Welcome to Seerat.ca
|
|
ਸੰਪਾਦਕੀ ਦੀ ਥਾਂ
ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
- ਕੁਲਵਿੰਦਰ ਖਹਿਰਾ
|
11 ਨਵੰਬਰ ਨੂੰ ਕੈਨੇਡਾ ਵੱਲੋਂ
ਆਪਣੇ ਸਾਰੇ ਉਨ੍ਹਾਂ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਜੰਗਾਂ ਦੌਰਾਨ ਲੜਦੇ
ਹੋਏ ਮਾਰੇ ਗਏ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡੀਅਨ ਫੌਜ ਵਿੱਚ ਭਰਤੀ ਹੋ ਕੇ ਪਹਿਲੀ
ਸੰਸਾਰ ਜੰਗ ਵਿੱਚ ਮਾਰੇ ਗਏ ਬਹੁਤ ਸਾਰੇ ਸਿੱਖ ਫੌਜੀਆਂ ਦਾ ਇਤਿਹਾਸ ਸਾਹਮਣੇ ਆਉਣ ਨਾਲ਼
ਹੁਣ ਭਾਰਤੀਆਂ, ਖ਼ਾਸ ਕਰਕੇ ਸਿੱਖਾਂ ਵੱਲੋਂ ਉਸ ਜੰਗ ਵਿੱਚ ਮਾਰੇ ਗਏ ਸਿੱਖ ਫੌਜੀਆਂ
ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਣ ਲੱਗੀ ਹੈ। ਇਸ ਸਮਾਗਮ ਨੂੰ ਟੈਲੀਵਿਯਨ ‘ਤੇ ਵੇਖਦਿਆਂ
ਮੈਂ ਸੋਚ ਰਿਹਾ ਸੀ ਕਿ ਕੀ ਵਾਕਿਆ ਹੀ ਇਹ ਲੋਕ “ਸ਼ਹੀਦ” ਨੇ? ਅਤੇ ਜੇ ਇਹ ਸ਼ਹੀਦ ਨੇ
ਤਾਂ ਫਿਰ ਗ਼ਦਰੀ ਬਾਬੇ ਕੌਣ ਸਨ? ਇਹ ਇੱਕ ਅਜਿਹਾ ਮਹੱਤਵਪੂਰਣ ਸਵਾਲ ਹੈ ਜੋ ਗੰਭੀਰ
ਵਿਚਾਰ-ਵਟਾਂਦਰੇ ਦੀ ਮੰਗ ਕਰਦਾ ਹੈ ਅਤੇ ਜਿਸ ਨੂੰ ਸਮਝਣ ਲਈ ਇਤਿਹਾਸਕ ਤੱਥਾਂ ਨੂੰ
ਫਰੋਲਣਾ ਬਹੁਤ ਜ਼ਰੂਰੀ ਹੈ।
ਪਹਿਲੀ ਸੰਸਾਰ ਜੰਗ ਦੇ ਬਿਗਲ ਨੂੰ ਗ਼ਦਰੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦੇ “ਸੁਨਹਿਰੀ
ਮੌਕੇ” ਵਜੋਂ ਲਿਆ ਗਿਆ ਸੀ ਤੇ ਇਹ ਉਹ ਵਾਕਿਆ ਸੀ ਜਿਸ ਕਰਕੇ ਹਜ਼ਾਰਾਂ ਹੀ ਗ਼ਦਰੀ
ਸੂਰਮੇਂ ਆਪਣੇ ਨਿੱਜੀ ਮਸਲਿਆਂ ਨੂੰ, ਆਪਣੇ ਘਰ ਦੀਆਂ ਤਕਲੀਫ਼ਾਂ ਅਤੇ ਗਰੀਬੀਆਂ ਨੂੰ
ਭੁੱਲ ਕੇ, ਅਤੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਦੇਸ਼ ਵੱਲ ਵਹੀਰਾਂ ਘੱਤ ਤੁਰੇ
ਸਨ। ਪਰ ਅੱਜ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਸਿੱਖ ਉਸੇ ਹੀ ਸਮੇਂ ਕੈਨੇਡੀਅਨ ਫੌਜ
ਵਿੱਚ ਭਰਤੀ ਹੋ ਕੇ ਬਰਤਾਨਵੀ ਸਰਕਾਰ ਦੀ ਮਦਦ ਲਈ ਤਿਆਰ ਹੋਏ ਤੇ ਲੜਦੇ ਹੋਏ ਮਰੇ।
ਇਨ੍ਹਾਂ ਦੋਹਾਂ ਗਰੁੱਪਾਂ ਵਿਚਲੇ ਫ਼ਰਕ ਨੂੰ ਸਮਝੇ ਬਗੈਰ ਇਹ ਫੈਸਲਾ ਨਹੀਂ ਕੀਤਾ ਜਾ
ਸਕਦਾ ਕਿ ਇਹ ਸਿੱਖ ਫੌਜੀ ਸ਼ਹੀਦ ਸਨ ਜਾਂ ਨਹੀਂ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਬਲਵੰਤ ਸਿੰਘ, ਭਾਗ ਸਿੰਘ, ਹਰਨਾਮ ਸਿੰਘ
ਟੁੰਡੀਲਾਟ, ਮੇਵਾ ਸਿੰਘ ਲੋਪੋਕੇ ਸਮੇਤ ਜਿ਼ਆਦਾ ਗਿਣਤੀ ਗ਼ਦਰੀ ਬਰਤਾਨਵੀ ਸਰਕਾਰ ਦੀ
ਫੌਜ ਵਿੱਚ ਨੌਕਰੀ ਕਰਦੇ ਹੀ ਆਏ ਸਨ। ਉਨ੍ਹਾਂ ਨੂੰ ਵੀ ਮਾਣ ਸੀ ਕਿ ਉਨ੍ਹਾਂ ਨੇ
ਬਰਤਾਨਵੀ ਸਰਕਾਰ ਦੀ “ਖਿਦਮਤ” ਕੀਤੀ ਹੈ ਅਤੇ ਇਸ ‘ਵਫ਼ਾਦਾਰੀ’ ਦੀ ਨਿਸ਼ਾਨੀ ਵਜੋਂ ਉਹ
ਕੈਨੇਡਾ ਦੀਆਂ ਸੜਕਾਂ ‘ਤੇ ਵਰਦੀਆਂ ਅਤੇ ਤਮਗੇ ਪਹਿਨ ਕੇ ਘੁੰਮਦੇ ਸਨ। ਉਨ੍ਹਾਂ ਨੂੰ
ਭਰਮ ਸੀ ਕਿ ਇਨ੍ਹਾਂ ਵਰਦੀਆਂ ਸਦਕਾ ਉਨ੍ਹਾਂ ਨੂੰ ਬਰਾਬਰ ਦੇ ਕੈਨੇਡੀਅਨਾਂ ਦਾ ਰੁਤਬਾ
