ਜਦੋਂ ਓਡਾਂ ਦੀ ਗੱਲ
ਹੁੰਦੀ ਹੈ ਤਾਂ ਮੇਰੇ ਚੇਤੇ ’ਚ ਹਮੇਸ਼ਾਂ ਦੋ ਵਰਤਾਰੇ ਉੱਭਰਦੇ ਹਨ:-
ਸਾਡੇ ਘਰ ਰਹਿੰਦਾ ਇੱਕ ਰਿਸ਼ਤੇਦਾਰ ਤੀਜੇ ਪਹਿਰ (ਜਿਸਨੂੰ ਅਸੀਂ ਤੀਆ ਪਹਿਰ ਕਹਿੰਦੇ ਹਾਂ)
ਦੀ ਚਾਹ ਲੈਣ ਘਰ ਗਿਆ ਹੋਇਆ ਹੈ ਅਤੇ ਅਸੀਂ, ਖ਼ਾਸ ਤੌਰ ’ਤੇ ਬੱਚੇ ਮੂੰਗਫ਼ਲੀ ਘੱਟ ਚੁਗ
ਰਹੇ ਹਾਂ ਤੇ ਪਿੰਡ ਵੱਲ ਵਧ ਰਹੇ ਹਾਂ। ਤੀਆ ਪਹਿਰ ਪੀ ਕੇ ਸਾਡੀ ਚੁਗੀ ਮੂੰਗਫ਼ਲੀ ਦੀਆਂ
ਢੇਰੀਆਂ ਵੰਡੀਆਂ ਜਾਣੀਆਂ ਹਨ। ਹੋਰ ਪੁਟਾਣੇ ਚਾਹ ਨਾਲ ਮਿੱਸੀ ਰੋਟੀ ਦੀ ਉਡੀਕ ਕਰ ਰਹੇ
ਹਨ। ਚਾਹ ਪੀ ਕੇ ਅਸੀਂ ਆਪੋ ਆਪਣੀ ਮੂੰਗਫ਼ਲੀ ਦੀ ਢੇਰੀ ਲੈ ਕੇ ਘਰਾਂ ਨੂੰ ‘ਖਿਸਕ’ ਜਾਣਾ
ਹੈ ਅਤੇ ਪੁਟਾਣਿਆਂ ਦੇ ਨਾਲ ਕੰਮ ਕਰਦੇ ਸਾਡੇ ਸਾਂਝੀਆਂ ਨੇ ਪਸ਼ੂਆਂ ਲਈ ਹਰੇ ਪੱਠੇ ਦਾ
ਪ੍ਰਬੰਧ ਕਰਨ ਚਲੇ ਜਾਣਾ ਹੈ। ਇਸ ਤਰ੍ਹਾਂ ਇਸ ਚਾਹ ਨਾਲ ਸਾਰਿਆਂ ਦੇ ਆਪੋ-ਆਪਣੇ ਵਿਸ਼ੇਸ਼
ਹਿੱਤ ਜੁੜੇ ਹੋਏ ਹਨ।
ਚਾਹ ਲੈਣ ਗਿਆ ਵੀਰ ਅਜੇ ਤੱਕ ਨਹੀਂ ਮੁੜਿਆ। ਸਾਝਰੇ ਵਿਹਲਾ ਹੋ ਕੇ ਹੋਲਾਂ ਭੁੰਨਣ ਲਈ
ਕਾਹਲਾ ਨਵੇਂ ਪਿੰਡ ਵਾਲਾ ਬੰਤ ਮੈਨੂੰ ਕਹਿੰਦਾ ਹੈ-
-ਛੋਟੇ ਭਾਈ ਤੈਂ ਜਾਣਾ ਤੀ ਚਾਹ ਲੈਣ, ਉਹਦਾ ਕੀ ਪਤਾ ਓਡਾਂ ਦੀ ਗਧੀ ਦਾ, ਕਿੱਧਰ ਨੂੰ
ਨਿਕਲ ਜਾਵੇ-
ਵੀਰ ਦੇ ਸੁਭਾਅ ਬਾਰੇ ਸਾਰੇ ਜਾਣਦੇ ਹਨ। ਮਨ ਆਈ ਤਾਂ ਚੁੱਪ ਕਰਕੇ ਹੀ, ਰਾਹ ’ਚੋਂ ਹੀ
ਕਿਧਰੇ ਨੂੰ ਚਲਿਆ ਜਾਣਾ। ਫੇਰ ਕਿਤੇ ਮਹੀਨਾ ਦੋ ਮਹੀਨੇ ਬਾਅਦ ਦਰਸ਼ਨ ਹੋਣੇ। ਅਚਾਨਕ;
ਜਿਵੇਂ ਜਾਂਦਾ ਓਵੇਂ ਆ ਜਾਂਦਾ। ਤੀਏ ਪਹਿਰ ਦੀ ਚਾਹ ਲੈਣ ਗਿਆ ਦੋ ਮਹੀਨੇ ਬਾਅਦ ਹਾਜ਼ਰੀ
ਦੀ ਰੋਟੀ ਲਈ ਆਉਂਦਾ ਦਿੱਸਦਾ। ਉਹਦੇ ਪ੍ਰਤੀ ਬੇਵਸਾਹੀ ਨੂੰ ‘ਓਡਾਂ ਦੀ ਗਧੀ’ ਨਾਲ ਤੁਲਨਾ
ਦੇ ਦਿੱਤੀ ਜਾਂਦੀ। ਸਾਡੇ ਬਾਲ-ਮਨ ਉੱਤੇ ਓਡਾਂ ਦਾ ਪ੍ਰਭਾਵ ਬਹੁਤ ਬੇਵਸਾਹੇ, ਬੇਪਰਵਾਹ
ਅਤੇ ਗੈਰ-ਜਿ਼ੰਮੇਦਾਰ ਲੋਕਾਂ ਵਾਲਾ ਪੈਂਦਾ।
ਪਰ ਦੂਜੇ ਵਰਤਾਰੇ ਵੇਲੇ ਇਹ ਗੱਲ ਬਿਲਕੁਲ ਉਲਟ ਜਾਂਦੀ।
ਸਾਰਾ ਪਿੰਡ ਦਰਵਾਜ਼ੇ ਕੱਠਾ ਹੋਇਆ ਹੋਣਾ। ਦਰਵਾਜ਼ੇ ਦੋ ਦੋਵੇਂ ਪਾਸੇ ਦੇ ਆਲਿਆਂ ’ਚ
‘ਬੋਤਲ ਵਾਲੀ ਮਿਸ਼ਾਲ’ ਬਲਦੀ ਹੋਣੀ ਤੇ ਚੌਂਕੜੀਆਂ ਉੱਤੇ ਲੋਕ ਭਮੱਕੜਾਂ ਵਾਂਗ ਬੈਠੇ
ਹੋਣੇ। ਦੋਵੇਂ ਪਾਸਿਆਂ ਦੇ ਦਰਵਾਜਿ਼ਆਂ ਵਿੱਚ ਵੀ। ਆਲੇ-ਦੁਆਲੇ ਦੇ ਘਰਾਂ ਦੀਆਂ,
ਛੋਟੇ-ਛੋਟੇ, ਸੰਵਾਰ ਕੇ ਲਿੱਪੇ ਹੋਏ ਬਨੇਰੇ ਵਾਲੀਆਂ ਨੀਵੀਂਆਂ ਛੱਤਾਂ ਤੇ ਪਿੰਡ ਦੀਆਂ
ਔਰਤਾਂ ਬੈਠੀਆਂ ਹੋਣੀਆਂ। ਵਿਚਕਾਰ ਬੰਨ੍ਹੇ ਪਿੜ੍ਹ ਵਿੱਚ ਝਿਊਰਾਂ ਦੇ ਮੰਗਤੇ ਨੱਚਦੇ
ਹੋਣੇ। ਇੱਥੇ ਨੱਚਣ ਵਾਲੇ ਜਲਸੇ ਦੇ ਨਚਾਰ ਨਹੀਂ ਸੀ ਹੁੰਦੇ ਸਗੋਂ ਸੱਚੀਂਮੁੱਚੀਂ ਦੀਆਂ
ਤੀਵੀਆਂ ਹੁੰਦੀਆਂ ਸਨ। ਗੋਰੀਆਂ-ਗੋਰੀਆਂ,ਮਧਰੀਆਂ-ਮਧਰੀਆਂ, ਗੋਲ-ਗੋਲ, ਭਰੀਆਂ-ਭਰੀਆਂ।
ਉਹਨਾਂ ਦੇ ਹਰੀਆਂ ਬੂਟੀਆਂ ਵਾਲੇ ਸੂਟਾਂ ਦੀਆਂ ਬਾਹਾਂ ਉਹਨਾਂ ਦੇ ਗੱਦਰ ਡੌਲਿਆਂ ’ਤੇ,
ਮੋਢਿਆਂ ਤੋਂ ਬੱਸ ਥੋੜ੍ਹਾ ਜਿਹਾ ਹੀ ਹੇਠ ਕਰਕੇ ਘੁੱਟੀਆਂ ਹੋਈਆਂ ਦਿੱਸਦੀਆਂ। ਮੋਢਿਆਂ
ਉੱਪਰ ਚੋਣਾਂ ਪਾ ਕੇ ਫੁੱਲਿਆ ਹੋਇਆ ਕੱਪੜਾ ਫੁੱਲ ਬਣਿਆ ਦਿੱਸਦਾ। ਉਹਨਾਂ ਦੇ ਨੰਗੇ,
ਉੱਪਰੋਂ ਚਿੱਟੇ ਤੇ ਹੇਠੋਂ ਬਿਆਈਆਂ ਪਾਟੇ ਪੈਰਾਂ ‘ਚ ਮੋਟੇ ਮੋਟੇ ਬੋਰਾਂ ਵਾਲੀਆਂ
ਝਾਂਜਰਾਂ ਛਣਕਦੀਆਂ। ਮਿਸ਼ਾਲ ਦੇ ਨਿੰਮੇ ਪੀਲੇ ਚਾਨਣ ਵਿੱਚ ਲਾਲ ਨਹੁੰ-ਪਾਲਸ਼ ਚੰਗਿਆੜਿਆਂ
ਵਾਂਗ ਮੱਚਦੀ ਫਿਰਦੀ। ਸਾਜ਼ ਸਿਰਫ਼ ਢੋਲਕੀ ਹੁੰਦੀ, ਜਿਸਨੂੰ ਇੱਕ ਕਾਲਾ ਜਿਹਾ ਬੰਦਾ
ਵਜਾਉਂਦਾ। ਨੱਚਣ ਵਾਲੀ ਅੱਡੀ ਤੇ ਘੁੰਮਦੀ ਤਾਂ ਉਹਦੇ ਦੋਵੇਂ ਪੱਲੇ ਨੇਫ਼ੇ ਤੱਕ ਝੁਕ
ਜਾਂਦੇ, ਭਮੱਕੜ ਹੋਰ ਅੱਗੇ ਵੱਲ ਉੱਲਰ ਜਾਂਦੇ।
ਢੋਲਕੀ ਵਾਲਾ ਤੋੜਾ ਝਾੜਦਾ ਅਤੇ ਨੱਚਣ ਵਾਲੀ ਪੱਲਾ ਸਮੇਟ ਇੱਕ ਪਾਸੇ ਜਾ ਬਹਿੰਦੀ ਤੇ
ਦਰਵਾਜ਼ੇ ਦੇ ਕੌਲੇ ਨਾਲ ਖੜ੍ਹਾ ਅੱਧੀ ਕੁ ਉਮਰ ਦਾ ਬੰਦਾ ‘ਸਤੀ ਜਸਮਾ’ ਦੀ ਕਹਾਣੀ ਤੋਰ
ਲੈਂਦਾ।
ਪਤਾ ਨੀਂ ਕਿਉਂ,ਉਹ ਬੰਦਾ ਇਹ ਕਹਾਣੀ ਓਡਾਂ ਦੇ ਡੇਰੇ ’ਤੇ ਟਿਕੀ ਰਾਤ ’ਚ ਭੌਂਕਦੇ ਗੱਦੀ
ਕੁੱਤਿਆਂ ਤੋਂ ਸ਼ੁਰੂ ਕਰਦਾ। ਰਾਜਸਥਾਨ ਦੇ ਟਿੱਬਿਆਂ ਵਿੱਚ ਓਡਾਂ ਦੇ ਗਧਿਆਂ ਅਤੇ
ਕੁੱਤਿਆਂ ਦੇ ਪੈਰਾਂ ਨਾਲ ਉੱਡਦੀ ਧੂੜ, ਦਰਵਾਜ਼ੇ ‘ਚ ਬੰਨ੍ਹੇ ਅਖਾੜੇ ‘ਚ ਦਿੱਸਣ ਲੱਗ
ਪੈਂਦੀ।
ਰਾਜਸਥਾਨ ਦੇ ਮਾਲਵੇ ਤੋਂ ਗੁਜਰਾਤ ਵੱਲ ਜਾਂਦੇ ਓਡਾਂ ਦੇ ਅਣਗਿਣਤ ਪੜਾਵਾਂ ਵਿੱਚੋਂ ਇਹ
