ਆਜ਼ਾਦੀ ਸੰਗਰਾਮ ਦੀ ਮਹਾਨ
ਵਿਰਾਸਤ ਗ਼ਦਰ ਲਹਿਰ ਅਤੇ ਹੋਰ ਮਾਣਮੱਤੀਆਂ ਲਹਿਰਾਂ ਦੇ ਵਾਰਸੋ!
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਗ਼ਦਰ ਲਹਿਰ ਦੀ ਅਹਿਮ ਕੜੀ ਕਾਮਾਗਾਟਾ ਮਾਰੂ ਦੀ 100ਵੀਂ
ਵਰ੍ਹੇ ਗੰਢ ਨੂੰ ਸਮਰਪਿਤ 23ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ‘ ‘ਚ ਸ਼ਾਮਲ ਹੋਣ ਲਈ ਆਇਆਂ ਦਾ
ਭਰਪੂਰ ਸਵਾਗਤ ਕਰਦੀ ਹੈ ਤੇ ਜੀ ਆਇਆਂ ਆਖਦੀ ਹੈ।
ਪਿਛਲੇ ਸਾਲ 2013 ਵਿੱਚ ਗ਼ਦਰ ਸ਼ਤਾਬਦੀ ਵਿਸ਼ਵ ਪੱਧਰ ‘ਤੇ ਇਨਕਲਾਬੀ ਵਿਰਸੇ ਦੇ ਪ੍ਰੇਮੀਆਂ
ਵਲੋਂ ਜਿਥੇ ਕਿਤੇ ਵੀ ਉਹ ਵਸਦੇ ਹਨ ਬੜੀ ਹਿੰਮਤ ਕਰਕੇ ਜੋਸ਼ੋ-ਖ਼ਰੋਸ਼ ਨਾਲ ਮਨਾਈ ਗਈ ਹੈ। ਇਸ
ਵਾਰ 2014 ਕਾਮਾਗਾਟਾ ਮਾਰੂ ਦੀ ਸ਼ਤਾਬਦੀ ਦਾ ਵਰ੍ਹਾ ਹੈ। ਕਾਮਾਗਾਟਾ ਮਾਰੂ ਹਾਂਗਕਾਂਗ ਤੋਂ
ਲੈ ਕੇ ਕਨੇਡਾ ਦੇ ਸਮੁੰਦਰੀ ਪਾਣੀਆਂ ਤੋਂ ਵਾਪਸ ਕਲਕੱਤੇ ਦੇ ਬਜਬਜ ਘਾਟ ਤੱਕ ਕਾਮਾਗਾਟਾ
ਮਾਰੂ ਦੇ ਮੁਸਾਫ਼ਰਾਂ ਦੇ ਸਫ਼ਰ ਦੀ ਸੰਘਰਸ਼ਮਈ ਗਾਥਾ ਹੈ। ਗ਼ਦਰ ਪਾਰਟੀ ਤੇ ਕਾਮਾਗਾਟਾ ਮਾਰੂ ਦੀ
ਗਾਥਾਂ ਅੰਤਰ ਸਬੰਧਿਤ ਹਨ। ਜਿਹਨਾਂ ਨੂੰ ਇਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਗ਼ਦਰ
ਲਹਿਰ ਦਾ ਬੀਜ ਬਦੇਸ਼ੀ ਧਰਤੀ ਅਮਰੀਕਾ ‘ਚ ਹਿੰਦੋਸਤਾਨੀਆਂ ਵਲੋਂ ਬੀਜਿਆ ਗਿਆ ਤੇ ਇਸ ਦੀਆਂ
ਸ਼ਖਾਵਾਂ ਸਾਰੀ ਦੁਨੀਆਂ ਵਿਚ ਫੈਲ ਗਈਆਂ। ਕਾਮਾਗਾਟਾ ਮਾਰੂ ਦੇ ਮੁਸਾਫ਼ਰ ਪੰਜਾਬ ਤੋਂ ਕਨੇਡਾ
ਨੂੰ ਕਾਮੇ ਬਣਕੇ ਰੁਜ਼ਗਾਰ ਦੀ ਭਾਲ ਲਈ ਨਿਕਲੇ। ਪਰ ਉਨ੍ਹਾਂ ਨੂੰ ਕਨੇਡਾ ਦੀ ਧਰਤੀ ‘ਤੇ ਪੈਰ
