(1939)
ਗੱਡੀ ਤੁਰੀ ਜਾ ਰਹੀ ਹੈ। ਅਸੀਂ ਪੰਜੇ ਜਣੇ ਗੁੰਮ-ਸੁੰਮ ਹੋਏ ਬੈਠੇ ਹਾਂ। ਸਭਨਾਂ ਦੇ ਮਨਾਂ
ਅੰਦਰ ਇੱਕੋ ਜਿਹੀਆਂ ਸੋਚਾਂ ਦਾ ਕੁਹਰਾਮ ਮਚਿਆ ਹੋਇਆ ਹੈ, ਪਰ ਜ਼ਬਾਨਾਂ ਜਿਵੇਂ ਸਾਰਿਆਂ
ਦੀਆਂ ਹੀ ਠਾਕੀਆਂ ਗਈਆਂ ਹੋਣ। ਚੁੱਪ ਦਾ ਪ੍ਰੇਤ ਮੰਡਲਾ ਰਿਹਾ ਹੈ। ਕਿਸੇ ਦੇ ਹਿੱਲਣ ਤੀਕ ਦੀ
ਆਵਾਜ਼ ਤੱਕ ਨਹੀਂ ਆਉਂਦੀ।
ਇਸ ਰਾਹ ਵਿਚੀਂ ਅੱਗੇ ਵੀ ਕਈ ਵਾਰ ਲੰਘ ਚੁੱਕੇ ਹਾਂ। ਪਰ ਇੰਜ ਕਦੇ ਨਹੀਂ ਸੀ ਹੋਇਆ। ਸਾਰੇ
ਹੀ ਪੈਂਤੀ ਚਾਲੀਆਂ ਵਰ੍ਹਿਆਂ ਦੀ ਉਮਰ ਦੇ ਵਿਚਕਾਰ ਹਾਂ ਦੋ-ਦੋ ਤਿੰਨ-ਤਿੰਨ ਬੱਚਿਆਂ ਦੇ
ਬਾਪ। ਪਰ ਬੰਦ ਕਮਰੇ ਵਿਚ ਇਕੱਠੇ ਬੈਠਿਆਂ ਦੀਆਂ ਸਾਡੀਆਂ ਕੋਈ ਗੱਲਾਂ ਸੁਣੇ- ਸਾਡੀ ਉਮਰ ਤੇ
ਕਬੀਲਦਾਰੀ ਦੀ ਕਿਸੇ ਜਿ਼ੰਮੇਦਾਰੀ ਦੇ ਬੋਝ ਦੀ ਸੋਅ ਤੱਕ ਨਾ ਲੈ ਸਕੇ। ਨਿੱਕੀਆਂ ਨਿੱਕੀਆਂ
ਬੇਮਕਸਦ ਗੱਲਾਂ ਤੇ ਹਾਸੇ। ਠਹਾਕੇ। ਸ਼ਾਇਦ ਸਾਡੀ ਖ਼ੁਸ਼ੀ ਦਾ ਰਾਜ਼ ਹੀ ਇਸ ਗੱਲ ਵਿਚ ਹੋਵੇ
ਕਿ ਸਾਡੀਆਂ ਮਜਲਸਾਂ ਮੰਤਵ ਰਹਿਤ ਹੋ ਕੇ ਲਗਦੀਆਂ ਹਨ। ਗੱਲਾਂ 'ਚੋਂ ਗੱਲਾਂ ਦਾ ਤਾਂਤਾ
ਤੁਰਿਆ ਰਹਿੰਦਾ ਹੈ। ਨਾ ਆਦਿ ਦਾ ਚੇਤਾ ਹੁੰਦਾ ਹੈ ਤੇ ਨਾ ਅੰਤ ਦੀ ਚਿੰਤਾ।
ਪਿਛਲੀ ਵਾਰ ਛੇ ਕੁ ਮਹੀਨੇ ਪਹਿਲਾਂ ਇਸੇ ਕਾਰ ਵਿਚ ਅਸੀਂ ਬਾਈ ਦੇ ਪਿੰਡ ਗਏ ਸਾਂ। ਸਟੇਅਰਿੰਗ
'ਤੇ ਬੈਠੇ ਰਮਨ ਦੇ ਮੂੰਹੋਂ ਸੁੱਤੇ ਸਿੱਧ ਹੀ ਇੱਕ ਫ਼ਜ਼ੂਲ ਜਿਹੇ ਗੀਤ ਦੀ ਭੌਂਡੀ ਜਿਹੀ ਤੁਕ
ਨਿਕਲ ਗਈ ‘ਗੰਗਾ ਰਾਮ ਕੀ ਸਮਝ ਮੇਂ ਨਾ ਆਏ।’ ਫਿਰ ਕੀ ਸੀ- ਸਾਰਿਆਂ ਦੇ ਕੰਨ ਖੜੇ ਹੋ ਗਏ।
ਜੀਭਾਂ ਲੁਤਰ ਲੁਤਰ ਕਰਨ ਲੱਗ ਪਈਆਂ। ਇਸ ਤੁਕ ਦਾ ਅਨੇਕਾਂ ਤੁਕਾਂ ਵਿਚ ਸਮੂਹ ਗਾਇਨ ਕੀਤਾ
ਗਿਆ। ਅੰਤਰੇ ਦੇ ਬੋਲ ਕਿਸੇ ਨੂੰ ਆਉਂਦੇ ਨਹੀਂ ਸਨ। ਨਾਲ ਬੈਠੇ ਚਰਨ ਨੇ ਹੀ ਕਈ ਊਲ ਜਲੂਲ
ਤੁਕਾਂ ਘੜ ਲਈਆਂ, ਜਿਨ੍ਹਾਂ ਵਿਚ ਆਪਣੀ ਹੀ ਮੂਰਖਤਾ ਦਾ ਮਖ਼ੌਲ ਉਡਾਇਆ ਗਿਆ ਸੀ। ਘੜੁੱਚ ਕਵੀ
ਦਰਬਾਰ ਏਨਾ ਮਘਿਆ ਸੀ ਕਿ ਸੌ ਮੀਲ ਦਾ ਪੈਂਡਾ ਸੱਚਮੁੱਚ ਹੀ ਅੱਖ ਦੇ ਫੋਰ ਵਿੱਚ ਮੁੱਕ ਗਿਆ
ਸੀ।
…ਪਰ ਅੱਜ ਜਿਵੇਂ ਸਾਡੀਆਂ ਜੀਭਾਂ ਨਾਲ ਪੱਥਰ ਤੇ ਗੱਡੀ ਦੇ ਪਹੀਆਂ ਨਾਲ ਪਰਬਤ ਬੱਝ ਗਏ ਹੋਣ।
ਸਫ਼ਰ ਹੈ ਕਿ ਮੁੱਕਣ ਵਿਚ ਨਹੀਂ ਆ ਹਿਰਾ……। ਰੱਬ ਰੱਬ ਕਰਕੇ, ਦਿਨ ਢਲੇ ਬਾਈ ਦੇ ਪਿੰਡ
ਪੁੱਜੇ ਹਾਂ। ਗੱਡੀ ਘਰ ਦੇ ਪਿਛਵਾੜੇ ਖੜ੍ਹੀ ਕੀਤੀ ਹੈ। ਪੈਰ ਧਰੀਕਦੇ ਵਿਹੜੇ ਵਿਚ ਦਾਖਲ ਹੋਏ
ਹਾਂ। ਵਿਹੜਾ ਬੰਦਿਆਂ ਨਾਲ ਭਰਿਆ ਪਿਆ ਹੈ। ਤਿਲ ਸੁੱਟਣ ਲਈ ਥਾਂ ਨਹੀਂ। ਏਨੇ ਸੋਗਵਾਰ
ਚਿਹਰੇ! ਇੱਕ ਅੱਧੋਰਾਣੇ ਜਿਹੇ ਖੇਸ ਦੀ ਬੁੱਕਲ ਮਾਰੀ ਬਾਈ ਕੰਧ ਦੀ ਢੋਅ ਲਾਈ ਬੈਠਾ ਹੈ।
ਸਿੱਥਲ ਅਤੇ ਨਿਢਾਲ। ਪਲ ਦੀ ਪਲ ਉਸਦੀਆਂ ਲਾਲ ਬਿੰਬ ਹੋਈਆਂ ਅੱਖਾਂ ਸਾਡੇ ਵੱਲ ਉਠਦੀਆਂ ਹਨ
ਤੇ ਪ੍ਰਣਾਲਿਆਂ ਵਾਂਗ ਵਹਿ ਤੁਰਦੀਆਂ ਹਨ। ਅਸੀਂ ਚੁੱਪ ਚਾਪ ਉਸਦੇ ਕੋਲ ਬੈਠ ਜਾਂਦੇ ਹਾਂ।
ਕਿਰਪਾਲ ਨੇ ਬਾਈ ਦੇ ਮੋਢਿਆਂ ਉਪਰ ਹੱਥ ਰੱਖਿਆ ਹੈ। ਉਹ ਉਸਦੀ ਗੋਦ ਵਿਚ ਢੇਰੀ ਹੋ ਜਾਂਦਾ
ਹੈ। ਡਸਕੋਰੇ ਭੁੱਬਾਂ ਵਿਚ ਬਦਲ ਜਾਂਦੇ ਹਨ। ਸਭਨਾਂ ਦੀਆਂ ਧਾਹਾਂ ਨਿਕਲ ਗਈਆਂ ਹਨ। ਸਾਨੂੰ
ਸ਼ਾਇਦ ਕੋਈ ਢਾਰਸ ਬੰਨ੍ਹਾਉਣ ਵਾਲੀ ਗੱਲ ਕਰਨੀ ਚਾਹੀਦੀ ਹੈ। ਪਰ ਸੱਤਿਆ ਮੁੱਕ ਹੀ ਤਾਂ ਗਈ
ਜਾਪਦੀ ਹੈ। ਏਨੀ ਆਂਗਸ ਕਿੱਥੋਂ ਲਿਆਈਏ?
