1993-94 ਵਿੱਚ ਪੰਜਾਬ
ਵਿਚਲਾ ਅੱਤਵਾਦ ਆਪਣੇ ਆਖਰੀ ਸਾਹਾਂ ‘ਤੇ ਸੀ। ਇਹ ਉਹ ਸਮਾਂ ਸੀ ਜਦੋਂ ਅੱਤਵਾਦੀਆਂ ਵੱਲੋਂ
ਅਨੇਕਾਂ ਪੁਲਿਸ ਕਰਮਚਾਰੀਆਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਮਾਰਿਆ ਗਿਆ ਸੀ ਤੇ ਇਸੇ ਗੱਲ
ਤੋਂ ਚਿੜ ਕੇ ਪੰਜਾਬ ਪੁਲਿਸ ਵੀ ਹੁਣ ਆਪਣਾ ਬਦਲਾ ਲੈਣ ਦੀ ਵਾਰੀ ਵਿੱਚ ਸੀ। ਲੋਕ ਇਸ ਸਮੇਂ
ਦੂਹਰੀ ਮਾਰ ਝੱਲ ਰਹੇ ਸਨ। ਜੇ ਉਹ ਅੱਤਵਾਦੀਆਂ ਨੂੰ ਆਪਣੇ ਘਰਾਂ ਵਿੱਚ ਪਨਾਹ ਦੇਣ ਤੋਂ
ਇਨਕਾਰ ਕਰਦੇ ਤਾਂ ਵੀ ਉਹਨਾਂ ਦੀ ਮੌਤ ਸੀ ਤੇ ਜੇ ਪਨਾਹ ਦੇ ਦਿੰਦੇ ਤਾਂ ਮਗਰੋਂ ਜਾਨ ਸੁੱਕਣੇ
ਪਈ ਰਹਿੰਦੀ ਕਿ ਜੇ ਕਿਸੇ ਮੁਖਬਰ ਨੇ ਪੁਲਿਸ ਨੂੰ ਦੱਸ ਦਿੱਤਾ ਤਾਂ ਉਹਨਾਂ ਦੀ ਐਸੀ ਸ਼ਾਮਤ
ਆਉਣੀ ਸੀ ਕਿ ਰਹੇ ਰੱਬ ਦਾ ਨਾਂ। ਭਾਵੇਂ ਇਹ ਮਾਰ ਸਾਰਾ ਪੰਜਾਬ ਹੀ ਝੱਲ ਰਿਹਾ ਸੀ ਪਰ
ਸਰਹੱਦੀ ਇਲਾਕੇ ਦੇ ਲੋਕਾਂ ਦੇ ਭਾਅ ਦੀ ਤਾਂ ਪਰਲੋ ਆਈ ਹੋਈ ਸੀ। ਇਹਨਾਂ ਇਲਾਕਿਆਂ ਦੇ ਲੋਕਾਂ
ਨੇ ਪਹਿਲਾਂ ਭਾਰਤ ਪਾਕਿਸਤਾਨ ਨਾਲ ਹੋਈਆਂ 1965 ਤੇ 1971 ਦੀਆਂ ਜੰਗਾਂ ਵੇਲੇ ਵੀ ਮਾਰ ਝੱਲੀ
ਸੀ ਤੇ ਰਹਿੰਦੀ ਖੂੰਹਦੀ ਕਸਰ ਹੁਣ ਪੰਜਾਬ ਦੇ ਖਰਾਬ ਹਾਲਾਤਾਂ ਨੇ ਪੂਰੀ ਕਰ ਦਿੱਤੀ ਸੀ।
ਜਦੋਂ ਕਿਸੇ ਪਿੰਡ ਵਿੱਚ ਅੱਤਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਪੁਲਿਸ ਨੂੰ ਮਿਲਦੀ ਤਾਂ
ਪੁਲਿਸ ਦੀਆਂ ਧਾੜਾਂ ਉਸ ਪਿੰਡ ‘ਤੇ ਟੁੱਟ ਕੇ ਪੈ ਜਾਂਦੀਆਂ। ਅਤਿਵਾਦੀ ਭਾਵੇਂ ਬਚ ਕੇ ਨਿਕਲ
