Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 

 

- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

 

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

 

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

 

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

 

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

 

- ਉਂਕਾਰਪ੍ਰੀਤ

ਬਲੀਦਾਨ

 

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

 

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

 

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

 

- ਐਸ. ਅਸ਼ੋਕ ਭੌਰਾ

ਖਰਾ ਸੌਦਾ

 

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

 

- ਮਲਿਕਾ ਮੰਡ

ਨਜ਼ਮ / ਆਦਮੀ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

 

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

 

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

 

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

 

- ਗੁਰਨਾਮ ਢਿੱਲੋਂ

ਮਾਸੀ ਬਚਨੀ

 

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

 

- ਅਵਤਾਰ ਸੋਨੂੰ

ਹੁੰਗਾਰੇ

 

Online Punjabi Magazine Seerat


ਬੱਸ ਦਾ ਸਫਰ
- ਮਲਿਕਾ ਮੰਡ

 

ਮੈਂ ਲਗਾਤਾਰ ਤਿੰਨ ਸਾਲ ਪਹਿਲਾਂ ਯੂਨੀਵਰਸਿਟੀ ਐਮ.ਏ. ਤੇ ਫਿਰ ਐਮ.ਫਿਲ ਅੰਗ੍ਰੇਜ਼ੀ ਕਰਨ ਲਈ ਤਲਵਾੜਿਓਂ ਅੰਮ੍ਰਿਤਸਰ ਤੇ ਉੱਥੋਂ ਵਾਪਸੀ ਦਾ ਸਫਰ ਕੀਤਾ। ਲਗਭਗ ਹਰ ਸ਼ਨੀ-ਐਤਵਾਰ ਮੈਂ ਘਰ ਆ ਜਾਂਦੀ ਤੇ ਰੋਹਤਕ ਵਾਲਿਆਂ ਦੀ ਬੱਸ ਹੀ ਮੇਰੀ ਪੱਕੀ ਸਹੇਲੀ ਹੁੰਦੀ। ਬੜੇ ਹੀ ਅਨੋਖੇ, ਹਾਸੋਹੀਣੇ ਤੇ ਖੱਟੇ-ਮਿੱਠੇ ਤਜਰਬੇ ਹੋਏ। ਵੈਸੇ ਤਾਂ ਮੈਂ ਸਦਾ ਹੀ ਬੱਸ ਦੇ ਉਸ ਸਾਢੇ ਤਿੰਨ ਘੰਟਿਆਂ ਦੇ ਸਫਰ ਦੌਰਾਨ ਕੋਈ ਨਾ ਕੋਈ ਕਿਤਾਬ ਜਾਂ ਨਾਵਲ ਲੈ ਜਾਣਾ ਪੜ੍ਹਨ ਲਈ। ਬੱਸ ਵਿੱਚ ਬੇਮਤਲਬ ਹੀ ਏਧਰ, ਓਧਰ ਝਾਕਣ ਨਾਲੋਂ ਆਰਾਮ ਨਾਲ ਆਪਣਾ ਪੜ੍ਹਦੇ ਰਹਿਣਾ ਮੈਨੂੰ ਸਦਾ ਹੀ ਬਿਹਤਰ ਲਗਦਾ। ‘ਟੈੱਸ’, ‘ਗੌਡ ਆਫ ਸਮਾਲ ਥਿੰਗਜ’਼, ‘ਗੋਰਾ, ‘ਵੂਮਨ ਇਨ ਲਵ’, ‘ਦ ਡਿਸਕਵਰੀ ਆਫ ੋਿੲੰਡੀਆ’, ‘ਦ ਪੋਰਟਰੇਟ ਆਫ ਅ ਲੇਡੀ’, ‘ਵੇਟਿੰਗ ਫਾਰ ਗੋਦ’ੋ, ‘ਸ਼ੋਲੋਖੋਵ ਦੀਆਂ ਕਹਾਣੀਆਂ’ ਅਤੇ ‘ਅੱਧ ਚਾਨਣੀ ਰਾਤ’ ਵਰਗੀਆਂ ਕਈ ਯਾਦਗਾਰ ਲਿਖਤਾਂ ਮੈਂ ਇਹਨਾਂ ਦਿਨਾਂ ਦੌਰਾਨ ਹੀ ਪੜ੍ਹੀਆਂ। ਪਰ ਕਈ ਵਾਰ ਇਸ ਸਫਰ ਦੌਰਾਨ ਨਾਵਲ, ਕਹਾਣੀਆਂ ਦੇ ਪਾਤਰਾਂ ਵਰਗੇ ਦਿਲਚਸਪ ਲੋਕੀਂ ਮਿਲ ਪੈਂਦੇ। ਇਹੋ ਜਿਹੀ ਹੀ ਇੱਕ ਮਨੋਰੰਜਕ ਘਟਨਾ ਤੁਹਾਡੇ ਨਾਲ ਸਾਂਝੀ ਕਰਦੀ ਆਂ।
ਇੱਕ ਦਿਨ ਮੈਂ ਦਸੂਹੇ ਬੱਸ ਅੱਡੇ ਤੇ ਖਲੋਤੀ ਤਲਵਾੜੇ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਉਸ ਦਿਨ ਇਲੈਕਸ਼ਨ ਦੀ ਰਿਹਸਲ ਹੋਣ ਕਰਕੇ ਸਾਰੀਆਂ ਬੱਸਾਂ ਉੱਧਰ ਲੱਗੀਆਂ ਹੋਈਆਂ ਸਨ। ਕਿੰਨੀ ਦੇਰ ਕੋਈ ਬੱਸ ਨਾ ਆਈ ਤੇ ਖਾਲੀ ਅੱਡਾ ਭਾਂ-ਭਾਂ ਕਰੇ। ਤਿੱਖੜ ਦੁਪਹਿਰੇ ਵਿੱਚ ਲਗਭਗ ਪੌਣਾ ਘੰਟਾ ਉਡੀਕਣ ਤੋਂ ਬਾਅਦ ਇੱਕ ਮਿੰਨੀ ਬੱਸ ਆਈ। ਜੀਹਦੇ ਤੇ ਲੋਕਾਂ ਨੇ ਲਗਭਗ ਹਮਲਾ ਹੀ ਕਰ ਦਿੱਤਾ। ਅੰਦਰਲੀਆਂ ਸਵਾਰੀਆਂ ਦੇ ਉਤਰਨ ਤੋਂ ਪਹਿਲਾਂ ਹੀ ਧੱਕਾ-ਮੁੱਕੀ ਕਰਕੇ ਲੋਕੀਂ ਅਲੀ-ਅਲੀ ਕਰਦੇ ਧੁੱਸ ਦੇ ਕੇ ਉਹਦੇ ਅੰਦਰ ਵੜ ਗਏ ।
ਬੱਸ ਮਿੰਟੋ-ਮਿੰਟੀ ਭਰ ਗਈ ਤੇ ਮੈਨੂੰ ਵੀ ਮਸਾਂ ਹੀ ਥਾਂ ਮਿਲੀ ਤੇ ਉਹ ਵੀ ਇੰਜਣ ਉੱਤੇ। ਪਰ ਚਲੋ ਮੈਂ ਕਿਸੇ ਤਰਾਂ ਅੜ-ਉੜ ਕੇ ਬਹਿ ਗਈ। ਕਿੰਨੇ ਹੀ ਲੋਕ ਖਲੋਤੇ ਸਨ। ਇੱਕ ਬਜ਼ੁਰਗ ਜੋੜਾ ਵੀ ਖਲੋਤਾ ਸੀ। ਬਜ਼ੁਰਗ ਔਰਤ ਨਾਲੇ ਤਾਂ ਚੁੰਨੀ ਨਾਲ ਪੱਖੀ ਝੱਲੀ ਜਾਵੇ ਤੇ ਨਾਲੇ ਆਪਣੇ ਘਰ ਵਾਲੇ ਨੂੰ ਬੁਰਾ ਭਲਾ ਕਹੀ ਜਾਵੇ, “ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੇਲੇ ਨਾਲ ਤੁਰ ਪੈ। ਪਰ ਤੈਨੂੰ ਤਾ ਪਈ ਸੀ ਬਈ ਪਹਿਲਾਂ ਆਹ ਕਰ ਲਾਂ ਫਿਰ ਚਲਦੇ ਆਂ, ਪਹਿਲਾਂ ਔਹ ਕਰ ਲਾਂ। ਫੇਰ ਲੀੜੇ ਪ੍ਰੈਸ ਕਰਨ ਬਹਿ ਗਿਆ। ਬੰਦਾ ਪੁੱਛੇ, ਬਈ ਤੇਰੇ ਕੋਈ ਲੀੜੇ ਵੇਖਣ ਡਿਹਾ ਏਡੀ ਗਰਮੀ ਵਿੱਚ। ਲੈ ਹੁਣ ਲੈ ਲਾ ਸੁਆਦ। ਸਾਹ ਨੀ ਆਉਣ ਡਿਹਾ.....। ਤੇ ਆਹ ਬੱਸਾਂ ਵਾਲੇ ਪਤੰਦਰ ਕਿਹੜਾ ਘੱਟ ਨੇ ਬਈ ਤੁਸੀਂ ਸੁਆਰੀ ਘੱਟ ਚੜ੍ਹਾ ਲਓ। ਏਨਾਂ ਨੂੰ ਤਾਂ ਬੱਸ ਪੈਸੇ ਵੱਟਣ ਨਾਲ ਮਤਲਬ ਐ ਫਿਰ ਭਾਵੇਂ ਕਿਸੇ ਦਾ ਸਾਹ ਗੁੰਮ ਹੋ ਜੇ.....।‘‘ ਬਜ਼ੁਰਗ ਵਿਚਾਰਾ ਉਹਨੂੰ ਆਦਤਨ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਧੀਮੇ ਸੁਰ ਵਿਚ ਕਹਿ ਰਿਹਾ ਸੀ, “ਚੱਲ ਕੋਈ ਨਾ, ਏਡੀ ਤੱਤੀ ਨਾ ਹੋ। ਤੁਰਦਿਆਂ ਕੁਵੇਲਾ ਹੋ ਗਿਆ। ਹੁਣ ਮੈਨੂੰ ਕੀ ਪਤਾ ਸੀ ਬਈ ਅੱਜ ਵੋਟਾਂ ਕਰਕੇ ਕੋਈ ਬੱਸ ਨੀ ਆਉਣੀ। ਤੇ ਗਰਮੀ ਨੂੰ ਭਲੀਏ ਲੋਕੇ ਆਪਾਂ ਵੀ ਤਾਂ ਦੂਜਿਆਂ ਦੇ ਨਾਲ ਹੀ ਆਂ। ਜਿੱਥੇ ਸਾਰੇ ਖਲੋਤੇ ਨੇ, ਉੱਥੇ ਆਪਾਂ ਖਲੋਤੇ ਆਂ।‘‘ ਪਰ ਮਾਤਾ ਕਿੱਥੇ ਸੁਣੇ। ਸਾਰੀਆਂ ਸੁਆਰੀਆਂ ਓਧਰ ਨੂੰ ਝਾਕਣ ਲੱਗੀਆਂ। ਉਹਦੇ ਰੌਲੇ-ਰੱਪੇ ਤੋਂ ਖਿੱਝ ਕੇ ਪਹਿਲਾਂ ਕੰਡਕਟਰ ਤੇ ਫਿਰ ਡਰਾਈਵਰ ਨੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, “ਕੋਈ ਨੀ ਮਾਤਾ ਹੌਂਸਲਾ ਰੱਖ, ਗੱਡੀ ਦਾ ਟੈਮ ਬੱਸ ਹੋ ਹੀ ਗਿਐ, ਹੁਣੇ ਤੁਰਨ ਲੱਗੇ ਆਂ, ਇੱਕ ਵਾਰ ਤੁਰ ਪਈ ਤਾ ਹਵਾ ਫਿਰਨ ਲੱਗ ਪੈਣੀ ਆ।‘‘ ਪਰ ਮਾਤਾ, ਜੋ ਕਿਸੇ ਦੀ ਪੇਸ਼ ਨਹੀਂ ਸੀ ਜਾਣ ਦੇ ਰਹੀ, ਉਹਨੂੰ ਵੀ ਟੁੱਟ ਕੇ ਪੈ ਗਈ “ਨਾ ਤੂੰ ਰਹਿਣ ਦੇ ਵੀਰਾ, ਤੈਨੂੰ ਏਥੇ ਬਾਰੀ ਅੱਗੇ ਬੈਠੇ ਨੂੰ ਹਵਾ ਲੈਂਦੇ ਨੂੰ ਬਹੁਤੀਆਂ ਗੱਲਾਂ ਆਉਣ ਡਹ੍ਹੀਆਂ ਨੇ।‘‘
ਡਰਾਇਵਰ ਜਿਹੜਾ ਵਿਚਾਰਾ ਅੱਗੇ ਗਰਮੀ ਤੇ ਥਕਾਵਟ ਦਾ ਭੰਨਿਆ ਲੱਗਦਾ ਸੀ, ਮੋਟੀ ਸਾਰੀ ਗਾਲ੍ਹ ਕੱਢ ਕੇ ਕਹਿੰਦਾ,‘‘.......ਹਵਾ ਆਉਣ ਡਹੀ ਆ..... ਏਤ੍ਹਰਾਂ ਕਰ ਮਾਤਾ ਮੈਂ ਤੇਰੀ ਥਾਂ ਆ ਜਾਂਨਾ , ਤੂੰ ਮੇਰੀ ਥਾਂ ਆ ਜਾ , ਨਾਲੇ ਗੱਡੀ ਚਲਾ ਤੇ ਨਾਲੇ ਹਵਾ ਲੈ ਲਾ।‘‘ ਸਾਰੀ ਬੱਸ ਵਿੱਚ ਚੰਗੀ ਹਾਸੜ ਮੱਚੀ। ਸਾਰੀ ਗਰਮੀ ਤੇ ਭੀੜ-ਭੜੱਕੇ ਦੇ ਬਾਵਜੂਦ ਉਹ ਅਣਸੁਖਾਵਾਂ ਸਫ਼ਰ ਸੁਖਾਵਾਂ ਲੱਗਣ ਲੱਗਾ।
