1-ਗੁਆਚੇ
ਬਸ਼ੀਰ ਸਾਡੀ ਵੈਨ ਦਾ ਡਰਾਈਵਰ ਆਪਣੀ ਘੜੀ ਵਲ ਵੇਖਦਿਆਂ ਬੋਲਿਆ ” ਸਰਦਾਰ ਜੀ ਸੂਰਜ ਢਲਣ ਤੋਂ
ਪਹਿਲਾਂ ਲਾਹੌਰ ਪਹੁੰਚ ਜਾਈਏ ਤਾਂ ਚੰਗਾ ਹੈ’। ਨਨਕਾਣਾ ਸਾਹਿਬ ਦੇ ਮੁੱਖ ਦੁਆਰ ਤੋਂ ਨਗਰ
ਕੀਰਤਨ ਬਹੁਤ ਧੀਮੀ ਰਫ਼ਤਾਰ ਨਾਲ ਅਗੇ ਸਰਕ ਰਿਹਾ ਹੈ, ਘੰਟਾ ਭਰ ਹੋ ਗਿਆ ਸਾਨੂੰ ਖਲੋਤਿਆਂ।
‘ਮੈਂ ਗੁਰਦੁਆਰਾ ਤੰਬੂ ਸਾਹਿਬ ਅਤੇ ਕਿਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ ਜਾਣਾ ਨਹੀਂ
ਚਾਹੁੰਦਾ, ਕੋਈ ਰਾਹ ਲੱਭ ਨਗਰ ਕੀਰਤਨ ਛੱਡ ਕੇ ਜੇ ਜਾ ਆਈਏ ਓਥੇ’ ਮੈਂ ਬਸ਼ੀਰ ਨੂੰ ਆਖਦਾ
ਹਾਂ।….ਮੇਰੀ ਗੱਲ ਸੁਣ ਕੇ ਸਾਡੇ ਨਾਲ ਖਲੋਤਾ ਸਲੇਟੀ ਸਲਵਾਰ ਕਮੀਜ਼ ਵਾਲਾ ਪਤਲਾ ਲੰਮਾ ਬੰਦਾ
ਬੋਲਿਆ ‘ਆਓ ਜੀ ਮੈਂ ਲੈ ਚਲਦਾਂ ਤੁਹਾਨੂੰ, ਉਹਨੇ ਹੱਥ ਦਾ ਇਸ਼ਾਰਾ ਕੀਤਾ ਅਤੇ ਖੱਬੇ ਪਾਸੇ
ਮੁੜ ਪਿਆ, ਓਪਰੇ ਬੰਦੇ ਨਾਲ ਨਨਕਾਣਾ ਸਾਹਿਬ ਦੀਆਂ ਅਨਜਾਣ ਗਲੀਆਂ ਵਿਚ ਵੜਨ ਤੋਂ ਮੇਰੀ ਝਿਝਕ
ਵੇਖ ਓਹ ਬੋਲਦਾ ਹੈ ‘ ਮੈਂ ਤੁਹਾਡੇ ‘ਚੋਂ ਹੀ ਹਾਂ, ਵੰਡ ਵੇਲੇ ਅੱਠ ਸਾਲ ਦੀ ਉਮਰ ਸੀ ਮੇਰੀ
ਕਾਫ਼ਲੇ ਤੋਂ ਵਿਛੜ ਗਿਆ, ਟੱਬਰ ਓਧਰ ਚਲਾ ਗਿਆ, ਅਤੇ ਮੈਨੂੰ ਇਹਨਾਂ ਮੁਸਲਮਾਨ ਬਣਾ
