ਪ੍ਰਸਿੱਧ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਨਾਲ ਕਰੀਬ ਇਕ ਦਹਾਕਾ ਮੇਰਾ ਬਹੁਤ ਨਿੱਘਾ
ਸਬੰਧ ਰਿਹਾ। ਮੈਂ ਉਸ ਦੇ ਰਚਨਾ-ਕਾਰਜ ਬਾਰੇ ਇਕ ਕਿਤਾਬ ਦੀ ਸੰਪਾਦਨਾ ਵੀ ਕੀਤੀ। ਉਸ ਨੇ
ਮੇਰੀਆਂ ਕਿਤਾਬਾਂ ਦੇ ਕਵਰ-ਚਿੱਤਰ ਬਣਾਏ। ‘ਮੋਤੀਆਂ ਦੀ ਚੋਗ‘ ਸਫ਼ਰਨਾਮੇ ਦਾ ਟਾਈਟਲ ਸਵੀ ਦੀ
ਇਕ ਪ੍ਰਸਿੱਧ ਪੇਂਟਿੰਗ ਹੈ, ਜਿਹੜੀ ਬਾਅਦ ਵਿਚ ਉਸ ਨੇ ਮੈਨੂੰ ਭੇਂਟ ਹੀ ਕਰ ਦਿੱਤੀ।
ਲੁਧਿਆਣਾ
30.3.1990
ਪਿਆਰੇ ਬਲਦੇਵ ਧਾਲੀਵਾਲ ਵੀਰੇ,
ਨਿੱਘੀ ਯਾਦ !
ਤੇਰਾ ਖ਼ਤ ਮਿਲਿਆ ਹੈ ਪਰ ਅਹਿਸਾਸ ਉਦੋਂ ਹੀ ਹੋ ਗਿਆ ਸੀ ਕਿ ਤੇਰਾ ਨਾ ਆਉਣਾ ਮਹਿਜ਼ ਬਹਾਨਾ
ਤਾਂ ਨਹੀਂ ਹੋ ਸਕਦਾ, ਕੁਝ ਨਾ ਕੁਝ ਕਾਰਨ ਅਵੱਸ਼ ਹੋਵੇਗਾ।
ਪਿਆਰੇ ਇਹ ਤੂੰ ਜਿਹੜਾ ਸਾਂਝ ਨੂੰ ਰਸਮੀ ਲਫਜ਼ ਨਾਲ ਜੋੜ ਦਿੱਤਾ ਹੈ ਇਹ ਧੱਕਾ ਹੀ ਕੀਤਾ ਹੈ
ਤੂੰ ਸਾਡੀ ਸਾਂਝ ਦੇ ਪੁਲ ਨਾਲ -
ਮੈਂ ਜਲੰਧਰ ਕੁੱਲ 29 ਲੈਕਚਰ ਲਾਏ ਨੇ ਅਕਤੂਬਰ 16 ਤੱਕ, ਉਸਤੋਂ ਬਾਅਦ ਦੋ ਵਾਰ ਜਲੰਧਰ ਗਿਆ
ਹਾਂ ਬਸ ਇਹ ਕਬੀਲਦਾਰੀਆਂ ਨੇ ਪੜ੍ਹਨਾ ਵੀ ਔਖਾ ਕੀਤਾ ਵਿਐ। ਤੇਰੇ ਕੋਲ ਆਉਣ ਦਾ ਮਨ ਬਹੁਤ
ਕਰਦਾ ਰਿਹਾ ਪਰ ਜਲੰਧਰ ਜਾ ਕੇ ਘਰ ਦੇ ਕੰਮ ਦੀ ਚਿੰਤਾ ਰਹਿੰਦੀ ਸੀ ਤੇ ਘਰ ਆ ਕੇ ਕਾਲਜ ਦੀ।
ਖ਼ੈਰ, ਮੇਰਾ ਇਹ ਦਵੰਧ ਤੈਨੂੰ ਸਾਡੀ ਰਿਸ਼ਤਗੀ ਦਰਮਿਆਨ ‘ਰਸਮੀ‘ ਲਫਜ਼ ਲਾਉਣ ਤੱਕ ਲੈ ਗਿਆ - ਇਹ
ਮੇਰੇ ਪੱਖੋਂ ਵਾਕਿਆ ਹੀ ਮਾੜੀ ਗੱਲ ਹੈ। ਖ਼ੈਰ, ਬਾਬਿਓ ਅੱਗੋਂ ਇੰਜ ਨਹੀਂ ਹੁੰਦਾ - ਮੈਂ
ਦੋ-ਚਾਰ ਦਿਨਾਂ ਤੱਕ ਆ ਰਿਹਾ ਹਾਂ, ਪਹਿਲਾਂ ਅੰਮ੍ਰਿਤਸਰ ਜਾਵਾਂਗਾ, ਫਿਰ ਤੇਰੇ ਕੋਲ।
ਤੈਨੂੰ ਕੁਝ ਭੇਂਟ ਕਰਨਾ ਹੈ - ਨਵਾਂ ਜਿਹਾ ਕੁਝ... ਤੇ ਖ਼ੁਦ ਆ ਕੇ ਅਜਿਹਾ ਕਰਾਂਗਾ - ਤੇ
ਮੈਂ ਤੇਰੇ ਘਰ ਦੇ ਪਤੇ ਤੇ ਹੀ ਆਵਾਂਗਾ।
ਮੋਹ ਨਾਲ ਤੇਰਾ,
ਸਵਰਨਜੀਤ ਸਵੀ
***
ਲੁਧਿਆਣਾ
9.6.90
ਬਹੁਤ ਪਿਆਰੇ ਬਲਦੇਵ ਧਾਲੀਵਾਲ,
ਨਿੱਘੀ ਯਾਦ !
