ਕਈ ਵਾਰ ਪੁੱਛ ਲਿਆ ਜਾਂਦਾ
ਹੈ ਕਿ ਮੈਨੂੰ ਆਪਣੀ ਕਿਹੜੀ ਕਹਾਣੀ ਸਭ ਤੋਂ ਚੰਗੀ ਲੱਗਦੀ ਹੈ। ਉਂਜ ਤਾਂ ਮੇਰੀਆਂ ਲਗਭਗ
ਸਾਰੀਆਂ ਕਹਾਣੀਆਂ ਬਾਰੇ ਹੀ ਬੜਾ ਹੁਲਾਰਵਾਂ ਪ੍ਰਤੀਕਰਮ ਹੋਇਆ, ਪਰ ‘ਅੰਗ-ਸੰਗ’, ‘ਕਿੱਥੇ
ਗਏ!’, ‘ਡੁੰਮ੍ਹ’, ‘ਸੁਨਹਿਰੀ ਕਿਣਕਾ’, ‘ਵਾਪਸੀ’, ‘ਭੱਜੀਆਂ ਬਾਹੀਂ’, ‘ਆਪਣਾ ਆਪਣਾ
ਹਿੱਸਾ’, ‘ਮੈਂ ਹੁਣ ਠੀਕ ਠਾਕ ਹਾਂ’ ਤੇ ‘ਨੌਂ ਬਾਰਾਂ ਦਸ’ ਕਹਾਣੀਆਂ ਦੀ ਚਰਚਾ ਕੁੱਝ ਵਧੇਰੇ
ਹੀ ਹੋਈ। ਇਸ ਚਰਚਾ ਦੇ ਆਧਾਰ ‘ਤੇ ਵੀ ਕਿਸੇ ਕਹਾਣੀ ਨੂੰ ਕੁੱਝ ‘ਵੱਧ ਚੰਗਾ’ ਕਿਹਾ ਜਾ ਸਕਦਾ
ਹੈ। ਪਰ ਪਾਠਕਾਂ ਦੀ ਪਸੰਦ ਦੇ ਨਾਲ ਨਾਲ ਜੇ ਮੈਂ ਆਪਣੀ ਪਸੰਦ ਵੀ ਸ਼ਾਮਲ ਕਰਨੀ ਹੋਵੇ ਤਾਂ
ਮੈਂ ਇਹਨਾਂ ਵਿਚੋਂ ‘ਸੁਨਹਿਰੀ ਕਿਣਕਾ’, ‘ਵਾਪਸੀ’, ‘ਮੈਂ ਹੁਣ ਠੀਕ ਠਾਕ ਹਾਂ’ ਤੇ ‘ਨੌਂ
ਬਾਰਾਂ ਦਸ’ ਨੂੰ ਵਧੇਰੇ ਦਿਲ ਦੇ ਨਜ਼ਦੀਕ ਸਮਝਦਾ ਹਾਂ। ‘ਦਿਲ ਦੇ ਨਜ਼ਦੀਕ’ ਹੋਣ ਦਾ ਕਾਰਨ ਇਹ
ਨਹੀਂ ਕਿ ਇਹਨਾਂ ਵਿੱਚ ਮੇਰਾ ਨਿੱਜੀ ਆਪਾ ਸ਼ਾਮਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਕੰਮਲ
ਪਾਤਰ ਵਜੋਂ ਭਾਵੇਂ ਨਾ ਸਹੀ ਪਰ ਬਹੁਤ ਸਾਰੇ ਪਾਤਰਾਂ ਵਿੱਚ ਲੇਖਕ ਟੋਟੇ ਟੋਟੇ ਹੋ ਕੇ