ਲਿਆ….ਹੁਣ ਹਰ ਸਾਲ ਮੇਲੇ ‘ਤੇ ਨਨਕਾਣੇ ਆਉਂਦਾ ਹਾਂ…
ਲੱਭ ਰਿਹਾ-
ਆਪਣਿਆਂ ਦੀ ਭੀੜ ‘ਚੋਂ
ਗੁਆਚੇ ਸਕਿਆਂ ਨੂੰ
2-ਗੁਰੂ ਜੋਗਾ
ਪੇਸਾਵਰ ਸ਼ਹਿਰ ਦੀ ਨਮਕ ਮੰਡੀ ਦਾ ਮੇਨ ਬਾਜਾਰ .....ਬਸੀਰ ਨੇ ਸੱਜੇ ਪਾਸੇ ਵਲ ਮੁਹੱਲਾ
ਜੋਗਣ ਸ਼ਾਹ ਵਲ ਮੁੜਦੀ ਗਲੀ ਤੋਂ ਪਹਿਲਾਂ ਵੈਨ ਰੋਕ ਲਈ ਹੈ...... ਚੁਪ ਚਾਪ ਵੈਨ ਵਿਚੋਂ
ਉੱਤਰੇ ਅਤੇ ਮੁੱਹਲੇ ਅੰਦਰ ਦਾਖਲ ਹੋ ਗਏ ਹਾਂ....ਇਹ ਗਲੀ ਅਗੇ ਜਾ ਕੇ ਫਿਰ ਸੱਜੇ ਪਾਸੇ ਨੂੰ
ਮੁੜ ਗਈ.....ਥੋੜੀ ਦੂਰ ਹੀ ਗਏ ਹਾਂ ....ਸੱਜੇ ਪਾਸੇ ਬਹੁਤ ਹੀ ਖੂਬਸੂਰਤ ਪੀਲੇ , ਬਿਸਕੁਟੀ
ਲਾਲ ਅਤੇ ਸਫੇਦ ਰੰਗਾਂ ਦੀ ਚਿਤੱਰਕਾਰੀ ਨਾਲ ਸਜਿਆ ਤਿੰਨ ਮੰਜਲਾ ਭਾਈ ਜੋਗਾ ਸਿੰਘ ਦਾ
ਗੁਰਦੁਆਰਾ ਹੈ....ਸੀਸਿਆਂ ਨਾਲ ਜੜਤ ਇਮਾਰਤ ਅੰਦਰ ਲਿਖਤ... “ਜੋਗਾ ਸਿੰਘ ਗੁਰੂ ਗੋਬਿੰਦ
ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜਿਆ, ਅਤੇ ਮੋਹ ਇਤਨਾ ਕਿ ਹਰ ਸਮੇਂ ਆਪਣੇ ਕੋਲ
ਰਖਦੇ। ਜੋਗਾ ਸਿੰਘ ਨੇ ਵਿਆਹ ਕਰਵਾਉਣ ਲਈ ਪੇਸ਼ਵਰ ਜਾਣ ਦੀ ਇਜਾਜਤ ਮੰਗੀ.....ਇਜਾਜਤ ਤਾਂ
ਮਿਲ ਗਈ...ਪਰ ਪਿਛੇ ਇਕ ਸਿੰਘ ਗੁਰੂ ਜੀ ਨੇ ਹੁਕਮਨਾਮਾ ਦੇ ਕੇ ਭੇਜ ਦਿੱਤਾ...ਅਦੇਸ਼ ਇਹ ਕਿ