ਅੰਦਰੋਂ ਰੋਣ ਧੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਹਿਰਦਾ ਵਿੰਨ੍ਹਿਆ ਜਾ ਰਿਹਾ ਹੈ। ਕੋਈ ਕੋਈ
ਬੰਦਾ ਉੱਠ ਰਿਹਾ ਹੈ-ਕਈ ਆ ਰਹੇ ਹਨ।
ਸ਼ਾਮ ਪੈ ਗਈ ਹੈ। ਕਿਰਪਾਲ ਨੂੰ ਕੋਈ ਗੱਲ ਸੁੱਝੀ ਹੈ। ਉਸ ਨੇ ਉੱਠ ਕੇ ਦਰੀ ਦਾ ਲੜ ਇੱਕ
ਸਿਰਿਓਂ ਮੋੜ ਦਿੱਤਾ ਹੈ। ਪਿੰਡ ਦੇ ਸਿਆਣੇ ਲੋਕ ਸਮਝ ਗਏ ਹਨ- ਸੂਰਜ ਡੁੱਬਣ ਮਗਰੋਂ ਮਸੋਸ
ਕਰਨ ਦਾ ਵਕਤ ਮੁੱਕ ਜਾਂਦਾ ਹੈ। ਸਭ ਬੰਦੇ ਹੌਲੀ ਹੌਲੀ ਕਿਰਨੇ ਸ਼ੁਰੂ ਹੋ ਗਏ ਹਨ। ਵਿਹੜੇ
ਵਿੱਚ ਅਸੀਂ, ਬਾਈ ਜੀ ਤੇ ਕੁਝ ਕੁ ਹੋਰ ਬਹੁਤ ਹੀ ਕਰੀਬੀ ਬੰਦੇ ਰਹਿ ਗਏ ਸਨ।
ਜ਼ਰਾ ਹਨੇਰਾ ਪੈਣ ਤੋਂ ਮਗਰੋਂ ਮੈਂ ਤੇ ਰਮਨ ਘਰ ਦੇ ਪਿਛਵਾੜੇ ਜਾਂਦੇ ਹਾਂ। ਦੋ ਟਿਫ਼ਨ
ਔਰਤਾਂ ਵਾਲੇ ਦਲਾਨ ਵਿਚ ਰੱਖ ਆਉਂਦੇ ਹਾਂ ਤੇ ਇੱਕ ਆਪਣੇ ਕਮਰੇ ਵਿਚ ਆ ਕੇ ਖੋਲ੍ਹਦੇ ਹਾਂ।
ਕੋਈ ਵੀ ਰੋਟੀ ਵਲ ਨੂੰ ਮੂੰਹ ਨਹੀਂ ਕਰ ਰਿਹਾ। ਤਰਲੇ ਕਰ ਕੇ ਬਾਈ ਨੂੰ ਕੁਝ ਬੁਰਕੀਆਂ ਖਾਣ
ਲਈ ਮਜਬੂਰ ਕਰਦੇ ਹਾਂ। ਪਰ ਰੋਟੀ ਉਸਦੇ ਸੰਘੋਂ ਹੇਠੋਂ ਉੱਤਰਦੀ ਨਹੀਂ ਜਾਪਦੀ।
ਕਿਰਪਾਲ ਉਸ ਨਾਲ ਕੋਈ ਨਾ ਕੋਈ ਗੱਲ ਕਰਨ ਦਾ ਯਤਨ ਕਰਦਾ ਹੈ।
“ਬਾਈ ਜੀ ਇਹ ਭਾਣਾ ਵਰਤਿਆ ਕਿਵੇਂ?”
ਬਾਈ ਨੂੰ ਆਪ ਵੀ ਵੇਰਵੇ ਦਾ ਕੁਝ ਨਹੀਂ ਪਤਾ। ਉਹ ਜੇਬ ਵਿੱਚੋਂ ਤਹਿ ਕੀਤੀ ਤਾਰ ਕੱਢਦਾ ਹੈ।
ਤਾਰ ਉੱਪਰ ਸਿਰਫ਼ ਇਹ ਸ਼ਬਦ ਉੱਕਰੇ ਹੋਏ ਸਨ “ਫਲਾਈਟ ਲੈਫ਼ਟੀਨੈਂਟ ਨਿਰਮਲ ਜੰਮੂ ਕਸ਼ਮੀਰ
ਕਸ਼ੇਤਰ ਮੇਂ ਦੁਸ਼ਮਨੋਂ ਕੇ ਵਿਰੁੱਧ ਲੜਤੇ ਹੂਏ ਵੀਰਗਤੀ ਪ੍ਰਾਪਤ ਕਰ ਗਏ ਹੈਂ।” ਤਾਰ
ਕਿਰਪਾਲ ਦੇ ਹੱਥ ਵਿੱਚ ਫੜੀ ਹੀ ਰਹਿ ਜਾਂਦੀ ਹੈ।
ਮੈਂ ਉਸ ਤੋਂ ਤਾਰ ਲੈ ਕੇ ਪੜ੍ਹਦਾ ਹਾਂ। ਅੱਖਾਂ ਉੱਪਰ ਯਕੀਨ ਨਹੀਂ ਆਉਂਦਾ। ਨਿਰਮਲ ਦਾ
ਬਾਂਕਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਉੱਭਰ ਆਉਂਦਾ ਹੈ। ਲੰਮਾ-ਝੰਮਾ, ਛੈਲ-ਛਬੀਲਾ ਗੱਭਰੂ।
ਵਿੰਹਦਿਆਂ ਭੁੱਖ ਉੱਤਰਦੀ ਸੀ। ਸਾਲ ਕੁ ਪਹਿਲਾਂ ਮੈਂ ਤੇ ਬਾਈ ਉਸਨੂੰ ਜੀਤਾਂ ਵਾਸਤੇ ਵੇਖਣ
ਗਏ ਸਾਂ ਤੇ ਉਸਨੂੰ ਵੇਖਦਿਆਂ ਸਾਰ ਹੀ ਮੋਹੇ ਗਏ ਸਾਂ। ਕੱਦ-ਕਾਠ ਤੇ ਰੂਪ-ਰੰਗ ਵੱਲੋਂ
ਬਿਲਕੁਲ ਜੀਤਾਂ ਦਾ ਹਾਣ-ਪ੍ਰਵਾਨ। ਵਾਪਸ ਆਉਂਦੇ ਅਸੀਂ ਹਲਕੇ ਫੁੱਲ ਸਾਂ। ਭਾਈ ਦੇ ਸਿਰੋਂ
ਜਿਵੇਂ ਮਣਾਂ ਮੂੰਹੀਂ ਭਾਰ ਲੱਥ ਗਿਆ ਸੀ।
ਜੀਤਾਂ ਟੱਬਰ ਵਿੱਚ ਸਭ ਤੋਂ ਨਿੱਕੀ ਸੀ, ਸਭ ਦੀ ਛਿੰਦੀ। ਬਾਈ ਤੋਂ ਪੂਰੇ ਪੰਦਰਾਂ ਵਰ੍ਹੇ
ਛੋਟੀ। ਰਿਸ਼ਤੇ ਵਿਚ ਉਹ ਭਾਵੇਂ ਬਾਈ ਦੀ ਭੈਣ ਸੀ ਪਰ ਉਹਨੇ ਉਸਨੂੰ ਧੀਆਂ ਵਾਂਗ ਪਾਲਿਆ
ਪੋਸਿਆ ਅਤੇ ਪੜ੍ਹਾਇਆ ਸੀ।
ਉਦੋਂ ਬਾਈ ਜੀ ਨੂੰ ਆਪਣੇ ਜੱਦੀ ਪਿੰਡੋਂ ਇਸ ਦੂਰ ਦੁਰਾਡੇ ਥਾਂ ਆਇਆਂ, ਹਾਲੇ ਸਿਰਫ਼ ਤਿੰਨ
ਕੁ ਵਰ੍ਹੇ ਹੀ ਹੋਏ ਸਨ। ਉਸਨੇ ਆਪਣੀ ਜੱਦੀ ਜ਼ਮੀਨ ਮਹਿੰਗੇ ਭਾਅ ਵੇਚ ਕੇ ਇੱਥੇ ਕਾਫ਼ੀ ਵੱਡਾ