ਜਿਸ ਦਿਨ ਰਿਪੋਰਟ ਛਪੀ ਸੀ ਕੁਝ ਗੱਲਾਂ ਤੇ ਮੈਂ ਖ਼ੁਦ ਹੈਰਾਨ ਸਾਂ। ਰਿਪੋਰਟ ਸਤੀਸ਼ ਗੁਲਾਟੀ
ਨੇ ਲਿਖੀ ਸੀ ਤੇ ਕਾਫੀ ਡਿਟੇਲ ਵਿਚ ਸੀ ਪਰ ਸ਼ਾਮ ਸਿੰਘ ਨੇ ਕਾਲਮ ਵਿਚ ਲਾਉਣ ਲਈ ਉਸਨੂੰ ਆਪਣੇ
ਤਰੀਕੇ ਨਾਲ ਛੋਟੀ ਜਿਹੀ ਕਰਕੇ ਲਾਇਆ ਹੈ। ਤੇ ਕੁਝ ਚੀਜ਼ਾਂ ‘ਚ ਰੱਦੋ-ਬਦਲ ਵੀ ਹੋਈ ਹੈ। ਬਾਕੀ
ਅਖ਼ਬਾਰਾਂ ਤੇ ਮੈਗਜ਼ੀਨਾਂ ‘ਚ ਤਾਂ ਰਿਪੋਰਟ ਪੂਰੀ ਹੀ ਛਪੇਗੀ। ਹਾਂ, ਰਿਪੋਰਟਿੰਗ ਦੌਰਾਨ ਜੋ
ਕੁਝ ਗੱਲਾਂ ਹੋਈਆਂ ਉਹ ਮੈਂ ਖ਼ੁਦ ਨੋਟ ਨਹੀਂ ਕਰ ਸਕਿਆ। ਨਹੀਂ ਤਾਂ ਮੈਂ ਖ਼ੁਦ ਰਿਪੋਰਟ
ਲਿਖਦਾ। ਖ਼ੈਰ, ਜਿਹੜੀ ਕਮੀ ਰਹਿ ਗਈ ਹੈ ਉਸ ਲਈ ਮਹਿਸੂਸ ਨਾ ਕਰੀਂ, ਅਜਿਹਾ ਕੁਝ ਜਾਣਬੁੱਝ ਕੇ
ਨਹੀਂ ਕੀਤਾ ਗਿਆ। ਮੈਂ ਤਸਵੀਰਾਂ ਆਉਂਦਾ ਜਾਂਦਾ ਕਦੇ ਦੇ ਜਾਵਾਂਗਾ। ਜਾਂ ਕਾਪੀਆਂ ਕਰਵਾ ਕੇ
ਪੋਸਟ ਕਰ ਦਿਆਂਗਾ। ਉਂਜ ਅੱਗੇ ਤੋਂ ਜਦੋਂ ਕਦੇ ਵੀ ਬੈਠੇ ਤਾਂ ਸਾਰਾ ਪ੍ਰੋਗਰਾਮ ਟੇਪ
ਰਿਕਾਰਡਰ ਰੱਖ ਕੇ ਰਿਕਾਰਡ ਕਰ ਲਿਆ ਕਰਾਂਗੇ ਤਾਂ ਕਿ ਰਿਪੋਰਟ ਉਸਦੇ ਆਧਾਰ ਤੇ ਲਿਖੀ ਜਾ
ਸਕੇ।
ਮੇਰੀ ਕਿਤਾਬ ਦਾ ਪਾਠ ਤੂੰ ਕੀਤਾ ਹੈ ਤੇ ਜਿਹੜੀ ਗੱਲ ਤੂੰ ਕੀਤੀ ਹੈ ਕਿ ਘਾੜਤ ਕਈ ਥਾਂਵਾਂ
ਤੇ ਸਿਰਜਣਾ ਤੇ ਭਾਰੂ ਹੈ, ਇਸ ਬਾਰੇ ਡਿਟੇਲ ‘ਚ ਡਿਸਕਸ ਕੀਤਾ ਜਾ ਸਕਦੈ। ਤੂੰ ਕਿਤਾਬ ਬਾਰੇ
ਪੇਪਰ ਲਿਖ ਲੈ ਆਪਣੇ ਅੰਦਾਜ਼ ਨਾਲ, ਤੇਰੀਆਂ ਚੰਗੀਆਂ ਰਾਵਾਂ/ਸੁਝਾਵਾਂ ਦੀ ਮੈਂ ਕਦਰ ਕਰਾਂਗਾ।
ਤੇ ਇਕ ਚੰਗੇ ਦੋਸਤ ਦੀ ਨਿਸ਼ਾਨੀ ਇਹੋ ਹੁੰਦੀ ਹੈ ਕਿ ਉਹ ਚੰਗੇ ਨੂੰ ਚੰਗੇ ਤੇ ਕਮਜ਼ੋਰ ਨੂੰ