ਜਦ ਜੋਗਾ ਸਿੰਘ ਤਿੰਨ ਲਾਂਵਾਂ ਲੈ ਚੁਕੇ ਇਹ ਹੁਕਮ ਨਾਮਾ, ਜੋਗਾ ਸਿੰਘ ਨੂੰ ਦੇ
ਦੇਣਾ....ਇੰਜ ਹੀ ਹੋਇਆ...ਹੁਕਮ ਸੀ ਕਿ ‘ਇਸ ਨੂੰ ਵੇਖਦਿਆਂ ਅਨੰਦਪੁਰ ਵਲ ਤੁਰ
ਪਵੋ.....ਜੋਗਾ ਸਿੰਘ ਚੌਥੀ ਲਾਂਵ ਤੋਂ ਪਹਿਲਾਂ ਹੀ ਘਰੋਂ ਅਨੰਦਪੁਰ ਲਈ ਤੁਰ
ਪਿਆ........ਰਾਹ ਵਿਚ ਭਾਈ ਜੋਗਾ ਸਿੰਘ ਦੇ ਮਨ ਵਿਚ ਗੁਰੂ ਦੇ ਹੁਕਮ ਦੀ ਪਾਲਨਾ ਕਰਨ ਦਾ
ਹੰਕਾਰ ਪੈਦਾ ਹੋ ਗਿਆ.....ਹੁਸਿਆਰਪੁਰ ਦੇ ਬਾਜਾਰ ਵਿਚ ਵੇਸਵਾ ਦਾ ਕੋਠਾ ਲੰਘਦਿਆ, ਕਾਮ ਨਾਲ
ਵਿਆਕੁਲ ਹੋ ਉਠਿਆ.....ਕੋਠੇ ਵਿਚ ਵੜਨ ਹੀ ਲਗਿਆ ਸੀ, ਗੁਰੂ ਜੀ ਨੇ ਚੋਬਦਾਰ ਬਣਕੇ ਪਹਿਰਾ
ਦਿੱਤਾ......ਜੋਗਾ ਸਿੰਘ ਦੀ ਖਾਲਸਈ ਰੂਪ ਵਿਚ ਖਲੋਤੇ ਚੋਬਦਾਰ ਨੂੰ ਵੇਖ ਕੇ ਕੋਠੇ ਵਿਚ ਵੜਨ
ਦੀ ਹਿੰਮਤ ਨਹੀਂ ਪਈ.....ਭਾਈ ਜੋਗਾ ਸਿੰਘ ਦੀ ਗੁਰੂ ਵਿਚ ਸ਼ਰਧਾ ਅਤੇ ਹੁਕਮ ਦੀ ਪਾਲਣਾ,
ਗੁਰੂ ਜੀ ਵਲੋਂ ਓਹਦੇ ਸਿਦਕ ਦੀ ਰਖਿਆ”...ਇਹ ਕਹਾਣੀ ਗੁਰਦੁਆਰੇ ਤੋਂ ਵਾਪਸ ਨਮਕ ਮੰਡੀ
ਬਾਜਾਰ ਤਕ ਜਾਂਦਿਆਂ ਮਨ ਵਿਚ ਘੁੰਮ ਰਹੀ ਹੈ.....
ਵੈਨ ਦੇ ਅਗੇ ਗੋਰਾ ਨਿਛੋਹ ਮੁੱਛ ਫੱਟ ਪੇਸ਼ਾਵਰੀ ਸਿੱਖ..... ਆਪਣੀ ਦੁਕਾਨ ‘ਤੇ ਜਾਣ ਲਈ
ਬੇਨਤੀ ਕਰਦਾ ਹੈ.....
ਗੁਰੂ ਜੋਗਾ...