ਮਿਲੇਗਾ। ਪਰ ਇਹ ਭਰਮ ਟੁੱਟਦਿਆਂ ਦੇਰ ਨਾ ਲੱਗੀ ਤੇ ਸਮਾਂ ਆ ਗਿਆ ਜਦੋਂ ਇਨ੍ਹਾਂ
ਫੌਜੀਆਂ ਨੂੰ ਇਹ ਵਰਦੀਆਂ ਅਤੇ ਤਮਗੇ ਸਾੜਨ ਦਾ ਫੈਸਲਾ ਕਰਨਾ ਪਿਆ।
ਏਥੇ ਇੱਕ ਹੋਰ ਘਟਨਾ ਵੀ ਧਿਆਨ ਦੀ ਮੰਗ ਕਰਦੀ ਹੈ: ਜਦੋਂ ਦੁਨੀਆਂ ਭਰ ਵਿੱਚ ਮਲਕਾ
ਵਿਕਟੋਰੀਆ ਦੀ ਜੁਬਲੀ ਮਨਾਈ ਜਾ ਰਹੀ ਸੀ ਤਾਂ ਹਾਪਕਿਨਸਨ ਗਰੁੱਪ ਵੱਲੋਂ ਸਿੱਖਾਂ ‘ਤੇ
ਵੀ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਵੀ ਵਰਦੀਆਂ ਪਾ ਕੇ ਪਰੇਡ ਵਿੱਚ ਸ਼ਾਮਿਲ ਹੋਣ। ਇਹ
ਇਤਿਹਾਸਕ ਤੱਥ ਹੈ ਕਿ ਬਾਅਦ ਵਿੱਚ ਗ਼ਦਰ ਨਾਲ਼ ਜੁੜੇ ਭਾਰਤੀਆਂ ਵੱਲੋਂ---ਜਿਨ੍ਹਾਂ
ਵਿੱਚ ਵੱਧ ਗਿਣਤੀ ਸਿੱਖਾਂ ਦੀ ਸੀ--- ਨੇ ਨਾ ਸਿਰਫ ਇਸ ਸਮਾਗਮ ਦਾ ਬਾਈਕਾਟ ਕੀਤਾ ਸਗੋਂ
ਇੱਕ ਮੈਮੋਰੰਡਮ ਰਾਹੀਂ ਆਪਣਾ ਰੋਸ ਵੀ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਗ਼ੁਲਾਮ ਹੋਣ ਦਾ
ਅਹਿਸਾਸ ਕਰਵਾਇਆ ਜਾ ਰਿਹਾ ਹੈ। ਪਰ ਇਹ ਵੀ ਸਚਾਈ ਹੈ ਕਿ ਉਦੋਂ ਵੀ ਹਾਪਕਿਨਸਨ ਦੇ
ਸਮਰੱਥਕਾਂ ਨੇ ਇਸ ਹੁਕਮ ਦੀ ਪਾਲਣਾ ਕੀਤੀ ਸੀ ਤੇ ਵਰਦੀਆਂ ਪਾ ਕੇ ਪਰੇਡ ਵਿੱਚ ਸ਼ਾਮਿਲ
ਹੋਏ ਸਨ।
ਜੰਗ ਵਿੱਚ ਲੜਨ ਵਾਲ਼ੇ ਫੌਜੀਆਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਫੌਜੀ 1914-15 ਵਿੱਚ
ਕੈਨੇਡੀਅਨ ਫੌਜ ਵਿੱਚ ਉਦੋਂ ਭਰਤੀ ਹੋਏ ਜਦੋਂ ਕੈਨੇਡਾ ਵੱਲੋਂ ਬੜੇ ਜ਼ੋਰ ਨਾਲ਼ ਭਰਤੀ