ਸਾਰਾ ਫ਼ਾਰਮ ਖ਼ਰੀਦ ਲਿਆ ਸੀ। ਇਹ ਤਿੰਨੋਂ ਵਰ੍ਹੇ ਉਹ ਸੱਚਮੁੱਚ ਹੀ ਮਿੱਟੀ ਨਾਲ ਮਿੱਟੀ
ਹੋਇਆ ਸੀ। ਦਿਨ ਦਾ ਬਹੁਤਾ ਹਿੱਸਾ ਉਸਦੇ ਟਰੈਕਟਰ ਉੱਪਰ ਬੈਠੇ ਦਾ ਹੀ ਬੀਤਦਾ ਸੀ। ਉਸਨੇ
ਸਾਰੇ ਹੀ ਖੇਤ ਕਰਾਹ ਕੇ ਪੱਧਰੇ ਕੀਤੇ। ਦੋ ਟਿਊਬਵੈੱਲ ਲਵਾਏ। ਪਿਛਲੇ ਸਾਲ ਉਸਦੇ ਲਹਿੰਬਰਦੇ
ਖੇਤਾਂ ਵੱਲ ਵੇਖ ਕੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਉਂਗਲਾਂ ਮੂੰਹ ਵਿੱਚ ਹੀ ਤਾਂ ਪੈ ਗਈਆਂ
ਸਨ। ਫ਼ਸਲ ਵੀ ਬਹੁਤ ਚੰਗੀ ਹੋਈ ਤੇ ਭਾਅ ਵੀ ਵਾਹਵਾ ਰਹੇ ਸਨ।
ਇਹ ਤਿੰਨੋਂ ਵਰ੍ਹੇ ਬਾਈ ਜੀ ਨੇ ਆਪਣੇ ਬਾਲ ਬੱਚਿਆਂ ਸਮੇਤ ਕੱਚੇ ਕੋਠਿਆਂ ਵਿੱਚ ਸੰਨਿਆਸੀ
ਵਾਂਗ ਕੱਟੇ ਸਨ। ਐਤਕੀਂ ਉਸਦਾ ਹੱਥ ਜ਼ਰਾ ਸੌਖਾ ਹੋਇਆ ਸੀ। ਇਸ ਸਾਲ ਉਸਦਾ ਸੁਹਣਾ ਜਿਹਾ
ਮਕਾਨ ਬਣਾਉਣ ਦਾ ਮਣਸ਼ਾ ਸੀ। ਇਸ ਬਾਰੇ ਸਲਾਹ ਮਸ਼ਵਰੇ ਲਈ ਹੀ ਉਸਨੇ ਮੈਨੂੰ ਸੱਦਿਆ ਸੀ ਕਿ
ਅਚਾਨਕ ਹੀ ਉਸਦੇ ਦੋਸਤ ਨਿਰਮਲ ਨੇ ਦੱਸ ਪਾ ਦਿੱਤੀ। ਚੰਗੇ ਮੁੰਡੇ ਐਵੇਂ ਧਰੇ ਪਏ ਨਹੀਂ
ਹੁੰਦੇ। ਇਸ ਲਈ ਉਸ ਫ਼ੈਸਲਾ ਕੀਤਾ ਕਿ ਉਹ ਪਹਿਲਾਂ ਜੀਤਾਂ ਦਾ ਵਿਆਹ ਕਰੇਗਾ। ਮਕਾਨ ਦਾ ਕੀ
ਸੀ-ਆਪੇ ਬਣਦਾ ਰਹੇਗਾ। ਜਿੱਥੇ ਤਿੰਨ ਸਾਲ ਬੀਤੇ ਸਨ, ਉੱਥੇ ਇੱਕ ਦੋ ਹੋਰ ਸਹੀ।
ਨਿਰਮਲ ਸਾਧਾਰਨ ਜਿਹੇ ਕਿਸਾਨ ਪਰਿਵਾਰ ਦਾ ਜੰਮਪਲ ਸੀ। ਉਹ ਆਪਣੀ ਹਿੰਮਤ ਅਤੇ ਲਿਆਕਤ ਦੇ
ਬਲਬੂਤੇ ਹੀ ਆਪਣੀ ਮੌਜੂਦਾ ਪਦਵੀ ਤੇ ਪੁੱਜਾ ਸੀ। ਬਾਈ ਦਾ ਖਿ਼ਆਲ ਸੀ ਕਿ ਇੱਕ ਵਾਰ ਜੀਤਾਂ
ਦਾ ਸਭ ਜ਼ਰੂਰੀ ਚੀਜ਼ਾਂ ਖ਼ਰੀਦ ਕੇ ਘਰ ਬੰਨ੍ਹ ਦਿੱਤਾ ਜਾਵੇ। ਆਰਾਮ ਨਾਲ ਦਿਨ ਕੱਟਣ ਜੋਗੀ
ਤਨਖ਼ਾਹ ਨਿਰਮਲ ਨੂੰ ਮਿਲ ਹੀ ਜਾਂਦੀ ਸੀ।
ਵਿਆਹ ਤੋਂ ਪੂਰੇ ਤਿੰਨ ਦਿਨ ਪਹਿਲਾਂ ਅਸੀਂ ਸਾਰੇ ਬਾਈ ਦੇ ਪਿੰਡ ਪੁੱਜਗੇ ਸਾਂ। ਸ਼ਹਿਰ ਤੋਂ
ਦਸ ਮੀਲ ਦੂਰ ਦੇ ਇਸ ਪਿੰਡ ਦੇ ਮਾਹੌਲ ਨੂੰ ਵੇਖ ਕੇ ਸੱਚਮੁੱਚ ਹੀ ਜੰਗਲ ਵਿਚ ਮੰਗਲ ਹੋਇਆ
ਲਗਦਾ ਸੀ। ਖੁਲ੍ਹੇ ਡੁੱਲ੍ਹੇ ਵਿਹੜੇ ਵਿੱਚ ਲੱਗੇ ਸ਼ਾਮਿਆਨੇ, ਛੌਲਦਾਰੀਆਂ ਤੇ ਰੰਗ-ਬਰੰਗੀਆਂ
ਦਰੀਆਂ ਕਨਾਤਾਂ ਦੀ ਸੱਜ-ਧੱਜ। ਪਹਿਲੇ ਤੋੜ ਦੀ ਦਾਰੂ ਦੀ ਛਿੱਟ ਛਿੱਟ ਲਾ ਕੇ ਅਸੀਂ ਹੱਥੋਂ
ਹੱਥੀਂ ਕੰਮ ਵੀ ਮੁਕਾਈ ਜਾਂਦੇ ਸਾਂ ਤੇ ਇਕ ਦੂਜੇ ਨਾਲ ਖਰਮਸਤੀਆਂ ਵੀ ਕਰੀ ਜਾਂਦੇ ਸਾਂ।
ਘਰ ਵਿਆਹ ਦਾ ਸਮਾਨ ਬੂਥਿਆ ਪਿਆ ਸੀ। ਇਕ ਛਤੜੇ ਦੁਆਲੇ ਕਨਾਤਾਂ ਲਾ ਕੇ ਭੱਠੀਆਂ ਪੁੱਟੀਆਂ
ਗਈਆਂ। ਛਤੜਾ, ਤਿੱਤਰ ਬਟੇਰਿਆਂ, ਮੀਟ ਮੁਰਗਿਆਂ ਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਨਾਲ
ਤੂਸਿਆ ਪਿਆ ਸੀ। ਨਿਰਮਲ ਦੀ ਜੰਜ ਉਸਦੇ ਅਫ਼ਸਰ ਦੋਸਤਾਂ ਨੇ ਢੁੱਕਣਾ ਸੀ ਅਤੇ ਅਸੀਂ ਉਹਨਾਂ
ਦੀ ਖ਼ਾਤਰ ਤਵੱਜੋ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡਣੀ ਚਾਹੁੰਦੇ। ਵੰਨ ਸੁਵੰਨੇ ਪਕਵਾਨਾਂ
