( 1 ) ਹੋਕਾ
( ਗੀਤ )
ਬਾਬੇ ! ਬਾਬੇ !! ਬਾਬੇ !!! ਲੋਕੋ !!!!
ਅਣਖੀ ਗ਼ਦਰੀ ਬਾਬੇ ਲੋਕੋ !
ਅਣਖੀ ਗ਼ਦਰੀ ਬਾਬੇ ।
ਹਿੰਦ ਆਜ਼ਾਦ ਕਰਾਵਣ ਨਿੱਤਰੇ
"ਭਕਨੇ" ਅਤੇ "ਸਰਾਭੇ" ਲੋਕੋ !
ਅਣਖੀ ਗ਼ਦਰੀ ਬਾਬੇ ।
ਜ਼ਾਤ-ਪਾਤ ਨੂੰ ਤੋੜ ਕੇ ਤੋਲਣ
ਹਰ ਜਨ ਨੂੰ ਇੱਕ ਛਾਬੇ ਲੋਕੋ!
ਅਣਖੀ ਗ਼ਦਰੀ ਬਾਬੇ ।
ਜਿਸ ਜ਼ਾਲਮ ਨੂੰ ਸੋਧਾ ਲਾਉਂਦੇ
ਫੇਰ ਨਾ ਆਉਂਦਾ ਤਾਬੇ ਲੋਕੋ !
ਅਣਖੀ ਗ਼ਦਰੀ ਬਾਬੇ ।
ਮਕਤਲ ਦੇ ਵੱਲ ਹੱਸ ਹੱਸ , ਜਾਂਦੇ--
ਨਾ ਕਾਸ਼ੀ ਨਾ ਕਾਬੇ ਲੋਕੋ !
ਅਣਖੀ ਗ਼ਦਰੀ ਬਾਬੇ ।
ਬਿਨ ਸੰਗਰਾਮ ਨਹੀਂ ਸਰ ਹੁੰਦੇ
ਕੀ ਦਿੱਲੀ ਕੀ ਨਾਭੇ ਲੋਕੋ!
ਅਣਖੀ ਗ਼ਦਰੀ ਬਾਬੇ !
ਕਸਮਾਂ ਖਾਓ, ਹੁਣ ਨਹੀਂ ਝੱਲਣੇ
ਸਾਮਰਾਜ ਦੇ ਦਾਬੇ ਲੋਕੋ !
ਅਣਖੀ ਗ਼ਦਰੀ ਬਾਬੇ ।
ਕਾਮੇਂ,ਕ੍ਰਿਤੀ ਬਹਿਣ ਤਖਤ ਤੇ
ਹੋਵਣ ਖ਼ਤਮ ਖਰਾਬੇ ਲੋਕੋ !
ਹੋਕਾ ਦਿੰਦੇ ਬਾਬੇ ।
ਬਾਬੇ! ਬਾਬੇ!! ਬਾਬੇ!!! ਲੋਕੋ!!!!
ਅਣਖੀ ਗ਼ਦਰੀ ਬਾਬੇ ਲੋਕੋ!
ਹੋਕਾ ਦਿੰਦੇ ਬਾਬੇ ਲੋਕੋ!
ਅਣਖੀ ਗ਼ਦਰੀ ਬਾਬੇ ।
( 2 ) ਟਿੱਪਣੀ
ਦੁੱਖ ਹੁੰਦਾ ਹੈ ਜਦੋਂ ਆਪਣੇ ਲੋਕਯਾਨ ਦੇ ਭਰਪੂਰ ਅਤੇ ਅਮੀਰ ਵਿਰਸੇ ਦੇ ਛੰਦਾਂ ਨੂੰ ਵਿਸਾਰ
ਅਤੇ ਤਿਆਗ ਕੇ ਅਸਾਡੇ ਕਵੀ ਜਨ ਵਿਦੇਸ਼ੀ ਭਾਸ਼ਾਵਾਂ ਦੇ ਛੰਦਾਂ ਦੀ ਹੂ-ਬ-ਹੂ ਨਕਲ ਕਰਦੇ ਹਨ
ਜਿਵੇਂ ਅੱਜ ਕਲ੍ਹ ਜਪਾਨੀ ਛੰਦ ਹਾਈਕੂ ਨੂੰ ਭਾਰਤੀ ਅਥਵਾ ਪੰਜਾਬੀ ਸੰਸਕ੍ਰਿਤੀ ਅਨੁਸਾਰ ਢਾਲਣ