ਜਾਂਦੇ ਜਾਂ ਮੁਕਾਬਲੇ ਵਿੱਚ ਮਾਰੇ ਜਾਂਦੇ, ਪਿੰਡ ਵਾਸੀਆਂ ਦੀ ਸ਼ਾਮਤ ਆਉਣੀ ਤਾਂ ਪੱਕੀ ਤੈਅ
ਸੀ। ਸਾਡਾ ਪਿੰਡ ਸਰਹੱਦ ਦੇ ਨੇੜੇ ਹੋਣ ਕਰਕੇ ਆਸੇ-ਪਾਸੇ ਦੇ ਪਿੰਡਾਂ ਵਿੱਚ ਇਹੋ ਜਿਹੀਆਂ
ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ।
ਮੈਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਐਮ. ਏ. ਦਾ ਵਿਦਿਆਰਥੀ
ਹੋਣ ਕਰਕੇ ਜ਼ਿਆਦਾ ਹੋਸਟਲ ਵਿੱਚ ਹੀ ਰਹਿੰਦਾ ਸੀ। ਛੁੱਟੀ ਵਾਲੇ ਦਿਨ ਪਿੰਡ ਜਾਣ ਨੂੰ ਦਿਲ ਵੀ
ਕਰਦਾ ਪਰ ਪਿੰਡੋਂ ਸੁਣੀਆਂ ਪੁਲਿਸ ਦੇ ਤਸ਼ੱਦਦ ਦੀਆਂ ਕਹਾਣੀਆਂ ਪਿੰਡ ਵੱਲ ਬਹੁਤਾ ਮੂੰਹ ਨਾ
ਕਰਨ ਦਿੰਦੀਆਂ। ਘਰਦਿਆਂ ਦੀ ਵੀ ਨਸੀਹਤ ਹੁੰਦੀ ਕਿ ਮੈਂ ਜ਼ਿਆਦਾ ਹੋਸਟਲ ਰਹਿ ਕੇ ਆਪਣੀ
ਪੜ੍ਹਾਈ ਵੱਲ ਧਿਆਨ ਦਿਆ ਕਰਾਂ, ਪਿੰਡ ਤਾਂ ਪਤਾ ਨਹੀਂ ਕਿਹੜੇ ਵੇਲੇ ਕੀ ਵਾਪਰ ਜਾਣਾ ਸੀ। ਪਰ
ਆਖਰ ਕਿਤੇ ਤਾਂ ਪਿੰਡ ਜਾਣਾ ਹੀ ਹੁੰਦਾ ਸੀ। ੰਲਾਨਾ ਪੇਪਰਾਂ ਤੋਂ ਹਫਤਾ ਕੁ ਪਹਿਲਾਂ ਜਦੋਂ
ਵਿਭਾਗ ਨੇ ਪੇਪਰਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਤਾਂ ਬਾਕੀ ਮੁੰਡਿਆਂ ਦੀ ਰੀਸੇ ਮੈਂ ਵੀ
ਪਿੰਡ ਵੱਲ ਕੂਚ ਕਰ ਲਿਆ। ਚਾਰ ਪੰਜ ਦਿਨ ਤਾਂ ਸੁੱਖੀ ਸਾਂਦੀ ਲੰਘ ਗਏ। ਛੇਵੇਂ ਦਿਨ ਰਾਤ ਨੂੰ
ਸਾਡੇ ਪਿੰਡ ਨੂੰ ਵੀ ਪੁਲਿਸ ਦੀਆਂ ਹੂਟਰ ਮਾਰਦੀਆਂ ਗੱਡੀਆਂ ਨੇ ਜਗਾ ਲਿਆ। ਅੱਤਵਾਦੀ ਤਾਂ
ਰਾਤ ਦੇ ਹਨੇਰੇ ਵਿੱਚ ਬਚ ਕੇ ਨਿਕਲ ਗਏ ਪਰ ਅੱਗੇ ਵਾਂਗੂੰ ਸ਼ਾਮਤ ਫਿਰ ਪਿੰਡ ਵਾਲਿਆਂ ਦੀ ਆ