ਕਮਜ਼ੋਰ ਆਖੇ ਤੇ ਵਧੀਆ ਤੇ ਉਸਾਰੂ ਰਾਇ ਦੇਵੇ ਤੇ ਤੇਰੀ ਆਲੋਚਨਾਤਮਕ ਦ੍ਰਿਸ਼ਟੀ ਅਜਿਹਾ ਕੰਮ ਹੀ
ਕਰੇਗੀ। ਮੈਨੂੰ ਪੂਰੀ ਉਮੀਦ ਐ।
ਮੇਰੇ ਉੱਖੜੇ ਮਨ ਨੂੰ ਤੂੰ ਕਿਵੇਂ ਭਾਂਪਿਆ ਹੈ, ਮੈਂ ਜਾਣਦਾ ਹਾਂ -
ਤੇ ਯਾਰ ! ਤੂੰ ਮੇਰੀਆਂ ਕਈ ਸਮੱਸਿਆਵਾਂ ਬਾਰੇ ਜਾਣੂੰ ਹੈਂ - ਅਕਸਰ ਸਾਡੇ ਨਾਲ ਅਜਿਹਾ ਕੁਝ
ਵਾਪਰਦਾ ਰਹਿੰਦਾ ਹੈ ਜੋ ਸਾਨੂੰ ਪ੍ਰੇਸ਼ਾਨ ਤਾਂ ਕਰਦਾ ਹੀ ਹੈ ਸਗੋਂ ਕੁਝ ਉਦਾਸ ਜਿਹੇ ਨਿਸ਼ਾਨ
ਚਿਹਰਿਆਂ ਤੇ ਵੀ ਛੱਡ ਜਾਂਦਾ ਹੈ। ਬਾਕੀ ਸਾਡੀ ਜ਼ਿੰਦਗੀ ਤੇ ਕਵਿਤਾ ਵਿਚ ਕੋਈ ਬਹੁਤਾ ਫਰਕ
ਨਹੀਂ ਹੁੰਦਾ। ਤੇ ਇਹ ਤੇਰੀ ਵਿਧੀ ਮੁਤਾਬਕ (ਕਾਵਿ ਤੋਂ ਕਾਵਿ-ਮੈਂ ਦੀ ਪਛਾਣ ਕਰਨੀ ਹੁੰਦੀ
ਹੈ) ਠੀਕ ਹੀ ਹੈ ਸ਼ਾਇਦ - ਆਉਂਦਾ-ਜਾਂਦਾ ਚੱਕਰ ਮਾਰੀਂ ਜੇ ਆਵੇਂ। ਬਹੁਤ ਮੋਹ ਨਾਲ,
ਤੇਰਾ,
ਸਵਰਨਜੀਤ ਸਵੀ
***
ਲੁਧਿਆਣਾ
17.10.90
ਪਿਆਰੇ ਬਲਦੇਵ ਧਾਲੀਵਾਲ,
ਤੇਰਾ ਨਵਾਂ ਪਤਾ ਮਿਲਣ ਤੇ ਲੱਗਿਆ ਕਿ ਹੁਣ ਮੇਰੇ ਖ਼ਤ ਨਾਲ ਪਹਿਲਾਂ ਵਰਗਾ ਸਲੂਕ ਨਹੀਂ ਹੋਣ
ਲੱਗਾ -
ਪਹਿਲਾ ਖ਼ਤ ਜਿਹੜਾ ਮੁੜ ਆਇਆ ਸੀ - ਉਹ ਵੀ ਜਿਉਂ ਦਾ ਤਿਉਂ ਵਾਪਸ ਪੋਸਟ ਕਰ ਰਿਹਾ ਹਾਂ -
ਪੜ੍ਹ ਲਵੀਂ ਭਾਵੇਂ ਕੁਝ ਮਹੀਨੇ ਪਹਿਲਾਂ ਪੜ੍ਹਨਾ ਚਾਹੀਦਾ ਸੀ -
ਬਾਕੀ ਭਰਾਵਾ ਪੱਥਰ ਹੁੰਦੇ ਤਾਂ ਇਹੋ ਜਿਹੀ ਜੂਨ ਨਾ ਪੈਂਦੇ। ਪੱਥਰ ਕਈ ਵਾਰ ਇਸ ਗੱਲੋਂ ਚੰਗੇ
ਲਗਦੇ ਐ ਕਿ ਮਸਤੀ ‘ਚ ਤਾਂ ਰਹਿੰਦੇ ਨੇ ਪਰ ਆਪਾਂ - ਬਸ ਐਵੇਂ ਭਰਮ-ਜਾਲ ਵਿਚ ਹੀ ਭੁਗਤ