ਧਰਨ ਦੀ ਆਗਿਆ ਹੀ ਨਾ ਮਿਲੀ ਸਗੋਂ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆਂ ਦੇ ਪਾਣੀਆਂ ‘ਚ ਦੋ
ਮਹੀਨੇ ਭੁੱਖੇ, ਪਿਆਸੇ ਤੇ ਨਿਹੱਥੇ ਮੁਸਾਫ਼ਰਾਂ ਨੂੰ ਬੰਦੀ ਬਣਾਕੇ ਵਾਪਸ ਮੁੜਨ ਲਈ ਮਜਬੂਰ
ਕੀਤਾ ਗਿਆ।
ਅਜਿਹੀ ਖ਼ਬਰ ਨੇ ਦੁਨੀਆਂ ਵਿਚ ਹਰ ਪਾਸੇ ਹਾਹਾਕਾਰ ਤੇ ਤਰਥੱਲੀ ਮਚਾ ਦਿੱਤੀ। ਅਮਰੀਕਾ ਤੇ
ਕਨੇਡਾ ‘ਚ ਗ਼ਦਰ ਪਾਰਟੀ ਨੇ ਮੁਸਾਫ਼ਰਾਂ ਦੇ ਸੰਘਰਸ਼ ਦੀ ਹਰ ਪੱਖ ਤੋਂ ਸਹਾਇਤਾ ਕਰਨ ਦਾ ਫੈਸਲਾ
ਕਰਕੇ ਮਦਦ ਵੀ ਕੀਤੀ। ਜਦੋਂ ਮੁਸਾਫ਼ਰ ਆਪਣੀ ਧਰਤੀ ਨੂੰ ਵਾਪਸ ਪਰਤੇ ਤਾਂ ਕਲਕੱਤੇ ਦੇ ਬਜਬਜ
ਘਾਟ ਦੇ ਸਥਾਨ ‘ਤੇ ਹਕੂਮਤ ਵੱਲੋਂ ਗੋਲੀਆਂ ਨਾਲ ਸਵਾਗਤ ਕੀਤਾ ਗਿਆ।
ਅਜਿਹਾ ਵਰਤਾਰਾ ਅਚਨਚੇਤ ਕੋਈ ਕੁਦਰਤੀ ਭਾਣਾ ਨਹੀਂ ਸੀ ਵਾਪਰਿਆ ਸਗੋਂ ਇਹ ਤਾਂ ਗੋਰੀ ਹਕੂਮਤ
ਦੀ ਇਕ ਗਿਣੀ ਮਿੱਥੀ ਸਾਜ਼ਿਸ਼ ਸੀ। ਕਨੇਡਾ ‘ਚ ਪਰਵਾਸੀ ਭਾਰਤੀਆਂ ਦੇ ਦਾਖਲੇ ‘ਤੇ ਰੋਕ ਦਾ
ਮੁੱਖ ਕਾਰਨ ਤਾਂ ਭਾਵੇਂ ਨਸਲੀ ਵਿਤਕਰਾ ਸੀ ਪਰ ਇਸਦੇ ਪਿਛੋਕੜ ਵਿਚ ਕਾਰਜਸ਼ੀਲ ਆਰਥਕ ਤੇ
ਰਾਜਸੀ ਕਾਰਨ ਵੀ ਸਨ। ਗੋਰੀ ਹਕੂਮਤ ਸਮਝਦੀ ਸੀ ਕਿ ਜਿਸ ਤਰ੍ਹਾਂ ਅਮਰੀਕਾ-ਕਨੇਡਾ ‘ਚ ਭਾਰਤੀ
ਲੋਕ ਮਿਹਨਤ ਕਰਕੇ ਮਿੱਲਾਂ, ਆਰਿਆਂ ਤੇ ਫਾਰਮਾਂ ਦੇ ਕੰਮ ਚਲਾ ਰਹੇ ਹਨ, ਭਵਿੱਖ ‘ਚ ਉਨ੍ਹਾਂ
ਦੇ ਮਾਲਕ ਬਣ ਜਾਣ ਦੀ ਸੰਭਾਵਨਾ ਹੈ। ਦੂਜਾ ਉਨ੍ਹਾਂ ਨੇ ਆਪਣੇ ਧਾਰਮਕ ਸਥਾਨ ਗੁਰਦਵਾਰੇ ਉਸਾਰ
ਲਏ ਹਨ ਜਿਹੜੇ ਸਮਾਜਕ ਤੇ ਰਾਜਸੀ ਗਤੀਵਿਧੀਆਂ ਦੇ ਕੇਂਦਰਾਂ ਵਜੋਂ ਸਥਾਪਤ ਹੋ ਰਹੇ ਹਨ। ਇਕ
ਗੁਲਾਮ ਕੌਮ ਨੂੰ ਆਜ਼ਾਦ ਮਾਹੌਲ ਵਿਚ ਉੱਨਤੀ ਕਰਦਿਆਂ ਵੇਖ ਕੇ ਬ੍ਰਿਟਿਸ਼ ਹਕੂਮਤ ਨੂੰ ਖਤਰਾ