ਦੀ ਵਾਸ਼ਨਾ ਨਾਸਾਂ ਵਿਚ ਜਲੂਰੀਆਂ ਛੇੜ ਰਹੀ ਸੀ। ਰਸਦ ਪਾਣੀ ਸਾਂਭਣ ਲਈ ਬੰਦ ਕਮਰਾ ਕੋਈ ਹੈ
ਨਹੀਂ ਸੀ ਤੇ ਬਾਹਰ ਲੰਡਰ ਕੁੱਤਿਆਂ ਦੀਆਂ ਹੇੜਾਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਸਾਡੇ
ਸੌਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਦਾਰੂ ਦਾ ਆਲਮ ਸੀ। ਨਸ਼ਾ ਖਿੜਿਆ ਹੋਇਆ ਸੀ। ਮੈਂ
ਮੁੱਖ ਗੇਟ ਨਾਲ ਲੱਗਾ ਸੰਮਾਂ ਵਾਲਾ ਖੂੰਡਾ ਮੋਢੇ ਧਰਿਆ ਤੇ ਬਾਹਰ ਆ ਕੇ ਲਲਕਾਰਾ ਮਾਰਿਆ। ਸਭ
ਕੁੱਤੇ ਦੁੰਮ ਦਬਾ ਕੇ ਦੌੜ ਗਏ ਸਨ।
ਸਾਹਮਣੀ ਕੀਲੀ ਉਪਰ ਢੋਲਕੀ ਟੰਗੀ ਵੇਖ ਕੇ ਮੇਰੇ ਪੈਰ ਵੱਸੋਂ ਬਾਹਰ ਹੁੰਦੇ ਜਾਪੇ। ਹਿੱਕ ਵਿਚ
ਮਚਲਦੇ ਬੋਲ ਮੈਥੋਂ ਸੰਭਾਲੇ ਨਹੀਂ ਸਨ ਜਾ ਰਹੇ। ਢੋਲਕੀ ਗਲ ਵਿਚ ਪਾ ਕੇ ਸੱਜੇ ਹੱਥ ਨਾਲ
ਘਸਰਾ ਲਾਇਆ ਤੇ ਅੰਦਰ ਸੁੱਤੇ ਨਾਨਕਾ ਮੇਲ ਨੂੰ ਉੱਚੀ ਦੇਣੀ ਬੋਲੀ ਮਾਰੀ। ਮੇਲਣਾਂ ਜਿਵੇਂ
ਪਹਿਲਾਂ ਹੀ ਅਣਮੰਨੇ ਜਿਹੇ ਮਨ ਨਾਲ ਸੁੱਤੀਆਂ ਹੋਣ। ਪਲਾਂ ਵਿਚ ਹੀ ਪਿੜ ਬੱਝ ਗਿਆ। ਲੋਹੜੇ
ਦਾ ਗਿੱਧਾ ਪਿਆ। ਸ਼ਹਿਰੋਂ ਆਈਆਂ ਜੀਤਾਂ ਦੀਆਂ ਸਹੇਲੀਆਂ ਨੇ ਨੱਚ ਨੱਚ ਕੇ ਪੈਰੀਂ ਛਾਲੇ ਪਾ
ਲਏ। ਅੱਧੀਆਂ ਕੁ ਦੇ ਸੰਘ ਬਹਿ ਗਏ। ਪਰ ਪਿੜ ਛੱਡਣ ਦਾ ਕੋਈ ਨਾਂ ਨਹੀਂ ਸੀ ਲੈਂਦੀ। ਮੁੰਡਿਆਂ
ਤੇ ਕੁੜੀਆਂ ਦੀ ਢਾਣੀ ਵਿਚਕਾਰ ਮੁਕਾਬਲਾ ਸੀ। ਵੱਧ ਚੜ੍ਹ ਕੇ ਬੋਲੀਆਂ ਪਾਈਆਂ ਗਈਆਂ। ਚੜ੍ਹਦੀ
ਜੁਆਨੀ ਵੇਲੇ ਡੰਗਰ ਚਾਰਦਿਆਂ ਤੇ ਲੁਕ ਛਿਪ ਕੇ ਲਿੱਦੜਾਂ ਦੇ ਵਿਹੜੇ ਵਿਚ ਪੈਂਦੇ ਗਿੱਧੇ
‘ਚੋਂ ਸੁਣੀਆਂ ਬੋਲੀਆਂ ਮੇਰੇ ਬਹੁਤ ਕੰਮ ਆਈਆਂ। ਮੇਲਣਾਂ ਹੈਰਾਨ ਸਨ ਕਿ ਇਸ ਘੋਨ ਮੋਨ ਜਿਹੇ
ਬਾਬੂ ਦਾ ਤਾਂ ਕੜ ਹੀ ਪਾਟਾ ਹੋਇਆ ਹੈ।
ਸਵੇਰੇ ਅੱਠ ਕੁ ਵਜੇ ਜਨੇਤ ਢੁੱਕੀ। ਆਪਣੇ ਮਿੱਤਰਾਂ ਦੀ ਢਾਣੀ ਨਾਲ ਝੁਲਦਾ ਹੋਇਆ ਨਿਰਮਲ ਕਾਰ
ਵਿੱਚੋਂ ਉੱਤਰਿਆ। ਉਸਦੀ ਡੀਲ ਡੌਲ ਵੇਖ ਕੇ ਕੁੜੀਆਂ ਦੇ ਮੂੰਹ ਟੱਡੇ ਰਹਿ ਗਏ।
…ਤੇ ਅੱਜ ਓਹੀ ਨਿਰਮਲ ਭਰ ਜੋਬਨ ਵਿਚ ਹੀ ਸਭ ਕੁਝ ਨਾਲੋਂ ਤੋੜ ਵਿਛੋੜੇ ਕਰ ਕੇ ਸਾਨੂੰ ਸਭਨਾਂ
ਨੂੰ ਅਲਵਿਦਾ ਆਖ ਕੇ ਪਤਾ ਨਹੀਂ ਕਿਹੜੇ ਦੇਸੀਂ ਛਪਨ ਹੋ ਗਿਆ ਹੈ……।
ਪਿਛਲੇ ਦਸਾਂ ਪੰਦਰਾਂ ਸਾਲਾਂ ਦੌਰਾਨ ਛੰਭ-ਜੌੜੀਆਂ ਸੈਕਟਰ ਤੇ ਹੋਰ ਕਈ ਥਾਵਾਂ ਤੋਂ ਅਣਗਿਣਤ
ਬੰਦਿਆਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਸਨ। ਮਾਡਲ ਟਾਊਨ ਰੋਜ਼ ਕਿਸੇ ਨਾ ਕਿਸੇ ਘਰ ਸੋਗੀ
ਤਾਰ ਆ ਜਾਂਦੀ ਸੀ। ਪਰ ਸਾਡੇ ਤੇ ਉਨ੍ਹਾਂ ਮੋਏ ਬੰਦਿਆਂ ਵਿਚਕਾਰ ਅਜਨਬੀਪੁਣੇ ਦੀ ਵਿੱਥ ਸੀ।
ਨਿਰਮਲ ਦੀ ਮੌਤ ਨੇ ਇੱਕ ਹੱਲੇ ਹੀ ਇਸ ਵਿੱਥ ਨੂੰ ਮੇਟ ਕੇ ਸਾਨੂੰ ਮੌਤ ਦੇ ਐਨ ਸਾਹਮਣੇ ਆ
ਖਲ੍ਹਿਆਰਿਆ ਸੀ। ਮੈਨੂੰ ਅੱਜ ਇਸ ਗੱਲ ਦਾ ਪਹਿਲੀ ਵਾਰ ਅਹਿਸਾਸ ਹੋਇਆ ਹੈ ਕਿ ਮੌਤ ਦੇ
ਨਿਰਵਿਸ਼ੇਸ਼ ਤੇ ਵਿਸ਼ੇਸ਼ ਰੂਪ ਵਿਚਕਾਰ ਕਿੰਨਾ ਭਿਆਨਕ ਫ਼ਰਕ ਹੁੰਦਾ ਹੈ।
