1
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਬਹੁਤ ਔਖਾ ਵੇ ਅੜਿਆ, ਤੇਰੀ ਜਿੰਦ ਬਣ ਰਹਿਣਾ ।
ਟੁੱਟ ਜਾਣੇ ਸਾਰੇ ਵਾਅਦੇ, ਸਾਰੀਆਂ ਕਸਮਾਂ ਇਰਾਦੇ
ਭਾਰ ਗ੍ਰਹਿਸਥ ਵਾਲੀ ਚੱਕੀ ਦਾ, ਪੈਣਾ ਜਦੋਂ ਸਹਿਣਾ
ਜੰਗ ਲੋੜਾ ਸੰਗ ਲੜਣੀ, ਸੰਗ ਫਰਜ਼ਾਂ ਦੇ ਖਹਿਣਾ
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਮੈਂ ਤਾਂ ਇੱਕ ਜੋਗਨ, ਜੋਗ ਨਿੱਤ ਹੀ ਕਮਾਵਾਂ
ਨਿੱਤ ਉੱਠ ਚੱਕੀ ਝੋਵਾਂ, ਚੋਗਾ ਸੱਜਰਾ ਕਮਾਵਾਂ
ਲੱਖਾਂ ਪੰਡਾਂ ਮੇਰੇ ਸਿਰ, ਭਾਰ ਔਖਾ ਵੇ ਵੰਡਾਉਣਾ
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਵੇ ਮੈਂ ਮੁੜਕਿਆਂ ‘ਚ ਸਿੰਜੀ, ਇੰਝ ਕਿੰਝ ਵਰਚ ਜਾਵਾਂ
ਕਿੱਥੋਂ ਫੜਕੇ ਮੈ ਮਹਿਕਾਂ, ਤੇਰੇ ਖ਼ਾਬਾਂ ਵਿੱਚ ਆਵਾਂ
ਬਹੁਤ ਔਖਾ ਮੇਰੇ ਲਈ ਵੇ, ਤੇਰੀ ਜਿੰਦ ਬਣ ਰਹਿਣਾ
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਰੱਤਾ ਸਾਲੂ ਮੈਂ ਨਾ ਲੀਤਾ, ਨਾ ਮੈ ਵਸਲ ਹੰਢਾਏ
ਫੁੱਲ ਪਿਆਰਾਂ ਵਾਲੇ ਸੂਹੇ ਵੀ, ਨਾ ਵਾਲਾਂ ਵਿੱਚ ਲਾਏ
ਤੈਥੋਂ ਨਹੀਂ ਇੰਝ ਕੰਡਿਆਂ ਦੀ, ਰਾਹੇ ਤੁਰ ਹੋਣਾ
ਬਹੁਤ ਸੌਖਾ ਹੈ ਸੱਜਨਾ ਤੇਰਾ ਇੰਝ ਜਿੰਦ ਜਿੰਦ ਕਹਿਣਾ।
ਕਾਫੀ ਨਹੀਂ ਜਿੰਦਗੀ ‘ਚ, ਇਹ ਮਿੱਠੇ ਮਿੱਠੇ ਲਾਰੇ
ਜੀਨ ਮਰਨ ਦੀਆਂ ਕਸਮਾਂ, ਤੇਰੇ ਨੈਣ ਸ਼ਰਸਾਰੇ
ਪਰ ਨਾ ਭਾਵੇ ਹੁਣ ਤੇਰਾ, ਇੰਝ ਹੀਰ ਹੀਰ ਕਹਿਣਾ
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਬਹੁਤ ਸੌਖਾ ਹੈ ਸੱਜਨਾ ਤੇਰਾ, ਇੰਝ ਜਿੰਦ ਜਿੰਦ ਕਹਿਣਾ।
ਬਹੁਤ ਔਖਾ ਵੇ ਅੜਿਆ, ਤੇਰੀ ਜਿੰਦ ਬਣ ਰਹਿਣਾ ॥
2
ਪਲੰਘ ਨਾ ਪੀੜਾ ਨਾ ਰੰਗਲਾ ਸਦੂੰਕ ਅੜੀਉ
ਕਿਸੇ ਨਾ ਵਫ਼ਾ ਕਮਾਇਉ ਨੀ
ਬਾਬਲ ਦਾ ਦੇਸ, ਨਾ ਸੱਜਨਾ ਦਾ ਵਿਹੜਾ ਅੜੀਉ
ਅਸਾਂ ਅਗਨ ਵਰੇਸ ਇਉਂ ਲੰਘਾਇਉ ਨੀ
ਕਦੀ ਚੂਹਿਆਂ ਤੋਂ ਡਰਦੇ
ਕਦੀ ਕਾਵਾਂ ਤੋਂ ਡੋਲੇ
ਹੋਏ ਆਪਣੇ ਵੀ ਵੈਰੀ
ਰੱਖੇ ਗੈਰਾਂ ਤੋਂ ਉਹਲੇ
ਇੰਝ ਆਪਣਾ ਆਪ ਲੁਕਾਇਉ ਨੀ
ਅਸਾਂ ਅਗਨ ਵਰੇਸ ਇਉਂ ਲੰਘਾਇਉ ਨੀ
ਸਨ ਹਿਜਰਾਂ ਦੀਆਂ ਮਾਰਾਂ
ਰਹੇ ਹਿਰਸਾਂ ਦੇ ਖਦਸ਼ੇ
ਲਾਏ ਮਹਿਕਾਂ ਨੂੰ ਤਾਲੇ
ਨੈਣ ਝੜੀ ਹੋ ਹੋ ਵਰਸੇ
ਬਸ ਆਪਣਾ ਆਪ ਤਪਾਇਉ ਨੀ
ਅਸਾਂ ਅਗਨ ਵਰੇਸ ਇਉਂ ਲੰਘਾਇਉ ਨੀ
ਗਿੱਲਾ ਸੱਧਰਾਂ ਦਾ ਬਾਲਣ
ਉੱਤੇ ਠੰਡੀਆਂ ਸਾਹਵਾਂ ਦੇ ਛਿੱਟੇ
ਕਦੀ ਧੂਏ ਪੱਜ ਰੋਏ
ਗੱਲ ਗੱਲ ਤੋਂ ਫਿਸੇ
ਬਸ ਆਪਣਾ ਆਪ ਧੁਖਾਇਉ ਨੀ
ਅਸਾਂ ਅਗਨ ਵਰੇਸ ਇਉਂ ਲੰਘਾਇਉ ਨੀ ॥
-0-
|