ਕਈ ਡਰਾਇਵਰ ਕੰਡਕਟਰ ਬੜੇ ਹੀ ਮਖੌਲੀਏ ਤੇ ਹਾਜ਼ਰ ਜੁਆਬ ਹੁੰਦੇ ਨੇ। ਇੱਕ ਵਾਰੀ ਮੈਂ ਭਰੀ ਬੱਸ ਵਿੱਚ ਸਫਰ ਕਰ ਰਹੀ ਸਾਂ। ਕੰਡਕਟਰ ਨੇ ਬਹੁਤੀਆਂ ਬਜ਼ੁਰਗ ਤੇ ਔਰਤ ਸਵਾਰੀਆਂ ਨੂੰ ਐਡਜਸਟ ਕਰ ਕੇ ਬਿਠਾ ਦਿੱਤਾ। ਇੰਜਣ ਤੇ ਬਣੀ ਸੀਟ ਉੱਤੇ ਇੱਕ ਮੋਟਾ ਜਿਹਾ ਬੰਦਾ ਬੈਠਾ ਸੀ, ਜਿਨੇਂ ਦੋ ਲੋਕਾਂ ਤੋ਼ ਵੀ ਵੱਧ ਹੀ ਥਾਂ ਮੱਲੀ ਹੋਈ ਸੀ। ਲਾਗੇ ਇੱਕ ਤਿੰਨ ਚਾਰ ਸਾਲ ਦਾ ਬੱਚਾ ਖਲੋਤਾ ਸੀ। ਕੰਡਕਟਰ ਕੰਿਹਦਾ “ਭਾਜੀ , ਆਹ ਮਾੜੇ ਜਹੇ ਨਾਲ ਹੋ ਜੋ, ਬੱਚੇ ਨੂੰ ਨਾਲ ਬਿਠਾ ਲਓ।” ਪਰ ਉਹ ਮੋਟਾ ਜਿਹਾ ਬੰਦਾ ਆਪਣੀ ਥਾਂ ਤੋ ਭੋਰਾ ਵੀ ਨਾ ਹਿੱਲਿਆ। ਬੱਚੇ ਨੂੰ ਕੰਡਕਟਰ ਨੇ ਕਿਸੇ ਬੈਠੀ ਸੁਆਰੀ ਦੀ ਗੋਦੀ ਵਿੱਚ ਬਿਠਾ ਦਿਤਾ। ਥੋੜੀ ਦੇਰ ਬਾਦ ਛੋਟੇ ਬਾਲ ਨੂੰ ਗੋਦੀ ਚੁੱਕੀ ਇੱਕ ਨੌਜੁਆਨ ਔਰਤ ਬੱਸ ਵਿੱਚ ਚੜ੍ਹੀ। ਟਿਕਟਾਂ ਕੱਟਦਿਆਂ ਜਦੋ ਕੰਡਕਟਰ ਉੱਥੇ ਪਹੁੰਚਿਆ ਤਾਂ ਉਸ ਬੰਦੇ ਨੂੰ ਫਿਰ ਕਹਿੰਦਾ “ ਵੀਰ ਜੀ, ਆਹ ਭੋਰਾ ਕੁ ਪਾਸੇ ਹੋ ਜੋ , ਭੈਣ ਜੀ ਨੂੰ ਵੀ ਨਾਲ ਬਿਠਾ ਲਓ। ੳੁੰਹ ਮੋਟਾ ਜਿਹਾ ਬੰਦਾ ਮੋਢੇ ਜਹੇ ਛੰਡਦਿਆਂ ਆਪਣੀ ਸਫਾਈ ਜਹੀ ਦੇਣ ਲੱਗਾ, “ਓ ਯਾਰ ਮੈ਼ ਕਿੱਥੇ ਹੋ ਜਾਂ… ਅੱਗੇ ਥਾਂ ਨੀ ਹੈਗੀ…।” ਪਰ ਉਹ ਆਪਣੀ ਸੀਟ ਤੋ਼ ਫਿਰ ਵੀ ਨਾ ਹਿੱਲਿਆ। ਉਹਦੀ ਹਰਕਤ ਤੋਂ ਖਿਝਿਆ ਕੰਡਕਟਰ ਬੋਲਿਆ “ਭਾਜੀ, ਜੇ ਥਾਂ ਨੀਂ ਹੈਗੀ ਤਾਂ ਏਦਾਂ ਕਰੋ ਇੱਕ ਟੈਰ ਕੱਚੇ ਲਾਹ ਲੋ।” ਸਾਰੀਆਂ ਸਵਾਰੀਆਂ ਹੱਸਣ ਲੱਗੀਆਂ। ਤੇ ਆਖਰ ਉਸ ਬੰਦੇ ਨੂੰ ਅਗਾਂਹ ਸਰਕ ਕੇ ਉਸ ਔਰਤ ਨੂੰ ਸੀਟ ਦੇਣੀ ਹੀ ਪਈ। ਵੈਸੇ ਤਾਂ ਹਰ ਕਿਸੇ ਕੋਲ ਬੱਸ ਦੇ ਸਫਰ ਦੇ ਤਜ਼ਰਬਿਆਂ ਦੀਆਂ ਆਪਣੀਆਂ ਹੀ ਕਹਾਣੀਆਂ ਹੁੰਦੀਆਂ ਹਨ।