ਕਮਰੇ ਵਿਚ ਅਸੀਂ ਕੇਵਲ ਸੱਤ ਅੱਠ ਬੰਦੇ ਹੀ ਰਹਿ ਗਏ ਹਾਂ। ਬਾਈ ਹੋਰਾਂ ਕੁਝ ਸੁਰਤ ਸੰਭਾਲੀ
ਹੈ। ਉਹ ਕੁਝ ਗੱਲੀਂ ਬਾਤੀਂ ਪਏ ਹਨ…। “ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਨਿਰਮਲ ਏਥੇ ਛੁੱਟੀ
ਕੱਟਣ ਆਇਆ ਹੋਇਆ ਸੀ। ਉਸਨੂੰ ਅਚਾਨਕ ਹੀ ਡਿਊਟੀ ਉੱਤੇ ਹਾਜ਼ਰ ਹੋਣ ਦੀ ਤਾਰ ਆ ਗਈ। ਅਸੀਂ
ਸਾਰੇ ਅੰਦਰੋਂ ਦਹਿਲ ਗਏ ਸਾਂ। ਸਭਨਾਂ ਦੇ ਚਿਹਰੇ ਅਣਕਹੇ ਡਰ ਨਾਲ ਧੁਆਂਖੇ ਗਏ ਸਨ। ਪਰ
ਨਿਰਮਲ ਸੱਚਮੁੱਚ ਹੀ ਚੜ੍ਹਦੀ ਕਲਾ ਵਿਚ ਸੀ। ਜੂਝਣ ਦਾ ਚਾਅ ਉਸਦੇ ਅੰਦਰੋਂ ਉਮਲ ਉਮਲ ਕੇ
ਠਾਠਾਂ ਮਾਰ ਰਿਹਾ ਸੀ। ਆਖੇ ਜੰਗ ਵਿਚ ਹੀ ਤਾਂ ਜੌਹਰ ਵਿਖਾਉਣ ਦਾ ਅਸਲੀ ਮੌਕਾ ਮਿਲਦਾ ਹੈ।
ਇਹੀ ਤਾਂ ਵੇਲਾ ਹੁੰਦਾ ਹੈ ਆਪਣੇ ਆਪ ਦੁੱਧ ਪੀਣੇ ਮਜਨੂੰਆਂ ਨਾਲੋਂ ਵਖਰਿਆਕੇ ਪੇਸ਼ ਕਰ ਸਕਣ
ਦਾ।”
“ਜਿਸ ਦਿਨ ਉਹ ਗਿਆ ਤਾਂ ਮੇਰਾ ਓਦਣ ਦਾ ਹੀ ਕਿਸੇ ਕੰਮ ਵਿਚ ਚਿੱਤ ਨਹੀਂ ਸੀ ਲੱਗ ਰਿਹਾ।
ਜੀਤਾਂ ਮੂੰਹੋਂ ਤਾਂ ਕੁਝ ਨਹੀਂ ਸੀ ਕਹਿੰਦੀ ਪਰ ਮੈਥੋਂ ਉਸਦਾ ਉਦਾਸ ਚਿਹਰਾ ਵੇਖਿਆ ਨਹੀਂ ਸੀ
ਜਾਂਦਾ। ਚੌਥ ਇੱਕ ਬੰਬਾਰ ਦਹਾੜਦਾ ਹੋਇਆ ਬਹੁਤ ਨੇੜੇ ਦੀ ਗੁਜ਼ਰਿਆ ਤਾਂ ਉਹ ਵਿਹੜੇ ਵਿਚ ਹੀ
ਗਸ਼ ਖਾ ਕੇ ਡਿੱਗ ਪਈ। ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਪਰਸੋਂ ਹੀ ਤਾਰ ਆ
ਗਈ। ਬਿੰਦ ਭਰ ਲਈ ਅੱਖਾਂ ਖੋਲ੍ਹ ਕੇ ਬਿਤਰ ਬਿਤਰ ਏਧਰ ਓਧਰ ਵੇਖਦੀ ਹੈ ਤੇ ਫਿ਼ਰ ਬੇਹੋਸ਼ ਹੋ
ਜਾਂਦੀ ਹੈ। ……ਇਹ ਆਖਦਿਆਂ ਬਾਈ ਦਾ ਗੱਚ ਭਰ ਆਉਂਦਾ ਹੈ। ਕੁਝ ਚਿਰ ਮਗਰੋਂ ਸੰਭਲ ਕੇ ਉਹ
ਆਪਣੀ ਗੱਲ ਜਾਰੀ ਰੱਖਦਾ ਹੈ।
“ਇਸ ਗੱਲ ਦਾ ਮੈਨੂੰ ਪੂਰਾ ਪਤਾ ਹੈ ਕਿ ਉਹ ਸਾਧਾਰਨ ਮੌਤ ਨਹੀਂ ਮਰਿਆ ਹੋਣਾ। ਜ਼ਰੂਰ ਆਪੇ
ਸਹੇੜੀ ਮੌਤ ਦੇ ਮੂੰਹ ਆਇਆ ਹੋਣਾ ਏ। ਉਸਨੂੰ ਲੋਹੜੇ ਦਾ ਭਰੋਸਾ ਸੀ ਆਪਣੇ ਆਪ ਉੱਤੇ। ਇੱਕ
ਦਿਨ ਮੇਥਿਆਂ ਵਾਲੀ ਰੋਟੀ ਖਾ ਰਹੇ ਸਾਂ। ਆਖੇ ਬਾਈ ਸ਼ਹਿਰ ਕਈ ਵਾਰ ਮੇਥਿਆਂ ਦੀ ਰੋਟੀ ਖਾਣ
ਨੂੰ ਬੜੀ ਰੂਹ ਕਰਦੀ ਹੈ। ਮੈਂ ਕਿਹਾ ਫੇਰ? ਅਖੇ- ਤੂੰ ਬਸੀਮੇ ਵਾਲੇ ਖੱਤੇ ਵਿੱਚ ਉੱਚੇ ਜਿਹੇ
ਢਾਂਗੇ ਨਾਲ ਰੋਟੀ ਲਟਕਾ ਦੇਈਂ। ਮੰੈਂ ਜਹਾਜ਼ ਵਿਚ ਆ ਕੇ ਚੁੱਕ ਲਿਜਾਵਾਂਗਾ।”
“ਜਿਸ ਦਿਨ ਇੱਥੋਂ ਗਿਆ, ਮੈਂ ਕਿਹਾ, ਜ਼ਰਾ ਸੰਭਲ ਕੇ ਰਹੀਂ। ਉਸ ਨੇ ਮੇਰੀਆਂ ਅੱਖਾਂ ਵਿਚ
ਪੂਰੇ ਭਰੋਸੇ ਨਾਲ ਵੇਖਦਿਆਂ ਕਿਹਾ ਬਾਈ ਜੀ ਤੁਸੀਂ ਕੋਈ ਫਿ਼ਕਰ ਨਾ ਕਰੋ। ਮੈਂ ਦਸਾਂ ਪੰਦਰਾਂ
ਦਿਨਾਂ ਵਿਚ ਕੰਮ ਮੁਕਾ ਕੇ ਆਇਆ ਸਮਝੋ। ਮੇਰੇ ਮੋਢੇ 'ਤੇ ਇੱਕ ਨਵਾਂ ਨਕੋਰ ਤਗਮਾ ਹੋਵੇਗਾ।
ਉਹ ਤਗਮਾ ਮੈਂ ਤੁਹਾਨੁੰ ਭੇਟ ਕਰਾਂਗਾ। ਪਲਾਂ ਛਿਣਾਂ ਵਿਚ ਹੀ ਉਹ ਰਾਇਲ-ਇਨ-ਫ਼ੀਲਡ 'ਤੇ
ਉਡਦਾ ਅੱਖਾਂ ਤੋਂ ਉਹਲੇ ਹੋ ਗਿਆ।
ਗੱਲ ਕਰਦਿਆਂ ਦੀ, ਕਾਫ਼ੀ ਡੂੰਘੀ ਰਾਤ ਗਿਆਂ ਸਾਡੀ ਅੱਖ ਲੱਗ ਗਈ।