ਦੀ ਬਜਾਏ, ਮਾਤਰਾਂ ਤਕ ਭਰਪੂਰ ਨਕਲ ਹੋ ਰਹੀ ਹੈ ਜਦੋਂ ਕਿ ਜਪਾਨੀ (ਜੈਪਾਨੀਜ ) ਭਾਸ਼ਾ ਦੀ
ਰਹਿਤਲ ਅਤੇ ਉਚਾਰਣ ਪੰਜਾਬੀ ਭਾਸ਼ਾ ਨਾਲੋਂ ਭਿੰਨ ਹੈ । ਇਹ ਅਸਾਡੀ ਗੁਲਾਮ ਮਾਨਸਿਕਤਾ ਅਤੇ
ਹੀਂਣੇਪਨ ਦੇ ਇਹਸਾਸ ਦੀਆਂ ਅਲਾਮਤਾਂ ਹਨ । ਏਸੇ ਤਰਾਂ ਇੰਗਲੈਂਡ ਵਿੱਚ ਵੀ ਕੁੱਝ ਅਖੌਤੀ
ਕਵੀ-ਜਨ ਅੰਗਰੇਜ਼ੀ ਕਵਿਤਾ ਦੀ ਡਿਕਸ਼ਨ ( ਸ਼ੈਲੀ, ਸ਼ਬਦ ਸੰਰਚਨਾ ਆਦਿ ) ਨੂੰ ਪੰਜਾਬੀ ਕਾਵਿ
ਵਿੱਚ ਅਨੁਕਰਣ ਕਰ ਕਰਕੇ ਅਤਿ-ਉਤਰਅਧੁਨਿਕ ਹੋਂਣ ਦਾ ਭਰਮ ਪਾਲ ਰਹੇ ਹਨ ਜਿਹਨਾਂ ਨੂੰ
ਇੰਗਲੈਂਡ ਵਿੱਚ ਰਹਿੰਦੀ ਦਿੱਲੀ ਵਾਲੀ ਡਾ.ਬੀਬੀ ਜੀ ਸਰਪ੍ਰਸਤੀ ਪਰਦਾਨ ਕਰ ਰਹੇ ਹਨ ।ਇਹਨਾਂ
ਨੂੰ ਇਹ ਕਾਰਜ ਕਰਨ ਦਾ ਸੰਪੂਰਨ ਹੱਕ ਹੈ ਅਤੇ ਅਸਾਨੂੰ ਵੀ, ਬਿਨਾਂ ਕਿਸੇ ਖੁੰਦਕ ਦੇ, ਇਸ
ਉੱਤੇ ਟਿੱਪਣੀ ਕਰਨ ਦਾ ਹੱਕ ਹੋਣਾ ਚਾਹੀਦਾ ਹੈ । ਜ਼ਰਾ ਕੁ ਗਹੁ ਨਾਲ ਘੋਖਿਆਂ ਗਿਆਨ ਹੁੰਦਾ
ਹੈ ਕਿ ਬੀਬੀ ਜੀ ਦੀ ਸਮੁੱਚੀ ਆਲੋਚਨਾ ਕਲਾਬਾਜ਼ੀਆਂ ਦਾ ਜੰਤਰ-ਤੰਤਰ ਹੈ। ਇਸ ਵਿੱਚ ਪ੍ਰਾਰੰਭਕ
ਪ੍ਰਆਸ ਦਾ ਕੱਚਾਪਣ,ਕਿਸ਼ੋਰਾਵਸਥਾਗਤ ਭਟਕਣ, ਇੰਦਰਜੰਜਾਲਯੁਕਤਵਾਦ ਅਤੇ ਸਿਧਾਂਤਕ ਅਸਥਿਰਤਾ ਹੈ
।ਡਾ. ਸਾਹਿਬਾ ਦੀਆਂ ਆਲੋਚਨਾਤਮਿਕ ਪੁਸਤਕਾਂ ਵਿੱਚ , ਇਸ ਪ੍ਰਸੰਗ ਵਿੱਚ ਅਨੇਕਾਂ ਉਦਾਹਰਣਾਂ
ਉਪਲਭਦ ਹਨ । ਅਜਿਹੀਆਂ ਕਲਮਾਂ ਹਮੇਸ਼ਾ ਸਤਾ ਅਤੇ ਸਥਾਪਤੀ ਦੇ ਹੱਕ ਵਿੱਚ ਭੁਗਤਦੀਆਂ ਹਨ ।ਇਹ
ਹੀ ਮੂਲ ਕਾਰਣ ਹੈ ਜਿਸ ਕਰਕੇ ਡਾ.ਸਾਹਿਬਾ ਨੂੰ ਅਜਿਹੇ ਕਾਵਿ ਦਾ ਹੀ ਕਲਾਤਮਿਕ ਸੌਂਦਰਯ ਪਸੰਦ
