ਜਿਵੇਂ ਕਿ ਮਹਾਂਰਾਜੇ ਦੀ
ਆਦਤ ਸੀ ਕਿ ਆਪਣੇ ਅੰਦਰਲੇ ਦਬਾਅ ਨੂੰ ਉਹ ਆਪਣੇ ਚਿਹਰੇ ‘ਤੇ ਬਹੁਤਾ ਨਹੀਂ ਸੀ ਆਉਣ ਦਿੰਦਾ।
ਸੋ ਉਸ ਦੀ ਜਿੰ਼ਦਗੀ ਨਿਰੰਤਰ ਚਲ ਰਹੀ ਸੀ। ਸਿ਼ਕਾਰ ਦਾ ਮੌਸਮ ਸ਼ੁਰੂ ਹੁੰਦੇ ਹੀ ਦੋਸਤ ਮੁੜ
ਕੇ ਐੱਲਵੇਡਨ ਆਉਣੇ ਸ਼ੁਰੂ ਹੋ ਗਏ। ਮਹਿਫਲਾਂ ਲਗਣ ਲਗੀਆਂ। ਮਹਿਮਾਨ ਨਿਵਾਜ਼ੀ ਵਿਚ ਤਾਂ ਉਹ
ਪਹਿਲਾਂ ਹੀ ਪ੍ਰਸਿੱਧ ਸੀ। ਮਹਾਂਰਾਜਾ ਸਭ ਤੋਂ ਮੁਹਰੇ ਹੋ ਕੇ ਸਿ਼ਕਾਰ ਖੇਡ ਰਿਹਾ ਸੀ। ਵੱਡੀ
ਪੱਧਰ ‘ਤੇ ਨਿਸ਼ਾਨੇਬਾਜ਼ੀ ਚਲਦੀ। ਕਈ ਹਜ਼ਾਰ ਪੰਛੀ ਤੇ ਜਾਨਵਰ ਮੌਤ ਦੀ ਭੇਂਟ ਚੜਦੇ।
ਪੰਛੀਆਂ ਨੂੰ ਮਾਰਨ ਦੇ ਖਿਲਾਫ ਕੁਝ ਸੰਸਥਾਵਾਂ ਕੰਮ ਹੋਂਦ ਵਿਚ ਆ ਚੁੱਕੀਆਂ ਸਨ। ਇਹ
ਸੰਸਥਾਵਾਂ ਮਹਾਂਰਾਜੇ ਦੇ ਖਿਲਾਫ ਪਰਚਾਰ ਕਰਨ ਲਗੀਆਂ। ਮਹਾਂਰਾਣੀ ਬਾਂਬਾ ਮਹਾਂਰਾਜੇ ਦਾ
ਧਿਆਨ ਇਸ ਪਾਸੇ ਦਵਾਉਂਦੀ ਪਰ ਮਹਾਂਰਾਜੇ ਨੂੰ ਇਸ ਦੀ ਪ੍ਰਵਾਹ ਨਹੀਂ ਸੀ। ਇੰਨੇ ਜਾਨਵਰਾਂ ਦੇ
ਕਤਲੇਆਮ ਕਰਨ ਕਰਕੇ ਮਹਾਂਰਾਜੇ ਨੂੰ ਜ਼ਾਲਮ ਵੀ ਮੰਨਿਆਂ ਜਾਂਦਾ ਸੀ। ਕਿਸੇ ਅਖ਼ਬਾਰ ਨੇ
ਲਿਖਿਆ ਕਿ ਜ਼ੁਲਮ ਕਰਨਾ ਉਸ ਦੇ ਹਿੰਦੁਸਤਾਨੀ ਸੁਭਾਅ ਦਾ ਖਾਸਾ ਹੈ। ਕੋਈ ਇਸ ਨੂੰ ਮਹਾਂਰਾਜੇ
ਦਾ ਪਾਗਲਪਨ ਵੀ ਕਹਿੰਦਾ। ਲੌਡਰ ਕਿੰਬਰਲੇ ਜੋ ਕਿ ਕਿਸੇ ਵਕਤ ਮਹਾਂਰਾਜੇ ਨਾਲ ਆਪ ਸਿ਼ਕਾਰ
ਖੇਡਦਾ ਰਿਹਾ ਸੀ, ਵੀ ਇਸੇ ਗੱਲ ਉਪਰ ਗੁੱਸੇ ਹੋਇਆ ਫਿਰਦਾ ਸੀ ਤੇ ਮਹਾਂਰਾਜੇ ਦੇ ਖਿਲਾਫ
ਬਿਆਨ ਦੇ ਰਿਹਾ ਸੀ ਪਰ ਮਹਾਂਰਾਜਾ ਆਪਣੇ ਕੰਮ ਨੂੰ ਲਗਿਆ ਰਿਹਾ। ਸਿ਼ਕਾਰ ਖੇਡਣ ਨਾਲ
ਮਹਾਂਰਾਜੇ ਨੂੰ ਆਪਣੀਆਂ ਮੁਸੀਬਤਾਂ ਤੋਂ ਦੂਰ ਰਹਿਣ ਵਿਚ ਮੱਦਦ ਮਿਲਦੀ।
ਪਰ ਇਹ ਆਸਰਾ ਆਰਜ਼ੀ ਜਿਹਾ ਹੀ ਸੀ। ਮਹਾਂਰਾਜਾ ਸੱਚ ਤੋਂ ਕਿੰਨੀ ਕੁ ਦੇਰ ਬਚ ਸਕਦਾ ਸੀ! ਉਹ
ਜਾਣਦਾ ਸੀ ਕਿ ਕਿਸੇ ਮੁਸੀਬਤ ਬਾਰੇ ਸੋਚਣਾ ਬੰਦ ਕਰ ਦਿਤਾ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ
ਹੁੰਦਾ ਕਿ ਤੁਸੀਂ ਮੁਸੀਬਤ ਤੋਂ ਬਚ ਗਏ। ਜਦ ਇਸ ਥੋੜ-ਚਿਰੇ ਜਿਹੇ ਆਸਰੇ ਵਿਚੋਂ ਬਾਹਰ
ਨਿਕਲਦਾ ਤਾਂ ਮੁਸੀਬਤਾਂ ਵੱਡੀਆਂ ਹੋ ਕੇ ਮਿਲਦੀਆਂ। ਉਸ ਦਾ ਮਨ ਹੋਰ ਉਲਝ ਜਾਂਦਾ। ਇਹਨਾਂ
ਦਿਨਾਂ ਵਿਚ ਮਹਾਂਰਾਜੇ ਨੂੰ ਇਕ ਹੋਰ ਵੱਡਾ ਧੱਕਾ ਲਗਿਆ। ਕਰਨਲ ਓਲੀਫੈਂਟ ਦੀ ਮੌਤ ਹੋ ਗਈ।
ਕਰਨਲ ਓਲੀਫੈਂਟ ਉਸ ਦਾ ਵਿਸ਼ਵਾਸ ਵਾਲਾ ਵਿਅਕਤੀ ਸੀ ਤੇ ਸਾਰੇ ਘਰ ਨੂੰ ਉਹੀ ਸੰਭਾਲਦਾ ਸੀ।
ਉਸ ਦੇ ਖਰਚਿਆਂ ਦਾ ਹਿਸਾਬ ਰੱਖਦਾ। ਵਕੀਲਾਂ ਨਾਲ ਸਾਰੀ ਗੱਲਬਾਤ ਉਸ ਨੇ ਹੀ ਕਰਨੀ ਹੁੰਦੀ
ਸੀ। ਇੰਡੀਆ ਔਫਿਸ ਨਾਲ ਹੋਣ ਵਾਲੀ ਬਾਤਚੀਤ ਦਾ ਵੀ ਉਹੀ ਧਿਆਨ ਰੱਖਦਾ। ਹੁਣ ਇਹ ਸਾਰੀਆਂ
ਜਿ਼ੰਮੇਵਾਰੀਆਂ ਮਹਾਂਰਾਜੇ ਨੂੰ ਆਪ ਸੰਭਾਲਣੀਆਂ ਪੈਣੀਆਂ ਸਨ। ਮਹਾਂਰਾਣੀ ਬਾਂਬਾ ਤਾਂ
ਪਹਿਲਾਂ ਹੀ ਘਰ ਚਲਾਉਣ ਜੋਗੀ ਨਹੀਂ ਸੀ। ਉਹ ਤਾਂ ਆਪਣੇ ਵੀ ਨਿਕੇ-ਮੋਟੇ ਮਸਲੇ ਹੱਲ ਕਰਨੋਂ
ਅਸਰਮਰਥ ਹੁੰਦੀ। ਹੁਣ ਮਹਾਂਰਾਜਾ ਅਰੂੜ ਸਿੰਘ ਦੀ ਮੱਦਦ ਨਾਲ ਘਰ ਚਲਾਉਣ ਦੀ ਕੋਸਿ਼ਸ਼ ਕਰਨ
ਲਗਿਆ।
ਇਹਨਾਂ ਦਿਨਾਂ ਵਿਚ ਮਹਾਂਰਾਜੇ ਲਈ ਚੰਗੀ ਗੱਲ ਇਹ ਹੋਈ ਕਿ ਠਾਕੁਰ ਸਿੰਘ ਸੰਧਾਵਾਲੀਆ
ਇੰਗਲੈਂਡ ਪੁੱਜ ਗਿਆ। ਠਾਕੁਰ ਸਿੰਘ ਸੰਧਾਵਾਲੀਆ ਮਹਾਂਰਾਜੇ ਦਾ ਹਟਵਾਂ-ਚਚੇਰਾ ਭਰਾ ਲਗਦਾ
ਸੀ। ਮਹਾਂਰਾਜੇ ਦੀ ਕੁੱਲ ਵਿਚੋਂ ਬਚਣ ਵਾਲਾ ਸੰਧਾਵਾਲੀਆ ਇਕੋ ਇਕ ਪਰਿਵਾਰ ਸੀ। ਮਹਾਂਰਾਜੇ
ਲਈ ਇਸ ਤੋਂ ਨੇੜੇ ਦਾ ਰਿਸ਼ਤੇਦਾਰ ਕੋਈ ਹੋਰ ਨਹੀਂ ਸੀ। ਮਹਾਂਰਾਜਾ ਉਸ ਦੀ ਬਹੁਤ ਬੇਸਬਰੀ
ਨਾਲ ਉਡੀਕ ਕਰ ਰਿਹਾ ਸੀ। ਮਹਾਂਰਾਜੇ ਨੂੰ ਪਤਾ ਸੀ ਕਿ ਸੰਧਾਵਾਲੀਆ ਪਰਿਵਾਰ ਨੇ ਹੀ ਉਸ ਨੂੰ
ਲਹੌਰ ਦੀ ਗੱਦੀ ਉਪਰ ਬੈਠਾਇਆ ਸੀ। ਠਾਕੁਰ ਸਿੰਘ ਸੰਧਾਵਾਲੀਆ ਨੂੰ ਮਹਾਂਰਾਜਾ ਦਲੀਪ ਸਿੰਘ ਦਾ
ਬਹੁਤ ਫਿਕਰ ਸੀ। ਉਹ ਅਜ ਵੀ ਉਸੇ ਨੂੰ ਹੀ ਪੰਜਾਬ ਦਾ ਮਹਾਂਰਾਜਾ ਮੰਨਦਾ ਸੀ। ਉਸ ਨੇ ਰਾਣੀ
ਜਿੰਦ ਕੋਰ ਨਾਲ ਨੇਪਾਲ ਵਿਚ ਤਾਲ-ਮੇਲ ਰੱਖੀ ਰੱਖਿਆ ਸੀ। ਠਾਕੁਰ ਸਿੰਘ ਦੀ ਪੂਰੀ ਕੋਸਿ਼ਸ਼
ਸੀ ਕਿ ਮਹਾਂਰਾਜਾ ਮੁੜ ਕੇ ਸਿੱਖ ਸਜੇ। ਉਹ ਵਾਰ ਵਾਰ ਪੰਜਾਬ ਤੋਂ ਆਪਣੇ ਏਲਚੀਆਂ ਨੂੰ
ਮਹਾਂਰਾਜੇ ਨੂੰ ਮਿਲਣ ਲਈ ਭੇਜਦਾ ਰਹਿੰਦਾ ਸੀ। ਅਰੂੜ ਸਿੰਘ ਨੂੰ ਉਸੇ ਨੇ ਹੀ ਮਹਾਂਰਾਜੇ ਦੀ
ਦੇਖਭਾਲ ਲਈ ਭੇਜਿਆ ਸੀ। ਮਹਾਂਰਾਜੇ ਦੀ ਹਿੰਦੁਸਤਾਨ ਵਿਚਲੀ ਜਾਇਦਾਦ ਦੀ ਤਫਸੀਲ ਨੂੰ ਇਕੱਠੀ
ਕਰਨ ਵਿਚ ਵੀ ਠਾਕੁਰ ਸਿੰਘ ਦਾ ਹੀ ਹੱਥ ਸੀ। ਹਿੰਦੁਸਤਾਨ ਹੀ ਹਰ ਖ਼ਬਰਸਾਰ ਵੀ ਠਾਕੁਰ ਸਿੰਘ
ਮਹਾਂਰਾਜੇ ਤਕ ਪੁੱਜਦੀ ਕਰਦਾ ਸੀ। ਹਿੰਦੁਸਤਾਨ ਸਰਕਾਰ ਠਾਕੁਰ ਸਿੰਘ ਦੀਆਂ ਸਰਗਰਮੀਆਂ ਨੂੰ
ਸ਼ੱਕ ਦੀ ਨਜ਼ਰ ਨਾਲ ਦੇਖਦੀ ਸੀ। ਉਸ ਉਪਰ ਨਜ਼ਰ ਵੀ ਰੱਖੀ ਜਾਂਦੀ ਸੀ। ਹਿੰਦੁਸਤਾਨ ਵਿਚ
ਅੰਗਰੇਜ਼ਾਂ ਖਿਲਾਫ ਕਈ ਬਾਗੀ ਜਥੇਬੰਦੀਆਂ ਕੰਮ ਕਰ ਰਹੀਆਂ ਸਨ। ਸਰਕਾਰ ਨੂੰ ਸ਼ੱਕ ਸੀ ਕਿ
ਠਾਕੁਰ ਸਿੰਘ ਸੰਧਾਵਾਲੀਆ ਦੇ ਉਹਨਾਂ ਨਾਲ ਸਬੰਧ ਸਨ ਪਰ ਇਸ ਦੇ ਕੋਈ ਠੋਸ ਸਬੂਤ ਨਹੀਂ ਸਨ।
ਠਾਕੁਰ ਸਿੰਘ ਇੰਗਲੈਂਡ ਵੀ ਗ੍ਰੰਥੀ ਬਣ ਕੇ ਹੀ ਆਇਆ ਸੀ। ਐੱਲਵੇਡਨ ਹਾਲ ਵਿਚ ਵੀ ਉਸ ਨੇ
ਗ੍ਰੰਥੀ ਬਣ ਕੇ ਹੀ ਰਹਿਣਾ ਸੀ। ਉਸ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਸਨ ਜਿਹਨਾਂ ਵਿਚ
ਗ੍ਰੰਥੀ ਪਰਤਾਪ ਸਿੰਘ ਵੀ ਸੀ, ਗੁਰਦਿੱਤ ਸਿੰਘ ਤੇ ਗੁਰਮੁੱਖ ਸਿੰਘ ਵੀ ਸਨ। ਉਹ ਆਪਣੇ ਨਾਲ