ਸਵੇਰ ਹੋਈ। ਸਾਡੇ ਵਿੱਚੋਂ ਦੋਂਹ ਨੇ ਡਿਊਟੀਆਂ’ਤੇ ਪਰਤਣਾ ਸੀ। ਰਮਨ ਤੋਂ ਬਗੈਰ ਗੱਡੀ ਕਿਸੇ
ਹੋਰ ਨੂੰ ਚਲਾਉਣੀ ਨਹੀਂ ਸੀ ਆਉਂਦੀ। ਇਸ ਲਈ ਉਹ ਤਿੰਨੋਂ ਜਣੇ ਵਾਪਸ ਮੁੜ ਆਏ।ੰਮੈਂ ਈਵਨਿੰਗ
ਕਾਲਜ ਵਿਚ ਪੜ੍ਹਾਉਂਦਾ ਸੀ। ਬਲੈਕ ਆਊਟ ਕਾਰਨ ਕਾਲਜ ਬੰਦ ਸੀ। ਕਿਰਪਾਲ ਦਾ ਘਰ ਦਾ ਹੀ ਕੰਮ
ਸੀ। ਇਸ ਲਈ ਅਸੀਂ ਦੋਹਾਂ ਨੇ ਬਾਈ ਹੁਰਾਂ ਕੋਲ ਅਟਕਣਾ ਹੀ ਵਾਜਿਬ ਸਮਝਿਆ।
ਮਗਰਲੇ ਕੁਝ ਕੁ ਦਿਨਾਂ ਵਿਚ ਮੈਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋ ਗਿਆ ਸੀ ਕਿ ਇਹੋ ਜਿਹੇ
ਦਿਨੀਂ ਸੋਗ ਮੱਲੇ ਆਦਮੀ ਲਈ ਕਿਸੇ ਜਿਗਰੀ ਦੋਸਤ ਦੀ ਸੰਗਤ ਦੀ ਕਿੰਨੀ ਮਹੱਤਤਾ ਹੁੰਦੀ ਹੈ।
ਜੀਤਾਂ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। ਅੱਖਾਂ ਸੁੱਜੀਆਂ ਹੋਈਆਂ ਹਨ। ਦਿਨ ਵਿਚ
ਕਈ ਵਾਰ ਦੰਦਲਾਂ ਪੈਂਦੀਆਂ ਨੇ। ਸਾਡੀਆਂ ਸਭਨਾਂ ਦੀਆਂ ਵਰਾਉਣੀਆਂ ਦਾ ਉਸ ਉੱਪਰ ਕੋਈ ਅਸਰ
ਨਹੀਂ ਹੁੰਦਾ। ਬਾਈ ਬੜਾ ਧੀਰਜ ਬੰਨ੍ਹ ਕੇ ਉਸਨੂੰ ਹੌਸਲਾ ਦੇਣ ਜਾਂਦਾ ਤੇ ਉਸਦੀ ਹਾਲਤ ਵੇਖ
ਕੇ ਹਰ ਵਾਰੀ ਉਸਦਾ ਆਪਣਾ ਰੋਣਾ ਨਿਕਲ ਜਾਂਦਾ ਹੈ।
ਇਹੋ ਜਿਹੀ ਹਾਲਤ ਵਿਚ ਡਾਕਟਰਾਂ ਦੇ ਦਾਰੂ ਦਰਮਲ ਦਾ ਕੀ ਅਸਰ ਹੋਣਾ ਹੋਇਆ। ਪਰ ਫਿਰ ਵੀ ਇੱਕ
ਮੱਧਮ ਜਿਹੀ ਆਸ ਲੈ ਕੇ ਮੈਂ ਡਾਕਟਰ ਦੀ ਸਲਾਹ ਲੈਣ ਲਈ ਸ਼ਹਿਰ ਜਾਂਦਾ ਹਾਂ।
ਅਖਬਾਰ ਪੜ੍ਹਿਆਂ ਕਈ ਦਿਨ ਹੋ ਗਏ ਸਨ। ਮੈਂ ਅਖ਼ਬਾਰ ਖ਼ਰੀਦਦਾ ਹਾਂ ਤੇ ਪਹਿਲੇ ਸਫ਼ੇ 'ਤੇ
ਇੱਕ ਤਰਦੀ ਜਿਹੀ ਨਜ਼ਰ ਸੁੱਟਦਾ ਹਾਂ ਕਿ ਇੱਕ ਥਾਂ ਮੇਰੀਆਂ ਅੱਖਾਂ ਗੱਡੀਆਂ ਹੀ ਰਹਿ
ਜਾਂਦੀਆਂ ਹਨ। ਹਸੂੰ ਹਸੂੰ ਕਰਦੇ ਨਿਰਮਲ ਦੀ ਬਾ-ਵਰਦੀ ਤਸਵੀਰ। ਸੁਰਖ਼ੀ ਪੜ੍ਹਦਾ ਹਾਂ
“ਫਲਾਈਟ ਲੈਫਟੀਨੈਂਟ ਨਿਰਮਲਜੀਤ ਸਿੰਘ ਮ੍ਰਿਤੂ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ-
ਬੇਮਿਸਾਲ ਵੀਰਤਾ ਕਾਰਨ ਇੱਕ ਭਾਰਤੀ ਹਵਾਬਾਜ਼ ਨੂੰ ਪਹਿਲੀ ਵਾਰ ਵੀਰਤਾ ਲਈ ਸਰਵੋਤਮ ਪੁਰਸਕਾਰ
ਭੇਂਟ"-ਅਗਾਂਹ ਉਸਦੀ ਬਹਾਦਰੀ ਦੀ ਲੰਬੀ ਚੌੜੀ ਦਾਸਤਾਨ ਸੀ। ਸ੍ਰੀ ਨਗਰ ਦੇ ਹਵਾਈ ਅੱਡੇ,
ਜਿੱਥੇ ਸਾਡੇ ਅਗਾਊਂ ਚੇਤਾਵਨੀ ਸੂਚਨਾ ਦੇਣ ਵਾਲੇ ਜੰਤਰ ਚੰਗੀ ਤਰ੍ਹਾਂ ਕੰਮ ਨਹੀਂ ਸਨ ਕਰ
ਰਹੇ, ਉੱਪਰ ਪਾਕਿਸਤਾਨੀਆਂ ਦੇ ਅਚਾਨਕ ਹਮਲੇ ਦੀ ਸੂਚਨਾ ਮਿਲੀ ਤੇ ਛੇ ਪਾਕਿਸਤਾਨੀ ਸੈਬਰ
ਜੈੱਟ ਬਹੁਤ ਨੀਵੇਂ ਆ ਕੇ ਹਵਾਈ ਅੱਡਣੇ ਉੱਪਰ ਧੜਾਧੜ ਬੰਬ ਵਰਖਾ ਕਰ ਰਹੇ ਸਨ। ਹਵਾਈ ਅੱਡਾ
ਧੂੰਆਂਧਾਰ ਧੂੜ ਵਿਚ ਗਲੇਫਿਆ ਗਿਆ ਸੀ। ਅਜੇਹੇ ਸਮੇਂ ਉਡਾਰ ਲੈਣ ਦਾ ਹੌਸਲਾ ਕਿਸੇ
ਜਾਂ-ਨਿਸਾਰ ਹਵਾਬਾਜ਼ ਦਾ ਹੀ ਕੰਮ ਹੋ ਸਕਦਾ ਸੀ। ਇਸ ਖ਼ਤਰੇ ਭਰੇ ਸਮੇਂ ਨਿਰਮਲਜੀਤ ਤੇ
ਭਾਰਤੀ ਵਾਯੂ-ਸੈਨਾ ਦੇ ਇੱਕ ਹੋਰ ਨੈੱਟ-ਚਾਲਕ ਆਪਣੇ ਜਹਾਜ਼ ਲੈ ਕੇ ਆਕਾਸ਼ ਵਿਚ ਠਿੱਲ ਪਏ।