ਜਾਂਦੇ ਹਾਂ - ਮੈਂ 31 ਨੂੰ ਜਲੰਧਰ ਆਵਾਂਗਾ। ਰੇਡੀਓ ਦਾ ਰਿਕਾਰਡਿੰਗ ਹੈ ਤੇ ਜੇ ਤੂੰ 12 ਕੁ
ਵਜੇ ਦੇ ਕਰੀਬ ਜਾਂ ਕੁਝ ਪਹਿਲਾਂ ਹੀ ਉਥੇ ਮਿਲ ਜਾਵੇਂ ਤਾਂ ਬੈਠਕੇ ਗੱਲਾਂ ਕਰਾਂਗੇ ਤੇ ਜੇ
ਤੂੰ ਨਾ ਆਵੇਂ ਤਾਂ ਮੈਂ ਘਰ ਆਵਾਂਗਾ ਤੇ ਜੇ ਤੂੰ ਉਥੇ ਵੀ ਨਾ ਮਿਲੇਂ ਤਾਂ ਵਾਪਸ ਆ
ਜਾਵਾਂਗਾ।
ਆਤਮਯਾਦ ! ਅੱਜ ਕੱਲ੍ਹ ਤੇਰੀਆਂ ਬਹੁਤ ਗੱਲਾਂ ਕਰਦਾ ਹੈ -
ਤੇਰੀ ਲੱਛੇਦਾਰ ਭਾਸ਼ਾ ਦਾ ਬੜਾ ਕਾਇਲ ਹੈ ਤੇ ਚੁਟਕਲੇ ਤਾਂ ਉਹ ਖ਼ੁਦ ਵੀ ਪਤੰਦਰ ਬਹੁਤ ਘੜ
ਲੈਂਦਾ - ਇਹ ਨਵਾਂ ਪਤਾ ਜੇਕਰ ਸਥਾਈ ਹੈ ਅਰਥਾਤ ਤੂੰ ਘਰ ਲੈ ਲਿਆ ਹੈ ਤਾਂ ਪੇਸ਼ਗੀ ਮੁਬਾਰਕਾਂ
- ਖ਼ਤ ਜਦੋਂ ਲਿਖਦਾ ਹੁੰਨਾਂ ਤਾਂ ਚੱਜ ਨਾਲ ਲਿਖ ਦਿਆ ਕਰ ਐਵੇਂ ਉਲਾਂਭਾ ਜਿਹਾ ਲਾਹ ਛੱਡਦੈਂ
- ਹੋਰ ਸਾਗਰ ਹੁਰੀਂ ਮਿਲਦੇ ਨੇ ਕਿ ਨਹੀਂ -
ਭਾਉ ਕਿਤਾਬ ਜੇ ਪੜ੍ਹ ਲਈ ਹੈ ਤਾਂ ਉਸ ਬਾਰੇ ਚਾਰ-ਛੇ ਸਫੇ ਈ ਲਿਖ ਛੱਡ ਕਦੇ ਕੰਮ ਆ ਜਾਣਗੇ -
ਹਾਂ ਯਾਰ ਕੱਲ੍ਹ ਦੀਵਾਲੀ ਹੈ ਤੇ ਏਸ ਮੌਕੇ ਤੇ ਮੈਂ ਏਥੇ ਬੈਠਾ ਈ ਤੇਰੀਆਂ ਸਾਰੀਆਂ ਖੁਸ਼ੀਆਂ
‘ਚ ਸ਼ਿਰਕਤ ਕਰ ਰਿਹਾਂ - ਸ਼ਿਰਕਤ ਕਬੂਲੀਂ। ਮੋਹ ਨਾਲ,
ਤੇਰਾ,
ਸਵਰਨਜੀਤ ਸਵੀ
ਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਵਧੇਰੇ ਸਾਂਝ ਨੌਵੇਂ ਦਹਾਕੇ ਦੇ ਪਿਛਲੇ ਅੱਧ
ਦੌਰਾਨ ਪਈ। ਉਸ ਵਕਤ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਐਮ.ਫ਼ਿਲ. ਕਰ ਰਿਹਾ ਸੀ ਅਤੇ
ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੀ ਪੀ-ਐੱਚ.ਡੀ. ਮੁਕੰਮਲ ਕਰਨ ਲਈ ਹੋਸਟਲ ਰਹਿਣ ਲਗਦਾ
ਸਾਂ। ਫਿਰ ਲੰਮੇ ਸਮੇਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਮੇਰਾ ਪੀ-ਐੱਚ.ਡੀ.
ਦਾ ਵਿਦਿਆਰਥੀ ਬਣ ਕੇ ਵੀ ਆਇਆ। ਪਰ ਰਿਸ਼ਤਾ ਦੋਸਤੀ ਵਾਲਾ ਰਿਹਾ।
ਪਿੰਡ ਕੋਹਾਰ ਵਾਲਾ (ਫਰੀਦਕੋਟ)
28.9.90
ਬਹੁਤ ਪਿਆਰੇ ਧਾਲੀਵਾਲ !
ਤੁਹਾਡੇ ਖ਼ਤਾਂ ਦਾ ਵੇਲੇ ਸਿਰ ਜਵਾਬ ਨਾ ਦੇਣ ਵਿਚ ਮੇਰੀ ਮਰਜ਼ੀ ਨਹੀਂ ਸੀ, ਮਹਿਜ਼ ਅਲਗਰਜ਼ੀ ਸੀ।
ਅਲਗਰਜ਼ੀ ਵੀ ਜਿਹੜੀ ਮੈਨੂੰ ਮਹਿਜ਼ ਆਪਣੀ ਸੁਸਤੀ ਜਾਪਦੀ ਰਹਿੰਦੀ ਹੈ। ਉਂਜ ਮੈਨੂੰ ਤੁਹਾਡੇ
ਵਰਗੇ ਲੋਕਾਂ ਦੀ ਦੋਸਤੀ ਹਾਸਲ ਕਰਨਾ ਓਨਾ ਹੀ ਚੰਗਾ ਲਗਦਾ ਹੈ ਜਿੰਨਾ ਕਿ ਇਹ ਲੱਗਣਾ ਚਾਹੀਦਾ
ਹੈ।
ਤੁਹਾਡੇ ਨਾਲ ਗੱਲਾਂ ਤੇ ਮੁਲਾਕਾਤਾਂ ਦੀ ਯਾਦ ਤਾਜ਼ੀ ਹਵਾ ਵੱਲ ਖੁੱਲ੍ਹੀ ਖਿੜਕੀ ਵਾਂਗ ਆਉਂਦੀ
ਹੈ ਜਿਸਦੇ ਨਿੱਘ ਤੇ ਅਪਣੱਤ ਦੇ ਅਹਿਸਾਸ ਨਾਲ ਬੰਦਾ ਹੋਰ ਹਰਾ ਅਤੇ ਤਰਲ ਹੁੰਦਾ ਹੈ। ਇਹੋ
ਜਿਹੇ ਰਿਸ਼ਤਿਆਂ ਨੂੰ ਮੈਂ ਬਹੁਤ ਮਹਿੰਗੇ ਰਿਸ਼ਤੇ ਮੰਨਦਾ ਹਾਂ।
ਫਿਲਹਾਲ ਮੈਂ ਯੂਨੀਵਰਸਿਟੀ ਨੂੰ ਖ਼ੈਰਬਾਦ ਆਖਕੇ ਪਿੰਡ ਆ ਗਿਆ ਹਾਂ। ਬਿਜਲੀ ਬੋਰਡ ਦੀ ਨੌਕਰੀ
ਬਚਾਈ ਰੱਖਣ ਲਈ ਮੈਨੂੰ ਅਚਾਨਕ ਆਉਣਾ ਪਿਆ ਹੈ। ਦੁਬਾਰਾ ਉਸੇ ਕਲਚਰ ‘ਚ ਸ਼ਾਮਲ ਹੋਣਾ ਥੋੜ੍ਹਾ
ਅਜੀਬ ਵੀ ਲੱਗ ਰਿਹੈ ਤੇ ਔਖਾ ਵੀ।