ਗਰੰਥ ਸਾਹਿਬ ਵੀ ਲਿਆਏ ਸਨ ਜਿਸ ਨੂੰ ਮਹਾਂਰਾਜਾ ਤੇ ਐੱਲਵੇਡਨ ਹਾਲ ਵਿਚ ਰਹਿੰਦੇ ਹੋਰ ਸਿੱਖ
ਵੀ ਬੇਸਬਰੀ ਨਾਲ ਉਡੀਕ ਰਹੇ ਸਨ। ਉਹਨਾਂ ਦੇ ਆਉਣ ਨਾਲ ਮਹਾਂਰਾਜਾ ਇਕ ਵਾਰ ਫੇਰ ਉਤਸ਼ਾਹ ਨਾਲ
ਭਰ ਗਿਆ। ਉਹ ਆਪਣੇ ਖਾਸ ਮਹਿਮਾਨਾਂ ਦੀ ਆਓ-ਭਗਤ ਵਿਚ ਰੁਝ ਗਿਆ। ਮਹਾਂਰਾਜੇ ਨੂੰ ਮਹਿਸੂਸ
ਹੋਣ ਲਗਿਆ ਕਿ ਹੁਣ ਉਹ ਇਕੱਲਾ ਨਹੀਂ ਹੈ।
ਥੈੱਟਫੋਰਡ ਇੰਗਲੈਂਡ ਦੇ ਇਕ ਪਾਸੇ ਨੂੰ ਪੈਂਦਾ ਸ਼ਹਿਰ ਸੀ। ਸ਼ਹਿਰ ਦਾ ਰੇਲਵੇ ਸਟੇਸ਼ਨ
ਬਹੁਤਾ ਵੱਡਾ ਨਹੀਂ ਸੀ। ਲੰਡਨ ਤੋਂ ਦੋ ਗੱਡੀਆਂ ਹੀ ਦਿਨ ਵਿਚ ਆਉਂਦੀਆਂ ਤੇ ਦੋ ਜਾਂਦੀਆਂ
ਸਨ। ਬਹੁਤੀਆਂ ਸਵਾਰੀ ਨਹੀਂ ਸਨ ਉਤਰਦੀਆਂ-ਚੜਦੀਆਂ ਪਰ ਹੁਣ ਇਸ ਸਟੇਸ਼ਨ ‘ਤੇ ਚਹਿਲ-ਪਹਿਲ
ਪਹਿਲਾ ਨਾਲੋਂ ਬਹੁਤ ਵਧ ਗਈ ਸੀ। ਪੱਗਾਂ ਵਾਲੇ ਲੋਕ ਤਾਂ ਪਹਿਲਾਂ ਵੀ ਦਿਖਾਈ ਦੇ ਜਾਂਦੇ ਪਰ
ਹੁਣ ਇਹਨਾਂ ਦੀ ਗਿਣਤੀ ਬਹੁਤ ਵਧ ਗਈ ਸੀ। ਹਰ ਰੋਜ਼ ਐੱਲਵੇਡਨ ਹਾਲ ਤੋਂ ਆਈ ਸਟੇਜ ਕੋਚ
ਸਵਾਰੀਆਂ ਨੂੰ ਉਡੀਕ ਰਹੀ ਹੁੰਦੀ। ਐੱਲਵੇਡਨ ਹਾਲ ਦਾ ਮਹੌਲ ਵੀ ਹੁਣ ਬਹੁਤ ਬਦਲ ਗਿਆ ਸੀ। ਇਕ
ਕਮਰੇ ਵਿਚ ਗਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਤਾ ਗਿਆ ਸੀ। ਹਰ ਰੋਜ਼ ਕੜਾਹ ਪ੍ਰਸ਼ਾਦ ਤਿਆਰ
ਕੀਤਾ ਜਾਂਦਾ। ਪਾਠ ਹੁੰਦਾ ਤੇ ਭੋਗ ਪਾਇਆ ਜਾਂਦਾ। ਗ੍ਰੰਥੀ ਗੁਰਬਾਣੀ ਨੂੰ ਅਰਥਾਂ ਸਹਿਤ
ਸਮਝਾਉਂਦਾ। ਮਹਾਂਰਾਜਾ ਗਰੰਥ ਸਾਹਿਬ ਦੀ ਤਾਬਿਆ ਵਿਚ ਬੈਠ ਕੇ ਸਾਰਾ ਪਾਠ ਧਿਆਨ ਨਾਲ ਸੁਣਦਾ।
ਐੱਲਵੇਡਨ ਹਾਲ ਦੀ ਲਾਇਬ੍ਰੇਰੀ ਵਿਚ ਸਿੱਖ ਧਰਮ ਬਾਰੇ ਬਹਿਸਾਂ ਹੁੰਦੀਆਂ। ਮਹਾਂਰਾਜੇ ਨੂੰ
ਸਿੱਖ ਧਰਮ ਬਾਰੇ ਸਿਖਿਆ ਦਿਤੀ ਜਾਂਦੀ। ਉਸ ਨੂੰ ਭੁੱਲੀਆਂ ਗੱਲਾਂ ਯਾਦ ਕਰਾਈਆਂ ਜਾਂਦੀਆਂ।
ਹੁਣ ਮਹਾਂਰਾਜਾ ਬਹੁਤ ਵਧੀਆ ਪੰਜਾਬੀ ਬੋਲਣ ਲਗ ਪਿਆ ਸੀ। ਉਸ ਨੇ ਗੁਰਮੁਖੀ ‘ਤੇ ਵੀ ਆਪਣਾ
ਹੱਥ ਸਾਫ ਕਰ ਲਿਆ ਸੀ। ਠਾਕੁਰ ਸਿੰਘ ਸੰਧਾਵਾਲੀਆ ਦੀ ਗੱਲ ਮੰਨ ਕੇ ਹੁਣ ਉਹ ਮੁੜ ਕੇ ਸਿੱਖ
ਧਰਮ ਅਪਣਾਉਣ ਲਈ ਤਿਆਰ ਹੋ ਗਿਆ ਸੀ। ਸਰਕਾਰੀ ਹਲਕਿਆਂ ਵਿਚ ਇਸ ਨੂੰ ਭੈੜੀ ਖ਼ਬਰ ਕਿਹਾ ਜਾ
ਰਿਹਾ ਸੀ। ਸਰਕਾਰ ਗੁੱਸੇ ਵਿਚ ਸੀ ਪਰ ਕਰ ਕੁਝ ਨਹੀਂ ਸੀ ਸਕਦੀ। ਕੋਈ ਵੀ ਕਾਨੂੰਨ ਮਹਾਂਰਾਜੇ
ਨੂੰ ਆਪਣਾ ਧਰਮ ਮੁੜ ਕੇ ਗ੍ਰਹਿਣ ਕਰਨ ਤੋਂ ਨਹੀਂ ਸੀ ਰੋਕ ਸਕਦਾ। ਜੇ ਕੋਈ ਕਦਮ ਚੁੱਕਿਆ
ਜਾਂਦਾ ਤਾਂ ਇੰਗਲੈਂਡ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਹੋ ਜਾਣਾ ਸੀ। ਪਹਿਲਾਂ ਤਾਂ
ਮਹਾਂਰਾਜਾ ਕਦੇ ਵੀ ਕਿਸੇ ਪਾਰਟੀ ਲਈ ਚੋਣ-ਮੁੱਦਾ ਨਹੀਂ ਸੀ ਬਣਿਆਂ ਪਰ ਇਵੇਂ ਜ਼ਰੂਰ ਬਣ
ਜਾਂਦਾ। ਲੇਡੀ ਲੋਗਨ ਤਕ ਵੀ ਉਡਦੀ ਉਡਦੀ ਇਹ ਗੱਲ ਪੁੱਜ ਗਈ। ਉਸ ਨੂੰ ਆਪਣੀ ਤੇ ਆਪਣੇ ਪਤੀ
ਦੀ ਕੀਤੀ ਏਨੀ ਮਿਹਨਤ ਫਜ਼ੂਲ ਜਾਪਣ ਲਗੀ। ਉਹ ਆਪਣੀ ਛਾਤੀ ਉਪਰ ਕਰੌਸ ਦਾ ਨਿਸ਼ਾਨ ਬਣਾਉਂਦੀ
ਬੁੜਬੁੜਾਉਂਦੀ ਕਿ ਚੰਗਾ ਹੋਇਆ ਇਹ ਸਭ ਦੇਖਣ ਲਈ ਜੌਨ ਲੋਗਨ ਇਸ ਦੁਨੀਆਂ ਵਿਚ ਨਹੀਂ ਹੈ। ਇਕ
ਦਿਨ ਪੌਲ ਸ਼ੀਨ ਨੇ ਆਖਿਆ,
“ਯੌਅਰ ਹਾਈਨੈੱਸ, ਤੁਹਾਡੇ ਧਰਮ ਬਦਲਣ ਦੀ ਖ਼ਬਰ ਸੁਣ ਕੇ ਸਰਕਾਰ ਬੌਖਲਾ ਰਹੀ ਏ ਸੋ ਧਿਆਨ
ਰਖਣਾ।”
“ਪੌਲ, ਇਹ ਤਾਂ ਆਪਾਂ ਚਾਹੁੰਦੇ ਹਾਂ।”
“ਯੌਅਰ ਹਾਈਨੈੱਸ, ਇਹਦੇ ਨਾਲ ਸਰਕਾਰ ਦੇ ਜਿਹੜੇ ਹਲਕੇ ਸਾਡੇ ਨਾਲ ਹਮਦਰਦੀ ਰੱਖਦੇ ਨੇ ਉਹ ਵੀ
ਸਾਡੇ ਤੋਂ ਕੰਨੀ ਕਤਰਾਉਣ ਲਗਣਗੇ, ਸੋ ਸਾਨੂੰ ਇਸ ਨੂੰ ਵੀ ਸਾਹਮਣੇ ਰੱਖਣ ਦੀ ਲੋੜ ਏ।”
ਮਹਾਂਰਾਜੇ ਨੂੰ ਪੌਲ ਸ਼ੀਨ ਦਾ ਸੁਝਾਅ ਚੰਗਾ ਲਗਿਆ।
ਇਕ ਦਿਨ ਗ੍ਰੰਥੀ ਪਰਤਾਪ ਸਿੰਘ ਨੇ ਆਖਿਆ,
“ਮਹਾਂਰਾਜਾ ਜੀਓ, ਸਿੱਖੀ ਦੇ ਬੁਨਿਆਦੀ ਨੁਕਤੇ ਤਾਂ ਤੁਸੀਂ ਜਾਣਦੇ ਈ ਓ, ਪਹਿਲੇ ਗੁਰੂ ਤੋਂ
ਲੈ ਕੇ ਦਸਵੇਂ ਤੀਕ, ਪੰਜਾਂ ਕਕਾਰਾਂ ਬਾਰੇ ਤੇ ਸਿੱਖੀ ਰਹਿਤਾਂ ਬਾਰੇ।”
“ਜੀ ਭਾਈ ਜੀ, ਕਾਫੀ ਕੁਝ ਮੈਂ ਜਾਣਦਾ ਹਾਂ ਤੇ ਜਾਣ ਰਿਹਾਂ ਤੇ ਜਾਣ ਜਾਵਾਂਗਾ।”
ਮਹਾਂਰਾਜੇ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ। ਉਸ ਤੋਂ ਬਾਅਦ ਇਕ ਦਮ ਠਾਕੁਰ ਸਿੰਘ ਬੋਲ
ਉਠਿਆ,
“ਮਹਾਂਰਾਜਾ ਜੀਓ, ਤੁਸੀਂ ਸਾਡੇ ਮਹਾਂਰਾਜੇ ਓ ਤੇ ਅਸੀਂ ਤੁਹਾਡੀ ਰਿਆਇਆ, ਤੁਸੀਂ ਮਹਾਂਰਾਜੇ
ਹੋ ਤੇ ਮਹਾਂਰਾਜਿਆਂ ਵਾਂਗ ਹੀ ਸੰਬੋਧਨ ਹੋਵੋ, ਆਪਣੇ ਆਪ ਨੂੰ ਵੀ ਤੇ ਦੂਜਿਆਂ ਨੂੰ ਵੀ,
ਤੁਸੀਂ ਆਪਣੇ ਆਪ ਨੂੰ ‘ਮੈਂ’ ਨਹੀਂ ‘ਅਸੀਂ’ ਕਹਿਣਾ ਹੋਵੇਗਾ, ਅਜ ਤੋਂ ਹੀ, ਹੁਣ ਤੋਂ ਹੀ।”
ਇਹ ਅਜਿਹੀ ਗੱਲ ਸੀ ਜਿਹੜੀ ਮਹਾਂਰਾਜੇ ਨੇ ਕਦੇ ਸੋਚੀ ਹੀ ਨਹੀਂ ਸੀ। ਠਾਕੁਰ ਸਿੰਘ ਦੀ ਗੱਲ
ਚੰਗੀ ਲਗੀ। ਉਹ ਦੇਖਦਾ ਰਹਿੰਦਾ ਸੀ ਕਿ ਮਹਾਂਰਾਣੀ ਵਿਕਟੋਰੀਆ ਆਪਣੇ ਆਪ ਨੂੰ ‘ਮਹਾਂਰਾਣੀ’
ਕਹਿ ਕੇ ਤਾਂ ਸੰਬੋਧਨ ਹੋ ਲੈਂਦੀ ਸੀ ਪਰ ‘ਅਸੀਂ’ ਕਹਿ ਕੇ ਨਹੀਂ ਪਰ ਉਸ ਨੂੰ ਯਾਦ ਸੀ ਕਿ
ਬਚਪਨ ਵਿਚ ਉਹ ‘ਅਸੀਂ’ ਹੀ ਉਚਾਰਦਾ ਰਿਹਾ ਸੀ। ਉਸ ਨੇ ਅਗਲੇ ਪਲ ਹੀ ਕਿਹਾ,
“ਅਸੀਂ ਤੁਹਾਨੂੰ ਸਭ ਨੂੰ ਇਸ ਗੱਲ ਤੋਂ ਸਾਵਧਾਨ ਕਰ ਦੇਣਾ ਚਾਹਾਂਗੇ ਕਿ ਸਾਡੇ ਆਪਣੇ ਧਰਮ ਵਲ
ਮੁੜਨ ਨਾਲ ਅੰਗਰੇਜ਼ਾਂ ਵਿਚ ਗੁੱਸੇ ਦੀ ਲਹਿਰ ਤਾਂ ਫੈਲੈਗੀ ਹੀ ਪਰ ਹੋ ਸਕਦਾ ਹੈ ਇਸ ਵਿਚ ਉਹ
ਸਾਨੂੰ ਕਿਸੇ ਕਿਸਮ ਦਾ ਨੁਕਸਾਨ ਵੀ ਪਹੁੰਚਾਉਣ ਦੀ ਕੋਸਿ਼ਸ਼ ਕਰਨ ਇਸ ਲਈ ਇਸ ਸਭ ਨੂੰ ਆਪਾਂ
ਹੇਠਲੀਆਂ ਤੈਹਾਂ ਵਿਚ ਹੀ ਰੱਖੀਏ।”
“ਮਹਾਂਰਾਜਾ ਜੀਓ, ਜਿਵੇਂ ਤੁਹਾਡੀ ਇਛਿਆ ਹੈ ਈ ਕਿ ਪੌਹਲ ਦੀ ਮਰਿਆਦਾ ਆਪਾਂ ਹਰਿਮੰਦਰ ਸਾਹਿਬ