ਇੱਕ ਪੜਾਅ ਹੁੰਦਾ। ਓਡ, ਫਟੇ ਹੋਏ ਤੰਬੂਆਂ ਹੇਠ ਸੌਂਦੇ ਤੇ ਕੁੱਤੇ ਰਾਖੀ ਕਰਦੇ। ਕਦੇ-ਕਦੇ
ਮਾਰੂਥਲ ਵਿੱਚ ਤੇਜ਼ ਹਵਾ ਚਲਦੀ, ਰੇਤੇ ਦਾ ਤੂਫ਼ਾਨ ਆਉਂਦਾ ਤੇ ਤੰਬੂ ਗੱਡੇ ਨਾ ਜਾ ਸਕਦੇ।
ਓਡ, ਓਡਣੀਆਂ ਕਾਹਲੀ-ਕਾਹਲੀ ਸਮਾਨ ਰੇਤੇ ’ਚ ਦੱਬਦੇ, ਬੱਚਿਆਂ ਨੂੰ ਉਹ ਵਿਚਕਾਰ ਲੈ ਕੇ
ਘੇਰਾ ਬਣਾਊਂਦੇ, ਹਵਾ ਦੇ ਥੰਮ੍ਹਣ ਤੱਕ ਮੂੰਹ ਪਰਨੇ ਲੇਟੇ ਰਹਿੰਦੇ। ਹਵਾ ਥੰਮ੍ਹਦੀ, ਉਹ
ਆਪਣੇ ਆਪ ਨੂੰ ਛੰਡਦੇ, ਬੱਚਿਆਂ ਦੇ ਰੁੱਖੇ ਮੂੰਹ ਤੋਂ ਰੇਤ ਝਾੜਦੇ, ਡੂੰਘੇ ਕਰਕੇ ਦੱਬੇ
ਘੜਿਆਂ ’ਚੋਂ ਚੂਲੀ-ਚੂਲੀ ਪਾਣੀ ਪੀਂਦੇ ਤੇ ਤੁਰਨ ਤੋਂ ਪਹਿਲਾਂ ਗਧਿਆਂ ਤੇ ਕੁੱਤਿਆਂ ਦੀ
ਗਿਣਤੀ ਕਰਦੇ। ਕੁੱਤੇ ਆਮ ਤੌਰ ’ਤੇ ਪੂਰੇ ਹੁੰਦੇ, ਗਧੇ ਘੱਟ। ਕਦੇ-ਕਦੇ ਇੱਕ ਤੇ ਕਦੇ
ਕਦਾਈਂ ਇੱਕ ਤੋਂ ਵੱਧ ਵੀ ਗਧੇ ਔਟਲ ਜਾਂਦੇ, ਪਰ ਉਹਨਾਂ ਵਿੱਚੋਂ ਬਹੁਤੇ ਬਹੁਤੀ ਵਾਰ ਸਵੇਰ
ਸ਼ਾਮ ਫਿ਼ਰ ਤੋਂ ਨਾਲ ਆ ਰਲਦੇ ਸਨ।
ਜੀਵਨ ਇਵੇਂ ਸੀ। ਹਰ ਕੂਚ ਤੋਂ ਬਾਅਦ ਮੁਕਾਮ। ਹਰ ਮੁਕਾਮ ਤੋਂ ਬਾਅਦ ਕੂਚ। ਇਸ ਵਾਰ ਓਡ
ਗੁਜਰਾਤ ਦੇ ਰਾਜੇ ਰਾਉ ਖੰਗਾਰ ਦੇ ਸੱਦੇ ਤੇ ਗੁਜਰਾਤ ਜਾ ਰਹੇ ਸਨ। ਗਰਨਾਰ ਦਾ ਰਾਜਾ ਇੱਕ
ਬਹੁਤ ਵੱਡਾ ਤਲਾਅ ਪੁੱਟਣਾ ਚਾਹੁੰਦਾ ਸੀ। ਅਜਿਹਾ ਤਲਾਅ ਜੀਹਦੇ ਵਰਗਾ ਨਾ ਭੂਤ ਵਿੱਚ ਕਿਸੇ
ਨੇ ਪੁਟਾਇਆ ਹੋਵੇ ਤੇ ਨਾ ਭਵਿੱਖ ’ਚ ਕੋਈ ਸੋਚ ਸਕੇ। ਤਲਾਅ ਅਤੇ ਇਸ ਵਿਚਲੇ ਪਾਣੀ ਵਿੱਚੋਂ
ਰਾਜਾ ਰਾਉ ਖੰਗਾਰ ਆਪਣੀ ਅਮਰਤਾ ਦਾ ਪਰਛਾਵਾਂ ਵੇਖਦਾ ਸੀ। ਤਲਾਅ ਪੁੱਟਣ ਅਤੇ ਮਿੱਟੀ ਢੋਣ
ਵਰਗਾ ਕੰਮ ਓਡ ਕਰਦੇ ਸਨ ਅਤੇ ਇਸ ਕੰਮ ਦਾ ਮਾਹਿਰ ਮਾਲਵੇ ਦੇ ਓਡ ਮੰਨੇ ਜਾਂਦੇ ਸਨ। ਉਹਨਾਂ
ਦੇ ਹੱਥਾਂ ਨੇ ਅਜਿਹੀ ਸੁਧਾਈ ਹਾਸਲ ਕਰ ਲਈ ਸੀ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ। ਮਿੱਟੀ
ਦੀ ਪੁਟਾਈ ਕਲਾ ਬਣਾ ਦਿੰਦੇ। ਰਾਓ ਖੰਗਾਰ ਨੇ ਮਾਰਵਾੜ ਤੋਂ ਵੀ ਓਡ ਮੰਗਵਾਏ ਤੇ ਮਾਲਵੇ ਦੇ
ਓਡਾਂ ਨੂੰ ਮੂੰਹ ਮੰਗੀ ਪੇਸ਼ਗੀ ਭੇਜੀ। ਪੇਸ਼ਗੀ ਦੇ ਸਿੱਕੇ ਤੰਬੂਆਂ ਦੇ ਬਾਂਸਾਂ ਵਿਚ
ਲਕੋਈ ਓਡਾਂ ਨੇ ਗੁਜਰਾਤ ਵੱਲ ਕੂਚ ਕੀਤਾ ਤੇ ਫਿਰ ਕੂਚ-ਦਰ-ਕੂਚ। ਗਧਿਆਂ ਤੇ ਲੱਦਿਆ ਉਹਨਾਂ
ਦਾ ਸਮੁੱਚਾ ਸੰਸਾਰ ਸੀ। ਰਹਾਇਸ਼ ਲਈ ਤੰਬੂ, ਰਸੋਈ ਲਈ ਬਰਤਨ ਤੇ ਕੰਮ ਲਈ ਕਹੀਆਂ,
ਫੌੜ੍ਹੇ, ਕੁਦਾਲਾਂ ਅਤੇ ਗੰਧਾਲੇ; ਜਿਹੜੇ ਕਿਸੇ ਤਲਾਅ ਦੀ ਮਿੱਟੀ ਪੁੱਟਦੇ, ਕਦੇ ਕਿਸੇ ਘਰ
ਲਈ ਚੀਰੂਆਂ ਦਾ ਪ੍ਰਬੰਧ ਕਰਦੇ, ਕੁੱਲੀ ਲਈ ਸਰਕੜਾ ਤੇ ਅੱਗ ਲਈ ਕਾਹੀ ਪੁੱਟਦੇ, ਅਰਥੀ ਲਈ
ਬੇਰੀ, ਚਿਤਾ ਲਈ ਕਿੱਕਰਾਂ ਅਤੇ ਬੱਚਿਆਂ ਲਈ ਲੋੜ ਪੈਣ ਤੇ ਕਬਰਾਂ ਵੀ ਪੁੱਟ ਦੇਂਦੇ। ਕਦੇ
ਲੋੜ ਪੈਂਦੀ ਤਾਂ ਇਹੀ ਸੰਦ ਓਡਾਂ ਦੇ ਅੱਟਣਾਂ ਵਾਲੇ ਹੱਥਾਂ ’ਚ ਰਾਖੀ ਲਈ ਹਥਿਆਰ ਵੀ
ਬਣਦੇ। ਹੁਣ ਜਦ ਕਦੇ ਬਾਂਸ ਦੀ ਸੋਟੀ ਦੇ ਆਸਰੇ ਖੜ੍ਹਾ ਉਹ ਕਾਲਾ ਜਿਹਾ ਬੰਦਾ ਕਥਾ
ਸੁਣਾਉਂਦਾ ਮੇਰੇ ਚੇਤੇ ’ਚ ਉੱਭਰਦਾ ਹੈ, ਤਾਂ ਲਾਲ ਸਿੰਘ ਦਿਲ ਦੀ ਕਵਿਤਾ ਯਾਦ ਆ ਜਾਂਦੀ
ਹੈ:
ਇਹ ਕੌਣ ਆਰੀਆ ਹਨ,
ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ।
ਪਿਓਆਂ ਦੇ ਹੱਥਾਂ ’ਚ ਕੁੱਤੇ ਨੇ,
ਮਾਵਾਂ ਦੀਆਂ ਪਿੱਠਾਂ ਤੇ ਪਤੀਲੇ ਬੱਧੇ ਨੇ,
ਪਤੀਲਿਆਂ ’ਚ ਮਾਵਾਂ ਦੇ ਪੁੱਤ ਸੁੱਤੇ ਨੇ, ਇਹ ਕੌਣ ਆਰੀਆ ਹਨ-----
ਇਹਨਾਂ ਵਿੱਚ ਜਸਮਲ ਸੀ ਜਿਸਨੂੰ ਕਹਾਣੀ ਸੁਣਾਉਣ ਵਾਲਾ ‘ਜਸਮਾ ਓਡਣ’ ਕਹਿੰਦਾ। ਜਸਮਾ
ਜੀਹਦੀ ਖ਼ੂਬਸੂਰਤੀ ਅਜੇ ਤੀਕ ਰਾਜਸਥਾਨੀ ਲੋਕ-ਕਥਾ ਦੀਆਂ ਉਦਾਹਰਣਾਂ ਵਿੱਚੋਂ ਇੱਕ ਹੈ।
ਜਸਮਾਂ, ਜੀਹਦੇ ਮਾਰੂਥਲੀ ਅਸਮਾਨ ਉੱਤੇ ਜੇ ਕੋਈ ਪੰਛੀ ਹੁੰਦੇ ਤਾਂ ਉਹਦੀ ਆਬ ਨਾਲ ਧਰਤੀ
’ਤੇ ਉੱਤਰ ਆਉਂਦੇ। ਜਸਮਾਂ, ਜੀਹਦੇ ਬੋਲਾਂ ’ਚੋਂ ਕਹਿੰਦੇ ਰਾਵਣ-ਹੱਥੇ ਦੀਆਂ ਤਾਰਾਂ ਵਰਗਾ
ਸੰਗੀਤ ਝਰਦਾ। ਜਸਮਾਂ, ਜੀਹਦੇ ਜਨਮ ਤੋਂ ਬਾਅਦ ਕਿਸੇ ਜੋਤਸ਼ੀ ਨੇ ਨਹੀਂ, ਕਬੀਲੇ ਦੇ ਹੀ
ਇੱਕ ਸਿਆਣੇ ਨੇ ਸੋਚ ਵਿਚਾਰ ਕੇ ਕਿਹਾ ਸੀ; “ਓਡਣੀ ਦੀ ਕੁੱਖੋਂ ਅਜਿਹੀ ਰੂਪਵਤੀ ਦਾ ਜੰਮਣਾ
ਕੋਈ ‘ਕੁਦਰਤੀ ਖੇਲ’ ਐ, ਰੱਬ ਸੁੱਖ ਰੱਖੇ।”
ਪਰ ਓਡਾਂ ਦੇ ਇਸ ਕਬੀਲੇ ਵਿੱਚ ਸੁੱਖ ਰਹਿਣੀ ਨਹੀਂ ਸੀ। ਜਸਮਲ ਓਡਣੀ ਨੇ ‘ਜਸਮਾਂ ਸਤੀ’ ਦਾ