ਖਿਲਰਿਆ ਪਿਆ ਹੁੰਦਾ ਹੈ। ਰਚਨਾ ਵਿੱਚ ਕਾਰਜਸ਼ੀਲ ਰਚਨਾਤਮਕ-ਦ੍ਰਿਸ਼ਟੀ ਪੱਖੋਂ ਤਾਂ ਹਰੇਕ ਲਿਖਤ
ਵਿੱਚ ਲੇਖਕ ਕਿਤੇ ਨਾ ਕਿਤੇ ਹਾਜ਼ਰ ਹੁੰਦਾ ਹੀ ਹੈ। ਕਹਿਣ ਤੋਂ ਭਾਵ ਕੇਵਲ ਏਨਾ ਹੈ ਕਿ ਇਹਨਾਂ
ਕਹਾਣੀਆਂ ਵਿੱਚ ਨਾ ਮੈਂ ਤੇ ਨਾ ਹੀ ਮੇਰਾ ਲਹੂ ਦੇ ਰਿਸ਼ਤੇ ਪੱਖੋਂ ਕੋਈ ਨਜ਼ਦੀਕੀ ਕਿਸੇ ਪਾਤਰ
ਦੀ ਸ਼ਕਲ ਵਿੱਚ ਹਾਜ਼ਰ ਹੈ।
ਇਹਨਾਂ ਚਾਰ ਕਹਾਣੀਆਂ ਵਿਚੋਂ ਅੱਗੇ ਫਿਰ ਚੋਣ ਕਰਨੀ ਹੋਵੇ ਤਾਂ ਬਹੁਤੇ ਪਾਠਕਾਂ ਦਾ ਇੱਕ
ਵੱਡਾ ਹਿੱਸਾ ‘ਮੈਂ ਹੁਣ ਠੀਕ ਠਾਕ ਹਾਂ’ ਦਾ ਪ੍ਰਸੰਸਕ ਹੈ; ਪਰ ਮੈਨੂੰ ‘ਵਾਪਸੀ’ ਦਾ ਪੱਲੜਾ
ਥੋੜਾ ਕੁ ਵੱਧ ਝੁਕਿਆ ਨਜ਼ਰ ਆਉਂਦਾ ਹੈ। ਇਸਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਜਦੋਂ ਵੀ ਕਦੀ
ਮੈਂ ਇਸ ਕਹਾਣੀ ਨੂੰ ਪੜ੍ਹਨ ਬੈਠਦਾ ਹਾਂ ਤਾਂ ਇਸਦੀ ਪੇਸ਼ਕਾਰੀ ਦਾ ਅੰਦਾਜ਼, ਭਾਸ਼ਾ ਦਾ ਸੁਹਜ,
ਰਿਸ਼ਤਿਆਂ ਦੀ ਜਟਿਲਤਾ ਤੇ ਉਹਨਾਂ ਨਾਲ ਜੁੜੀ ਸੰਵੇਦਨਾ, ਸਮਾਜਕ ਤੇ ਰਾਜਨੀਤਕ ਦ੍ਰਿਸ਼ਟੀ ਅਤੇ
ਰਚਨਾ ਵਿਚੋਂ ਪ੍ਰਾਪਤ ਹੁੰਦਾ ਸਹਿਜ-ਸੁਨੇਹਾ ਮੈਨੂੰ ਹਮੇਸ਼ਾ ਆਪਣੇ ਨਾਲ ਵਹਾ ਕੇ ਲੈ ਤੁਰਦਾ
ਹੈ। ਪੜ੍ਹਦਿਆਂ ਹੋਇਆਂ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਕਹਾਣੀ ਮੈਂ ਲਿਖੀ ਹੈ!