ਜਾ ਕੇ ਈ ਕਰਾਂਗੇ, ਹਾਲੇ ਤੁਸੀਂ ਆਪਣੇ ਮਨ ਨੂੰ ਇਸ ਪ੍ਰਤੀ ਹੋਰ ਸਖਤ ਕਰ ਲਓ।”
“ਭਰਾ ਜੀ, ਸਾਡਾ ਮਨ ਬਣ ਚੁਕਿਆ, ਇਸਾਈਆਂ ਨੇ ਸਾਡੇ ਨਾਲ ਏਨੀ ਜਿ਼ਆਦਤੀ ਕੀਤੀ ਏ ਕਿ ਹੁਣ
ਅਸੀਂ ਉਸ ਧਰਮ ਵਿਚ ਨਹੀਂ ਰਹਿ ਸਕਦੇ, ਸਾਡਾ ਆਪਣੇ ਧਰਮ ਵਲ ਮੁੜਨਾ ਅਵੱਸ਼ ਏ।”
“ਮਹਾਂਰਾਜਾ ਜੀਓ, ਸਤਿਗੁਰੂ ਨੂੰ ਇਵੇਂ ਹੀ ਮਨਜ਼ੂਰ ਸੀ, ਅਗੋਂ ਵੀ ਸਤਿਗੁਰੂ ਨਜ਼ਰ ਸਵੱਲੀ
ਰੱਖਣਗੇ, ਸੱਚੇ ਮਨ ਨਾਲ ਮੱਥਾ ਟੇਕਿਆ ਕਰੋ।”
ਲਾਇਬਰੇਰੀ ਵਿਚ ਬੈਠ ਕੇ ਗੱਲਾਂ ਕਰਦਿਆਂ ਇਕ ਦਿਨ ਫਿਰ ਦਸਵੇਂ ਗੁਰੂ ਦੇ ਦੁਬਾਰਾ ਜਨਮ ਲੈਣ
ਬਾਰੇ ਗੱਲ ਚਲ ਪਈ। ਠਾਕੁਰ ਸਿੰਘ ਨੇ ਕਹਿਣ ਸ਼ੁਰੂ ਕੀਤਾ,
“ਮਹਾਂਰਾਜਾ ਜੀਓ, ਸਿਰਫ ਇਕ ਫਰਕ ਨਿਕਲਦਾ ਏ ਜੋ ਏ ਦੀਪ ਸਿੰਘ ਤੇ ਦਲੀਪ ਸਿੰਘ, ਗਰੰਥ ਸਾਹਿਬ
ਮੁਤਾਬਕ ਦੱਦਾ ਅੱਖਰ ਨਿਕਲਿਆ ਸੀ ਤੇ ਦੀਪ ਸਿੰਘ ਹੀ ਹੋਣਾ ਚਾਹੀਦਾ ਸੀ, ...ਬਾਕੀ ਦੇਖੋ,
ਮੁਸਲਮਾਨ ਮਾਂ ਵਾਲੀ ਗੱਲ, ਬਚਪਨ ਵਿਚ ਹੀ ਘਰੋਂ ਪੱਟੇ ਜਾਣ ਵਾਲੀ ਗੱਲ, ਬੇਗਾਨੇ ਤੇ ਐਡੀ
ਦੂਰ ਰਹਿਣ ਵਾਲੀ ਗੱਲ, ਇਸਾਈ ਔਰਤ ਨਾਲ ਵਿਆਹ ਕਰਾਉਣ ਵਾਲੀ ਤੇ ਬੱਚੇ ਪੈਦਾ ਕਰਨੇ ਤੇ ਮੁੜ
ਆਪਣੇ ਧਰਮ ਵਲ ਪਰਤਣਾ ਇਹ ਸਭ ਸੱਚਾਈ ਏ ਤੇ ਤੁਸੀਂ ਈ ਗਿਆਰਵੇਂ ਗੁਰੂ ਦੇ ਰੂਪ ਵਿਚ ਦੁਨੀਆਂ
ਦੇ ਸਾਹਮਣੇ ਆਵੋਂਗੇ।”
ਮਹਾਂਰਾਜਾ ਇਹ ਸਭ ਪਹਿਲਾਂ ਕਈ ਵਾਰ ਸੋਚ ਚੁਕਿਆ ਸੀ। ਹੁਣ ਉਸ ਨੂੰ ਵੀ ਇਸ ਸਾਖੀ ‘ਤੇ ਯਕੀਨ
ਹੋਣ ਲਗਿਆ ਸੀ। ਠਾਕੁਰ ਸਿੰਘ ਨੂੰ ਭਾਵੇਂ ਇਸ ਸਾਖੀ ਉਪਰ ਬਹੁਤਾ ਯਕੀਨ ਨਹੀਂ ਸੀ ਪਰ ਉਸ
ਸਮਝਦਾ ਸੀ ਕਿ ਸਿੱਖਾਂ ਨੂੰ ਇਸ ਵੇਲੇ ਇਕ ਲੀਡਰ ਦੀ ਲੋੜ ਸੀ, ਮਹਾਂਰਾਜੇ ਵਿਚ ਇਕ ਵਧੀਆ
ਲੀਡਰ ਵਾਲੇ ਸਾਰੇ ਹੀ ਗੁਣ ਸਨ। ਉਸ ਨੇ ਅਗੇ ਕਿਹਾ,
“ਗੁਰੂ ਨੇ ਕਿਹਾ ਏ ਕਿ ਦੋ ਜੰਗਲੀ ਕੁੱਤਿਆਂ ਵਿਚ ਭਿਆਨਕ ਲੜਾਈ ਹੋਏਗੀ, ਇਕ ਕੁੱਤੇ ਦਾ ਨਾਂ
ਹੋਏਗਾ ਬੁੱਚੂ ਤੇ ਦੂਜੇ ਦਾ ਹੋਏਗਾ ਦੁਲਤੂ। ਤੁਸੀਂ ਇਕ ਕੁੱਤੇ ਦਾ ਸਾਥ ਦੇਵੋਂਗੇ ਪਰ ਹਾਰ
ਜਾਵੋਂਗੇ, ਦੂਰ ਦੇ ਕਿਸੇ ਪਿੰਡ ਵਿਚ ਆਸਰਾ ਲਵੋਂਗੇ, ਜਿਥੇ ਤੁਹਾਨੂੰ ਇਕ ਦਿਨ ਗਿਆਨ ਹੋਵੇਗਾ
ਤੇ ਤੁਸੀਂ ਵਾਪਸ ਆਪਣੇ ਦੇਸ਼ ਨੂੰ ਮੁੜੋਂਗੇ ਤੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ
ਕੱਢੋਂਗੇ ਤੇ ਤੁਹਾਡਾ ਰਾਜ ਕਲਕੱਤੇ ਤੋਂ ਲੈ ਕੇ ਸਿੰਧ ਤਕ ਹੋਵੇਗਾ। ...ਮਹਾਂਰਾਜਾ ਜੀਓ,
ਦੇਖੋ ਰੂਸ ਤੇ ਇੰਗਲੈਂਡ ਇਕ ਦੂਜੇ ਦਾ ਗੱਲ਼ ਫੜਨ ਲਈ ਤਿਆਰ ਖੜੇ ਨੇ, ਤੁਹਾਨੂੰ ਪਤਾ ਈ ਏ ਕਿ
ਆਮ ਬੋਲੀ ਵਿਚ ਰੂਸ ਨੂੰ ਰਿੱਛ ਤੇ ਇੰਗਲੈਂਡ ਨੂੰ ਕੁੱਤੇ ਨਾਲ ਮਿਣਿਆਂ ਜਾਂਦਾ ਏ।”
ਠਾਕੁਰ ਸਿੰਘ ਬਹੁਤ ਵਧੀਆ ਬੁਲਾਰਾ ਸੀ। ਉਸ ਨੂੰ ਆਪਣੀ ਗੱਲ ਦਾ ਯਕੀਨ ਦੁਆਉਣਾ ਆਉਂਦਾ ਸੀ।
ਮਹਾਂਰਾਜਾ ਤਾਂ ਪਹਿਲਾਂ ਹੀ ਉਸ ਦਾ ਕਾਇਲ ਹੋਇਆ ਪਿਆ ਸੀ। ਠਾਕੁਰ ਸਿੰਘ ਨੇ ਰਾਣੀ ਜਿੰਦ ਕੋਰ
ਦੀ ਸੁਣਾਈ ਕਹਾਣੀ ਉਪਰ ਇਕ ਹੋਰ ਮਜ਼ਬੂਤ ਪਰਤ ਚੜ੍ਹਾ ਦਿਤੀ। ਠਾਕੁਰ ਸਿੰਘ ਇਕ ਗੱਲ ਹੋਰ
ਦੁਹਰਾਉਂਣ ਲਗਦਾ ਸੀ,
“ਪਰ ਮਹਾਂਰਾਜਾ ਜੀਓ, ਤੁਹਾਡੇ ਸਾਹਮਣੇ ਹੁਣ ਬਹੁਤ ਵੱਡਾ ਇਮਤਿਹਾਨ ਖੜਾ ਏ, ਤੁਹਾਨੂੰ ਬਹੁਤ
ਮਜ਼ਬੂਤ ਹੋਣਾ ਪਵੇਗਾ, ਤੁਸੀਂ ਬਹੁਤ ਵੱਡੀ ਲੜਾਈ ਵਿਚ ਭਾਗ ਲਵੋਂਗੇ ਤੇ ਹਾਰੋਂਗੇ ਵੀ ਪਰ
ਫਿਰ ਜਾ ਕੇ ਸਭ ਠੀਕ ਹੋਵੇਗਾ। ਸਾਰਾ ਪੰਜਾਬ ਇਸ ਸਾਖੀ ‘ਤੇ ਯਕੀਨ ਕਰ ਰਿਹਾ ਏ ਤੇ ਤੁਹਾਡੀ
ਉਡੀਕ ਕਰ ਰਿਹਾ ਏ, ਨਾਮਧਾਰੀ ਸਮੁਦਾਏ ਵੀ ਇਸ ਤੇ ਯਕੀਨ ਕਰ ਰਹੀ ਏ, ਪਿਛੇ ਜਿਹੇ ਅੰਗਰੇਜ਼ਾਂ
ਨੇ ਉਹਨਾਂ ਤੇ ਸੱਤਰ ਬੰਦੇ ਤੋਪਾਂ ਮੁਹਰੇ ਬੰਨ ਕੇ ਉਡਾ ਦਿਤੇ ਸਨ, ਉਹ ਵੀ ਤੁਹਾਡੇ ਵਿਚੋਂ
ਆਪਣਾ ਗੁਰੂ ਦੇਖ ਰਹੇ ਨੇ ਮਹਾਂਰਾਜਾ ਜੀਓ।”
ਗੱਲ ਕਰਦਾ ਠਾਕੁਰ ਸਿੰਘ ਅਕਸਰ ਖੜ ਜਾਇਆ ਕਰਦਾ ਤੇ ਹਰੇਕ ਵਿਅਕਤੀ ਨਾਲ ਅੱਖਾਂ ਮਿਲਾ ਕੇ ਗੱਲ
ਕਰਦਾ, ਮਹਾਂਰਾਜੇ ਦੇ ਕੰਮ ਦੀ ਗੱਲ ਕਰਦਾ ਹੋਇਆ ਉਸ ਦੇ ਨਜ਼ਦੀਕ ਆਉਂਦਾ ਤੇ ਕੁਝ ਝੁਕ ਕੇ
ਬੋਲਣ ਲਗਦਾ। ਇਕ ਦਿਨ ਉਸ ਨੇ ਕਿਹਾ,
“ਮਹਾਂਰਾਜਾ ਜੀਓ, ਇਸ ਸਾਖੀ ਅਨੁਸਾਰ ਤੁਹਾਡਾ ਰਾਜ ਪੰਜਾਬ ਵਿਚ ਈ ਨਹੀਂ ਬਲਕਿ ਪੂਰੇ
ਹਿੰਦੁਸਤਾਨ ਵਿਚ ਹੋਵੇਗਾ, ਮੈਂ ਬਹੁਤ ਸਾਰੇ ਰਾਜਿਆਂ ਨਾਲ ਗੱਲ ਕੀਤੀ ਏ ਤੇ ਜਾ ਕੇ ਫਿਰ
ਕਰਾਂਗਾ, ਸਾਰੇ ਤੁਹਾਡੀ ਅਧੀਨਗੀ ਮੰਨਣਗੇ, ਅੰਗਰੇਜ਼ਾਂ ਦੇ ਖਿਲਾਫ ਸਾਰੇ ਇਕ ਮੁੱਠ ਹੋਣਗੇ,
ਤੁਸੀਂ ਪੂਰੇ ਹਿੰਦੁਸਤਾਨ ਦੇ ਮਹਾਂਰਾਜਾ ਹੋਵੋਂਗੇ।”
ਗੱਲ ਕਰਦਿਆਂ ਠਾਕੁਰ ਸਿੰਘ ਨੇ ਮਹਾਂਰਾਜੇ ਦੇ ਮੋਢ੍ਹੇ ਉਪਰ ਹੱਥ ਰੱਖ ਦਿਤਾ। ਮਹਾਂਰਾਜਾ ਦੂਰ
ਕਿਧਰੇ ਦੇਖ ਰਿਹਾ ਸੀ ਤੇ ਫਿਰ ਅਚਾਨਕ ਬੋਲਿਆ,
“ਸਰਦਾਰ ਠਾਕੁਰ ਸਿੰਘ ਜੀ, ਤੁਸੀਂ ਸਾਡੇ ਪਰਧਾਨ ਮੰਤਰੀ ਹੋਵੋਂਗੇ ਜਿਵੇਂ ਹਰ ਮੈਜਿਸਟੀ ਦੇ
ਗਲੈਡਸੋਟਨ ਨੇ।”
“ਠੀਕ ਏ ਮਹਾਂਰਾਜਾ ਜੀਓ, ਜਿਵੇਂ ਤੁਸੀਂ ਚਾਹੋਂਗੇ ਉਵੇਂ ਹੀ ਹੋਵੇਗਾ। ਮੈਂ ਜਾਂਦਾ ਹੀ ਪੂਰੇ
ਹਿੰਦੁਸਤਾਨ ਵਿਚ ਘੁੰਮਾਂਗਾ ਤੇ ਤੁਹਾਡੇ ਆਉਣ ਦੀ ਖ਼ਬਰ ਲੋਕਾਂ ਤਕ ਪੁਜਦੀ ਕਰਾਂਗਾ।”
“ਪੂਰੇ ਹਿੰਦੁਸਤਾਨ ਵਿਚੋਂ ਟੈਕਸ ਮੁਆਫ ਕਰ ਦਿਤਾ ਜਾਵੇਗਾ, ਗਊ ਹੱਤਿਆ ਦੀ ਸਖਤ ਮਨਾਹੀ
ਹੋਵੇਗੀ।”
“ਬਿਲਕੁਲ ਮਹਾਂਰਾਜਾ ਜੀਓ, ਬਿਲਕੁਲ।”
ਠਾਕੁਰ ਸਿੰਘ ਨੇ ਕਿਹਾ ਤੇ ਫਿਰ ਉਸ ਨੇ ਬਾਂਹ ਉੱਚੀ ਕਰਕੇ ਨਾਹਰਾ ਲਗਾਇਆ,
“ਸ਼ੇਰੇ ਪੰਜਾਬ ਮਹਾਂਰਾਜਾ ਦਲੀਪ ਸਿੰਘ!”
