜੰਗ ਵੇਲੇ ਜਰਮਨੀ ਵਿੱਚ ਪੂਰਾ ਜਰਮਨ ਮੀਡਿਆ ਖਬਰਾਂ
ਘੱਟ ਦੇ ਰਿਹਾ ਸੀ ਤੇ ਪ੍ਰੋਪੇਗੰਡਾ ਵਧੇਰੇ ਸੀ ਭਾਵੇਂ ਇਹ ਸਾਰਾ ਕੁਝ ਸਰਕਾਰ ਦੇ ਦਬਾਅ ਹੇਠ
ਹੀ ਹੋ ਰਿਹਾ ਸੀ। ਭਾਰਤ ਦੀ ਪੱਤਰਕਾਰੀ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਅਖਬਾਰਾਂ ਮਿਲ
ਜਾਣਗੀਆਂ।
ਮੈਂਨੂੰ ਯਾਦ ਹੈ ਆਪਣੇ ਬਚਪਨ ਵਿੱਚ ਕਿ ਕਿਸੇ ਵੀ ਅਖਬਾਰ ਨੂੰ ਚੁੱਕਣ ਤੋਂ ਪਹਿਲਾਂ ਉਹ
ਅਖਬਾਰ ਕਿਸ ਪਾਰਟੀ ਦੀ ਗੱਲ ਕਿਵੇਂ ਕਰੇਗੀ, ਉਸ ਦਾ ਪਤਾ ਹੁੰਦਾ ਸੀ। ਜਿਵੇਂ ਕਿ ਅਜੀਤ ਹੈਂ
ਤਾਂ ਮੌਜੂਦਾ ਸਰਕਾਰ ਦੀ ਜੀ ਹਜੂਰੀ , ਅਕਾਲੀ ਪਤਰਿਕਾ ਅਕਾਲੀਆਂ ਦਾ ਪ੍ਰੋਪੇਗੰਡਾ , ਨਵਾਂ
ਜ਼ਮਾਨਾ ਕਮਿਊਨਿਸਟ ਵਿਚਾਰਧਾਰਾ ਨੂੰ ਪੇਸ਼ ਕਰਦਾ ਹੋਵੇਗਾ ਤੇ ਪੰਜਾਬ ਕੇਸਰੀ ਵਾਲਿਆਂ ਦਾ
ਰੁੱਖ ਹੋਰ ਗੱਲਾਂ ਵੱਲ ਜਾਂ ਅਕਾਲੀਆਂ ਦੇ ਵਿਰੁਧ। ਤੇ ਜਦ ਹੱਥ ਵਿੱਚ ਅਖਬਾਰ ਫੜ੍ਹਣ ਤੋਂ
ਪਹਿਲਾ ਹੀ ਪਤਾ ਹੋਵੇ ਕਿ ਉਸ ਦੇ ਐਡੀਟਰ ਦਾ ਝੁਕਾ ਕੀ ਹੋਵੇਗਾ ਤਾਂ ਇਸ ਤਰ੍ਹਾਂ ਦੀ ਅਖਬਾਰ
ਵਿਚੋਂ ਹੌਲੀ ਹੌਲੀ ਭਰੋਸਾ ਤੇ ਰੁਚੀ ਘਟਦੀ ਰਹਿੰਦੀ ਹੈ। ਮੈਂਨੂੰ ਇਸ ਗੱਲ ਕਰ ਕੇ ਇਨ੍ਹਾਂ
ਬਹੁਤ ਸਾਰੀਆਂ ਅਖਬਾਰਾਂ ਤੇ ਯਕੀਨ ਨਹੀਂ ਰਿਹਾ ਕਿਓਂਕਿ ਜਦ ਪੰਜਾਬ ਸੰਤਾਪ ਵਿਚੋਂ ਗੁਜਰ
ਰਿਹਾ ਸੀ - ਇਹ ਅਖਬਾਰ ਲੋਕਾਂ ਨੂੰ ਆਪਸ ਵਿੱਚ ਜੋੜ ਨਹੀਂ ਸਕੇ ਤੇ ਇਹ ਵੀ ਸੱਚ ਹੈ ਕੁਝ
ਅਖਬਾਰਾਂ ਗੋਲੀ ਦੇ ਡਰ ਤੋਂ ਖਬਰਾਂ ਨੂੰ ਪੇਸ਼ ਕਰ ਰਹੇ ਸਨ ਤੇ ਜਿਨ੍ਹਾਂ ਨੇ ਗੋਲੀ ਦਾ ਭੈਅ