ਹੱਥ ਜੋੜ ਅਰਜ ਕਰੇ
ਨੈਣੀ ਨੀਰ ਬਹੇ
3-ਗੁਰ-ਪੀਰ
ਸਾਡੀ ਪਾਕਿਸਤਾਨ ਫੇਰੀ ਦਾ ਇਹ ਅੰਤਿਮ ਦਿਨ ਹੈ, ਦੂਸਰੇ ਦਿਨ ਅਸੀਂ ਵਾਘਾ ਪਾਰ ਕਰ ਜਾਣੈ।
ਅਸੀਂ ਲਗਭਗ ਸਾਰੇ ਹੀ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰ ਚੁਕੇ ਹਾਂ, ਜਿਹਨਾਂ ਦੀਆਂ
ਇਮਾਰਤਾਂ ਸਾਂਭੀਆਂ ਹੋਈਆਂ ਹਨ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਉਹਨਾਂ ਦੇ ਅੰਤਿਮ ਦਿਨਾਂ
ਵੇਲੇ ਨਿਵਾਸ ਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ, ਜ਼ਿਲਾ ਸਿਆਲਕੋਟ(ਹੁਣ
ਨਾਰੋਵਾਲ) ਦੇ ਦਰਸ਼ਨ ਕਰ ਲੈਣ ਦਾ ਚਾਓ ਵੀ ਸਾਡੇ ਇਕ ਬਜ਼ੁਰਗ ਸਾਥੀ ਮੀਆਂ ਨਰਾਇਣ ਸਿੰਘ ਦੇ
ਮਨ ਵਿਚ ਉੱਸਲਵੱਟੇ ਲੈ ਰਿਹਾ ਹੈ। ਜਦੋਂ ਅਸੀਂ ਇਹ ਗਲ ਲਾਹੌਰ ਵਿਚ ਆਪਣੇ ਹੋਟਲ ਦੇ ਮੈਨੇਜਰ
ਨਾਲ ਸਾਂਝੀ ਕੀਤੀ, ਜਿਹੜਾ ਸਿਆਲਕੋਟ ਦਾ ਰਹਿਣ ਵਾਲਾ , ਕਹਿਣ ਲਗਾ ” ਕਰਤਾਰਪੁਰ ਦਾ
ਗੁਰਦੁਆਰਾ ਸਰਹੱਦ ਦੇ ਨੇੜੇ ਹੋਣ ਕਰਕੇ ਸਿੱਖ ਯਾਤਰੂਆਂ ਲਈ ਜਾਣ ਦੀ ਮਨਾਹੀ ਹੈ”। ਮੀਆਂ ਜੀ
ਉਦਾਸ ਹੋ ਗਏ…..
ਅਸੀਂ ਸੁਭਾ ਦਾ ਨਾਸਤਾ ਕਰਕੇ ਹਾਲੇ ਸੋਚਣ ਲਗ ਪਏ ਕਿ ਅਜ ਦਾ ਦਿਨ ਕਿਵੇਂ ਬੀਤਾਇਆ ਜਾਵੇ,
ਹੋਟਲ ਮੈਨੇਜਰ ਆ ਕੇ ਕਹਿਣ ਲਗਾ ” ਸਰਦਾਰ ਜੀ ਮੈਂ ਪਤਾ ਕਰ ਲਿਆ ਏ, ਹੁਣ ਪਾਬੰਦੀ ਹਟਾ
ਦਿੱਤੀ ਗਈ ਏ, ਮੈਂ ਬਸ਼ੀਰ(ਵੈਨ ਡਰਾਈਵਰ) ਨੂੰ ਸਮਝਾ ਦਿੱਤਾ ਹੈ, ਤੁਸੀਂ ਓਥੇ ਹੋ ਆਓ”….ਤਿਆਰ
ਅਸੀਂ ਪਹਿਲਾਂ ਹੀ ਸਾਂ, ਕੁਝ ਦੇਰ ਬਾਦ ਅਸੀਂ ਕਰਤਾਰਪੁਰ ਸਾਹਿਬ ਲਈ ਚਾਲੇ ਪਾ ਦਿੱਤੇ। ਰਾਵੀ