“ਜਿ਼ੰਦਾ ਬਾਦ!”
ਬਾਕੀ ਸਭ ਨੇ ਉਸ ਦੇ ਮਗਰੇ ਹੀ ਕਿਹਾ। ਇਵੇਂ ਪੰਜ ਵਾਰ ਨਾਹਰਾ ਮਾਰਿਆ। ਸਾਰਾ ਐੱਲਵੇਡਨ ਹਾਲ
ਗੂੰਜ ਉਠਿਆ। ਨੌਕਰ ਭੱਜੇ ਆਏ ਇਹ ਦੇਖਣ ਕਿ ਕੀ ਹੋ ਗਿਆ ਹੈ। ਉਸ ਦਿਨ ਸਾਰਾ ਟੱਬਰ ਹੀ
ਐੱਲਵੇਡਨ ਹਾਲ ਵਿਚ ਸੀ। ਮਹਾਂਰਾਣੀ ਬਾਂਬਾਂ ਵੀ ਹੈਰਾਨ ਸੀ ਤੇ ਬੱਚੇ ਵੀ। ਬੱਚਿਆਂ ਨੂੰ ਤਾਂ
ਠਾਕੁਰ ਸਿੰਘ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਦੱਸਣ ਹੀ ਲਗ ਪੈਂਦਾ ਸੀ,
“ਤੁਸੀਂ ਆਮ ਬੱਚੇ ਨਹੀਂ ਓ, ਤੁਸੀਂ ਪੰਜਾਬ ਦੇ ਸ਼ੇਰ ਦੇ ਪੋਤੇ-ਪੋਤੀਆਂ ਓ, ਇਹ ਤੁਹਾਡਾ
ਦੇਸ਼ ਨਹੀਂ ਏ, ਤੁਹਾਡਾ ਦੇਸ਼ ਇਥੋਂ ਬਹੁਤ ਦੂਰ ਏ, ਇਕ ਦਿਨ ਤੁਸੀਂ ਸਭ ਜਾਵੋਂਗੇ, ਤੁਸੀਂ
ਉਥੇ ਦੇ ਰਾਜਾ ਓ, ਇਹ ਇੰਗਲੈਂਡ ਦੀ ਮਹਾਂਰਾਣੀ ਕੋਲ ਵੀ ਪੂਰੇ ਹੱਕ ਨਹੀਂ ਪਰ ਤੁਹਾਡੇ ਕੋਲ
ਰਾਜਾ ਹੋਣ ਦੇ ਸਾਰੇ ਹੱਕ ਹੋਣਗੇ, ਸਾਰਾ ਮੁਲਕ ਤੁਹਾਡੇ ਇਸ਼ਾਰੇ ‘ਤੇ ਚੱਲੇਗਾ। ਇਹ ਦੇਸ਼
ਤੁਹਾਡੇ ਕਾਬਲ ਨਹੀਂ ਏ।”
ਇਕ ਦਿਨ ਮਹਾਂਰਾਜਾ ਠਾਕੁਰ ਸਿੰਘ ਨੂੰ ਪੁੱਛਣ ਲਗਿਆ,
“ਨਾਮਧਾਰੀ ਸਮੁਦਾਏ ਬਾਰੇ ਕੁਝ ਹੋਰ ਦੱਸੋ, ਮੈਂ ਪੜ੍ਹਿਆ ਸੀ ਕਿ ਉਹਨਾਂ ਦੇ ਬਹੁਤ ਸਾਰੇ
ਬੰਦੇ ਅੰਗਰੇਜ਼ਾਂ ਨੇ ਤੋਪਾਂ ਨਾਲ ਬੰਨ ਕੇ ਉੜਾ ਦਿਤੇ।”
“ਉਹਨਾਂ ਦੇ ਮੋਹਰੀ ਬਾਬਾ ਰਾਮ ਸਿੰਘ ਰੰਗੂਨ ਵਿਚ ਜਲਾਵਤਨ ਨੇ, ਬਾਬਾ ਚਰਨ ਸਿੰਘ ਰੂਸੀਆਂ
ਨਾਲ ਗਠਜੋੜ ਕਰਦੇ ਫਿਰਦੇ ਰਹੇ, ਉਹ ਰੂਸ ਗਏ ਵੀ ਸਨ ਪਰ ਵਾਪਸ ਮੁੜਦਿਆਂ ਨੂੰ ਕੈਦ ਕਰ ਲਿਆ
ਗਿਆ ਸੀ। ਬਾਬਾ ਬੁੱਧ ਸਿੰਘ ਵੀ ਰੂਸੀਆਂ ਨੂੰ ਮਿਲੇ। ਤੁਸੀਂ ਤਾਂ ਜਾਣਦੇ ਹੀ ਹੋ ਕਿ ਦੁਸ਼ਮਣ
ਦੇ ਦੁਸ਼ਮਣ ਨੂੰ ਦੋਸਤ ਬਣਾ ਲੈਣਾ ਚਾਹੀਦਾ ਏ। ਰੂਸ ਤੇ ਇੰਗਲੈਂਡ ਦੀ ਪੁਰਾਣੀ ਦੁਸ਼ਮਣੀ ਏ।”
“ਹਾਂ ਭਾਈ ਸਾਹਿਬ, ਸੈਂਟਰਲ ਯੌਰਪ ਨੂੰ ਲੈ ਕੇ ਆਪਸ ਵਿਚ ਬਹੁਤ ਕਸ਼ਮਕਸ਼ ਏ।”
ਆਖਦਾ ਮਹਾਂਰਾਜਾ ਸੋਚਾਂ ਵਿਚ ਪੈ ਗਿਆ।...
ਮਹਾਂਰਾਜੇ ਨੇ ਆਪਣੇ ਚਚੇਰੇ ਭਰਾ ਤੇ ਹੋਰਨਾਂ ਨੂੰ ਲੰਡਨ ਦਿਖਾਇਆ ਤੇ ਇੰਗਲੈਂਡ ਦੇ ਕੁਝ ਹੋਰ
ਹਿੱਸੇ ਵੀ। ਠਾਕੁਰ ਸਿੰਘ ਵਾਹਵਾ ਘੁੰਮਿਆਂ ਫਿਰਿਆ ਬੰਦਾ ਸੀ ਪਰ ਲੰਡਨ ਉਸ ਨੂੰ ਬਹੁਤ ਪਸੰਦ
ਆ ਰਿਹਾ ਸੀ। ਇਕ ਦਿਨ ਉਹ ਕਹਿਣ ਲਗਿਆ,
“ਮਹਾਂਰਾਜਾ ਜੀਓ, ਬੜਾ ਦਿਨ ਕਰਦਾ ਏ ਮਹਾਂਰਾਣੀ ਵਿਕਟੋਰੀਆ ਨੂੰ ਮਿਲਣ ਲਈ। ਜ਼ਰਾ ਦੇਖੀਏ
ਤਾਂ ਸਹੀ ਕਿ ਉਹ ਕਿਹੜੀ ਔਰਤ ਏ ਜਿਹਦੇ ਰਾਜ ਵਿਚ ਸੂਰਜ ਨਹੀਂ ਡੁਬਦਾ, ਜਿਹਦਾ ਅੰਗਰੇਜ਼ਾਂ
ਦਾ ਬੱਚਾ-ਬੱਚਾ ਵਫਾਦਾਰ ਏ।”
“ਜ਼ਰੂਰ ਭਰਾ ਜੀ, ਮੈਂ ਜਲਦੀ ਹੀ ਹਰ ਮੈਜਿਸਟੀ ਨੂੰ ਚਿੱਠੀ ਲਿਖਾਂਗਾ। ਸਾਰੇ ਮੁਲਕ ਵਿਚ ਹਰ
ਮੈਜਿਸਟੀ ਹੀ ਤਾਂ ਨੇ ਜਿਹਨਾਂ ‘ਤੇ ਅਸੀਂ ਭਰੋਸਾ ਕਰ ਸਕਦੇ ਆਂ। ਉਹਨਾਂ ਨੇ ਸਾਨੂੰ ਉਹ ਸਭ
ਕੁਝ ਦਿਤਾ ਏ ਜੋ ਇਕ ਮਾਂ ਆਪਣੇ ਬੱਚੇ ਨੂੰ ਦਿੰਦੀ ਏ ਪਰ ਬਹੁਤੀਆਂ ਗੱਲਾਂ ਹਰ ਮੈਜਿਸਟੀ ਦੇ
ਵੱਸ ਵਿਚ ਨਹੀਂ ਨੇ, ਤੁਸੀਂ ਤਾਂ ਜਾਣਦੇ ਹੀ ਓ।”
ਮਹਾਂਰਾਜਾ ਹਰ ਮੈਜਿਸਟੀ ਦੀਆਂ ਹੋਰ ਵੀ ਤਾਰੀਫਾਂ ਕਰਨੀਆਂ ਚਾਹੁੰਦਾ ਸੀ ਪਰ ਉਸ ਨੂੰ ਹਾਲਾਤ
ਨੇ ਇਵੇਂ ਝੰਬ ਸੁਟਿਆ ਸੀ ਕਿ ਆਪਣੀ ਸਭ ਤੋਂ ਚਹੇਤੀ ਸ਼ਖਸੀਅਤ ਬਾਰੇ ਵੀ ਚੰਗੀ ਤਰ੍ਹਾਂ ਗੱਲ
ਨਹੀਂ ਸੀ ਕੀਤੀ ਜਾ ਹੋ ਰਹੀ।
ਮਹਾਂਰਾਣੀ ਦਾ ਹਿੰਦੁਸਤਾਨ ਵਿਚ ਇਵੇਂ ਹੀ ਜਿ਼ਕਰ ਕੀਤਾ ਜਾਂਦਾ ਸੀ ਜਿਵੇਂ ਕੋਈ ਕਿਸੇ ਦੇਵੀ
ਦਾ ਕਰਦਾ ਹੈ। ਹਰ ਅੰਗਰੇਜ਼ ਉਸ ਦੇ ਗੁਣ ਗਾਉਂਦਾ ਸੀ, ਉਸ ਦੇ ਨਾਂ ਤੇ ਗਾਏ ਜਾਂਦੇ ਕੌਮੀ
ਗੀਤ ‘ਤੇ ਉਠ ਕੇ ਖੜ ਜਾਂਦਾ ਸੀ। ਉਸ ਦੇ ਬਣਾਏ ਬੁੱਤ ਪੂਰੇ ਹਿੰਦੁਸਤਾਨ ਵਿਚ ਥਾਂ ਥਾਂ ਲਗੇ
ਹੋਏ ਸਨ। ਕੁਝ ਸਾਲਾਂ ਨੂੰ ਉਸ ਦੀ ਗੋਲਡਨ ਜੁਬਲੀ ਆ ਰਹੀ ਸੀ ਤੇ ਹਿੰਦੁਸਤਾਨ ਭਰ ਵਿਚ ਇਸ
ਦੀਆਂ ਹੁਣੇ ਤੋਂ ਹੀ ਗੱਲਾਂ ਹੋਣ ਲਗ ਪਈਆਂ ਸਨ। ਹਰ ਕੋਈ ਸੋਚਦਾ ਸੀ ਕਿ ਮਹਾਂਰਾਣੀ ਕੋਈ
ਇੰਦਰ ਲੋਕ ਦੀ ਅਪਸਰਾ ਹੋਵੇਗੀ। ਨਾਲ ਹੀ ਨਾਲ ਸਿੱਖ ਲੋਕ ਇਸ ਗੱਲ ਦਾ ਮਾਣ ਵੀ ਕਰਦੇ ਸਨ ਕਿ
ਉਹਨਾਂ ਦਾ ਮਹਾਂਰਾਜਾ ਮਹਾਂਰਾਣੀ ਵਿਕਟੋਰੀਆ ਦੇ ਬਹੁਤ ਨਜ਼ਦੀਕ ਸੀ। ਮਹਾਂਰਾਜੇ ਨੇ ਆਪਣੇ
ਮਹਿਮਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੈਨਰੀ ਪੌਨਸਨਬੀ ਨੂੰ ਇਕ ਚਿੱਠੀ ਲਿਖੀ,
‘...ਮੇਰੇ ਚਚੇਰੇ ਭਰਾ ਹਿੰਦੁਸਤਾਨ ਤੋਂ ਕੁਝ ਦੇਰ ਤੋਂ ਆਏ ਹੋਏ ਹਨ, ਉਹ ਸਾਰੇ ਆਪਣੀ
ਮਹਾਂਰਾਣੀ ਨੂੰ ਇਕ ਨਜ਼ਰ ਦੇਖਣਾ ਚਾਹੁੰਦੇ ਹਨ, ਮਹਾਂਰਾਣੀ ਦੀ ਉਸਤਤ ਉਹਨਾਂ ਨੇ ਬਹੁਤ ਸੁਣੀ
ਹੋਈ ਹੈ, ਕੁਝ ਹਿੰਦੁਸਤਾਨ ਤੋਂ ਹੀ ਤੇ ਬਹੁਤ ਸਾਰੀ ਮੇਰੇ ਤੋਂ ਵੀ, ...ਜੇਕਰ ਤੁਸੀਂ ਇਸ