ਅਤੇ ਪਰਵਾਨ ਹੈ ਜਿਸ ਵਿੱਚ ਉਪਰੋਕਤ ਤੱਤ ਅਤੇ ਲੱਛਣ ਵਿਦਮਾਨ ਹੋਣ ।ਇਸ ਰੁਝਾਨ ਦਾ ਸਿੱਟਾ ਇਹ
ਨਿਕਲਿਆ ਹੈ ਕਿ ਜਨ-ਸਧਾਰਣ ਅਸਾਡੇ ਕਾਵਿ ਨਾਲੋਂ ਬਿਲਕੁਲ ਟੁੱਟ ਗਿਆ ਹੈ ।ਇਸ ਪ੍ਰਸੰਗ ਵਿੱਚ
ਵਿਸਥਾਰ ਪੂਰਵਕ ਵਿਚਾਰ-ਵਿਮਰਸ਼ ਹੋ ਸਕਦਾ ਹੈ ਅਤੇ ਬੀਬੀ ਜੀ ਨੂੰ ਆਪਣਾ ਮੱਤ ਪ੍ਰਸਤੁਤ ਕਰਨ
ਦਾ ਸੰਪੂਰਨ ਹੱਕ ਹੈ ।ਦੂਜੇ ਪਾਸੇ ਅਸਾਡੇ ਵਿਰਸੇ ਵਿੱਚ ਢੋਲੇ-ਮਾਹੀਏ , ਝੁੰਮਰ ,ਲੁੱਡੀ,
ਸੰਮੀ, ਸਿਠਣੀਆਂ, ਇੱਕ ਤੁਕੀ ਬੋਲੀ ਤੋਂ ਛੀ ਤੁਕੀ ਬੋਲੀਆਂ ,ਅਤੇ ਲੋਕ ਗੀਤ ਆਦਿ ਦੇ ਛੰਦ
ਪ੍ਰਚਲਤ ਰਹੇ ਹਨ, ਜਿਨ੍ਹਾ ਦੀ ਰਚਨਾ ਅਸੀਂ ਲਗ ਭਗ ਛੱਡ ਚੁੱਕੇ ਹਾਂ। ਮੇਰਾ
ਵਿਸ਼ਵ-ਵਿਦਿਆਲਿਆਂ ਦੇ ਤਥਾਕਥਿਤ ਵਿਦਵਾਨਾਂ ਨੂੰ ਨਿਮਰਤਾ ਸਹਿਤ ਪ੍ਰਸ਼ਨ ਹੈ । ਕੀ ਉਹ ਪਾਠਕ
ਨੂੰ ਸਮਝਾ ਸਕਦੇ ਹਨ ਕਿ ਪੰਜਾਬੀ ਭਾਸ਼ਾ ਦੀ ਕਾਵਿ-ਵਿਧਾ ਵਿੱਚ "ਸੁਰਖੀ" ਦੀ ਕੀ ਮਹੱਤਤਾ ਹੈ
? ਚਲੋ ਇਹ ਇਤਨਾ ਹੀ ਦਸ ਦੇਣ ਕਿ " ਸੁਰਖੀ " ਕਿਸ ਨੂੰ ਕਹਿੰਦੇ ਹਨ ? ਸਾਹਿਤ ਵਿੱਚ ਨਵੇਂ
ਪ੍ਰਯੋਗ ਕਰਨੇ ਵਸੰਗਤੀ ਨਹੀਂ ਪਰੰਤੂ ਉਹ ਵਿਅੱਕਤੀ ਹੀ ਸਾਰਥਕ ਕਰੇਗਾ ਜਿਸ ਨੂੰ "ਪੁਰਾਣੇ"
ਦਾ ਗਿਆਨ ਹੋਵੇ ( ਨਹੀਂ ਤਾਂ ਉਸ ਨੂੰ ਕਿਵੇਂ ਪਤਾ ਲੱਗੇ ਗਾ ਇਹ ਨਵਾਂ ਹੈ ) । ਨਵੀਨਤਾ
ਬੱਦਲਾਂ ਦੀ ਬਿਜਲੀ ਵਾਂਗ ਆਕਾਸ਼ੋਂ ਨਹੀਂ ਗਿਰਦੀ । ਇਹ ਸਮਾਜ ਵਿੱਚੋਂ ਉਤਪਨ ਹੁੰਦੀ ਹੈ ।
ਸਮਾਜ ਨਾਲੋਂ ਵਿਛੁੰਨ ਕੇ ਰਚਿਆ ਸਾਹਿਤ ਵੀ ਸਮਾਜ ਨਾਲੋਂ ਵਿਛੁੰਨਿਆ ਜਾਂਦਾ ਹੈ । ਮਿਥ ਕੇ