ਦਾ ਪੁਲ ਪਾਰ ਕਰਕੇ ਇਹ ਸੜਕ ਥੋੜਾ ਹਟ ਕੇ ਸਰਹੱਦ ਦੇ ਨਾਲ ਨਾਲ ਹੀ ਜਾਂਦੀ ਹੈ ਅਤੇ ਇਸ ਪਾਸੇ
ਰਾਵੀ ਹੀ ਦੋਹਾਂ ਦੇਸ਼ਾਂ ਦੀ ਸਰਹੱਦ ਬਣੀ ਹੋਈ ਹੈ….ਨਾਰੋਵਾਲ ਸ਼ਹਿਰ ਲੰਘ ਕੇ ਸਾਡੀ ਵੈਨ
ਬਿਲਕੁਲ ਹੀ ਉਜਾੜ ਸੜਕ ‘ਤੇ ਪੈ ਗਈ…ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੀ ‘ਕਲੀ
ਕਾਰੀ ਇਮਾਰਤ ਦਾ ਗੁੰਬਦ ਦਿਖਾਈ ਦਿੱਤਾ…ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿਚ ਲਿਖੇ ਛੋਟੇ
ਜਿਹੇ ਨਿਸ਼ਾਨ ਵਾਲੇ ਬੋਰਡ ਕੋਲੋਂ ਵੈਨ ਮੁੜੀ ਅਤੇ ਛੇਤੀ ਹੀ ਗੁਰਦੁਆਰਾ ਸਾਹਿਬ ਦੀ ਨਵਾਂ ਰੰਗ
ਰੋਗਨ ਕੀਤੀ ਸੋਹਣੀ ਦਿੱਖ ਵਾਲੀ ਇਮਾਰਤ ਦੇ ਬਾਹਰ ਪਹੁੰਚ ਗਈ…ਸਾਥੋਂ ਪਹਿਲਾਂ ਇਕ ਹੋਰ ਦੁਬਈ
ਰਹਿੰਦਾ ਸਿੱਖ ਪਰਿਵਾਰ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਪਿਛੋਂ ਏਥੇ ਪਹੁੰਚਿਆ ਹੋਇਆ ਹੈ।
ਲੰਗਰ ਛਕ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ… ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ
ਜੋਤੀ ਜੋਤਿ ਸਮਾਉਣ ਤੋਂ ਬਾਦ ਮੁਸਲਮਾਨ
ਸ਼ਰਧਾਲੂਆਂ ਨੇ ਆਪਣੇ ਪੀਰ ਦੀ ਕਬਰ ਬਣਾ ਦਿੱਤੀ ਸੀ, ਜਿਹੜੀ ਗੁਰਦੁਆਰੇ ਦੇ ਬਾਹਰ ਹੈ ਅਤੇ
ਉੱਤੇ ਹਰੀ ਚਾਦਰ ਪਾਈ ਹੋਈ ਸੀ…
ਗੁਰਦੁਆਰੇ ਦੇ ਅੰਦਰ ਪਹਿਲੀ ਮੰਜਲ ਵਿਚ ਹਿੰਦੂਆਂ(ਸਿੱਖਾਂ) ਵਲੋਂ ਆਪਣੇ ਗੁਰੂ ਦੀ ਸਮਾਧ
ਬਣਾਈ ਹੋਈ ਹੈ, ਜਿਸਤੇ ਘਿਓ ਦਾ ਚਿਰਾਗ ਜਲ ਰਿਹਾ ਹੈ….