ਬਾਬਤ ਹਰ ਮੈਜਿਸਟੀ ਤੋਂ ਹਿਦਾਇਤ ਲੈ ਸਕੋਂ ਤਾਂ ਬਹੁਤ ਮੇਹਰਬਾਨੀ ਹੋਵੇਗੀ, ...ਸ਼ਾਇਦ ਕੱਲ
ਨੂੰ ਹਰ ਮੈਜਿਸਟੀ ਦਰਬਾਰ ਤੋਂ ਬਾਅਦ ਵਕਤ ਕੱਢ ਸਕੇ, ਜਾਂ ਫਿਰ ਕਿਸੇ ਦਿਨ, ...ਹਾਂ, ਇਕ
ਗੱਲ ਪਹਿਲਾਂ ਹੀ ਸਾਫ ਕਰ ਦੇਵਾਂ ਕਿ ਇਹ ਲੋਕ ਬਹੁਤ ਗਰੀਬ ਹਨ ਤੇ ਇਹਨਾਂ ਪਾਸ ਹਰ ਮੈਜਿਸਟੀ
ਸਾਹਮਣੇ ਜਾਣ ਵਾਲੇ ਪਹਿਰਾਵੇ ਨਹੀਂ ਹਨ ਪਰ ਇਹ ਸ਼ੇਰੇ ਪੰਜਾਬ ਦੇ ਖੂਨ ਦੇ ਰਿਸ਼ਤੇਦਾਰ ਹਨ,
ਮੇਰੇ ਵੀ ਤੇ ਮੇਰੇ ਬੱਚਿਆਂ ਦੇ ਵੀ ਪਰ ਹੋਣੀ ਨੇ ਅਜ ਸਭ ਨੂੰ ਵੱਖ ਵੱਖ ਜਗਾਹ ਲਿਆ ਖੜੇ ਕਰ
ਦਿਤਾ ਹੈ, ਹੋਣੀ ਮੁਹਰੇ ਕਿਸੇ ਦਾ ਜ਼ੋਰ ਨਹੀਂ।’
ਇਹ ਗੱਲ ਮਹਾਂਰਾਣੀ ਕੋਲ ਪੁੱਜੀ ਤਾਂ ਉਹ ਇਕ ਦਮ ਉਹਨਾਂ ਨੂੰ ਮਿਲਣ ਲਈ ਤਿਆਰ ਹੋ ਗਈ।
ਮਹਾਂਰਾਣੀ ਮਹਾਂਰਾਜੇ ਨੂੰ ਖੁਸ਼ ਦੇਖਣਾ ਚਾਹੁੰਦੀ ਸੀ। ਉਹ ਉਸ ਲਈ ਹੋਰ ਬਹੁਤਾ ਕੁਝ ਤਾਂ
ਨਹੀਂ ਸੀ ਕਰ ਸਕਦੀ ਪਰ ਉਸ ਦੇ ਰਿਸ਼ਤੇਦਾਰਾਂ ਨੂੰ ਤਾਂ ਮਿਲ ਹੀ ਸਕਦੀ ਹੈ। ਉਸ ਨੇ ਅਗਲੇ
ਦਿਨ ਦਾ ਹੀ ਉਹਨਾਂ ਨੂੰ ਵਕਤ ਦੇ ਦਿਤਾ ਤੇ ਬਕਿੰਘਮ ਪੈਲੇਸ ਵਿਚ ਬੁਲਾ ਲਿਆ। ਠਾਕੁਰ ਸਿੰਘ
ਹਿੁੰਦਸਤਾਨ ਤੋਂ ਤਾਂ ਗ੍ਰੰਥੀ ਬਣ ਕੇ ਆ ਗਿਆ ਸੀ ਪਰ ਹੁਣ ਸਰਕਾਰ ਨੂੰ ਉਸ ਬਾਰੇ ਪਤਾ ਚਲ
ਚੁੱਕਾ ਸੀ। ਇੰਡੀਆ ਹਾਊਸ ਵਾਲੇ ਠਾਕੁਰ ਸਿੰਘ ਨੂੰ ਮਹਾਂਰਾਜੇ ਦਾ ਹਿੰਦੁਸਤਾਨ ਵਿਚ ਏਜੰਟ
ਸਮਝਦੇ ਸਨ। ਇੰਡੀਆ ਹਾਊਸ ਵਾਲੇ ਕਹਿ ਰਹੇ ਸਨ ਕਿ ਅਜਿਹੇ ਬੰਦੇ ਦਾ ਮਹਾਂਰਾਣੀ ਨੂੰ ਮਿਲਣਾ
ਠੀਕ ਨਹੀਂ ਪਰ ਸਰਕਾਰ ਨੇ ਕਿਸੇ ਕਿਸਮ ਦਾ ਦਖਲ ਦੇਣਾ ਠੀਕ ਨਾ ਸਮਝਿਆ। ਮਹਾਂਰਾਣੀ ਠਾਕੁਰ
ਸਿੰਘ ਤੇ ਉਸ ਦੇ ਸਾਥੀਆਂ ਨੂੰ ਪੂਰੇ ਖਲੂਸ ਨਾਲ ਮਿਲੀ। ਉਹਨਾਂ ਦਾ ਪੂਰਾ ਆਦਰ-ਮਾਣ ਕੀਤਾ ਤੇ
ਉਹਨਾਂ ਨੂੰ ਕਾਫੀ ਸਾਰੇ ਤੋਹਫੇ ਵੀ ਦਿਤੇ। ਉਹਨਾਂ ਸਾਹਮਣੇ ਮਹਾਂਰਾਣੀ ਨੇ ਮਹਾਂਰਾਜੇ ਦੀਆਂ
ਤਾਰੀਫਾਂ ਦੇ ਪੁਲ ਬੰਨ ਦਿਤੇ। ਠਾਕੁਰ ਸਿੰਘ ਨੇ ਮਹਾਂਰਾਣੀ ਦਾ ਹੱਥ ਫੜ ਕੇ ਆਖਿਆ,
“ਹਰ ਮੈਜਿਸਟੀ, ਸਾਡਾ ਇੰਗਲੈਂਡ ਆਉਣਾ ਸਫਲ ਹੋ ਗਿਆ।”
ਮਹਾਂਰਾਜੇ ਨੇ ਤਰਜਮਾ ਕਰਕੇ ਮਹਾਂਰਾਣੀ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ। ਮਹਾਂਰਾਜਾ
ਖੁਸ਼ ਸੀ ਕਿ ਮਹਾਂਰਾਣੀ ਨੇ ਉਸ ਦਾ ਮਾਣ ਰੱਖਿਆ ਹੈ।
ਮਹਾਂਰਾਜਾ ਮੁੜ ਸਿੱਖ ਧਰਮ ਵਿਚ ਆ ਰਿਹਾ ਸੀ। ਮਹਾਂਰਾਜੇ ਦੀ ਦ੍ਰਿੜਤਾ ਠਾਕੁਰ ਸਿੰਘ ਨੂੰ
ਹੌਂਸਲਾ ਦੇਣ ਲਗੀ ਸੀ। ਉਹ ਅੰਗਰੇਜ਼ਾ ਨੂੰ ਪੰਜਾਬ ਵਿਚੋਂ ਹੀ ਨਹੀਂ ਪੂਰੇ ਹਿੰਦੁਸਤਾਨ
ਵਿਚੋਂ ਬਾਹਰ ਦੇਖਣਾ ਚਾਹੁੰਦਾ ਸੀ। ਠਾਕੁਰ ਸਿੰਘ ਤੇ ਉਸ ਦੇ ਸਾਥੀ ਕੁਝ ਦੇਰ ਰਹਿ ਕੇ ਵਾਪਸ
ਹਿੰਦੁਸਤਾਨ ਜਾਣ ਦੀ ਤਿਆਰੀ ਕਰਨ ਲਗੇ। ਮਹਾਂਰਾਜਾ ੳਹਨਾਂ ਦੇ ਜਾਣ ਸਮੇਂ ਬਹੁਤ ਭਾਵੁਕ ਹੋ
ਰਿਹਾ ਸੀ। ਉਸ ਨੇ ਹਰਮੰਦਿਰ ਸਾਹਿਬ ਵਿਚ ਪ੍ਰਸ਼ਾਦ ਕਰਾਉਣ ਲਈ ਹਜ਼ਾਰ ਰੁਪਏ ਦਿਤੇ ਤੇ ਕਿਹਾ
ਕਿ ਉਸ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ।
ਹਿੰਦੁਸਤਾਨ ਤੋਂ ਆਏ ਹੋਏ ਸਿੱਖਾਂ ਬਾਰੇ ਅਖ਼ਬਾਰਾਂ ਵਾਲਿਆਂ ਵੀ ਕੁਝ ਗੱਲਾਂ ਕੀਤੀਆਂ ਪਰ
ਸੰਖੇਪ ਜਿਹੀਆਂ। ਕੁਝ ਦੇਰ ਲਈ ਲੰਡਨ ਦੀਆਂ ਅਖ਼ਬਾਰਾਂ ਠਾਕੁਰ ਸਿੰਘ ਤੇ ਹੋਰ ਸਿੱਖਾਂ ਨੂੰ
ਇੰਗਲੈਂਡਬਾਕੀ ਦੇ ਹਿੁੰਦਸਤਾਨੀਆਂ ਨਾਲ ਜੋੜ ਕੇ ਦੇਖ ਰਹੀਆਂ ਸਨ। ਉਹ ਇਸ ਕਰਕੇ ਕਿ ਇਹਨਾਂ
ਦਿਨਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਹੋ ਰਹੀ ਸੀ। ਇਕ ਅਜਿਹੀ ਕਮੇਟੀ ਬਣਾਈ ਜਾ ਰਹੀ ਸੀ
ਜਿਹੜੀ ਕਿ ਹਿੰਦੁਸਤਾਨ ਦੇ ਭਲੇ ਲਈ ਸੋਚੇ। ਅੰਗਰੇਜ਼ਾਂ ਵਿਚ ਹਲਕਾ ਜਿਹਾ ਡਰ ਸੀ ਕਿ ਇਹ ਲੋਕ
ਬਾਅਦ ਵਿਚ ਹਿੰਦੁਸਤਾਨ ਦੀ ਅਜ਼ਾਦੀ ਦੀ ਗੱਲ ਵੀ ਕਰ ਸਕਦੇ ਸਨ। ਇੰਡੀਅਨ ਨੈਸ਼ਨਲ ਕਾਂਗਰਸ
ਵਿਚ ਸਾਰੇ ਹੀ ਪੜ੍ਹੇ-ਲਿਖੇ ਹਿੁੰਦਸਤਾਨੀ ਭਾਗ ਲੈ ਰਹੇ ਸਨ। ਉਹਨਾਂ ਇੰਗਲੈਂਡ ਰਹਿ ਕੇ ਇਥੋਂ
ਦੀ ਅਜ਼ਾਦੀ ਦੇਖੀ ਸੀ, ਉਹ ਅਜਿਹੀ ਹਕੂਮਤ ਹੀ ਹਿੰਦੁਸਤਾਨ ਵਿਚ ਵੀ ਦੇਖਣੀ ਚਾਹੁੰਦੇ ਸਨ।
ਪਹਿਲਾਂ ਇਹ ਅੰਦਾਜ਼ੇ ਵੀ ਲਗਾਏ ਜਾ ਰਹੇ ਸਨ ਕਿ ਸ਼ਾਇਦ ਮਹਾਂਰਾਜੇ ਨੂੰ ਵੀ ਇਸ ਬਣ ਰਹੀ
ਕਮੇਟੀ ਦਾ ਹਿੱਸਾ ਬਣਾਇਆ ਜਾਵੇਗਾ ਪਰ ਮਹਾਂਰਾਜੇ ਨੂੰ ਕਿਸੇ ਨਾ ਸੱਦਿਆ। ਇਡੀਅਨ ਨੈਸ਼ਨਲ
ਕਾਂਗਰਸ ਨਾਲ ਜੁੜੇ ਲੋਕ ਮਹਾਂਰਾਜੇ ਨੂੰ ਵਿਗੜਿਆ ਹੋਇਆ ਅਯਾਸ਼ ਰਈਸ ਹੀ ਸਮਝਦੇ ਸਨ ਇਸ ਲਈ
ਉਸ ਨੂੰ ਇਸ ਕਮੇਟੀ ਦਾ ਹਿੱਸਾ ਕਿਵੇਂ ਬਣਾ ਸਕਦੇ ਸਨ। ਮਹਾਂਰਾਜੇ ਨੂੰ ਵੀ ਉਹਨਾਂ ਵਿਚ ਕੋਈ
ਦਿਲਚਸਪੀ ਨਹੀਂ ਸੀ।...