ਇਹ ਮੇਰੀ ਪਹਿਲੀ ਪ੍ਰਤੀਨਧ ਵੱਡ-ਆਕਾਰੀ ਕਹਾਣੀ ਹੈ। ਇਸਤੋਂ ਪਹਿਲਾਂ ਵੀ ‘ਕਿੱਥੇ ਗਏ!’ ਤੇ
‘ਸੁਨਹਿਰੀ ਕਿਣਕਾ’ ਵਰਗੀਆਂ ਜ਼ਿੰਦਗੀ ਦੇ ਵਡੇਰੇ ਮਸਲਿਆਂ ਨੂੰ ਮੁਖ਼ਾਤਬ ਹੁੰਦੀਆਂ ਵੱਡ-ਆਕਾਰੀ
ਕਹਾਣੀਆਂ ਲਿਖ ਕੇ ਮੈਂ ਪੰਜਾਬੀ ਕਹਾਣੀ ਵਿੱਚ ਨਵੇਂ ਆਯਾਮ ਜੋੜਨ ਦੀ ਕੋਸ਼ਿਸ਼ ਕਰ ਚੁੱਕਾ ਸਾਂ
ਅਤੇ ਕਹਾਣੀ ਨਾਲ ਜੁੜੀ ਪ੍ਰਚੱਲਿਤ ਧਾਰਨਾ- ਕਿ, ਕਹਾਣੀ ਨਾਵਲ ਤੋਂ ਬਾਹਰ ਰਹਿ ਗਏ ਛੋਟੇ
ਮਸਲਿਆਂ ਜਾਂ ਸਰੋਕਾਰਾਂ ਨੂੰ ਜ਼ਬਾਨ ਦੇਣ ਵਾਲੀ ਸਾਹਿਤਕ ਵਿਧਾ ਹੀ ਹੈ- ਨੂੰ ਰੱਦ ਕਰ ਕੇ ਇਹ
ਸਾਬਤ ਕਰ ਚੁੱਕਾ ਸਾਂ ਕਿ ਕਹਾਣੀ ਵਿੱਚ ਜ਼ਿੰਦਗੀ ਜਿੱਡੇ ਹੀ ਵੱਡੇ ਸਰੋਕਾਰਾਂ ਦੀ ਗੱਲ ਵੀ
ਛੋਹੀ ਤੇ ਸਫ਼ਲਤਾ ਨਾਲ ਪੇਸ਼ ਕੀਤੀ ਜਾ ਸਕਦੀ ਹੈ। ‘ਵਾਪਸੀ’ ਨਾਲ ਜਟਿਲ-ਯਥਾਰਥ ਨੂੰ ਪੇਸ਼ ਕਰਨ
ਵਾਲੀ ਕਹਾਣੀ ਦਾ ਪ੍ਰਤੀਨਿਧ ਨਮੂਨਾ ਪਹਿਲੀ ਵਾਰ ਹੋਂਦ ਵਿੱਚ ਆਇਆ ਸੀ। ਕਹਾਣੀ ਲਿਖਦੇ ਸਮੇਂ
ਇਸਦੀ ਰਚਨਾ-ਵਸਤੂ ਦੀਆਂ ਵਿਭਿੰਨ ਪਰਤਾਂ, ਬਹੁ-ਰੰਗੇ ਰਿਸ਼ਤਿਆਂ ਦੇ ਤਣਾਓ ਅਤੇ ਬਿਰਤਾਂਤ ਦੇ
ਵੇਗ ਨੇ ਮੈਨੂੰ ਅਜਿਹਾ ਬੰਨ੍ਹ ਕੇ ਰੱਖਿਆ ਕਿ ਪਤਾ ਹੀ ਨਾ ਲੱਗਾ ਕਿ ਕਹਾਣੀ ਏਡਾ ਵੱਡਾ ਆਕਾਰ
ਲੈ ਗਈ ਹੈ!
‘ਵਾਪਸੀ’ ਬੜੇ ਵੱਡੇ ਕੈਨਵਸ ‘ਤੇ ਫੈਲੀ ਹੈ। ਇਹ ਪੰਜਾਬੀ ਬੰਦੇ ਦੇ ਮਨ ਨਾਲ ਜੁੜੀ ਮ਼ੂਲ
ਸਮੱਸਿਆ ਨੂੰ ਮੁਖ਼ਾਤਬ ਹੈ। ਹਰੇਕ ਮਨੁੱਖ ਆਪਣੇ ਸੁਪਨਿਆਂ ਦੇ ਮੇਚੇ ਦਾ ਜੀਵਨ ਲੋੜਦਾ ਹੈ ਪਰ