ਪਿੰਡ ਆ ਕੇ ਸ਼ਾਇਦ ਮੈਂ ਆਪਣੇ ਅਨੁਸ਼ਾਸਨ ਫੇਰ ਤੋਂ ਬਹਾਲ ਕਰ ਲਵਾਂ। ਪੜ੍ਹਨ-ਲਿਖਣ ਦਾ
ਸਿਲਸਿਲਾ ਗੰਭੀਰਤਾ ਨਾਲ ਤੋਰਾਂ। ਜੇ ਕਦੇ ਏਧਰ ਪਿੰਡਾਂ ਵੱਲ ਗੇੜਾ ਵਜੇ ਤਾਂ ਪਿੰਡ ਆਉਣ ਦਾ
ਸਬੱਬ ਬਣਾ ਲੈਣਾ। ਮਿਲ ਬੈਠਾਂਗੇ।
ਓਨੀ ਦੇਰ ਚਿੱਠੀ-ਪੱਤਰ ਹੁੰਦਾ ਰਹੇ ਤਾਂ ਚੰਗਾ ਹੈ।
ਇਹ ਗੱਲ ਮੈਂ ਆਪਣੇ ਆਪ ਨੂੰ ਬਹੁਤੀ ਕਹਿ ਰਿਹਾ ਹਾਂ।
ਭਾਬੀ ਜੀ ਤੇ ਭਤੀਜੇ ਲਈ ਯਾਦ !
ਮੋਹ ਨਾਲ ਤੁਹਾਡਾ
ਗੁਰਤੇਜ
ਪ੍ਰਸਿੱਧ ਲੇਖਿਕਾ ਕਾਨਾ ਸਿੰਘ ਨਾਲ ਸਾਹਿਤਕ ਸਾਂਝ ਬਣੀਂ ਰਹੀ ਹੈ।
ਮੋਹਾਲੀ
8.2.07
ਧੰਨਵਾਦ ਲਈ ਧੰਨਵਾਦ !
ਬਲਦੇਵ ਜੀ,
ਚੰਗਾ ਲੱਗਾ ਤੁਹਾਡਾ ਹੁੰਗਾਰਾ। ਹੋਰ ਲਿਖਣ ਦੀ ਪ੍ਰੇਰਨਾ ਮਿਲਦੀ ਹੈ ਸੁਹਿਰਦ ਮਿੱਤਰਾਂ ਦੇ
ਖ਼ਤਾਂ ਤੋਂ।
ਅੱਜ ਕੱਲ੍ਹ ਕੰਪਿਊਟਰ ਦੋਸਤ ਬਣ ਗਿਆ ਹੈ, ਡਾਢਾ ਤੰਗ ਕਰਦਾ ਹੈ। ਬੜਾ ਵਕਤ ਲੈ ਜਾਂਦਾ ਹੈ ਤੇ
ਵਕਤ ਹੈ ਹੀ ਕਿਤਨਾ ਕੁ ਮੇਰੇ ਕੋਲ।
ਆਪਣਾ ਈ-ਮੇਲ ਪਤਾ ਲਿਖ ਭੇਜੋ ਤਾਂ ਜੁ ਮੇਰੀ ਪ੍ਰੈਕਟਿਸ ਦੀ ਪ੍ਰਕਿਰਿਆ ਵਿਚ ਤੁਹਾਡੀ ਵੀ
ਸ਼ਮੂਲੀਅਤ ਹੋ ਜਾਵੇ।
‘ਖੁਸ਼ਬੂ ਮਾਰੀਆ‘ ਪੁਚਾਉਣ ਦੇ ਤਜਰਬੇ ਨੇ ਸਬਕ ਦਿੱਤਾ ਹੈ ਕਿ ਕਦੇ ਵੀ ਕਿਸੇ ਨੂੰ ਵੀ
‘ਕਿਤਾਬ‘ ਕਿਸੇ ਦੇ ਹੱਥੀਂ ਨਾ ਭੇਜੀ ਜਾਵੇ। ਤੇ ਹੋਰ ਸੁਣੋ, ਬੁੱਕ ਪੋਸਟ ਕੋਰੀਅਰ ਨਾਲੋਂ ਵੀ
ਵਧੇਰੇ ਮੱਦਦਗਾਰ ਸਾਬਤ ਹੋ ਰਹੀ ਹੈ। ਮੈਂ ਤਾਂ ਹੁਣ ਬੁੱਕ ਪੋਸਟ ਹੀ ਕਰਦੀ ਹਾਂ ਕਿਤਾਬ -
ਸ਼ੁਭ ਇੱਛਾਵਾਂ।
ਕਾਨਾ
***
ਖ਼ਤ ਮਿਲਿਆ !