ਇੰਡੀਆ ਔਫਿਸ ਵਿਚ ਐੱਲਵੇਡਨ ਹਾਲ ਵਿਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਫਿਕਰ ਪੈਦਾ ਹੋ ਰਹੇ
ਸਨ। ਮਹਾਂਰਾਜੇ ਦੀ ਸਿੱਖ ਧਰਮ ਵਿਚ ਜਾਣ ਵਾਲੀ ਗੱਲ ਹੁਣ ਕਿਸੇ ਲਈ ਵੀ ਓਪਰੀ ਨਹੀਂ ਸੀ। ਹੁਣ
ਤਾਂ ਇਹ ਡਰ ਬਣ ਗਿਆ ਸੀ ਕਿ ਮਹਾਂਰਾਜਾ ਸੱਚ ਹੀ ਬ੍ਰਤਾਨਵੀ ਸਰਕਾਰ ਦੇ ਖਿਲਾਫ ਜਾਵੇਗਾ ਤੇ
ਸਿਰਦਰਦੀ ਬਣੇਗਾ। ਮਹਾਂਰਾਣੀ ਵਿਕਟੋਰੀਆ ਦੇ ਮਨ ਵਿਚ ਮਹਾਂਰਾਜੇ ਲਈ ਬਣੀ ਹੋਈ ਵਿਸ਼ੇਸ਼
ਹਮਦਰਦੀ ਸਭ ਨੂੰ ਤੰਗ ਕਰ ਰਹੀ ਸੀ। ਕਈ ਕਿਸਮ ਦੀਆਂ ਕਹਾਣੀਆਂ ਘੜ ਕੇ ਮਹਾਂਰਾਣੀ ਦੇ ਕੰਨ
ਭਰੇ ਜਾਣ ਲਗੇ।...
ਹੈਨਰੀ ਪਨਸਨਬੀ ਨੇ ਸੈਕਟਰੀ ਔਫ ਇੰਡੀਆ ਰੈਂਡੌਲਫ ਚਰਚਿਲ ਨੂੰ ਚਿੱਠੀ ਲਿਖੀ;
15 ਅਗਸਤ, 1885, ‘...ਹਰ ਮੈਜਿਸਟੀ ਨੇ ਮੈਨੂੰ ਤੁਹਾਨੂੰ ਸੂਚਨਾ ਦੇਣ ਲਈ ਕਿਹਾ ਕਿ
ਮਹਾਂਰਾਜੇ ਦੀਆਂ ਵਿਤੀ ਸਮੱਸਿਆਵਾਂ ਉਸ ਨੂੰ ਖਤਰਨਾਕ ਬਣਾ ਰਹੀਆਂ ਹਨ ਤੇ ਇਹ ਗੱਲ ਉਸ ਨੂੰ
ਹਿੰਦੁਸਤਾਨ ਤੋਂ ਆਏ ਸ਼ੈਤਾਨਾਂ ਦੀ ਰਾਏ ਸੁਣਨ ਵਿਚ ਮੱਦਦ ਕਰ ਰਹੀ ਹੈ ਤੇ ਹਰ ਮੈਜਿਸਟੀ ਨੂੰ
ਡਰ ਹੈ ਕਿ ਮਹਾਂਰਾਜਾ ਕੋਈ ਅਜਿਹਾ ਕਦਮ ਨਾ ਲੈ ਲਵੇ ਜਿਸ ਦੇ ਨਤੀਜੇ ਬਹੁਤ ਬੁਰੇ ਨਿਕਲਣ।’
ਰੈਂਡੌਲਫ ਚਰਚਿਲ ਨੇ ਉਸ ਦੀ ਚਿੱਠੀ ਦਾ ਇਕ ਦਮ ਹੀ ਜਵਾਬ ਦੇ ਦਿਤਾ, ਲਿਖਿਆ;
‘...ਮੈਂ ਇਸ ਨਤੀਜੇ ਤੇ ਪੁੱਜਾ ਹਾਂ ਕਿ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਇਸ ਬਾਰੇ ਕੋਈ
ਸਲਾਹ ਨਹੀਂ ਦੇ ਸਕਦਾ ਤੇ ਜੇ ਹਿੰਦੁਸਤਾਨ ਦੀ ਸਰਕਾਰ ਮਹਾਂਰਾਜੇ ਨੂੰ ਕੋਈ ਖੁਲ੍ਹ ਦੇਣੀ ਵੀ
ਚਾਹੇਗੀ ਤਾਂ ਮੈ ਇਸ ਨਾਲ ਸਹਿਮਤ ਨਹੀਂ ਹੋਵਾਂਗਾ ਕਿਉਂਕਿ ਪਾਰਲੀਮੈਂਟ ਵਿਚ ਹੋਏ ਸਵਾਲ-ਜਵਾਬ
ਵਿਚ ਇਸ ਦਾ ਸ਼ਾਇਦ ਮੈਂ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਾਂ। ...ਮਹਾਂਰਾਜੇ ਦੀ ਜਾਇਦਾਦ
ਦੇ ਕਲੇਮ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਇਸ ਦਾ ਜਿ਼ਕਰ 1880 ਤੋਂ ਹੀ ਹੋਣਾ ਸ਼ੁਰੂ
ਹੋਇਆ ਹੈ। ਪਹਿਲਾਂ ਇਹ ਜਾਇਦਾਦ ਕਿਥੇ ਸੀ, ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਉਹ ਤਾਂ
ਕੋਹੇਨੂਰ ਹੀਰੇ ਦਾ ਇਵਜ਼ਾਨਾ ਵੀ ਮੰਗ ਰਿਹਾ ਹੈ।... ਮਹਾਂਰਾਜੇ ਦੀ ਕਿਤਾਬ ਵਿਚ ਏਨਾ ਝੂਠ
ਹੈ ਕਿ ਇਤਹਾਸ ਨੂੰ ਤੋੜ ਕੇ ਪੇਸ਼ ਕੀਤਾ ਗਿਆ ਹੈ ਪਰ ਡਿਊਕ ਔਫ ਗਰੈਫਟਨ ਤੇ ਲੌਰਡ ਹੈਨੀਕਰ
ਵਰਗੇ ਉਸ ਤੇ ਯਕੀਨ ਕਰੀ ਫਿਰਦੇ ਹਨ ਤੇ ਇਸ ਕਿਤਾਬ ਨੂੰ ਕਿਸੇ ਜਾਂਚ ਦਾ ਅਧਾਰ ਨਹੀਂ ਬਣਾਇਆ
ਜਾ ਸਕਦਾ।... ਰਿਕ੍ਰਾਡ ਦਸਦਾ ਹੈ ਕਿ ਮਹਾਂਰਾਜਾ ਸਮੇਂ ਦੇ ਹਰ ਸੈਕਟਰੀ ਔਫ ਸਟੇਟ ਨੂੰ ਹੀ
ਪਰੇਸ਼ਾਨ ਕਰਦਾ ਰਿਹਾ ਹੈ। ...ਮਹਾਂਰਾਜੇ ਨੂੰ ਹਿੰਦੁਸਤਾਨ ਜਾਣ ਦੀ ਖੁਲ੍ਹ ਹੈ ਪਰ ਇਸ ਸਭ
ਉਥੋਂ ਦੇ ਗਵਰਨਰ ਜਨਰਲ ਦੇ ਹੱਥ ਹੀ ਹੋਵੇਗਾ ਕਿ ਉਸ ਦੀ ਰਿਹਾਇਸ਼ ਕਿਥੇ ਹੋਵੇ।’...
ਇਸ ਦੇ ਨਾਲ ਨਾਲ ਚਰਚਿਲ ਨੇ ਕੁਝ ਹੋਰ ਨਕਾਰਤਾਮਕ ਨੁਕਤੇ ਵੀ ਉਠਾਏ। ਜਿੰਨਾ ਮਹਾਂਰਾਜਾ ਸਿਰ
ਉਠਾ ਰਿਹਾ ਸੀ ਓਨੀ ਹੀ ਤਾਕਤ ਨਾਲ ਉਸ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ। ਹੈਨਰੀ
ਪੌਨਸਨਬੀ ਨੇ ਇਹ ਚਿੱਠੀ ਲੌਰਡ ਹੈਨੀਕਰ ਨੂੰ ਦਿਖਾਈ। ਹੈਨੀਕਰ ਮਹਾਂਰਾਜੇ ਦਾ ਸ਼ੁਭਚਿੰਤਕ
ਸੀ। ਚਿੱਠੀ ਵਿਚਲੀ ਸਖਤ ਸ਼ਬਦਵਾਲੀ ਦੇਖ ਕੇ ਉਹ ਕਹਿਣ ਲਗਿਆ,
“ਸਰ ਪੌਨਸਨਬੀ, ਮੈਂ ਸੋਚ ਰਿਹਾਂ ਕਿ ਇਹ ਸਭ ਮਹਾਂਰਾਜੇ ਤੋਂ ਬਰਦਾਸ਼ਤ ਨਹੀ ਹੋ ਸਕਣਾ ਇਸ ਲਈ
ਇਹ ਚਿੱਠੀ ਉਸ ਨੂੰ ਇਕਦਮ ਨਾ ਦਿਖਾਉਣਾ, ਇਸ ਵਿਚ ਸਮਾਂ ਦੇਣ ਦੀ ਲੋੜ ਏ।”
ਏ. ਮੂਰ ਨਾਂ ਦਾ ਵਿਅਕਤੀ ਚਰਚਿਲ ਦਾ ਸੈਕਟਰੀ ਸੀ। ਉਹ ਮਹਾਂਰਾਜੇ ਦੀਆਂ ਮੁਸ਼ਕਲਾਂ ਨੂੰ ਹੋਰ
ਵਧਾ ਕੇ ਖੁਸ਼ ਸੀ। ਅਸਲ ਵਿਚ ਸਾਰੀ ਹੀ ਅਫਸਰਸ਼ਾਹੀ ਕੁਝ ਦੇਰ ਰੁਕ ਕੇ ਮਹਾਂਰਾਜੇ ਉਪਰ ਮੁੜ
ਉਹੋ ਫਜ਼ੂਲ ਖਰਚੀ, ਔਰਤਬਾਜ਼ੀ, ਜੂਏਬਾਜ਼ੀ ਆਦਿ ਦੇ ਇਲਜ਼ਾਮ ਲਾਉਣ ਲਗਦੀ ਸੀ। ਕਿਸੇ ਬਦਨਾਮ
ਕਿਸਮ ਦੀ ਔਰਤ ਨਾਲ ਉਸ ਦਾ ਨਾਂ ਜੋੜ ਦੇਣਾ ਤਾਂ ਆਮ ਜਿਹੀ ਗੱਲ ਸੀ। ਇਵੇਂ ਹੀ ਮਿਸਟਰ ਏ.
ਮੂਰ ਇਕ ਵਾਰ ਫਿਰ ਮਹਾਂਰਾਜੇ ਉਪਰ ਚਿੱਕੜ ਸੁਟਣ ਲਗਿਆ। ਇਕ ਅਖ਼ਬਾਰ ਵਿਚ ਉਸ ਨੇ ਮਹਾਂਰਾਜੇ
ਬਾਰੇ ਗਲਤ ਬਿਆਨਬਾਜ਼ੀ ਕਰ ਦਿਤੀ। ਬਾਅਦ ਵਿਚ ਉਸ ਨੇ ਇਕ ਚਿੱਠੀ ਵਿਚ ਲਿਖਿਆ;
‘...ਲੌਰਡ ਕਰੇਨਬਰੁੱਕ ਦੇ ਸਮੇਂ ਤੋਂ ਹੀ ਮਹਾਂਰਾਜੇ ਦੀ ਸਥਿਤੀ ਇਕ ਜਾਂ ਦੂਜੇ ਤਰੀਕੇ ਨਾਲ
ਵਿਗੜ ਹੀ ਰਹੀ ਹੈ। ...ਮਹਾਂਰਾਜਾ ਸ਼ਾਹੀ ਪਰਿਵਾਰ ਦੀ ਦੋਸਤੀ ਜਾ ਸ਼ਾਹੀ ਪਰਿਵਾਰ ਵਲੋਂ
ਮਿਲਦੀਆਂ ਸਹੂਲਤਾਂ ਦੇ ਕਾਬਲ ਨਹੀਂ ਹੈ। ਉਸ ਨੂੰ ਉਸ ਦੀ ਹਾਲਤ ‘ਤੇ ਛੱਡ ਦੇਣਾ ਚਾਹੀਦਾ ਹੈ।
...ਜਿਹੜੀ ਵੀ ਕਿਸੇ ਨੇ ਉਸ ਦੀ ਮੱਦਦ ਕਰਨੀ ਹੈ ਉਸ ਨੇ ਸਮੱਸਿਆ ਨੂੰ ਕੁਝ ਦੇਰ ਲਈ ਅਗੇ
ਪਾਉਣਾ ਹੈ ਪਰ ਮਹਾਂਰਾਜੇ ਦਾ ਕੋਈ ਹੱਲ ਨਹੀਂ ਹੈ।’...