ਲਕਬ ਹਾਸਲ ਕਰਨਾ ਸੀ। ਤੇ ਮਾਲਵੇ ਦੇ ਓਡਾਂ ਦੀਆਂ ਰਾਜਸਥਾਨ ਦੇ ਟਿੱਬਿਆਂ ਵਿੱਚ ਗਹਿਰੀਆਂ
ਪੈੜਾਂ ਆਉਣ ਵਾਲੇ ਇਤਿਹਾਸ ਨੇ ਸਦੀਆਂ ਤੱਕ ਪੜ੍ਹਨੀਆਂ ਸਨ। ਓਡਾਂ ਦੇ ਸੁੱਖ ਦੇ ਰਾਹ ਵਿੱਚ
ਇੱਕ ਦਿਨ ਰਾਓ ਖੰਗਾਰ ਆ ਗਿਆ ਸੀ।
ਤਲਾਅ ਦੀ ਪੁਟਾਈ ਚੱਲ ਰਹੀ ਸੀ। ਜਸਮਲ ਆਪਣੇ ਗਧੇ ਤੇ ਮਿੱਟੀ ਢੋ ਰਹੀ ਸੀ। ਮਿੱਟੀ
ਪੁੱਟਦੀ, ਸਿਰ ਸੁੱਟੀ ਖੜ੍ਹੇ ਗਧੇ ਦੇ ਦੋਵੇਂ ਪਾਸੇ ਲਟਕਦੇ ‘ਗੂਣ’ ਵਿੱਚ ਭਰਦੀ ਅਤੇ ਆਪਣੇ
ਲਈ ਬਣਾਈ ਪਗਡੰਡੀ ਤੇ ਚੜ੍ਹਾ ਹਰ ਘੜ੍ਹੀ ਵੱਡੇ ਹੋ ਰਹੇ ਮਿੱਟੀ ਦੇ ਟਿੱਬੇ ਤੇ ਉਲਟਾਅ
ਆਉਂਦੀ। ਤਪਦੀ ਦੁਪਹਿਰ ਵਿੱਚ ਬਲ਼ ਬਲ਼ ਉੱਠਦੀ ਮਿੱਟੀ ਪੁੱਟਦੀ ਜਸਮਲ ਦੇ ਮੂੰਹ ਤੇ ਤੈਰ
ਆਈਆਂ ਪਸੀਨੇ ਦੀਆਂ ਬੂੰਦਾਂ ਇੰਝ ਚਮਕਦੀਆਂ ਜਿਵੇਂ ਗੁਲਾਬ ਦੇ ਫੁੱਲ ਤੇ ਓਸ ਦੀ ਬੂੰਦ
ਚਮਕਦੀ ਹੈ। ਚਾਂਦੀ ਦੇ ਘੁੰਗਰੂਆਂ ਵਾਲੀ ਚਾਦਰ ਨਾਲ ਉਹ ਪਸੀਨਾ ਪੂੰਝਦੀ ਤਾਂ ਘੁੰਗਰੂਆਂ
ਦੀ ਛਣਕ ਦੇ ਨਾਲ ਨਾਲ, ਸੁਣਨ ਵਾਲੇ ਦਾ ਮਨ ਵੀ ਝੂਮ ਉੱਠਦਾ। ਸ਼ਾਇਦ ਅਜਿਹੇ ਹੀ ਕਿਸੇ
ਦ੍ਰਿਸ਼ ਨੂੰ ਪੰਜਾਬੀ ਲੋਕ-ਮਨ ਨੇ ਬੋਲੀ ਵਿੱਚ ਬੰਨ੍ਹਿਆ ਹੈ:
ਰੰਗ ਚੋ ਕੇ ਪਰਾਤ ਵਿੱਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ।
‘ਰੋਟੀਆਂ’ ਲਈ ਜੂਝਦੀ ਜਸਮਲ ਦੀ ਉੱਗਰੀ ਕਹੀ, ਜਦੋਂ ਹੇਠ ਆਈ ਤਾਂ ਰਾਏ ਖੰਗਾਰ ਦੇ ਦਿਲ ’ਚ
ਡੂੰਘੀ ਜਾ ਧਸੀ। ਉਹ ਸਿੱਧੀ ਹੋਈ ਜਸਮਲ ਦੀ ਲਗਰ ਵਰਗੀ ਦੇਹ ਦੇ ਨਾਲ ਹੀ ਟੰਗਿਆ ਗਿਆ।
ਰਾਓ, ਪੁਟਾਈ ਦਾ ਜਾਇਜ਼ਾ ਲੈਣਾ ਭੁੱਲ ਗਿਆ। ਬਾਕੀ ਓਡਾਂ ਵੱਲ ਅਣ-ਮੰਨਿਆ ਜਿਹਾ ਗੇੜਾ ਮਾਰ
ਕੇ ਮਾਲਵੇ ਆਲਿਆਂ ਵੱਲ ਹੀ ਫਿ਼ਰ ਆ ਨਿਕਲਿਆ।
------ਭਾਂਵੇਂ ਦਰਵਾਜ਼ੇ ’ਚ ਖੜ੍ਹਾ ਬੰਦਾ ਆਪਣੀ ਕਹਾਣੀ ਰੋਕਣ ਦੀ ਇਜਾਜ਼ਤ ਕਦੇ ਨਾ
ਦੇਂਦਾ, ਪ੍ਰੰਤੂ ਆਪਾਂ ਨੂੰ ਇੱਥੇ ਕੁ ਗੱਲ ਰੋਕਣੀ ਪਵੇਗੀ ਕਿਉਂਕਿ ਗਰਨਾਰ ਦੇ ਰਾਜੇ ਰਾਓ
ਖੰਗਾਰ ਨਾਲ ਪੰਜਾਬੀ ਸਾਹਿਤ ਪਹਿਲਾਂ ਹੀ ਅਸਿੱਧੇ ਰੂਪ ਵਿੱਚ ਸੰਬੰਧਿਤ ਹੈ। ਭਾਈ ਗੁਰਦਾਸ
ਆਪਣੀ ਸਤਾਈਵੀਂ ਵਾਰ ਦੀ ਪਹਿਲੀ ਪਉੜੀ ਵਿੱਚ ਪ੍ਰਸਿੱਧ ਪ੍ਰੀਤ ਕਥਾਵਾਂ ਨੂੰ ਦ੍ਰਿਸ਼ਟਾਂਤ
ਬਣਾਉਂਦੇ ਹਨ। ਹੀਰ-ਰਾਂਝਾ, ਸੱਸੀ-ਪੁੰਨੂ ਦੇ ਨਾਲ-ਨਾਲ ਇੱਕ ਸਤਰ ਵਿੱਚ ਉਹ ਸੋਰਠ-ਬੀਜੇ
ਦਾ ਜਿ਼ਕਰ ਕਰਦੇ ਹਨ।
ਸੋਰਠ ਬੀਜਾ ਗਾਵੀਐ, ਜਸ ਸੁਗੜਾ ਵਾਤੀ।
ਉਪਰੋਕਤ ਪ੍ਰੀਤ ਕਹਾਣੀ ਵਾਲਾ ਬੀਜਾ, ਗਰਨਾਰ ਦੇ ਰਾਜੇ ਰਾਓ ਖੰਗਾਰ ਦਾ ਭਾਣਜਾ ਸੀ ਤੇ
ਸੋਰਠ, ਬੀਜੇ ਦੀ ਪ੍ਰੇਮਿਕਾ। ਬੀਜੇ ਦੇ ਡੇਰੇ ਜਾ ਰਹੀ ਸੋਰਠ ਦੀ ਪਾਲਕੀ ਰਾਓ ਖੰਗਾਰ ਨੇ
ਆਪਣੇ ਰਾਜਾ ਹੋਣ ਦੇ ਅਧਿਕਾਰ ਹੇਠ ਆਪਣੇ ਮਹਿਲੀਂ ਮੰਗਵਾ ਲਈ ਸੀ।
ਸੋਰਠ ਉਹਦੇ ਰਾਣੀ-ਵਾਸ ਦਾ ਸਿੰਗਾਰ ਸੀ, ਜੀਹਦੇ ਬਾਰੇ ਰਾਜਸਥਾਨੀ ਲੋਕ-ਕਾਵਿ ਵਿੱਚ ਇੱਕ
ਦੋਹਾ ਮਿਲਦਾ ਹੈ
ਊਚੋ ਗੜ੍ਹ ਗਿਰਨਾਰ, ਆਬੂ ਪੇ ਛਾਇਆ ਪੜ੍ਹੇ।
ਸੋਰਠ ਰੋ ਸਿ਼ਣਗਾਰ ਬਾਦਲ ਸੂੰ ਬਾਤਾਂ ਕਰੇ।
(ਉੱਚੇ ਗਿਰਨਾਰ ਦੇ ਉੱਚੇ ਕਿਲੇ ਤੇ ਜਦ ਸੋਰਠ ਸਿ਼ੰਗਾਰ ਕਰਦੀ ਹੈ ਤਾਂ ਪੌਣਾਂ ਸੰਗ ਉੱਡਦੇ
ਬੱਦਲ ਦੋ ਘੜੀ ਉਹਦਾ ਰੂਪ ਵੇਖਣ ਲਈ ਰੁਕ ਜਾਂਦੇ ਹਨ।)
ਪਰ ਜਦ ਢਲਦੀ ਸ਼ਾਮ ’ਚ ਅਸਤ ਹੁੰਦੇ ਸੂਰਜ ਦੀਆਂ ਸੰਧੂਰੀ ਭਾਅ ਮਾਰਦੀਆਂ ਕਿਰਨਾਂ ’ਚ, ਰਾਓ
ਖੰਗਾਰ ਨੇ ਜਸਮਲ ਨੂੰ ਮੂੰਹ ਧੋਂਦੇ ਦੇਖਿਆ ਤਾਂ ਉਸਦੀਆਂ ਅੱਖਾਂ ਵਿੱਚ ਵਸੀ ਸੋਰਠ ਦੀ
ਸੂਰਤ ਫਿੱਕੀ ਪੈ ਗਈ। ਕਮਾਣ ਵਾਂਗ ਝੁਕੀ ਖੜੀ ਜਸਮਲ ਦੀ ‘ਕਮਾਈ’ ਹੋਈ ਦੇਹ ਨੇ ਰਾਜੇ ਦੀਆਂ
ਰੀਝਾਂ ’ਚ ਕਾਮ ਦੀ ਅੱਗ ਬਾਲ ਦਿੱਤੀ। ਦਿਨ ਭਰ ਦੇ ਪਸੀਨੇ ਤੇ ਮਿੱਟੀ ਨਾਲ ਲੱਥ-ਪੱਥ
ਪੈਰਾਂ ਨੂੰ ਜਸਮਲ ਨੇ ਜਦ ਕਮਲ ਦੀਆਂ ਪੱਤੀਆਂ ਵਰਗੀਆਂ ਉਂਗਲਾਂ ਨਾਲ ਮਲਿਆ ਤਾਂ ਨਰਮ ਕੂਲਾ
ਰੇਸ਼ਮ ਰਾਜੇ ਦੇ ਪਿੰਡੇ ’ਤੇ ਫਿਰ ਗਿਆ। ਅੱਡੀਆਂ ਕੂਚਦੀ ਜਸਮਲ ਦੀਆਂ ਅੱਡੀਆਂ ਦੀ ਸੁਰਖ
ਲਾਲੀ ਪਾਣੀ ਵਿੱਚ ਘੁਲ ਗਈ। ਰਾਓ ਖੰਗਾਰ ਦੀ ਕਲਪਨਾ ਜਸਮਲ ਨੂੰ ਆਪਣੇ ਜ਼ਨਾਨੇ ਦੇ ਮਖ਼ਮਲੀ
ਗੱਦਿਆਂ ਤੇ ਬਿਰਾਜਦੀ ਵੇਖਣ ਲੱਗ ਪਈ। ਧੁੱਪ ਨਾਲ ਤਪੀਆਂ ਅੱਖਾਂ ਦੇ ਕੇਸਰੀ ਸੇਕ ਵਿੱਚ
ਰਾਜੇ ਦਾ ਸਮੁੱਚਾ ਜਿਸਮ ਤੇ ਰਾਣੀ-ਵਾਸ ਦਾ ਸਾਰਾ ਹੁਸਨ ਪਿਘਲ ਗਿਆ।
ਪਾਣੀ ਦਾ ਇੱਕ ਘੜਾ ਸਿਰ ਤੇ, ਅਤੇ ਦੂਜਾ ਢਾਕ ਤੇ ਰੱਖ ਕੇ ਜਸਮਲ ਮੁੜੀ ਤਾਂ ਘੋੜ ਸਵਾਰ
ਰਾਜਾ ਰਾਹ ਰੋਕ ਕੇ ਖੜ੍ਹ ਗਿਆ-