ਮੇਰੇ ਬਿੱਟੂ ਚਾਚਾ ਜੀ ਇੱਕ ਇਹੋ ਜਿਹੀ ਹੀ ਗੱਲ ਸੁਣਾਉਂਦੇ ਹੁੰਦੇ ਨੇ। ਉਹ ਕੈਰੋਂ ਸਕੂਲ ਵਿਚ ਅਥਲੈਟਿਕਸ ਦੇ ਕੋਚ ਹਨ ਤੇ ਇੱਕ ਵਾਰ ਕਿਸੇ ਪ੍ਰੋਗਰਾਮ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ। ਏਸੇ ਲਈ ਕੋਟ ਪੈਂਟ ਪਾ ਕੇ ਪੂਰੇ ਤਿਆਰ ਹੋ ਕੇ ਗਏ। ਮੋਟਰਸਾਈਕਲ ਖਰਾਬ ਹੋਣ ਕਰਕੇ ਉਹਨਾਂ ਨੂੰ ਬੱਸ ਰਾਹੀਂ ਜਾਣਾ ਪਿਆ। ਬੱਸ ਵਿੱਚ ਸੀਟ ਨਾ ਮਿਲਣ ਕਰਕੇ ਖਲੋ ਕੇ ਸਫਰ ਕਰਦਿਆਂ, ਉਹਨਾ ਦੇ ਮਗਰ ਇਕ ਮਾਂ ਧੀ ਖਲੋਤੀਆਂ ਸਨ, ਜੋ ਕਪੜਿਆਂ ਤੋਂ ਕਿਸੇ ਵਿਆਹ ਸ਼ਾਦੀ ਤੋਂ ਆ ਰਹੀਆਂ ਪ੍ਰਤੀਤ ਹੁੰਦੀਆਂ ਸਨ। ਕੁੜੀ ਨੇ ਸ਼ਾਇਦ ਵਿਆਹ ਵਿੱਚ ਬੇਹਿਸਾਬਾ ਰਾਸ਼ਨ ਖਾ ਲਿਆ ਸੀ ਤੇ ਹੁਣ ਉਹਦਾ ਜੀਅ ਮਤਲਾ ਰਿਹਾ ਸੀ। ਵੇਖਦਿਆਂ ਵੇਖਦਿਆਂ ਉਹਨੇ ਉਲਟੀ ਕਰ ਦਿੱਤੀ। ਆਲੇ-ਦੁਆਲੇ ਦੇ ਲੋਕਾਂ ਦੇ ਕਪੜੇ ਖਰਾਬ ਹੋ ਗਏ। ਚਾਚਾ ਜੀ ਨੇ ਵੀ ਉਪਰੋਂ ਕੱਪੜੇ ਰੁਮਾਲ ਨਾਲ ਸਾਫ ਕਰ ਲਏ। ਘਰ ਆਏ ਤਾਂ ਕੋਟ ਨੂੰ ਕਿੱਲੀ ਤੇ ਟੰਗ ਦਿਤਾ। ਥੋੜੇ ਦਿਨਾਂ ਬਾਦ ਜਦੋਂ ਕੋਟ ਨੂੰ ਅੰਦਰ ਅਲਮਾਰੀ ਵਿੱਚ ਟੰਗਣ ਗਏ ਤਾਂ ਕਹਿੰਦੇ ਮੈਨੂੰ ਲੱਗਾ ਬਈ ਜੇਬ ਵਿਚ ਕੁੱਝ ਹੈਗਾ। ਜਦੋਂ ਹੱਥ ਮਾਰ ਕੇ ਵੇਖਿਆ ਤਾਂ ਜੇਬ ਚੋਂ ਬੂੰਦੀ ਨਿੱਕਲੀ......।
ਐਹੋ ਜਿਹੀਆਂ ਅਣਗਿਣਤ ਕਹਾਣੀਆਂ ਸਾਨੂੰ ਆਸੇ-ਪਾਸਿਓ ਸੁਣਨ ਨੂੰ ਮਿਲ ਜਾਣਗੀਆਂ। ਬੱਸ ਦੇ ਸਫਰ ਬਾਰੇ ਸੋਚਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਆਉਂਦੀ ਐ, ਉਹ ਐ ਭੀੜ-ਭੱੜਕਾ, ਧੱਕਾ-ਮੁੱਕੀ, ਲੋਕਾਂ ਨਾਲ ਠੁਸੀਆਂ ਹੋਈਆਂ ਬੱਸਾਂ, ਗਰਮੀ ਨਾਲ ਬੇਹਾਲ ਲੋਕ, ਚਿੜਚਿੜੇ, ਖਿਝੂੰ-ਖਿਝੂੰ ਕਰਦੇ, ਟੁੱਟੇ ਪੈਸਿਆਂ ਤੋਂ ਸੁਆਰੀਆਂ ਨਾਲ ਤੇ ਟਾਈਮ ਤੋਂ ਦੂਜੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਨਾਲ ਲੜਦੇ ਗਾਲ਼ੋ ਗਾਲ਼ ਤੇ ਹੱਥੋ-ਪਾਈ ਤੱਕ ਹੁੰਦੇ ਡਰਾਈਵਰ, ਕੰਡਕਟਰ । ਬਹੁਤੀ ਵਾਰ ਸੁਆਰੀਆਂ ਤੇ ਖਾਸ ਬਜ਼ੁਰਗਾਂ ਤੇ ਅੰਗਹੀਣਾ ਨਾਲ ਉਹਨਾ ਦਾ ਵਿਹਾਰ ਬੜਾ ਰੁੱਖਾ ਤੇ ਨਿਰਾਦਰੀ ਭਰਿਆ ਹੀ ਹੁੰਦਾ ਜੋ ਕਿ ਬਹੁਤ ਚੁੱਭਦਾ ।