ਹਾਲਾਤ ਦੀਆਂ ਰਾਜਨੀਤਕ, ਸਮਾਜਕ ਤੇ ਸਭਿਆਚਾਰਕ ਮਜਬੂਰੀਆਂ ਦੇ ਜਕੜ-ਜਾਲ ਵਿੱਚ ਫਸੇ ਉਸਦੇ
ਸੁਪਨੇ ਅਕਸਰ ਹੀ ਦਮ ਘੁੱਟ ਕੇ ਮਰ ਜਾਂਦੇ ਹਨ। ਵਧੇਰੇ ਚੇਤੰਨ ਮਨੁੱਖ ਆਪਣੇ ਸੁਪਨਿਆਂ ਦੇ
ਹਾਣ ਦਾ ਸਮਾਜ ਸਿਰਜਣ ਲਈ ਵਿਰੋਧੀ ਹਾਲਾਤ ਨਾਲ ਸੂਰਮਿਆਂ ਵਾਂਗ ਲੜਨ ਤੇ ਉਸਨੂੰ ਬਦਲਣ ਦਾ
ਯਤਨ ਕਰਦੇ ਹਨ। ਇਹਨਾਂ ਯਤਨਾਂ ਨਾਲ ਸੀਮਤ ਸਫ਼ਲਤਾ ਤਾਂ ਪ੍ਰਾਪਤ ਹੋ ਸਕਦੀ ਹੈ, ਮੁਕੰਮਲ
ਸਫ਼ਲਤਾ ਨਹੀਂ। ਇਸ ਕਰਕੇ ਦੁਖਾਂਤ ਉਹਨਾਂ ਦੀ ਹੋਣੀ ਹੈ। ਸਫ਼ਲਤਾ ਨੂੰ ਕੋਈ ਅਸਲੋਂ ‘ਸਿੱਧਾ’
ਰਾਹ ਵੀ ਨਹੀਂ ਜਾਂਦਾ। ਵਿੰਗੇ ਟੇਢੇ ਰਾਹਾਂ ਵਿਚੋਂ ਵੀ ਲੰਘਣਾ ਪੈਂਦਾ ਹੈ। ਅੱਗੇ ਜਾ ਕੇ
ਪਿੱਛੇ ਨੂੰ ਮੁੜਨਾ ਵੀ ਪੈ ਸਕਦਾ ਹੈ ਤੇ ਫਿਰ ਤੋਂ ਅੱਗੇ ਜਾਣ ਲਈ ਹਾਲਾਤ-ਅਨੁਕੂਲ ਕਿਸੇ ਹੋਰ
ਰਾਹ ਨੂੰ ਵੀ ਲੱਭਿਆ ਜਾ ਸਕਦਾ ਹੈ। ਇੱਕੇ ਰਾਹ ‘ਤੇ ਤੁਰੇ ਜਾਣ ਦੀ ‘ਕੱਟੜਤਾ’ ਸਦਾ ਵਾਰਾ
ਨਹੀਂ ਖਾਂਦੀ। ਦੂਜੇ ਪਾਸੇ ਅਜਿਹੇ ਲੋਕਾਂ ਦੀ ਵੀ ਸਾਡੇ ਸਮਾਜ ਵਿੱਚ ਘਾਟ ਨਹੀਂ ਰਹੀ ਜਿਹੜੇ
ਹਾਲਾਤ ਦੇ ਦਬਾਓ ਅੱਗੇ ਸਿਰ ਚੁੱਕ ਕੇ ਉਸ ਨਾਲ ਲੜਨ ਦੀ ਥਾਂ ਸਿਰ ਸੁੱਟ ਕੇ ਹਾਰ ਮੰਨ ਲੈਂਦੇ
ਹਨ ਅਤੇ ਅਖ਼ਾਉਤੀ ਕਿਸਮ ਦੀ ਅਧਿਆਤਮਕ ‘ਮੁਕਤੀ’ ਦੀ ਤਲਾਸ਼ ਵਿੱਚ ਜ਼ਿੰਦਗੀ ਤੋਂ ਪਲਾਇਨ ਕਰ
ਜਾਂਦੇ ਹਨ। ਪੰਜਾਬੀ ਜਿੱਥੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੂਝ ਕੇ ਦੇਸ਼-ਵਿਦੇਸ਼ ਵਿੱਚ