ਜਾਪਿਆ ਕਿ ਜੇ ਕਿਤੇ ਸੰਗਠਤ ਹੋ ਕੇ ਇਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਮੰਗ ਕਰ ਲਈ ਤਾਂ
ਅਜਿਹੇ ਕਾਜ ਲਈ ਇਹ ਕੌਮ ਮਰ ਮਿੱਟ ਵੀ ਸਕਦੀ ਹੈ। ਅਜਿਹੀ ਸੰਭਾਵਨਾ ਨੂੰ ਮੂਲੋਂ ਖ਼ਤਮ ਕਰਨ ਦੇ
ਇਰਾਦੇ ਨਾਲ ਦੋ ਕਾਨੂੰਨ ਅਜਿਹੇ ਪਾਸ ਕਰ ਦਿੱਤੇ ਜੋ ਅਸਿੱਧੇ ਢੰਗ ਨਾਲ ਭਾਰਤੀਆਂ ਦੇ ਕਨੇਡਾ
ਦਾਖਲੇ ‘ਤੇ ਰੋਕਾਂ ਸਨ।
ਵਿਸ਼ਵ ਦੇ ਇਤਿਹਾਸ ਵਿਚ 1914 ਦੇ ਵਰ੍ਹੇ ਦਾ ਇਕ ਖਾਸ ਮਹੱਤਵ ਹੈ:
1. ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦਾ ਸੰਘਰਸ਼ ਤੇ ਗ਼ਦਰ ਪਾਰਟੀ ਵੱਲੋਂ ਇਸ ਸੰਘਰਸ਼ ਦੀ ਹਮਾਇਤ
ਕਰਨਾ।
2. ਇੰਗਲੈਂਡ ਤੇ ਜਰਮਨ ਵਿਚਕਾਰ ਯੁੱਧ ਛਿੜਨਾ।
3. ਗ਼ਦਰ ਪਾਰਟੀ ਦਾ ਗ਼ਦਰ ਕਰਨ ਦਾ ਐਲਾਨ ਕਰਨਾ।
ਇਹ ਉਹ ਸਮਾਂ ਸੀ, ਜਦੋਂ ਇਕ ਪਾਸੇ ਕਾਮਾਗਾਟਾ ਮਾਰੂ ਜਹਾਜ਼ ਵਾਪਸ ਕਲਕੱਤੇ ਵੱਲ ਨੂੰ ਆ ਰਿਹਾ
ਸੀ ਤੇ ਦੂਜੇ ਪਾਸੇ ਅਮਰੀਕਾ, ਕਨੇਡਾ, ਮਲਾਇਆ ਆਦਿ ਦੇਸ਼ਾਂ ਤੋਂ ਗ਼ਦਰੀ ‘ਗ਼ਦਰ‘ ‘ਚ ਸ਼ਾਮਲ ਹੋਣ
ਲਈ ਜਹਾਜ਼ਾਂ ਰਾਹੀਂ ਵਾਪਸ ਭਾਰਤ ਪਰਤ ਰਹੇ ਸਨ। ਹਕੂਮਤ ਵੀ ਇਸ ਤੋਂ ਬੇਖ਼ਬਰ ਨਹੀਂ ਸੀ। ਉਸ ਨੇ
ਪੰਜਾਬ ਵਿਚ ਥਾਂ ਥਾਂ ਸੂਹੀਆਂ ਦਾ ਜਾਲ ਵਿਛਾਇਆ ਹੋਇਆ ਸੀ ਜਿਹੜਾ ਗ਼ਦਰੀਆਂ ਦੀਆਂ ਸਮੂਹ
ਗਤੀਵਿਧੀਆਂ ਬਾਰੇ ਉਨ੍ਹਾਂ ਨੂੰ ਅਗਾਊ ਸੂਚਨਾ ਦੇ ਦਿੰਦੇ ਸੀ।
ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਪਹਿਲ ਕਦਮੀ ਕਰਨ ਵਾਲੇ ਸੈਂਕੜੇ ਦੇਸ਼ ਭਗਤ ਫ਼ਾਂਸੀਆਂ ‘ਤੇ
ਚੜ੍ਹਾਏ ਗਏ, ਸੈਂਕੜਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਤੇ ਸੈਂਕੜਿਆਂ ਨੂੰ ਜਲਾਵਤਨੀ
ਕਰਕੇ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਜੇਲ੍ਹਾਂ ਦੀਆਂ ਸਜ਼ਾਵਾਂ ਭੁਗਤਣ
ਉਪਰੰਤ ਰਿਹਾਅ ਹੋ ਕੇ ਆਪਣੇ ਪਿੰਡਾਂ ਨੂੰ ਪਰਤੇ ਤਾਂ ਜੂਹਬੰਦ ਕਰ ਦਿੱਤਾ ਗਿਆ। ਗੋਰੀ ਹਕੂਮਤ
ਇਨ੍ਹਾਂ ਸੰਗਰਾਮੀਆਂ ਨੂੰ ਦੇਸ਼ ਧ੍ਰੋਹੀ, ਡਾਕੂ ਤੇ ਲੁਟੇਰੇ ਕਹਿ ਕੇ ਆਮ ਜਨਤਾ ‘ਤੇ ਪ੍ਰਭਾਵ
ਪਾਉਣ ‘ਚ ਸਫ਼ਲ ਸਿੱਧ ਹੋਈ। ਆਮ ਜਨਤਾ ਤਾਂ ਇਨ੍ਹਾਂ ਸੰਗਰਾਮੀਆਂ ਨੂੰ ਬੁਲਾਉਣ ਤੋਂ ਵੀ
ਤ੍ਰਹਿੰਦੀ ਸੀ। ਹਕੂਮਤ ਦਾ ਦਬਾ ਏਨਾ ਸੀ ਕਿ ਗ਼ਦਰ ਲਹਿਰ, ਕਾਮਾਗਾਟਾ ਮਾਰੂ ਅਤੇ ਹੋਰ
ਇਨਕਲਾਬੀ ਲਹਿਰਾਂ ਦੇ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਰੋਲ਼ ਦਿੱਤਾ ਗਿਆ।
ਅੰਗਰੇਜ਼ੀ ਹਕੂਮਤ ਤਾਂ ਭਾਰਤੀ ਸੰਗਰਾਮੀਆਂ ਨੂੰ ਆਪਣੇ ਦੁਸ਼ਮਣ ਸਮਝਦੀ ਹੀ ਸੀ ਪਰ ਆਜ਼ਾਦ ਭਾਰਤ
ਦੀ ਸਰਕਾਰ ਨੇ ਵੀ ਇਨ੍ਹਾਂ ਨੂੰ ਅਣਗੌਲੇ ਕਰੀ ਰਖਿਆ ਹੈ। ਗ਼ਦਰ ਪਾਰਟੀ ਤੇ ਹੋਰ ਇਨਕਲਾਬੀ
ਲਹਿਰਾਂ ਦੇ ਸੰਗਰਾਮੀਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਵਿਚੋਂ ਖੁਰਾ-ਖੋਜ਼ ਮਿਟਾਉਣ ਲਈ ਹਾਕਮ
ਧਿਰਾਂ ਸੁਚੇਤ ਯਤਨ ਕਰਦੀਆਂ ਆ ਰਹੀਆਂ ਹਨ। ਇਥੋਂ ਤੱਕ ਕਿ ਉਸ ਸਮੇਂ ਦੇ ਅਕਾਲ ਤਖ਼ਤ ਦੇ
ਪ੍ਰਧਾਨ ਨੇ ਮਤਾ ਪਾਸ ਕਰਵਾ ਕੇ ਬਜਬਜ ਘਾਟ ਵਾਲਿਆਂ ਤੇ ਗ਼ਦਰੀਆਂ ਨੂੰ ਨਾਸਤਿਕ ਤੇ ਅਸਿੱਖ
ਹੋਣ ਦਾ ਫਤਵਾ ਜਾਰੀ ਕਰਵਾ ਦਿੱਤਾ। ਪੂਰਾ ਸੌ ਸਾਲ ਬੀਤ ਗਿਆ ਨਾ ਕਿਸੇ ਸਰਕਾਰ ਨੇ ਨਾ ਅਕਾਲ
ਤਖ਼ਤ ਦੇ ਜਥੇਦਾਰ ਨੇ ਇਨ੍ਹਾਂ ਦੇ ਪਰਿਵਾਰਾਂ ਦੀ ਸਾਰ ਲਈ ਕਿ ਉਨ੍ਹਾਂ ਦੇ ਪਰਿਵਾਰਾਂ ਨਾਲ ਕੀ