ਹਾਰਦਿਕ ਧੰਨਵਾਦੀ ! ਪਿਆਰੇ ਬਲਦੇਵ ਜੀ,
ਮੈਨੂੰ ਅਫਸੋਸ ਹੈ ਮੇਲ ਨਹੀਂ ਹੋਇਆ, ਤੁਸੀਂ ਚਿੱਟ ਹੀ ਸੁੱਟ ਜਾਂਦੇ। ਉਂਜ ਮੈਂ 99ਗ਼ ਘਰ ਹੀ
ਹੁੰਦੀ ਹਾਂ ਕਿਉਂਕਿ ਅਕਾਦਮੀ ਸਵੇਰੇ ਸ਼ਾਮ ਮੇਰੀ ਹਾਜ਼ਰੀ ਮੰਗਦੀ ਹੈ। ਤੁਹਾਡਾ ਸੀਰੀਅਲ
(ਸਫ਼ਰਨਾਮਾ) ਪੜ੍ਹਦੀ ਰਹੀ ਹਾਂ, ਪਰ ਖ਼ਤ ਦੀ ਸੁਸਤੀ ਰੂਹ ਵਿਚ ਘਰ ਕਰ ਗਈ ਜਾਪਦੀ ਹੈ ਜਾਂ ਇਉਂ
ਸਮਝੋ ਕਿ ਸਾਰੀ ਸ਼ਕਤੀ ਬਿਜਨਸ ਹੀ ਨਿਚੋੜ ਲੈਂਦਾ ਹੈ। ਜੇ ਹੁਣ ਕਦੇ ਆਵੋ ਤਾਂ ਬੜੀ ਖੁਸ਼ੀ
ਹੋਵੇ ਪਰ ਪਹਿਲਾਂ ਫੋਨ ਕਰ ਦੇਣਾ ਤਾਂ ਜੋ ਮਾਯੂਸ ਨਾ (ਮੈਨੂੰ ਜਿਆਦਾ) ਹੋਣਾ ਪਵੇ।
ਗੁਰਦੀਪ ਜੀ ਦਾ ਬੜਾ ਹੀ ਲੰਮਾ ਤੇ ਨਿੱਘਾ ਫੋਨ ਕਨੇਡਾ ਤੋਂ ਮਹੀਨਾ ਕੁ ਪਹਿਲਾਂ ਆਇਆ ਸੀ।
ਉਹਨਾਂ ਪੁਸਤਕ ਦੀ ਵਧਾਈ ਤੇ ਆਪਣੇ ਪ੍ਰਤੀਕਰਮ ਵਜੋਂ ਗੱਲ ਕੀਤੀ ਸੀ। ਮੈਂ ਕਿਤਾਬ ਭੇਜਣ ਦੀ
ਖੁਸ਼ੀ ਲੈਣੀ ਚਾਹੁੰਦੀ ਹਾਂ, ਪਰ ਜੇ ਤੁਸੀਂ ਭੇਜ ਸਕੋ - ਦੱਸੋ ਤੁਹਾਡੇ ਤੱਕ ਕਿਵੇਂ (ਤੁਹਾਡੀ
ਵੀ) ਪੁਚਾਵਾਂ। ਜੇ ਆਉਣਾ ਹੋਵੇ ਤਾਂ ਛੇਤੀ ਦੱਸੋ ਜਾਂ ਕਿਸੇ ਆਉਂਦੇ-ਜਾਂਦੇ ਹੱਥ ਭੇਜ ਦੇਵੋ।
ਮੈਂ ਪੋਸਟ ਰਾਹੀਂ (ਕਨੇਡਾ) ਨਹੀਂ ਭੇਜ ਸਕਾਂਗੀ।
ਗੁਰਦੀਪ ਵਰਗਾ ਇਕ ਵੀ ਸੁਹਿਰਦ ਪਾਠਕ ਮਿਲਣਾ ਸੌ ਆਲੋਚਕਾਂ ਤੋਂ ਕਿਤੇ ਵੱਧ ਹੈ ਤੇ ਤੁਹਾਡੀ
ਰਾਇ ਦੀ ਵੀ ਮੈਨੂੰ ਉਤਨੀ ਹੀ ਉਡੀਕ ਹੈ।
ਕਾਨਾ
ਗੁਰਪ੍ਰੀਤ ਗਰੇਵਾਲ ਨਾਲ ਲੇਖਕ-ਪਾਠਕ ਵਾਲਾ ਰਿਸ਼ਤਾ ਰਿਹਾ।
