Welcome to Seerat.ca
|
|
ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ
- ਗੁਰਨਾਮ ਢਿੱਲੋਂ
|
ਪੰਜਾਬੀ ਭਾਸ਼ਾ ਦੇ ਸਾਹਿਤ ਵਿੱਚ "ਮੁਸ਼ਤਾਕ" ਜੀ ਦਾ ਨਾਮ ਕਿਸੇ ਪਰੀਚੇ ਦਾ
ਮੁਥਾਜ ਨਹੀਂ ।ਉਹ ਹਥਲੀ ਪੁਸਤਕ ਬਾਤਾਂ ਸ਼ਾਤਾਂ ਤੋਂ ਪਹਿਲਾਂ ਨੌ ਕਾਵਿ ਪੁਸਤਕਾਂ ਪੰਜਾਬੀ,
ਦੋ ਗਜ਼ਲ ਸੰਗ੍ਰਹਿ ਅਤੇ ਇਕ ਕਾਵਿ ਸੰਗ੍ਰਹਿ ਉਰਦੂ ਅਤੇ ਇਕ ਕਾਵਿ ਸੰਗ੍ਰਹਿ ਹਿੰਦੀ ਭਾਸ਼ਾਵਾਂ
ਵਿੱਚ ਰਚ ਚੁੱਕੇ ਹਨ ।
ਬ੍ਰਤਾਨੀਆ ਦੇ ਸਾਰੇ ਲੇਖਕ ਜਾਣਦੇ ਹਨ ਕਿ ਮੁਸ਼ਤਾਕ ਮੇਰਾ ਨਿਕਟ ਵਰਤੀ ਮਿੱਤਰ ਹੈ ਪਰੰਤੂ
ਆਪਣੇ ਮਿੱਤਰਾਂ ਦੀਆਂ ਰਚਨਾਵਾਂ ਬਾਰੇ ਲਿਖਣ ਲੱਗਿਆਂ ਮੈਂ ਉਹਨਾਂ ਨਾਲੋਂ ਦੂਰੀ ਸਿਰਜ ਲੈਂਦਾ
ਹਾਂ ।
"ਬਾਤਾਂ ਸ਼ਾਤਾਂ " ਦਾ ਸਰਵਰਕ ਕਲਾਮਈ ਹੋਂਣ ਕਾਰਨ ਸੱਭ ਤੋਂ ਪਹਿਲਾਂ ਧਿਆਨ ਖਿੱਚਦਾ ਹੈ ਜੋ
ਸਵਰਨਜੀਤ ਸਵੀ ਜੀ ਨੇ ਚਿੱਤਰਿਆ ਹੈ ਪਰ ਮੈਂ ਪੁਸਤਕ ਦੇ ਨਾਮ ਨਾਲ ਸਹਿਮਤ ਨਹੀਂ ।ਕਵਿਤਾ
ਕੁੱਝ ਵੀ ਹੋਰ ਹੋਵੇ ਪਰ " ਬਾਤਾਂ ਸ਼ਾਤਾਂ " ਬਿਲਕੁਲ ਨਹੀਂ ਹੁੰਦੀ । ਹਾਂ , "ਬਾਤਾਂ ਸ਼ਾਤਾਂ
" ਕਵਿਤਾ ਦੀ ਕੱਚੀ ਸਾਮੱਗਰੀ ਹੋ ਸਕਦੀਆਂ ਹਨ ਜੇ ਉਹ ਸਮਾਜਕ ਜੀਵਨ ਦੇ ਵਸਤੂਗਤ ਯਥਾਰਥ ਨੂੰ
ਬਿਆਨ ਕਰਦੀਆਂ ਹੋਣ ਪਰੰਤੂ "ਸ਼ਾਤਾਂ " ਸ਼ਬਦ ਏਥੇ ਫਿਰ ਵੀ ਨਿਰਾਰਥ ਹੈ । ਸੱਚੀਆਂ ਜਾਂ ਅਸਲੀ
ਬਾਤਾਂ ਨੂੰ ਆਪਣੀ ਕਲਾ ਕੌਸ਼ਲਤਾ ਰਾਹੀਂ ਸ਼ਾਇਰ ਜਦੋਂ ਸਜੀਵ ਕਾਵਿ ਵਿੱਚ ਰੂਪਾਂਤਰਣ ਕਰਦਾ ਹੈ
ਤਾਂ ਉਹ ਕਵਿਤਾਵਾਂ ਬਣਦੀਆਂ ਹਨ ਜਿਸ ਦੇ ਪਰਮਾਣ ਇਸ ਪੁਸਤਕ ਵਿੱਚ ਉਪਲਭਦ ਹਨ ।
ਇਸ ਪੁਸਤਕ ਵਿੱਚ "ਮੁਸ਼ਤਾਕ " ਜੀ ਨੇ ਸਮਾਜਕ ਯਥਾਰਥ ਦੇ ਨਾਲ ਆਪਣੇ ਵਿਅੱਕਤੀਗਤ ਯਥਾਰਥ ਦਾ
ਵੀ ਕਿਤੇ ਸਿੱਧੀ , ਸਰਲ ਭਾਸ਼ਾ ਅਤੇ ਕਿਤੇ ਭਿੰਨ ਭਿੰਨ ਰੂਪਕਾਂ ਰਾਹੀਂ ਖੂਬਸੂਰਤ ਚਿਤਰਨ
ਕੀਤਾ ਹੈ ਜਿਵੇਂ -
ਮੇਰੇ ਆਲੋਚਕ !