ਬੀਤੀ ਹੈ। ਹੁਣ ਪਤਾ ਨਹੀਂ ਕਿਵੇਂ ਇਨ੍ਹਾਂ ਨੂੰ ਹੇਜ਼ ਜਾਗ ਪਿਆ ਕਿ ਆਪਣੇ ਪਾਸ ਕੀਤਿਆਂ
ਮਤਿਆਂ ‘ਤੇ ਕਾਟਾ ਮਾਰਕੇ ਇਨ੍ਹਾਂ ਨੂੰ ਗ਼ਦਰੀ ਤੇ ਬਜਬਜ ਘਾਟੀਏ ਸਿਰਫ਼ ਤੇ ਸਿਰਫ਼ ਸਿੱਖ ਹੀ
ਜਾਪਦੇ ਹਨ।
ਇਹ ਵੀ ਇਕ ਤਲਖ਼ ਹਕੀਕਤ ਹੈ ਕਿ ਜਿਹੜੇ ਸੰਗਰਾਮੀਏ ਜਿਊਂਦੇ ਰਹਿ ਗਏ ਉਨ੍ਹਾਂ ਨੇ ਖੁਦ ਮਹਿਸੂਸ
ਕੀਤਾ ਕਿ ਕੋਈ ਐਸੀ ਯਾਦਗਾਰ ਸਥਾਪਤ ਕੀਤੀ ਜਾਏ ਜੋ ਕ੍ਰਾਂਤੀਕਾਰੀ ਲਹਿਰਾਂ ਦਾ ਅਸਲੀ ਸਰੂਪ
ਲੋਕਾਂ ਸਾਹਮਣੇ ਲਿਆਵੇ ਤੇ ਨੌਜਵਾਨਾਂ ਵਿਚ ਸਹੀ ਲੀਹਾਂ ਤੇ ਚੱਲਣ ਦਾ ਉਤਸ਼ਾਹ ਪੈਦਾ ਕਰੇ।
ਗ਼ਦਰੀ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭਵਿੱਖ ‘ਚ ਲੋਕਾਂ ਦੇ ਮਨਾਂ ‘ਚ ਸਦੀਵੀ
ਜਿਊਂਦਾ ਰੱਖਣ ਲਈ ਦੇਸ਼ ਭਗਤਾਂ ਵਲੋਂ ਉਸਾਰੀ ਗਈ ਦੇਸ਼ ਭਗਤ ਯਾਦਗਾਰ, ਜਲੰਧਰ, ਭਾਰਤੀ ਕੌਮ ਲਈ
ਇਕ ਚਾਨਣ ਮੁਨਾਰਾ ਹੈ।
ਮਾਰਚ-ਅਪ੍ਰੈਲ 1964 ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ,
ਵਾਈਸ ਪ੍ਰੈਜ਼ੀਡੈਂਟ ਬਾਬਾ ਕਰਮ ਸਿੰਘ ਚੀਮਾ, ਆਨਰੇਰੀ ਸੈਕਟਰੀ ਬਾਬਾ ਗੁਰਮੁੱਖ ਸਿੰਘ ਲਲਤੋਂ
(ਕਾਮਾਗਾਟਾ ਮਾਰੂ ਦਾ ਮੁਸਾਫ਼ਰ), ਖਜ਼ਾਨਚੀ ਬਾਬਾ ਅਮਰ ਸਿੰਘ ਸੰਧਵਾਂ ਦੀ ਦੇਖ ਰੇਖ ਹੇਠ ਗ਼ਦਰ
ਪਾਰਟੀ ਦੀ ਗੋਲਡਨ ਜੁਬਲੀ ਦਾ ਸਮਾਗਮ ਹੋਇਆ। ਇਸ ਇਕੱਠ ਵਿਚ ਆਜ਼ਾਦੀ ਦੀਆਂ ਇਨਕਲਾਬੀ ਲਹਿਰਾਂ
ਦੇ ਸਾਰੇ ਜਿਊਂਦੇ ਦੇਸ਼ ਭਗਤ ਸ਼ਾਮਲ ਹੋਏ।
ਦੇਸ਼ ਭਗਤਾਂ ਵਲੋਂ ਜਗਾਈ ਇਸ ਇਨਕਲਾਬੀ ਵਿਰਸੇ ਦੀ ਜੋਤ ਨੂੰ ਜਗਦੀ ਰੱਖਣ ਲਈ ਦੇਸ਼ ਭਗਤ
ਯਾਦਗਾਰ ਕਮੇਟੀ ਆਪਣੀ ਪੂਰੀ ਵਾਹ ਲਾ ਰਹੀ ਹੈ। ਕਮੇਟੀ ਪਿਛਲੇ 22 ਸਾਲਾਂ ਤੋਂ ਇਹਨਾਂ