ਨਿਰਮਲਜੀਤ ਨੇ ਉੱਪਰੋ ਥੱਲੀ ਦੋ ਸੈਬਰ-ਜੈਟਾਂ ਨੂੰ ਕਮਾਲ ਦੀ ਨਿਸ਼ਾਨਦੇਹੀ ਨਾਲ ਫੁੰਡ ਕੇ
ਧਰਤੀ ਤੇ ਪਟਕਾ ਮਾਰਿਆ। ਮਗਰੋਂ ਹੋਰ ਕਈ ਪਾਕਿਸਤਾਨੀ ਜਹਾਜ਼ ਇੱਲਾਂ ਵਾਂਗ ਆਕਾਸ਼ ਵਿਚ
ਮੰਡਰਾਉਣ ਲੱਗੇ। ਗਰਾਊਂਡ ਕੰਟਰੋਲ ਨੇ ਭਿਆਨਕ ਖਤਰੇ ਨੂੰ ਮੱਦੇ ਨਜ਼ਰ ਰੱਖਦਿਆਂ ਆਪਣੇ
ਸੈਨਿਕਾਂ ਨੂੰ ਮੁਕਾਬਲਾ ਛੱਡ ਕੇ ਤੁਰੰਤ ਛਪਨ ਹੋਣ ਦਾ ਆਦੇਸ਼ ਦਿੱਤਾ। ਨਾਲ ਵਾਲੇ ਨੈਟ ਚਾਲਕ
ਨੇ ਪੂਰੀ ਫੁਰਤੀ ਨਾਲ ਆਪਣਾ ਜਾਹਜ਼ ਪਠਾਣਕੋਟ ਹਵਾਈ ਅੱਡੇ ਉੱਤੇ ਉਤਾਰਿਆ। ਪਰ ਨਿਰਮਲਜੀਤ
ਪੂਰੇ ਤਾਣ ਨਾਲ ਭੇੜ ਵਿਚ ਜੁਟਿਆ ਰਿਹਾ। ਗਰਾਊਂਡ ਕੰਟਰੋਲ ਨੂੰ ਉਸਦਾ ਆਖਰੀ ਸੁਨੇਹਾ ਸੀ
"ਡੋਂਟ ਵਰੀ। ਦਾ ਬਾਸਟਰਡਜ਼ ਆਰ ਟੂ ਮੈਨੀ, ਬਟ ਆਈ ਐਮ ਟ੍ਰਾਈਇੰਗ ਟੂ ਹਿੱਟ ਦੇਮ ਹਾਰਡ।”
ਏਸੇ ਮੁੱਠ-ਭੇੜ ਵਿਚ ਉਸਨੇ ਇੱਕ ਹੋਰ ਜਹਾਜ਼ ਜ਼ਖ਼ਮੀ ਕਰ ਦਿੱਤਾ। ਪਰ ਬਹੁਤਿਆਂ ਦੇ ਸਾਹਮਣੇ
ਉਸਦੀ ਕੱਲ੍ਹੇ ਦੀ ਕੋਈ ਪੇਸ਼ ਨਾ ਗਈ। ਇੱਕ ਗੋਲੀ ਅਚਾਨਕ ਉਸਦੇ ਸਿਰ ਵਿਚ ਆ ਵੱਜੀ ਤੇ ਉਸਦਾ
ਜਹਾਜ਼ ਸ੍ਰੀਨਗਰ ਦੀਆਂ ਪਹਾੜੀਆਂ ਵਿਚ ਫੀਤਾ ਫੀਤਾ ਹੋ ਗਿਆ।
ਇਸ ਤੋਂ ਬਾਅਦ ਮੈਂ ਇਸ ਖ਼ਬਰ ਦਾ ਬਾਕੀ ਹਿੱਸਾ ਨਾ ਪੜ੍ਹ ਸਕਿਆ। ਡਾਕਟਰ ਨੂੰ ਮਿਲਣ ਦੀ
ਮੈਨੂੰ ਸੁੱਧ ਨਾ ਰਹੀ। ਅਖ਼ਬਾਰ ਤਹਿ ਕੀਤੇ ਤੇ ਸ਼ਾਮ ਢਲੇ ਪਿੰਡ ਪੁੱਜਾ।
ਬਾਈ ਤੇ ਕਿਰਪਾਲ ਦੋਵੇਂ ਕਮਰੇ ਵਿਚ ਬੈਠੇ ਸਨ। ਅਖ਼ਬਾਰ ਖੋਲ੍ਹ ਕੇ ਮੈਂ ਕਿਰਪਾਲ ਨੂੰ ਫੜਾਇਆ
ਤੇ ਆਪ ਚੁੱਪ ਚਾਪ ਮੰਜੇ ਦੀ ਬਾਹੀ’ਤੇ ਬੈਠ ਗਿਆ। ਉਸਨੇ ਪੂਰੀ ਖ਼ਬਰ ਪੜ੍ਹ ਕੇ ਸੁਣਾਈ। ਅਸਾਂ
ਸਭਨਾਂ ਦੀਆਂ ਅੱਖਾਂ ਵਿਚ ਹਿੱਸੀ ਜਿਹੀ ਚਮਕ ਸੀ।
“ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਸਰੀਰ ਸਾਧਾਰਨ ਮੌਤੇ ਮਰਨ ਵਾਲੇ ਦਿਨ ਪੈਦਾ ਹੋਏ
ਨਹੀਂ ਦਿਸਦੇ ਸਨ। ਅੱਛਾ ਭਰਾਵਾ ਤੂੰ ਤਾਂ ਆਪਣਾ ਵਚਨ ਪੂਰਾ ਕਰ ਗਿਆ, ਪਰ ਸਾਡੇ ਪੱਲੇ ਉਮਰਾਂ
ਦਾ ਰੋਣਾ ਪਾ ਗਿਆ।” ਬਾਈ ਨੇ ਲੰਮਾ ਸਾਰਾ ਹਉਕਾ ਲਿਆ।
“ਜੇ ਕਿਤੇ ਉਹ ਇਹ ਖ਼ਬਰ ਸੁਣ ਸਕਣ ਲਈ ਜਿਊਂਦਾ ਹੁੰਦਾ, ਪਰ ਖੈਰ!”
……ਗੱਲ ਲੰਮੀ ਕਰਕੇ ਕਿਰਪਾਲ ਬਾਈ ਦਾ ਮਨ ਹੋਰ ਖ਼ਰਾਬ ਨਹੀਂ ਕਰਨਾ ਚਾਹੁੰਦਾ।
ਇਸ ਖ਼ਬਰ ਦੇ ਛਪਣ ਦੀ ਦੇਰ ਹੀ ਸੀ ਕਿ ਅਗਲੇ ਹੀ ਭਲਕ ਤੋਂ ਉੱਚ ਅਧਿਕਾਰੀਆਂ ਤੇ ਸੈਨਿਕ
ਅਫ਼ਸਰਾਂ ਦੀ ਆਮਦ ਦਾ ਅਟੁੱਟ ਸਿਲਸਿਲਾ ਸ਼ੁਰੂ ਹੋ ਗਿਆ। ਕਦੇ ਡੀ:ਸੀ ਸਾਹਿਬ ਦਸ ਹਜ਼ਾਰ
ਰੁਪਏ ਦਾ ਚੈਕ ਭੇਟਾ ਕਰਨ ਆ ਰਹੇ ਹਨ। ਕਦੇ ਕੋਈ ਪ੍ਰੈੱਸ ਪਾਰਟੀ ‘ਸਟੋਰੀ’ ਤਿਆਰ ਕਰਨ ਲਈ
ਪੁੱਜੀ ਹੋਈ ਹੈ। ਕਦੇ ਵਾਯੂ ਸੈਨਾ ਦੇ ਉੱਚ ਅਧਿਕਾਰੀ ਅਤੇ ਕਦੇ ਕੋਈ ਰਾਜਸੀ ਨੇਤਾ।
ਅੱਜ ਸੱਤ ਕੁ ਵਜੇ ਹਾਲੇ ਦਾਤਣ ਕੁਰਲੇ ਤੋਂ ਵਿਹਲੇ ਹੋ ਕੇ ਹੀ ਹਟੇ ਹਾਂ। ਇੱਕ ਵੱਡੀ ਸਾਰੀ
ਸਰਕਾਰੀ ਵੈਨ ਵਿਹੜੇ ਵਿਚ ਆ ਕੇ ਰੁਕੀ ਹੈ। ਵੈਨ ਵਿਚੋਂ ਵੱਡਾ ਸਾਰਾ ਕੈਮਰਾ ਤੇ ਹੋਰ ਸਾਜ਼ੋ