-ਕੀ ਨਾਉਂ ਐ ਤੇਰਾ, ਕੇਸਰਵਰਣੀ?- (ਕੇਸਰ ਦੇ ਜਿਸਮ ਵਾਲੀ)
ਧੰਦਕ ਕੇ ਰੁਕੀ ਜਸਮਲ ਨੇ ਸਿ਼ੰਗਾਰੇ ਹੋਏ ਘੋੜੇ ਤੇ ਬਣੇ ਫੱਬੇ ਖੂਬਸੂਰਤ ਨੌਜਵਾਨ ਵੱਲ
ਵੇਖਿਆ; ਮੂੰਹ ਤੇ ਪੱਲੂ ਨੀਵਾਂ ਕੀਤਾ; ਲੱਕ ਤੋਂ ਲੰਗਾਰੇ ਕੁੜਤੇ ਨੂੰ ਢਾਕ ਦੇ ਘੜੇ ਨਾਲ
ਢੱਕਿਆ ਤੇ ਰਾਹ ਬਦਲ ਕੇ ਤੁਰਦੀ ਬੋਲੀ-
-ਜਸਮਲ-
-ਜਸਮਲ- ਰਾਜੇ ਨੇ ਗਹਿਰਾ ਸਾਹ ਭਰਕੇ ਦੁਹਰਾਇਆ।
-ਜਸਮਲ ਤੂੰ ਏਥੇ ਟਿੱਬਿਆਂ ’ਚ ਕੀ ਕਰਦੀ ਏਂ! ਆ, ਮੇਰੇ ਮਹਿਲ ਦੇਖਣ ਆ! ਰਾਓ ਖੰਗਾਰ ਰੀਝ
ਗਿਆ ਹੈ-
ਜਸਮਲ ਧੁਰ ਅੰਦਰ ਤੱਕ ਕੰਬ ਗਈ। ਘੋੜੇ ਵਾਲਾ ਤਾਂ ਰਾਜਾ ਸੀ! ਰਾਓ ਖੰਗਾਰ। ਉਸਨੇ ਕਾਹਲੀ
ਕਾਹਲੀ ਘੜੇ ਹੇਠ ਰੱਖੇ ਤੇ ਝੁਕ ਕੇ ਹੱਥ ਜੋੜੇ-
-ਮੈਂ ਮਹਿਲਾਂ ਦਾ ਕੀ ਦੇਖਣੈਂ, ਹਜ਼ੂਰ ਮਾਈ-ਬਾਪ। ਗਰੀਬ ਲੋਕਾਂ ਲਈ ਤਾਂ ਸਰਕੰਡੇ ਦੀ
ਕੁੱਲੀ ਹੀ ਰੱਬ ਦਾ ਆਸਰਾ ਹੁੰਦੀ ਹੈ-
-ਚੱਲ ਮਹਿਲ ਨਾਂ ਸਹੀ। ਮਹਿਲਾਂ ਵਿੱਚ ਰਾਜਾ ਤੇ ਰਾਜਕੁਮਾਰ ਵੀ ਤਾਂ ਵਸਦੇ ਨੇ। ਸਾਰੇ
ਤੇਰੇ ਦਰਸ਼ਨ ਕਰਨਗੇ-
-ਮੈਨੂੰ ਤਾਂ ਓਡ ਅਰ ਓਡ ਬੱਚੇ ਈ ਚੰਗੇ ਲੱਗਦੇ ਨੇ ਰਾਜਾ। ਮੈਂ ਰਾਜਿਆਂ, ਰਾਜਕੁਮਾਰਾਂ
ਨੂੰ ਵੇਖਕੇ ਕੀ ਲੈਣੈ-
-ਮੈਂ, ਰਾਓ ਖੰਗਾਰ, ਗਰਨਾਰ ਦਾ ਰਾਜਾ ਤੈਨੂੰ ਆਪਣੀਆਂ ਰਾਣੀਆਂ ਨਾਲ ਮਿਲਣ ਦਾ ਸੱਦਾ
ਦਿੰਦਾ ਹਾਂ- ਪਾਸਾ ਵੱਟਕੇ ਲੰਘ ਚੱਲੀ ਜਸਮਲ ਦਾ ਰਾਹ ਰਾਜੇ ਨੇ ਫਿਰ ਰੋਕ ਲਿਆ।
-ਤੁਸੀਂ ਭੁੱਲ ਕਰ ਰਹੇ ਹੋ ਰਾਜਾ! ਮੈਂ, ਜਸਮਾਂ ਓਡਣ, ਅਪਣੀਆਂ ਓਡਣੀਆਂ ਵਿੱਚ ਹੀ ਖੁਸ਼
ਹਾਂ। ਮੇਰਾ ਰਾਣੀਆਂ ਨਾਲ ਕੀ ਸੰਗ-
-ਫੇਰ ਤੂੰ ਮੇਰੇ ਘੋੜੇ ਦੇਖਣ ਲਈ ਆਜਾ। ਤੂੰ ਸਮਝ ਕਿਉਂ ਨਹੀਂ ਰਹੀ ਜਸਮਲ, ਕਿਸਮਤ ਤੈਨੂੰ
ਪਟਰਾਣੀ ਬਨਾਉਣਾ ਲੋਚਦੀ ਹੈ- ਰਾਜਾ ਅੱਗੇ ਨੂੰ ਝੁਕਿਆ ਤੇ ਆਪਣੇ ਘੋੜੇ ਦਾ ਸਿ਼ੰਗਾਰਿਆ
ਹੋਇਆ ਮੂੰਹ ਥਪਥਪਾਇਆ।
-ਰਾਜਾ ਜੀ, ਤੁਹਾਡੇ ਘੋੜੇ ਤੁਹਾਨੂੰ ਮੁਬਾਰਕ! ਮੈਨੂੰ ਤਾਂ ਸਾਡੇ ਗਧੇ ਈ ਪਿਆਰੇ ਲੱਗਦੇ
ਨੇ। ਮੇਰਾ ਰਸਤਾ ਛੱਡੋ ਤੇ ਮੈਨੂੰ ਜਾਣ ਦਿਓ- ਜਸਮਲ ਨੇ ਸਖ਼ਤੀ ਨਾਲ ਰਾਜੇ ਦੇ ਘੋੜੇ ਦਾ
ਮੂੰਹ ਪਰੇ ਹਟਾਇਆ ਤੇ ਆਪਣੇ ਡੇਰੇ ਦੇ ਰਾਹ ਦੌੜ ਗਈ।
ਰਾਓ ਖੰਗਾਰ ਅਪਮਾਨ ਅਤੇ ਕਰੋਧ ਦਾ ਭਰਿਆ ਖੜ੍ਹਾ ਰਹਿ ਗਿਆ। ਇੱਕ ਓਡਣ ਦੀ ਐਨੀ ਹਿੰਮਤ ਕਿ
ਉਹਨੂੰ, ਰਾਏ ਖੰਗਾਰ ਨੂੰ, ਠੁਕਰਾ ਕੇ ਚਲੀ ਜਾਵੇ। ਉਹਦੇ ਅੰਦਰ ‘ਊਦਾ ਢੋਲੀ’ ਦਾ ਵਾਰ-ਵਾਰ
ਗਾਇਆ ਦੋਹਾ ਵੱਜ ਉੱਠਿਆ। ਊਦਾ, ਦਰਬਾਰ ’ਚ ਉਹਦੀ ਅਤੇ ਸੋਰਠ ਦੀ ਖੂਬਸੂਰਤੀ ਦੀ ਪ੍ਰਸੰਸਾ
ਵਿਚੱ ਗਾਉਂਦਾ:-
ਜਿਣ ਸਾਂਚੇ ਸੋਰਠ ਘੜੀ, ਘੜਿਓ ਰਾਣ ਖੰਗਾਰ।
ਵੋ ਸਾਂਚੋ ਤੋ ਗਲ ਗਯੋ, ਲਦ ਹੀ ਗਯੋ ਲੁਹਾਰ।
( ਜਿਸ ਸਾਂਚੇ ’ਚ ਸੋਰਠ ਵਰਗੀ ਔਰਤ ਅਤੇ ਰਾਓ ਖੰਗਾਰ ਜਿਹਾ ਮਰਦ ਘੜਿਆ ਗਿਆ, ਉਹ ਸਾਂਚਾ
ਹੀ ਗਲ ਗਿਆ, ਸਾਂਚਾ ਬਣਾਉਣ ਵਾਲਾ ਲੁਹਾਰ ਹੀ ਮਰ ਗਿਆ)
ਤੇ ਆਹ ਇੱਕ ਮਿੱਟੀ ਪੁੱਟਣ ਵਾਲੀ ਓਡਣ, ਉਹਨੂੰ ਠੋਕਰ ਮਾਰਕੇ ਚਲੀ ਗਈ। ਅਪਮਾਨਿਤ ਰਾਓ
ਖੰਗਾਰ ਬੇਚੈਨ, ਰਾਤ ਭਰ ਪਾਸੇ ਮਾਰਦਾ ਰਿਹਾ, ਅੱਖ ਲੱਗਦੀ ਤਾਂ ਚਮਕਣੀ ਪੀਲੀ ਬੂਟੀ ਵਾਲੇ
ਕਾਲੇ ਸੂਟ ਦੇ ਲੰਗਾਰ ਵਿੱਚੋਂ ਜਸਮਲ ਦੀ ਚੰਦਨ ਵਰਗੀ ਦੇਹ ਦਿੱਸਦੀ। ਹੇਠ ਤੱਕ ਵਧੇ ਪੱਲੂ
ਹੇਠੋਂ, ਗੁਲਾਬੀ ਬੁੱਲਾਂ ’ਚੋਂ ਚਮਕਦੇ ਦੰਦ ਦਿੱਸਦੇ ਅਤੇ ਨਾਲ ਹੀ ਜਸਮਲ ਦੇ ਬੋਲਾਂ ’ਚ
ਲੁਕੀ ਕੁੜੱਤਣ ਕੰਨਾਂ ’ਚ ਅਪਮਾਨ ਦਾ ਜ਼ਹਿਰ ਘੋਲਦੀ।
-ਜਸਮਲ, ਤੈਨੂੰ ਰਾਏ ਖੰਗਾਰ ਦੀ ਸੇਜ ਸਜਾਉਣੀ ਹੀ ਪਵੇਗੀ, ਮੰਨੇ ਚਾਹੇ ਅਣਮੰਨੇ ਰਾਜੇ ਦੇ
ਮਨ ’ਚ ਬਦੀ ਆਪਣੇ ਸਿਖ਼ਰ ਨੂੰ ਜਾ ਪਹੁੰਚੀ। ਜਦੋਂ ਆਪਣੇ ਘੋੜੇ ਤੇ ਸਵਾਰ ਹੋ ਉਹ ਪੁੱਟੇ
ਜਾ ਰਹੇ ਤਲਾਅ ਦੇ ਮਾਲਵੇ ਵਾਲੇ ਓਡਾਂ ਦੇ ਖੇਤਰ ਵਿੱਚ ਪਹੁੰਚਿਆ ਤਾਂ ਜਸਮਲ ਨੂੰ ਦੇਖਦੇ
ਹੀ ‘ਚੁੱਕ ਲੈਣ’ ਦੀ ਬਦਨੀਤੀ ਉਹਦੀ ਰਗ-ਰਗ ਵਿੱਚੋਂ ਝਲਕ ਰਹੀ ਸੀ।
ਪਰ ਗਧਾ ਹੱਕੀ ਲਈ ਆ ਰਹੀ ਜਸਮਲ ਨੂੰ ਦੇਖਿਆ ਤਾਂ ਰਾਜੇ ਦੇ ਤੌਰ ਬਦਲ ਗਏ। ਅਪਮਾਨ ਅਤੇ
ਬਦਲੇ ਦੀ ਗੱਲ ਪਤਾ ਵੀ ਨਾਂ ਲੱਗਿਆ ਕਿਵੇਂ ਵਿੱਸਰ ਗਈ। ਉਹਦਾ ਤਨ ਮਨ ਜਸਮਲ ਦੇ ਬਦਨ ਦੀ
ਮਿਸ਼ਾਲ ਦੇ ਸੇਕ ’ਚ ਮੋਮ ਵਾਂਗ ਢਲ ਗਿਆ।
-ਜਸਮਲ, ਆਹ ਟਿੱਬਾ ਤੈਨੂੰ ਰਹਿਣ ਲਈ, ਇਹੀ ਤਲਾਅ ਤੇਰੇ ਲਈ ਦੇ ਦਿਆਂਗਾ। ਤੇਰੇ ਓਡਾਂ ਨੂੰ
ਸਦਾ ਲਈ ਰੁਜ਼ਗਾਰ ਦੇਵਾਂਗਾ। ਬਸ ਤੂੰ ਇੱਕ ਵਾਰੀ ਹਾਂ ਕਹਿ, ਮੇਰੀ ਰਾਣੀ ਬਣ-