ਇਨਕਲਾਬੀ ਲਹਿਰਾਂ ਦੇ ਵਾਰਸ ਪਰਵਾਰਾਂ ਤੇ ਨਗਰਾਂ ਨੂੰ ਲੱਭ ਕੇ ਹਰ ਸਾਲ ਗ਼ਦਰੀ ਬਾਬਿਆਂ ਦੇ
ਮੇਲੇ ‘ਤੇ ਸਨਮਾਨਿਤ ਕਰਦੀ ਆ ਰਹੀ ਹੈ। ਕਮੇਟੀ ਮੇਲੇ ਮੌਕੇ ਨਰੋਈਆਂ ਸਮਾਜਕ ਕਦਰਾਂ-ਕੀਮਤਾਂ,
ਧਰਮ ਨਿਰਪੱਖ ਅਤੇ ਇਨਕਲਾਬੀ ਰੰਗਾਂ ‘ਚ ਰੰਗੀਆਂ ਭਿੰਨ-ਭਿੰਨ ਸਭਿਆਚਾਰਕ ਵੰਨਗੀਆਂ,
ਗੀਤ-ਸੰਗੀਤ, ਭਾਸ਼ਣ, ਕੁਇਜ਼, ਪੇਟਿੰਗ, ਕਵੀ ਦਰਬਾਰ, ਵਿਚਾਰ-ਗੋਸ਼ਟੀਆਂ, ਨਾਟਕ ਅਤੇ
ਕੋਰਿਓਗ੍ਰਾਫ਼ੀਆਂ ਰਾਹੀਂ ਇਨਕਲਾਬੀ ਇਤਿਹਾਸ ਦੀਆਂ ਗਾਥਾਵਾਂ ਨੂੰ ਯਾਦ ਕਰਦਿਆਂ ਹੋਇਆ ਉਨ੍ਹਾਂ
ਪਰੰਪਰਾਵਾਂ ‘ਤੇ ਪਹਿਰਾ ਦੇਣ ਦੇ ਅਹਿਦ ਨੂੰ ਵੀ ਦੁਹਰਾਉਂਦੀ ਹੈ।
ਹੁਣ ਇਹ ਮੇਲੇ ਅਤੇ ਸ਼ਤਾਬਦੀਆਂ ਇਸ ਹਾਲ ਦੇ ਵਿਹੜੇ ਦੀ ਚਾਰ ਦੀਵਾਰੀ ਤੋਂ ਬਾਹਰ ਗ਼ਦਰੀਆਂ ਦੇ
ਵਾਰਸ ਪਰਿਵਾਰ ਅਤੇ ਸਥਾਨਕ ਕਮੇਟੀਆਂ ਰਲਕੇ ਪੰਜਾਬ ਦੇ ਪਿੰਡਾਂ-ਸ਼ਹਿਰਾਂ, ਬਦੇਸ਼ਾਂ ‘ਚ ਜਿਥੋਂ
ਇਹ ਲਹਿਰਾਂ ਉਠੀਆਂ ਸਨ। ਕਨੇਡਾ, ਅਮਰੀਕਾ, ਇੰਗਲੈਂਡ ਵਿੱਚ ਵੱਖ-ਵੱਖ ਜਥੇਬੰਦੀਆਂ ਆਪਣੇ
ਆਪਣੇ ਢੰਗ ਨਾਲ ਮਨਾ ਕੇ ਇਨ੍ਹਾਂ ਦੇਸ਼ ਭਗਤਾਂ ਦੀ ਯਾਦ ਨੂੰ ਤਾਜ਼ਾ ਤੇ ਸਦੀਵੀ ਬਣਾ ਰਹੀਆਂ
ਹਨ।
ਜਿਨ੍ਹਾਂ ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਨਹੀਂ ਸੀ, ਗ਼ਦਰੀ
ਵਿਰਸੇ ਦੇ ਪ੍ਰੇਮੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਿਯੋਗੀਆਂ ਵਲੋਂ ਜਾਣਕਾਰੀ ਦੇਣ
ਉਪਰੰਤ ਕਮੇਟੀ ਨੇ ਉਨ੍ਹਾਂ ਦੇ ਵਾਰਸ ਪਰਿਵਾਰਾਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਸਭ ਦੇ
ਉੱਦਮ ਸਦਕਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਰਿਵਾਰਾਂ ਵਲੋਂ ਪਿੰਡਾਂ ਦੇ ਸਹਿਯੋਗ ਨਾਲ