ਗੁਰ-ਪੀਰ -
ਇਕ ਮੱਥਾ ਟੇਕ ਰਿਹਾ
ਦੂਜਾ ਕਰੇ ਸਿਜਦਾ
ਦੂਸਰੀ ਮੰਜ਼ਲ ‘ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੈ, ਗਰੰਥੀ ਸਾਹਿਬ ਨੇ ਵਾਕ ਲਿਆ, ਅਤੇ
ਫੁੱਲੀਆਂ ਦਾ ਪ੍ਰਸ਼ਾਦ ਸੰਗਤ ਵਿਚ ਵਰਤਾਇਆ... ਮੈਂ ਪ੍ਰਸ਼ਾਦ ਲੈ ਕੇ ਮੈਂ ਆਪਣੇ ਸਾਥੀਆਂ ਨੂੰ
ਬੈਠੇ ਛੱਡ ਪੌੜੀਆਂ ਚੜ੍ਹ ਕੇ ਗੁਰਦੁਆਰਾ ਸਾਹਿਬ ਦੀ ਛੱਤ ‘ਤੇ ਚਲਾ ਗਿਆ ਹਾਂ… ਰਾਵੀ ਤੋਂ
ਪਰ੍ਹਾਂ ਸਰਹੱਦ ਪਾਰ ਡੇਰ੍ਹਾ ਬਾਬਾ ਨਾਨਕ ਵਲ ਝਾਕਣ ਲਗਾਂ, ਬਸ ਇਕ ਇਮਾਰਤ ਦਾ ਝਉਲਾ ਜਿਹਾ
ਹੀ ਪਿਆ ਹੈ…ਦੂਰ ਤਕ ਉਜਾੜ …ਰਾਵੀ ਦਾ ਪਾਣੀ ਵੀ ਸੁੱਕਾ ਹੋਇਆ ਹਾਏ!!! ਪਾਰਲੇ ਪਾਰੋਂ ਵੀ
ਕੋਠੇ ‘ਤੇ ਚੜ੍ਹ ਕੇ ਮੇਰੇ ਵਾਂਗ ਕਈ ਬਿਹਬਲ ਹੋਏ ਇਸੇ ਤਰ੍ਹਾਂ ਏਧਰ ਵੇਖਦੇ ਹੋਣਗੇ ...
ਕੋਠੇ ਚੜ੍ਹ ਵੇਖਾਂ
ਦਰਿਆ ‘ਚ ਬਹਿ ਗਈਆਂ
ਬਾਬੇ ਦੀਆਂ ਪੈਲੀਆਂ
4-ਗੁਲਦਸਤਾ
ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਵਾਘਾ ਬਾਰਡਰ ਜਾਣ ਲਈ ਮੈਂ ਇਕ ਸੇਵਾਦਾਰ ਨਾਲ
ਟੈਕਸੀ ਬਾਰੇ ਪੁੱਛਿਆ , ਤਾਂ ਉਹਨੇ ਇਕ ਬਜੁਰਗ ਸਰਦਾਰ ਵਲ ਇਸ਼ਾਰਾ ਕੀਤਾ ਕਿ ਉਹ ਵੀ ਬਾਰਡਰ
‘ਤੇ ਜਾਣ ਲਈ ਟੈਕਸੀ ਸਟੈਂਡ ਵਲ ਜਾ ਰਹੇ ਹਨ, ਉਹਨਾਂ ਦੇ ਪਿਛੇ ਚਲੇ ਜਾਓ। ਮੈਂ ਕਾਹਲੇ
ਕਦਮੀਂ ਸਰਦਾਰ ਨੂੰ ਜਾ ਮਿਲਿਆ। ੳਹਨੇ ਇਕ ਛੋਟਾ ਜਿਹਾ ਟਰੈਵਲ ਬੈਗ ਮੋਢੇ ਨਾਲ ਲਮਕਾਇਆ ਹੋਇਆ