ਇਕ ਦਿਨ ਲੌਰਡ ਹੈਨੀਕਰ ਨੇ ਮਹਾਂਰਾਜੇ ਦੇ ਖਾਸ ਦੋਸਤਾਂ ਦੀ ਮੀਟਿੰਗ ਬੁਲਾਈ। ਲੌਰਡ ਲੈਸਟਰ,
ਲੌਰਡ ਹਾਰਟਫੋਰਡ ਤੇ ਗਰੈਫਟਨ ਵਰਗੇ ਕੁਝ ਦੋਸਤ ਲੌਰਡ ਹੈਨੀਕਰ ਦੇ ਘਰ ਹੀ ਇਕੱਠੇ ਹੋਏ। ਲੌਰਡ
ਹੈਨੀਕਰ ਬੋਲਿਆ,
“ਆਹ ਦੇਖੋ, ਮਿਸਟਰ ਮੂਰ ਮਹਾਂਰਾਜੇ ਦੇ ਖਿਲਾਫ ਕਿੰਨਾ ਜ਼ਹਿਰ ਉਗਲ ਰਿਹਾ ਏ, ਏਹਦਾ ਤਾਂ
ਮਕਸਦ ਹੀ ਮਹਾਂਰਾਜੇ ਦਾ ਵਿਰੋਧ ਕਰਨਾ ਬਣ ਗਿਆ ਏ।”
ਉਸ ਦੀ ਗੱਲ ਨਾਲ ਸਾਰੇ ਹੀ ਸਹਿਮਤ ਸਨ। ਗਰੈਫਟਨ ਨੇ ਕਿਹਾ,
“ਆਪਾਂ ਸਭ ਮਹਾਂਰਾਜੇ ਨੂੰ ਏਨੀ ਦੇਰ ਤੋਂ ਜਾਣਦੇ ਆਂ, ਆਪਾਂ ਨੂੰ ਪਤਾ ਏ ਕਿ ਮਹਾਂਰਾਜਾ
ਅਜਿਹਾ ਨਹੀਂ ਜਿਹੋ ਜਿਹਾ ਏਹ ਲੋਕ ਉਸ ਨੂੰ ਚਿਤਰਨ ਦੀ ਕੋਸਿ਼ਸ਼ ਕਰ ਰਹੇ ਨੇ। ਆਪਾਂ ਕੁਝ
ਕਰੀਏ ਕਿ ਕੋਈ ਹੱਲ ਲੱਭੀਏ।”
ਲੌਰਡ ਹਾਰਟਫੋਰਡ ਮਹਾਂਰਾਜੇ ਨੂੰ ਆਏ ਦਿਨ ਹੀ ਮਿਲਦਾ ਰਹਿੰਦਾ ਸੀ। ਉਹ ਬੋਲਿਆ,
“ਸਾਡੇ ਮਿੱਤਰ ਦਾ ਕਸੂਰ ਸਿਰਫ ਏਨਾ ਏ ਕਿ ਉਹ ਇਕ ਥਾਂ ਟਿਕਦਾ ਨਹੀਂ, ਆਪਣੇ ਵਿਚਾਰ ਜਲਦੀ
ਬਦਲ ਲੈਂਦਾ ਏ, ਮੈਂ ਉਸ ਦੇ ਮਨ ਵਿਚੋਂ ਹਿੰਦੁਸਤਾਨ ਜਾਣ ਵਾਲੀ ਗੱਲ ਕੱਢਣ ਦੀ ਬਹੁਤ
ਕੋਸਿ਼ਸ਼ ਕੀਤੀ ਪਰ ਉਹ ਮੰਨਣ ਵਾਲਾ ਵੀ ਤਾਂ ਨਹੀਂ।”
ਗਰੈਫਟਨ ਆਪਣੇ ਵਿਚਾਰ ਦੇਣ ਲਗਿਆ,
“ਇਹ ਸੱਚ ਏ ਕਿ ਮਹਾਂਰਾਜੇ ਦਾ ਮਨ ਚੌਵੀ ਘੰਟੇ ਇਕੋ ਜਿਹਾ ਨਹੀਂ ਰਹਿੰਦਾ, ਇਕ ਪਲ ਉਹ
ਹਿੰਦੁਸਤਾਨ ਜਾਣ ਦੀ ਗੱਲ ਕਰਦਾ ਏ ਤੇ ਦੂਜੇ ਪਲ ਐੱਲਵੇਡਨ ਹਾਲ ਛੱਡਦਿਆਂ ਉਸ ਦਾ ਮਨ ਡੁੱਬਣ
ਲਗਦਾ ਏ, ਹੁਣ ਆਹ ਗਿਆਰਵਾਂ ਗੁਰੂ ਹੋਣ ਵਾਲੀ ਨਵੀਂ ਮੁਸੀਬਤ ਸਹੇੜੀ ਬੈਠਾ ਏ। ਮਹਾਂਰਾਜੇ ਦੇ
ਬਦਲਵੇਂ ਸੁਭਾਅ ਦੇ ਅਸਲ ਕਾਰਨ ਸਰਕਾਰ ਦੇ ਇਨਕਾਰ ਵਿਚ ਹੀ ਪਏ ਨੇ। ਉਸ ਦੀ ਬਣਦੀ ਪੈਨਸ਼ਨ ਉਸ
ਨੂੰ ਦੇ ਦਿਤੀ ਜਾਂਦੀ ਤਾਂ ਉਹ ਵਿਚਾਰਾ ਇਵੇਂ ਕਿਉਂ ਭਟਕਦਾ!”
ਇਵੇਂ ਉਸ ਦੇ ਦੋਸਤ ਬੈਠ ਕੇ ਮਹਾਂਰਾਜੇ ਦੀ ਸਥਿਤੀ ਨੂੰ ਕਿੰਨੀ ਕਿੰਨੀ ਦੇਰ ਤਕ ਵਿਚਾਰਦੇ
ਰਹਿੰਦੇ ਤੇ ਉਸ ਦਾ ਸਾਥ ਦੇਣ ਦੇ ਆਪਸ ਵਿਚ ਵਾਅਦੇ ਵੀ ਕਰਦੇ। ਐੱਲਵੇਡਨ ਪਿੰਡ ਤੇ ਇਲਾਕੇ ਦੇ
ਲੋਕ ਤਾਂ ਮਹਾਂਰਾਜੇ ਦੇ ਨਾਲ ਹੀ ਸਨ। ਉਹ ਨਹੀਂ ਸਨ ਚਾਹੁੰਦੇ ਕਿ ਮਹਾਂਰਾਜਾ ਆਪਣੀ ਇਸਟੇਟ
ਨੂੰ ਵੇਚੇ। ਐੱਲਵੇਡਨ ਦੇ ਚਰਚ ਦੇ ਪਾਦਰੀ ਸੇਂਟ ਜੌਰਜ ਵਾਕਰ ਨੇ ਬਿਆਨ ਦਿਤੇ;
‘ਐੱਲਵੇਡਨ ਇਸਟੇਟ ਏਨੀ ਬੁਰੀ ਹਾਲਤ ਵਿਚ ਨਹੀਂ ਹੈ ਕਿ ਇਸ ਦੀ ਬੋਲੀ ਕੀਤੀ ਜਾਵੇ। ਐੱਲਵੇਡਨ
ਇਸਟੇਟ ਨੂੰ ਵੇਚਣ ਦੀ ਖ਼ਬਰ ਨਾਲ ਇਥੇ ਕੰਮ ਕਰਦੇ ਬਹੁਤ ਸਾਰੇ ਕਰਮਚਾਰੀ ਨੌਕਰੀਆਂ ਦੀ ਤਲਾਸ਼
ਵਿਚ ਇਲਾਕਾ ਛੱਡ ਰਹੇ ਹਨ। ...ਪਰ ਜਿਹੜੇ ਬੱਚੇ ਤੇ ਸਿਆਣੇ ਹਨ ਉਹਨਾਂ ਦਾ ਕੀ ਬਣੇਗਾ?
ਮਹਾਂਰਾਜਾ ਦੁਆਰਾ ਚਲਦੇ ਏਨੇ ਸਕੂਲਾਂ, ਚਰਚਾਂ, ਕਲੱਬਾਂ ਤੇ ਹੋਰ ਚੈਰਟੀ ਦੇ ਕੰਮਾਂ ਦਾ ਕੀ
ਬਣੇਗਾ? ...ਸਰਕਾਰ ਨੂੰ ਚਾਹੀਦਾ ਹੈ ਕਿ ਮਹਾਂਰਾਜੇ ਨੂੰ ਆਪਣਾ ਪੱਖ ਸਾਹਮਣੇ ਰੱਖਣ ਦਾ ਪੂਰਾ
ਪੂਰਾ ਮੌਕਾ ਦਿਤਾ ਜਾਵੇ, ਉਸ ਨੂੰ ਇਨਸਾਫ ਮਿਲੇ ਤੇ ਐੱਲਵੇਡਨ ਤੇ ਸਾਡੇ ਚਰਚ ਦੇ ਆਲੇ ਦੁਆਲੇ
ਨੂੰ ਇਸੇ ਵਧੀਆ ਦਸ਼ਾ ਵਿਚ ਰੱਖਣ ਦਾ ਮੌਕਾ ਮਿਲਿਆ ਰਹੇ।’...
ਸੇਂਟ ਜੌਰਜ ਵਾਕਰ ਦੀ ਚਿੱਠੀ ਦਾ ਕਿਸੇ ਹੋਰ ਉਪਰ ਜੋ ਵੀ ਅਸਰ ਹੋਇਆ ਹੋਵੇ ਪਰ ਮਹਾਂਰਾਜੇ
ਨੂੰ ਇਹ ਗੱਲ ਚੰਗੀ ਲਗੀ ਕਿ ਕੋਈ ਤਾਂ ਹੈ ਉਸ ਨਾਲ ਖੜਨ ਵਾਲਾ, ਉਸ ਨੂੰ ਸਮਝਣ ਵਾਲਾ। ਉਸ ਨੇ
ਮਹਾਂਰਾਣੀ ਨੂੰ ਇਹ ਚਿੱਠੀ ਭੇਜ ਦਿਤੀ ਤੇ ਨਾਲ ਹੀ ਲਿਖਿਆ,
‘ਯੋਅਰ ਮੈਜਿਸਟੀ, ...ਇਨਸਾਫ ਨਾ ਮਿਲਣਾ ਸ਼ਾਇਦ ਮੇਰੀ ਹੋਣੀ ਵਿਚ ਹੈ ਪਰ ਹੁਣ ਵੱਡਾ ਦੁਖ ਹੈ
ਕਿ ਇਹ ਸਰਕਾਰ ਮੈਨੂੰ ਵਾਪਸ ਜਾਣ ਤੋਂ ਪਹਿਲਾਂ ਹਰ ਮੈਜਿਸਟੀ ਨੂੰ ਆਖਰੀ ਅਕੀਦਾ ਪੇਸ਼ ਕਰਨ
ਦੀ ਇਜਾਜ਼ਤ ਨਹੀਂ ਦੇ ਰਹੀ। ਮੈਂ ਗਿਆਰਾਂ ਦਸੰਬਰ ਨੂੰ ਸਦਾ ਲਈ ਚਲੇ ਜਾਵਾਂਗਾ ਤੇ ਇਹ
ਬੇਈਮਾਨ ਤੇ ਬਦਨਾਮ ਚਿਹਰਾ ਤੁਹਾਡੇ ਸਾਹਮਣੇ ਮੁੜ ਕੇ ਨਹੀਂ ਆਵੇਗਾ, ...ਪਰ ਮੈਂ ਆਪਣੀ ਮੌਤ
ਤੀਕ ਹਰ ਮੈਜਿਸਟੀ ਦਾ ਵਫਾਦਾਰ ਰਹਾਂਗਾ।... ਮੈਂ ਤਾਂ ਆਪਣੇ ਖੂਨ ਦਾ ਹਰ ਕਤਰਾ ਹਰ ਮੈਜਿਸਟੀ
ਦੀ ਵਫਾਦਾਰੀ ਵਿਚ ਵਹਾਉਣ ਲਈ ਤਿਆਰ ਸਾਂ,... ਬ੍ਰਤਾਨਵੀ ਸਰਕਾਰ ਇਕ ਵਫਾਦਾਰ ਦਿਲ ਨੂੰ ਇਵੇਂ
ਰੌਂਦ ਕੇ ਬਹੁਤ ਵੱਡੀ ਗਲਤੀ ਕਰ ਰਹੀ ਹੈ, ਹੌਲੀ ਹੌਲੀ ਹਰ ਮੈਜਿਸਟੀ ਦੀ ਵੀ ਇਹੋ ਰਾਏ ਬਣੇਗੀ
ਪਰ ਜਦ ਤਕ ਰੱਬ ਆਪਣਾ ਕੰਮ ਕਰ ਚੁੱਕਾ ਹੋਵੇਗਾ।’...