ਪਰ ਜਸਮਲ ਬਿਨਾਂ ਦੁਆ-ਸਲਾਮ, ਕੋਲੋਂ ਗੁਜ਼ਰ ਗਈ। ਰਾਜਾ ਉਹਦੇ ਪਿੱਛੇ ਤੁਰਿਆ- ਤੂੰ ਟੋਕਰੀ
ਢੋਣ ਲਈ ਨਹੀਂ ਬਣੀ ਜਸਮਲ! ਇਹ ਦੇਹ-ਤੋੜ ਕੰਮ ਤੇਰੇ ਹਿੱਸੇ ਦਾ ਨਹੀਂ। ਤੇਰੇ ਭਾਗਾਂ ‘ਚ
ਤਾਂ ਰਾਜ-ਭੋਗ ਲਿਖਿਆ ਹੈ, ਚੱਲ ਮੇਰੇ ਨਾਲ- ਰਾਜੇ ਨੇ ਅੱਗੇ ਅੱਗੇ ਜਾਂਦੀ ਜਸਮਲ ਦੇ ਰੋੜੀ
ਮਾਰੀ।
ਜਸਮਲ ਦੇ ਅੰਦਰ ਅਪਮਾਨ ਅਤੇ ਸਵੈਮਾਣ ਕਰੋਧ ‘ਚ ਬਦਲ ਗਏ। ਪਰ ਰਾਜੇ ਦੀ ਥਾਂ ਉਹਨੇ
ਏਧਰ-ਓਧਰ ਕੰਮ ਕਰਦੇ ਆਪਣੇ ਓਡਾਂ ਵੱਲ ਵੇਖਿਆ। ਰਾਜੇ ਦੀ ਹੋਂਦ ਦਾ ਭਾਰ ਉਹਨਾਂ ਨੂੰ ਸਿਰ
ਨਹੀਂ ਸੀ ਚੁੱਕਣ ਦਿੰਦਾ। ਜਸਮਲ ਨੂੰ ਓਡਾਂ ਤੇ ਗੁੱਸਾ ਆਇਆ ਤੇ ਨਾਲ ਹੀ ਯਾਦ ਆਈ ਰਾਤ ਹੋਈ
ਗੱਲਬਾਤ।
-ਚਲੋ ਆਪਾਂ ਇੱਥੋਂ ਨਿਕਲ ਚੱਲੀਏ। ਹੋਰ ਕਿਧਰੇ ਕੰਮ ਦੇਖਾਂਗੇ- ਜਸਮਲ ਨੇ ਰਾਜੇ ਵਾਲੀ
ਅਸਲੀ ਗੱਲ ਲੁਕੋ ਲਈ ਸੀ। ਪਰ ਓਡਾਂ ਨੇ ਉਹਦਾ ਮਜ਼ਾਕ ਉਡਾੲਆਿ।
-ਹੈਂ ਕਮਲੀ, ਕਿਸੇ ਥਓਂ ਦੀ! ਚੰਗਾ ਭਲਾ ਲੱਗਿਆ ਹੋਇਆ ਕੰਮ ਛੱਡ ਕੇ ਹੋਰ ਕਿਤੇ ਚਲੇ
ਜਾਈਏ! ਆਪਾਂ ਨੂੰ ਕੌਣ ਸਿਆਣੇ ਕਹੂ? ਐਥੇ ਦੇਖ ਰਾਜੇ ਨੇ ਕਿੰਨੀਆਂ ਸੁੱਖ-ਸਹੂਲਤਾਂ
ਦਿੱਤੀਆਂ ਹੋੱਈਆਂ ਨੇ। ਅੱਜ ਹੋਰ ਪੇਸ਼ਗੀ ਰਕਮ ਭੇਜਤੀ। ਹੋਰ ਦੋ ਦਿਨਾਂ ਨੂੰ ਨਵੇਂ ਤੰਬੂ
ਤੇ ਤਿੱਖੀਆਂ ਕਹੀਆਂ ਆ ਜਾਣਗੀਆਂ- ਜਸਮਲ ਦਾ ਸਹੁਰਾ ਮੋਹਿਤਾ ਬੋਲਿਆ ਸੀ।
ਹੋਰ ਓਡਾਂ ਨੇ ਵੀ ਜਸਮਲ ਦੀ ਖਿੱਲੀ ਉਡਾਈ। ਇਸ ਤਰ੍ਹਾਂ ਦੀ ਹੀ ਘਟਨਾ, ਮਾਲਵੇ ’ਚੋਂ ਆਪਣਾ
ਡੇਰਾ ਪੁੱਟਣ ਵੇਲੇ ਜਸਮਲ ਨਾਲ ਵਾਪਰੀ ਸੀ।
ਇਹ ਉਹ ਦਿਨ ਸੀ ਜਿਸ ਦਿਨ ਮਾਲਵੇ ’ਚ ਬੈਠੇ ਜਸਮਾਂ ਦੇ ਕਬੀਲੇ ਨੂੰ ਰਾਓ ਖੰਗਾਰ ਦਾ ਸੱਦਾ
ਮਿਲਿਆ ਸੀ। ਰਾਓ ਖੰਗਾਰ ਦੀ ਭੇਜੀ ਪੇਸ਼ਗੀ ਰਕਮ ਪ੍ਰਾਪਤ ਹੋਣ ਤੇ ਉਸ ਰਾਤ ਜਸ਼ਨ ਹੋਇਆ
ਸੀ। ਸਾਰੇ ਮਰਦਾਂ ਨੇ ਸ਼ਰਾਬ ਪੀਤੀ ਤੇ ਸਾਂਵਲੇ ਅਤੇ ਸਾਂਖਲੀ ਨੇ ਦੇਰ ਰਾਤ ਤੱਕ ਡੱਫ
ਵਜਾਈ ਸੀ; ਬਿਰਹਾ ਦਾ ‘ਉਲੂੰ’ ( ਪ੍ਰੀਤ ਵਿਛੋੜ ਦਾ ਰਾਜਸਥਾਨੀ ਰੂਪ, ਜਿਵੇਂ ਪੰਜਾਬ ਵਿੱਚ
ਮਾਹੀਆ ਗਾਇਆ ਜਾਂਦਾ ਹੈ)ਗਾਇਆ ਸੀ। ਵਰ੍ਹਿਆਂ ਬਾਅਦ ਓਡਾਂ ਦੇ ਏਸ ਡੇਰੇ ਨੂੰ ਇੰਨਾ ਲੰਮਾ
ਰੁਜ਼ਗਾਰ ਮਿਲਿਆ ਸੀ। ਕਿਸੇ ਨੇ ਖੁਸ਼ੀ ਵਿੱਚ ਐਲਾਨ ਕੀਤਾ ਸੀ-
-ਸੁਣਨ ’ਚ ਆਇਐ ਤਲਾਅ ਬਹੁਤ ਬੜਾ ਪੁੱਟਿਆ ਜਾਣੈ। ਦੋ ਸਾਲ ਤਾਂ ਓਥੋਂ ਹਿੱਲਣ ਦੀ ਲੋੜ ਏ
ਨੀਂ ਪੈਣੀ-
-ਦੋ ਸਾਲ ਤੱਕ- ਜਸਮਲ ਦਾ ਮੂੰਹ ਹੈਰਾਨੀ ਵਿੱਚ ਖੁੱਲ੍ਹਾ ਰਹਿ ਗਿਆ ਸੀ-
-ਐਨੇ ਦਿਨ ਮਾਲਵੇ ਤੋਂ ਬਾਹਰ ਰਹਿਣਾ ਪਊ! ਮੈਂ ਤਾਂ ਓਦਰ ਜੂੰ ਆਪਣੇ ਮਾਲਵੇ ਨੂੰ- ਜਸਮਲ
ਨੇ ਉੱਪਰ ਵੱਲ ਹੱਥ ਚੁੱਕ ਕੇਕਿਹਾ ਸੀ, ਜਿਵੇਂ ਗੁਜਰਾਤ ਵਿੱਚ ਤਾਰੇ ਵੀ ਹੋਰ, ਪਰਾਏ ਹੋਣੇ
ਸਨ।
-ਲੈ ਹੈ, ਆਪਾਂ ਤਾਂ ਮਜਦੂਰੀ ਕਰਨੀ ਆ, ਮਾਲਵਾ ਕੀ ਤੇ ਗੁਜਰਾਤ ਕੀ- ਕਿਸੇ ਨੇ ਉਹਨੂੰ
ਸਮਝਾਇਆ ਸੀ- ਓਡ ਦਾ ਸਿਰਨਾਵਾਂ ਤੇ ਪੰਛੀ ਦਾ ਕੋਈ ਪਰਛਾਵਾਂ ਨਹੀਂ ਹੁੰਦਾ।
ਪਰ ਰਾਓ ਖੰਗਾਰ ਦੀ ਹਾਜ਼ਰੀ ਨੇ ਜਸਮਲ ਦੇ ਦਿਲ ’ਚ ਪਿਆ ਹੌਲ ਸਹੀ ਸਾਬਤ ਕੀਤਾ ਸੀ।
-ਜਸਮਲ ਮਿੱਟੀ ਦੀ ਟੋਕਰੀ ਥੋੜ੍ਹੀ ਭਰਿਆ ਕਰ, ਤੇਰੀ ਪਤਲੀ ਕਮਰ ਵਲ ਖਾ ਜਾਊ- ਰਾਜੇ ਨੇ
ਜਸਮਲ ਦੇ ਲੱਕ ਤੇ ਰੋੜੀ ਮਾਰ ਕੇ ਕਿਹਾ।
-ਰਾਜਾ, ਬੇਹਯਾਈ ਨਾ ਕਰ, ਮੇਰੇ ਦਿਓਰ, ਜੇਠ ਅਰ ਘਰਵਾਲਾ ਦੇਖ ਰਹੇ ਨੇ- ਥਰ-ਥਰ ਕੰਬਦੀ
ਜਸਮਲ ਨੇ ਸਖ਼ਤ ਲਹਿਜ਼ੇ ’ਚ ਕਿਹਾ।
- ਵਿਖਾ ਤਾਂ ਤੇਰੇ ਜੇਠ-ਦਿਓਰ ਕਿਹੜੇ ਨੇ? ਕਿਹੜੈ ਤੇਰਾ ਪਤੀ ਜੀਹਤੋਂ ਤੂੰ ਐਨਾਂ ਡਰਦੀ
ਐਂ-
ਜਸਮਲ ਨੇ ਲਾਲ ਚੀਰੇ ਦਾ ਦੁਮਾਲਾ ਬੰਨ੍ਹੀ ਖੜ੍ਹੇ ਸਾਂਵਲੇ ਵੱਲ ਇਸ਼ਾਰਾ ਕੀਤਾ।
ਰਾਜੇ ਨੇ ਮਿੱਟੀ ਪੁੱਟਦੇ ਸਾਂਵਲੇ ਤੇ ਉਹਦੇ ਭਰਾਵਾਂ ਵੱਲ ਵੇਖਿਆ।
-ਬੱਸ! ਐਹਨਾਂ ਤੋਂ ਈ ਡਰੀ ਜਾਨੀਂ ਐਂ। ਐਹਨਾਂ ਨੂੰ ਤਾਂ ਤੇਰੇ ਸਾਹਮਣੇ ਹੁਣੇ ਮਰਵਾ
ਦੇਨਾਂ- ਤੂੰ ਰਾਜ਼ੀ ਹੋ ਜਾ ਇੱਕ ਵਾਰ- ਰਾਜੇ ਨੇ ਅੱਗੇ ਵਧ ਕੇ ਜਸਮਲ ਦਾ ਹੱਥ ਫੜ੍ਹ ਲਿਆ।
ਮਿੱਟੀ ’ਚ ਲੱਥ-ਪੱਥ, ਗਰਮ, ਰੂੰ ਵਰਗਾ ਹੱਥ। ਪਰ ਇਦੋਂ ਪਹਿਲਾਂ ਕਿ ਰਾਜਾ ਸਮਝ ਸਕਦਾ,
ਜਸਮਲ ਨੇ ਹੱਥ ਝਟਕਿਆ। ਤੇ ਰਾਜਾ ਡਿਗਦਾ-ਡਿਗਦਾ ਬਚਿਆ।
-ਇੱਕ ਕਦਮ ਵੀ ਗਾਹਾਂ ਹੋਇਆ ਨਾਂ ਸਿਰ ਪਾੜ ਦੂੰ! ਤੈਨੂੰ ਪਤਾ ਨੀਂ ਸਤੀ ਕੀ ਹੁੰਦੀ ਐ-
ਰਾਜੇ ਨੇ ਆਲੇ ਦੁਆਲੇ ਦੇਖਿਆ। ਜਸਮਲ ਦੀ ਕੜਕ ਸੁਣ ਕੇ ਓਡ ਕੰਮ ਛੱਡ ਕੇ ਖੜ੍ਹੇ ਹੋ ਗਏ