, ਅਤੇ ਦੋਹਾਂ ਹੱਥਾਂ ਵਿਚ ਬੜਾ ਹੀ ਖੂਬਸੂਰਤ ਕਈ ਰੰਗਾਂ ਦੇ ਗੁਲਾਬ ਦੇ ਫੁੱਲਾਂ ਵਾਲਾ
ਗੁਲਦਸਤਾ ਫੜਿਆ ਹੋਇਆ ,ਭਾਵੇਂ ਇਹ ਸੰਥੈਟਿਕ ਫੈਬਰਿਕ ਨਾਲ ਬਣੇ ਹੋਏ ਨੇ, ਪਰ ਇੰਜ ਲਗਦਾ
ਜਿਵੇਂ ਹੁਣੇ ਉਹਨੇ ਰੋਜ਼ ਗਾਰਡਨ ਵਿਚੋਂ ਚੁਣ ਕੇ ਲਿਆਂਦੇ ਹੋਣ। ਭੀੜ ਵਿਚ ਤੁਰਦਿਆਂ ਉਹ
ਗੁਲਦਸਤੇ ਨੂੰ ਇੰਝ ਆਪਣੇ ਨਾਲ ਲਗਾ ਕੇ ਤੁਰ ਰਿਹਾ , ਜਿਵੇਂ ਕੋਈ ਮਾਂ ਆਪਣੇ ਨਿੱਕੇ ਬਾਲ
ਨੂੰ ਬੋਚ ਬਚਾ ਕੇ ਲਈ ਜਾਂਦੀ ਹੋਵੇ......ਟੈਕਸੀ ਸਟੈਂਡ ‘ਤੇ ਅਸੀਂ ਦੋਵੇਂ ਅਗੜ ਪਿਛੜ
ਪਹੁੰਚ ਗਏ ਹਾਂ....ਦੋਹਾਂ ਦੀ ਮੰਜਿਲ ਇਕੋ ਹੈ...ਬਜੁਰਗ ਸਰਦਾਰ ਮਲੇਸ਼ੀਆ ਤੋਂ ਆਇਆ ਅਤੇ ਮੈਂ
ਅਮਰੀਕਾ ਤੋਂ। ਮੈਨੂੰ ਕਹਿਣ ਲਗਾ “ਤੁਸੀਂ ਮੇਰੇ ਨਾਲ ਹੀ ਬਹਿ ਜਾਓ”। ...ਟੈਕਸੀ ਵਾਲੇ ਨੇ
ਸਰਦਾਰ ਦਾ ਨਿੱਕਾ ਬੈਗ ਅਤੇ ਮੇਰਾ ਸੂਟਕੇਸ ਕਾਰ ਦੀ ਡਿਗੀ ਵਿਚ ਰਖਿਆ...ਜਦੋਂ ਟੈਕਸੀ
ਡਰਾਈਵਰ ਨੇ ਗੁਲੱਦਸਤੇ ਨੂੰ ਵੀ ਡਿਗੀ ਵਿਚ ਸਾਂਭ ਲੈਣ ਲਈ ਸਰਦਾਰ ਵਲ ਹੱਥ ਵਧਾਇਆ ਤਾਂ ਉਹ
ਝੱਟ ਛੜੱਪਾ ਮਾਰ ਕੇ ਪਿਛੇ ਹਟ ਗਿਆ, ਟੈਕਸੀ ਵਾਲੇ ਦੇ ਮੈਲੇ ਹੱਥਾਂ ਦੀ ਛੋਹ ਤੋਂ
ਬਚਾਉਂਦਿਆਂ ਕਹਿਣ ਲੱਗਾ “ ਨਾਂ ਬਈ ਇਹਨੂੰ ਮੈਂ ਆਪਣੇ ਤੋਂ ਵਖ ਨਹੀਂ ਕਰ
ਸਕਦਾ”....ਅੰਮ੍ਰਿਤਸਰ ਦੇ ਭੀੜੇ ਬਜਾਰਾਂ ਵਿਚੋਂ ਕਾਰ ਵਿਚ ਹਿਚਕੋਲੇ ਖਾਂਦਿਆਂ ਵੀ ਸਰਦਾਰ
ਨੇ ਗੁੱਲਦਸਤੇ ਨੂੰ ਆਂਚ ਨਹੀਂ ਆਉਣ ਦਿੱਤੀ.....ਬਾਰਡਰ ‘ਤੇ ਇੰਡੀਅਨ ਇੰਮੀਗਰੇਸ਼ਨ ਕਸਟਮ