ਨੰਗਲ ਡੈਮ
ਜੂਨ 30, 2003
ਸਤਿਕਾਰਤ ਡਾ. ਧਾਲੀਵਾਲ ਜੀ,
ਮੈਂ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਇਕ ਦੋਸਤ ਦੇ ਖ਼ੂਬਸੂਰਤ ਘਰ ‘ਚ ਰਹਿ ਰਿਹਾ ਹਾਂ। ਦੋਸਤ
ਪਰਿਵਾਰ ਸਮੇਤ ਬਾਹਰ ਗਿਆ ਹੈ ਤੇ ਮੇਰਾ ਪਰਿਵਾਰ ਅਜੇ ਹੈ ਈ ਨੀ। ਇਸ ਸ਼ਾਂਤ ਘਰ ‘ਚ ਨਾ ਤਾਂ
ਦਰਵਾਜ਼ੇ ਦੀ ਤੇ ਨਾ ਹੀ ਟੈਲੀਫੋਨ ਦੀ ਘੰਟੀ ਵੱਜ ਰਹੀ ਹੈ। ਇਸ ਸ਼ਾਂਤ ਤੇ ਖ਼ੂਬਸੂਰਤ ਘਰ ‘ਚ
ਤੁਹਾਡੇ ਖ਼ੂਬਸੂਰਤ ਲੇਖ ‘ਕਿਨਾਰਿਆਂ ‘ਚ ਘਿਰੇ ਸਾਗਰ‘ ਨੇ ਮਨ ਨੂੰ ਸਕੂਨ ਤੇ ਚਿਹਰੇ ਨੂੰ
ਮੁਸਕਾਨ ਦਿੱਤੀ ਹੈ। ਤੁਸੀਂ ਹਾਸੇ ਹਾਸੇ ‘ਚ ਬਹੁਤ ਗੰਭੀਰ ਗੱਲਾਂ ਕੀਤੀਆਂ ਹਨ। ਤੁਹਾਡੇ
ਲਿਖਣ ਦਾ ਢੰਗ ਬਹੁਤ ਸੋਹਣਾ ਹੈ ਕਿਉਂਕਿ ਤੁਹਾਡੀ ਕਹੀ ਗੱਲ ਨੂੰ ਹਰ ਆਮ ਪਾਠਕ ਸਮਝ ਸਕਦਾ
ਹੈ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਨੂੰ ਪੰਜਾਬੀ ਯੂਨੀਵਰਸਿਟੀ ‘ਚ ‘ਸਮੇਂ ਦੇ
ਵਹਿਣ‘ ਦੀ ਘੁੰਡ ਚੁਕਾਈ ਵੇਲੇ ਮਿਲ ਚੁੱਕਾ ਹਾਂ। ਅਸੀਂ ਯਤਨ ਕਰ ਰਹੇ ਹਾਂ ਕਿ ਤੁਹਾਨੂੰ
ਨੰਗਲ ਸੱਦ ਕੇ ਤੁਹਾਡੇ ਤੋਂ ਕੁਝ ਗਿਆਨ ਦੀਆਂ ਗੱਲਾਂ ਸਿੱਖ ਸਕੀਏ। ਦਵਿੰਦਰ ਸ਼ਰਮਾ ਜੀ ਜਦੋਂ
ਵੀ ਮਿਲਦੇ ਹਨ, ਤੁਹਾਡੇ ਬਾਰੇ ਤੇ ਤੁਹਾਡੀ ਜ਼ਿੰਦਗੀ ਬਾਰੇ ਬਹੁਤ ਹੀ ਖ਼ੂਬਸੂਰਤ ਗੱਲਾਂ ਦੱਸਦੇ
ਹਨ।
ਤੁਹਾਡਾ ਸ਼ੁਭਚਿੰਤਕ,
ਗੁਰਪ੍ਰੀਤ ਗਰੇਵਾਲ
***
-0-
|