ਸਮਾਨ ਉਤਾਰਿਆ ਜਾ ਰਿਹਾ ਹੈ। ਫਿ਼ਲਮ ਸਾਜ਼ਾਂ ਦੀ ਟੋਲੀ ਹੈ। ਇਹ ਲੋਕ ਦੇਸ਼ ਭਰ ਵਿਚ ਵਿਖਾਉਣ
ਲਈ ਨਿਰਮਲਜੀਤ ਦੀ ਜਿ਼ੰਦਗੀ 'ਤੇ ਆਧਾਰਿਤ ਇੱਕ ਦਸਤਾਵੇਜ਼ੀ ਫਿ਼ਲਮ ਤਿਆਰ ਕਰ ਰਹੇ ਹਨ।
ਕਾਫ਼ੀ ਸਾਰੀ ਸਮੱਗਰੀ ਉਸਦੀ ਯੂਨਿਟ ਵਿੱਚੋਂ ਮਿਲ ਚੁੱਕੀ ਹੈ। ਪਰ ਜੀਤਾਂ ਦੀ ਸ਼ਮੂਲੀਅਤ
ਬਗ਼ੈਰ ਉਹਨਾਂ ਨੂੰ ਆਪਣੀ ਫਿ਼ਲਮ ਅਧੂਰੀ ਜਾਪਦੀ ਹੈ।
ਬਾਈ ਜੀਤਾਂ ਨਾਲ ਗੱਲ ਕਰਨ ਅੰਦਰ ਗਿਆ ਹੈ। ਪਰ ਉਹ ਨਿੰਮੋਝੂਣੀ ਬੈਠੀ ਹੈ। ਉਸਨੂੰ ਕਿਸੇ ਵੀ
ਕੰਮ ਵਿਚ ਦਿਲਚਸਪੀ ਲੈਣੀ ਗਵਾਰਾ ਨਹੀਂ। ਬਾਈ ਬਾਹਰ ਆ ਕੇ ਕੈਮਰੇ ਵਾਲੇ ਭਾਈ ਨੂੰ ਖ਼ਬਰ
ਦਿੰਦਾ ਹੈ। ਉਹਦਾ ਚਿਹਰਾ ਨਿਰਾਸਿਆ ਜਾਂਦਾ ਹੈ- ਆਖ਼ਰ ਬਾਈ ਨੂੰ ਇੱਕ ਸਬੀਲ ਸੁੱਝਦੀ ਹੈ। ਉਹ
ਜੀਤਾਂ ਦੇ ਵਿਆਹ ਵੇਲੇ ਦੀ ਐਲਬਮ ਲਿਆ ਕੇ ਫਿ਼ਲਮ ਸਾਜ਼ਾਂ ਨੂੰ ਦੇ ਦਿੰਦਾ ਹੈ। ਉਸ ਵਿਚ
ਨਿਰਮਲਜੀਤ ਦੀਆਂ ਕਈ ਹੋਰ ਮਹੱਤਵਪੂਰਨ ਤਸਵੀਰਾਂ ਵੀ ਹਨ।
ਐਲਬਮ ਵੇਖ ਕੇ ਡਾਇਰੈਕਟਰ ਦੀਆਂ ਅੱਖਾਂ ਵਿਚ ਚਮਕ ਆਈ ਹੈ। ਕਈ ਤਸਵੀਰਾਂ ਤੇ ਉਤਾਰੇ ਉਸਦੇ
ਕਾਫ਼ੀ ਕੰਮ ਆ ਸਕਦੇ ਹਨ। ਉਹ ਇੱਕ ਦੋ ਘੰਟਿਆਂ ਵਿਚ ਆਪਣਾ ਕਾਫ਼ੀ ਸਾਰਾ ਕੰਮ ਮੁਕਾ ਲੈਂਦਾ
ਹੈ।
“ਅੱਛਾ ਸਰਦਾਰ ਜੀ, ਬੀਬੀ ਹੋਰਾਂ ਤੋਂ ਇੱਕ ਕੰਮ ਹੋਰ ਕਰਵਾ ਦਿਓ। ਉਹ ਇੱਕ ਹਾਰ ਸਰਦਾਰ ਜੀ
ਦੀ ਫੋਟੋ ਦੁਆਲੇ ਜ਼ਰੂਰ ਪਾ ਦੇਣ।”
ਜੀਤਾਂ ਇਸ ਕੰਮ ਲਈ ਮੰਨ ਜਾਂਦੀ ਹੈ।
ਕੈਮਰਾਮੈਨ ਬਿਜਲੀ ਦੀ ਫੁਰਤੀ ਨਾਲ ਸੁਚੇਤ ਹੋ ਜਾਂਦੇ ਹਨ। ਜੀਤਾਂ ਲੜਖੜਾਂਦੇ ਪੈਰੀਂ ਪੈਂਡੀ
ਉੱਪਰ ਪਈ ਨਿਰਮਲਜੀਤ ਦੀ ਤਸਵੀਰ ਵੱਲ ਵਧਦੀ ਹੈ ਤੇ ਹਾਰ ਪਾ ਦਿੰਦੀ ਹੈ। ਬੱਤੀਆਂ ਜਗਦੀਆਂ
ਹਨ। ਕੈਮਰੇ ਕਲਿੱਕ ਹੁੰਦੇ ਹਨ।
ਪਰ ਡਾਇਰੈਕਟਰ ਦੀ ਹਾਲੇ ਤਸੱਲੀ ਹੋਈ ਨਹੀਂ ਜਾਪਦੀ। “ਬੀਬੀ ਜੀ ਬੱਸ ਦੋ ਕੁ ਬੋਲ ਜ਼ਰਾ
ਜ਼ਰੂਰ ਬੋਲ ਦਿਉ।” ਉਹ ਤਰਲਾ ਕਰਦਾ ਹੈ।
ਸਾਰੇ ਝੰਜਟ ਤੋਂ ਪਿੱਛਾ ਛੁਡਾਉਣ ਲਈ ਜੀਤਾਂ ਅੱਧ-ਮੰਨੀ ਜਿਹੀ ਤਿਆਰ ਹੋ ਜਾਂਦੀ ਹੈ।
ਡਾਇਰੈਕਟਰ ਦੇ ਚਿਹਰੇ 'ਤੇ ਰੌਣਕ ਜਿਹੀ ਆ ਜਾਂਦੀ ਹੈ। ਉਹ ਜੀਤਾਂ ਨੂੰ ਮੁਖ਼ਾਤਬ ਹੁੰਦਾ ਹੈ।
“ਬਸ ਤੁਸੀਂ ਇੰਨੀ ਹੀ ਗੱਲ ਆਖੋ ਕਿ ਮੇਰਾ ਪਤੀ ਦੁਸ਼ਮਣ ਵਿਰੁੱਧ ਬੜੀ ਬਹਾਦਰੀ ਨਾਲ ਜੂਝਦਾ
ਹੋਇਆ ਕੌਮ ਲਈ ਕੁਰਬਾਨ ਹੋਇਆ ਹੈ। ਉਹ ਮੋਇਆ ਨਹੀਂ , ਸਗੋਂ ਅਮਰ ਹੋਇਆ ਹੈ। ਮੈਂ ਵਿਧਵਾ
ਨਹੀਂ ਸਦਾ-ਸੁਹਾਗਣ ਹਾਂ।” ਕਿਸੇ ਆਸ ਜਿਹੀ ਵਿਚ ਟੇਪ ਰਿਕਾਰਡਰ ਦਾ ਬਟਨ ਨੱਪਿਆ ਜਾਂਦਾ ਹੈ।
ਜੀਤਾਂ ਦੇ ਚਿਹਰਾ ਧੁਆਂਖਿਆ ਜਾਂਦਾ ਹੈ। ਬੇਜੀ ਉਸਨੂੰ ਸਹਾਰਾ ਦੇਈ ਖੜ੍ਹੇ ਹਨ। ਜੀਤਾਂ
ਮੂਰਛਿਤ ਹੋ ਕੇ ਬੇਜੀ ਦੇ ਪੈਰਾਂ ਵਿਚ ਢੇਰੀ ਹੋ ਜਾਂਦੀ ਹੈ। ਸਭਨਾਂ ਨੂੰ ਹੱਥਾਂ ਪੈਰਾਂ ਦੀ
ਪੈ ਜਾਂਦੀ ਹੈ। ਮੈਂ ਚੁੱਪ ਚਾਪ ਕੈਮਰਾ ਮੈਨ ਕੋਲੋਂ ਕੈਮਰਾ ਫੜ੍ਹਦਾ ਹਾਂ ਤੇ ਸਰਕਾਰੀ ਵੈਨ
ਵਿਚ ਧਰ ਆਉਂਦਾ ਹਾਂ।
-0-
|