ਗਈ। ਘਰ ਘਰ ਦੀ ਤਲਾਸ਼ੀ ਲਈ ਗਈ।
ਸਾਡੇ ਘਰ ਦੀ ਬੈਠਕ ਪਿੰਡ ਦੇ ਪਹੇ ਵਾਲੇ ਪਾਸੇ ਬਾਹਰਲੇ ਗੇਟ ਦੇ ਨਾਲ ਸੀ। ਪੇਪਰਾਂ ਦੇ
ਦਿਨਾਂ ਵਿੱਚ ਮੇਰਾ ਡੇਰਾ ਪੱਕਾ ਇਸ ਬੈਠਕ ਵਿੱਚ ਹੁੰਦਾ ਸੀ ਤੇ ਪੇਪਰਾਂ ਦੀ ਤਿਆਰੀ ਲਈ ਦੇਰ
ਰਾਤ ਤੱਕ ਮੇਰੇ ਕਮਰੇ ਦੀ ਲਾਈਟ ਜਗਦੀ ਰਹਿੰਦੀ। ਪੁਲਿਸ ਵਾਲਿਆਂ ਸਾਡਾ ਗੇਟ ਵੀ ਨਾ ਖੜਕਾਇਆ
ਕਿਉਂਕਿ ਸ਼ਾਇਦ ਉਹ ਚੁੱਪ ਕਰਕੇ ਹੀ ਕਿਸੇ ਵੱਡੇ ਅੱਤਵਾਦੀ ਨੂੰ ਕਾਬੂ ਕਰਨ ਦੀ ਤਾਕ ਵਿੱਚ ਸਨ।
ਕੰਧਾਂ ਟੱਪ ਕੇ ਦੋ ਤਿੰਨ ਹਥਿਆਰਾਂ ਨਾਲ ਲੈਸ ਜੁਆਨ ਸਾਡੇ ਘਰ ਆ ਵੜੇ। ੀੲਕਦਮ ਆਪਣੀ ਬੈਠਕ
ਵਿੱਚ ਉਹਨਾਂ ਨੂੰ ਵੜਿਆਂ ਵੇਖ ਮੇਰੇ ਹੱਥੋਂ ‘ਪੰਜਾਬੀ ਸਭਿਆਚਾਰ‘ ਵਾਲੀ ਕਿਤਾਬ ਡਿੱਗ ਪਈ।
ਮੇਰਾ ਤਾਂ ਸਾਹ ਈ ਸੂਤਿਆ ਗਿਆ। ਮੈਂ ਸੋਚਿਆ ਮਨਾਂ ਹੁਣ ਨਹੀਂ ਬਚਦੇ। ਉਹ ਮੈਨੂੰ ਤੇ ਮੇਰੇ
ਪਿਤਾ ਜੀ ਨੂੰ ਅੱਗੇ ਲਾ ਕੇ ਬਾਹਰ ਲੈ ਤੁਰੇ। ਪਿੰਡ ਦੀ ਧਰਮਸ਼ਾਲਾ ਨੇੜੇ ਸਾਨੂੰ ‘ਵੱਡੇ
ਥਾਣੇਦਾਰ‘ ਸਾਹਮਣੇ ‘ਪੇਸ਼‘ ਕੀਤਾ ਗਿਆ। ਮੇਰੇ ਪਿਤਾ ਜੀ ਉਦੋਂ ਲਾਗਲੇ ਕਸਬੇ ਦੇ ਸਰਕਾਰੀ
ਸੀਨੀਅਰ ਸੈਕੰਡਰੀ
ਸਕੂਲ ਦੇ ਪ੍ਰਿੰਸੀਪਲ ਸਨ ਤੇ ਪੁਲਿਸ ਮੁਲਾਜ਼ਮਾਂ ਵਿੱਚ ਇਕ ਨਵਾਂ ਭਰਤੀ ਹੋਇਆ ਸਿਪਾਹੀ ਉਹਨਾਂ
ਦਾ ਵਿਦਿਆਰਥੀ ਨਿਕਲ ਆਇਆ। ਉਹਨੇ ਆਪਣੇ ‘ਸਾਹਿਬ‘ ਨੂੰ ਕਹਿ ਕੇ ਸਾਡੀ ਦੋਹਾਂ ਦੀ ਖਲਾਸੀ ਕਰਾ
ਦਿੱਤੀ। ਮੈਂ ਸ਼ੁਕਰ ਕੀਤਾ ਕਿ ਇਹ ਤਾਂ ਜਿਵੇਂ ਰੱਬ ਨੇ ਹੱਥ ਦੇ ਕੇ ‘ਜੁੱਤੀਆਂ ਤੋਂ ਬਚਾ
ਲਿਆ‘ ਸੀ।