ਕੀਤੀ ਜਾ ਰਹੀ ਸੀ। ਦੂਸਰੇ ਪਾਸੇ 1914 ਵਿੱਚ ਹੋਏ ਹਾਪਕਿਨਸਨ ਦੇ ਕਤਲ ਤੋਂ ਬਾਅਦ ਮੇਵਾ
ਸਿੰਘ ਜੇਲ੍ਹ ਵਿੱਚ ਕੈਦ ਸੀ ਅਤੇ ਭਾਈ ਬਲਵੰਤ ਸਿੰਘ ਸਮੇਤ ਹਜ਼ਾਰਾਂ ਹੀ ਭਾਰਤੀ ਦੇਸ਼
ਨੂੰ ਵਾਪਸ ਜਾ ਚੁੱਕੇ ਸਨ। ਸਾਫ਼ ਜ਼ਾਹਰ ਹੈ ਕਿ ਇਸ ਭਰਤੀ ਵਿੱਚ ਸ਼ਾਮਲ ਸਿੱਖ ਨਾ ਤੇ
ਵਰਦੀਆਂ ਸਾੜਨ ਵਾਲ਼ੇ ਸਿੱਖਾਂ ਵਿੱਚ ਸ਼ਾਮਲ ਸਨ ਅਤੇ ਨਾ ਹੀ ਉਨ੍ਹਾਂ ਨਾਲ਼ ਰਲ਼ ਕੇ
ਗ਼ੁਲਾਮੀ ਖ਼ਤਮ ਕਰਨ ਦੇ ਟੀਚੇ ਨਾਲ਼ ਵਾਪਸ ਭਾਰਤ ਗਏ।
ਸੰਸਾਰ ਜੰਗ ਲੱਗਦੀ ਹੈ ਅਤੇ ਇੱਕੋ ਹੀ ਧਰਮ ਨਾਲ਼ ਅਤੇ ਇੱਕੇ ਹੀ ਖਿੱਤੇ ਨਾਲ਼ ਸਬੰਧਤ
ਅਤੇ ਇੱਕੋ ਜਿੰਨੀ ਗ਼ੁਲਾਮੀ ਭੋਗ ਰਹੇ ਲੋਕਾਂ ‘ਤੇ ਇਸ ਦਾ ਬਿਲਕੁਲ ਵਿਰੋਧੀ ਅਸਰ ਹੁੰਦਾ
ਹੈ: ਇੱਕ ਧੜਾ ਇਸ ਜੰਗ ਨੂੰ ਆਪਣੀ ਆਜ਼ਾਦੀ ਲਈ ਸੁਨਹਿਰੀ ਮੌਕੇ ਵਜੋਂ ਵੇਖਦਾ ਹੈ ਅਤੇ
ਦੂਸਰਾ ਧੜਾ ਇਸ ਨੂੰ ਬਰਤਾਨਵੀ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਵਿਖਾ ਕੇ ਮਾਣ-ਸਨਮਾਨ
ਹਾਸਿਲ ਕਰਨ ਦੇ ਅਵਸਰ ਵਜੋਂ ਵੇਖਦਾ ਹੈ; ਇੱਕ ਧੜਾ ਬਰਤਾਨਵੀ ਰਾਜ ਦੀਆਂ ਭਾਰਤ ਵਿੱਚ
ਨੀਹਾਂ ਹਿਲਾਉਣ ਦੇ ਮਕਸਦ ਨਾਲ਼ ਹਰਕਤ ਵਿੱਚ ਆਉਂਦਾ ਹੈ ਅਤੇ ਦੂਸਰਾ ਧੜਾ ਇਸੇ ਹੀ
ਸਲਤਨਤ ਦੇ ਪੈਰ ਜਮਾਈ ਰੱਖਣ ਲਈ ਲੜ-ਮਰਨ ਲਈ ਅੱਗੇ ਵਧਦਾ ਹੈ।
ਬੇਸ਼ੱਕ ਜੰਗ ਵਿੱਚ ਭਾਗ ਲੈਣ ਵਾਲ਼ੇ ਇਹ ਸਿੱਖ ਬਰਤਾਨਵੀ ਨਹੀਂ ਸਗੋਂ ਕੈਨੇਡਾ ਦੀ ਫੌਜ