ਫੇਰ ਸਮਾਂ ਪਾ ਕੇ ਇਹ ਗੱਲ ਸਮਝ ਪਈ ਬਈ ਬੱਸ ਦੇ ਸਫਰ ਦੇ ਅਣਸੁਖਾਵੇਂ ਹੋਣ ਲਈ ਟੁੱਟੀਆਂ ਸੜਕਾਂ, ਲੋੜੋਂ ਵੱਧ ਪ੍ਰਸ਼ਾਦ ਵਾਂਗੂ ਵੰਡੀਆਂ ਟ੍ਰਾਂਸਪੋਰਟਾਂ, ਸਰਕਾਰੀ ਟ੍ਰਾਂਸਪੋਰਟ ਰੋਡਵੇਜ਼ ਨੂੰ ਫੇਲ੍ਹ ਕਰ ਪ੍ਰਾਈਵੇਟ ਟ੍ਰਾਂਸਪੋਰਟਾਂ ਨੂੰ ਉਤਸ਼ਾਹਿਤ ਕਰਨ ( ਜਿਸਦਾ ਨਤੀਜਾ ਼ਟ੍ਰਾਂਸਪੋਰਟਾਂ ਦੇ ਮੁਲਾਜ਼ਮਾਂ ਤੇ ਲੋਕਾਂ ਦੀ ਦੂਹਰੀ ਲੁੱਟ ਵਿੱਚ ੱਿਨੱਕਲਦਾ ) ਵਰਗੀਆਂ ਗਲਤ ਹਕੂਮਤੀ ਨੀਤੀਆਂ ਵਧੇਰੇ ਜੁੰਮੇਵਾਰ ਹਨ। ਸਰਕਾਰ ਨੂੰ ਹਰਿਆਣਾ ਤੇ ਹਿਮਾਚਲ ਵਰਗੇ ਗੁਆਂਢੀ ਰਾਜਾਂ ਤੋਂ ਸੇਧ ਲੈਣ ਦੀ ਲੋੜ ਐ ਜਿੱਥੇ ਸਰਕਾਰ ਨੇ ਪ੍ਰਾਈਵੇਟ ਟ੍ਰਾਂਸਪੋਰਟਾਂ ਨੂੰ ਨਾਂਹ ਦੇ ਬਰਾਬਰ ਪਰਮਿਟ ਦਿੱਤੇ ਨੇ ਤੇ ਜਿੱਥੇ ਸਰਕਾਰੀ ਟ੍ਰਾਂਸਪੋਰਟ ਅਜੇ ਵੀ ਇੱਕ ਵਾਧੇ ਵਿੱਚ ਚੱਲ ਰਿਹਾ ਅਦਾਰਾ ਹੈ। ਤੇ ਰਹੀ ਗੱਲ ਡਰਾਈਵਰ ਕੰਡਕਟਰਾਂ ਦੇ ਲੋਕਾਂ ਨਾਲ ਮਾੜੇ ਵਿਹਾਰ ਦੀ ਤਾਂ ਉਹਦੇ ਲਈ ਉਹਨਾਂ ਦੀਆਂ ਘੱਟ ਤਨਖਾਹਾਂ, ਸਖਤ ਸਰੀਰਕ ,ਮਾਨਸਿਕ ਮੁਸ਼ੱਕਤ ਤੇ ਕੰਮ ਦੀਆਂ ਭੈੜੀਆਂ ੇ ਹਾਲਾਤਾਂ ਵਧੇਰੇ ਜੁੰਮੇਵਾਰ ਨੇ।
ਇਹ ਸਾਰੇ ਹਾਲਾਤ ਇਵੇਂ ਦੇ ਵੇਖ ਕੇ ਕਈ ਵਾਰ ਅਸੀਂ ਸਾਰੀਆਂ ਸਹੇਲੀਆਂ ਨੇ ਆਪਸ ਵਿੱਚ ਗੱਲਾਂ ਕਰਿਆ ਕਰਨੀਆਂ ਕਿ ਜੋ ਵੀ ਹੋਏ, ਰੱਬਾ ਬੱਸ ਨੌਕਰੀ ਕਰ ਕੇ ਏਨੇ ਕੁ ਪੈਸੇ ਕਮਾ ਲਈਏ ਕਿ ਸਾਰੀ ਉਮਰ ਬੱਸਾਂ ਵਿਚ ਨਾ ਚੜ੍ਹਨਾ ਪਏ। ਪਰ ਫਿਰ ਹੌਲੀ- ਹੌਲੀ ਮੈਨੂੰ ਇਹ ਅਹਿਸਾਸ ਹੋਣ ਲੱਗਾ ਕਿ ਬੱਸ ਦਾ ਉਹ ਸਫਰ ਕਿਸੇ ਜਮਾਤ ਵਿੱਚ ਬਹਿਣ ਤੋਂ ਘੱਟ ਸਿੱਖਿਆਦਾਇਕ ਨਹੀਂ ਸੀ। ਜਿਵੇਂ ਕਿਸੇ ਵਿਦਵਾਨ ਨੇ ਸਹੀ ਹੀ ਕਿਹਾ ਸੀ ਕਿ ਜੇ ਬੰਦੇ ਵਿੱਚ ਸਿੱਖਣ ਦੀ ਇੱਛਾ ਹੋਵੇ ਤਾਂ ਉਹਦੇ ਲਈ ਸਭ ਤੋਂ ਵੱਡਾ ਸਕੂਲ ਜ਼ਿੰਦਗੀ ਐ, ਜੋ ਉਹਨੂੰ ਹਰ ਸਬਕ ਪੜ੍ਹਾ ਦਿੰਦੀ ਐ। ਉਸ ਤਜ਼ਰਬੇ ਦੇ ਸਿਰ ਤੇ ਬੰਦਾ ਬਿਨਾ ਇੱਕ ਵੀ ਜਮਾਤ ਪਾਸ ਕੀਤਿਆਂ ਵਿਦਵਾਨ ਬਣ ਸਕਦੈ। ਬੱਸ ਦਾ ਸਫਰ ਜ਼ਿੰਦਗੀ ਦਾ ਇਕ ਟੋਟਾ ਹੀ ਤਾਂ ਹੈ, ਜੀਹਦੇ ਚੋਂ ਪੜ੍ਹੇ ਕਈ ਅਨਮੋਲ ਸਬਕ ਇਨਸਾਨ ਦੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੇ ਨੇ। ਇਹਨਾਂ ਵਿੱਚੋਂ ਇੱਕ ਸਬਕ ਐ ਪੈਸੇ ਦੀ ਕਦਰ ਕਰਨਾ ਤੇ ਜ਼ਿੰਦਗੀ ਵਿਚ ਜੋ ਵੀ ਜਿਵੇਂ ਦਾ ਵੀ ਮਿਲਿਆ ਉਹਦੇ ਪ੍ਰਤੀ ਸਬਰ ਤੇ ਸ਼ੁਕਰਾਨੇ ਦਾ ਭਾਵ ਰੱਖਣਾ, ਜੋ ਭਾਵਨਾ ਸਾਡੀ ਨੌਜੁਆਨੀ ਵਿੱਚੋਂ ਲਗਭਗ ਮੁੱਕ ਚੁੱਕੀ ਐ। ਇਹ ਗੱਲ ਸਾਡੇ ਮੱਧ ਵਰਗ ਲਈ ਇਕ ਭਿਅੰਕਰ ਸਮੱਸਿਆ ਬਣ ਚੁੱਕੀ ਐ। ਮੱਧ ਵਰਗੀ ਮਾਪਿਆਂ ਦੀ ਇਹ ਆਮ ਸ਼ਿਕਾਇਤ ਐ ਕਿ ਬੱਚੇ ਪੈਸੇ ਦੀ, ਸਾਡੀ ਮਿਹਨਤ ਦੀ ਕਮਾਈ ਦੀ ਕਦਰ ਨਹੀਂ ਕਰਦੇ ਤੇ ਨਿੱਤ ਦਿਨ ਮਹਿੰਗੇ ਮੋਬਾਇਲ, ਆਈ ਪੈਡਾਂ, ਟੈਬਜ਼, ਮੋਟਰਸਾਈਕਲ ਤੇ ਕਾਰਾਂ ਆਦਿ ਦੀ ਮੰਗ ਕਰਦੇ ਨੇ। ਮੇਰੀ ਜਾਚੇ ਤਾਂ ਮਾਤਾ ਪਿਤਾ ਨੂੰ ਆਪਣੇ ਮੋਟਰਸਾਈਕ, ਕਾਰਾਂ ਦੇ ਝੂਟੇ ਲੈਣ ਗਿੱਝੇ ਵਿਗੜੇ ਨਿਆਣਿਆਂ ਨੂੰ ਬੱਸ ਦੇ ਸਫਰ ਰਾਹੀਂ ਜ਼ਿੰਦਗੀ ਦੀਆਂ ਥੁੜਾਂ ਦਾ ਕੁੱਝ ਹੱਦ ਤੱਕ ਅਹਿਸਾਸ ਕਰਵਾਉਣਾ ਚਾਹੀਦਾ ਹੈ।
ਇਹ ਸਾਨੂੰ ਜ਼ਿੰਦਗੀ ਵਿੱਚ ਜੋ ਕੁੱਝ ਵੀ ਮਿਲਿਆ, ਜੋ ਕੁਝ ਵੀ ਹਾਸਿਲ ਐ ਉਹਦੇ ਲਈ ਘਰਦਿਆਂ, ਕੁਦਰਤ ਤੇ ਪ੍ਰਮਾਤਮਾ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਵੀ ਸਿਖਾਉਂਦਾ ਹੈ, ਜਿੰਦਗੀ ਤੇ ਲੋਕਾਂ ਨਾਲ ਜੋੜੀ ਰੱਖਦਿਆਂ ਸਾਨੂੰ ਇੱਕ ਇਨਸਾਨ ਵਜੋਂ ਹੋਰ ਸੰਵੇਦਨਸ਼ੀਲ ਵੀ ਬਣਾਉਂਦਾ ਹੈ।
ਬੱਸ ਦਾ ਸਫਰ ਸਮਾਜਿਕ ਵਿਹਾਰ ਤੇ ਨੈਤਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਵੀ ਇਕ ਜਮਾਤ ਹੋ ਨਿੱਬੜਦਾ ਹੈ। ਬੱਸ ਦਾ ਸਫਰ ਸਾਨੂੰ ਸਹਿਣਸ਼ੀਲ ਤੇ ਨਿਰਮਾਣ ਬਣਾਉਂਦਾ ਹੈ। ਖੜੇ ਰਹਿਣਾ, ਆਪਣੀ ਵਾਰੀ ਦੀ ਉਡੀਕ ਕਰਨਾ, ਕਿਸੇ ਖੜੀ ਸਵਾਰੀ ਦਾ ਸਮਾਨ ਫੜ ਲੈਣਾ, ਕਿਸੇ ਦੇ ਬੱਚੇ ਨੂੰ ਆਪਣੀ ਸੀਟ ਦੇ ਦੇਣਾ, ਕਿਸੇ ਬਜ਼ੁਰਗ ਜਾਂ ਮਾਂ ਨੂੰ ਆਪਣੀ ਥਾਂ ਬਹਿਣ ਦੇਣਾ, ਐਡਜਸਟ ਕਰਨਾ, ਦੂਜੇ ਦੀ ਤਕਲੀਫ ਨੂੰ ਮਹਿਸੂਸ ਕਰ ਸਕਣਾ, ਆਪਣੇ ਤੋਂ ਪਹਿਲਾਂ ਦੂਜੇ ਬਾਰੇ ਸੋਚਣ ਦੀ, ਜੋ ਆਪਣੇ ਕੋਲ ਐ ਉਸਨੂੰ ਦੂਜਿਆਂ ਨਾਲ ਵੰਡ ਲੈਣ ਦੀ, ਆਪ ਔਖੇ ਹੋ ਕੇ ਦੂਜੇ ਲਈ ਕੁਝ ਕਰ ਗੁਜ਼ਰਨ ਦੀ ਇਹ ਭਾਵਨਾ ਹੀ ਤਾਂ ਸਾਨੂੰ ਇਨਸਾਨ ਬਣਾਉਂਦੀ ਹੈ।