ਨਹੀਂ ਮੰਨਿਆ ਉਨ੍ਹਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ ਭਾਵੇਂ ਪੂਰੇ ਪੱਖ ਉਨ੍ਹਾਂ ਨੇ ਵੀ
ਪੇਸ਼ ਨਹੀਂ ਕੀਤੇ।
ਜਦ ਕੋਈ ਅਖਬਾਰ ਆਪਣੀ ਹੀ ਵਿਚਾਰਧਾਰਾ ਅਨੁਸਾਰ ਖਬਰਾਂ ਪੇਸ਼ ਕਰਨ ਤਾਂ ਇਸ ਤਰਾਂ ਕੁਝ ਵੀ
ਹੱਲ ਨਹੀਂ ਹੁੰਦਾ - ਇਸੇ ਕਰ ਕੇ ਕਈ ਵੇਰ ਲੋੜ ਵੇਲੇ ਅਖਬਾਰ ਲੋਕਾਂ ਨੂੰ ਸਹੀ ਸੇਧ ਦੇਣ
ਵਿੱਚ ਅਸਫਲ ਹੋ ਜਾਂਦੇ ਹਨ। 84 ਵੇਲੇ ਵੀ ਤੇ ਉਸ ਤੋਂ ਪਹਿਲਾਂ ਪੰਜਾਬ ਵਿਚ ਪੰਜਾਬ ਦੀਆਂ
ਅਖਬਾਰਾਂ ਸਿਆਸੀ ਲੋਕਾਂ ਦੀਆਂ ਭੱਦੀਆਂ ਚਾਲਾਂ ਨੂੰ ਨੰਗਾ ਨਹੀਂ ਕਰ ਸਕੀਆਂ, ਜਦੋਂ ਕਿ
ਪੱਤਰਕਾਰਾਂ ਦਾ ਕੰਮ ਹੀ ਇਹ ਹੁੰਦਾ ਹੈ ਕਿ news behind news ਨੂੰ ਪੇਸ਼ ਕਰਨਾ - ਖਬਰਾਂ
ਰਾਹੀਂ ਉਸ ਦੁਨੀਆ ਨੂੰ ਪਾਠਕ ਦੇ ਸਾਹਮਣੇ ਲਿਆਉਣਾ ਜੋ ਇੱਕ ਆਮ ਨਾਗਰਿਕ ਨੂੰ ਉਦਾਂ ਨਜ਼ਰ
ਨਹੀਂ ਆ ਸਕਦਾ।
ਮੈਂ ਜੋ ਕੁਝ ਲਿਖਿਆ ਹੈ ਇਹ ਮੇਰੀ ਆਪਣੀ ਨਿੱਜੀ ਰਾਏ ਹੈ - ਹੋ ਸਕਦਾ ਹੈ ਤੁਸੀਂ ਇਸ ਨਾਲ
ਸਹਿਮਤ ਨਾ ਵੀ ਹੋਵੋ ਪਰ ਮੈਂ ਆਪਣੇ ਵੱਲੋਂ ਇਹੀ ਆਖਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰੀ
ਇੱਕ ਬਹੁਤ ਹੀ ਜੁੰਮੇਵਾਰੀ ਵਾਲਾ ਕੰਮ ਹੈ। Tom Stoppard ਦੀ ਇਹ ਗੱਲ ਮੈਂਨੂੰ ਬਹੁਤ ਪਸੰਦ
ਆਈ ਹੈ ਜਦ ਉਸ ਨੇ ਆਖਿਆ ਕਿ , " ਮੈਂ ਅਜੇ ਵੀ ਇਸ ਗੱਲ ਵਿੱਚ ਯਕੀਨ ਰੱਖਦਾ ਹਾਂ ਕਿ ਜੇ