ਸਥਾਪਤ ਹੋਏ ਹਨ ਓਥੇ ਹਰ ਪੰਜਾਬੀ ਦੇ ਮਨ ਵਿੱਚ ਕਿਧਰੇ ਨਾ ਕਿਧਰੇ ਕੋਈ ਜੋਗੀ ਜਾਂ ਸੰਨਿਆਸੀ
ਵੀ ਲੁਕਿਆ ਹੋਇਆ ਹੈ।
‘ਵਾਪਸੀ’ ਦੇ ਦੋ ਮਹੱਤਵਪੂਰਨ ਕਿਰਦਾਰ ‘ਸੰਤਾ ਸਿੰਘ’ ਅਤੇ ਉਸਦਾ ਭਤੀਜਾ ‘ਕੁਲਦੀਪ’ ਇਸ
ਹਕੀਕਤ ਦੇ ਪ੍ਰਤੀਨਿਧ ਨਮੂਨੇ ਹਨ। ਕਹਾਣੀ ਅਨੁਸਾਰ, ‘ਇੱਕ ਘਰ ਵਿਚੋਂ ਦੋ ਜਣੇ ਨਿਕਲੇ ਸਨ।
ਚਾਚਾ ਇਸ ਕਰਕੇ ਨਿਕਲਿਆ ਸੀ; ਕਿੳਂਕਿ ਉਹਨੂੰ ਲੱਗਦਾ ਸੀ ਕਿ ਘਰ ਦਾ ਤੇ ਜੱਗ ਦਾ ਤਾਂ ਕੁੱਝ
ਸੌਰ ਨਹੀਂ ਸਕਦਾ, ਸੋ ਬੰਦਾ ਆਪਣਾ ਆਪ ਹੀ ਸਵਾਰ ਲਵੇ ਤਾਂ ਬੜੀ ਗੱਲ ਹੈ। ਤੇ ਭਤੀਜਾ ਇਸ
ਕਰਕੇ ਨਿਕਲਿਆ ਸੀ ਕਿ ਘਰ ਦਾ ਤੇ ਆਪਣਾ ਵੀ ਤਾਂ ਹੀ ਸੌਰ ਸਕਦਾ ਸੀ ਜੇ ਪਹਿਲਾਂ ਜੱਗ ਦਾ
ਕੁੱਝ ਸਵਾਰ ਲਿਆ ਜਾਵੇ।’
ਕਹਾਣੀ ਸੰਤਾ ਸਿੰਘ ਦੇ ਮਾਧਿਅਮ ਰਾਹੀਂ ਧਰਮ, ਪਲਾਇਨ, ਤਿਆਗ, ਧਾਰਮਿਕ ਵਿਅਕਤੀਆਂ ਤੇ
ਅਦਾਰਿਆਂ ਦੇ ਦੰਭ ‘ਤੇ ਵਿਸ਼ਲੇਸ਼ਣੀ ਦ੍ਰਿਸ਼ਟੀ ਤੋਂ ਝਾਤ ਪਾਉਂਦੀ ਹੋਈ ਅਧਿਆਤਮਕ ਮੁਕਤੀ ਦੇ
ਖੋਖਲੇਪਨ ਦਾ ਉਛਾੜ ਪਾੜਦੀ ਹੈ ਅਤੇ ਘਰੋਂ ਭੱਜ ਕੇ ਜੀਵਨ ਤੋਂ ਪਲਾਇਨ ਕਰ ਗਏ ਵਿਅਕਤੀ ਨੂੰ
ਮੁੜ ਘਰ ਵੱਲ ਪਰਤਣ ਦਾ ਸੰਕੇਤ ਦਿੰਦੀ ਹੋਈ ਜ਼ਿੰਦਗੀ ਦੇ ਕਰਮ-ਖੇਤਰ ਵਿੱਚ ਜੂਝਣ ਲਈ ਤੇ ਆਪਣੇ
ਹਿੱਸੇ ਦੀ ਲੜਾਈ ਲੜਨ ਦਾ ਸੰਕੇਤ ਵੀ ਕਰਦੀ ਹੈ। ਨਕਸਲੀ ਲਹਿਰ ਨਾਲ ਜੁੜ ਕੇ, ਅੰਡਰ-ਗਰਾਊਂਡ
ਹੋ ਕੇ ‘ਹਿੰਸਾ’ ਦੇ ਮਾਰਗ ਰਾਹੀਂ ਰਾਜ ਤੇ ਸਮਾਜ ਨੂੰ ਬਦਲਣ ਤੁਰਿਆ ਕੁਲਦੀਪ ਵੀ ਪੰਜਾਬ