ਸਨ। ਰਾਜੇ ਦਾ ਦਸਤਾ ਮੇਵਾੜ ਵਾਲੇ ਓਡਾਂ ਦੇ ਤੰਬੂਆਂ ਕੋਲ ਟਹਿਲ ਰਿਹਾ ਸੀ। ਰਾਜਾ ਡਰ ਗਿਆ
ਸੀ।
ਸੂਰਜ ਛਿਪ ਰਿਹਾ ਸੀ, ਜਦੋਂ ਜਸਮਲ ਨੂੰ ਸਬਕ ਸਿਖਾਉਣ ਦੀਆਂ ਸੌਹਾਂ ਖਾਂਦਾ ਰਾਏ-ਖੰਗਾਰ
ਮਹਿਲੀਂ ਵੜਿਆ- ਕੱਲ੍ਹ ਦਿਨ ਚੜ੍ਹਦੇ ਨੂੰ ਜਸਮਲ ਮੇਰੇ ਮਹਿਲਾਂ ’ਚ ਹੋਵੇਗੀ- ਸੋਨੇ ਦੀ
ਸੁਰਾਹੀ ਚੋਂ ਸ਼ਰਾਬ ਪੀਂਦਿਆਂ ਰਾਜੇ ਨੇ ਕੁੜੱਤਣ ਅੰਦਰ ਲੰਘਾਈ
-ਐਥੇ, ਐਹਨਾ ਗੱਦਿਆਂ ਤੇ ਲਤਾੜੂੰ ਉਹਦਾ ਹੰਕਾਰ, ਜਸਮਾਂ ਓਡਣੀ ਦਾ-
ਰਾਓ-ਖੰਗਾਰ ਦਾ ਦਿਨ ਮਸੀਂ ਚੜ੍ਹਿਆ। ਆਪਣੇ ਨਿੱਜੀ ਦਸਤੇ ਨੂੰ ਨਾਲ ਲੈ ਕੇ ਉਹ ਡੇਰੇ
ਪਹੁੰਚਿਆ।
ਪਰ ਮਾਲਵੇ ਵਾਲੇ ਓਡਾਂ ਦੇ ਡੇਰੇ ਤੇ ਕੌਂ ਪੈ ਰਹੇ ਸਨ। ਚੁੱਲ੍ਹਿਆਂ ’ਚ ਠੰਡੀ ਸੁਆਹ ਉੱਡ
ਰਹੀ ਸੀ। ਓਡਾਂ ਦਾ ਕਿਤੇ ਦੂਰ-ਦੂਰ ਤੱਕ ਨਾਉਂ-ਨਿਸ਼ਾਨ ਨਹੀਂ ਸੀ। ਡੇਰੇ ਤੇ ਗਧਿਆਂ ਦੀ
ਲਿੱਦ ਤੇ ਮਾਲਵੇ ਵੱਲ ਜਾਂਦੀਆਂ ਕਾਹਲੀਆਂ ਪੈੜਾਂ ਰਾਜੇ ਦਾ ਮੂੰਹ ਚਿੜਾ ਰਹੀਆਂ ਸਨ। ਰਾਜੇ
ਦਾ ਸਾਰਾ ਅਭਿਮਾਨ ਮਿੱਟੀ ’ਚ ਮਿਲਾ ਓਡ, ਉੱਡ ਗਏ ਸਨ।
-ਜਾਓ, ਪਿੱਛਾ ਕਰੋ, ਫੜ ਲਓ ਓਸ ਓਡਣ ਦੀ ਬੱਚੀ ਨੂੰ-
ਹਾਰ ਤੇ ਅਪਮਾਨ ਦੇ ਗਹਿਰੇ ਧੱਕੇ ਨਾਲ ਰਾਜਾ ਕੰਬ ਰਿਹਾ ਸੀ। ਘੋੜ ਸਵਾਰਾਂ ਨੇ ਪੈਰ ਤੋਂ ਈ
ਘੋੜੇ ਭਜਾ ਦਿੱਤੇ। ਮਾਲਵੇ ਦੀ ਦਿਸ਼ਾ ’ਚ ਧੂੜ ਹੀ ਧੂੜ ਹੋ ਗਈ।
------ਓਧਰ ਓਡ ਆਪਣੀ ਵਾਹ ਭੱਜੇ ਜਾ ਰਹੇ ਸਨ। ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਅਤੇ
ਗਧਿਆਂ ਤੋਂ ਲੈ ਕੇ ਕੁੱਤਿਆਂ ਤੱਕ, ਹਰ ਕੋਈ ਕਿਸੇ ਹੋਣੀ ਦੇ ਭੈ ਭਰੇ ਅਹਿਸਾਸ ਹੇਠਾਂ
ਹੌਂਕ ਰਿਹਾ ਸੀ। ਓਡਾਂ ਦੇ ਸ਼ੇਰਾਂ ਵਰਗੇ ਗੱਦੀ ਕੁੱਤੇ ਹੇਲੀਆਂ ਦਿੰਦੇ ਫਿਰ ਰਹੇ ਸਨ।
ਹਵਾ ਨੂੰ ਭੌਂਕ ਰਹੇ ਸਨ। ਪਰ ਦਿਨ ਭਰ ਦਾ ਜਾਨ-ਹੂਲਵਾਂ ਕੰਮ ਕਰਨ ਤੋਂ ਬਾਅਦ ਥੱਕੇ-ਮਾਂਦੇ
ਗਧਿਆਂ ਨੇ ਕਿੰਨਾ ਕੁ ਪੰਧ ਮਾਰ ਲੈਣਾ ਸੀ। ਹੰਕਾਰੇ ਹੋਏ ਸ਼ਾਹ ਸਵਾਰਾਂ ਹੇਠ ਹਵਾ ਦੀ ਚਾਲ
ਭੱਜੇ ਆਉਂਦੇ ਸ਼ਾਹੀ ਘੋੜਿਆਂ ਨਾਲੋਂ ਕਿੰਨੀ ਕੁ ਵਿੱਥ ਬਣਾ ਲੈਣੀ ਸੀ। ਸਭ ਥੱਕ ਰਹੇ ਸਨ।
ਪਰ---
----ਪਰ ਤਾਂ ਵੀ ਜਾਨ ਬਚਾਉਣ ਲਈ ਜਾਨ ਲਾਈ ਜਾ ਰਹੀ ਸੀ। ਲਹੂ ਜਿਊਂਦਾ ਰਹੇ, ਪਸੀਨਾ
ਵਹਾਇਆ ਜਾ ਰਿਹਾ ਸੀ। ਸਾਹੋ ਸਾਹ ਦੇਹਾਂ ਨਾਲੋਂ ਮਨ ਕਦੇ ਅੱਗੇ ਜਾ ਰਹੇ ਸਨ, ਹਮਲਾਵਰਾਂ
ਦਾ ਆਖ਼ਰੀ ਘੇਰਾ ਤੋੜ ਕੇ ਸੁੱਖ ਦੇ ਅਣਕਿਆਸੇ ਸਾਹ ਦੀ ਉਮੀਦ ਕਰ ਰਹੇ ਸਨ। ਕਦੇ ਹਮਲਾਵਰਾਂ
ਦੇ ਘੋੜਿਆਂ ਨਾਲ ਪਿੱਛੇ ਜਾ ਰਲਦੇ ਤੇ ਪਿੱਤਲ ਮੜ੍ਹੇ ਨੇਜਿਆਂ ਤੇ ਚਮਕਦੇ ਫਲਾਂ ਦੀ ਠੰਡੀ
ਨੋਕ, ਗਰਮ ਖ਼ੂਨ ’ਚ ਡੁੱਬੀ ਮਹਿਸੂਸ ਕਰਦੇ।
ਸਵੈਮਾਣ ਜਾਂ ਜੀਵਨ। ਚੋਣ ਸਾਫ਼ ਸੀ। ਦੋਵੇਂ ਇਕੱਠੇ ਨਹੀਂ ਸੀ ਮਿਲ ਸਕਦੇ।
-ਜਸਮਾਂ ਖੁਦ ਚਾਹੇ ਤਾਂ ਰਾਜੇ ਦੇ ਜਾ ਸਕਦੀ ਹੈ- ਰਾਤ ਹੀ ਇਹ ਸਵਾਲ ਜਸਮਾਂ ਦੇ ਸਾਹਮਣੇ
ਰੱਖਿਆ ਗਿਆ ਸੀ। ਕਬੀਲਾ ਬੈਠਿਆ ਸੀ। ਦਿਨੇ ਜੀਹਨੇ ਜੋ ਦੇਖਿਆ, ਬਿਆਨਿਆ ਤੇ ਆਪਣੀ ਸਲਾਹ
ਦਿੱਤੀ ਸੀ। ਆਖ਼ਰੀ ਫੈਸਲੇ ਤੋਂ ਪਹਿਲਾਂ ਜਸਮਾਂ ਨੂੰ ਪੁੱਛਿਆ ਗਿਆ ਸੀ। ਸਾਰੀਆਂ ਨਜ਼ਰਾਂ
ਜਸਮਾਂ ਤੇ ਆ ਕੇ ਰੁਕ ਗਈਆਂ ਸਨ।
ਮੁਕੰਮਲ ਚੁੱਪ ਵਿੱਚ ਸਿਰਫ਼ ਉਤੇਜਿਤ ਸਾਹ ਸੂਕਦੇ ਸੁਣਦੇ ਸਨ। ਹੁੱਕਿਆਂ ’ਚ ਪਾਣੀ ਅੱਗ,
ਬੁਝਣ ਲੱਗ ਪਈ ਸੀ ਜਦੋਂ ਜਸਮਾਂ ਨੇ ਨੀਂਵੀਂ ਚੁੱਕੀ, ਸਿਰ ਤੇ ਪੱਲੂ ਨੀਵਾਂ ਕੀਤਾ ਤੇ
ਅਚੇਤ ਹੀ ਖੜ੍ਹੀ ਹੋ ਗਈ।
ਊਹਦੀ ਨਿਗ੍ਹਾ ਸਾਂਵਲੇ ਤੇ ਗਈ। ਚਿਰਾਗ ਵਾਂਗ ਜਗਦੀਆਂ ਅੱਖਾਂ ਨਾਲ ਸਾਂਵਲਾ ਊਹਦੇ ਵੱਲ ਹੀ
ਵੇਖ ਰਿਹਾ ਸੀ। ਅਚੇਤ ਹੀ ਜਸਮਾਂ ਦਾ ਹੇਠਲਾ ਬੁੱਲ੍ਹ ਉੱਪਰਲੇ ਦੰਦਾਂ ਹੇਠ ਆ ਗਿਆ ਜਿੱਥੇ
ਅਜੇ ਵੀ, ਉਸ ਚੂਕਣੀ ਮਿੱਟੀ ਦੀ ਨਮਕੀਨ ਮਿਠਾਸ ਬਾਕੀ ਸੀ, ਜਿਹੜੀ ਸਾਂਵਲਾ ਉਹਦੇ ਲਈ ਲਕੋ
ਕੇ ਲਿਆਇਆ ਕਰਦਾ ਸੀ। ਜਸਮਾਂ ਦੀਆਂ ਹਾਨਣਾਂ, ਉਹਨੂੰ ‘ਇੱਕ ਰੋੜੀ ਉਧਾਰੀ’ ਮੰਗ ਕੇ
ਚਿੜਾਇਆ ਕਰਦੀਆਂ ਸਨ ਤੇ ਉਹ ਲੰਮੀ ਸਾਰੀ ਜੀਭ, ਜੀਹਦੀ ਲਾਲੀ ਤੇ ਹੁਣੇ-ਹੁਣੇ ਖਾਧੀ ਮਿੱਟੀ
ਦੀ ਚਟਿਆਈ ਦਿੱਸਦੀ, ਉਹਨਾਂ ਨੂੰ ਠੁੱਠ ਵਿਖਾਉਂਦੀ। ਜਸਮਾਂ ਨੂੰ ਸਾਂਵਲੇ ਦੀ ਖੱਬੀ ਗੱਲ੍ਹ
ਤੇ, ਸਾਂਵਲੇ ਦੇ ਬਾਪ ਮੋਹਿਤਾ ਦੀਆਂ ਉਂਗਲਾਂ ਦੇ ਨਿਸ਼ਾਨ ਨਜ਼ਰ ਆਏ, ਜਿਹੜੇ ਉਦੋਂ ਛਪ ਗਏ
ਸਨ, ਜਦੋਂ ਮਿੱਟੀ ਦੇ