ਮੇਲੇ ਮਨਾਉਂਣੇ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿਚੋਂ ਬਾਬਾ ਲਾਲ ਸਿੰਘ ਸਾਹਿਬਆਣਾ, ਬਖਸ਼ੀਸ਼
ਸਿੰਘ ਖ਼ਾਨਪੁਰ ਅਤੇ ਬਿਸ਼ਨ ਸਿੰਘ ਗਾਖ਼ਲਾਂ ਦੇ ਨਾਂਅ ਵਰਨਣਯੋਗ ਹਨ।
ਇਸੇ ਤਰ੍ਹਾਂ ਕਈ ਸਥਾਨ ਅਜਿਹੇ ਵੀ ਹਨ, ਜਿਹੜੇ ਗ਼ਦਰੀਆਂ ਦੇ ਗੁਪਤ ਟਿਕਾਣੇ ਸਨ। ਇਨ੍ਹਾਂ
ਵਿਚੋਂ ਇਕ ਧਾਰਮਿਕ ਸਥਾਨ ਤਰਨਤਾਰਨ ਨੇੜ੍ਹੇ ਝਾੜ ਸਾਹਿਬ ਗੁਰਦਵਾਰਾ ਹੈ। ਇਸ ਸਥਾਨ ‘ਤੇ ਦੇਸ਼
ਦੀ ਜੰਗ-ਏ-ਆਜ਼ਾਦੀ ਲਈ ਮੀਆਂ ਮੀਰ ਛਾਉਣੀ (ਲਾਹੌਰ) ਦੇ ਫੌਜੀਆਂ ਨਾਲ ਮਿਲ ਕੇ ਸ੍ਰੀ ਝਾੜ
ਸਾਹਿਬ ਦੇ ਪਵਿੱਰਤ ਅਸਥਾਨ ‘ਤੇ ਸਰਗਰਮੀਆਂ ਕਰਨ ਵਾਲੇ 73 ਗ਼ਦਰੀ ਦੇਸ਼ ਭਗਤਾਂ ਦੇ ਨਾਵਾਂ ਦੀ
ਸ਼ਿਲਾਲੇਖ ਕਮੇਟੀ ਨੇ ਲਗਵਾਈ ਗਈ ਹੈ। ਕਮੇਟੀ ਨੇ ‘ਗ਼ਦਰੀਆਂ ਦੀ ਛਾਉਣੀ ਝਾੜ
ਸਾਹਿਬ‘(ਲੇਖਕ:ਚਿਰੰਜੀ ਲਾਲ) ਇਕ ਪੁਸਤਕ ਵੀ ਪ੍ਰਕਾਸ਼ਿਤ ਕਰਵਾਈ ਹੈ। ਪਿਛਲੇ ਸਮੇਂ ‘ਚ ਗ਼ਦਰ
ਲਹਿਰ ਦੇ ਆਜ਼ਾਦੀ ਸੰਗਰਾਮ ‘ਚ ਪਾਏ ਯੋਗਦਾਨ ਨੂੰ ਕਈ ਨਾਮਵਰ ਇਤਿਹਾਸਕਾਰਾਂ ਵਲੋਂ ਆਪਣੇ ਸੌੜੇ
ਹਿੱਤਾਂ ਲਈ ਇਕ ਖਾਸ ਫ਼ਿਰਕੇ ਨਾਲ ਜੋੜਨ ਦਾ ਸੁਚੇਤ ਯਤਨ ਕੀਤਾ ਗਿਆ ਤਾਂ ਦੇਸ਼ ਭਗਤ ਯਾਦਗਾਰ
ਕਮੇਟੀ ਨੇ ਆਪਣੇ ਨਜ਼ਰੀਏ ਤੋਂ ‘ਗ਼ਦਰੀ ਬਾਬੇ ਕੌਣ ਸਨ‘(ਲੇਖਕ:ਵਰਿਆਮ ਸਿੰਘ ਸੰਧੂ) ਨਾਮੀਂ
ਪੁਸਤਕ ਵੀ ਪ੍ਰਕਾਸ਼ਿਤ ਕਰਵਾਈ ਹੈ।
ਕਮੇਟੀ ਨੇ ਕੇਂਦਰੀ ਸਰਕਾਰ ਵਲੋਂ ਕਾਮਾਗਾਟਾ ਮਾਰੂ ਦੇ ਦੁਖਾਂਤ ਨੂੰ ਅਤੇ ਨਾਮਧਾਰੀ ਲਹਿਰ
ਨੂੰ ਆਜ਼ਾਦੀ ਸੰਗਰਾਮ ਦੀ ਲਹਿਰ ਨਾਲੋਂ ਨਿਖੇੜ ਦੇਣ ਦਾ ਗੰਭੀਰ ਨੋਟਿਸ ਲਿਆ। ਇਸੇ ਤਰ੍ਹਾਂ