ਅਤੇ ਬਿਨਾਂ ਬੋਧ ਦੇ, ਬਿਲਕੁਲ ਵੱਖਰੇ ਅਤੇ ਅਤਿ-ਨਵੀਨ ਬਣਨ ਦੀ ਪ੍ਰਵਿਰਤੀ ਲੇਖਕ ਨੂੰ
ਅਰਾਜਕਤਾ ਦਾ ਰੋਗੀ ਬਣਾ ਦਿੰਦੀ ਹੈ । ਲੋੜ ਹੈ ਆਪਣੇ ਵਿਰਸੇ ਨੂੰ ਵਿਗਆਨਿਕ ਢੰਗ (ਇਤਿਹਾਸਕ
ਦਵੰਦਵਾਦੀ ਪਦਾਰਥਵਾਦ ) ਨਾਲ ਸਮਝ ਕੇ ਵਾਸਤਵਿਕ ਯਥਾਰਥ ਅਨੁਸਾਰ ਨਵਿਆਉਣ ਅਤੇ ਵਿਕਸਤ ਕਰਨ
ਦੀ । ।ਯਥਾਸ਼ਕਤ ਇੱਕ ਵੰਨਗੀ ਹਾਜ਼ਰ ਹੈ ।
..........ਛੰਦ ਪਰਾਗੇ .......................
(ਲੋਕਯਾਨ ਦੀ ਇਸ ਵੰਨਗੀ ਰਾਹੀਂ ਇੱਛਿਆ ਅਨੁਸਾਰ ਜੀਉਣ ਦੇ ਭਾਵ ਨੂੰ ਕਾਵਿ-ਛੰਦ ਰਾਹੀਂ ਪੇਸ਼
ਕੀਤਾ ਜਾਂਦਾ ਹੈ )
ਛੰਦ ਪਰਾਗੇ ਆਈਏ ਜਾਈਏ -
ਨਾ ਜਾਈਏ ਨਾ ਆਈਏ !
ਆਪਣੇ ਆਪਣੇ ਘੁਰਨੇ ਦੇ ਵਿੱਚ
ਰਹਿ ਕੇ ਅਉਧ ਹੰਢਾਈਏ ।
ਛੰਦ ਪਰਾਗੇ ਆਉਣਾ ਜਾਣਾ -
ਕੀ ਜਾਣਾ , ਕੀ ਆਉਣਾ !
ਖੂੰਨ ਦੇ ਰਿਸ਼ਤੇ ਪਾਣੀ ਹੋ ਗਏ
ਭੁੱਲ ਗਏ ਪਿਆਰ ਨਿਭਾਉਣਾ ।
ਛੰਦ ਪਰਾਗੇ ਆਈਏ ਜਾਈਏ -
ਅੰਬਰੋਂ ਤਾਰੇ ਟੁੱਟਦੇ,
ਕੋਮਲ ਕੰਜਕਾਂ ਦੀ ਇਜ਼ਤ ਨੂੰ
ਅੱਜ ਸਨਿਆਸੀ ਲੁੱਟਦੇ ।
ਛੰਦ ਪਰਾਗੇ ਜਾਈਏ ਆਈਏ-
ਜਦੋਂ ਦੇਸ਼ ਨੂੰ ਜਾਈਏ ,
ਹਰ ਦਫ਼ਤਰ :ਚੋਂ ਪੱਤ ਲੁਹਾ ਕੇ
ਮੁੜ ਪਰਦੇਸ ਨੂੰ ਆਈਏ ।
ਛੰਦ ਪਰਾਗੇ ਆਈਏ ਜਾਈਏ -
ਛੰਦ ਪਰਾਗੇ ਖੁਰਲੀ ,
ਥਾਂ ਥਾਂ ਵਿੰਦ੍ਰਾਵਨ ਜਲਦੇ ਹਨ
ਕਾਨ੍ਹ ਵਜਾਵੇ ਮੁਰਲੀ ।
ਛੰਦ ਪਰਾਗੇ ਆਈਏ ਜਾਈਏ -
ਛੰਦ ਪਰਾਗੇ ਮੰਜੀ ,
ਚਿੜੀਆਂ ਦੇ ਦਿਲ ਖਾਂਦੇ ਸ਼ਿਕਰੇ
ਵੰਡ ਕੇ ਪੰਜ-ਦਵੰਜੀ ।
-0-
|