ਵਿੱਚ ਸਮੇਂ ਸਮੇਂ ਉੱਠੀਆਂ ਅਜਿਹੀਆਂ ‘ਹਿੰਸਕ’ ਲਹਿਰਾਂ ਦਾ ਪ੍ਰਤੀਨਿਧ ਕਿਰਦਾਰ ਬਣਦਾ ਹੈ।
ਉਸਦੇ ਕਿਰਦਾਰ ਰਾਹੀਂ ਵੀ ਇਹ ਸੁਨੇਹਾ ਮਿਲਦਾ ਹੈ ਕਿ ਜੀਵਨ ਨੂੰ ਬਦਲਣ ਲਈ ਲੜੀ ਜਾਣ ਵਾਲੀ
ਲੋਕ-ਸਾਥ ਤੋਂ ਵਿਰਵੀ ਕਿਸੇ ਵੀ ਲੜਾਈ ਦਾ ਅੰਤ ‘ਮੌਤ’ ਵਿੱਚ ਨਿਕਲਦਾ ਹੈ। ਅਸਲ ਵਿੱਚ ਕਹਾਣੀ
ਦੋਵਾਂ ਧਿਰਾਂ ਨੂੰ ਮੋੜ ਕੇ, ਜ਼ਿੰਦਗੀ ਨਾਲ ਜੋੜ ਕੇ, ਇੱਕ ਨਵੀਂ ਲੜਾਈ ਲੜਨ ਦਾ ਸੰਕੇਤ
ਦਿੰਦੀ ਹੈ। ਜ਼ਰੂਰੀ ਨਹੀਂ ਨਵੀਂ ਲੜਾਈ ਵਿੱਚ ਵੀ ਸਫ਼ਲਤਾ ਪ੍ਰਾਪਤ ਹੋਵੇ। ਪਰ ਸੰਘਰਸ਼ ਕਰਨਾ
ਮਨੁੱਖ ਦੀ ਲੋੜ ਤੇ ਕਰਤੱਵ ਹੈ। ਨਿਰੰਤਰ ਸੰਘਰਸ਼ ਕਰਨ ਵਿੱਚ ਹੀ ਮਨੁੱਖ ਦਾ ਗੌਰਵ ਲੁਕਿਆ
ਹੋਇਆ ਹੈ।
ਇਸ ਬੁਨਿਆਦੀ ਮਸਲੇ ਤੋਂ ਇਲਾਵਾ ਕਹਾਣੀ ਪਿਆਰ, ਵਿਆਹ, ਸੰਸਕ੍ਰਿਤਿਕ ਦਬਾਓ, ਆਰਥਕਤਾ ਤੇ
ਮਾਨਵੀ ਰਿਸ਼ਤਿਆਂ ਦੀਆਂ ਅਨੇਕਾਂ ਗੁੰਝਲਾਂ ਨੂੰ ਪਰਤ ਦਰ ਪਰਤ ਖੋਲ੍ਹਦੀ ਜਾਂਦੀ ਹੈ। ਮਨੁੱਖੀ
ਮਨ ਦੀ ਅਲੌਕਕਿਤਾ ਦੇ ਦੀਦਾਰ ਵੀ ਹੁੰਦੇ ਹਨ ਤੇ ਜੀਵਨ ਦੇ ਵਿਭਿੰਨ ਰਸਾਂ-ਰੰਗਾਂ ਦੇ ਅਰਥਾਂ
ਦਾ ਉਦਘਾਟਨ ਵੀ ਹੁੰਦਾ ਹੈ। ਵਿਰਾਟ ਜੀਵਨ-ਖ਼ਿਲਾਰੇ ਨੂੰ ਤੇ ਮਨੁੱਖੀ ਮਨ ਦੀ ਤਰਲਤਾ ਨੂੰ
ਸਮਝਣ ਤੋਂ ਇਲਾਵਾ ਜ਼ਿੰਦਗੀ ਦਾ ਸੰਤੁਲਨ ਸਿਰਜਦੇ ਗਲਪ-ਬਿੰਬ ਵਿੱਚ ਬੰਨ੍ਹਣ ਦੀ ਕਲਾ ਸਦਕਾ
‘ਵਾਪਸੀ’ ਮੈਨੂੰ ਵਡੇਰੇ ਮਹੱਤਵ ਦੀ ਰਚਨਾ ਪ੍ਰਤੀਤ ਹੁੰਦੀ ਹੈ।