ਕਈ ਘਰਾਂ ਦੇ ਜੁਆਨ ਮੁੰਡਿਆਂ ਨੂੰ ਧੌਲ ਧੱਫਾ ਕਰਦੇ ਉਹ ਗੱਡੀਆਂ ਵਿੱਚ ਬਿਠਾਉਣ ਲੱਗੇ। ਸਾਡੇ
ਗੁਆਂਢੀ ਹਰਨਾਮ ਸਿੰਘ ਦੇ ਘਰ ਉਹਦਾ ਜੁਆਈ, ਉਹਨਾਂ ਨੂੰ ਮਿਲਣ ਆਇਆ ਸੀ। ਉਹ ਉਹਨਾਂ ਦੇ ਹੱਥ
ਲੱਗ ਗਿਆ। ਉਹਨੂੰ ਜਦੋਂ ਗਲੋਂ ਫੜ ਕੇ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਉਹ ਵਿਚਾਰਾ ਭਲਾਮਾਣਸ
ਜਿਹਾ ਬੰਦਾ ਤਰਲੇ ਲਈ ਜਾਵੇ, ‘‘ਯਾਰ ਮੈਂ ਤਾਂ ਅੱਗੇ ਈ ਛੀ ਮਹੀਨੀਂ ਆਇਆ... ਯਾਰ ਮੇਰਾ ਤਾਂ
ਕਸੂਰ ਵੀ ਕੋਈ ਨੀ... ਫਿਰ ਐਵੇਂ ਕਾਹਤੋਂ ਧੱਕਾ ਕਰਦੇ ਜੇ...।‘‘
ਪਰ ਉਹਦੀ ਵਿਚਾਰੇ ਦੀ ਕੀਹਨੇ ਸੁਣਨੀ ਸੀ। ਹਰਨਾਮ ਸਿੰਘ ਨੇ ਬਥੇਰਾ ਕਿਹਾ ਕਿ ਮੇਰੇ ਜੁਆਈ
ਨੂੰ ਛੱਡ ਦਿਓ, ਇਹਦੀ ਥਾਂ ਮੈਨੂੰ ਲੈ ਜਾਓ ਪਰ ਉਹਦੀ ਸੁਣੀ-ਅਣਸੁਣੀ ਕਰਕੇ ਉਹ ਉਹਦੇ ਜੁਆਈ
ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ।
ਅਗਲੇ ਦਿਨ ਹਰਨਾਮ ਸਿੰਘ ਹੁਰੀਂ ਘਬਰਾਏ ਹੋਏ ਪਿੰਡ ਦੇ ਇਕ ਸਾਬਕਾ ਸਰਪੰਚ ਨੂੰ ਨਾਲ ਲੈ ਕੇ
ਥਾਣੇ ਪਹੁੰਚੇ। ਇਸ ਸਰਪੰਚ ਦੀ ਥਾਣੇ ‘ਇੱਟੀ-ਸਿੱਟੀ‘ ਚਲਦੀ ਸੀ। ਸਰਪੰਚ ਨੇ ਥਾਣੇਦਾਰ ਨਾਲ
ਗੱਲ ਕੀਤੀ ਤੇ ਪਿੰਡ ਦੇ ਜੁਆਈ ਦੀ ਇੱਜ਼ਤ ਰੱਖਣ ਦਾ ਵਾਸਤਾ ਪਾਇਆ ਪਰ ਥਾਣੇਦਾਰ ਪੈਸਿਆਂ ਤੋਂ
ਬਗੈਰ ਛੱਡਣ ਦੇ ਮੂਡ ਵਿੱਚ ਨਹੀਂ ਸੀ ਜਾਪਦਾ। ਹੋਰ ਚਾਰਾ ਨਾ ਚੱਲਦਿਆਂ ਵੇਖ ਕੇ ਘਰਦਿਆਂ
ਸਰਪੰਚ ਨੂੰ ਪੈਸਿਆਂ ਦੀ ਗੱਲ ਕਰਨ ਲਈ ਕਿਹਾ। ਥਾਣੇਦਾਰ ਨੇ 5000 ਰੁਪਏ ਦੀ ਮੰਗ ਕੀਤੀ।