ਤੂੰ ਸੱਚਾ ਹੈਂ,
ਆਪਣੀ ਰੂਹ ਦੀ ਸੁਨਿਹਰੀ ਤਸਵੀਰ
ਮੈਂਨੂੰ ਕਦੇ ਵੀ
ਹੋਰੂੰ ਹੋਰੂੰ ਨਹੀਂ ਲੱਗੀ
ਮੱਥੇ ਤੇ ਉਗਿਆ ਕਾਲਾ ਤਿਲ
ਪੋਟਿਆਂ ਨੂੰ ਅਜਨਬੀ ਨਹੀਂ ਲਗਦਾ । ( ਪੰਨਾ 26 )
ਮੇਰੀ ਜਾਚੇ ਉਪਰੋਕਤ ਪੰਗਤੀਆਂ ਗੱਦ-ਕਾਵਿ ਦਾ ਰੂਪ ਹਨ ।
ਪੁਸਤਕ ਦੇ ਆਰੰਭ ਵਿੱਚ "ਮੁਸ਼ਤਾਕ "ਜੀ ਦੇ ਕੁੱਝ ਸ਼ਿਅਰ ਵੀ ਸਮਿਲਿਤ ਹਨ । ਇਕ ਸ਼ਿਅਰ ਹਾਜ਼ਰ ਹੈ
-
ਸਾਰੀ ਰਾਤ ਹਨੇਰੇ ਦੀ ਚਾਦਰ ਉੱਤੇ
ਤੇਰੀ ਯਾਦ ਦੇ ਜੁਗਨੂੰ ਮਚਲਦੇ ਰਹੇ ।
ਇਸ ਪੁਸਤਕ ਵਿੱਚ ਕੁੱਝ ਕਵਿਤਾਵਾਂ ਅਜਿਹੀਆਂ ਹਨ ਜਿਹਨਾਂ ਵਿੱਚ ਸ਼ਾਇਰ ਨੇ ਆਪਣੇ ਮਨ ਦੀ
ਉਦਾਸੀ ਦਾ ਸ਼ਾਬਦਿਕ ਪ੍ਰਗਟਾ ਕੀਤਾ ਹੈ ਜਿਵੇਂ -
ਬੱਸ ਹੁਣ ਤਾਂ ਹਵਾ ਦਾ ਬੋਝ
ਮੋਢਿਆਂ ਤੇ ਸਜਾਈ ਬੈਠਾ ਹਾਂ
ਕੋਈ ਹੱਸਦੀ ਚਿੜੀ
ਕੰਨਾਂ :ਚ ਹੁਣ
ਫੜਫੜਾਉਂਦੀ ਨਹੀਂ । ( ਪੰਨਾ 75 )
ਪੁਸਤਕ ਦੇ ਪਿੱਠਵਰਕ ਅੁੱਤੇ ਲਿਖੀਆਂ ਹੇਠਲੀਆਂ ਸਤਰਾਂ ਉਚੇਚਾ ਧਿਆਨ ਮੰਗਦੀਆਂ ਹਨ-
ਇਹ ਦੁਨੀਆਂ ਤਾਂ ਦੁਨੀਆਂ ਹੈ
ਇਸ ਨੇ ਐਦਾਂ ਹੀ ਰਹਿਣਾ ਹੈ
ਯਸੂ, ਨਾਨਕ ਤੇ ਕਈ ਹੋਰਾਂ
ਇਹਦੇ ਵਿੰਗ ਠੀਕ ਕਰ ਵੇਖੇ
ਸਾਰੀ ਵਾਹ ਲਾ ਲਈ
ਇਹਦੀ ਪੂਛ ਫੇਰ ਵੀ
ਅਜੇ ਤੱਕ ਵਿੰਗੀ ਹੀ ਰਹੀ
ਨਾ ਇਸਦੀ ਚਾਲ ਬਦਲੀ ਹੈ
ਨਾ ਹੀ ਜ਼ੁਲਮ ਦੀ ਕਥਾ ਬਦਲੀ ਹੈ ।
"ਮੁਸ਼ਤਾਕ" ਦੇ ਉਪਰੋਕਤ ਫਲਸਫ਼ੇ ਨਾਲ ਮੈਂ ਸਹਿਮਤ ਨਹੀਂ । ਇਹ ਜੜ-ਚੇਤਨਾ ਹੈ । ਸਮਾਜ ਅਥਵਾ
ਦੁਨੀਆਂ ਪਰਵਰਤਨਸ਼ੀਲ ਹੋਂਣ ਦੇ ਨਾਲ ਵਿਕਾਸਸ਼ੀਲ ਵੀ ਹੈ ਅਤੇ ਸ਼੍ਰੇਣੀ ਘੋਲ ਇਸ ਪਰਵਰਤਨਸ਼ੀਲਤਾ
ਦੇ ਕੇਂਦਰ ਵਿੱਚ ਰਹਿੰਦਾ ਹੈ ।
"ਮੁਸ਼ਤਾਕ" ਜੀ ਦੀ ਧੁਰ "ਆਤਮਾ" ਨਾਲ ਰਸਾਈ ਕਰਨ ਲਈ ਇਸ ਪੁਸਤਕ ਦਾ ਪਾਠ ਕਰਨਾ ਜਰੂਰੀ ਹੈ ।
-0- |
|