ਕਲੀਅਰਿੰਸ ਤੋਂ ਬਾਦ ਅਸੀਂ ਤੁਰ ਕੇ ਸਰਹੱਦ ਪਾਰ ਕੀਤੀ ਅਤੇ ਪਾਕਿਸਤਾਨ ਇੰਮੀਗਰੇਸ਼ਨ ਕਸਟਮ ਦੀ
ਲਾਈਨ ਵਿਚ ਜਾ ਖਲੋਤੇ, ਸਰਦਾਰ ਮੇਰੇ ਅਗੇ ਅਤੇ ਮੈਂ ਉਹਦੇ ਪਿਛੇ....ਇੰਮੀਗਰੇਸਨ ਦਾ ਠੱਪਾ
ਲਾ ਕੇ ਭੂਰੀਆਂ, ਮਹਿੰਦੀ ਰੰਗੀਆਂ ਮੁੱਛਾ ਵਾਲੇ ਭਾਰੇ ਲੰਮੇ ਕਸਟਮ ਅਫਸਰ ਨੇ ਸਰਦਾਰ ਦਾ ਬੈਗ
ਅਤੇ ਮੇਰਾ ਸੂਟਕੇਸ ਖੁਲਵਾ ਕੇ ਕਪੜਿਆਂ ਨੂੰ ਸਰਸਰੀ ਜਿਹਾ ਟੋਹਿਆ ਅਤੇ ਸਰਦਾਰ ਦੇ ਹੱਥ ਵਿਚ
ਸ਼ਰਧਾ ਸੰਭਾਲ ਨਾਲ ਲਿਆਂਦੇ ਗੁਲਦਸਤੇ ਨੂੰ ਲਲਚਾਈਆਂ ਅੱਖਾ ਨਾਲ ਵੇਖਿਆ। ਏਨੇ ਖੂਬਸੂਰਤ
ਗੁਲੱਦਸਤੇ ਨੂੰ ਉਹ ਹਰ ਹਾਲਤ ਵਿਚ ਆਪਣੇ ਕੋਲ ਰੱਖਣ ਲਈ ਹਰ ਹਰਬਾ ਵਰਤਣ ਲਈ ਤਿਆਰ
ਜਾਪਿਆ....ਬਿਨਾਂ ਕੋਈ ਕਾਰਣ ਦਸਿਆਂ, ਰੋਬ੍ਹ ਨਾਲ ਕਹਿਣ ਲਗਾ “ਇਹ ਅਗੇ ਨਹੀਂ ਜਾ ਸਕਦਾ”
ਆਪਣੇ ਮਤਾਹਿਤ ਨੂੰ ਅਵਾਜ ਮਾਰ ਕੇ ਬੋਲਿਆ “ਇਹਨੂੰ ਮਾਲਖਾਨੇ ‘ਚ ਰੱਖ ਦੇਹ” ਸਰਦਾਰ ਨੇ ਧੁਰ
ਕੁਆਲਾਲੰਮਪੁਰ ਤੋਂ ਸਾਂਭ ਸਾਂਭ ਕੇ ਲਿਆਂਦਾ ਇਹ ਗੁਲੱਦਸਤਾ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ
ਜੀ ਦੇ ਚਰਨਾਂ ਵਿਚ ਭੇਂਟ ਕਰਨਾ ਸੀ, ਦੋਵੇਂ ਹੱਥ ਜੋੜ ਕੇ ਉਹਨੇ ਉਪਰ ਨੂੰ ਮੂੰਹ ਕੀਤਾ।
ਚੁੱਪ ਚਾਪ ਹੱਥਾਂ ਵਿਚ ਬੈਗ ਫੜਿਆ ਕਮਰੇ ‘ਚੋਂ ਬਾਹਰ ਆਉਂਦਿਆ ਸਰਦਾਰ ਦੀਆਂ ਅੱਖਾਂ ਨਮ ਹੋ
ਗਈਆਂ ...
ਸ਼ਰਧਾਲੂ
ਹੱਥ ਜੋੜ ਅਰਦਾਸ ਕਰੇ-
ਪਰਵਾਨ ਕਰੀਂ ਬਾਬਾ
-0- |