ਉਦਾਸੀ ਲੰਮੀ ਸੀ -
1
ਔਝੜ ਸਫ਼ਰ।
ਮੱਕੇ ਨੈਣੀ ਭਰਨੀ ਸੀ
'ਅੰਮਿ੍ਤ-ਸਰੀ' ਨਜ਼ਰ॥
ਮੱਕਾ ਫਿਰਿਆ
ਉਸਦਾ ਦਹਿ-ਦਸੇਰਾ 'ਅੰਮਿ੍ਤਸਰਿਆ'।
ਬਾਬਾ ਅਤੇ ਮਰਦਾਨਾ
ਮੁੜ ਔਝੜ ਸਫ਼ਰ ਝਾਗ...ਪਿੰਡ ਪਰਤੇ
ਤਾਂ...ਭਾਣਾ ਵਰਤਿਆ ਪਿਆ ਸੀ:
ਅੰਮਿ੍ਤਸਰ ਬੱਸ ਇਕ ਤਲਾਅ ਸੀ
ਉਸਦੀ 'ਅਣਫਿਰੇ ਮੱਕੇ' ਵਾਲੀ ਮਾਨਤਾ ਸੀ॥
ਉਦਾਸੀ ਲੰਮੀ ਸੀ -
2
ਗੁਰਾਂ ਹਰਿਮੰਦਰ ਸਾਜਿਆ।
ਚਹੁੰ ਵਰਨਾ ਨੂੰ ਦਰਵਾਜੇ,
ਇਕੋ ਰਾਹ।
ਹੁਣ...
ਓਸ ਰਾਹੇ ਵਾਰਾ-ਪਹਿਰਾ,
ਬਰਛੇ ਆਲੇ ਰਹਿਤਨਾਮੇ ਦਾ,
ਕਿ...
ਅੰਦਰ-
ਮਰਦਾਨਿਆਂ ਨੂੰ ਕੀਰਤਨ ਮਨਾਂਹ!
ਬੀਬੀਆਂ ਭਾਨੀਆਂ 'ਸ਼ੁੱਧ ਨਹੀਂ' ਸੇਵਾ ਲਈ!!
ਮੀਆਂ ਮੀਰ ਦੇ ਕਰ-ਕਮਲ
ਮਾਤਾ ਸੁੰਦਰੀ ਦਾ ਹੱਥ, ਲੱਗੇ ਪਤਾਸੇ
ਦਲੀਲ ਦੇਣੀ ਚਾਹੁੰਦੇ...ਬਰਛੇ ਨੂੰ॥
ਗਜ਼ਲ
ਪੁੱਛਦੇ ਨੇ ਹਾਲ ਰਸਮਨ ਅਪਣੇ ਕਹਾਉਣ ਵਾਲੇ
ਗਲ ਨਾਲ ਲਗਣੇ ਵਾਲੇ, ਗਲ ਨਾਲ ਲਾਉਣ ਵਾਲੇ॥
ਕਿੱਥੇ ਇਹ ਲਾਲ ਗੁਰਾਂ ਦੇ, ਲੁੱਟਣ ਗੁਰੂ ਦੇ ਘਰ ਨੂੰ
ਕਿੱਥੇ ਉਹ ਲਾਲ ਗੁਰ ਤੋਂ ਆਪਾ ਲੁਟਾਉਣ ਵਾਲੇ॥
ਮਜ਼ਬਾਂ ਦਾ ਵੇਖ ਚਿਹਰਾ, ਭੈਭੀਤ ਹੋ ਉੱਠਣਗੇ
ਆ ਜਾਣ ਅੱਜ ਜੇ ਮੁੜ ਕੇ, ਮਜ਼ਹਬ ਬਣਾਉਣ ਵਾਲੇ॥
ਦਿਲ ਤਕ ਜੋ ਮੇਰੇ ਆਵੇ ਐਸਾ ਮਿਲੇ ਨਾ ਕੋਈ
ਮਿਲਦੇ ਨੇ ਲੋਕ ਅਕਸਰ ਘਰ ਤੀਕ ਆਉਣ ਵਾਲੇ॥
ਸਹਿਬਾਂ ਦੀ ਪ੍ਰੀਤ ਖੋਹ ਕੇ, ਸੁਹਣੀ ਦੀ ਕਰ ਕੇ ਹਤਿਆ
ਇਹ ਲੋਕ ਨੇ ਮੜੀ ਤੇ, ਦੀਵੇ ਜਗਾਉਣ ਵਾਲੇ॥
-0-
|