ਇਸ ਕਹਾਣੀ ਦੇ ਛਪਣ ‘ਤੇ ਰਵਿੰਦਰ ਰਵੀ ਨੇ ਲਿਖਿਆ ਸੀ, ‘ਵਾਪਸੀ’ ਪੰਜਾਬੀ ਦੀ ਹੀ ਨਹੀਂ ਬਲਕਿ
ਵਿਸ਼ਵ ਕਹਾਣੀ-ਸਾਹਿਤ ਦੀ ਉੱਤਮ ਪ੍ਰਾਪਤੀ ਹੈ।’ ਜੋਗਿੰਦਰ ਕੈਰੋਂ ਨੇ ਲਿਖਿਆ, ‘ਵਾਪਸੀ’
ਕਹਾਣੀ ਨੂੰ ਪੜ੍ਹ ਕੇ ਇਸਤਰ੍ਹਾਂ ਮਹਿਸੂਸ ਹੋਇਆ ਜਿਵੇਂ ਪਹਿਲੀ ਵਾਰ ਪੰਜਾਬੀ ਦੀ ਕਹਾਣੀ
ਲਿਖੀ ਗਈ ਹੋਵੇ। ਪੰਜਾਬੀ ਕਹਾਣੀ ਦਾ ਜੇ ਕੋਈ ਮਾਡਲ ਤਿਆਰ ਕਰਨਾ ਹੋਵੇ ਤਾਂ ਇਸ ਕਹਾਣੀ ਨੂੰ
ਆਧਾਰ ਬਣਾਇਆ ਜਾ ਸਕਦਾ ਹੈ।’
ਇਸ ਕਹਾਣੀ ਦੇ ਅਸਰ ਦੇ ਕੀਲੇ ਹੋਏ ਅਬੋਹਰ ਦੇ ਸਾਹਿਤਕਾਰ ਮਿੱਤਰਾਂ ਚੰਦਰ ਤ੍ਰਿਖਾ ਤੇ ਮੋਹਨ
ਲਾਲ ਨੇ ਇਸਦਾ ਹਿੰਦੀ ਵਿੱਚ ਅਨੁਵਾਦ ਕਰਕੇ ਆਪਣੇ ਖ਼ਰਚੇ ‘ਤੇ ‘ਸ਼ਬਦ ਲੋਕ ਪ੍ਰਕਾਸ਼ਨ, ਅਬੋਹਰ’
ਵੱਲੋਂ ਪੁਸਤਕ ਰੂਪ ਵਿੱਚ ਇਸਨੂੰ ਪ੍ਰਕਾਸ਼ਿਤ ਕਰਵਾਇਆ। ਡਾ ਕੀਰਤੀ ਕੇਸਰ ਨੇ ਵੱਖਰੇ ਤੌਰ ‘ਤੇ
ਇਸਦਾ ਹਿੰਦੀ ਵਿੱਚ ਅਨੁਵਾਦ ਕੀਤਾ ਅਤੇ ਇਸਨੂੰ ਹਿੰਦੀ ਦੇ ਕਿਸੇ ਪ੍ਰਸਿੱਧ ਸਾਹਿਤਕ ਮੈਗ਼ਜ਼ੀਨ
ਵਿੱਚ ਛਪਵਾਇਆ। ਹਿੰਦੀ ਦੇ ਪ੍ਰਸਿੱਧ ਕਹਾਣੀਕਾਰ ਰਮੇਸ਼ ਉਪਾਧਿਆਇ ਨੇ ਮੈਨੂੰ ਲਿਖਿਆ ਕਿ ਮੈਂ
ਉਸਨੂੰ ਮੂਲ ਪੰਜਾਬੀ ਕਹਾਣੀ ਭੇਜਾਂ ਤਾ ਕਿ ਉਹ ਖ਼ੁਦ ਰੀਝ ਨਾਲ ਇਸਦਾ ਅਨੁਵਾਦ ਕਰੇ ਕਿਉਂਕਿ
ਕਹਾਣੀ ਦੇ ਮਹੱਤਵ ਅਨੁਸਾਰ ਪਹਿਲੇ ਦੋਵੇਂ ਅਨੁਵਾਦ ਉਸਨੂੰ ‘ਇਨਸਾਫ਼’ ਕਰਦੇ ਨਹੀਂ ਸਨ ਲੱਗਦੇ।
ਰਮੇਸ਼ ਉਪਾਧਿਆਇ ਨੇ ਕਹਾਣੀ ਦਾ ਮੁੜ ਅਨੁਵਾਦ ਕੀਤਾ ਤੇ ਇਸਨੂੰ ਪ੍ਰਸਿੱਧ ਹਿੰਦੀ ਸਾਹਿਤਕ