ਇਹ ਬਿਲਕੁਲ ਸੱਚ ਐ ਕਿ ਜਦੋਂ ਬੰਦਾ ਆਪਣਾ ਆਪਣੇ ਆਲੇ-ਦੁਆਲੇ, ਕੁਦਰਤ, ਸਮਾਜ ਤੇ ਧੁਰ ਨਾਲ ਰਿਸ਼ਤਾ ਭੁੱਲ ਬੈਠਦਾ ਹੈ ਤਾਂ ਇਹ ਅਲੱਗ-ਥਲੱਗਤਾ ਤੇ ਨਿਰਾਸ਼ਤਾ ਉਪਜਣਾ ਲਾਜ਼ਮੀ ਐ। ਏਸੇ ਲਈ ਮੈਨੂੰ ਹਮੇਸ਼ਾਂ ਲੱਗਦਾ ਰਹਿੰਦੇ ਕਿ ਕਾਰ ਵਿਚ ਸਫਰ ਕਰਨ ਵਾਲਾ ਬੰਦਾ ਤਾਂ ਇਕੱਲਤਾ ਮਹਿਸੂਸ ਕਰ ਸਕਦੈ ਪਰ ਬੱਸ ਵਿਚ ਬਹਿਣ ਵਾਲਾ ਨਹੀਂ। ਬੱਸ ਵਿਚ ਬੈਠੋ ਸਹੀ, ਤੁਹਾਡੀ ਨਾਲ ਦੀ ਸੀਟ ਤੇ ਬੈਠੀ ਕੋਈ ਸਵਾਰੀ ਤੁਹਾਨੂੰ ਸਮਾਂ ਪੁੱਛੇਗੀ, ਕੋਈ ਇਹ ਬਈ ਇਹ ਬੱਸ ਫਲਾਣੀ ਥਾਂ ਕਿੰਨੇ ਵਜੇ ਪੁੱਜੇਗੀ, ਕੋਈ ਇਹ ਕਿ ਤੁਸੀਂ ਕਿੱਥੇ ਤੇ ਕੀ ਕਰਨ ਚੱਲੇ ਹੋ, ਕੋਈ ਮੌਸਮ ਨੂੰ ਕੋਸ ਜਾਵੇਗਾ ਤੇ ਕੋਈ ਤੁਹਾਡਾ ਪਿੰਡ ਕਿਹੜਾ ਪੁੱਛ ਕੇ ਨਾਨਕਿਆਂ, ਦਾਦਕਿਆਂ ਚੋਂ ਕੋਈ ਰਿਸ਼ਤੇਦਾਰੀ ਕੱਢ ਜਾਏਗਾ, ਕਈ ਔਰਤਾਂ ਤਾਂ ਇਹ ਤੱਕ ਪੁੱਛ ਜਾਣਗੀਆਂ, ;“ਕਿਤੇ ਪੜ੍ਹਦੀ ਏਂ? ਕਿੱਥੇ? ਜਾਂ ਫਿਰ ਪੁੱਛਣਗੀਆਂ ‘ਧੀਏ, ਤੂੰ ਮੰਗੀ ਆਂ‘? ਇਹ ਤਾਂ ਹੋਈ ਸ਼ੁਗਲ ਦੀ ਗੱਲ ਪਰ ਸੱਚ ਤਾਂ ਇਹ ਐ ਕਿ ਬੱਸ ਵਿੱਚ ਸਫਰ ਕਰਨ ਵਾਲਾ ਬੰਦਾ ਕਈ ਇੱਕਲਤਾ ਜਾਂ ਨਿਰਾਸ਼ਾ ਮਹਿਸੂਸ ਕਰ ਹੀ ਨਹੀਂ ਸਕਦਾ ਕਿਉਂਕਿ ਉਹਦੇ ਨਾਲ ਤਾਂ ਸੰਵਾਦ ਐ। ਉਹ ਤਾਂ ਸਮਾਜ ਦੇ ਨਾਲ ਸਫਰ ਕਰ ਰਿਹੈ। ਤੇ ਸੰਵਾਦ ਤ6 ਹੁੰਦਾ ਹ9 ਦੋ 4ਿਰ6 ਵਿਚਕਾਰ ਐ, ਇਸ ਲਈ ਇੱਕਲਤਾ ਦਾ ਤਾ ਸੁਆਲ ਹੀ ਪੈਦਾ ਨਹੀਂ ਹੁੰਦਾ. ਅੰਤ ਵਿੱਚ ਮੈਨੂੰ ਇਹ ਲਗਦੈ ਕਿ ਬੱਸ ਦੇ ਸਫਰ ਦਾ ਇਹ ਤਜ਼ਰਬਾ ਸਾਡੇ ਵਿੱਚ ਸਬਰ ਸ਼ੁਕਰ, ਨਿਮਰਤਾ, ਸੰਵੇਦਨਸ਼ੀਲਤਾ, ਭਾਈਚਾਰੇ ਵਰਗੇ ਨੇਕ ਸਮਾਜਿਕ ਤੇ ਇਨਸਾਨੀ ਗੁਣ ਪ੍ਰਫੁੱਲਿਤ ਕਰਕੇ ਸਾਨੂੰ ਬਿਹਤਰ ਇਨਸਾਨ ਬਣਨ ਦੇ ਰਾਹੀਂ ਤੋਰਦਾ ਹੈ। ਉਮੀਦ ਐ ਕਿ ਜਦੋਂ ਤੁਸੀਂ ਅਗਲੀ ਵਾਰੀ ਬੱਸ ਵਿੱਚ ਚੜ੍ਹੋਗੇ ਤਾਂ ਤੁਹਾਨੂੰ ਇਸ ਆਮ ਜਿਹੇ ਤਜਰਬੇ ਦੇ ਬਹੁਤ ਖਾਸ ਹੋਣ ਦਾ ਥੋੜ੍ਹਾ ਅਹਿਸਾਸ ਤਾਂ ਜਰੂਰ ਹੋਵੇਗਾ.........।

ਅਸਿਸਟੈਂਟ ਪ੍ਰੋਫੈਸਰ (ਇੰਗਲਿਸ਼)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346