ਜਲ੍ਹਿਆਂ ਵਾਲੇ ਬਾਗ ਦੀ ਸੁੰਦਰੀਕਰਨ ਦੇ ਨਾਂ ਹੇਠ ਇਤਿਹਾਸਕਤਾ ਨੂੰ ਖਤਮ ਕਰਨ ਦਾ ਯਤਨ ਕੀਤਾ
ਤਾਂ ਵੀ ਕਮੇਟੀ ਨੇ ਨੋਟਿਸ ਲੈਂਦਿਆਂ ਇਸ ਸਬੰਧੀ ਢੁੱਕਵੀਂ ਕਾਰਵਾਈ ਕੀਤੀ। ਕਮੇਟੀ ਦੀ ਅਗਵਾਈ
‘ਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਪ੍ਰਦਰਸ਼ਨ ਵਿਚ ਕ੍ਰਾਂਤੀਕਾਰੀ ਵਿਰਸੇ ਦੀਆਂ ਪ੍ਰੇਮੀ
ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਪ੍ਰੈਸ ਨੇ ਖ਼ਬਰਾਂ ਪ੍ਰਕਾਸ਼ਤ
ਕਰਕੇ ਆਪਣਾ ਰੋਲ ਵੀ ਨਿਭਾਇਆ ਅਤੇ ਸੰਪਾਦਕੀ ਟਿੱਪਣੀਆਂ ਰਾਹੀਂ ਸਰਕਾਰ ਦੇ ਇਸ ਕੋਝੇ ਕਾਰਜ
ਤੇ ਆਲੋਚਨਾਤਮਕ ਟਿੱਪਣੀਆਂ ਵੀ ਕੀਤੀਆਂ। ਇਤਿਹਾਸ ਦੇ ਖੋਜੀ ਤੇ ਕਾਨੂੰਨੀ ਮਾਹਿਰ ਪ੍ਰੋ.
ਮਲਵਿੰਦਰਜੀਤ ਸਿੰਘ ਵੜੈਚ ਵਲੋਂ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ। ਅਖੀਰ ਲੋਕਾਂ ਦੇ ਰੋਹ
ਤੇ ਅਦਾਲਤੀ ਹੁਕਮ ਅਨੁਸਾਰ ਸਰਕਾਰ ਨੂੰ ਝੁਕਣਾ ਪਿਆ ਤੇ ਇਨ੍ਹਾਂ ਲਹਿਰਾਂ ਨੂੰ ਆਜ਼ਾਦੀ
ਸੰਗਰਾਮ ਦਾ ਹਿੱਸਾ ਮੰਨਣਾ ਪਿਆ। ਇਹ ਇਸ ਗੱਲ ਦਾ ਸੰਕੇਤ ਹੈ ਕਿ ਆਜ਼ਾਦੀ ਲਹਿਰ ਦੀ ਇਨਕਲਾਬੀ
ਵਿਰਾਸਤ ਨਾਲ ਇਸਦੇ ਵਾਰਸਾਂ ਦਾ ਕਿੰਨਾ ਮੋਹ ਹੈ। ਇਹ ਸ਼ਤਾਬਦੀਆਂ ਇਕ ਮੌਕਾ ਹੈ ਜਦੋਂ ਪੂਰੇ
ਸੌ ਸਾਲ ਬਾਅਦ ਅਣਗੌਲੇ ਸੰਗਰਾਮੀਆਂ ਦੀ ਸੰਘਰਸ਼ਮਈ ਗਾਥਾ ਨੂੰ ਚੇਤੇ ਕਰਦੇ ਹੋਏ ਲੋਕਾਂ ਦੇ
ਚੇਤਿਆਂ ‘ਚ ਇਸ ਵਿਰਸੇ ਨੂੰ ਤਾਜ਼ਾ ਤੇ ਸਦੀਵੀ ਬਣਾਉਣ ਦਾ ਯਤਨ ਹੈ।
ਆਓ ਸਾਰੇ ਰਲਕੇ ਗ਼ਦਰੀ ਬਾਬਿਆਂ ਅਤੇ ਹੋਰ ਇਨਕਲਾਬੀ ਲਹਿਰਾਂ ਦੇ ਅਣਗੌਲੇ ਸੰਗਰਾਮੀਆਂ ਦੇ
ਸੁਪਨਿਆਂ ਦਾ ਸਮਾਜ ਸਿਰਜਣ ਲਈ ਹੰਭਲਾ ਮਾਰੀਏ।
( ਜਨਰਲ ਸਕੱਤਰ-ਦੇਸ਼ ਭਗਤ
ਯਾਦਗਾਰ ਕਮੇਟੀ, ਜਲੰਧਰ)
-0-
|