ਵਿੱਚ ਭਰਤੀ ਹੋਏ ਸਨ ਪਰ ਹਕੀਕਤ ਇਹ ਸੀ ਕਿ ਕੈਨੇਡਾ ਉਸ ਸਮੇਂ ਬਰਤਾਨਵੀ ਬਸਤੀ ਹੀ ਸੀ
ਅਤੇ ਬਰਤਾਨੀਆ ਦੀ ਮੰਗ ‘ਤੇ ਹੀ ਕੈਨੇਡਾ ਨੂੰ ਜੰਗ ਵਿੱਚ ਸ਼ਾਮਲ ਹੋ ਕੇ ਆਪਣੀਆਂ ਫੌਜਾਂ
ਯੂਰਪ ਦੇ ਜੰਗੀ ਮੈਦਾਨ ਵਿੱਚ ਭੇਜਣੀਆਂ ਪਈਆਂ ਸਨ ਜਿੱਥੇ ਉਨ੍ਹਾਂ ਦਾ ਵੀ ਉਹੀ ਹਸ਼ਰ
ਹੋਇਆ ਸੀ ਜਿਹੜਾ ਹਸ਼ਰ ਗ਼ਦਰੀਆਂ ਦਾ ਭਾਰਤ ਵਿੱਚ ਬਰਤਾਨਵੀ ਸਰਕਾਰ ਵੱਲੋਂ ਕੀਤਾ ਗਿਆ
ਸੀ। ਆਪਣੀਆਂ ਨਖਿੱਧ ਬੰਦੂਕਾਂ, ਅਸਲੇ ਅਤੇ ਸਿਖਲਾਈ ਦੀ ਘਾਟ ਕਾਰਨ ਇਹ ਫੌਜੀ ਦੁਸ਼ਮਣ
ਫੌਜਾਂ ਵੱਲੋਂ ਮੱਖੀਆਂ ਮੱਛਰਾਂ ਵਾਂਗ ਭੁੰਨ ਦਿੱਤੇ ਗਏ।
ਇਨ੍ਹਾਂ ਸਾਰੇ ਤੱਥਾਂ ਨੂੰ ਘੋਖਿਆ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਬਰਤਾਨਵੀ ਸਰਕਾਰ
ਦੀਆਂ ਨਜ਼ਰਾਂ ਵਿੱਚ ਜਾਂ ਫਿਰ ਕੈਨੇਡੀਅਨ ਸਰਕਾਰ ਦੀਆਂ ਨਜ਼ਰਾਂ ਵਿੱਚ ਤਾਂ ਇਹ ਸਿੱਖ
ਫੌਜੀ ‘ਸ਼ਹੀਦ’ ਹੋ ਸਕਦੇ ਹਨ ਪਰ ਗ਼ਦਰੀ ਪਰਪੇਖ ਤੋਂ ਵੇਖਿਆਂ ਇਹ ਫੌਜੀ ਬਿਲਕੁਲ
ਵਿਰੋਧੀ ਧਿਰ ਨਾਲ਼ ਖੜ੍ਹੇ ਸਾਫ਼ ਵਿਖਾਈ ਦੇ ਰਹੇ ਹਨ। ਇਹ ਬਹਿਸ ਤਾਂ ਕੀਤੀ ਜਾ ਸਕਦੀ
ਹੈ ਕਿ ਬਰਾਬਰਤਾ ਦੀ ਭੁੱਖ ਨੇ ਜਾਂ ਗਰੀਬੀ ਨੇ ਇਨ੍ਹਾਂ ਸਿੱਖਾਂ ਨੂੰ ਬਰਤਾਨਵੀ ਫੌਜ
ਵਿੱਚ ਭਰਤੀ ਹੋਣ ਲਈ ਮਜਬੂਰ ਕਰ ਦਿੱਤਾ ਜਿਸ ਕਰਕੇ ਇਨ੍ਹਾਂ ਨੂੰ ਗ਼ਦਾਰ ਨਹੀਂ ਕਿਹਾ ਜਾ