ਦੋ ਗਧਿਆਂ ਬਦਲੇ ਆਪਣੀ ਗਧੀ ਲਈ ਲਿਆਂਦੇ ਮਣਕੇ ਉਹਨੇ ਜਸਮਾਂ ਦੇ ਗਧੇ ਦੇ ਗਲ ਪਏ ਵੇਖੇ
ਸਨ।
ਜਸਮਾਂ ਦੀਆਂ ਅੱਖਾਂ ’ਚ ਹੂੰਝੂ ਤੈਰ ਆਏ ਤੇ ਇਹਨਾਂ ਹੰਝੂਆਂ ਵਿੱਚੋਂ ਚਾਨਣ ਲਈ ਬਾਲੀ ਅੱਗ
ਉਹਦੇ ਸਾਹਮਣੇ ਲਾਲ ਤੇ ਪੀਲੀ ਮਿੱਟੀ ਦੀ ਦੂਰ ਤੱਕ ਖਿੱਚੀ ਲੀਕ ਬਣ ਗਈ, ਜੀਹਦੇ ਪਾਰ ਉਹਦੇ
ਕਬੀਲੇ ਦੇ ਮੁੰਡੇ ਬੈਠੇ ਸਨ, ਆਪੋ ਆਪਣੇ ਗਧਿਆਂ ਦੇ, ਕੁਝ ਨਵੇਂ ਤੇ ਕੁਝ ਤਾਜੇ ਗੱਠ ਕੇ
ਧੋਤੇ ਹੋਏ ‘ਪਲਾਣ’ ਵਿਛਾਈ। ਗੂੜ੍ਹੇ ਲਾਲ ਚੀਰਿਆਂ ਹੇਠ, ਕੰਨਾਂ ਵਿੱਚ ਚਮਕਦੇ ਚਿੱਟੇ
ਕੁੰਡਲ, ਕਾਲੇ ਬੁੱਲ੍ਹਾਂ ਤੇ ਮਲੇ ਦੰਦਾਸੇ ਦੀ ਲਾਲੀ। ਇਹਨਾਂ ਵਿੱਚੋਂ ਉਹਨੇ ਆਪਣਾ ਵਰ
ਚੁਣਨਾ ਸੀ। ਲੀਕ ਦੇ ਉਸ ਪਾਰ ਬੈਠੇ ਕਈ ਨੌਜਵਾਨਾਂ ਕੋਲ ਚਾਰ-ਚਾਰ ਗਧਿਆਂ ਦੀ ਪੂੰਜੀ ਸੀ।
ਦੋ ਕੋਲ ਤਾਂ ਇੱਕ ਇੱਕ ਵਾਧੂ ਕੁੜਤਾ ਚਾਦਰਾ ਵੀ ਸੀ। ਪਰ ਜਸਮਾਂ ਦੇ ਹਿਰਦੇ ਵਿੱਚ ਇੱਕ
ਗਧੇ ਵਾਲਾ ਸਾਂਵਲਾ ਆਪਣਾ ਡੇਰਾ ਜਮਾਈ ਬੈਠਾ ਸੀ।
ਰਸਮ ਵਜੋਂ ਹੀ ਜਦੋਂ ਜਸਮਾਂ ਨੇ ਮੁੰਡਿਆਂ ਦੀ ਕਤਾਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ
ਗੇੜਾ ਦਿੱਤਾ ਸੀ, ਧੜਕਦੇ ਦਿਲ ਨਾਲ ਉਤੇਜਿਤ ਹੋਇਆ ਸਾਂਵਲਾ ਖੜ੍ਹਾ ਹੋ ਗਿਆ ਸੀ। ਅੰਦਰਲੀ
ਗੱਲ ਤੋਂ ਜਾਣੂ ਸਾਰੇ ਹੱਸ ਪਏ। ਸਾਂਵਲਾ ਛਿੱਥਾ ਜਿਹਾ ਹੋ ਕੇ ਥਾਂਏ ਬੈਠ ਗਿਆ ਸੀ। ਦੂਜੇ
ਚੱਕਰ ਮੁੜਦੀ ਜਸਮਾਂ ਸਾਂਵਲੇ ਦੇ ਮੂਹਰੇ ਜਾ ਰੁਕੀ ਸੀ ਤੇ ਪੱਲੂ ਸਿਰ ਤੋਂ ਨੀਵਾਂ ਕਰ ਲਿਆ
ਸੀ।
ਵਿਆਹ ਤੋਂ ਬਾਅਦ ਹੁਣ ਤੱਕ ਉਹ ਸਾਂਵਲੇ ਨੂੰ ਇਸ ਗੱਲ ਤੇ ਛੇੜਦੀ ਰਹਿੰਦੀ ‘ਤੈਨੂੰ ਕਿਹੜਾ
ਮੇਰੇ ਤੇ ਭਰੋਸਾ ਸੀ’---
-----ਤੇ ਹੁਣ ਰਾਜਸਥਾਨ ਦੇ ਗਰਨਾਰ ਵਿਸਤਾਰ ’ਚ ਬੈਠੇ ਸਾਂਵਲੇ ਨਾਲ ਊਹਦੀ ਨਜ਼ਰ ਮਿਲੀ
ਤਾਂ ਅੰਦਰੋਂ ਆਵਾਜ਼ ਆਈ-
‘ਨਹੀਂ ਮੈਂ ਸਾਂਵਲੇ ਬਿਨਾਂ, ਇੱਕ ਪਲ ਵੀ ਜਿਊਂਦੀ ਨਹੀਂ ਰਹਿ ਸਕਦੀ।’
ਰਾਤ ਦੀ ਚੁੱਪ ’ਚ ਉਸਦਾ ਬੋਲ ਪਹਿਲਾਂ ਕੰਬਿਆ ਤੇ ਫਿਰ ਸਥਿਰ ਦ੍ਰਿੜ ਆਵਾਜ਼ ਓਡਾਂ ਦੇ
ਸਾਰੇ ਅੰਬਰ ਤੇ ਗੂੰਜੀ ਸੀ।
-ਕਬੀਲੇ ਦੀ ਜਿ਼ੰਦਗੀ ਲਈ ਮੈਂ ਜਿਊਂਦੇ ਜੀਅ ਅੱਗ ’ਚ ਬੈਠ ਸਕਦੀ ਹਾਂ, ਪਰ ਸਾਂਵਲੇ ਤੋਂ
ਬਿਨਾਂ ਕਿਸੇ ਦੂਜੇ ਮਰਦ ਵੱਲ ਅੱਖ ਪੁੱਟ ਕੇ ਵੀ ਵੇਖਣਾ, ਮੇਰੇ ਸ਼ੀਲ ਲਈ ਕਲੰਕ ਹੈ।
ਸਾਂਵਲਾ ਖ਼ੁਦ ਵੀ ਕਹੇ, ਮੈਂ ਰਾਜੇ ਦੇ ਨਹੀਂ ਜਾਵਾਂਗੀ- ਮਰਨਾ ਮਨਜ਼ੂਰ-
ਫੈਸਲਾ ਹੁੰਦੀ ਸਾਰ ਓਡ ਉੱਡ ਗਏ ਸਨ। ਪਰ ਭੱਜੀ ਆਉਂਦੀ ਮੌਤ ਨੇ ਦੁਪਹਿਰਾ ਵੀ ਨਹੀਂ ਸੀ
ਹੋਣ ਦਿੱਤਾ ਜਦੋਂ ਕਿੱਕਰਾਂ ਦੀ ਹੁਣੇ ਪਿੱਛੇ ਰਹਿ ਗਈ ਝਿੜੀ ’ਚੋਂ ਘੋੜਿਆਂ ਦੇ
ਲਹਿਰਾਉਂਦੇ ਦੁੰਬੇ ਤੇ ਸਵਾਰਾਂ ਦੇ ਹੱਥਾਂ ’ਚ ਚਮਕਦੇ ਨੇਜਿਆਂ ਦੀ ਲਿਸ਼ਕੋਰ ਓਡਾਂ ਦੁਆਲੇ
ਉੱਡਦੀ ਧੂੜ ਨੂੰ ਚੀਰ ਗਈ। ਓਡ ਪਹਿਲੇ ਦਸਤੇ ਦੀ ਮਾਰ ਹੇਠ ਆ ਗਏ ਸਨ।
-ਸਾਰੇ ਚਲਦੇ ਰਹੋ! ਭੋਜਾ ਦੀ ਆਵਾਜ਼ ਗੂੰਜੀ- ਮੈਂ ਤੇ ਸਾਂਵਲਾ ਸਿਪਾਹੀ ਨੂੰ ਰੋਕਾਂਗੇ।
ਕਾਫ਼ਲਾ ਅੱਗੇ ਵਧ ਗਿਆ। ਭੋਜਾ ਤੇ ਸਾਂਵਲਾ ਆਪਣੇ ਗਧੇ ਰੋਕ ਕੇ ਖੜ੍ਹੇ ਹੋ ਗਏ।
-ਤੀਰ ਕਮਾਨਾਂ ਵਾਲੇ ਨਹੀਂ ਹਨ, ਸਾਂਵਲੇ ਨੇ, ਪਹਿਲਾਂ ਨਾਲੋਂ ਹੌਲੀ ਹੋ ਗਏ ਘੋੜਿਆਂ ਵੱਲ
ਵੇਖ ਕੇ ਕਿਹਾ। ਉਦੋਂ ਤੱਕ ਭੋਜਾ ਨੇ ਆਪਣੇ ਗਧੇ ਦੇ ਪਲਾਣ ਦੀ ਝੋਲੀ ’ਚੋਂ, ਮਿੱਟੀ ਦੀਆਂ
ਵੱਟ ਕੇ ਸੁਕਾਈਆਂ ਵੱਡੀਆਂ ਵੱਡੀਆਂ ਗੋਲੀਆਂ ਕੱਢ ਲਈਆਂ ਸਨ ਤੇ ਸਾਂਵਲੇ ਨੇ ਸਾਰੇ ਕੁੱਤੇ
ਬੁਸ਼ਕਾਰ ਕੇ ਨੇੜੇ ਕਰ ਲਏ।
ਘੋੜ-ਸਵਾਰ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਅਰਧ-ਚੱਕਰ ਵਿੱਚ ਫੈਲ ਗਏ।
ਭੋਜਾ ਨੇ ਹਥਲੀ ਗੋਲੀ ਨੂੰ ਹਵਾ ਵਿੱਚ ਉਛਾਲਿਆ ਤੇ ਸਾਂਵਲੇ ਨੇ, ਪੁਟਾਈ ’ਚੋ ਮਿਲੇ, ਗੋਲ
ਕੀਤੇ ਰੋੜ ਨੂੰ ਮੁੱਠੀ ’ਚੋਂ ਕੱਢ ਕੇ ਉਂਗਲਾਂ ’ਚ ਕੱਸ ਲਿਆ।
-ਸੱਜੇ ਵਾਲਾ ਮੇਰਾ- ਆਖਦਿਆਂ ਭੋਜਾ ਨੇ ਸੱਜੀ ਬਾਂਹ ਸਿਰ ਤੋਂ ਉੱਚੀ ਕੀਤੀ ਤੇ ਆਹ! ਸੱਜੇ
ਹੱਥ ਪਹਿਲਾ ਘੋੜ ਸਵਾਰ, ਚੀਕ ਮਾਰ ਕੇ ਘੋੜੇ ਤੋਂ ਲੁੜਕ ਗਿਆ।
ਇਦੋਂ ਪਹਿਲਾਂ ਕਿ ਉਹ ਕੁਸ਼ ਸਮਝ ਸਕਦੇ, ਇੱਕ ਘੋੜ ਸਵਾਰ ਹੋਰ ਫੁੜ੍ਹਕ ਗਿਆ। ਸਾਂਵਲੇ ਨੇ
ਰੋੜ ਚਲਾ ਦਿੱਤਾ ਸੀ।
ਭੱਜੇ ਆਉਂਦੇ ਘੋੜ ਸਵਾਰ ਥਾਂਏ ਰੁਕ ਗਏ।
-ਭੋਜਾ ਤੂੰ ਕੁੱਤਿਆਂ ਨੂੰ ਰੋਕ, ਮੈਂ ਗੱਲ ਕਰਦੈਂ- ਸਾਂਵਲੇ ਨੇ ਕਿਹਾ ਤੇ ਸਿਪਾਹੀਆਂ ਵੱਲ