ਮੈਗ਼ਜ਼ੀਨ ‘ਹੰਸ’ ਵਿੱਚ ਛਪਵਾਇਆ।
‘ਵਾਪਸੀ’ ਦੇ ‘ਹੰਸ’ ਵਿੱਚ ਪ੍ਰਕਾਸ਼ਿਤ ਹੋਣ ਨਾਲ ਦੇਸ਼ ਭਰ ਦੇ ਪਾਠਕਾਂ ਵੱਲੋਂ ਇਸਦੀ ਭਰਪੂਰ
ਪਰਸੰਸਾ ਹੋਈ। ‘ਹੰਸ’ ਵਿੱਚ ਕਹਾਣੀ ਛਪੀ ਨੂੰ ਸਾਲ ਹੋ ਚੱਲਿਆ ਸੀ ਕਿ ਇੱਕ ਦਿਨ ਮੈਨੂੰ ਡਾਕ
ਰਾਹੀਂ ਮੁਖ਼ਤਾਰ ਗਿੱਲ ਤੇ ਸਰਵਮੀਤ ਦੁਆਰਾ ਭੇਜੀ ਕਿਸੇ ਹਿੰਦੀ ਅਖ਼ਬਾਰ ਦੀ ਕਟਿੰਗ ਮਿਲੀ।
ਉਹਨੀਂ ਦਿਨੀਂ ‘ਹੰਸ’ ਵਾਲੇ ਹਿੰਦੀ ਵਿੱਚ ਛਪੀ ਉਸ ਸਾਲ ਦੀ ਸਭ ਤੋਂ ਬਿਹਤਰੀਨ ਕਹਾਣੀ ਨੂੰ
ਦਸ ਹਜ਼ਾਰ ਰੁਪਏ ਦਾ ਇਨਾਮ ਦਿਆ ਕਰਦੇ ਸਨ। ‘ਵਾਪਸੀ’ ਤਾਂ ਹਿੰਦੀ ਦੀ ਮੂਲ ਕਹਾਣੀ ਹੈ ਹੀ
ਨਹੀਂ ਸੀ, ਇਸ ਕਰ ਕੇ ਇਸਨੂੰ ਤਾਂ ਇਨਾਮ ਵਾਸਤੇ ਵਿਚਾਰਿਆ ਹੀ ਨਹੀਂ ਸੀ ਜਾ ਸਕਦਾ। ਸਰਵੋਤਮ
ਹਿੰਦੀ ਕਹਾਣੀ ਦਾ ਇਨਾਮ ਜਿਸ ਲੇਖਕ ਨੂੰ ਮਿਲਿਆ (ਉਸਦਾ ਨਾਂ ਹੁਣ ਮੈਨੂੰ ਯਾਦ ਨਹੀਂ) ਉਸ
ਨਾਲ ਇੰਟਰਵੀਊ ਕੀਤੀ ਗਈ ਤੇ ਉਸਨੂੰ ਕਹਾਣੀ ‘ਤੇ ਮਿਲੇ ਇਨਾਮ ਬਾਰੇ ਪੁੱਛਿਆ ਗਿਆ। ਉਸਨੇ
ਕਿਹਾ, ‘ਬੇਸ਼ੱਕ ਇਨਾਮ ਮੇਰੀ ਕਹਾਣੀ ਨੂੰ ਮਿਲਿਆ ਹੈ ਤੇ ਮੈਨੂੰ ਇਸਦੀ ਬੜੀ ਖ਼ੁਸ਼ੀ ਵੀ ਹੈ ਪਰ
ਜੇ ਇਹ ਇਨਾਮ ਦੇਣਾ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਇਹ ਇਨਾਮ ‘ਵਾਪਸੀ’ ਕਹਾਣੀ ਨੂੰ ਦੇਣਾ
ਸੀ!’
ਅਖ਼ਬਾਰ ਦੀ ਕਟਿੰਗ ਉਸ ਕਹਾਣੀਕਾਰ ਦੇ ਉਪ੍ਰੋਕਤ ਕਥਨ ਦੇ ਪ੍ਰਮਾਣ ਵਜੋਂ ਭੇਜੀ ਗਈ ਸੀ।
-0- |