ਸਕਦਾ ਪਰ ਇਹ ਗੱਲ ਬਿਲਕੁਲ ਵਾਜਬ ਨਹੀਂ ਜਾਪਦੀ ਕਿ ਅੱਜ ਦੇ ਭਾਰਤੀ ਗ਼ਦਰੀ ਬਾਬਿਆਂ ਨੂੰ
ਵੀ ਸ਼ਹੀਦ ਕਹਿ ਕੇ ਆਪਣਾ ਵਿਰਸਾ ਕਹੀ ਜਾਣ ਅਤੇ ਇਨ੍ਹਾਂ ਫੌਜੀਆਂ ਨੂੰ ਵੀ ਸ਼ਹੀਦ ਕਹੀ
ਜਾਣ।
ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਨਾ ਬਰਤਾਨਚਵੀ ਸਰਕਾਰ ਲਈ ਆਪਣੀਆਂ ਜਾਨਾਂ ਵਾਰਨ
ਅਤੇ ਜ਼ਖ਼ਮੀ ਹੋ ਕੇ ਵਾਪਸ ਆਉਣ ਦੇ ਬਾਵਜੂਦ ਕੈਨੇਡੀਅਨ ਸਿੱਖ ਫੌਜੀਆਂ ਨੂੰ ਕੈਨੇਡੀਅਨ
ਸਰਕਾਰ ਵੱਲੋਂ ਨਾ ਸਿਰਫ ਬਰਾਬਰ ਦਾ ਸ਼ਹਿਰੀ ਮੰਨਣ ਤੋਂ ਹੀ ਇਨਕਾਰ ਕੀਤਾ ਗਿਆ ਸਗੋਂ
ਉਨ੍ਹਾਂ ਨੂੰ ਸਿਟੀਜ਼ਨਸਿ਼ਪ ਤਾਂ ਕੀ ਦੇਣੀ ਸੀ, ਇਮੀਗ੍ਰੇਸ਼ਨ ਵੀ ਨਾ ਦਿੱਤੀ ਗਈ ਅਤੇ
ਨਾ ਹੀ ਕਿਸੇ ਤਰ੍ਹਾ ਦੀ ਨੌਕਰੀ ਜਾਂ ਮਾਲੀ ਮਦਦ ਹੀ ਦਿੱਤੀ ਗਈ ਅਤੇ ਇਨ੍ਹਾਂ ਨੂੰ ਫਿਰ
ਤੋਂ ਆਪਣੇ ਹਲਾਤ ਨਾਲ਼ ਖੁਦ ਨਜਿੱਠਣ ਲਈ ਛੱਡ ਦਿੱਤਾ ਗਿਆ। (ਅੱਜ 100 ਸਾਲ ਬਾਅਦ
ਕੈਨੇਡੀਅਨ ਸਰਕਾਰ ਨੂੰ ਯਾਦ ਆ ਰਿਹਾ ਹੈ ਕਿ ਉਸ ਜੰਗ ਵਿੱਚ ਲੜ ਮਰਨ ਵਾਲਿਆਂ ਨੂੰ
ਕੈਨੇਡੀਅਨ ਸ਼ਹਿਰੀਆਂ ਵਾਲੀ ਮਾਨਤਾ ਮਿਲਣੀ ਚਾਹੀਦੀ ਹੈ।) ਇਸਦੇ ਬਾਵਜੂਦ ਮੇਰਾ ਮਨ ਇਸ
ਦੁਬਿਧਾ ਵਿੱਚੋਂ ਬਾਹਰ ਨਹੀਂ ਆ ਰਿਹਾ ਕਿ ਜੇ ਸਾਡੇ ਗ਼ਦਰੀ, ਸਾਡੇ ਭਗਤ ਸਿੰਘ, ਅਤੇ
ਸਾਡੇ ਰਾਜਗੁਰੂ ਸੁਖਦੇਵ ਹੁਰੀਂ ਸ਼ਹੀਦ ਨੇ ਤਾਂ ਫਿਰ ਉਸੇ ਹੀ ਸਮੇਂ ਬਰਤਾਨਵੀ ਸਲਤਨਤ
ਦੀ ਸਲਾਮਤੀ ਲਈ ਲੜਨ ਵਾਲ਼ੇ ਸਿੱਖ ਸਾਡੇ ਲਈ ਸ਼ਹੀਦ ਕਿਵੇਂ ਹੋਏ?
-0- |
|