ਮਹਾਂਰਾਜਾ ਦਸੰਬਰ ਵਿਚ ਹਿੰਦੁਸਤਾਨ ਜਾਣ ਦੀ ਤਿਆਰੀ ਕਰ ਰਿਹਾ ਸੀ। ਨਵੰਬਰ ਦੀ ਦੋ ਤਰੀਕ ਨੂੰ
ਉਸ ਨੂੰ ਪਤਾ ਚਲਿਆ ਕਿ ਹਿੰਦੁਸਤਾਨ ਪੁਜਦਿਆਂ ਹੀ ਉਸ ਨਾਲ ਭੈੜਾ ਸਲੂਕ ਹੋ ਸਕਦਾ ਹੈ। ਸਰਕਾਰ
ਸਕੀਮ ਬਣਾ ਰਹੀ ਸੀ ਕਿ ਉਸ ਨੂੰ ਪੰਜਾਬ ਤੋਂ ਬਹੁਤ ਦੂਰ ਕਿਸੇ ਪਹਾੜੀ ‘ਤੇ ਰੱਖਿਆ ਜਾਵੇਗਾ।
ਇਸ ਗੱਲ ਨੇ ਉਸ ਨੂੰ ਕਮਲ਼ਾ ਜਿਹਾ ਕਰ ਦਿਤਾ। ਉਸ ਨੇ ਲੌਰਡ ਰੈਂਡੌਲਫ ਨੂੰ ਚਿੱਠੀ ਲਿਖੀ;
‘ਮਾਈ ਲੌਰਡ, ਮੈਨੂੰ ਬਹੁਤ ਖੁਸ਼ੀ ਹੋਈ ਕਿ ਸਰਕਾਰ ਮੇਰੇ ਪੁੱਜਣ ਤੇ ਜਿਹੜੇ ਇੰਤਜ਼ਾਮ ਕਰ
ਰਹੀ ਹੈ ਇਹੋ ਮੇਰੀ ਹੋਣੀ ਹੈ। ਇਹ ਸਿੱਖਾਂ ਦੇ ਦਸਵੇਂ ਗੁਰੂ ਦੀ ਭਵਿਖਬਾਣੀ ਨੂੰ ਸੱਚੀ ਸਿਧ
ਕਰਦੀ ਹੈ ਜਿਸ ਮੁਤਾਬਕ ਮੈਂ ਬਹੁਤ ਤਕਲੀਫਾਂ ਦੇਖਣੀਆਂ ਹਨ ਤੇ ਬਹੁਤ ਗਰੀਬੀ ਹੰਢਾਉਣੀ
ਹੈ..., ਇਹ ਗੱਲ ਮੇਰੇ ਸਵੈਮਾਣ ਨੂੰ ਹੋਰ ਵੀ ਵਧਾਉਂਦੀ ਹੈ ਕਿ ਮੈਂ ਆਪਣੇ ਦੇਸ਼ਵਾਸੀਆਂ ਦੀ
ਨਜ਼ਰ ਵਿਚ ਸ਼ਹੀਦ ਕਿਹਾ ਜਾਵਾਂਗਾ, ਜੇ ਮੈਂ ਬ੍ਰਤਾਨੀਆਂ ਦੇ ਤਖਤ ਪ੍ਰਤੀ ਵਫਾਦਾਰ ਨਾ ਹੁੰਦਾ
ਤਾਂ ਇਹ ਗੱਲ ਹੋਰ ਹੁੰਦੀ ਪਰ ਮੇਰੀ ਫਵਾਦਾਰੀ ਮੇਰੀ ਕੁਰਬਾਨੀ ਦਾ ਰੰਗ ਗੂੜ੍ਹਾ ਕਰੇਗੀ,...
ਮੈਂ ਇਸ ਗੱਲ ਦਾ ਵੀ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਏਡਾ ਵੱਡਾ ਬ੍ਰਿਟਿਸ਼ ਰਾਜ ਇਕ ਨਿਕੇ
ਜਿਹੇ ਬੰਦੇ ਕਾਰਨ ਕਿਵੇਂ ਤੜਫਿਆ ਪਿਆ ਹੈ,’...
ਮਹਾਂਰਾਜੇ ਨੇ 16 ਦਸੰਬਰ ਦੀ ਤਰੀਕ ਦਾ ਐਲਾਨ ਕਰ ਦਿਤਾ ਕਿ ਉਸ ਦਿਨ ਉਹ ਹਿੰਦੁਸਤਾਨ ਲਈ
ਰਵਾਨਾ ਹੋਵੇਗਾ। ਉਸ ਦੇ ਅਜਿਹੇ ਐਲਾਨਾਂ ਨੂੰ ਧਮਕੀਆਂ ਹੀ ਸਮਝਿਆ ਜਾ ਰਿਹਾ ਸੀ ਪਰ ਨਾਲ ਦੀ
ਨਾਲ ਉਸ ਨਾਲ ਹਿੰਦੁਸਤਾਨ ਵਿਚ ਸਿਝਣ ਲਈ ਸਫਬੰਦੀ ਵੀ ਤਿਆਰ ਕੀਤੀ ਜਾ ਰਹੀ ਸੀ। ਜਦ
ਮਹਾਂਰਾਜੇ ਨੂੰ ਕੋਈ ਕਹਿੰਦਾ ਕਿ ਉਸ ਨੂੰ ਪੰਜਾਬ ਨਹੀਂ ਜਾਣ ਦਿਤਾ ਜਾਵੇਗਾ ਤਾਂ ਉਹ ਹੱਸਦਾ
ਤੇ ਆਖਦਾ ਕਿ ਉਹ ਬੰਬੇ ਤੋਂ ਦਿੱਲੀ ਜਾਵੇਗਾ, ਦਿੱਲੀ ਸਿਆਸਤ ਸਮਝਣ ਲਈ ਸਹੀ ਜਗਾਹ ਸੀ। ਫਿਰ
ਉਸ ਨੇ ਬਿਆਨ ਦਿਤਾ;
‘ਵੋਇਸਰਾਏ ਮੈਨੂੰ ਕੈਦ ਕਰ ਕੇ ਹਿੰਦੁਸਤਾਨ ਦੇ ਜਿਸ ਹਿੱਸੇ ਵਿਚ ਲੈ ਜਾਣਾ ਚਾਹੇ, ਲੈ ਜਾ
ਸਕਦਾ ਹੈ ਪਰ ਉਸ ਨੂੰ ਅਜਿਹਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਪਵੇਗਾ, ...ਮੈਂ
ਬ੍ਰਤਾਨੀਆਂ ਸਰਕਾਰ ਦੀ ਅਨੈਤਿਕਤਾ ਤੇ ਬੇਇਨਸਾਫੀ ਦਾ ਹਰ ਜ਼ੁਲਮ ਝੱਲਣ ਲਈ ਤਿਆਰ ਹਾਂ,
ਕਿਉਂਕਿ ਬ੍ਰਤਾਨੀਆ ਸਰਕਾਰ ਇਨਸਾਫ ਕਰਨ ਦੇ ਕਾਬਲ ਨਹੀਂ, ਕਮਜ਼ੋਰ ਤੇ ਦਾਬਾ ਪਾਉਣ ਨੂੰ
ਤਰਜੀਹ ਦਿੰਦੀ ਹੈ ਇਸ ਲਈ ਉਸ ਨੇ ਇਹ ਘਿਨਾਉਣਾ ਹਥਿਆਰ ਤਾਂ ਅਪਣਾਉਣਾ ਹੀ ਹੋਇਆ।’
ਮਹਾਂਰਾਣੀ ਨੇ ਮਹਾਂਰਾਜੇ ਦੀਆਂ ਇਹ ਸਤਰਾਂ ਦੇਖੀਆਂ ਤਾਂ ਕਿਹਾ ਕਿ ਮਹਾਂਰਾਜਾ ਹੱਦੋਂ ਬਾਹਰ
ਜਾ ਰਿਹਾ ਹੈ। ਜਿਵੇਂ ਜਿਵੇਂ ਉਸ ਦੇ ਜਾਣ ਦੀ ਤਰੀਕ ਨਜ਼ਦੀਕ ਆ ਰਹੀ ਸੀ ਉਵੇਂ ਉਵੇਂ ਹੀ ਉਸ
ਦੇ ਸੁਨੇਹਿਆਂ ਵਿਚਲਾ ਗੁੱਸਾ ਵਧਦਾ ਜਾ ਰਿਹਾ ਸੀ ਪਰ ਫਿਰ ਵੀ ਉਸ ਨੂੰ ਜਾਪਦਾ ਸੀ ਕਿ ਸ਼ਾਇਦ
ਕੋਈ ਹੱਲ ਮਿਲ ਜਾਵੇ। ਕਾਲਟਨ ਕਲੱਬ ਸਿਆਸਤ ਦਾ ਗੜ੍ਹ ਸੀ। ਕਈ ਵਾਰ ਉਹ ਕਾਲਟਨ ਕਲੱਬ ਵਿਚ
ਇਸੇ ਆਸ ਵਿਚ ਦੇਰ ਤਕ ਬੈਠਾ ਰਹਿੰਦਾ ਕਿ ਸ਼ਾਇਦ ਸਰਕਾਰ ਵਲੋਂ ਕੋਈ ਤਸੱਲੀਬਖਸ਼ ਸ਼ਰਤਾਂ
ਤਹਿਤ ਗੱਲ ਮੁਕਾ ਲਈ ਜਾਵੇ। ਜੇ ਮਹਾਂਰਾਜੇ ਦੇ ਦੁਸ਼ਮਣਾਂ ਦਾ ਇਕ ਗਰੁੱਪ ਸੀ ਤਾਂ ਉਸ ਦੇ
ਖੈਰ-ਖੁਆਹ ਵੀ ਘੱਟ ਨਹੀਂ ਸਨ। ਮਹਾਂਰਾਜੇ ਦੇ ਦੋਸਤ ਗਰੈਫਟਨ ਤੇ ਹੈਨੀਕਰ ਪਰਦੇ ਦੇ ਪਿੱਛੇ
ਬਹੁਤ ਮਿਹਨਤ ਨਾਲ ਇਸ ਮਸਲੇ ਨੂੰ ਮੁਕਾਉਣ ਵਿਚ ਲਗੇ ਹੋਏ ਸਨ ਪਰ ਉਹਨਾਂ ਦੀ ਕੋਈ ਵਾਹ ਨਹੀਂ
ਸੀ ਚਲ ਰਹੀ। ਉਹਨਾਂ ਨੇ ਮਹਾਂਰਾਣੀ ਵਿਕਟੋਰੀਆ ਨੂੰ ਦੇਣ ਲਈ ਇਕ ਪਟੀਸ਼ਨ ਤਿਆਰ ਕੀਤੀ ਜਿਸ
ਵਿਚ ਕਿਹਾ ਕਿ ਉਹ ਮਹਾਂਰਾਜੇ ਦੇ ਮਾਮਲੇ ਵਿਚ ਸਿੱਧਾ ਦਖਲ ਦੇਵੇ। ਗਰੈਫਟਨ ਨੇ ਦੋਸਤਾਂ ਨੂੰ
ਇਸ ਪਟੀਸ਼ਨ ਬਾਰੇ ਦਸਦਿਆਂ ਕਿਹਾ,
“ਅਸੀਂ ਮਹਾਂਰਾਜੇ ਦੇ ਕਲੇਮ ਬਾਰੇ ਕੋਈ ਗੱਲ ਨਹੀਂ ਸੀ ਕੀਤੀ ਅਸੀਂ ਉਹੀ ਕੁਝ ਕਿਹਾ ਸੀ
ਜਿਹੜਾ ਹਰ ਇੰਗਲਿਸ਼ਮੈਨ ਮਹਿਸੂਸ ਕਰਦਾ ਸੀ। ...ਜੇਕਰ ਹਰ ਮੈਜਿਸਟੀ ਇਸ ਨੂੰ ਪਰਦੇ ਨਾਲ
ਪੜ੍ਹਦੀ ਹੈ ਤੇ ਮਹਿਸੂਸ ਕਰਦੀ ਹੈ ਕਿ ਇਸ ਤੇ ਅਗੇ ਗੌਰ ਫਰਮਾਇਆ ਜਾਵੇ ਤਾਂ ਉਹ ਚੁੱਪਚਾਪ
ਲੌਰਡ ਸੇਲਜ਼ਬਰੀ ਦੇ ਹਵਾਲੇ ਕਰ ਸਕਦੀ ਹੈ, ਫਿਰ ਕਿਸੇ ਵੱਡੀ ਕਨੂੰਨੀ ਸਖਸ਼ੀਅਤ ਤੋਂ ਸਲਾਹ
ਲੈ ਕੇ ਅਜਿਹਾ ਰਾਹ ਲੱਭਿਆ ਜਾ ਸਕਦਾ ਹੈ ਜੋ ਸਰਕਾਰ ਤੇ ਮਹਾਂਰਾਜੇ ਨੂੰ ਸਾਂਝੇ ਤੌਰ ‘ਤੇ
ਮਨਜ਼ੂਰ ਹੋਵੇ। ਸਾਡੀ ਰਾਏ ਮੁਤਾਬਕ ਮਹਾਂਰਾਜੇ ਦੇ ਹੁਣ ਤਕ ਦੇ ਕਰਜ਼ੇ ਮੁਆਫ ਕਰ ਦੇਣੇ
ਚਾਹੀਦੇ ਹਨ, ਐੱਲਵੇਡਨ ਇਸਟੇਟ ਉਸ ਦੇ ਪਰਿਵਾਰ ਲਈ ਛੱਡ ਦੇਣੀ ਚਾਹੀਦੀ ਹੈ, ਸੰਧੀ ਮੁਤਾਬਕ
ਤੈਅ ਹੋਈ ਉਸ ਦੀ ਪੈਨਸ਼ਨ ਚਾਰ ਲੱਖ, ਜਿਸ ਵਿਚੋਂ ਹੁਣ ਮਿਲਦੀ ਪੈਨਸ਼ਨ ਘਟਾ ਦੇਣੀ ਚਾਹੀਦੀ
ਹੈ, ਚਾਲੂ ਕਰ ਦੇਣੀ ਚਾਹੀਦੀ ਹੈ। ਪਿਛਲਾ ਬਕਾਇਆ ਬੇਸ਼ਕ ਨਾ ਦਿਤਾ ਜਾਵੇ। ਪਿਛਲੀਆਂ ਸਭ
ਗਲਤੀਆਂ ਮੰਨ ਕੇ ਭੁਲਾ ਦੇਣੀਆਂ ਚਾਹੀਦੀਆਂ ਹਨ।”
ਮਹਾਂਰਾਣੀ ਨੇ ਇਹ ਪਟੀਸ਼ਨ ਅਗੇ ਪ੍ਰਧਾਨ ਮੰਤਰੀ ਲੌਰਡ ਸੇਲਜ਼ਬਰੀ ਨੂੰ ਭੇਜ ਦਿਤੀ ਤਾਂ ਜੋ
ਇਸ ਨੂੰ ਵਿਚਾਰਿਆ ਜਾ ਸਕੇ ਤੇ ਇਸ ਉਪਰ ਅਮਲ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਇਹ ਪਟੀਸ਼ਨ
ਕੂੜੇ ਦੇ ਢੋਲ ਵਿਚ ਸੁੱਟ ਦਿਤੀ।
-0-
|