ਸਰਪੰਚ ਨੇ ਥਾਣੇਦਾਰ ਅੱਗੇ ਬਥੇਰਾ ਤਰਲਾ ਮਾਰਿਆ ਕਿ ਬੰਦੇ ਬਹੁਤੇ ਤਕੜੇ ਨਹੀਂ, ਇੰਨੇ ਪੈਸੇ
ਦੇਣੇ, ਉਹਨਾਂ ਵਾਸਤੇ ਔਖੇ ਨੇ, ਨਾਲੇ ਉਹਨਾਂ ਦੇ ਜੁਆਈ ਦਾ ਕਸੂਰ ਵੀ ਤਾਂ ਕੋਈ ਨਹੀਂ, ਉਹ
ਵਿਚਾਰਾ ਤਾਂ ਸਹੁਰੇ ਮਿਲਣ ਆਇਆ ਈ ਫਸ ਗਿਆ।
“ਚਲੋ ਥਾਣੇਦਾਰ ਸਾਹਿਬ, ਪੈਸੇ ਤਾਂ ਤੁਹਾਡੇ ਪੱਕੇ ਐ, ਪਰ ਇਹਦੇ ਵਿਚੋਂ ਕੁਝ ਨਾ ਕੁਝ ਤਾਂ
ਛੱਡੋ... ਬੰਦੇ ਤਾਂ ਵਿਚਾਰੇ ਅੱਗੇ ਈ ਮਾੜੇ ਜਿਹੇ ਆ।‘‘ ਸਰਪੰਚ ਨੇ ਸੌਦੇਬਾਜ਼ੀ ਦੇ ਅੰਦਾਜ਼
ਵਿੱਚ ਆਖਰੀ ਤਰਲਾ ਮਾਰਿਆ। ਪਲ ਦੀ ਪਲ ਥਾਣੇਦਾਰ ਕੁਝ ਸੋਚਣ ਲੱਗਿਆ। ਸਰਪੰਚ ਨੇ ਥਾਣੇਦਾਰ ਦੀ
ਚੁੱਪ ਤੋਂ ਇਹ ਸਮਝ ਲਿਆ ਕਿ ਸ਼ਾਇਦ ਗੱਲ ਬਣ ਜਾਏਗੀ। ਉਹਨੇ ਫਿਰ ਸੌਦੇਬਾਜ਼ੀ ਕਰਨ ਦੇ ਮੰਤਵ
ਨਾਲ ਹੀ ਆਪਣੀ ਗੱਲ ਅਗਾਂਹ ਤੋਰੀ, “ਚਲੋ ਇਹਦੇ ‘ਚੋਂ ਇਕ ਹਜ਼ਾਰ ਈ ਛੱਡ ਦਿਓ।‘‘
ਸਰਪੰਚ ਦੀ ਗੱਲ ਸੁਣਦਿਆਂ ਥਾਣੇਦਾਰ ਦਾ ਪਾਰਾ ਇਕਦਮ ਚੜ੍ਹ ਗਿਆ। ਉਹਦੀਆਂ ਮੋਟੀਆਂ-ਮੋਟੀਆਂ
ਲਾਲ ਅੱਖਾਂ ਅੱਗ ਵਰਸਾਉਣ ਲੱਗੀਆਂ, “ਸਰਪੰਚਾ ਤੁਹਾਨੂੰ ਵੀ ਗੰਦਾ ਬੰਦਾ ਈ ਫਿੱਟ ਬਹਿੰਦਾ ਏ।
ਜੇ ਮੈਂ ਤੁਹਾਥੋਂ ਪਹਿਲਾਂ ਈ 10000 ਮੰਗ ਲੈਂਦਾ ਤੇ ਪਿੱਛੋਂ ਹਜ਼ਾਰ-ਡੇਢ ਹਜ਼ਾਰ ਛੱਡ ਦਿੰਦਾ,
ਫਿਰ ਠੀਕ ਸੀ ਨਾ। ਖਰਾ ਸੌਦਾ ਤੁਹਾਨੂੰ ਵੀ ਚੰਗਾ ਨਹੀਂ ਲੱਗਦਾ‘‘
ਸਰਪੰਚ ਨੂੰ ਜਾਪਿਆ ਕਿ ਉਹਦੇ ਕੋਲ ਸੱਚੀਂ ਥਾਣੇਦਾਰ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ। ਪੰਜ
ਹਜ਼ਾਰ ‘ਚ ਸੌਦਾ ਮੁਕਾ ਕੇ ਉਹ ਥਾਣਿਓਂ ਬਾਹਰ ਆ ਗਿਆ।
-0-
|