ਤੁਹਾਡਾ ਮੰਤਵ ਦੁਨੀਆ ਨੂੰ ਬਦਲਣ ਦਾ ਹੈ ਤਾਂ ਸਭ ਤੋਂ ਛੋਟਾ ਤੇ ਜ਼ਬਰਦਸਤ ਹਥਿਆਰ ਪੱਤਰਕਾਰੀ
ਹੈ।" ਤੇ ਮੈਂ ਵੀ ਇਸ ਗੱਲ ਵਿੱਚ ਯਕੀਨ ਰੱਖਦੀ ਹਾਂ ਕਿ ਪੱਤਰਕਾਰੀ ਦੇ ਹੱਥ ਵਿੱਚ ਬੇਹਿਸਾਬ
ਤਾਕਤ ਹੈ ਜੇ ਉਹ ਇਸ ਨੂੰ ਚੰਗੇਰੀ ਦੁਨੀਆ ਬਣਾਉਣ ਲਈ ਵਰਤਣਾ ਚਾਹੁੰਦਾ ਹੈ। ਪੱਤਰਕਾਰੀ ਇੱਕ
ਸਾਹਸੀ ਕੰਮ ਹੈ ਜਿਸ ਦਾ ਮਤਲਬ ਹੈ unpopular ਨਾਲ ਜੁੜਨਾ , ਨਾ ਕਿ ਪ੍ਰਚਲਿਤ ਰਾਏ ਤੇ
ਲੋਕਾਂ ਨਾਲ ਜੁੜਨਾ। ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਜਾਂ ਪਰਧਾਨ ਮੰਤਰੀ ਤਾਂ ਕੁਝ ਸਾਲਾਂ
ਤੱਕ ਹੀ ਰਾਜ ਕਰ ਸਕਦਾ ਹੈ ਪਰ ਸਹੀ ਤੇ ਸਾਹਸ ਭਰੀ ਪੱਤਰਕਾਰੀ ਰਹਿੰਦੀ ਦੁਨੀਆ ਤੱਕ ਰਾਜ ਕਰ
ਸਕਦੀ ਹੈ। ਸਹੀ ਤੇ ਉਚਿਤ ਪੱਤਰਕਾਰੀ ਇੱਕ ਵੱਡੀ ਸਮਾਜ ਸੇਵਾ ਹੈ - ਪੱਤਰਕਾਰੀ ਆਪਣੇ ਪਾਠਕਾਂ
ਨੂੰ ਇੱਕ ਮੌਕਾ ਦਿੰਦੀ ਹੈ ਬਣ ਰਹੇ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦਾ। ਅੱਜ ਦੀ
ਖਬਰ ਕਲ ਨੂੰ ਪੜ੍ਹੇ ਜਾਣ ਵਾਲੇ ਇਤਿਹਾਸ ਦਾ ਇੱਕ ਮੁਢਲਾ ਡਰਾਫਟ ਹੈ। ਇਸ ਤਰ੍ਹਾਂ ਦੇ
ਪਵਿੱਤਰ ਕੰਮ ਵਿੱਚ ਇੱਕ ਸਿਆਣੇ ਪੱਤਰਕਾਰ ਨੂੰ ਕਦੀ ਨਹੀਂ ਡਿੱਗਣਾ ਚਾਹੀਦਾ। ਅਮਰੀਕਾ ਦੇ
ਰਾਸ਼ਟਰਪਤੀ ਜੈਫਰਸਨ ਨੇ ਆਖਿਆ ਸੀ , " ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ
ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ। "
-0- |