ਦੋ ਕਦਮ ਪੁੱਟੇ।
-ਕੋਈ ਜਣਾ ਹਥਿਆਰ ਸਿਰ ਤੋਂ ਉੱਪਰ ਚੁੱਕੇ- ਤੇ ਇੱਕ ਨੇਜਾ, ਉੱਚਾ, ਹਵਾ ’ਚ ਲਿਸ਼ਕਿਆ,
ਸਾਂਵਲੇ ਦਾ ਰੋੜ ਠਾਹ ਕਰਕੇ ਉਸ ਤੇ ਜਾ ਵੱਜਿਆ।
-ਹੁਣ ਅੱਗੇ ਉਹ ਵਧਿਓ, ਜੀਹਨੇ ਮਰਨੈ- ਭੋਜਾ ਨੇ ਪਿੱਛੇ ਮੁੜ ਕੇ, ਟਿੱਲੇ ਤੋਂ ਓਹਲੇ
ਹੁੰਦੇ ਕਾਫ਼ਲੇ ਵੱਲ ਵੇਖਿਆ-
ਘੋੜ ਸਵਾਰ ਥੰਮ ਗਏ। ਓਡ ਮੁਕਾਬਲਾ ਕਰਨਗੇ, ਉਹਨਾਂ ਦੇ ਸੁਪਨਿਆਂ ’ਚ ਵੀ ਨਹੀਂ ਸੀ। ਉਹ
ਤਾਂ ਜਸਮਾਂ ਨੂੰ ਬੱਸ ‘ਲੈਣ’ ਆਏ ਸਨ। ਰਾਜਾ ਰਾਏ ਖੰਗਾਰ, ਪਿੱਛੇ ਪਾਲਕੀ ਲਈ ਆ ਰਹੇ ਸਨ।
ਰਾਜਾ ਤੇ ਉਸਦੇ ਨਾਲ ਆਉਂਦੀ ਸਿਪਾਹੀਆਂ ਦੀ ਟੁਕੜੀ ਨੂੰ ਉਡੀਕਣ ਦਾ ਫ਼ੈਸਲਾ ਕਰ ਲਿਆ ਗਿਆ।
- ਭੋਜਾ ਕੁੱਤੇ ਛੱਡ, ਜਦ ਨੂੰ ਆਪਾਂ ਖ਼ਬਰ ਕਰੀਏ- ਸਾਂਵਲੇ ਨੇ ਦੋਵੇਂ ਗਧੇ ਘੇਰ ਕੇ ਅੱਗੇ
ਲਾ ਲਏ।
ਕੁੱਿਤਆਂ ਨੇ ਇਸ਼ਾਰਾ ਮਿਲਦਿਆਂ ਹੀ, ਘੋੜਿਆਂ ਵੱਲ ਸ਼ੂਟਾਂ ਵੱਟ ਲਈਆਂ।
ਹੁਣ ਊਹ ਯੁੱਧ ਸ਼ੁਰੂ ਹੋਇਆ ਜਿਹੜਾ ਦੋਹਾਂ ਧਿਰਾਂ ਲਈ ਨਵਾਂ ਸੀ। ਘੋੜੇ, ਘੋੜਸਵਾਰਾਂ ਲਈ
ਵੀ ਤੇ ਕੁੱਤਿਆਂ ਲਈ ਵੀ। ਤੇ ਫਿਰ ਇਹ ਹਮਲਾ ਹੋਇਆ ਵੀ ਇੰਨਾ ਅਚਾਨਕ ਕਿ ਜਦ ਨੂੰ ਸਿਪਾਹੀ
ਨੇਜੇ ਸੰਭਾਲਦੇ, ਘੋੜੇ ਪਿੱਛਲਖੋੜੀ ਮੁੜ ਪਾਉਂਦੇ, ਕੁੱਤੇ ਉੱਤੇ ਆ ਚੜ੍ਹੇ।
ਆਪਣੇ ਸ਼ੇਰਾਂ ਨੂੰ ਲੜਦੇ ਵੇਖਣ ਲਈ, ਭੋਜਾ ਤੇ ਸਾਂਵਲਾ ਘੜੀ-ਘੜੀ ਰੁਕਦੇ। ਕੁੱਤਿਆਂ ਨੇ
ਘੋੜੇ ਘੇਰ ਲਏ ਸਨ। ਸਵਾਰ ਤੇ ਘੋੜੇ ਬੌਖ਼ਲਾ ਗਏ। ਘੋੜੇ ਜਿੱਧਰ ਨੂੰ ਵੀ ਭੱਜਦੇ, ਨਿਕਲਣ
ਦੀ ਕੋਸਿ਼ਸ਼ ਕਰਦੇ, ਕੁੱਤੇ ਮੂਹਰੇ ਆ ਜਾਂਦੇ। ਝਈਆਂ ਲੈ-ਲੈ ਪੈਂਦੇ ਕੁੱਤਿਆਂ ਦੇ ਕਚੀਚੇ
ਹੋਏ ਦੰਦਾਂ ਵਰਗੀ ਚੀਜ਼ ਕਿੰਨੀ ਡਰਾਉਣੀ ਹੋ ਸਕਦੀ ਹੈ, ਸਿਪਾਹੀਆਂ ਨੂੰ ਸਮਝ ਆ ਰਹੀ ਸੀ।
ਫਿਰ ਪਹਿਲਾ ਕੁੱਤਾ ਮੈਦਾਨੇ-ਜੰਗ ’ਚ ‘ਕੰਮ’ ਆਇਆ। ਨੇਜੇ ਦਾ ਸਾਰਾ ਫ਼ਲ ਉਸਦੇ ਆਰ-ਪਾਰ
ਨਿਕਲ ਗਿਆ। ਉਸਦੀ ਚੰਘਿਆੜ ਸਾਰੇ ਕੁੱਤਿਆਂ ਨੇ ਸੁਣੀ, ਪਰ ਉਹ ਰਾਜੇ ਦੇ ਤਨਖ਼ਾਹਦਾਰ ਨਹੀਂ
ਸਨ ਕਿ ਮਰਨੋਂ ਡਰਦੇ ਯੁੱਧ ਛੱਡ ਜਾਂਦੇ। ਉਹਨਾਂ ਲਈ ਮਾਲਕ ਦਾ ਇਸ਼ਾਰਾ ਆਰ-ਪਾਰ ਦੀ ਲੜਾਈ
ਦਾ ਸੀ ਤੇ ਜਦ ਨੂੰ ਆਖ਼ਰੀ ਕੁੱਤੇ ’ਚੋਂ ਨੇਜਾ ਪਾਰ ਹੁੰਦਾ, ਜਦ ਨੂੰ ਸਿਪਾਹੀ ਆਪਣੀਆਂ
ਲੰਗਾਰੀਆਂ ਵਰਦੀਆਂ, ਲਹੂ ਚੋਂਦੀਆਂ ਬਾਹਾਂ ਦੇ ਦਰਦੀਲੇ ਅਹਿਸਾਸ ਤੱਕ ਪਰਤਦੇ, ਦੋ
ਘਟਨਾਵਾਂ ਵਾਪਰੀਆਂ।
ਰਾਜਾ ਤੇ ਉਸਨੂੰ ਘੇਰੀ ਆਉਂਦੇ ਸਿਪਾਹੀਆਂ ਨੇ ਕਿਕਰਾਂ ਦੀ ਝਿੜੀ ਪਾਰ ਕੀਤੀ। ਲਹੂ-ਲੁਹਾਣ
ਧਰਤੀ ਤੇ ਥਾਂ ਪਰ ਥਾਂ ਪਏ ਕੁੱਤਿਆਂ ਦੀਆਂ ਤੜਪਦੀਆਂ ਦੇਹਾਂ ਤੇ ਅੱਧ ਖੁਲ੍ਹੀਆਂ ਅੱਖਾਂ
’ਚੋਂ ਝਲਕਦਾ, ਸਾਰ-ਪਾਰ ਖੁਭੇ ਨੇਜਿਆਂ ਦਾ ਦਰਦ ਵੇਖਿਆ।
ਰਾਓ-ਖੰਗਾਰ ਨੇ ਐਲਾਨ ਕੀਤਾ
-ਚਾਹੇ ਸਾਰੇ ਓਡਾਂ ਨੂੰ ਮਾਰ ਕੇ ਲਿਆਉਣਾ ਪਵੇ, ਜਸਮਾਂ ਨੂੰ ਕਿਸੇ ਹਾਲਤ ਨਹੀਂ ਛੱਡਾਂਗਾ-
ਦੂਜੇ ਪਾਸੇ ਸਾਂਵਲਾ ਤੇ ਭੋਜਾ, ਟਿੱਬੇ ਤੋਂ ਓਡਾਂ ਵਾਲੇ ਪਾਸੇ ਨੂੰ ਉੱਤਰ ਗਏ। ਪਰ
ਸਾਹਮਣੇ ਦਿਸਦੇ ਦ੍ਰਿਸ਼ ਨੇ ਉਹਨਾਂ ਦੇ ਤ੍ਰਾਹ ਕੱਢ ਦਿੱਤੇ ਸਨ।
ਓਡ, ਇੱਕ ਬਲਦੀ ਚਿਖ਼ਾ ਨੂੰ ਘੇਰੀ ਖੜ੍ਹੇ ਸਨ। ਜਦ ਤੱਕ ਸਾਂਵਲਾ, ਅੱਗ ’ਚ ਉੱਤਰਦੀ ਜਸਮਾਂ
ਤੱਕ ਪਹੁੰਚਦਾ- ਜਸਮਾਂ ਆਪਣੀ ਇੱਜ਼ਤ ਤੇ ਕਬੀਲੇ ਦੀ ਸਲਾਮਤੀ ਲਈ ਆਪਣੀ ਕੁਰਬਾਨੀ ਦੇ
ਚੁੱਕੀ ਸੀ।
ਗੁਜਰਾਤ ਦੇ ਕਿੱਕਰਾਂ ਝਾੜਾਂ ਨਾਲ ਢੱਕੇ ਗਰਨਾਰ ਵਿਸਤਾਰ ਦੇ ਪੰਛੀ-ਰਹਿਤ ਅੰਬਰ ਵਿੱਚ
ਜਸਮਾਂ ਓਡਣੀ ਦੀ ਵੰਗਾਰ ਗੂੰਜ ਰਹੀ ਸੀ।
-ਰਾਓ-ਖੰਗਾਰ, ਲੈ ਤੂੰ ਜਸਮਾਂ ਓਡਣੀ ਦੀ ਰਾਖ ਲੈ ਜਾ-
ਕਹਾਣੀ ਸੁਣਾਉਣ ਵਾਲਾ ਆਪਣੀ ਕਹਾਣੀ ਇੱਕ ਦੋਹੇ ਨਾਲ ਖ਼ਤਮ ਕਰਦਾ। ਜਿਸਦਾ ਭਾਵ ਕੁਝ-ਕੁਝ
ਇਸ ਤਰ੍ਹਾਂ ਹੁੰਦਾ-
ਜਸਮਾਂ ਸਤੀ ਦੀ ਮੜ੍ਹੀ ਦੀ ਜਿਹੜੀ ਰਾਖ ਓਡਾਂ ਦੇ ਮੱਥੇ ਤੇ ਸਵੈਮਾਣ ਦਾ ੱਿਟਕਾ ਬਣੀ, ਓਸੇ
ਰਾਖ ਨੇ ਊਠ ਤੇ ਚੜ੍ਹੇ ਰਾਏ-ਖੰਗਾਰ ਤੇ ਲਾਹਣਤ ਦੀ ਇੱਕ ਪਰਤ ਧੂੜ ਦਿੱਤੀ।
ਮੇਰੇ ਯਾਦ ਐ, ਉਠਦੇ ਲੋਕਾਂ ਦੀ ਝਾੜੀ ਗਰਦ ਤਾਂ ਸਾਰੇ ਦਰਵਾਜ਼ੇ, ਵੀਹੀਆਂ ਤੇ ਕੋਠਿਆਂ
‘ਤੇ ਹੁੰਦੀ, ਪਰ ਆਵਾਜ਼ ਕੋਈ ਨਹੀਂ ਸੀ। ਜਸਮਾਂ ਦੀ ਬਲਦੀ ਚਿਖਾ ਦਾ ਸੇਕ, ਲੋਕਾਂ ਦੇ
ਦਿਲਾਂ ‘ਚ ਦੇਰ ਤੱਕ ਮਘਦਾ। ਸੁੰਨੀਆਂ ਵੀਹੀਆਂ ’ਚ ਸਰਵਣ ਨਾਈ ਦੀ ਇੱਕੋ ਆਵਾਜ਼ ਗੂੰਜਦੀ
-ਹੂੰ, ਹੂੰ। ਵਾਹ ਨੀ ਜਸਮਾਂ। ਸਦਕੇ ਤੇਰੇ ਬਲ ਦੇ-
-0- |